editor@sikharchives.org

ਅਦੁੱਤੀ ਨਿਸ਼ਕਾਮ ਸੇਵਕ : ਭਾਈ ਘਨੱਈਆ ਜੀ

ਭਾਈ ਘਨੱਈਆ ਜੀ ਗਰੀਬਾਂ ਅਤੇ ਬੇਵੱਸ ਲੋਕਾਂ ਉੱਪਰ ਢਾਹੇ ਜਾਂਦੇ ਜ਼ੁਲਮ ਨੂੰ ਵੇਖ, ਉਨ੍ਹਾਂ ਪ੍ਰਤੀ ਆਪਣਾ ਸਭ ਕੁਝ ਵਾਰਨ ਲਈ ਤੱਤਪਰ ਰਹਿੰਦੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਇਤਿਹਾਸ ਦੀ ਇਕ ਮਹਾਨ ਸ਼ਖ਼ਸੀਅਤ ਜਿਸ ਨੂੰ ਭਾਈ ਘਨੱਈਆ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਲੜਾਈ ਦੌਰਾਨ ਭਾਈ ਘਨੱਈਆ ਜੀ ਨੇ ਇਕ ਅਜਿਹੀ ਲਾਸਾਨੀ ਪਰੰਪਰਾ ਦਾ ਸਬੂਤ ਦਿੱਤਾ, ਜਿਸ ਦੀ ਮਿਸਾਲ ਦੁਨੀਆਂ ਦਾ ਇਤਿਹਾਸ ਫਰੋਲਣ ’ਤੇ ਸ਼ਾਇਦ ਨਾ ਮਿਲ ਸਕੇ। ਬਿਨਾਂ ਕਿਸੇ ਧਰਮ ਅਤੇ ਜਾਤ-ਪਾਤ ਦੇ ਭੇਦ-ਭਾਵ ਤੋਂ ਉਹ ਫੱਟੜ ਹੋਏ ਗੁਰੂ ਜੀ ਦੇ ਸਿੱਖਾਂ ਤੇ ਦੁਸ਼ਮਣਾਂ ਨੂੰ ਇਕ ਅੱਖ ਨਾਲ ਵੇਖਦੇ ਹੋਏ ਪਾਣੀ ਪਿਲਾਉਣ ਦੀ ਨਿਸ਼ਕਾਮ ਸੇਵਾ ਵਿਚ ਜੁੱਟੇ ਰਹੇ। ਜਦ ਗੁਰੂ ਜੀ ਨੇ ਭਾਈ ਘਨੱਈਆ ਜੀ ਤੋਂ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਦੀ ਗੱਲ ਦਾ ਰਾਜ਼ ਜਾਣਨਾ ਚਾਹਿਆ ਤਾਂ ਭਾਈ ਘਨੱਈਆ ਜੀ ਬੋਲ ਉਠੇ ਕਿ ਤੁਸੀਂ ਹੀ ਤਾਂ ਮੈਨੂੰ ਇਹ ਰਾਹ ਸਿਖਾਇਆ ਹੈ ਕਿ ਮਨੁੱਖ ਮਨੁੱਖ ਵਿਚ ਕੋਈ ਅੰਤਰ ਨਹੀਂ ਹੈ, ਇਸ ਕਰਕੇ ਸਭ ਜ਼ਖ਼ਮੀ ਮੈਨੂੰ ਬਰਾਬਰ ਨਜ਼ਰ ਆਉਂਦੇ ਹਨ। ਗੁਰੂ ਜੀ ਭਾਈ ਘਨੱਈਆ ਜੀ ਦੇ ਉੱਤਰ ਤੋਂ ਬਹੁਤ ਖੁਸ਼ ਹੋਏ।

ਭਾਈ ਘਨੱਈਆ ਜੀ ਦਾ ਜਨਮ ਪਿੰਡ ਸੋਧਰਾ (ਪਾਕਿਸਤਾਨ) ਵਿਖੇ 1648 ਈਸਵੀ ਵਿਚ ਮਾਤਾ ਸੁੰਦਰੀ ਜੀ ਦੇ ਘਰ ਹੋਇਆ। ਆਪ ਦੇ ਪਿਤਾ ਭਾਈ ਨੱਥੂ ਰਾਮ ਜੀ ਸਨ, ਜੋ ਇਕ ਵੱਡੇ ਸੌਦਾਗਰ ਸਨ। ਭਾਈ ਘਨੱਈਆ ਜੀ ਦੇ ਪਿਤਾ ਜੀ ਸ਼ਾਹੀ ਫੌਜਾਂ ਨੂੰ ਰਸਦ-ਪਾਣੀ ਪਹੁੰਚਾਉਣ ਦਾ ਕਾਰਜ ਕਰਦੇ ਸਨ। ਭਾਈ ਘਨੱਈਆ ਜੀ ਦੀ ਬਿਰਤੀ ਬਚਪਨ ਤੋਂ ਹੀ ਪ੍ਰਭੂ-ਭਗਤੀ ਵਿਚ ਲੱਗੀ ਹੋਈ ਸੀ। ਗਰੀਬਾਂ, ਅਨਾਥਾਂ, ਲੋੜਵੰਦਾਂ ਦੀ ਸੇਵਾ ਅਤੇ ਮਦਦ ਕਰਨਾ ਉਨ੍ਹਾਂ ਦਾ ਮੁੱਖ ਸ਼ੌਕ ਸੀ। ਮਨੁੱਖੀ ਸੇਵਾ ਦੀ ਲਗਨ ਦਾ ਦੀਵਾਨਾ ਭਾਈ ਘਨੱਈਆ ਜੀ ਕਮਜ਼ੋਰਾਂ, ਬਿਰਧਾਂ, ਅਜਨਬੀ ਮੁਸਾਫ਼ਰਾਂ ਦਾ ਸਹੀ ਪੈਰੋਕਾਰ ਹੋ ਨਿੱਬੜਿਆ। ਇਸ ਨਿਸ਼ਕਾਮ ਸੇਵਾ ਦੇ ਸਦਕੇ ਆਪਣੇ ਘਰ ਮਾਂ-ਬਾਪ ਕੋਲੋਂ ਡਾਂਟ-ਫਿਟਕਾਰ ਸਹਿੰਦੇ ਰਹਿੰਦੇ ਪਰ ਨਿਰਸਵਾਰਥ ਮਨੁੱਖਤਾ ਦੀ ਸੇਵਾ ਕਰਨ ਤੋਂ ਕਦੇ ਵੀ ਪਿੱਛੇ ਨਾ ਰਹਿੰਦੇ। ਇਸੇ ਰੰਗ ਨੂੰ ਮਾਣ ਕੇ ਭਾਈ ਘਨੱਈਆ ਜੀ ਨੂੰ ਦੁਨੀਆਂ-ਭਰ ਦੀ ਖੁਸ਼ੀ ਪ੍ਰਾਪਤ ਹੁੰਦੀ। ਕਿਹਾ ਜਾਂਦਾ ਹੈ ਕਿ ਆਪ ਜਦੋਂ ਵੀ ਆਪਣੇ ਘਰੋਂ ਬਾਹਰ ਜਾਂਦੇ ਆਪਣੀਆਂ ਜੇਬਾਂ ਨੂੰ ਕੌਡੀਆਂ, ਪੈਸਿਆਂ ਅਤੇ ਰੁਪਿਆਂ ਨਾਲ ਭਰ ਲੈਂਦੇ ਤੇ ਲੋੜਵੰਦਾਂ ਵਿਚ ਵੰਡ ਦਿੰਦੇ। ਭਾਈ ਘਨੱਈਆ ਜੀ ਗਰੀਬਾਂ ਅਤੇ ਬੇਵੱਸ ਲੋਕਾਂ ਉੱਪਰ ਢਾਹੇ ਜਾਂਦੇ ਜ਼ੁਲਮ ਨੂੰ ਵੇਖ, ਉਨ੍ਹਾਂ ਪ੍ਰਤੀ ਆਪਣਾ ਸਭ ਕੁਝ ਵਾਰਨ ਲਈ ਤੱਤਪਰ ਰਹਿੰਦੇ। ਉਹ ਰਸਤਿਆਂ ਅਤੇ ਸੜਕਾਂ ਉੱਪਰ ਮੁਸਾਫਰਾਂ ਅਤੇ ਬੇਗਾਰੀਆਂ ਦਾ ਸਾਮਾਨ ਚੁੱਕੀ ਫਿਰਦੇ। ਮਾਂ-ਬਾਪ ਨੂੰ ਭਾਈ ਘਨੱਈਆ ਜੀ ਦੀ ਇਹ ਗੱਲ ਪਸੰਦ ਨਹੀਂ ਸੀ।

ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਾਰੇ ਭਰਾਵਾਂ ਵਿੱਚੋਂ ਵੱਡੇ ਹੋਣ ਕਰਕੇ ਪਰਵਾਰ ਦੀ ਜ਼ਿੰਮੇਵਾਰੀ ਆਪ ਦੇ ਸਿਰ ਉੱਪਰ ਹੀ ਆਈ। ਆਪ ਸ਼ਾਹੀ ਫੌਜਾਂ ਨੂੰ ਰਸਦ-ਪਾਣੀ ਪਹੁੰਚਾਉਣ ਦੇ ਕੰਮ ਵਿਚ ਡਟ ਗਏ। ਇਸ ਸਮੇਂ ਹਿੰਦੁਸਤਾਨ ਵਿਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਅਤੇ ਦੂਸਰੇ ਪਾਸੇ ਗੁਰਗੱਦੀ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਸਨ।

ਭਾਈ ਨੰਨੂਆਂ ਨਾਂ ਦੇ ਸਿੱਖ ਕੋਲੋਂ ਇਕ ਵਾਰੀ ਭਾਈ ਘਨੱਈਆ ਜੀ ਨੇ ਸਲੋਕ ਸੁਣੇ ਤਾਂ ਐਸੀ ਖਿੱਚ ਪਈ ਕਿ ਪ੍ਰੇਮ ਵਿਚ ਲੀਨ ਹੋ ਗਏ। ਬੈਰਾਗ ਦੀ ਅਵਸਥਾ ਉਪਜ ਗਈ। ਮੋਹ-ਮਾਇਆ ਅਤੇ ਜਗਤ ਦੇ ਸੁਖਾਂ ਨੂੰ ਭੁਲਾ ਕੇ ਜੰਗਲਾਂ ਨੂੰ ਨਿਕਲ ਗਏ। ਥਾਂ-ਥਾਂ ਉੱਪਰ ਫਿਰਦੇ ਗੋਬਿੰਦ ਦੀ ਪ੍ਰਾਪਤੀ ਲਈ ਕੋਈ ਉਪਾਅ ਲੱਭਦੇ ਰਹਿੰਦੇ। ਫਿਰਦੇ-ਫਿਰਦੇ ਇਕ ਗੁਰਸਿੱਖ ਨਾਲ ਮੇਲ ਹੋਇਆ ਅਤੇ ਉਸ ਨੂੰ ਸਾਰੀ ਮਨੋਦਸ਼ਾ ਦਾ ਹਾਲ ਸੁਣਾਇਆ। ਉਸ ਗੁਰਸਿੱਖ ਨੇ ਕਿਹਾ ਕਿ ਤੁਸੀਂ ਗ੍ਰਿਹਸਤ ਤਿਆਗ ਕੇ ਚੰਗਾ ਨਹੀਂ ਕੀਤਾ। ਭਾਈ ਸਾਹਿਬ ਨੇ ਉਸ ਸਿੱਖ ਤੋਂ ਪੁੱਛਿਆ ਕਿ ਅਵਿਨਾਸ਼ੀ ਖੇਮ ਕਿੱਥੋਂ ਮਿਲੇ ਤਾਂ ਸਿੱਖ ਨੇ ਕਿਹਾ ਕਿ ਅਸਲ ਪ੍ਰਸੰਨਤਾ ਲੈਣ ਵਿਚ ਨਹੀਂ ਦੇਣ ਵਿਚ ਹੈ।

ਇਕ ਵਾਰ ਭਾਈ ਜੀ ਸੰਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ। ਆਪ ਜੀ ਨੂੰ ਆਉਂਦਿਆਂ ਹੀ ਪਾਣੀ ਦਾ ਘੜਾ ਭਰ ਕੇ ਲਿਆਉਣ ਲਈ ਕਿਹਾ ਗਿਆ। ਆਪ ਜੀ ਨੇ ਜਦੋਂ ਪਾਣੀ ਲਿਆਂਦਾ ਤਾਂ ਗੁਰੂ ਸਾਹਿਬ ਨੇ ਹੱਥ ਧੋ ਕੇ ਬਾਕੀ ਦਾ ਪਾਣੀ ਡੋਲ੍ਹ ਦਿੱਤਾ ਅਤੇ ਹੋਰ ਪਾਣੀ ਦਾ ਘੜਾ ਭਰ ਕੇ ਲਿਆਉਣ ਲਈ ਕਿਹਾ। ਗੁਰੂ ਜੀ ਨੇ ਪੈਰ ਧੋਤੇ ਅਤੇ ਬਾਕੀ ਦਾ ਪਾਣੀ ਫੇਰ ਡੋਲ੍ਹ ਦਿੱਤਾ। ਇਸ ਤਰ੍ਹਾਂ ਕਾਫੀ ਸਮਾਂ ਹੁੰਦਾ ਰਿਹਾ। ਗੁਰੂ ਜੀ ਇਹ ਪਰਖ ਰਹੇ ਸਨ ਕਿ ਜੇ ਅੱਜ ਗੁਰੂ ਦਾ ਪਾਣੀ ਡੋਲ੍ਹਣਾ ਇਸ ਨੂੰ ਚੁੱਭਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਸਭ ਨੂੰ ਇਕ ਜਾਣ ਕੇ ਪਾਣੀ ਕਿਵੇਂ ਪਿਲਾਏਗਾ। ਪਰ ਭਾਈ ਘਨੱਈਆ ਜੀ ਤਾਂ ਅਨੰਤ ਨੂੰ ਲੱਭਣ ਲਈ ਆਏ ਸਨ। ਨਾ ਗੁਰੂ ਕੀ ਕਰਨੀ ’ਤੇ ਗ਼ਿਲਾ ਕੀਤਾ, ਨਾ ਕਿੰਤੂ ਤੇ ਨਾ ਹੀ ਚਿੰਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਜ਼ਰ ਭਰ ਕੇ ਭਾਈ ਘਨੱਈਆ ਜੀ ਵੱਲ ਵੇਖਿਆ ਤਾਂ ਸਾਖੀਕਾਰ ਲਿਖਦਾ ਹੈ ਕਿ ਉਸ ਸਮੇਂ ਆਪ ਜੀ ਨੂੰ ਹੋਰ ਉੱਚੀ ਰੂਹਾਨੀ ਅਵਸਥਾ ਪ੍ਰਾਪਤ ਹੋ ਗਈ। ਆਪ ਜੀ ਨੇ ਕੁਝ ਚਿਰ ਹੋਰ ਜਦ ਸੰਗਤਾਂ ਅਤੇ ਗੁਰੂ ਸਾਹਿਬ ਦੇ ਘੋੜਿਆਂ ਦੀ ਸੇਵਾ ਕੀਤੀ ਤਾਂ ਬਖ਼ਸ਼ਿਸ਼ਾਂ ਕਰਦੇ ਨੌਵੇਂ ਪਾਤਸ਼ਾਹ ਨੇ ਫ਼ਰਮਾਇਆ ਕਿ “ਇਹ ਦਾਤ ਭਰੋਸਗੀ ਦੀ ਤੁਹਾਨੂੰ ਮਿਲੀ ਹੈ, ਹੋਰਨਾਂ ਨੂੰ ਵੀ ਵੰਡੋ।” ਭਾਈ ਜੀ ਨੇ ਅਟਕ ਤੋਂ ਕੋਈ 20 ਕੋਹ ਉਰਾਂ ਇਕ ਪਿੰਡ ਕਾਵੇ ਵਿਚ ਧਰਮਸ਼ਾਲਾ ਬਣਾ ਕੇ ਸੇਵਾ ਦੇ ਪ੍ਰਚਾਰ ਦਾ ਪ੍ਰਵਾਹ ਚਲਾਇਆ। ਮਾਨਵ-ਸੇਵਾ ਵਿਚ ਪਰਮਾਤਮਾ ਦੀ ਪ੍ਰਾਪਤੀ ਆਪਣਾ ਜੀਵਨ-ਮਕਸਦ ਉਲੀਕ ਲਿਆ। ਇਸ ਕਾਵੇ ਪਿੰਡ ਵਿਚ ਹੀ ਮੁਸਾਫ਼ਰਾਂ ਲਈ ਪਾਣੀ ਅਤੇ ਹਰ ਸਹੂਲਤ ਦਾ ਪ੍ਰਬੰਧ ਕੀਤਾ। ਇਥੇ ਹੀ ਆਪ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਸੁਣਿਆ। ਫਿਰ ਆਪ ਪਿੰਡ ਕਾਵੇ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਜੁਟ ਗਏ। ਆਪ ਦਿਨ-ਰਾਤ ਮੋਢੇ ’ਤੇ ਪਾਣੀ ਦੀ ਮਸ਼ਕ ਰੱਖਦੇ ਤੇ ਸੰਗਤਾਂ ਨੂੰ ਪਾਣੀ ਪਿਆਉਂਦੇ।

ਸ੍ਰੀ ਅਨੰਦਪੁਰ ਸਾਹਿਬ ਦੀ ਲੜਾਈ ਵਿੱਚੋਂ ਆਪ ਸਭ ਜ਼ਖ਼ਮੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਪਾਣੀ ਪਿਆਉਂਦੇ ਗਏ। ਜਦੋਂ ਸਿੰਘਾਂ ਨੇ ਗੁਰੂ ਜੀ ਪਾਸ ਸ਼ਿਕਾਇਤ ਕੀਤੀ ਕਿ ਅਸੀਂ ਦੁਸ਼ਮਣਾਂ ਨੂੰ ਜ਼ਖ਼ਮੀ ਕਰਦੇ ਹਾਂ ਪਰ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਆ ਕੇ ਫਿਰ ਹੋਸ਼ ਵਿਚ ਲੈ ਆਉਂਦਾ ਹੈ ਤਾਂ ਗੁਰੂ ਜੀ ਦੇ ਪੁੱਛਣ ’ਤੇ ਭਾਈ ਘਨੱਈਆ ਜੀ ਨੇ ਕਿਹਾ ਕਿ ‘ਮਹਾਰਾਜ, ਮੈਨੂੰ ਤਾਂ ਹਰ ਕਿਸੇ ਵਿੱਚੋਂ ਤੁਹਾਡਾ ਹੀ ਮੁੱਖ ਨਜ਼ਰ ਆਉਂਦਾ ਹੈ।’ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਆਪਣੀ ਹਿੱਕ ਨਾਲ ਲਾ ਲਿਆ ਅਤੇ ਕਿਹਾ ਕਿ ‘ਭਾਈ ਘਨੱਈਆ, ਤੂੰ ਧੰਨ ਹੈਂ, ਧੰਨ ਤੇਰੀ ਕਮਾਈ ਹੈ!’ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਇਕ ਮੱਲ੍ਹਮ ਦੀ ਡੱਬੀ ਵੀ ਦਿੱਤੀ ਤੇ ਫ਼ਰਮਾਇਆ ਕਿ ‘ਜ਼ਖ਼ਮੀਆਂ ਨੂੰ ਪਾਣੀ ਦੇ ਨਾਲ-ਨਾਲ ਮੱਲ੍ਹਮ-ਪੱਟੀ ਵੀ ਕਰਦਾ ਜਾਹ।’ ਆਪ ਜੀ ਦੀਆਂ ਪੈੜਾਂ ’ਤੇ ਕਈ ਨਿਸ਼ਕਾਮ ਸੇਵਕ ਸੇਵਾ ਦੇ ਖੇਤਰ ਵਿਚ ਕਮਰਕੱਸਾ ਕਰਕੇ ਉਤਰੇ। ਜੋ ਜੰਗਾਂ ਵਿਚ ਤੁਰਕ-ਅਤੁਰਕ ਦਾ ਵਿਤਕਰਾ ਮੇਟ ਕੇ ਜਲ ਦੀ ਸੇਵਾ ਤੇ ਫੱਟਾਂ ਨੂੰ ਸੀਂਦੇ ਤੇ ਪੱਟੀ ਬੰਨ੍ਹਦੇ। ਭਾਈ ਘਨੱਈਆ ਜੀ ਦਾ ਨਾਮ ਨਿਸ਼ਕਾਮ ਸੇਵਾ ਦਾ ਇਕ ਪ੍ਰਤੀਕ ਬਣ ਚੁੱਕਾ ਹੈ।

ਭਾਈ ਘਨੱਈਆ ਜੀ ਦੇ ਸੁਭਾਉ ਸਬੰਧੀ ਲਿਖਿਆ ਮਿਲਦਾ ਹੈ ਕਿ ਉਹ ਸਦਾ ਹੀ ਸਹਿਜ ਵਿਚ ਵਿਚਰਦੇ ਸਨ ਤੇ ਕਦੇ ਵੀ ਨਿੱਜ ਦਾ ਖਿਆਲ ਨਹੀਂ ਸਨ ਕਰਦੇ। ਉਹ ਪਰਉਪਕਾਰ ਲਈ ਸਦਾ ਤੱਤਪਰ ਰਹਿੰਦੇ ਸਨ। ਭਾਈ ਘਨੱਈਆ ਜੀ ਦੁਆਰਾ ਅਰੰਭੀ ਗਈ ਸੇਵਾ-ਪੰਥੀ ਸੰਸਥਾ ਨੇ ਸਾਰੀ ਦੁਨੀਆਂ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ ਸੀ।

ਭਾਈ ਸਾਹਿਬ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ ਵਿਚ ਆਪਣਾ ਜੀਵਨ ਲਗਾ ਦਿੱਤਾ। ਉਨ੍ਹਾਂ ਦਾ ਮਿਸ਼ਨ ਇਕਤਰਫ਼ਾ ਨਹੀਂ ਸਗੋਂ ਹਰ ਕੌਮ ਅਤੇ ਧਰਮ ਦੀ ਰਹਿਬਰੀ ਕਰਦਾ ਸੀ। ਆਪ 70 ਸਾਲ ਦੀ ਉਮਰ ਭੋਗ 1781 ਈਸਵੀ ਵਿਚ ਪ੍ਰਭੂ-ਚਰਨਾਂ ਵਿਚ ਜਾ ਬਿਰਾਜੇ। ਸੱਚਮੁਚ ਹੀ ਭਾਈ ਘਨੱਈਆ ਜੀ ਮਨੁੱਖਤਾ ਦੇ ਇਕ ਅਦੁੱਤੀ ਨਿਸ਼ਕਾਮ ਸੇਵਕ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Mohammad Idris
ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਇਤਿਹਾਸ ਵਿਭਾਗ ਅਤੇ ਇੰਚਾਰਜ, -ਵਿਖੇ: ਮਹਾਰਾਣਾ ਪ੍ਰਤਾਪ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)