ਭਗਤ ਕਬੀਰ ਜੀ ਦੀ ਬਾਣੀ ਵਿਚ ਦਰਸਾਇਆ ਗਿਆ ਭਗਤੀ-ਮਾਰਗ ਪ੍ਰੇਮਾ-ਭਗਤੀ ਦਾ ਮਾਰਗ ਹੈ। ਪ੍ਰੇਮਾ-ਭਗਤੀ ਵਿਚ ਨਾ ਕੋਈ ਭੇਖ ਹੈ, ਨਾ ਕੋਈ ਅਡੰਬਰ ਹੈ ਅਤੇ ਨਾ ਕੋਈ ਡਰ ਹੈ। ਪ੍ਰੇਮਾ-ਭਗਤੀ ਦੇ ਪ੍ਰਭਾਵ ਸਦਕਾ ਮਨੁੱਖ ਨਿਰਮਲ ਹੋ ਜਾਂਦਾ ਹੈ। ਉਹ ਖਾਲਸ ਭਾਵ ਪਵਿੱਤਰ ਹੋ ਜਾਂਦਾ ਹੈ। ਆਪ ਜੀ ਦਾ ਪਵਿੱਤਰ ਫ਼ਰਮਾਨ ਹੈ:
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (ਪੰਨਾ 654)
ਇਸ ਤਰ੍ਹਾਂ ਭਗਤ ਕਬੀਰ ਜੀ ਪ੍ਰੇਮਾ-ਭਗਤੀ ਦਾ ਫਲ ਨੈਤਿਕਤਾ ਦੀ ਪ੍ਰਾਪਤੀ ਦੱਸ ਰਹੇ ਹਨ। ਆਪਣੇ ਇਕ ਸਲੋਕ ਵਿਚ ਆਪ ਜੀ ਨੇ ਪਰਮਾਤਮਾ ਨੂੰ ਤਰਵਰ ਭਾਵ ਰੁੱਖ ਦੀ ਤਸ਼ਬੀਹ ਦੇ ਕੇ ਦੱਸਿਆ ਹੈ ਕਿ ਪਰਮਾਤਮਾ ਰੁੱਖ ਹੈ ਅਤੇ ਦਇਆ ਉਸ ਦਾ ਫਲ ਹੈ। ਆਪ ਜੀ ਫ਼ਰਮਾਉਂਦੇ ਹਨ:
ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ॥
ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ॥ (ਪੰਨਾ 1377)
ਇਸ ਫਲ ਦੀ ਪ੍ਰਾਪਤੀ ਵਿਚ ਇਹ ਵਡਿਆਈ ਹੈ ਕਿ ਇਸ ਦੀ ਸੁਗੰਧ ਦੇਸ਼ਾਂ-ਦੇਸ਼ਾਂਤਰਾਂ ਤਕ ਭਾਵ ਸਾਰੇ ਸੰਸਾਰ ਵਿਚ ਫੈਲਦੀ ਹੈ ਅਤੇ ਅਧਿਆਤਮਕ ਪ੍ਰਾਪਤੀ ਵਾਲਾ ਮਨੁੱਖ ਸਾਰੇ ਸੰਸਾਰ ਲਈ ਪਰਉਪਕਾਰੀ ਹੋ ਜਾਂਦਾ ਹੈ। ਉਹ ਇਸ ਫਲ ਨੂੰ ਅੱਗੇ ਹੋਰਨਾਂ ਤਕ ਵੀ ਵੰਡਦਾ ਹੈ। ਅਧਿਆਤਮਕ ਪ੍ਰਾਪਤੀ ਮਨੁੱਖ ਦੀ ਨਿੱਜੀ ਹੈ ਪਰ ਇਸ ਤੋਂ ਉਪਜਦੀ ਸੁਗੰਧੀ ਸਮਾਜਿਕ ਹੈ। ਨੈਤਿਕਤਾ ਦਾ ਸੰਕਲਪ ਮਨੁੱਖ ਦੇ ਨਿੱਜ ਨਾਲੋਂ ਵਧ ਕੇ ਸਮਾਜ ਦੇ ਪ੍ਰਸੰਗ ਵਿਚ ਵੀ ਸਾਰਥਿਕਤਾ ਪ੍ਰਾਪਤ ਕਰਦਾ ਹੈ। ਮਨੁੱਖ ਦੀ ਨੈਤਿਕਤਾ ਦੀ ਪਰਖ ਉਸ ਦੇ ਸਮਾਜ ਪ੍ਰਤੀ ਵਿਹਾਰ ਤੋਂ ਹੀ ਹੁੰਦੀ ਹੈ। ਦਇਆ ਰੂਪੀ ਫਲ ਉਸ ਨੂੰ ਪਰਉਪਕਾਰੀ ਬਣਾ ਦਿੰਦਾ ਹੈ ਅਤੇ ਇਸ ਦਾ ਹੀ ਪ੍ਰਭਾਵ ਹੁੰਦਾ ਹੈ ਕਿ ਅਧਿਆਤਮਵਾਦੀ ਮਨੁੱਖ ਸਾਰੇ ਸੰਸਾਰ ਵਿਚ ਸਤਿਕਾਰਿਆ ਜਾਂਦਾ ਹੈ। ਜਪੁ ਜੀ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਹੈ:
ਸਭਿ ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥ (ਪੰਨਾ 4)
ਭਾਵ ਸਾਰੇ ਗੁਣ ਪਰਮਾਤਮਾ ਦੇ ਹਨ। ਪਰਮਾਤਮਾ ਨੈਤਿਕਤਾ ਜਾਂ ਸਦਾਚਾਰ ਦਾ ਸੋਮਾ ਹੈ। ਪਰਮਾਤਮਾ ਦੀ ਭਗਤੀ ਗੁਣਾਂ ਨੂੰ ਅਪਣਾਏ ਬਿਨਾਂ ਹੋ ਨਹੀਂ ਸਕਦੀ। ਭਗਤ ਕਬੀਰ ਜੀ ਬਾਹਰਲੇ ਦਿੱਸਦੇ ਤਪ, ਸੰਜਮ, ਵਰਤ, ਇਸ਼ਨਾਨ ਆਦਿ ਨੂੰ ਬੇਅਰਥ ਦੱਸਦੇ ਹਨ, ਜਿੰਨਾ ਚਿਰ ਅੰਦਰਲੀ ਜੁਗਤ ਨੂੰ ਜਾਣ ਕੇ ਪਰਮਾਤਮਾ ਨਾਲ ਪਿਆਰ ਨਹੀਂ ਉਪਜਦਾ। ਅੰਦਰਲੀ ਮੈਲ (ਵਿਕਾਰਾਂ ਦੀ), ਅੰਦਰਲੀ ਕੁੜੱਤਣ (ਹੰਕਾਰ ਅਤੇ ਕ੍ਰੋਧ ਦੀ), ਅੰਦਰਲਾ ਕਪਟ (ਵਿਖਾਵੇ ਦਾ) ਅਤੇ ਅੰਦਰਲੀ ਅਗਿਆਨਤਾ ਦਾ ਜਿੰਨਾ ਚਿਰ ਖ਼ਾਤਮਾ ਨਹੀਂ ਹੁੰਦਾ, ਓਨਾ ਚਿਰ ਮਨੁੱਖ ਭਗਤੀ ਦੀ ਥਾਂ ਕੇਵਲ ਪਾਣੀ ਨੂੰ ਰਿੜਕ ਰਿਹਾ ਹੈ, ਤਨ ਨੂੰ ਮਾਂਜੀ ਜਾ ਰਿਹਾ ਹੈ ਪਰ ਮਨ ਨੂੰ ਸਾਫ਼ ਕਰਨ ਵੱਲ ਕੋਈ ਧਿਆਨ ਨਹੀਂ। ਭਗਤ ਕਬੀਰ ਜੀ ਉਦਾਹਰਣਾਂ ਸਹਿਤ ਫ਼ਰਮਾ ਰਹੇ ਹਨ :
ਹ੍ਰਿਦੈ ਕਪਟੁ ਮੁਖ ਗਿਆਨੀ॥
ਝੂਠੇ ਕਹਾ ਬਿਲੋਵਸਿ ਪਾਨੀ॥1॥
ਕਾਂਇਆ ਮਾਂਜਸਿ ਕਉਨ ਗੁਨਾਂ॥
ਜਉ ਘਟ ਭੀਤਰਿ ਹੈ ਮਲਨਾਂ॥1॥ ਰਹਾਉ॥
ਲਉਕੀ ਅਠਸਠਿ ਤੀਰਥ ਨਾ੍ਈ॥
ਕਉਰਾਪਨੁ ਤਊ ਨ ਜਾਈ॥2॥
ਕਹਿ ਕਬੀਰ ਬੀਚਾਰੀ॥
ਭਵ ਸਾਗਰੁ ਤਾਰਿ ਮੁਰਾਰੀ॥ (ਪੰਨਾ 656)
ਭਗਤ ਕਬੀਰ ਜੀ ਮਿਸਾਲਾਂ ਦੇ ਕੇ ਸਮਝਾ ਰਹੇ ਹਨ ਕਿ ਮੁੱਖ ਤੋਂ ਬੰਦਾ ਗਿਆਨੀ ਜਾਪਦਾ ਹੈ, ਸੱਜਣ ਜਾਪਦਾ ਹੈ ਪਰੰਤੂ ਹਿਰਦੇ ਵਿਚ ਗਿਆਨ ਜਾਂ ਸੱਜਣਤਾਈ ਦੀ ਥਾਂ ਕਪਟ ਹੈ, ਧੋਖਾ ਹੈ ਜਾਂ ਫਰੇਬ ਹੈ। ਇਹ ਤਾਂ ਪਾਣੀ ਨੂੰ ਰਿੜਕਣ ਵਾਲੀ ਗੱਲ ਹੈ। ਪਾਣੀ ਨੂੰ ਰਿੜਕਣ ਨਾਲ ਮੱਖਣ ਨਹੀਂ ਨਿਕਲ ਸਕਦਾ, ਮੱਖਣ ਲਈ ਤਾਂ ਦੁੱਧ ਚਾਹੀਦਾ ਹੈ। ਸਰੀਰ ਨੂੰ ਮਾਂਜ-ਸੁਆਰ ਲਿਆ ਪਰ ਇਸ ਦਾ ਕੀ ਲਾਭ? ਅੰਦਰ ਤਾਂ ਕਪਟ ਦੀ ਮੈਲ ਭਰੀ ਹੋਈ ਹੈ। ਤੁੰਮੇ ਨੂੰ ਸਾਰੇ ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਵਾ ਲਵੋ, ਫਿਰ ਵੀ ਇਸ ਦੀ ਕੁੜੱਤਣ ਖ਼ਤਮ ਨਹੀਂ ਹੋਵੇਗੀ। ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਬਾਹਰੀ ਭੇਖ ਜਾਂ ਬਾਹਰੀ ਇਸ਼ਨਾਨ ਨਾਲ ਅਧਿਆਤਮਕ ਪ੍ਰਾਪਤੀ ਨਹੀਂ ਹੋ ਸਕਦੀ, ਜੇਕਰ ਅੰਦਰ ਕਪਟ ਹੈ।
ਅਧਿਆਤਮਕ ਪ੍ਰਾਪਤੀ ਨੂੰ ਭਗਤ ਕਬੀਰ ਜੀ ਨੇ ‘ਚਉਥੇ ਪਦ’ ਦਾ ਨਾਂ ਦਿੱਤਾ ਹੈ। ਸੰਸਾਰ ਵਿਚ ਵਿਆਪਕ ਤਿੰਨ ਗੁਣਾਂ ਰਜ, ਤਮ ਅਤੇ ਸਤ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਜੀ ਇਨ੍ਹਾਂ ਤਿੰਨਾਂ ਗੁਣਾਂ ਨੂੰ ਪਰਮਾਤਮਾ ਦੀ ਰਚੀ ਹੋਈ ਮਾਇਆ ਦੱਸਦੇ ਹਨ। ਆਪ ਜੀ ਦਾ ਫ਼ਰਮਾਨ ਹੈ:
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥
ਚਉਥੇ ਪਦ ਕਉ ਜੋ ਨਰੁ ਚੀਨੈ੍ ਤਿਨ੍ ਹੀ ਪਰਮ ਪਦੁ ਪਾਇਆ॥ (ਪੰਨਾ 1123)
ਇਸ ਲਈ ਇਹ ਮੰਨ ਕੇ ਚੱਲਣਾ ਹੈ ਕਿ ਨੈਤਿਕਤਾ ਦੇ ਗੁਣ ਉਪਜਾਉਣ ਵਾਲਾ ਪਰਮਾਤਮਾ ਹੀ ਹੈ। ਭਲੇ ਕਾਰਜ ਕਰਨ ਵਾਲੇ ਅਧਿਆਤਮਕ ਮਨੁੱਖ ਨੂੰ ਇਹ ਅਹਿਸਾਸ ਹੋਣਾ ਬੁਨਿਆਦੀ ਤੌਰ ’ਤੇ ਜ਼ਰੂਰੀ ਹੈ ਕਿ ਉਹ ਜੋ ਵੀ ਭਲੇ ਕੰਮ ਕਰ ਰਿਹਾ ਹੈ, ਉਹ ਆਪ ਨਹੀਂ ਕਰ ਰਿਹਾ, ਪਰਮਾਤਮਾ ਆਪਣੀ ਮਿਹਰ ਕਰ ਕੇ ਉਸ ਤੋਂ ਕਰਵਾ ਰਿਹਾ ਹੈ। ਜੇਕਰ ਮਨੁੱਖ ਦਇਆ ਵਿਚ ਆ ਕੇ ਦਾਨ ਕਰਦਾ ਹੈ, ਕਿਸੇ ਲੋੜਵੰਦ ਦੀ ਸਹਾਇਤਾ ਕਰਦਾ ਹੈ ਜਾਂ ਕੋਈ ਪਰਉਪਕਾਰ ਕਰਦਾ ਹੈ ਤਾਂ ਦਇਆ ਦਾ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਹੈ ਅਤੇ ਜੋ ਉਹ ਦਾਨ ਜਾਂ ਸਹਾਇਤਾ ਕਰ ਰਿਹਾ ਹੈ, ਉਹ ਵੀ ਉਸ ਦੀ ਮਲਕੀਅਤ ਨਹੀਂ ਹੈ ਕਿਉਂਕਿ ਭਗਤ ਕਬੀਰ ਜੀ ਦੱਸਦੇ ਹਨ ਕਿ ਮਨੁੱਖ ਦੇ ਕੋਲ ਆਪਣਾ ਕੁਝ ਵੀ ਨਹੀਂ ਹੈ, ਜੋ ਕੁਝ ਵੀ ਹੈ ਉਹ ਸਭ ਪਰਮਾਤਮਾ ਦਾ ਹੈ। ਜੇਕਰ ਸਭ ਕੁਝ ਹੈ ਹੀ ਪਰਮਾਤਮਾ ਦਾ ਤਾਂ ਮਨੁੱਖ ਕੀ ਦਾਨ ਕਰ ਸਕਦਾ ਹੈ? ਕੀ ਸਹਾਇਤਾ ਕਰ ਸਕਦਾ ਹੈ? ਤਨ, ਮਨ, ਧਨ ਸਭ ਪਰਮਾਤਮਾ ਦਾ ਹੈ। ਮਨੁੱਖ ਨੂੰ ਆਪ ਹੀ ਕਿਰਪਾ ਕਰ ਕੇ ਪਰਮਾਤਮਾ ਚੰਗੇ ਕੰਮ ਕਰਨ ਲਈ ਇਕ ਮਾਤਰ-ਸਾਧਨ ਜ਼ਰੂਰ ਬਣਾ ਦਿੰਦਾ ਹੈ। ਪਵਿੱਤਰ ਫ਼ਰਮਾਨ ਹੈ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ (ਪੰਨਾ 1375)
ਪਰਮਾਤਮਾ ਦੀ ਇਹ ਵਡਿਆਈ ਹੈ ਕਿ ਉਸ ਦੀ ਸਿਰਜੀ ਹੋਈ ਕੁਦਰਤ ਉਸ ਦੇ ਧਰਮ ਦਾ ਅਰਥਾਤ ਨਿਯਮਾਂ ਦਾ ਪੂਰਨ ਪਾਲਣ ਕਰਦੀ ਹੈ। ਕੁਦਰਤ ਦੇ ਨਿਯਮ ਖੁਦ-ਬ-ਖੁਦ ਹੀ ਨੈਤਿਕਤਾ ਦਾ ਉਪਦੇਸ਼ ਦਿੰਦੇ ਹਨ। ਇਸ ਢੰਗ ਨਾਲ ਕੁਦਰਤ ਵੀ ਨੈਤਿਕਤਾ ਦਾ ਇਕ ਸੋਮਾ ਬਣ ਜਾਂਦੀ ਹੈ। ਭਗਤ ਕਬੀਰ ਜੀ ਦਾ ਫ਼ਰਮਾਨ ਹੈ:
ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥
ਐਸੀ ਰਹਤ ਰਹਉ ਹਰਿ ਪਾਸਾ॥ (ਪੰਨਾ 327)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਇਸ ਫ਼ਰਮਾਨ ਦੇ ਅਰਥ ਕਰਦਿਆਂ ਲਿਖਿਆ ਗਿਆ ਹੈ: ‘ਪਾਣੀ, ਅੱਗ, ਹਵਾ, ਧਰਤੀ ਅਤੇ ਅਕਾਸ਼ ਦੇ ਸਤੋ ਗੁਣ ਧਾਰਨ ਕਰਾਂ। ਜਲ ਠੰਢ ਦਿੰਦਾ ਹੈ ਤੇ ਮੈਲ ਧੋਂਦਾ ਹੈ, ਅੱਗ ਵਿਚ ਜੋ ਚੀਜ਼ ਪਾਓ ਉਸ ਦਾ ਖੋਟ ਸਾੜ ਸੁੱਟਦੀ ਹੈ; ਧਰਤੀ ਦਾ ਗੁਣ ਧੀਰਜ ਹੈ, ਹਵਾ ਦਾ ਸਮਾਨਤਾ ਹੈ ਅਤੇ ਅਕਾਸ਼ ਦਾ ਅਲੋਪ ਰਹਿਣਾ ਤੇ ਸਭ ਵਿਚ ਵਿਆਪਕ ਰਹਿਣਾ ਹੈ।’ ਕੁਦਰਤ ਦਾ ਸਭ ਤੋਂ ਵੱਡਾ ਨਿਯਮ ਨਿਰਪੱਖਤਾ ਅਤੇ ਸਮਾਨਤਾ ਹੈ। ਚੰਦਰਮਾ ਅਤੇ ਸੂਰਜ ਸਭ ਨੂੰ ਇਕ ਸਮਾਨ ਰੋਸ਼ਨੀ ਅਤੇ ਧੁੱਪ ਦਿੰਦੇ ਹਨ। ਹਵਾ ਸਾਰਿਆਂ ਨੂੰ ਸਾਹ ਲੈਣ ਵਿਚ ਸਹਾਇਤਾ ਕਰਦੀ ਹੈ। ਬੱਦਲ ਬਿਨਾਂ ਕਿਸੇ ਵਿਤਕਰੇ ਤੋਂ ਸਭਨਾਂ ਲਈ ਮੀਂਹ ਪਾਉਂਦੇ ਹਨ। ਮਨੁੱਖ ਦੀਆਂ ਮੂਲ ਜ਼ਰੂਰਤਾਂ ਪਰਮਾਤਮਾ ਨੇ ਉਸ ਨੂੰ ਬਿਨਾਂ ਕਿਸੇ ਉਪਰਾਲੇ ਜਾਂ ਕੀਮਤ ਤੋਂ ਦਿੱਤੀਆਂ ਹੋਈਆਂ ਹਨ। ਕੁਦਰਤ ਦੇ ਨਿਯਮਾਂ ਨੂੰ ਜੇਕਰ ਮਨੁੱਖ ਸਮਾਜ ਦੇ ਨਿਯਮਾਂ ਵਿਚ ਢਾਲ ਲੈਣ ਤਾਂ ਆਪਣੇ-ਆਪ ਹੀ ਸਮਾਜ ਜਾਂ ਸੰਸਾਰ ਸੁਖ ਅਤੇ ਖੁਸ਼ਹਾਲੀ ਦਾ ਅਤੇ ਨੈਤਿਕਤਾ ਦਾ ਮੁਜੱਸਮਾ ਬਣ ਜਾਵੇ। ਪਰਮਾਤਮਾ ਖੁਦ ਨੈਤਿਕਤਾ ਦਾ ਸੋਮਾ ਹੈ ਅਤੇ ਉਸ ਦੀ ਸਾਜੀ ਕੁਦਰਤ ਵੀ ਨੈਤਿਕਤਾ ਦਾ ਸੰਚਾਰ ਕਰਦੀ ਹੈ। ਕਾਦਰ ਅਤੇ ਕੁਦਰਤ ਦੇ ਨਿਯਮਾਂ ਨੂੰ ਮੰਨਣਾ ਹੀ ਧਰਮ ਹੈ। ਇਸ ਲਈ ਧਰਮ ਵੀ ਨੈਤਿਕਤਾ ਦਾ ਇਕ ਤੀਜਾ ਸੋਮਾ ਕਿਹਾ ਜਾ ਸਕਦਾ ਹੈ। ਦੁਨੀਆਂ ਭਰ ਦੇ ਧਾਰਮਿਕ ਮਹਾਂਪੁਰਸ਼ਾਂ ਅਤੇ ਧਾਰਮਿਕ ਗ੍ਰੰਥਾਂ ਨੇ ਹਮੇਸ਼ਾਂ ਹੀ ਨੈਤਿਕਤਾ ਦੇ ਉਪਦੇਸ਼ ਨੂੰ ਅਹਿਮੀਅਤ ਦਿੱਤੀ ਹੈ। ਭਗਤ ਕਬੀਰ ਜੀ ਜਦੋਂ ‘ਜਹਾ ਖਿਮਾ ਤਹ ਆਪਿ’ ਕਹਿੰਦੇ ਹਨ ਤਾਂ ਇਸ ਦਾ ਭਾਵ ਇਹੀ ਹੈ ਕਿ ਨੈਤਿਕਤਾ ਅਸਲ ਵਿਚ ਹੈ ਹੀ ਪਰਮਾਤਮਾ ਦੇ ਗੁਣਾਂ ਦਾ ਪ੍ਰਗਟਾਵਾ। ਕੁਦਰਤ ਵੀ ਪਰਮਾਤਮਾ ਦਾ ਹੀ ਇਕ ਪ੍ਰਗਟਾਵਾ ਹੈ। ਇਸੇ ਕਰਕੇ ਕੁਦਰਤ ਵੀ ਉਸ ਦੇ ਗੁਣਾਂ ਦਾ ਹੀ ਪਾਲਣ ਕਰਦੀ ਹੈ। ਮਨੁੱਖ ਕਿਉਂਕਿ ਪਰਮਾਤਮਾ ਦਾ ਹੀ ਇਕ ਅੰਸ਼ ਹੈ ਇਸ ਲਈ ਉਸ ਦਾ ਵੀ ਕੁਦਰਤ ਦੇ ਵਾਂਗੂੰ ਹੀ ਫ਼ਰਜ਼ ਹੈ ਕਿ ਉਹ ਨਿਯਮਾਂ ਵਿਚ ਰਹੇ ਅਤੇ ਪਰਮਾਤਮਾ ਦੇ ਗੁਣਾਂ ਦਾ ਪਾਲਣ ਕਰੇ।
ਖ਼ਿਮਾ ਅਤੇ ਬਖਸ਼ਿਸ਼ ਪਰਮਾਤਮਾ ਦੇ ਅਜਿਹੇ ਗੁਣ ਹਨ, ਜਿਨ੍ਹਾਂ ਸਦਕਾ ਮਨੁੱਖ ਦਾ ਜੀਵਨ ਹਮੇਸ਼ਾਂ ਹੀ ਆਸ਼ਾਵਾਦੀ ਰਹਿ ਸਕਦਾ ਹੈ। ਮਿਹਰ ਦੀ ਬਰਸਾਤ ਕਦੇ ਵੀ ਹੋ ਸਕਦੀ ਹੈ। ਬਸ ਵਾਹਿਗੁਰੂ ਦੀ ਯਾਦ ਵਿਚ ਲੀਨ ਹੋ ਕੇ ਸ਼ੁਭ ਗੁਣਾਂ ਵੱਲ ਤੁਰ ਪੈਣਾ ਚਾਹੀਦਾ ਹੈ।
ਪਾਪ-ਪੁੰਨ ਦੇ ਨਾਲ ਸਵਰਗ-ਨਰਕ ਜੁੜੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪੁੰਨ ਕਰਨ ਨਾਲ ਸਵਰਗ ਮਿਲਦਾ ਹੈ ਅਤੇ ਪਾਪ ਕਰਨ ਨਾਲ ਨਰਕ ਪ੍ਰਾਪਤ ਹੁੰਦਾ ਹੈ। ਨੈਤਿਕਤਾ ਦੀ ਸਿੱਖਿਆ ਦੇਣ ਲਈ ਸਵਰਗ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਨਰਕ ਦਾ ਡਰਾਵਾ ਦਿੱਤਾ ਜਾਂਦਾ ਹੈ। ਲਾਲਚ ਸਦਕਾ ਜਾਂ ਡਰਾਵੇ ਸਦਕਾ ਕੀਤਾ ਗਿਆ ਪੁੰਨ, ਪੁੰਨ ਨਹੀਂ ਰਹਿੰਦਾ। ਪੁੰਨ ਤਾਂ ਹੋਣਾ ਹੀ ਨਿਸ਼ਕਾਮ ਚਾਹੀਦਾ ਹੈ। ਪੁੰਨ ਬਿਨਾਂ ਕਿਸੇ ਲਾਲਚ ਜਾਂ ਡਰ ਤੋਂ ਹੁੰਦਾ ਹੈ। ਮਨੁੱਖ ਨੂੰ ਸਦਾਚਾਰ ਦੀ ਪਾਲਣਾ ਇਸ ਕਰਕੇ ਕਰਨੀ ਚਾਹੀਦੀ ਹੈ ਕਿ ਸਦਾਚਾਰ ਉਸ ਦੇ ਜੀਵਨ ਦਾ ਸਾਹ ਲੈਣ ਵਾਂਗੂੰ ਇਕ ਆਪ-ਮੁਹਾਰਾ ਵਰਤਾਰਾ ਹੈ। ਨੈਤਿਕਤਾ ਤਾਂ ਮਨੁੱਖ ਦਾ ਸੁਭਾਅ ਹੋਣੀ ਚਾਹੀਦੀ ਹੈ। ਇਸ ਲਈ ਭਗਤ ਕਬੀਰ ਜੀ ਨਰਕ-ਸੁਰਗ ਵੱਲ ਕੋਈ ਧਿਆਨ ਨਾ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਲੀਨ ਹੋਣ ਦਾ ਉਪਦੇਸ਼ ਕਰਦੇ ਹਨ। ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਮਨੁੱਖ ਦੇ ਸੁਭਾਅ ਦਾ ਇਕ ਅੰਗ ਨੈਤਿਕਤਾ ਬਣ ਸਕਦੀ ਹੈ। ਪਵਿੱਤਰ ਫ਼ਰਮਾਨ ਹਨ:
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥ (ਪੰਨਾ 1370)
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥ (ਪੰਨਾ 337)
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥ (ਪੰਨਾ 969)
ਉਪਰੋਕਤ ਪਵਿੱਤਰ ਫ਼ਰਮਾਨ ਸਾਨੂੰ ਸਤਿਗੁਰੂ ਦੀ ਕਿਰਪਾ, ਵਾਹਿਗੁਰੂ ਦੇ ਭਾਣੇ ਅਤੇ ਚਰਨ-ਕਮਲ ਦੀ ਮੌਜ ਦੇ ਮਹੱਤਵ ਨੂੰ ਸਮਝਦੇ ਹੋਏ ਸਵਰਗ ਦੇ ਲਾਲਚ ਅਤੇ ਨਰਕ ਦੇ ਡਰ ਤੋਂ ਮੁਕਤ ਰਹਿਣ ਦਾ ਉਪਦੇਸ਼ ਦਿੰਦੇ ਹਨ। ਇਸ ਤਰ੍ਹਾਂ ਭਗਤ ਕਬੀਰ ਜੀ ਨੈਤਿਕਤਾ ਨੂੰ ਪਾਪ-ਪੁੰਨ ਅਤੇ ਨਰਕ-ਸੁਰਗ ਦੋਹਾਂ ਦੇ ਬਖੇੜਿਆਂ ਤੋਂ ਅਤੇ ਦੋਹਾਂ ਦੇ ਵਾਦ-ਵਿਵਾਦਾਂ ਤੋਂ ਦੂਰ ਰੱਖ ਕੇ ਅਪਣਾਉਣ ਦੀ ਸਿੱਖਿਆ ਦਿੰਦੇ ਹਨ। ਲਾਲਚ ਅਤੇ ਡਰ ਦੋਵੇਂ ਹੀ ਪ੍ਰੇਮਾ-ਭਗਤੀ ਦੇ ਮਾਰਗ ਦੀਆਂ ਅੜਚਣਾਂ ਹਨ। ਇਸ ਲਈ ਇਨ੍ਹਾਂ ਤੋਂ ਰਹਿਤ ਹੋ ਕੇ ਹੀ ਪ੍ਰੇਮਾ-ਭਗਤੀ ਕਰਦੇ ਹੋਏ ਮਨੁੱਖ ਨੇ ਨੈਤਿਕ ਬਣਨਾ ਹੈ। ਭਗਤ ਕਬੀਰ ਜੀ ‘ਜਹਾ ਗਿਆਨੁ ਤਹ ਧਰਮੁ ਹੈ’ ਕਹਿ ਕੇ ਗਿਆਨ ਦੀ ਵਡਿਆਈ ਕਰਦੇ ਹਨ। ਗਿਆਨ ਮਨੁੱਖ ਨੂੰ ਸੋਝੀ ਦਿੰਦਾ ਹੈ। ਸੋਝੀ ਉਸ ਨੂੰ ਚੰਗੇ- ਬੁਰੇ ਕੰਮਾਂ ਬਾਰੇ ਅਹਿਸਾਸ ਕਰਾਉਂਦੀ ਹੈ। ਭਗਤ ਕਬੀਰ ਜੀ ਸਾਨੂੰ ਦੱਸਦੇ ਹਨ ਕਿ ਮਨ ਨੂੰ ਸਮਝਾਉਣ ਲਈ ਗਿਆਨ ਦੀ ਪ੍ਰਾਪਤੀ ਜ਼ਰੂਰੀ ਹੈ। ਪਵਿੱਤਰ ਫ਼ਰਮਾਨ ਹੈ:
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥ (ਪੰਨਾ 340)
ਸੋਝੀ ਜਾਂ ਗਿਆਨ ਪ੍ਰਾਪਤ ਕਰ ਕੇ ਵੀ ਮਨੁੱਖ ਬਹੁਤ ਵਾਰੀ ਇਸ ਦੀ ਵਰਤੋਂ ਨਹੀਂ ਕਰਦਾ। ਗਿਆਨ ਜੇਕਰ ਅਮਲ ਦਾ ਰੂਪ ਧਾਰਨ ਨਹੀਂ ਕਰਦਾ ਤਾਂ ਇਹ ਵੀ ਕੋਰਾ ਗਿਆਨ ਹੀ ਰਹਿ ਜਾਂਦਾ ਹੈ। ਇਸ ਅਵਸਥਾ ਨੂੰ ਬਿਆਨ ਕਰਦੇ ਹੋਏ ਭਗਤ ਕਬੀਰ ਜੀ ਫ਼ਰਮਾਉਂਦੇ ਹਨ:
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (ਪੰਨਾ 1376)
ਭਗਤ ਕਬੀਰ ਜੀ ਕਹਿੰਦੇ ਹਨ ਕਿ ਮਨ ਸਾਰੀ ਗੱਲ ਨੂੰ ਜਾਣਦਾ ਹੋਇਆ ਔਗੁਣਾਂ ਦੇ ਰਸਤੇ ਤੁਰਦਾ ਹੈ। ਹੱਥ ਵਿਚ ਫੜੇ ਹੋਏ ਦੀਵੇ ਦਾ ਕੀ ਲਾਭ ਜੇਕਰ ਮਨੁੱਖ ਨੇ ਖੂਹ ਵਿਚ ਹੀ ਡਿੱਗ ਪੈਣਾ ਹੈ? ਦੀਵਾ ਗਿਆਨ ਦਾ ਪ੍ਰਤੀਕ ਹੈ ਅਤੇ ਖੂਹ ਅਗਿਆਨਤਾ ਦਾ। ਜੇਕਰ ਗਿਆਨ ਪ੍ਰਾਪਤ ਕਰ ਕੇ ਵੀ ਮਨੁੱਖ ਨੇ ਅਗਿਆਨਤਾ ਦੇ ਰਾਹ ’ਤੇ ਹੀ ਤੁਰਨਾ ਹੈ ਤਾਂ ਉਸ ਗਿਆਨ ਦਾ ਕੀ ਲਾਭ?
ਜਦੋਂ ਮਨੁੱਖ ਨੂੰ ਅਸਲੀ ਗਿਆਨ ਹੋ ਜਾਂਦਾ ਹੈ ਤਾਂ ਉਸ ਨੂੰ ਨੈਤਿਕਤਾ ’ਤੇ ਚੱਲਣ ਦਾ ਰਸਤਾ ਲੱਭ ਪੈਂਦਾ ਹੈ। ਉਹ ਆਪਣੀ ਅਸਲੀਅਤ ਅਤੇ ਆਪਣੇ ਜੀਵਨ ਦੇ ਮਨੋਰਥ ਨੂੰ ਜਾਣ ਲੈਂਦਾ ਹੈ। ਫਿਰ ਉਹ ਜਿਵੇਂ ਪਾਪ-ਪੁੰਨ ਨੂੰ ਅਤੇ ਨਰਕ-ਸੁਰਗ ਨੂੰ ਇਕ-ਸਮਾਨ ਸਮਝਣ ਲੱਗ ਪੈਂਦਾ ਹੈ, ਉਵੇਂ ਹੀ ਦੁੱਖ-ਸੁਖ ਉਸ ਲਈ ਇਕ-ਸਮਾਨ ਹੋ ਜਾਂਦੇ ਹਨ। ਨੈਤਿਕਤਾ ਦਾ ਆਦਰਸ਼ ਸੁਖ ਜਾਂ ਸ਼ਾਂਤੀ ਮੰਨਿਆ ਜਾਂਦਾ ਹੈ ਪਰ ਭਗਤ ਕਬੀਰ ਜੀ ਇਸ ਆਦਰਸ਼ ਨੂੰ ਹੋਰ ਉਚੇਰਾ ਲੈ ਜਾਂਦੇ ਹਨ। ਇਸ ਉਚੇਰੀ ਅਵਸਥਾ ਵਿਚ ਨੈਤਿਕ ਮਨੁੱਖ ਖੁਸ਼ੀ ਸਮੇਂ ਹਰਖਦਾ ਨਹੀਂ ਅਤੇ ਬਿਪਤਾ ਸਮੇਂ ਰੋਂਦਾ ਨਹੀਂ। ਉਹ ਪਰਮਾਤਮਾ ਦੇ ਭਾਣੇ ਨੂੰ ਮੰਨਦਾ ਹੋਇਆ ਦੁੱਖ-ਸੁਖ ਨੂੰ ਇਕ-ਸਮਾਨ ਮੰਨ ਕੇ ਚੱਲਦਾ ਹੈ। ਅਜਿਹੀ ਅਵਸਥਾ ਦਾ ਪ੍ਰਗਟਾਵਾ ਕਰਦੇ ਹੋਏ ਭਗਤ ਕਬੀਰ ਜੀ ਦੇ ਪਵਿੱਤਰ ਫ਼ਰਮਾਨ ਹਨ:
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ॥
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ॥ (ਪੰਨਾ 337)
ਆਪੁ ਪਛਾਨੈ ਆਪੈ ਆਪ॥
ਰੋਗੁ ਨ ਬਿਆਪੈ ਤੀਨੌ ਤਾਪ॥…
ਕਹੁ ਕਬੀਰ ਸੁਖਿ ਸਹਜਿ ਸਮਾਵਉ॥
ਆਪਿ ਨ ਡਰਉ ਨ ਅਵਰ ਡਰਾਵਉ॥ (ਪੰਨਾ 327)
ਦੁੱਖ ਅਤੇ ਸੁਖ ਨੂੰ ਇਕ-ਸਮਾਨ ਕਰ ਕੇ ਮੰਨਣਾ ਅਤੇ ਆਪਣੇ ਆਪੇ ਦੀ ਪਛਾਣ ਕਰ ਲੈਣ ਨਾਲ ਮਨੁੱਖ ਭਾਣੇ ਵਿਚ ਆ ਜਾਂਦਾ ਹੈ ਅਤੇ ਉਸ ਦੀ ਅਵਸਥਾ ਸਹਿਜ ਵਾਲੀ ਹੋ ਜਾਂਦੀ ਹੈ। ਉਹ ਨਾ ਤਾਂ ਕਿਸੇ ਤੋਂ ਡਰਦਾ ਹੈ ਅਤੇ ਨਾ ਕਿਸੇ ਨੂੰ ਡਰਾਉਂਦਾ ਹੈ। ਉਸ ਦੇ ਆਧਿ ਭਾਵ ਮਨ ਦੇ ਦੁੱਖ, ਬਿਆਧਿ ਭਾਵ ਤਨ ਦੇ ਦੁੱਖ ਅਤੇ ਉਪਾਧਿ ਭਾਵ ਭੁਲੇਖੇ ਦੇ ਕਾਲਪਨਿਕ ਦੁੱਖ ਸਭ ਮਿਟ ਜਾਂਦੇ ਹਨ। ਨੈਤਿਕਤਾ ਦਾ ਪ੍ਰਭਾਵ ਮਨੁੱਖ ਦੇ ਜੀਵਨ ’ਤੇ ਏਨਾ ਪ੍ਰਬਲ ਹੁੰਦਾ ਹੈ ਕਿ ਉਸ ਦੇ ਹਰੇਕ ਵਿਚਾਰ, ਹਰੇਕ ਕਥਨ ਅਤੇ ਹਰੇਕ ਕੰਮ ਵਿੱਚੋਂ ਇਹ ਆਪ-ਮੁਹਾਰੇ ਦੁਨੀਆਂ ਸਾਹਮਣੇ ਪ੍ਰਗਟ ਹੁੰਦਾ ਹੈ।
ਭਗਤ ਕਬੀਰ ਜੀ ਦੀ ਆਪਣੀ ਬਾਣੀ ਵਿਚ ਮਨੁੱਖ ਨੂੰ ਗਰਬ ਅਤੇ ਕਪਟ ਦੋਹਾਂ ਤੋਂ ਦੂਰ ਰਹਿਣ ਦਾ ਉਪਦੇਸ਼ ਕਰਦੇ ਹਨ। ‘ਗਰਬ’ ਕੀਤੇ ਹੋਏ ਸਾਰੇ ਚੰਗੇ ਕੰਮਾਂ ਦੇ ਫਲ ਨੂੰ ਖ਼ਤਮ ਕਰ ਦਿੰਦਾ ਹੈ। ‘ਕਪਟ’ ਮਨੁੱਖ ਨੂੰ ਅਸਲੀ ਰੂਪ ਵਿਚ ਆਉਣ ਹੀ ਨਹੀਂ ਦਿੰਦਾ। ਉਹ ਚੰਗੇ ਕੰਮ ਵੀ ਆਰਜ਼ੀ ਤੌਰ ’ਤੇ ਵਿਖਾਵੇ ਵਜੋਂ ਕਰਦਾ ਹੈ ਪਰ ਉਸ ਦਾ ਮੰਤਵ ਸ਼ੁਭ ਨਹੀਂ ਹੁੰਦਾ। ਇਸੇ ਕਰਕੇ ਭਗਤ ਕਬੀਰ ਜੀ ਮਨੁੱਖ ਨੂੰ ਨਿਮਰਤਾ ਦਾ ਗੁਣ ਧਾਰਨ ਕਰਨ ਲਈ ਕਹਿੰਦੇ ਹਨ। ਨਿਮਰਤਾ ਗਰਬ ਨੂੰ ਦੂਰ ਕਰਦੀ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਰੇਤ ਵਿਚ ਖਿੱਲਰੀ ਹੋਈ ਖੰਡ ਵਾਂਗੂੰ ਹੈ। ਇਸ ਖੰਡ ਨੂੰ ਹਾਥੀ ਨਹੀਂ ਚੁਗ ਸਕਦਾ ਭਾਵ ਹੰਕਾਰ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਖੰਡ ਨੂੰ ਕੀੜੀ ਚੁਣ ਸਕਦੀ ਹੈ। ਕੀੜੀ ਨਿਮਰਤਾ ਦੀ ਪ੍ਰਤੀਕ ਹੈ। ਆਪ ਜੀ ਦਾ ਪਵਿੱਤਰ ਫ਼ਰਮਾਨ ਹੈ:
ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ॥
ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ॥ (ਪੰਨਾ 972)
ਨੈਤਿਕਤਾ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਇਸ ਦਾ ਪਾਲਣ ਕਰਨ ਵਾਲਾ ਮਨੁੱਖ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ। ਭਗਤ ਕਬੀਰ ਜੀ ਆਪਣੇ ਚਾਰ ਸਲੋਕਾਂ ਵਿਚ ਵਿਚਾਰ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਬੜੀ ਖ਼ੂਬਸੂਰਤੀ ਨਾਲ ਨਿਮਰਤਾ ਦੇ ਸਿਧਾਂਤ ਨੂੰ ਪੇਸ਼ ਕਰਦੇ ਹਨ। ਮਨੁੱਖ ਨੂੰ ਮਨ ਦਾ ਹੰਕਾਰ ਛੱਡ ਕੇ ਰਾਹ ਦਾ ਰੋੜਾ ਬਣ ਜਾਣਾ ਚਾਹੀਦਾ ਹੈ। ਪਰ ਫਿਰ ਉਹ ਕਹਿੰਦੇ ਹਨ ਕਿ ਰੋੜਾ ਤਾਂ ਰਾਹ ਜਾਂਦੇ ਮੁਸਾਫਰਾਂ ਨੂੰ ਤਕਲੀਫ਼ ਦਿੰਦਾ ਹੈ। ਮਨੁੱਖ ਨੂੰ ਮਿੱਟੀ ਵਰਗਾ ਬਣ ਜਾਣਾ ਚਾਹੀਦਾ ਹੈ। ਮਿੱਟੀ ਰਾਹ ਜਾਂਦੇ ਵਿਅਕਤੀਆਂ ਦੇ ਕੱਪੜਿਆਂ ਅਤੇ ਸਰੀਰ ’ਤੇ ਉੱਡ ਕੇ ਪੈਂਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਲਈ ਦੁੱਖ ਦਾ ਕਾਰਨ ਬਣਦੀ ਹੈ। ਭਗਤ ਕਬੀਰ ਜੀ ਮਿੱਟੀ ਦੀ ਥਾਂ ਪਾਣੀ ਵਰਗਾ ਹੋਣ ਲਈ ਕਹਿੰਦੇ ਹਨ ਪਰ ਫਿਰ ਪਾਣੀ ਬਾਰੇ ਦੱਸਦੇ ਹਨ ਕਿ ਇਹ ਠੰਡਾ-ਤੱਤਾ ਹੋ ਜਾਂਦਾ ਹੈ ਅਤੇ ਇੱਕੋ ਜਿਹਾ ਨਹੀਂ ਰਹਿੰਦਾ। ਚੌਥੇ ਸਲੋਕ ਵਿਚ ਭਗਤ ਕਬੀਰ ਜੀ ਸਿੱਟਾ ਕੱਢਦੇ ਹਨ ਕਿ ਹਰੀ ਦੇ ਜਨ ਨੂੰ ਤਾਂ ਹਰੀ ਵਰਗਾ ਹੀ ਹੋਣਾ ਚਾਹੀਦਾ ਹੈ। ਪਰਮਾਤਮਾ ਪੂਰਨ ਦਇਆਲੂ ਹੈ, ਇਸ ਲਈ ਉਸ ਵਿਚ ਪੂਰਨਤਾ ਹੈ। ਦਇਆ ਵੀ ਪੂਰਨ ਹੀ ਹੋਣੀ ਚਾਹੀਦੀ ਹੈ। ਕਦੇ ਘੱਟ ਕਦੇ ਵੱਧ ਦਇਆ ਨਹੀਂ ਹੁੰਦੀ। ਇਸੇ ਤਰ੍ਹਾਂ ਨਿਮਰਤਾ ਅਤੇ ਮਿਠਾਸ ਵੀ ਹਰਦਮ ਰਹਿਣੀ ਚਾਹੀਦੀ ਹੈ। ਇਹ ਸਾਰੇ ਗੁਣ ਪਰਮਾਤਮਾ ਦੇ ਹਨ, ਇਸ ਲਈ ਇਹ ਪੂਰਨ ਅਤੇ ਸਦੀਵੀ ਗੁਣ ਹਨ।
ਔਗੁਣ ਨਾਂਹ-ਵਾਚਕ ਹੁੰਦੇ ਹਨ ਅਤੇ ਗੁਣ ਹਮੇਸ਼ਾਂ ਹਾਂ-ਵਾਚਕ। ਔਗੁਣ ਹਮੇਸ਼ਾਂ ਢਹਿੰਦੀ ਕਲਾ ਦੇ ਸੂਚਕ ਹੁੰਦੇ ਹਨ ਅਤੇ ਗੁਣ ਹਮੇਸ਼ਾਂ ਚੜ੍ਹਦੀ ਕਲਾ ਦੇ। ਔਗੁਣ ਹਮੇਸ਼ਾਂ ਨਿਰਾਸ਼ਾਵਾਦੀ ਅਤੇ ਗੁਣ ਹਮੇਸ਼ਾਂ ਆਸ਼ਾਵਾਦੀ ਬਣਾਉਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਭਗਤ ਕਬੀਰ ਜੀ ਨੇ ਸੰਸਾਰਕ ਰਿਸ਼ਤਿਆਂ ਦੇ ਰੂਪ ਵਿਚ ਵੀ ਪੇਸ਼ ਕੀਤਾ ਹੈ। ਮਾਇਆ ਤੋਂ ਇਹ ਸਾਰੇ ਉਪਜਦੇ ਦਰਸਾਏ ਹਨ। ਮਾਇਆ ਦਾ ਮਾਨਵੀਕਰਨ ਕਰ ਕੇ ਅਤੇ ਇਨ੍ਹਾਂ ਵਿਕਾਰਾਂ ਨੂੰ ਸੰਸਾਰਕ ਰਿਸ਼ਤਿਆਂ ਦੇ ਰੂਪ ਵਿਚ ਪੇਸ਼ ਕਰ ਕੇ ਭਗਤ ਕਬੀਰ ਜੀ ਨੇ ਵਿਵਹਾਰਕ ਪੱਧਰ ਤੇ ਅਨੈਤਿਕਤਾ ਦਾ ਟਾਕਰਾ ਭਗਤੀ ਰਾਹੀਂ ਕਰਨ ਦਾ ਮਾਰਗ ਦੱਸਿਆ ਹੈ। ਕ੍ਰੋਧ ਕਰੀਏ ਤਾਂ ਆਪਣਾ ਮਨ ਵੀ ਬੇਚੈਨ ਹੁੰਦਾ ਹੈ। ਇਸ ਲਈ ਕ੍ਰੋਧ ਨਾਂਹ-ਵਾਚਕ ਹੈ, ਢਹਿੰਦੀ ਕਲਾ ਵੱਲ ਲਿਜਾਂਦਾ ਹੈ ਅਤੇ ਨਿਰਾਸ਼ਾਵਾਦੀ ਬਣਾਉਂਦਾ ਹੈ। ਹਮਦਰਦੀ ਕਰੀਏ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਲਈ ਹਮਦਰਦੀ ਹਾਂ-ਵਾਚਕ ਹੈ ਅਤੇ ਆਸ਼ਾਵਾਦੀ ਬਣਾਉਂਦੀ ਹੈ। ਇਸੇ ਤਰ੍ਹਾਂ ਸਾਰੇ ਔਗੁਣਾਂ ਅਤੇ ਗੁਣਾਂ ਦਾ ਇਹੀ ਲੱਛਣ ਹੈ। ਔਗੁਣ ਪਛਤਾਵਾ ਅਤੇ ਦੁੱਖ ਦਿੰਦੇ ਹਨ। ਗੁਣ ਤਸੱਲੀ ਅਤੇ ਸੁਖ ਦਿੰਦੇ ਹਨ। ਗੁਣਾਂ ਵਿਚ ਸਰਬੱਤ ਦਾ ਭਲਾ ਹੈ ਆਪਣਾ ਵੀ ਅਤੇ ਦੂਜਿਆਂ ਦਾ ਵੀ। ਔਗੁਣਾਂ ਵਿਚ ਨਾ ਆਪਣਾ ਭਲਾ ਹੈ ਅਤੇ ਨਾ ਹੀ ਦੂਜਿਆਂ ਦਾ।
ਭਗਤ ਕਬੀਰ ਜੀ ਨਿਮਰਤਾ ਨੂੰ ਕਿਸ ਹੱਦ ਤਕ ਲੈ ਜਾਂਦੇ ਹਨ ਇਸ ਬਾਰੇ ਜਾਣ ਕੇ ਸਾਡੀ ਬੁੱਧੀ ਅਚੰਭਿਤ ਰਹਿ ਜਾਂਦੀ ਹੈ। ਮਨੁੱਖ ਆਮ ਤੌਰ ’ਤੇ ਆਪਣੇ ਗੁਣਾਂ ਦੀ ਆਪਣੇ ਚੰਗੇ ਕੰਮਾਂ ਦੀ ਪ੍ਰਸੰਸਾ ਚਾਹੁੰਦਾ ਹੈ। ਨਿੰਦਿਆ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਪਰ ਆਪ ਜੀ ਨਿੰਦਿਆ ਨੂੰ ਸਰਾਹੁੰਦੇ ਹਨ। ਪਵਿੱਤਰ ਫ਼ਰਮਾਨ ਹੈ:
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥
ਨਿੰਦਾ ਜਨ ਕਉ ਖਰੀ ਪਿਆਰੀ॥ (ਪੰਨਾ 339)
ਨਿੰਦਾ ਕਿਉਂ ਪਿਆਰੀ ਹੈ? ਕਿਉਂਕਿ ਜਦੋਂ ਨਿੰਦਾ ਹੁੰਦੀ ਹੈ ਤਾਂ ਮਨੁੱਖ ਦਾ ਹੰਕਾਰ ਟੁੱਟਦਾ ਹੈ। ਨਿੰਦਾ ਨੂੰ ਸੁਣ ਕੇ ਉਸ ਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਨਿੰਦਾ ਮਨ ਨੂੰ ਸ਼ੁੱਧ ਕਰਨ ਦਾ ਸਾਧਨ ਬਣਦੀ ਹੈ। ਭਗਤ ਕਬੀਰ ਜੀ ਤਾਂ ਨਿੰਦਾ ਕਰਨ ਵਾਲੇ ਨੂੰ ਆਪਣਾ ਮਿੱਤਰ ਕਹਿੰਦੇ ਹਨ ਕਿਉਂਕਿ ਉਹ ਔਗੁਣਾਂ ਦੀ ਮੈਲ ਨੂੰ ਧੋਣ ਵਿਚ ਸਹਾਇਤਾ ਕਰਦਾ ਹੈ। ਫਿਰ ਆਪ ਜੀ ਇਹ ਵੀ ਤਾਂ ਕਹਿੰਦੇ ਹਨ:
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ॥ (ਪੰਨਾ 1364)
ਆਪਣੇ-ਆਪ ਨੂੰ ਬੁਰਾ ਸਮਝਣ ਦਾ ਭਾਵ ਇਹ ਹੈ ਕਿ ਆਪਣੇ ਔਗੁਣਾਂ ਨੂੰ ਹਮੇਸ਼ਾਂ ਸਾਹਮਣੇ ਰੱਖਣਾ ਅਤੇ ਦੂਜਿਆਂ ਨੂੰ ਭਲਾ ਸਮਝਣ ਦਾ ਭਾਵ ਇਹ ਹੈ ਕਿ ਦੂਜਿਆਂ ਦੇ ਗੁਣਾਂ ਨੂੰ ਹੀ ਦੇਖਣਾ। ਜਦੋਂ ਅਸੀਂ ਆਪਣੇ ਔਗੁਣਾਂ ’ਤੇ ਨਿਗ੍ਹਾ ਰੱਖਾਂਗੇ ਤਾਂ ਸਾਨੂੰ ਦੂਜਿਆਂ ਦੇ ਔਗੁਣ ਨਜ਼ਰ ਹੀ ਨਹੀਂ ਆਉਣਗੇ ਅਤੇ ਨਾ ਹੀ ਇਹ ਦੇਖਣ ਲਈ ਸਾਡੇ ਕੋਲ ਸਮਾਂ ਹੋਵੇਗਾ।
ਭਗਤ ਕਬੀਰ ਜੀ ਦੀ ਬਾਣੀ ਸਮੁੰਦਰ ਦੀ ਨਿਆਈਂ ਹੈ। ਇਕ-ਇਕ ਤੁਕ ਦੇ ਵਿਚ ਡੂੰਘੀ ਫ਼ਿਲਾਸਫ਼ੀ ਭਰੀ ਹੋਈ ਹੈ। ਪ੍ਰਤੀਕ ਅਤੇ ਦ੍ਰਿਸ਼ਟਾਂਤ ਏਨੇ ਵਰਤੇ ਗਏ ਹਨ ਕਿ ਮਨੁੱਖ ਦਾ ਦਿਮਾਗ਼ ਸਮਝਣ ਲਈ ਅਸਮਰੱਥਤਾ ਪ੍ਰਗਟ ਕਰਨ ਲੱਗ ਜਾਂਦਾ ਹੈ। ਫਿਰ ਵੀ ਇਸ ਲੇਖ ਰਾਹੀਂ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਆਪ ਜੀ ਦੀ ਬਾਣੀ ਵਿੱਚੋਂ ਨੈਤਿਕਤਾ ਦੇ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਮੁੱਖ ਗੱਲ ਇਹੀ ਉਭਰ ਕੇ ਸਾਹਮਣੇ ਆਈ ਹੈ ਕਿ ਭਗਤ ਕਬੀਰ ਜੀ ਵੱਲੋਂ ਦਰਸਾਈ ਨੈਤਿਕਤਾ ਕਾਦਰ ਅਤੇ ਕੁਦਰਤ ’ਤੇ ਆਧਾਰਿਤ ਹੈ ਅਤੇ ਇਹ ਮਨੁੱਖ ਦੇ ਸੁਭਾਅ ਦਾ ਵੀ ਕਾਦਰ ਅਤੇ ਕੁਦਰਤ ਵਾਂਗੂੰ ਇਕ ਸਹਿਜ-ਸੁਭਾਅ ਲੱਛਣ ਬਣ ਜਾਣੀ ਚਾਹੀਦੀ ਹੈ। ਨੈਤਿਕਤਾ ਨੂੰ ਪੁੰਨ-ਪਾਪ, ਸਵਰਗ-ਨਰਕ ਅਤੇ ਸੁਖ-ਦੁੱਖ ਦੇ ਵਿਚਾਰਾਂ ਤੋਂ ਉੱਪਰ ਉੱਠ ਕੇ ਮਨੁੱਖੀ ਸੁਭਾਅ ਦਾ ਅੰਗ ਬਣਾਉਣਾ ਚਾਹੀਦਾ ਹੈ। ਇਹ ਕਿਸੇ ਵੀ ਹਾਲਤ ਵਿਚ ਵਿਖਾਵੇ ਦੀ ਨੈਤਿਕਤਾ ਨਹੀਂ ਹੋਣੀ ਚਾਹੀਦੀ ਅਤੇ ਹਰ ਤਰ੍ਹਾਂ ਦੇ ਗਰਬ (ਹੰਕਾਰ) ਅਤੇ ਕਪਟ ਤੋਂ ਬਿਲਕੁਲ ਰਹਿਤ ਹੋਣੀ ਚਾਹੀਦੀ ਹੈ। ਸਪੱਸ਼ਟਤਾ, ਸਵੱਛਤਾ, ਨਿਮਰਤਾ, ਮਿਠਾਸ, ਖਿਮਾਂ ਅਤੇ ਦਇਆ ਨਾਲ ਭਰਪੂਰ ਜੀਵਨ ਹੀ ਭਗਤ ਕਬੀਰ ਜੀ ਦੀ ਨੈਤਿਕਤਾ ਦੀ ਸਿੱਖਿਆ ਦਾ ਅਮਲੀ ਰੂਪ ਹੋ ਸਕਦਾ ਹੈ। ਭਗਤ ਕਬੀਰ ਜੀ ਦੇ ਸ਼ਬਦਾਂ ਵਿਚ ਮਨੁੱਖ ਦਾ ਮਨ ਏਨਾ ਨਿਰਮਲ ਹੋ ਜਾਵੇ ਅਤੇ ਅਵਸਥਾ ਏਨੀ ਉੱਚੀ ਹੋ ਜਾਵੇ ਕਿ:
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ॥
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ॥ (ਪੰਨਾ 1367)
ਲੇਖਕ ਬਾਰੇ
36-ਬੀ, ਰਤਨ ਨਗਰ, ਪਟਿਆਲਾ
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/January 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/February 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/June 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/August 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/September 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/October 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/November 1, 2008