ਇਹ ਪਾਵਨ-ਪਵਿੱਤਰ ਬਚਨ ਰਾਗ ‘ਸਿਰੀ ਰਾਗ’ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 62 ’ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹਨ। ਪੂਰਾ ਸ਼ਬਦ 8 ਪਦਿਆਂ ਦਾ ਹੈ। ‘ਰਹਾਉ’ ਦੀ ਪੰਗਤੀ ਹੈ:
ਮਨ ਰੇ ਸਾਚੀ ਖਸਮ ਰਜਾਇ ॥
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥ (ਪੰਨਾ 62)
ਸ੍ਰੀ ਗੁਰੂ ਨਾਨਕ ਦੇਵ ਜੀ ਇਕ ਅਜਿਹੀ ਲਾਮਿਸਾਲ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਨੇ ਮਨੁੱਖੀ ਵਿਕਾਸ ਦੇ ਹਰ ਪਹਿਲੂ ਨੂੰ ਉਭਾਰਨ, ਉਸਾਰਨ, ਨਿਹਾਰਨ ਤੇ ਨਿਖਾਰਨ ਲਈ ਬੇਮਿਸਾਲ ਸੇਧਾਂ ਮਨੁੱਖ ਨੂੰ ਬਖ਼ਸ਼ਿਸ਼ ਕੀਤੀਆਂ ਹਨ। ਆਪਣੇ ਜੀਵਨ ਦਾ ਲੰਬਾ ਹਿੱਸਾ ਉਨ੍ਹਾਂ ਨੇ ਮਨੁੱਖ-ਮਾਤਰ ਨੂੰ ਆਤਮਿਕ ਤੌਰ ’ਤੇ ਉੱਚਾ ਅਤੇ ਇਖਲਾਕੀ ਤੌਰ ’ਤੇ ਸੱਚਾ-ਸੁੱਚਾ ਬਣਾਉਣ ਲਈ ਦੇਸ਼-ਦੇਸ਼ਾਂਤਰਾਂ ਦਾ ਦੌਰਾ ਕਰਨ ਅਤੇ ਸੱਚ ਦਾ ਪ੍ਰਚਾਰ-ਪ੍ਰਸਾਰ ਕਰਨ ਹਿੱਤ ਖਰਚ ਕੀਤਾ। ਵਡਮੁੱਲੇ ਬਚਨ ਆਮ ਪ੍ਰਚਲਤ ਭਾਸ਼ਾਵਾਂ ਵਿਚ ਉਚਾਰ ਕੇ ਇਨਸਾਨੀਅਤ ਦੀ ਕਾਇਆ ਕਲਪ ਕਰਨ ਲਈ ਇਕ ਸ਼ਕਤੀਸ਼ਾਲੀ ਲਹਿਰ ਅਰੰਭ ਕੀਤੀ ਅਤੇ ਹਰ ਵਿਅਕਤੀ ਜਿਹੜਾ ਕਿਸੇ ਵੀ ਢੰਗ-ਤਰੀਕੇ ਦੁਆਰਾ ਉਨ੍ਹਾਂ ਦੇ ਸੰਪਰਕ ਵਿਚ ਆਇਆ ਉਸ ਨੂੰ ਸੱਚ, ਨੇਕੀ, ਸੇਵਾ ਤੇ ਸਿਮਰਨ ’ਤੇ ਆਧਾਰਿਤ ਗਾਡੀ ਰਾਹ ਦਿਖਾਇਆ।
ਗੁਰੂ ਸਾਹਿਬ ਜਿੱਥੇ ਆਤਮਿਕ ਤੌਰ ’ਤੇ ਅਕਾਲ ਪੁਰਖ ਦਾ ਹੀ ਸਰੂਪ ਸਨ ਫਿਰ ਵੀ ਸੰਸਾਰ ਦੇ ਲੋਕਾਂ ਵਿਚ ਵਿਚਰਦੇ ਹੋਏ ਆਪਣੇ ਮਨੁੱਖੀ ਜਾਮੇ ਵਿਚ ਉਨ੍ਹਾਂ ਨੇ ਬੜੇ ਹੀ ਸਾਦੇ, ਦਿਲਚਸਪ ਪਰ ਕ੍ਰਾਂਤੀਕਾਰੀ ਤਰੀਕਿਆਂ ਨਾਲ ਆਪਣੇ ਵਿਚਾਰ ਅਸਰਦਾਰ ਢੰਗ ਵਿਚ ਆਮ ਜਨਤਾ ਤਕ ਪਹੁੰਚਾਉਣ ਲਈ ਸੁਚੱਜਾ ਲੋਕ-ਸੰਪਰਕ ਸਥਾਪਤ ਕੀਤਾ। ਉਹ ਇਕ ਪ੍ਰਬੀਨ ਮਨੋਵਿਗਿਆਨੀ ਹੋਣ ਦੇ ਨਾਤੇ ਜਾਣਦੇ ਸਨ ਕਿ ਮਨੁੱਖ ਦੇ ਸਮੁੱਚੇ ਆਤਮਿਕ ਵਿਕਾਸ ਲਈ ਸਭ ਤੋਂ ਪਹਿਲੇ ਉਸ ਦਾ ਚਰਿੱਤਰ ਨਿਰਮਾਣ ਕਰਨਾ ਅਤੀ ਜ਼ਰੂਰੀ ਹੈ ਤਾਂ ਜੋ ਉਹ ਇਕ ਜ਼ਾਬਤਾਬੱਧ ਸਦਾਚਾਰਕ ਜੀਵਨ ਦਾ ਧਾਰਨੀ ਬਣ ਕੇ ਸਮਾਜ-ਉਸਰਈਏ ਦੇ ਰੂਪ ਵਿਚ ਆਪਣਾ ਯੋਗਦਾਨ ਪਾਉਂਦਿਆਂ ਹੋਇਆਂ ਜੀਵਨ ਬਤੀਤ ਕਰ ਸਕੇ, ਕਿਉਂਕਿ ਇਸ ਤਰ੍ਹਾਂ ਦੀ ਸ਼ਕਤੀਸ਼ਾਲੀ ਨੀਂਹ ’ਤੇ ਹੀ ਇਨਸਾਨੀਅਤ ਦੇ ਮਹਿਲ ਦੀ ਪਾਇਦਾਰ ਉਸਾਰੀ ਹੋ ਸਕਦੀ ਹੈ।
ਇਸ ਪਾਵਨ-ਪਵਿੱਤਰ ਸ਼ਬਦ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਮਨ ਨੂੰ ਸੱਚ ਸਰੂਪ ਪਰਮਾਤਮਾ ਨਾਲ, ਜਿਸ ਦੀ ਰਜ਼ਾ ਹਮੇਸ਼ਾਂ ਮਨੁੱਖ ਦਾ ਭਲਾ ਚਾਹੁਣ ਵਾਲੀ ਹੈ ਅਤੇ ਜਿਸ ਨੇ ਮਨੁੱਖ ਦਾ ਇਹ ਤਨ ਅਤੇ ਮਨ ਸਾਜ ਕੇ ਭਾਵ ਬਣਾ ਕੇ ਗਿਆਨ-ਇੰਦਰਿਆਂ ਰਾਹੀਂ ਸ਼ਿੰਗਾਰਿਆ ਵੀ ਹੈ, ਉਨ੍ਹਾਂ ਗਿਆਨ-ਇੰਦਰਿਆਂ ਰਾਹੀਂ ਗਿਆਨ ਪ੍ਰਾਪਤ ਕਰ ਕੇ ਉਸ ਤਕ ਪਹੁੰਚ ਵੀ ਕਰ ਸਕਦਾ ਹੈ। ਉਸ ਸੱਚ ਸਰੂਪ ਪਰਮਾਤਮਾ ਨਾਲ ਹਮੇਸ਼ਾਂ ਸੰਬੰਧ ਬਣਾ ਕੇ ਰੱਖਣਾ ਚਾਹੀਦਾ ਹੈ। ਇਸ ਸੰਬੰਧ ਨੂੰ ਹਮੇਸ਼ਾਂ ਲਈ ਬਣਾਏ ਰੱਖਣ ਲਈ ਕੁਝ ਯਤਨ, ਕੁਝ ਘਾਲਣਾ ਕਰਨੀ ਪਵੇਗੀ, ਜਿਹੜੀ ਉਸ ਦੇ ਆਚਰਨ ਅਤੇ ਇਖ਼ਲਾਕ ਨੂੰ ਉੱਚਾ ਉਠਾ ਕੇ ਉਸ ਪਰਮਾਤਮਾ ਦੀ ਸੋਝੀ ਪ੍ਰਦਾਨ ਕਰੇਗੀ।
ਗੁਰੂ ਨਾਨਕ ਪਾਤਸ਼ਾਹ ਜੀ ਫ਼ਰਮਾਨ ਕਰਦੇ ਹਨ ਕਿ ਸੱਚ ਤੋਂ ਸਭ ਕੁਝ ਥੱਲੇ ਹੈ। ਸੱਚ ਦੀ ਪ੍ਰਾਪਤੀ ਲਈ ਜੋ ਜਤਨ ਮਨੁੱਖ ਨੇ ਕਰਨੇ ਹਨ, ਜਿਹੜੇ ਸ਼ੁਭ ਗੁਣ ਮਨੁੱਖ ਨੇ ਧਾਰਨ ਕਰਨੇ ਹਨ, ਉਨ੍ਹਾਂ ਸ਼ੁਭ ਗੁਣਾਂ ਦੀ ਫਹਿਰਿਸਤ ਵਿਚ ਸਭ ਤੋਂ ਉੱਪਰ ਮਨੁੱਖ ਦਾ ਨੇਕ ਚਾਲ-ਚਲਣ ਹੈ। ਉਸ ਦੇ ਜੀਵਨ ਦਾ ਹਰ ਪਹਿਲੂ ਸੱਚ-ਆਧਾਰਿਤ ਹੋਣਾ ਚਾਹੀਦਾ ਹੈ। ਮਨੁੱਖੀ ਸੁਭਾਅ ਨਿਰੋਲ ਸਚਾਈ ’ਤੇ ਟੇਕ ਰੱਖਣ ਵਾਲਾ ਹੋਵੇ। ਉਨ੍ਹਾਂ ਅਨੁਸਾਰ ਸਭ ਕੁਝ ਬੇਲੋੜਾ ਹੈ, ਵਿਅਰਥ ਹੈ ਜੇ ਜੀਵਨ-ਪ੍ਰਵਾਹ ਵਿਚ ਸਚਾਈ ਨਹੀਂ ਤੇ ਸੱਚ ’ਤੇ ਆਧਾਰਿਤ ਚੱਜ-ਆਚਾਰ ਨਹੀਂ। ਇਸ ਲਈ ਸੱਚ-ਆਚਾਰ ’ਤੇ ਪਹਿਰਾ ਦੇਣਾ ਬਹੁਤ ਹੀ ਜ਼ਰੂਰੀ ਹੈ। ਸਚਿਆਰ ਮਨੁੱਖ ਬਣਨ ਲਈ ਉਸ ਸੱਚ ਸਰੂਪ ਪਰਮਾਤਮਾ ਦੀ ਰਜ਼ਾ ਨੂੰ (ਭਾਣੇ ਨੂੰ) ਹਮੇਸ਼ਾਂ ਸਿਰ ਝੁਕਾਈ ਰੱਖਣਾ ਹੈ। ਇਸੇ ਆਧਾਰ ’ਤੇ ਮਨੁੱਖ ਦੇ ਅੰਦਰ ਬਣੀ ਹੋਈ ਫੋਕੀ ਸ਼ੋਹਰਤ, ਮਾਣ, ਅਹੰਕਾਰ ਤੇ ਹਉਮੈ ਦੀ ਦੀਵਾਰ ਢਹਿ-ਢੇਰੀ ਹੋਵੇਗੀ। ਜੇਕਰ ਉਸ ਦੀ ਰਜ਼ਾ ’ਤੇ ਵਿਸ਼ਵਾਸ ਨਹੀਂ, ਜੇਕਰ ਮਨ ਅੰਦਰ ਫ਼ਰੇਬਾਂ ਦਾ ਰਾਜ਼ ਹੈ, ਕਪਟ ਅਤੇ ਧੋਖੇ ਦੀ ਭਾਵਨਾ ਬਲਵਾਨ ਹੈ ਪਰ ਉੱਤੇ ਵਿਖਾਵੇ ਦੇ ਸੱਚ ਦਾ ਪਰਦਾ ਪਾਇਆ ਗਿਆ ਹੈ ਤਾਂ ਇਹ ਪਰਵਿਰਤੀ ਮਨੁੱਖ ਲਈ, ਉਸ ਦੇ ਚੱਜ-ਆਚਾਰ ਵਾਲੇ ਜੀਵਨ ਲਈ ਘਾਤਕ ਸਿੱਧ ਹੋਵੇਗੀ।
ਸੱਚ ਸਰੂਪ ਪਰਮਾਤਮਾ ਦੀ ਪ੍ਰਾਪਤੀ ‘ਸੱਚ’ ਦੀ ਪ੍ਰਾਪਤੀ ਹੈ। ਕਿਉਂਕਿ ਜੇ ਮਨੁੱਖ ਦੇ ਜੀਵਨ ਵਿਚ ਹਰ ਪਹਿਲੂ ਵਿਚ ਸੱਚ ਆ ਜਾਵੇ ਤਾਂ ਉਹ ਸੱਚ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਪਰਮਾਤਮਾ ਦਾ ਜੇ ਕੋਈ ਮੁੱਢ-ਕਦੀਮ ਦਾ ਨਾਮ ਹੈ ਤਾਂ ਉਹ ਸਤਿ ਹੀ ਹੈ। ਬਾਕੀ ਸਾਰੇ ਨਾਮ ਉਸ ਦੇ ਕਿਰਤਮ ਨਾਮ ਮਨੁੱਖ ਨੇ ਹੀ ਉਸ ਦੇ ਕਰਣਿਆਂ ਅਨੁਸਾਰ ਉਸ ਨੂੰ ਦਿੱਤੇ ਹਨ :
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਪੰਨਾ 1083)
ਇਸ ਸਤਿ ਦੀਆਂ ਵਿਸ਼ੇਸ਼ਤਾਈਆਂ (ਗੁਣ) ਇਹ ਹਨ ਕਿ ਉਹ ‘ਕਰਤਾ’ ਕੇਵਲ ਤੇ ਕੇਵਲ ਉਹੀ ਪੁਰਖ ਹੈ। ਬਾਕੀ ਸਾਰੀ ਰਚਨਾ ਜੋ ਕਰਤਾ ਤੋਂ ਉਪਜੀ ਹੈ ਸਾਰੀ ਨਾਰ ਰੂਪ ਵਿਚ ਹੈ:
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ (ਪੰਨਾ 591)
ਉਸ ਦੀ ਦੂਜੀ ਵਿਸ਼ੇਸ਼ਤਾ ਹੈ ਕਿ ਉਹ ਨਿਰਭਉ ਹੈ ਭਾਵ ਡਰ ਤੋਂ ਰਹਿਤ, ਉਸ ਨੂੰ ਜਪ ਕੇ ਪ੍ਰਾਪਤ ਕਰਨ ਵਾਲਾ ਵੀ ਨਿਰਭਉ ਹੋ ਜਾਂਦਾ ਹੈ :
ਨਿਰਭਉ ਜਪੈ ਸਗਲ ਭਉ ਮਿਟੈ ॥ (ਪੰਨਾ 293)
ਉਹ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹ ਕਾਲ ਤੋਂ ਰਹਿਤ ਹੈ, ਸਮੇਂ ਦੀ ਪਹੁੰਚ ਤੋਂ ਬਾਹਰ ਹੈ। ਉਹ ਜੂਨਾਂ ਵਿਚ ਨਹੀਂ ਆਉਂਦਾ ਤੇ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਅਜਿਹੇ ਗੁਣਾਂ ਦਾ ਧਾਰਨੀ ਮਨੁੱਖ ਸਚਿਆਰ ਹੋ ਜਾਂਦਾ ਹੈ, ਸੱਚ ਵਾਲਾ ਹੋ ਜਾਂਦਾ ਹੈ। ਉਹ ਸੱਚ ਸਰੂਪ ਹੀ ਹੋ ਜਾਂਦਾ ਹੈ।
ਪ੍ਰਾਪਤੀ ਦੇ ਜਤਨਾਂ ਵਿਚ ਮਨੁੱਖ ਦੇ ਬੋਲਾਂ ਵਿਚ ਸੱਚ ਹੋਵੇ:
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ (ਪੰਨਾ 488)
ਸੱਚ ਬੋਲਣ ਵਿਚ ਮਨੁੱਖ ਦੇ ਅੰਦਰੋਂ ਸਾਰੀਆਂ ਬੁਰਾਈਆਂ ਤੇ ਪਾਪ ਖ਼ਤਮ ਹੋ ਜਾਂਦੇ ਹਨ, ਕਿਉਂਕਿ ਸੱਚ ਵਿਚ ਇਤਨੀ ਸ਼ਕਤੀ ਹੈ ਕਿ ਇਹ ਸਾਰੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਦਾਰੂ ਦਾ ਕੰਮ ਕਰਦਾ ਹੈ:
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ (ਪੰਨਾ 468)
ਸੱਚ ਬੋਲਣ ਨਾਲ ਜੀਵਨ ਦਾ ਚੱਜ-ਆਚਾਰ ਉੱਚਾ ਹੁੰਦਾ ਹੈ। ਉਹ ਮਨੁੱਖ ਸਮਾਜ ਵਿਚ ਮਿਸਾਲ ਬਣਦਾ ਹੈ। ਸੱਚ ਬੋਲਣ ਵਿਚ ਕਿਤਨੀ ਸ਼ਕਤੀ ਹੈ ਇਸ ਸੰਬੰਧੀ ਇਕ ਦਿਲਚਸਪ ਕਹਾਣੀ ਇਥੇ ਪ੍ਰਸੰਗਿਕ ਹੋ ਸਕਦੀ ਹੈ।
ਕਹਿੰਦੇ ਹਨ ਕਿ ਇਕ ਆਦਮੀ ਨੇ ਤੋਤਾ ਸਿਖਾ ਕੇ ਰੱਖਿਆ ਹੋਇਆ ਸੀ। ਹਰ ਵਕਤ ਪਿੰਜਰੇ ਵਿਚ ਕੈਦ ਇਕ ਮਨ-ਪਰਚਾਵੇ ਦੇ ਸਾਧਨ ਤੋਂ ਛੁੱਟ ਜਦੋਂ ਕਦੇ ਕੋਈ ਮਨੁੱਖ ਉਸ ਆਦਮੀ ਨੂੰ ਮਿਲਣ ਆਉਂਦਾ ਤਾਂ ਤੋਤਾ ਉਸ ਮਨੁੱਖ ਨੂੰ ਆਪਣੇ ਮਾਲਕ ਦੇ ਹੁਕਮ ਅਨੁਸਾਰ ਕਹਿ ਦਿੰਦਾ ਕਿ ਮਾਲਕ ਘਰ ਹੈ, ਜੇ ਨਹੀਂ ਮਿਲਣਾ ਚਾਹੁੰਦਾ ਤਾਂ ਕਹਿ ਦਿੰਦਾ ਕਿ ਕਹਿ ਦੇ, ਮਾਲਕ ਘਰ ਨਹੀਂ ਹੈ। ਇਕ ਦਿਨ ਇਕ ਵਿਅਕਤੀ ਤੋਤੇ ਦੇ ਮਾਲਕ ਨੂੰ ਮਿਲਣ ਆਇਆ ਤਾਂ ਵਿਅਕਤੀ ਨੂੰ ਦੇਖ ਕੇ ਤੋਤੇ ਦੇ ਮਾਲਕ ਨੇ ਕਿਹਾ, “ਤੂੰ ਝੂਠ ਬੋਲ ਕੇ ਕਹਿ ਦੇ ਕਿ ਮਾਲਕ ਘਰ ਨਹੀਂ ਹੈ।” ਉਸ ਦਿਨ ਤੋਤੇ ਦੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਉਸ ਨੇ ਝੂਠ ਬੋਲਣ ਦੀ ਥਾਂ ਸੱਚ ਬੋਲ ਦਿੱਤਾ ਕਿ ਮਾਲਕ ਘਰ ਹੀ ਹੈ। ਇਵੇਂ ਮਾਲਕ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਵਿਅਕਤੀ ਨੂੰ ਮਿਲਣਾ ਪਿਆ ਤੇ ਇਸ ਕਾਰਨ ਮਾਲਕ ਨੂੰ ਕਾਫ਼ੀ ਪ੍ਰੇਸ਼ਾਨੀ ਉਠਾਉਣੀ ਪਈ। ਉਸ ਵਿਅਕਤੀ ਦੇ ਚਲੇ ਜਾਣ ’ਤੇ ਮਾਲਕ ਨੇ ਤੋਤੇ ’ਤੇ ਬਹੁਤ ਗ਼ੁੱਸਾ ਕੀਤਾ ਤੇ ਇਹ ਸਮਝਿਆ ਕਿ ਤੋਤਾ ਹੁਣ ਬੇਇਤਬਾਰਾ ਹੋ ਗਿਆ ਹੈ ਤੇ ਹੁਣ ਇਸ ਨੂੰ ਰੱਖਣ ਦਾ ਕੋਈ ਫ਼ਾਇਦਾ ਨਹੀਂ। ਉਸ ਨੇ ਗ਼ੁੱਸੇ ਵਿਚ ਆ ਕੇ ਪਿੰਜਰੇ ਦਾ ਬੂਹਾ ਖੋਲ੍ਹਿਆ ਤੇ ਤੋਤੇ ਨੂੰ ਬਾਹਰ ਸੁੱਟ ਦਿੱਤਾ। ਤੋਤਾ ਉੱਡਿਆ ਤੇ ਦਰੱਖ਼ਤ ’ਤੇ ਜਾ ਬੈਠਾ। ਉਥੇ ਉਸ ਨੇ ਸੋਚਿਆ ਕਿ ਉਹ ਸੰਸਾਰਕ ਮਾਲਕ ਦੇ ਕਹੇ ਬਹੁਤ ਸਮਾਂ ਝੂਠ ਬੋਲਦਾ ਰਿਹਾ ਤੇ ਉਸ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਹੋਰ ਪੱਕੀਆਂ ਹੁੰਦੀਆਂ ਗਈਆਂ। ਇੱਕੋ ਦਿਨ ਹੀ ਉਸ ਨੇ ਸੰਸਾਰਕ ਮਾਲਕ ਦੇ ਹੁਕਮਾਂ ਦੀ ਪਰਵਾਹ ਨਾ ਕਰ ਕੇ ਸੱਚ ਬੋਲਣ ਦੀ ਹਿੰਮਤ ਕੀਤੀ ਜਿਸ ਦਾ ਨਤੀਜਾ ਉਸ ਨੂੰ ਫੌਰਨ ਰਿਹਾਈ ਦੇ ਰੂਪ ਵਿਚ ਮਿਲਿਆ। ਸੱਚ ਬੋਲਣਾ ਕਿਤਨਾ ਸਰਲ, ਮਹੱਤਵਪੂਰਨ ਤੇ ਜ਼ਰੂਰੀ ਹੈ! ਸੱਚ ਦੇ ਅਹਿਸਾਸ ਨੇ ਮੇਰੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਹਨ।
ਇਹ ਗੱਲ ਮਨੁੱਖ-ਮਾਤਰ ’ਤੇ ਪੂਰੀ ਤਰ੍ਹਾਂ ਲਾਗੂ ਹੈ ਕਿ ਸੱਚ ਬੋਲਣ ਨਾਲ ਰਸਤੇ ਸਾਫ਼ ਹੋ ਜਾਂਦੇ ਹਨ। ਦਿਮਾਗ਼ੀ ਤਨਾਉ ਘਟਦਾ ਹੈ, ਵਿਸ਼ਵਾਸ ਵਧਦਾ ਹੈ ਤੇ ਦੂਜੇ ਦੇ ਦਿਲ ਵਿਚ ਕਦਰ ਹੋਣ ਦਾ ਅਹਿਸਾਸ ਪੈਦਾ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਸੱਚ ਨੂੰ ਪ੍ਰਭੂ-ਮਿਲਾਪ ਲਈ ਇਕ ਜ਼ਰੂਰੀ ਗੁਣ ਸਮਝਦੇ ਹਨ ਜੋ ਅਧਿਆਤਮਕ ਅਤੇ ਨੈਤਿਕ ਜੀਵਨ ਦੀ ਪੌੜੀ ਦਾ ਪਹਿਲਾ ਡੰਡਾ ਹੈ।
ਗੁਰੂ ਸਾਹਿਬ ਹਲੀਮੀ, ਸਚਾਈ ਤੇ ਸਾਦਗੀ ਭਰੇ ਜੀਵਨ ਨੂੰ ਹੋਰ ਸੁਹਿਰਦ ਤੇ ਮੰਤਵਪੂਰਨ ਬਣਾਉਣ ਲਈ ਦਿਆਨਤਦਾਰੀ, ਇਨਸਾਫ਼ਪਸੰਦੀ, ਰਹਿਮਦਿਲੀ, ਸਬਰ-ਸੰਤੋਖ ਤੇ ਸਵੈ-ਸੰਜਮ ਵਰਗੇ ਗੁਣਾਂ ਨੂੰ ਮਨੁੱਖੀ ਜੀਵਨ ਵਿਚ ਅਪਣਾਉਣ ’ਤੇ ਪੂਰਾ ਜ਼ੋਰ ਦਿੰਦੇ ਹਨ। ਇਹ ਹੀ ਨੇਕ ਚਾਲ-ਚਲਣ ਦੀ ਘਾੜਤ ਘੜਨ ਵਿਚ ਸਹਾਇਕ ਹਨ। ਅਜਿਹੇ ਆਚਰਣ ਵਾਲੇ ਵਿਅਕਤੀ ਲਈ ਫਿਰ ਇਹ ਸੰਸਾਰ ਵਿਸ਼ ਭਰੀਆਂ ਗੰਦਲਾਂ ਨਹੀਂ, ਨਾ ਹੀ ਦੁੱਖਾਂ ਦਾ ਘਰ ਹੈ ਸਗੋਂ ਇਹ ਉਸ ਲਈ ਅਕਾਲ ਪੁਰਖ ਦੀ ਸੱਚੀ ਧਰਮਸਾਲ ਹੈ ਜਿਸ ਵਿਚ ਉਹ ਕਰਮਸ਼ੀਲ ਹੋ ਕੇ ਇਕ ਕਾਮਯਾਬ ਪਾਂਧੀ ਵਜੋਂ ਬਿਨਾਂ ਡਿੱਗੇ, ਬਿਨਾਂ ਡੋਲੇ, ਸਹਿਜ ਸੁਭਾਵਿਕ ਮੰਜ਼ਲ ’ਤੇ ਜਾ ਪਹੁੰਚਦਾ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ