editor@sikharchives.org
ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ ਦੀ ਬਾਣੀ ਦੀ ਆਧੁਨਿਕ ਯੁੱਗ ਵਿਚ ਪ੍ਰਸੰਗਿਕਤਾ

ਭਗਤ ਰਵਿਦਾਸ ਜੀ ਦਾ ਜਨਮ ਵੀ ਉਸ ਸਮੇਂ ਦੀਆਂ ਧਾਰਮਿਕ ਅਤੇ ਸਮਾਜਿਕ ਪ੍ਰਸਥਿਤੀਆਂ ਦੀ ਕੁੱਖ ਵਿੱਚੋਂ ਹੋਇਆ ਤੇ ਉਹ ਮੱਧਕਾਲੀਨ ਭਗਤੀ ਅੰਦੋਲਨ ਦੇ ਉੱਘੇ ਧਾਰਮਿਕ ਆਗੂ ਬਣੇ ਜਿਨ੍ਹਾਂ ਨੇ ਉੱਤਰੀ ਭਾਰਤ ਵਿਚ ਭਗਤੀ ਲਹਿਰ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਮਾਜ ਦਾ ਹਰ ਵਿਅਕਤੀ ਕੁਝ ਵਿਰਸੇਗਤ ਭਾਵਨਾਵਾਂ ਅਧੀਨ ਵਿਚਰਦਾ ਹੈ, ਉਸ ਦੀਆਂ ਸਮਕਾਲੀ ਸਮਾਜਿਕ ਪਰਿਸਥਿਤੀਆਂ ਪ੍ਰਤੀ ਕੁਝ ਅਸੰਤੁਸ਼ਟੀਆਂ ਹੁੰਦੀਆਂ ਹਨ। ਕ੍ਰਿਆ ਪ੍ਰਤੀਕਿਰਿਆ ਦੀ ਕਾਰਜਸ਼ੀਲਤਾ ਵਿਚ ਨਵੇਂ ਮਾਪਦੰਡ, ਨਵੀਂ ਵਿਚਾਰਧਾਰਾ, ਨਵੇਂ ਸਮਾਜਿਕ ਨਿਯਮ ਅਤੇ ਨਵੀਆਂ ਪ੍ਰਸਿਥਤੀਆਂ ਉਪਜਦੀਆਂ ਹਨ। ਇਸੇ ਲਈ ਵਿਦਵਾਨਾਂ ਨੇ ਕਿਹਾ ਹੈ ਕਿ ਸਾਹਿਤ ਸਮਾਜ ਦਾ ਪਰਛਾਵਾਂ ਹੁੰਦਾ ਹੈ। ਜੇ ਕਿਸੇ ਵੀ ਇਤਿਹਾਸਕ ਕਾਲ ਦੇ ਸਮਾਜ ਨੂੰ ਸਮਝਣਾ ਹੋਵੇ ਤਾਂ ਉਸ ਦੇ ਸਾਹਿਤ ਤੋਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਸਾਹਿਤ ਉਨ੍ਹਾਂ ਸਮੁੱਚੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੁੰਦਾ ਹੈ ਜਿਹੜੀਆਂ ਕਿਸੇ ਵਿਸ਼ੇਸ਼ ਸਮੇਂ ਦੇ ਸਮਾਜ ਨੇ ਮਹਿਸੂਸ ਕੀਤੀਆਂ ਹੁੰਦੀਆਂ ਹਨ। ਇਸੇ ਕਰਕੇ ਰੂਸੀ ਲੇਖਕ ਗੋਰਕੀ ਨੇ ਸਾਹਿਤ ਦੀ ਪਰਿਭਾਸ਼ਾ ਕਰਦੇ ਹੋਏ ਲਿਖਿਆ ਹੈ, “ਸਾਹਿਤ ਦੁਨੀਆਂ ਦਾ ਦਿਲ ਹੈ”।1 ਇਹੀ ਵਿਚਾਰ ਸ. ਗੁਰਦਿਆਲ ਸਿੰਘ ਫੁੱਲ ਦੇ ਵੀ ਹਨ ਕਿ “ਸਾਹਿਤ ਜੀਵਨ ਦੀ ਸ਼ਾਬਦਿਕ ਤਸਵੀਰ ਹੀ ਨਹੀਂ ਸਗੋਂ ਜੀਵਨ ਦਾ ਪ੍ਰਤੀਕਰਮ ਹੈ”।2

ਭਗਤ ਰਵਿਦਾਸ ਜੀ
ਭਗਤ ਰਵਿਦਾਸ ਜੀ

ਇਸ ਸੰਦਰਭ ਵਿਚ ਮੱਧਕਾਲੀਨ ਭਗਤੀ ਲਹਿਰ ਦਾ ਸਾਹਿਤ ਵੀ ਸ਼ਿੱਦਤ ਨਾਲ ਆਪਣੇ ਸਮਕਾਲੀ ਸਮਾਜ ਦੀ ਵਾਸਤਵਿਕ ਤਸਵੀਰ ਪੇਸ਼ ਕਰਦਾ ਹੈ। “ਭਗਤੀ ਲਹਿਰ ਸਾਂਸਕ੍ਰਿਤਿਕ ਚੇਤਨਾ ਦੀ ਲਹਿਰ ਸੀ ਜਿਸ ਵਿਚ ਧਾਰਮਿਕ ਤੇ ਸਮਾਜਿਕ ਪ੍ਰਗਤੀ ਦੀ ਭਾਵਨਾ ਰਲੀ-ਮਿਲੀ ਸੀ, ਇਸ ਨੇ ਸਮੁੱਚੇ ਭਾਰਤ ਨੂੰ ਪ੍ਰਭਾਵਿਤ ਕੀਤਾ।”3 ਭਗਤ ਰਵਿਦਾਸ ਜੀ ਦਾ ਜਨਮ ਵੀ ਉਸ ਸਮੇਂ ਦੀਆਂ ਧਾਰਮਿਕ ਅਤੇ ਸਮਾਜਿਕ ਪ੍ਰਸਥਿਤੀਆਂ ਦੀ ਕੁੱਖ ਵਿੱਚੋਂ ਹੋਇਆ ਤੇ ਉਹ ਮੱਧਕਾਲੀਨ ਭਗਤੀ ਅੰਦੋਲਨ ਦੇ ਉੱਘੇ ਧਾਰਮਿਕ ਆਗੂ ਬਣੇ ਜਿਨ੍ਹਾਂ ਨੇ ਉੱਤਰੀ ਭਾਰਤ ਵਿਚ ਭਗਤੀ ਲਹਿਰ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ। “ਆਪ ਜੀ ਦੇ ਨਾਂ ਦੇ ਕਈ ਰੂਪ ਪ੍ਰਚਲਿਤ ਹਨ ਜਿਵੇਂ ਰੈਦਾਸ, ਰਯਦਾਸ, ਰੁਇਦਾਸ, ਰੋਹਿਦਾਸ ਤੇ ਰਹਦਾਸ ਆਦਿ ਪਰ ਇਹ ਮੂਲ ਨਾਂ ‘ਰਵਿਦਾਸ’ ਦੇ ਹੀ ਸਥਾਨ-ਭੇਦ ਅਤੇ ਵਿਸ਼ੇਸ਼ ਖੇਤਰ ਉਚਾਰਣ ਕਾਰਣ ਵਿਗੜੇ ਹੋਏ ਹਨ।”4 ਭਗਤਾਂ ਦੀ ਲੜੀ ਵਿਚ ਉਨ੍ਹਾਂ ਦਾ ਨਾਮ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ, ਭਗਤ ਸਧਨਾ ਜੀ ਤੇ ਭਗਤ ਸੈਨ ਜੀ ਨਾਲ ਲਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ਦੀ ਬਾਣੀ ਵਾਂਗ ਹੀ ਭਗਤ ਰਵਿਦਾਸ ਜੀ ਦੀ ਬਾਣੀ ਵੀ ਸਮਕਾਲ ਵਿਚ ਸੰਪਾਦਿਤ ਕੀਤੇ ਗਏ …ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 16 ਰਾਗਾਂ ਵਿਚ 40 ਸ਼ਬਦ/ਪਦੇ ਦਰਜ ਹਨ।5

ਭਗਤ ਰਵਿਦਾਸ ਜੀ ਦੇ ਜੀਵਨ-ਵੇਰਵਿਆਂ ਬਾਰੇ ਪ੍ਰਮਾਣਿਕ ਤੱਥਾਂ ਦੀ ਘਾਟ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਆਪ ਦਾ ਜਨਮ ਬਨਾਰਸ ਵਿਚ ਕਥਿਤ ਪੱਛੜੀ ਹੋਈ ਅਖੌਤੀ ਜਾਤ ‘ਚਮਾਰ’ ਵਿਚ ਹੋਇਆ ਤੇ ਉਨ੍ਹਾਂ ਨੇ ਪਿਤਾ-ਪੁਰਖੀ ਕਿੱਤਾ ਕਰਦੇ ਹੋਏ ਆਪਣਾ ਜੀਵਨ-ਨਿਰਬਾਹ ਕੀਤਾ। ਆਪ ਨੇ ਬਾਣੀ ਵਿਚ ਲਿਖਿਆ ਹੈ:

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਪੰਨਾ 659)

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥ (ਪੰਨਾ 1293)

ਬਨਾਰਸ ਸ਼ਹਿਰ ਸਨਾਤਨੀ ਬ੍ਰਾਹਮਣੀ ਧਰਮ ਦਾ ਕੇਂਦਰ ਸੀ ਇਸੇ ਕਰਕੇ ਉਥੇ ਬ੍ਰਾਹਮਣ ਜਾਤ ਦੇ ਲੋਕਾਂ ਦੀ ਪ੍ਰਭੁਤਾ ਬਣੀ ਹੋਈ ਸੀ। ਇਹ ਲੋਕ ਧਰਮ ਤੇ ਗਿਆਨ ਉੱਤੇ ਆਪਣਾ ਜੱਦੀ ਅਧਿਕਾਰ ਜਮਾਈ ਬੈਠੇ ਸਨ। ਭਗਤ ਰਵਿਦਾਸ ਜੀ ਬਚਪਨ ਤੋਂ ਹੀ ਊਚ-ਨੀਚ, ਜਾਤ-ਪਾਤ ਤੇ ਛੂਤ-ਛਾਤ ਦੇ ਭੇਦ-ਭਾਵ ਨੂੰ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਕਰਮਕਾਂਡ ਤੇ ਪਾਖੰਡ ਕਰਕੇ ਧਰਮ ਤੇ ਸਿੱਖਿਆ ਆਦਿ ਅਧਿਕਾਰਾਂ ਤੋਂ ਵੰਚਿਤ ਰੱਖਿਆ ਜਾ ਰਿਹਾ ਸੀ ਭਾਵ ਮਾਨਵਤਾ ਨੂੰ ਪੈਰਾਂ ਥੱਲੇ ਕੁਚਲਿਆ ਜਾ ਰਿਹਾ ਸੀ, ਪੱਛੜੀ ਸ਼੍ਰੇਣੀ ਧਰਮ ਤੇ ਸਿੱਖਿਆ ਤੋਂ ਵੀ ਵਾਂਝੀ ਰਹਿ ਜਾਂਦੀ ਸੀ। ਭਗਤ ਰਵਿਦਾਸ ਜੀ ਆਪਣੇ ਆਲੇ-ਦੁਆਲੇ ਨੂੰ ਨਾਪਸੰਦ ਨਹੀਂ ਸੀ ਕਰਦੇ ਪਰ ਉਸ ਸਮੇਂ ਦੀਆਂ ਰੂੜੀਵਾਦੀ ਕੀਮਤਾਂ ਥੱਲੇ ਦੱਬ ਕੇ ਉਹ ਹੀਣ ਭਾਵਨਾ ਵਿਚ ਆਪਣੀ ਜ਼ਿੰਦਗੀ ਨਹੀਂ ਸੀ ਗੁਜ਼ਾਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਅੰਦਰ ਧਰਮ ਤੇ ਗਿਆਨ ਦੀ ਸਿੱਖਿਆ ਪ੍ਰਾਪਤ ਕਰਨ ਦੀ ਬਹੁਤ ਤਾਂਘ ਸੀ। ਇਸੇ ਕਰਕੇ ਸਮਾਜਿਕ ਪ੍ਰਸਿਥਤੀਆਂ ਦੇ ਬੇਹੱਦ ਟਕਰਾਅ ਦੇ ਬਾਵਜੂਦ ਵੀ ਉਨ੍ਹਾਂ ਨੇ ਇਹ ਸਿੱਖਿਆ ਗ੍ਰਹਿਣ ਕਰਕੇ ਆਪਣੇ ਮੌਲਿਕ ਅਨੁਭਵ ਵਿੱਚੋਂ ਬਾਣੀ ਦੀ ਸਿਰਜਣਾ ਕੀਤੀ ਜਿਸ ਵਿਚ ਆਪ ਨੇ ਮਨੁੱਖ ਨੂੰ ਕਰਮ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਕਿਉਂਕਿ ‘ਵਿਹਲਾ ਮਨ ਸ਼ੈਤਾਨ ਦਾ ਘਰ’ ਹੁੰਦਾ ਹੈ ਪਰ ਕਰਮ ਰਾਹੀਂ ਮਨੁੱਖ ਦੀ ਸੋਚ ਬਦਲ ਜਾਂਦੀ ਹੈ ਤੇ ਕੰਮ ਵਿਚ ਬਿਰਤੀ ਲੱਗਣ ਕਾਰਨ ਉਸ ਦੇ ਸਰੀਰ ਵਿਚ ਵੀ ਸਹਿਜੇ-ਸਹਿਜੇ ਪਰਿਵਰਤਨ ਆਉਂਦਾ ਹੈ “ਸਹਜੇ ਹੋਇ ਸੁ ਹੋਈ” (ਪੰਨਾ 658)। ਆਪ ਨੇ ਆਪਣੀ ਸਿਆਣਪ ਨਾਲ ਪੱਛੜੇ ਵਰਗ ਦੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ, ਉਨ੍ਹਾਂ ਵਿਚ ਇਕ ਜਨ-ਚੇਤਨਾ ਪੈਦਾ ਕੀਤੀ ਤੇ ਇਕ ਨਵੇਂ ਸਮਾਜ ਦੀ ਰਚਨਾ ਕੀਤੀ। ਆਪਣੀ ਬਾਣੀ ਦੁਆਰਾ ਅਸਮਾਨਤਾ, ਜਾਤ-ਪਾਤ, ਭੇਦ-ਭਾਵ ਤੇ ਛੂਤ-ਛਾਤ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਅਤੇ ਸਮਾਨਤਾ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਸਾਰੇ ਮਨੁੱਖਾਂ ਦੀ ਜਾਤ ਇੱਕ ਹੀ ਹੈ, ਜਨਮ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੁੰਦਾ, ਸਗੋਂ ਮਾੜੇ ਕਰਮਾਂ ਕਰਕੇ ਨੀਵਾਂ ਹੁੰਦਾ ਹੈ।6 ਪ੍ਰਿਥਵੀ ਸਿੰਘ ਆਜ਼ਾਦ ਦੇ ਵਿਚਾਰ ਅਨੁਸਾਰ, “ਭਗਤ ਰਵਿਦਾਸ ਚੇਤਨਾ ਦੀ ਇਕ ਚੰਗਿਆਰੀ ਸੀ ਜਿਸ ਨੇ ਅੰਤ ਇਕ ਅਜਿਹੀ ਅਗਨੀ ਪ੍ਰਚੰਡ ਕੀਤੀ ਜੋ ਉਸ ਸਮੇਂ ਦੀਆਂ ਸਾਰੀਆਂ ਬੁਰਾਈਆਂ ਤੇ ਸਮਾਜਿਕ ਕੁਰੀਤੀਆਂ ਨੂੰ ਸਾੜ ਕੇ ਇਕ ਅਜਿਹਾ ਪ੍ਰਕਾਸ਼ ਆਪਣੇ ਪਿੱਛੇ ਛੱਡ ਗਈ, ਜੋ ਅੱਜ ਵੀ ਅਨੇਕਾਂ ਪ੍ਰਾਣੀਆਂ ਨੂੰ ਰੌਸ਼ਨੀ ਪ੍ਰਦਾਨ ਕਰਨ ਵਾਲਾ ਹੈ।”7

ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਆਧੁਨਿਕ ਯੁੱਗ ਦੀਆਂ ਮਾਨਸਿਕ ਤੇ ਬੌਧਿਕ ਰੁਚੀਆਂ ਦੇ ਅਨੁਕੂਲ ਹੈ। ਨਿਰਸੰਦੇਹ ਅੱਜ ਦਾ ਯੁੱਗ ਪਦਾਰਥ ਦਾ ਯੁੱਗ ਹੈ ਫਿਰ ਵੀ ਅਧਿਆਤਮਿਕ ਕਦਰਾਂ-ਕੀਮਤਾਂ ਅਜੇ ਪੂਰੀ ਤਰ੍ਹਾਂ ਨਸ਼ਟ ਨਹੀਂ ਹੋਈਆਂ, ਨਾ ਹੀ ਇਹ ਕਦੇ ਨਸ਼ਟ ਹੋਣਗੀਆਂ ਪਰ ਇਹ ਵੀ ਸਚਾਈ ਹੈ ਕਿ ਜਿਉਂ-ਜਿਉਂ ਮਨੁੱਖ ਪਦਾਰਥਕ ਤਰੱਕੀ ਕਰਦਾ ਜਾ ਰਿਹਾ ਹੈ, ਆਤਮਿਕ ਤੌਰ ’ਤੇ ਪਛੜਦਾ ਜ਼ਰੂਰ ਜਾ ਰਿਹਾ ਹੈ। ਅੱਜ ਦਾ ਵਿਗਿਆਨਕ ਯੁੱਗ ਜਿਸ ਸ਼੍ਰੇਣੀ-ਰਹਿਤ ਸਮਾਜ ਦੀ ਗੱਲ ਕਰਦਾ ਹੈ, ਇਸ ਦਾ ਮੁੱਢ ਭਗਤ ਰਵਿਦਾਸ ਜੀ ਆਪਣੇ ਸਮੇਂ ਵਿਚ ਹੀ ਬੰਨ੍ਹ ਚੁੱਕੇ ਸਨ। ਸਮਕਾਲੀ ਸਮਾਜ ਦੀ ਵਿਗੜੀ ਦਸ਼ਾ ਨੂੰ ਸੁਧਾਰਨ ਲਈ ਆਪ ਨੇ ਸਮਾਜ ਦੀਆਂ ਕੁਰੀਤੀਆਂ ਅਤੇ ਉਨ੍ਹਾਂ ਦੀ ਉਪਜ ਦੇ ਖਾਤਮੇ ਲਈ ਅਤੇ ਮਨੁੱਖਤਾ ਦੇ ਕਲਿਆਣ ਲਈ ਮਾਨਸਿਕ ਚੇਤੰਨਤਾ ਦਾ ਮਾਰਗ ਪ੍ਰਦਾਨ ਕੀਤਾ। ਇਹ ਮਾਰਗ ‘ਬੇਗਮਪੁਰਾ ਸ਼ਹਿਰ’ ਨੂੰ ਜਾਂਦਾ ਹੈ, ਜਿਥੇ ਹਰ ਮਨੁੱਖ ਵਿਸ਼ੇ-ਵਿਕਾਰਾਂ, ਬੰਧਨਾਂ ਤੇ ਹਉਮੈ ਆਦਿ ਨੂੰ ਖ਼ਤਮ ਕਰਕੇ ਬੰਧਨ ਮੁਕਤ ਹੋ ਜਾਂਦਾ ਹੈ। ਆਪ ਦੇ ਸ਼ਬਦਾਂ ਵਿਚ:

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥ (ਪੰਨਾ 345)

ਉਪਰੋਕਤ ਸ਼ਬਦ ਦੀ ਦ੍ਰਿਸ਼ਟੀ ਅਧਿਆਤਮਿਕ ਧਰਾਤਲ ਦੇ ਪਿਛੋਕੜ ਵਿਚ ਵਿਚਰਦੀ ਹੈ। ਭਗਤੀ ਦੇ ਬਲ ’ਤੇ ਆਪ ਜਦੋਂ ਅਧਿਆਤਮਿਕ ਸਿਖਰ ’ਤੇ ਪਹੁੰਚਦੇ ਹਨ, ਤਾਂ ਉਸ ਸਥਾਨ ਅਥਵਾ ਵਾਤਾਵਰਨ ਨੂੰ ‘ਬੇਗਮਪੁਰਾ’ ਦਾ ਨਾਂ ਦਿੰਦੇ ਹਨ ਜਿਥੇ ਕੋਈ ਵੀ ਗ਼ਮ, ਚਿੰਤਾ, ਦੁੱਖ, ਡਰ ਤੇ ਘਬਰਾਹਟ ਨਹੀਂ ਹੁੰਦੀ ਅਤੇ ਨਾ ਹੀ ਇਥੇ ਨਿੱਜੀ ਜਾਇਦਾਦ ਉੱਪਰ ਟੈਕਸ ਲੱਗਣ ਦਾ ਡਰ ਹੈ। ਇਥੇ ਕਿਸੇ ਗ਼ਲਤ ਕੰਮ ਜਾਂ ਪਾਪ ਦਾ ਖਤਰਾ ਨਹੀਂ। ਇਹ ਅਵਸਥਾ ਡਰ-ਰਹਿਤ ਅਤੇ ਗਿਰਾਵਟਹੀਣ ਹੈ, ਇਥੇ ਦੂਜੇ ਦਰਜੇ ਦਾ ਵਿਤਕਰਾ ਨਹੀਂ, ਸਾਰੇ ਪਾਸੇ ਸੰਤੁਸ਼ਟੀ ਹੈ ਤੇ ਇਹ ਅਵਸਥਾ ਸਦਾ ਸਥਿਰ ਰਹਿਣ ਵਾਲੀ ਹੈ ਅਤੇ ਆਪ ਐਲਾਨ ਕਰਦੇ ਹਨ ਕਿ ਇਸ ਬੰਧਨ-ਮੁਕਤ ਆਜ਼ਾਦ ਅਵਸਥਾ ਵਿਚ ਪਹੁੰਚੇ ਹੋਏ ਲੋਕ ਹੀ ਮੇਰੇ ਇਸ ਸ਼ਹਿਰ ਦੇ ਵਾਸੀ ਹਨ ਅਤੇ ਮੇਰੇ ਮਿੱਤਰ ਹਨ।8

‘ਬੇਗਮਪੁਰਾ’ ਸ਼ਹਿਰ ਦੀ ਰੂਪ-ਰੇਖਾ ਅਤਿਅੰਤ ਵਿਵੇਕਪੂਰਨ ਹੈ। ਪ੍ਰਭੂ-ਪਿਆਰ ਵਿਚ ਲੀਨ ਆਤਮਾ ਨੇ ਬੜੇ ਹੀ ਸਹਿਜ ਰੂਪ ਵਿਚ ਇਕ ਅਜਿਹੇ ਸ਼ਹਿਰ ਦਾ ਮਾਡਲ ਸਿਰਜ ਦਿੱਤਾ ਹੈ ਜਿਸ ਦੀ ਤਲਾਸ਼ ਹੀ ਮਨੁੱਖ ਦੀ ਮੂਲ ਪ੍ਰਾਪਤੀ ਬਣੀ ਹੋਈ ਹੈ। ਇਸ ਸ਼ਬਦ ਵਿਚ ਰਜੋ, ਸਤੋ, ਤਮੋ ਤੋਂ ਪਰ੍ਹੇ ਦੀ ਬ੍ਰਹਮ ਅਵਸਥਾ, ਤੁਰੀਆ ਅਵਸਥਾ ਜਾਂ ਜੀਵਨ ਮੁਕਤੀ ਦਾ ਸੰਕਲਪ ਪ੍ਰਸਤੁਤ ਕੀਤਾ ਹੈ ਕਿਉਂਕਿ ਜੇਕਰ ਮਨੁੱਖ ਆਪਣੇ ਚੌਗਿਰਦੇ ਦੇ ਬੰਧਨ ਤੋਂ ਮੁਕਤ ਨਹੀਂ ਤਾਂ ਉਹ ਪਰਮ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਨੇ ਮਨੁੱਖ ਦੀ ਜੀਵਨ-ਮੁਕਤੀ ਲਈ ਉਸ ਵਾਸਤੇ ਸਗਲ ਭਵਨ ਦੇ ਨਾਇਕ ਅਤੇ ਅੰਤਰਜਾਮੀ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਹੀ ਆਧਾਰ ਮੰਨਿਆ ਹੈ ਅਤੇ ਪਰਮਾਤਮਾ ਨੂੰ ਸਭ ਤੋਂ ਨੇੜੇ ਮਹਿਸੂਸ ਕਰਦੇ ਹੋਇਆਂ, ਪਰਮਾਤਮਾ ਨਾਲ ਸੰਬੰਧ ਜੁੜਨ ਦੇ ਅਨੁਭਵ ਦਾ ਪ੍ਰਗਟਾਵਾ ਇਸ ਤਰ੍ਹਾਂ ਕੀਤਾ ਹੈ:

ਹਮ ਪ੍ਰੇਮ ਬਧਨਿ ਤੁਮ ਬਾਧੇ॥ (ਪੰਨਾ 658)

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (ਪੰਨਾ 659)

ਪਰਮਾਤਮਾ ਦੀ ਪ੍ਰੇਮਾ ਭਗਤੀ ਕਾਰਨ ਉਨ੍ਹਾਂ ਦੇ ਵਿਅਕਤਿਤਵ ਵਿਚ ਜੋ ਕ੍ਰਾਂਤੀਕਾਰੀ ਪਰਿਵਰਤਨ ਹੋਇਆ, ਉਹੀ ਉਨ੍ਹਾਂ ਨੇ ਆਪਣੀ ਸਵੈ-ਅਨੁਭੂਤੀ ਦੁਆਰਾ ਪ੍ਰਗਟ ਕੀਤਾ। ਪਰਮਾਤਮਾ ਨਾਲ ਰੂਹਾਨੀ ਜਗਿਆਸੂ ਦੇ ਅਦ੍ਵੈਤ ਸੰਬੰਧਾਂ ਨੂੰ ਉਹ ਸੋਨੇ ਅਤੇ ਕੜੇ, ਜਲ ਅਤੇ ਤਰੰਗ ਦੇ ਉਪਮਾਨਾਂ ਰਾਹੀਂ ਦਰਸਾਉਂਦੇ ਹਨ:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥ (ਪੰਨਾ 93)

ਭਗਤ ਰਵਿਦਾਸ ਜੀ ਨੇ ਅਜਿਹੀ ਪ੍ਰੀਤ ਪਰਮਾਤਮਾ ਨਾਲ ਜੋੜੀ ਤੇ ਆਪਣੀ ਬਾਣੀ ਨਾਲ ਜਿਗਿਆਸੂਆਂ ਨੂੰ ਅਜਿਹਾ ਕੀਲਿਆ ਕਿ ਉਨ੍ਹਾਂ ਦੇ ਜੀਵਨ ਦੇ ਸਮਾਜਿਕ ਤੇ ਧਾਰਮਿਕ ਵਿਵਹਾਰ ਨੂੰ ਹੀ ਬਦਲ ਦਿੱਤਾ। ‘ਨੀਚਹੁ ਊਚ ਕਰੈ ਮੇਰਾ ਗੋਬਿੰਦੁ’ ਸ਼ਬਦ ਉਚਾਰਦਿਆਂ ਕਿਹਾ ਕਿ ਮੇਰੇ ਜਿਹੇ ਨੀਚ ਨੂੰ ਜਿਹੜੇ ਕਾਂਸੀ ਦੇ ਮੁੱਖ ਬ੍ਰਾਹਮਣ ਸ਼ੂਦਰ ਕਹਿ ਕੇ ਤ੍ਰਿਸਕਾਰਦੇ ਸੀ, ਉਹੀ ਹੁਣ ਨਮਕਸਾਰ (ਡੰਡੋਤ) ਕਰਦੇ ਹਨ:

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (ਪੰਨਾ 1293)

ਭਗਤ ਰਵਿਦਾਸ ਜੀ ਦੱਸਦੇ ਹਨ ਕਿ ਦੁਨੀਆਂ ਵਿਚ ਬਹੁਗਿਣਤੀ ਅਜਿਹੇ ਮਨੁੱਖਾਂ ਦੀ ਹੈ ਜੋ ਜੀਵਨ-ਮਨੋਰਥ ਨੂੰ ਸਮਝਦਿਆਂ ਹੋਇਆਂ ਵੀ ਜਾਣ-ਬੁੱਝ ਕੇ ਅਗਿਆਨਤਾ ਦੇ ਮਾਰਗ ਨੂੰ ਹੀ ਚੁਣਦੇ ਹਨ:

ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ॥ (ਪੰਨਾ 658)

ਮਨੁੱਖ ਮਾਇਆ ਨੂੰ ਪਾਉਣ ਲਈ ਬੇਚੈਨ ਰਹਿੰਦਾ ਹੈ। ਦਿਨ-ਰਾਤ ਭੱਜ-ਦੌੜ ਕਰਦਾ ਹੈ। ਮਾਇਆ ਪਿੱਛੇ ਲੱਗ ਕੇ ਅੱਜ ਮਨੁੱਖ ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ। ਆਪਣੇ ਨਿੱਜੀ ਸਵਾਰਥ ਲਈ ਉਹ ਰਸਾਤਲ ਤਕ ਪਹੁੰਚ ਗਿਆ ਹੈ। ਅਸੀਂ ਦੂਸਰੇ ਦੀ ਤਰੱਕੀ ਵਾਧਾ ਜਾਂ ਪੈਸਾ ਦੇਖ ਕੇ ਖੁਸ਼ੀ ਨਹੀਂ ਮਨਾਉਂਦੇ ਸਗੋਂ ਸਾੜਾ ਕਰਦੇ ਤੇ ਦੁਖੀ ਰਹਿੰਦੇ ਹਾਂ। ਮਾਇਆ ਮਨੁੱਖ ਦੀ ਬੁੱਧੀ ਨੂੰ ਮਲੀਨ ਕਰ ਦਿੰਦੀ ਹੈ, ਫਿਰ ਉਸ ਨੂੰ ਆਪਣੇ ਅੰਦਰ ਵੱਸਦੇ ਪ੍ਰਭੂ ਦਾ ਬੋਧ ਨਹੀਂ ਹੋ ਸਕਦਾ। ਇਸੇ ਪ੍ਰਸੰਗ ਵਿਚ ਭਗਤ ਰਵਿਦਾਸ ਜੀ ਨੇ ਇਸੇ ਪ੍ਰਸੰਗ ਵਿਚ ਮਾਇਆ ਨੂੰ ਛਲਾਵਾ ਦੱਸਦੇ ਹੋਏ ਇਸ ਤੋਂ ਬਚਣ ਵਾਸਤੇ ਸਾਨੂੰ ਸੁਚੇਤ ਕੀਤਾ ਹੈ। ਦੁੱਖ ਦਾ ਵੱਡਾ ਕਾਰਨ ਮਨੁੱਖ ਦੀ ਹਉਮੈ ਹੈ ਜੋ ਜੀਵਨ- ਮੁਕਤੀ ਲਈ ਇਕ ਵੱਡੀ ਰੁਕਾਵਟ ਹੈ ਅਤੇ ਪਰਮਾਤਮਾ ਦੇ ਨਾਮ-ਸਿਮਰਨ ਵਿਚ ਵੀ ਧਿਆਨ ਨਹੀਂ ਲੱਗਦਾ।

ਜਿਥੇ ਹੰਕਾਰ ਨਾ ਹੋਵੇ ਉਥੇ ਹੀ ਸੇਵਾ ਦੀ ਬਿਰਤੀ ਹੁੰਦੀ ਹੈ। ਹਉਮੈ ਗ੍ਰਸਤ ਮਨੁੱਖ ਵਿਚ ਕਿਸੇ ਪ੍ਰਤੀ ਨਿਮਰਤਾ ਤੇ ਉਦਾਰਚਿਤ ਦੀ ਭਾਵਨਾ ਨਹੀਂ ਹੋ ਸਕਦੀ ਅਤੇ ਨਾ ਹੀ ਅਜਿਹਾ ਮਨੁੱਖ ਕਿਸੇ ਲੋੜਵੰਦ ਦੀ ਸਹਾਇਤਾ ਕਰ ਸਕਦਾ ਹੈ, ਖਾਸ ਕਰਕੇ ਅੱਜ ਦੇ ਜ਼ਮਾਨੇ ਵਿਚ ਕੋਈ ਕਿਸੇ ਦੀ ਜ਼ਰੂਰਤ ਦੀ ਪਰਵਾਹ ਨਹੀਂ ਕਰਦਾ ਤੇ ਨਾ ਆਪਣੀ ਕਮਾਈ ਵਿੱਚੋਂ ਥੋੜ੍ਹਾ ਹਿੱਸਾ ਲੋੜਵੰਦਾਂ ਨੂੰ ਦਿੰਦਾ ਹੈ। ਆਮ ਤੌਰ ’ਤੇ ਬੇਈਮਾਨੀ ਦੀ ਕਮਾਈ ਸਮਾਜ ’ਤੇ ਡਾਕਾ ਹੈ। ਉਸ ਸਮੇਂ ਭਗਤ ਰਵਿਦਾਸ ਜੀ ਨੇ ਬੇਲੋੜੀ ਮਾਇਆ ਜਾਂ ਸੰਪਤੀ ਜੋੜਨ ਦੀ ਨਿਖੇਧੀ ਕੀਤੀ। ਉਹ ਆਪਣੀ ਥੋੜ੍ਹੀ ਕਮਾਈ ਵਿੱਚੋਂ ਵੀ ਲੋੜਵੰਦਾਂ ਦੀ ਸਹਾਇਤਾ ਕਰਦੇ:

ਸੰਪਤਿ ਬਿਪਤਿ ਪਟਲ ਮਾਇਆ ਧਨੁ॥
ਤਾ ਮਹਿ ਮਗਨ ਹੋਤ ਨ ਤੇਰੋ ਜਨੁ॥ (ਪੰਨਾ 486-87)

ਆਪ ਨੇ ਆਪਣੀ ਬਾਣੀ ਵਿਚ ਦੁਖੀ ਅਤੇ ਗਰੀਬ ਨਾਲ ਹਮਦਰਦੀ ਦਾ ਉਪਦੇਸ਼ ਦਿੱਤਾ ਹੈ ਕਿਉਂਕਿ ਭਾਈਚਾਰਕ ਪਿਆਰ ਤੇ ਹਮਦਰਦੀ ਨਾਲ ਸਮਾਜ ਵਿਚ ਵੀ ਪਿਆਰ ਤੇ ਹਮਦਰਦੀ ਵਧਦੀ ਹੈ। ਦੂਸਰਿਆਂ ਪ੍ਰਤੀ ਹਮਦਰਦੀ ਅਤੇ ਦੂਜੇ ਦਾ ਦਰਦ ਸਮਝ ਕੇ ਮਨੁੱਖ ਨੂੰ ਸ਼ਾਂਤੀ ਤੇ ਸੁਖ ਮਿਲਦਾ ਹੈ। ਅੱਜਕਲ੍ਹ ਦੇ ਸਮਾਜ ਵਿਚ ਵਿਚ ਬਿਲਕੁਲ ਉਲਟ ਹੈ। ਲੋਕ ਦੂਸਰੇ ਦੀ ਨਿੰਦਾ ਕਰਨ ਸਮੇਂ ਜਾਂ ਦਿਲ ਦੁਖਾਉਣ ਵੇਲੇ ਬਿਲਕੁਲ ਨਹੀਂ ਸੋਚਦੇ, ਉਨ੍ਹਾਂ ਦਾ ਹਰ ਕੰਮ ਨਿੱਜ ਤਕ ਹੀ ਹੁੰਦਾ ਹੈ, ਇਸੇ ਕਰਕੇ ਭਗਤ ਰਵਿਦਾਸ ਜੀ ਦੀਆਂ ਹੇਠ ਲਿਖੀਆਂ ਪੰਕਤੀਆਂ ਵਿਚਲੇ ਵਿਚਾਰਾਂ ਦੀ ਮਹੱਤਤਾ ਅੱਜ ਹੋਰ ਵੀ ਵਧੇਰੇ ਹੈ। ਭਗਤ ਜੀ ਦੇ ਨਿਰਮਲ ਬਚਨ ਹਨ:

ਸੋ ਕਤ ਜਾਨੈ ਪੀਰ ਪਰਾਈ॥
ਜਾ ਕੈ ਅੰਤਰਿ ਦਰਦੁ ਨ ਪਾਈ॥ (ਪੰਨਾ 793)

ਦੂਸਰਿਆਂ ਦੇ ਦੁੱਖ ਦਰਦ ਨੂੰ ਆਪਣਾ ਸਮਝਦੇ ਹੋਏ ਸਮਾਜ ਵਿਚ ਨਿਮਰਤਾ, ਹਮਦਰਦੀ ਤੇ ਸੱਚਾ ਪਿਆਰ ਕਰਨ ਨਾਲ ਹੀ ਮਨੁੱਖ ਨੂੰ ਸ਼ਾਂਤੀ ਮਿਲਦੀ ਹੈ ਪਰ ਅੱਜ-ਕਲ੍ਹ ਸਭ ਪਾਸੇ ਧੋਖਾ ਹੀ ਨਜ਼ਰ ਆਉਂਦਾ ਹੈ। ਭਗਤ ਫਰੀਦ ਜੀ ਤਾਂ ਇਥੋਂ ਤਕ ਕਹਿੰਦੇ ਹਨ

“ਜਿਨ੍‍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ” (ਪੰਨਾ 488)

ਅਨੁਸਾਰ ਸਮਾਜ ਵਿਚ ਜ਼ਿਆਦਾਤਰ ਲੋਕਾਂ ਨੇ ਮਖੌਟੇ ਪਾਏ ਹੋਏ ਹਨ। ਉੱਪਰੋਂ ਮਿੱਤਰਤਾ ਦਿਖਾ ਕੇ ਅੰਦਰੋਂ ਛੁਰੀ ਚਲਾਉਂਦੇ। ਅਜਿਹੇ ਵਿਅਕਤੀ ਸਮਾਜ ਦੇ ਦੁਸ਼ਮਣ ਹੁੰਦੇ ਹਨ, ਉਨ੍ਹਾਂ ਦੇ ਦਿਲਾਂ ਵਿਚ ਹਮਦਰਦੀ ਤੇ ਸੱਚਾ ਪਿਆਰ ਨਹੀਂ ਹੋ ਸਕਦਾ। ਭਗਤ ਰਵਿਦਾਸ ਜੀ ਇਸ ਦੋਗਲੀ ਬਿਰਤੀ ਨੂੰ ਨਕਾਰਦੇ ਹਨ:

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ॥ (ਪੰਨਾ 658)

ਭਗਤ ਰਵਿਦਾਸ ਜੀ ਬਹੁਤ ਹੀ ਨਿਮਰ ਸੁਭਾਅ ਤੇ ਕਰਨੀ ਕਥਨੀ ਵਿਚ ਫਰਕ ਨਾ ਰੱਖਣ ਵਾਲੇ ਸਨ। ਉਨ੍ਹਾਂ ਦਾ ਧਿਆਨ ਸ਼ੁਰੂ ਤੋਂ ਹੀ ਭਗਤੀ ਵੱਲ ਰੁਚਿਤ ਸੀ। ਆਪ ਸੰਤਾਂ, ਸਾਧੂਆਂ ਕੋਲ ਜਾ ਕੇ ਅਧਿਆਤਮਕ ਵਿਦਿਆ ਹਾਸਲ ਕਰਨ ਦੀ ਤੀਬਰ ਇੱਛਾ ਰੱਖਦੇ ਸਨ। ਆਪ ਨੇ ਮਨੁੱਖੀ ਜੀਵਨ ਵਿਚ ਕਿਰਤ-ਕਰਮ ਕਰਦਿਆਂ ਪਾਰਗਾਮੀ ਸੱਚ ਦੀ ਭਾਲ ਵੱਲ ਸੰਕੇਤ ਕੀਤਾ ਕਿਉਂਕਿ ਸੰਸਾਰ ਵਾਸਨਾਵਾਂ ਦੁਆਰਾ ਲੁੱਟਿਆ ਜਾ ਰਿਹਾ ਹੈ ਅਤੇ ਪਰਮਾਤਮਾ ਦਾ ਨਾਮ ਹੀ ਕਲਜੁਗ ਵਿਚ ਮਨੁੱਖ ਦਾ ਇੱਕੋ ਇੱਕ ਆਧਾਰ ਹੈ ਇਸੇ ਕਰਕੇ ਆਪ ਨੇ ਦੰਭ, ਪਾਖੰਡ ਤੇ ਰੀਤੀਵਾਦ ਨੂੰ ਸੱਚੀ ਅਸਲੀਅਤ ਤੇ ਨਵੀਂ ਚੇਤਨਾ ਨਾਲੋਂ ਵੱਖਰਾ ਕੀਤਾ ਹੈ। ਆਪ ਨੇ ਅਡੰਬਰ ਛੱਡਣ ਤੇ ਆਤਮ-ਸ਼ੁੱਧੀ, ਸਮਾਨਤਾ, ਮਨੁੱਖੀ ਏਕਤਾ, ਪਰਸਪਰ ਸਾਂਝ, ਪਿਆਰ, ਹੱਕ ਤੇ ਕਰਮ-ਧਰਮ ਦੀ ਕਮਾਈ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਭ੍ਰਸ਼ਟ ਸਾਧਨਾਂ ਤੇ ਲੁੱਟ-ਖਸੁੱਟ ਨਾਲ ਕਮਾਈ ਦੌਲਤ ਸਮਾਜ ਵਿਚ ਬੁਰਾਈਆਂ ਪੈਦਾ ਕਰਦੀ ਹੈ। ਅੱਜ ਵੱਧ ਤੋਂ ਵੱਧ ਦੌਲਤ ਕਮਾਉਣ ਦੇ ਨਜ਼ਾਇਜ਼ ਢੰਗ ਵਰਤੇ ਜਾ ਰਹੇ ਹਨ ਇਥੋਂ ਤਕ ਕਿ ਪੈਸਾ ਕਮਾਉਣ ਲਈ ਨੌਜਵਾਨਾਂ ਨੂੰ ਵੀ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਨਸ਼ਿਆਂ ਕਾਰਨ ਕਤਲ ਤੇ ਹੋਰ ਗ਼ਲਤ ਕੰਮ ਹੁੰਦੇ ਹਨ ਤੇ ਸਮਾਜ ਗਰਕ ਹੁੰਦਾ ਜਾ ਰਿਹਾ ਹੈ। ਭਗਤ ਰਵਿਦਾਸ ਜੀ ਇਸ ਛਿਨ- ਪਲ ਦੇ ਨਸ਼ੇ ਦੀ ਥਾਂ ਮਨੁੱਖਤਾ ਨੂੰ ਅਜਿਹਾ ਨਸ਼ਾ ਕਰਨ ਲਈ ਕਹਿੰਦੇ ਹਨ ਜੋ ਹਮੇਸ਼ਾ ਹੀ ਮਨੁੱਖ ਨੂੰ ਮਸਤ ਰਖੇ ਭਾਵ ਪ੍ਰਭੂ-ਨਾਮ ਦਾ ਨਸ਼ਾ ਸਦੀਵੀ ਹੈ, ਦੁਨਿਆਵੀ ਨਸ਼ੇ ਤਾਂ ਚੜ੍ਹਦੇ-ਉਤਰਦੇ ਰਹਿੰਦੇ ਹਨ। ਇਸੇ ਕਰਕੇ ਆਪ ਸ਼ਰਾਬਨੋਸ਼ੀ ਤੋਂ ਵਰਜਦੇ ਹਨ। ਆਪ ਦਾ ਅਦੁੱਤੀ ਕਥਨ ਹੈ:

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥ (ਪੰਨਾ 1293)

ਪਰ ਅੱਜਕਲ੍ਹ ਮਨੁੱਖ ਅਜਿਹੇ ਐਬਾਂ ਵਿਚ ਫਸੇ ਹੋਏ ਹਨ ਕਿ ਉਨ੍ਹਾਂ ਦੀ ਬੁੱਧੀ ਵੀ ਉਨ੍ਹਾਂ ਦਾ ਸਾਥ ਨਹੀਂ ਦਿੰਦੀ ਤੇ ਅਜਿਹੀ ਅਵਿੱਦਿਆ ਕਾਰਨ ਉਹ ਆਪਣਾ ਦੁਰਲੱਭ ਮਨੁੱਖੀ ਜੀਵਨ ਅੰਞਾਈਂ ਗਵਾਉਂਦੇ ਹਨ। ਇਥੇ ਭਗਤ ਰਵਿਦਾਸ ਜੀ ਦੀਆਂ ਇਹ ਪੰਕਤੀਆਂ ਬਿਲਕੁਲ ਢੁੱਕਦੀਆਂ ਹਨ:

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥
ਮਾਧੋ ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥ (ਪੰਨਾ 486)

ਭਗਤ ਰਵਿਦਾਸ ਜੀ ਫ਼ਰਮਾਉਂਦੇ ਹਨ ਕਿ ਹਿਰਨ, ਮਛਲੀ, ਭੌਰਾ, ਭੰਬਟ ਤੇ ਹਾਥੀ; ਇਨ੍ਹਾਂ ਪੰਜਾਂ ਦਾ ਵਿਨਾਸ਼ ਇਨ੍ਹਾਂ ਵਿਚ ਕਿਸੇ ਨਾ ਕਿਸੇ ਦੋਸ਼ (ਹਿਰਨ ਨੂੰ ਘੰਡੇ ਹੇੜੇ ਦਾ ਨਾਦ ਸੁਣਨ ਦਾ, ਮਛਲੀ ਨੂੰ ਜੀਭ ਦਾ, ਭੌਰੇ ਨੂੰ ਫੁੱਲ ਸੁੰਘਣ ਦਾ, ਭੰਬਟ ਨੂੰ ਦੀਵੇ ਉੱਤੇ ਸੜਨ ਦਾ ਅਤੇ ਹਾਥੀ ਨੂੰ ਕਾਮ ਦਾ ਚਸਕਾ ਹੁੰਦਾ ਹੈ) ਅਥਵਾ ਐਬ ਦੇ ਚਸਕੇ ਕਾਰਨ ਹੁੰਦਾ ਹੈ ਪਰ ਜਿਸ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ (ਅਸਾਧ) ਲਾਇਲਾਜ ਰੋਗ ਚੰਬੜੇ ਹੋਣ, ਉਸ ਦੇ ਜੀਉਣ ਦੀ ਕੀ ਆਸ ਹੈ? ਹੇ ਪ੍ਰਭੂ! ਜੀਵਾਂ ਦੇ ਅਗਿਆਨ ਕਰਕੇ ਉਨ੍ਹਾਂ ਦਾ ਵਿਵੇਕ ਰੂਪੀ ਦੀਵਾ ਮੈਲਾ ਜਾਂ ਧੁੰਧਲਾ ਹੁੰਦਾ ਜਾ ਰਿਹਾ ਹੈ। ਅਰਥਾਤ ਮਨੁੱਖ ਵਿੱਚੋਂ ਚੰਗੇ ਮੰਦੇ ਦੀ ਪਛਾਣ ਖ਼ਤਮ ਹੁੰਦੀ ਜਾ ਰਹੀ ਹੈ। ਇਸੇ ਲਈ ਆਪ ਮਨੁੱਖ ਨੂੰ ਕਾਮ, ਕ੍ਰੋਧ, ਮੋਹ ਤੇ ਤ੍ਰਿਸ਼ਨਾ ਤਿਆਗਣ ਲਈ ਕਹਿੰਦੇ ਹਨ9 ਤਾਂ ਕਿ ਮਨੁੱਖ ਚੰਗੇ ਕਰਮ ਕਰਦੇ ਹੋਏ ਆਪਣੀ ਸੁਰਤਿ ਉਸ ਪ੍ਰਭੂ ਨਾਲ ਜੋੜ ਕੇ ਤੇ ਆਪਣਾ ਹਿਰਦਾ ਸ਼ੁੱਧ ਤੇ ਪਵਿੱਤਰ ਕਰ ਸਕੇ।

ਉਪਰੋਕਤ ਪ੍ਰਸੰਗ ਵਿਚ ਅੰਤ ’ਤੇ ਅਸੀਂ ਆਖ ਸਕਦੇ ਹਾਂ ਕਿ ਭਗਤ ਰਵਿਦਾਸ ਜੀ ਕਿਸੇ ਇਕ ਵਿਅਕਤੀ ਦਾ ਨਾਮ ਨਹੀਂ ਸਗੋਂ ਇਕ ਵਿਚਾਰਧਾਰਾ, ਇਕ ਜੀਵਨ-ਪੱਧਤੀ, ਇਕ ਭਾਵਨਾ ਦਾ ਨਾਂ ਹੈ ਜੋ ਸੰਸਾਰ-ਸਾਗਰ ਵਿਚ ਗੋਤੇ ਖਾ ਰਹੀ ਲੋਕਾਈ ਨੂੰ ਆਪਣੇ ਸਿੱਧੇ ਸਾਦੇ ਉਪਦੇਸ਼ਾਂ ਰਾਹੀਂ ਭਰਮ-ਜਾਲ ਵਿੱਚੋਂ ਕੱਢ ਕੇ ਠੋਸ ਅਮਲੀ ਜੀਵਨ ਜੀਉਣ ਦਾ ਉਚੇਰਾ ਸੁਨੇਹਾ ਦੇਣ ਲਈ ਇਥੇ ਆਈ ਸੀ।10 ਆਪ ਦੀ ਬਾਣੀ ਮਨੁੱਖ ਦੇ ਅੰਦਰਲੀ ਹੀਣ ਭਾਵਨਾ ਨੂੰ ਨਕਾਰਦੀ ਹੈ, ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਕਲਿਆਣ ਮੰਗਦੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਇਹ ਗੱਲ ਦ੍ਰਿੜ੍ਹ ਕਰਵਾਉਂਦੀ ਹੈ ਕਿ ਧਰਤੀ ’ਤੇ ਅਜਿਹੇ ਸਮਾਜ ਦਾ ਕਲਿਆਣ ਜ਼ਰੂਰੀ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ ਵਖਰੇਵਾਂ ਨਾ ਹੋਵੇ ਸਗੋਂ ਮਨੁੱਖ ਖੁਸ਼ੀ-ਖੁਸ਼ੀ ਸੁਖਮਈ ਜੀਵਨ ਬਤੀਤ ਕਰਨ। ਮਨੁੱਖੀ ਸਮਾਜ ਹਰ ਪ੍ਰਕਾਰ ਦੇ ਦੁੱਖਾਂ-ਕਲੇਸ਼ਾਂ ਤੇ ਤੰਗੀਆਂ ਤੋਂ ਮੁਕਤ ਹੋਵੇ। ਵਿਸ਼ੇਸ਼ ਰੂਪ ਵਿਚ ਆਪ ਭਾਰਤ ਦੀ ਦੱਬੀ-ਕੁਚਲੀ ਅਤੇ ਲਿਤਾੜੀ ਜਨਤਾ ਨੂੰ ਸਮਾਜਿਕ ਤੇ ਧਾਰਮਿਕ ਬੇਇਨਸਾਫੀਆਂ ਤੋਂ ਨਿਜ਼ਾਤ ਦਿਵਾਉਣਾ ਚਾਹੁੰਦੇ ਸਨ। ਡਾ. ਅਮਰਜੀਤ ਸਿੰਘ ਦੇ ਵਿਚਾਰ ਇਸ ਧਾਰਨਾ ਦੀ ਪੁਸ਼ਟੀ ਕਰਦੇ ਹਨ:

“ਰਵਿਦਾਸ ਬਾਣੀ ਪਾਰਲੌਕਿਕ ਹੋ ਕੇ ਵੀ ਲੌਕਿਕ ਪ੍ਰਸੰਗ ਵਿਚ ਪ੍ਰੇਰਣਾ ਦੇਣ ਦੀ ਸਮਰੱਥਾ ਰੱਖਦੀ ਹੈ। ਇਹ ਸਮਰੱਥਾ ਅੱਜ ਵੀ ਉਤਨੀ ਹੀ ਪ੍ਰਮਾਣਿਕ ਹੈ ਜਿਤਨੀ ਕਿ ਉਨ੍ਹਾਂ ਦੇ ਸਮੇਂ ਵਿਚ ਸੀ।”11

ਭਗਤ ਰਵਿਦਾਸ ਜੀ ਨੇ ਪੱਛੜੀਆਂ ਜਾਤਾਂ ਦੇ ਮਨਾਂ ਵਿੱਚੋਂ ਹੀਣ-ਭਾਵਨਾ ਦੂਰ ਕੀਤੀ, ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲ ਕੇ ਉਨ੍ਹਾਂ ਨੂੰ ਨਵੀਂ ਸਮਾਜਿਕ ਚੇਤਨਾ ਦੇ ਰਾਹ ਤੋਰਿਆ। ਇਸ ਚੇਤਨਾ ਦੇ ਨਾਲ ਨਾ ਕੇਵਲ ਉਸ ਸਮੇਂ ਦੇ ਸਮਾਜ ਦਾ ਹੀ ਕਲਿਆਣ ਹੋਇਆ ਸਗੋਂ ਅੱਜ ਵੀ ਉਨ੍ਹਾਂ ਦੇ ਸਮਾਜਿਕ ਮੁੱਲਾਂ ਦੀ ਪ੍ਰਸੰਗਿਕਤਾ ਬਣੀ ਹੋਈ ਹੈ।

ਹਵਾਲੇ ਤੇ ਟਿੱਪਣੀਆਂ

1. ਡਾ. ਰੋਸ਼ਨ ਲਾਲ ਅਹੂਜਾ, ਸਾਹਿਤ ਸ਼ਾਸਤਰ, ਹਿੰਦ ਪਬਲਿਸ਼ਰਜ਼, ਜਲੰਧਰ,1967, ਪੰਨਾ 10.
2. ਸ. ਗੁਰਦਿਆਲ ਸਿੰਘ ਫੁੱਲ, ਸਾਹਿਤ ਦੇ ਮੁੱਖ ਰੂਪ, ਨਿਊ ਬੁੱਕ ਕੰਪਨੀ, ਜਲੰਧਰ, 1978, ਪੰਨਾ 8.
3. ਪ੍ਰੋ. ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1977, ਪੰਨਾ 264.
4. ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਦੂਜਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002, ਪੰਨਾ 419.
5. ਭਗਤ ਬਾਣੀ ਵਿਸ਼ੇਸ਼ ਅੰਕ, ਨਾਨਕ ਪ੍ਰਕਾਸ਼ ਪੱਤ੍ਰਿਕਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 88.
6. ਰਵਿਦਾਸ ਜਨਮ ਦੇ ਕਾਰਣੇ ਹੋਤ ਨ ਕੋਉ ਨੀਚ।
   ਨਰ ਕੋ ਨੀਚ ਕਰ ਡਾਰ ਹੈ, ਔਛੇ ਕਰਮ ਕੀ ਰੀਤ।
   ਰਵਿਦਾਸ ਜਾਤ ਮਤ ਪੂਛੀਐ, ਕਾ ਜਾਤ ਕਾ ਪਾਤ।
   ਬ੍ਰਾਹਮਣ, ਖਤਰੀ, ਵੈਸ, ਸੂਦ ਸਭਨਾ ਕੀ ਇਕ ਜਾਤਿ।
7. ਪ੍ਰਿਥਵੀ ਸਿੰਘ ਆਜ਼ਾਦ, ਪਰਮ ਸੰਤ ਰਵਿਦਾਸ, ਭਗਤੀ ਕਾਵਿ ਅੰਕ, ਭਾਸ਼ਾ ਵਿਭਾਗ, ਪੰਜਾਬ, 1970, ਪੰਨਾ 252.
8. ਡਾ. ਮਨਮੋਹਨ ਸਿੰਘ, ਭਗਤ ਰਵਿਦਾਸ ਜੀਵਨ ਤੇ ਰਚਨਾ, ਮਨਦੀਪ ਪ੍ਰਕਾਸ਼ਨ, ਦਿੱਲੀ, 1977, ਪੰਨਾ 24.
9. ਕਾਮ ਕ੍ਰੋਧ ਹੰਕਾਰ ਨਿਵਾਰਉ, ਤ੍ਰਿਸ਼ਨਾ ਤਿਯਾਗਹੁ ਸੰਤ ਜਨਾ।
10. ਡਾ. ਧਰਮਪਾਲ ਸਿੰਗਲ, ਭਗਤ ਰਵਿਦਾਸ ਜੀਵਨ ਤੇ ਵਿਚਾਰ, ਲੋਕ ਗੀਤ ਪ੍ਰਕਾਸ਼ਨ, ਜਲੰਧਰ, 1977, ਪੰਨਾ 42.
11. ਡਾ. ਅਮਰਜੀਤ ਸਿੰਘ ਕਾਂਗ, ਭਗਤ ਰਵਿਦਾਸ ਵਾਣੀ, ਵਿਚਾਰ, (ਸੰਪਾ.) ਧਰਮਪਾਲ ਸਿੰਗਲ, ਅਮਰ ਗਿਆਨ ਪ੍ਰਕਾਸ਼ਨ, 1992, ਪੰਨਾ 56.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਰੀਡਰ -ਵਿਖੇ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)