editor@sikharchives.org

ਅਜ਼ਾਦੀ ਦੀ ਪਹਿਲੀ ਜੰਗ

ਬੁੱਢਾ ਸਰਦਾਰ ਸ਼ਾਮ ਸਿੰਘ ਆਪਣੀ ਲੰਮੀ ਦੁੱਧ-ਚਿੱਟੀ (ਬਰਫ਼ਾਲੀ) ਦਾੜ੍ਹੀ ਵਰਗੀ ਸਫੈਦ ਪੁਸ਼ਾਕ ਪਾਈ, ਆਪਣੀ ਚੀਨੀ ਘੋੜੀ ਨੂੰ ਸਰਪਟ ਦੁੜਾਉਂਦਿਆਂ ਤੇ ਆਪਣੇ ਜੁਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦੇਂਦਿਆਂ ਅੱਗੇ ਵਧਿਆ ਤੇ ਅੰਤ ਤਕ ਮੌਤ ਨੂੰ ਟਿੱਚ ਜਾਣਦਾ ਹੋਇਆ (ਦੇਸ਼ ਦੀ ਸੁਤੰਤਰਤਾ ਦੀ ਖ਼ਾਤਰ) ਸ਼ਹੀਦੀ ਪ੍ਰਾਪਤ ਕਰ ਗਿਆ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

10 ਮਈ, 2007 ਨੂੰ ਪਾਰਲੀਮੈਂਟ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਹੋਰ ਅਹੁਦੇਦਾਰਾਂ ਨੇ ਮਿਲ ਕੇ 1857 ਦੇ ਗ਼ਦਰ ਦੀ ਡੇਢ ਸੌ ਸਾਲਾ ਬਰਸੀ ਮਨਾਈ। ਇਸ ਸਮੇਂ ਪਾਰਲੀਮੈਂਟ ਦੇ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਤੇ ਹੋਰ ਕੁਝ ਮੈਂਬਰਾਂ ਨੇ ਪਾਰਲੀਮੈਂਟ ਵਿਚ ਦੱਸਿਆ ਕਿ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ, ਪਹਿਲੀ ਪੰਜਾਬ ਦੀ ਜੰਗ ਸੀ ਪਰ ਉਹ ਇਸ ਦਾ ਵਿਸਥਾਰ ਨਹੀਂ ਕਰ ਸਕੇ ਕਿ ਇਹ ਕਿਵੇਂ ਅਜ਼ਾਦੀ ਦੀ ਪਹਿਲੀ ਜੰਗ ਹੈ। ਇਸ ਲੇਖ ਦਾ ਮਨੋਰਥ ਇਸ ਗੱਲ ਨੂੰ ਸਪੱਸ਼ਟ ਕਰਨਾ ਹੈ।

ਪੰਜਾਬ ਦੀ ਜੰਗ ਨੂੰ ਅੰਗਰੇਜ਼ਾਂ ਨੇ ਗ਼ਲਤ ਨਾਮ ਦੇ ਕੇ ਪਹਿਲੀ ਅੰਗਰੇਜ਼ਾਂ-ਸਿੱਖਾਂ ਦੀ ਲੜਾਈ ਕਿਹਾ ਹੈ। ਇਸ ਜੰਗ ਨੂੰ ਇਸ ਲਈ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ ਕਹਿ ਸਕਦੇ ਹਾਂ ਕਿਉਂਕਿ ਇਸ ਜੰਗ ਵਿਚ ਪਹਿਲੀ ਵਾਰੀ ਹਿੰਦੁਸਤਾਨੀਆਂ ਨੇ ਅੰਗਰੇਜ਼ਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਤੇ ਏਸ਼ੀਆ ਵਿਚ ਇਹ ਪਹਿਲੀ ਜੰਗ ਸੀ ਜਿਸ ਵਿਚ ਅੰਗਰੇਜ਼ਾਂ ਨੂੰ ਹਾਰ ਹੁੰਦੀ। ਤੇਜ ਸਿੰਘ, ਲਾਲ ਸਿੰਘ ਦੀ ਗ਼ਦਾਰੀ ਕਰਕੇ ਅੰਗਰੇਜ਼ ਬਚ ਗਏ ਸਨ। ਇਸ ਲੜਾਈ ਨੇ ਸਾਬਤ ਕਰ ਦਿੱਤਾ ਕਿ ਅੰਗਰੇਜ਼ੀ ਫੌਜ ਅਜਿੱਤ ਨਹੀਂ, ਹਿੰਦੁਸਤਾਨੀ ਫੌਜਾਂ ਵੀ ਇਸ ਨੂੰ ਹਰਾ ਸਕਦੀਆਂ ਹਨ। ਇਹ ਗੱਲ ਹਿੰਦੁਸਤਾਨੀ ਫੌਜਾਂ ਵਾਸਤੇ ਬੜੀ ਉਤਸ਼ਾਹਜਨਕ ਸੀ। ਇਸ ਜੰਗ ਤੋਂ ਉਤਸ਼ਾਹਤ ਹੋ ਕੇ ਹਿੰਦੁਸਤਾਨੀ ਸਿਪਾਹੀ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਦੇ ਵਿਰੁੱਧ ਉੱਠੇ। ਇਸ ਜੰਗ ਤੋਂ ਪਹਿਲਾਂ ਹਿੰਦੁਸਤਾਨੀਆਂ ਵਿਚ ਆਪਣੀ ਹੀਣਤਾ ਦੇ ਅਨੁਭਵ ਕਰਕੇ ਅੰਗਰੇਜ਼ਾਂ ਦੇ ਵਿਰੁੱਧ ਲੜਨ ਦੀ ਸਮਰੱਥਾ ਨਹੀਂ ਸੀ। ਇਹ ਅਸਲ ਵਿਚ ਭਾਰਤ ਦੇ ਇੱਕੋ ਅਜ਼ਾਦ ਇਲਾਕੇ ਸਾਰੇ ਪੰਜਾਬ ਦੀ ਅੰਗਰੇਜ਼ਾਂ ਵਿਰੁੱਧ ਲੜਾਈ ਸੀ, ਕੇਵਲ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਨਹੀਂ। ਇਸ ਵਿਚ ਪੰਜਾਬ ਦੇ ਸਿੱਖ, ਮੁਸਲਮਾਨ ਤੇ ਹਿੰਦੂ ਸਾਰੇ ਪੰਜਾਬੀ ਸ਼ਾਮਲ ਸਨ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਸੰਗਠਿਤ ਕੀਤੀ ਫੌਜ ਵਿਚ ਸਾਰੇ ਪੰਜਾਬੀ ਸਨ ਤੇ ਖਾਸ ਕਰਕੇ ਪੰਜਾਬੀ ਮੁਸਲਮਾਨਾਂ ਦੇ ਅਧੀਨ ਲਾਹੌਰ ਦਰਬਾਰ ਦਾ ਤੋਪਖਾਨਾ ਸੀ। ਪੰਜਾਬੀ ਮੁਸਲਮਾਨਾਂ ਦਾ ਇਸ ਵਿਚ ਵਧੇਰੇ ਸ਼ਾਮਲ ਹੋਣਾ ਸ਼ਾਹ ਮੁਹੰਮਦ ਨੇ ਸਪੱਸ਼ਟ ਲਿਖਿਆ ਹੈ। ਉਸ ਦਾ 60ਵਾਂ ਬੰਦ ਇਸ ਤਰ੍ਹਾਂ ਹੈ:

ਮਜ਼ਹਰ ਅਲੀ ਤੇ ਮਾਘੇ ਖਾਂ ਕੂਚ ਕੀਤਾ, ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ, ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖ਼ਸ਼ ਪਟੋਲੀ ਨੇ ਮਾਂਜ ਕੇ ਜੀ, ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ, ਬਿਜਲੀ ਵਾਂਗ ਜੋ ਦੇਣ ਵਖਾਲੀਆਂ ਨੀ।

ਕੇਵਲ ਗੁਲਾਬ ਸਿੰਘ ਇਸ ਪੰਜਾਬ ਦੀ ਜੰਗ ਵਿਚ ਸ਼ਾਮਲ ਨਹੀਂ ਹੋਇਆ ਅਤੇ ਉਸ ਦੇ ਵੱਖਰੇ ਵਿਸ਼ੇਸ਼ ਕਾਰਨ ਸਨ। ਹਰ ਵਰਗ ਦੇ ਲੋਕ ਇਸ ਜੰਗ ਵਿਚ ਸ਼ਾਮਲ ਹੋਏ। ਜਦੋਂ ਵਿਸਕਾਉਂਟ ਹਾਰਡਿੰਗ ਗਵਰਨਰ ਜਨਰਲ ਬਣ ਕੇ 1844 ਵਿਚ ਕਲਕੱਤੇ ਆਇਆ ਤਾਂ ਗੁਲਾਬ ਸਿੰਘ ਕਲਕੱਤੇ ਜਾ ਕੇ ਉਸ ਨੂੰ ਮਿਲਿਆ ਤੇ ਉਸ ਨੇ ਉਸ ਨੂੰ ਪੰਜਾਬ ’ਤੇ ਹਮਲਾ ਕਰਨ ਲਈ ਪ੍ਰੇਰਿਆ ਕਿਉਂਕਿ ਉਹ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ।

ਇਸ ਜੰਗ ਦੀਆਂ ਚਾਰ ਵਿਸ਼ੇਸ਼ ਲੜਾਈਆਂ ਮੰਨੀਆਂ ਜਾਂਦੀਆਂ ਹਨ- ਮੁੱਦਕੀ, ਫੇਰੂਸ਼ਾਹ, ਅਲੀਵਾਲ ਤੇ ਸਭਰਾਉਂ ਦੀ ਲੜਾਈ। ਆਖ਼ਰੀ ਲੜਾਈ ਸਭਰਾਉਂ ਦਾ ਹਾਲ ਅੰਗਰੇਜ਼ ਲਿਖਾਰੀਆਂ ਨੇ ਤੇ ਹੋਰ ਲਿਖਾਰੀਆਂ ਨੇ ਬਹੁਤ ਵਿਸਥਾਰ ਨਾਲ ਲਿਖਿਆ ਹੈ।

ਮੁਹੰਮਦ ਲਤੀਫ਼ ਲਿਖਦਾ ਹੈ: “ਬੁੱਢਾ ਸਰਦਾਰ ਸ਼ਾਮ ਸਿੰਘ ਆਪਣੀ ਲੰਮੀ ਦੁੱਧ-ਚਿੱਟੀ (ਬਰਫ਼ਾਲੀ) ਦਾੜ੍ਹੀ ਵਰਗੀ ਸਫੈਦ ਪੁਸ਼ਾਕ ਪਾਈ, ਆਪਣੀ ਚੀਨੀ ਘੋੜੀ ਨੂੰ ਸਰਪਟ ਦੁੜਾਉਂਦਿਆਂ ਤੇ ਆਪਣੇ ਜੁਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦੇਂਦਿਆਂ ਅੱਗੇ ਵਧਿਆ ਤੇ ਅੰਤ ਤਕ ਮੌਤ ਨੂੰ ਟਿੱਚ ਜਾਣਦਾ ਹੋਇਆ (ਦੇਸ਼ ਦੀ ਸੁਤੰਤਰਤਾ ਦੀ ਖ਼ਾਤਰ) ਸ਼ਹੀਦੀ ਪ੍ਰਾਪਤ ਕਰ ਗਿਆ।” ਉਸ ਦੀ ਸ਼ਾਨਦਾਰ ਮਿਸਾਲ 1846 ਤੋਂ ਲੈ ਕੇ 1947 ਤਕ ਅੰਗਰੇਜ਼ਾਂ ਦੇ ਵਿਰੁੱਧ ਲੜਨ ਵਾਲੇ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਲਈ ਚਾਨਣ-ਮੁਨਾਰਾ ਤੇ ਪ੍ਰੇਰਨਾ ਦਾ ਸੋਮਾ ਬਣ ਗਈ।

ਸਰਦਾਰ ਸ਼ਾਮ ਸਿੰਘ ਦੇ ਐਲਾਨ ਦਾ ਲੋੜੀਂਦਾ ਅਸਰ ਪਿਆ। ਅਲੀਵਾਲ ਦੀ ਹਾਰ ਦੇ ਕਾਰਨ ਸਿੱਖ ਦਿਲ ਛੱਡ ਬੈਠੇ ਸਨ। ਸਰਦਾਰ ਸ਼ਾਮ ਸਿੰਘ ਦੀ ਸ਼ਾਨਦਾਰ ਮਿਸਾਲ ਨੇ ਉਨ੍ਹਾਂ ਨੂੰ ਨਵਾਂ ਜੋਸ਼, ਉਤਸ਼ਾਹ ਤੇ ਪ੍ਰੇਰਨਾ ਦਿੱਤੀ। ਕਨਿੰਘਮ ਨੇ ਇਸ ਹਾਲਤ ਨੂੰ ਹੂ-ਬ-ਹੂ ਬਿਆਨ ਕਰਦਿਆਂ ਹੋਇਆਂ ਇਉਂ ਲਿਖਿਆ ਹੈ:

“ਜਿਨ੍ਹਾਂ ਖ਼ਤਰਿਆਂ ਵਿਚ ਸਿੱਖ ਕੌਮ ਘਿਰੀ ਹੋਈ ਸੀ, ਉਹ ਉਨ੍ਹਾਂ ਦੇ ਦਿਲ- ਦਿਮਾਗ਼ ’ਤੇ ਛਾਏ ਹੋਏ ਸਨ ਤੇ ਉਨ੍ਹਾਂ ਨੂੰ ਬਦੇਸ਼ੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੁੱਝ ਰਿਹਾ ਸੀ। ਬਿਰਧ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਆਪਣੀ ਕੌਮ ਦੇ ਦੁਸ਼ਮਣਾਂ ਨਾਲ ਟੱਕਰ ਵਿਚ ਸ਼ਹੀਦ ਹੋਣ ਤੇ ਇਸ ਤਰ੍ਹਾਂ (ਗੁਰੂ) ਗੋਬਿੰਦ (ਸਿੰਘ) ਦੀ ਸਪਿਰਟ ਤੇ ਉਸ ਦੇ ਰਹੱਸਵਾਦੀ ਪੰਚਾਇਤੀ ਰਾਜ ਨੂੰ ਰਿਝਾਉਣ ਲਈ ਆਪਣੀ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ।”

ਅੰਗਰੇਜ਼ਾਂ ਦੇ ਪਹਿਲੇ ਹਮਲੇ ਸਮੇਂ ਸਰਦਾਰ ਸ਼ਾਮ ਸਿੰਘ ਲੱਗਭਗ ਹਰੇਕ ਥਾਂ ਮੌਜੂਦ ਦਿੱਸਦਾ ਸੀ। ਉਹ ਇਕ ਦਸਤੇ ਤੋਂ ਦੂਜੇ ਵੱਲ ਜਾਂਦਾ ਹੋਇਆ ਜਵਾਨਾਂ ਨੂੰ ਡਟ ਕੇ ਲੜਨ ਲਈ ਹੱਲਾ-ਸ਼ੇਰੀ ਦੇਣ ਤੇ ਉਨ੍ਹਾਂ ਦਾ ਹੌਸਲਾ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਸਫਲ ਹੋ ਰਿਹਾ ਸੀ। ਉਸ ਦੇ ਇਸ ਕਰਤਵ ਨੇ ਸਿੱਖ ਫੌਜ ਨੂੰ ਵਧੇਰੇ ਜੋਸ਼ ਨਾਲ ਲੜਨ ਲਈ ਉਭਾਰਿਆ ਤੇ ਅੰਤ ਵਿਚ ਅੰਗਰੇਜ਼ਾਂ ਨੂੰ ਪਛਾੜ ਦਿੱਤਾ ਗਿਆ। ਵਿਲੀਅਮ ਐਡਵਰਡ, ਜੋ ਇਸ ਹਮਲੇ ਸਮੇਂ ਉਥੇ ਮੌਜੂਦ ਸੀ, ਨੇ ਇਸ ਸਮੇਂ ਦਾ ਹੂ- ਬਹੂ ਦ੍ਰਿਸ਼ ਇੰਜ ਲਿਖਿਆ ਹੈ:

 “ਗਿਲਬਰਟ ਦੇ ਡਵੀਯਨ ਨੇ ਸਿੱਖਾਂ ਦੇ ਕੇਂਦਰੀ ਮੋਰਚੇ ਉੱਤੇ ਤੀਜਾ ਹਮਲਾ ਕੀਤਾ। ਇਕ ਦੂਜੇ ਦੇ ਮੋਢਿਆਂ ਉੱਤੇ ਚੜ੍ਹਦੇ ਹੋਏ ਉਹ ਸਿੱਖਾਂ ਦੇ ਮੋਰਚਿਆਂ ਉੱਤੇ ਪਹੁੰਚ ਗਏ ਤੇ ਜਿਸ ਵੇਲੇ ਉਨ੍ਹਾਂ ਦੀ ਗਿਣਤੀ ਬਹੁਤ ਵਧ ਗਈ, ਉਨ੍ਹਾਂ ਨੇ ਝਪਟ ਕੇ ਸਿੱਖਾਂ ਦੀਆਂ ਤੋਪਾਂ ’ਤੇ ਕਬਜ਼ਾ ਕਰ ਲਿਆ। ਛੇਤੀ ਹੀ ਇਹ ਖ਼ਬਰ ਸਾਰੀ ਸਿੱਖ ਫੌਜ ਵਿਚ ਖਿੱਲਰ ਗਈ ਕਿ ਦੁਸ਼ਮਣ ਦੀਆਂ ਫੌਜਾਂ ਸਿੱਖਾਂ ਦੇ ਮੋਰਚਿਆਂ ਵਿਚ ਧੱਸ ਆਈਆਂ ਹਨ। ਜਦ ਸਰਦਾਰ ਸ਼ਾਮ ਸਿੰਘ ਨੇ ਆਪਣੀ ਫੌਜ ਦੀ ਹਾਰ ਹੁੰਦੀ ਦੇਖੀ, ਤਾਂ ਉਸ ਨੇ ਅੰਤਮ ਮਾਰੂ ਕਦਮ ਚੁੱਕਣ ਦਾ ਫ਼ੈਸਲਾ ਕਰ ਕੇ ਆਪਣੀ ਘੋੜੀ ਨੂੰ ਅੱਡੀ ਲਾਈ ਤੇ ਉਹ ਤਲਵਾਰ ਘੁਮਾਉਂਦਾ ਤੇ ਮਾਰੋ-ਮਾਰ ਕਰਦਾ ਹੋਇਆ ਪੰਜਾਹਵੀਂ ਪਿਆਦਾ ਫੌਜ ਵਿਚ ਜਾ ਘੁੱਸਿਆ। ਨਾਲ ਦੀ ਨਾਲ ਉਸ ਨੇ ਜਵਾਨਾਂ ਨੂੰ ਵੰਗਾਰਿਆ ਕਿ ਕੋਈ ਮੈਦਾਨ ਛੱਡ ਕੇ ਨਾ ਭੱਜੇ। ਜਦ ਉਸ ਦੀ ਛਾਤੀ ਸੱਤ ਗੋਲੀਆਂ ਨਾਲ ਵਿੰਨ੍ਹੀ ਗਈ ਤਾਂ ਉਹ ਸ਼ਹੀਦ ਹੋ ਕੇ ਘੋੜੀ ਤੋਂ ਡਿੱਗ ਪਿਆ।”

ਸਰਦਾਰ ਸ਼ਾਮ ਸਿੰਘ ਦੀ ਦਲੇਰੀ ਅਤੇ ਦ੍ਰਿੜ੍ਹਤਾ ਨੇ ਸਭਰਾਉਂ ਨੂੰ ਭਾਰਤ ਦਾ ਵਾਟਰਲੂ ਬਣਾ ਦਿੱਤਾ। ਜੀ.ਬੀ. ਨੈਲਸਨ ਨੇ ਲਿਖਿਆ ਹੈ: “ਜੇਕਰ ਸਿੱਖ ਇਥੇ ਜਿੱਤ ਜਾਂਦੇ ਤਾਂ ਭਾਰਤ ਅੰਗਰੇਜ਼ਾਂ ਹੱਥੋਂ ਨਿਕਲ ਜਾਣਾ ਸੀ।”

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dr Kirpal Singh
ਸਾਬਕਾ ਮੁਖੀ, ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾ ਕਿਰਪਾਲ ਸਿੰਘ ਪ੍ਰਸਿੱਧ ਸਿੱਖ ਇਤਿਹਾਸਕਾਰ ਸਨ। ਆਪ ਅਨੇਕਾਂ ਅਹੁਦਿਆਂ ਤੇ ਤਾਇਨਾਤ ਰਹੇ, ਜਿਨ੍ਹਾਂ ਵਿੱਚ ਪ੍ਰਮੁੱਖ ਸਨ- ਇੰਚਾਰਜ, ਸਿੱਖ ਸਰੋਤ ਇਤਿਹਾਸਕ ਸੰਪਾਦਨਾ ਪ੍ਰੋਜੈਕਟ, ਕਲਗੀਧਰ ਨਿਵਾਸ, ਸੈਕਟਰ 27, ਚੰਡੀਗੜ੍ਹ
ਪ੍ਰੋਫੈਸਰ ਅਤੇ ਮੁਖੀ, ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ (1982 ਤੋਂ 1986) ਫਾਊਂਡਰ, ਓਰਲ ਹਿਸਟਰੀ ਸੈੱਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਦਾਇ, ਇਤਿਹਾਸ ਅਤੇ ਪੁਰਾਤੱਤਵ ਏਸ਼ੀਆਟਿਕ ਸੋਸਾਇਟੀ, ਕਲਕੱਤਾ (1995 ਤੋਂ 1997)
ਮੈਂਬਰ, ਗਵਰਨਿੰਗ ਕੌਂਸਲ, ਏਸ਼ੀਆਟਿਕ ਸੋਸਾਇਟੀ, ਕਲਕੱਤਾ (1992 ਤੋਂ 1997)
ਆਪ ਦਾ 2019 ਵਿੱਚ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)