editor@sikharchives.org
Bhagat Ravidas Ji

ਭਗਤ ਰਵਿਦਾਸ ਜੀ

ਅਕਾਲ ਪੁਰਖ ਦੇ ਇਹ ਪਰਮ ਭਗਤ ਪ੍ਰੇਮਾ-ਭਗਤੀ ਅਤੇ ਸੰਤੋਖ ਦੇ ਅਖੁੱਟ ਧਨ ਨਾਲ ਮਾਲਾ-ਮਾਲ ਸਨ, ਕਿਉਂਕਿ ਸਤ ਤੇ ਸੰਤੋਖ ਆਦਿ ਜਿਹੇ ਗੁਣ ਸੰਤਾਂ, ਭਗਤਾਂ ਅਤੇ ਮਹਾਂਪੁਰਸ਼ਾਂ ਦੀ ਵਿਰਾਸਤ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਰਵਿਦਾਸ ਜੀ ਅਕਾਲ ਪੁਰਖ ਦੇ ਪਰਮ ਭਗਤ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪ ਜੀ ਦੁਆਰਾ ਰਚਿਤ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 345 ’ਤੇ ਅਕਾਲ ਪੁਰਖ ਦੀ ਰਚੀ ਨਗਰੀ ਬੇਗਮ ਪੁਰੇ ਦੀ ਅਨੰਦਮਈ ਅਲੌਕਿਕਤਾ ਅਤੇ ਨੂਰੀ ਪ੍ਰਕਾਸ਼ ਦਾ ਬਹੁਤ ਸੁੰਦਰਮਈ ਵਰਣਨ ਮਿਲਦਾ ਹੈ।

14ਵੀਂ ਸਦੀ ਵਿਚ ਭਗਤ ਰਵਿਦਾਸ ਜੀ ਦੁਆਰਾ ਉਚਾਰੀ ਗਈ ਪਵਿੱਤਰ ਬਾਣੀ ਸਾਕਾਰ ਰੂਪ ਵਿਚ ਵਿਦਮਾਨ ਹੋਈ। ਭਗਤ ਜੀ ਦੁਆਰਾ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 16 ਰਾਗਾਂ ਵਿਚ ਦਰਜ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਰਾਗ ਸਿਰੀਰਾਗੁ, ਗਉੜੀ ਗੁਆਰੇਰੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਸੂਹੀ, ਰਾਮਕਲੀ, ਮਾਰੂ, ਮਲਾਰ, ਜੈਤਸਰੀ ਹਨ। ਆਪ ਜੀ ਦੁਆਰਾ ਰਚਿਤ 40 ਸ਼ਬਦਾਂ ਵਿੱਚੋਂ ਪਰਮਾਤਮਾ ਦੇ ਮਿਲਾਪ ਰੂਪੀ ਡੂੰਘੀ ਸਾਂਝ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਆਪ ਜੀ ਅਕਾਲ ਪੁਰਖ ਨਾਲ ਅਭੇਦਤਾ ਦਾ ਵਰਣਨ ਕਰਦੇ ਹਨ:

ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (ਪੰਨਾ 694)

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥       (ਪੰਨਾ 659)

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ (ਪੰਨਾ 93)

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ (ਪੰਨਾ 657)

ਭਗਤ ਰਵਿਦਾਸ ਜੀ ਦਾ ਜਨਮ 1433 ਬਿਕ੍ਰਮੀ ਮੁਤਾਬਿਕ 1377 ਈ. ਵਿਚ ਮਾਤਾ ਕੌਸ ਦੇਵੀ ਜੀ ਦੀ ਕੁੱਖੋਂ ਪਿਤਾ ਸ੍ਰੀ ਸੰਤੋਖ ਦਾਸ ਜੀ ਦੇ ਘਰ ਕਾਂਸੀ ਵਿਖੇ ਹੋਇਆ। ਹਿੰਦੀ ਸਾਹਿਤ ਨਾਲ ਸੰਬੰਧਿਤ ਸ੍ਰੋਤਾਂ ਵਿਚ ਆਪ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਰਘੂ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਸੁਬਿਨੀਆ ਜੀ ਲਿਖਿਆ ਮਿਲਦਾ ਹੈ। ਅਕਾਲ ਪੁਰਖ ਦੇ ਇਹ ਪਰਮ ਭਗਤ ਪ੍ਰੇਮਾ-ਭਗਤੀ ਅਤੇ ਸੰਤੋਖ ਦੇ ਅਖੁੱਟ ਧਨ ਨਾਲ ਮਾਲਾ-ਮਾਲ ਸਨ, ਕਿਉਂਕਿ ਸਤ ਤੇ ਸੰਤੋਖ ਆਦਿ ਜਿਹੇ ਗੁਣ ਸੰਤਾਂ, ਭਗਤਾਂ ਅਤੇ ਮਹਾਂਪੁਰਸ਼ਾਂ ਦੀ ਵਿਰਾਸਤ ਹਨ।

ਆਪ ਜੀ ਤਿਆਗੀ, ਕੋਮਲ ਚਿਤ ਦੇ ਮਾਲਕ ਸਨ। ਆਪ ਜੀ ਭਗਤ ਰਾਮਾਨੰਦ ਜੀ ਦੇ ਚੇਲੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ। ਭਗਤ ਬਿਰਤੀ ਦੇ ਹੋਣ ਕਰਕੇ ਆਪ ਜੀ ਨੇ ਸਾਰੀ ਲੋਕਾਈ ਵਿਚ ਸਮਾਨਤਾ ਦੀ ਜੋਤ ਜਗਾਉਣ ਅਤੇ ਅਖੌਤੀ ਨੀਚੇ ਵਰਗ ਦੇ ਲੋਕਾਂ ਵਿੱਚੋਂ ਸ਼ਰਮਸਾਰੀ ਦੀ ਭਾਵਨਾ ਦੂਰ ਕਰਨ ਲਈ ਖੁਦ ਨੂੰ ਤਥਾ-ਕਥਿਤ ਨੀਵੀਂ ਜਾਤ ਦਾ ਹੋਣ ਕਰਕੇ ਗੁਰਬਾਣੀ ਵਿਚ ਥਾਂ-ਥਾਂ ’ਤੇ ਆਪਣਾ ਪਰੀਚੈ ਦਿੱਤਾ:

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਪੰਨਾ 659)

ਜਦੋਂ ਕੁਝ ਜਾਤ-ਅਭਿਮਾਨੀ ਬ੍ਰਾਹਮਣਾਂ ਨੇ ਸ਼ੰਕਾ ਕਰ ਕੇ ਅਤੇ ਭਗਤ ਰਵਿਦਾਸ ਜੀ ਨੂੰ ਅਖੌਤੀ ਛੋਟੀ ਜਾਤ ਦਾ ਸਮਝ ਕੇ ਉਨ੍ਹਾਂ ਨਾਲ ਇਕ ਪੰਗਤ ਵਿਚ ਬੈਠ ਕੇ ਪ੍ਰਸ਼ਾਦ ਛਕਣ ਤੋਂ ਸੰਕੋਚ ਕੀਤਾ ਤਾਂ ਭਗਤ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕਰ ਕੇ ਉਨ੍ਹਾਂ ਨੂੰ ਸੋਝੀ ਦਿੱਤੀ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ॥1॥ਰਹਾਉ॥
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥1॥  (ਪੰਨਾ 1293)

ਆਪ ਜੀ ਦੁਆਰਾ ਇਸ ਉਚਾਰੇ ਹੋਏ ਸ਼ਬਦ ਤੋਂ ਅਖੌਤੀ ਉੱਚ ਜਾਤ ਦੇ ਅਭਿਮਾਨੀਆਂ ਨੂੰ ਇਹ ਸਬਕ ਸਿਖਾਇਆ ਕਿ ਜਿਸ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਇਕ ਅਖੌਤੀ ਚਮਾਰ ਜਾਤ ਅੰਦਰ ਹੈ, ਉਹੀ ਜੋਤ ਹਰੇਕ ਵਰਗ ਅਤੇ ਜਾਤ ਦੀ ਆਤਮਿਕ ਦ੍ਰਿਸ਼ਟੀ ਵਿਚ ਪ੍ਰਕਾਸ਼ਮਾਨ ਹੈ।

ਪ੍ਰੇਮ, ਭਗਤੀ ਅਤੇ ਸੇਵਾ ਦੀ ਮੂਰਤ ਭਗਤ ਰਵਿਦਾਸ ਜੀ ਦੇ ਗੁਣਾਂ ਦੀ ਖੁਸ਼ਬੋਈ ਦੂਰ-ਦੂਰ ਤਕ ਫੈਲ ਗਈ। ਜਿੱਥੇ ਆਪ ਜੀ ਦਇਆ ਅਤੇ ਨਿਮਰਤਾ ਦੀ ਮੂਰਤ ਸਨ, ਉਥੇ ਨਾਲ ਦੀ ਨਾਲ ਆਪ ਤਿਆਗ ਦੀ ਵੀ ਬਹੁਤ ਵੱਡੀ ਉਦਾਹਰਣ ਸਨ। ਭਾਵੇਂ ਆਪ ਜੀ ਦੇ ਪਿਤਾ ਜੀ ਪਾਸ ਬਹੁਤ ਸਾਰੀ ਦੌਲਤ ਸੀ, ਪਰ ਭਗਤ ਰਵਿਦਾਸ ਜੀ ਹਰ ਇਕ ਚੀਜ਼ ਜੋ ਉਨ੍ਹਾਂ ਕੋਲ ਹੁੰਦੀ ਸਾਧਾਂ-ਸੰਤਾਂ ਦੀ ਭੇਟਾ ਕਰ ਆਉਂਦੇ। ਨਿਰਾਸ਼ਤਾ ਵੱਸ ਮਾਤਾ-ਪਿਤਾ ਨੇ ਆਪ ਜੀ ਦੀ ਸ਼ਾਦੀ ਕਰਨ ਤੋਂ ਬਾਅਦ ਆਪ ਜੀ ਨੂੰ ਅਲੱਗ ਕਰ ਦਿੱਤਾ। ਆਪ ਜੀ ਨੇ ਸ਼ਾਂਤ-ਚਿਤ, ਵਾਹਿਗੁਰੂ ਦੀ ਰਜ਼ਾ ਵਿਚ ਰਹਿ ਕੇ, ਕੱਖਾਂ ਦੀ ਕੁੱਲੀ ਵਿਚ ਰਹਿ ਕੇ ਮਿਹਨਤ ਦੀ ਕਮਾਈ ਨਾਲ ਆਪਣਾ ਗੁਜ਼ਾਰਾ ਕੀਤਾ।

ਇਕ ਵਾਰੀ ਇਕ ਸੱਜਣ ਆਪ ਜੀ ਪਾਸ ਇਸ ਸੋਚ ਨਾਲ ਪਾਰਸ ਛੱਡ ਗਿਆ ਕਿ ਆਪ ਜੀ ਇਸ ਦੀ ਵਰਤੋਂ ਕਰ ਕੇ ਆਪਣੀ ਗ਼ਰੀਬੀ ਤੋਂ ਛੁਟਕਾਰਾ ਪਾ ਲੈਣਗੇ, ਪਰ ਜਦੋਂ ਉਹ ਸੱਜਣ ਕਾਫ਼ੀ ਸਮੇਂ ਬਾਅਦ ਵਾਪਸ ਪਰਤਿਆ, ਤਾਂ ਉਸ ਨੇ ਭਗਤ ਰਵਿਦਾਸ ਜੀ ਦੀ ਹਾਲਤ ਪਹਿਲੇ ਦੀ ਤਰ੍ਹਾਂ ਹੀ ਦੇਖ ਕੇ ਇਹ ਚੇਤੇ ਕਰਾਉਣ ਦੇ ਮਨੋਰਥ ਨਾਲ ਪਾਰਸ ਆਪ ਜੀ ਕੋਲੋਂ ਮੰਗਿਆ (ਉਸ ਨੇ ਸੋਚਿਆ ਸ਼ਾਇਦ ਭਗਤ ਜੀ ਨੂੰ ਪਾਰਸ ਵਰਤਣ ਦਾ ਚੇਤਾ ਨਹੀਂ ਰਿਹਾ) ਤਾਂ ਭਗਤ ਜੀ ਨੇ ਉੱਤਰ ਦਿੱਤਾ ਕਿ, ‘ਜਿੱਥੇ ਆਪ ਜੀ ਰੱਖ ਗਏ ਹੋ, ਉਥੋਂ ਹੀ ਚੁੱਕ ਲਵੋ’ ਅਤੇ ਪਾਰਸ ਦੇ ਮਾਲਕ ਦੀ ਸ਼ੰਕਾ ਦੂਰ ਕਰਨ ਲਈ ਆਪ ਜੀ ਨੇ ਕਿਹਾ ਮਨੁੱਖ ਦਾ ਕੰਮ ਹੈ, ਕਿਰਤ ਕਰ ਕੇ ਆਪਣਾ ਪੇਟ ਭਰਨਾ ਹੈ ਅਤੇ ਜੇਕਰ ਦੌਲਤ ਇਕੱਠੀ ਕਰਨੀ ਹੈ ਤਾਂ ਪਰਮਾਤਮਾ ਦੇ ਨਾਮ ਦੀ ਇਕੱਠੀ ਕਰਨੀ ਚਾਹੀਦੀ ਹੈ ਨਾ ਕਿ ਸੋਨੇ-ਚਾਂਦੀ ਦੀ। ਆਪ ਨੇ ਫੁਰਮਾਇਆ:

ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (ਪੰਨਾ 694)

ਆਪ ਜੀ ਦੀ ਬਾਣੀ ਵਿਚ ਪ੍ਰੇਮਾ-ਭਗਤੀ ਦੇ ਨਾਲ-ਨਾਲ ਵੈਰਾਗ ਵੀ ਮਿਲਦਾ ਹੈ, ਮਨੁੱਖ ਦੀ ਅਸਲੀਅਤ ਕੀ ਹੈ ਇਸ ਨੂੰ ਭਗਤ ਰਵਿਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ:

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ (ਪੰਨਾ 659)

ਇਸ ਤਰ੍ਹਾਂ ਭਗਤ ਜੀ ਨੇ ਊਚ-ਨੀਚ ਦੇ ਬੰਧਨਾਂ ਨੂੰ ਤੋੜਿਆ ਅਤੇ ਅਕਾਲ ਪੁਰਖ ਦੀ ਹਸਤੀ ਨਾਲ ਇੱਕਮਿਕ ਹੋ ਕੇ ਉਸ ਦੀ ਰਜ਼ਾ ਵਿਚ ਰਹਿਣ ਦਾ ਸੰਦੇਸ਼ ਦਿੱਤਾ। ਆਪ ਜੀ ਨੇ ਆਪਣੇ ਪਵਿੱਤਰ ਜੀਵਨ ਅਤੇ ਪ੍ਰੇਮਾ-ਭਗਤੀ ਨਾਲ ਅਨੇਕਾਂ ਜੀਵਾਂ ਦਾ ਪਾਰ-ਉਤਾਰਾ ਕੀਤਾ। ਅੰਤ ਆਪ ਜੀ 151 ਸਾਲ ਦੀ ਉਮਰ ਬਿਤਾ ਕੇ 1529 ਈ. ਵਿਚ ਚਿਤੌੜ ਵਿਖੇ ਰੱਬੀ ਜੋਤ ਵਿਚ ਸਮਾ ਗਏ, ਜਿੱਥੇ ਉਨ੍ਹਾਂ ਦੀ ਯਾਦਗਾਰ ਰੂਪ ਧਰਮ-ਅਸਥਾਨ ਅੱਜ ਵੀ ਕਾਇਮ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਲੱਖਪੁਰ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ। ਮੋਬਾ: 98156-14956

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)