ਪਰਵਾਰ ਨਾਲ ਵਿਛੋੜਾ
ਉਹ ਕਹਿਰ ਦੀ ਰਾਤ ਸੀ, ਜਦ ਸਿੱਖਾਂ ਨੇ ਸਰਸਾ ਨਦੀ ਪਾਰ ਕੀਤੀ। ਗੁਰਦੇਵ ਦਾ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਮਹਾਰਾਜ ਦੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਨੂੰ ਚਲੇ ਗਏ। ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਕੀ ਸਾਰੇ ਸਾਥ ਨਾਲੋਂ ਵਿੱਛੜ ਗਏ। ਉਨ੍ਹਾਂ ਨਾਲ ਇੱਕੋ ਗੰਗਾ ਰਾਮ ਰਹਿ ਗਿਆ। ਸਿੱਖ ਘਿਰਣਾ ਨਾਲ ਉਸ ਨੂੰ ਗੰਗੂ (ਆਮ ਪ੍ਰਸਿੱਧ ਹੈ ਕਿ ਗੰਗੂ, ਗੁਰੂ ਜੀ ਦਾ ਰਸੋਈਆ ਸੀ। ਬੈਨਰਜੀ (ਪੰਨਾ 137) ਲਿਖਦਾ ਹੈ ਕਿ ਗੰਗੂ ਰਸੋਈਆ ਹੁੰਦਾ ਸੀ, ਪਰ ਉਸ ਵੇਲੇ ਨੌਕਰੀ ਤੋਂ ਕੱਢਿਆ ਹੋਇਆ ਸੀ। ‘ਗੁਰ ਬਿਲਾਸ’ (ਪੰਨਾ 223) ਵਿਚ ਗੰਗੂ ਨੂੰ ‘ਮਸੰਦ’ ਲਿਖਿਆ ਹੈ) ਕਹਿ ਕੇ ਬੁਲਾਉਂਦੇ ਹਨ।
ਗੰਗੂ ਦੇ ਘਰ ਪੁੱਜੇ
ਮਾਤਾ ਜੀ ਘੋੜੇ ’ਤੇ ਅਸਵਾਰ ਸਨ। ਛੋਟਾ ਪੋਤਰਾ ਉਨ੍ਹਾਂ ਦੇ ਅੱਗੇ ਤੇ ਵੱਡਾ ਪਿੱਛੇ ਬੈਠਾ ਸੀ। ਸਾਥ ਤੋਂ ਵਿੱਛੜ ਕੇ ਉਹ ਬੜੇ ਉਦਾਸ ਸਨ। ਮਾਤਾ ਜੀ ਦੇ ਪਾਸ ਮੋਹਰਾਂ ਦੀ ਭਰੀ ਖੁਰਜੀ ਵੇਖ ਕੇ ਗੰਗੂ ਦਾ ਦਿਲ ਲਲਚਾ ਗਿਆ। ਉਹ ਮਾਤਾ ਜੀ ਨੂੰ ਆਪਣੇ ਘਰ ਪਿੰਡ ‘ਖੇੜੀ’ ਲੈ ਗਿਆ। ਉਸ ਸਮੇਂ ਤਕ ਸੱਤ ਪੋਹ ਦਾ ਸੂਰਜ ਛਿਪ ਚੁੱਕਾ ਸੀ। ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ ਤੇ ਘਰ ਦੇ ਪਿਛਲੇ ਕਮਰੇ ਵਿਚ ਆਰਾਮ ਕਰਨ ਵਾਸਤੇ ਥਾਂ ਦਿੱਤੀ। ਮਾਤਾ ਜੀ ਅੱਧੀ ਰਾਤ ਤਕ ਗਿਣਤੀਆਂ ਵਿਚ ਪਏ ਜਾਗਦੇ ਰਹੇ। ਕਹਿੰਦੇ ਹਨ, ਨੀਂਦ ਸੂਲੀ ’ਤੇ ਵੀ ਆ ਜਾਂਦੀ ਹੈ। ਢਲੀ ਰਾਤ ਪਲ ਕੁ ਮਾਤਾ ਜੀ ਦੀ ਅੱਖ ਲੱਗ ਗਈ। ਏਨੇ ਸਮੇਂ ਤੋਂ ਲਾਭ ਉਠਾ ਕੇ ਗੰਗੂ ਨੇ ਮਾਤਾ ਜੀ ਦੇ ਸਰ੍ਹਾਣਿਓਂ ਮੋਹਰਾਂ ਵਾਲੀ ਖੁਰਜੀ ਚੁੱਕ ਲਈ। ਦਿਨ ਚੜ੍ਹੇ ਮੰਜੇ ਹੇਠਾਂ ਖੁਰਜੀ ਨਾ ਪਈ ਵੇਖ ਕੇ ਮਾਤਾ ਜੀ ਨੇ ਬੜੀ ਨਰਮ ਬੋਲੀ ਵਿਚ ਪੁੱਛਿਆ, “ਬੇਟਾ ਗੰਗਾ ਰਾਮ! ਸਗੋਂ ਖੁਰਜੀ ਚੁੱਕ ਕੇ ਕਿਸੇ ਹੋਰ ਥਾਂ ਸੰਭਾਲ ਦਿੱਤੀ ਊ?”
ਏਨੀ ਸਾਧਾਰਨ ਪੁੱਛ ਉੱਤੇ ਹੀ ਗੰਗੂ ਭੜਕ ਉਠਿਆ। ਉਹਨੇ ਕ੍ਰੋਧ ਨਾਲ ਅੱਖਾਂ ਲਾਲ ਕਰ ਕੇ ਕਿਹਾ, “ਵਾਹ ਮਾਤਾ ਜੀ! ਚੰਗਾ ਦਿੱਤਾ ਜੇ ਨੇਕੀ ਦਾ ਫਲ! ਮੈਂ ਸਰਕਾਰ ਦੇ ਬਾਗੀਆਂ ਨੂੰ ਘਰ ਆਸਰਾ ਦਿੱਤਾ, ਤੇ ਉਲਟਾ ਮੈਨੂੰ ਚੋਰ ਕਹਿੰਦੇ ਹੋ? ਪਿੰਡ ਦੇ ਚੌਧਰੀ ਨੂੰ ਪਤਾ ਲੱਗ ਜਾਵੇ ਤਾਂ ਮੈਂ ਕਿਤੇ ਭਾਲਿਆਂ ਨਾ ਲੱਭਾਂ। ਮੈਂ ਜਾਨ ਦਾ ਖਤਰਾ ਸਹੇੜ ਕੇ ਤੁਹਾਡੀ ਰੱਖਿਆ ਕੀਤੀ ਤੇ ਤੁਸਾਂ ਮੈਨੂੰ ਹੀ ਚੋਰ ਬਣਾਇਆ। ਏਸ ਨਾਲੋਂ ਤਾਂ ਚੰਗਾ ਹੈ ਕਿ ਮੈਂ ਸਾਰੀ ਗੱਲ ਚੌਧਰੀ ਨੂੰ ਜਾ ਦੱਸਾਂ।”
ਗੰਗੂ ਦੀ ਇਹ ਧਮਕੀ ਸੁਣ ਕੇ ਮਾਤਾ ਜੀ ਨੇ ਪਹਿਲਾਂ ਨਾਲੋਂ ਵੀ ਨਰਮ ਸੁਰ ਵਿਚ ਕਿਹਾ, “ਪੁੱਤ! ਤੈਨੂੰ! ਕਿਉਂ ਚੋਰ ਬਣਾਉਣਾ ਸੀ ਮੈਂ? ਮੈਂ ਤੈਨੂੰ ਪੁੱਤਰਾਂ ਵਾਂਗ ਪਾਲਿਆ ਏ। ਮੈਂ ਤਾਂ ਕਿਹਾ ਏ, ਸਗੋਂ ਚੰਗਾ ਕੀਤਾ ਈ, ਚਾਰ ਪੈਸੇ ਕਿਤੇ ਚੰਗੇ ਥਾਂ ਸੰਭਾਲ ਲਏ ਈ। ਭਲਾ ਤੇਰਾ ਸਾਡਾ ਕੁਝ ਵੰਡਿਆ ਹੋਇਆ ਏ?”
“ਬੱਸ ਰਹਿਣ ਦਿਓ ਮਾਤਾ ਜੀ! ਮੈਂ ਇਨ੍ਹਾਂ ਗੱਲਾਂ ਵਿਚ ਆਉਣ ਵਾਲਾ ਨਹੀਂ। ਤੁਸਾਂ ਪਹਿਲਾਂ ਮੈਨੂੰ ਚੋਰ ਬਣਾਇਆ ਤੇ ਹੁਣ ਏਸ ਤਰ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਮੈਥੋਂ ਚੋਰੀ ਦਾ ਇਕਬਾਲ ਕਰਾਉਣਾ ਚਾਹੁੰਦੇ ਓ! ਤੁਹਾਡੇ ਵੱਲੋਂ ਜੋ ਇਨਾਮ ਮਿਲਣਾ ਸੀ, ਮਿਲ ਗਿਆ। ਹੁਣ ਮੈਂ ਆਪਣੀ ਜਾਨ ਕਿਉਂ ਖ਼ਤਰੇ ਵਿਚ ਪਾਵਾਂ? ਮੈਂ ਹੁਣੇ ਜਾ ਕੇ ਚੌਧਰੀ ਨੂੰ ਦੱਸ ਦੇਂਦਾ ਹਾਂ।” ਬੁੜ-ਬੁੜ ਕਰਦਾ ਗੰਗੂ ਘਰੋਂ ਬਾਹਰ ਨਿਕਲ ਤੁਰਿਆ।
ਗੰਗੂ ਨੇ ਸਾਹਿਬਜ਼ਾਦੇ ਫੜਾ ਦਿੱਤੇ
ਮਾਤਾ ਜੀ ਬਥੇਰਾ ਰੋਕ ਰਹੇ, ਪਰ ਮਾਰੀ-ਮੱਤ ਵਾਲਾ ਗੰਗੂ ਮੁੜਿਆ ਨਾ। ਉਸ ਨੇ ਪਿੰਡ ਦੇ ਚੌਧਰੀ ਨੂੰ ਮਾਤਾ ਜੀ ਦੀ ਖ਼ਬਰ ਜਾ ਦਿੱਤੀ। ਚੌਧਰੀ ਉਸੇ ਵੇਲੇ ਆਪਣੇ ਆਦਮੀ ਲੈ ਕੇ ਆ ਗਿਆ। ਮਾਤਾ ਜੀ ਨੂੰ ਵੇਖ ਕੇ ਚੌਧਰੀ ਨੇ ਆਪਣੇ ਆਦਮੀ ਪਹਿਰੇ ’ਤੇ ਬਿਠਾ ਦਿੱਤੇ। ਚੌਧਰੀ ਤੇ ਗੰਗੂ ਦੋਵੇਂ ਮੁਰਿੰਡੇ ਜਾ ਪਹੁੰਚੇ, ਜੋ ਕਿ ਖੇੜੀ (ਪਿੰਡ ਦਾ ਨਾਮ ਸਹੇੜੀ ਪੈ ਗਿਆ, ਕਿਉਂਕਿ ਖੇੜੀ ਦਾ ਨਾਮ ਲੈਣਾ ਲੋਕ ਪਸੰਦ ਨਹੀਂ ਕਰਦੇ) ਤੋਂ ਦੋ ਕੁ ਮੀਲ ਹੈ। ਮੁਰਿੰਡੇ ਦੇ ਹਾਕਮ (ਜਾਨੀ ਖਾਂ ਤੇ ਮਾਨੀ ਖਾਂ) ਓਸੇ ਵੇਲੇ ਸਿਪਾਹੀ ਲੈ ਕੇ ਖੇੜੀ ਜਾ ਪਹੁੰਚੇ। ਮਾਤਾ ਜੀ ਨੇ ਵੇਖ ਕੇ ਗੁੱਸੇ ਨਾਲ ਕਿਹਾ, “ਗੰਗਿਆ! ਜਿਸ ਧਨ ਦੇ ਲੋਭ ਪਿੱਛੇ ਇਹ ਪਾਪ ਕੀਤਾ ਈ, ਕੀ ਉਹ ਤੈਨੂੰ ਪਾਰ ਲਾ ਦੇਵੇਗਾ? ਤੇਰੀ ਮਰਜ਼ੀ!”
ਜਾਨੀ ਖਾਂ ਤੇ ਮਾਨੀ ਖਾਂ ਨੇ ਸ਼ੱਕੀ ਨਜ਼ਰ ਨਾਲ ਗੰਗੂ ਵੱਲ ਵੇਖਿਆ। ਡਰ ਦਾ ਮਾਰਿਆ ਗੰਗੂ ਪੈਰਾਂ ਤਕ ਕੰਬ ਉੱਠਿਆ। ਆਪਣੇ ਪਾਪ ਨੂੰ ਲੁਕਾਉਣ ਦਾ ਜਤਨ ਕਰਦਿਆਂ ਉਹਨੇ ਕੁਝ ਭੜਕ ਕੇ ਕਿਹਾ, “ਮਾਤਾ ਜੀ! ਤੁਹਾਡੇ ਦੋਸ਼ ਲਾਇਆਂ ਮੈਂ ਚੋਰ ਨਹੀਂ ਬਣ ਚੱਲਿਆ। ਮੈਂ ਸਰਕਾਰ ਦਾ ਵਫਾਦਾਰ ਹਾਂ, ਸੋ ਤੁਸਾਂ ਤਾਂ ਮੈਨੂੰ ਬੁਰਾ ਕਹਿਣਾ ਹੀ ਹੋਇਆ।”
ਧਨ ਵਾਲੀ ਗੱਲ ਇਥੇ ਹੀ ਦੱਬੀ ਗਈ। ਜਾਨੀ ਖਾਂ, ਮਾਨੀ ਖਾਂ ਖੁਸ਼ ਸਨ ਕਿ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਬਦਲੇ ਸਰਕਾਰ ਵੱਲੋਂ ਉਨ੍ਹਾਂ ਨੂੰ ਚੋਖੀ ਨੇਕਨਾਮੀ ਮਿਲੇਗੀ। ਉਨ੍ਹਾਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਜਾ ਨਜ਼ਰਬੰਦ ਕੀਤਾ।
ਸਾਹਿਬਜ਼ਾਦੇ ਸਰਹਿੰਦ ਵਿਚ ਕੈਦ :
ਦਸ ਪੋਹ ਨੂੰ ਨਵਾਬ ਵਜ਼ੀਰ ਖਾਂ ਵਾਪਸ ਸਰਹਿੰਦ ਪੁੱਜਾ, ਤਾਂ ਮੁਰਿੰਡੇ ਵਾਲਿਆਂ ਮਾਤਾ ਜੀ ਤੇ ਸਾਹਿਬਜ਼ਾਦੇ ਉਥੇ ਜਾ ਪੇਸ਼ ਕੀਤੇ। ਚਮਕੌਰ ਵਿੱਚੋਂ ਗੁਰੂ ਜੀ ਦੇ ਬਚ ਨਿਕਲ ਜਾਣ ਕਰਕੇ ਸੂਬੇਦਾਰ ਵਜ਼ੀਰ ਖਾਂ ਬੜਾ ਖਿਝਿਆ ਹੋਇਆ ਸੀ। ਉਸ ਵੇਲੇ ਆਪਣੀ ਬੜੀ ਵੱਡੀ ਹਾਰ ਤੇ ਨਮੋਸ਼ੀ ਸਮਝਦਾ ਸੀ। ਛੋਟੇ ਸਾਹਿਬਜ਼ਾਦਿਆਂ ਦੇ ਹੱਥ ਆ ਜਾਣ ਕਰਕੇ ਵਜ਼ੀਰ ਖਾਂ ਦੇ ਮਨ ਨੂੰ ਕੁਝ ਢਾਰਸ ਹੋਈ। ਉਹਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕਿਲ੍ਹੇ ਦੇ ਬੁਰਜ ਵਿਚ ਕੈਦ ਕਰ ਦਿੱਤਾ। ਲੱਗਭਗ ਅੱਠ ਪਹਿਰ ਦਾਦੀ ਪੋਤਰੇ ਭੁੱਖੇ-ਤਿਹਾਏ ਰਹੇ। ਸਾਰੀ ਰਾਤ ਦਾਦੀ, ਪੋਤਰਿਆਂ ਨੂੰ ਗੋਦ ਵਿਚ ਲੈ ਕੇ ਬਜ਼ੁਰਗਾਂ ਦੀ ਦ੍ਰਿੜ੍ਹਤਾ ਦੀਆਂ ਸਾਖੀਆਂ ਸੁਣਾਉਂਦੀ ਰਹੀ। ਬਿਸਤਰੇ ਤੋਂ ਬਿਨਾਂ ਠੰਡਾ ਬੁਰਜ, ਪੋਹ ਦੀ ਕਕਰੀਲੀ ਰਾਤ ਤੇ ਢਿੱਡੋਂ ਭੁੱਖੇ, ਨੀਂਦ ਅੱਖਾਂ ਦੇ ਨੇੜੇ ਨਾ ਫੜਕੀ। ਅਗਲੇ ਦਿਨ ਕਚਹਿਰੀ ਲੱਗੀ ਤਾਂ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ।
ਕਚਹਿਰੀ ਵਿਚ ਪੇਸ਼ੀ
ਕੁਝ ਇਤਿਹਾਸਕਾਰਾਂ ਨੇ ਇਕ ਸੁੰਦਰ ਸਾਖੀ ਲਿਖੀ ਹੈ। ਨਵਾਬ ਦੇ ਅਹਿਲਕਾਰਾਂ ਨੇ ਇਕ ਗੋਂਦ ਅਨੁਸਾਰ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਾਹਿਬਜ਼ਾਦਿਆਂ ਦੇ ਲੰਘਣ ਵਾਸਤੇ ਛੋਟੀ ਜਿਹੀ ਬਾਰੀ ਖੁੱਲ੍ਹੀ ਰੱਖੀ। ਗੋਂਦ ਇਹ ਸੀ ਕਿ ਅੰਦਰ ਦਾਖ਼ਲ ਹੋਣ ਲੱਗੇ ਸਾਹਿਬਜ਼ਾਦੇ ਸਿਰ ਝੁਕਾ ਕੇ ਲੰਘਣਗੇ, ਤਾਂ ਸਾਰੇ ਦਰਬਾਰੀ ਰੌਲਾ ਪਾ ਦੇਣਗੇ, ਕਿ ਸਾਹਿਬਜ਼ਾਦੇ ਨਵਾਬ ਨੂੰ ਸਲਾਮ ਕਰ ਰਹੇ ਹਨ।
ਦੋ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਗਏ। ਪੋਤਰਿਆਂ ਨੂੰ ਵਿਦਿਆ ਕਰਦਿਆਂ ਮਾਤਾ ਗੁਜਰੀ ਜੀ ਨੇ ਏਨਾ ਕਿਹਾ, “ਮੇਰੇ ਲਾਲ! ਏਨੀ ਗੱਲ ਯਾਦ ਰੱਖਣੀ ਕਿ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪੋਤਰੇ ਹੋ। ਮਰਦਾਂ ਵਾਂਗ ਅਡੋਲ ਰਹਿਣਾ। ਜ਼ਾਲਮ ਅੱਗੇ ਝੁਕਣਾ ਨਹੀਂ, ਗੱਜ ਕੇ ਫ਼ਤਿਹ ਬੁਲਾਉਣੀ।”
ਸਾਰੇ ਰਾਹ ਸਿਪਾਹੀ ਧਮਕੀਆਂ ਦਿੰਦੇ ਗਏ ਕਿ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ ਨਹੀਂ ਤਾਂ ਅਣਿਆਈ ਮੌਤੇ ਮਾਰੇ ਜਾਉਗੇ। ਇਸ ਸਿੱਖਿਆ ਦਾ ਅਸਰ ਸਾਹਿਬਜ਼ਾਦਿਆਂ ਦੇ ਮਨ ’ਤੇ ਉਲਟਾ ਹੀ ਹੋਇਆ। ਅੱਗੇ ਜਾਂਦਿਆਂ ਨੂੰ ਸਿਰਫ਼ ਛੋਟੀ ਬਾਰੀ ਖੁੱਲ੍ਹੀ ਵੇਖ ਕੇ ਸਾਹਿਬਜ਼ਾਦੇ ਵੈਰੀ ਦੀ ਚਾਲ ਨੂੰ ਕੁਛ-ਕੁਛ ਸਮਝ ਗਏ। ਉਨ੍ਹਾਂ ਨੂੰ ਮਾਤਾ ਗੁਜਰੀ ਜੀ ਦੀ ਸੁਣਾਈ ਹੋਈ ਸਾਖੀ ਯਾਦ ਆ ਗਈ। “ਇਕ ਵਾਰ ਪਟਨੇ ਵਿਚ ਵੱਡੇ ਨਵਾਬ ਦੀ ਅਸਵਾਰੀ ਜਾ ਰਹੀ ਸੀ। ਤੁਹਾਡੇ ਪਿਤਾ ਜੀ ਹਾਣੀਆਂ ਨਾਲ ਖੇਡ ਰਹੇ ਸਨ। ਨਵਾਬ ਦੇ ਸਿਪਾਹੀਆਂ ਨੇ ਧਮਕੀ ਦਿੰਦਿਆਂ ਕਿਹਾ, “ਐ ਬਾਲਕੋ! ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ।” ਤੁਹਾਡੇ ਪਿਤਾ ਜੀ ਨੇ ਸਲਾਮ ਕਰਨ ਦੀ ਥਾਂ, ਨਵਾਬ ਦਾ ਮੂੰਹ ਚਿੜਾਉਣਾ ਸ਼ੁਰੂ ਕਰ ਦਿੱਤਾ। ਛੋਟੇ ਹੁੰਦੇ ਤੋਂ ਹੀ ਉਹ ਕਿਸੇ ਆਕੜਖੋਰ ਦਾ ਰੁਹਬ ਤਾਂ ਮੰਨਦੇ ਹੀ ਨਹੀਂ ਸਨ।”
ਵੱਡੇ ਭਰਾ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ) ਨੇ ਛੋਟੇ (ਸਾਹਿਬਜ਼ਾਦਾ ਫ਼ਤਿਹ ਸਿੰਘ ਜੀ) ਦੇ ਕੰਨ ਵਿਚ ਕੁਝ ਸਮਝਾਇਆ। ਸਿਪਾਹੀ ਨੇ ਕੜਕ ਕੇ ਕਿਹਾ, “ਔਧਰ ਵੇਖੋ! ਜਿਸ ਤਰ੍ਹਾਂ ਅਗਲਾ ਸਿਪਾਹੀ ਸਲਾਮ ਕਰਦਾ ਹੋਇਆ ਕਚਹਿਰੀ ਵਿਚ ਦਾਖਲ ਹੁੰਦਾ ਹੈ, ਓਸੇ ਤਰ੍ਹਾਂ ਸਲਾਮ ਕਰਨਾ ਹੋਵੇਗਾ।”
ਢੰਗ ਨਾਲ ਸਾਹਿਬਜ਼ਾਦਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਇਕ ਸਿਪਾਹੀ ਉਨ੍ਹਾਂ ਦੇ ਅੱਗੇ-ਅੱਗੇ ਬਾਰੀ ਵਿਚ ਦੀ ਸਿਰ ਝੁਕਾ ਕੇ ਸਲਾਮ ਕਰਦਾ ਹੋਇਆ ਲੰਘਿਆ। ਉਨ੍ਹਾਂ ਦਾ ਖਿਆਲ ਸੀ ਕਿ ਵੇਖੋ-ਵੇਖੀ ਸਾਹਿਬਜ਼ਾਦੇ ਵੀ ਉਸੇ ਤਰ੍ਹਾਂ ਕਰਨਗੇ। ਪਰ ਸਾਹਿਬਜ਼ਾਦਿਆਂ ਨੂੰ ‘ਨਿਰਭੈਤਾ’ ਦਾ ਗੁਣ ਆਪਣੇ ਪਿਤਾ ਵੱਲੋਂ ਵਿਰਸੇ ਵਿਚ ਮਿਲਿਆ ਹੋਇਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਛੋਟੇ ਭਰਾ ਦੇ ਅੱਗੇ ਲੱਗ ਤੁਰੇ। ਉਨ੍ਹਾਂ ਪਹਿਲਾਂ ਬਾਰੀ ਵਿੱਚੋਂ ਪੈਰ ਅੱਗੇ ਲੰਘਾਏ ਫਿਰ ਸਿਰ। ਵੱਡੇ ਵੱਲ ਵੇਖ ਕੇ ਛੋਟੇ ਨੇ ਵੀ ਓਵੇਂ ਹੀ ਕੀਤਾ। ਦੁਸ਼ਮਣ ਦਾ ਇਹ ਮੱਕਾਰੀ ਭਰਿਆ ਵਾਰ ਖਾਲੀ ਗਿਆ। ਨਵਾਬ ਦੇ ਸਾਹਮਣੇ ਨਿਧੜਕ ਖਲੋ ਕੇ ਦੋਹਾਂ ਸਾਹਿਬਜ਼ਾਦਿਆਂ ਨੇ ਫ਼ਤਿਹ ਬੁਲਾਈ। ਸੁਣ ਕੇ ਸਾਰੇ ਦਰਬਾਰੀ ਦੰਗ ਰਹਿ ਗਏ। ਗੁੱਸੇ ਨਾਲ ਬਹੁਤਿਆਂ ਦੇ ਮੱਥੇ ਉੱਤੇ ਵੱਟ ਪੈ ਗਏ।
“ਤੁਹਾਨੂੰ ਸਮਝ ਨਹੀਂ ਕਿ ਮੁਲਜ਼ਮ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ?” ਵਜ਼ੀਰ ਖਾਂ ਨੇ ਮੱਥੇ ’ਤੇ ਤਿਉੜੀ ਪਾ ਕੇ, ਲਿਆਉਣ ਵਾਲੇ ਸਿਪਾਹੀਆਂ ਨੂੰ ਕਿਹਾ। “ਜਨਾਬ! ਅਸੀਂ ਤਾਂ ਸਾਰੇ ਰਾਹ ਸਮਝਾਉਂਦੇ ਆਏ ਆਂ, ਪਰ ਇਹ. ।”
ਸਿਪਾਹੀਆਂ ਨੇ ਆਪਣਾ ਪੱਖ ਪੇਸ਼ ਕੀਤਾ।
ਵਜ਼ੀਰ ਖ਼ਾਂ ਦਾ ਪੇਸ਼ਕਾਰ ਇਕ ਹਿੰਦੂ ਸੁੱਚਾ ਨੰਦ ਸੀ। ਉਸ ਨੇ ਸਾਹਿਬਜ਼ਾਦਿਆਂ ਨੂੰ ਪਲੋਸਦਿਆਂ ਬੜੀ ਮਿੱਠੀ ਸੁਰ ਵਿਚ ਕਿਹਾ, “ਬਾਲਕੋ! ਮੈਂ ਹਿੰਦੂ ਹਾਂ। ਤੁਹਾਡੇ ਨਾਲ ਮੈਨੂੰ ਹਮਦਰਦੀ ਹੈ। ਜਾਣਦੇ ਓ, ਤੁਹਾਡੇ ਪਿਤਾ ਜੀ ਤੇ ਦੋਵੇਂ ਵੱਡੇ ਭਾਈ ਚਮਕੌਰ ਵਿਚ ਸਾਰੇ ਸਿੱਖਾਂ ਸਮੇਤ ਮਾਰੇ ਗਏ ਹਨ? ਗੁਸਤਾਖ਼ੀ ਕਰੋਗੇ, ਤਾਂ ਤੁਸੀਂ ਵੀ ਮਾਰੇ ਜਾਓਗੇ। ਨਵਾਬ ਸਾਹਿਬ ਬੜੇ ਰਹਿਮਦਿਲ ਹਨ। ਸਲਾਮ ਕਰ ਕੇ ਹਜ਼ੂਰ ਤੋਂ ਮਾਫ਼ੀ ਮੰਗ ਲਓ, ਬਖਸ਼ੇ ਜਾਉਗੇ। ਨਹੀਂ ਤਾਂ ਬੜੇ ਤਸੀਹੇ ਦੇ ਕੇ ਮਾਰੇ ਜਾਉਗੇ।” ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਬੜੀ ਨਿਰਭੈਤਾ ਨਾਲ ਸੁੱਚਾ ਨੰਦ ਵੱਲ ਵੇਖਦਿਆਂ ਕਿਹਾ, “ਸਾਡੇ ਪਿਤਾ ਜੀ ਨੂੰ ਕੋਈ ਮਾਰ ਨਹੀਂ ਸਕਦਾ। ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ। ਅਸਾਂ ਫ਼ਤਹਿ ਬੁਲਾਈ ਹੈ, ਤੇ ਫ਼ਤਹਿ ਬੁਲਾਉਂਦੇ ਰਹਾਂਗੇ। ਦੁੱਖਾਂ-ਤਸੀਹਿਆਂ ਤੋਂ ਡਰਨ ਵਾਲੇ ਅਸੀਂ ਨਹੀਂ। ਜੋ ਤੁਹਾਡਾ ਦਿਲ ਆਵੇ, ਕਰ ਲਵੋ।”
ਇਸ ਦਲੇਰੀ ਭਰੇ ਉੱਤਰ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਇਕ ਪਾਸੇ ਸਾਹਿਬਜ਼ਾਦਿਆਂ ਨੂੰ ਰੱਜ ਕੇ ਧਮਕਾਇਆ ਗਿਆ ਤੇ ਦੂਸਰੇ ਪਾਸੇ ਹਰ ਤਰ੍ਹਾਂ ਦੇ ਲਾਲਚ ਵਿਖਾਏ ਗਏ। ਜਾਗੀਰਾਂ, ਨਵਾਬੀਆਂ, ਨਵਾਬਜ਼ਾਦੀਆਂ ਦੇ ਡੋਲੇ ਤੇ ਅਣਡਿੱਠੇ ਬਹਿਸ਼ਤਾਂ ਦੇ ਲਾਰੇ ਲਾਏ ਗਏ, ਪਰ ਉਹ ਬੀਰ-ਬਾਲਕ ਕਿਸੇ ਝਾਂਸੇ ਵਿਚ ਨਾ ਆਏ। ਅੰਤ ਖਿਝ ਕੇ ਵਜ਼ੀਰ ਖ਼ਾਂ ਨੇ ਕਿਹਾ, “ਬੇਸਮਝ ਬਾਲਕੋ! ਮੇਰੀ ਆਖ਼ਰੀ ਸ਼ਰਤ ਸੁਣ ਲਵੋ। ਜਾਂ ਇਸਲਾਮ ਪਰਵਾਨ ਕਰ ਲਵੋ, ਨਹੀਂ ਤਾਂ ਸਖ਼ਤ ਤਸੀਹੇ ਦੇ ਕੇ ਮਾਰੇ ਜਾਉਗੇ।”
“ਅਸੀਂ ਮੌਤ ਜਾਂ ਦੁੱਖਾਂ-ਤਸੀਹਿਆਂ ਤੋਂ ਡਰਨ ਵਾਲੇ ਨਹੀਂ। ਆਪਣੇ ਦਾਦੇ ਵਾਂਗ ਸ਼ਹੀਦ ਹੋ ਜਾਵਾਂਗੇ, ਪਰ ਤੇਰਾ ਦੀਨ ਨਹੀਂ ਮੰਨਾਂਗੇ।” ਸਾਹਿਬਜ਼ਾਦਿਆਂ ਨੇ ਓਵੇਂ ਹੀ ਦਲੇਰੀ ਨਾਲ ਉੱਤਰ ਦਿੱਤਾ।
ਸ਼ੇਰ ਮੁਹੰਮਦ ਖ਼ਾਂ ਮਲੇਰਕੋਟਲਾ
ਉਸ ਵੇਲੇ ਕਚਹਿਰੀ ਵਿਚ ਸ਼ੇਰ ਮੁਹੰਮਦ ਖ਼ਾਂ ਮਲੇਰਕੋਟਲੇ ਵਾਲਾ ਵੀ ਬੈਠਾ ਸੀ। ਵਜ਼ੀਰ ਖ਼ਾਂ ਨੇ ਉਹਨੂੰ ਸੰਬੋਧਨ ਕਰ ਕੇ ਕਿਹਾ, “ਖ਼ਾਨ ਸਾਹਿਬ! ਚਮਕੌਰ ਵਿਚ ਗੁਰੂ ਨੇ ਤੁਹਾਡੇ ਭਾਈ ਨਾਹਰ ਖਾਂ ਨੂੰ ਕਤਲ ਕੀਤਾ ਸੀ। ਤੁਸੀਂ ਇਨ੍ਹਾਂ ਦੋਹਾਂ ਨੂੰ ਕਤਲ ਕਰ ਕੇ ਭਰਾ ਦਾ ਬਦਲਾ ਲੈ ਲਵੋ।”
“ਨਵਾਬ ਸਾਹਿਬ! ਮੇਰੇ ਭਰਾ-ਭਤੀਜੇ ਮੈਦਾਨ ਵਿਚ ਲੜਦੇ ਹੋਏ ਮਾਰੇ ਗਏ ਹਨ। ਅੱਜ ਵੀ ਗੁਰੂ ਮੇਰੇ ਸਾਹਮਣੇ ਆ ਜਾਏ, ਤਾਂ ਮੈਂ ਮਰਦਾਂ ਵਾਂਗ ਮੈਦਾਨ ਵਿਚ ਉਸ ਤੋਂ ਬਦਲਾ ਲਵਾਂਗਾ। ਪਰ ਇਨ੍ਹਾਂ ਮਾਸੂਮ ਬੱਚਿਆਂ ਨੂੰ ਇਨ੍ਹਾਂ ਦੇ ਪਿਤਾ ਦੀ ਕੀਤੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਬੇਗੁਨਾਹ ਹਨ। ਇਸਲਾਮੀ ਸ਼ਰ੍ਹਾ ਵਿਚ ਮਾਸੂਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨਾ ਪਾਪ ਹੈ। ਮੇਰੀ ਰਾਏ ਹੈ ਕਿ ਇਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ।” ਸ਼ੇਰ ਮੁਹੰਮਦ ਖਾਂ ਨੇ ਦਲੇਰ ਬੰਦਿਆਂ ਵਾਂਗ ਉੱਤਰ ਦਿੱਤਾ।
ਸੁੱਚਾ ਨੰਦ ਦੀ ਕਮੀਨਗੀ
ਸ਼ੇਰ ਮੁਹੰਮਦ ਖ਼ਾਂ ਦੀ ਰਾਏ ਸੁਣ ਕੇ ਕੋਲੋਂ ਸੁੱਚਾ ਨੰਦ ਉਠ ਖਲੋਤਾ। ਉਹਨੇ ਪਹਿਲਾਂ ਵਾਂਗ ਸਾਹਿਬਜ਼ਾਦਿਆਂ ਨਾਲ ਪਿਆਰ ਜਤਾਉਂਦਿਆਂ ਕਿਹਾ, “ਸੁਣਿਆ ਬਾਲਕੋ? ਨਵਾਬ ਸ਼ੇਰ ਮੁਹੰਮਦ ਸਾਹਿਬ ਤੁਹਾਡੇ ਉੱਤੇ ਰਹਿਮ ਕਰਨ ਦੇ ਹੱਕ ਵਿਚ ਹਨ। ਭਲਾ ਸਰਕਾਰ ਤੁਹਾਨੂੰ ਛੱਡ ਦੇਵੇ ਤਾਂ ਤੁਸੀਂ ਕੀ ਕਰੋਗੇ?”
“ਅਸੀਂ?” ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਉੱਤਰ ਦਿੱਤਾ, “ਅਸੀਂ ਜੰਗਲਾਂ ਤੇ ਪਿੰਡਾਂ ਵਿਚ ਜਾ ਕੇ ਆਪਣੇ ਸਿੱਖ ਇਕੱਠੇ ਕਰਾਂਗੇ, ਤੇ ਫੌਜਾਂ ਬਣਾ ਕੇ ਜ਼ਾਲਮ ਸਰਕਾਰ ਨਾਲ ਲੜਾਂਗੇ।”
“ਤੁਸੀਂ ਹਾਰ ਜਾਉਗੇ ਤੇ ਫੇਰ ਫੜੇ ਜਾਉਗੇ। ਭਲਾ ਜੇ ਫੇਰ ਵੀ ਤੁਹਾਨੂੰ ਛੱਡ ਦਿੱਤਾ ਜਾਵੇ, ਤਾਂ ਤੁਸੀਂ ਕੀ ਕਰੋਗੇ?” ਸੁੱਚਾ ਨੰਦ ਨੇ ਫੇਰ ਪੁੱਛਿਆ।
“ਅਸੀਂ ਫੇਰ ਆਪਣੀਆਂ ਫੌਜਾਂ ਇਕੱਠੀਆਂ ਕਰ ਕੇ ਸਰਕਾਰ ਨਾਲ ਲੜਾਂਗੇ, ਤੇ ਓਦੋਂ ਤਕ ਲੜਦੇ ਰਹਾਂਗੇ, ਜਿੰਨਾ ਚਿਰ ਇਹ ਜ਼ਾਲਮ ਸਰਕਾਰ ਖ਼ਤਮ ਨਹੀਂ ਹੋ ਜਾਂਦੀ।” ਦੋਹਾਂ ਸਾਹਿਬਜ਼ਾਦਿਆਂ ਦਾ ਲੱਗਭਗ ਇੱਕੋ ਜਵਾਬ ਸੀ।
“ਸੁਣਿਆ ਜਨਾਬ?” ਸੁੱਚਾ ਨੰਦ ਨੇ ਵਜ਼ੀਰ ਖਾਂ ਵੱਲ ਸੰਬੋਧਤ ਹੋ ਕੇ ਕਿਹਾ, “ਇਹ ਹਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ! ਸੱਪਾਂ ਦੇ ਪੁੱਤ ਸੱਪ ਹੀ ਹੁੰਦੇ ਹਨ। ਇਨ੍ਹਾਂ ਨੂੰ ਛੱਡ ਦੇਣਾ, ਆਪਣੇ ਆਪ ਨਾਲ ਵੈਰ ਕਰਨ ਦੇ ਬਰਾਬਰ ਹੈ। ਇਹ ਵੱਡੇ ਹੋ ਕੇ ਆਪਣੇ ਪਿਤਾ ਨਾਲੋਂ ਵੀ ਵੱਧ ਹੋਣਗੇ। ਮੇਰੀ ਰਾਏ ਵਿਚ ਇਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ।”
ਮੁਫਤੀ ਦਾ ਫਤਵਾ
ਸੁੱਚਾ ਨੰਦ ਦੀ ਰਾਏ ਸੁਣ ਕੇ ਮੁਫਤੀ-ਮੌਲਵੀ ਵੀ ਤੇਜ਼ ਹੋ ਗਏ। ਉਨ੍ਹਾਂ ਵੀ ਸਾਹਿਬਜ਼ਾਦਿਆਂ ਨੂੰ ਮਾਰ ਦੇਣ ਦੀ ਸਲਾਹ ਦਿੱਤੀ। ਵੱਡੇ ਮੁਫ਼ਤੀ ਨੇ ਫਤਵਾ ਦਿੱਤਾ ਕਿ ਏਹੋ ਜਿਹੇ ਜ਼ਿੱਦੀ ਬਾਲਕਾਂ ਨੂੰ ਜਿਉਂਦਿਆਂ ਕੰਧ ਵਿਚ ਚਿਣ ਦੇਣਾ ਚਾਹੀਦਾ ਹੈ।
ਸ਼ੇਰ ਮੁਹੰਮਦ ਵੱਲੋਂ ਹਾਅ ਦਾ ਨਾਹਰਾ
“ਇਹ ਜ਼ੁਲਮ ਹੈ, ਹੱਦੋਂ ਵੱਧ ਜ਼ੁਲਮ। ਇਹ ਸ਼ਰ੍ਹਾ ਦੇ ਉਲਟ ਹੈ। ਮਾਸੂਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨ ਦੀ ਸ਼ਰ੍ਹਾ ਕਦੇ ਇਜਾਜ਼ਤ ਨਹੀਂ ਦਿੰਦੀ। ਮੈਂ ਇਹ ਜ਼ੁਲਮ ਨਹੀਂ ਵੇਖ ਸਕਦਾ।” ਹਾਅ ਦਾ ਨਾਹਰਾ ਮਾਰ ਕੇ ਸ਼ੇਰ ਮੁਹੰਮਦ ਖਾਂ ਕਚਹਿਰੀ ਵਿੱਚੋਂ ਉੱਠ ਕੇ ਚਲਿਆ ਗਿਆ।
ਕੰਧ ਵਿਚ ਚਿਣਨਾ
ਸ਼ੇਰ ਮੁਹੰਮਦ ਖਾਂ ਦੀ ਗੱਲ ਦੀ ਕਿਸੇ ਪਰਵਾਹ ਨਾ ਕੀਤੀ। ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਸਤੇ ਕਚਹਿਰੀ ਦੇ ਹਾਤੇ ਵਿਚ ਹੀ ਕੰਧ ਉਸਾਰਨ ਦਾ ਪ੍ਰਬੰਧ ਕੀਤਾ ਗਿਆ। ਕੰਧ ਦੇ ਹਰ ਵਾਰ ਦੇ ਨਾਲ ਸਾਹਿਬਜ਼ਾਦਿਆਂ ਨੂੰ ਪੁੱਛਿਆ ਜਾਂਦਾ ਕਿ ਇਸਲਾਮ ਮੰਨ ਲਵੋ, ਤਾਂ ਜਾਨ ਬਖ਼ਸ਼ੀ ਜਾ ਸਕਦੀ ਹੈ। ਹਰ ਵਾਰ ਸਾਹਿਬਜ਼ਾਦੇ ਇੱਕੋ ਉੱਤਰ ਦੇਂਦੇ, “ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤਰੇ ਹਾਂ। ਸਿਰ ਦੇ ਦਿਆਂਗੇ, ਪਰ ਅਸੀਂ ਧਰਮ ਨਹੀਂ ਹਾਰਾਂਗੇ।”
ਕੰਧ ਗੋਡਿਆਂ ਤਕ ਆ ਗਈ। ਦੋਵੇਂ ਸੋਹਲ ਬਾਲਕ ਬੇਹੋਸ਼ ਹੋ ਕੇ ਇਕ ਪਾਸੇ ਉਲਰ ਪਏ। ਉਨ੍ਹਾਂ ਦੇ ਭਾਰ ਨਾਲ ਉਸ ਪਾਸਿਓਂ ਕੰਧ ਵੀ ਡਿੱਗ ਪਈ। ਸ਼ਾਇਦ ਕੰਧ ਉਸਾਰਨ ਦਾ ਮਤਲਬ ਵੀ ਵਧੇਰੇ ਕਰ ਕੇ ਸਾਹਿਬਜ਼ਾਦਿਆਂ ਨੂੰ ਡਰਾਉਣਾ ਹੀ ਸੀ। ਬੇਹੋਸ਼ੀ ਦੀ ਹਾਲਤ ਵਿਚ ਹੀ ਸਾਹਿਬਜ਼ਾਦੇ ਦਾਦੀ ਜੀ ਕੋਲ ਪਹੁੰਚਾ ਦਿੱਤੇ ਗਏ। ਨਿਸ਼ਾਨਾ ਇਹ ਸੀ ਕਿ ਬੱਚਿਆਂ ਦੀ ਅਜਿਹੀ ਹਾਲਤ ਵੇਖ ਕੇ ਮਾਤਾ ਗੁਜਰੀ ਜੀ ਵੀ ਸਹਿਮ ਜਾਣ। ਬੱਚਿਆਂ ਨੂੰ ਜਦ ਹੋਸ਼ ਆਈ ਤਾਂ ਉਨ੍ਹਾਂ ਨੇ ਕਚਹਿਰੀ ਵਿਚ ਹੋਈ- ਬੀਤੀ ਸਾਰੀ ਵੇਰਵੇ ਨਾਲ ਕਹਿ ਸੁਣਾਈ।
ਅਗਲੇ ਦਿਨ ਏਨਾ ਸੁਨੇਹਾ ਆਇਆ, “ਮਾਤਾ ਜੀ! ਨਵਾਬ ਸਾਹਿਬ ਵੱਲੋਂ ਆਪ ਜੀ ਨੂੰ ਸੋਚਣ ਵਾਸਤੇ ਇਕ ਦਿਨ ਦੀ ਹੋਰ ਮੁਹਲਤ ਦਿੱਤੀ ਜਾਂਦੀ ਹੈ। ਆਪ ਇਸਲਾਮ ਕਬੂਲ ਕਰ ਕੇ ਆਪਣੀ ਤੇ ਬੱਚਿਆਂ ਦੀ ਜਾਨ ਬਚਾ ਸਕਦੇ ਹੋ। ਨਹੀਂ ਤਾਂ ਭਲਕੇ ਦੋਵੇਂ ਸਾਹਿਬਜ਼ਾਦੇ ਕਤਲ ਕਰ ਦਿੱਤੇ ਜਾਣਗੇ।”
ਸ਼ਹੀਦੀ
ਅੱਠ ਪਹਿਰ, ਜ਼ਿੰਦਗੀ ਦੇ ਆਖ਼ਰੀ ਅੱਠ ਪਹਿਰ ਬੀਤ ਗਏ। ਕਿਵੇਂ ਬੀਤੇ ਹੋਣਗੇ ? ਅੰਦਾਜ਼ਾ ਲਾਉਣਾ ਔਖਾ ਹੈ। ਅਗਲੇ ਦਿਨ ਤੇਰ੍ਹਾਂ ਪੋਹ, ਸੰਮਤ 1761 ਬਿ: ਨੂੰ ਦੋਵੇਂ ਸਾਹਿਬਜ਼ਾਦੇ ਸ਼ਹੀਦ ਕਰਨ ਵਾਸਤੇ ਕਚਹਿਰੀ ਵਿਚ ਪੇਸ਼ ਕੀਤੇ ਗਏ। ਉਸ ਵੇਲੇ ਵੱਡੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਦੀ ਉਮਰ ਸੱਤ ਸਾਲ, ਗਿਆਰਾਂ ਮਹੀਨੇ ਤੇ ਅੱਠ ਦਿਨ ਦੀ ਸੀ। ਛੋਟੇ ਫ਼ਤਹਿ ਸਿੰਘ ਜੀ ਦੀ ਉਮਰ ਪੰਜ ਸਾਲ, ਦਸ ਮਹੀਨੇ ਤੇ ਦਸ ਦਿਨ ਦੀ ਸੀ। ਉਨ੍ਹਾਂ ਦੇ ਭੋਲੇ-ਭਾਲੇ ਚਿਹਰਿਆਂ ਵੱਲ ਵੇਖ ਕੇ ਵੀ ਜ਼ਾਲਮਾਂ ਨੂੰ ਤਰਸ ਨਾ ਆਇਆ। ਰਸਮੀ ਤੌਰ ’ਤੇ ਇਕ ਵਾਰ ਫੇਰ ਪੁੱਛਿਆ ਗਿਆ, ਜੇ ਉਹ ਇਸਲਾਮ ਕਬੂਲ ਕੇ ਜਾਨ ਬਚਾਉਣਾ ਚਾਹੁੰਦੇ ਹੋਣ ਤਾਂ। ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖ਼ੂਨ ਮੌਤ ਤੋਂ ਕਿਵੇਂ ਡਰ ਜਾਂਦਾ! ਦੋਹਾਂ ਦੇ ਕਤਲ ਦਾ ਆਖ਼ਰੀ ਫੈਸਲਾ ਹੋ ਗਿਆ।
ਪਰ ਇਹ ਕੰਮ ਭੁਗਤਾਵੇ ਕੌਣ? ਕੋਈ ਵੀ ਜੱਲਾਦ ਇਸ ਅੱਤ ਦੇ ਜ਼ੁਲਮ ਵਾਸਤੇ ਤਿਆਰ ਨਹੀਂ ਸੀ। ਦੋ ਜੱਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਕਿਸੇ ਮੁਕੱਦਮੇ ਵਿਚ ਫਸੇ ਹੋਏ ਸਨ। ਉਨ੍ਹਾਂ ਉੱਠ ਕੇ ਅਰਜ਼ ਕੀਤੀ, “ਸਰਕਾਰ! ਸਾਡਾ ਜ਼ੁਰਮ ਮਾਫ਼ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ।” ਉਨ੍ਹਾਂ ਦੀ ਇਹ ਬੇਨਤੀ ਮੰਨ ਲਈ ਗਈ।
ਅੱਗੇ ਲਿਖਦਿਆਂ ਛਾਤੀ ਪਾਟਦੀ ਹੈ। ਜੱਲਾਦਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਧਰਤੀ ਉੱਤੇ ਸਿੱਧੇ ਲਿਟਾ ਕੇ ਉਨ੍ਹਾਂ ਦੀਆਂ ਛਾਤੀਆਂ ’ਤੇ ਗੋਡੇ ਰੱਖ ਕੇ ਛੁਰੀ ਨਾਲ ਬੱਕਰੇ ਵਾਂਗ ਹਲਾਲ ਕੀਤਾ। ਇਹ ਅਮਾਨਵੀ ਅੱਤਿਆਚਾਰ ਨੂੰ ਵੇਖ ਕੇ ਜ਼ਮੀਨ ਅਸਮਾਨ ਕੰਬ ਉੱਠੇ।
ਇਸ ਸ਼ਹੀਦੀ ਨੇ ਸਾਰੇ ਪੰਜਾਬ ਵਿਚ ਅਜਿਹੀ ਅੱਗ ਭੜਕਾ ਦਿੱਤੀ, ਜੋ ਮੁਗ਼ਲ ਰਾਜ ਨੂੰ ਖ਼ਤਮ ਕਰ ਕੇ ਹੀ ਸ਼ਾਂਤ ਹੋਈ। ਲੋਕ ਆਹ ਭਰ ਕੇ ਕਹਿੰਦੇ, ‘ਏਸ ਜੀਉਣ ਨਾਲੋਂ ਤਾਂ ਸਰਕਾਰ ਦੇ ਗਲ ਪੈ ਕੇ ਮਰ ਜਾਣਾ ਚੰਗਾ ਹੈ।’
ਟੋਡਰ ਮੱਲ ਨੇ ਸਸਕਾਰ ਕੀਤਾ
ਸਰਹਿੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖਾਂ ਪਾਸੋਂ ਸਾਹਿਬਜ਼ਾਦਿਆਂ ਦੇ ਅੰਤਮ-ਸਸਕਾਰ ਦੀ ਆਗਿਆ ਮੰਗੀ। ਨਵਾਬ ਨੇ ਕਿਹਾ, ‘ਜ਼ਮੀਨ ਮੁੱਲ ਲੈ ਕੇ ਸਸਕਾਰ ਕਰ ਸਕਦੇ ਹੋ, ਤੇ ਜ਼ਮੀਨ ਮੁੱਲ ਮਿਲੇਗੀ ਮੋਹਰਾਂ ਵਿਛਾ ਕੇ।’ ਟੋਡਰ ਮੱਲ ਨੇ ਇਹ ਸ਼ਰਤ ਪੂਰੀ ਕਰ ਦਿੱਤੀ। ਉਹਨੇ ਮੋਹਰਾਂ ਵਿਛਾ ਕੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ, ਤੇ ਅਗਲੇ ਦਿਨ ਮਾਤਾ ਗੁਜਰੀ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉਸ ਥਾਂ ’ਤੇ ਗੁਰਦੁਆਰਾ ‘ਜੋਤੀ ਸਰੂਪ’ ਕਾਇਮ ਹੈ।
ਗੰਗੂ ਕਿਵੇਂ ਮਰਿਆ?
ਹੁਣ ਵਾਰੀ ਆ ਗਈ ਵਿਸ਼ਵਾਸਘਾਤੀ ਗੰਗੂ ਦੀ। ਜਿਸ ਧਨ ਦੇ ਲਾਲਚ ਵਿਚ ਉਹਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਮਾਤਾ ਗੁਜਰੀ ਜੀ ਤੋਂ ਸੁਣੇ ਹੋਏ ਸ਼ਬਦਾਂ ਦੇ ਆਧਾਰ ’ਤੇ ਜਾਨੀ ਖ਼ਾਂ ਅਤੇ ਮਾਨੀ ਖ਼ਾਂ ਨੇ ਨਵਾਬ ਵਜ਼ੀਰ ਖ਼ਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖ਼ਾਂ ਨੇ ਉਹ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣ ਵਾਸਤੇ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕੀਤਾ ਤਾਂ ਹਾਕਮਾਂ ਵੱਲੋਂ ਮਾਰ-ਕੁਟਾਈ ਸ਼ੁਰੂ ਹੋ ਗਈ। ਅੰਤ ਕੁੱਟ ਦਾ ਮਾਰਿਆ ਗੰਗੂ ਮੰਨ ਗਿਆ। ਉਹਨੇ ਕਈ ਥਾਂ ਵਿਖਾਏ, ਜਿੱਥੇ ਧਨ ਦੱਬਿਆ ਸੀ, ਪਰ ਧਨ ਕਿਤੋਂ ਨਾ ਨਿਕਲਿਆ। ਮਾਸੂਮ ਬੱਚਿਆਂ ਦੀ ਸ਼ਹੀਦੀ ਨੇ ਉਸ ਦੇ ਮਨ ’ਤੇ ਵੀ ਅਸਰ ਕੀਤਾ ਸੀ ਤੇ ਉਹ ਭੁੱਲ ਗਿਆ ਸੀ ਕਿ ਧਨ ਕਿਸ ਥਾਂ ਦੱਬ ਬੈਠਾ ਹੈ। ਹਾਕਮਾਂ ਸਮਝਿਆ ਕਿ ਗੰਗੂ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਸਿੱਟਾ ਇਹ ਨਿਕਲਿਆ, ਕਿ ਗੰਗੂ ਸਰਕਾਰੀ ਬੰਦਿਆਂ ਹੱਥੋਂ ਕੁੱਟੀ ਦਾ-ਕੁੱਟੀ ਦਾ ਹੀ ਮਰ ਗਿਆ।(ਮੈਕਾਲਫ਼, ਜਿਲਦ ਪੰਜਵੀਂ, ਸਫ਼ਾ 199)
ਸ਼ਹੀਦੀ ਦਾ ਅਸਰ
ਠੀਕ ਕਹਿੰਦੇ ਹਨ, ਸ਼ਹੀਦ ਦੀ ਮੌਤ ਕੌਮ ਨੂੰ ਨਵਾਂ ਜੀਵਨ ਬਖ਼ਸ਼ਦੀ ਹੈ। ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਲੋਕਾਂ ਦੇ ਅੰਦਰ ਗੁੱਸੇ ਦੀ ਅੱਗ ਸੁਲਗਣ ਲੱਗ ਪਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਚਾਰ ਤੇ ਦਲੇਰੀ ਭਰੇ ਕਾਰਨਾਮਿਆਂ ਨੇ ਉਸ ਨੂੰ ਲੋੜੀਂਦੀ ਹਵਾ ਦਿੱਤੀ। ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਉਸ ਨੂੰ ਭਾਂਬੜ ਵਿਚ ਬਦਲ ਦਿੱਤਾ ਜਿਸ ਦੇ ਬਾਰੇ ‘ਗੁਰਬਿਲਾਸ’ ਵਿਚ ਇੰਞ ਦਰਜ ਹੈ:
ਜਬ ਸੁਨਿਓ ਭੇਦ ਤੁਰਕਾਨ ਕਾਨ।
ਇਹ ਚਾਰ ਖਚਰ ਮੂਹਰੈ ਅਮਾਨ।
ਗਹ ਲਯੋ ਤਾਸ ਬਾਂਧੇ ਮੰਗਾਇ।
ਲੈ ਮਾਰਿ ਕੂਟ ਦੀਨੋ ਖਪਾਇ।
ਸਿੱਖ ਜਨਤਾ ਦੇ ਦਿਲਾਂ ਵਿਚ ਅਜਿਹੀ ਜਵਾਲਾ ਭੜਕੀ, ਜਿਸ ਨੇ ਮੁਗ਼ਲ ਰਾਜ ਨੂੰ ਸਾੜ ਕੇ ਸੁਆਹ ਕਰ ਦਿੱਤਾ। ਹੁੰਦੇ ਤਾਣ ਸਮੇਂ ਦੀ ਸਰਕਾਰ ਨੇ ਸਿੱਖਾਂ ਉੱਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ ਜੋ ਉਨ੍ਹਾਂ ਨੇ ਮਰਦਾਂ ਵਾਂਗ ਸਹਾਰੇ, ਪਰ ਮੂੰਹੋਂ ‘ਸੀਅ’ ਤਕ ਨਾ ਕੀਤੀ ਕਿਉਂਕਿ ਉਨ੍ਹਾਂ ਦੇ ਸਾਹਮਣੇ (ਖਾਸ ਕਰ ਛੋਟੇ) ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਿਸਾਲ ਵਜੋਂ ਰੋਸ਼ਨ ਸੀ। ਜਿੱਥੇ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਚੱਲਦਾ, ਲੋਕ ਅਵੱਸੋਂ ਪੁਕਾਰ ਉੱਠਦੇ, ‘ਉਇ ਏਸ ਜਿਉਣ ਨਾਲੋਂ ਤਾਂ ਮਰ ਜਾਣਾ ਚੰਗਾ ਏ! ਐਹੋ ਜਿਹੀ ਸਰਕਾਰ ਨੂੰ ਖ਼ਤਮ ਕਰ ਕੇ ਹੀ ਦਮ ਲੈਣਾ ਚਾਹੀਦਾ ਹੈ।’ ਤੇ ਅੰਤ ਉਨ੍ਹਾਂ ਮੁਗ਼ਲਾਂ ਦੀ ਸਰਕਾਰ ਦਾ ਖ਼ਾਤਮਾ ਕਰ ਕੇ ਹੀ ਦਮ ਲਿਆ।
ਲੇਖਕ ਬਾਰੇ
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/August 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/November 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/July 1, 2010