ਨੰਦ ਲਾਲ ਆਖੇ, ਗੋਬਿੰਦ ਪਾਤਸ਼ਾਹਾ! ਮੈਨੂੰ ਜਾਮੇ ਵਿਚ ਆਉਣ ਦਾ ਚਾਅ ਨਈਂ ਸੀ,
ਤੇਰੇ ਚਰਨਾਂ ਦੀ ਧੂੜੀ ਨੂੰ ਪਾਉਣ ਖਾਤਰ, ਸੱਚੇ ਪਾਤਸ਼ਾਹ ਹੋਰ ਕੋਈ ਰਾਹ ਨਈਂ ਸੀ।
ਨੰਦ ਲਾਲ ਆਖੇ, ਮੈਂ ਸਾਂ ਇਕ ਪਿੰਜਰ, ਤੇਰੇ ਦਰਸ ਨੇ ਪਿੰਜਰ ਨੂੰ ਸਾਹ ਬਖਸ਼ੇ।
ਮੈਂ ਤਾਂ ਜੜ੍ਹ ਸਾਂ, ਪੱਥਰ ਸਾਂ, ਬੁੱਤ ਸਾਂ ਮੈਂ, ਆਪਣੀ ਭਗਤੀ ਦੇ ਆਪੇ ਤੂੰ ਰਾਹ ਬਖਸ਼ੇ।
ਮੈਂ ਕੰਗਾਲ ਸਾਂ, ਮੰਗਤਾ, ਫ਼ਕੀਰ ਸਾਂ ਮੈਂ, ਮੇਰੇ ਜੀਵਨ ਦੀ ਆਪੇ ਤੂੰ ਰਾਸ ਬਣਿਆ
ਜਦ ਮੈਂ ਦਾਸ ਬਣਿਆ, ਤੂੰ ਧਰਵਾਸ ਬਣਿਆ, ਜਦ ਮੈਂ ਦਾਸ ਬਣਿਆ, ਤੂੰ ਸਵਾਸ ਬਣਿਆ।
ਤੇਰੇ ਕੇਸਾਂ ਦੀ ਇਕ-ਇਕ ਤਾਰ ਦਾਤਾ, ਦੋ ਜਹਾਨ ਥੋੜ੍ਹਾ ਇਸ ਦਾ ਮੁੱਲ ਡਿੱਠਾ।
ਤੇਰਾ ਰੂਪ ਇਲਾਹੀ ਸਰੂਪ ਨੂਰੀ, ਤੇਰਾ ਦਰਸ ਉਂਕਾਰ ਦੇ ਤੁੱਲ ਡਿੱਠਾ।
ਜਿਹੜਾ ਆਪ ਪਿਆਸਿਆਂ ਕੋਲ ਜਾਵੇ, ਇੱਕੋ ਇੱਕ ਜਹਾਨ ਵਿਚ ਖੂਹ ਹੈਂ ਤੂੰ।
ਤੇਰੀ ਜੂਹ ਅੰਦਰ, ਨੰਦ ਲਾਲ ਆਖੇ, ਤੂੰ ਹੀ ਤੂੰ ਹੈਂ ਤੂੰ, ਤੂੰ ਹੀ ਤੂੰ ਹੈਂ ਤੂੰ।
ਜੋੜਨਹਾਰ ਹੈਂ ਤੂੰ, ਤੋੜਨਹਾਰ ਹੈਂ ਤੂੰ, ਮੋੜਨਹਾਰ ਹੈਂ ਤੂੰ, ਅੱਲ੍ਹਾ ਹੂ ਹੈਂ ਤੂੰ।
ਤੇਰੀ ਜੂਹ ਅੰਦਰ, ਨੰਦ ਲਾਲ ਆਖੇ, ਤੂੰ ਹੀ ਤੂੰ ਹੈਂ, ਤੂੰ, ਤੂੰ ਹੀ ਤੂੰ ਹੈਂ ਤੂੰ।
ਮੈਂ ਹਾਂ ਦਾਸ ਤੇਰਾ, ਤੂੰ ਸਵਾਸ ਮੇਰਾ, ਜੇਕਰ ਤੂੰ ਹੀ ਅੱਖਾਂ ਤੋਂ ਦੂਰ ਹੋਣਾ।
ਨੰਦ ਲਾਲ ਫਿਰ ਜੀਣਾ ਹੈ ਕਿਉਂ ਦਾਤਾ, ਜੇਕਰ ਓਹਲੇ ਹੋਣ ਤੋਂ ਤੂੰ ਮਜਬੂਰ ਹੋਣਾ?
ਤੇਰੇ ਦਰਸ਼ਨਾਂ ਖਾਤਰ ਮੈਂ ਜਨਮ ਲੀਤਾ, ਤੇਰੇ ਬਾਝ ਮੈਂ ਜੱਗ ਵਿਚ ਕੀ ਕਰਨਾ?
ਤੇਰੇ ਬਾਝ ਜਹਾਨ ਹੈ ਨਰਕ ਸਾਰਾ, ਮੈਂ ਵਿਛੋੜੇ ਦੀ ਅੱਗ ਵਿਚ ਕੀ ਕਰਨਾ!
ਤੇਰੇ ਬਾਝ ਮੇਰੇ ਗੋਬਿੰਦ ਪਾਤਸ਼ਾਹਾ! ਮੈਂ ਤਾਂ ਠਰਦਿਆਂ ਠਰਦਿਆਂ ਠਰ ਜਾਣਾ।
ਤੈਥੋਂ ਵਿੱਛੜ ਕੇ ਨਹੀਂ ਵਜੂਦ ਰਹਿਣਾ, ਨੰਦ ਲਾਲ ਨੇ ਛਿਣਾਂ ਵਿਚ ਮਰ ਜਾਣਾ।
ਲੇਖਕ ਬਾਰੇ
ਫ਼ਕੀਰ ਚੰਦ ਤੁਲੀ 'ਜਲੰਧਰੀ' ਫ਼ੱਕਰ ਤਬੀਅਤ ਵਾਲੇ ਕਵੀ ਹਨ । ਉਨ੍ਹਾਂ ਦੀ ਰਚਨਾ ਛੰਦਬੰਦੀ ਦੀ ਪੂਰਨ ਪਾਬੰਦ ਅਤੇ ਲੈਅ-ਬੱਧ ਹੁੰਦੀ ਹੈ । ਜਦੋਂ ਉਹ ਸਟੇਜ ਤੇ ਕਵਿਤਾ ਪੜ੍ਹਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ । ਉਨ੍ਹਾਂ ਦੀਆਂ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਾਵਿ-ਰਚਨਾਵਾਂ ਆਪਣੀ ਮਿਸਾਲ ਆਪ ਹੁੰਦੀਆਂ ਹਨ।
# 5, ਰਮੇਸ਼ ਕਲੋਨੀ, ਜਲੰਧਰ
- ਤੁਲੀ ਫਕੀਰ ਚੰਦ ਜਲੰਧਰੀhttps://sikharchives.org/kosh/author/%e0%a8%a4%e0%a9%81%e0%a8%b2%e0%a9%80-%e0%a8%ab%e0%a8%95%e0%a9%80%e0%a8%b0-%e0%a8%9a%e0%a9%b0%e0%a8%a6-%e0%a8%9c%e0%a8%b2%e0%a9%b0%e0%a8%a7%e0%a8%b0%e0%a9%80/December 1, 2009