ਸੰਸਾਰ ਅੰਦਰ ਹੱਕ, ਸੱਚ, ਧਰਮ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਲਈ ਅਨਗਿਣਤ ਸ਼ਹੀਦੀਆਂ ਹੋਈਆਂ ਹਨ। ਹਕੂਮਤ ਦੇ ਨਸ਼ੇ ਵਿਚ ਮਦਹੋਸ਼ ਜਾਬਰ ਅਤੇ ਜ਼ਾਲਮ ਹਾਕਮਾਂ ਵੱਲੋਂ ਉਨ੍ਹਾਂ ਅਸੂਲਪ੍ਰਸਤਾਂ, ਧਰਮ-ਮੂਰਤਾਂ, ਨੇਕੀ ਅਤੇ ਮਾਨਵਤਾ ਦੀਆਂ ਭਾਵਨਾਵਾਂ ਨਾਲ ਸਰਸ਼ਾਰ ਇਨਸਾਨਾਂ ਨੂੰ ਵੱਖ-ਵੱਖ ਢੰਗ-ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ ਅਤੇ ਆਪਣੀ ਹਉਮੈ ਅਤੇ ਦਰਿੰਦਗੀ ਦੀ ਹਵਸ ਨੂੰ ਪੂਰਾ ਕੀਤਾ। ਇਨ੍ਹਾਂ ਜ਼ਾਲਮਾਂ ਵਿੱਚੋਂ ਮਨੁੱਖਤਾ ਅਤੇ ਰੱਬ ਦਾ ਖ਼ੌਫ਼ ਜਿਵੇਂ ਖੰਭ ਲਾ ਕੇ ਹੀ ਉੱਡ ਗਿਆ ਹੋਵੇ। ਇਸ ਧਰਤੀ ਉੱਤੇ ਇਕ ਹਰਣਾਖਸ਼ ਨਹੀਂ ਸਗੋਂ ਅਨਗਿਣਤ ਹਰਣਾਖਸ਼ ਆਏ ਜਿਨ੍ਹਾਂ ਨੇ ਰੱਬ-ਰਸੂਲ ਦੀ ਰਹਿਮਤ ਦਾ ਰਸਤਾ ਛੱਡ ਕੇ ਅਤੇ ਮਿਲੀਆਂ ਬਾਦਸ਼ਾਹੀਆਂ ਵਾਹਿਗੁਰੂ ਦੀ ਬਖਸ਼ਿਸ਼ ਨਾ ਸਮਝਦਿਆਂ ਖੁਦ ਦੀਆਂ ਪ੍ਰਾਪਤੀਆਂ ਹੀ ਮੰਨ ਲਈਆਂ ਅਤੇ ਨਿਸ਼ਾਨਾ ਸਭ ਦਾ ਇੱਕੋ ਰੱਬ ਦੇ ਧਰਮੀ ਅਸੂਲ-ਪ੍ਰਸਤ, ਨੇਕੀ ਅਤੇ ਨਿਮਰਤਾ ਦੇ ਮੁਜੱਸਮੇ ਦਰਵੇਸ਼ਾਂ ਉੱਤੇ ਜ਼ੁਲਮ ਢਾਹੁਣਾ ਅਤੇ ਉਨ੍ਹਾਂ ਨੂੰ ਨੇਸਤੋ-ਨਾਬੂਦ ਕਰ ਕੇ ਦੁਨੀਆਂ ਅੰਦਰ ਆਪਣੇ ਆਪ ਨੂੰ ਪਰਮਾਤਮਾ ਤੋਂ ਵੀ ਉੱਪਰ ਦੀ ਸ਼ਕਤੀ ਸਾਬਤ ਕਰਨਾ ਹੀ ਸੀ। ਜਿਵੇਂ ਹਰਣਾਖਸ਼ ਨੇ “ਜਲੇ ਹਰਣਾਖਸ਼ ਥਲੇ ਹਰਣਾਖਸ਼” ਦਾ ਨਾਅਰਾ ਦਿੱਤਾ ਸੀ। ਯਸੂਹ ਮਸੀਹ, ਮਨਸੂਰ, ਤਬਰੇਜ਼, ਸ਼ਮਸਦੀਨ, ਸੁਕਰਾਤ ਆਦਿ ਨੇਕ ਪੁਰਸ਼ਾਂ ਅਤੇ ਰੱਬ ਰੂਪ ਬੰਦਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਭਾਰਤ ਦੇ ਪੁਰਾਤਨ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਥੇ ਵੀ ਕਸ਼ੱਤ੍ਰੀਆਂ ਅਤੇ ਬੋਧੀਆਂ ਉੱਤੇ ਵੀ ਧਰਮ ਦੇ ਨਾਂ ਉੱਤੇ ਭਾਰੀ ਜ਼ੁਲਮ ਢਾਹਿਆ ਗਿਆ। ਭਾਰਤ ਉੱਤੇ ਇਸਲਾਮੀ ਰਾਜ ਸਥਾਪਤ ਹੋਣ ਉੱਤੇ ਭਾਰਤੀ ਹਿੰਦੂਆਂ ਨੂੰ ਇਸਲਾਮ ਦੇ ਦਾਇਰੇ ਅੰਦਰ ਲਿਆਉਣ ਹਿੱਤ ਵੀ ਲੋਭ, ਲਾਲਚ, ਪ੍ਰੇਰਨਾ ਤੋਂ ਇਲਾਵਾ ਤਲਵਾਰ ਦਾ ਸਹਾਰਾ ਲਿਆ ਗਿਆ ਜਿਸ ਦੇ ਫਲਸਰੂਪ ਕਸ਼ਮੀਰੀ ਬ੍ਰਾਹਮਣਾਂ, ਜਿਥੇ ਹਿੰਦੂ ਧਰਮ ਦਾ ਬੌਧਿਕ ਗੜ੍ਹ ਸੀ, ਨੂੰ ਇਸਲਾਮੀ ਤਲਵਾਰ ਤੋਂ ਬਚਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੀ ਸ਼ਰਨ ਵਿਚ ਆਉਣਾ ਪਿਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੇ ਗੁਰਮਤਿ ਸਿਧਾਂਤ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤੀ ਸ਼ਹੀਦੀ ਦੇ ਮਾਰਗ ਉੱਤੇ ਚੱਲਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 11 ਮੱਘਰ 1732 ਬਿਕ੍ਰਮੀ ਨੂੰ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਤਹਿਤ ਸ਼ਹੀਦੀ ਦਿੱਤੀ ਅਤੇ ਉਹ ਸਦਾ ਲਈ ਦੁਨੀਆਂ ਵਿਚ ਧਰਮ ਦੀ ਚਾਦਰ ਹੋ ਨਿੱਬੜੇ।
ਸਿੱਖ ਇਤਿਹਾਸ ਦੁਨੀਆਂ ਦੇ ਇਤਿਹਾਸ ਨਾਲੋਂ ਬਿਲਕੁਲ ਨਿਵੇਕਲਾ, ਅੱਡਰਾ, ਅਸਚਰਜਤਾ ਭਰਪੂਰ, ਅਚੰਭਿਤ ਕਰਨ ਵਾਲਾ ਅਤੇ ਅਦੁੱਤੀ ਇਤਿਹਾਸ ਹੈ। ਸਿੱਖ ਇਤਿਹਾਸ ਦਾ ਹਰ ਪੰਨਾ ਹੱਕ, ਸੱਚ, ਧਰਮ, ਨੇਕੀ, ਲੋਕ-ਭਲਾਈ, ਮਨੁੱਖੀ ਅਧਿਕਾਰਾਂ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਰਾਖੀ ਲਈ ਮਹਾਨ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਨੇ ਆਪਣੇ ਪਵਿੱਤਰ ਖੂਨ ਨਾਲ ਲਿਖਿਆ ਹੈ। ਇਥੇ ਸ਼ੀਰ-ਖੋਰ ਬੱਚਿਆਂ ਤੋਂ ਲੈ ਕੇ 92 ਸਾਲ ਦੀ ਵਡੇਰੀ ਉਮਰ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਤਕ ਦਾ ਸ਼ਹੀਦੀਆਂ ਦਾ ਇਤਿਹਾਸ ਹੈ। ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੇ ਗੁਰਮਤਿ ਦੇ ਮਹਾਨ ਸਿਧਾਂਤ ਉੱਤੇ ਸਾਬਤ ਕਦਮੀਂ ਅਡੋਲ, ਅਡਿੱਗ ਅਤੇ ਅਹਿੱਲ ਰਹਿੰਦਿਆਂ ਸ਼ਹੀਦੀਆਂ ਦਿੱਤੀਆਂ ਪ੍ਰੰਤੂ ਧਰਮ ਨਹੀਂ ਹਾਰਿਆ, ਜ਼ਾਲਮ ਅੱਗੇ ਗੋਡੇ ਨਹੀਂ ਟੇਕੇ, ਈਨ ਨਹੀਂ ਮੰਨੀ। ਸਤਿਗੁਰਾਂ ਦਾ ਫ਼ੁਰਮਾਨ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਅਸਲ ਵਿਚ ਗੁਰਮਤਿ ਅਨੁਸਾਰ ਤਾਂ ਸ਼ਹੀਦੀ ਹੀ ਸਿੱਖੀ ਦਾ ਅਰੰਭ ਹੈ। ਸਿੱਖੀ ਦੀ ਪ੍ਰਾਪਤੀ ਲਈ ਜੀਵਨ-ਮੁਕਤ ਹੋਣਾ ਪੈਂਦਾ ਹੈ। ਗੁਰੂ ਅੱਗੇ ਆਪਣਾ ਸਭ ਕੁਝ ਅਰਪਣ ਕਰ ਕੇ ਗੁਰੂ ਦੇ ਹੁਕਮ ਅੰਦਰ ਹੀ ਵਿਚਰਨਾ ਹੁੰਦਾ ਹੈ:
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ (ਪੰਨਾ 558)
ਇਸੇ ਸਿਧਾਂਤ ਦੇ ਬਖਸ਼ਣਹਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ ਅਤੇ ਸ਼ਹੀਦ ਕੀਤਾ ਗਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਚ ਧੜ ਨਾਲੋਂ ਸੀਸ ਵੱਖ ਕਰ ਕੇ ਸ਼ਹੀਦ ਕੀਤਾ ਗਿਆ ਅਤੇ ਇਸ ਮਹਾਨ ਸਿਧਾਂਤ ਉੱਤੇ ਕਾਇਮ ਰਹਿਣ ਵਾਲੇ ਅਨੇਕਾਂ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੂੰ ਦੇਗਾਂ ਵਿਚ ਉਬਾਲਿਆ ਗਿਆ, ਆਰਿਆਂ ਨਾਲ ਚੀਰਿਆ ਗਿਆ, ਰੂੰ ਵਿਚ ਬੰਨ੍ਹ ਕੇ ਜੀਂਦੇ-ਜੀਅ ਸਾੜਿਆ ਗਿਆ, ਖੋਪਰ ਲਾਹੇ ਗਏ। ਪੁੱਠੇ ਟੰਗ ਕੇ ਖੱਲ ਲਾਹੀ ਗਈ, ਚਰੱਖੜੀਆਂ ਉੱਤੇ ਚੜ੍ਹਾਇਆ ਗਿਆ, ਬੰਦ-ਬੰਦ ਕੱਟੇ ਗਏ, ਕੀਮਾ-ਕੀਮਾ ਕੀਤਾ ਗਿਆ, ਦੁੱਧ ਚੁੰਘਦੇ ਬੱਚਿਆਂ ਨੂੰ ਨੇਜ਼ਿਆਂ ਨਾਲ ਪ੍ਰੋ ਕੇ ਸ਼ਹੀਦ ਕੀਤਾ ਗਿਆ। ਜੰਡਾਂ ਨਾਲ ਬੰਨ੍ਹ ਕੇ ਜੀਂਦੇ ਸਾੜਿਆ ਗਿਆ, ਗੱਡੀ ਹੇਠ ਸੀਸ ਦੇ ਕੇ ਧਰਮ ਪਾਲਦਿਆਂ ਸ਼ਹੀਦੀ ਦਿੱਤੀ ਗਈ। ਸ਼ਾਇਦ ਸ਼ਹੀਦੀਆਂ ਦੇ ਇਤਿਹਾਸ ਵਿਚ ਦੁਨੀਆਂ ਦੀ ਗਿਣਤੀ ਪੱਖੋਂ ਕੋਈ ਵੀ ਵੱਡੀ ਤੋਂ ਵੱਡੀ ਕੌਮ ਵੀ ਸਿੱਖ ਕੌਮ ਦੀ ਬਰਾਬਰੀ ਨਹੀਂ ਕਰ ਸਕਦੀ।
ਸ਼ਹੀਦੀਆਂ ਦੇ ਅਦੁੱਤੀ ਸਿੱਖ ਇਤਿਹਾਸ ਵਿਚ ਸਾਕਾ ਸਰਹਿੰਦ ਆਪਣਾ ਨਿਵੇਕਲਾ ਸਥਾਨ ਰੱਖਦਾ ਹੈ। ਜਿਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨੀਕ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਸ਼ਹੀਦ ਕੀਤਾ ਗਿਆ। ਮਾਤਾ ਜੀ ਠੰਡੇ ਬੁਰਜ ਵਿਚ ਕੈਦ ਅੰਦਰ ਸ਼ਹੀਦੀ ਦਾ ਜਾਮ ਪੀ ਗਏ ਅਤੇ ਸਾਹਿਬਜ਼ਾਦਿਆਂ ਨੇ ਸਾਰੇ ਲਾਲਚਾਂ, ਪ੍ਰੇਰਨਾਵਾਂ, ਡਰਾਵਿਆਂ, ਸਹਿਮ ਅਤੇ ਜ਼ੁਲਮ ਅੱਗੇ ਡੱਟ ਕੇ ਖਲੋਂਦਿਆਂ ਅਡਿੱਗ ਅਤੇ ਅਹਿੱਲ ਰਹਿੰਦਿਆਂ ਆਪਣੇ ਧਰਮ ਅਤੇ ਸਿਧਾਂਤ ਖਾਤਰ ਕੁਰਬਾਨੀ ਦੇ ਦਿੱਤੀ। ਉਨ੍ਹਾਂ ਨੂੰ ਜੀਂਦੇ- ਜੀਅ ਕੰਧਾਂ ਵਿਚ ਚਿਣਿਆ ਗਿਆ, ਉਪਰੰਤ ਸਮਾਣੇ ਦੇ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਜਲਾਦਾਂ ਨੇ, ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖਾਨ ਅਤੇ ਸਮੇਂ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਜ਼ਾਲਮ ਅਤੇ ਜ਼ੁਲਮ ਦੀ ਨੀਤੀ ਅਨੁਸਾਰ ਦਿੱਤੇ ਹੁਕਮ ਦੀ ਪਾਲਣਾ ਕਰਦਿਆਂ ਛੋਟੇ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ। ਦੁਨੀਆਂ ਦੇ ਇਤਿਹਾਸ ਵਿਚ ਅਜਿਹੀ ਕਿਸੇ ਹੋਰ ਸ਼ਹੀਦੀ ਦੀ ਮਿਸਾਲ ਨਹੀਂ ਮਿਲਦੀ। ਇਨ੍ਹਾਂ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕਰ ਵਿਖਾਇਆ ਅਤੇ ਦੁਨੀਆਂ ਲਈ ਸਦਾ-ਸਦਾ ਲਈ ਅਮਰ ਰੋਸ਼ਨ ਮੀਨਾਰ ਬਣ ਗਏ।
1704 ਈ. ਵਿਚ ਦਸਮੇਸ਼ ਜੀ ਨੇ ਮੁਗ਼ਲਾਂ ਅਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਸਹੁੰ-ਸੁਗੰਧਾਂ ਉਪਰੰਤ ਕਿਲ੍ਹਾ ਅਨੰਦਗੜ੍ਹ ਛੱਡਿਆ, ਪ੍ਰੰਤੂ ਕੁਝ ਘੰਟਿਆਂ ਬਾਅਦ ਹੀ ਧਰਮ ਦੇ ਮਖੌਟੇ ਹੇਠ ਲੁਕੇ ਹੋਏ ਔਰੰਗਜ਼ੇਬ ਦੇ ਸੂਬੇਦਾਰਾਂ ਅਤੇ ਬਾਈਧਾਰ ਦੇ ਰਾਜਿਆਂ, ਜਿਨ੍ਹਾਂ ਦੇ ਧਰਮ ਦੀ ਰਾਖੀ ਖਾਤਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦੀ ਦਿੱਤੀ ਸੀ, ਵੱਲੋਂ ਸਹੁੰ-ਸੁਗੰਧਾਂ ਨੂੰ ਛਿੱਕੇ ਉੱਤੇ ਟੰਗ ਕੇ ਗੁਰੂ ਸਾਹਿਬ ਦੇ ਕਾਫ਼ਲੇ ਉੱਤੇ ਸਿਰਸਾ ਦੇ ਕੰਢੇ ਉੱਤੇ ਭਿਆਨਕ ਹਮਲਾ ਕਰ ਦਿੱਤਾ। ਚੁਫੇਰਿਓਂ ਫ਼ੌਜੀ ਹਮਲਾ ਅਤੇ ਸਿਰਸਾ ਨਦੀ ਵਿਚ ਭਾਰੀ ਹੜ੍ਹ ਕਾਰਨ ਵੱਡੀ ਗਿਣਤੀ ਵਿਚ ਸ਼ਹੀਦੀਆਂ ਹੋਈਆਂ ਅਤੇ ਗੁਰੂ ਸਾਹਿਬ ਦਾ ਪਰਵਾਰ ਵਿੱਛੜ ਗਿਆ। ਇਸ ਵਿਛੋੜੇ ਦੀ ਯਾਦ ਨੂੰ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਨੇ ਆਪਣੀ ਹਿੱਕ ਵਿਚ ਆਉਂਦੀਆਂ ਪੀੜ੍ਹੀਆਂ ਲਈ ਸਾਂਭਿਆ ਹੋਇਆ ਹੈ।
ਪਰਵਾਰ ਵਿਛੋੜੇ ਉਪਰੰਤ ਮਾਤਾ ਗੁਜਰੀ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਇਕ ਪਾਸੇ ਨੂੰ ਚੱਲ ਪਏ ਅਤੇ ਰਸਤੇ ਵਿਚ ਗੁਰੂ-ਘਰ ਦੇ 16 ਸਾਲ ਰਹੇ ਰਸੋਈਏ ਗੰਗੂ ਬ੍ਰਾਹਮਣ ਨੂੰ ਮਿਲ ਪਏ ਜਿਸ ਦੀ ਪ੍ਰੇਰਨਾ ਉੱਤੇ ਇਹ ਤਿੰਨੋਂ ਹੀ ਉਸ ਦੇ ਪਿੰਡ ਸਹੇੜੀ (ਖੇੜੀ) ਪਹੁੰਚ ਗਏ। ਇਥੋਂ ਲੈ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਤੀਕ ਗੰਗੂ, ਸੁੱਚਾ ਨੰਦ, ਭਾਈ ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ, ਮਲੇਰਕੋਟਲੇ ਦਾ ਨਵਾਬ ਮੁਹੰਮਦ ਸ਼ੇਰ ਖਾਨ ਅਤੇ ਬੀਬੀ ਭਾਗੋ ਜੋ ਸੂਬਾ ਸਰਹਿੰਦ ਵਜ਼ੀਰ ਖਾਨ ਦੀ ਹਿੰਦੂ ਧਰਮ ਤੋਂ ਬਲ-ਪ੍ਰਯੋਗ ਦੁਆਰਾ ਇਸਲਾਮ ਧਰਮ ਕਬੂਲ ਕਰਨ ਉਪਰੰਤ ਬੇਗਮ ਜੈਨਬੁਨਿਸਾ ਬਣੀ ਵੱਲੋਂ ਨਿਭਾਇਆ ਰੋਲ ਅਤੀ ਮਹੱਤਵਪੂਰਨ ਹੈ ਜਿਨ੍ਹਾਂ ਦੇ ਵਿਚਾਰ, ਵਿਹਾਰ ਅਤੇ ਕਰਤੱਵ ਤੋਂ ਮਨੁੱਖਤਾ ਅੰਦਰ ਸਦੀਵ ਹੀ ਮੌਜੂਦ ਨੇਕੀ ਅਤੇ ਬਦੀ ਦੀਆਂ ਸ਼ਕਤੀਆਂ ਸਹਿਜੇ ਹੀ ਪਹਿਚਾਣੀਆਂ ਜਾ ਸਕਦੀਆਂ ਹਨ। ਸੱਚ-ਧਰਮ ਦੀਆਂ ਮੂਰਤਾਂ ਅਤੇ ਧਰਮ ਦੇ ਮਖੌਟੇ ਪਹਿਨ ਕੇ ਜ਼ੁਲਮ ਢਾਹ ਰਹੇ ਜਾਬਰਾਂ ਅਤੇ ਜ਼ਾਲਮਾਂ ਦੀ ਪਹਿਚਾਨ ਕਰਨੀ ਸੌਖੀ ਹੋ ਜਾਂਦੀ ਹੈ। ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ, ਜਿਨ੍ਹਾਂ ਦੋਹਾਂ ਨੂੰ ਨੇਕੀ ਕਰਨ ਬਦਲੇ ਸਮੇਤ ਪਰਵਾਰ ਕੋਹਲੂ ਥਾਈਂ ਪੀੜ ਕੇ ਕੀਮਾ-ਕੀਮਾ ਕੀਤਾ ਗਿਆ, ਬਾਰੇ ਅਜੇ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਇਸ ਤੋਂ ਜ਼ਿਆਦਾ ਬੇਇਨਸਾਫ਼ੀ ਬੀਬੀ ਭਾਗੋ ਉਰਫ਼ ਬੇਗਮ ਜੈਨਬੁਨਿਸਾ ਨਾਲ ਕੀਤੀ ਗਈ ਹੈ, ਜਿਸ ਨਾਲ ਲਿਖਾਰੀਆਂ ਨੇ ਤਾਂ ਕੀ, ਸਗੋਂ ਸਾਡੇ ਢਾਡੀ ਅਤੇ ਕਵੀਸ਼ਰ ਭਰਾਵਾਂ ਨੇ ਵੀ ਇਨਸਾਫ਼ ਨਹੀਂ ਕੀਤਾ। ਹਾਂ! ਮਹਾਨ ਵਿਦਵਾਨ, ਚਿੰਤਕ ਅਤੇ ਕਵੀ ਭਾਈ ਵੀਰ ਸਿੰਘ ਜੀ ਨੇ ਜ਼ਰੂਰ ਬੇਗਮ ਜੈਨਬੁਨਿਸਾ ਬਾਰੇ ਕਾਵਿ-ਨਾਟ ਲਿਖਿਆ ਅਤੇ ਜਿਸ ਉੱਤੇ ਆਲੋਚਨਾਤਮਕ ਨਿਬੰਧ ਡਾ. ਗੁਰਬਚਨ ਸਿੰਘ ਰਾਹੀ ਜੀ ਨੇ ‘ਜੈਨਾ ਦਾ ਵਿਰਲਾਪ’ ਸਿਰਲੇਖ ਹੇਠ ਲਿਖੀ ਪੁਸਤਕ ਵਿਚ ਜ਼ਰੂਰ ਲਿਖਿਆ ਹੈ। ਇਹ ਦੋਨੋਂ ਹੀ ਇਸ ਪੱਖੋਂ ਧੰਨਵਾਦ ਦੇ ਪਾਤਰ ਹਨ। ਇਸ ਲੇਖ ਵਿਚ ਬੀਬੀ ਭਾਗੋ ਉਰਫ਼ ਬੇਗਮ ਜੈਨਬੁਨਿਸਾ ਉਰਫ਼ ਬੇਗਮ ਜੈਨਾ ਬਾਰੇ ਸੰਖੇਪ ਚਰਚਾ ਕਰ ਰਹੇ ਹਾਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਖਿਡਾਉਣ ਵਾਸਤੇ ਰਾਜਪੂਤ ਖਾਨਦਾਨ ਦੀ ਇਕ ਬੀਬੀ ਆਪਣੇ ਪਤੀ ਸਮੇਤ ਗੁਰੂ ਜੀ ਦੇ ਮਹਿਲਾਂ ਵਿਚ ਸੇਵਾ ਕਰਦੀ ਸੀ। ਉਸ ਦੀਆਂ ਕਈ ਸਹੇਲੀਆਂ ਸਨ ਜੋ ਅਕਸਰ ਉਸ ਨੂੰ ਮਿਲਣ ਲਈ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ। ਗੁਰੂ ਜੀ ਦੀ ਅਦੁੱਤੀ ਸ਼ਖਸੀਅਤ ਅਤੇ ਅਲੌਕਿਕ ਸਰਗਰਮੀਆਂ ਕਾਰਨ ਸ੍ਰੀ ਅਨੰਦਪੁਰ ਸਾਹਿਬ ਉਸ ਸਮੇਂ ਸਾਰੇ ਪੰਜਾਬ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਉਸ ਦੀ ਇਕ ਸਹੇਲੀ ਸੁਹਾਗੋ ਬਿਲਾਸਪੁਰ ਰਾਜੇ ਦੇ ਮਹਿਲਾਂ ਵਿਚ ਨੌਕਰਾਣੀ ਸੀ। ਉਹ ਅਕਸਰ ਸ੍ਰੀ ਅਨੰਦਪੁਰ ਸਾਹਿਬ ਆ ਕੇ ਆਪਣੀ ਸਹੇਲੀ ਨੂੰ ਮਿਲਦੀ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰ ਕੇ ਨਿਹਾਲ ਹੁੰਦੀ ਸੀ। ਬਿਲਾਸਪੁਰ ਦੀ ਰਾਣੀ ਚੰਪਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਸੀ। ਇਸ ਕਰਕੇ ਵੀ ਸੁਹਾਗੋ ਦਾ ਆਉਣ-ਜਾਣ ਸ੍ਰੀ ਅਨੰਦਪੁਰ ਸਾਹਿਬ ਬਣਿਆ ਰਹਿੰਦਾ ਸੀ। ਸੁਹਾਗੋ ਦੇ ਨਾਲ ਉਸ ਦੀ ਧੀ ਭਾਗੋ ਨੂੰ ਵੀ ਗੁਰੂ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਹਿੰਦਾ ਸੀ। ਉਸ ਦੇ ਬਾਲ-ਮਨ ਉੱਪਰ ਸ੍ਰੀ ਅਨੰਦਪੁਰ ਸਾਹਿਬ ਦੀ ਇਲਾਹੀ ਸ਼ਾਨ ਦਾ ਬੜਾ ਡੂੰਘਾ ਪ੍ਰਭਾਵ ਪੈਂਦਾ ਹੋਵੇਗਾ। ਇਸ ਕਰਕੇ ਉਹ ਵੀ ਗੁਰੂ-ਘਰ ਪ੍ਰਤੀ ਸ਼ਰਧਾ-ਭਾਵਨਾ ਰੱਖਦੀ ਸੀ।
ਜਵਾਨ ਹੋਣ ’ਤੇ ਭਾਗੋ ਦੀ ਸੁੰਦਰਤਾ ਵਿਚ ਨਵਾਂ ਨਿਖਾਰ ਆਉਂਦਾ ਹੈ। ਉਸ ਵੇਲੇ ਮੁਗ਼ਲ ਹਾਕਮ ਕਿਸੇ ਵੀ ਹਿੰਦੂ ਲੜਕੀ ਨੂੰ ਆਪਣੇ ਹਰਮ ਵਿਚ ਪਾ ਲੈਂਦੇ ਸਨ। ਉਨ੍ਹਾਂ ਸਮਿਆਂ ਵਿਚ ਹਿੰਦੂਆਂ ਦੀਆਂ ਬਹੂ-ਬੇਟੀਆਂ ਨਾਲ ਅਜਿਹਾ ਵਰਤਾਰਾ ਆਮ ਕੀਤਾ ਜਾਂਦਾ ਸੀ। ਸੁੰਦਰ ਲੜਕੀਆਂ ਨੂੰ ਜਬਰੀ ਚੁੱਕ ਕੇ ਲੈ ਜਾਇਆ ਜਾਂਦਾ ਸੀ। ਉਨ੍ਹਾਂ ਦੇ ਡੋਲੇ ਲੁੱਟ ਲਏ ਜਾਂਦੇ ਸਨ। ਜਵਾਨ ਹੋਣ ’ਤੇ ਬੀਬੀ ਭਾਗੋ ਦੇ ਮਾਤਾ-ਪਿਤਾ ਨੇ ਉਸ ਦਾ ਵਿਆਹ ਸਰਹਿੰਦ ਦੇ ਨੇੜੇ ਹੀ ਕਿਸੇ ਥਾਂ ਕਰ ਦਿੱਤਾ। ਜਦੋਂ ਡੋਲਾ ਆ ਰਿਹਾ ਸੀ ਤਾਂ ਉਸ ਦੀ ਸੁੰਦਰਤਾ ਦੀ ਧੁੰਮ ਪਹਿਲਾਂ ਹੀ ਇਲਾਕੇ ਵਿਚ ਪੈ ਚੁੱਕੀ ਸੀ। ਸਰਹਿੰਦ ਦੇ ਨਵਾਬ ਦੇ ਸਿਪਾਹੀਆਂ ਨੇ ਉਸ ਦਾ ਡੋਲਾ ਲੁੱਟ ਲਿਆ ਅਤੇ ਬੀਬੀ ਭਾਗੋ ਨੂੰ ਨਵਾਬ ਦੇ ਮਹਿਲਾਂ ਵਿਚ ਪਹੁੰਚਾ ਦਿੱਤਾ। ਨਵਾਬ ਉਸ ਨੂੰ ਕਈ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਕਰ ਕੇ ਮੁਸਲਮਾਨ ਬਣਾ ਲੈਂਦਾ ਹੈ ਅਤੇ ਉਸ ਨਾਲ ਨਿਕਾਹ ਕਰਵਾ ਲੈਂਦਾ ਹੈ। ਉਹ ਹੁਣ ਬੀਬੀ ਭਾਗੋ ਤੋਂ ਬੇਗਮ ਜੈਨਬੁਨਿਸਾ ਬਣ ਚੁੱਕੀ ਸੀ। ਉਸ ਦਾ ਧਰਮ, ਉਸ ਦਾ ਸਭਿਆਚਾਰ ਅਤੇ ਉਸ ਦਾ ਨਾਂ ਬਦਲ ਚੁੱਕਾ ਸੀ, ਪਰ ਉਸ ਦੀ ਆਤਮਾ ਨਹੀਂ ਬਦਲੀ ਸੀ। ਉਸ ਦੇ ਦਿਲ ਵਿਚ ਅਜੇ ਵੀ ਗੁਰੂ ਲਈ ਅਥਾਹ ਸ਼ਰਧਾ ਸੀ।
ਇਸ ਲਈ ਜਦੋਂ ਗੰਗੂ ਬ੍ਰਾਹਮਣ ਦੀ ਸਾਜ਼ਸ਼ ਨਾਲ ਗੁਰੂ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨਵਾਬ ਦੀ ਕੈਦ ਵਿਚ ਪਹੁੰਚ ਜਾਂਦੇ ਹਨ ਤਾਂ ਜੈਨਾ ਬੇਗਮ ਉਨ੍ਹਾਂ ਦੇ ਬਚਾਅ ਲਈ ਨਵਾਬ ਵਜ਼ੀਰ ਖਾਨ ਤੋਂ ਕਸਮਾਂ ਲੈ ਲੈਂਦੀ ਹੈ ਪਰ ਕਾਜ਼ੀਆਂ/ਮੁਲਾਣਿਆਂ ਅਤੇ ਸੁੱਚਾ ਨੰਦ ਵਰਗਿਆਂ ਦਾ ਭੜਕਾਇਆ ਵਜ਼ੀਰ ਖਾਨ ਬੱਚਿਆਂ ਨੂੰ ਨੀਹਾਂ ਵਿਚ ਚਿਣਵਾਉਣ ਉਪਰੰਤ ਕਤਲ ਕਰਵਾ ਦਿੰਦਾ ਹੈ।
ਇਸ ਦਾ ਜੈਨਾ ਨੂੰ ਬੜਾ ਭਾਰੀ ਦੁੱਖ ਹੁੰਦਾ ਹੈ ਅਤੇ ਉਹ ਨਵਾਬ ਨਾਲ ਲੜਦੀ ਹੈ ਅਤੇ ਉਸ ਨੂੰ ਬੁਰਾ/ਭਲਾ ਕਹਿੰਦੀ ਹੋਈ ਆਪਣੇ ਦਿਲ ਦਾ ਦੁੱਖ ਪ੍ਰਗਟ ਕਰਦੀ ਹੈ ਅਤੇ ਬੱਚਿਆਂ ਉੱਪਰ ਹੋਏ ਜ਼ੁਲਮ ਲਈ ਦਿਲੋਂ ਵਿਰਲਾਪ ਕਰਦੀ ਹੈ। ਉਸ ਦੇ ਪੁਰਾਣੇ ਸੰਸਕਾਰ ਮੁੜ ਜੀਅ ਉਠਦੇ ਹਨ। ਉਹ ਜੈਨਾ ਬੇਗਮ ਨਾ ਰਹਿ ਕੇ ਬੀਬੀ ਭਾਗੋ ਬਣ ਜਾਂਦੀ ਹੈ ਅਤੇ ਆਪਣੇ ਮੁਸਲਮਾਨ ਬਣਨ ’ਤੇ ਪਛਤਾਉਂਦੀ ਹੈ:
ਹਿੰਦੂ ਖੋਇਆ ਈਮਾਨ, ਕਲੰਕਿਤ ਕੀਤਾ ਨਾਮ ਹੈ ਬਾਪ ਕਾ।
ਰਖੀ ਖਸਮੇ ਨਾ ਆਨ, ਮੰਨੀ ਨਹੀਂ ਗੱਲ ਭੀ ਇਕ ਹੈ।
ਹਾਇ ਮੈ ਬਿਕਾਰ! ਕਿਉਂ ਆਪਣਾ ਜਨਮ ਮੈਂ ਗਾਲਿਆ?
ਉਹ ਨਵਾਬ ਨੂੰ ਆਖਦੀ ਹੈ ਕਿ ਤੂੰ ਡਾਢਾ ਜ਼ੁਲਮ ਕੀਤਾ ਹੈ। ਰੱਬ ਦੇ ਬੱਚੇ ਮਾਰੇ ਹਨ। ਮੇਰੇ ਉੱਤੇ ਰੱਬ ਦਾ ਡਾਢਾ ਕਹਿਰ ਟੁੱਟੇਗਾ:
ਬੱਚੇ ਮਾਰੇ ਰਸਾਬ।
ਮਾਸੂਮਾਂ ਦਾ ਹਾਏ ਲਹੂ ਵੀਟਿਆ।
ਕੰਧੀ ਚਿਣ ਦੇ ਅਜ਼ਾਬ, ਮਾਰੇ ਤੁਸਾਂ ਬਾਲਕੇ ਰੱਬ ਦੇ।
ਟੁੱਟੂ ਕਹਿਰੋ ਕਮਾਲ, ਸਾਈਂ ਦਾ ਸਿਰ ਸਾਡੜੇ ਰਾਜਿਆ।
ਆਉਂਦੇ ਤਕ ਥਾਂ ਭੂਚਾਲ ਧਰਤੀ ਤਾਂ ਪਾਟੇਗੀ ਖਬਰੇ।
ਉਹ ਸਾਹਿਬਜ਼ਾਦਿਆਂ ਦੇ ਦੁੱਖ ਵਿਚ ਵਿਆਕੁਲ ਹੋ ਜਾਂਦੀ ਹੈ। ਉਸ ਨੂੰ ਹੁਣ ਨਵਾਬ ਦਾ ਮਹਿਲ ਨਰਕ ਵਿਖਾਈ ਦੇਣ ਲੱਗਦਾ ਹੈ। ਉਹ ਵੀ ਸਾਹਿਬਜ਼ਾਦਿਆਂ ਦੇ ਨਾਲ ਜਾਣ ਲਈ ਤਾਂਘਦੀ ਹੈ ਅਤੇ ਆਖਦੀ ਹੈ:
ਧ੍ਰਿਗ ਧ੍ਰਿਗ ਮੈਨੂੰ ਧਿਕਾਰ ਗਵਾਇਆ ਧਰਮ ਨੂੰ ਮੈਂ ਮਾਲ ਤੇ
ਜੈ ਜੈ ਜੈ ਜੈਕਾਰ ਤੁਸਾਨੂੰ ਧਰਮ ਹੈ ਜਿਨ੍ਹਾਂ ਪਾਲਿਆ
ਲੈ ਕੇ ਚਲੋ ਵੇ ਨਾਲ ਮੈਨੂੰ ਮੈਂ ਗੋਲੀ ਬਣਾਂ ਆਪ ਦੀ।
ਇਸ ਤਰ੍ਹਾਂ ਜ਼ਾਰੋ-ਜ਼ਾਰ ਵਿਰਲਾਪ ਕਰਦੀ ਹੋਈ ਉਹ ਆਪਣੇ ਆਪ ਨੂੰ ਖੰਜਰ ਮਾਰ ਕੇ ਜਾਨ ਦੇ ਦਿੰਦੀ ਹੈ। ਇਸ ਤਰ੍ਹਾਂ ਬੀਬੀ ਭਾਗੋ ਸਾਹਿਬਜ਼ਾਦਿਆਂ ਦੀ ਯਾਦ ਵਿਚ ਧਰਮ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀ ਹੈ ਤੇ ਗੁਰੂ ਨਾਲ ਟੁੱਟੀ ਗੰਢ ਕੇ ਮੁਕਤ ਹੋ ਜਾਂਦੀ ਹੈ।
ਉਕਤ ਸਾਰੀ ਚਰਚਾ ਤੋਂ ਦੋ ਗੱਲਾਂ ਸਪੱਸ਼ਟ ਹੁੰਦੀਆਂ ਹਨ। ਪਹਿਲੀ ਇਹ ਕਿ ਭਾਵੇਂ ਬੀਬੀ ਭਾਗੋ ਦਾ ਡੋਲਾ ਜ਼ੋਰ-ਜਬਰੀ ਲੁੱਟ ਲਿਆ ਗਿਆ ਅਤੇ ਉਸ ਨੂੰ ਸੂਬਾ ਸਰਹਿੰਦ ਦੇ ਹਰਮ ਵਿਚ ਲੰਮਾ ਸਮਾਂ ਹਰ ਤਰੀਕੇ ਨਾਲ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਅਤੇ ਪ੍ਰੇਰਿਆ ਗਿਆ ਜੋ ਅੰਤ ਨੂੰ ਸਫਲ ਹੋਇਆ ਅਤੇ ਉਸ ਬੀਬੀ ਨੇ ਮਜਬੂਰੀ ਵੱਸ ਇਸਲਾਮ ਧਰਮ ਕਬੂਲ ਵੀ ਕਰ ਲਿਆ ਪ੍ਰੰਤੂ ਉਸ ਦੇ ਧੁਰ ਅੰਦਰ ਅੰਤਹਕਰਣ ਵਿਚ ਗੁਰੂ-ਘਰ ਪ੍ਰਤੀ ਸਨੇਹ ਅਤੇ ਸ਼ਰਧਾ ਕਾਇਮ ਰਹੀ। ਉਹ ਮੁਸਲਮਾਨ ਪਹਿਰਾਵੇ ਵਿਚ ਹੁੰਦੀ ਹੋਈ ਵੀ ਆਤਮਾ ਕਰਕੇ ਗੁਰੂ-ਘਰ ਦੀ ਸ਼ਰਧਾਲੂ ਹੀ ਰਹੀ। ਦੂਸਰੀ ਗੱਲ ਜੋ ਸਾਹਮਣੇ ਆਉਂਦੀ ਹੈ ਕਿ ਉਹ ਔਰਤ ਸੀ ਅਤੇ ਹਰ ਔਰਤ ਮਾਂ ਹੁੰਦੀ ਹੈ ਅਤੇ ਮਾਂ ਅੰਦਰ ਮਮਤਾ ਦਾ ਅਥਾਹ ਸਮੁੰਦਰ ਰੱਬ ਵੱਲੋਂ ਹੀ ਬਖਸ਼ਿਸ਼ ਕੀਤਾ ਹੁੰਦਾ ਹੈ। ਗੁਰੂ ਸਾਹਿਬਾਨ, ਭਗਤਾਂ, ਪ੍ਰੋ. ਮੋਹਨ ਸਿੰਘ ਵਰਗੇ ਲਿਖਾਰੀਆਂ ਨੇ ‘ਮਾਂ ਮਹਾਨ’ ਦੇ ਸਦਗੁਣਾਂ ਦੀ ਭਰਪੂਰ ਚਰਚਾ ਅਤੇ ਸ਼ਲਾਘਾਂ ਕੀਤੀ ਹੈ। ਸੱਚਮੁਚ ਹੀ ਮਾਂ ਧਰਤੀ ਉੱਤੇ ਚੱਲਦਾ-ਫਿਰਦਾ, ਜੀਂਦਾ-ਜਾਗਦਾ ਰੱਬ ਹੁੰਦਾ ਹੈ ਅਤੇ ਹਰ ਮਾਂ ਦੀ ਲੋਚਾ ‘ਬੱਚੇ ਜਿਉਣ ਸਭ ਮਾਵਾਂ ਦੇ’ ਹੀ ਹੁੰਦੀ ਹੈ। ਇਸ ਲਈ ਬੇਗਮ ਜੈਨਾ ਅੰਦਰ ਧੜਕਦਾ ‘ਮਾਂ-ਦਿਲ’ ਆਪਣੇ ਵਿਤ ਅਨੁਸਾਰ ਸੂਬੇ ਸਰਹਿੰਦ ਨੂੰ ਮਾਸੂਮਾਂ ਨੂੰ ਸ਼ਹੀਦ ਨਾ ਕਰਨ ਲਈ ਵਰਜਦਾ ਰਿਹਾ। ਉਸ ਨੂੰ ਆਪਣੇ ਘਰ ਵਿਚ ਉਸ ਦੇ ਆਪਣੇ ਖੇਡਦੇ ਬੱਚੇ ਵੀ ਗੁਰਾਂ ਦੇ ਲਾਲਾਂ ਵਰਗੇ ਹੀ ਲੱਗਦੇ ਸਨ। ਉਹ ਮਹਿਸੂਸ ਕਰਦੀ ਸੀ ਕਿ ਜੇਕਰ ਇਸ ਤਰ੍ਹਾਂ ਕੋਈ ਦੁਸ਼ਮਣ ਉਸ ਦੇ ਬੱਚਿਆਂ ਨਾਲ ਇਸ ਤਰ੍ਹਾਂ ਅਤਿਆਚਾਰ ਕਰੇ ਤਾਂ ਉਸ ਦੇ ਮਨ ਉੱਤੇ ਕੀ ਵਾਪਰੇਗੀ। ਪ੍ਰੰਤੂ ਜਦੋਂ ਉਸ ਦੀਆਂ ਅਰਜ਼ੋਈਆਂ ਅਤੇ ਦਲੀਲਾਂ ਨੂੰ ਸੂਬਾ ਸਰਹਿੰਦ ਨੇ ਆਪਣੀ ਮੁਤੱਸਬੀ ਨੀਤੀ ਅਨੁਸਾਰ ਮਧੋਲ ਦਿੱਤਾ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਤਾਂ ਉਸ ਨੇ ਆਪਣੇ ਸੀਨੇ ਅੰਦਰ ਖੰਜਰ ਖੋਭ ਕੇ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰ ਗੁਰੂ ਪ੍ਰਤੀ ਆਪਣੀ ਵਫ਼ਾਦਾਰੀ ਨਿਭਾ ਦਿੱਤੀ ਅਤੇ ਉਸ ਦੇ ਅੰਦਰ ਛੁਪੇ ‘ਮਾਂ ਦੀ ਮਮਤਾ ਦੇ ਹੰਝੂ’ ਖੂਨ ਬਣ ਕੇ ਵਹਿ ਗਏ ਅਤੇ ਭਵਿੱਖ ਦੀਆਂ ਮਾਵਾਂ ਲਈ ਇਕ ਅਤੀ ਭਾਵਪੂਰਤ ਸੰਦੇਸ਼ ਛੱਡ ਗਏ।
ਪਦਾਰਥਵਾਦ ਦੇ ਇਸ ਯੁੱਗ ਵਿਚ ਜਦੋਂ ਮਨੁੱਖ ਕਾਦਰ ਨੂੰ ਭੁਲਾ ਕੇ ਕੁਦਰਤ ਨੂੰ ਨਸ਼ਟ ਕਰਨ ਉੱਤੇ ਤੁਲਿਆ ਹੋਇਆ ਹੈ, ਚੰਦ ਉੱਤੇ ਸਵਾਰ ਹੋ ਕੇ ਸਮੁੰਦਰ ਅਤੇ ਸੂਰਜ ਦੀ ਸੱਤਾ ਅਤੇ ਸ਼ਕਤੀ ਜਾਣਨ ਦੀ ਖੋਜ ਵਿਚ ਲੱਗਾ ਹੋਇਆ ਹੈ, ਪ੍ਰੰਤੂ ਆਪਣੇ ਆਪ ਨੂੰ ਜਾਣਨ ਦਾ ਯਤਨ ਨਹੀਂ ਕਰ ਰਿਹਾ। ਅੰਨ੍ਹੀ ਪਦਾਰਥਕ ਤਰੱਕੀ ਲਈ ਸਾਰੀਆਂ ਸਮਾਜਿਕ ਕਦਰਾਂ-ਕੀਮਤਾਂ, ਨੈਤਿਕਤਾ, ਮਨੁੱਖੀ ਹਮਦਰਦੀ ਨਾਲ ਖਿਲਵਾੜ ਕਰ ਰਿਹਾ ਹੈ। ਇਸੇ ਅੰਨ੍ਹੀ ਦੌੜ ਵਿਚ ‘ਮਾਂ’ ਬੱਚੀ ਨੂੰ ਮਾਤਾ ਦੇ ਗਰਭ ਵਿਚ ਜਨਮ ਤੋਂ ਪਹਿਲਾਂ ਹੀ ਖਤਮ ਕਰ ਰਹੀ ਹੈ। ਜਦੋਂ ਇਸ ਗ਼ੈਰ-ਕੁਦਰਤੀ, ਅਨੈਤਿਕ, ਜੁਰਮੀ ਅਤੇ ਪਾਪੀ ਕਾਰਵਾਈਆਂ ਦੇ ਨਤੀਜੇ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਆਉਂਦੇ ਹਨ ਤਾਂ ਆਤਮਾ ਦਹਿਲ ਜਾਂਦੀ ਹੈ ਅਤੇ ਇਹ ਸੋਚਣ ਉੱਤੇ ਮਜਬੂਰ ਹੋ ਜਾਂਦੀ ਹੈ ਕਿ ਕੀ ਸੱਚਮੁਚ ਮਨੁੱਖ ਦੁਨੀਆਂ ਦਾ ‘ਸਿਕਦਾਰ’ (Crown and Glory) ਕਹਾਉਣ ਦਾ ਹੱਕਦਾਰ ਹੈ? ਇਹ ਤਾਂ ਦਰਿੰਦਗੀ ਦੀ ਇੰਤਹਾ ਹੈ! ਇਸ ਦੇ ਵਾਂਗ ਹੀ ਇਕ ਹੋਰ ਘੋਰ ਪਾਪ ਅਤੇ ਅਨੈਤਿਕ ਕੁਕਰਮ ਹੋ ਰਿਹਾ ਹੈ, ਜਿਸ ਬਾਰੇ ਪੜ੍ਹ-ਸੁਣ ਕੇ ਮਨੁੱਖ ਨੂੰ ਅਤਿ ਸ਼ਰਮਿੰਦਾ ਹੋਣਾ ਪੈਂਦਾ ਹੈ। ਉਹ ਹੈ ਪਿਤਾ-ਧੀ ਅਤੇ ਭਰਾ-ਭੈਣ ਦੇ ਪਵਿੱਤਰ ਰਿਸ਼ਤਿਆਂ ਦੀ ਭੰਗ ਹੋ ਰਹੀ ਪਵਿੱਤਰਤਾ ਅਤੇ ਇਨ੍ਹਾਂ ਪਵਿੱਤਰ ਰਿਸ਼ਤਿਆਂ ਨਾਲ ਕੀਤਾ ਜਾ ਰਿਹਾ ਖਿਲਵਾੜ। ਤਰੱਕੀ ਜ਼ਰੂਰ ਹੋਣੀ ਚਾਹੀਦੀ ਹੈ ਪ੍ਰੰਤੂ ਕੇਵਲ ਆਰਥਿਕ ਹੀ ਨਹੀਂ ਸਗੋਂ ਸਰਬਪੱਖੀ ਤਰੱਕੀ ਹੋਣੀ ਚਾਹੀਦੀ ਹੈ। ਸਤਿਗੁਰਾਂ ਨੇ ਮਨੁੱਖ ਲਈ ਚਾਰੇ ਪਦਾਰਥਾਂ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਨੇਕ ਪੁਰਸ਼ਾਂ ਦੀ ਸੇਵਾ ਲਈ ਪ੍ਰੇਰਿਤ ਕੀਤਾ। ਫ਼ੁਰਮਾਨ ਹੈ:
ਚਾਰਿ ਪਦਾਰਥ ਜੇ ਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ॥ (ਪੰਨਾ 266)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੀ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਤਰੱਕੀ ਦਾ ਸਿਧਾਂਤ ਪੇਸ਼ ਕੀਤਾ ਹੈ, ਜੋ ਸਾਰੀ ਲੋਕਾਈ ਦੀ ਭਲਾਈ ਲਈ ਹੈ। ਇਸ ਦਾ ਨਿਯਮ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਅਤੇ ਸੇਵਾ- ਸਿਮਰਨ ਨੂੰ ਬਣਾਇਆ, ਜਿਸ ਦਾ ਆਧਾਰ ਦਇਆ ਅਤੇ ਸੰਤੋਖ ਨੂੰ ਬਣਾਇਆ ਹੈ ਅਰਥਾਤ ‘ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥’ (ਪੰਨਾ 3) ਇਸ ਲਈ ਆਓ! ਮਾਂ ਨੂੰ ਮਾਂ ਦੇ ਗਰਭ ਵਿਚ ਨਾ ਮਾਰੀਏ। ਉਸ ਨੂੰ ਸੰਸਾਰ ਦੀ ਹਵਾ ਅਤੇ ਰੋਸ਼ਨੀ ਮਾਣਨ ਦਾ ਮੌਕਾ ਦੇਈਏ ਤਾਂ ਜੋ ਸੰਸਾਰ ਦਾ ਸਿਲਸਿਲਾ ਚੱਲਦਾ ਰਹੇ। ਮਾਂ ਦੀ ਅਣਹੋਂਦ ਵਿਚ ਸੰਸਾਰ ਦੀ ਹੋਂਦ-ਹਸਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਬੱਚਿਆਂ ਦੀ ਮਾਂ ਜੈਨਾ ਨੇ ਤਾਂ ਗੁਰੂ ਕੇ ਲਾਲਾਂ ਦੀ ਸ਼ਹੀਦੀ ਨੂੰ ਨਾ ਸਹਾਰਦਿਆਂ ਹੋਇਆਂ ਆਪਣੀ ਜਾਨ ਦੇ ਦਿੱਤੀ, ਪ੍ਰੰਤੂ ਉਹ ਕਿਹੋ ਜਿਹੀਆਂ ਮਾਤਾਵਾਂ ਹਨ ਜਿਹੜੀਆਂ ਆਪਣੀਆਂ ਬੱਚੀਆਂ ਨੂੰ ਆਪਣੇ ਹੀ ਗਰਭ ਵਿਚ ਸਦਾ ਦੀ ਨੀਂਦ ਸੁਲਾ ਕੇ ਉਨ੍ਹਾਂ ਦਾ ਕਤਲ ਕਰਦੀਆਂ ਹਨ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008