editor@sikharchives.org
Akal Takhat Sahib

ਭਗਤੀ ਤੇ ਸ਼ਕਤੀ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ

ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਸੰਗਤਾਂ ਲਈ ਕੇਵਲ ਗੁਰਦੁਆਰਾ ਨਾ ਹੋ ਕੇ ਗੁਰੂ ਰੂਪ ਸੰਸਥਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਮੂਲ ਮੰਤਰ ਵਿਚ ਦਰਜ ਕੀਤੀ ਗਈ ਹੈ, ਜਿਸ ਵਿਚ ਸ਼ਬਦ ਅਕਾਲ ਤੋਂ ਭਾਵ ਕਾਲ ਰਹਿਤ ਹੈ ਜੋ ਨਿਰਭਉ ਅਤੇ ਨਿਰਵੈਰੁ ਵੀ ਹੈ। ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ। ਤਖ਼ਤ ਦਾ ਅਰਥ ਸਿੰਘਾਸਨ ਬੁੰਗੇ ਦਾ ਅਰਥ ਰਿਹਾਇਸ਼ ਦੀ ਥਾਂ ਹੈ। ਇਸ ਤਰ੍ਹਾਂ ਜਾਂ ਅਕਾਲ ਬੁੰਗਾ ਤੋਂ ਭਾਵ ਅਕਾਲ ਪੁਰਖ ਦਾ ਸਿੰਘਾਸਨ ਜਾਂ ਰਿਹਾਇਸ਼ ਦੀ ਥਾਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਸੰਗਤਾਂ ਲਈ ਕੇਵਲ ਗੁਰਦੁਆਰਾ ਨਾ ਹੋ ਕੇ ਗੁਰੂ ਰੂਪ ਸੰਸਥਾ ਹੈ। 1606 ਈ. ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਰੱਖੀ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਸੇਵਾ ਰਾਹੀਂ ਇਕ ਚਬੂਤਰਾ ਤਿਆਰ ਕੀਤਾ। ਆਮ ਤੌਰ ’ਤੇ ਅਨਿਆਂ ਵਿਰੁੱਧ ਸੀਸ ਵਾਰਨ ਦੀ ਗੱਲ ਸਿੱਖ ਇਤਿਹਾਸ ਵਿਚ ਜਦੋਂ ਵੀ ਹੁੰਦੀ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਇਸ ਨਵੀਂ ਵਿਚਾਰਧਾਰਾ ਦੇਣ ਲਈ ਬਿਆਨ ਕੀਤਾ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ

“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਇਸ ਸਿਧਾਂਤ ਦਾ ਮੁੱਢ ਹੈ। ਫੇਰ

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)

ਨਾਲ ਅਨਿਆਂ ਵਿਰੁੱਧ ਖੜ੍ਹੇ ਹੋਣ ਦੀ ਪ੍ਰੇਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ। ਪੰਚਮ ਪਾਤਸ਼ਾਹ ਆਪ ਘੋੜ ਸਵਾਰੀ ਕਰਦੇ ਸਨ ਅਤੇ ਨੇਜਾਬਾਜ਼ੀ ਦੇ ਮਾਹਰ ਸਨ। ਇਤਿਹਾਸਕਾਰਾਂ ਅਨੁਸਾਰ ਪੰਚਮ ਪਾਤਸ਼ਾਹ ਨੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਹਥਿਆਰਬੰਦ ਹੋਣ ਲਈ ਕਿਹਾ-

“ਇਸ ਘਰ ਨਾਲ ਤੁਰਕਾਂ ਦੀ ਬਣੇਗੀ ਨਹੀਂ। ਤੇਜ਼ ਬੇਸ਼ਕ ਤੁਰਕਾਂ ਦਾ ਬੜਾ ਹੈ ਪਰ ਆਪਨਾ ਤੇਜ਼ ਭੋਗ ਕੇ ਆਪ ਹੀ ਸ਼ੀਤਲ ਹੋ ਜਾਣਗੇ। ਆਪ ਜੀ ਨੂੰ ਕਿਸੇ ਦਾ ਭੈ ਨਹੀਂ। ਸਭ ਕੋਈ ਜਗਤ ਕੇ ਲੋਗ, ਤੁਮਾਰੀ ਆਗਿਆ ਮੇਂ ਹੈ। ਕੋਈ ਸ਼ਸਤ੍ਰ ਤੁਮਾਰੇ ਨਿਕਟ ਨਹੀਂ ਆਵੇਗਾ। ਜੋ ਆਵੇਗਾ ਸੋ ਨਵਿਰਤ ਹੋ ਜਾਏਗਾ।”

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਵਿੱਚੋਂ ਨਿਰਾਸ਼ਤਾ ਖ਼ਤਮ ਕਰਨ ਲਈ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਤਾ-ਗੱਦੀ ’ਤੇ ਬਿਰਾਜਮਾਨ ਹੋਣ ਸਮੇਂ ਸੇਲੀ ਸੰਭਾਲ ਕੇ ਰੱਖਣ ਦਾ ਹੁਕਮ ਕੀਤਾ ਅਤੇ ਆਖਿਆ ਕਿ ਸੇਲੀ ਹੁਣ ਤਲਵਾਰ ਦਾ ਗਾਤਰਾ ਹੋਵੇਗੀ ਤੇ ਉਨ੍ਹਾਂ ਦੀ ਪਗੜੀ ਸ਼ਾਹੀ ਠਾਠ ਵਾਲੀ ਹੋਵੇਗੀ। ਫੇਰ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਪੀਰੀ ਧਾਰਮਿਕ ਸੇਧ ਦਾ ਪ੍ਰਤੀਕ ਸੀ ਅਤੇ ਆਤਮ ਰੱਖਿਆ ਲਈ ਮੀਰੀ ਦਾ ਸਿਧਾਂਤ ਵੀ ਉਜਾਗਰ ਕੀਤਾ ਗਿਆ।

ਗੁਰਤਾਗੱਦੀ ’ਤੇ ਬਿਰਾਜਮਾਨ ਹੋਣ ਸਮੇਂ ਛੇਵੀਂ ਪਾਤਸ਼ਾਹੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਜ਼ਰ ਸਿੱਖ ਸੰਗਤ ਨੂੰ ਸੰਬੋਧਨ ਕਰਦੇ ਹੋਇਆ ਆਖਿਆ, “ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ ਤੇ ਚੰਗੀ ਜਵਾਨੀ ਹੋਵੇਗੀ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤਾਂ ਕਰੋ, ਘੁਲੋ, ਗਤਕੇ ਖੇਡੋ, ਸ਼ਿਕਾਰ ਖੇਡਣ ਲਈ ਜੰਗਲਾਂ ਵਿਚ ਜਾਉ, ਘੋੜੇ ਦੀ ਸਵਾਰੀ ਕਰੋ। ਕਮਜ਼ੋਰੀ ਇਕ ਕੌਮੀ ਗੁਨਾਹ ਹੈ ਜੋ ਕਿਸੇ ਨੂੰ ਵੀ ਖਿਮਾਂ ਯੋਗ ਨਹੀਂ। ਤੁਸੀਂ ਕਿਰਪਾਨ ਇਸ ਲਈ ਫੜਨੀ ਹੈ ਕਿਉਂਕਿ ਮੈਂ ਪਹਿਨੀ ਹੈ ਤਾਂ ਜੋ ਜ਼ਾਲਮ ਜ਼ੁਲਮ ਦੀ ਤਲਵਾਰ ਅੱਗੋਂ ਲਈ ਚਲਾਣੀ ਬੰਦ ਕਰ ਦੇਣ। ਤੁਸੀਂ ਸਾਰੇ ਦੂਰੋਂ-ਦੂਰੋਂ ਟੁਰ ਕੇ ਆਏ ਹੋ। ਤੁਹਾਡੀ ਤੇ ਮੇਰੀ ਹੀ ਨਹੀਂ ਸਾਰੇ ਸੰਸਾਰ ਦੀ ਆਤਮਿਕ ਠੰਡ ਖੋਹ ਲਈ ਗਈ ਹੈ। ਜਿਤਨੀ ਦੇਰ ਤਕ ਇਹ ਜ਼ੁਲਮ ਦੀ ਕਹਾਣੀ ਨਹੀਂ ਮੁੱਕਦੀ, ਕਿਰਪਾਨ ਚਲਦੀ ਹੀ ਰਹੇਗੀ। ਦਿਨ ਰਾਤ ਇਕ ਕਰਕੇ ਪਿੰਡਾਂ ਵਿਚ ਫਿਰੋ, ਲੋਕਾਂ ਨੂੰ ਆਖੋ ਕਿ ਤੁਹਾਡੀ ਜਵਾਨੀ ਦੀ ਲੋੜ ਹੈ। ਚੰਗੀ ਜਵਾਨੀ ਉਹ ਹੀ ਹੈ ਜੋ ਕੌਮ ਦੇ ਕੰਮ ਕਰਦਿਆਂ ਪ੍ਰਵਾਨ ਚੜ੍ਹੇ। ਸਾਨੂੰ ਪਵਿੱਤਰ ਹਿਰਦੇ ਤੇ ਸਵੱਛ ਦਿਮਾਗ ਦੀ ਲੋੜ ਹੈ “ਪਹਿਲਾ ਮਰਣੁ ਕਬੂਲਿ” ਦੇ ਫਲਸਫੇ ਨੂੰ ਹਿਰਦੇ ਵਿਚ ਵਸਾਉ। ਮੌਤ ਦਾ ਡਰ ਸਾਨੂੰ ਇਸ ਲਈ ਲੱਗਦਾ ਹੈ ਕਿਉਂਕਿ ਅਸੀਂ ਜੀਵਨ ਮਾਣਿਆ ਨਹੀਂ। ਘਬਰਾਹਟ ਇਸ ਲਈ ਹੁੰਦੀ ਹੈ ਕਿਉਂਕਿ ਜੀਵਨ ਦਾ ਰਸ ਨਹੀਂ ਆਇਆ। ਭੈ ਇਸ ਲਈ ਪਹੁੰਚਦਾ ਹੈ ਕਿਉਂਕਿ ਮੰਜ਼ਿਲ ਦੂਰ ਦਿੱਸਦੀ ਹੈ। ਮੌਤ ਨੂੰ ਵੰਗਾਰੋਗੇ ਤਾਂ ਮੌਤ ਨੱਸ ਜਾਏਗੀ। ਸਿਰ ਉੱਚਾ ਕਰ ਕੇ ਚਲਣਾ ਸਿੱਖੋਗੇ ਤਾਂ ਘਬਰਾਹਟ ਦੂਰ ਹੋ ਜਾਏਗੀ। ਟੁਰਨ ਦਾ ਨਿਸ਼ਚਾ ਕਰੋਗੇ ਤਾਂ ਮੰਜ਼ਲ ਨੇੜੇ ਆ ਜਾਏਗੀ। ਵਾਹਿਗੁਰੂ ਦਾ ਆਸਰਾ ਰੱਖੋਗੇ ਤਾਂ ਡਰ ਉੱਡ-ਪੁੱਡ ਜਾਣਗੇ। ਡਰ ਉਤਰ ਗਿਆ ਤਾਂ ਮੌਤ ਵੀ ਅਨੰਦਮਈ ਭਾਸੇਗੀ।”

ਗੁਰੂ ਜੀ ਨੇ ਹੋਰ ਫ਼ਰਮਾਇਆ, ਤੁਸੀਂ ਇਹ ਨਾ ਸਮਝਿਓ ਕਿ ਤੁਸੀਂ ਥੋੜ੍ਹੇ ਹੋ।ਤੁਸੀਂ ਸਾਰੇ ਸੋਮੇ ਦੀ ਨਿਆਈਂ ਹੋ। ਸਾਰੇ ਦਰਿਆ ਸੋਮਿਆਂ ਵਿੱਚੋਂ ਹੀ ਨਿਕਲਦੇ ਹਨ, ਤੁਹਾਡੇ ਜਿਹੇ ਲੱਖਾਂ ਸੋਮੇ ਕੌਮ ਵਿਚ ਹਨ। ਜਦੋਂ ਤੁਸੀਂ ਇਕੱਠੇ ਹੋ ਕੇ ਵਗੋਗੇ ਤਾਂ ਇਕ ਹੜ੍ਹ ਆ ਜਾਏਗਾ। ਲੱਕੜ ਦੀ ਇਕ ਨਿਮਾਣੀ ਤੀਲੀ ਸਾਰੇ ਜੰਗਲ ਨੂੰ ਅੱਗ ਲਗਾ ਦਿੰਦੀ ਹੈ, ਤੁਸੀਂ ਤਾਂ ਭਲੇ ਇਨਸਾਨ ਹੋ ਅਤੇ ਇਨਸਾਨ ਵੀ ਉਹ ਜਿਨ੍ਹਾਂ ਦਾ ਕਾਲਜਾ ਹੁਣੇ-ਹੁਣੇ ਤੱਤੀਆਂ ਤਵੀਆਂ ਉੱਤੇ ਸਾੜਿਆ ਗਿਆ ਹੈ।”

ਕਵੀਆਂ ਨੂੰ ਵੀ ਆਖਿਆ, “ਵੇਖੋ! ਰੱਬ ਨੇ ਤੁਹਾਨੂੰ ਕਵਿਤਾ ਦੀ ਦਾਤ ਦਿੱਤੀ ਹੈ, ਤੁਸੀਂ ਕੌਮਾਂ ਦੀ ਉਸਾਰੀ ਵੇਲੇ ਇੱਟਾਂ ਦਾ ਕੰਮ ਕਰਦੇ ਆਏ ਹੋ। ਤੁਸੀਂ ਹੁਣ ਕੁਵੇਲੇ ਦੇ ਗੀਤਾਂ ਨੂੰ ਖ਼ਤਮ ਕਰੋ ਤੇ ਕੌਮ ਨੂੰ ਟੋਇਆਂ ਵਿੱਚੋਂ ਬਾਹਰ ਕੱਢੋ। ਤੁਸੀਂ ਉਹ ਇਤਿਹਾਸ ਸੁਣਾਓ ਜੋ ਲੋਕਾਂ ਨੂੰ ਕੱਪੜਿਆਂ ਵਾਂਗੂੰ ਖੱਲਾਂ ਉਤਰਵਾਉਣ ਲਈ ਪ੍ਰੇਰ ਸਕੇ। ਪਤੰਗਿਆਂ ਵਾਂਗ ਕੌਮੀ ਪਰਵਾਨਿਆਂ ਵਿਚ ਧਰਮ ਦੀ ਬਲਦੀ ਸ਼ਮਾਂ ਉੱਤੇ ਸੜਨ ਦਾ ਚਾਅ ਆਵੇ। ਲਹੂ ਠੰਡਾ ਹੋ ਗਿਆ ਹੈ। ਸ਼ਹੀਦਾਂ ਦੀਆਂ ਕਹਾਣੀਆਂ ਦੇ ਭੱਠ ਤਪਾ ਦਿਉ ਤਾਂਕਿ ਇਹ ਮੁੜ ਖੌਲ ਸਕੇ, ਮੁੜ ਜਵਾਨੀ ਆਏ ਅਤੇ ਇਹ ਮਿੱਧਿਆ ਹੋਇਆ ਪੰਜਾਬ ਤੇ ਕੁਚਲੀ ਹੋਈ ਕੌਮ ਫੇਰ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਸਕੇ।”

ਗੁਰੂ ਜੀ ਨੇ ਢਾਡੀਆਂ ਨੂੰ ਆਖਿਆ, “ਹੁਣ ਲੋੜ ਹੈ, ਤੁਹਾਡੇ ਸਾਜਾਂ ਵਿੱਚੋਂ ਲਲਕਾਰਾਂ ਨਿਕਲਣ। ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਨ। ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੰਬ ਕੇ ਜਗਾਏ ਅਤੇ ਤੁਹਾਡੇ ਗਜ ਦੇ ਘੁੰਗਰੂ ਕੁਰਬਾਨੀ ਲਈ ਦਿਲਾਂ ਵਿਚ ਚਾਅ ਪੈਦਾ ਕਰਨ।”

ਛੇਵੀਂ ਪਾਤਸ਼ਾਹੀ ਦੇ ਮੀਰੀ ਦੀ ਕਿਰਪਾਨ ਧਾਰਨ ਕਰਨ ਨੂੰ ਧਰਮ ਦੀ ਖੇਤੀ ਦੀ ਰਾਖੀ ਲਈ ਵਾੜ ਲਗਾਈ ਦੱਸਦੇ ਹਨ:

ਖੇਤੀ ਵਾੜ ਸੁ ਢਿੰਗਰੀ ਕਿਕਰ ਆਸ ਪਾਸ ਜਿਉ ਬਾਗੈ।
ਸਪ ਪਲੇਟੇ ਚੰਨਣੇ ਬੂਹੇ ਜੰਦਾ ਕੁਤਾ ਜਾਗੈ।
ਕਵਲੈ ਕੰਡੇ ਜਾਣੀਅਨਿ ਸਿਆਣਾ ਇਕੁ ਕੋਈ ਵਿਚਿ ਫਾਗੈ। (ਭਾਈ ਗੁਰਦਾਸ ਜੀ, ਵਾਰ 25/26)

ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਉਹ ਚੰਗਾ ਘੋੜਾ ਅਤੇ ਚੰਗਾ ਹਥਿਆਰ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿਚ ਪਹੁੰਚਣ। ਉਸ ਸਮੇਂ ਹਿੰਦੂਆਂ ਵਾਸਤੇ ਘੋੜ ਸਵਾਰੀ ਤੇ ਸ਼ਸਤਰ ਧਾਰਨ ਕਰਨਾ ਕਾਨੂੰਨੀ ਤੌਰ ’ਤੇ ਜ਼ੁਰਮ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਬੀਰ-ਰਸ ਦੀਆਂ ਵਾਰਾਂ ਤੇ ਕੁਸ਼ਤੀਆਂ ਕਰਵਾਉਣੀਆਂ ਇਕ ਨਿਯਮ ਦੇ ਰੂਪ ਵਿਚ ਅਰੰਭ ਕੀਤੀਆਂ। ਗੁਰੂ ਜੀ ਆਪ ਪੇਸ਼ ਹੋਈਆਂ ਸੰਗਤਾਂ ਨੂੰ ਜਿੱਥੇ ਗਿਆਨ ਦੀ ਬਖਸ਼ਿਸ਼ ਕਰਦੇ ਉਥੇ ਆਪਸੀ ਝਗੜੇ ਵੀ ਸੁਣਦੇ ਅਤੇ ਉਨ੍ਹਾਂ ਦਾ ਹੱਲ ਵੀ ਕਰਦੇ। ਆਤਮਾ ਪਰਮਾਤਮਾ ਦਾ ਹੀ ਅੰਗ ਹੈ ਅਤੇ ਇਸ ਨੂੰ ਪੂਰਨ ਖਿੜਾਉ ਵਿਚ ਲਿਆਉਣ ਲਈ ਜਿੱਥੇ ਅਕਾਲ ਪੁਰਖ ਦਾ ਨਾਮ ਸਵਾਸ-ਸਵਾਸ ਜਪਣਾ ਜ਼ਰੂਰੀ ਹੈ ਉਥੇ ਨਿਰਭੈਅਤਾ ਤੇ ਨਿਰਵੈਰਤਾ ਨੂੰ ਸਿੱਖੀ ਦੇ ਮੁੱਖ ਅੰਗ ਵਜੋਂ ਸਥਾਪਿਤ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ “ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ” (ਪੰਨਾ 273) ਦੇ ਹੁਕਮ ਅਨੁਸਾਰ ਅਕਾਲ ਪੁਰਖ ਦੇ ਨੁਮਾਇੰਦੇ ਬਣ ਕੇ ਦੁਨਿਆਵੀ ਬਾਦਸ਼ਾਹਾਂ ਤੋਂ ਸ੍ਰੇਸ਼ਟ, ਦੀਨ-ਦੁਨੀ ਦੇ ਪਾਤਸ਼ਾਹ ਦੇ ਰੂਪ ਵਿਚ ਇਥੇ ਦਰਬਾਰ ਲਾਉਂਦੇ ਸਨ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਹੋਂਦ ਵਿਚ ਆਈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਅਕਾਲ ਪੁਰਖ ਦੇ ਪਿਆਰੇ ਹੋਣ ਬਾਰੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਲਿਖਦੇ ਹਨ-

“ਹਰਿਗੋਬਿੰਦ ਜੋ ਹੈ, ਸੋ ਮਕਬੂਲੇ ਇਲਾਹੀ ਹੈ। ਔਰ ਜਬ ਹਮਾਰੀ ਆਠਵੇਂ ਦਿਨ ਖੁਦਾ ਕੀ ਦਰਗਾਹ ਮੇਂ ਵਾਰੀ ਹੋਤੀ ਹੈ, ਊਹਾਂ ਜਾਕਰ ਹਮ ਅਰਜ਼ ਕਰਤੇ ਹੈਂ, ਔਰ ਇਨ ਕੋ ਦੇਖਤੇ ਹੈਂ-”

ਮੁਹਸਨ ਫ਼ਾਨੀ ਜੋ ਕਿ ਇਕ ਗੈਰ ਸਿੱਖ ਸੀ, ਨੇ ਆਖਿਆ-

ਅਕੀਦਾ-ਇ-ਸਿਖਾਂ ਆ ਅਸਲ
ਕਿ ਮੁਰੀਦਾਨੇ ਗੁਰੂ ਬ ਬਹਿਸ਼ਤ ਰਵੰਦ।

ਭਾਵ ਸਿੱਖਾਂ ਦੀ ਗੁਰੂ ਜੀ ਤੇ ਅਥਾਹ ਸ਼ਰਧਾ ਹੈ, ਉਹ ਇਹ ਸਮਝ ਚੁੱਕੇ ਹਨ ਕਿ ਗੁਰੂ ਦੇ ਸਿੱਖ ਸਿੱਧੇ ਜੰਨਤ ਨੂੰ ਜਾਂਦੇ ਹਨ।

ਛੇਵੀਂ ਪਾਤਸ਼ਾਹੀ ਦੇ ਅੰਮ੍ਰਿਤਸਰ ਛੱਡਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੋਢੀ ਪ੍ਰਿਥੀ ਚੰਦ ਦੇ ਪਰਵਾਰ ਪਾਸ ਸੀ। ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੇ ਹੁਕਮ ਨਾਲ ਅੰਮ੍ਰਿਤਸਰ ਵਿਚ ਆ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਅਰੰਭ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਤੋਂ ਬਾਅਦ ਅੱਜ ਤਕ 403 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਇਸ ਕਾਲ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। 1606 ਤੋਂ 1716 ਤਕ ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸਮੇਂ ਜਦੋਂ ਗੁਰੂ ਪੰਥ ਗੁਰੂ ਸਾਹਿਬਾਨ ਦਾ ਹੁਕਮ ਮੰਨਦਾ ਸੀ ਤੇ ਗੁਰੂ ਸਾਹਿਬ ਦੇ ਹੁਕਮ ’ਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜਸੀ ਆਗੂ ਮੰਨਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ  ਸ਼ਹਾਦਤ ਤੋਂ ਬਾਅਦ ਮਹਾਰਾਜਾ ਰਣਜੀਤ  ਸਿੰਘ ਦੀ  ਮੌਤ ਤਕ:  ਅੰਗਰੇਜ਼ ਰਾਜ  ਤੋਂ ਅੱਜ  ਤਕ: ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਵਿਚ ਕੋਈ ਇਕ ਸਰਬ-ਪ੍ਰਵਾਨਿਤ ਧਾਰਮਿਕ ਤੇ ਰਾਜਸੀ ਆਗੂ ਨਹੀਂ ਸੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 1716 ਈ. ਉਪਰੰਤ ਸਿੱਖ-ਸ਼ਕਤੀ ਨੂੰ ਫੇਰ ਇਕ ਲੜੀ ਵਿਚ ਪਰੋਣ ਅਤੇ ਮਜ਼ਬੂਤ ਕਰਨ ਹਿਤ ਭਾਈ ਮਨੀ ਸਿੰਘ ਜੀ ਨੇ ਯੋਗ ਅਗਵਾਈ ਰਾਹੀਂ ਸਿੰਘਾਂ ਨੂੰ ਇਕਮੁੱਠ ਹੋਣ ਲਈ ਸੇਧ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪਿਛਲੇ ਕਰੀਬ 300 ਸਾਲ ਤੋਂ ਕੌਮ ਦੀ ਅਗਵਾਈ ਸਰਬੱਤ ਖਾਲਸਾ ਜਾਂ ਗੁਰਮਤੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੱਥ ਵਿਚ ਹੈ ਅਤੇ ਸਭ ਜਥਿਆਂ ਨੂੰ ਇਕੱਠੇ ਕਰ ਕੇ ਸ. ਕਪੂਰ ਸਿੰਘ ਫੈਜ਼ਲਪੁਰੀਏ ਨੂੰ ਸਰਬ-ਪ੍ਰਵਾਨਿਤ ਜਥੇਦਾਰ ਬਣਾਇਆ। ਇਸ ਕਾਲ ਵਿਚ ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਕੌਮ ਵਿਚ ਸਰਬਉੱਚ ਸਥਾਨ ਪ੍ਰਾਪਤ ਹੋਇਆ ਅਤੇ ਸਰਬੱਤ ਖਾਲਸਾ ਅਤੇ ਗੁਰਮਤਾ ਇਸੇ ਸਮੇਂ ਦੀ ਦੇਣ ਹਨ। ਇਸ ਸਮੇਂ ਵਿਚ ਪੰਥ ਦੀ ਹਰ ਸਮੱਸਿਆ ਅਤੇ ਚੁਣੌਤੀ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਾਜ਼ਰੀ ਵਿਚ ਸਰਬੱਤ ਖਾਲਸਾ ਨੇ ਹੀ ਲਿਆ ਹੈ।

ਜਦੋਂ ਵੀ ਸਿੱਖ ਕੌਮ ਆਪਣੀ ਈਰਖਾ ਅਤੇ ਧੜੇਬੰਦੀ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਤਾਂ ਕੌਮੀ ਸਮੱਸਿਆਵਾਂ ਦਾ ਹੱਲ ਤੁਰੰਤ ਹੁੰਦਾ ਗਿਆ। ਸਿੱਖ ਕੌਮ ਨੂੰ ਕਰੀਬ 55 ਸਾਲ (1710 ਤੋਂ 1765 ਈ.) ਦਾ ਸਮਾਂ ਮੌਤ ਦੇ ਵਰੰਟਾਂ ਦਾ ਸਾਹਮਣਾ ਕਰਨਾ ਪਿਆ ਹੈ। ਵਕਤ ਦੇ ਬਾਦਸ਼ਾਹਾਂ ਨੇ ਹਰ ਸਿੱਖ ਨੂੰ ਕਤਲ ਕਰਨ ਦਾ ਫ਼ਰਮਾਨ ਜਾਰੀ ਕਰ ਕੇ ਇਸ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ, ਪਰ ‘ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ” ਦੇ ਔਖੇ ਸਮੇਂ ਬਣਾਏ ਖਾਲਸਾਈ ਬੋਲੇ ਅਨੁਸਾਰ ਇਹ ਕੌਮ, ਵਿਰੋਧੀਆਂ ਦੀ ਸੋਚ ਤੋਂ ਉਲਟ ਹਰ ਵਾਰ ਵੱਡੀ ਸ਼ਕਤੀ ਹੋ ਕੇ ਸਾਹਮਣੇ ਆਈ ਹੈ। ਇਸ ਸਮੇਂ ਵਿਚ ਮੱਸੇ ਰੰਘੜ ਵੱਲੋਂ ਇਸ ਧਾਰਮਿਕ ਸਥਾਨ ਦੀ ਮਰਯਾਦਾ ਨੂੰ ਭੰਗ ਕੀਤਾ ਗਿਆ, ਪਰ ਅਣਖੀਲੇ ਸਿੰਘਾਂ ਨੇ ਇਸ ਦੀ ਉਸ ਨੂੰ ਸਜ਼ਾ ਦਿੱਤੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਤੋਪ ਦੇ ਗੋਲਿਆਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰ ਦਿੱਤਾ ਤਾਂ ਸਿੱਖ ਕੌਮ ਨੇ ਇਸ ਨੂੰ ਦੁਬਾਰਾ ਤਿਆਰ ਕਰਨ ਵਿਚ ਬਹੁਤਾ ਸਮਾਂ ਨਹੀਂ ਲਗਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਰੱਖਿਆ ਅਤੇ ਮਰਿਯਾਦਾ ਦੀ ਰਾਖੀ ਲਈ ਜਥੇਦਾਰ ਗੁਰਬਖਸ਼ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ। 18ਵੀਂ ਸਦੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਇਸ ਪ੍ਰੇਰਨਾ ਸ੍ਰੋਤ ਨੂੰ ਖ਼ਤਮ ਕਰਨ ਅਤੇ ਸਿੱਖੀ ਦਾ ਖ਼ਾਤਮਾ ਕਰਨ ਲਈ ਹੁੰਦੇ ਰਹੇ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਕਾਇਮ ਰਹੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇਖ਼ਲਾਕੀ ਗਲਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਹੱਸ ਕੇ ਪ੍ਰਵਾਨ ਕੀਤੀ।

ਅੰਗਰੇਜ਼ ਕਾਲ ਵਿਚ ਲਾਰਡ ਮੈਕਾਲੇ ਦੇ ਕਥਨ ਅਨੁਸਾਰ ਕਿ ਜੇਕਰ ਭਾਰਤ ਤੇ ਰਾਜ ਕਰਨਾ ਹੈ ਤਾਂ ਇਸ ਦੀ ਅਧਿਆਤਮਕ ਅਤੇ ਸਭਿਆਚਾਰਕ ਵਿਰਾਸਤ ਨੂੰ ਖ਼ਤਮ ਕਰ ਕੇ ਇਨ੍ਹਾਂ ਦੀ ਅਣਖ ਨੂੰ ਮੁਕਾਉਣਾ ਹੋਵੇਗਾ, ਦੀ ਨੀਤੀ ’ਤੇ ਚਲਦੇ ਹੋਏ ਸਿੱਖ ਫੌਜਾਂ ਹੱਥੋਂ ਹਾਰ: ਜਿਸ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਹੈ ਕਿ “ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ” ਨੂੰ ਨਾ ਭੁੱਲਦੇ ਹੋਏ ਅੰਗਰੇਜ਼ਾਂ ਨੇ ਸਿੱਖ ਸਿਧਾਂਤ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਜ਼ਿਆਦਾ ਹਮਲੇ ਸਿੱਖ-ਸਿਧਾਂਤਾਂ ਨੂੰ ਸੱਟ ਮਾਰਨ ਲਈ ਹੋਏ। 1867 ਨੂੰ ਕੁਝ ਸਿੱਖਾਂ ਤੋਂ ਇਹ ਫੈਸਲਾ ਕਰਵਾ ਲਿਆ ਕਿ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਬ੍ਰਿਟਿਸ਼ ਸਰਕਾਰ ਦੀ ਮਦਦ ਤੋਂ ਬਗੈਰ ਨਹੀਂ ਚਲਾਇਆ ਜਾ ਸਕਦਾ ਅਤੇ ਸਰਬਰਾਹ ਨਿਯੁਕਤ ਕਰਨ ਦੀ ਰੀਤ ਚਲਾ ਦਿੱਤੀ। ਇਸ ਤਰ੍ਹਾਂ ਅਜ਼ਾਦ ਸਿੱਖ ਸਮਾਜ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਅਤੇ ਉਹ ਸਮਾਂ ਵੀ ਆਇਆ ਜਦੋਂ ਸਰਬਰਾਹ ਵੱਲੋਂ ਜਨਰਲ ਉਡਵਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਪਾਉ ਦੇਣ ਦੀ ਗਰਮਤਿ ਵਿਰੋਧੀ ਗੱਲ ਕੀਤੀ ਗਈ।

ਸੰਨ 1920 ਈ. ਦੀ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਅੱਜ ਤਕ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।6 ਜੂਨ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਨਾਲ ਢਹਿ-ਢੇਰੀ ਹੋ ਜਾਣ ਦੇ ਹੁਣ 25 ਸਾਲ ਪੂਰੇ ਹੋ ਗਏ ਹਨ। ਕੌਮ ਲਈ ਇਹ ਸਮਾਂ ਵਿਚਾਰਨ ਦਾ ਹੈ ਕਿ ਅਸੀਂ ਕੀ ਪ੍ਰਾਪਤ ਕੀਤਾ ਅਤੇ ਕੀ ਗੁਆਇਆ? ਅੱਗੇ ਲਈ ਕਿਸ ਤਰ੍ਹਾਂ ਇਸ ਤੋਂ ਬਚਣਾ ਹੈ, ਪੀੜਿਤ ਪਰਵਾਰਾਂ ਲਈ ਇਨਸਾਫ਼ ਕਿਸ ਤਰ੍ਹਾਂ ਲਿਆ ਜਾਵੇ ਅਤੇ ਉਨ੍ਹਾਂ ਨੂੰ ਮੁੜ ਕਿਸ ਤਰ੍ਹਾਂ ਵਸਾਇਆ ਜਾਵੇ, ਸ੍ਰੀ ਅਕਾਲ ਤਖ਼ਤ ਸਾਹਿਬ ਕਿਨ੍ਹਾਂ ਸਿਧਾਂਤਾਂ ਦਾ ਪ੍ਰਤੀਕ ਹੈ ਤੇ ਉਹ ਪਰੰਪਰਾਵਾਂ ਜੋ ਪੁਰਾਤਨ ਸਿੰਘਾਂ ਵੱਲੋਂ ਪੰਥਕ ਏਕਤਾ ਲਈ ਕਾਇਮ ਕੀਤੀਆਂ ਗਈਆਂ ਸਨ, ਨੂੰ ਦੁਬਾਰਾ ਕਿਵੇਂ ਸੁਰਜੀਤ ਕੀਤਾ ਜਾਵੇ, ਜਦੋਂ ਸਿੱਖ ਸਰਦਾਰ, ਰਾਜੇ ਅਤੇ ਮਹਾਰਾਜੇ ਆਪਣੇ ਹਥਿਆਰ ਬੁੰਗਿਆਂ ਵਿਚ ਛੱਡ ਕੇ ਆਪਣੀ ਹਿਫ਼ਾਜ਼ਤ ਲਈ ਗੁਰੂ ’ਤੇ ਭਰੋਸਾ ਰੱਖਦੇ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ 400 ਸਾਲਾ ਇਤਿਹਾਸ ਵਿਚ ਇਹ ਗੱਲ ਵਿਚਾਰਨ ਵਾਲੀ ਹੈ ਕਿ ਗੁਰੂ-ਕਾਲ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਕੌਮ ਨੂੰ ਸਿਧਾਂਤਕ ਅਗਵਾਈ ਦਿੰਦਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਅਕਾਲ ਪੁਰਖ ਦੀ ਪੂਜਾ, ਗੁਰੂ ਹੁਕਮ ’ਤੇ ਅਤੁੱਟ ਵਿਸ਼ਵਾਸ-ਸ਼ਰਧਾ ਨਾਲ ਪਾਲਣਾ, ਜਾਤ-ਪਾਤ, ਊਚ-ਨੀਚ ਰਹਿਤ ਸਰਬ ਸਾਂਝੀਵਾਲਤਾ, ਨਿਰਵੈਰਤਾ, ਬਾਤਨ ਫ਼ਕੀਰੀ ਜਾਹਿਰ ਅਮੀਰੀ, ਸ਼ਸਤਰ ਗਰੀਬ ਕੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦੇ ਗੁਰੂ-ਉਪਦੇਸ਼ ਦਾ ਪ੍ਰਤੀਕ ਹੈ, ਜਿਨ੍ਹਾਂ ਗੁਣਾਂ ਦੀ ਅੱਜ ਦੇ ਸਮਾਜ ਵਿਚ ਪਹਿਲਾਂ ਤੋਂ ਵੱਧ ਲੋੜ ਹੈ।

ਇਹ ਵਿਚਾਰਨ ਲਈ ਹਉਮੈ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਜੁੜ ਬੈਠਣਾ ਸਮੇਂ ਦੀ ਮੰਗ ਹੈ, ਕਿਉਂਕਿ ਸਿਧਾਂਤ ਤਾਂ ਸਿੱਖ ਕੌਮ ਨੂੰ ਆਪਣੇ ਮਨ ਵਿਚ ਵਸਾ ਕੇ ਅਮਲ ਕਰਨ ਲਈ ਚਾਨਣ-ਮੁਨਾਰਾ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Iqbal Singh
ਸੀਨੀਅਰ ਪੁਲਿਸ ਕਪਤਾਨ -ਵਿਖੇ: ਅੰਮ੍ਰਿਤਸਰ (ਦਿਹਾਤੀ

ਸਾਬਕਾ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ)
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਬਕਾ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਹਿੰਦੂ, ਸਿੱਖ ਤੇ ਮੁਸਲਿਮ ਧਰਮ ਨਾਲ ਸਬੰਧਤ ਧਾਰਮਿਕ ਸਾਹਿਤ ਸੇਵਾਵਾਂ ਦੇ ਨਾਲ ਜੀਵਨ ਦਾ ਵੱਡਾ ਸਫ਼ਰ ਤੈਅ ਕੀਤਾ ਹੈ। ਉਹ ਸਿੱਖ ਫਿਲਾਸਫ਼ੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖ ਕੇ ਸਾਹਿਤ ਸੇਵਾਵਾਂ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ। ਲਾਲਪੁਰਾ ਨੂੰ ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ, ਸਿੱਖ ਸਕਾਲਰ ਪੁਰਸਕਾਰ, ਪ੍ਰੈਜ਼ੀਡੈਂਟਸ ਪੁਲਿਸ ਮੈਡਲ ਆਦਿ ਮਿਲ ਚੁੱਕੇ ਹਨ। ਉਹ ਸਿੱਖ ਇਤਿਹਾਸ ਨਾਲ ਸਬੰਧਿਤ 14 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)