ਸਰਸਾ ਨਦੀ ਦੇ ਕੰਢੇ ’ਤੇ ਖੜ੍ਹਾ ਹੋ ਕੇ, ਨੰਦ ਲਾਲ ਦਸਮੇਸ਼ ਨੂੰ ਵੇਖਦਾ ਹੈ।
ਸਰਸਾ ਨਦੀ ’ਤੇ ਦਿੱਲੀ ਦੇ ਕਹਿਰ ਅੱਗੇ, ਬਾਦਸ਼ਾਹ ਦਰਵੇਸ਼ ਨੂੰ ਵੇਖਦਾ ਹੈ।
ਆਨੰਦਪੁਰੀ ਸੁੰਨੀ ਕਰਕੇ ਜਾ ਰਿਹਾ ਹੈ, ਸਾਨੂੰ ਤੀਰ ਵਿਛੋੜੇ ਦੇ ਮਾਰ ਚੱਲਿਆ।
ਰਚਿਆ ਮਹਿਲ ਇਤਿਹਾਸ ਜੋ ਪਾਤਸ਼ਾਹ ਨੇ, ਉਸ ਦੀਆਂ ਮੰਮਟੀਆਂ ਹੋਰ ਉਸਾਰ ਚੱਲਿਆ।
ਅੱਗੇ-ਅੱਗੇ ਨੇ ਜਾ ਰਹੇ ਮਾਤਾ ਗੁਜਰੀ, ਖੰਡੇ ਰਾਖੇ ਨੇ ਪੰਜਾਂ ਪਿਆਰਿਆਂ ਦੇ।
ਨੰਦ ਲਾਲ ਦੇ ਅੱਥਰੂ ਵੇਖ ਕੇ ਤੇ, ਅੱਥਰੂ ਡਿੱਗਦੇ ਅੰਬਰ ਦੇ ਤਾਰਿਆਂ ਦੇ।
ਤੋੜ-ਤੋੜ ਕੇ ਕਸਮਾਂ ਕੁਰਾਨ ਦੀਆਂ, ਸਰਸਾ ਕੰਢੇ ’ਤੇ ਯੁੱਧ ਘਮਸਾਨ ਹੋਇਆ।
ਝੂਠ ਵੇਖ ਕੇ ਗੀਤਾ ਨੇ ਧਾਹ ਮਾਰੀ, ਤੇ ਕੁਰਾਨ ਵੀ ਲਹੂ-ਲੁਹਾਨ ਹੋਇਆ।
ਸਾਹਿਤ-ਗ੍ਰੰਥ ਖਜ਼ਾਨਾ ਜੋ ਡੁੱਬ ਰਿਹਾ ਸੀ, ਨੰਦ ਲਾਲ ਦੀ ਤੱਕ ਕੇ ਆਹ ਨਿਕਲੀ।
ਸਰਸਾ ਵਿਚ ਡੁੱਬਦੇ ਜਾਂਦੇ ਕਵੀ ਸਾਰੇ, ਤੇ ਬਚਾਓ ਦੀ ਕੋਈ ਨਾ ਰਾਹ ਨਿਕਲੀ।
ਡੁੱਬਦੇ ਸਾਹਿਤ-ਗ੍ਰੰਥ ਦੇ ਬੁਲਬੁਲੇ ਤੋਂ, ਨੰਦ ਲਾਲ ਨੂੰ ਖੂਨੀ ਇਤਿਹਾਸ ਦਿੱਸਿਆ।
ਸ਼ਹਿਨਸ਼ਾਹ-ਦੋ-ਆਲਮ ਦਸਮੇਸ਼ ਜੀ ਦਾ, ਉਹਨੂੰ ਕੰਡਿਆਂ ਦੇ ਉੱਤੇ ਵਾਸ ਦਿੱਸਿਆ।
ਨੰਦ ਲਾਲ ਪੁੱਛੇ ਸਰਸਾ ਕਮਲੀਏ ਨੀ, ਤੈਨੂੰ ਦਾਤੇ ਦੀ ਹੋਈ ਪਛਾਣ ਕਿਉਂ ਨਹੀਂ?
ਪਵਣ, ਪਾਣੀ, ਅਕਾਸ਼, ਪਤਾਲ ਜਿਸ ਦਾ, ਉਹਦਾ ਕਮਲੀਏ ਰੱਖਿਆ ਮਾਣ ਕਿਉਂ ਨਹੀਂ?
ਨੀ ਤੂੰ ਬੇਖ਼ਬਰੇ, ਕਰ ਕੇ ਜ਼ੁਲਮ ਕਿੰਨਾ, ਕਿੰਨੀ ਫੌਜ ਅਕਾਲ ਦੀ ਰੋੜ੍ਹ ਦਿੱਤੀ!
ਨੀ ਤੂੰ ਇਕ ਵੀ ਝੂਠੇ ਨੂੰ ਡੋਬਿਆ ਨਾ, ਤੂੰ ਤਾਂ ਰੀਤ ਇਨਸਾਫ਼ ਦੀ ਤੋੜ ਦਿੱਤੀ।
ਤੂੰ ਬੇਜਾਨ ਤੇ ਜਾਨਾਂ ਦਾ ਓਹ ਮਾਲਿਕ, ਖਸਮੇ ਨਾਲ ਬਰਾਬਰੀ ਕਰ ਰਹੀ ਏਂ?
ਇਹ ਹੈ ਹਉਮੈ ਕਿ ਤੇਰੀ ਢੀਠਾਈ ਸਾਰੀ, ਆਪਣਾ ਆਪ ਤੂੰ ਜੂਏ ਵਿਚ ਹਰ ਰਹੀ ਏਂ।
ਜਿਹੜੇ ਛੱਡ ਕੁਰਾਨ ਨੂੰ ਹੋਏ ਕਾਫ਼ਰ, ਤੈਨੂੰ ਸਾਰੇ ਉਹ ਡੋਬਣੇ ਚਾਹੀਦੇ ਸੀ!
ਜਿਨ੍ਹਾਂ ਕਸਮ ਕੁਰਾਨ ਦੀ ਤੋੜ ਦਿੱਤੀ, ਤੈਨੂੰ ਸਾਰੇ ਉਹ ਸੋਧਣੇ ਚਾਹੀਦੇ ਸੀ!
ਨੰਦ ਲਾਲ ਆਖੇ ਸਰਸਾ ਬੇਖ਼ਬਰੇ, ਗੋਬਿੰਦ ਸਿੰਘ ਉਹ ਕੌਤਕ ਵਿਖਾ ਸਕਦਾ।
ਇੱਕੋ ਤੀਰ ਮੇਰੇ ਗੋਬਿੰਦ ਪਾਤਸ਼ਾਹ ਦਾ, ਤੈਨੂੰ ਰੇਤਾ ਦਾ ਢੇਰ ਬਣਾ ਸਕਦਾ।
ਲੇਖਕ ਬਾਰੇ
ਫ਼ਕੀਰ ਚੰਦ ਤੁਲੀ 'ਜਲੰਧਰੀ' ਫ਼ੱਕਰ ਤਬੀਅਤ ਵਾਲੇ ਕਵੀ ਹਨ । ਉਨ੍ਹਾਂ ਦੀ ਰਚਨਾ ਛੰਦਬੰਦੀ ਦੀ ਪੂਰਨ ਪਾਬੰਦ ਅਤੇ ਲੈਅ-ਬੱਧ ਹੁੰਦੀ ਹੈ । ਜਦੋਂ ਉਹ ਸਟੇਜ ਤੇ ਕਵਿਤਾ ਪੜ੍ਹਦੇ ਹਨ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਹਨ । ਉਨ੍ਹਾਂ ਦੀਆਂ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਾਵਿ-ਰਚਨਾਵਾਂ ਆਪਣੀ ਮਿਸਾਲ ਆਪ ਹੁੰਦੀਆਂ ਹਨ।
# 5, ਰਮੇਸ਼ ਕਲੋਨੀ, ਜਲੰਧਰ
- ਤੁਲੀ ਫਕੀਰ ਚੰਦ ਜਲੰਧਰੀhttps://sikharchives.org/kosh/author/%e0%a8%a4%e0%a9%81%e0%a8%b2%e0%a9%80-%e0%a8%ab%e0%a8%95%e0%a9%80%e0%a8%b0-%e0%a8%9a%e0%a9%b0%e0%a8%a6-%e0%a8%9c%e0%a8%b2%e0%a9%b0%e0%a8%a7%e0%a8%b0%e0%a9%80/October 1, 2009