ਢਾਡੀ ਕਲਾ ਦੇ ਇਤਿਹਾਸਕ ਪਿਛੋਕੜ ਨੂੰ ਵਾਚਣ ’ਤੇ ਇਹ ਸਪੱਸ਼ਟ ਹੁੰਦਾ ਹੈ ਕਿ ਢਾਡੀ ਕਲਾ ਸਾਊਦੀ ਅਰਬ ਵਿੱਚੋਂ ਚੱਲ ਕੇ ਮੁਸਲਿਮ ਬਾਦਸ਼ਾਹ ਮੁਹੰਮਦ ਬਿਨ ਕਾਸਿਮ ਦੇ ਨਾਲ ਭਾਰਤ ਪ੍ਰਵੇਸ਼ ਕੀਤੀ, ਆਪਣੇ ਜ਼ੋਰਦਾਰ ਅਸਰ ਸਦਕਾ ਇਸ ਕਲਾ ਨੇ ਰਾਜਸਥਾਨ ਵਿਚ ਰਾਜਪੂਤਾਨਾ ਸ਼ਾਹੀ ਦਰਬਾਰ ਦਾ ਸ਼ਿੰਗਾਰ ਬਣ ਕੇ ਪਛਾਣ ਕਾਇਮ ਕਰਨ ਦੇ ਨਾਲ-ਨਾਲ ਇਸ ਕਲਾ ਨੇ ਫਿਰ ਪੰਜਾਬ ਵੱਲ ਨੂੰ ਆਪਣਾ ਰੁਖ਼ ਕਰ ਕੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ।
ਪੰਜਾਬ ਵਿਚ ਇਹ ਕਲਾ ਮਰਾਸੀ ਕਬੀਲੇ ਨੇ ਆਪਣੇ ਕਿੱਤੇ ਦੇ ਸਾਧਨ ਵਜੋਂ ਫਸਲਾਂ ਦੀ ਆਮਦ ਸਮੇਂ ਖੇਤਾਂ-ਖਲਵਾੜਿਆਂ ਵਿਚ ਜਾ ਕੇ ਕਿਸਾਨਾਂ ਦੀ ਸਿਫਤ ਵਿਚ ਗਾ-ਗਾ ਕੇ ਅਨਾਜ ਵਗੈਰਾ ਇਕੱਠਾ ਕਰਨ ਜਾਂ ਵਿਆਹਾਂ-ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ’ਤੇ ਗਾ ਕੇ ਆਪਣਾ ਜੀਵਨ-ਨਿਰਬਾਹ ਕਰਨ ਲਈ ਸਭ ਤੋਂ ਪਹਿਲਾਂ ਅਪਣਾਈ।
ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ‘ਢਾਡੀ’ ਸ਼ਬਦ ਦੇ ਅਰਥ ਢੱਡਾਂ ਵਜਾ ਕੇ ਯੋਧਿਆਂ ਦੀਆਂ ਵਾਰਾਂ ਜਾਂ ਜੱਸ ਗਾਉਣ ਵਾਲੇ ਕੀਤੇ ਹਨ, ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਕੀਰਤਨ ਕਰਨ ਵਾਲੇ ਨੂੰ ‘ਢਾਢੀ’ ਬਿਆਨਿਆ ਗਿਆ ਹੈ:
ਹਉ ਢਾਢੀ ਹਰਿ ਪ੍ਰਭ ਖਸਮ ਕਾ॥
ਤੀਜੇ ਗੁਰੂ ਅਮਰਦਾਸ ਜੀ ਦੇ ਪੰਨਾ 516 ’ਤੇ ‘ਗੂਜਰੀ ਕੀ ਵਾਰ’ ਵਿਚ ਢਾਡੀ ਸ਼ਬਦ ਦੀ ਪ੍ਰੀਭਾਸ਼ਾ ਇਸ ਤਰ੍ਹਾਂ ਕਰਦੇ ਹਨ:
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥
ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਵੀ ‘ਢਾਢੀ’ ਸ਼ਬਦ ਦਾ ਵਰਣਨ ਇਸ ਤਰ੍ਹਾਂ ਮਿਲਦਾ ਹੈ:
ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀ॥
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਜਾਣ ਲਿਆ ਸੀ ਕਿ ਸਿੱਖੀ ਦੀ ਚੜ੍ਹਤ ਨੂੰ ਕਾਇਮ-ਦਾਇਮ ਰੱਖਣ ਲਈ ਭਗਤੀ ਦੇ ਨਾਲ-ਨਾਲ ਸ਼ਕਤੀ ਦੀ ਵੀ ਬਹੁਤ ਜ਼ਰੂਰਤ ਹੈ, ਇਸ ਲਈ ਛੇਵੇਂ ਗੁਰੂ ਸਾਹਿਬ ਜੀ ਦੇ ਗੁਰਿਆਈ ਕਾਲ ਦੌਰਾਨ ਇਸ ਕਲਾ ਨੇ ਖਾਸ ਮੁਹਾਰਤ ਹਾਸਿਲ ਕੀਤੀ, ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਗਾ ਕੇ ਪ੍ਰਚਾਰਨ ਲਈ ਗੁਰੂ ਸਾਹਿਬ ਜੀ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੁਰ ਸਿੰਘ ਦੇ ਦੋ ਢਾਡੀ ਭਾਈ ਨੱਥਾ ਮੱਲ ਜੀ ਅਤੇ ਭਾਈ ਅਬਦੁੱਲਾ ਜੀ ਨੂੰ ਗੁਰੂ-ਘਰ ਵਿਚ ਪਹਿਲੇ ਮਨਜ਼ੂਰਸ਼ੁਦਾ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕੀਤਾ।
ਭਾਈ ਨੱਥਾ ਜੀ ਅਤੇ ਭਾਈ ਅਬਦੁੱਲਾ ਜੀ ਨੇ ਪਹਿਲੀਆਂ ਚਾਰ ਵਾਰਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫ਼ਤ ਵਿਚ ਲਿਖੀਆਂ। ਪਹਿਲੀ ਵਾਰ ਜੋ ਇਨ੍ਹਾਂ ਢਾਡੀਆਂ ਨੇ ‘ਸ਼ੁੱਧ ਰਸਾਲੂ’ ਰਾਗ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਗਾਈ ਉਹ ਇਸ ਤਰ੍ਹਾਂ ਸੀ:
‘ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰਿ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ, ਕੀ ਜਹਾਂਗੀਰ ਦੀ?’
ਭਾਵ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਵਰਗਿਆਂ ਦੀ ਹੈਸੀਅਤ ਕੋਈ ਅਹਿਮੀਅਤ ਨਹੀਂ ਰੱਖਦੀ। ਇਸ ਤਰ੍ਹਾਂ ਢਾਡੀਆਂ ਦਾ ਢੱਡ ਸਾਰੰਗੀ ਨਾਲ ਉੱਚੀ ਹੇਕ ਵਿਚ ਬੀਰ-ਰਸੀ ਵਾਰਾਂ ਗਾਉਣ ਸਦਕਾ ਇਸ ਕਲਾ ਨੇ ਲੋਕਾਂ ਦੇ ਮਨ ਨੂੰ ਮੋਹ ਲਿਆ। ਗੁਰੂ ਸਾਹਿਬ ਜੀ ਨੇ ਇਸ ਕਲਾ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਢਾਡੀ-ਵਾਰਾਂ ਦਾ ਗਾਇਨ ਅਰੰਭ ਕਰਵਾਇਆ। ਢਾਡੀਆਂ ਨੂੰ ਸੰਬੋਧਨ ਕਰ ਕੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਕਿਹਾ ਕਿ, “ਹੁਣ ਲੋੜ ਹੈ ਕਿ ਤੁਹਾਡੇ ਸਾਜ਼ਾਂ ਵਿੱਚੋਂ ਲਲਕਾਰਾਂ ਨਿਕਲਣ। ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਨ। ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੰਬ ਕੇ ਜਗਾਏ ਤੁਹਾਡੇ ਗਜ ਦੇ ਘੁੰਗਰੂ ਕੁਰਬਾਨੀ ਲਈ ਦਿਲਾਂ ਵਿਚ ਚਾਅ ਪੈਦਾ ਕਰਨ।”
‘ਵਾਰ’ ਦੀ ਪਰਿਭਾਸ਼ਾ ਨੂੰ ਸਪੱਸ਼ਟ ਕਰਨ ਲਈ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਵਾਰ ਯੁੱਧ ਕਾਵਿ ਦੀ ਉਸ ਰਚਨਾ ਨੂੰ ਕਹਿੰਦੇ ਹਨ ਜਿਸ ਵਿਚ ਸੂਰਬੀਰ ਯੋਧੇ ਦੀ ਸੂਰਬੀਰਤਾ ਦਾ ਵਰਣਨ ਹੋਵੇ ਅਤੇ ਜੋ ਸ੍ਰੋਤਿਆਂ ਵਿਚ ਉਤਸ਼ਾਹ ਪੈਦਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਪ੍ਰਕਾਰ ਦੀਆਂ 9 ਵਾਰਾਂ ਦੀਆਂ ਧੁਨੀਆਂ ਦਾ ਜ਼ਿਕਰ ਮਿਲਦਾ ਹੈ।
ਦਸ ਗੁਰੂ ਸਾਹਿਬਾਨ ਦੇ ਜੀਵਨ-ਕਾਲ ਦੌਰਾਨ ਢਾਡੀਆਂ ਨੂੰ ਅਤੇ ਢਾਡੀ-ਕਲਾ ਨੂੰ ਪੂਰਨ ਸਤਿਕਾਰ ਮਿਲਦਾ ਰਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸਮੇਂ ਜੰਗਨਾਮੇ ਅਤੇ ਵਾਰਾਂ ਵਿੱਚੋਂ ਚੰਡੀ ਦੀ ਵਾਰ, ਦਸਮ ਗ੍ਰੰਥ ਵਾਲੀ ਮਾਲਕੌਸ ਦੀ ਵਾਰ, ਸਰਬ ਲੋਹ ਵਾਲੀ ਭਗਉਤੀ ਦੀ ਵਾਰ ਅਤੇ ਅਣੀ ਰਾਇ ਦਾ ਲਿਖਿਆ ਹੋਇਆ ਜੰਗਨਾਮਾ, ਬੀਰ ਰਸ ਦੇ ਉੱਤਮ ਨਮੂਨੇ ਹਨ। ਦਸਮ ਪਿਤਾ ਦੇ ਦਰਬਾਰ ਵਿਚ ਉਸ ਸਮੇਂ ਦੇ ਪ੍ਰਸਿੱਧ ਢਾਡੀ ਮੀਰ ਛਬੀਲਾ ਅਤੇ ਮੁਸ਼ਕੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਨਮਾਨ ਬਖ਼ਸ਼ਿਸ਼ ਕਰ ਕੇ ਆਪਣੇ ਦਰਬਾਰ ਵਿਚ ਰੱਖਿਆ ਸੀ, ਇਨ੍ਹਾਂ ਢਾਡੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਯੁੱਧਾਂ ਅਤੇ ਜੰਗਾਂ ਦਾ ਵਰਣਨ ਵਾਰਾਂ ਵਿਚ ਕੀਤਾ ਮਿਸਾਲ ਦੇ ਤੌਰ ’ਤੇ ਭੰਗਾਣੀ ਦੀ ਵਾਰ ਵਿੱਚੋਂ:
ਬਾਣ ਬੰਦੂਕ ਹੱਥ ਨਾਲ ਗੋਲਾ ਛੁਟੈ, ਮਹਾਂ ਭਯ ਭੀਮ ਕੀਨੋਂ ਕੜਾਕਾ।
ਸੂਰ ਸਾਮੁਹਿ ਭਿੜੇ, ਦੇਵ ਦਾਨਵ ਡਰੇ, ਲੰਕਾ ਪਤਿ ਲਰਜਿਯੋ ਖਾ ਧੜਾਕਾ।
ਹੂਰ ਬੀਰਨ ਬਰੀ, ਰੱਤ ਜੋਗਨ ਤਰੀ, ਖੋਪਰੀ ਦੇਤ ਕਾਲੀ ਜੜਾਕਾ।
ਇਸੇ ਸਮੇਂ ਵਿਚ ਸੁਖੂ ਅਤੇ ਭਾਈ ਬੁੱਧੂ ਨਾਮ ਦੇ ਢਾਡੀਆਂ ਦਾ ਜ਼ਿਕਰ ਵੀ ਆਉਂਦਾ ਹੈ ਜੋ ਮਾਲਵੇ ਦੇ ਬਾਜਕ ਨਗਰ ਵਿਚ ਗੁਰੂ ਸਾਹਿਬ ਨੂੰ ਮਿਲੇ, ਇਨ੍ਹਾਂ ਢਾਡੀਆਂ ਨੇ ਮਲਵਈ ਵਿਚ ਇਕ ‘ਸੱਦ’ ਗੁਰੂ ਸਾਹਿਬ ਜੀ ਨੂੰ ਸੁਣਾਈ:
ਢੱਢ ਸਾਰੰਗੀ ਜਬ ਲੈ ਆਏ।
ਦੋਨਹੁ ਖਰੇ ਭਏ ਅਗਵਾਏ।
ਪ੍ਰਭ ਬੋਲੇ ਤੁਮ ਗਾਇ ਸੁਨਾਵਹੁ।
ਜਥਾ ਮਹੇਸ਼ ਅਪਰ ਬਲ ਗਾਵਹੁ।
ਸੁਨਿ ਕਰਿ ਹੁਕਮ ਦਿਵਾਨੇ ਦੋਉ।
ਕਰੀ ਸਾਰੰਗੀ ਸੁਰ ਮਿਲਿ ਸੋਉ।
ਜੰਗਲ ਦੇਸ ਸੱਦ ਹੁਇ ਜੈਸੇ।
ਊਚੇਸੁਰ ਗਾਵਨ ਲਗਿ ਤੈਸੇ।
ਕੱਚਾ ਕੋਠਾ ਵਿਚ ਵਸਦਾ ਜਾਨੀ।
ਸਦਾ ਨਾ ਮਾਪੇ ਨਿਤ ਨਹੀ ਜੁਆਨੀ।
ਚਲਣਾ ਆਇ ਹੋਇ ਗੁਮਾਨੀ।
ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਵੇਲੇ ਤਕ ਢਾਡੀ ਕਲਾ ਪੂਰੇ ਜੋਬਨ ’ਤੇ ਰਹੀ, ਅਜੋਕੀ ਢਾਡੀ ਪਰੰਪਰਾ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ-ਕਾਲ ਦੌਰਾਨ ਸ਼ੁਰੂ ਹੋਇਆ। ਜਦੋਂ 1879 ਵਿਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਤਾਂ ਇਸ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਸੁੰਦਰ ਸਿੰਘ, ਭਾਈ ਲੱਭੂ, ਭਾਈ ਸ਼ੇਰੂ ਆਦਿਕ ਢਾਡੀਆਂ ਨੇ ਭਰਪੂਰ ਯੋਗਦਾਨ ਪਾਇਆ। ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਪਣੇ ਸ਼ਾਸਨ-ਕਾਲ ਦੌਰਾਨ ਇਨ੍ਹਾਂ ਢਾਡੀਆਂ ਦੀ ਸਰਕਾਰੀ ਭਰਤੀ ਹੀ ਕਰ ਲਈ ਸੀ, ਬੇਸ਼ੱਕ ਸਿੱਖ ਪੰਥ ਲਈ 1710 ਤੋਂ ਲੈ ਕੇ 1765 ਦਾ ਸਮਾਂ ਘੋਰ ਸੰਕਟ ਦਾ ਸੀ, ਸਿੰਘ ਸਭਾ ਲਹਿਰ ਦੇ ਸਮੇਂ ਦੌਰਾਨ ਇਸ ਕਲਾ ਨੂੰ ਮਹੰਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ ਬਹੁਤ ਨੁਕਸਾਨ ਉਠਾਉਣਾ ਪਿਆ, ਪਰ ਇਨ੍ਹਾਂ ਢਾਡੀਆਂ ਨੇ ਅਤੇ ਢਾਡੀਆਂ ਦੁਆਰਾ ਗਾਈਆਂ ਗਈਆਂ ਵਾਰਾਂ ਨੇ ਇਸ ਘੋਰ ਸੰਕਟ ਦੇ ਸਮੇਂ ਵਿਚ ਵੀ ਸਿੱਖ-ਪੰਥ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਅਤੇ ਸਮੇਂ- ਸਮੇਂ ਦੇਸ਼ ਅਤੇ ਧਰਮ ਤੋਂ ਜੂਝਣ ਵਾਲੇ ਸੂਰਮੇ ਤਿਆਰ ਕੀਤੇ, ਜਿਨ੍ਹਾਂ ਨੇ ਹਜ਼ਾਰਾਂ ਮਰਜੀਵੜਿਆਂ ਨੂੰ ਕੁਰਬਾਨੀਆਂ ਦੇਣ ਲਈ ਤਿਆਰ ਕੀਤਾ।
19ਵੀਂ ਸਦੀ ਦੇ ਸਿਰਮੌਰ ਢਾਡੀ ਬਾਬਾ ਕਿਸ਼ਨ ਸਿੰਘ ‘ਕੜਤੋੜ’, ਕਵੀ ਸੋਹਣ ਸਿੰਘ ਘੁੱਕੇਵਾਲੀਆ, ਭਾਈ ਸੋਹਣ ਸਿੰਘ ਭੀਲ੍ਹਾ ਤੋਂ ਬਾਅਦ ਸਾਦ-ਮੁਰਾਦੇ, ਮਿੱਠ ਬੋਲੜੇ ਅਤੇ ਸਹਿਜ ਵਿਚ ਵਿਚਰਨ ਵਾਲੇ ਮਹਾਨ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਮ ਕਿਸੇ ਵਿਸ਼ੇਸ਼ ਜਾਣਕਾਰੀ ਦਾ ਮੁਥਾਜ ਨਹੀਂ ਹੈ, ਅਗਸਤ 1909 ਲਾਹੌਰ ਵਿਚ ਜਨਮੇ ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ-ਸ਼੍ਰੇਣੀ ਵਿੱਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਹੋਣ ਕਰਕੇ ਅਤੇ ਸਿੱਖ ਇਤਿਹਾਸ ਪ੍ਰਤੀ ਪੂਰੀ ਜਾਣਕਾਰੀ ਰੱਖਣ ਕਰਕੇ ਬਹੁਤ ਉੱਚਾ ਰੁਤਬਾ ਹੈ। ਆਪ ਜੀ ਦੁਆਰਾ ਗਾਈਆਂ ਜਾਂਦੀਆਂ ਢਾਡੀ-ਵਾਰਾਂ ਨੂੰ ਸ੍ਰੋਤੇ ਵਧੇਰੇ ਉਤਸੁਕਤਾ ਨਾਲ ਸੁਣਦੇ ਸਨ, ਆਪ ਜੀ ਦੇ ਲੈਕਚਰਾਂ ਦੀ ਇਹ ਖੂਬੀ ਸੀ ਕਿ ਆਪ ਸਟੇਜ ’ਤੇ ਮਨਘੜਤ ਟਿੱਪਣੀਆਂ ਨੂੰ ਛੱਡ ਕੇ ਸਿਰਫ਼ ਸਿੱਖ ਇਤਿਹਾਸ ਦੀ ਗੱਲ ਕਰਦੇ ਸਨ ਅਤੇ ਸਟੇਜ ਦੇ ਬਹੁਤ ਥੋੜ੍ਹੇ ਸਮੇਂ ਵਿਚ ਹੀ ਬਹੁਤ ਕੁਝ ਸ੍ਰੋਤਿਆਂ ਦੇ ਪੱਲੇ ਪਾ ਜਾਂਦੇ ਸਨ, ਇਸ ਦਾ ਖਾਸ ਕਾਰਨ ਉਨ੍ਹਾਂ ਦੀ ਇਤਿਹਾਸ ਦੀ ਪੂਰੀ ਜਾਣਕਾਰੀ ਸੀ, ਸਿੱਖ ਇਤਿਹਾਸ ਦੀ ਛਤਰ-ਛਾਇਆ ਹੇਠ ਆਪਣੇ ਪ੍ਰਸੰਗ ਆਪ ਲਿਖ ਕੇ ਗਾਉਣ ਅਤੇ ਪੇਸ਼ ਕਰਨ ਵਿਚ ਸੀਤਲ ਸਾਹਿਬ ਨੇ ਇਕ ਵੱਖਰੀ ਪਛਾਣ ਸਥਾਪਿਤ ਕੀਤੀ। ਵਿਆਖਿਆ ਦੇ ਢੰਗ ਵਿਚ ਵੀ ਸੀਤਲ ਸਾਹਿਬ ਨੇ ਇੰਨੀ ਤਬਦੀਲੀ ਲਿਆਂਦੀ ਕਿ ਬੀਤੇ ਸਿੱਖ ਇਤਿਹਾਸ ਨੂੰ ਵਰਤਮਾਨ ਸਿੱਖ ਇਤਿਹਾਸ ਨਾਲ ਮਿਲਾ ਕੇ ਪੇਸ਼ ਕਰਨਾ ਸ਼ੁਰੂ ਕੀਤਾ, ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਦਾ ਵਰਣਨ ਆਪ ਦੇ ਬੋਲਾਂ ਵਿੱਚੋਂ ਝਰਨੇ ਦੇ ਪਾਣੀ ਵਾਂਗ ਫੁੱਟ ਤੁਰਦਾ, ਗਜ਼ਬ ਦੀ ਪੇਸ਼ਕਾਰੀ, ਇਤਿਹਾਸਕ ਵੇਰਵਿਆਂ, ਨਾਵਾਂ ਅਤੇ ਥਾਵਾਂ ਦਾ ਵਰਣਨ ਬਿਨਾਂ ਰੁਕਿਆਂ, ਬਿਨਾਂ ਕਿਸੇ ਭਰਮ-ਭੁਲੇਖੇ ਦੇ ਬੇਝਿਜਕ ਹੋ ਕੇ ਕਰ ਜਾਣਾ, ਇਹੀ ਕਾਰਨ ਸੀ ਕਿ ਲੱਖਾਂ ਦੀ ਗਿਣਤੀ ਵਿਚ ਬੈਠੇ ਸ੍ਰੋਤੇ ਆਪ ਨੂੰ ਬਿਨਾਂ ਅੱਕਿਆਂ-ਥੱਕਿਆਂ ਮੰਤਰ-ਮੁਗਧ ਹੋ ਕੇ ਸੁਣਦੇ, ਕਿਉਂਕਿ ਸੀਤਲ ਸਾਹਿਬ ਆਪਣੇ ਪ੍ਰਸੰਗਾਂ ਵਿਚ ਕਬਿੱਤ, ਬੈਂਤ, ਅਲਗੋਜੇ, ਕਲੀ ਆਦਿ ਛੰਦਾਂ ਨੂੰ ਬਾਖੂਬੀ ਪੇਸ਼ ਕਰਦੇ ਸਨ। ਹਰੇਕ ਪ੍ਰਸੰਗ ਉੱਪਰ ਉਨ੍ਹਾਂ ਦੀ ਪੂਰੀ ਪਕੜ ਸੀ, ਕੋਈ ਵੀ ਆਪ ਜੀ ਦਾ ਪ੍ਰਸੰਗ ਇਸ ਤਰ੍ਹਾਂ ਦਾ ਨਹੀਂ ਜੋ ਸ੍ਰੋਤਿਆਂ ਵਿਚ ਮਕਬੂਲ ਨਾ ਹੋਇਆ ਹੋਵੇ।
ਜੇਕਰ ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੁਆਰਾ ਲਿਖੇ ਢਾਡੀ ਸਾਹਿਤ ਦੀ ਗੱਲ ਕਰੀਏ, ਤਾਂ ਇੰਞ ਲੱਗਦਾ ਹੈ ਕਿ ਸੀਤਲ ਸਾਹਿਬ ਨੇ ਢਾਡੀ ਸਾਹਿਤ ਦੀ ਤਾਂ ਜਿਵੇਂ ਝੜੀ ਹੀ ਲਾ ਦਿੱਤੀ ਹੋਵੇ। ਆਪ ਜੀ ਦੁਆਰਾ ਲਿਖੀਆਂ ਅਤੇ ਗਾਈਆਂ ਜਾਂਦੀਆਂ ਵਾਰਾਂ ਵਿੱਚੋਂ ਵਾਰ ਸ਼ਹੀਦੀ ਗੁਰੂ ਤੇਗ ਬਹਾਦਰ ਜੀ, ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਿਧੀ ਚੰਦ ਦੇ ਘੋੜੇ, ਸ਼ਹੀਦੀ ਹਕੀਕਤ ਰਾਏ ਆਦਿ ਬਹੁਤ ਪ੍ਰਸਿੱਧ ਵਾਰਾਂ ਹਨ।
ਲੇਖਕ ਬਾਰੇ
ਪਿੰਡ ਤੇ ਡਾਕ: ਲੱਖਪੁਰ, ਤਹਿ: ਫਗਵਾੜਾ, ਜ਼ਿਲ੍ਹਾ ਕਪੂਰਥਲਾ।
- ਹੋਰ ਲੇਖ ਉਪਲੱਭਧ ਨਹੀਂ ਹਨ