ਕੋਈ ਸਮਾਂ ਸੀ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ- ਕੁਦਰਤੀ ਸੋਮਿਆਂ, ਸਾਧਨਾਂ, ਅਮੀਰ ਵਿਰਸੇ, ਵਿੱਦਿਆ ਦਾ ਗੜ੍ਹ (ਟੈਕਸਲਾ ਅਤੇ ਨਾਲੰਦਾ ਯੂਨੀਵਰਸਿਟੀਆਂ) ਅਤੇ ਸਦਾਚਾਰ ਦਾ ਅਸੀਮ ਖ਼ਜ਼ਾਨਾ ਆਦਿ ਗੁਣਾਂ ਕਰਕੇ। ਭਾਰਤ ਦਾ ਦਿਲ ਪੰਜਾਬ। ਜਿਸ ਤਰ੍ਹਾਂ ਦਿਲ ਦੀ ਧੜਕਣ ਰੁਕਣ ਨਾਲ ਸਰੀਰ ਮੁਰਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਜਿੱਤਿਆ ਗਿਆ ਤਾਂ ਸਾਰਾ ਦੇਸ਼ ਹੀ ਜਿੱਤਿਆ ਗਿਆ। ਪੰਜਾਬ ਗ਼ੁਲਾਮ ਹੈ ਤਾਂ ਦੇਸ਼ ਗ਼ੁਲਾਮ ਹੈ। ਪੰਜਾਬ ਆਜ਼ਾਦ ਹੈ ਤਾਂ ਦੇਸ਼ ਆਜ਼ਾਦ ਹੈ। ਇਹ ਤਾਂ ਇਕ ਇਤਿਹਾਸਕ ਸੱਚ ਹੈ। ਪੰਜਾਬ ਮਜ਼ਬੂਤ ਹੈ ਤਾਂ ਦੇਸ਼ ਵੀ ਮਜ਼ਬੂਤ ਹੈ। ਪੰਜਾਬ ਖੁਸ਼ਹਾਲ ਹੈ ਤਾਂ ਦੇਸ਼ ਵੀ ਖੁਸ਼ਹਾਲ ਹੈ। ਪੰਜਾਬ ਗੁਰੂਆਂ, ਪੀਰਾਂ, ਸੂਫ਼ੀ ਫ਼ਕੀਰਾਂ, ਭਗਤਾਂ, ਸੂਰਬੀਰ ਸੰਗਰਾਮੀ ਯੋਧਿਆਂ ਦੀ, ਪੰਜਾਂ ਦਰਿਆਵਾਂ ਦੀ ਧਰਤੀ ਜਿਸ ਦਾ ਕਣ-ਕਣ ਸਤਿਗੁਰਾਂ ਦੀ ਚਰਨ-ਛੋਹ ਨਾਲ ਪਵਿੱਤਰ ਹੋਇਆ ਹੈ। ਪੰਜਾਬ ਦੀ ਧਰਤੀ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਮਹਾਨ ਸਿੰਘਾਂ-ਸਿੰਘਣੀਆਂ, ਮਰਜੀਵੜਿਆਂ ਦੇ ਪਵਿੱਤਰ ਖ਼ੂਨ ਨਾਲ ਸਿੰਜੀ ਜਾਣ ਕਾਰਨ ਮਹਾਨ ਹੋਈ ਹੈ। ਪੰਜਾਬ, ਭਾਰਤ ਦੀ ਅਣਖ, ਗੌਰਵ, ਅਤੇ ਗ਼ੈਰਤ ਦਾ ਚਿੰਨ੍ਹ ਹੈ। ਪੰਜਾਬ ਦੀ ਧਰਤੀ ਉੱਤੇ ਵੇਦਾਂ ਦੀ ਰਚਨਾ ਕੀਤੀ ਗਈ ਅਤੇ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਕੇ ਪੰਜਾਬ ਦੀ ਧਰਤੀ ਨੂੰ ਅਧਿਆਤਮਕਤਾ ਵਿਚ ਰੰਗੀਜ ਦਿੱਤਾ। ਸੰਤ-ਸਿਪਾਹੀ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਦਸਮੇਸ਼ ਜੀ ਨੇ ਪੰਜਾਬ ਨੂੰ ਹਮੇਸ਼ਾਂ-ਹਮੇਸ਼ਾਂ ਲਈ ਭਾਰਤ ਦੀ ਖੜਗ ਭੁਜਾ ਬਣਾ ਦਿੱਤਾ। ਸਦਾਚਾਰ ਦਾ ਪੰਘੂੜਾ ਬਣਾ ਦਿੱਤਾ। ਪੰਜਾਬ ਦੀ ਖ਼ੁਸ਼ਦਿਲੀ ਅਤੇ ਖੁੱਲ੍ਹਦਿਲੀ, ਮਹਿਮਾਨ-ਨਿਵਾਜ਼ੀ, ਮਹਾਨ ਸਭਿਆਚਾਰ, ਸੁੰਦਰਤਾ ਅਤੇ ਸਰੀਰਕ ਸੁਡੌਲਤਾ ਤੇ ਸ਼ਕਤੀ ਸਾਰੇ ਜਹਾਨ ਵਿਚ ਮੰਨੀ ਹੋਈ ਹੈ। ਪ੍ਰੋ: ਪੂਰਨ ਸਿੰਘ ਜੀ ਨੇ ਠੀਕ ਹੀ ਕਿਹਾ ਹੈ:
“ਪੰਜਾਬ ਹਿੰਦੂ ਨ ਮੁਸਲਮਾਨ, ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ ।”
ਪ੍ਰੋ: ਪੂਰਨ ਸਿੰਘ ਜੀ ਨੂੰ ਤਾਂ ਪੰਜਾਬ ਦੇ ਦਰਿਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜਾਪ ਕਰਦੇ ਮਹਿਸੂਸ ਹੁੰਦੇ ਹਨ। ਪੰਜਾਬੀ ਸੁਭਾਅ ਬਾਰੇ ਪੰਜਾਬੀ ਗੱਭਰੂ ਦੀ ਨਿਰਭੈਤਾ, ਨਿਡਰਤਾ ਅਤੇ ਦਲੇਰੀ ਬਾਰੇ ਉਨ੍ਹਾਂ ਨੇ ਲਿਖਿਆ ਹੈ:
ਇਹ ਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਿਆਰ ਨਾਲ ਇਹ ਕਰਨ ਗ਼ੁਲਾਮੀ,
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰ ਕੇ।
ਮੇਲਿਆਂ ਵਿਚ ਮਸਤ ਹੋਣ ਵਾਲੇ ਪੰਜਾਬੀ ਗੱਭਰੂ ਬਾਰੇ ਪ੍ਰਸਿੱਧ ਪੰਜਾਬੀ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਠੀਕ ਹੀ ਲਿਖਿਆ ਹੈ: “ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।”
ਮਜ਼ਬੂਤ ਜੁੱਸੇ ਵਾਲੇ ਜੁਆਨਾਂ ਅਤੇ ਮੁਟਿਆਰਾਂ ਦਾ ਦੇਸ਼ ਪੰਜਾਬ; ਮਹਾਨ ਕਹਾਉਣ ਵਾਲੇ ਸਿਕੰਦਰ ਦੀ ਈਨ ਨਾ ਮੰਨਣ ਵਾਲਾ ਅਤੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਨ ਵਾਲਾ ਪੰਜਾਬ; ਦੱਰਾ ਖ਼ੈਬਰ, ਕਾਬਲ ਕੰਧਾਰ, ਲੇਹ ਲੱਦਾਖ, ਤਿੱਬਤ ਅਤੇ ਚੀਨ ਦੀਆਂ ਸਰਹੱਦਾਂ ਤੀਕ ਅਤੇ ਜਮਰੌਦ ਦੇ ਕਿਲ੍ਹੇ ਉੱਤੇ ਖ਼ਾਲਸਾਈ ਪਰਚਮ ਲਹਿਰਾਉਣ ਵਾਲਾ ਦੇਸ਼ ਪੰਜਾਬ। ਇਥੋਂ ਦੇ ਸਜ-ਵਿਆਹੇ ਫ਼ੌਜੀ ਗੱਭਰੂ ਦੇ ਆਪਣੇ ਦੇਸ ਪੰਜਾਬ ਪ੍ਰਤੀ ਜਜ਼ਬਾਤ ਨੂੰ ਪ੍ਰੋ: ਮੋਹਨ ਸਿੰਘ ਜੀ ਨੇ ਇਉਂ ਬਿਆਨ ਕੀਤਾ ਹੈ:
ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਮੇਰੇ ਦੇਸ਼ ’ਤੇ ਬਣੀ ਹੈ ਭੀੜ ਭਾਰੀ, ਵੈਰੀ ਟੁੱਟ ਪਏ ਨੇ ਆਣ ਪੰਜਾਬ ਉੱਤੇ।
ਰੋ-ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੁਹਣੇ ਪੰਜਾਬ ਦੀ ਆਬ ਉੱਤੇ।
ਸਰੂ ਵਰਗੀ ਜੁਆਨੀ ਮੈਂ ਫੂਕਣੀ ਏਂ , ਬਹਿ ਗਏ ਭੂੰਡ ਜੇ ਆਣ ਗੁਲਾਬ ਉੱਤੇ।
ਧਰਮ, ਗੌਰਵ, ਗ਼ੈਰਤ, ਨੈਤਿਕਤਾ, ਹੱਕ ਅਤੇ ਸੱਚ ਲਈ ਚਰਖੜੀਆਂ ਉੱਤੇ ਚੜ੍ਹਨ, ਬੰਦ-ਬੰਦ ਕਟਵਾਉਣ, ਆਰਿਆਂ ਨਾਲ ਚੀਰੇ ਜਾਣ, ਖੋਪਰੀਆਂ ਲੁਹਾਉਣ, ਮਾਸੂਮ ਸ਼ੀਰਖੋਰ ਬੱਚਿਆਂ ਦੇ ਟੁੱਕੜੇ-ਟੁੱਕੜੇ ਕਰਵਾ ਕੇ ਝੋਲੀਆਂ ਵਿਚ ਪਵਾਉਣ ਵਾਲਾ ਅਤੇ ਅਕਾਲ ਪੁਰਖ ਦੇ ਭਾਣੇ ਵਿਚ ਵਿਚਰਨ ਵਾਲਾ ‘ਸਵਾ ਲਾਖ ਸੇ ਏਕ ਲੜਾਊਂ’, ‘ਤੱਤੀ ਤਵੀ ਉੱਤੇ ਬੈਠੇ’, “ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ” ਦੇ ਸੱਚ ਨੂੰ ਪ੍ਰਗਟ ਕਰਨ ਅਤੇ ਦੇਸ਼ ਤੇ ਦੁਨੀਆਂ ਵਿਚ “ਤਪਤਿ ਮਾਹਿ ਠਾਢਿ ਵਰਤਾਈ” ਦੇ ਸੱਚ ਨੂੰ ਉਜਾਗਰ ਕਰਨ ਵਾਲਾ ਪੰਜਾਬ। ਅਜੀਬ, ਅਸਚਰਜ, ਅਮੀਰ, ਮਹਾਨ, ਵਿਲੱਖਣ ਅਤੇ ਗੌਰਵਮਈ ਵਿਰਸੇ ਦਾ ਵਾਰਸ ਪੰਜਾਬ, ਖੇਡ ਦੇ ਮੈਦਾਨ ਤੋਂ ਮੈਦਾਨੇ-ਜੰਗ, ਵਿੱਦਿਆ ਦੇ ਖੇਤਰ ਤੋਂ ਅਨਾਜ ਦੇ ਭੰਡਾਰ ਭਰਨ ਤੀਕ ਮੱਲਾਂ ਮਾਰਨ ਵਾਲਾ ਦੇਸ਼ ਪੰਜਾਬ।
ਇਹ ਮਹਾਨ ਪੰਜਾਬ ਸੀ। ਅੱਜ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਪੰਜਾਬ ਨੂੰ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ। ਪੰਜਾਬ ਨੂੰ ਸਰੀਰਕ ਅਤੇ ਆਤਮਕ ਤੌਰ ਉੱਤੇ ਗ਼ੁਲਾਮ ਬਣਾ ਲਿਆ ਗਿਐ। ਅਸੀਂ ਪੰਜਾਬੀ ਖ਼ੁਦ ਵੀ ਇਸ ਅਧੋਗਤੀ ਲਈ ਕਸੂਰਵਾਰ ਹਾਂ। ਅਫ਼ਸੋਸ! ਬੇਹੱਦ ਅਫ਼ਸੋਸ! ਪੰਜਾਬ ਉੱਜੜ ਚੱਲਿਐ। ਕਰਜ਼ੇ ਅਤੇ ਨਸ਼ਿਆਂ ਦੇ ਬੋਝ ਥੱਲੇ ਦੱਬਿਆ ਗਿਆ ਹੈ। ਬੜੇ-ਬੜੇ ਦਰੰਦਿਆਂ ਨੂੰ ਨੱਕੀਂ ਚਣੇ ਚਬਾਉਣ ਵਾਲਾ ਪੰਜਾਬੀ ਗੱਭਰੂ ਹੁਣ ਆਤਮ-ਹੱਤਿਆਵਾਂ ਕਰ ਰਿਹਾ ਹੈ। ਅਸੀਂ ਅਵੇਸਲੇ ਹਾਂ। ਦੁਸ਼ਮਣ-ਸ਼ਕਤੀਆਂ ਅਤੇ ਉਨ੍ਹਾਂ ਦੀਆਂ ਸਾਜ਼ਸ਼ਾਂ ਵਿਰੁੱਧ ਲੜਨ ਦੀ ਥਾਂ ਅਸੀਂ ਆਪਸ ਵਿਚ ਉਲਝ ਕੇ ਆਪਣੀ ਸ਼ਕਤੀ, ਮਾਣ-ਸਨਮਾਨ ਤੇ ਗੌਰਵ ਨਸ਼ਟ ਕਰ ਰਹੇ ਹਾਂ। ਕਿਸੇ ਸ਼ਾਇਰ ਦਾ ਇਹ ਸ਼ਿਅਰ ਸਾਡੇ ਉੱਤੇ ਠੀਕ ਹੀ ਢੁੱਕਦਾ ਹੈ, ‘ਦਿਲ ਕੇ ਫਫੋਲੇ ਜਲ ਉਠੇ ਸੀਨੇ ਦੇ ਦਾਗ਼ ਸੇ। ਇਸ ਘਰ ਕੋ ਆਗ ਲਗ ਗਈ ਘਰ ਕੇ ਚਰਾਗ਼ ਸੇ।’ ਪ੍ਰੋ: ਮੋਹਨ ਸਿੰਘ ਜੀ ਨੇ ਅਜਿਹੇ ਹਾਲਾਤ ਨੂੰ ਆਪਣੇ ਸੰਵੇਦਨਸ਼ੀਲ ਸ਼ਬਦਾਂ ਵਿਚ ਇਉਂ ਬਿਆਨਿਆ ਹੈ:
ਦੱਸ ਨਾ, ਇਹ ਕੀ ਹੋਇਆ?
ਕਿਸ ਲਈ ਸਭ ਕੁਝ ਖੋਇਆ?
ਦਵਾਈ ਖਾ ਮਰੀਜ਼ ਹੀ ਮੋਇਆ।
ਸਾਡੇ ਹੱਥ ਕੀ ਆਇਆ?
1947 ਦੀ ਵੰਡ ਨੇ ਪੰਜਾਬ-ਦੋਖੀ ਸ਼ਕਤੀਆਂ, ਧਾਰਮਿਕ ਬੁਰਕੇ ਓੜ ਕੇ ਵਿਚਰ ਰਹੇ ਅਧਰਮੀਆਂ, ਕੱਟੜਪੰਥੀਆਂ ਨੇ ਆਪਣੀ ਸੌੜੀ ਰਾਜਨੀਤਕ ਖੇਡ ਰਾਹੀਂ ਡੂੰਘੀ ਸਾਜ਼ਸ਼ ਅਧੀਨ ਉਸ ਮਹਾਨ ਪੰਜਾਬ ਦੇ ਸੀਨੇ ਨੂੰ ਚੀਰ ਕੇ ਦੋਫਾੜ ਕਰ ਦਿੱਤਾ। ਪੰਜਾਬ ਦੀ ਵੰਡ-ਦਰ-ਵੰਡ ਹੋਈ। ਪੰਜਾਬ ਛਾਂਗਿਆ ਗਿਆ। ਲਹੂ-ਲੁਹਾਨ ਹੋਇਆ ਅਤੇ ਘਰੋਂ ਬੇਘਰ ਹੋਇਆ ਪੰਜਾਬ। ਸ਼ਾਹਾਂ ਤੋਂ ਫ਼ਕੀਰ ਬਣ ਗਏ ਪੰਜਾਬੀ। ਸਰਦਾਰਾਂ ਤੋਂ ਰਿਫ਼ੀਊਜੀ ਬਣੇ ਪੰਜਾਬੀ। ਉਪਰੰਤ ਪੂਰਬੀ ਪੰਜਾਬ ਦੇ ਕੁਦਰਤੀ ਸੋਮੇ, ਦਰਿਆਵਾਂ ਦਾ ਪਾਣੀ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ। ਅਨੇਕਾਂ ਹੱਥਕੰਡੇ ਵਰਤ ਕੇ ਪੰਜਾਬ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ! ਅੱਜ ਵੀ ਜਾਰੀ ਹਨ। ਪੰਜਾਬ ਵਿਚ ਬੇਰੋਜ਼ਗਾਰੀ ਫੈਲਾ ਕੇ ਨਸ਼ਿਆਂ ਦੇ ਦਰਿਆ ਵਹਾ ਕੇ, ਪੰਜਾਬ ਦੀ ਆਰਥਿਕ ਲੁੱਟ ਕਰ ਕੇ, ਅਮੀਰ ਪੰਜਾਬ ਨੂੰ ਦੇਸ਼ ਦੇ ਗ਼ਰੀਬ ਸੂਬਿਆਂ ਨਾਲ ਖੜ੍ਹਾ ਕਰ ਦਿੱਤਾ ਹੈ। ਕੀ ਪੰਜਾਬੀਆਂ ਨੂੰ ਇਹ ਸਜ਼ਾ ਭਾਰਤ ਦੀ ਅਜ਼ਾਦੀ ਵਿਚ ਸਭ ਤੋਂ ਵੱਧ (80%) ਕੁਰਬਾਨੀਆਂ ਕਰਨ ਬਦਲੇ ਦਿੱਤੀ ਗਈ? ਐਸਾ ਪੁੱਛਣਾ ਜ਼ਰੂਰ ਬਣਦਾ ਹੈ।
1975 ਦੀ ਐਮਰਜੈਂਸੀ ਵਿਰੁੱਧ ਸੰਘਰਸ਼ ਕਰ ਕੇ ਦੇਸ਼ ਨੂੰ ਦੂਜੀ ਵਾਰ ਆਜ਼ਾਦੀ ਦਿਵਾਉਣ ਦੀ ਸਜ਼ਾ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸੀਨੇ ਵਿਚ ਗੋਲੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ, 15 ਸਾਲ ਪੰਜਾਬ ਵਿਚ ਸਰਕਾਰ ਵੱਲੋਂ ਖ਼ੂਨ ਦੀ ਹੋਲੀ ਖੇਡਣ ਦੇ ਰੂਪ ਵਿਚ ਦਿੱਤੀ ਗਈ।
ਪੰਜਾਬ ਦੇ ਗੱਭਰੂ ਨੇ ਖ਼ੂਨ-ਪਸੀਨੇ ਦੀ ਮਿਹਨਤ ਨਾਲ ਹਰਾ ਇਨਕਲਾਬ ਲਿਆਂਦਾ ਅਤੇ ਫਿਰ ਚਿੱਟਾ ਇਨਕਲਾਬ ਲਿਆਂਦਾ, ਜਿਸ ਨਾਲ ਪੀ. ਐਲ. 480 ਸਮਝੌਤੇ ਅਧੀਨ ਸੂਰਾਂ ਦੇ ਖਾਣ ਵਾਲੀ ਮੈਕਸੀਕਨ ਕਣਕ ਜੋ ਅਸੀਂ ਮਜਬੂਰੀ ਵੱਸ ਖਾਂਦੇ ਰਹੇ, ਆਉਣੋਂ ਬੰਦ ਹੋਈ। ਦੇਸ਼ ਵਿਚ ਲੋੜ ਨਾਲੋਂ ਵੱਧ ਅੰਨ-ਭੰਡਾਰ ਪੈਦਾ ਕਰ ਦਿੱਤਾ।
ਪੰਜਾਬੀਆਂ ਵੱਲੋਂ ਕੀਤੇ ਗਏ ਹਰੇਕ ਨੇਕ ਅਤੇ ਚੰਗੇ ਕੰਮ ਲਈ ਸਜ਼ਾ ਹੀ ਦਿੱਤੀ ਜਾਂਦੀ ਰਹੀ ਹੈ ਹਮੇਸ਼ਾਂ। ਬਸ ਸਾਜ਼ਸ਼-ਦਰ-ਸਾਜ਼ਸ਼ ਸ਼ੁਰੂ ਹੋ ਗਈ। ਪੰਜਾਬ ਦੇ ਕਿਸਾਨ ਨੂੰ ਤਬਾਹ ਕਰਨ ਲਈ ਸਕੀਮਾਂ ਘੜੀਆਂ ਅਤੇ ਲਾਗੂ ਕਰਨੀਆਂ ਸ਼ੁਰੂ ਹੋ ਗਈਆਂ। ਹਰ ਤਰ੍ਹਾਂ ਦਾ ਵਿਤਕਰਾ ਸ਼ੁਰੂ ਹੋ ਗਿਆ। ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਕਦੇ ਵੀ ਕਿਸੇ ਨੇ ਆਪਣੇ ਬਾਹੂਬਲ ਨਾਲ ਨਹੀਂ ਦਬਾਇਆ। ਹਾਂ! ਸਾਜ਼ਸ਼ਾਂ ਰਾਹੀਂ ਗ਼ੁਲਾਮ ਜ਼ਰੂਰ ਕੀਤਾ। ਅੱਜ ਵੀ ਅਜਿਹਾ ਹੀ ਹੋ ਰਿਹਾ ਹੈ। ਪੰਜਾਬ ਦੀ ਜੁਆਨੀ ਨੂੰ ਤਬਾਹ ਕਰਨ ਲਈ ਬੇਰੁਜ਼ਗਾਰੀ ਦਾ ਚੱਕਰ ਚਲਾਇਆ ਗਿਆ ਅਤੇ ਨਸ਼ਿਆਂ ਦਾ ਦਰਿਆ ਵਹਾ ਦਿੱਤਾ ਗਿਆ ਹੈ। ਹਰੇ ਇਨਕਲਾਬ ਨੇ ਵੀ ਭਾਵੇਂ ਆਪਣਾ ਯੋਗਦਾਨ ਪਾਇਆ। ਮਾਇਕ ਖੁਸ਼ਹਾਲੀ ਨਾਲ “ਦੁਖੁ ਦਾਰੂ ਸੁਖੁ ਰੋਗੁ ਭਇਆ” ਦਾ ਸੱਚ ਪ੍ਰਗਟ ਹੋ ਗਿਐ। ਨੌਜੁਆਨ ਐਸ਼ਪ੍ਰਸਤੀ ਵਿਚ ਪੈ ਗਏ। ਕਿਰਤ ਛੱਡ ਗਏ। “ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਿਆ ਹੈ ਮਰਣਾ” ਦਾ ਜੀਵਨ ਬਣ ਗਿਆ। ਸਾਡਾ ਹਾਲ ਪੱਛਮੀ ਪ੍ਰਭਾਵ ਹੇਠ ਤੇ ਪੈਸੇ ਦੀ ਚਕਾਚੌਂਧ ਵਿਚ ਉਲਟ ਹੋ ਗਿਆ ਹੈ। ਜੀਵਨ ਵਿਚ ਅਸ਼ਲੀਲਤਾ ਅਤੇ ਨੰਗੇਜ ਆ ਰਿਹਾ ਹੈ। ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਉਂ ਫੁਰਮਾਇਆ ਸੀ:
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥…
ਬਾਬਾ ਹੋਰੁ ਚੜਣਾ ਖੁਸੀ ਖੁਆਰੁ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)
ਅਸੀਂ ਗੁਰੂ ਸਾਹਿਬਾਨ ਦੇ ਉਪਦੇਸ਼ ਤੋਂ ਮੁੱਖ ਮੋੜ ਲਿਆ ਹੈ। ਚਾਰੇ ਪਾਸੇ ਨਜ਼ਰ ਮਾਰ ਕੇ ਵੇਖੀਏ ਤਾਂ ਕੰਬਣੀ ਛਿੜ ਜਾਂਦੀ ਹੈ। ਕਿੱਧਰ ਗਿਆ ਪੰਜਾਬ ਦਾ ਮਜ਼ਬੂਤ ਜੁੱਸਾ? ਕਿੱਧਰ ਗਏ ਪੰਜਾਬ ਦੇ ਸੁਨੱਖੇ ਸੁਡੌਲ ਸਰੀਰ? ਕਿੱਧਰ ਗਈਆਂ ਪੰਜਾਬ ਦੀਆਂ ਮੁਟਿਆਰਾਂ? ਗੁਰਾਂ ਦੇ ਨਾਂ ਉੱਤੇ ਜਿਊਣ ਵਾਲੇ ਪੰਜਾਬ ਵਿੱਚੋਂ ਅਧਿਆਤਮਕਤਾ ਖੰਭ ਲਾ ਕੇ ਉਡ ਗਈ ਹੈ, ਬਸ ਪਾਖੰਡ, ਕਰਮ-ਕਾਂਡ, ਜਾਤ-ਪਾਤ, ਊਚ-ਨੀਚ, ਫ਼ਿਰਕਾਪ੍ਰਸਤੀ, ਵਿਖਾਵਾ ਤੇ ਅੰਧ-ਵਿਸ਼ਵਾਸ ਹੀ ਰਹਿ ਗਿਆ ਹੈ। ਪੰਜਾਬ ਦੀ ਆਤਮਾ ਗੁਰੂ ਉਪਦੇਸ਼ ਤੋਂ ਕੋਰੀ ਅਤੇ ਜੁਆਨੀ ਮਹਾਨ ਵਿਰਸੇ ਤੋਂ ਸੱਖਣੀ ਹੋ ਰਹੀ ਹੈ। ਪੰਜਾਬ ਦੀ ਜੁਆਨੀ ਮਾਯੂਸੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਨਤੀਜਾ! ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਹੋਰ ਤਾਂ ਹੋਰ, ਕਈ ਮੁਟਿਆਰਾਂ ਵੀ ਇਨ੍ਹਾਂ ਦੀ ਪਕੜ ਹੇਠ ਆ ਚੁੱਕੀਆਂ ਹਨ ਜੋ ਕਿ ਬੇਹੱਦ ਚਿੰਤਾ ਦਾ ਪਹਿਲੂ ਹੈ। ਖੁਦਕੁਸ਼ੀਆਂ ਹੋ ਰਹੀਆਂ ਹਨ। ਇਉਂ ਲੱਗਦਾ ਹੈ ਜਿਵੇਂ ਉਹ ਆਪਣੇ ਆਪ ਤੋਂ ਆਤਮ-ਵਿਸ਼ਵਾਸ ਖੋਹ ਬੈਠੇ ਹਨ। ਇਕ ਸਰਵੇ ਅਨੁਸਾਰ 1995 ਵਿਚ 3% ਨੌਜੁਆਨ ਸਮੈਕ ਵਰਤਦੇ ਸਨ ਜਦੋਂ ਕਿ 2004 ਵਿਚ 65% ਹੋ ਗਏ। ਨਸ਼ੇੜੀਆਂ ਵਿਚ 45% ਗਿਣਤੀ ਬੇਰੁਜ਼ਗਾਰਾਂ ਦੀ ਹੈ। 30% ਅਨਪੜ੍ਹ, 25% ਪੜ੍ਹੇ-ਲਿਖੇ, 40% ਵਿਦਿਆਰਥੀ, 20% ਮਜ਼ਦੂਰ, 15% ਪੁਲਿਸ, 10% ਕਿਸਾਨ, 5% ਵਪਾਰੀ, 5% ਅਧਿਆਪਕ ਅਤੇ 15% ਹੋਰ ਨੌਕਰੀ-ਪੇਸ਼ਾ ਲੋਕ ਹਨ ਅਤੇ ਇਨ੍ਹਾਂ ਵਿੱਚੋਂ 58% 20 ਸਾਲ ਤੋਂ ਘੱਟ ਉਮਰ ਦੇ ਹਨ ਅਤੇ 20 ਸਾਲ ਤੋਂ 30 ਸਾਲ ਦੀ ਉਮਰ ਵਾਲਿਆਂ ਵਿਚ 80% ਲੜਕੇ ਨਸ਼ੇੜੀ ਬਣ ਗਏ ਹਨ ਅਤੇ 60% ਲੜਕੀਆਂ ਨਸ਼ੇੜੀ ਹਨ। ਕੁੱਲ ਗਿਣਤੀ ਵਿੱਚੋਂ 80% ਮਰਦ ਅਤੇ 70% ਔਰਤਾਂ ਨਸ਼ਾ ਕਰਦੀਆਂ ਹਨ। ਇਸ ਤਰ੍ਹਾਂ ਤਕਰੀਬਨ ਹਰ ਸਾਲ ਕਰੋੜਾਂ ਰੁਪਿਆਂ ਨਸ਼ਿਆਂ ਉੱਤੇ ਬਰਬਾਦ ਹੋ ਰਿਹੈ। ਸਾਨੂੰ ਸਤਿਗੁਰਾਂ ਦਾ ਮਹਾਨ ਉਪਦੇਸ਼ “ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ॥ ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ॥” ਵਿੱਸਰ ਗਿਐ ਅਤੇ ਸਾਡੀ ਹਾਲਤ ਤਾਂ “ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ” ਵਾਲੀ ਹੋਈ ਹੈ।
ਭੁੱਕੀ, ਚਰਸ, ਗਾਂਜਾ, ਅਫ਼ੀਮ, ਭੰਗ, ਪੋਸਤ, ਸ਼ਰਾਬ ਦੇ ਨਾਲ-ਨਾਲ ਹੁਣ ਸਮੈਕ, ਕੋਕੀਨ, ਹੈਰੋਇਨ ਤੇ ਕੈਪਸੂਲ ਆਮ ਹੋ ਗਏ ਹਨ। ਕਈ ਕਿਸਮ ਦੀਆਂ ਦਵਾਈਆਂ ਨਸ਼ੇੜੀ ਵਰਤ ਰਹੇ ਹਨ। ਇਥੋਂ ਤੀਕ ਕਿ ਆਇਓਡੈਕਸ ਅਤੇ ਬੂਟ ਪਾਲਸ਼ ਵੀ ਨਸ਼ੇ ਦੇ ਤੌਰ ਉੱਤੇ ਵਰਤੀ ਜਾ ਰਹੀ ਹੈ। ਪੰਜਾਬ ਅੰਦਰ ਤਕਰੀਬਨ 30 ਕਰੋੜ ਦੀ ਇਕੱਲੀ ਭੁੱਕੀ ਦੀ ਹੀ ਖਪਤ ਹੋ ਰਹੀ ਹੈ ਹਰ ਸਾਲ। ਦਿਹਾਤੀ ਇਲਾਕਿਆਂ ਤੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਨਸ਼ਿਆਂ ਦਾ ਸੇਵਨ ਕਿਤੇ ਵੱਧ ਹੋ ਰਿਹੈ। ਜ਼ਿੰਦਗੀ ਵਿਚ ਪੱਛਮੀ ਪ੍ਰਭਾਵ ਕਾਰਨ ਆਏ ਖੁੱਲ੍ਹੇਪਣ ਅਤੇ ਅਧਿਆਤਮਕਤਾ ਦੀ ਥਾਂ ਪਦਾਰਥਵਾਦੀਆਂ ਦੇ ਅਸਰ ਹੇਠ ਆਉਣ ਕਾਰਨ ਇਹ ਭਾਣਾ ਵਾਪਰ ਰਿਹਾ ਹੈ। ਜੁਆਨੀ ਤਬਾਹ ਹੋ ਰਹੀ ਹੈ। ਅੱਜ ਰੂਹਾਨੀ ਆਨੰਦ ਨਹੀਂ ਸਗੋਂ ਆਪਣੇ ਆਪ ਨੂੰ ਨਸ਼ਿਆਂ ਨਾਲ ਕਮਲਾ ਕਰ ਕੇ ਥੋੜ੍ਹਚਿਰੀ ਖ਼ੁਸ਼ੀ ਲਈ ਦੌੜ ਲੱਗੀ ਹੋਈ ਹੈ। ਸਤਿਗੁਰਾਂ ਦਾ ਅਧਿਆਤਮਕ ਉਪਦੇਸ਼ ਤਾਂ ਸੀ:
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ (ਪੰਨਾ 554)
ਪੰਜਾਬ ਦੀ ਇਸ ਤ੍ਰਾਸਦੀ ਲਈ ਜਿੱਥੇ ਪੰਜਾਬ ਨੂੰ ਤਬਾਹ ਕਰਨ ਹਿੱਤ ਰਚੀਆਂ ਜਾਂਦੀਆਂ ਸਾਜ਼ਸ਼ਾਂ ਹਨ ਉਥੇ ਹੋਰ ਵੀ ਕਈ ਕਾਰਨ ਹਨ ਜਿਵੇਂ ਦੇਸ਼ ਵਿਚ ਸਰਮਾਏਦਾਰ, ਅਜਾਰੇਦਾਰ, ਰਜਵਾੜੇ, ਧਨ ਕੁਬੇਰ, ਤਸਕਰ ਅਤੇ ਵੱਡੇ ਜ਼ਰਾਇਮ-ਪੇਸ਼ਾ ਲੋਕਾਂ ਦੀ ਦੇਸ਼ ਦੀ ਰਾਜਨੀਤੀ ਅਤੇ ਆਰਥਿਕਤਾ ਉੱਤੇ ਪੱਕੇ ਕਾਬਜ਼ ਰਹਿਣ ਦੀ ਸਾਜ਼ਸ਼ ਹੈ ਜਿਸ ਰਾਹੀਂ ਗ਼ਰੀਬ ਜਨਤਾ ਨੂੰ ਧਰਮ ਦੇ ਨਾਮ ਉੱਤੇ ਵੰਡੀਆਂ ਪਾਉਣਾ, ਬੇਰੁਜ਼ਗਾਰੀ ਦੇ ਦੈਂਤ ਨੂੰ ਮਜ਼ਬੂਤ ਕਰਨਾ ਅਤੇ ਚੋਣਾਂ ਵਿਚ ਅਤਿ ਭ੍ਰਿਸ਼ਟ ਤਰੀਕੇ ਵਰਤ ਕੇ ਕਾਲੇ ਧਨ ਦੀ ਵਰਤੋਂ ਰਾਹੀਂ ਲੋਕਾਂ ਦਾ ਈਮਾਨ ਖ਼ਰੀਦ ਕੇ ਅਤੇ ਖੁੱਲ੍ਹੇਆਮ ਨਸ਼ੇ ਵੰਡ ਕੇ ਰਾਜ ਸ਼ਕਤੀ ਉੱਤੇ ਕਾਬਜ਼ ਹੋਣਾ ਹੈ। ਚੋਣ-ਪ੍ਰਕਿਰਿਆ ਇਤਨੀ ਮਹਿੰਗੀ ਕਰ ਦਿੱਤੀ ਗਈ ਹੈ ਕਿ ਕੋਈ ਗ਼ਰੀਬ ਆਦਮੀ ਚੋਣਾਂ ਲੜਨ ਲਈ ਹੌਂਸਲਾ ਹੀ ਨਹੀਂ ਕਰ ਸਕਦਾ। ਜਿਹੜੇ ਗ਼ਰੀਬ ਲੜਦੇ ਵੀ ਹਨ ਉਹ ਆਪਣੇ ਅਕਾਵਾਂ ਦੇ ਗ਼ੁਲਾਮ ਹੀ ਹਨ। ਚੋਣਾਂ ਨਸ਼ੇੜੀ ਜ਼ਿੰਦਗੀ ਦਾ ਮੁੱਢ ਬੰਨ੍ਹਦੀਆਂ ਹਨ।
ਵੇਖਣ ਵਾਲੀ ਗੱਲ ਹੈ ਕਿ ਹੈਰੋਇਨ, ਕੋਕੀਨ, ਸਮੈਕ ਆਦਿ ਮਾਰੂ ਨਸ਼ੇ ਪੰਜਾਬ ਵਿਚ ਕਿਧਰੇ ਪੈਦਾ ਨਹੀਂ ਹੁੰਦੇ, ਨਾ ਹੀ ਪੰਜਾਬ ਵਿਚ ਇਨ੍ਹਾਂ ਦੀ ਕਿਧਰੇ ਕੋਈ ਫੈਕਟਰੀ ਹੀ ਲੱਗੀ ਹੋਈ ਹੈ। ਇਨ੍ਹਾਂ ਨਸ਼ਿਆਂ ਦੀ ਤਸਕਰੀ ਸਰਹੱਦ ਪਾਰੋਂ ਹੁੰਦੀ ਹੈ ਜਿੱਥੇ ਦੋਵੇਂ ਪਾਸੇ ਫ਼ੌਜਾਂ ਤਾਇਨਾਤ ਹਨ ਅਤੇ ਮੁਕੰਮਲ ਚੌਕਸੀ ਰੱਖੀ ਜਾ ਰਹੀ ਹੈ। ਕੀ ਸਰਕਾਰੀ ਸਾਜ਼ਸ਼ ਅਧੀਨ ਤੇ ਮਿਲੀਭੁਗਤ ਨਾਲ ਨਹੀਂ ਹੋ ਰਿਹਾ ਹੈ ਇਹ ਸਭ ਕੁਝ? ਕਿਸ ਤਰ੍ਹਾਂ ਹੋ ਰਿਹੈ? ਕੀ ਇਨ੍ਹਾਂ ਤਸਕਰਾਂ ਦੀ ਪੁਸ਼ਤਪਨਾਹੀ ਨਿੱਜੀ ਆਰਥਕ ਲਾਭਾਂ ਹਿਤ ਰਾਜਨੀਤਕ ਅਤੇ ਪ੍ਰਸ਼ਾਸਨਿਕ ਲੋਕ ਤਾਂ ਨਹੀਂ ਕਰ ਰਹੇ?
ਦੂਸਰਾ ਵੱਡਾ ਕਾਰਨ ਹੈ ਨਿਤ ਵਧ ਰਹੀ ਬੇਰੁਜ਼ਗਾਰੀ। ਪੜ੍ਹੇ-ਅਨਪੜ੍ਹ ਬੇਰੁਜ਼ਗਾਰੀ ਅਤੇ ਮਾਯੂਸੀ ਕਾਰਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਤੀਸਰਾ ਕਾਰਨ ਹੈ ਪੱਛਮੀ ਸਭਿਅਤਾ ਦਾ ਵਧ ਰਿਹਾ ਪ੍ਰਭਾਵ ਜਿਸ ਨੇ ਸਾਡੇ ਸਦਾਚਾਰ ਅਤੇ ਸਭਿਆਚਾਰ ਅਤੇ ਸੰਜਮੀ ਜੀਵਨ ਨੂੰ ਕਰਾਰੀ ਸੱਟ ਮਾਰੀ ਹੈ। ਚੌਥਾ ਕਾਰਨ ਅਖ਼ਬਾਰਾਂ, ਟੈਲੀਵੀਜ਼ਨ ਅਤੇ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਫੈਲਾਏ ਜਾ ਰਹੇ ਨੰਗੇਜ ਅਤੇ ਅਸ਼ਲੀਲਤਾ ਨੇ ਅੱਲੜ੍ਹ ਨੌਜੁਆਨ ਪੀੜ੍ਹੀ ਅੰਦਰ ਕਾਮ-ਚੇਸ਼ਟਾਵਾਂ ਵਿਚ ਚੋਖਾ ਵਾਧਾ ਕਰ ਦਿੱਤਾ ਹੈ। ਆਮ ਕਰਕੇ ਨੌਜੁਆਨ ਆਪਣੀ ਕਾਮ-ਸ਼ਕਤੀ ਨੂੰ ਵਧਾਉਣ ਹਿਤ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ। ਜੀਵਨ ਵਿਚ ਆਏ ਖੁੱਲ੍ਹੇਪਣ ਅਤੇ ਵਧ ਰਹੇ ਵਿਸ਼ੇ-ਵਿਕਾਰਾਂ ਕਾਰਨ ਹੀ ਨੌਜੁਆਨ ਪੀੜ੍ਹੀ ਲੜਕੇ ਅਤੇ ਲੜਕੀਆਂ ਦੋਵੇਂ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ। ਪੰਜਵਾਂ ਕਾਰਨ ਹੈ ਜ਼ਮੀਨ ਦੀ ਵੰਡ-ਦਰ-ਵੰਡ ਅਤੇ ਖੇਤੀ ਦਾ ਆਧੁਨਿਕੀਕਰਣ ਜਿਸ ਕਾਰਨ ਵਧੇਰੇ ਕਰਕੇ ਪੇਂਡੂ ਗੱਭਰੂ ਤਕਰੀਬਨ ਬੇਜ਼ਮੀਨਾ ਅਤੇ ਬੇਰੁਜ਼ਗਾਰ ਹੋ ਗਿਐ ਅਤੇ ਉਹ ਵਿਹਲਾ ਨਸ਼ਿਆਂ ਦਾ ਸ਼ਿਕਾਰ ਹੋ ਰਿਹੈ। ਛੇਵਾਂ ਕਾਰਨ ਇਹ ਹੈ ਕਿ ਭ੍ਰਿਸ਼ਟ ਤਰੀਕਿਆਂ ਨਾਲ ਕਮਾਈ ਵਾਲੇ ਪਰਵਾਰਾਂ ਦੇ ਬੱਚੇ ਨਸ਼ਿਆਂ ਦਾ ਵਧੇਰੇ ਸੇਵਨ ਕਰ ਰਹੇ ਹਨ। ਸਤਵਾਂ ਕਾਰਨ ਬਹੁਤੇ ਮਾਪਿਆਂ ਦੇ ਜੀਵਨ ਵਿਚ ਪਦਾਰਥਕ ਸੋਚ ਅਤੇ ਬਦਲ ਰਹੀਆਂ ਸਦਾਚਾਰਕ ਕਦਰਾਂ-ਕੀਮਤਾਂ ਵਿਚ ਆਈ ਤਬਦੀਲੀ ਹੈ। ਜੀਵਨ ਵਿਚ ਆਏ ਨੈਤਿਕ ਨਿਘਾਰ ਕਾਰਨ ਉਹ ਆਪਣੇ ਬੱਚਿਆਂ ਦੇ ਸਾਹਮਣੇ ਇਖ਼ਲਾਕੀ ਤੌਰ ਉੱਤੇ ਕਮਜ਼ੋਰ ਮਹਿਸੂਸ ਕਰਦੇ ਹਨ ਜਿਸ ਕਾਰਨ ਮਾਪਿਆਂ ਦਾ ਨੈਤਿਕ ਪ੍ਰਭਾਵ ਬੱਚਿਆਂ ਉੱਤੋਂ ਘਟ ਰਿਹਾ ਹੈ। ਇਸ ਨਾਲ ਹੀ ਇਕ ਪੁੱਤਰ ਤੀਕ ਪਰਵਾਰ ਨੂੰ ਸੀਮਤ ਕਰਨ ਕਾਰਨ ਵੀ ਮਾਪਿਆਂ ਦਾ ਬੱਚਿਆਂ ਉੱਤੋਂ ਕੰਟਰੋਲ ਤਕਰੀਬਨ ਖ਼ਤਮ ਹੀ ਹੋ ਗਿਐ। ਅਠਵਾਂ ਕਾਰਨ ਅਧਿਆਪਕ ਵਰਗ ਦਾ ਆਪਣੇ ਮਹਾਨ ਵਿਰਸੇ, ਅਧਿਆਤਮਕ ਸਿਧਾਂਤ ਤੋਂ ਟੁੱਟ ਕੇ ਪਦਾਰਥਵਾਦੀ ਵਿਚਾਰਧਾਰਾ ਦੇ ਹਾਮੀ ਹੋਣ ਕਾਰਨ ਅਤੇ ਆਪਣਾ ਬਤੌਰ ਰਾਸ਼ਟਰ-ਨਿਰਮਾਤਾ ਅਤੇ ਸਮਾਜਕ ਪੱਥ-ਪ੍ਰਦਰਸ਼ਕ ਦੇ ਬਣਦੇ ਰੋਲ ਤੋਂ ਕਿਨਾਰਾ ਕਰਨ ਕਾਰਨ ਆਏ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਕਾਰਨ ਵਿਦਿਆਰਥੀ ਵਰਗ ਨੂੰ ਸਹੀ ਸੇਧ ਨਹੀਂ ਮਿਲ ਰਹੀ। ਉਹ ਵਿਰਸੇ ਨਾਲੋਂ ਟੁੱਟ ਗਏ ਹਨ, ਭਵਿੱਖ ਧੁੰਦਲਾ ਹੈ ਅਤੇ ਵਰਤਮਾਨ ਵਿਚ ਉਹ ਜੀਊਂ ਨਹੀਂ ਰਹੇ। ਬਸ ਨਿਰਾਸ਼ਤਾ ਹੀ ਪੱਲੇ ਪੈ ਰਹੀ ਹੈ। ਨਿਰਾਸ਼ਤਾ ਕਾਰਨ ਕਈ ਤਰ੍ਹਾਂ ਦੇ ਨਸ਼ਿਆਂ ਦਾ ਸਹਾਰਾ ਲਿਆ ਜਾ ਰਿਹੈ। ਨੌਵਾਂ ਕਾਰਨ ਰਾਤੋ ਰਾਤ ਅਮੀਰ ਹੋਣ ਦੀ ਵਧ ਰਹੀ ਰੁਚੀ ਕਾਰਨ ਤਸਕਰੀ ਦੇ ਧੰਦੇ ਵਿਚ ਲੱਗੀਆਂ ਦੇਸ਼-ਧ੍ਰੋਹੀ ਸ਼ਕਤੀਆਂ ਵੀ ਨਸ਼ਿਆਂ ਦੇ ਫੈਲਾਉਣ ਲਈ ਬਹੁਤ ਸਰਗਰਮ ਹਨ। ਹਰ ਰੋਜ਼ ਸਵੇਰੇ ਪਿੰਡਾਂ ਵਿਚ ਕਾਰਾਂ ਘੁੰਮਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਰਾਹੀਂ ਨਸ਼ੇ ਵੰਡੇ ਅਤੇ ਵੇਚੇ ਜਾਂਦੇ ਹਨ। ਪਰੰਤੂ ਸਵਾਲ ਉਠਦਾ ਹੈ ਕਿ ਨਸ਼ਿਆਂ ਦੀ ਤਸਕਰੀ ਅਤੇ ਵੇਚ-ਵੰਡ ਕਾਨੂੰਨਨ ਵਿਵਰਜਿਤ ਹੈ। ਫਿਰ ਪ੍ਰਸ਼ਾਸਨ ਕਿਉਂ ਖਾਮੋਸ਼ ਹੈ? ਕੀ ਇਹ ਅਵੇਸਲਾਪਨ ਹੈ ਜਾਂ ਮਿਲੀ ਭੁਗਤ? ਕਿਸੇ ਵੀ ਦੇਸ਼ ਦੀ ਤਰੱਕੀ, ਰਾਜਨੀਤਿਕ ਲੀਡਰਸ਼ਿਪ, ਪ੍ਰਸ਼ਾਸਨ ਅਤੇ ਜਨਤਾ ਤਿੰਨਾਂ ਉੱਤੇ ਨਿਰਭਰ ਕਰਦੀ ਹੈ। ਰਾਜਨੀਤਕ ਪਾਰਟੀਆਂ ਲੋਕ-ਭਲਾਈ ਦੇ ਕੰਮਾਂ ਨਾਲੋਂ ਰਾਜ-ਸ਼ਕਤੀ ਉੱਤੇ ਕਾਬਜ਼ ਰਹਿਣ ਲਈ ਜ਼ਿਆਦਾ ਫ਼ਿਕਰਮੰਦ ਹਨ। ਪ੍ਰਸ਼ਾਸਨ ਨੂੰ ਉਨ੍ਹਾਂ ਨੇ ਨਾਲ ਮਿਲਾ ਲਿਆ ਹੈ ਅਤੇ ਜਨਤਾ ਨੂੰ ਆਪਣੇ ਉੱਤੇ ਨਿਰਭਰ ਕਰ ਲਿਐ। ਤਸਕਰ, ਧਨ-ਕੁਬੇਰ ਅਤੇ ਜ਼ਰਾਇਮ-ਪੇਸ਼ਾ ਲੋਕ ਇਨ੍ਹਾਂ ਦਾ ਓਟ-ਆਸਰਾ ਬਣ ਗਏ ਹਨ।
ਬਾਬਰ ਦੇ ਹਮਲੇ ਸਮੇਂ ਲੋਧੀ ਖ਼ਾਨਦਾਨ ਦੇ ਰਾਜ ਵਿਚ ਦੇਸ਼ ਦੀ ਅਜਿਹੀ ਹੀ ਹਾਲਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਦੀ ਜਨਤਾ ਨੂੰ ਅਧਿਆਤਮਕ ਅਤੇ ਸਰੀਰਕ ਤੌਰ ਉੱਤੇ ਮਜ਼ਬੂਤ ਕਰਨ ਹਿਤ ਮੁਕੰਮਲ ਕ੍ਰਾਂਤੀ ਦੀ ਲਹਿਰ ਅਰੰਭ ਕੀਤੀ। ਜਿੱਥੇ ਲੋਕਾਂ ਨੂੰ ਆਤਮਕ ਗਿਆਨ ਵੰਡਿਆ ਉਥੇ ਮੱਲ ਅਖਾੜੇ ਅਰੰਭ ਕਰਵਾ ਕੇ ਗੱਭਰੂਆਂ ਨੂੰ ਸਰੀਰਕ ਤੌਰ ਉੱਤੇ ਬਲਧਾਰੀ ਕਰਨ ਹਿੱਤ ਵੀ ਹੰਭਲਾ ਮਾਰਿਆ। ਗੁਰੂ ਕਾ ਲੰਗਰ ਚਲਾ ਕੇ ਸ਼ੁੱਧ ਪੌਸ਼ਟਿਕ ਖਾਣਾ ਮੁਹੱਈਆ ਕਰਵਾ ਕੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਕ ਮਿਸਾਲ ਪੈਦਾ ਕੀਤੀ ਸੀ। ਗੁਰੂ ਸਾਹਿਬਾਨ ਨੇ ਨਸ਼ਿਆਂ ਦੀ ਸਖ਼ਤ ਮਨਾਹੀ ਕੀਤੀ ਅਤੇ ਮਨੁੱਖ ਨੂੰ ਸਦਾਚਾਰਕ ਨੈਤਿਕ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਆਪ ਨੇ ਫੁਰਮਾਇਆ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਪੰਨਾ 522)
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ (ਪੰਨਾ 554)
ਨਸ਼ਿਆਂ ਅਤੇ ਵਿਸ਼ੇ-ਵਿਕਾਰਾਂ ਰਾਹੀਂ ਤਬਾਹ ਕੀਤੇ ਜਾ ਰਹੇ ਸਰੀਰ (ਕਾਇਆ) ਦੀ ਮਹੱਤਤਾ ਨੂੰ ਗੁਰੂ ਸਾਹਿਬਾਨ ਨੇ ਇਉਂ ਦ੍ਰਿੜ੍ਹ ਕਰਵਾਇਆ:
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ (ਪੰਨਾ 1346)
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥ (ਪੰਨਾ 1256)
ਇਹੁ ਸਰੀਰੁ ਕਰਮ ਕੀ ਧਰਤੀ …॥ (ਪੰਨਾ 834)
ਵਿਸ਼ੇ-ਵਿਕਾਰਾਂ ਦੇ ਘਾਤਕ ਅਤੇ ਮਾਰੂ ਨਤੀਜਿਆਂ ਤੋਂ ਸੁਚੇਤ ਕਰ ਕੇ ਇਨ੍ਹਾਂ ਤੋਂ ਵਿਵਰਜਿਤ ਕਰਦਿਆਂ ਸਤਿਗੁਰਾਂ ਨੇ ਫ਼ੁਰਮਾਇਆ:
ਖਸਮੁ ਵਿਸਾਰਿ ਕੀਏ ਰਸ ਭੋਗ॥
ਤਾਂ ਤਨਿ ਉਠਿ ਖਲੋਏ ਰੋਗ॥ (ਪੰਨਾ 1256)
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ॥ (ਪੰਨਾ 1254)
ਸਤਿਗੁਰਾਂ ਨੇ ਤਾਂ ਅਮਲ ਪਰਸ਼ਾਦੇ ਦਾ ਹੀ ਪ੍ਰਵਾਨ ਕੀਤਾ ਹੈ।
ਪੰਜਾਬੀਓ! ਜੇ ਬਚਣਾ ਹੈ ਤਾਂ ਆਓ, ਡੂੰਘੀ ਸਾਜ਼ਸ਼ ਨੂੰ ਸਮਝੀਏ। ਨੌਜੁਆਨ ਪੀੜ੍ਹੀ ਨੂੰ ਆਪਣੇ ਮਹਾਨ ਵਿਰਸੇ ਬਾਰੇ ਜਾਣੂ ਕਰਾਈਏ। ਪ੍ਰੋ. ਪੂਰਨ ਸਿੰਘ ਜੀ ਵਾਂਙੂੰ ਪੁਰਾਣੇ ਪੰਜਾਬ ਨੂੰ ਮੁੜ ਆਉਣ ਲਈ ਅਵਾਜ਼ ਮਾਰੀਏ। ਪ੍ਰੋ. ਪੂਰਨ ਸਿੰਘ ਜੀ ਨੇ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਇਉਂ ਕੀਤਾ ਹੈ:
ਆ ਪੰਜਾਬ-ਪਿਆਰ ਤੂੰ ਮੁੜ ਆ।
ਆ ਸਿੱਖ ਪੰਜਾਬ ਤੂੰ ਮੁੜ ਆ।
ਉਹ ਪੰਜਾਬ ਜੋ ਨੱਚਦਾ, ਗਾਉਂਦਾ, ਗੁਰਾਂ ਦੀ ਬਾਣੀ ਪੜ੍ਹਦਾ ਸਦਾਚਾਰੀ ਜੀਵਨ ਜਿਊਣ ਉੱਤੇ ਮਾਣ ਮਹਿਸੂਸ ਕਰਦਾ ਸੀ, ਉਸ ਨੂੰ ਮੁੜ ਸਹੀ ’ਤੇ ਲਿਆਉਣ ਵਾਸਤੇ ਵੱਡੇ ਯਤਨ ਕਰਨੇ ਪੈਣਗੇ। ਸਤਿਗੁਰਾਂ ਦਾ ਮਹਾਨ ਉਪਦੇਸ਼-ਇਕ ਮੁਕੰਮਲ ਕ੍ਰਾਂਤੀ ਦਾ ਉਪਦੇਸ਼-ਘਰ-ਘਰ ਪਹੁੰਚਾਈਏ। ਜੋ ਉਪਦੇਸ਼ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਸਮੇਂ ਖ਼ਾਲਸਾ ਪੰਥ ਨੂੰ ਦਿੱਤਾ ਉਸੇ ਮਹਾਨ ਕ੍ਰਾਂਤੀਕਾਰੀ ਅਤੇ ਕਲਿਆਣਕਾਰੀ ਉਪਦੇਸ਼ ਦਾ ਹੀ ਨਤੀਜਾ ਸੀ ਕਿ ਚਿੜੀਆਂ ਤੋਂ ਬਾਜ਼ ਤੁੜਵਾ ਦਿੱਤੇ। ਵਿਦੇਸ਼ੀ ਹਮਲਾਵਰਾਂ ਨੂੰ ਨੱਕੀਂ ਚਣੇ ਚਬਾ ਦਿੱਤੇ। 1699 ਵਿਚ ਸਿਰਜੇ ਖ਼ਾਲਸੇ ਨੇ 1710 ਈਸਵੀ ਵਿਚ ਤਕਰੀਬਨ ਅੱਧਾ ਉੱਤਰੀ ਭਾਰਤ ਜਰਵਾਣਿਆਂ ਪਾਸੋਂ ਜਿੱਤ ਕੇ 12 ਮਈ, 1710 ਨੂੰ ਸਰਹੰਦ ਦੀ ਧਰਤੀ ਉੱਤੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ ਜੋ ਦਸੰਬਰ, 1715 ਤੀਕ ਕਾਇਮ ਰਹੀ। ਉਪਰੰਤ ਸ਼ਹੀਦੀਆਂ, ਸੰਘਰਸ਼ਾਂ ਅਤੇ ਢੇਰ ਕਠਿਨਾਈਆਂ ਦੇ ਦੌਰ ਵਿੱਚੋਂ ਗੁਜ਼ਰਦਿਆਂ 1799 ਵਿਚ ਇਕ ਵਿਸ਼ਾਲ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਜੋ 1849 ਤੀਕ ਕਾਇਮ ਰਿਹਾ।
ਸਤਿਗੁਰਾਂ ਨੇ ਖ਼ਾਲਸਾ ਪੰਥ ਲਈ ਜੋ ਮਰਯਾਦਾ ਨਿਯਤ ਕੀਤੀ ਉਸ ਵਿਚ ਨਸ਼ਿਆਂ ਦੀ ਕੋਈ ਥਾਂ ਨਹੀਂ ਹੈ, ਸਿੱਖੀ ਸਿਧਾਂਤ ਵਿਚ ਮਨੁੱਖੀ ਅਚਾਰ ਨੂੰ ਕਿੰਨਾ ਵੱਡਾ ਮਹੱਤਵ ਦਿੱਤਾ ਗਿਆ ਹੈ! ਆਪ ਨੇ ਫ਼ਰਮਾਇਆ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
ਵਿਦਵਾਨਾਂ ਲਈ ਵੀ ਅਚਾਰ ਅਤੇ ਵਿਹਾਰ ਵਿਚ ਪਰਪੱਕ ਹੋਣ ਦੀ ਸ਼ਰਤ ਲਗਾਈ। ਸਤਿਗੁਰਾਂ ਨੇ ਫ਼ਰਮਾਇਆ:
ਜਗਿ ਗਿਆਨੀ ਵਿਰਲਾ ਆਚਾਰੀ॥
ਜਗਿ ਪੰਡਿਤੁ ਵਿਰਲਾ ਵੀਚਾਰੀ॥ (ਪੰਨਾ 413)
ਉੱਚੇ ਅਚਾਰ ਵਾਲੇ ਰਹਿਤ ਮਰਯਾਦਾ ਵਿਚ ਪਰਪੱਕ ਆਤਮਕ ਅਤੇ ਸਰੀਰਕ ਤੌਰ ਉੱਤੇ ਬਲਵਾਨ ਖ਼ਾਲਸੇ ਨੇ ਦੁਨੀਆਂ ਵਿਚ ਇਕ ਵਿਲੱਖਣ ਇਤਿਹਾਸ ਸਿਰਜਿਆ। ਭਾਵੇਂ ਉਹ ਚਮਕੌਰ ਦੀ ਗੜ੍ਹੀ ਸੀ ਜਾਂ ਫਿਰ ਖਿਦਰਾਣੇ ਦੀ ਢਾਬ (ਮੁਕਤਸਰ) ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੇ ਸੰਸਾਰ ਨੂੰ ਦੁਰਲੱਭ ਅਤੇ ਮਿਸਾਲੀ ਜੀਵਨ ਬਖ਼ਸ਼ਿਸ਼ ਕਰਨ ਲਈ ਜੋ ਸਿਧਾਂਤ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਦਿੱਤਾ, ਉਸ ਨੇ ਇਕ ਨਵੀਂ ਅਤੇ ਮੁਕੰਮਲ ਕ੍ਰਾਂਤੀ ਲਿਆਂਦੀ। ਪਰ ਹੁਣ ਨੌਜੁਆਨਾਂ ਅੰਦਰ ਕਿਰਤ ਦੀ ਰੁਚੀ ਖ਼ਤਮ ਹੋ ਚੁਕੀ ਹੈ। ਪੱਛਮੀ ਪ੍ਰਭਾਵ ਹੇਠ ਉਹ ਨਾ ਹੰਸ ਰਹੇ, ਨਾ ਬਗਲੇ। ਗੁਰਮਤਿ ਸਬੰਧੀ ਲਿਖੇ ਰਹਿਤਨਾਮਿਆਂ ਤੇ ਇਤਿਹਾਸਕ ਗ੍ਰੰਥਾਂ ਵਿਚ ਨਸ਼ਿਆਂ ਬਾਰੇ ਇਸ ਤਰ੍ਹਾਂ ਤਾਕੀਦ ਕੀਤੀ ਗਈ ਹੈ:
ਪਰ ਨਾਰੀ ਜੂਆ, ਅਸਤ, ਚੋਰੀ, ਮਦਰਾ ਜਾਨ।
ਪਾਂਚ ਐਬ ਯੇ ਜਗਤ ਮੋ ਤਜੈ ਸੁ ਸਿੰਘ ਸੁਜਾਨ। (ਰਹਿਤਨਾਮਾ ਭਾਈ ਚੌਪਾ ਸਿੰਘ)
ਅਧਮ ਬਾਰਨੀ ਜਾਂਹਿ ਤੇ ਜਿਹ ਪੀਵਤ ਸੁਧ ਜਾਇ।
ਹੋਤ ਭੂਪ ਸਮ ਪਸ਼ੂ ਕੇ ਸੁਗਮ ਅਗੇਂ ਤਿਹ ਘਾਇ। (ਗੁਰ ਬਿਲਾਸ ਪਾਤਸ਼ਾਹੀ 6)
ਆਓ ਨੌਜੁਆਨੋ! ਆਪਣੇ ਵਿਰਸੇ ਨੂੰ ਯਾਦ ਕਰੀਏ ਅਤੇ ਉਸ ਵਿਲੱਖਣ ਵਿਰਸੇ ਦੇ ਸੁਯੋਗ ਅਤੇ ਸਹੀ ਵਾਰਸ ਬਣੀਏ। ਇਹ ਵਿਰਸਾ ਜਿੱਥੇ ਖੋਪਰ ਲਾਹੁਣ ਵਾਲੀ ਰੰਬੀ ਸ਼ਰਮਸਾਰ ਹੋ ਗਈ, ਜਿੱਥੇ ਬੰਦ-ਬੰਦ ਕੱਟਣ ਵਾਲਾ ਜਲਾਦ ਬੇਹੱਦ ਹੈਰਾਨ ਹੋ ਗਿਆ, ਜਿੱਥੇ ਆਰੇ ਨਾਲ ਚੀਰਨ ਵਾਲਾ ਕੰਬ ਉੱਠਿਆ, ਜਿੱਥੇ ਜੰਬੂਰਾਂ ਨਾਲ ਮਾਸ ਨੋਚਣ ਵਾਲਾ ਜੱਲਾਦ ਹੈਰਤਅੰਗੇਜ਼ ਹੋ ਗਿਆ, ਪਿਉ-ਪੁੱਤ ਨੂੰ ਚਰਖੀ ਉੱਤੇ ਚੜ੍ਹਾਉਣ ਦਾ ਹੁਕਮ ਦੇਣ ਵਾਲਾ ਜ਼ਾਲਮ ਸੂਬੇਦਾਰ ਵੀ ਦੰਗ ਰਹਿ ਗਿਆ। ਇਹ ਕਹਾਣੀ ਹੈ ਉਨ੍ਹਾਂ ਸਿਦਕੀ, ਸਿਰੜੀ, ਸੂਰਮਿਆਂ, ਉੱਚੇ ਅਚਾਰ ਵਾਲੇ ਮਰਜੀਵੜਿਆਂ, ਗੁਰੂ ਨਾਲ ਓਤਪੋਤ ਹੋਏ ਜਿਉੜਿਆਂ ਦੀ। ਕੀ ਕੋਈ ਨਸ਼ੇੜੀ ਨਿੱਕੀ ਜਿਹੀ ਕੁਰਬਾਨੀ ਦੇਣ ਲਈ ਸੋਚ ਸਕਦੈ? ਉਹ ਤਾਂ ਆਤਮ-ਘਾਤੀ ਹੈ। ਉਹ ਸਮਾਜ ਦੇ ਮੱਥੇ ’ਤੇ ਕਲੰਕ ਹੈ। ਨੌਜੁਆਨੋ! ਜੀਭ ਦੇ ਸੁਆਦ, ਮਨ ਦੀ ਝੂਠੀ ਖ਼ੁਸ਼ੀ ਅਤੇ ਥੋੜ੍ਹੇ ਸਮੇਂ ਲਈ ਨਸ਼ਈ ਹੋ ਕੇ ਕਮਲਾ ਜਿਹਾ ਬਣਨ ਲਈ ਜਿਹੜੇ ਫੋਕੇ ਸੁਆਦਾਂ ਵਿਚ ਪੈ ਕੇ ਜੀਵਨ ਬਰਬਾਦ ਕਰ ਰਹੇ ਹੋ ਇਹ ਸੁਆਦ ਮਨੁੱਖੀ ਸਰੀਰ ਨੂੰ ਰੋਗੀ ਅਤੇ ਆਲਸੀ ਬਣਾਉਂਦੇ ਹਨ। ਅਜਿਹੇ ਸੁਆਦਾਂ ਬਾਰੇ ਗੁਰੂ ਜੀ ਇਉਂ ਫ਼ਰਮਾਉਂਦੇ ਹਨ:
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ॥ (ਪੰਨਾ 1034)
ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ॥ (ਪੰਨਾ 1255)
ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਪੰਜਾਬ ਨੂੰ ਬਚਾਉਣਾ ਹੋਵੇਗਾ। ਨਹੀਂ ਤਾਂ ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ। ਪੰਜਾਬ ਦਿਲ ਤੋਂ ਬਿਨਾਂ ਭਾਰਤ ਸਰੀਰ ਫਿਰ ਗ਼ੁਲਾਮ ਹੋ ਜਾਵੇਗਾ। ਦੇਸ਼ ਦੇ ਵਡੇਰੇ ਹਿੱਤਾਂ ਦੇ ਸਨਮੁਖ ਆਪਣੀ ਸੌੜੀ ਰਾਜਨੀਤੀ ਤਿਆਗਣੀ ਹੋਵੇਗੀ। ਪੰਜਾਬੀ ਮਾਂ-ਪਿਉ ਨੂੰ ਆਪਣੀ ਔਲਾਦ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨਾ ਹੋਵੇਗਾ, ਅਧਿਆਪਕ ਨੂੰ ਸਮਾਜ ਅੰਦਰ ਆਪਣਾ ਸਤਿਕਾਰ ਵਾਲਾ ਰੁਤਬਾ ‘ਗਿਆਨ ਗੁਰੂ’ ਵਾਲਾ ਹਾਸਲ ਕਰਨ ਹਿੱਤ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ, ਧਾਰਮਕ ਖੇਤਰ ਵਿਚ ਕਾਰਜਸ਼ੀਲ ਲੋਕਾਂ ਨੂੰ ਧਾਰਮਕਤਾ ਨੂੰ ਸਮਝ ਕੇ ਆਪਣੇ ਫ਼ਰਜ਼ ਹਿੱਤ ਪਹਿਲਾਂ ਆਪਣਾ ਜੀਵਨ ਧਾਰਮਕ ਲੀਹਾਂ ਉੱਤੇ ਪਾਉਣਾ ਹੋਵੇਗਾ ਅਤੇ ਫਿਰ ਆਪਣਾ ਅਮਲੀ ਜੀਵਨ ਜਨਤਾ ਦੇ ਸਾਹਮਣੇ ਰੋਲ- ਮਾਡਲ ਦੇ ਰੂਪ ਵਿਚ ਰੱਖ ਕੇ ਲੋਕਾਂ ਨੂੰ ਸਹੀ ਸੇਧ ਦੇਣੀ ਹੋਵੇਗੀ। ਸਭ ਤੋਂ ਵੱਡਾ ਫ਼ਰਜ਼ ਰਾਜਨੀਤਕ ਲੋਕਾਂ ਦਾ ਹੈ। ਉਹ ਪਹਿਲਾਂ ਇਹ ਜ਼ਰੂਰ ਮਹਿਸੂਸ ਕਰ ਲੈਣ ਕਿ ਜੇਕਰ ਜਨਤਾ ਹੀ ਨਹੀਂ ਹੋਵੇਗੀ ਤਾਂ ਉਹ ਰਾਜ ਕਿਸ ਉੱਤੇ ਕਰਨਗੇ? ਜਾਂ ਫਿਰ ਜਿਨ੍ਹਾਂ ਦੇ ਨੇਤਾ ਅਖਵਾਉਂਦੇ ਹਨ, ਜੇ ਉਹ ਘਟ ਗਏ, ਕਮਜ਼ੋਰ ਹੋ ਗਏ, ਫਿਰ ਬਾਹਰੋਂ ਆਇਆਂ ਨੇ ਤਾਂ ਉਨ੍ਹਾਂ ਨੂੰ ਆਪਣਾ ਨੇਤਾ ਨਹੀਂ ਮੰਨਣਾ! ਵੋਟਾਂ ਜ਼ਰੂਰ ਲੈਣ, ਰਾਜ-ਸ਼ਕਤੀ ਪ੍ਰਾਪਤ ਕਰਨ ਪਰ ਲੋਕ-ਭਲਾਈ ਦੇ ਕਾਰਜ ਕਰਨ ਹਿੱਤ। ਪਰ ਲੈਣ ਆਪਣੇ ਪ੍ਰੋਗਰਾਮਾਂ ਅਤੇ ਨੀਤੀਆਂ ਦਾ ਪ੍ਰਚਾਰ ਕਰ ਕੇ, ਨਾ ਕਿ ਭ੍ਰਿਸ਼ਟ ਤਰੀਕਿਆਂ ਨਾਲ, ਪੈਸੇ ਦੇ ਜ਼ੋਰ ਨਾਲ, ਲੋਕਾਂ ਅੰਦਰ ਨਸ਼ਾ ਰੂਪੀ ਜ਼ਹਿਰ ਵੰਡ ਕੇ। ਨਸ਼ਿਆਂ ਦੇ ਤਸਕਰਾਂ ਨਾਲ ਰਲੀ ਹੋਈ ਪ੍ਰਸ਼ਾਸਨਿਕ ਟੋਲੀ ਨੂੰ ਇਨ੍ਹਾਂ ਅਨੈਤਿਕ ਕੰਮਾਂ ਤੋਂ ਵਰਜ ਕੇ ਪੰਜਾਬ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਣ ਲਈ ਯਤਨਸ਼ੀਲ ਹੋਣਾ ਪਵੇਗਾ। ਵਰਨਾ ਪੰਜਾਬ ਦਾ ਭਵਿੱਖ ਅਤਿ ਹਨੇਰੇ ਵਾਲਾ ਨਜ਼ਰ ਆ ਰਿਹਾ ਹੈ। ਜੋ ਅੱਜ ਤੀਕ ਦੁਸ਼ਮਣ ਹਮਲਿਆਂ ਰਾਹੀਂ ਨਹੀਂ ਕਰ ਸਕਿਆ ਉਹ ਨਸ਼ਿਆਂ ਦੇ ਦਰਿਆ ਚਲਾ ਕੇ ਸੌਖਿਆਂ ਹੀ ਪ੍ਰਾਪਤ ਕਰ ਲਵੇਗਾ ਅਤੇ ਸੁਹਣੇ ਪੰਜਾਬ ਦੇ ਮੱਥੇ ਉੱਤੇ ਭੂੰਡ ਬੈਠ ਜਾਵੇਗਾ। ਨਸ਼ੇੜੀ ਦੀ ਜ਼ਿੰਦਗੀ ਘਰ-ਪਰਵਾਰ ਅਤੇ ਸਮਾਜ ਉੱਤੇ ਕਲੰਕ ਹੈ। ਨਸ਼ੇੜੀ ਦੀ ਜ਼ਿੰਦਗੀ ਮਾਨਸਕ ਅਤੇ ਸਰੀਰਿਕ ਰੋਗਾਂ ਦੀ ਪੰਡ ਹੈ। ਨਸ਼ੇੜੀ ਜ਼ਿਹਨੀ ਅਤੇ ਸਰੀਰਕ ਤੌਰ ਉੱਤੇ ਨਸ਼ਿਆਂ ਦਾ ਗ਼ੁਲਾਮ ਹੈ। ਨਸ਼ੇੜੀ ਦੀ ਜ਼ਿੰਦਗੀ ਮੁਕੰਮਲ ਨਰਕ ਹੈ। ਇਸ ਲਈ ਨਰਕ ਨੂੰ ਤਿਆਗ ਅਤੇ ਸਵਰਗ ਨੂੰ ਮਾਣ। ਨੌਜੁਆਨਾ! ਜ਼ਿੰਦਗੀ ਜਿਊਣ ਲਈ ਹੈ। ਸਤਿਗੁਰਾਂ ਨੇ ਮੁਕੰਮਲ ਧਾਰਮਕ, ਸਮਾਜਕ, ਆਰਥਕ ਅਤੇ ਰਾਜਨੀਤਿਕ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੱਤਾ ਹੈ। ਜ਼ਿੰਦਗੀ ਹੀ ਸਵਰਗ ਹੈ। ਜ਼ਿੰਦਗੀ ਨੂੰ ਨਸ਼ਿਆਂ ਵਿਚ ਰੋੜ੍ਹ ਕੇ ਨਰਕ ਨਾ ਬਣਾ। ਸਤਿਗੁਰਾਂ ਦੇ ਉਪਦੇਸ਼ ਨੂੰ ਮਨ ਵਿਚ ਧਾਰਨ ਕਰ, ਜੀਵਨ ਜੀਓ!
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ॥
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ॥ (ਪੰਨਾ 815)
ਜੀਵਨ ਬਰਬਾਦ ਨਾ ਕਰੋ। ਇਹ ਬਰਬਾਦੀ ਕਿਸੇ ਦੀ ਨਹੀਂ ਤੁਹਾਡੀ ਆਪਣੀ ਬਰਬਾਦੀ ਹੈ। ਆਪਣੀ ਬਰਬਾਦੀ ਆਪ ਕਰਨ ਵਾਲੇ ਨੂੰ ਕੌਣ ਸਿਆਣਾ ਕਹੇਗਾ? ਜਿਹੜੀ ਚੀਜ਼ ਅਸੀਂ ਬਣਾਈ ਹੀ ਨਹੀਂ ਉਸ ਨੂੰ ਬਰਬਾਦ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ। ਸਰੀਰ ਅਕਾਲ ਪੁਰਖ ਦੀ ਕਲਾਮਈ ਸਿਰਜਣਾ ਹੈ। ਕੁਦਰਤ ਦੀ ਅਦਭੁਤ ਅਤੇ ਵਿਲੱਖਣ ਦਾਤ ਹੈ। ਅਫ਼ਸੋਸ! ਕਿ ਧਰਤੀ ਉੱਤੇ ਬੁੱਧੀ ਦਾ ਮਾਲਕ ਅਤੇ ਸਾਰੀਆਂ ਜੂਨਾਂ ਵਿੱਚੋਂ ਸਿਰਮੌਰ ਅਤੇ ਅਦੁੱਤੀ ਜੂਨੀ ਵਾਲਾ ਮਨੁੱਖ ਹੀ ਆਪਣੇ ਆਪ ਨੂੰ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਰਾਹੀਂ ਬਰਬਾਦ ਕਰ ਰਿਹਾ ਹੈ। ਸਤਿਗੁਰਾਂ ਦਾ ਉਪਦੇਸ਼ ਤਾਂ ਇਉਂ ਸੀ:
ਇਸ ਦੇਹੀ ਕਉ ਸਿਮਰਹਿ ਦੇਵ॥
ਸੋ ਦੇਹੀ ਭਜੁ ਹਰਿ ਕੀ ਸੇਵ॥ (ਪੰਨਾ 1159)
ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)
ਆਓ, ਨੌਜੁਆਨੋ! ਅਹਿਦ ਕਰੀਏ ਕਿ ਅਕਾਲ ਪੁਰਖ ਵੱਲੋਂ ਬਖਸ਼ੇ ਮਨੁੱਖੀ ਜਨਮ ਨੂੰ ਐਵੇਂ ਨਸ਼ਿਆਂ ਨਾਲ ਬਰਬਾਦ ਨਹੀਂ ਕਰਾਂਗੇ। ਸਗੋਂ ਸੁਹਣੇ ਸੁੰਦਰ ਸਰੀਰ ਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਮਹਾਨ ਅਤੇ ਵਿਲੱਖਣ ਉਪਦੇਸ਼ ਉੱਤੇ ਅਮਲ ਕਰਦਿਆਂ ਇਸ ਨੂੰ ਅਰੋਗ ਰੱਖਾਂਗੇ ਅਤੇ ਸਤਿਗੁਰਾਂ ਦੇ ਮਹਾਨ ਕਥਨ “ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ” ਦੇ ਰਹੱਸ ਨੂੰ ਸਮਝਾਂਗੇ।
ਨਸ਼ਿਆਂ ਵਿਚ ਗ੍ਰੱਸੇ ਸਰੀਰ ਬਾਰੇ ਤਾਂ ਗੁਰੂ ਸਾਹਿਬ ਨੇ ਇਉਂ ਫ਼ਰਮਾਇਆ ਹੈ:
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ॥ (ਪੰਨਾ 245)
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ (ਪੰਨਾ 31)
ਵੱਡੇ ਭਾਗਾਂ ਨਾਲ ਪ੍ਰਾਪਤ ਇਸ ਸਰੀਰ ਨੂੰ ਬਰਬਾਦ ਕਰਨ ਵਾਲੇ ਨੂੰ ਸਤਿਗੁਰਾਂ ਨੇ ਆਤਮਘਾਤੀ ਕਿਹਾ ਹੈ। ਸਤਿਗੁਰਾਂ ਦਾ ਫ਼ੁਰਮਾਨ ਹੈ:
ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ ਜਪਹਿ ਤੇ ਆਤਮ ਘਾਤੀ॥ (ਪੰਨਾ 188)
ਟਾਲਸਟਾਏ ਨੇ ਕਿਹਾ ਹੈ : Man is the only animal, who willfully destroys himself. ਅਰਥਾਤ ਮਨੁੱਖ ਹੀ ਇਕ ਐਸਾ ਪ੍ਰਾਣੀ ਹੈ ਜੋ ਆਪਣਾ ਜੀਵਨ ਆਪ ਬਰਬਾਦ ਕਰਦਾ ਹੈ। ਨਸ਼ਿਆਂ, ਵਿਸ਼ੇ-ਵਿਕਾਰਾਂ ਵਿਚ ਮਨੁੱਖੀ ਸਿਹਤ ਨੂੰ ਤਬਾਹ ਕਰਨਾ ਇਕ ਮਹਾਂਪਾਪ ਹੈ, ਕਾਨੂੰਨ-ਏ-ਕੁਦਰਤ ਦੇ ਵਿਰੁੱਧ ਵਰਤਾਰਾ ਹੈ। ਇਸ ਮਨੁੱਖਾ ਦੇਹ ਨੂੰ ਮਨੁੱਖ ਨੇ ਆਪ ਨਹੀਂ ਘੜਿਆ। ਫਿਰ ਮਨੁੱਖ ਨੂੰ ਕੀ ਹੱਕ ਹੈ ਕਿ ਉਹ ਇਸ ਨੂੰ ਬਰਬਾਦ ਕਰੇ? ਜਿਹੜੀ ਚੀਜ਼ ਤੁਸੀਂ ਨਾ ਬਣਾਈ ਹੈ, ਨਾ ਹੀ ਬਣਾਉਣ ਦੀ ਸਮਰੱਥਾ ਰੱਖਦੇ ਹੋ ਉਸ ਨੂੰ ਤਬਾਹ ਕਰਨ ਦਾ ਤੁਹਾਨੂੰ ਕੀ ਹੱਕ ਹੈ? ਆਪਣੀ ਦੇਹ ਦੀ ਚੰਗੀ ਤਰ੍ਹਾਂ ਸੰਭਾਲ ਨਾ ਕਰਨਾ ਕੁਦਰਤ ਪ੍ਰਤੀ ਮਨੁੱਖੀ ਫ਼ਰਜ਼ ਵਿਚ ਕੋਤਾਹੀ ਹੈ। ਮਹਾਂ ਕਵੀ ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ : We have no right to neglect our bodies because we did not create them ourselves.
ਸਤਿਗੁਰਾਂ ਨੇ ਫ਼ਰਮਾਇਆ ਹੈ ਕਿ ਜੋ ਬ੍ਰਹਿਮੰਡ ਵਿਚ ਵੱਸਦਾ ਹੈ ਉਹ ਇਸ ਸਰੀਰ ਵਿਚ ਵੀ ਵਿਦਮਾਨ ਹੈ। ਫਿਰ ਜਿਸ ਮੁਖ ਰਾਹੀਂ ਅੰਮ੍ਰਿਤ ਲੰਘਦਾ ਹੈ ਉਸੇ ਮੂੰਹ ਰਾਹੀਂ ਨਸ਼ੇ ਕਿਉਂ ਲੰਘਣ? ਨਸ਼ਿਆਂ ਨਾਲ ਮਨੁੱਖ ਦੀ ਆਤਮਾ ਵੀ ਮਲੀਨ ਹੋ ਜਾਂਦੀ ਹੈ। ਇਸ ਲਈ ਦੇਹ ਅਤੇ ਆਤਮਾ ਦੇ ਸੰਜੋਗ ਨੂੰ ਸਮਝੀਏ, ਸਨਮਾਨੀਏ ਤਾਂ ਜੋ ਸਾਡਾ ਜੀਵਨ ਸਫ਼ਲ ਹੋ ਜਾਏ। ਭਗਤ ਪੀਪਾ ਜੀ ਨੇ ਇਉਂ ਫ਼ਰਮਾਇਆ ਹੈ:
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)
ਮਨੁੱਖਾ ਜਨਮ ਦੁਰਲੱਭ ਹੈ, ਮਨੁੱਖਾ ਜੂਨ ਵਿਸ਼ੇਸ਼ ਹੈ, ਮਨੁੱਖਾ ਜੂਨ ਸਰਬੋਤਮ ਹੈ, ਮਨੁੱਖਾ ਜੂਨ ਪੂਰਨ ਜੂਨ ਹੈ, ਇਸ ਨੂੰ ਨਸ਼ਿਆਂ ਦੁਆਰਾ ਬਰਬਾਦ ਨਾ ਕਰੀਏ। ਇਹ ਚੁਰਾਸੀ ਲੱਖ ਜੂਨਾਂ ਵਿਚ ਸਭ ਤੋਂ ਉੱਤਮ ਜੂਨ ਹੈ। ਸਤਿਗੁਰਾਂ ਦਾ ਫ਼ਰਮਾਨ ਹੈ:
ਲਖ ਚਉਰਾਸੀਹ ਜੋਨਿ ਸਬਾਈ॥
ਮਾਣਸ ਕਉ ਪ੍ਰਭਿ ਦੀਈ ਵਡਿਆਈ॥ (ਪੰਨਾ 1075)
ਜੇਕਰ ਸਭ ਕੁਝ ਜਾਣਦੇ ਹੋਏ ਵੀ ਅਸੀਂ ਗ਼ਲਤੀ ਕਰ ਰਹੇ ਹਾਂ ਤਾਂ ਅਜਿਹੇ ਵਰਤਾਰੇ ਅਤੇ ਵਿਹਾਰ ਉੱਤੇ ਅਫ਼ਸੋਸ ਹੀ ਪ੍ਰਗਟ ਕੀਤਾ ਜਾ ਸਕਦੈ। ਅਜਿਹੇ ਵਰਤਾਰੇ ਬਾਰੇ ਗੁਰੂ ਜੀ ਨੇ ਫ਼ਰਮਾਇਆ ਹੈ:
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ (ਪੰਨਾ 954)
ਅਤੇ ਭਗਤ ਕਬੀਰ ਜੀ ਸਾਡੀ ਆਤਮਘਾਤੀ ਹਾਲਤ ਨੂੰ ਇਉਂ ਬਿਆਨ ਕਰਦੇ ਹਨ:
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ (ਪੰਨਾ 1376)
ਆਓ! ਜੀਵਨ ਦੀ ਉੱਤਮਤਾ, ਪਵਿੱਤਰਤਾ, ਮਹਾਨਤਾ ਅਤੇ ਦੁਰਲੱਭਤਾ ਨੂੰ ਸਮਝੀਏ। ਸੋਨੇ ਵਰਗੇ ਸੁੰਦਰ ਸੁਡੌਲ ਸਰੀਰ ਨੂੰ ਨਸ਼ਿਆਂ ਅਤੇ ਵਿਸ਼ੇ-ਵਿਕਾਰਾਂ ਵਿਚ ਬਰਬਾਦ ਨਾ ਕਰੀਏ। ਜੀਵਨ ਅਨੰਦਮਈ ਬਣਾਈਏ। ਮੁੜ ਪੰਜਾਬ ਨੂੰ ਦੇਸ਼ ਦਾ ਅਤੇ ਦੁਨੀਆਂ ਦਾ ਮਹਾਨ, ਬਲਵਾਨ ਅਤੇ ਸ਼ਾਨਾਂਮੱਤਾ ਸੂਬਾ ਬਣਾਈਏ। ਇਸੇ ਵਿਚ ਹੀ ਸਮੂਹ ਪੰਜਾਬੀਆਂ ਦੀ ਭਲਾਈ ਹੈ, ਦੇਸ਼ ਦੀ ਭਲਾਈ ਹੈ। ਸਰੀਰ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਆਓ, ਇਸ ਦੀ ਕਦਰ ਕਰੀਏ ਕਿਉਂਕਿ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥ (ਪੰਨਾ 399)
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2008