ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦ ਵੱਖ-ਵੱਖ ਰਾਗਾਂ ਵਿਚ ਦਰਜ ਹਨ। ਇਨ੍ਹਾਂ ਸ਼ਬਦਾਂ ਵਿੱਚੋਂ ਸਾਨੂੰ ਸੰਕੇਤਕ ਰੂਪ ਵਿਚ ਕਾਫ਼ੀ ਸਾਰੇ ਇਤਿਹਾਸਿਕ ਅਤੇ ਮਿਥਿਹਾਸਕ ਅੰਸ਼ ਮਿਲਦੇ ਹਨ। ਭਗਤ ਰਵਿਦਾਸ ਜੀ ਦੇ ਆਪਣੇ ਜੀਵਨ ਸੰਬੰਧੀ, ਉਨ੍ਹਾਂ ਦੇ ਸਮਕਾਲੀ ਜਾਂ ਪਹਿਲਾਂ ਹੋ ਚੁੱਕੇ ਭਗਤ ਸਾਹਿਬਾਨ ਸੰਬੰਧੀ ਅਤੇ ਉਨ੍ਹਾਂ ਦੇ ਸਮੇਂ ਦੇ (ਤਤਕਾਲੀਨ) ਸਮਾਜ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਖਾਂ ਸੰਬੰਧੀ ਬਹੁਤ ਠੋਸ ਹਵਾਲੇ ਉਨ੍ਹਾਂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ। ਡਾ. ਕਮਲਜੀਤ ਕੌਰ ਦੇ ਸ਼ਬਦਾਂ ਵਿਚ, “ਕਿਸੇ ਵੀ ਸ਼ਖ਼ਸੀਅਤ ਦਾ ਜੀਵਨ ਉਸ ਦੇ ਜੀਵਨ-ਇਤਿਹਾਸ ਤੋਂ ਵਖਰਿਆਇਆ ਨਹੀਂ ਜਾ ਸਕਦਾ, ਇਸ ਲਈ ਉਸ ਵਿਚ ਇਤਿਹਾਸਿਕ ਅੰਸ਼ ਸਹਿਜ ਸੁਭਾਵਿਕ ਹੀ ਆ ਮਿਲਦੇ ਹਨ।” 1 ਕਿਸੇ ਵੀ ਸ਼ਖ਼ਸੀਅਤ ਵੱਲੋਂ ਆਪਣੇ ਦੁਆਰਾ ਲਿਖੀਆਂ ਲਿਖਤਾਂ ਜਾਂ ਉਸ ਬਾਰੇ ਉਸ ਦੇ ਸਮਕਾਲੀਆਂ ਵੱਲੋਂ ਲਿਖੀਆਂ ਲਿਖਤਾਂ ਵਿੱਚੋਂ ਇਤਿਹਾਸਿਕ ਵਰਣਨ ਦੇ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਇਹ ਲਿਖਤਾਂ ਸਾਹਿਤ ਦਾ ਕਾਵਿ-ਰੂਪ ਹੋਣ ਤਾਂ ਆਮ ਤੌਰ ’ਤੇ ਇਤਿਹਾਸਿਕ ਜ਼ਿਕਰ ਸੰਕੇਤਕ ਜਾਂ ਪ੍ਰਤੀਕਾਤਮਕ ਹੀ ਹੁੰਦਾ ਹੈ। ਕਿਉਂਕਿ ਭਗਤ ਰਵਿਦਾਸ ਜੀ ਦੀ ਬਾਣੀ ਕਾਵਿ-ਰੂਪ ਵਿਚ ਹੈ ਇਸ ਲਈ ਇਸ ਵਿਚ ਇਹ ਵਰਣਨ ਸੰਕੇਤ ਰੂਪ ਵਿਚ ਹੀ ਆਇਆ ਹੈ।
ਭਗਤ ਰਵਿਦਾਸ ਜੀ ਬਨਾਰਸ ਦੇ ਜੰਮਪਲ ਅਤੇ ਬਨਾਰਸ ਦੇ ਰਹਿਣ ਵਾਲੇ ਸਨ। ਇਸ ਸ਼ਹਿਰ ਦਾ ਜ਼ਿਕਰ ਉਨ੍ਹਾਂ ਦੀ ਬਾਣੀ ਵਿਚ ਇਉਂ ਮਿਲਦਾ ਹੈ:
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ॥1॥ ਰਹਾਉ॥
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥1॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥2॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥3॥1॥ (ਪੰਨਾ 1293)
ਇਸ ਸ਼ਬਦ ਵਿਚ ਭਗਤ ਰਵਿਦਾਸ ਜੀ ਆਪਣੇ ਨਗਰ ਬਨਾਰਸ ਦੇ ਲੋਕਾਂ ਨੂੰ ਸੰਬੋਧਨ ਕਰਕੇ ਲਿਖ ਰਹੇ ਹਨ ਕਿ ਉਨ੍ਹਾਂ ਦੀ ਅਖੌਤੀ ਜਾਤ ਚਮਾਰ ਸਾਰੇ ਨਗਰ ਵਿਚ ਪ੍ਰਸਿੱਧ ਹੈ ਭਾਵ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਹਨ। ਆਪ ਜੀ ਇਸ ਸ਼ਬਦ ਵਿਚ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦੀ ਜਾਤ ਦੇ ਲੋਕ ਚਮੜਾ ਕੁੱਟਣ ਤੇ ਵੱਢਣ ਵਾਲੇ ਅਤੇ ਮਰੇ ਹੋਏ ਡੰਗਰ ਢੋਣ ਵਾਲੇ ਹਨ ਅਤੇ ਬਨਾਰਸ ਦੇ ਆਲੇ-ਦੁਆਲੇ ਹੀ ਰਹਿੰਦੇ ਹਨ। ਭਗਤ ਜੀ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦੀ ਅਵਸਥਾ ਪਰਮਾਤਮਾ ਦੀ ਸ਼ਰਨ ਵਿਚ ਪੈਣ ਕਰਕੇ ਅਤੇ ਪਰਮਾਤਮਾ ਦੀ ਭਗਤੀ ਕਰਨ ਕਰਕੇ ਏਨੀ ਉੱਚੀ ਹੋ ਗਈ ਹੈ ਕਿ ਵੱਡੇ-ਵੱਡੇ ਬ੍ਰਾਹਮਣ ਉਨ੍ਹਾਂ ਨੂੰ ਡੰਡਉਤ ਕਰਕੇ ਨਮਸਕਾਰ ਕਰਦੇ ਹਨ। ਬਨਾਰਸ ਵਿਚ ਵਹਿੰਦੀ ਗੰਗਾ ਦਾ ਜਲ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਪਰ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਜੇਕਰ ਇਸ ਜਲ ਤੋਂ ਸ਼ਰਾਬ ਬਣਾਈ ਜਾਵੇ ਤਾਂ ਉਹ ਵੀ ਅਪਵਿੱਤਰ ਮੰਨੀ ਜਾਂਦੀ ਹੈ ਅਤੇ ਸੰਤ ਲੋਕ ਉਸ ਦਾ ਸੇਵਨ ਨਹੀਂ ਕਰਦੇ। ਜੇਕਰ ਇਹ ਅਪਵਿੱਤਰ ਸ਼ਰਾਬ ਗੰਗਾ ਦੇ ਜਲ ਵਿਚ ਵਹਾ ਦਿੱਤੀ ਜਾਵੇ ਤਾਂ ਇਹ ਜਲ ਬਣ ਕੇ ਪਵਿੱਤਰ ਹੋ ਜਾਂਦੀ ਹੈ। ਇਸੇ ਤਰ੍ਹਾਂ ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੇ ਪੱਤਿਆਂ ਨੂੰ ਵੀ ਅਪਵਿੱਤਰ ਹੀ ਮੰਨਿਆ ਜਾਂਦਾ ਹੈ। ਪਰ ਜੇਕਰ ਇਨ੍ਹਾਂ ਅਪਵਿੱਤਰ ਪੱਤਿਆਂ ’ਤੇ ਜਾਂ ਇਨ੍ਹਾਂ ਤੋਂ ਬਣੇ ਕਾਗਜ਼ਾਂ ’ਤੇ ਪਰਮਾਤਮਾ ਦੀ ਸਿਫ਼ਤ ਲਿਖੀ ਜਾਵੇ ਤਾਂ ਲੋਕ ਉਨ੍ਹਾਂ ਨੂੰ ਨਮਸਕਾਰ ਕਰਦੇ ਹਨ। ਇਸ ਤਰ੍ਹਾਂ ਉਹ ਕਾਗਜ਼ ਪਵਿੱਤਰ ਹੋ ਜਾਂਦੇ ਹਨ। ਸ਼ਰਾਬ ਅਤੇ ਤਾੜੀ ਦੇ ਪੱਤਿਆਂ ਦੀ ਮਿਸਾਲ ਰਾਹੀਂ ਭਗਤ ਰਵਿਦਾਸ ਜੀ ਦੱਸਦੇ ਹਨ ਕਿ ਉਨ੍ਹਾਂ ਦੀ ਨੀਵੀਂ ਕੁਲ਼ ਪਰਮਾਤਮਾ ਦੇ ਮੇਲ ਕਰਕੇ ਬਹੁਤ ਉੱਚੀ ਹੋ ਗਈ ਹੈ। ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣ ਨਾਲ ਉਹ ਪਵਿੱਤਰ ਅਤੇ ਉੱਚੇ ਹੋ ਗਏ ਹਨ।
ਬਨਾਰਸ ਸ਼ਹਿਰ ਬਾਰੇ ਪ੍ਰੋ. ਪਿਆਰਾ ਸਿੰਘ ਪਦਮ ਲਿਖਦੇ ਹਨ, “ਬਨਾਰਸ ਬ੍ਰਾਹਮਣੀ ਸੰਸਕ੍ਰਿਤੀ ਦਾ ਕੇਂਦਰ ਹੈ। ਗੰਗਾ ਕੰਢਿਉਂ ਵਿਚਾਰਧਾਰਾ ਦੇ ਕਈ ਪ੍ਰਵਾਹ ਉੱਠੇ। ਕੁਝ ਵਿਚਾਰਾਂ ਨੇ ਜੀਵਨ-ਵਿਕਾਸ ਵਿਚ ਹਿੱਸਾ ਪਾਇਆ ਤੇ ਕੁਝ ਨੇ ਮਾਰੂ ਹੜ੍ਹ ਲਿਆ ਕੇ ਤਬਾਹੀ ਹੀ ਮਚਾਈ। ਇਨ੍ਹਾਂ ਵਿੱਚੋਂ ਜਾਤ-ਪਾਤੀ ਵਿਚਾਰਧਾਰਾ ਸਭ ਤੋਂ ਵੱਧ ਹਾਨੀਕਾਰਕ ਸਾਬਤ ਹੋਈ ਜੋ ਕਿ ਪ੍ਰੋਹਤ ਬ੍ਰਾਹਮਣ ਦੀ ਪੈਦਾਵਾਰ ਸੀ ਤੇ ਭਾਰਤੀ ਸਮਾਜ ਵਿਚ ਅਸਮਾਨਤਾ ਲਈ ਜ਼ਿੰਮੇਵਾਰ ਸੀ। ਇਸ ਰੋਗ ਦੀ ਨਵਿਰਤੀ ਕਰਨ ਵਾਲੇ ਦੋ ਮਹਾਂਪੁਰਸ਼ ਵੀ ਬਨਾਰਸ ਵਿੱਚੋਂ ਹੀ ਉੱਠੇ। ਇਹ ਸਨ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ।2
ਪਦਮ ਜੀ ਦੇ ਉਕਤ ਵਿਚਾਰਾਂ ਦੀ ਪੁਸ਼ਟੀ ਇਨ੍ਹਾਂ ਤੱਥਾਂ ਤੋਂ ਵੀ ਹੁੰਦੀ ਹੈ ਕਿ ਭਾਈ ਗੁਰਦਾਸ ਜੀ ਇਸ ਵਿੱਦਿਆ ਅਤੇ ਗਿਆਨ ਦੇ ਕੇਂਦਰ ਬਨਾਰਸ ਗਏ ਅਤੇ ਗਿਆਨ ਦਾ ਅਦਾਨ-ਪ੍ਰਦਾਨ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਸੰਸਕ੍ਰਿਤ ਦੀ ਵਿੱਦਿਆ-ਪ੍ਰਾਪਤੀ ਲਈ ਬਨਾਰਸ ਭੇਜਿਆ। ਇਸ ਗੱਲ ਦਾ ਮਾਣ ਵੀ ਬਨਾਰਸ ਦੀ ਧਰਤੀ ਨੂੰ ਹੀ ਪ੍ਰਾਪਤ ਹੋਇਆ ਕਿ ਉਸ ਨੂੰ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ।
ਰਾਗ ਸੋਰਠਿ ਦੇ ਇਕ ਸ਼ਬਦ ਵਿਚ ਭਗਤ ਰਵਿਦਾਸ ਜੀ ਨੇ ਜੁੱਤੀਆਂ ਗੰਢਣ ਦੇ ਕਿੱਤੇ ਅਤੇ ਇਸ ਕਿੱਤੇ ਨਾਲ ਸੰਬੰਧਿਤ ਚੀਜ਼ਾਂ ਦੇ ਪ੍ਰਤੀਕ ਵਰਤ ਕੇ ਜਿੱਥੇ ਆਪਣੇ ਇਸ ਕਿੱਤੇ ਬਾਰੇ ਦੱਸਿਆ ਉੱਥੇ ਪਰਮਾਤਮਾ ਦੀ ਭਗਤੀ ਦਾ ਵੀ ਸੰਦੇਸ਼ ਦਿੱਤਾ ਹੈ। ਆਪ ਜੀ ਫ਼ਰਮਾਉਂਦੇ ਹਨ:
ਚਮਰਟਾ ਗਾਂਠਿ ਨ ਜਨਈ॥
ਲੋਗੁ ਗਠਾਵੈ ਪਨਹੀ॥1॥ ਰਹਾਉ॥
ਆਰ ਨਹੀ ਜਿਹ ਤੋਪਉ॥
ਨਹੀ ਰਾਂਬੀ ਠਾਉ ਰੋਪਉ॥1॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ॥
ਹਉ ਬਿਨੁ ਗਾਂਠੇ ਜਾਇ ਪਹੂਚਾ॥ (ਪੰਨਾ 659)
ਇਸ ਸ਼ਬਦ ਵਿਚ ਆਰ, ਰੰਬੀ, ਜੁੱਤੀ ਆਦਿ ਚੀਜ਼ਾਂ ਦਾ ਜ਼ਿਕਰ ਹੈ। ਜੁੱਤੀਆਂ ਗੰਢਣ ਦੇ ਕੰਮ ਨੂੰ ਨੀਵਾਂ ਸਮਝਣ ਕਰਕੇ ਬਨਾਰਸ ਦੇ ਉੱਚ-ਜਾਤੀ ਲੋਕ ਜ਼ਰੂਰ ਹੀ ਭਗਤ ਰਵਿਦਾਸ ਜੀ ਨੂੰ ਮਖੌਲ ਕਰਦੇ ਹੋਣਗੇ। ਇਸ ਸ਼ਬਦ ਵਿਚ ਆਪ ਜੀ ਨੇ ਦੱਸਿਆ ਹੈ ਕਿ ਉੱਚੀਆਂ ਕੁਲ਼ਾਂ ਦੇ ਲੋਕ ਵੀ ਸਰੀਰ ਰੂਪੀ ਜੁੱਤੀ ਨੂੰ ਨਿੱਤ ਗਾਂਢੇ ਲਾਉਣ ਵਿਚ ਲੱਗੇ ਰਹਿੰਦੇ ਹਨ ਭਾਵ ਉਨ੍ਹਾਂ ਦਾ ਸਾਰਾ ਜ਼ੋਰ ਸਰੀਰ ਦੀ ਸੰਭਾਲ ’ਤੇ ਹੀ ਲੱਗਿਆ ਹੋਇਆ ਹੈ। ਪਰ ਭਗਤ ਜੀ ਕਹਿੰਦੇ ਹਨ ਕਿ ਸਾਰਾ ਦਿਨ ਸਰੀਰ ਦੇ ਆਹਰ ’ਚ ਨਾ ਰਹਿ ਕੇ ਪ੍ਰਭੂ ਦਾ ਸਿਮਰਨ ਕਰਦੇ ਹੋਏ ਜ਼ਿੰਦਗੀ ਬਤੀਤ ਕਰਨਾ ਭਗਤ ਜੀ ਦਾ ਉੱਚਾ ਕਿੱਤਾ ਬਣ ਗਿਆ ਹੈ। ਆਪ ਜੀ ਇਹ ਵੀ ਦੱਸ ਰਹੇ ਹਨ ਕਿ ਉੱਚੀਆਂ ਜਾਤਾਂ ਦੇ ਲੋਕਾਂ ਨੇ ਸਰੀਰ ਰੂਪੀ ਜੁੱਤੀ ਨੂੰ ਗੰਢਣ ਦਾ ਧੰਦਾ ਅਪਨਾ ਕੇ ਆਪਣੇ-ਆਪ ਨੂੰ ਨੀਵਾਂ ਕਰ ਲਿਆ ਹੈ। ਜੁੱਤੀ ਗੰਢਣਾ ਤਾਂ ਇਕ ਸੁੱਚੀ ਕਿਰਤ ਹੈ ਪਰ ਸਰੀਰ ਰੂਪੀ ਜੁੱਤੀ ਦੇ ਹਾਰ-ਸ਼ਿੰਗਾਰ ਵੱਲ ਅਤੇ ਇਸ ਦੀਆਂ ਵਾਸ਼ਨਾਵਾਂ ਪੂਰੀਆਂ ਕਰਨ ਵੱਲ ਹੀ ਲੱਗੇ ਰਹਿਣਾ ਸ਼ੁਭ ਕਰਮ ਨਹੀਂ ਹੈ।
ਭਗਤ ਰਵਿਦਾਸ ਜੀ ਨੇ ਆਪਣੇ ਰਚੇ ਕੁਝ ਸ਼ਬਦਾਂ ਵਿਚ ਆਪਣੇ ਨਾਂਅ ਨਾਲ ‘ਚਮਾਰ’ ਸ਼ਬਦ ਦੀ ਵਰਤੋਂ ਕੀਤੀ ਹੈ। ਪਰ ਆਪ ਜੀ ਨੇ ਇਹ ਸ਼ਬਦ ਦੀ ਵਰਤੋਂ ਕਰਦਿਆਂ ਇਹ ਵੀ ਨਾਲ ਹੀ ਦੱਸਿਆ ਹੈ ਕਿ ਉਹ ਪਰਮਾਤਮਾ ਦੀ ਕਿਰਪਾ ਅਤੇ ਪਰਮਾਤਮਾ ਦੀ ਭਗਤੀ ਸਦਕਾ ਨੀਵੇਂ ਤੋਂ ਉੱਚੇ ਹੋ ਗਏ ਹਨ। ਉਨ੍ਹਾਂ ਦੇ ਜੀਵਨ ਦੀ ਇਸ ਤਬਦੀਲੀ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿਚ ਇਉਂ ਫ਼ਰਮਾਇਆ ਹੈ:
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥ (ਪੰਨਾ 733)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਭਗਤ ਰਵਿਦਾਸ ਜੀ ਦੇ ਕਿੱਤੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਮਹਾਨ ਅਧਿਆਤਮਕ ਪ੍ਰਾਪਤੀ ਬਾਰੇ ਇਸ ਤਰ੍ਹਾਂ ਫ਼ਰਮਾਇਆ ਹੈ:
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ (ਪੰਨਾ 487)
ਅਤੇ
ਰਵਿਦਾਸ ਧਿਆਏ ਪ੍ਰਭ ਅਨੂਪ॥
ਗੁਰ ਨਾਨਕ ਦੇਵ ਗੋਵਿੰਦ ਰੂਪ॥ (ਪੰਨਾ 1192)
ਗੁਰੂ ਸਾਹਿਬਾਨ ਅਨੁਸਾਰ ਭਗਤ ਰਵਿਦਾਸ ਜੀ ਭਾਵੇਂ ਅਖੌਤੀ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਸਨ ਅਤੇ ਭਾਵੇਂ ਉਨ੍ਹਾਂ ਦਾ ਕਿੱਤਾ ਵੀ ਸਮਾਜ ਵਿਚ ਨੀਵਾਂ ਸਮਝਿਆ ਜਾਂਦਾ ਸੀ ਪਰ ਉਨ੍ਹਾਂ ਨੇ ਪ੍ਰਭੂ ਦੀ ਸਿਫਤ-ਸਾਲਾਹ ਕਰਕੇ ਅਤੇ ਸਾਧਸੰਗਤ ਕਰਕੇ ਅਜਿਹਾ ਦਰਜਾ ਹਾਸਲ ਕਰ ਲਿਆ ਕਿ ਉਨ੍ਹਾਂ ਦੀ ਜਾਤ ਉੱਤਮ ਹੋ ਗਈ ਅਤੇ ਚਾਰੇ ਦੇ ਚਾਰੇ ਵਰਨਾਂ ਦੇ ਲੋਕ ਉਨ੍ਹਾਂ ਦੇ ਚਰਨੀਂ ਆ ਪਏ।
ਭਗਤ ਰਵਿਦਾਸ ਜੀ ਦੇ ਆਪਣੇ ਜੀਵਨ ਨਾਲ ਸੰਬੰਧਿਤ ਤੱਥਾਂ ਤੋਂ ਹੀ ਪ੍ਰਗਟ ਹੈ ਕਿ ਉਸ ਸਮੇਂ ਦਾ ਸਮਾਜ ਚਾਰ ਵਰਨਾਂ ਅਤੇ ਹੋਰ ਕਈ ਉਪ-ਜਾਤਾਂ ਅਤੇ ਪਾਤਾਂ ਵਿਚ ਵੰਡਿਆ ਹੋਇਆ ਸੀ। ਇਸ ਵੰਡ ਦਾ ਜ਼ਿਕਰ ਭਗਤ ਰਵਿਦਾਸ ਜੀ ਦੀ ਬਾਣੀ ਵਿਚ ਇਸ ਤਰ੍ਹਾਂ ਦਰਜ ਹੈ:
ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ (ਪੰਨਾ 858)
ਭਗਤ ਰਵਿਦਾਸ ਜੀ ਚਾਰੇ ਵਰਨਾਂ ਬ੍ਰਾਹਮਣ, ਵੈਸ਼, ਸ਼ੂਦਰ, ਖੱਤਰੀ ਅਤੇ ਹੋਰ ਜਾਤਾਂ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਇਨ੍ਹਾਂ ਸਾਰਿਆਂ ਵਿਚ ਇਕ ਹੀ ਪਰਮਾਤਮਾ ਦਾ ਵਾਸਾ ਹੈ ਅਤੇ ਇਹ ਸਾਰੇ ਹੀ ਪਰਮਾਤਮਾ ਦੀ ਭਗਤੀ ਕਰਕੇ ਆਪ ਵੀ ਤਰ ਸਕਦੇ ਹਨ ਅਤੇ ਕੁਲ਼ ਨੂੰ ਵੀ ਤਾਰ ਸਕਦੇ ਹਨ। ਕਿਸੇ ਵੀ ਵਰਨ ਜਾਂ ਜਾਤ ’ਤੇ ਇਹ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ ਕਿ ਉਹ ਭਗਤੀ ਦੇ ਯੋਗ ਨਹੀਂ। ਭਾਵੇਂ ਕਿਸੇ ਮਨੁੱਖ ਦੀ ਜਾਤ ਕੋਈ ਵੀ ਹੋਵੇ ਉਸ ਵਿਚ ਵਾਸਾ ਇੱਕੋ ਪਰਮਾਤਮਾ ਦਾ ਹੈ ਅਤੇ ਪਰਮਾਤਮਾ ਦੀ ਭਜਨ-ਬੰਦਗੀ ਕਰਕੇ ਹਰੇਕ ਮਨੁੱਖ ਬਿਨਾਂ ਕਿਸੇ ਭਿੰਨ-ਭੇਦ ਤੋਂ ਆਪਣਾ ਜੀਵਨ ਸਫਲ ਕਰ ਸਕਦਾ ਹੈ ਅਤੇ ਆਪਣੀ ਕੁਲ਼ ਨੂੰ ਵੀ ਤਾਰ ਸਕਦਾ ਹੈ।
ਛੂਤ-ਛਾਤ ਉਸ ਸਮੇਂ ਸਮਾਜ ਵਿਚ ਏਨੀ ਭਾਰੂ ਸੀ ਕਿ ਭਗਤ ਰਵਿਦਾਸ ਜੀ ਨੂੰ ਆਪਣੀ ਦੁਨਿਆਵੀ ਪੱਧਰ ਦੀ ਦਸ਼ਾ ਬਾਰੇ ਲਿਖਣਾ ਪਿਆ, ਭਾਵੇਂ ਨਾਲ ਹੀ ਆਪ ਜੀ ਨੇ ਆਪਣੀ ਉੱਚ-ਪ੍ਰਾਪਤੀ ਦਾ ਜ਼ਿਕਰ ਵੀ ਕਰ ਦਿੱਤਾ ਹੋਇਆ ਹੈ। ਆਪ ਜੀ ਫ਼ਰਮਾਉਂਦੇ ਹਨ:
ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ॥
ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ॥ (ਪੰਨਾ 858)
ਅਤੇ
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹˆØੀ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ 1106)
ਨੀਵੇਂ ਅਤੇ ਗਰੀਬ ਲੋਕਾਂ ਤੇ ਉੱਚੇ ਅਤੇ ਅਮੀਰ ਲੋਕਾਂ ਦੁਆਰਾ ਹੱਸਣਾ ਇਕ ਸੁਭਾਵਿਕ ਗੱਲ ਸੀ। ਉੱਚੇ ਲੋਕਾਂ ਦਾ ਨੀਵੇਂ ਲੋਕਾਂ ਤੋਂ ਦੂਰ ਰਹਿਣਾ ਤਾਂ ਕਿ ਛੂਤ ਨਾ ਹੋ ਜਾਵੇ, ਇਕ ਆਮ ਗੱਲ ਸੀ। ਪਰ ਉਪਰੋਕਤ ਪਵਿੱਤਰ ਕਥਨਾਂ ਵਿਚ ਨਾਲ ਹੀ ਭਗਤ ਰਵਿਦਾਸ ਜੀ ਨੇ ਦੱਸਿਆ ਹੈ ਕਿ ਪਰਮਾਤਮਾ ਦੀ ਕਿਰਪਾ ਸਦਕਾ ਉਨ੍ਹਾਂ ਨੂੰ ਅਠਾਰਾਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ ਅਤੇ ਉਹ ਨੀਵੇਂ ਤੋਂ ਉੱਚੇ ਹੋ ਗਏ ਹਨ।
ਹੁਣ ਉਨ੍ਹਾਂ ਨੂੰ ਆਪਣੇ ਪਰਮਾਤਮਾ ਕਰ ਕੇ ਕਿਸੇ ਦਾ ਵੀ ਡਰ ਨਹੀਂ ਰਿਹਾ। ਮੂਰਤੀ-ਪੂਜਾ, ਆਰਤੀ ਅਤੇ ਹੋਰ ਕਰਮ-ਕਾਂਡ ਨਾਲ ਸੰਬੰਧਿਤ ਧਾਰਮਿਕ ਰਸਮਾਂ ਪ੍ਰਚਲਿਤ ਹੋਣ ਬਾਰੇ ਵੀ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ। ਰਾਗੁ ਧਨਾਸਰੀ ਵਿਚ ਦਰਜ ਇਕ ਸ਼ਬਦ ਵਿਚ ਆਪ ਜੀ ਨੇ ਆਸਨ, ਉਰਸਾ, ਕੇਸਰੋ, ਅੰਭੁਲਾ, ਚੰਦਨੋ, ਦੀਵਾ, ਬਾਤੀ, ਤੇਲੁ, ਤਾਗਾ, ਫੂਲਮਾਲਾ, ਚਵਰ, ਭੋਰਾ ਆਦਿ ਸ਼ਬਦ ਵਰਤ ਕੇ ਆਰਤੀ ਨਾਲ ਸੰਬੰਧਿਤ ਸ਼ਬਦ ਉਚਾਰਿਆ ਹੈ ਪਰ ਇਨ੍ਹਾਂ ਸਭ ਵਸਤਾਂ ਦੀ ਥਾਂ ਸਭ ਕੁਝ ਨਾਮ ਨੂੰ ਸਮਝਣ ਦਾ ਸੰਦੇਸ਼ ਦਿੱਤਾ ਹੈ। ਨਾਮ ਹੀ ਆਰਤੀ ਹੈ ਅਤੇ ਨਾਮ ਹੀ ਇਹ ਸਭੇ ਵਸਤਾਂ ਹਨ। ਰਹਾਉ ਦੀਆਂ ਤੁਕਾਂ ਵਿਚ ਆਪ ਜੀ ਨੇ ਫ਼ਰਮਾਇਆ ਹੈ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (ਪੰਨਾ 694)
ਇਸੇ ਤਰ੍ਹਾਂ ਰਾਗੁ ਗੂਜਰੀ ਦੇ ਸ਼ਬਦ ਵਿਚ ਆਪ ਜੀ ਨੇ ਦੁੱਧ, ਫੁੱਲ, ਜਲ, ਧੂਪ, ਦੀਪ ਆਦਿ ਵਸਤਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਸਾਰੀਆਂ ਵਸਤਾਂ ਦੇ ਜੂਠੇ ਹੋਣ ਜਾਂ ਵਿਗਾੜ ਵਾਲੀਆਂ ਹੋਣ ਕਰਕੇ ਇਨ੍ਹਾਂ ਦੀ ਭੇਟਾ ਨੂੰ ਤੁੱਛ ਦੱਸਿਆ ਹੈ। ਫਿਰ ਆਪ ਜੀ ਨੇ ਅਸਲੀ ਪੂਜਾ ਕਰਨ ਦਾ ਆਪਣੇ ਵੱਲੋਂ ਢੰਗ ਵੀ ਦੱਸਿਆ ਹੈ:
ਤਨੁ ਮਨੁ ਅਰਪਉ ਪੂਜ ਚਰਾਵਉ॥
ਗੁਰ ਪਰਸਾਦਿ ਨਿਰੰਜਨੁ ਪਾਵਉ॥ (ਪੰਨਾ 525)
ਰਾਗੁ ਗੋਂਡ ਦੇ ਇਕ ਸ਼ਬਦ ਵਿਚ ਪੂਜਾ, ਤੀਰਥ-ਯਾਤਰਾ, ਇਸਤਰੀ-ਦਾਨ, ਸਿਮ੍ਰਤੀਆਂ ਦਾ ਪਾਠ ਸੁਣਨ, ਖੂਹ ਜਾਂ ਤਲਾਬ ਬਣਵਾਉਣ ਆਦਿ ਦਾ ਵਰਣਨ ਕਰਦੇ ਹੋਏ ਦੱਸਿਆ ਹੈ ਕਿ ਸਾਧੂ-ਸੰਤਾਂ ਦੀ ਨਿੰਦਾ ਕਰਨ ਨਾਲ ਇਹ ਸਾਰੇ ਕਰਮ ਵਿਅਰਥ ਹੋ ਜਾਂਦੇ ਹਨ। ਇਸ ਸ਼ਬਦ ਵਿਚ ਅਠਸਠਿ ਤੀਰਥ, ਦੁਆਦਸ ਸਿਲਾ, ਕੁਲਖੇਤਿ, ਸਗਲੀ ਸਿੰਮ੍ਰਿਤਿ ਸ੍ਰਵਨੀ, ਸੁਨੈ, ਅਰਪੈ, ਨਾਰਿ, ਸੀਗਾਰ ਸਮੇਤਿ, ਕੂਪ ਤਟਾ ਦੇਵਾਵੈ, ਭੂਮਿ ਦਾਨ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਸ਼ਬਦ ਤੋਂ ਪਤਾ ਲੱਗਦਾ ਹੈ ਕਿ ਭਗਤ ਰਵਿਦਾਸ ਜੀ ਦੇ ਸਮੇਂ ਅਠਾਹਟ ਤੀਰਥਾਂ ਦੀ ਯਾਤਰਾ ਕਰਨੀ, ਬਾਰਾਂ ਸ਼ਿਵਲਿੰਗ ਮੰਦਰਾਂ ਵਿਚ ਪੂਜਾ ਕਰਨੀ, ਖੂਹ ਅਤੇ ਤਲਾਬ ਬਣਵਾਉਣੇ, ਕੁਰੁਕਸ਼ੇਤਰ ਜਾ ਕੇ ਗ੍ਰਹਿਣ ਸਮੇਂ ਇਸ਼ਨਾਨ ਕਰਨਾ, ਕੰਨਾਂ ਨਾਲ ਪਾਠ ਸੁਣਨਾ, ਠਾਕਰਾਂ ਨੂੰ ਭੋਗ ਲੁਆਉਣੇ, ਭੂਮੀ ਦਾਨ ਕਰਨਾ ਅਤੇ ਗਹਿਣਿਆਂ ਸਮੇਤ ਆਪਣੀ ਇਸਤਰੀ ਦਾਨ ਕਰਨਾ ਪ੍ਰਚਲਿਤ ਪੂਜਾ-ਪਾਠ ਅਤੇ ਕਰਮ-ਕਾਂਡ ਦੀਆਂ ਰਸਮਾਂ ਸਨ। ਇਸਤਰੀ ਦਾ ਦਾਨ ਕਰਕੇ ਇਸਤਰੀ ਨੂੰ ਇਕ ਵਸਤੂ ਸਮਝਣਾ ਸੱਚਮੁੱਚ ਹੀ ਇਸਤਰੀ ਦਾ ਘੋਰ ਨਿਰਾਦਰ ਸੀ। ਇਸ ਇੱਕੋ ਗੱਲ ਤੋਂ ਹੀ ਉਸ ਸਮੇਂ ਦੀ ਇਸਤਰੀ ਦੀ ਦਸ਼ਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦੀ ਦਸ਼ਾ ਕਿੰਨੀ ਤਰਸਯੋਗ ਸੀ।
ਭਗਤ ਰਵਿਦਾਸ ਜੀ ਨੇ ‘ਬੇਗਮਪੁਰਾ ਸਹਰ’ ਦਾ ਬਿੰਬ ਵਰਤ ਕੇ ਅਜਿਹਾ ਸ਼ਹਿਰ, ਅਜਿਹਾ ਵਤਨ ਅਤੇ ਅਜਿਹੀ ਅਵਸਥਾ ਦਾ ਨਕਸ਼ਾ ਪੇਸ਼ ਕੀਤਾ ਹੈ ਕਿ ਜਿਸ ਵਿਚ ਦੁੱਖ, ਚਿੰਤਾ, ਡਰ, ਗ਼ਮ ਅਤੇ ਝੋਰੇ ਦਾ ਕੋਈ ਨਾਮੋ-ਨਿਸ਼ਾਨ ਵੀ ਨਹੀਂ ਹੈ। ਕੋਈ ਟੈਕਸ ਨਹੀਂ ਹੈ, ਕੋਈ ਚੋਰੀ ਨਹੀਂ ਹੈ ਅਤੇ ਕੋਈ ਭਿੰਨ-ਭੇਦ ਨਹੀਂ ਹੈ। ਇਸ ਬੇਗਮਪੁਰੇ ਵਿਚ ਦੂਖੁ (ਦੁੱਖ), ਅੰਦੋਹੁ (ਚਿੰਤਾ), ਤਸਵੀਸ (ਸੋਚ), ਖਿਰਾਜ (ਟੈਕਸ), ਖਤਾ (ਪਾਪ), ਤਰਸੁ (ਡਰ) ਅਤੇ ਜਵਾਲ (ਘਾਟਾ) ਨਹੀਂ ਹਨ। ਇਸ ਦੇ ਉਲਟ ਇਹ ਥਾਂ ਸਦਾ ਰਹਿਣ ਵਾਲੀ ਹੈ ਅਤੇ ਇਸ ਦੀ ਬਾਦਸ਼ਾਹਤ ਸੱਚੀ ਅਤੇ ਸਦਾ ਰਹਿਣ ਵਾਲੀ ਹੈ, ਕਿਉਂਕਿ ਇਹ ਪਰਮਾਤਮਾ ਦੀ ਬਾਦਸ਼ਾਹਤ ਹੈ। ਬੇਗਮਪੁਰੇ ਵਿਚ ਸਾਰੇ ਸ਼ਹਿਰੀ ਬਰਾਬਰ ਹਨ। ਕੋਈ ਦੂਜੇ, ਤੀਜੇ ਦਰਜੇ ਦੀ ਗੱਲ ਨਹੀਂ ਹੈ। ਇਹ ਸਥਾਨ ਵੱਸਦਾ-ਰੱਸਦਾ ਅਤੇ ਖੁਸ਼ਹਾਲ ਹੈ। ਇੱਥੇ ਸਭ ਰੱਜੇ-ਪੁੱਜੇ ਅਤੇ ਧਨੀ ਲੋਕ ਰਹਿੰਦੇ ਹਨ। ਮਨ-ਮਰਜ਼ੀ ਦੀ ਸੈਰ ਕਰਦੇ ਹਨ ਅਤੇ ਇੱਥੋਂ ਦੇ ਬਾਦਸ਼ਾਹ ਦੇ ਮਹਿਲ ਵਿਚ ਜਾਣ ਲੱਗਿਆਂ ਕੋਈ ਰੋਕ-ਟੋਕ ਨਹੀਂ ਹੈ। ਭਗਤ ਰਵਿਦਾਸ ਜੀ ਬੇਗਮਪੁਰਾ ਸਹਰ ਦੇ ਬਿੰਬ ਰਾਹੀਂ ਅਜਿਹੀ ਉੱਚੀ ਸਤਸੰਗਤਿ ਵਾਲੀ ਥਾਂ ਦਾ ਜ਼ਿਕਰ ਕਰ ਰਹੇ ਹਨ ਜਿੱਥੇ ਉੱਚੇ-ਸੁੱਚੇ ਅਧਿਆਤਮਕ ਜੀਵਨ ਵਾਲੇ ਲੋਕ ਰਹਿੰਦੇ ਹਨ।
ਬੇਗਮਪੁਰਾ ਸਹਰ ਦੀ ਅਵਸਥਾ ਦੇ ਬਿਆਨ ਤੋਂ ਸਾਨੂੰ ਇਹ ਜਾਣਕਾਰੀ ਵੀ ਹਾਸਲ ਹੁੰਦੀ ਹੈ ਕਿ ਉਸ ਸਮੇਂ ਸਮਾਜ ਵਿਚ ਲੋਕ ਕਿਸ ਤਰ੍ਹਾਂ ਦਾ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਬਿਤਾ ਰਹੇ ਸਨ। ਕਿਉਂਕਿ ਹਕੂਮਤ ਉਸ ਸਮੇਂ ਮੁਸਲਿਮ ਹੁਕਮਰਾਨਾਂ ਦੀ ਸੀ ਅਤੇ ਪ੍ਰਸ਼ਾਸਨਿਕ ਸ਼ਬਦਾਵਲੀ ਅਰਬੀ-ਫ਼ਾਰਸੀ ਦੀ ਸੀ; ਇਹੀ ਕਾਰਨ ਹੈ ਕਿ ਭਗਤ ਰਵਿਦਾਸ ਜੀ ਨੇ ਉਸੇ ਸ਼ਬਦਾਵਲੀ ਨੂੰ ਵਰਤਦੇ ਹੋਏ ਆਪਣੀ ਗੱਲ ਕਹੀ ਹੈ। ਭਿੰਨ-ਭੇਦ, ਲੁੱਟ-ਖਸੁੱਟ, ਡਰ-ਚਿੰਤਾ, ਟੈਕਸ ਅਤੇ ਵਪਾਰਕ ਘਾਟੇ ਦੇ ਤੱਥ ਉਸ ਸਮੇਂ ਦੇ ਸਮਾਜ ਵਿਚ ਮੌਜੂਦ ਸਨ। ਬੜੀ ਕਮਾਲ ਦੀ ਕਲਾ-ਕੌਸ਼ਲਤਾ ਨਾਲ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਦੇ ਬਿੰਬ ਰਾਹੀਂ ਸਾਡੇ ਸਾਹਮਣੇ ਆਪਣੇ ਸਮੇਂ ਦੇ ਸਮਾਜ ਦਾ ਸ਼ੀਸ਼ਾ ਪੇਸ਼ ਕੀਤਾ ਹੈ ਅਤੇ ਨਾਲ ਹੀ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ, ਦਾ ਆਦਰਸ਼ ਵੀ ਪੇਸ਼ ਕਰ ਦਿੱਤਾ ਹੈ। ਇਸ ਪੱਖੋਂ ਰਾਗੁ ਗਉੜੀ ਵਿਚ ਦਰਜ ਇਹ ਸ਼ਬਦ ‘ਬੇਗਮਪੁਰਾ ਸਹਰ ਕੋ ਨਾਉ’ ਸੱਚਮੁੱਚ ਹੀ ਇਕ ਇਤਿਹਾਸਿਕ ਦਸਤਾਵੇਜ਼ ਹੋ ਨਿੱਬੜਿਆ ਹੈ ਜਿਸ ਤੋਂ ਸਾਡਾ ਅੱਜ ਦਾ ਰਾਜਨੀਤਿਕ ਪ੍ਰਬੰਧ ਵੀ ਸੁਚੱਜੀ ਸੇਧ ਲੈ ਸਕਦਾ ਹੈ।
ਭਗਤ ਰਵਿਦਾਸ ਜੀ ਆਪਣੇ ਸਮੇਂ ਦੀ ਚੱਲ ਰਹੀ ਭਗਤੀ-ਲਹਿਰ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸਨ। ਉਹ ਆਪ ਵੀ ਭਗਤੀ-ਲਹਿਰ ਦੀ ਉੱਚੀ-ਸੁੱਚੀ ਅਤੇ ਪਵਿੱਤਰ ਮਾਲਾ ਦੇ ਇਕ ਸੁਨਹਿਰੀ ਮਣਕੇ ਸਨ ਅਤੇ ਉਨ੍ਹਾਂ ਦੀ ਸਾਂਝ ਭਗਤੀ-ਲਹਿਰ ਨਾਲ ਹਰ ਪੱਖੋਂ ਅਟੁੱਟ ਸੀ। ਇਸੇ ਕਰਕੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਭਗਤ ਸਾਹਿਬਾਨ ਬਾਰੇ ਆਪ ਜੀ ਬੜੇ ਸਤਿਕਾਰ ਨਾਲ ਲਿਖਦੇ ਹਨ:
ਹਰਿ ਕੇ ਨਾਮ ਕਬੀਰ ਉਜਾਗਰ॥
ਜਨਮ ਜਨਮ ਕੇ ਕਾਟੇ ਕਾਗਰ॥1॥
ਨਿਮਤ ਨਾਮਦੇਉ ਦੂਧੁ ਪੀਆਇਆ॥
ਤਉ ਜਗ ਜਨਮ ਸੰਕਟ ਨਹੀ ਆਇਆ॥ (ਪੰਨਾ 487)
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ (ਪੰਨਾ 1106)
ਉਪਰੋਕਤ ਦਰਸਾਏ ਭਗਤ ਸਾਹਿਬਾਨ ਦੇ ਤਰ ਜਾਣ ਅਤੇ ਪ੍ਰਸਿੱਧ ਹੋਣ ਦਾ ਮੁੱਖ ਕਾਰਨ ਭਗਤ ਰਵਿਦਾਸ ਜੀ ਨੇ ਹਰੀ ਦਾ ਨਾਮ ਹੀ ਦੱਸਿਆ ਹੈ। ਹਰੀ ਦੇ ਨਾਮ ਨਾਲ ਜੁੜ ਕੇ ਹੀ ਉਹ ਇਸ ਦਰਜੇ ਤਕ ਪਹੁੰਚੇ ਹਨ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ ਅਤੇ ਭਗਤ ਸੈਣ ਜੀ ਇਨ੍ਹਾਂ ਸਾਰੇ ਭਗਤ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਸ ਪੱਖੋਂ ਵੀ ਇਨ੍ਹਾਂ ਭਗਤ ਸਾਹਿਬਾਨ ਦਾ ਜ਼ਿਕਰ ਭਗਤ ਰਵਿਦਾਸ ਜੀ ਦੀ ਬਾਣੀ ਵਿਚ ਹੋਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਾਵੇਂ ਇਹ ਜ਼ਿਕਰ ਬਹੁਤ ਹੀ ਸੰਖੇਪ ਅਤੇ ਸੰਕੇਤਕ ਹੈ ਪਰ ਕਿਉਂਕਿ ਇਹ ਜ਼ਿਕਰ ਭਗਤ ਰਵਿਦਾਸ ਜੀ ਦੀ ਕਲਮ ਤੋਂ ਹੋਇਆ ਹੈ ਇਸ ਲਈ ਇਹ ਇਕ ਇਤਿਹਾਸਿਕ ਦਸਤਾਵੇਜ਼ ਅਤੇ ਗਵਾਹੀ ਦੀ ਹੈਸੀਅਤ ਰੱਖਦਾ ਹੈ ਅਤੇ ਇਹ ਜ਼ਿਕਰ ਇਨ੍ਹਾਂ ਭਗਤ ਸਾਹਿਬਾਨ ਦੀ ਉੱਚ-ਅਵਸਥਾ ਦੀ ਪੁਸ਼ਟੀ ਵੀ ਕਰਦਾ ਹੈ।
ਮਿਥਿਹਾਸਕ ਅੰਸ਼
ਭਗਤ ਰਵਿਦਾਸ ਜੀ ਨੇ ਪਰਮਾਤਮਾ ਦੀ ਭਗਤੀ ਦੀ ਮਹਿਮਾ ਬਿਆਨ ਕਰਨ ਲਈ ਕੁਝ ਹਵਾਲੇ ਮਿਥਿਹਾਸ ਵਿੱਚੋਂ ਵੀ ਦਿੱਤੇ ਹਨ। ਇਸ ਤਰ੍ਹਾਂ ਆਪ ਜੀ ਨੇ ਭਗਤੀ ਦੀ ਤੁਰੀ ਆਉਂਦੀ ਪੁਰਾਤਨ ਪਰੰਪਰਾ ਨੂੰ ਆਦਰ ਦਿੱਤਾ ਹੈ ਅਤੇ ਆਪਣੇ ਵਿਸ਼ਾਲ ਗਿਆਨ ਵਿੱਚੋਂ ਸੁੱਚੇ ਮੋਤੀ ਵੀ ਪੇਸ਼ ਕੀਤੇ ਹਨ। ਯੁੱਗਾਂ ਬਾਰੇ ਆਪ ਜੀ ਨੇ ਫ਼ਰਮਾਇਆ ਹੈ:
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ॥ (ਪੰਨਾ 346)
ਸਤਿਯੁਗ ਵਿਚ ਸੱਚ, ਤ੍ਰੇਤੇ ਵਿਚ ਯੱਗ, ਦੁਆਪਰ ਵਿਚ ਪੂਜਾ ਅਤੇ ਕਲਿਯੁਗ ਵਿਚ ਨਾਮ ਪ੍ਰਧਾਨ ਦੱਸੇ ਹਨ। ਇਨ੍ਹਾਂ ਯੁੱਗਾਂ ਦੇ ਜ਼ਿਕਰ ਤੋਂ ਇਲਾਵਾ ਆਪ ਜੀ ਨੇ ਵੇਦ-ਪੁਰਾਣ ਅਤੇ ਸਿਮ੍ਰਤੀਆਂ ਦਾ ਵੀ ਜ਼ਿਕਰ ਕੀਤਾ ਹੈ। ਰਿਸ਼ੀ ਬਿਆਸ ਜੀ ਦੇ ਹਵਾਲੇ ਨਾਲ ਆਪ ਜੀ ਦੱਸਦੇ ਹਨ ਕਿ ਤੱਤ-ਸਾਰ ਰਾਮ-ਨਾਮ ਹੈ। ਕੇਵਲ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਚਾ ਹੈ। ਆਪ ਜੀ ਦਾ ਫ਼ਰਮਾਨ ਹੈ:
ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ॥
ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ॥ (ਪੰਨਾ 658)
ਇਸੇ ਤਰ੍ਹਾਂ ਸੁਰਤਰ, ਚਿੰਤਾਮਨਿ, ਕਾਮਧੇਨ, ਚਾਰ ਪਦਾਰਥ, ਅਠਾਰਾਂ ਸਿੱਧੀਆਂ, ਨੌਂ ਨਿਧੀਆਂ ਆਦਿ ਸਭ ਪਰਮਾਤਮਾ ਦੇ ਵੱਸ ਵਿਚ ਭਗਤ ਰਵਿਦਾਸ ਜੀ ਨੇ ਦੱਸੀਆਂ ਹਨ:
ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ॥
ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ॥ (ਪੰਨਾ 658)
ਸੁਰਤਰ (ਸਵਰਗ ਦੇ ਪੰਜ ਰੁੱਖ ਜੋ ਹਰ ਇੱਛਾ ਪੂਰੀ ਕਰਦੇ ਹਨ), ਚਿੰਤਾਮਨਿ (ਮਨ ਦੀ ਹਰੇਕ ਇੱਛਾ ਪੂਰੀ ਕਰਨ ਵਾਲੀ ਮਣੀ), ਕਾਮਧੇਨ (ਹਰੇਕ ਕਾਮਨਾ ਪੂਰੀ ਕਰਨ ਵਾਲੀ ਗਊ), ਚਾਰ ਪਦਾਰਥ (ਧਰਮ, ਅਰਥ, ਕਾਮ, ਮੋਕਸ਼), ਅਠਾਰਾਂ ਸਿੱਧੀਆਂ ਅਤੇ ਨੌਂ ਨਿਧੀਆਂ ਸਭ ਉਸ ਇੱਕੋ-ਇਕ ਪਰਮਾਤਮਾ ਦੇ ਵੱਸ ਵਿਚ ਹਨ। ਇੰਦਰ ਦੇਵਤਾ ਅਤੇ ਗੌਤਮ ਰਿਸ਼ੀ ਦੀ ਪਤਨੀ ਅਹੱਲਿਆ ਦੀ ਕਥਾ ਅਤੇ ਪਾਰਵਤੀ ਦੇ ਪਤੀ ਸ਼ਿਵ ਅਤੇ ਬ੍ਰਹਮ ਦੀ ਕਥਾ ਰਾਹੀਂ ਭਗਤ ਰਵਿਦਾਸ ਜੀ ਨੇ ਸੰਕੇਤਕ ਰੂਪ ਵਿਚ ਸਾਨੂੰ ਪੰਜ ਵਿਕਾਰਾਂ (ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ) ਦੁਆਰਾ ਹੁੰਦੀ ਬੰਦੇ ਦੀ ਖ਼ੁਆਰੀ ਬਾਰੇ ਦੱਸਿਆ ਹੈ। ਆਪ ਜੀ ਦਾ ਫ਼ਰਮਾਨ ਹੈ:
ਗੋਤਮ ਨਾਰਿ ਉਮਾਪਤਿ ਸ੍ਵਾਮੀ॥
ਸੀਸੁ ਧਰਨਿ ਸਹਸ ਭਗ ਗਾਂਮੀ॥4॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ॥
ਬਡੋ ਨਿਲਾਜੁ ਅਜਹੂ ਨਹੀ ਹਾਰਿਓ॥ (ਪੰਨਾ 710)
ਭਗਤ ਰਵਿਦਾਸ ਜੀ ਨੇ ਮਿਥਿਹਾਸ ਵਿੱਚੋਂ ਰਿਸ਼ੀ ਬਾਲਮੀਕ, ਅਜਾਮਲ, ਪਿੰਗਲਾ, ਲੁਭਤ, ਕੁੰਚਰ ਆਦਿ ਦੀਆਂ ਮਿਸਾਲਾਂ ਦੇ ਕੇ ਦੱਸਿਆ ਹੈ ਕਿ ਇਹ ਸਾਰੇ ਪਰਮਾਤਮਾ ਦਾ ਨਾਮ ਸਿਮਰਨ ਕਰ ਕੇ ਤਰ ਗਏ। ਜਦੋਂ ਅਜਿਹੀ ਮਾੜੀ ਅਵਸਥਾ ਵਾਲੇ ਲੋਕ ਪਰਮਾਤਮਾ ਦਾ ਨਾਮ ਜਪ ਕੇ ਤਰ ਸਕਦੇ ਹਨ ਤਾਂ ਭਗਤ ਰਵਿਦਾਸ ਜੀ ਆਪਣੇ-ਆਪ ਨੂੰ ਅਤੇ ਸਾਨੂੰ ਸਭ ਨੂੰ ਤਰਨ ਦੀ ਆਸ ਪ੍ਰਤੀ ਉਤਸ਼ਾਹਿਤ ਕਰਦੇ ਹਨ। ਆਪ ਜੀ ਦਾ ਪਵਿੱਤਰ ਫ਼ਰਮਾਨ ਹੈ:
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ॥
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ॥ (ਪੰਨਾ 1124)
ਹਿੰਦੂ-ਮਿਥਿਹਾਸ ਵਿੱਚੋਂ ਹਵਾਲੇ ਦੇਣ ਤੋਂ ਇਲਾਵਾ ਭਗਤ ਰਵਿਦਾਸ ਜੀ ਨੇ ਇਸਲਾਮ ਵਿਚ ਦਰਸਾਏ ਗਏ ‘ਪੁਲ-ਸਿਰਾਤ’ ਦਾ ਵੀ ਹਵਾਲਾ ਆਪਣੀ ਬਾਣੀ ਵਿਚ ਦਿੱਤਾ ਹੈ। ਦੋਜ਼ਕ ਦੀ ਅੱਗ ਉੱਤੇ ਬਣਿਆ ਵਾਲ ਜਿੰਨਾ ਬਰੀਕ ਪੁਲ ‘ਪੁਲ-ਸਿਰਾਤ’ ਕਹਾਉਂਦਾ ਹੈ, ਜਿਸ ਤੋਂ ਹਰ ਇਕ ਨੂੰ ਲੰਘਣਾ ਹੀ ਪਵੇਗਾ। ਭਗਤ ਜੀ ਨੇ ‘ਪੁਰ ਸਲਾਤ’ ਸ਼ਬਦ ਵਰਤਦੇ ਹੋਏ ਇਸ ਪੁਲ ਦੇ ਰਸਤੇ ਬਾਰੇ ਫ਼ਰਮਾਇਆ ਹੈ:
ਪੁਰ ਸਲਾਤ ਕਾ ਪੰਥੁ ਦੁਹੇਲਾ॥
ਸੰਗਿ ਨ ਸਾਥੀ ਗਵਨੁ ਇਕੇਲਾ॥ (ਪੰਨਾ 793)
ਉਪਰੋਕਤ ਸਾਰੀ ਵਿਚਾਰ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਭਗਤ ਰਵਿਦਾਸ ਜੀ ਨੇ ਅਖੌਤੀ ਨੀਵੀਂ ਜਾਤ ਨਾਲ ਸੰਬੰਧਿਤ ਹੋਣ ਕਰਕੇ ਭਾਵੇਂ ਬਾਕਾਇਦਾ ਸਕੂਲੀ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ ਪਰ ਉਨ੍ਹਾਂ ਦੀ ਬਾਣੀ ਦਾ ਅਧਿਐਨ ਸਾਡੀ ਬੁੱਧੀ ਨੂੰ ਅਚੰਭਿਤ ਕਰਦਾ ਹੈ। ਆਪ ਜੀ ਨੂੰ ਪੁਰਾਤਨ ਗ੍ਰੰਥਾਂ ਬਾਰੇ, ਭਗਤੀ ਲਹਿਰ ਬਾਰੇ, ਹਿੰਦੂ-ਮੁਸਲਿਮ ਮਿਥਿਹਾਸ ਬਾਰੇ, ਜੀਵਨ-ਦਰਸ਼ਕ ਦੇ ਡੂੰਘੇ ਤੱਤਾਂ ਬਾਰੇ ਅਤੇ ਸਮਕਾਲੀ ਸਮਾਜ ਬਾਰੇ ਡੂੰਘਾ ਅਨੁਭਵ ਅਤੇ ਗਿਆਨ ਹਾਸਲ ਸੀ। ਆਪ ਜੀ ਦੀ ਬਾਣੀ ਵਿਚ ਇਤਿਹਾਸਿਕ ਅਤੇ ਮਿਥਿਹਾਸਿਕ ਅੰਸ਼ ਨੂੰ ਵਾਚਦਿਆਂ ਇਸ ਵਿਸ਼ਾਲ ਅਤੇ ਡੂੰਘੇ ਗਿਆਨ ਦੀ ਆਪ-ਮੁਹਾਰੇ ਪੁਸ਼ਟੀ ਹੁੰਦੀ ਹੈ।
ਲੇਖਕ ਬਾਰੇ
36-ਬੀ, ਰਤਨ ਨਗਰ, ਪਟਿਆਲਾ
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/January 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/February 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/June 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/August 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/September 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/October 1, 2008