ਸਿੰਘ ਸਭਾ ਲਹਿਰ, ਅਕਾਲੀ ਲਹਿਰ (ਗੁਰਦੁਆਰਾ ਸੁਧਾਰ ਲਹਿਰ) ਅਤੇ ਰਿਆਸਤੀ ਪਰਜਾ ਮੰਡਲ ਲਹਿਰ ਦੇ ਉੱਘੇ ਆਗੂ, ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1886 ਈ. ਨੂੰ ਪਿੰਡ ਠੀਕਰੀਵਾਲਾ (ਸੰਗਰੂਰ) ਦੇ ਇਕ ਅਮੀਰ ਪਰਵਾਰ ਵਿਚ, ਸ. ਦੇਵਾ ਸਿੰਘ ਦੇ ਘਰ, ਮਾਤਾ ਹਰ ਕੌਰ ਦੀ ਕੁੱਖੋਂ ਹੋਇਆ।
ਸ. ਸੇਵਾ ਸਿੰਘ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿਤਾ ਜੀ ਪਾਸ ਪਟਿਆਲੇ ਰਹਿ ਕੇ ਕੀਤੀ, ਜੋ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਰਾਜੇ ਦੇ ਇਕ ਉੱਚ-ਅਧਿਕਾਰੀ (ਅਹਿਲਕਾਰ) ਸਨ। ਕੁਝ ਸਮਾਂ ਰਿਆਸਤ ਪਟਿਆਲਾ ਦੇ ਸਿਹਤ ਵਿਭਾਗ ਵਿਚ ਸੇਵਾ ਕਰਨ ਉਪਰੰਤ ਸ. ਸੇਵਾ ਸਿੰਘ ਜੀ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਅੰਮ੍ਰਿਤਪਾਨ ਕਰ ਕੇ, ਆਪ ਸਿੰਘ ਸਜ ਗਏ। ਇਸ ਤੋਂ ਬਾਅਦ ਆਪ ਨੇ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ, ਵਿਦਿਅਕ ਪਸਾਰ ਅਤੇ ਕੌਮੀ ਆਜ਼ਾਦੀ ਲਈ ਸੰਘਰਸ਼ ਕਰਨ ਨੂੰ ਹੀ ਆਪਣੇ ਜੀਵਨ ਦਾ ਮੁੱਖ ਮਨੋਰਥ ਬਣਾ ਲਿਆ। ਆਪ ਨੇ ਆਪਣੇ ਪਿੰਡ ਠੀਕਰੀਵਾਲਾ ਵਿਖੇ, ਉਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ, ਜਿੱਥੇ ਅਠਾਰ੍ਹਵੀਂ ਸਦੀ ਦੇ ਉੱਘੇ ਸਿੱਖ ਆਗੂ ਨਵਾਬ ਕਪੂਰ ਸਿੰਘ ਜੀ ਨੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੀ ਬੇਨਤੀ ਮੰਨ ਕੇ, ਆਪਣੇ ਬੁੱਢੇ ਦਲ ਦੇ ਜਥੇ ਸਮੇਤ ਕੁਝ ਸਮੇਂ ਲਈ ਟਿਕਾਣਾ ਕੀਤਾ ਸੀ। ਉਸ ਸਮੇਂ ਹੀ ਬਾਬਾ ਆਲਾ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਨੇ ਨਵਾਬ ਜੀ ਦੇ ਜਥੇ ਪਾਸੋਂ ਅੰਮ੍ਰਿਤਪਾਨ ਕੀਤਾ ਸੀ।
ਅਕਾਲੀ ਲਹਿਰ ਦੇ ਜੈਤੋ ਮੋਰਚੇ ਸਮੇਂ 1923 ਈ. ਵਿਚ ਜਦੋਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਗ਼ੈਰ-ਕਾਨੂੰਨੀ ਜਥੇਬੰਦੀਆਂ ਕਰਾਰ ਦੇ ਦਿੱਤਾ ਅਤੇ ਇਨ੍ਹਾਂ ਦੋਹਾਂ ਜਥੇਬੰਦੀਆਂ ਨਾਲ ਸੰਬੰਧਿਤ ਸਾਰੇ ਅਕਾਲੀ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਲਈ ਹੁਕਮ ਕਰ ਦਿੱਤੇ ਉਸ ਸਮੇਂ ਸ. ਸੇਵਾ ਸਿੰਘ ਜੀ ਨੂੰ ਵੀ ਗੁਰਦੁਆਰਾ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਆਪ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਕਾਰਜ ਸਾਧਕ ਦੇ ਮੈਂਬਰ ਅਤੇ ਰਿਆਸਤ ਪਟਿਆਲਾ ਦੇ ਅਕਾਲੀ ਜਥੇ ਦੇ ਪ੍ਰਧਾਨ ਦੇ ਰੂਪ ਵਿਚ ਸੇਵਾ ਕਰ ਰਹੇ ਸਨ। ਇਸ ਤੋਂ ਬਾਅਦ ਆਪ ਨੂੰ ਪੰਜਾਹ ਤੋਂ ਵੱਧ ਮੁਖੀ ਅਕਾਲੀ ਆਗੂਆਂ ਸਮੇਤ ਤਿੰਨ ਸਾਲ ਦੇ ਲੱਗਭਗ ਲਾਹੌਰ ਦੇ ਕਿਲ੍ਹੇ ਵਿਚ ਬਣਾਈ ਗਈ ਵਿਸ਼ੇਸ਼ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ। 1925 ਈ. ਵਿਚ ਗੁਰਦੁਆਰਾ ਐਕਟ ਬਣਨ ਉਪਰੰਤ ਸਤੰਬਰ 1926 ਈ. ਵਿਚ ਲਾਹੌਰ ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਆਪ ਨੂੰ ਰਿਆਸਤ ਪਟਿਆਲਾ ਦੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਆਪ ਵਿਰੁੱਧ ਨਾਜ਼ਮ ਬਰਨਾਲਾ ਦੀ ਅਦਾਲਤ ਵਿਚ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਇਕ ਗੜਵੀ ਚੋਰੀ ਕਰਨ ਦਾ ਝੂਠਾ ਦੋਸ਼ ਲਾ ਕੇ ਮੁਕੱਦਮਾ ਬਣਾਇਆ ਗਿਆ। ਪਰੰਤੂ ਜਦੋਂ ਉਕਤ ਡੇਰੇ ਦੇ ਮਹੰਤ ਬਾਬਾ ਰਘਬੀਰ ਸਿੰਘ ਨੇ ਬਿਆਨ ਦਿੱਤਾ ਕਿ ਉਸ ਦੇ ਡੇਰੇ ਦੀ ਕੋਈ ਗੜਵੀ ਚੋਰੀ ਨਹੀਂ ਹੋਈ ਤਾਂ ਉਕਤ ਮੁਕੱਦਮਾ ਤਾਂ ਖਾਰਜ ਹੋ ਗਿਆ ਪਰੰਤੂ ਆਪ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤਾ ਗਿਆ। ਆਪ ਨੂੰ ਬਿਨਾਂ ਕਿਸੇ ਹੋਰ ਮੁਕੱਦਮਾ ਬਣਾਏ ਤੋਂ ਹੀ ਲੱਗਭਗ ਤਿੰਨ ਸਾਲ ਪਟਿਆਲਾ ਕੇਂਦਰੀ ਜੇਲ੍ਹ ਵਿਚ (1926 ਈ.-1929 ਈ. ਤੱਕ) ਨਜ਼ਰਬੰਦ ਰੱਖਿਆ ਗਿਆ।
ਉਸ ਸਮੇਂ ਦੀਆਂ ਸਾਰੀਆਂ ਕੌਮੀ ਜਥੇਬੰਦੀਆਂ ਦੇ ਸੰਘਰਸ਼ ਦੇ ਫਲਸਰੂਪ, ਆਪ ਨੂੰ ਅਗਸਤ 1929 ਈ. ਵਿਚ ਪਟਿਆਲਾ ਜੇਲ੍ਹ ਵਿੱਚੋਂ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ। ਇਸ ਸਮੇਂ ਤਕ ਆਪ ਪੰਜਾਬ ਅਤੇ ਹਰਿਆਣਾ ਰਿਆਸਤੀ ਪਰਜਾ ਮੰਡਲ ਦੇ ਪ੍ਰਧਾਨ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚੁਣੇ ਗਏ। ਅਕਤੂਬਰ 1930 ਈ. ਵਿਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਲੁਧਿਆਣਾ ਕਾਨਫਰੰਸ ਵਿਚ ਭਾਗ ਲੈਣ ਦੇ ਦੋਸ਼ ਵਿਚ ਪਟਿਆਲਾ ਰਿਆਸਤ ਦੀ ਪੁਲਿਸ ਨੇ ਆਪ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਪੰਜ ਸਾਲ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਕੇ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ। ਪਰੰਤੂ ਕੌਮੀ ਜਥੇਬੰਦੀਆਂ ਦੇ ਸੰਘਰਸ਼ ਦੇ ਫਲਸਰੂਪ ਆਪ ਨੂੰ ਚਾਰ ਮਹੀਨੇ ਬਾਅਦ ਹੀ ਪਟਿਆਲਾ ਜੇਲ੍ਹ ਵਿੱਚੋਂ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਨਵੰਬਰ 1931 ਈ. ਵਿਚ ਰਿਆਸਤ ਜੀਂਦ (ਸੰਗਰੂਰ) ਦੀ ਸਰਕਾਰ ਵਿਰੁੱਧ ਲੱਗੇ ਅਕਾਲੀ ਮੋਰਚੇ ਵਿਚ ਆਪ ਨੇ ਚਾਰ ਮਹੀਨੇ ਦੀ ਕੈਦ ਕੱਟੀ ਅਤੇ ਜੁਲਾਈ 1932 ਈ. ਵਿਚ ਰਿਆਸਤ ਮਲੇਰਕੋਟਲੇ ਦੀ ਸਰਕਾਰ ਵਿਰੁੱਧ ਚੱਲੇ ਕੁਠਾਲਾ ਕਿਸਾਨ ਅੰਦੋਲਨ ਵਿਚ ਆਪ ਨੇ ਤਿੰਨ ਮਹੀਨੇ ਦੀ ਕੈਦ ਕੱਟੀ ਸੀ।
1933 ਈ. ਵਿਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਦਿੱਲੀ ਕਾਨਫਰੰਸ ਅਤੇ ਪਿੰਡ ਖੁਡਿਆਲ (ਸੁਨਾਮ) ਦੀ ਅਕਾਲੀ ਕਾਨਫਰੰਸ ਵਿਚ ਭਾਗ ਲੈਣ ਦੇ ਦੋਸ਼ ਵਿਚ ਰਿਆਸਤ ਪਟਿਆਲਾ ਦੀ ਪੁਲਿਸ ਨੇ ਆਪ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਨਾਜ਼ਮ ਬਰਨਾਲਾ ਦੀ ਅਦਾਲਤ ਵਿਚ ਮੁਕੱਦਮਾ ਚਲਾ ਕੇ, ਦਸ ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਕੇਂਦਰੀ ਜੇਲ੍ਹ ਪਟਿਆਲਾ ਵਿਚ ਜ਼ਿਲ੍ਹੇ ਦੇ ਉੱਚ-ਅਧਿਕਾਰੀਆਂ ਅਤੇ ਰਿਆਸਤ ਪਟਿਆਲਾ ਦੇ ਹੁਕਮਰਾਨਾਂ ਦੇ ਜਬਰ-ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ, ਆਪ ਨੇ ਅਪ੍ਰੈਲ 1934 ਈ. ਵਿਚ, ਜੇਲ੍ਹ ਅੰਦਰ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਨੌਂ ਮਹੀਨੇ ਦੀ ਲੰਬੀ ਭੁੱਖ ਹੜਤਾਲ ਉਪਰੰਤ 19 ਅਤੇ 20 ਜਨਵਰੀ (1935 ਈ.) ਦੀ ਵਿਚਕਾਰਲੀ ਰਾਤ ਨੂੰ ਇਕ ਵਜੇ ਦੇ ਲੱਗਭਗ ਆਪ ਨੇ ਸ਼ਹੀਦੀ ਪ੍ਰਾਪਤ ਕਰ ਲਈ। ਸ. ਸੇਵਾ ਸਿੰਘ ਜੀ ਇਕ ਅਮੀਰ ਪਰਵਾਰ ਵਿੱਚੋਂ ਸਨ ਪਰ ਉਨ੍ਹਾਂ ਨੇ ਅਮੀਰੀ ਜੀਵਨ ਦੇ ਸਭ ਸੁਖ ਤਿਆਗ ਕੇ, ਸਿੱਖ ਧਰਮ ਦੇ ਪ੍ਰਚਾਰ ਅਤੇ ਕੌਮੀ ਅਜ਼ਾਦੀ ਦੇ ਸੰਘਰਸ਼ ਦਾ ਰਾਹ ਅਪਣਾਇਆ। ਆਪ ਗੁਰਬਾਣੀ ਦੇ ਰੰਗ ਵਿਚ ਰੰਗੇ ਹੋਏ ਇਕ ਸੱਚੇ-ਸੁੱਚੇ ਸਿੱਖ ਅਤੇ ਰੀਸ ਕਰਨ ਯੋਗ ਅਕਾਲੀ ਆਗੂ ਸਨ।
ਲੇਖਕ ਬਾਰੇ
ਪਿੰਡ ਤੇ ਡਾਕ: ਠੀਕਰੀਵਾਲਾ, ਜ਼ਿਲ੍ਹਾ ਬਰਨਾਲਾ
- ਹੋਰ ਲੇਖ ਉਪਲੱਭਧ ਨਹੀਂ ਹਨ