editor@sikharchives.org

ਅਜੋਕੇ ਸੰਦਰਭ ’ਚ ਗੁਰਦੁਆਰਾ ਸਾਹਿਬ ਦਾ ਮਹੱਤਵ ਸਮਝਣ ਦੀ ਲੋੜ

ਗੁਰਦੁਆਰਾ ਉਹ ਅਸਥਾਨ ਹੈ “ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿੱਦਿਆ, ਕੀਰਤਨ ਆਦਿ ਦਾ ਗੁਰ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਿਆ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਮਨੁੱਖ ਦੀ ਜ਼ਿੰਦਗੀ ਵਿਚ ਅਸਥਾਨ ਦਾ ਮਹੱਤਵ ਸਭ ਤੋਂ ਵੱਧ ਹੈ। ਹਰ ਜੀਵ- ਜੰਤੂ, ਪ੍ਰਾਣੀ ਦਾ ਕੋਈ ਨਾ ਕੋਈ ਅਸਥਾਨ ਹੁੰਦਾ ਹੈ। ਮੱਛੀਆਂ ਪਾਣੀ ਵਿਚ ਰਹਿੰਦੀਆਂ ਹਨ, ਪੰਛੀ ਦਰੱਖ਼ਤਾਂ ’ਤੇ ਰਹਿੰਦੇ ਹਨ, ਹਿੰਸਕ ਜਾਨਵਰ ਜੰਗਲਾਂ ਵਿਚ ਰਹਿੰਦੇ ਹਨ, ਕੀੜੇ-ਮਕੌੜੇ ਖੁੱਡਾਂ ਵਿਚ ਰਹਿੰਦੇ ਹਨ, ਮਨੁੱਖ ਧਰਤੀ ਉੱਤੇ ਆਪਣੀ ਝੁੱਗੀ ਜਾਂ ਮਕਾਨ ਆਦਿ ਬਣਾ ਕੇ ਰਹਿੰਦੇ ਹਨ। ਧਰਤੀ ਹੀ ਉਸ ਬ੍ਰਹਿਮੰਡ ਦਾ ਇਕ ਅਸਥਾਨ ਹੈ ਜਿੱਥੇ ਤਰ੍ਹਾਂ-ਤਰ੍ਹਾਂ ਦੀ ਜ਼ਿੰਦਗੀ ਪੈਦਾ ਹੋਈ ਹੈ। ਧਰਤੀ ਧਰਮਸਾਲ ਹੈ। ਇਸ ਅਸਥਾਨ ਨੂੰ ‘ਪਵਣ ਪਾਣੀ ਅਗਨੀ ਪਾਤਾਲ’ ਦੇ ਵਿਚਕਾਰ ਰਚਿਆ ਗਿਆ ਅਤੇ ‘ਰਾਤੀ ਰੁਤੀ ਥਿਤੀ ਵਾਰ’ ਨਾਲ ਸ਼ਿੰਗਾਰਿਆ ਗਿਆ ਹੈ। ਸ੍ਰਿਸ਼ਟੀ ਦਾ ਇਹ ਸਭ ਤੋਂ ਮਹੱਤਵਪੂਰਨ ਸਥਾਨ ਹੈ ਜਿਸ ਦੀ ਰਚਨਾ ਮਨੁੱਖੀ ਆਤਮਾ ਨੂੰ ਧਰਮ ਦੀ ਪੌੜੀ ਉੱਤੇ ਚੜ੍ਹਨ ਦਾ ਉਪਦੇਸ਼ ਦ੍ਰਿੜ੍ਹ ਕਰਵਾਉਣ ਹਿੱਤ ਕੀਤੀ ਗਈ ਹੈ। ਇਸ ਤੋਂ ਇਲਾਵਾ ਧਰਤੀ ਉਚਤਮ ਮਾਤਾ ਦਾ ਦਰਜਾ ਰੱਖਦੀ ਹੈ ਜਿਸ ਨੇ ਮਨੁੱਖਤਾ ਨੂੰ ਆਪਣੀ ਗੋਦ ਵਿਚ ਧਾਰਨ ਕੀਤਾ ਹੈ ਅਤੇ ਜਿਹੜੀ ਮਨੁੱਖ ਦੀਆਂ ਹਰ ਪ੍ਰਕਾਰ ਦੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਗੁਰਬਾਣੀ ਵਿਚ ਵਰਣਨ ਕੀਤਾ ਗਿਆ ਹੈ:

ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ ਅਨੇਕ ਅਨੰਤ॥ (ਪੰਨਾ 7)

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਪੰਨਾ 8)

ਅਸਲ ਵਿਚ ਤਾਂ ਇਹ ਸਾਰਾ ਬ੍ਰਹਿਮੰਡ ਹੀ ਇਕ ਵੱਡਾ ਅਸਥਾਨ ਹੈ। ਇਸ ਪਦਾਰਥਕ ਢਾਂਚੇ ਦੀ ਰਚਨਾ ਪਰਮਾਤਮਾ ਨੇ ਆਪਣੀ ਹੀ ਹਸਤੀ ਵਿੱਚੋਂ ਕੀਤੀ ਹੈ।

ਫ਼ੁਰਮਾਨ ਹੈ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)

ਇਸ ਦਾ ਸ੍ਰੋਤ ਇਕ ਹੋਣ ਕਾਰਨ ਇਹ ਸਾਰਾ ਬ੍ਰਹਿਮੰਡ ਇਕ ਇਕਾਈ ਦੇ ਰੂਪ ਵਿਚ ਕੰਮ ਕਰ ਰਿਹਾ ਹੈ। ਇਹ ਇਕ ਪ੍ਰਬੰਧ ਦੇ ਇਕ ਨਿਯਮ ਦੇ ਵਿਚ ਬੱਝਾ ਹੋਇਆ ਹੈ। ਇਸ ਦਾ ਰਚਨਹਾਰ ਇਸ ਦੇ ਕਣ-ਕਣ ਵਿਚ ਸਰਬਵਿਆਪਕ ਹੈ, ਇਸ ਵਿਚ ਨਿਵਾਸ ਕਰਦਾ ਹੈ। ਇਹ ਤ੍ਰਿਭਵਣ ਉਸ ਦੀ ਤਿੰਨ-ਮੰਜ਼ਲੀ ਕੋਠੜੀ ਹੈ। ਫ਼ੁਰਮਾਨ ਹੈ:

ਊਰਮ ਧੂਰਮ ਜੋਤਿ ਉਜਾਲਾ॥
ਤੀਨਿ ਭਵਣ ਮਹਿ ਗੁਰ ਗੋਪਾਲਾ॥ (ਪੰਨਾ 930)

ਇਸ ਤੱਥ ਅਤੇ ਸਚਾਈ ਨੂੰ ਹੋਰ ਸਪਸ਼ਟ ਕਰਦਿਆਂ ਸਤਿਗੁਰਾਂ ਨੇ ਇਉਂ ਫ਼ੁਰਮਾਇਆ ਹੈ:

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ (ਪੰਨਾ 922)

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥
ਇਕਨਾ੍ ਹੁਕਮਿ ਸਮਾਇ ਲਏ ਇਕਨਾ੍ ਹੁਕਮੇ ਕਰੇ ਵਿਣਾਸੁ॥ (ਪੰਨਾ 463)

ਸ੍ਰੀ ਗੁਰੂ ਅਮਰਦਾਸ ਜੀ ਨੇ ਸੰਸਾਰ ਅਤੇ ਇਸ ਵਿਚ ਸਰਬਵਿਆਪਕ ਪਰਮ ਤੱਤ ਬਾਰੇ ਇਉਂ ਫ਼ੁਰਮਾਇਆ ਹੈ:

ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥
ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ॥ (ਪੰਨਾ 947)

ਇਸ ਧਰਤੀ ਦੀਆਂ ਸਾਰੀਆਂ ਜੂਨਾਂ ਵਿੱਚੋਂ ਮਨੁੱਖਾ ਜੂਨ ਸਭ ਤੋਂ ਸ੍ਰੇਸ਼ਠ ਹੈ। ਇਸ ਕੋਲ ਮਤਿ ਹੈ, ਸੁਰਤ ਹੈ, ਬੁੱਧੀ ਹੈ ਅਤੇ ਜ਼ੁਬਾਨ ਹੈ। ਇਹ ਚੰਗੇ/ਬੁਰੇ ਦੀ ਵਿਚਾਰ ਕਰ ਸਕਦਾ ਹੈ, ਜ਼ਬਾਨ ਨਾਲ ਗਿਆਨ-ਚਰਚਾ ਕਰ ਸਕਦਾ ਹੈ, ਪਰਮਾਤਮਾ ਦਾ ਸਿਮਰਨ ਕਰ ਸਕਦਾ ਹੈ, ਆਪਣੀ ਮਤਿ ਵਿਚ ਚੰਗੇ ਵਿਚਾਰ, ਚੰਗੀ ਸਿੱਖਿਆ ਗ੍ਰਹਿਣ ਕਰ ਕੇ ਆਪਣਾ ਮਨ ਸ਼ੁੱਧ ਕਰ ਕੇ ਆਤਮਾ ਦਾ ਵਿਕਾਸ ਕਰ ਸਕਦਾ ਹੈ:

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥ (ਪੰਨਾ 2)

ਮਨੁੱਖ ਨੂੰ ਰੱਬੀ ਹੁਕਮ ਦੇ ਨੇੜੇ ਰੱਖਣ ਲਈ ਤੇ ਅਧਿਆਤਮਕ ਮਾਰਗ ਦੀ ਅਗਵਾਈ ਦੇਣ ਲਈ ਅਨੇਕ ਧਰਮ ਤੇ ਮਤ-ਮਤਾਂਤਰ ਹੋਂਦ ਵਿਚ ਆਏ ਹਨ। ਇਨ੍ਹਾਂ ਸਭਨਾਂ ਨੇ ਆਪਣੀ-ਆਪਣੀ ਵਿਚਾਰਧਾਰਾ ਅਨੁਸਾਰ ਆਪਣੀ-ਆਪਣੀ ਭਾਸ਼ਾ ਵਿਚ ਮਨੁੱਖ ਨੂੰ ਰੱਬੀ ਗਿਆਨ ਦਾ ਚਾਨਣ ਬਖਸ਼ਣ ਦਾ ਯਤਨ ਕੀਤਾ ਹੈ। ਇਸ ਮੰਤਵ ਲਈ ਅਨੇਕ ਧਾਰਮਕ ਗ੍ਰੰਥ ਰਚੇ ਗਏ। ਆਪਣੀ-ਆਪਣੀ ਵਿਚਾਰਧਾਰਾ ਦੇ ਪ੍ਰਚਾਰ ਹਿਤ ਧਰਮ-ਅਸਥਾਨ ਹੋਂਦ ਵਿਚ ਆਏ। ਗੁਰਦੁਆਰਾ ਵੀ ਇਕ ਧਰਮ-ਅਸਥਾਨ ਹੈ ਜਿੱਥੇ ਅਕਾਲ ਪੁਰਖ ਦਾ ਜੱਸ ਅਤੇ ਸਿਫ਼ਤ-ਸਲਾਹ ਗਾਇਨ ਕਰਨ ਦੇ ਨਾਲ-ਨਾਲ ਮੁਕੰਮਲ ਜੀਵਨ-ਜੁਗਤ ਅਤੇ ਸਿੱਖ ਧਰਮ ਦੇ ਨਿਯਮਾਂ, ਸਿਧਾਂਤਾਂ ਅਤੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾਂਦਾ ਹੈ। ਗੁਰਦੁਆਰੇ ਦੀ ਮਹੱਤਤਾ ਦਾ ਵਰਣਨ ਕਰਨ ਤੋਂ ਪਹਿਲਾਂ ਪੁਰਾਤਨ ਧਰਮਾਂ ਦੇ ਧਰਮ-ਅਸਥਾਨਾਂ ਦੀ ਰੂਪ-ਰੇਖਾ ਅਤੇ ਮਰਯਾਦਾ ਬਾਰੇ ਜਾਣ ਲੈਣਾ ਵੀ ਯੋਗ ਹੋਵੇਗਾ। ਇਸ ਉਦੇਸ਼ ਲਈ ਇੱਥੇ ਪ੍ਰਮੁੱਖ ਧਰਮਾਂ ਦੇ ਧਰਮ-ਅਸਥਾਨਾਂ ਬਾਰੇ ਸੰਖੇਪ ਵਿਚਾਰ ਕੀਤੀ ਜਾ ਰਹੀ ਹੈ।

ਸਾਮੀ ਧਰਮਾਂ ਵਿਚ ਸਭ ਤੋਂ ਪਹਿਲਾਂ ਯਹੂਦੀ ਧਰਮ ਦਾ ਨਾਂ ਆਉਂਦਾ ਹੈ ਜਿਸ ਤੋਂ ਅੱਗੇ ਈਸਾਈ ਅਤੇ ਇਸਲਾਮ ਧਰਮ ਹੋਂਦ ਵਿਚ ਆਏ। ਯਹੂਦੀ ਧਰਮ ਦੇ ਧਰਮ- ਅਸਥਾਨ ਨੂੰ ‘ਸਿਨਾਗਾਗ’ (Synagague)  ਅਤੇ ਉਨ੍ਹਾਂ ਦੇ ਧਰਮ-ਗ੍ਰੰਥ ਦਾ ਨਾਮ ‘ਪੁਰਾਣਾ ਅਹਿਦਨਾਮਾ’ (Old Testament)  ਕਿਹਾ ਜਾਂਦਾ ਹੈ। ਸਿਨਾਗਾਗ ਯਹੂਦੀਆਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ ਜਿੱਥੋਂ ਆ ਕੇ ਹਰ ਇਕ ਯਹੂਦੀ ਈਸ਼ਵਰ (ਯਾਹੋਵਾ) ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਆਪਣੇ ਜੀਵਨ ਦੀ ਹਰ ਔਖ-ਸੌਖ ਵੇਲੇ ਉਸ ਦੀ ਅਗਵਾਈ ਲੋਚਦਾ ਹੈ। ‘ਸਿਨਾਗਾਗ’ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ‘ਸੰਗਤ ਦਾ ਘਰ’ ਜਾਂ ‘ਇਕੱਠੇ ਮਿਲ-ਬੈਠਣ ਦਾ ਸਥਾਨ’ ਦੇ ਅਰਥਾਂ ਵਿਚ ਵੇਖਿਆ ਜਾਂਦਾ ਹੈ। ਇਸਰਾਈਲ ਵਿਚ ਪਾਰਲੀਮੈਂਟ ਨੂੰ ਵੀ ਸਿਨਾਗਾਗ ਕਿਹਾ ਜਾਂਦਾ ਹੈ ਪਰ ਇਸ ਨੂੰ ਧਾਰਮਿਕ ਅਰਥਾਂ ਵਿਚ ਪ੍ਰਮੁੱਖ ਤੌਰ ’ਤੇ ਵੇਖਦੇ ਹੋਏ ਯਹੂਦੀਆਂ ਦੇ ‘ਪ੍ਰਾਰਥਨਾ-ਘਰ’ ਨਾਲ ਸੰਬੋਧਤ ਕੀਤਾ ਗਿਆ ਹੈ। ਇਥੇ ਈਸ਼ਵਰ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਹੈ, ਇਸ ਲਈ ਇਸ ਨੂੰ ‘ਪ੍ਰਾਰਥਨਾ-ਘਰ’ ਕਿਹਾ ਜਾਂਦਾ ਹੈ। ਯਹੂਦੀਆਂ ਦੇ ਸਮੂਹ ਛੋਟੇ-ਵੱਡੇ ਤਿਉਹਾਰ ਇਸ ਧਰਮ-ਅਸਥਾਨ ’ਤੇ ਹੀ ਮਨਾਏ ਜਾਂਦੇ ਹਨ।

ਯਹੂਦੀਆਂ ਤੋਂ ਬਾਅਦ ਪ੍ਰਮੁੱਖ ਤੌਰ ’ਤੇ ਈਸਾਈ ਧਰਮ ਉਜਾਗਰ ਹੋਇਆ ਹੈ ਜਿਨ੍ਹਾਂ ਦੇ ਧਰਮ-ਅਸਥਾਨ ਨੂੰ ‘ਚਰਚ’ ਅਰਥਾਤ ‘ਗਿਰਜਾ’ ਕਿਹਾ ਜਾਂਦਾ ਹੈ ਅਤੇ ਈਸਾਈਆਂ ਦੇ ਧਰਮ ਗ੍ਰੰਥ ਨੂੰ ‘ਨਵਾਂ ਅਹਿਦਨਾਮਾ’ (New Testament)  ਅਤੇ ‘ਬਾਈਬਲ’ ਕਿਹਾ ਜਾਂਦਾ ਹੈ। ਚਰਚ ਨੂੰ ਪਹਿਲਾਂ ‘ਕਲੀਸਿਆ’ ਕਿਹਾ ਜਾਂਦਾ ਸੀ। ਈਸਾਈ ਧਰਮ ਵਿਚ ਚਰਚ ਇਕ ਸਮਾਜਕ ਕੇਂਦਰ-ਬਿੰਦੂ ਵੀ ਹੈ ਜਿੱਥੇ ਛੋਟੇ-ਮੋਟੇ ਸਮਾਜਕ ਝਗੜਿਆਂ ਦਾ ਨਿਪਟਾਰਾ ਵੀ ਕੀਤਾ ਜਾ ਸਕਦਾ ਹੈ। ਚਰਚ ਨੂੰ ਸਰਵੋਤਮ ਮੰਨਿਆ ਜਾਂਦਾ ਹੈ ਅਤੇ ਚਰਚ ਵਿਚਲੀ ਸੰਗਤ ਦੀ ਗੱਲ ਨਾ ਮੰਨਣ ਵਾਲੇ ਨੂੰ ਈਸਾਈ ਧਰਮ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।

ਇਸਲਾਮ ਵਿਚ ਕੇਂਦਰੀ ਧਰਮ-ਅਸਥਾਨ ਨੂੰ ‘ਮਸਜਿਦ’ ਕਿਹਾ ਜਾਂਦਾ ਹੈ ਅਤੇ ਇਸਲਾਮ ਮੱਤ ਦਾ ਧਾਰਮਕ ਗ੍ਰੰਥ ‘ਕੁਰਾਨ ਸ਼ਰੀਫ਼’ ਹੈ। ‘ਮਸਜਿਦ’ ਅਰਬੀ ਭਾਸ਼ਾ ਨਾਲ ਸੰਬੰਧਤ ਸ਼ਬਦ ਹੈ ਜਿਸ ਨੂੰ ‘ਇਬਾਦਤਗਾਹ’ ਦੇ ਅਰਥਾਂ ਵਿਚ ਵੇਖਿਆ ਜਾਂਦਾ ਹੈ। ਮਸਜਿਦ ਇਕ ਉਹ ਪ੍ਰਮੁੱਖ ਸਥਾਨ ਹੈ ਜਿੱਥੇ ਸਮੂਹ ਮੁਸਲਮਾਨ ਇਕੱਤਰ ਹੋ ਕੇ ਨਮਾਜ਼ ਅਦਾ ਕਰ ਸਕਣ। ਮੁਸਲਮਾਨਾਂ ਲਈ ਮਸਜਿਦ ਕੇਵਲ ਇਬਾਦਤਗਾਹ ਹੀ ਨਹੀਂ ਬਲਕਿ ਇਸਲਾਮ ਦੇ ਮੂਲ ਸਿਧਾਂਤਾਂ ਨੂੰ ਸਮਝਣ ਅਤੇ ਮੁਸਲਿਮ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦੇ ਰੂਪ ਵਿਚ ਵੀ ਵੇਖਿਆ ਜਾਂਦਾ ਹੈ।

ਭਾਰਤ ਵਿਚ ਹਿੰਦੂਆਂ ਦੇ ਧਰਮ-ਅਸਥਾਨਾਂ ਨੂੰ ‘ਮੰਦਰ’ ਕਿਹਾ ਜਾਂਦਾ ਹੈ। ਹਿੰਦੂ ਧਰਮ ਦੇ ਚਾਰ ਵੇਦ- ਰਿਗ ਵੇਦ, ਸਾਮ ਵੇਦ, ਯਜੁਰ ਵੇਦ, ਅਥਰਵ ਵੇਦ, ਉਪਨਿਸ਼ਦ, ਸਿੰਮ੍ਰਿਤੀਆਂ ਅਤੇ ਭਾਗਵਤ ਗੀਤਾ ਆਦਿ ਹਨ। ਮੰਦਰ ਇਕ ਅਜਿਹੀ ਇਮਾਰਤ ਨਾਲ ਸੰਬੰਧਤ ਸ਼ਬਦ ਹੈ ਜਿੱਥੇ ਧਾਰਮਕ ਜਾਂ ਅਧਿਆਤਮਕ ਕਾਰਜ ਕਰਨ ਦੇ ਨਾਲ-ਨਾਲ ਪੂਜਾ-ਵਿਧੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਪੂਜਾ-ਵਿਧੀਆਂ ਦਾ ਕਾਰਜ ਪ੍ਰੋਹਿਤ ਦੁਆਰਾ ਕੀਤਾ ਜਾਂਦਾ ਹੈ। ਮੰਦਰਾਂ ਨੂੰ ਦੇਵਤਿਆਂ ਦਾ ਸਥਾਨ ਵੀ ਕਿਹਾ ਜਾਂਦਾ ਹੈ। ਇਸ ਕਰਕੇ ਜਿਸ ਵੀ ਦੇਵਤੇ ਦੇ ਪੁਜਾਰੀ ਜਿਸ ਦੇਵਤੇ ਨੂੰ ਮੰਨਦੇ ਹਨ ਉਸ ਦੀ ਪੂਜਾ ਲਈ ਆਮ ਕਰਕੇ ਇਕ ਤੋਂ ਵਧੇਰੇ ਮੂਰਤੀਆਂ ਦੀ ਸਥਾਪਨਾ ਹੁੰਦੀ ਹੈ। ਕਈ ਵੱਡੇ ਜਾਂ ਇਤਿਹਾਸਕ ਮੰਦਰਾਂ ਵਿਚ ਸਥਾਪਤ ਮੂਰਤੀਆਂ ਦੇ ਦਰਸ਼ਨ ਸ਼ਰਧਾਲੂ ਦੂਰੋਂ ਹੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਮੂਰਤੀ ਦੇ ਨੇੜੇ ਜਾਣ ਦੀ ਆਗਿਆ ਨਹੀਂ ਹੁੰਦੀ। ਕੇਵਲ ਮੁੱਖ ਪ੍ਰੋਹਿਤ ਜਾਂ ਸਹਾਇਕ ਪ੍ਰੋਹਿਤ ਹੀ ਇਨ੍ਹਾਂ ਮੂਰਤੀਆਂ ਦੇ ਨੇੜੇ ਜਾ ਸਕਦੇ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਨ। ਹਿੰਦੂ ਧਰਮ ਤੋਂ ਇਲਾਵਾ ਜੈਨ ਮੱਤ ਅਤੇ ਬੁੱਧ ਮੱਤ ਨਾਲ ਸੰਬੰਧਤ ਮੰਦਰ ਅਤੇ ਮੱਠ ਵੀ ਵੇਖਣ ਨੂੰ ਮਿਲਦੇ ਹਨ। ਇਹ ਦੋਵੇਂ ਮੱਤ ਭਾਰਤ ਦੇ ਪੁਰਾਤਨ ਧਰਮਾਂ ਵਿਚ ਸ਼ਾਮਲ ਹਨ ਅਤੇ ਇਨ੍ਹਾਂ ਦੇ ਪੂਜਾ-ਅਸਥਾਨਾਂ ਨੂੰ ਮੰਦਰ, ਮੱਠ ਜਾਂ ਵਿਹਾਰ ਕਿਹਾ ਜਾਂਦਾ ਹੈ। ਸ਼ਾਹੀ ਸਰਪ੍ਰਸਤੀ ਹਾਸਲ ਹੋਣ ਕਰਕੇ ਇਨ੍ਹਾਂ ਧਰਮਾਂ ਦੇ ਮੰਦਰ ਵਿਸ਼ਾਲ ਰੂਪ ਵਿਚ ਹੋਂਦ ਵਿਚ ਆਏ ਅਤੇ ਇਨ੍ਹਾਂ ਦਾ ਵਿਸਥਾਰ ਭਾਰਤ ਅਤੇ ਭਾਰਤ ਤੋਂ ਬਾਹਰ ਵੱਡੇ ਪੱਧਰ ’ਤੇ ਵੇਖਣ ਨੂੰ ਮਿਲਦਾ ਹੈ। ਜੈਨ ਮੰਦਰ ਅਤੇ ਬੁੱਧ ਮੱਤ ਦੇ ਮੱਠ ਬਹੁਤ ਥਾਵਾਂ ਉੱਤੇ ਸਥਿਤ ਹਨ। ਜੈਨ ਮੱਤ ਦੇ ਧਾਰਮਕ ਗ੍ਰੰਥ ਨੂੰ ‘ਤ੍ਰਿਪਿਟਕ’ ਅਤੇ ਬੁੱਧ ਮੱਤ ਦੇ ਧਾਰਮਕ ਗ੍ਰੰਥ ਨੂੰ ‘ਧਮਪਦ’ ਕਿਹਾ ਜਾਂਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਦੁਆਰਾ ਉਹ ਅਸਥਾਨ ਹੈ “ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿੱਦਿਆ, ਕੀਰਤਨ ਆਦਿ ਦਾ ਗੁਰ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਿਆ ਹੈ।” (ਗੁਰੁਮਤ ਮਾਰਤੰਡ, ਪੰਨਾ 380) ਦੂਜੇ ਸ਼ਬਦਾਂ ਵਿਚ ਗੁਰਦੁਆਰਾ ਸਾਹਿਬ ਇਕ ਅਜਿਹਾ ਸਥਾਨ ਹੈ ਜਿੱਥੇ ਮਨੁੱਖ ਦੀ ਸਰੀਰਿਕ ਲੋੜ ਅਰਥਾਤ ਰੈਣ-ਬਸੇਰਾ ਅਤੇ ਭੋਜਨ, ਬੌਧਿਕ ਗਿਆਨ ਅਤੇ ਆਤਮਕ ਵਿਕਾਸ ਆਦਿ ਸਾਰੇ ਪੱਖਾਂ ਦਾ ਧਿਆਨ ਰੱਖਿਆ ਜਾਂਦਾ ਹੈ। ਮਨੁੱਖ ਦੀ ਰੱਖਿਆ ਹੁੰਦੀ ਹੈ, ਪਾਲਣਾ ਹੁੰਦੀ ਹੈ ਤੇ ਬਿਨਾਂ ਕਿਸੇ ਮਨੁੱਖ ਦੀ ਮੁਹਤਾਜੀ ਦੇ ਉਸ ਨੂੰ ਆਤਮਕ ਅਨੰਦ ਨਾਲ ਵੀ ਸਰਸ਼ਾਰ ਕੀਤਾ ਜਾਂਦਾ ਹੈ। ਖਡੂਰ ਸਾਹਿਬ ਦੀ ਧਰਤੀ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ-ਕੀਰਤਨ ਅਤੇ ਕਥਾ ਦੇ ਨਾਲ-ਨਾਲ ਬੱਚਿਆਂ ਨੂੰ ਸਾਖਰ, ਸਿਖਿਅਤ ਕਰਨ, ਸਰੀਰਿਕ ਤੌਰ ’ਤੇ ਨਿਰੋਗ ਰੱਖਣ ਹਿਤ ਮੱਲ-ਅਖਾੜੇ ਦੀ ਸਥਾਪਨਾ, ਲੋੜਵੰਦਾਂ ਲਈ ਲੰਗਰ, ਮਰੀਜ਼ਾਂ ਲਈ ਚਕਿਤਸਾ, ਰਹਿਣ ਲਈ ਰੈਣ-ਬਸੇਰਾ, ਇਸ਼ਨਾਨ ਲਈ ਸਰੋਵਰ ਦਾ ਪ੍ਰਬੰਧ ਆਦਿ ਦੀ ਪ੍ਰਥਾ ਚਲਾ ਕੇ ਗੁਰਦੁਆਰੇ ਦਾ ਭਵਿੱਖੀ ਸਰੂਪ, ਕਾਰਜ ਅਤੇ ਸਿਧਾਂਤ ਨਿਯਤ ਕਰ ਦਿੱਤਾ ਸੀ। ਗੁਰਦੁਆਰੇ ਦੀ ਇਮਾਰਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਸ ਦਾ ਨਮੂਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰ ਕੇ ਉਜਾਗਰ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਚਾਰ ਦਿਸ਼ਾਵਾਂ ਵੱਲ ਖੁੱਲ੍ਹਦੇ ਹਨ। ਇਸ ਤਰ੍ਹਾਂ ਇਹ ਅਸਥਾਨ ਚਾਰੇ ਵਰਨਾਂ ਸਗੋਂ ਸਮੁੱਚੀ ਮਨੁੱਖਤਾ ਦਾ ਸਾਂਝਾ ਧਰਮ-ਅਸਥਾਨ ਹੈ। ਇਥੇ ਕਿਸੇ ਮਨੁੱਖ ਉੱਤੇ ਜਾਤੀ, ਨਸਲ, ਧਰਮ, ਲਿੰਗ ਆਦਿ ਦੇ ਆਧਾਰ ’ਤੇ ਦਾਖਲ ਹੋਣ ’ਤੇ ਕੋਈ ਰੋਕ ਨਹੀਂ ਲਾਈ ਜਾਂਦੀ। ਉਸ ਨਾਲ ਵਰਤਾਰਾ ਕਰਨ ਵਿਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸਭ ਇੱਕੋ ਥਾਂ ਸੰਗਤ ਵਿਚ ਬੈਠ ਕੇ ਕੀਰਤਨ ਸ੍ਰਵਣ ਕਰਦੇ ਹਨ ਅਤੇ ਇੱਕੋ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਸਭ ਇਕੱਠੇ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ। ਗੁਰਦੁਆਰੇ ਦੇ ਦੁਆਰ ਸਾਰੀ ਮਨੁੱਖਤਾ ਲਈ ਹਰ ਸਮੇਂ ਖੁੱਲ੍ਹੇ ਰਹਿੰਦੇ ਹਨ। ਚਾਰ ਸਦੀਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਮਰਯਾਦਾ ਲਗਾਤਾਰ ਚੱਲਦੀ ਆ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਲੱਗਭਗ ਉਹੋ ਜਿਹਾ ਹੀ ਸੁੰਦਰ ਅਸਥਾਨ ਹੈ ਜਿਹੋ ਜਿਹੇ ਅਸਥਾਨ ਦੀ ਸ਼ੋਭਾ ਦਾ ਵਰਣਨ ਭਗਤ ਕਬੀਰ ਜੀ ਨੇ ਕੀਤਾ ਹੈ:

ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ॥
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥ (ਪੰਨਾ 1367)

ਗੁਰਦੁਆਰਾ ਸਾਹਿਬ ਅਤੇ ਡੇਰੇ ਵਿਚਕਾਰ ਬਹੁਤ ਅੰਤਰ ਹੈ। ਗੁਰੂ ਅਤੇ ਗੁਰਦੁਆਰਾ ਮਨੁੱਖ ਨੂੰ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਕਰਦਾ ਹੈ ਜਦੋਂ ਕਿ ਡੇਰਾ ਮਨੁੱਖ ਨੂੰ ਡੇਰੇ ਅਤੇ ਡੇਰੇ ਦੇ ਸੰਚਾਲਕ ਅਖੌਤੀ ਸਾਧ-ਸੰਤ ਦਾ ਸ਼ਰਧਾਲੂ ਬਣਨ ਉੱਤੇ ਪੂਰਾ ਜ਼ੋਰ ਦਿੰਦਾ ਹੈ। ਗੁਰਦੁਆਰੇ ਅਤੇ ਡੇਰੇ ਦਾ ਇਹ ਸਿਧਾਂਤਕ ਮੱਤਭੇਦ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖੀਏ ਤਾਂ ਗੁਰਦੁਆਰੇ ਦਾ ਸਰੂਪ ਇਸ ਬ੍ਰਹਿਮੰਡ ਨਾਲ ਹੀ ਮਿਲਦਾ ਹੈ ਜਿਸ ਦੀਆਂ ਚਾਰ ਦਿਸ਼ਾਵਾਂ ਹਨ ਜਿਸ ਦੇ ਅਨੇਕਾਂ ਭਵਨ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਹਨ। ਗੁਰਦੁਆਰਾ ਸਾਹਿਬ ਦੀਆਂ ਅਨੇਕਾਂ ਮੰਜ਼ਲਾਂ ਸ੍ਰਿਸ਼ਟੀ ਦੇ ਅਨੇਕ ਭਵਨਾਂ ਦੀਆਂ ਪ੍ਰਤੀਕ ਹਨ। ਗੁੰਬਦ ਦੀ ਗੋਲਾਈ ਅਕਾਸ਼ ਦਾ ਸਰੂਪ ਹੈ ਤੇ ਗੁੰਬਦ ਉੱਪਰ ਕਲਸ ਅਨੰਤਤਾ ਵੱਲ ਸੰਕੇਤ ਕਰਦੇ ਹਨ। ਬ੍ਰਹਿਮੰਡ ਵਿਚ ਅਨੇਕ ਤਰ੍ਹਾਂ ਦੇ ਜੀਅ-ਜੰਤ ਰਹਿੰਦੇ ਹਨ। ਇਨ੍ਹਾਂ ਦੀ ਪਾਲਣਾ ਲਈ ਬਿਨਾਂ ਕਿਸੇ ਵਿਤਕਰੇ ਦੇ ਹਵਾ, ਪਾਣੀ, ਭੋਜਨ ਤੇ ਰੋਸ਼ਨੀ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿਚ ਕਿਸੇ ਮਨੁੱਖ ਨਾਲ ਕੋਈ ਫਰਕ ਨਹੀਂ ਰੱਖਿਆ ਜਾਂਦਾ, ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਮਨੁੱਖੀ ਬਰਾਬਰੀ ਅਤੇ ਸੁਤੰਤਰਤਾ ਦੀ ਜ਼ਾਮਨ ਹੈ। ਇਹ ਕਾਇਆ (ਸਰੀਰ) ਅਤੇ ਆਤਮਾ ਦੋਹਾਂ ਦੇ ਵਿਕਾਸ ਅਤੇ ਸ਼ੁੱਧਤਾ ਦੀ ਫ਼ਿਲਾਸਫ਼ੀ ਹੈ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸਰੋਵਰ, ਸੰਗਤ, ਲੰਗਰ ਅਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੁੰਦੇ ਹਨ। ਸਰੋਵਰ ਵਿਚ ਹਰ ਕੋਈ ਬਿਨਾਂ ਊਚ-ਨੀਚ, ਨਸਲ, ਧਰਮ ਅਤੇ ਜਾਤ ਦੇ ਭੇਦ-ਭਾਵ ਦੇ ਇਸ਼ਨਾਨ ਕਰ ਕੇ ਆਪਣੇ ਸਰੀਰ ਦੀ ਸ਼ੁੱਧਤਾ ਤੇ ਸਫ਼ਾਈ ਕਰ ਸਕਦਾ ਹੈ। ਗੁਰਦੁਆਰਾ ਸਾਹਿਬ ਅੰਦਰ ਪੰਗਤ ਵਿਚ ਬੈਠ ਕੇ ਇਕੱਠੇ ਲੰਗਰ ਛਕਣ ਦੀ ਮਰਯਾਦਾ ਨਾਲ ਵੀ ਊਚ-ਨੀਚ, ਜਾਤ ਅਤੇ ਨਸਲ ਦਾ ਭੇਦ-ਭਾਵ ਮਿਟਦਾ ਹੈ।

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਝੂਲਦਾ ਨਿਸ਼ਾਨ ਸਾਹਿਬ ਜਿੱਥੇ ਖਾਲਸਾਈ ਸ਼ਾਨ ਅਤੇ ਸੁਤੰਤਰਤਾ ਦੀ ਜ਼ਾਮਨੀ ਭਰਦਾ ਹੈ ਉਥੇ ਹਵਾ ਵਿਚ ਲਹਿਰਾਉਂਦਾ ਇਸ ਦਾ ਫਰ੍ਹਾ ਹਰ ਲੋੜਵੰਦ ਵਿਅਕਤੀ ਦੀ ਪੇਟ ਅਤੇ ਆਤਮਾ ਦੀ ਭੁੱਖ ਦੀ ਪੂਰਤੀ ਦੇ ਨਾਲ-ਨਾਲ ਸਰੀਰਿਕ ਸ਼ੁੱਧੀ ਅਤੇ ਰੈਣ-ਬਸੇਰੇ ਦੇ ਮੁਕੰਮਲ ਪ੍ਰਬੰਧ ਹੋਣ ਬਾਰੇ ਵੀ ਉਸ ਨੂੰ ਸੂਚਿਤ ਕਰਦਾ ਹੈ।

ਗੁਰਦੁਆਰਾ ਸਾਹਿਬ ਅੰਦਰ ਸੁਸ਼ੋਭਿਤ ਲੋਕਾਂ ਦਾ ਸਮੂਹ ਜੋ ਕੇਵਲ ਕੀਰਤਨ ਸ੍ਰਵਣ ਕਰਨ, ਨਾਮ-ਸਿਮਰਨ ਕਰਨ ਅਤੇ ਸਤਿਗੁਰਾਂ ਅੱਗੇ ਨਤਮਸਤਕ ਹੋਣ ਲਈ ਉਪਸਥਿਤ ਹੁੰਦਾ ਹੈ ਉਸ ਨੂੰ ‘ਸਤਿਸੰਗਤ’ ਕਿਹਾ ਜਾਂਦਾ ਹੈ, ਜਿੱਥੇ ਜਨਮਾਂ- ਜਨਮਾਤਰਾਂ ਦੀ ਮੈਲ ਕੱਟੀ ਜਾਂਦੀ ਹੈ ਅਤੇ ਆਤਮਕ ਸ਼ੁੱਧੀ ਅਤੇ ਬਲ ਪ੍ਰਾਪਤ ਹੁੰਦਾ ਹੈ। ਫ਼ੁਰਮਾਨ ਹਨ:

ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਪੰਨਾ 72)

ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥  (ਪੰਨਾ 94)
 
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ॥  (ਪੰਨਾ 95)

ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥       (ਉਹੀ)

ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ॥ (ਪੰਨਾ 22)

ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ॥(ਪੰਨਾ 1135)

ਗੁਰਦੁਆਰਾ ਸਾਹਿਬ ਅੰਦਰ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦਾ ਸਿਧਾਂਤ ਲਾਗੂ ਹੈ। ਇਸ ਵਿਸ਼ਵ ਨੂੰ ਗੁਰੂ ਸਾਹਿਬ ਨੇ ਪਰਮਾਤਮਾ ਦਾ ਨਿਵਾਸ ਸਥਾਨ ਜਾਂ ‘ਸਚੇ ਕੀ ਕੋਠੜੀ’ ਕਿਹਾ ਹੈ। ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਜਿਸ ਵਿਚ ਅਕਾਲ ਪੁਰਖ ਦੀ ਧੁਰ ਕੀ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੋਥੀ ਨੂੰ ਪਰਮੇਸ਼ਰ ਕਾ ਥਾਨ ਅਤੇ ਗੁਰਬਾਣੀ ਨੂੰ ਗੁਰੂ ਦਾ ਤੇ ਨਿਰੰਕਾਰ ਦਾ ਰੂਪ ਮੰਨਿਆ ਗਿਆ ਹੈ।

ਫ਼ੁਰਮਾਨ ਹਨ:

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 67)

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ (ਪੰਨਾ 515)

ਇਨ੍ਹਾਂ ਸਾਰੇ ਪੱਖਾਂ ਨੂੰ ਵੇਖਦੇ ਹੋਏ ਗੁਰਦੁਆਰਾ ਸਾਹਿਬ ਬ੍ਰਹਿਮੰਡ ਦਾ ਹੀ ਇਕ ਛੋਟਾ ਰੂਪ ਹੈ, ਪਰਮਾਤਮਾ ਦਾ ਸਰੀਰ ਪਿੰਡ ਰੂਪ ਹੈ। ਇਸ ਵਿਚ ਜੋ ਸੱਚੇ ਦਿਲ ਨਾਲ ਪਰਮਾਤਮਾ ਦੀ ਖੋਜ ਕਰਦਾ ਹੈ ਉਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ, ਜਿਸ ਤਰ੍ਹਾਂ ਭਗਤ ਪੀਪਾ ਜੀ ਨੇ ਵਰਣਨ ਕੀਤਾ ਹੈ:

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)

ਇਹ ਬ੍ਰਹਿਮੰਡ ਪੰਜ ਤੱਤਾਂ ਤੋਂ ਹੋਂਦ ਵਿਚ ਆਇਆ ਹੈ। ਇਹ ਸਾਰੇ ਤੱਤ ਪਰਮਾਤਮਾ ਦੀ ਹਸਤੀ ਵਿੱਚੋਂ ਹੀ ਨਿਕਲੇ ਹਨ। ਅਸਥਾਨ ਮਿੱਟੀ ਦੇ ਤੱਤ ਦਾ ਬਣਿਆ ਹੈ। ਮਿੱਟੀ ਦਾ ਸਰੂਪ ਜੀਵੰਤ ਸੁਭਾਵ ਵਾਲਾ ਹੈ। ਇਹ ਅਣੂਆਂ, ਬਿਜਲਾਣੂਆਂ ਤਕ ਸੂਖਮ ਤੋਂ ਸੂਖਮ ਹੋਂਦ ਰੱਖਦਾ ਹੈ। ਇਸ ਲਈ ਜਿਸ ਅਸਥਾਨ ’ਤੇ ਜਿਸ ਤਰ੍ਹਾਂ ਦੇ ਜੀਵ ਰਹਿੰਦੇ ਹਨ, ਜਿਹੋ ਜਿਹੇ ਉਨ੍ਹਾਂ ਦੇ ਕਰਮ ਜਾਂ ਸੁਭਾਵ ਹੁੰਦੇ ਹਨ ਉਹ ਅਸਥਾਨ ਉਨ੍ਹਾਂ ਦਾ ਪ੍ਰਭਾਵ ਕਬੂਲਦਾ ਹੈ ਤੇ ਉਸੇ ਤਰ੍ਹਾਂ ਦੀ ਪ੍ਰੇਰਨਾ ਹੋਰ ਜੀਵਾਂ ਨੂੰ ਦਿੰਦਾ ਹੈ। ਗੁਰੂ ਸਾਹਿਬਾਨ ਦੀ ਹਸਤੀ ਤਿੰਨਾਂ ਗੁਣਾਂ ਅਰਥਾਤ ਤਿੰਨਾਂ ਅਵਸਥਾਵਾਂ ‘ਰਜੋ, ਤਮੋ ਤੇ ਸਤੋ’ ਤੋਂ ਉੱਪਰ ਮਾਇਆ ਤੋਂ ਨਿਰਲੇਪ, ਪਰਮਾਤਮਾ ਦੇ ਨਾਮ ਦਾ ਭੰਡਾਰ ਨਿਰੰਕਾਰ ਸਰੂਪ ਸੀ। ਉਨ੍ਹਾਂ ਦੀ ਸ਼ਖ਼ਸੀਅਤ, ਉਨ੍ਹਾਂ ਦਾ ਦਰਸ਼ਨ, ਉਨ੍ਹਾਂ ਦੇ ਬਚਨ ਭਗਤੀ-ਭਾਵਨਾ ਦੀ ਅਥਾਹ ਪ੍ਰੇਰਨਾ ਦਾ ਸੋਮਾ ਸਨ। ਉਨ੍ਹਾਂ ਦੀ ਸੰਗਤ ਨਾਲ, ਉਨ੍ਹਾਂ ਦੀ ਜੋਤ ਨਾਲ ਮਲਿਕ ਭਾਗੋ ਵਰਗੇ, ਕੌਡੇ ਰਾਕਸ਼ ਵਰਗੇ, ਸੱਜਣ ਠੱਗ ਵਰਗੇ ਬਦਲ ਗਏ, ਦਰੱਖ਼ਤਾਂ ਦੇ ਫਲ ਮਿੱਠੇ ਹੋ ਗਏ, ਖਾਰੇ ਪਾਣੀਆਂ ਦੇ ਵਿਚਕਾਰ ਮਿੱਠੇ ਪਾਣੀ ਦੇ ਚਸ਼ਮੇ ਵਗ ਤੁਰੇ। ਸਤਿਗੁਰੂ ਦੀ ਅਦੁੱਤੀ ਸ਼ਖ਼ਸੀਅਤ ਬਾਰੇ ਗੁਰਬਾਣੀ ਵਿਚ ਵਰਣਨ ਕੀਤਾ ਗਿਆ ਹੈ:

ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥(ਪੰਨਾ 310)

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥
ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥         (ਪੰਨਾ 450)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰੇ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਕਰ ਕੇ ਨਾਮ ਦੀ ਪ੍ਰੇਰਨਾ ਅਤੇ ਨਿਰੰਕਾਰ ਦੀ ਪੂਜਾ ਦਾ ਉਪਦੇਸ਼ ਦਿੱਤਾ। ਜਿੱਥੇ ਉਹ ਬਿਰਾਜੇ ਗੁਰਸਿੱਖੀ ਚੇਤਨਾ ਨੇ ਉਨ੍ਹਾਂ ਥਾਵਾਂ ਦੀ ਯਾਦ ਨੂੰ ਸੰਭਾਲ ਕੇ ਰੱਖਿਆ ਤੇ ਉਥੇ ਪਹਿਰਾ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਨ੍ਹਾਂ ਥਾਵਾਂ ’ਤੇ ਜਾ ਕੇ ਇਨ੍ਹਾਂ ਦੀ ਸਥਾਪਨਾ ਕੀਤੀ ਤੇ ਸਿੱਖੀ ਦੇ ਪ੍ਰਚਾਰ-ਕੇਂਦਰਾਂ ਦੇ ਰੂਪ ਵਿਚ ਪ੍ਰਗਟ ਕੀਤਾ। ਇਨ੍ਹਾਂ ਅਸਥਾਨਾਂ ਦੀ ਪਰੰਪਰਾ ਵਿਚ ਹੀ ਬਾਕੀ ਗੁਰੂ ਸਾਹਿਬਾਨ ਦੇ ਅਸਥਾਨਾਂ ਨੂੰ ਸਿੱਖਾਂ ਨੇ ਪਵਿੱਤਰ ਅਸਥਾਨ ਮੰਨ ਕੇ ਯਾਦਗਾਰਾਂ ਤੇ ਧਰਮਸ਼ਾਲਾਵਾਂ ਬਣਵਾਈਆਂ। ਪਹਿਲਾਂ ਸਿੱਖੀ ਪ੍ਰਚਾਰ-ਕੇਂਦਰ ਦਾ ਨਾਮ ‘ਧਰਮਸ਼ਾਲਾ’ ਹੀ ਸੀ। ਜਿਸ ਤਰ੍ਹਾਂ ਇਸ ਧਰਤੀ ਨੂੰ ਪਰਮਾਤਮਾ ਨੇ ਧਰਮ ਦੇ ਪ੍ਰਚਾਰ ਦਾ ਤੇ ਪ੍ਰੇਰਨਾ ਦਾ ਕੇਂਦਰ ਸਥਾਪਤ ਕੀਤਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਧਰਮਸ਼ਾਲਾ ਬਣਵਾ ਕੇ ਧਰਮ ਦਾ ਪ੍ਰਚਾਰ ਕੀਤਾ। ਭਾਈ ਗੁਰਦਾਸ ਜੀ ਲਿਖਦੇ ਹਨ:

ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ।
ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥ (ਵਾਰ 1:27)

ਮੋਹ-ਮਾਇਆ ਵਿਚ ਸਦਾ ਗ੍ਰਸਿਆ ਰਹਿਣ ਕਰਕੇ ਇਸ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ ਲੱਗੀ ਹੋਈ ਹੈ। ਇਸ ਮੈਲ ਨੂੰ ਦੂਰ ਕੀਤੇ ਬਿਨਾਂ ਮਨ ਦਾ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ। ਸਤਿਗੁਰਾਂ ਦਾ ਫ਼ੁਰਮਾਨ ਹੈ:

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (ਪੰਨਾ 558)

ਇਸ ਮੈਲ ਕਾਰਨ ਉਸ ਮਨ-ਮੰਦਰ ਵਿਚ ਆਤਮਾ ਦਾ ਸ਼ੁੱਧ ਪ੍ਰਕਾਸ਼ ਨਹੀਂ ਪ੍ਰਗਟ ਹੁੰਦਾ। ਇਸ ਮਨ ਦੀ ਮੈਲ ਗੁਰਦੁਆਰੇ ਵਿਚ ਸਾਧ-ਸੰਗਤ ਵਿਚ ਮਿਲ ਕੇ ਸੇਵਾ, ਸਿਮਰਨ ਅਤੇ ਧਿਆਨ ਕਰ ਕੇ ਹੀ ਦੂਰ ਹੋ ਸਕਦੀ ਹੈ, ਹੋਰ ਕਿਸੇ ਤਰ੍ਹਾਂ ਇਹ ਮੈਲ ਦੂਰ ਨਹੀਂ ਹੋ ਸਕਦੀ। ਗੁਰਬਾਣੀ ਦਾ ਫ਼ੁਰਮਾਨ ਹੈ:

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤੁ ਦੁਆਰੈ ਧੋਇ ਹਛਾ ਹੋਇਸੀ॥  (ਪੰਨਾ 730)

ਗੁਰਮਤਿ ਵਿਚਾਰਧਾਰਾ ਇਕ ਮੁਕੰਮਲ ਵਿਚਾਰਧਾਰਾ ਹੈ, ਇਕ ਮੁਕੰਮਲ ਇਨਕਲਾਬ ਦੀ ਵਿਚਾਰਧਾਰਾ ਹੈ। ਇਹ ਜਿੱਥੇ ਸਾਨੂੰ ਪਤਾਲ, ਅਕਾਸ਼, ਧਰਤੀ, ਖੰਡਾਂ, ਬ੍ਰਹਿਮੰਡਾਂ ਦਾ ਗਿਆਨ ਕਰਾਉਂਦੀ ਹੈ ਉਥੇ ਮਨੁੱਖ ਨੂੰ ਧਾਰਮਕ, ਸਮਾਜਕ, ਆਰਥਕ ਅਤੇ ਰਾਜਨੀਤਿਕ ਪੱਖ ਤੋਂ ਵੀ ਪੂਰੀ ਤਰ੍ਹਾਂ ਅਗਵਾਈ ਦਿੰਦੀ ਹੈ। ਗੁਰਮਤਿ ਮਨੁੱਖ ਨੂੰ ਭੂਤ, ਭਵਿੱਖ ਅਤੇ ਵਰਤਮਾਨ ਦੀ ਸੋਝੀ ਪ੍ਰਦਾਨ ਕਰਦੀ ਹੈ। ਇਹ ਗੁਰਮਤਿ ਗਿਆਨ ਅਤੇ ਵਿਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਾਲ ਰੂਪ ਵਿਚ ਵਿਦਮਾਨ ਹੈ। ਇਹ ਅਕਾਲ ਪੁਰਖ ਵੱਲੋਂ ਗੁਰੂ ਸਾਹਿਬਾਨ ਰਾਹੀਂ ਪ੍ਰਗਟ ਕੀਤੀ ਧੁਰ ਕੀ ਬਾਣੀ ਹੈ ਜੋ ਪਾਰਬ੍ਰਹਮ ਅਤੇ ਬ੍ਰਹਿਮੰਡ ਦਾ ਗਿਆਨ ਕਰਾਉਂਦੀ ਹੈ। ਗੁਰਸਿੱਖਾਂ ਨੂੰ ਗੁਰਬਾਣੀ ਨੂੰ ਸਤਿ ਕਰਕੇ ਮੰਨਣ ਦਾ ਉਪਦੇਸ਼ ਹੈ।

ਫ਼ੁਰਮਾਨ ਹੈ:

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਜਿੱਥੇ ਆਤਮਾ ਅਤੇ ਪਰਮਾਤਮਾ ਦੇ ਮੇਲ- ਮਿਲਾਪ ਕਰਾਉਣ ਦਾ ਪਵਿੱਤਰ ਸਥਾਨ ਹੈ ਉਥੇ ਇਹ ਮਨੁੱਖ ਨੂੰ ਮੁਕੰਮਲ ਜੀਵਨ- ਜੁਗਤ ਪ੍ਰਦਾਨ ਕਰਨ ਦਾ ਸ੍ਰੋਤ ਵੀ ਹੈ। ਜਿਸ ਤਰ੍ਹਾਂ ਕਾਇਆ ਅੰਦਰ ਆਤਮਾ ਅਕਾਲ ਪੁਰਖ ਦੀ ਜੋਤਿ ਸਰੂਪ ਹੈ ਇਸੇ ਤਰ੍ਹਾਂ ਗੁਰਦੁਆਰਾ ਸਰੀਰ ਰੂਪ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ-ਗੁਰੂ ਅਕਾਲ ਪੁਰਖ ਦੇ ਜੋਤਿ ਸਰੂਪ ਵਿਚ ਵਿਦਮਾਨ ਹੈ। ਸਤਿਗੁਰਾਂ ਦਾ ਫ਼ੁਰਮਾਨ ਹੈ:

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥  (ਪੰਨਾ 1256)

ਗੁਰਦੁਆਰਾ ਸਿੱਖ ਸਭਿਆਚਾਰ ਦਾ ਕੇਂਦਰ ਹੈ। ਗੁਰਦੁਆਰਾ ਸਾਂਝੀਵਾਲਤਾ, ਵਿਸ਼ਵ-ਭਾਈਚਾਰੇ, ਸਰਬੱਤ ਦੇ ਭਲੇ, ਕਿਰਤ ਕਰਨ, ਵੰਡ ਛਕਣ, ਨਾਮ ਜਪਣ, ਸੇਵਾ-ਸਿਮਰਨ ਕਰਨ, ਪਰਉਪਕਾਰੀ ਹੋਣ, ਉੱਦਮ ਕਰਨ, ਉੱਤਮ ਆਚਾਰ, ਵਿਹਾਰ ਤੇ ਕਿਰਦਾਰ, ਹਲੀਮੀ, ਨਿਮਰਤਾ, ਆਪਣੇ ਫਰਜ਼ਾਂ ਦੀ ਪੂਰਤੀ ਹਿਤ ਦ੍ਰਿੜ੍ਹਤਾ, ਹੱਕ- ਸੱਚ ਤੇ ਧਰਮ ਲਈ ਜੂਝਣ, ਨਿਆਏਸ਼ੀਲ ਹਲੇਮੀ ਰਾਜ, ਬੇਸਹਾਰਿਆਂ ਤੇ ਨਿਆਸਰਿਆਂ ਦੇ ਸਹਾਰੇ ਆਸਰੇ ਬਣਨ, ਕੁਰਬਾਨੀ ਤੇ ਤਿਆਗ ਅਤੇ ਜੀਵਨ- ਮੁਕਤਿ ਹੋਣ ਦੇ ਮਹਾਨ ਅਤੇ ਵਿਲੱਖਣ ਸਿਧਾਂਤ ਦਾ ਸ੍ਰੋਤ ਹੈ। ਗੁਰਦੁਆਰੇ ਦੀ ਸਿੱਖਿਆ ਈਰਖਾ, ਦ੍ਵੈਖ, ਧਾਰਮਕ ਕੱਟੜਤਾ, ਕਰਮਕਾਂਡ, ਪਾਖੰਡਵਾਦ, ਵਿਹਲੜਪੁਣੇ, ਕੂੜ-ਕਪਟ ਤੇ ਹੰਕਾਰ, ਊਚ-ਨੀਚ ਅਤੇ ਜਾਤ-ਪਾਤ ਦੇ ਭੇਦ-ਭਾਵ, ਨਸ਼ਿਆਂ ਦੇ ਸੇਵਨ, ਲੁੱਟ-ਖਸੁੱਟ, ਅਸ਼ਲੀਲਤਾ, ਨੰਗੇਜਵਾਦ ਅਤੇ ਹਰ ਕਿਸਮ ਦੇ ਸ਼ੋਸ਼ਣ ਦਾ ਜ਼ੋਰਦਾਰ ਖੰਡਨ ਅਤੇ ਵਿਰੋਧ ਕਰਦੀ ਹੈ। ਗੁਰਦੁਆਰਾ ਸਾਹਿਬ ਮਨੁੱਖ ਨੂੰ ਆਪਣੇ ਸ੍ਰੋਤ ਅਤੇ ਵਿਰਾਸਤ ਨਾਲ ਜੁੜੇ ਰਹਿੰਦਿਆਂ, ਵਰਤਮਾਨ ਵਿਚ ਸੁਚੇਤ ਤੇ ਭਰਪੂਰ ਜੀਵਨ ਜਿਊਂਦਿਆਂ ਭਵਿੱਖਤਮੁਖੀ ਹੋ ਕੇ ਵਿਚਰਨ ਅਤੇ ਸਮੇਂ ਦੇ ਹਾਣੀ ਹੋਣ ਦਾ ਉਪਦੇਸ਼ ਦਿੰਦਾ ਹੈ।

ਅੱਜ ਪਿੰਡਾਂ ਅਤੇ ਸ਼ਹਿਰਾਂ ਵਿਚ ਗੁਰਦੁਆਰਾ ਸਾਹਿਬਾਨ ਦੀ ਗਿਣਤੀ ਬਹੁਤ ਵਧ ਰਹੀ ਹੈ। ਓਪਰੀ ਨਜ਼ਰੇ ਦੇਖਿਆਂ ਇਹ ਗੱਲ ਖੁਸ਼ੀ ਵਾਲੀ ਮੰਨੀ ਜਾ ਸਕਦੀ ਹੈ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਇਹ ਉਸਾਰੀ ਬਹੁਤਾ ਕਰਕੇ ਫੋਕੀ ਹਉਮੈ, ਚੌਧਰਾਂ ਤੇ ਪ੍ਰਧਾਨਗੀਆਂ ਹਾਸਲ ਕਰਨ ਹਿੱਤ ਹੋ ਰਹੀ ਹੈ, ਨਾ ਕਿ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ। ਗੁਰਦੁਆਰਾ ਸਾਹਿਬਾਨ ਦੀ ਇੰਨੀ ਅਧਿਕ ਗਿਣਤੀ ਵਿਚ ਉਸਾਰੀ ਹੋਣ ਦੇ ਬਾਵਜੂਦ ਸਿੱਖੀ, ਸਿਧਾਂਤ, ਸਰੂਪ ਅਤੇ ਸ਼ਰਧਾ ਘਟ ਰਹੀ ਹੈ। ਪਾਖੰਡ, ਕਰਮਕਾਂਡ, ਪਤਿਤਪੁਣਾ, ਮਾਦਾ-ਭਰੂਣ-ਹੱਤਿਆ, ਦਾਜ-ਦਹੇਜ, ਨਸ਼ੇ, ਨੰਗੇਜਵਾਦ, ਫੈਸ਼ਨਪ੍ਰਸਤੀ, ਅਸ਼ਲੀਲਤਾ ਅਤੇ ਜ਼ਰਾਇਮ-ਪੇਸ਼ਾ ਵਾਲੀਆਂ ਰੁਚੀਆਂ ਵਧ ਰਹੀਆਂ ਹਨ ਜੋ ਡੂੰਘੀ ਚਿੰਤਾ ਦਾ ਸਰੋਕਾਰ ਹਨ। ਕੀਰਤਨ ਸਮਾਗਮ ਬਹੁਤ ਹੋ ਰਹੇ ਹਨ। ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ ਅਤੇ ਨਾਅਰੇ-ਜੈਕਾਰੇ ਵੀ ਬਹੁਤ ਗਜਾਏ ਜਾ ਰਹੇ ਹਨ। ਐਸਾ ਹੋਣਾ ਵੀ ਚਾਹੀਦੈ ਕਿਉਂਕਿ ਇਹ ਸਭ ਕੁਝ ਮਹਾਨ ਵਿਰਾਸਤ ਅਤੇ ਮਾਣ-ਮਰਯਾਦਾ ਦਾ ਹੀ ਹਿੱਸਾ ਹੈ। ਪਰੰਤੂ ਫਿਕਰ ਇਸ ਗੱਲ ਦਾ ਹੈ ਕਿ ਅਸੀਂ ਸਤਿਗੁਰਾਂ ਦੇ ਮਹਾਨ ਅਤੇ ਵਿਲੱਖਣ ਫ਼ਲਸਫ਼ੇ ਅਤੇ ਉਪਦੇਸ਼ ਤੋਂ ਸੱਖਣੇ ਅਤੇ ਕੋਰੇ ਹੋ ਰਹੇ ਹਾਂ ਕਿਉਂਕਿ ਸ਼ਬਦ ਦੀ ਵੀਚਾਰ ਘਟ ਗਈ ਹੈ। ਕਥਾ ਹੋਣੀ ਬਹੁਤ ਜ਼ਰੂਰੀ ਹੈ ਪਰ ਕਥਾ ਵਿਚ ਲੁਕੇ ਅਸਲ ਰਹੱਸ ਦੀ ਵਿਆਖਿਆ ਘੱਟ ਹੋ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ ਵੱਲੋਂ ਨਿਭਾਈ ਜਾ ਰਹੀ ਕਥਾ ਅਤੇ ਕੀਰਤਨ ਦੀ ਸੇਵਾ ਭਾਈ ਗੁਰਦਾਸ ਜੀ ਨੂੰ ਥਾਪੜਾ ਦੇ ਕੇ ਇਹ ਸੇਵਾ ਗੁਰਸਿੱਖਾਂ ਵੱਲੋਂ ਨਿਭਾਏ ਜਾਣ ਦੀ ਪਿਰਤ ਪਾਈ। ਭਾਈ ਗੁਰਦਾਸ ਜੀ ਇਸ ਬਾਰੇ ਇਉਂ ਫ਼ਰਮਾਉਂਦੇ ਹਨ:

ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ॥ (ਵਾਰ 24:19)

ਗੁਰੂ ਸਾਹਿਬ ਨੇ ਗੁਰ-ਸ਼ਬਦ ਦੀ ਵੀਚਾਰ ਉੱਤੇ ਹੀ ਜ਼ੋਰ ਦਿੱਤਾ ਹੈ। ਫ਼ੁਰਮਾਨ ਹੈ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 594)

ਇਸੇ ਤਰ੍ਹਾਂ ਹੋਰ ਵੀ ਦੁਖਦਾਇਕ ਅਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਜਾਤਾਂ ਅਤੇ ਕਬੀਲਿਆਂ ਦੇ ਆਧਾਰ ਉੱਤੇ ਬਣ ਗਏ ਹਨ ਅਤੇ ਬਣ ਰਹੇ ਹਨ। ਇਹ ਗੁਰਦੁਆਰਾ ਸਾਹਿਬ ਦੇ ਮੂਲ ਸਿਧਾਂਤ ਅਤੇ ਫ਼ਿਲਾਸਫ਼ੀ ਤੋਂ ਐਨ ਉਲਟ ਹੈ। ਗੁਰੂ ਸਾਹਿਬਾਨ ਨੇ ਸਾਰੇ ਸਮਾਜ ਨੂੰ ਇਕੱਠਾ ਕਰਨ ਅਤੇ ਇਕ ਸੂਤਰ ਵਿਚ ਪਰੋਣ ਲਈ ਮਹਾਨ ਯਤਨ ਕੀਤੇ ਪਰੰਤੂ ਜਾਤਾਂ ਅਤੇ ਕਬੀਲਿਆਂ ਦੇ ਆਧਾਰ ਉੱਤੇ ਬਣ ਰਹੇ ਗੁਰਦੁਆਰਾ ਸਾਹਿਬਾਨ ਕਾਰਨ ਤਾਂ ਇਸ ਦਾ ਮਹੱਤਵ ਹੀ ਗੁਆਚ ਗਿਆ ਹੈ। ਅਜਿਹਾ ਕਰਨ ਨਾਲ ਊਚ-ਨੀਚ ਦੀਆਂ ਭਾਵਨਾਵਾਂ ਪੈਦਾ ਹੋ ਗਈਆਂ ਹਨ ਅਤੇ ਸਮਾਜ ਵੰਡਿਆ ਜਾ ਰਿਹੈ ਅਤੇ ਜਾਤੀ-ਆਧਾਰਤ ਨਫ਼ਰਤ ਵੀ ਫੈਲ ਰਹੀ ਹੈ।

ਗੁਰੂ-ਸਿਧਾਂਤ ਦੀ ਨਿਰਮਲ ਸੇਧ ਵਿਚ ਇਹ ਸੁਝਾਅ ਹੈ ਕਿ ਗੁਰੂ-ਘਰ ਦੀ ਸੇਵਾ-ਸੰਭਾਲ ਕਰਨ ਅਤੇ ਪ੍ਰਬੰਧ ਚਲਾਉਣ ਹਿਤ ਉਨ੍ਹਾਂ ਸੱਜਣਾਂ ਦੀਆਂ ਹੀ ਨਿਯੁਕਤੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਟੇਕ ਸਤਿਗੁਰਾਂ ਉੱਤੇ ਹੋਵੇ। ਉਨ੍ਹਾਂ ਅੰਦਰ ਚਰਿੱਤਰ, ਗਿਆਨ, ਸ਼ਰਧਾ ਅਤੇ ਸਤਿਕਾਰ ਸੱਚਾ-ਸੁੱਚਾ ਅਤੇ ਭਰਪੂਰ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਕੇਵਲ “ਰੋਟੀਆ ਕਾਰਣਿ ਪੂਰਹਿ ਤਾਲ” ਵਾਲੀ ਹਾਲਤ ਨਹੀਂ ਹੋਣੀ ਚਾਹੀਦੀ। ਅਜਿਹੀ ਵਿਵਸਥਾ ਨੂੰ ਸੁਨਿਸ਼ਚਿਤ ਕਰ ਕੇ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

ਗੁਰਦੁਆਰਾ ਸਾਹਿਬਾਨ ਦਾ ਉਦੇਸ਼ ਅਤੇ ਉਪਦੇਸ਼ ਮਹਾਨ ਹੈ। ਇਨ੍ਹਾਂ ਦੀ ਸੇਵਾ-ਸੰਭਾਲ ਅਤੇ ਪ੍ਰਬੰਧ ਲਈ ਉਹ ਯੋਗ ਵਿਅਕਤੀ ਹੀ ਅੱਗੇ ਆਉਣ ਜੋ ਨਿਸ਼ਕਾਮ, ਨਿਸ਼ਕਪਟ, ਊਚ-ਨੀਚ ਦੀ ਭਾਵਨਾ ਤੋਂ ਰਹਿਤ, ਕੇਵਲ ਤੇ ਕੇਵਲ ਸ਼ਰਧਾ ਅਤੇ ਸਮਰਪਣ ਦੀ ਭਾਵਨਾ ਵਾਲੇ ਹੋਣ। ਉਨ੍ਹਾਂ ਨੂੰ ਗੁਰਮਤਿ ਗਿਆਨ, ਮਹਾਨ ਸਿੱਖ ਵਿਰਾਸਤ, ਸਿੱਖ-ਇਤਿਹਾਸ ਅਤੇ ਗੁਰ-ਮਰਯਾਦਾ ਬਾਰੇ ਪੂਰੀ ਸੋਝੀ ਹੋਵੇ। ਗੁਰਦੁਆਰਾ ਸਾਹਿਬਾਨ ਦੇ ਕੁਪ੍ਰਬੰਧ ਬਾਰੇ ਭਾਈ ਗੁਰਦਾਸ ਜੀ ਇਉਂ ਸੁਚੇਤ ਕਰਦੇ ਹਨ:

ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ॥
ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ॥
ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ॥
ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ॥544॥ (ਕਬਿੱਤ ਭਾਈ ਗੁਰਦਾਸ ਜੀ)

ਵਿਗਿਆਨ ਅਤੇ ਗਿਆਨ ਦੇ ਇਸ ਯੁੱਗ ਵਿਚ ਡੇਰਾਵਾਦ ਅਤੇ ਦੇਹਧਾਰੀ ਗੁਰੂ-ਡੰਮ੍ਹ ਦਾ ਖੂਬ ਬੋਲਬਾਲਾ ਹੈ। ਬਹੁਤ ਸਾਰੇ ਡੇਰੇਦਾਰ, ਢੌਂਗੀ, ਅਖੌਤੀ ਸਾਧ, ਪਾਖੰਡੀ ਬਾਬੇ ਲੋਕਾਂ ਦੀ ਅਨਪੜ੍ਹਤਾ ਤੇ ਅਗਿਆਨਤਾ ਅਤੇ ਉਨ੍ਹਾਂ ਅੰਦਰ ਹੱਦੋਂ ਵੱਧ ਦੀਆਂ ਇਛਾਵਾਂ ਅਤੇ ਤ੍ਰਿਸ਼ਨਾਵਾਂ ਦੀ ਜਲਦ ਪੂਰਤੀ ਤੇ ਪ੍ਰਾਪਤੀ ਦੀ ਤਾਂਘ ਨੂੰ ਭਾਂਪਦਿਆਂ, ਜੋ ਆਪਣੇ-ਆਪ ਨੂੰ ਰੱਬ ਹੀ ਅਖਵਾਉਂਦੇ ਹਨ, ਵੱਡੇ-ਵੱਡੇ ਚੋਲੇ ਪਾ ਕੇ ਨਾਲ ਚੇਲਿਆਂ ਦੀ ਧਾੜ ਲੈ ਕੇ ਲੋਕਾਂ ਦਾ ਪੂਰਾ ਸ਼ੋਸ਼ਣ ਕਰ ਰਹੇ ਹਨ। ਅਜਿਹੇ ਢੌਂਗੀਆਂ ਬਾਰੇ ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਹੈ:

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ (ਪੰਨਾ 751)

ਅਜਿਹੇ ਢੌਂਗੀ ਆਪਣੀਆਂ ਇਛਾਵਾਂ ਅਤੇ ਤ੍ਰਿਸ਼ਨਾਵਾਂ ਉੱਤੇ ਕਾਬੂ ਨਹੀਂ ਪਾ ਸਕੇ ਸਗੋਂ ਕ੍ਰੋਧ ਭਰਪੂਰ ਹੰਕਾਰ ਵਿਚ ਗ੍ਰਸੇ ਹੋਏ ਬਹੁਰੂਪੀਏ ਹਨ। ਅਜਿਹੇ ਛਲੀਏ ਲੋਕਾਂ ਅਤੇ ਕਪਟੀਆਂ ਬਾਰੇ ਗੁਰਬਾਣੀ ਇਉਂ ਸੁਚੇਤ ਕਰਦੀ ਹੈ:

ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥ (ਪੰਨਾ 1253)

ਕਈ ਕਿਸਮ ਦੇ ਦੰਭ ਤੇ ਪਾਖੰਡ ਕਰ ਕੇ ਇਹ ਲੋਕ ਆਪਣੇ ਤਨਖ਼ਾਹਦਾਰ ਪਾਲਤੂ ਚਾਟੜਿਆਂ ਅਤੇ ਟਾਊਟਾਂ ਰਾਹੀਂ ਲੋਕਾਂ ਨੂੰ ਲੁੱਟ ਕੇ ਆਪਣੀ ਐਸ਼ੋ-ਇਸ਼ਰਤ ਵਿਚ ਗ਼ਲਤਾਨ ਹਨ ਅਤੇ ਆਪਣੀਆਂ ਗੋਗੜਾਂ ਹੀ ਵਧਾ ਰਹੇ ਹਨ। ਗੁਰਬਾਣੀ ਅਜਿਹੇ ਮਨੁੱਖਾਂ ਬਾਰੇ ਇਉਂ ਫ਼ੁਰਮਾਉਂਦੀ ਹੈ:

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥ (ਪੰਨਾ 790)

ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ॥ (ਪੰਨਾ 526)

ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥ (ਪੰਨਾ 536)

ਇਹ ਪਾਖੰਡੀ ਲੋਕਾਂ ਨੂੰ ਦਾਤਾਂ ਬਖ਼ਸ਼ਣ ਦਾ ਢੌਂਗ ਕਰਦੇ ਹਨ ਜਦਕਿ ਦਾਤਾਂ ਕੇਵਲ ਅਕਾਲ ਪੁਰਖ ਹੀ ਬਖ਼ਸ਼ ਸਕਦੇ ਹਨ। ਦੁਨੀਆਂ ਦੀ ਹੋਰ ਕੋਈ ਸ਼ਕਤੀ ਇਸ ਦੇ ਸਮਰੱਥ ਨਹੀਂ ਹੈ। ਕਵੀ ਕੰਕਣੁ ਲਿਖਦੇ ਹਨ ਕਿ ਸਰਬੰਸਦਾਨੀ ਦਸਮ ਪਾਤਸ਼ਾਹ ਆਪਣੇ ਸਿੱਖਾਂ ਨੂੰ ਅਜਿਹੇ ਦੰਭੀਆਂ ਤੋਂ ਸੁਚੇਤ ਕਰਦਿਆਂ ਸਮਝਾਇਆ ਸੀ:

ਕਲਿ ਮਹਿ ਹੋਹਿੰ ਪਖੰਡ ਅਨੇਕਾਂ।
ਸੋ ਮਮ ਸਿਖ ਨ ਮਾਨੈ ਏਕਾ।
ਟਾਮਨ ਕਰ ਕੋਊ ਭੀਤ ਨਚਾਵੈ।
ਤੋ ਭੀ ਮਮ ਸਿਖਨ ਨਹੀਂ ਭਾਵੈ।
ਨਿਜ ਅੰਗੂਰੀ ਤੇ ਦੂਧ ਚੁਆਵਹਿ।
ਆਪ ਆਪ ਕੋ ਗੁਰੂ ਕਹਾਵੈ।
ਜੋ ਜੁਵਤਨ ਮੁਝ ਤੇ ਥਾਪੀ ਲੇਵਹਿ।
ਤਿਨ ਕੋ ਹਮ ਪੁਤ੍ਰ ਫਲ ਦੇਵਹਿ।

ਅਜਿਹੇ ਦੰਭੀ ਅਤੇ ਪਾਖੰਡੀਆਂ ਬਾਰੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ‘ਸੁਖਮਨੀ ਸਾਹਿਬ’ ਵਿਚ ਇਉਂ ਫ਼ੁਰਮਾਉਂਦੇ ਹਨ ਕਿ ਇਹ ਆਪੂੰ ਬਣੇ ਰੱਬ ਹਮੇਸ਼ਾਂ ਗਰਭ ਅਗਨ ਵਿਚ ਸੜਦੇ-ਮਰਦੇ ਰਹਿੰਦੇ ਹਨ। ਗੁਰਵਾਕ ਹੈ:

ਜਬ ਇਹ ਜਾਨੈ ਮੈ ਕਿਛੁ ਕਰਤਾ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ॥  (ਪੰਨਾ 278)

ਅਜਿਹੇ ਕੱਚੇ ਅਖੌਤੀ ਬਾਬਿਆਂ ਬਾਰੇ ਗੁਰੂ ਜੀ ਸਮਝਾਉਂਦੇ ਹਨ ਕਿ ਇਹ ਤਾਂ ਇਥੇ ਹੀ ਸਮਾਪਤ ਹੋ ਜਾਣਗੇ, ਮਿੱਟੀ ਵਿਚ ਰੁਲ ਜਾਣਗੇ ਅਤੇ ਲੋਕਾਂ ਦਾ ਕੁਝ ਵੀ ਨਹੀਂ ਸੰਵਾਰ ਸਕਣਗੇ। ਕੇਵਲ ਤੇ ਕੇਵਲ ਸੱਚੇ ਸੰਤ ਹੀ ਲੋਕ ਅਤੇ ਪਰਲੋਕ ਵਿਚ ਸਹਾਈ ਹੋਣਗੇ। ਗੁਰਵਾਕ ਹੈ:

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥ (ਪੰਨਾ 1102)

 ਇਹ ਪਾਖੰਡੀ ਲੋਕ ਝੂਠੇ ਹਨ ਤੇ ਬੁਰੇ ਕਰਮ ਕਰਦੇ ਹਨ ਪਰ ਲੋਕਾਂ ਨੂੰ ਮੱਤਾਂ ਦਿੰਦੇ ਹਨ। ਇਸ ਤਰ੍ਹਾਂ ਆਪਣਾ ਜੀਵਨ ਵੀ ਬਰਬਾਦ ਕਰਦੇ ਹਨ ਤੇ ਸਾਥੀਆਂ ਨੂੰ ਵੀ ਡੋਬਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਬਾਰੇ ਫ਼ੁਰਮਾਉਂਦੇ ਹਨ:

ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥ (ਪੰਨਾ 139-40)

ਇਨ੍ਹਾਂ ਡੇਰੇਦਾਰਾਂ ਨੇ ਲੋਕਾਂ ਨੂੰ ਭੁਚਲਾਉਣ ਲਈ ਨਿਚਲੇ ਦਰਜੇ ਦੀ ਕਵਿਤਾ ਜੋੜੀ ਹੋਈ ਹੈ ਜਿਸ ਨੂੰ ਇਹ ਬਾਣੀ ਵਜੋਂ ਪ੍ਰਚਾਰਨ ਦਾ ਘੋਰ ਅਪਰਾਧ ਕਰ ਰਹੇ ਹਨ। ਅਸਲ ਗੁਰਬਾਣੀ ਦੇ ਅਰਥਾਂ ਦੀ ਥਾਂ ਅਨਰਥ ਕਰ ਕੇ ਆਪਣੇ ਆਪ ਉੱਤੇ ਢਾਲਦੇ ਹਨ। ਇਸ ਕੱਚੀ ਬਾਣੀ ਵਿਚ ਇਨ੍ਹਾਂ ਬਾਬਿਆਂ ਦੇ ਅਣਹੋਏ ਗੁਣਾਂ ਦਾ ਗਾਇਨ ਹੀ ਕੀਤਾ ਹੁੰਦਾ ਹੈ ਅਤੇ ਪਰਮਾਤਮਾ ਦੀ ਸਿਫ਼ਤ ਨਹੀਂ ਕੀਤੀ ਜਾਂਦੀ। ਕੱਚੀ ਬਾਣੀ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦ ਸਾਹਿਬ’ ਬਾਣੀ ਵਿਚ ਫ਼ੁਰਮਾਇਆ ਹੈ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ 920)

ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਸਤਿਗੁਰਾਂ ਦੀ ਨਕਲ ਕਰ ਕੇ ਕੱਚੀ ਬਾਣੀ ਗਾਉਣ ਵਾਲਿਆਂ ਪ੍ਰਤੀ ਫ਼ੁਰਮਾਨ ਹੈ:

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨਾ੍ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥  (ਪੰਨਾ 304)

ਇਹ ਤਾਂ ਝੂਠ ਦੀਆਂ ਦੁਕਾਨਾਂ ਹਨ ਜਿੱਥੇ ਕੂੜ ਦਾ ਵਪਾਰ ਹੋ ਰਿਹਾ ਹੈ। ਇਨ੍ਹਾਂ ਥਾਵਾਂ ਉੱਤੇ ਨੀਵੀਂ ਸੋਚ, ਸਮਝ ਅਤੇ ਵਿਗੜੀਆਂ ਆਦਤਾਂ ਵਾਲੇ ਵਿਅਕਤੀ ਹੀ ਵਿਚਰਦੇ ਹਨ। ਅਜਿਹੇ ਵਿਅਕਤੀਆਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ:

ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ (ਪੰਨਾ 790)

ਅਜਿਹੇ ਡੇਰੇਦਾਰਾਂ ਨੂੰ ਮਨਮੁਖ ਹੀ ਕਿਹਾ ਜਾ ਸਕਦੈ ਕਿਉਂਕਿ ਇਹ ਗੁਰੂ ਤੋਂ ਬੇਮੁਖ ਹਨ ਅਤੇ ਆਪਣੀਆਂ ਵਾਸਨਾਵਾਂ ਦੀ ਪੂਰਤੀ ਅਤੇ ਧਨ ਜੋੜਨ ਦੀ ਲਾਲਸਾ ਕਾਰਨ ਭੋਲੇ-ਭਾਲੇ ਲੋਕਾਂ ਨੂੰ ਅਕਾਲ ਪੁਰਖ ਨਾਲ ਜੋੜਨ ਦੀ ਥਾਂ ਆਪਣੇ ਨਿੱਜ ਨਾਲ ਜੋੜਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਅਜਿਹੇ ਮਨਮੁਖਾਂ ਤੇ ਧਨ ਦੇ ਲੋਭੀਆਂ ਪ੍ਰਤੀ ਇਉਂ ਫ਼ੁਰਮਾਇਆ ਹੈ:

ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ॥
ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ॥
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ॥
ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ॥
ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ॥ (ਪੰਨਾ 1423)

ਇਸ ਲਈ ਆਓ! ਅਸਲ ਅਤੇ ਨਕਲ ਦਾ ਫ਼ਰਕ ਸਮਝੀਏ! ਕੂੜ ਨੂੰ ਤੱਜ ਕੇ ਸੱਚ ਦਾ ਲੜ ਫੜੀਏ। ਇਹ ਤਾਂ ਹੀ ਹੋ ਸਕੇਗਾ ਜੇਕਰ ਅਸੀਂ ਗੁਰੂ-ਘਰ ਦੀ ਸਿੱਖਿਆ ਲਵਾਂਗੇ, ਆਪਣੇ ਜੀਵਨ ਅਤੇ ਅਨੁਭਵ ਵਿਚ ਢਾਲਾਂਗੇ ਅਤੇ ਗੁਰਮਤਿ ਮਾਰਗ ਦੇ ਪਾਂਧੀ ਬਣਾਗੇ। ਪਰੰਤੂ ਅਸੀਂ ਗੁਰੂ ਨਾਨਕ ਨਾਮ-ਲੇਵਾ ਅਖਵਾਉਣ ਵਾਲੇ ਵੀ ਪਦਾਰਥਵਾਦ ਦੀ ਦੌੜ ਵਿਚ ਅੰਧਾਧੁੰਦ ਲੱਗੇ ਹੋਏ ਹਾਂ। ਇਹ ਰੁਝਾਨ ਅਤਿ ਖ਼ਤਰਨਾਕ ਅਤੇ ਮਾਰੂ ਸਿੱਧ ਹੋ ਰਿਹਾ ਹੈ।

ਜਿਨ੍ਹਾਂ ਗੁਰਸਿੱਖਾਂ, ਸੇਵਕਾਂ ਅਤੇ ਸੰਤਾਂ ਮਹਾਂਪੁਰਖਾਂ ਨੇ ਜੀਵਨ ਸਫ਼ਲ ਕਰ ਲਿਆ ਹੈ ਉਨ੍ਹਾਂ ਬਾਰੇ ਭਗਤ ਕਬੀਰ ਜੀ ਇਉਂ ਫ਼ੁਰਮਾਉਂਦੇ ਹਨ:

ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍‍ ਕੀ ਕਥਾ ਨਿਰਾਰੀ ਰੇ॥
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ॥ (ਪੰਨਾ 855)

ਅਫ਼ਸੋਸ ਅਤੇ ਦੁੱਖ ਦੀ ਗੱਲ ਹੈ ਕਿ ਅੱਜ ਗੁਰਦੁਆਰਾ ਸਾਹਿਬ ਦੀ ਹੋਂਦ, ਹਸਤੀ, ਸਿਧਾਂਤ, ਸਰੂਪ ਅਤੇ ਮਹਾਨ ਉਪਦੇਸ਼ ਉੱਤੇ ਅੰਦਰੂਨੀ ਅਤੇ ਬਹਿਰੂਨੀ ਹਮਲੇ ਹੋ ਰਹੇ ਹਨ। ਅਜਿਹਾ ਨਿਸ਼ਚੇ ਹੀ ਬਹੁਤ ਡੂੰਘੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ। ਦੁਸ਼ਮਣ ਬਾਤ ਕਰੇ ਅਣਹੋਣੀ! ਪਰੰਤੂ ਅਸੀਂ ਅਵੇਸਲੇ ਹੀ ਨਹੀਂ ਸਗੋਂ ਛੋਟੇ-ਛੋਟੇ ਨਿੱਜੀ ਲਾਭਾਂ ਦੀ ਪੂਰਤੀ ਲਈ ਕੁਨਬਾਪਰਵਰੀ ਹਿਤ, ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਲੱਗ ਕੇ, ਅਸ਼ਲੀਲਤਾ, ਫੈਸ਼ਨਪ੍ਰਸਤੀ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਮਹਾਨ ਪਰੰਪਰਾਵਾਂ ਤੋਂ ਕੋਰੇ, ਵਿਲੱਖਣ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਸ਼ਾਨਾਂਮੱਤੀ ਰਵਾਇਤਾਂ ਨੂੰ ਅੱਖੋਂ-ਪਰੋਖੇ ਕਰ ਕੇ ਆਪਣੇ ਪੈਰਾਂ ਉੱਤੇ ਆਪ ਹੀ ਕੁਹਾੜਾ ਮਾਰ ਰਹੇ ਹਾਂ। ਦੂਜੇ ਪਾਸੇ ਗੁਰਮਤਿ ਸਿਧਾਂਤ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਦੋਖੀ ਸ਼ਕਤੀਆਂ ਡੇਰਾਵਾਦ, ਪਾਖੰਡਵਾਦ, ਕਰਮਕਾਂਡ ਅਤੇ ਦੰਭੀਆਂ ਨੂੰ ਹਰ ਤਰ੍ਹਾਂ ਨਾਲ ਉਤਸ਼ਾਹਿਤ ਹੀ ਨਹੀਂ ਕਰ ਰਹੀਆਂ ਸਗੋਂ ਉਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣਾ ਰਹੀਆਂ ਹਨ। ਇਥੇ ਅਸਲ ਨੂੰ ਕੁਰੂਪ ਰੂਪ ਵਿਚ ਤੋੜ-ਮਰੋੜ ਕੇ, ਪਵਿੱਤਰ ਬਾਣੀ ਦੇ ਅਨਰਥ ਕਰ ਕੇ ਲੋਕਾਂ ਅੰਦਰ ਭਰਮ-ਭੁਲੇਖੇ ਖੜ੍ਹੇ ਕਰ ਕੇ ਨਕਲ ਨੂੰ ਅਸਲ ਦੱਸ ਕੇ ਦ੍ਰਿੜ੍ਹ ਕਰਵਾਇਆ ਜਾ ਰਿਹਾ ਹੈ। ਗੁਰੂ ਸਾਹਿਬਾਨ ਨੇ ਜਗਤ ਦੇ ਇਸ ਮਹਾਨ ਵਿਲੱਖਣ ਅਤੇ ਅਲੌਕਿਕ ਗੁਰਮਤਿ ਸਿਧਾਂਤ ਨੂੰ ਦ੍ਰਿੜ੍ਹ ਕਰਾਉਣ ਲਈ ਅਤਿ ਕਠਿਨ ਘਾਲਨਾਵਾਂ ਘਾਲੀਆਂ, ਸ਼ਹੀਦੀਆਂ ਪਾਈਆਂ, ਸਰਬੰਸ ਹੀ ਕੁਰਬਾਨ ਕਰ ਦਿੱਤਾ। ਗੁਰਮਤਿ ਸਿਧਾਂਤ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਲਈ ਅਣਗਿਣਤ ਸ਼ਰਧਾਵਾਨ ਅਤੇ ਦ੍ਰਿੜ੍ਹ-ਸੰਕਲਪੀ ਪਰਵਾਨਿਆਂ ਨੇ ਸੀਸ ਕਟਵਾ ਅਤੇ ਸਰੀਰ ਆਰਿਆਂ ਨਾਲ ਚਿਰਾ ਲਏ, ਖੋਪਰ ਲੁਹਾ ਲਏ, ਚਰਖੜੀਆਂ ਉੱਤੇ ਚੜ੍ਹ ਗਏ, ਜੰਡਾਂ ਨਾਲ ਬੰਨ੍ਹ ਕੇ ਸ਼ਹੀਦ ਕਰ ਦਿੱਤੇ ਗਏ, ਦੇਗਾਂ ਵਿਚ ਉਬਾਲੇ ਗਏ, ਬੰਦ- ਬੰਦ ਕਟਵਾ ਲਏ, ਪੁੱਠੀਆਂ ਖੱਲਾਂ ਲੁਹਾ ਲਈਆਂ, ਮਾਸੂਮ ਸ਼ੀਰਖੋਰ ਬੱਚਿਆਂ ਦੇ ਟੁਕੜੇ-ਟੁਕੜੇ ਕਰਵਾ ਕੇ ਝੋਲੀਆਂ ਵਿਚ ਪੁਆ ਲਏ, ਬੱਚਿਆਂ ਦੀਆਂ ਆਂਦਰਾਂ ਦੇ ਹਾਰ ਆਪਣੇ ਗਲਾਂ ਵਿਚ ਪੁਆ ਲਏ ਪਰ ਸਿਦਕ ਅਤੇ ਧਰਮ ਨਹੀਂ ਹਾਰਿਆ। ਦੂਜੇ ਪਾਸੇ ਅੱਜ ਅਸੀਂ ਕੀ ਕਰ ਰਹੇ ਹਾਂ? ਸਾਡਾ ਜੀਵਨ ਅਤੇ ਜੀਵਨ-ਲਕਸ਼ ਕੀ ਹੈ? ਕੀ ਅਸੀਂ ਇਸ ਮਹਾਨ ਸਿਧਾਂਤ ਅਤੇ ਵਿਰਸੇ ਦੇ ਵਾਰਸ ਕਹਾਉਣ ਦੇ ਯੋਗ ਹੱਕਦਾਰ ਹਾਂ? ਸਵੈ-ਪਰਖ ਕਰੀਏ ਕਿ ਕਿਤੇ ਅਸੀਂ ਵੀ ਗੁਰੂ ਨੂੰ ਬੇਦਾਵਾ ਦੇ ਕੇ ਗੁਰਦੁਆਰਾ ਸਾਹਿਬ ਵੱਲ ਪਿੱਠ ਤਾਂ ਨਹੀਂ ਕਰ ਲਈ ਹੈ? ਚੁੱਪ-ਚਾਪ ਸਭ ਕੁਝ ਵੇਖ, ਸੁਣ ਅਤੇ ਸਹਿਣ ਕਰ ਰਹੇ ਹਾਂ। ਭਗਤ ਕਬੀਰ ਜੀ ਨੇ ਅਜਿਹੀ ਨਿੱਘਰ ਚੁਕੀ ਹਾਲਤ ਬਾਰੇ ਇਉਂ ਬਿਆਨ ਕੀਤਾ ਹੈ:

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (ਪੰਨਾ 1376)

ਜਿਸ ਝੂਠੀ ਹੋਂਦ ਅਤੇ ਹਸਤੀ ਲਈ ਆਪਣਾ ਸਭ ਕੁਝ ਦਾਅ ਉੱਤੇ ਲਾ ਰਹੇ ਹਾਂ ਉਹ ਹੋਂਦ ਅਤੇ ਹਸਤੀ ਕਸੁੰਭੜੇ ਦੇ ਫੁੱਲ ਦੀ ਮਾਫ਼ਕ ਹੈ। ਬਾਬਾ ਫ਼ਰੀਦ ਜੀ ਨੇ ਠੀਕ ਹੀ ਸੁਚੇਤ ਕਰਦਿਆਂ ਫ਼ੁਰਮਾਇਆ ਹੈ:

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ (ਪੰਨਾ 794)

ਇਹ ਸਭ “ਜੋ ਦੀਸੈ ਸੋ ਸਗਲ ਬਿਨਾਸੈ” ਦੇ ਸਿਧਾਂਤ ਅਨੁਸਾਰ ਮਿਟ ਜਾਏਗਾ। ਜੇਕਰ ਅਸੀਂ ਅਜੇ ਵੀ ਨਾ ਜਾਗੇ, ਅਸਾਂ ਅਜੇ ਵੀ ਆਪਣੀ ਨਿੱਜ-ਪ੍ਰਸਤੀ ਤੋਂ ਨਿਜਾਤ ਨਾ ਪਾਈ ਤਾਂ ਜਿਊਂਦੇ ਹੀ ਮੁਰਦਿਆਂ ਨੁਮਾਅ ਹੋ ਜਾਵਾਂਗੇ। ਸੋ ਆਓ! ਅਜੇ ਵੀ ਸੁਚੇਤ ਹੋਈਏ! ਕਿਤੇ ਐਸਾ ਨਾ ਹੋਵੇ ਕਿ ਅਸੀਂ ਵੀ ਬੈਬੇਲੋਨੀਆਂ ਅਤੇ ਮੈਸੋਪੋਟਾਮੀਆਂ ਦੀਆਂ ਮਹਾਨ ਸਭਿਆਤਾਵਾਂ ਵਾਂਗ ਸਫੇ-ਹਸਤੀ ਤੋਂ ਮਿਟ ਜਾਈਏ! ਜਿਨ੍ਹਾਂ ਅਖੌਤੀ ਦੁਨਿਆਵੀ ਵਾਰਸਾਂ ਲਈ ਸਭ ਕੁਝ ਮਹਾਨ ਅਤੇ ਵਿਲੱਖਣ ਵਿਰਸਾ, ਸਿਧਾਂਤ ਅਤੇ ਗੁਰ-ਅਸਥਾਨ ਬਰਬਾਦ ਕਰਨ ਲਈ ਤਿਆਰ ਹਾਂ ਉਨ੍ਹਾਂ ਲਈ ਰਿਸ਼ਤਾ ਪੂਰਬਲੇ ਕਰਮਾਂ ਕਾਰਨ ਹੀ ਹੈ। ਉਹ ਅੰਤ ਸਮੇਂ ਸਹਾਈ ਨਹੀਂ ਹੋਣਗੇ ਸਗੋਂ ਉਹ ਤਾਂ ਆਪ ਵੀ ਨਾਸ਼ਵਾਨ ਹਨ। ਸਤਿਗੁਰਾਂ ਦਾ ਫ਼ੁਰਮਾਨ ਹੈ:

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ (ਪੰਨਾ 700)

ਸਤਿਗੁਰਾਂ ਨੇ ਇਸ ਨੂੰ ਹੋਰ ਸਪੱਸ਼ਟ ਕੀਤਾ ਹੈ। ਫ਼ੁਰਮਾਨ ਹੈ:

ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ॥ (ਪੰਨਾ 42)

ਇਸ ਲਈ ਆਓ ਸੰਭਲੀਏ! ਨਿੱਜਪ੍ਰਸਤੀ, ਕੂੜ, ਲੋਭ, ਲਾਲਚ, ਮੋਹ, ਝੂਠੀ ਹੋਂਦ-ਹਸਤੀ ਅਤੇ ਹੰਕਾਰੀ ਬਿਰਤੀ ਤਿਆਗ ਕੇ ਕੌਮੀ ਜੀਵਨ ਜਿਊਂਦਿਆਂ, ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ, ਆਪਣਾ ਜੀਵਨ ਸਫ਼ਲ ਕਰ ਲਈਏ ਅਤੇ ਆਪਣੇ ਵਾਰਸਾਂ ਲਈ ਮਹਾਨ, ਲਾਮਿਸਾਲ, ਅਲੌਕਿਕ ਵਿਰਾਸਤ ਨੂੰ ਸੰਭਾਲ ਕੇ ਸੁਰੱਖਿਅਤ ਛੱਡ ਸਕੀਏ ਅਤੇ ਸਤਿਗੁਰਾਂ ਪ੍ਰਤੀ ਆਪਣਾ ਫ਼ਰਜ਼-ਏ-ਅੱਵਲ ਨਿਭਾ ਸਕੀਏ। ਇਹੋ ਗੁਰਦੁਆਰਾ ਸਾਹਿਬ ਦਾ ਮਹਾਨ ਉਪਦੇਸ਼ ਹੈ:

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥    (ਪੰਨਾ 304)
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ॥ (ਪੰਨਾ 783)

ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ (ਪੰਨਾ 1387)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)