editor@sikharchives.org

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੀ ਅਭੁੱਲ ਦਾਸਤਾਨ

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੌਰਾਨ ਚਾਰਾਂ ਸਾਹਿਬਜ਼ਾਦਿਆਂ ਨੇ ਉੱਚੇ ਆਦਰਸ਼ ਲਈ ਨਿਛਾਵਰ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੀ ਅਭੁੱਲ ਤੇ ਅਦੁੱਤੀ ਦਾਸਤਾਨ ਵਿਸ਼ਵ-ਧਰਮਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੀ ਗਈ ਹੈ ਤੇ ਸਿੱਖਾਂ ਦੇ ਮਨਾਂ ਵਿਚ ਉੱਕਰੀ ਹੋਈ ਹੈ। ਸਾਕਿਆਂ ਦਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲਾਂ ਦੀ ਲਾਸਾਨੀ ਸ਼ਹਾਦਤ ਨਾਲ ਹੈ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਿੰਦਾਂ ਧਰਮ ਦੀ ਖ਼ਾਤਰ ਕੁਰਬਾਨ ਕੀਤੀਆਂ। ਕੁਰਬਾਨੀ1 ਦਾ ਮਤਲਬ ਹੈ- ਕਿਸੇ ਵਿਅਕਤੀ ਦਾ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਨਿਛਾਵਰ ਕਰ ਦੇਣਾ ਅਤੇ ਸ਼ਹਾਦਤ2 (martyrdom)3 ਦਾ ਅਰਥ ਹੁੰਦਾ ਹੈ- ਅਨਿਆਂ, ਅੱਤਿਆਚਾਰ, ਜ਼ੁਲਮ ਤੇ ਝੂਠ ਦੇ ਵਿਰੁੱਧ ਗਵਾਹੀ। ਸਿੱਖ ਇਤਿਹਾਸ ਅਨੇਕਾਂ ਸਾਕਿਆਂ, ਕੁਰਬਾਨੀਆਂ ਤੇ ਸ਼ਹਾਦਤਾਂ ਦਾ ਮਾਣ-ਮੱਤਾ ਤੇ ਵਿਲੱਖਣ ਇਤਿਹਾਸ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸਿੱਖੀ ਦੇ ਸਕੂਲ ਵਿਚ ਦਾਖਲ ਹੋਣ ਲਈ ਪਹਿਲੀ ਸ਼ਰਤ ਹੀ ਇਹ ਹੈ ਕਿ ਆਪਣਾ ਸਿਰ ਤਲੀ ਉੱਤੇ ਰੱਖ ਕੇ ਆਓ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਅਰਥਾਤ ਸਿੱਖੀ ਧਾਰਨ ਕਰਨ ਵਾਲੇ ਵਿਚ (ਹੋਰ ਗੁਣਾਂ ਦੇ ਨਾਲ) ਸੂਰਬੀਰਤਾ ਦਾ ਗੁਣ ਹੋਣਾ ਵੀ ਲਾਜ਼ਮੀ ਹੈ ਅਤੇ ਗੁਰਬਾਣੀ ਵਿਚ ਸੂਰਬੀਰ ਦੀ ਵਿਸ਼ੇਸ਼ਤਾ ਹੇਠ ਲਿਖੀਆਂ ਤੁਕਾਂ ਵਿਚ ਉਜਾਗਰ ਹੋਈ ਹੈ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)

ਜੋ ਸੂਰਾ ਤਿਸ ਹੀ ਹੋਇ ਮਰਣਾ॥
ਜੋ ਭਾਗੈ ਤਿਸੁ ਜੋਨੀ ਫਿਰਣਾ॥ (ਪੰਨਾ 1019)

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੌਰਾਨ ਚਾਰਾਂ ਸਾਹਿਬਜ਼ਾਦਿਆਂ ਨੇ ਉੱਚੇ ਆਦਰਸ਼ ਲਈ ਨਿਛਾਵਰ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ ਹਨ। ਇਕ ਵਿਦਵਾਨ ਅਨੁਸਾਰ, “ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਣਚਾਹੀਆਂ ਮੌਤਾਂ ਨਹੀਂ ਸਨ, ਸਗੋਂ ਚੇਤੰਨ ਸਰੂਪ ਵਿਚ ਆਪ ਸਿਰਜੇ ਤੇ ਰੂਪਮਾਨ ਕੀਤੇ ਬਹਾਦਰੀ ਦੇ ਜੌਹਰ ਸਨ ਜੋ ਕੌਮ ਅਤੇ ਦੇਸ਼ ਦਾ ਫ਼ਖ਼ਰ ਬਣੇ। ਇਹਨਾਂ ਅੰਦਰ ਗੁਰੂ-ਪਿਤਾ, ਗੁਰੂ-ਦਾਦਾ, ਗੁਰੂ-ਵਿਰਸੇ ਤੋਂ ਪ੍ਰਾਪਤ ਨਾਮ ਰੰਗ ਦੀ ਸੂਰਮਗਤੀ ਸੀ।” ਸਿੱਖ ਧਰਮ ਵਿਚ ਕੁਰਬਾਨੀਆਂ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਹੋ ਗਿਆ ਸੀ। ਗਿਆਨੀ ਪ੍ਰਤਾਪ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਲਿਖਦੇ ਹਨ, “ਸਿੱਖੀ ਦਾ ਕੁਰਬਾਨੀਆਂ ਨਾਲ ਤਿਆਰ ਹੋਇਆ ਜੋ ਸ਼ਾਨਦਾਰ ਮਹਿਲ ਹੈ, ਉਸ ਦਾ ਬੁਨਿਆਦੀ ਪੱਥਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਤਮ ਤਿਆਗ ਤੇ ਨਿਸ਼ਕਾਮ ਕੁਰਬਾਨੀ ਹੈ। ਦਿੱਲੀ ਵਿਚ ਜਾ ਕੇ ਸਿਕੰਦਰ ਲੋਧੀ ਦੀ ਜੇਲ੍ਹ ਵਿਚ ਕੈਦ ਕੱਟਣੀ ਤੇ ਗਰੀਬਾਂ ਨੂੰ ਛੁਡਾਉਣਾ, ਰੁਹੇਲ ਖੰਡ ਵਿਚ ਗੁਲਾਮ ਬਣ ਕੇ ਵਿਕਣਾ ਅਤੇ ਗੁਲਾਮ ਹਿੰਦੁਸਤਾਨੀਆਂ ਦੇ ਬੰਧਨ ਕੱਟ ਦੇਣੇ, ਐਮਨਾਬਾਦ ਵਿਚ ਬਾਬਰ ਦੀ ਕੈਦ ਵਿਚ ਪੈਣਾ ਤੇ ਚੱਕੀ ਪੀਸਣੀ, ਫਿਰ ਜ਼ੁਲਮ ਅਤੇ ਜਬਰ ਤੋਂ ਗਰੀਬਾਂ, ਅਨਾਥਾਂ ਤੇ ਫਕੀਰਾਂ ਨੂੰ ਬਚਾਉਣਾ ਨਿਸ਼ਕਾਮ ਤੇ ਸ਼ਾਨਦਾਰ ਕੁਰਬਾਨੀ ਹੈ।”4 ਇਤਿਹਾਸ ਗਵਾਹ ਹੈ ਕਿ ‘ਸ਼ਹੀਦਾਂ ਦੇ ਸਿਰਤਾਜ’, ਪੰਜਵੇਂ ਸਤਿਗੁਰੂ- ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਅਤੇ ਸੱਚ ਦੀ ਖ਼ਾਤਿਰ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ 30 ਮਈ, 1606 ਈ. ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕੀਤੀ। ਆਪ ਪਹਿਲੇ ਸਿੱਖ ਸ਼ਹੀਦ ਹੋਏ ਹਨ। ਫਿਰ ‘ਹਿੰਦ ਦੀ ਚਾਦਰ’, ਨੌਵੇਂ ਸਤਿਗੁਰੂ- ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ‘ਧਰਮ ਹੇਤਿ ਸਾਕਾ’ ਕੀਤਾ ਤੇ‘ਸੀਸ ਦੀਆ ਪਰ ਸਿਰਰ ਨਾ ਦੀਆ’ ਦੀ ਉਦਾਹਰਣ ਪੇਸ਼ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਹਾਨ ਆਦਰਸ਼ ਕਾਇਮ ਕਰ ਦਿੱਤਾ। ਇਨ੍ਹਾਂ ਸ਼ਹੀਦੀਆਂ ਦਾ ਸਿੱਟਾ ਇਹ ਹੋਇਆ ਕਿ ਸਿੱਖਾਂ ਵਿਚ ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਦੀ ਇਕ ਲੰਬੀ ਪ੍ਰੰਪਰਾ ਸ਼ੁਰੂ ਹੋ ਗਈ। ਹਰ ਰੋਜ਼ ਅਰਦਾਸ ਵਿਚ ਸ਼ਹੀਦਾਂ ਨੂੰ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ- ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ…” ਇਨ੍ਹਾਂ ਮਹਾਨ ਸ਼ਹੀਦਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿੱਤੇ ਸਿਧਾਂਤਾਂ ਦੀ ਵਿਆਖਿਆ ਆਪਣੇ ਜੀਵਨ ਵਿਚ ਅਮਲੀ ਤੌਰ ਤੇ (practically) ਕਰ ਕੇ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਅਤੇ ਹਮੇਸ਼ਾਂ ਲਈ ਅਮਰ ਹੋ ਗਏ।

ਬੇਸ਼ਕ ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਨੂੰ ਹੋਇਆਂ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਸ਼ਹੀਦਾਂ ਦੀ ਪਵਿੱਤਰ ਯਾਦ ਵਿਚ ਇਹ ਸ਼ਹੀਦੀ ਜੋੜ-ਮੇਲੇ ਹੁਣ ਤਕ ਲ਼ੱਖਾਂ ਸ਼ਰਧਾਲੂਆਂ ਦੁਆਰਾ ਹਰ ਸਾਲ (ਦਸੰਬਰ ਦੇ ਆਖਰੀ ਹਫਤੇ) ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਸ੍ਰੀ ਗੁਰੂ ਗੋਬਿੰਦ ਜੀ ਦੇ ਦੋ ਵੱਡੇ ਸਪੁੱਤਰਾਂ (ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ) ਦੀ ਸ਼ਹੀਦੀ 8 ਪੋਹ ਬਿਕ੍ਰਮੀ 1761 ਨੂੰ ਚਮਕੌਰ ਸਾਹਿਬ ਵਿਖੇ ਤੇ ਦੋ ਛੋਟੇ ਸਪੁੱਤਰਾਂ (ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ) ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ 13 ਪੋਹ ਬਿਕ੍ਰਮੀ 1761 ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਈ ਸੀ। ਸੰਗਤਾਂ ਇਨ੍ਹਾਂ ਲਹੂ ਭਿੱਜੀਆਂ ਯਾਦਗਾਰਾਂ ਨੂੰ ਪ੍ਰਣਾਮ ਕਰਨ ਲਈ ਅਤੇ ਅਦੁੱਤੀ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਨ ਲਈ (ਅਤਿ ਦੀ ਸਰਦੀ ਵਿਚ ਵੀ) ਕਾਫਲਿਆਂ ਦੇ ਰੂਪ ਵਿਚ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਪਹੁੰਚਦੀਆਂ ਹਨ। ਜਿਨ੍ਹਾਂ ਭਾਗਾਂ ਵਾਲਿਆਂ ਨੂੰ ਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਇਸ ਪਾਵਨ ਮੌਕੇ ਤੇ ਇਨ੍ਹਾਂ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਨ੍ਹਾਂ ਨੇ ਵੇਖਿਆ ਹੋਵੇਗਾ ਕਿ ਇਧਰ ਆਉਣ ਵਾਲੀਆਂ ਸਾਰੀਆਂ ਸੜਕਾਂ ’ਤੇ ਥਾਂ-ਥਾਂ ਲੰਗਰ ਲੱਗੇ ਹੁੰਦੇ ਹਨ ਅਤੇ ਗੁਰੂ ਪਿਆਰੇ ਸੇਵਾਦਾਰ ਹੱਥ ਜੋੜ ਕੇ ਸੰਗਤਾਂ ਨੂੰ ਰੋਕ-ਰੋਕ ਕੇ ਲੰਗਰ ਛਕਣ ਲਈ ਬੇਨਤੀਆਂ ਕਰਦੇ ਨਜ਼ਰ ਆਉਂਦੇ ਹਨ। ਖ਼ਾਲਸਾ ਜੀ! ਸ਼ਹੀਦਾਂ ਦੀਆਂ ਯਾਦਾਂ ਮਨਾਉਣ ਦਾ ਇਹ ਸਿਲਸਿਲਾ ਰਹਿੰਦੀ ਦੁਨੀਆਂ ਤਕ ਨਿਰੰਤਰ ਚਲਦਾ ਰਹੇਗਾ। ਕਿਸੇ ਸ਼ਾਇਰ ਨੇ ਲਿਖਿਆ ਹੈ:

ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਬਾ,
ਸ਼ਹੀਦੋਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ!

ਸ਼ਹੀਦੀ ਸਾਕਿਆਂ ਦਾ ਪਿਛੋਕੜ :

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਸੰਬੰਧੀ ਵਿਚਾਰ ਕਰਨ ਤੋਂ ਪਹਿਲਾਂ ਇਨ੍ਹਾਂ ਦਾ ਪਿਛੋਕੜ ਜਾਣਨਾ ਜਰੂਰੀ ਹੈ। ਜਦੋਂ ਇਤਿਹਾਸਿਕ ਤੱਥਾਂ ਨੂੰ ਡੂੰਘਾਈ ਨਾਲ ਵਿਚਾਰਦੇ ਹਾਂ ਤਾਂ ਸ਼ਹਾਦਤ ਦਾ ਪਿਛੋਕੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ ਨਾਲ ਜਾ ਜੁੜਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭ ਕੀਤੇ ਕਾਰਜ ਨੂੰ ਸੰਪੂਰਨਤਾ ਬਖਸ਼ਣ ਲਈ ਗੁਰੂ ਜੀ ਨੇ ਸੰਮਤ 1756 (1699 ਈ.) ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਇਕੱਠ ਕਰ ਕੇ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ। ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੀ ਮਰਿਯਾਦਾ ਚਲਾਈ। ਗੁਰੂ ਜੀ ਦੇ ਦੋਹਾਂ ਵੱਡੇ ਸਪੁੱਤਰਾਂ ਨੇ ਵੀ ਅੰਮ੍ਰਿਤ ਪਾਨ ਕੀਤਾ ਤੇ ਤਿਆਰ-ਬਰ-ਤਿਆਰ ਸਿੰਘ ਸਜੇ। ਸਾਰੀਆਂ ਜਾਤਾਂ ਦੇ ਸਿੱਖਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਊਚ-ਨੀਚ ਦਾ ਭੇਦ-ਭਾਵ ਮਿਟਾ ਦਿੱਤਾ ਤੇ ਸਾਰਿਆਂ ਨੂੰ ਸ਼ਸ਼ਤਰਧਾਰੀ ਬਣਾ ਦਿੱਤਾ। ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਨ ਤੇ ਵਹਿਮਾਂ-ਭਰਮਾਂ ਦਾ ਤਿਆਗ ਕਰਨ ਦਾ ਹੁਕਮ ਦਿੱਤਾ। ਪਰ ਇਹ ਸਭ ਕੁਝ ਅਖੌਤੀ ਉੱਚੀਆਂ ਜਾਤਾਂ ਵਾਲੇ ਪੰਡਤਾਂ, ਬ੍ਰਾਹਮਣਾਂ, ਖੱਤਰੀਆਂ ਤੇ ਰਾਜਪੂਤਾਂ ਨੂੰ ਇਕ ਅੱਖ ਨਾ ਭਾਇਆ। ਪਹਾੜੀ ਰਾਜੇ ਵੀ ਗੁਰੂ ਜੀ ਦੀ ਵਧਦੀ ਤਾਕਤ ਤੋਂ ਭੈ-ਭੀਤ ਹੋ ਗਏ। ਉਨ੍ਹਾਂ ਨੇ ਗੁਰੂ ਜੀ ਦੀ ਚਲਾਈ ਲਹਿਰ ਨੂੰ ਆਪਣੇ ਰਾਜ-ਭਾਗ ਤੇ ਧਰਮ ਲਈ ਬਹੁਤ ਖਤਰਨਾਕ ਸਮਝਿਆ ਤੇ ਅੰਦਰ–ਖਾਤੇ ਗੁਰੂ ਜੀ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਪਹਾੜੀ ਫੌਜਾਂ ਗੁਰੂ ਜੀ ਦੇ ਬਹਾਦਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਇਸ ਲਈ ਫੈਸਲਾ ਕੀਤਾ ਕਿ ਸਰਹਿੰਦ ਦੇ ਨਵਾਬ ਰਾਹੀਂ ਸ਼ਾਹੀ ਫੌਜ ਦੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਨਵਾਬ ਵਜ਼ੀਰ ਖਾਂ ਨੂੰ ਚਿੱਠੀ ਲਿਖੀ ਤੇ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਮੁਗਲ ਸਰਕਾਰ ਤੇ ਤੁਹਾਡੇ ਲਈ ਵੀ ਖਤਰਾ ਹੈ, ਤਾਂ ਤੇ ਇਸ ਖਤਰੇ ਦਾ ਮੁਕਾਬਲਾ ਰਲ ਕੇ ਕਰਨ ਲਈ ਫੌਜ ਭੇਜੀ ਜਾਵੇ। ਨਵਾਬ ਨੇ ਪੈਂਦੇ ਖਾਂ ਤੇ ਦੀਨਾ ਬੇਗ ਦੀ ਕਮਾਨ ਹੇਠ ਫੌਜ ਭੇਜ ਦਿੱਤੀ ਜਿਸ ਨੇ ਬਾਈਧਾਰ ਦੇ ਰਾਜਿਆਂ ਦੀ ਫੌਜ ਨਾਲ ਮਿਲ ਕੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਲੜਾਈ ਵਿਚ ਪੈਂਦੇ ਖਾਂ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ, ਦੀਨਾ ਬੇਗ ਵੀ ਸਖਤ ਫੱਟੜ ਹੋ ਗਿਆ ਅਤੇ ਸ਼ਾਹੀ ਫੌਜ ਤਿੱਤਰ ਹੋ ਗਈ। ਅਨੰਦਪੁਰ ਦੀ ਇਸ ਪਹਿਲੀ ਲੜਾਈ (1700 ਈ.) ਨੇ ਪ੍ਰਗਟ ਕਰ ਦਿੱਤਾ ਕਿ ਖ਼ਾਲਸਾ ਸਾਜਣ ਨੂੰ ਪਹਾੜੀ ਰਾਜੇ ਆਪਣੇ ਵਿਰੁੱਧ ਸਮਝਦੇ ਹਨ ਤੇ ਉਹ ਹੁਣ ਹਰ ਹੀਲਾ ਕਰਨਗੇ ਕਿ ਗੁਰੂ ਜੀ ਨੂੰ ਨੀਵਾਂ ਦਿਖਾਇਆ ਜਾਵੇ। ਇਹ ਜੰਗ ਆਉਣ ਵਾਲੀਆਂ ਲੜਾਈਆਂ ਦਾ ਮੁੱਢ ਸੀ।”5 ਇਤਿਹਾਸ ਵਿਚ ਇਸ ਤੋਂ ਬਾਅਦ ਅਨੰਦਪੁਰ ਦੀਆਂ ਹੋਰ ਤਿੰਨ ਲੜਾਈਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਵਿਚ ਗੁਰੂ ਜੀ ਜੇਤੂ ਰਹੇ। ਜੰਗ ਵਿਚ ਸਿੱਧੀ ਹਾਰ ਹੁੰਦੀ ਵੇਖ ਕੇ ਰਾਜਾ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਨਾਲ ਸਲਾਹ ਬਣਾਈ ਕਿ ਬਹੁਤ ਸਾਰੀ ਫੌਜ ਇਕੱਠੀ ਕਰ ਕੇ ਅਨੰਦਪੁਰ ਦੇ ਦੁਆਲੇ ਘੇਰਾ ਪਾਇਆ ਜਾਵੇ ਤਾਂ ਕਿ ਅੰਦਰ ਰਸਦ-ਪਾਣੀ ਜਾਣੋ ਬੰਦ ਕਰ ਕੇ ਗੁਰੂ ਜੀ ਨੂੰ ਹਾਰ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੰਤਵ ਦੀ ਪੂਰਤੀ ਲਈ ਹੋਰ ਪਹਾੜੀ ਰਾਜਿਆਂ ਨਾਲ ਲਾਹੌਰ ਤੇ ਸਰਹਿੰਦ ਦੀ ਫੌਜ, ਮੁਸਲਮਾਨ ਰੰਘੜ ਅਤੇ ਗੁੱਜਰ ਵੀ ਸ਼ਾਮਲ ਹੋ ਗਏ। ਕਵੀ ਸੈਨਾਪਤਿ ਨੇ ਲਿਖਿਆ ਹੈ:

ਗੁੱਜਰ ਰੰਘੜ ਬਹੁਤ ਅਪਾਰ।
ਬਡੇ ਬਡੇ ਜੋਧਾ ਅਸਵਾਰ।
ਸੀਰੰਦ ਵਾਲੇ ਹੈ ਹਮਰਾਹੀ।
ਗੜ੍ਹ ਲਾਹੌਰ ਤੇ ਫੌਜ ਮੰਗਾਈ। (21/425)

ਬਹੁਤ ਫੌਜ ਕਰਿ ਏਕੱਠੀ ਜੰਮੂ ਸੰਗ ਮਿਲਾਇ।
ਸਬ ਰਾਜਾ ਦਲ ਜੋਰਿ ਕੈ ਫੇਰ ਪਹੂੰਚੇ ਆਇ। (22/426)

ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਇਕ ਲੰਬੀ ਚਿੱਠੀ ਲਿਖ ਕੇ ਕਿਹਾ, “ਜਾਂ ਤਾਂ ਮੇਰੀ ਰਿਆਸਤ ਵਿੱਚੋਂ ਨਿਕਲ ਜਾਓ ਨਹੀਂ ਤਾਂ ਮੇਰੀ ਰਈਅਤ ਬਣ ਕੇ ਤੇ ਅਧੀਨ ਹੋ ਕੇ ਰਹੋ ਅਤੇ ਟਕੇ ਭਰੋ।”6 ਪਰ ਜਦੋਂ ਗੁਰੂ ਜੀ ਨੇ ਦੋਵੇਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਅਨੰਦਪੁਰ ਨੂੰ ਘੇਰਾ ਪਾ ਲਿਆ। ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਮਸਤ ਸ਼ਰਾਬੀ ਹਾਥੀ ਨੂੰ ਅੱਗੇ ਭੇਜਿਆ ਪਰ ਜਦੋਂ ਭਾਈ ਬਚਿੱਤਰ ਸਿੰਘ ਨੇ ਪੂਰੇ ਜ਼ੋਰ ਨਾਲ ਨਾਗਨੀ ਬਰਛਾ ਉਸ ਦੇ ਮੱਥੇ ਵਿਚ ਮਾਰਿਆ ਤਾਂ ਉਹ ਚੀਕਾਂ ਮਾਰਦਾ ਹੋਇਆ ਆਪਣੀਆਂ ਫੌਜਾਂ ਨੂੰ ਮਿੱਧਦਾ ਹੋਇਆ ਭੱਜ ਗਿਆ। ਸਾਰੀ ਫੌਜ ਨੂੰ ਭਾਜੜਾਂ ਪੈ ਗਈਆਂ। ਹੁਣ ਪਹਾੜੀ ਰਾਜਿਆਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁੱਧ ਪ੍ਰੇਰਿਆ ਤੇ ਮਦਦ ਲਈ ਸ਼ਾਹੀ ਫੌਜਾਂ ਦੀ ਸਹਾਇਤਾ ਲਈ ਅਰਜ਼ੋਈ ਕੀਤੀ। ਔਰੰਗਜ਼ੇਬ ਨੇ ਸੂਬਾ ਲਾਹੌਰ ਤੇ ਸੂਬਾ ਸਰਹਿੰਦ ਨੂੰ ਹੁਕਮ ਭੇਜਿਆ ਕਿ ਪਹਾੜੀ ਰਾਜਿਆਂ ਦੇ ਨਾਲ ਹੋ ਕੇ ਗੁਰੂ ਜੀ ਉੱਪਰ ਤੁਰੰਤ ਹਮਲਾ ਕੀਤਾ ਜਾਵੇ ਤੇ ਹਰਾਏ ਬਗੈਰ ਜੰਗ ਬੰਦ ਨਾ ਕੀਤੀ ਜਾਵੇ। ਇਸ ਹੁਕਮ ਅਨੁਸਾਰ ਭਾਰੀ ਫੌਜ ਨੇ ਅਨੰਦਪੁਰ ਸਾਹਿਬ ’ਤੇ ਚੜ੍ਹਾਈ ਕਰ ਦਿੱਤੀ। ਇਕ ਪਾਸੇ ਲੱਖਾਂ ਦੀ ਫੌਜ ਤੇ ਮੁਲਖਈਆ ਸੀ ਤੇ ਦੂਜੇ ਪਾਸੇ ਸਿੱਖ ਫੌਜ ਦੀ ਗਿਣਤੀ ਬਹੁਤ ਘੱਟ ਸੀ। ਖ਼ਾਲਸਾ ਫੌਜ ਨੇ ਬੇਮਿਸਾਲ ਬੀਰਤਾ ਤੇ ਦ੍ਰਿੜਤਾ ਨਾਲ ਡਟ ਕੇ ਮੁਕਾਬਲਾ ਕੀਤਾ। ਅਨੰਦਪੁਰ ਸਾਹਿਬ ਵਿਚ ਹੋਈਆਂ ਲੜਾਈਆਂ ਵਿਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਬਹਾਦਰੀ ਦੇ ਕਈ ਜੌਹਰ ਵਿਖਾਏ। ਲੱਗਭਗ ਕਈ ਮਹੀਨੇ ਜੰਗ ਜਾਰੀ ਰਿਹਾ ਪਰ ਹਾਰ ਜਿੱਤ ਦਾ ਫੈਸਲਾ ਨਾ ਹੁੰਦਾ ਵੇਖ ਕੇ ਰਾਜਿਆਂ ਤੇ ਮੁਗਲ ਫੌਜਾਂ ਦੇ ਜਰਨੈਲਾਂ ਨੇ ਗੁਰੂ ਜੀ ਨੂੰ ਕਿਲ੍ਹੇ ਵਿੱਚੋਂ ਕੱਢਣ ਦੀ ਇਕ ਹੋਰ ਚਾਲ ਚੱਲੀ।

ਇਕ ਬ੍ਰਾਹਮਣ ਅਤੇ ਇਕ ਮੌਲਵੀ ਨੂੰ ਜ਼ਾਮਨ ਬਣਾ ਕੇ ਭੇਜਿਆ ਜਿਨ੍ਹਾਂ ਨੇ ਗੀਤਾ ਅਤੇ ਕੁਰਾਨ ਦੀ ਸਹੁੰ ਚੁੱਕ ਕੇ ਕਿਹਾ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਕੇ ਚਲੇ ਜਾਣ ਤਾਂ ਉਨ੍ਹਾਂ ਨੂੰ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ, ਉਹ ਜਿੱਥੇ ਚਾਹੁਣ ਚਲੇ ਜਾਣ। ਗੁਰੂ ਜੀ ਉਨ੍ਹਾਂ ਦੀ ਮਾੜੀ ਨੀਅਤ ਨੂੰ ਜਾਣਦੇ ਸਨ ਇਸ ਲਈ ਪਰਖਣ ਲਈ ਕੁਝ ਗੱਡੇ ਕੂੜ-ਕਬਾੜ ਨਾਲ ਭਰ ਕੇ ਉੱਪਰ ਰੇਸ਼ਮੀ ਚਾਦਰਾਂ ਪਾ ਕੇ ਤੋਰ ਦਿੱਤੇ। ਲਾਲਚੀ ਮੁਗ਼ਲ ਫੌਜੀਆਂ ਨੇ ਸਮਝਿਆ ਕਿ ਖ਼ਜ਼ਾਨਾ ਜਾ ਰਿਹਾ ਹੈ ਸੋ ਟੁੱਟ ਕੇ ਪੈ ਗਏ ਪਰ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਿਆ। ਇਸ ਨਾਲ ਉਨ੍ਹਾਂ ਦੀਆਂ ਝੂਠੀਆਂ ਕਸਮਾਂ ਦੀ ਪੋਲ ਵੀ ਖੁੱਲ੍ਹ ਗਈ। ਕੁਝ ਦਿਨ ਪਿੱਛੋਂ ਇਸ ਭੁੱਲ ਲਈ ਮਾਫ਼ੀਨਾਮਾ ਭੇਜਿਆ ਤੇ ਫਿਰ ਕਿਲ੍ਹਾ ਖਾਲੀ ਕਰਨ ਦੀ ਬੇਨਤੀ ਕੀਤੀ ਗਈ। ਗਊ ਅਤੇ ਕੁਰਾਨ ਦੀ ਕਸਮ ਖਾ ਕੇ ਕਿਹਾ, “ਤੁਸੀਂ ਇਕ ਵਾਰ ਕਿਲ੍ਹਾ ਛੱਡ ਜਾਓ। ਤੁਹਾਡੇ ਇਸ ਤਰ੍ਹਾਂ ਕਰਨ ਨਾਲ ਸਾਡੀ ਇਜ਼ਤ ਬਣੀ ਰਹੇਗੀ। ਤੁਸੀਂ ਅਮਨ ਅਮਾਨ ਨਾਲ ਚਲੇ ਜਾਇਓ। ਅਸੀਂ ਆਪਣੀਆਂ ਫੌਜਾਂ ਲੈ ਕੇ ਵਾਪਸ ਚਲੇ ਜਾਵਾਂਗੇ ਫੇਰ ਤੁਸਾਂ ਬੇਸ਼ਕ ਵਾਪਸ ਆ ਜਾਣਾ।” ਗੁਰੂ ਜੀ ਦੇ ਸਿੱਖ ਕਈ ਮਹੀਨਿਆਂ ਦੀ ਭੁੱਖ ਤੇ ਖੇਚਲ ਕਰਕੇ ਥੱਕੇ ਪਏ ਸਨ। (ਇਤਿਹਾਸਕ ਤੱਥ ਹੈ ਕਿ ਕੁਝ ਸਿੰਘ ਭੁੱਖ ਤੋਂ ਆਤੁਰ ਹੋ ਕੇ ਬੇਦਾਵਾ ਦੇ ਕੇ ਚਲੇ ਗਏ ਸਨ ਤੇ ਬਾਅਦ ਵਿਚ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਏ ਜੋ ਚਾਲੀ ਮੁਕਤੇ ਕਹੇ ਜਾਂਦੇ ਹਨ) ਸਿੱਖਾਂ ਨੇ ਮਾਤਾ ਗੁਜਰੀ ਜੀ ਨੂੰ ਵਿਚ ਪਾ ਕੇ ਗੁਰੂ ਜੀ ਨੂੰ ਕਿਲ੍ਹਾ ਛੱਡ ਕੇ ਜਾਣ ਲਈ ਮਨਾ ਲਿਆ। ਮਾਤਾ ਜੀ ਅਤੇ ਸਿੱਖਾਂ ਦੇ ਬਾਰ-ਬਾਰ ਕਹਿਣ ’ਤੇ 6 ਪੋਹ ਸੰਮਤ 1761 (1704 ਈ.) ਦੀ ਠੰਢੀ ਰਾਤ ਨੂੰ ਪਰਵਾਰ ਅਤੇ ਸਿੱਖਾਂ ਸਮੇਤ ਕਿਲ੍ਹਾ ਖਾਲੀ ਕਰ ਦਿੱਤਾ।

ਅਨੰਦਪੁਰ ਸਾਹਿਬ ਛੱਡਣਾ ਤੇ ਪਰਵਾਰ ਦਾ ਵਿਛੋੜਾ :

ਨਿਰਭੈ ਸੈਨਾਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ ਹੇਠ ਸਿੰਘਾਂ ਦੇ ਕਾਫਲੇ {ਜਿਸ ਵਿਚ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਵੀ ਸ਼ਾਮਲ ਸਨ} ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਰੋਪੜ ਵੱਲ ਚਾਲੇ ਪਾ ਦਿੱਤੇ।

ਦੁਸ਼ਮਣ ਦੀਆਂ ਫੌਜਾਂ ਨੇ ਆਪਣੀਆਂ ਕਸਮਾਂ ਭੁਲਾ ਕੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। “ਕੀਰਤਪੁਰ ਟੱਪਦਿਆਂ ਹੀ ਇਨ੍ਹਾਂ ਮੁੱਠੀ ਭਰ ਯੋਧਿਆਂ ਨਾਲ ਜੋ ਵਿਸਾਹਘਾਤ ਹੋਇਆ, ਸ਼ਾਹੀ ਫੌਜਾਂ ਨੇ ਜਿਸ ਬੇਹਯਾਈ ਤੇ ਬੇਰਹਿਮੀ ਨਾਲ ਉਨ੍ਹਾਂ ਨੂੰ ਗਿਰਝਾਂ ਵਾਂਗ ਆ ਦਬੋਚਿਆ, ਗੁਰੂ ਜੀ ਨੇ ਜਿਸ ਦਲੇਰੀ ਤੇ ਦ੍ਰਿੜ੍ਹਤਾ ਨਾਲ ਉਨ੍ਹਾਂ ਦੇ ਵਾਰ ਠੱਲ੍ਹੇ, ਭੁੱਖੇ-ਭਾਣੇ ਬੱਚਿਆਂ ਨੇ ਜਿਸ ਸਿਦਕ ਤੇ ਸੂਰਮਤਾਈ ਨਾਲ ਟਾਕਰਾ ਕੀਤਾ ਅਤੇ ਗਿਣਵੇਂ ਤੇ ਲੱਗਭਗ ਨਿਹੱਥੇ ਸਿੱਖ ਸੇਵਕਾਂ ਨੇ ਬਹਾਦਰੀ ਤੇ ਜਾਨਬਾਜ਼ੀ ਦਾ ਜੋ ਸਬੂਤ ਦਿੱਤਾ, ਉਸ ਦਾ ਬਿਆਨ ਮਨੁੱਖੀ ਹਿਰਦੇ ਨੂੰ ਕੰਬਾ ਦਿੰਦਾ ਹੈ ਪਰ ਜਿਨ੍ਹਾਂ ਸੂਰਬੀਰਾਂ ਤੇ ਸਿਰਲੱਥਾਂ ਦੇ ਸਿਰ ਇਹ ਸਭ ਕੁਝ ਬੀਤਿਆ, ਉਨ੍ਹਾਂ ਦਾ ਹਾਲ ਇਹ ਸੀ ਕਿ ਉਹ ਅਜਿਹੀ ਕਠਿਨ ਅਜ਼ਮਾਇਸ਼ ਦੇ ਸਮੇਂ ਵੀ ਨਾ ਘਾਬਰੇ ਅਤੇ ਤੋੜ ਤਕ ਚੜ੍ਹਦੀ ਕਲਾ ਵਿਚ ਵਿਚਰਦੇ ਤੇ ਜੂਝਦੇ ਰਹੇ”7

ਰਾਤ ਦੇ ਹਨੇਰੇ ਤੇ ਵਰ੍ਹਦੇ ਮੀਂਹ ਵਿਚ ਸਰਸਾ ਨਦੀ ਦੇ ਕੰਢੇ ਘਮਸਾਨ ਦੀ ਲੜਾਈ ਹੋਈ ਜਿਸ ਵਿਚ ਅਨੇਕਾਂ ਸਿੰਘਾਂ ਨੇ ਸੂਰਬੀਰਤਾ ਨਾਲ ਦੁਸ਼ਮਣ ਫੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਅੰਮ੍ਰਿਤ ਵੇਲੇ ਗੁਰੂ ਜੀ ਨੇ ਨਿੱਤਨੇਮ ਅਨੁਸਾਰ ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਦੀਵਾਨ ਲਾਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਦੁਸ਼ਮਣ ਫੌਜ ਨੂੰ ਰੋਕੀ ਰੱਖਿਆ। ਉਪਰੰਤ ਸਰਸਾ ਪਾਰ ਕਰਨ ਦੀ ਯੋਜਨਾ ਅਧੀਨ ਜਿਹੜਾ ਸੰਗ ਨਦੀ ਵਿਚ ਠਿੱਲ੍ਹ ਪਿਆ ਸੀ ਉਸ ਵਿੱਚੋਂ ਕਈ ਸਿੰਘ ਡੁੱਬ ਗਏ ਕਿਉਂਕਿ ਮੀਂਹ ਕਾਰਨ ਸਰਸਾ ਨਦੀ ਅਚਾਨਕ ਚੜ੍ਹ ਆਈ ਸੀ। ਗੁਰੂ ਜੀ ਦਾ ਸਾਰਾ ਸਾਮਾਨ ਤੇ ਕੀਮਤੀ ਕਾਵਿ-ਗ੍ਰੰਥ ਸਰਸਾ ਨਦੀ ਵਿਚ ਰੁੜ੍ਹ ਗਏ। ਗੁਰੂ ਜੀ ਦਾ ਸਾਰਾ ਪਰਵਾਰ ਅਜਿਹਾ ਖੇਰੂੰ-ਖੇਰੂੰ ਹੋਇਆ ਕਿ ਉਹਨਾਂ ਵਿੱਚੋਂ ਕਈਆਂ ਦਾ ਤਾਂ ਫਿਰ ਮਿਲਾਪ ਹੀ ਨਾ ਹੋ ਸਕਿਆ।

ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਪਹੁੰਚ ਗਏ। ਗੁਰੂ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਤੇ ਹੋਰ 40 ਸਿੰਘਾਂ ਨਾਲ ਚਮਕੌਰ ਸਾਹਿਬ ਪੁੱਜ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਿਛੜ ਕੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਚਲੇ ਗਏ।

ਚਮਕੌਰ ਦਾ ਸਾਕਾ/ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ :

ਚਮਕੌਰ ਵਿਚ ਚੌਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਵੇਲੀ ਸੀ। ਉਸ ਨੇ ਗੁਰੂ ਜੀ ਨੂੰ ਹਵੇਲੀ ਵਿਚ ਠਹਿਰਨ ਲਈ ਬੇਨਤੀ ਕੀਤੀ: ਬਸੋ ਮਧਿ ਚਮਕੌਰ ਕੈ ਆਪਨੀ ਕ੍ਰਿਪਾ ਧਾਰਿ।(6/474)8 ਗੁਰੂ ਜੀ ਨੇ ਮੁਗ਼ਲ ਫੌਜ ਦਾ ਟਾਕਰਾ ਕਰਨ ਲਈ ਹਵੇਲੀ ਵਿਚ ਮੋਰਚਾਬੰਦੀ ਕਰ ਲਈ। ਜਦੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਨੂੰ ਪਤਾ ਲੱਗਿਆ ਤਾਂ ਉਸਨੇ ਚਮਕੌਰ ਦੀ ਗੜ੍ਹੀ ਨੂੰ ਚੁਫੇਰਿਉਂ ਘੇਰ ਲਿਆ। ਚਮਕੌਰ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਬੇਜੋੜ ਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ ਕਿਉਂਕਿ ਇਕ ਪਾਸੇ ਪਾਸੇ ਲੱਖਾਂ ਦੀ ਗਿਣਤੀ ਵਿਚ ਮੁਗਲ ਸੈਨਿਕ ਨਵੇਂ ਹਥਿਆਰਾਂ ਨਾਲ ਲੈਸ ਸਨ ਤੇ ਦੂਜੇ ਪਾਸੇ ਕਈ ਮਹੀਨਿਆਂ ਤੋਂ ਭੁੱਖੇ ਮੁੱਠੀ ਭਰ ਸਿੰਘ। ਮੁਗਲ ਸੈਨਿਕ ਜੋ ਤਨਖਾਹਦਾਰ ਸਨ ਉਨ੍ਹਾਂ ਦੇ ਮੁਕਾਬਲੇ ਵਿਚ ਸਿੰਘ ਸੈਨਿਕਾਂ ਦੀ ਵਿਲੱਖਣਤਾ ਇਹ ਸੀ ਕਿ ਉਹ ਧਰਮ ਦੀ ਖਾਤਰ ਆਪਣੇ ਗੁਰੂ ਲਈ ਕੁਰਬਾਨ ਹੋਣ ਵਾਲੇ ਮਰਜੀਵੜੇ ਸੂਰਮੇ ਸਨ। ਉਨ੍ਹਾਂ ਨੂੰ ਅਕਾਲ ਪੁਰਖ ’ਤੇ ਭਰੋਸਾ ਅਤੇ ‘ਸ਼ਾਹਿ-ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ’ ਜੀ ਦਾ ਸਾਥ ਪ੍ਰਾਪਤ ਸੀ। ਉਹ ਸਵਾ-ਸਵਾ ਲੱਖ ਨਾਲ ਇਕੱਲੇ-ਇਕੱਲੇ ਲੜਨ ਲਈ ਤਿਆਰ ਸਨ। ਗੁਰਬਾਣੀ ਦੇ ਕਥਨ ‘ਰਣੁ ਦੇਖਿ ਸੂਰੇ ਚਿਤ ਉਲਾਸ’ (ਪੰਨਾ 1180) ਅਨੁਸਾਰ ਬਹਾਦਰ ਸਿੰਘਾਂ ਦੇ ਚਿੱਤ ਵਿਚ ਯੁੱਧ ਕਰਨ ਦਾ ਭਾਰੀ ਜੋਸ਼ ਤੇ ‘ਦੀਨ ਕੇ ਹੇਤ’ ਸ਼ਹੀਦ ਹੋਣ ਦਾ ਅਥਾਹ ਜਜ਼ਬਾ ਸੀ। ਚਮਕੌਰ ਸਾਹਿਬ ਵਿਚ 7 ਪੋਹ 1761 ਬਿਕ੍ਰਮੀ ਨੂੰ ਵਿਸ਼ਵ ਦਾ ਅਨੋਖਾ ਯੁੱਧ ਸ਼ੁਰੂ ਹੋ ਗਿਆ ਜਿਸ ਦੀ ਉਦਾਹਰਣ ਸੰਸਾਰ ਦੇ ਯੁੱਧ-ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦੀ ਕਿਉਂਕਿ ਇਸ ਵਿਚ 40 ਸਿੰਘਾਂ ਦਾ ਮੁਕਾਬਲਾ 10 ਲੱਖ ਦੀ ਫੌਜ ਨਾਲ ਹੋਇਆ ਸੀ।9 ਚਮਕੌਰ ਦੀ ਗੜ੍ਹੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ‘ਸਵਾ ਲਾਖ ਸੇ ਏਕ ਲੜਾਊਂ’ ਦਾ ਅਮਲੀ (practical) ਰੂਪ ਪ੍ਰਤੱਖ ਹੋਇਆ ਹੈ। ਸਵੇਰ ਹੁੰਦਿਆਂ ਹੀ ਮੁਗਲ ਸੈਨਾ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਕੁਝ ਸਮਾਂ ਤੀਰਾਂ ਦੀ ਬੁਛਾੜ ਨਾਲ ਦੁਸ਼ਮਣ ਨੂੰ ਗੜ੍ਹੀ ਤੋਂ ਦੂਰ ਰੱਖਣ ਵਿਚ ਸਫਲਤਾ ਹੋਈ। ਜਦੋਂ ਤੀਰ ਮੁੱਕਣ ’ਤੇ ਆ ਗਏ ਤਾਂ 5-5 ਸਿੰਘਾਂ ਦਾ ਜਥਾ ਵੈਰੀ ਨਾਲ ਜੂਝਣ ਲਈ ਮੈਦਾਨੇ-ਜੰਗ ਵਿਚ ਭੇਜਣ ਲੱਗੇ, ਜੋ ਜੈਕਾਰਿਆਂ ਦੀ ਗੂੰਜ ਨਾਲ ਵੈਰੀਆਂ ਤੇ ਟੁੱਟ ਪੈਂਦੇ ਤੇ ਸੈਂਕੜੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਆਪ ਸ਼ਹੀਦ ਹੋ ਜਾਂਦੇ। ਜਦੋਂ ਕਾਫੀ ਸਿੰਘ ਸ਼ਹੀਦ ਹੋ ਗਏ ਤਾਂ ਬਾਕੀ ਬਚੇ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ’ਚੋਂ ਬਾਹਰ ਨਿਕਲ ਜਾਣ। ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹ ਸਾਰੇ ਹੀ ਉਨ੍ਹਾਂ ਦੇ ਸਪੁੱਤਰ ਹਨ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜੰਗ ਵਿਚ ਜਾਣ ਲਈ ਆਪਣੀ ਹੱਥੀਂ ਤਿਆਰ ਕੀਤਾ ਤੇ ਅਸ਼ੀਰਵਾਦ ਦੇ ਕੇ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿਚ ਜੂਝਣ ਲਈ ਤੋਰਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਵੈਰੀ ਦਲ ਦੰਗ ਰਹਿ ਗਿਆ ਤੇ ‘ਅੱਲਾਹ-ਅੱਲਾਹ’ ਪੁਕਾਰਨ ਲੱਗ ਪਿਆ। ਸਪੁੱਤਰ ਨੂੰ ਸੂਰਬੀਰਤਾ ਨਾਲ ਜੂਝਦਿਆਂ ਵੇਖ ਕੇ ਗੜ੍ਹੀ ਵਿਚੋਂ ਹੀ ਸ਼ਾਬਾਸ਼ ਦਿੱਤੀ ਜਿਸ ਨੂੰ ਕਵੀ ਨੇ ਇਨ੍ਹਾਂ ਸ਼ਬਦਾਂ ਵਿਚ ਕਲਮਬੰਦ ਕੀਤਾ ਹੈ:

ਬੜ੍ਹ-ਚੜ੍ਹ ਕੇ ਤਵੱਕੇ ਜੋ ਦਿਖਾ ਦੀ,
ਸਤਿਗੁਰ ਨੇ ਵਹੀਂ ਕਿਲਾੱ ਸੇ ਬੱਚੋਂ ਕੋ ਨਿਦਾ ਦੀ:-
ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ!
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ!!10

ਆਖਰੀ ਦਮ ਤਕ ਜੂਝਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਕੀ ਸਿੰਘਾਂ ਨੇ ਸ਼ਹੀਦੀ ਦਾ ਜਾਮ ਪੀਤਾ। ਆਪਣੇ ਵੀਰ ਦੀ ਬਹਾਦਰੀ ਤੋਂ ਉਤਸ਼ਾਹਿਤ ਹੁੰਦਿਆਂ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਦੇ ਦਿਲ ਵਿਚ ਵੀ ‘ਯੁੱਧ ਚਾਉ’ ਠਾਠਾਂ ਮਾਰ ਰਿਹਾ ਸੀ। ਉਸ ਨੇ ਵੀ ਆਪਣੇ ਵੱਡੇ ਵੀਰ ਵਾਂਗ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਗੁਰੂ ਪਿਤਾ ਤੋਂ ਯੁੱਧ ਵਿਚ ਜਾਣ ਦੀ ਆਗਿਆ ਮੰਗੀ। ਪਿਤਾ ਪੁੱਤਰ ਵਿਚਕਾਰ ਹੋਈ ਗੱਲ-ਬਾਤ ਨੂੰ ਸੂਫੀ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ ਨੇ ਇਸ ਤਰ੍ਹਾਂ ਬਿਆਨਿਆ ਹੈ:

ਇਸ ਵਕਤ ਕਹਾ ਨੰਨ੍ਹੇਂ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ!
ਭਾਈ ਸੇ ਬਿਛੜ ਕਰ ਹਮੇਂ, ਜੀਨਾ ਨਹੀਂ ਆਤਾ!
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ!

ਗੁਰੂ ਪਿਤਾ ਨੇ ਆਪਣੇ ਪੁੱਤਰ ਦਾ ਜਜ਼ਬਾ ਵੇਖ ਕੇ ਉਸ ’ਤੇ ਫ਼ਖ਼ਰ ਮਹਿਸੂਸ ਕੀਤਾ ਪਰ ਜੁਝਾਰ ਸਿੰਘ ਦੀ ਛੋਟੀ ਉਮਰ ਜਾਣ ਕੇ ਉਸ ਨੂੰ ਸਮਝਾਇਆ ਕਿ ਉਹ ਅਜੇ ਲੜਾਈ ਕਰਨ ਦੇ ਯੋਗ ਨਹੀਂ ਹੈ ਤਾਂ ਪੁੱਤਰ ਨੇ ਦਲੀਲ ਦਿੰਦਿਆਂ ਕਿਹਾ:

ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈ ਆਤਾ!!

ਸਰਬੰਸ ਦਾਨੀ ਦਸ਼ਮੇਸ਼ ਪਿਤਾ ਨੇ ਦੂਜੇ ਸਪੁੱਤਰ ਦਾ ਹੌਂਸਲਾ ਵੇਖ ਕੇ ਉਸ ਨੂੰ ਵੀ ਜੰਗ ਵਿਚ ਜਾਣ ਲਈ ਆਪਣੇ ਹੱਥੀਂ ਤਿਆਰ ਕੀਤਾ ਤੇ ਸਿੰਘਾਂ ਨਾਲ ਖੁਸ਼ੀ-ਖੁਸ਼ੀ ਤੋਰਦਿਆਂ ਇਸ ਤਰ੍ਹਾਂ ਅਸੀਸ ਦਿੱਤੀ:

ਮਰਨੇ ਸੇ ਕਿਸੀ ਯਾਰ ਕੋ ਹਮ ਨੇ ਨਹੀਂ ਰੋਕਾ।
ਫ਼ਰਜ਼ੰਦਿ ਵਫ਼ਾਦਾਰ ਕੋ ਹਮ ਨੇ ਨਹੀਂ ਰੋਕਾ।
ਖੁਸ਼ਨੂਦੀਇ ਕਰਤਾਰ ਕੋ ਹਮ ਨੇ ਨਹੀਂ ਰੋਕਾ।
ਅਬ ਦੇਖੀਏ ਸਰਕਾਰ ਕੋ ਹਮ ਨੇ ਨਹੀਂ ਰੋਕਾ।
ਤੁਮ ਕੋ ਭੀ ਇਸੀ ਰਾਹ ਮੇਂ ਕੁਰਬਾਨ ਕਰੇਂਗੇ!
ਸਦ ਸ਼ੁਕਰ ਹੈ ਹਮ ਭੀ ਕਭੀ ਖੰਜਰ ਸੇ ਮਰੇਂਗੇ!!

ਕਵੀ ਨੇ ਅੱਗੇ ਹੋਰ ਲਿਖਿਆ ਹੈ:

ਲੋ ਜਾਓ ਸਿਧਾਰੋ! ਤੁਮ੍ਹੇਂ ਕਰਤਾਰ ਕੋ ਸੌਂਪਾ!
ਮਰ ਜਾਓ ਯਾ ਮਾਰੋ ਤੁਮ੍ਹੇਂ ਕਰਤਾਰ ਕੋ ਸੌਂਪਾ!
ਰੱਬ ਕੋ ਨ ਬਿਸਾਰੋ ਤੁਮ੍ਹੇਂ ਕਰਤਾਰ ਕੋ ਸੌਂਪਾ!
ਸਿੱਖੀ ਕੋ ਉਭਾਰੋ ਤੁਮ੍ਹੇਂ ਕਰਤਾਰ ਕੋ ਸੌਂਪਾ!
ਵਾਹਗੁਰੂ ਅਬ ਜੰਗ ਕੀ, ਹਿੰਮਤ ਤੁਮ੍ਹੇਂ ਬਖ਼ਸ਼ੇਂ।
ਪਿਆਸੇ ਹੋ ਜਾਤ, ਜਾਮਿ-ਸ਼ਹਾਦਤ ਤੁਮ੍ਹੇਂ ਬਖ਼ਸ਼ੇਂ।11

ਬਾਬਾ ਜੁਝਾਰ ਸਿੰਘ ਜੀ ਦੁਸ਼ਮਣ ਫ਼ੌਜ ਵਿਚ ਵਧਦੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ ਤੇ ਅੰਤ ਆਪ ਨੇ ਸਾਥੀ ਸਿੰਘਾਂ ਸਮੇਤ ਰਣ-ਭੂਮੀ ਵਿਚ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ। ਦਸ਼ਮੇਸ਼ ਪਿਤਾ ਨੇ ਗੜ੍ਹੀ ਵਿੱਚੋਂ ਆਪਣੇ ਸਪੁੱਤਰਾਂ ਦੀ ਬਹਾਦਰੀ ਦੇ ਕਾਰਨਾਮੇ ਵੇਖੇ ਤੇ ਫਿਰ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ ਹੈ। ਦੋਵੇਂ ਬੱਚੇ ਸਿੱਖੀ ਸਿਦਕ ਵਿਚ ਪੂਰੇ ਉਤਰੇ ਹਨ ਤੇ ਇਮਤਿਹਾਨ ਵਿੱਚੋਂ ਪਾਸ ਹੋਏ ਹਨ। “ਹੈ ਕੋਈ ਸੰਸਾਰ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਕਿਸੇ ਹੋਰ ਰਹਿਬਰ ਦੀ ਜਿਸ ਤੋਂ ਉਸ ਦੇ ਸਿੱਖ ਜਾਨਾਂ ਵਾਰਨ ਨੂੰ ਤਿਆਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਦੇਖ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਰਿਹਾ ਹੋਵੇ?”12 ਦੋਹਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ 8 ਪੋਹ ਸੰਮਤ 1761 ਬਿਕ੍ਰਮੀ ਨੂੰ ਹੋਈਆਂ। ਭਾਰਤ ਵਿਚ ਚਮਕੌਰ ਦੀ ਧਰਤੀ ਨੂੰ ਮਹਾਨ ਤੀਰਥ ਦਾ ਰੁਤਬਾ ਦਿੱਤਾ ਗਿਆ ਹੈ ਜਿੱਥੇ ਪਿਤਾ ਨੇ ਪਰਮਾਤਮਾ ਦੀ ਸਰਦਲ ਉੱਤੇ ਪੁੱਤਰਾਂ ਨੂੰ ਕੁਰਬਾਨ ਕੀਤਾ। ਅੱਲਾ ਯਾਰ ਖਾਂ ਲਿਖਦਾ ਹੈ:

ਬਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸ਼ਮ੍ਹਾਂ ਕੇ ਲਿਯੇ।

ਸਰਹਿੰਦ ਦਾ ਸਾਕਾ/ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਜਿਵੇਂ ਕਿ ਉੱਪਰ ਜ਼ਿਕਰ ਕੀਤਾ ਹੈ ਕਿ ਸਰਸਾ ਨਦੀ ਦੀ ਜੰਗ ਉਪਰੰਤ ਦਸਮੇਸ਼ ਪਿਤਾ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਗੰਗੂ ਨਾਲ ਚਲੇ ਗਏ ਸਨ। ਜਦੋਂ ਰਾਤ ਨੂੰ ਮਾਤਾ ਜੀ ਅਤੇ ਬੱਚੇ ਸੁੱਤੇ ਪਏ ਸਨ ਤਾਂ ਗੰਗੂ ਦੀ ਨੀਯਤ ਖਰਾਬ ਹੋ ਗਈ। ਉਸ ਨੇ ਜ਼ੇਵਰਾਂ ਅਤੇ ਮੋਹਰਾਂ ਵਾਲੀ ਥੈਲੀ ਖਿਸਕਾ ਲਈ। ਸਵੇਰ ਹੋਣ ’ਤੇ ਜਦੋਂ ਮਾਤਾ ਜੀ ਨੇ ਪੁੱਛਿਆ ਤਾਂ ਲੂਣ-ਹਰਾਮੀ ਗੰਗੂ ਸਾਫ਼ ਮੁੱਕਰ ਗਿਆ। ਸਗੋਂ ਸੱਚਾ ਬਣਨ ਦੀ ਖਾਤਰ ਉੱਚੀ-ਉੱਚੀ ਰੌਲਾ ਪਾਉਣ ਲੱਗਾ। ਅਗਲੀ ਸਵੇਰ ਨੂੰ ਉਸ ਨੇ ਮੁਸਲਮਾਨ ਹਕੂਮਤ ਕੋਲੋਂ ਇਨਾਮ ਹਾਸਲ ਕਰਨ ਲਈ ਮਾਤਾ ਜੀ ਅਤੇ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਗੰਗੂ ਬ੍ਰਾਹਮਣ ਦੀ ਬਦਨੀਤੀ ਕਾਰਨ ਨੰਨ੍ਹੇ-ਮੁੰਨ੍ਹੇ ਬੇਦੋਸ਼ੇ ਬਾਲਾਂ ਨੂੰ ਪੋਹ ਮਹੀਨੇ ਦੀਆਂ ਰਾਤਾਂ ਵਿਚ ਦਾਦੀ ਦੇ ਨਾਲ ਠੰਢੇ ਬੁਰਜ਼ ਵਿਚ ਕੈਦ ਕਰ ਦਿੱਤਾ ਗਿਆ। ਅਗਲੇ ਦਿਨ (11 ਪੋਹ) ਨੂੰ ਬੱਚਿਆਂ ਨੂੰ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਨ ਦਾ ਫ਼ੁਰਮਾਨ ਜਾਰੀ ਹੋਇਆ। ਦਾਦੀ ਮਾਤਾ ਜੀ ਦਸੰਬਰ ਦੀ ਬਰਫ ਵਰਗੀ ਠੰਢੀ ਰਾਤ ਨੂੰ ਆਪਣੇ ਪੋਤਿਆਂ ਨੂੰ ਸਰੀਰ ਨਾਲ ਘੁੱਟ- ਘੁੱਟ ਕੇ ਗਰਮਾਉਂਦੇ ਤੇ ਸੁਆਉਣ ਦਾ ਯਤਨ ਕਰਦੇ ਰਹੇ। ਰਾਤ ਭਰ ਉਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ, ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਸਿੰਘਾਂ ਦੀ ਬਹਾਦਰੀ ਦੀਆਂ ਸਾਖੀਆਂ ਸੁਣਾ-ਸੁਣਾ ਕੇ ਉਨ੍ਹਾਂ ਵਿਚ ਬੀਰਤਾ ਦਾ ਜਜ਼ਬਾ ਭਰਦੇ ਰਹੇ ਤਾਂ ਕਿ ਉਹ ਅਗਲੇ ਦਿਨ ਹਾਕਮਾਂ ਦੇ ਸਾਹਮਣੇ ਧਰਮ ਤੋਂ ਡੋਲ ਨਾ ਜਾਣ। ਸਵੇਰੇ ਦਾਦੀ ਜੀ ਨੇ ਆਪਣੇ ਪੋਤਰਿਆਂ ਨੂੰ ਪਿਆਰ ਨਾਲ ਤਿਆਰ ਕੀਤਾ ਤੇ ਕਿਹਾ, “ਆਪਣੇ ਧਰਮ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ! ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹੋ, ਜਿਸ ਨੇ ਜ਼ਾਲਮਾਂ ਤੋਂ ਕਦੀ ਈਨ ਨਹੀਂ ਮੰਨੀ। ਉਸ ਦਾਦੇ ਦੇ ਪੋਤੇ ਹੋ ਜਿਸ ਨੇ ਧਰਮ ਦੀ ਖਾਤਰ ਆਪਣਾ ਸੀਸ ਵਾਰ ਦਿੱਤਾ। ਵੇਖਿਓ ਕਿਤੇ ਵਜ਼ੀਰ ਖਾਂ ਵੱਲੋਂ ਦਿੱਤੇ ਡਰਾਵਿਆਂ ਜਾਂ ਲਾਲਚ ਕਾਰਨ ਧਰਮ ਵੱਲੋਂ ਕਮਜ਼ੋਰੀ ਨਾ ਵਿਖਾ ਜਾਇਓ!” ਦੋਵਾਂ ਨੇ ਹੌਂਸਲੇ ਨਾਲ ਜਵਾਬ ਦਿੱਤਾ:

‘ਧੰਨਯ ਭਾਗ ਹਮਰੇ ਹੈਂ ਮਾਈ।
ਧਰਮ ਹੇਤ ਤਨ ਦੇਕਰ ਜਾਈ।’

ਦਿਨ ਚੜ੍ਹਦਿਆਂ ਹੀ ਨਵਾਬ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਗਏ ਤੇ ਉਨ੍ਹਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਖਾਫੀ ਖਾਂ ਇਤਿਹਾਸਕਾਰ ਅੱਖੀਂ ਡਿੱਠਾ ਹਾਲ ਲਿਖਦਾ ਹੈ ਕਿ ਇਕ ਸਾਜ਼ਸ਼ ਰਚੀ ਗਈ ਜਿਸ ਅਨੁਸਾਰ ਉਨ੍ਹਾਂ ਨੂੰ ਪੇਸ਼ ਹੋਣ ਵੇਲੇ ਛੋਟੇ ਦਰਵਾਜ਼ੇ ਵਿੱਚੋਂ ਲੰਘਾਇਆ ਗਿਆ ਤਾਂ ਕਿ ਸੁਤੇ ਹੀ ਉਨ੍ਹਾਂ ਦਾ ਸਿਰ ਝੁਕ ਜਾਵੇ ਤੇ ਜਦੋਂ ਉਹ ਸਿਰ ਨਿਵਾ ਕੇ ਲੰਘਣਗੇ ਤਾਂ ਉਹ ਤਾੜੀ ਮਾਰ ਕੇ ਐਲਾਨ ਕਰ ਦੇਣਗੇ ਕਿ ਸਾਹਿਬਜ਼ਾਦਿਆਂ ਨੇ ਮੁਗਲ ਸਰਕਾਰ ਅੱਗੇ ਸਿਰ ਝੁਕਾ ਕੇ ਈਨ ਮੰਨ ਲਈ ਹੈ। ਪਰ ਆਤਮਿਕ ਤੌਰ ’ਤੇ ਬਲਵਾਨ ਬੱਚਿਆਂ ਨੇ ਛੋਟੇ ਦਰਵਾਜ਼ੇ ਵਿੱਚੋਂ ਲੰਘਦਿਆਂ ਕਚਹਿਰੀ ਵਿਚ ਦਾਖਲ ਹੋਣ ’ਤੇ ਪੈਰ ਪਹਿਲਾਂ ਕੱਢੇ ਤੇ ਉੱਚੀ ਗੱਜਵੀਂ ਅਵਾਜ਼ ਵਿਚ ‘ਵਾਹਿਗੁਰੂ ਜੀ ਕੀ ਫਤਹਿ’ ਗਜਾਈ। ਲਾਲਾਂ ਦੇ ਚਿਹਰਿਆਂ ਦਾ ਜਾਹੋ-ਜਲਾਲ ਵੇਖ ਕੇ ਸਭ ਦੀਆਂ ਅੱਖਾਂ ਚੁੰਧਿਆ ਗਈਆਂ। ਦੀਵਾਨ ਸੁੱਚਾ ਨੰਦ ਨੇ ਕਿਹਾ, “ਬੱਚਿਓ! ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ” ਤਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ ਕਿ ਉਨ੍ਹਾਂ ਦਾ ਸਿਰ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕ ਸਕਦਾ। ਨਵਾਬ ਨੇ ਬੱਚਿਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਅਤੇ ਨਾ ਮੰਨਣ ’ਤੇ ਉਨ੍ਹਾਂ ਨੂੰ ਮੌਤ ਦਾ ਡਰ ਦਿੱਤਾ। ਇਹ ਵੀ ਕਿਹਾ ਗਿਆ ਕਿ “ਤੁਹਾਡੇ ਦੋਵੇਂ ਭਰਾ ਅਤੇ ਪਿਤਾ ਸਾਰੇ ਸਿੱਖਾਂ ਸਮੇਤ ਮਾਰੇ ਗਏ ਹਨ। ਤੁਸੀਂ ਜਾਨਾਂ ਬਚਾ ਸਕਦੇ ਹੋ। ਤੁਹਾਨੂੰ ਬੜੇ ਸੁਖ-ਅਰਾਮ ਨਾਲ ਪਾਲਿਆ ਜਾਵੇਗਾ ਅਤੇ ਉੱਚੇ ਮੁਰਾਤਬੇ ਤੇ ਜਗੀਰਾਂ ਦਿੱਤੀਆਂ ਜਾਣਗੀਆਂ, ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਓ। ਜੇ ਨਾ ਮੰਨੋਗੇ ਤਾਂ ਕੋਹੇ ਤੇ ਮਾਰੇ ਜਾਓਗੇ” ਅੱਗੋਂ ਸਾਹਿਬਜ਼ਾਦਿਆਂ ਨੇ ਨਿਝਕ ਹੋ ਕੇ ਜਵਾਬ ਦਿੱਤਾ, ‘ਹਮਰੋ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨਾ ਜਾਈ।’(ਪੰਥ ਪ੍ਰਕਾਸ਼) “ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹਾਂ। ਅਸੀਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ। ਅਸੀਂ ਧਰਮ ਛੱਡ ਕੇ ਜਿਊਣ ਨੂੰ ਤਿਆਰ ਨਹੀਂ। ਤੁਹਾਡਾ ਜਿਵੇਂ ਜੀਅ ਕਰਦਾ ਹੈ ਕਰ ਲਵੋ।”13 ਇਸ ਸਮੇਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੇ ਚਿਹਰਿਆਂ ’ਤੇ ਕੋਈ ਡਰ ਦਾ ਚਿੰਨ੍ਹ ਨਹੀਂ ਸੀ। ਸਾਹਿਬਜ਼ਾਦਿਆਂ ਦੇ ਦਲੇਰੀ ਭਰੇ ਉੱਤਰ ਨੂੰ ਸੁਣ ਕੇ ਸਾਰੇ ਪਾਸੇ ਸਨਾਟਾ ਛਾ ਗਿਆ। ਹੰਕਾਰੀ ਨਵਾਬ ਨੂੰ ਗੁੱਸਾ ਆ ਗਿਆ।

11 ਤੇ 12 ਪੋਹ ਨੂੰ ਦੋ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਸੱਦਿਆ ਜਾਂਦਾ ਰਿਹਾ ਅਤੇ ਲਾਲਚ ਤੇ ਡਰਾਵੇ ਦਿੱਤੇ ਜਾਂਦੇ ਰਹੇ, ਪਰ ਬੱਚੇ ਧਰਮ ਤੋਂ ਨਹੀਂ ਡੋਲੇ। ਦੀਵਾਨ ਸੁੱਚਾ ਨੰਦ ਨੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ‘ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ?’ ਸਾਹਿਬਜ਼ਾਦਿਆਂ ਦਾ ਉੱਤਰ ਸੀ ਕਿ ‘ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠੇ ਕਰ ਕੇ ਜ਼ੁਲਮੀ ਰਾਜ ਦੇ ਵਿਰੁੱਧ ਲੜਾਂਗੇ ਅਤੇ ਤਦ ਤਕ ਲੜਦੇ ਰਹਾਂਗੇ ਜਦੋਂ ਤਕ ਜ਼ਾਲਮਾਂ ਦਾ ਖਾਤਮਾ ਨਹੀਂ ਕਰ ਲੈਂਦੇ ਜਾਂ ਖੁਦ ਸ਼ਹੀਦ ਨਹੀਂ ਹੋ ਜਾਂਦੇ।’ ਸੁੱਚਾ ਨੰਦ ਨੇ ਉਸ ਵੇਲੇ ਵਜ਼ੀਰ ਖਾਨ ਨੂੰ ਹੋਰ ਉਕਸਾਉਂਦਿਆਂ ਕਿਹਾ ਕਿ ‘ਇਹ ਸੱਪ ਦੇ ਬੱਚੇ ਹਨ, ਇਹ ਤਰਸ ਦੇ ਲਾਇਕ ਨਹੀਂ। ਇਹ ਕਤਲ ਹੋਣੇ ਚਾਹੀਦੇ ਹਨ। ਵੱਡੇ ਹੋ ਕੇ ਇਹ ਹੋਰ ਔਕੜਾਂ ਖੜ੍ਹੀਆਂ ਕਰਨਗੇ। ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ। ਇਨ੍ਹਾਂ ’ਤੇ ਰਹਿਮ ਨਾ ਕਰੋ।’ ਇਸ ਕਥਨ ਨੂੰ ‘ਕਥਾ ਗੁਰੂ ਜੀ ਦੇ ਸੁਤਨ ਕੀ’ ਕ੍ਰਿਤ ਭਾਈ ਦੂਨਾ ਸਿੰਘ ਹੰਢੂਰੀਆ ਨੇ ਇਸ ਤਰ੍ਹਾਂ ਲਿਖਿਆ ਹੈ:

ਨੀਕੈ ਬਾਲਕ ਤੁਮ ਮਤ ਜਾਨਹੁ।
ਨਾਗਹੁ ਕੇ ਇਹ ਪੁਤ ਬਖਾਨਉ।
ਤੁਮਰੇ ਹਾਥ ਆਜ ਯਹਿ ਆਏ।
ਕਰਹੇ ਅਬੈ ਆਪਨੇ ਮਨ ਭਾਏ।14

ਫਿਰ ਵਜ਼ੀਰ ਖਾਂ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ (ਇਤਿਹਾਸਕਾਰਾਂ ਨੇ ਇਸ ਦੇ ਭਰਾ ਦੀ ਮੌਤ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਹੋਣ ਦਾ ਜ਼ਿਕਰ ਕੀਤਾ ਹੈ) ਨੂੰ ਸੰਬੋਧਿਨ ਕਰ ਕੇ ਕਿਹਾ:

ਤੁਮਰੋ ਮਾਰਯੋ ਗੁਰ ਨਾਹਰ ਖਾਂ ਭਾਈ।
ਉਸ ਬੇਟੇ ਤੁਮ ਦੇਹੁ ਮਰਾਈ।
ਪਰ– ਸ਼ੇਰ ਮੁਹੰਮਦ ਨਹਿ ਗਨੀ,
ਬੋਲਿਯੋ ਸੀਸ ਹਿਲਾਇ।
ਹਮ ਮਾਰੇ ਸ਼ੀਰ ਖੋਰਿਆਂ,
ਜਗ ਮੇਂ ਔਜਸ ਆਇ।

ਪਰ “ਉਸ ਨੇ ਆਖਿਆ ਕਿ ਜੇ ਗੁਰੂ ਗੋਬਿੰਦ ਸਿੰਘ ਮਿਲ ਜਾਂਦੇ ਤਾਂ ਜੰਗ ਵਿਚ ਸਿੱਝ ਲੈਂਦਾ। ਇਨ੍ਹਾਂ ਮਾਸੂਮਾਂ ਉੱਤੇ ਹੱਥ ਉਠਾਣੇ ਕਾਇਰਤਾ ਹੈ, ਬਹਾਦਰੀ ਨਹੀਂ। ਇਹ ਸੀ ਹਾਅ ਦਾ ਨਾਅਰਾ ਜੋ ਮਲੇਰਕੋਟਲੇ ਦੇ ਨਵਾਬ ਨੇ ਮਾਰਿਆ ਪਰ ਤੁਅੱਸਬ ਵਿਚ ਅੰਨ੍ਹੇ ਹੋਇਆਂ ਨੇ ਇੱਕ ਨਾ ਸੁਣੀ।”15 ਅਖੀਰ 13 ਪੋਹ ਵਾਲੇ ਦਿਨ ਨਵਾਬ ਨੇ ਹੁਕਮ ਦੇ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਜਿਊਂਦੇ ਨੀਹਾਂ ਵਿਚ ਚਿਣ ਦਿੱਤਾ ਜਾਵੇ। ਸਿਰ ’ਤੇ ਮੌਤ ਦਾ ਸਾਇਆ ਲਟਕ ਰਿਹਾ ਸੀ ਪਰ ਗੁਰੂ ਦੇ ਦੁਲਾਰੇ ਅਡੋਲ ਸਨ। ਜੋਗੀ ਅੱਲ੍ਹਾ ਯਾਰ ਖਾਂ ਦੇ ਸ਼ਬਦਾਂ ਵਿਚ:

ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।
ਕਹਤੇ ਹੁਏ ਜ਼ਬਾਂ ਸੇ ਬੜ੍ਹੇ ‘ਸਤਿ ਸ੍ਰੀ ਅਕਾਲ’।…

ਚਿਹਰੋਂ ਪੇ ਗ਼ਮ ਕਾ ਨਾਮ ਨ ਥਾ ਔਰ ਨਾ ਥਾ ਮਲਾਲ।
ਜਾ ਠਹਰੇ ਸਰ ਪੇ ਮੌਤ ਕੇ, ਫਿਰ ਭੀ ਨਾ ਥਾ ਖ਼ਿਆਲ।

ਸ਼ੇਰ ਦੇ ਬੱਚਿਆਂ ਨੇ ਲਲਕਾਰ ਕੇ ਕਿਹਾ:

ਹਮ ਜਾਨ ਦੇ ਕੇ ਔਰੌਂ ਕੀ ਜਾਨ ਬਚਾ ਚਲੇ।
ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।
ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੌਮ ਪਾਏਗੀ।
ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ। (ਸ਼ਹੀਦਾਨਿ-ਵਫ਼ਾ)16

ਨਵਾਬ ਦੇ ਹੁਕਮ ਅਨੁਸਾਰ ਬੱਚਿਆਂ ਨੂੰ ਨੀਂਹਾਂ ਵਿਚ ਚਿਣ ਕੇ ਤੇ ਬਾਅਦ ਵਿਚ ਜਿਬਾਹ ਕਰਕੇ ਸ਼ਹੀਦ ਕਰ ਦਿੱਤਾ ਗਿਆ। ਅੰਤਲੇ ਸਵਾਸ ਤਕ ਉਹ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਨ੍ਹਾਂ ਨੇ ਚੜ੍ਹਦੀ ਕਲਾ ਵਿਚ ਰਹਿ ਕੇ ਮੌਤ ਲਾੜੀ ਨੂੰ ਪ੍ਰਣਾ ਲਿਆ। 13 ਪੋਹ 1761 ਨੂੰ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕਰ ਵਿਖਾਇਆ। ਆਪਣੇ ਪੋਤਰਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਠੰਢੇ ਬੁਰਜ ਵਿਚ ਕੈਦ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ ਸੱਚਖੰਡ ਪਧਾਰ ਗਏ। ਇਤਿਹਾਸਕਾਰਾਂ ਅਨੁਸਾਰ ਦੀਵਾਨ ਟੋਡਰ ਮੱਲ ਨੇ ਸਸਕਾਰ ਕਰਨ ਲਈ ਮੋਹਰਾਂ ਵਿਛਾ ਕੇ ਜਗ੍ਹਾ ਲਈ (ਇਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਤ ਹੈ) ਤੇ ਪੂਰਨ ਮਰਿਆਦਾ ਤੇ ਸਤਿਕਾਰ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕਰ ਦਿੱਤਾ। ਇਸ ਅਨਰਥ ਨੂੰ ਵੇਖਕੇ ਸ਼ਾਇਰ ਬੇਸਾਖ਼ਤਾ ਇਉਂ ਕੂਕ ਉੱਠਦਾ ਹੈ:

ਕਤਲਿ ਮਾਸੂਮ ਕਰੋ ਮਾਹਵਿ ਜਫ਼ਾ ਰਹਿਤੇ ਹੋ।
ਕਿਆ ਇਸੀ ਦੀਨ ਕੋ ਤੁਮ ਦੀਨਿ ਖ਼ੁਦਾ ਕਹਿਤੇ ਹੋ?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਪਰੋਕਤ ਨਿੱਕੀਆਂ ਜਿੰਦਾਂ ਦੀ ਅਦੁੱਤੀ ਸ਼ਹਾਦਤ ਦੀ ਦਰਦਨਾਕ ਵਿਥਿਆ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਨੂਰੇ ਮਾਹੀ ਨੇ ਲੰਮੇ ਜਾਂ ਜੱਟਪੁਰੇ ਦੇ ਸਥਾਨ ’ਤੇ ਰੋ-ਰੋ ਕੇ ਤੇ ਹਟਕੋਰੇ ਲੈਂਦਿਆਂ ਸੁਣਾਈ ਤਾਂ ਸੁਣਨ ਵਾਲਿਆਂ ਦੀਆਂ ਭੁੱਬਾਂ ਨਿਕਲ ਗਈਆਂ। ਪਰ ਗੁਰੂ ਜੀ ਅਡੋਲ ਆਪਣੇ ਲਖ਼ਤੇ-ਜਿਗਰਾਂ ਦੀ ਸ਼ਹੀਦੀ ਅਤੇ ਮਾਤਾ ਜੀ ਦੇ ਸੱਚਖੰਡ ਜਾਣ ਦਾ ਬਿਰਤਾਂਤ ਸੁਣਦੇ ਰਹੇ। (ਇੱਥੇ ਇਹ ਜ਼ਿਕਰ ਕਰਨਾ ਜਰੂਰੀ ਹੈ ਕਿ ਚਮਕੌਰ ਸਾਹਿਬ ਤੋਂ ਗੁਰੂ ਜੀ ਮਾਛੀਵਾੜੇ ਗਏ ਤੇ ਫਿਰ ਉੱਥੋਂ ਉੱਚ ਦੇ ਪੀਰ ਦੇ ਭੇਸ ਵਿਚ ਜੱਟਪੁਰੇ ਪਹੁੰਚੇ ਤਾਂ ਰਾਇਕੋਟ ਦਾ ਮੁਸਲਮਾਨ ਚੌਧਰੀ ਰਾਇਕੱਲ੍ਹਾ ਆਪ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਤੇ ਉਸ ਨੇ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ ਤਾਂ ਜੋ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਪਤਾ ਲਿਆਵੇ)17 ਵਾਰਤਾ ਸੁਣਨ ਉਪਰੰਤ ਆਪ ਜੀ ਨੇ ਸ਼ੋਕ ਨਹੀਂ ਕੀਤਾ ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਹੱਥ ਵਿਚਲੇ ਤੀਰ ਦੀ ਨੋਕ ਨਾਲ ਇਕ ਕਾਹੀ ਦਾ ਬੂਟਾ ਜੜ੍ਹ ਸਮੇਤ ਪੁੱਟਿਆ ਅਤੇ ਫ਼ੁਰਮਾਇਆ ਕਿ ਹੁਣ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਜਿਸ ਰਾਜ ਵਿਚ ਮਾਸੂਮਾਂ ’ਤੇ ਜ਼ੁਲਮ ਹੋਣ ਉਹ ਰਾਜ ਖਤਮ ਹੋ ਗਿਆ ਸਮਝੋ।18 ਇਸ ਸੰਦਰਭ ਵਿਚ ਪ੍ਰਿੰ. ਹਰਭਜਨ ਸਿੰਘ ਲਿਖਦੇ ਹਨ ਕਿ ‘ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਇਹ ਘਟਨਾ ਮੁਗਲਾਂ ਦੇ ਜ਼ੁਲਮੀ ਰਾਜ ਦੀ ਜੜ੍ਹ ਉਖਾੜਨ ਦਾ ਸਭ ਤੋਂ ਵੱਡਾ ਕਾਰਨ ਬਣੀ। ਨਿੱਕੀਆਂ ਜਿੰਦਾਂ ਦੇ ਇਸ ਵੱਡੇ ਸਾਕੇ ਨੇ ਸਿੱਖੀ ਦੇ ਮਹੱਲ ਦੀ ਨੀਂਹ ਹੋਰ ਮਜ਼ਬੂਤ ਕੀਤੀ ਅਤੇ ਅਜਿਹੇ ਧੱਕੇਖੋਰ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਸਿੰਘਾਂ ਵਿਚ ਬੇਪਨਾਹ ਜੋਸ਼ ਤੇ ਦ੍ਰਿੜਤਾ ਦਾ ਸੰਚਾਰ ਕੀਤਾ।…ਆਖਰ ਕਿੱਥੇ ਗਿਆ ਉਹ ਮੁਗਲ ਰਾਜ ਤੇ ਇਸਲਾਮ ਦੇ ਨਾਦਾਨ ਦੋਸਤ-ਵਜ਼ੀਰ ਖਾਂ ਵਰਗੇ ਜਰਵਾਣੇ? ਪ੍ਰੰਤੂ ਇਨ੍ਹਾਂ ਅਮਰ ਸ਼ਹੀਦਾਂ ਦੀ ਗਵਾਹੀ ਅੱਜ ਵੀ ਲੱਖਾਂ ਸਾਦਿਕ ਦਿਲਾਂ ਵਿਚ ਧਰਮ ਤੋਂ ਕੁਰਬਾਨ ਹੋਣ ਦੀ ਰੂਹ ਭਰਦੀ ਅਤੇ ਜਗਤ ਕਲਿਆਣ ਲਈ ਰੌਸ਼ਨ-ਮੁਨਾਰੇ ਦਾ ਕੰਮ ਦੇ ਰਹੀ ਹੈ ਅਤੇ ਦੇਂਦੀ ਰਹੇਗੀ।’19

ਇਤਿਹਾਸ ਗਵਾਹ ਹੈ ਕਿ ਸ਼ਹੀਦੀ ਸਾਕਿਆਂ ਨਾਲ ਭਾਰਤੀਆਂ ਵਿਚ ਅਜਿਹੀ ਜਾਗਰਤੀ ਆਈ ਕਿ ਨਿਮਾਣੀ ਤੇ ਨਿਤਾਣੀ ਜਨਤਾ ਨੇ ਸਤਿਗੁਰੂ ਦੇ ਅੰਮ੍ਰਿਤ ਦੀ ਪਾਹੁਲ ਲੈ ਕੇ ਮੁਗਲ ਹਕੂਮਤ ਦੇ ਪੈਰ ਜੜ੍ਹੋਂ ਉਖੇੜ ਦਿੱਤੇ। ਦਸਮੇਸ਼ ਪਿਤਾ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਕੇ ਅਮਰ ਹੋ ਗਏ ਹਨ ਤੇ ਆਪਣੇ ਜੀਵਨ ਦੀ ਕਣੀ ਦੇ ਕੇ ਸਿੱਖ ਕੌਮ ਨੂੰ ਸਦੀਵ ਕਾਲ ਲਈ ਜਿਉਂਦੀ ਕਰ ਗਏ ਹਨ। ਖਾਲਸਾ ਜੀ! ਇਹ ਕਿੰਤੂ-ਰਹਿਤ ਸਚਾਈ ਹੈ ਕਿ ਸ਼ਹੀਦ ਕਦੇ ਨਹੀਂ ਮਰਦੇ ਸਗੋਂ ਉਹ ਆਪਣੇ ਤਨ ਦਾ ਲਹੂ ਤੇਲ ਦੀ ਥਾਂ ਪਾ ਕੇ ਕੌਮਾਂ ਦੀਆਂ ਬੁਝੀਆਂ ਹੋਈਆਂ ਜੀਵਨ ਜੋਤਾਂ ਜਗਾਉਂਦੇ ਹਨ। ਸ਼ਹੀਦਾਂ ਦੇ ਖ਼ੂਨ ਨਾਲ ਮੁਰਦਾ ਕੌਮਾਂ ਫਿਰ ਤੋਂ ਜੀਅ ਉੱਠਦੀਆਂ ਹਨ ਤੇ ਉਨ੍ਹਾਂ ਵਿਚ ਖੇੜਾ ਆ ਜਾਂਦਾ ਹੈ। ਕਿਸੇ ਸ਼ਾਇਰ ਨੇ ਠੀਕ ਆਖਿਆ ਹੈ:

ਜਾਂ ਡੁਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ।
ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।
ਕੋਈ ਦੇਗਾਂ ਦੇ ਵਿਚ ਉਬਲੇ ਜਾਂ, ਸ਼ਾਂਤੀ ਦੇ ਸੋਮੇ ਵਗ ਪੈਂਦੇ।
ਜਾਂ ਚਰਬੀ ਢਲੇ ਸ਼ਹੀਦਾਂ ਦੀ, ਆਸਾਂ ਦੇ ਦੀਵੇ ਜਗ ਪੈਂਦੇ।
ਜਾਂ ਟੁੱਟਦੇ ਤਾਰੇ ਅੱਖੀਆਂ ਦੇ, ਰੂਹਾਂ ਵਿਚ ਚਾਨਣ ਹੋ ਜਾਵੇ।
ਉਸਰੇ ਜਾਂ ਕੰਧ ਮਸੂਮਾਂ ਦੀ, ਢੱਠੀ ਹੋਈ ਕੌਮ ਖਲੋ ਜਾਵੇ। (ਕੁੰਦਨ)20

ਚਮਕੌਰ ਅਤੇ ਸਰਹਿੰਦ ਦੇ ਅਦੁੱਤੀ ਸਾਕੇ ਜਿੱਥੇ ਸਿੱਖ ਕੌਮ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਤੀਕ ਹਨ ਉੱਥੇ ਸਿੱਖ ਬੱਚਿਆਂ ਲਈ ਪ੍ਰੇਰਨਾ ਦਾ ਸ੍ਰੋਤ ਹਨ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਦਸ਼ਮੇਸ਼ ਪਿਤਾ ਦੇ ਚਾਰਾਂ ਲਾਲਾਂ ਨੇ ਬੰਸ ਦੀ ਰੀਤ ਨੂੰ ਨਿਭਾਉਂਦਿਆਂ ਅਤੇ ਸੂਰਬੀਰਤਾ ਦੀ ਕਸੌਟੀ ’ਤੇ ਪੂਰੇ ਉੱਤਰਦਿਆਂ ਹੋਇਆਂ ਆਪਣੇ ਅਣਮੋਲ ਜੀਵਨ ਧਰਮ ਤੇ ਕੌਮ ਨੂੰ ਜਿਉਂਦੇ ਰੱਖਣ ਲਈ ਕੁਰਬਾਨ ਕਰ ਦਿੱਤੇ। ਇਸੇ ਲਈ ਸਰਬੰਸਦਾਨੀ ਪਿਤਾ ਨੇ, ਮਾਤਾਵਾਂ ਵੱਲੋਂ ਆਪਣੇ ਚਾਰਾਂ ਲਾਲਾਂ ਸੰਬੰਧੀ ਪੁੱਛਣ ’ਤੇ, ਬਹਾਦਰ ਸਿੰਘਾਂ (ਖਾਲਸਾ ਕੌਮ) ਵੱਲ ਇਸ਼ਾਰਾ ਕਰਦਿਆਂ ਕਿਹਾ ਸੀ:

ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਭਇਆ? ਜੀਵਤ ਕਈ ਹਜ਼ਾਰ।

ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੀ ਚਿੱਠੀ (ਜ਼ਫਰਨਾਮਾ) ਵਿਚ ਉਸ ਨੂੰ ਵੰਗਾਰਦਿਆਂ ਹੋਇਆਂ ਲਿਖਿਆ ਸੀ ਕਿ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰ ਮਰਵਾ ਦਿੱਤੇ ਹਨ? ਯਾਦ ਰੱਖ, ਕੁੰਡਲੀਆ ਸੱਪ ਅਜੇ ਜਿਉਂਦਾ ਹੈ।… ਇਹਦੇ ਵਿਚ ਕਾਹਦੀ ਜਵਾਂਮਰਦੀ ਹੋਈ ਕਿ ਕੁਝ ਚੰਗਿਆੜੀਆਂ ਨੂੰ ਬੁਝਾ ਦਿੱਤਾ ਹੈ ਜਦ ਕਿ ਇਨ੍ਹਾਂ ਦੇ ਬੁਝਣ ਨਾਲ ਦੱਘਦੀ ਹੋਈ ਜਵਾਲਾ ਭੜਕ ਉੱਠੀ ਹੈ:

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ।(78)

ਚਿਹ ਮਰਦੀ ਕਿ ਅਖ਼ਗਰ ਖਮੋਸ਼ਾ ਕੁਨੀ ਕਿ ਆਤਸ਼ ਦਮਾਂ ਰਾ ਬ ਦੌਰਾਂ ਕੁਨੀ।(79)

ਖਾਲਸਾ ਜੀ! ਆਓ! ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਸ਼ਹੀਦੀ ਸਾਕਿਆਂ ਨੂੰ ਮਨਾਉਂਦੇ ਹੋਏ ਉਨ੍ਹਾਂ ਦੁਆਰਾ ਪਾਏ ਗਏ ਪੂਰਨਿਆਂ ’ਤੇ ਚੱਲਣ ਦਾ ਯਤਨ ਕਰੀਏ ਤਾਂ ਹੀ ਆਪਣੇ ਗੁਰੂ ਪਿਤਾ ਦੇ ਸਪੁੱਤਰ ਤੇ ਸੱਚੇ ਸਿੱਖ ਅਖਵਾ ਸਕਾਂਗੇ।

ਪਦ-ਟਿਪਣੀਆਂ ਤੇ ਹਵਾਲੇ:

  1. ਕੁਰਬਾਨੀ ਅਰਬੀ ਭਾਸ਼ਾ ਦੇ ਸ਼ਬਦ ਕੁਰਬ ਤੋਂ ਬਣਿਆ ਹੈ- ਉਹ ਕ੍ਰਿਯਾ ਜਿਸ ਤੋਂ ਕੁਰਬ (ਨੇੜੇ) ਹੋਈਏ, ਨਿਛਾਵਰ। ਮਹਾਨ ਕੋਸ਼, ਪੰਨਾ 342.
    2.  ਸ਼ਹਾਦਤ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਸੱਚੀ ਗਵਾਹੀ, ਸ਼ਹੀਦੀ, ਧਰਮ ਯੁੱਧ ਵਿਚ ਮੌਤ, ਆਦਿ ਹੈ ਅਤੇ ਸ਼ਹਾਦਤ ਦੇਣ ਵਾਲੇ ਨੂੰ ਸ਼ਹੀਦ ਆਖਿਆ ਹੈ ਜਿਸਨੇ ਧਰਮ ਯੁੱਧ ਵਿਚ ਜੀਵਨ ਅਰਪਿਆ ਹੈ ਅਤੇ ਜਿਸਦੇ ਕਰਮ ਦੀ ਲੋਕ ਗਵਾਹੀ ਦਿੰਦੇ ਹਨ। ਉਹੀ, ਪੰਨਾ 139-39. (Martyr’s) ‘”death that is imposed because of the person’s adherence of a religious faith or cause.” Dictionary.com
    3. Etymologically the word martyr (or martyrdom) is derived from the Greek word ‘martyros’ which means witness. Martyrdom is thus the supreme witness to the truth of faith– bearing witness to the faith even unto death. A martyr is one who accepts death with courage as a witness to his faith believing it to be the most noble of all human endeavors. Martyrdom in its purest form is voluntary, conscious and altruistic readiness to suffer and offer one’s life for a cause. The Ency- clopedia of politics and religion, Ed. Robert Wuthnow- 1998, p. 497.
    4. ਗੁਰਮਤਿ ਫਿਲਾਸਫੀ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ, ਅੰਮ੍ਰਿਤਸਰ- 1963, ਪੰਨਾ 285.
    5. ਸਤਿਬੀਰ ਸਿੰਘ, ਸਾਡਾ ਇਤਿਹਾਸ, ਭਾਗ ਪਹਿਲਾ, ਨਿਊ ਬੁੱਕ ਕੰਪਨੀ, ਜਲੰਧਰ- 1991, ਪੰਨਾ 386.
    6. ਪ੍ਰੋ. ਕਰਤਾਰ ਸਿੰਘ, ਸਿੱਖ ਇਤਿਹਾਸ, ਭਾਗ ਪਹਿਲਾ, ਪੰਨਾ 414.
    7. ਡਾ. ਹਰਨਾਮ ਸਿੰਘ ਸ਼ਾਨ, ਅਜੀਤ (ਧਰਮ ਤੇ ਵਿਰਸਾ) 22 ਦਸੰਬਰ, 2003, ਪੰਨਾ 1.
    8. ਵੇਖੋ ਹਵਾਲਾ: ਸਾਡਾ ਇਤਿਹਾਸ, ਪੰਨਾ 394.
    9. ਜ਼ਫਰਨਾਮੇ ਵਿਚ ਦਸ਼ਮੇਸ਼ ਪਿਤਾ ਨੇ 26ਵੇਂ ਸ਼ਿਅਰ ਤੋਂ 44ਵੇਂ ਸ਼ੇਅਰ ਤਕ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ ਦਾ ਵਰਨਣ ਕੀਤਾ ਹੈ। ਇਸ ਵਿਚ 10 ਲੱਖ ਫ਼ੌਜ ਦੀ ਗਿਣਤੀ ਬਾਰੇ ਲਿਖਿਆ ਵੀ ਸੰਕੇਤ ਦਿੱਤਾ ਹੈ:
    ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥
    ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥19॥
    ਹਮ ਆਖ਼ਿਰ ਚਿਹ ਮਰਦੀ ਕੁਨਦ ਕਾਰਜ਼ਾਰ॥
    ਕਿ ਬਰ ਚਿਹਲ ਤਨ ਆਯਦਸ਼ ਬੇ ਸ਼ੁਮਾਰ॥
    ਹੋਰ ਵੀ ਇਤਿਹਾਸਿਕ ਗਵਾਹੀਆਂ ਮਿਲਦੀਆਂ ਹਨ: (1) ਕਹਾ ਚਾਲਈਸੰ ਕਹਾ ਦਸ ਲਛੰ। ਮਚਿਯੋ ਜੰਗ ਏਤਾ ਸੁਨੋ ਮਤ ਸਵਛੰ। 115। (ਸੁੱਖਾ ਸਿੰਘ, ਗੁਰਬਿਲਾਸ, ਪਾ: 10, ਅਧਿਆਇ 21) (2) ਕਹਾ ਵੀਰ ਚਾਲੀ ਛੁਧਾਵੰਤ ਭਾਰੇ। ਕਹਾਂ ਏਕ ਨੌਂ ਲਾਖਆਏ ਹਕਾਰੇ।(ਸੈਨਾਪਤੀ) ਵੇਖੋ ਹਵਾਲਾ: ਸਾਡਾ ਇਤਿਹਾਸ, ਪੰਨਾ 394.
    10. ਜੌਹਿਰੇ ਤੇਗ,94, ਵੇਖੋ ਹਵਾਲਾ: ਅਜੀਤ (ਧਰਮ ਤੇ ਵਿਰਸਾ), 22 ਦਸੰਬਰ, 2003, ਪੰਨਾ 1.
    11. ਗੰਜਿ ਸ਼ਹੀਦਾਂ, ਵੇਖੋ ਹਵਾਲਾ: ਅਜੀਤ (ਧਰਮ ਤੇ ਵਿਰਸਾ), 20 ਦਸੰਬਰ, 2005, ਪੰਨਾ 16.
    12. ਡਾ. ਜਗਜੀਤ ਸਿੰਘ, ਸਿੱਖ ਫੁਲਵਾੜੀ, ਦਸੰਬਰ 2000, ਪੰਨਾ 15.
    13. ਸਿੱਖ ਇਤਿਹਾਸ, ਭਾਗ ਪਹਿਲਾ, ਪੰਨਾ 427-28.
    14. ਵੇਖੋ ਹਵਾਲਾ : ਸਾਡਾ ਇਤਿਹਾਸ, ਭਾਗ ਪਹਿਲਾ, ਪੰਨਾ 399. 15.
    15. ਉਹੀ, 399-400.
    16. ਵੇਖੋ ਹਵਾਲਾ : ਗੁਰਮਤਿ ਪ੍ਰਕਾਸ਼, ਦਸੰਬਰ 1994.
    17. ਸਿੱਖ ਇਤਿਹਾਸ, ਭਾਗ ਪਹਿਲਾ, ਪੰਨਾ 426.
    18. ਮੇਜਰ ਸਿੰਘ ਤਤਲਾ ਦੁਆਰਾ ਲਿਖੇ ਪੈਂਫਲਟ “ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਰਾਜ ਦੀ ਜੜ੍ਹ ਪੁੱਟੀ” ਦੇ ਪੰਨਾ 5 ਤੇ ਨੂਰੇ ਮਾਹੀ ਤੇ ਗੁਰੂ ਜੀ ਵਿਚਕਾਰ ਹੋਈ ਵਾਰਤਾਲਾਪ ਇਉਂ ਦਰਜ ਹੈ: “ਤਬ ਮਾਹੀ ਕਰ ਜੋਰ ਉਚਾਰਾ। ਮੈਂ ਆਛੈ ਕੀਨੋ ਨਿਰਧਾਰਾ। ਸ਼ੀਰ ਖੋਰ ਇਨ ਦੋਸ਼ ਨਾ ਲੇਸ਼। ਏਵ ਮਲੇਰੀ ਕਹਿ ਬਿਨ ਦਵੈਸ਼।’ ਸੁਨਿ ਕਰਿ ਸ੍ਰੀ ਗੁਰ ਬਾਕ ਬਖਾਨਾ। ‘ਭਖੋ, ਨਾਸ ਅਬਿ ਸਭਿ ਤੁਰਕਾਨਾ। ਇਕ ਮਲੇਰੀਅਨ ਕੀ ਜੜ੍ਹ ਰਹੈ। ਅਪਰ ਤੁਰਕ ਸਭਿ ਦੀ ਜਰ ਦਹੈ।’ ਇਮ ਕਹਿ ਮੁਖ ਤੇ, ਕਰਦ ਚਲਾਈ। ਕਾਹੂ ਬੂਟ ਜੜ੍ਹ ਕਾਟ ਗਵਾਈ। ‘ਜਿਮ ਇਸ ਕੀ ਜੜ੍ਹ, ਕਾਟਿ ਉਖਾਰੀ। ਤਥਾ ਤੁਰਕ ਕੀ ਬਿਨਸਹਿ ਸਾਰੀ।‘ ਕੇਤਿਕ ਦਿਮ ਮਹਿ ਹੋਇ ਬਿਨਾਸ਼ਾ। ‘ਬਿਸ਼ਮਾਵੈ ਜਗ ਦੇਖਿ ਤਮਾਸ਼ਾ’। ਦਿਯੋ ਸ੍ਰਾਪ ਗੁਰ ਕੁਪੇ ਘਨੇਰੇ। ਰਾਜ ਤੇਜ ਕੋ ਮੂਲ ਉਖੇਰੇ। ਪੁਰਿਸਿਰੰ੍ਹਦ ਮਹਿ ਪਾਪ ਘਨੇਰਾ। ਉਜਰ ਜਾਇ ਲਹਿ ਕਸ਼ਟ ਬਡੇਰਾ। ਸਿੱਖ ਹਮਾਰੇ ਮਾਰਿ ਉਜਾਰਹਿਂ। ਛੀਨਿ ਰਾਜ ਧਨ ਵਹਿਰ ਨਿਕਾਰਹਿ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਪਿੰਡ ਲੰਮਾ- ਜੱਟਪੁਰਾ ਦੇ ਸਥਾਨ ਤੇ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਾ. 10 ਸੁਸ਼ੋਭਿਤ ਹੈ।
    19. ਗੁਰਮਤਿ ਪ੍ਰਕਾਸ਼, ਜਨਵਰੀ 1970.
    20. ਵੇਖੋ ਹਵਾਲਾ :ਵੈਰਾਗੀ ਦੇ ਲੈਕਚਰ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ,ਅੰਮ੍ਰਿਤਸਰ-1959,ਪੰਨਾ 235-36.
ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

1 ਕੁਰਬਾਨੀ ਅਰਬੀ ਭਾਸ਼ਾ ਦੇ ਸ਼ਬਦ ਕੁਰਬ ਤੋਂ ਬਣਿਆ ਹੈ- ਉਹ ਕ੍ਰਿਯਾ ਜਿਸ ਤੋਂ ਕੁਰਬ (ਨੇੜੇ) ਹੋਈਏ, ਨਿਛਾਵਰ। ਮਹਾਨ ਕੋਸ਼, ਪੰਨਾ 342.
2 ਕੁਰਬਾਨੀ ਅਰਬੀ ਭਾਸ਼ਾ ਦੇ ਸ਼ਬਦ ਕੁਰਬ ਤੋਂ ਬਣਿਆ ਹੈ- ਉਹ ਕ੍ਰਿਯਾ ਜਿਸ ਤੋਂ ਕੁਰਬ (ਨੇੜੇ) ਹੋਈਏ, ਨਿਛਾਵਰ। ਮਹਾਨ ਕੋਸ਼, ਪੰਨਾ 342. 2.  ਸ਼ਹਾਦਤ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਸੱਚੀ ਗਵਾਹੀ, ਸ਼ਹੀਦੀ, ਧਰਮ ਯੁੱਧ ਵਿਚ ਮੌਤ, ਆਦਿ ਹੈ ਅਤੇ ਸ਼ਹਾਦਤ ਦੇਣ ਵਾਲੇ ਨੂੰ ਸ਼ਹੀਦ ਆਖਿਆ ਹੈ ਜਿਸਨੇ ਧਰਮ ਯੁੱਧ ਵਿਚ ਜੀਵਨ ਅਰਪਿਆ ਹੈ ਅਤੇ ਜਿਸਦੇ ਕਰਮ ਦੀ ਲੋਕ ਗਵਾਹੀ ਦਿੰਦੇ ਹਨ। ਉਹੀ, ਪੰਨਾ 139-39. (Martyr’s) ‘”death that is imposed because of the person's adherence of a religious faith or cause.” Dictionary.com
3 Etymologically the word martyr (or martyrdom) is derived from the Greek word ‘martyros’ which means witness. Martyrdom is thus the supreme witness to the truth of faith– bearing witness to the faith even unto death. A martyr is one who accepts death with courage as a witness to his faith believing it to be the most noble of all human endeavors. Martyrdom in its purest form is voluntary, conscious and altruistic readiness to suffer and offer one’s life for a cause. The Ency- clopedia of politics and religion, Ed. Robert Wuthnow- 1998, p. 497.
4 ਗੁਰਮਤਿ ਫਿਲਾਸਫੀ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ, ਅੰਮ੍ਰਿਤਸਰ- 1963, ਪੰਨਾ 285.
5 ਸਤਿਬੀਰ ਸਿੰਘ, ਸਾਡਾ ਇਤਿਹਾਸ, ਭਾਗ ਪਹਿਲਾ, ਨਿਊ ਬੁੱਕ ਕੰਪਨੀ, ਜਲੰਧਰ- 1991, ਪੰਨਾ 386.
6 ਪ੍ਰੋ. ਕਰਤਾਰ ਸਿੰਘ, ਸਿੱਖ ਇਤਿਹਾਸ, ਭਾਗ ਪਹਿਲਾ, ਪੰਨਾ 414.
7 ਡਾ. ਹਰਨਾਮ ਸਿੰਘ ਸ਼ਾਨ, ਅਜੀਤ (ਧਰਮ ਤੇ ਵਿਰਸਾ) 22 ਦਸੰਬਰ, 2003, ਪੰਨਾ 1.
8 ਵੇਖੋ ਹਵਾਲਾ: ਸਾਡਾ ਇਤਿਹਾਸ, ਪੰਨਾ 394.
9 ਜ਼ਫਰਨਾਮੇ ਵਿਚ ਦਸ਼ਮੇਸ਼ ਪਿਤਾ ਨੇ 26ਵੇਂ ਸ਼ਿਅਰ ਤੋਂ 44ਵੇਂ ਸ਼ੇਅਰ ਤਕ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ ਦਾ ਵਰਨਣ ਕੀਤਾ ਹੈ। ਇਸ ਵਿਚ 10 ਲੱਖ ਫ਼ੌਜ ਦੀ ਗਿਣਤੀ ਬਾਰੇ ਲਿਖਿਆ ਵੀ ਸੰਕੇਤ ਦਿੱਤਾ ਹੈ: ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥ ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥19॥ ਹਮ ਆਖ਼ਿਰ ਚਿਹ ਮਰਦੀ ਕੁਨਦ ਕਾਰਜ਼ਾਰ॥ ਕਿ ਬਰ ਚਿਹਲ ਤਨ ਆਯਦਸ਼ ਬੇ ਸ਼ੁਮਾਰ॥ ਹੋਰ ਵੀ ਇਤਿਹਾਸਿਕ ਗਵਾਹੀਆਂ ਮਿਲਦੀਆਂ ਹਨ: (1) ਕਹਾ ਚਾਲਈਸੰ ਕਹਾ ਦਸ ਲਛੰ। ਮਚਿਯੋ ਜੰਗ ਏਤਾ ਸੁਨੋ ਮਤ ਸਵਛੰ। 115। (ਸੁੱਖਾ ਸਿੰਘ, ਗੁਰਬਿਲਾਸ, ਪਾ: 10, ਅਧਿਆਇ 21) (2) ਕਹਾ ਵੀਰ ਚਾਲੀ ਛੁਧਾਵੰਤ ਭਾਰੇ। ਕਹਾਂ ਏਕ ਨੌਂ ਲਾਖਆਏ ਹਕਾਰੇ।(ਸੈਨਾਪਤੀ) ਵੇਖੋ ਹਵਾਲਾ: ਸਾਡਾ ਇਤਿਹਾਸ, ਪੰਨਾ 394.
10 ਜੌਹਿਰੇ ਤੇਗ,94, ਵੇਖੋ ਹਵਾਲਾ: ਅਜੀਤ (ਧਰਮ ਤੇ ਵਿਰਸਾ), 22 ਦਸੰਬਰ, 2003, ਪੰਨਾ 1.
11 ਗੰਜਿ ਸ਼ਹੀਦਾਂ, ਵੇਖੋ ਹਵਾਲਾ: ਅਜੀਤ (ਧਰਮ ਤੇ ਵਿਰਸਾ), 20 ਦਸੰਬਰ, 2005, ਪੰਨਾ 16.
12 ਡਾ. ਜਗਜੀਤ ਸਿੰਘ, ਸਿੱਖ ਫੁਲਵਾੜੀ, ਦਸੰਬਰ 2000, ਪੰਨਾ 15.
13 ਸਿੱਖ ਇਤਿਹਾਸ, ਭਾਗ ਪਹਿਲਾ, ਪੰਨਾ 427-28.
14 ਵੇਖੋ ਹਵਾਲਾ : ਸਾਡਾ ਇਤਿਹਾਸ, ਭਾਗ ਪਹਿਲਾ, ਪੰਨਾ 399. 15.
15 ਉਹੀ, 399-400.
16 ਵੇਖੋ ਹਵਾਲਾ : ਗੁਰਮਤਿ ਪ੍ਰਕਾਸ਼, ਦਸੰਬਰ 1994.
17 ਸਿੱਖ ਇਤਿਹਾਸ, ਭਾਗ ਪਹਿਲਾ, ਪੰਨਾ 426.
18 ਮੇਜਰ ਸਿੰਘ ਤਤਲਾ ਦੁਆਰਾ ਲਿਖੇ ਪੈਂਫਲਟ “ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਰਾਜ ਦੀ ਜੜ੍ਹ ਪੁੱਟੀ” ਦੇ ਪੰਨਾ 5 ਤੇ ਨੂਰੇ ਮਾਹੀ ਤੇ ਗੁਰੂ ਜੀ ਵਿਚਕਾਰ ਹੋਈ ਵਾਰਤਾਲਾਪ ਇਉਂ ਦਰਜ ਹੈ: “ਤਬ ਮਾਹੀ ਕਰ ਜੋਰ ਉਚਾਰਾ। ਮੈਂ ਆਛੈ ਕੀਨੋ ਨਿਰਧਾਰਾ। ਸ਼ੀਰ ਖੋਰ ਇਨ ਦੋਸ਼ ਨਾ ਲੇਸ਼। ਏਵ ਮਲੇਰੀ ਕਹਿ ਬਿਨ ਦਵੈਸ਼।’ ਸੁਨਿ ਕਰਿ ਸ੍ਰੀ ਗੁਰ ਬਾਕ ਬਖਾਨਾ। ‘ਭਖੋ, ਨਾਸ ਅਬਿ ਸਭਿ ਤੁਰਕਾਨਾ। ਇਕ ਮਲੇਰੀਅਨ ਕੀ ਜੜ੍ਹ ਰਹੈ। ਅਪਰ ਤੁਰਕ ਸਭਿ ਦੀ ਜਰ ਦਹੈ।’ ਇਮ ਕਹਿ ਮੁਖ ਤੇ, ਕਰਦ ਚਲਾਈ। ਕਾਹੂ ਬੂਟ ਜੜ੍ਹ ਕਾਟ ਗਵਾਈ। ‘ਜਿਮ ਇਸ ਕੀ ਜੜ੍ਹ, ਕਾਟਿ ਉਖਾਰੀ। ਤਥਾ ਤੁਰਕ ਕੀ ਬਿਨਸਹਿ ਸਾਰੀ।‘ ਕੇਤਿਕ ਦਿਮ ਮਹਿ ਹੋਇ ਬਿਨਾਸ਼ਾ। ‘ਬਿਸ਼ਮਾਵੈ ਜਗ ਦੇਖਿ ਤਮਾਸ਼ਾ’। ਦਿਯੋ ਸ੍ਰਾਪ ਗੁਰ ਕੁਪੇ ਘਨੇਰੇ। ਰਾਜ ਤੇਜ ਕੋ ਮੂਲ ਉਖੇਰੇ। ਪੁਰਿਸਿਰੰ੍ਹਦ ਮਹਿ ਪਾਪ ਘਨੇਰਾ। ਉਜਰ ਜਾਇ ਲਹਿ ਕਸ਼ਟ ਬਡੇਰਾ। ਸਿੱਖ ਹਮਾਰੇ ਮਾਰਿ ਉਜਾਰਹਿਂ। ਛੀਨਿ ਰਾਜ ਧਨ ਵਹਿਰ ਨਿਕਾਰਹਿ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਪਿੰਡ ਲੰਮਾ- ਜੱਟਪੁਰਾ ਦੇ ਸਥਾਨ ਤੇ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਾ. 10 ਸੁਸ਼ੋਭਿਤ ਹੈ।
19 ਗੁਰਮਤਿ ਪ੍ਰਕਾਸ਼, ਜਨਵਰੀ 1970.
20 ਵੇਖੋ ਹਵਾਲਾ :ਵੈਰਾਗੀ ਦੇ ਲੈਕਚਰ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ,ਅੰਮ੍ਰਿਤਸਰ-1959,ਪੰਨਾ 235-36.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)