editor@sikharchives.org
ਅੱਲਾ ਯਾਰ ਖਾਨ ਜੋਗੀ

ਅੱਲਾ ਯਾਰ ਖਾਨ ਜੋਗੀ ਅਤੇ ਉਸ ਦੀ ਅਦੁੱਤੀ ਰਚਨਾ

ਤਬੀਬ, ਕਰੁਣਾਮਈ, ਫ਼ਲਕ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅੱਲਾ ਯਾਰ ਖਾਨ ਜੋਗੀ ਇਕ ਪ੍ਰਸਿੱਧ ਲੇਖਕ ਅਤੇ ਕਵੀ ਹੋਏ ਹਨ, ਜਿਨ੍ਹਾਂ ਦਾ ਸਿੱਖ ਹਿਰਦਿਆਂ ਵਿਚ ਬਹੁਤ ਸਤਿਕਾਰ ਹੈ। ਇਨ੍ਹਾਂ ਦਾ ਪੂਰਾ ਨਾਂ ‘ਹਕੀਮ ਅੱਲਾ ਯਾਰ ਖਾਨ ਰਹਿਮਾਨ’ ਅਥਵਾ ‘ਦਕਨੀ’ ਸੀ। ਇਨ੍ਹਾਂ ਨੂੰ ਜੋਗੀ ਦੇ ਉਪਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਦੇ ਜਨਮ ਅਤੇ ਮੌਤ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਇਹ ਅਨਾਰਕਲੀ, ਲਾਹੌਰ ਦੇ ਵਸਨੀਕ ਸਨ ਅਤੇ ਹਿੰਦੂ ਮੁਸਲਮਾਨ ਏਕਤਾ ਦੇ ਹਾਮੀ ਸਨ। ਇਨ੍ਹਾਂ ਦੇ ਪੂਰਵਜਾਂ ਬਾਰੇ ਕਿਆਸ ਲਗਾਇਆ ਜਾਂਦਾ ਹੈ ਕਿ ਉਹ ਦੱਖਣ ਦੇ ਰਹਿਣ ਵਾਲੇ ਸਨ। ਜੋਗੀ ਜੀ ਦਾ ਜਨਮ 1870 ਈ. ਦੇ ਆਸ-ਪਾਸ ਹੋਇਆ ਕਿਆਸ ਕੀਤਾ ਜਾਂਦਾ ਹੈ। ਆਪ ਕਿੱਤੇ ਵਜੋਂ ਈਰਾਨੀ/ ਯੂਨਾਨੀ ਤਬੀਬ ਸਨ।

ਜੋਗੀ ਜੀ ਦਾ ਕੱਦ ਲੰਬਾ, ਸਰੀਰ ਗੁੰਦਵਾਂ, ਮੁੱਛਾਂ ਛੋਟੀਆਂ ਤੇ ਦਾੜ੍ਹੀ ਖਸਖਸੀ ਸੀ ਅਤੇ ਇਉਂ ਉਨ੍ਹਾਂ ਦੀ ਸ਼ਕਲ-ਸੂਰਤ ਇਕ ਈਰਾਨੀ ਪੀਰ ਦੇ ਝਲਕਾਰੇ ਬਖਸ਼ਦੀ ਸੀ। ਉਹ ਹਿੰਦੀ, ਉਰਦੂ ਅਤੇ ਫ਼ਾਰਸੀ ਜ਼ਬਾਨ ਦੇ ਵਿਦਵਾਨ ਸਨ। ਇਨ੍ਹਾਂ ਨੇ ਸਰਹਿੰਦ ਅਤੇ ਚਮਕੌਰ ਸਾਕੇ ਨੂੰ ਮਿਸ਼ਰਤ ਜ਼ਬਾਨ ਵਿਚ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤਾ। ਉਨ੍ਹਾਂ ਦੀ ਜ਼ਬਾਨ ਵਿਚ ਇਤਨਾ ਰਸ ਸੀ ਕਿ ਜਦੋਂ ਉਹ ਸ਼ਹੀਦੀ ਸਾਕੇ ਪੜ੍ਹਦੇ ਸਨ ਤਾਂ ਸ੍ਰੋਤਿਆਂ ਉੱਪਰ ਜਾਦੂਮਈ ਅਸਰ ਹੁੰਦਾ ਸੀ। ਅੱਲ੍ਹਾ ਯਾਰ ਖਾਂ ਜੋਗੀ ਦਾ ਸਿੱਖ ਸਰੋਤਿਆਂ ਵਿਚ ਬਹੁਤ ਪ੍ਰਭਾਵ ਸੀ। ਉਹ ਸਿੱਖ ਕਵੀ-ਦਰਬਾਰਾਂ ਵਿਚ ਚਮਕੌਰ ਸਾਹਿਬ, ਨਨਕਾਣਾ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਇਤਿਹਾਸਕ ਜੋੜ-ਮੇਲਿਆਂ ਵਿਚ ਹਿੱਸਾ ਲੈ ਕੇ ਪੰਜਾਬੀਆਂ ਨੂੰ ਸ਼ਰਧਾ, ਸਿਦਕ ਤੇ ਕੁਰਬਾਨੀ ਦਾ ਪਾਠ ਪੜ੍ਹਾਇਆ ਕਰਦੇ ਸਨ। ਇਨ੍ਹਾਂ ਨੇ 1909 ਈ. ਤੋਂ 1915 ਈ. ਤਕ ਇਕ ਉਰਦੂ ਦਾ ਮਾਸਿਕ ਪੱਤਰ “ਗਊ ਮਾਤਾ” ਪ੍ਰਕਾਸ਼ਿਤ ਕੀਤਾ ਜਿਸ ਦੀ ਸੰਪਾਦਨਾ ਆਪ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ। ਇਸ ਮਾਸਿਕ ਪੱਤਰ ਰਾਹੀਂ ਆਪ ਨੇ ਸੈਂਕੜੇ ਮੁਸਲਮਾਨਾਂ ਦੇ ਨਾਲ-ਨਾਲ ਮੁਸਲਮਾਨ ਰਿਆਸਤਾਂ ਦੇ ਨਵਾਬਾਂ ਨੂੰ ਗਊ-ਰੱਖਿਆ ਲਈ ਰਜ਼ਾਮੰਦ ਕੀਤਾ। ਇਨ੍ਹਾਂ ਨੇ ਬਹੁਤ ਮਿਹਨਤ ਕਰ ਕੇ ਆਪਣੇ ਤਰਕਮਈ ਵਿਚਾਰਾਂ ਨਾਲ ਕੁਸਤੁਨਤੂਨੀਆਂ (ਤੁਰਕੀ) ਦੇ ਮੌਲਵੀ ਤੋਂ ਗਊ-ਹੱਤਿਆ ਦੇ ਵਿਰੁੱਧ ਇਕ ਫਤਵਾ ਵੀ ਲੈ ਲਿਆ ਸੀ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਆਪ ਬਹੁਤ ਪ੍ਰਭਾਵਿਤ ਸਨ। ਆਪ ਜੀ ਨੇ ਉਨ੍ਹਾਂ ਦੀ ਸ਼ਹੀਦੀ ਬਾਰੇ ਮੀਰ ਅਨੀਸ ਦੀ ਪੈਰਵੀ ਕਰਦਿਆਂ ਮਰਸੀਏ ਲਿਖੇ ਜੋ ਦੋ ਕਿਤਾਬਾਂ ‘ਸ਼ਹੀਦਾਨਿ-ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਦੇ ਨਾਮ ਦੀਆਂ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਹੋਏ।

‘ਸ਼ਹੀਦਾਨਿ-ਵਫ਼ਾ’ 1913 ਈ. ਵਿਚ ਤਿਆਰ ਹੋਈ। ਇਸ ਪੁਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦੇ ਯੁੱਧਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਇਸ ਪੁਸਤਕ ਵਿਚ ਬਹੁਤ ਹੀ ਜੋਸ਼ੀਲੀ ਅਤੇ ਦਿਲ ਨੂੰ ਟੁੰਬਣ ਵਾਲੀ ਕਵਿਤਾ ਦੇ ਰੂਪ ਵਿਚ ਸਾਰਾ ਪ੍ਰਸੰਗ ਬਿਆਨ ਕੀਤਾ ਗਿਆ ਹੈ, ਜਿਸ ਦੇ 117 ਬੰਦ ਪੁਸਤਕ ਦੇ ਲੱਗਭਗ 37 ਪੰਨਿਆਂ ’ਤੇ ਅੰਕਿਤ ਹਨ।

ਸਾਕਾ ਸਰਹਿੰਦ ਅਤੇ ਚਮਕੌਰ ਸਾਹਿਬ ਦੇ ਸਾਕਿਆਂ ਤੋਂ ਪ੍ਰਭਾਵਿਤ ਹੋ ਕੇ ਭਾਵੇਂ ਅਨੇਕਾਂ ਕਵੀ ਤੇ ਲੇਖਕਾਂ ਨੇ ਆਪਣੀ ਕਲਮ ਚਲਾਈ ਪਰ ਇਨ੍ਹਾਂ ਸਾਕਿਆਂ ਬਾਰੇ ਅੱਲਾ ਯਾਰ ਖਾਨ ਜੋਗੀ ਨੇ ਆਪਣੀ ਕਵਿਤਾ ਵਿਚ ਜੋ ਰੂਹ ਫੂਕੀ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਸ਼ਾਇਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਦ੍ਰਿਸ਼ ਪੇਸ਼ ਕਰਦਿਆਂ ਬਿਆਨ ਕੀਤਾ ਹੈ:

ਤਾਰੋਂ ਕੀ ਛਾਓਂ ਕਿਲਅ਼ ਸੇ ਸਤਗੁਰ ਰਵਾਂ ਹੁਏ।
ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੁਏ।
ਚਾਰੋਂ ਪਿਸਰ ਹੁਜ਼ੂਰ ਕੇ, ਹਮਰਹ ਸਵਾਰ ਥੇ।
ਜ਼ੋਰ-ਆਵਰ ਔਰ ਫਤਹ, ਅਜੀਤ ਔਰ ਜੁਝਾਰ ਥੇ।

ਸਰਸਾ ਨਦੀ ਕੰਢੇ ਜਦੋਂ ਗੁਰੂ ਜੀ ਪਹੁੰਚੇ ਤਾਂ ਵੈਰੀਆਂ ਨੇ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਜੀ ਦੇ ਕਾਫ਼ਲੇ ’ਤੇ ਹਮਲਾ ਕਰ ਦਿੱਤਾ ਤਾਂ ਗੁਰੂ ਜੀ ਵੱਲੋਂ ਵੈਰੀ ਨੂੰ ਲਲਕਾਰਨ ਬਾਰੇ ਕਵੀ ਨੇ ਬਿਆਨ ਕੀਤਾ ਹੈ:

ਘੋੜੇ ਕੋ ਏੜ ਦੇ ਕੇ, ਗੁਰੂ ਰਨ ਮੇਂ ਡਟ ਗਏ।
ਫ਼ਰਮਾਏ ਬੁਜ਼ਦਿਲੋਂ ਸੇ ਕਿ ਤੁਮ ਕ੍‍ਯੋਂ ਪਲਟ ਗਏ।
ਅਬ ਆਓ ਰਨ ਮੇਂ ਜੰਗ ਕੇ ਅਰਮਾਂ ਨਿਕਾਲ ਲੋ।
ਤੁਮ ਕਰ ਚੁਕੇ ਹੋ ਵਾਰ ਹਮਾਰਾ ਸੰਭਾਲ ਲੋ।

ਸਰਸਾ ਨਦੀ ਪਾਰ ਕਰਦਿਆਂ ਸਰਸਾ ਵਿਚ ਆਏ ਅੰਤਾਂ ਦੇ ਹੜ੍ਹ ਕਰਕੇ ਗੁਰੁ ਸਾਹਿਬ ਨਾਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਿੱਛੜ ਗਏ। ਸ਼ਾਇਰ ਨੇ ਇਸ ਘਟਨਾ ਨੂੰ ਬਿਆਨ ਕਰਦਿਆਂ ਲਿਖਿਆ ਹੈ:

ਜ਼ੋਰ-ਆਵਰ ਔਰ ਫ਼ਤਹ ਕਾ, ਇਸ ਦਮ ਬਯਾਂ ਸੁਨੋ।
ਪਹੁੰਚੇ ਬਿਛੜ ਕੇ ਹਾਏ! ਕਹਾਂ ਸੇ ਕਹਾਂ ਸੁਨੋ।

ਕਾਫ਼ਲੇ ਨਾਲੋਂ ਵਿੱਛੜ ਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਵਿਲੱਖਣ ਰਾਹ ’ਤੇ ਤੁਰੇ ਜਾਂਦੇ ਗੁਰੂ ਜੀ ਅਤੇ ਆਪਣੇ ਸਾਥੀਆਂ ਨੂੰ ਖੋਜਣ ਦਾ ਯਤਨ ਕਰਦੇ ਹਨ ਇਸ ਘਟਨਾ ਬਾਰੇ ਕਵੀ ਲਿਖਦਾ ਹੈ:

ਰਸਤੇ ਮੇਂ ਜਬ ਭਟਕ ਗਏ ਨੰਨੇ ਸਵਾਰ ਥੇ।
ਤਕਤੇ ਪਿਤਾ ਕੋ ਚਾਰੋਂ ਤਰਫ਼ ਬਾਰ-ਬਾਰ ਥੇ।

ਉਹ ਰਸਤੇ ਵਿਚ ਦਾਦੀ ਮਾਤਾ ਗੁਜਰੀ ਜੀ ਤੋਂ ਬੜੀ ਮਸੂਮੀਅਤ ਨਾਲ ਪੁੱਛਦੇ ਹਨ:

ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ?
ਤੜਪਾ ਕੇ ਹਾਏ ਸੁਰਤਿ-ਮਾਹੀ ਕਿਧਰ ਗਏ?

ਇਸ ਘਟਨਾ ਵਿਚ ਗੰਗੂ ਦੀ ਭੂਮਿਕਾ ਨੂੰ ਪੇਸ਼ ਕਰਦਿਆਂ ਉਸ ਦੀ ਬੇਵਫਾਈ ਦਾ ਜ਼ਿਕਰ ਸ਼ਾਇਰ ਨੇ ਇੰਞ ਕੀਤਾ ਹੈ:

ਬਦਜ਼ਾਤ ਬਦ-ਸਿਫ਼ਾਤ ਵੁਹ ਗੰਗੂ ਨਮਕ-ਹਰਾਮ।
ਟੁਕੜੋਂ ਪ: ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ।
ਘਰ ਲੇ ਕੇ ਸ਼ਾਹਜ਼ਾਦੋਂ ਕੋ ਆਯਾ ਜੋ ਬਦਲਗਾਮ।
ਥਾ ਜ਼ਰ ਕੇ ਲੂਟਨੇ ਕੋ ਕਿਯਾ ਸਬ ਯਿਹ ਇੰਤਿਜ਼ਾਮ।
ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।
ਦੁਸ਼ਮਨ ਭੀ ਜੋ ਨ: ਕਰਤਾ ਵੁਹ ਯਿਹ ਕਾਮ ਕਰ ਗਯਾ।
ਜਿਸ ਘਰ ਕਾ ਤੂ ਗ਼ੁਲਾਮ ਥਾ ਉਸ ਸੇ ਦਗ਼ਾ ਕਿਯਾ।
ਲਾ ਕਰ ਕੇ ਘਰ ਮੇਂ ਕਾਮ ਯਿਹ ਕ੍‍ਯਾ ਬੇਵਫਾ ਕਿਯਾ।

ਜਦੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਲਈ ਸਿਪਾਹੀ ਲੈਣ ਲਈ ਆਏ ਤਾਂ ਠੰਡੇ ਬੁਰਜ ਵਿਚ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਜੋ ਸਿੱਖਿਆ ਦਿੱਤੀ, ਉਸ ਦਾ ਕਵੀ ਨੇ ਬਿਆਨ ਕੀਤਾ ਹੈ:

ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪ੍‍ਯਾਰੇ ਸਰੋਂ ਪ: ਨਨ੍ਹੀ ਸੀ ਕਲਗੀ ਸਜਾ ਤੋ ਲੂੰ।
ਮਰਨ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ।

ਸੂਬਾ ਸਰਹਿੰਦ ਵੱਲੋਂ ਜਦੋਂ ਸਾਰੇ ਤਰੀਕੇ ਅਪਣਾ ਕੇ ਦੇਖ ਲਏ ਅਤੇ ਆਪਣੀ ਕੋਈ ਪੇਸ਼ ਨਾ ਚੱਲਦੀ ਦੇਖ ਕੇ ਉਸ ਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿਚ ਚਿਣਨ ਦਾ ਹੁਕਮ ਦੇ ਦਿੱਤਾ। ਇਸ ਘਟਨਾ ਨੂੰ ਕਵੀ ਬੜੇ ਹੀ ਕਰੁਣਾਮਈ ਢੰਗ ਨਾਲ ਪੇਸ਼ ਕਰਦਿਆਂ ਲਿਖਿਆ ਹੈ:

ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ।
ਬੀਨੀ ਕੋ ਢਾਂਪਤੇ ਹੀ ਵੁਹ ਆਖੋਂ ਪ: ਛਾ ਗਈਂ।
ਹਰ ਚਾਂਦ ਸੀ ਜਬੀਨ ਕੋ ਘਨ ਸਾ ਲਗਾ ਗਈਂ।
ਲਖ਼੍‍ਤੇ-ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈਂ।

ਅੱਲਾ ਯਾਰ ਖਾਨ ਜੋਗੀ ਇਸ ਘਟਨਾ ਨੂੰ ਸਰਹਿੰਦ ਦੀ ਤਬਾਹੀ ਦਾ ਕਾਰਨ ਮੰਨਦਾ ਹੋਇਆ ਬਿਆਨ ਕਰਦਾ ਹੈ:

ਜੋਗੀ ਜੀ, ਇਸ ਕੇ ਬਅ਼ਦ ਹੁਈ ਥੋੜੀ ਦੇਰ ਥੀ।
ਬਸਤੀ ਸਰਹੰਦ ਸ਼ਹਿਰ ਕੀ, ਈਂਟੋਂ ਕਾ ਢੇਰ ਥੀ।

ਅੱਲਾ ਯਾਰ ਖਾਨ ਜੋਗੀ ਸਰਹਿੰਦ ਦੀ ਇਸ ਘਟਨਾ ਨੂੰ ਸਿੱਖ ਰਾਜ ਦੀ ਨੀਂਹ ਦੇ ਰੂਪ ਵਿਚ ਦੇਖਦਾ ਹੋਇਆ ਸਾਹਿਬਜ਼ਾਦਿਆਂ ਦੀ ਤਰਫੋਂ ਆਪਣੀ ਕਵਿਤਾ ਵਿਚ ਬਿਆਨ ਕਰਦਾ ਹੋਇਆ ਲਿਖਦਾ ਹੈ:

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।
ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ ਪੌਦ: ਲਗਾ ਚਲੇ।

ਪੁਸਤਕ ‘ਗੰਜਿ ਸ਼ਹੀਦਾਂ’ ਵਿਚ ਜੋਗੀ ਜੀ ਨੇ ਚਮਕੌਰ ਸਾਹਿਬ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬੜੇ ਹੀ ਭਾਵਪੂਰਤ ਢੰਗ ਨਾਲ ਲਿਖਿਆ ਹੈ। ਇਸ ਕਵਿਤਾ ਦੇ ਕੁੱਲ 110 ਬੰਦ ਹਨ ਜੋ 1915 ਈ. ਵਿਚ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਹੋਏ।

ਇਸ ਪੁਸਤਕ ਵਿਚ ਕਵੀ ਸਰਸਾ ਦੇ ਕੰਢੇ ਦਾ ਦ੍ਰਿਸ਼ ਪੇਸ਼ ਕਰਦਾ ਲਿਖਦਾ ਹੈ:

ਜਬ ਦੂਰ ਸੇ ਦਰਯਾ ਕੇ ਕਿਨਾਰੇ ਨਜ਼ਰ ਆਏ।
ਡੂਬੇ ਹੂਏ ਸਰਸਾ ਮੇਂ ਪਿਆਰੇ ਨਜ਼ਰ ਆਏ।
ਯਿਹ ਦੇਖ ਕੇ ਬਿਗੜੇ ਹੂਏ ਸਾਰੇ ਨਜ਼ਰ ਆਏ।
ਬਿੱਫ਼ਰੇ ਹੂਏ ਸਤਿਗੁਰ ਕੇ ਦੁਲਾਰੇ ਨਜ਼ਰ ਆਏ।
ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇਂ ਰਨ ਕੀ।
ਮੱਟੀ ਤਕ ਉੜਾ ਸਕਤੇ ਹੈਂ; ਦੁਸ਼ਮਨ ਕੇ ਚਮਨ ਕੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਵਿਚ ਆਪਣੇ ਕਾਫ਼ਲੇ ਨਾਲੋਂ ਵਿੱਛੜ ਕੇ ਥੋੜ੍ਹੇ ਜਿਹੇ ਸਿੰਘਾਂ ਨਾਲ ਚਮਕੌਰ ਸਾਹਿਬ ਪਹੁੰਚ ਗਏ ਅਤੇ ਉਥੇ ਇਕ ਛੋਟੀ ਜਿਹੀ ਕੱਚੀ ਗੜ੍ਹੀ ਵਿਚ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਕੇ ਠਹਿਰ ਗਏ, ਇਸ ਘਟਨਾ ਬਾਰੇ ਕਵੀ ਲਿਖਦਾ ਹੈ:

ਜਬ ਕਿੱਲਾ ਮੇਂ ਉਤਾਰੀ ਥੀ ਸਤਿਗੁਰ ਕੀ ਸਵਾਰੀ।
ਵਾਹਿਗੁਰੂ ਕੀ ਫ਼ਤਿਹ ਦਲੇਰੋਂ ਨੇ ਪੁਕਾਰੀ।
ਵੁਹ ਹੁਮ ਹੁਮਾ ਸ਼ੇਰੋਂ ਕਾ ਵੁਹ ਅਵਾਜ਼ ਥੀ ਭਾਰੀ।
ਥੱਰਰਾ ਗਿਆ ਚਮਕੌਰ ਹੂਆ ਜ਼ਲਜ਼ਲਾ ਤਾਰੀ।
ਸਕਤੇ ਮੇਂ ਖੁਦਾਈ ਥੀ ਤੋ ਹੈਰਤ ਮੇਂ ਜਹਾਂ ਥਾ।
ਨਾੱਰਾ ਸੇ ਹੂਆ ਚਰਖ਼ ਭੀ ਸਾਕਨ ਯਿਹ ਗੁਮਾਂ ਥਾ।…
ਕੁਛ ਲੇਟ ਗਏ ਖ਼ਾਕ ਪਿ ਜ਼ੀਂ-ਪੋਸ਼ ਬਿਛਾ ਕਰ।
ਪਹਿਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ।
ਗੋਬਿੰਦ ਭੀ ਸ਼ਬਬਾਸ਼ ਹੂਏ ਖੈਮਾ ਮੇਂ ਜਾ ਕਰ।
ਦੇਖਾ ਤੋ ਵਹਾਂ ਬੈਠੇ ਹੈਂ ਗਰਦਨ ਕੋ ਝੁਕਾ ਕਰ।
ਵਾਹਗੁਰੂ ਵਾਹਗੁਰੂ ਹੈ ਮੂੰਹ ਸੇ ਨਿਕਲਤਾ।
ਹੈ ਤੂ ਹੀ ਤੂ! ਤੂ ਹੀ ਤੂ ਹੈ ਮੂੰਹ ਸੇ ਨਿਕਲਤਾ।

ਕਵੀ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ :-

ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾੱਰੀਫ਼ ਵੁਹ ਕਮ ਹੈ।
ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂੰ ਵਸਫ਼ ਕਹਾਂ ਤਾਬਿ-ਰਕਮ ਹੈ।
ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ!
ਸਾਹਿਲ ਕੋ, ਯਾ ਮੰਝਧਾਰ ਕੋ, ਯਾ ਲਹਰ ਕੋ ਦੇਖੇ!
ਕਿਸ ਸਬਰ ਸੇ ਹਰ ਏਕ ਕੜੀ ਤੂ ਨੇ ਉਠਾਈ।
ਕਿਸ ਸ਼ੁਕਰ ਸੇ ਹਰ ਚੋਟ ਕਲੇਜੇ ਪਿ ਹੈ ਖਾਈ।
ਵਾਲਦ ਕੋ ਕਟਾਇਆ, ਕਭੀ ਔਲਾਦ ਕਟਾਈ।
ਕੀ ਫਿਕਰ ਮੇਂ ਫ਼ਾਕੇ ਮੇਂ, ਹਜ਼ਾਰੋਂ ਸੇ ਲੜਾਈ!
ਹੰਮਤ ਸੇ ਤਿਰੀ ਸਭ ਥੇ ਸਲਾਤੀਂ ਲਰੱਜ਼ਤੇ।
ਜ਼ੁਰੱਤ ਸੇ ਤਿਰੀ ਲੋਗ ਥੇ ਤਾ ਚੀਨ ਲਰੱਜ਼ਤੇ।

ਚਮਕੌਰ ਸਾਹਿਬ ਦੀ ਗੜ੍ਹੀ ਵਿਚ ਲੱਖਾਂ ਦੀ ਗਿਣਤੀ ਦੀ ਦੁਸ਼ਮਣ ਫੌਜ ਦਾ ਮੁੱਠੀ-ਭਰ ਸਿੰਘਾਂ ਨੇ ਮੁਕਾਬਲਾ ਕਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਾਹਿਬਜ਼ਾਦਿਆਂ ਦੇ ਰਣ ਵਿਚ ਜੂਝਣ ਦਾ ਦ੍ਰਿਸ਼ ਪੇਸ਼ ਕਰਦਿਆਂ ਕਵੀ ਲਿਖਦਾ ਹੈ:

ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ।
ਵੁਹ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ।
ਘੋੜੇ ਪੇ ਹੋ ਅਸਵਾਰ ਕਿਲੇ ਸੇ ਨਿਕਲ ਆਏ।
ਲੈ ਹਾਥ ਮੇਂ ਤਲਵਾਰ ਕਿਲੇ ਸੇ ਨਿਕਲ ਆਏ।
ਕਿਆ ਵਸਫ਼ ਹੋ ਉਸ ਤੇਗ ਕਾ ਇਸ ਤੇਗ਼ਿ-ਜ਼ਬਾਂ ਸੇ।
ਵੁਹ ਮਿਆਨ ਸੇ ਨਿਕਲੀ ਨਹੀਂ ਨਿਕਲੀ ਯਿਹ ਦਹਾਂ ਸੇ।

ਲੱਖਾਂ ਦੀ ਗਿਣਤੀ ’ਚ ਦੁਸ਼ਮਣ ਫੌਜ ਮੁੱਠੀ-ਭਰ ਸਿੰਘਾਂ ਦਾ ਰਤੀ ਭਰ ਵੀ ਹੌਂਸਲਾ ਘੱਟ ਨਾ ਕਰ ਸਕੀ। ਸਿੰਘਾਂ ਦੀ ਚੜ੍ਹਦੀ ਕਲਾ ਅਤੇ ਦਲੇਰੀ ਬਾਰੇ ਜੋਗੀ ਜੀ ਲਿਖਦੇ ਹਨ :-

ਅਰਸ਼ਾਦ ਹੋ ਤੋ ਸਭ ਕੋ ਅਕੇਲਾ ਭਗਾ ਕੇ ਆਊਂ।
ਅਜਮੇਰ ਚੰਦ ਆਨ ਮੇਂ ਕੈਦੀ ਬਨਾ ਕੇ ਆਊਂ।
ਬਾਜ਼ੀਦ ਖਾਂ ਕਾ ਸਰ ਭੀ ਅਭੀ ਜਾ ਕੇ ਮੈਂ ਉੜਾਊਂ।
ਇਕ ਸਿੰਘ ਏਕ ਲਾਖ ਪਿ ਗ਼ਾਲਿਬ ਹੂਆ ਦਿਖਾਊਂ।
‘ਸ਼ਾਬਾਸ਼’! ਕਹਿ ਕੇ ਸਤਿਗੁਰੂ ਫੌਰਨ ਖੜੇ ਹੂਏ।
ਜੁਰਤ ਪਿ ਪਹਰੇਦਾਰ ਕੀ ਵੁਹ ਖੁਸ਼ ਬੜੇ ਹੂਏ।

ਚਮਕੌਰ ਸਾਹਿਬ ਬਾਰੇ ਕਵੀ ਲਿਖਦਾ ਹੈ:-

ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।
ਯਹੀਂ ਸੇ ਬਨ ਕੇ ਸਤਾਰੇ ਗਏ ਸਮ੍ਹਾਂ ਕੇ ਲਿਯੇ।
ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤੁ ਜੁਝਾਰ।
ਫ਼ਲਕ ਪਿ ਇੱਕ ਯਹਾਂ ਦੋ ਚਾਂਦ ਹੈ ਜ਼ਿਯਾ ਕੇ ਲਿਯੇ।

ਅੰਤ ਵਿਚ ਜੋਗੀ ਜੀ ਚਮਕੌਰ ਸਾਹਿਬ ਦੀ ਧਰਤੀ ਨੂੰ ਸਾਰੇ ਤੀਰਥਾਂ ਤੋਂ ਪਵਿੱਤਰ ਗਰਦਾਨਦੇ ਹੋਏ ਲਿਖਦੇ ਹਨ:

ਛਾਇਆ ਹੂਆ ਦੀਵਾਨ ਪਿ ਅਬ ਗ਼ਮ ਕਾ ਸਮਾਂ ਹੈ।
ਬੱਸ ਖਤਮ ਸ਼ਹੀਦੋਂ ਕੀ ਸ਼ਹਾਦਤ ਕਾ ਬਿਆਂ ਹੈ।
ਬੱਸ, ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)