editor@sikharchives.org

ਗਿਆਨੀ ਸੋਹਣ ਸਿੰਘ ਸੀਤਲ ਦੀ ਇਤਿਹਾਸਕਾਰੀ (ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਦੇ ਸੰਦਰਭ ਵਿਚ)

ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਅਤੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਵਿਦਵਾਨਾਂ, ਇਤਿਹਾਸਕਾਰਾਂ, ਢਾਡੀਆਂ , ਵਾਰਕਾਰਾਂ, ਨਾਵਲਕਾਰਾਂ, ਕਵੀਆਂ ਆਦਿ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਸ਼ਖ਼ਸੀਅਤ ਸਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਅਤੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਵਿਦਵਾਨਾਂ, ਇਤਿਹਾਸਕਾਰਾਂ, ਢਾਡੀਆਂ , ਵਾਰਕਾਰਾਂ, ਨਾਵਲਕਾਰਾਂ, ਕਵੀਆਂ ਆਦਿ ਵਿਚ ਸਤਿਕਾਰਯੋਗ ਸਥਾਨ ਪ੍ਰਾਪਤ ਸ਼ਖ਼ਸੀਅਤ ਸਨ। ਉਨ੍ਹਾਂ ਦੀ ਦੇਣ ਬਹੁਪੱਖੀ ਹੈ ਪਰ ਮੂਲ ਵਿਚ ਉਹ ਸਿੱਖ ਇਤਿਹਾਸ ਨੂੰ ਲਿਖ ਕੇ ਗਾਉਣ ਵਾਲੇ ਅਤੇ ਗਵਾਉਣ ਵਾਲੇ ਢਾਡੀ ਸਨ।

ਗਿਆਨੀ ਸੋਹਣ ਸਿੰਘ ਸੀਤਲ ਨੇ ਸਾਹਿਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਉੱਤੇ ਕੰਮ ਕੀਤਾ। ਜਦੋਂ ਉਨ੍ਹਾਂ ਦੇ ਸਾਹਿਤਕ ਸਫ਼ਰ ਵੱਲ ਝਾਤ ਮਾਰੀ ਜਾਂਦੀ ਹੈ ਤਾਂ ਵਿਅਕਤੀ ਇਕ ਵੇਰ ਤਾਂ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਇਕ ਹੀ ਵਿਅਕਤੀ ਇਤਿਹਾਸਕਾਰ ਵੀ ਹੈ, ਨਾਵਲਕਾਰ ਵੀ ਹੈ, ਇਕਾਂਗੀਕਾਰ ਵੀ ਹੈ, ਵਾਰਕਾਰ ਵੀ, ਕਿੱਸਾਕਾਰ, ਢਾਡੀ ਵੀ ਹੈ। ਇਸ ਲੇਖ ਵਿਚ ਗਿਆਨੀ ਸੋਹਣ ਸਿੰਘ ਸੀਤਲ ਦੀ ਇਤਿਹਾਸਕਾਰੀ ਅਤੇ ਇਸ ਅਨੁਸਾਸ਼ਨ ਅਧੀਨ ਉਨ੍ਹਾਂ ਦੀ ਪੁਸਤਕ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਬਾਰੇ ਕੁਝ ਸਮਝਣ ਦਾ ਜਤਨ ਕੀਤਾ ਜਾਣਾ ਹੈ।

ਇਤਿਹਾਸ ਕੀ ਹੈ ਬਾਰੇ ਸੰਸਾਰ-ਪ੍ਰਸਿੱਧ ਇਤਿਹਾਸਕਾਰ ਤੇ ਵਿਦਵਾਨ ਈ. ਐਚ. ਕਾਰ ਲਿਖਦਾ ਹੈ ਕਿ ਇਤਿਹਾਸ ਨਿਰਣਾਇਕ ਤੱਥਾਂ ਦਾ ਸੰਗ੍ਰਹਿ ਹੈ ਜੋ ਇਤਿਹਾਸ ਨੂੰ ਦਸਤਾਵੇਜ਼ਾਂ ਜਾਂ ਲਿਖਤਾਂ, ਸ਼ਿਲਾਲੇਖਾਂ ਆਦਿ ਦੇ ਰੂਪ ਵਿਚ ਉਪਲਬਧ ਹਨ ਜਿਵੇਂ ਮੱਛੀ ਵੇਚਣ ਵਾਲੇ ਦੀ ਸਿਲ ਜਾਂ ਮੋਛੇ ਉੱਤੇ ਪਈ ਮੱਛੀ, ਇਤਿਹਾਸਕਾਰ ਉਸ ਨੂੰ ਇਕੱਠਿਆ ਕਰਦਾ ਹੈ ਅਤੇ ਘਰ ਲੈ ਜਾ ਕੇ ਮਨਭਾਉਂਦੇ ਢੰਗ ਨਾਲ ਪਕਾਉਂਦਾ ਹੈ ਅਤੇ ਵਰਤਾਉਂਦਾ ਹੈ।1 ਪ੍ਰੋ: ਕਾਰ ਅੱਗੇ ਲਿਖਦੇ ਹਨ ਕਿ ਇਤਿਹਾਸਕ ਤੱਥ ਕੇਵਲ ਉਹ ਹਨ ਜੋ ਇਤਿਹਾਸਕਾਰ ਪਰਖ, ਨਿਰੀਖਣ ਜਾਂ ਪੜਤਾਲ ਲਈ ਛਾਂਟਦਾ ਹੈ। ਇਤਿਹਾਸਕ ਤੱਥਾਂ ਨੂੰ ਵੇਖਣਾ ਤੇ ਕਹਾਣੀ ਬਿਆਨ ਕਰਨਾ ਹੈ।2 ਇਤਿਹਾਸ ਸੰਬੰਧੀ ਈ. ਐਚ. ਕਾਰ ਹੋਰ ਲਿਖਦੇ ਹਨ ਕਿ ਇਤਿਹਾਸ ਸਮੁੱਚੇ ਰੂਪ ਵਿਚ ਉਨ੍ਹਾਂ ਤੱਥਾਂ ਦਾ ਸੁਰੱਖਿਅਤ ਵੇਰਵਾ ਹੈ ਜੋ ਕਾਰਜ ਲੋਕਾਂ ਦੁਆਰਾ ਕੀਤੇ ਗਏ ਅਤੇ ਅਜਿਹਾ ਅਮਲਨਾਮਾ ਨਹੀਂ ਜੋ ਉਹ ਕਰਨ ਵਿਚ ਅਸਫਲ ਰਹੇ। ਇਸ ਹੱਦ ਤਕ ਇਤਿਹਾਸ ਅਵੱਸ਼ ਹੀ ਇਕ ਸਫਲ ਕਹਾਣੀ ਹੈ ਇਤਿਹਾਸਕਾਰ ਤੱਥ ਤੇ ਤਰਜਮਾਨੀ ਅਤੇ ਤੱਥ ਤੇ ਮਹੱਤਵ ਵਿਚਕਾਰ ਸੰਤੁਲਨ ਹੈ ਉਹ ਇਨ੍ਹਾਂ ਨੂੰ ਵੱਖਰਾ ਨਹੀਂ ਕਰ ਸਕਦਾ।3 ਨਤੀਜੇ ਵਜੋਂ ਇਤਿਹਾਸ ਇਕ ਤਬਦੀਲੀ ਆ ਗਈ ਹੈ ਕਿ ਪੁਰਾਣੀ ਤਰਜ ਤੇ ਸ਼ਬਦ ਵਿਚ ਨੁਕਸ ਨਾ ਕੱਢਿਆ ਜਾਵੇ ਤਾਂ ਇਹ ਵਿਕਾਸ ਜਾਂ ਉਨਤੀ ਦਾ ਨਾਮ ਹੈ।4 ਪ੍ਰਸਿੱਧ ਇਤਿਹਾਸਕਾਰ ਟਾਇਨਬੀ ਅਨੁਸਾਰ ਮਨੁੱਖੀ ਇਤਿਹਾਸ ਦਾ ਧੁਰਾ ਸਿਰਜਨਾਤਮਕ ਵਿਅਕਤੀਆਂ ਉੱਤੇ ਨਿਰਭਰ ਹੈ।5

ਸਿੱਖ ਧਰਮ ਸੰਸਾਰ ਅਨਿਆਂ ਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦਿਆਂ, ਦਯਾ, ਧਰਮ, ਹੱਕ-ਸੱਚ, ਦੀ ਸਥਾਪਤੀ ਕਰਨ ਦੇ ਉਦੇਸ਼ ਵਿਚੋਂ ਪੈਦਾ ਹੋਇਆ ਸੀ। ਉਦੇਸ਼ ਦੀ ਪ੍ਰਾਪਤੀ ਲਈ ਇਕ ਸ਼ਕਤੀ ਦੀ ਲੋੜ ਸੀ ਜੋ ਧਰਮੀ ਹੋਵੇ। ਧਰਮ ਦੀ ਸ਼ਕਤੀ ਦਾ ਸੋਮਾ ਅਕਾਲ ਪੁਰਖ ਹੈ, ਇਸ ਲਈ ਅਕਾਲ ਪੁਰਖ ਜੀ ਤੋਂ ਸ਼ਕਤੀ ਲੈ ਕੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਸਾਹਿਬਾਨਾਂ ਅਤੇ ਧਰਮ ਨੂੰ ਮੰਨਣ ਵਾਲਿਆਂ ਨੇ ਨਰੋਈਆਂ ਕਦਰਾਂ-ਕੀਮਤਾਂ ਬਣਾਈਆਂ, ਘਾਲਣਾਵਾਂ ਘਾਲੀਆਂ, ਕੁਰਬਾਨੀਆਂ ਦਿੱਤੀਆਂ ਜੋ ਇਕ ਇਤਿਹਾਸ ਬਣ ਗਈਆਂ। ਇਹ ਇਤਿਹਾਸ ਬਣ ਕੇ ਸਿਰਜਨਾਤਮਿਕ ਸ਼ਕਤੀਆਂ ਹੋਣ ਕਰਕੇ ਪ੍ਰੇਰਨਾ-ਸ੍ਰੋਤ ਬਣ ਗਈਆਂ। ਸਿੱਖ ਇਤਿਹਾਸ ਬਾਰੇ ਜਦੋਂ ਅਸੀਂ ਸਮਝਣ ਦਾ ਜਤਨ ਕਰਦੇ ਹਾਂ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਪਹਿਲਾਂ ਇਤਿਹਾਸ ਆਖੀ ਦੇ ਰੂਪ ਵਿਚ ਸੀ ਤੇ ਫਿਰ ਇਹ ਸਾਖੀ ਬਣਿਆ। ਗੁਣਵਾਨ ਲੇਖਕਾਂ ਨੇ ਰੋਚਕਤਾ ਭਰ ਕੇ ਇਸ ਨੂੰ ਬਿਲਾਸ ਦਾ ਰੂਪ ਦਿੱਤਾ ਤੇ ਫਿਰ ਪ੍ਰਕਾਸ਼ ਦੇ ਰੂਪ ਵਿਚ ਸਾਡੇ ਹੱਥ ਆਇਆ। ਵੱਖ-ਵੱਖ ਸਮੇਂ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਨੂੰ ਲਿਖਣ ਦਾ ਜਤਨ ਕੀਤਾ ਅਤੇ ਉਹ ਆਪੋ ਆਪਣੀ ਸਮਝ ਅਨੁਸਾਰ ਸਫ਼ਲ ਵੀ ਹੋਏ।

ਸਿੱਖ ਇਤਿਹਾਸ ਬਾਰੇ ਲਿਖਣ ਵਾਲਿਆਂ ਵਿਚ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਪ੍ਰਮੁੱਖ ਹੈ। ਉਨ੍ਹਾਂ ਨੇ ਬਹੁਤ ਸਾਰੇ ਇਤਿਹਾਸ ਦੀ ਰਚਨਾ ਕੀਤੀ। ਉਨ੍ਹਾਂ ਦਾ ਕਾਰਜ ਮਿਹਨਤ ਵਾਲਾ ਤੇ ਸ੍ਰੋਤ ਅਧਾਰਿਤ ਹੈ। ਸਿੱਖ ਇਤਿਹਾਸ ਬਾਰੇ ਮਿਹਨਤ ਨਾਲ ਲਿਖਣ ਸੰਬੰਧੀ ਸੀਤਲ ਜੀ ਨੇ ਇਕ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਬਾਬਾ ਫਤਿਹ ਸਿੰਘ ਮਾਂਗਾ ਗੁਰਬਾਣੀ ਦੇ ਵਿਦਵਾਨ ਬਜ਼ੁਰਗ ਸਨ। ਆਪ ਨੇ ਇਕ ਵਾਰ ਇਕ ਢਾਡੀ ਦੇ ਗਿਆਨ ਸੰਬੰਧੀ ਇਕ ਵਿਅੰਗ ਕੱਸਦਿਆਂ ਕਿਹਾ ਕਿ ਅੱਠਾਂ ਆਨਿਆਂ ਦੀਆਂ ਲੈ ਲੈਣੀਆਂ ਢੱਡਾਂ ਤੇ ਟਾਹਲੀ ਦਾ ਮੋਛਾ ਲਾ ਲੈਣਾ ਮੋਢੇ ਨਾਲ ਤੇ ਸ਼ੁਰੂ ਕਰ ਦੇਣਾ, ‘ਅੰਨ੍ਹੇਵਾਹ, ਉਹ ਦਿਲਬਰਾ ਵਾਸਤਾ ਈ।6

ਇਸ ਵਿਅੰਗ ਨੇ ਸੀਤਲ ਜੀ ਦੇ ਮਨ ਵਿਚ ਪਹਿਲਾਂ ਗੁੱਸਾ ਲਿਆਂਦਾ। ਉਹ ਦੱਸਦੇ ਹਨ ਕਿ ਦੋ-ਚਾਰ ਦਿਨਾਂ ਬਾਅਦ ਉਹ ਗੁੱਸਾ ਮੱਠਾ ਹੋਇਆ, ਤਾਂ ਮੈਂ ਨਵੇਂ ਪੱਖ ਤੋਂ ਸੋਚਣਾ ਸ਼ੁਰੂ ਕੀਤਾ। ਭਾਈ ਬਾਬੇ ਨੇ ਗੱਲ ਤਾਂ ਠੀਕ ਹੀ ਕੀਤੀ ਸੀ ਨਾਂ! ਆਖਰ ਬਹੁਤੇ ਢਾਡੀ ਗੁਰਬਾਣੀ ਜਾਂ ਇਤਿਹਾਸ ਬਾਰੇ ਕਿੰਨਾ ਕੁ ਜਾਣਦੇ ਹਨ ਤੇ ਮੈਂ ਵੀ ਅਜੇ ਕਿੰਨਾ ਕੁ ਜਾਣਦਾ ਹਾਂ! ਏਹਾ ਗੱਲ ਨਾ, ਜਿੱਥੇ ਰੁੱਖ ਨਹੀਂ, ਉਥੇ ਘਰਿੰਡ ਪ੍ਰਧਾਨ! ਏਨੇ ਨਾਲ ਨਹੀਂ ਸਰਨਾ। ਸਿੱਖ ਇਤਿਹਾਸ ਬਾਰੇ ਮਿਹਨਤ ਕਰਨੀ ਚਾਹੀਦੀ ਹੈ। ਮੈਂ ਮਨ ਬਣਾ ਲਿਆ, ਕਿ ਮੈਂ ਸਿੱਖ ਇਤਿਹਾਸ ਬਾਰੇ ਲਿਖਾਂਗਾ।7 ਸਿੱਖ ਇਤਿਹਾਸ ਬਾਰੇ ਲਿਖਣ ਦੇ ਸੰਕਲਪ ਨੂੰ ਲੈ ਕੇ ਉਨ੍ਹਾਂ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਤੇ ਦਸਤਾਵੇਜ਼ਾਂ ਨੂੰ ਪੜ੍ਹਿਆ। ਨਾਲ ਦੀ ਨਾਲ ਉਹ ਕੁਝ ਜ਼ਰੂਰੀ ਗੱਲਾਂ ਦੇ ਉਤਾਰੇ ਕਰ ਲੈਂਦੇ ਸਨ। ਇਸ ਤੋਂ ਇਲਾਵਾ ਉਹ ਜਿਸ ਵੀ ਪੁਸਤਕ ਨੂੰ ਪੜ੍ਹਦੇ ਹੇਠਾਂ ਦਿੱਤੇ ਫੁਟ-ਨੋਟਾਂ ਵਿਚ ਮਿਲਦੇ ਹਵਾਲਿਆਂ ਵਾਲੀਆਂ ਪੁਸਤਕਾਂ ਦੇ ਨਾਮ ਆਦਿ ਨੋਟ ਕਰ ਲੈਂਦੇ। ਇਸ ਤਰ੍ਹਾਂ ਉਨ੍ਹਾਂ ਪਾਸ ਇਤਿਹਾਸ ਦੀ ਇਕ ਲੰਮੀ ਸੂਚੀ ਬਣ ਗਈ। ਉਨ੍ਹਾਂ ਨੂੰ ਇਹ ਗਿਆਨ ਹੋ ਗਿਆ ਕਿ ਸਿੱਖ ਇਤਿਹਾਸ ਬਾਰੇ ਕਿਹੜੀ-ਕਿਹੜੀ ਪੁਸਤਕ ਵਿੱਚੋਂ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਕਈ ਥਾਵਾਂ ਤੋਂ ਪੁਸਤਕਾਂ ਪ੍ਰਾਪਤ ਕੀਤੀਆਂ। ਇਨ੍ਹਾਂ ਪੁਸਤਕਾਂ ਦੀ ਪ੍ਰਾਪਤੀ ਬਾਰੇ ਉਹ ਇਕ ਥਾਂ ਲਿਖਦੇ ਹਨ ਕਿ ‘ਮੇਰਾ ਤਜਰਬਾ ਹੈ ਕਿ ਲਗਨ ਹੋਵੇ, ਤਾਂ ਆਦਮੀ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਲਾਹੌਰ ਅਨਾਰਕਲੀ ਦੇ ਪਿਛਲੇ ਪਾਸੇ ਮੋੜ ਉੱਤੇ ਇਕ ਕਿਤਾਬਾਂ ਦੀ ਦੁਕਾਨ ਹੁੰਦੀ ਸੀ, ‘ਰਾਮਾ, ਕ੍ਰਿਸ਼ਨਾ’। ਜਦ ਮੈਂ ਲਾਹੌਰ ਜਾਣਾ, ਉਸ ਦੁਕਾਨ ’ਤੇ ਜ਼ਰੂਰ ਚੱਕਰ ਮਾਰਨਾ। ਇਕ ਵਾਰ ਉਥੋਂ ਮੈਨੂੰ ਤਿੰਨ ਕਿਤਾਬਾਂ ਮਿਲੀਆਂ ਜੋ ਮੇਰੇ ਵਾਸਤੇ ਬੜੀਆਂ ਕੀਮਤੀ ਸਨ। ਇਕ ਦੇ ਉਸ ਨੇ ਚਾਲੀ ਰੁਪੈ ਮੰਗੇ ਤੇ ਦੂਜੀਆਂ ਦੇ ਪੰਦਰਾਂ-ਪੰਦਰਾਂ। ਉਸ ਸਮੇਂ ਮੇਰੀ ਜੇਬ ਵਿਚ ਚਾਲੀ ਰੁਪੈ ਤੇ ਕੁਝ ਭਾਨ ਸੀ। ਸੋ ਮੈਂ ਪਹਿਲੀ ਖਰੀਦ ਲਈ।8 ਇਸ ਤੋਂ ਪਤਾ ਲੱਗਦਾ ਹੈ ਕਿ ਸ. ਸੋਹਣ ਸਿੰਘ ਸੀਤਲ ਜੀ ਵਿਚ ਸਿੱਖ ਇਤਿਹਾਸ ਬਾਰੇ ਕਿੰਨੀ ਪ੍ਰਬਲ ਲਗਨ ਸੀ! ਉਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿਚ ਬੈਠ ਕੇ ਜਾਂ ਘਰ ਲਿਜਾ ਕੇ ਪੜ੍ਹੀਆਂ। ਇਸ ਤਰ੍ਹਾਂ ਇਤਿਹਾਸਕ ਮਸਾਲਾ ਇਕੱਤਰ ਕਰ ਕੇ 15 ਅਪ੍ਰੈਲ 1944 ਈ ਨੂੰ ਪਹਿਲੀ ਇਤਿਹਾਸਕ ਪੁਸਤਕ ‘ਸਿੱਖ ਰਾਜ ਕਿਵੇਂ ਗਿਆ’ ਲਿਖੀ। ਇਸ ਤੋਂ ਬਾਅਦ ਮਿਲੇ ਹੌਂਸਲੇ ਨਾਲ ਸੀਤਲ ਜੀ ਨੇ ਪਾਠਕਾਂ ਨੂੰ ਬਾਰਾਂ ਪੁਸਤਕਾਂ ਇਤਿਹਾਸ ਦੀਆਂ ਦਿੱਤੀਆਂ। ਨੌਂ ਪੁਸਤਕਾਂ ਜਗਿਆਸੂ ਪਾਠਕਾਂ ਲਈ ਸਨ ਅਤੇ ਤਿੰਨ ਪੁਸਤਕਾਂ ਬੱਚਿਆਂ ਲਈ ਸਨ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

1. ਸਿੱਖ ਰਾਜ ਕਿਵੇਂ ਗਿਆ? – ਜੂਨ 1944
2. ਦੁਖੀਏ ਮਾਂ-ਪੁੱਤ – ਜੂਨ 1946
3. ਬੰਦਾ ਸਿੰਘ ਸ਼ਹੀਦ – ਦਸੰਬਰ 1946
4. ਸਿੱਖ ਰਾਜ ਕਿਵੇਂ ਬਣਿਆ? – ਮਾਰਚ 1950
5. ਸਿੱਖ ਰਾਜ ਤੇ ਸ਼ੇਰੇ ਪੰਜਾਬ – ਨਵੰਬਰ 1950
6. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ – ਸਤੰਬਰ 1952
7. ਮਨੁੱਖਤਾ ਦੇ ਗੁਰੂ-ਗੂਰੁ ਗੋਬਿੰਦ ਸਿੰਘ – ਦਸੰਬਰ 1966
8. ਮਨੁੱਖਤਾ ਦੇ ਗੁਰੂ-ਗੁਰੂ ਨਾਨਕ ਦੇਵ ਜੀ – ਨਵੰਬਰ 1967
9. ਮਨੁੱਖਤਾ ਦੇ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤਕ -ਮਈ 1971

ਬੱਚਿਆਂ ਲਈ:

1. ਧਰਮ ਦਾ ਰਾਖਾ ਗੁਰੂ ਤੇਗ ਬਹਾਦਰ – ਅਕਤੂਬਰ 1975
2. ਬਾਬਾ ਨਾਨਕ – ਦਸੰਬਰ 1975
3. ਸਿੱਖ ਸ਼ਹੀਦ ਤੇ ਯੋਧੇ – ਜਨਵਰੀ 1976

ਸਿੱਖ ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਤੇ ਖੋਜ ਭਰਪੂਰ ਕਾਰਜ ਜੋ ਸੀਤਲ ਜੀ ਨੇ ਕੀਤਾ ਉਹ ਹੈ ਸਿੱਖ ਇਤਿਹਾਸ ਦੇ ਸੋਮੇ। ਇਹ ਪੰਜ ਜਿਲਦਾਂ ਵਿਚ ਹੈ। ਸਿੱਖ ਇਤਿਹਾਸ ਦੇ ਸੋਮਿਆਂ ਦੇ ਮੁਲੰਕਣ ਸੰਬੰਧੀ ਗਿਆਨੀ ਸੋਹਣ ਸਿੰਘ ਜੀ ਸੀਤਲ ਲਿਖਦੇ ਹਨ ਕਿ ‘ਇਕ ਦਿਨ ਮੇਰੇ ਮਨ ਵਿਚ ਖਿਆਲ ਆਇਆ ਕਿ ਇਨ੍ਹਾਂ ਇਤਿਹਾਸਾਂ ਬਾਰੇ ਖੋਜ ਕਰਨੀ ਚਾਹੀਦੀ ਹੈ। ਸਿੱਖੀ ਦੇ ਖਿਲਾਫ਼ ਜੋ ਅਸਰ ਪਾਉਣ ਦਾ ਕੋਝਾ ਜਤਨ ਕੀਤਾ ਗਿਆ ਉਸ ਉੱਤੇ ਚਾਨਣਾ ਪਾਉਣਾ ਚਾਹੀਦਾ ਹੈ। ਮੈਂ ਮਨ ਬਣਾਇਆ ਕਿ ਸ੍ਰੀ ਗੁਰ ਸੋਭਾ ਤੋਂ ਲੈ ਕੇ ਸੂਰਜ ਪ੍ਰਕਾਸ਼ ਤਕ ਖੋਜ ਕੀਤੀ ਜਾਵੇ। ਇਨ੍ਹਾਂ ਇਤਿਹਾਸਾਂ ਦੀ ਬੋਲੀ ਕਾਫੀ ਔਖੀ (ਬ੍ਰਿਜ ਭਾਸ਼ਾ) ਹੈ, ਜੋ ਆਮ ਪਾਠਕ ਦੀ ਸਮਝ ਤੋਂ ਬਾਹਰ ਹੈ।9

ਇਸ ਤਰ੍ਹਾਂ ਸੀਤਲ ਜੀ ਨੇ ਸਿੱਖ ਇਤਿਹਾਸ ਦੇ ਸੋਮੇ ਭਾਗ ਪਹਿਲਾ ਜਿਸ ਵਿਚ ਸ੍ਰੀ ਗੁਰ ਸੋਭਾ, ਗੁਰ ਬਿਲਾਸ-ਕੋਇਰ ਸਿੰਘ, ਗੁਰ ਬਿਲਾਸ-ਸੁੱਖਾ ਸਿੰਘ ਨੂੰ ਅਕਤੂਬਰ 1981 ਨੂੰ ਛਾਪਿਆ। ਦੂਜਾ ਭਾਗ ਜੋ ਅਗਸਤ 1982 ਵਿਚ ਛਪਿਆ ਸੀ, ਵਿਚ ਭਾਈ ਸਰੂਪ ਦਾਸ ਭੱਲਾ ਦਾ ਗੁਰੂ ਨਾਨਕ ਮਹਿਮਾ ਪ੍ਰਕਾਸ਼, ਸੇਵਾਦਾਸ ਉਦਾਸੀ ਦੀਆਂ ਪਰਚੀਆਂ ਅਤੇ ਗੁਰ ਪ੍ਰਣਾਲੀਆਂ ਸ਼ਾਮਿਲ ਸਨ।

ਤੀਜੇ ਭਾਗ ਵਿਚ ਕਵੀ ਸੰਤੋਖ ਸਿੰਘ ਦਾ ਗੁਰੂ ਨਾਨਕ ਪ੍ਰਕਾਸ਼ ਹੈ ਜੋ ਅਗਸਤ 1982 ਵਿਚ ਛਪਿਆ। ਚੋਥੇ ਭਾਗ ਵਿਚ ਗੁਰਪ੍ਰਤਾਪ ਸੂਰਜ ਕਰਤਾ ਸੰਤੋਖ ਸਿੰਘ ਦੀਆਂ ਪਹਿਲਾਂ ਦਸ ਰਾਸਾਂ ਹਨ ਜੋ ਨਵੰਬਰ 1983 ਵਿਚ ਛਪਿਆ ਅਤੇ ਪੰਜਵਾਂ ਭਾਗ ਜਨਵਰੀ 1984 ਵਿਚ ਛਪਿਆ ਇਸ ਵਿਚ ਬਾਕੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਉਪਰੋਕਤ ਇਤਿਹਾਸਕ ਰਚਨਾਵਾਂ ਰਾਹੀਂ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਬਹੁਮੁੱਲੀ ਸੇਵਾ ਕੀਤੀ ਹੈ। ਸਿੱਖ ਇਤਿਹਾਸ ਦੀ ਲਗਨ ਬਾਰੇ ਇਕ ਥਾਂ ਉਹ ਲਿਖਦੇ ਹਨ, “ਮੇਰੇ ਪਾਠਕ ਅੱਜਕੱਲ੍ਹ ਮੇਰੇ ਉੱਤੇ ਸਵਾਲ ਕਰਦੇ ਹਨ ਕਿ ਮੈਂ ਨਾਵਲ ਲਿਖਣੇ ਛੱਡ ਕੇ ਕਿਹੜੇ ਪਾਸੇ ਪੈ ਗਿਆ ਹਾਂ। ਇਸ ਦਾ ਜਵਾਬ ਹੈ, ਮੇਰਾ ਸਿੱਖ ਇਤਿਹਾਸ ਨਾਲ ਦਿਲੀ ਪਿਆਰ ਤੇ ਸੱਚੀ ਲਗਨ ਹੈ। ਇਹ ਨਾਵਲ ਲਿਖਣ ਵਾਲੇ ਬਹੁਤ ਸਾਰੇ ਸੁਲਝੇ ਹੋਏ ਲੇਖਕ ਹਨ, ਪਰ ਇਹ ਅਲੂਣੀ ਸਿਲ ਚੱਟਣ ਵਾਸਤੇ ਸ਼ਾਇਦ ਹੋਰ ਕੋਈ ਤਿਆਰ ਨਾ ਹੁੰਦਾ। ਮੈਂ ਇਸ ਵਾਸਤੇ ਉਦਮ ਕੀਤਾ।10 ਇਤਿਹਾਸ ਤੇ ਸਾਹਿਤ ਦੀ ਮਹੱਤਤਾ ਤੇ ਵੱਖਰਤਾ ਦੀ ਗੱਲ ਕਰਦਿਆਂ ਸੀਤਲ ਜੀ ਇਕ ਥਾਂ ਲਿਖਦੇ ਹਨ ਕਿ ਕੀ ਇਤਿਹਾਸ ਵੀ ਸਾਹਿਤ ਦਾ ਅੰਗ ਹੈ, ਜਾਂ ਨਹੀਂ। ਇਹ ਇਕ ਅਹਿਮ ਸਵਾਲ ਹੈ। ਮੇਰੀ ਰਾਏ ਹੈ, ਕਿ ਇਤਿਹਾਸ ਵੀ ਸਾਹਿਤ ਦਾ ਇਕ ਜ਼ਰੂਰੀ ਅੰਗ ਹੈ। ਫ਼ਰਕ ਕੇਵਲ ਏਨਾ ਹੀ ਹੈ ਨਾ ਕਿ ਸਾਹਿਤ ਵਿਚ ਪਾਤਰ ਕਲਪਤ ਹੁੰਦੇ ਹਨ, ਤੇ ਇਤਿਹਾਸ ਵਿਚ ਸਹੀ, ਹੋਏ ਬੀਤੇ। ਜੇ ਇਤਿਹਾਸਕ ਨਾਵਲ ਨੂੰ ਸਾਹਿਤ ਮੰਨਿਆ ਜਾਂਦਾ ਹੈ ਤਾਂ ਇਤਿਹਾਸ ਨੂੰ ਕਿਉਂ ਨਹੀਂ? ਸ਼ਰਤ ਇਹ ਹੈ ਕਿ ਇਤਿਹਾਸਕਾਰ ਦਾ ਆਪਣੀ ਬੋਲੀ ਉਤੇ ਅਜਿਹਾ ਕਾਬੂ ਹੋਣਾ ਚਾਹੀਦਾ ਹੈ, ਜੋ ਪਾਠਕ ਨੂੰ ਕੀਲ ਸਕੇ। ਫਿੱਕੀ ਬੋਲੀ ਵਾਲਾ ਤਾਂ ਨਾਵਲ ਵੀ ਪੜ੍ਹਨ ਨੂੰ ਦਿਲ ਨਹੀਂ ਕਰਦਾ। ਜਿਹੜਾ ਪਾਠਕ ਦਾ ਮਨੋਰੰਜਨ ਵੀ ਕਰੇ ਤੇ ਪਾਤਰ ਦੀ ਰੂਪ-ਰੇਖਾ ਵੀ ਉਘਾੜ ਸਕੇ, ਉਹ ਇਤਿਹਾਸ ਸਾਹਿਤ ਦਾ ਇਕ ਨਰੋਆ ਅੰਗ ਹੈ।11 ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਜਿੰਨੀਆਂ ਵੀ ਇਤਿਹਾਸਕ ਪੁਸਤਕਾਂ ਦੀ ਰਚਨਾ ਕੀਤੀ ਉਹ ਦਸਤਾਵੇਜ਼ਾਂ ’ਤੇ ਅਧਾਰਿਤ ਹਨ। ਲੇਖਕ ਨੇ ਜਿਨ੍ਹਾਂ ਪੁਸਤਕਾਂ ਤੋਂ ਹਵਾਲੇ ਲਏ ਉਨ੍ਹਾਂ ਸੰਬੰਧੀ ਵੇਰਵਾ ਤੇ ਟਿੱਪਣੀਆਂ ਵੀ ਦਿੱਤੀਆਂ ਜਿਹੜੀਆਂ ਕਿ ਇਕ ਇਤਿਹਾਸਕਾਰ ਲਈ ਦੇਣੀਆਂ ਜ਼ਰੂਰੀ ਹੁੰਦੀਆਂ ਹਨ। ਸੀਤਲ ਜੀ ਦੁਆਰਾ ਇਤਿਹਾਸਕ ਗ੍ਰੰਥਾਂ ਦੀ ਰਚਨਾ ਕਰਦੇ ਸਮੇਂ ਬੋਲਚਾਲ ਦੀ ਸਾਧਾਰਨ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।

ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਇਕ ਪ੍ਰਮੁੱਖ ਇਤਿਹਾਸਕ ਪੁਸਤਕ ਹੈ।

ਇਸ ਪੁਸਤਕ ਦੀ ਪਹਿਲੀ ਵਾਰ ਪ੍ਰਕਾਸ਼ਨਾ 1 ਸਤੰਬਰ 1952 ਈ: ਵਿਚ ਲਾਹੌਰ ਬੁੱਕ ਸ਼ਾਪ, ਲੁਧਿਆਣਾ ਦੁਆਰਾ ਹੋਈ। ਇਸ ਦੇ ਕੁੱਲ 288 ਪੰਨੇ ਹਨ। ਇਹ ਇਤਿਹਾਸਕ ਮਹੱਤਵ ਦੀ ਇਸ ਪੁਸਤਕ ਨੂੰ 17-08-55 ਈ: ਸੈਂਟਰਲ ਲਾਇਬ੍ਰੇਰੀ ਕਮੇਟੀ ਪੰਜਾਬ ਵੱਲੋਂ P.R.T.C. (Lib)-55-13448  ਰਾਹੀਂ ਮਾਨਤਾ ਦੇ ਦਿੱਤੀ ਗਈ ਸੀ ਸੀਤਲ ਜੀ ਨੇ ਇਸ ਪੁਸਤਕ ਵਿਚ ਸਿੱਖ ਮਿਸਲਾਂ ਦੇ ਇਤਿਹਾਸ ਨੂੰ ਪਹਿਲੀ ਵਾਰ ਸਰਲ ਪੰਜਾਬੀ ਭਾਸ਼ਾ ਵਿਚ ਲਿਖਿਆ।

ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਪੁਸਤਕ ਵਿਚ ਲੇਖਕ ਨੇ ਮਿਸਲਾਂ ਦੇ ਇਤਿਹਾਸ ਤੇ ਉਸ ਵਿਚ ਪੰਜਾਬ ਦੇ ਪੁਰਾਤਨ ਸਿੱਖ ਸਰਦਾਰ ਘਰਾਣਿਆਂ ਬਾਰੇ ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਦੇ ਦੋ ਭਾਗ ਬਣਾਏ ਗਏ ਹਨ। ਪਹਿਲੇ ਭਾਗ ਵਿਚ ਮਿਸਲਾਂ ਕਿਵੇਂ ਬਣੀਆਂ ਦਾ ਬਿਰਤਾਂਤ ਦਿੱਤਾ ਹੈ ਤੇ ਉਪਰੰਤ ਬਾਰਾਂ ਮਿਸਲਾਂ ਦਾ ਵੇਰਵਾ ਦਿੱਤਾ ਹੈ। ਦੂਜੇ ਭਾਗ ਵਿਚ ਪਚਵੰਜਾ ਦੇ ਕਰੀਬ ਪੁਰਾਤਨ ਸਿੱਖ ਸਰਦਾਰਾਂ ਦੇ ਘਰਾਣਿਆਂ ਦਾ ਵੇਰਵਾ ਦਿੱਤਾ ਗਿਆ ਹੈ।

ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਪੁਸਤਕ ਦਾ ਅਰੰਭ ‘ਸਿੱਖ ਮਿਸਲਾਂ ਕਿਵੇਂ ਬਣੀਆਂ’ ਨਾਲ ਹੁੰਦਾ ਹੈ। ਇਤਿਹਾਸ ਦੇ ਇਸ ਪ੍ਰਕਰਣ ਨੂੰ ਸ਼ੁਰੂ ਕਰਦਿਆਂ ਹੋਇਆਂ ਕਰਤਾ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਦਸ ਸਾਲ ਬਾਅਦ ਤਕ ਸਿੰਘ ਬਿਲਕੁੱਲ ਚੁੱਪ ਰਹੇ। 1726 ਈ: ਭਾਈ ਤਾਰਾ ਸਿੰਘ ਵਾਂ ਸ਼ਾਹੀ ਫੌਜਾਂ ਨਾਲ ਲੜਦਿਆਂ ਸ਼ਹੀਦ ਹੋ ਗਏ। ਇਸ ਦੀ ਸ਼ਹੀਦੀ ਨਾਲ ਸਿੰਘ ਫੇਰ ਭੜਕ ਉੱਠੇ। ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੇ ਇਕ ਲੱਖ ਦੀ ਜਗੀਰ ਦੇ ਕੇ ਸਿੰਘਾਂ ਨੂੰ ਸ਼ਾਂਤ ਕੀਤਾ ਅਤੇ ਫ਼ੈਜ਼ਲਪੁਰੀਏ ਸ. ਕਪੂਰ ਸਿੰਘ ਨੂੰ ਨਵਾਬ ਬਣਾਇਆ ਗਿਆ ਇਸ ਤੋਂ ਪਹਿਲਾਂ ਜਥੇਦਾਰ ਦਰਬਾਰਾ ਸਿੰਘ ਪੰਥ ਦਾ ਜਥੇਦਾਰ ਸੀ। ਨਵਾਬ ਕਪੂਰ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ ਤੇ ਸਿੰਘਾਂ ਦੇ ਦੋ ਜਥੇ ਬੁੱਢਾ ਦਲ ਤੇ ਤਰੁਨਾ ਦਲ ਬਣ ਗਏ।

ਤਰਨਾ ਦਲ ਅੱਗੋਂ ਪੰਜ ਜਥਿਆਂ ਵਿਚ ਵੰਡ ਦਿੱਤਾ ਗਿਆ।12 ਇਹ ਪੰਜ ਜਥੇ ਸਨ।

1. ਜਥਾ ਸ਼ਹੀਦਾਂ- ਜਥੇਦਾਰ ਬਾਬਾ ਦੀਪ ਸਿੰਘ
2. ਜਥਾ ਅੰਮ੍ਰਿਤਸਰੀਆ-ਜਥੇਦਾਰ ਕਰਮ ਸਿੰਘ ਤੇ ਧਰਮ ਸਿੰਘ
3. ਬਾਬਾ ਕਾਹਨ ਸਿੰਘ ਦਾ ਜਥਾ
4. ਜਥਾ ਡੱਲੇਵਾਲੀਆਂ- ਜਥੇਦਾਰ ਦਸੌਂਧਾ ਸਿੰਘ ਗਿੱਲ ਜੱਟ ਪਿੰਡ ਕੋਟ ਬੁੱਢਾ।
5. ਰੰਘਰੇਟੇ ਸਿੰਘ ਦਾ ਜਥਾ-ਜਥੇਦਾਰ ਬੀਰ ਸਿੰਘ ਜੀਊਣ ਸਿੰਘ ਆਦਿ

ਇਨ੍ਹਾਂ ਪੰਜ ਜਥਿਆਂ ਦੇ ਜਥੇਦਾਰਾਂ ਦੇ ਨਾਲ ਹੋਰ ਵੀ ਪ੍ਰਮੁੱਖ ਸਿੰਘ ਸਨ, 1739 ਈ: ਨਾਦਰ ਸ਼ਾਹ ਦੇ ਹਮਲੇ ਨੇ ਦਿੱਲੀ ਰਾਜ ਵਿਚ ਇਸ ਤੋਂ ਪਿੱਛੋਂ ਪੰਜਾਬ ‘ਚ ਕੋਈ ਹਕੂਮਤ ਕੰਮ ਨਹੀਂ ਕਰ ਰਹੀ ਸੀ। ਇਸ ਸਮੇਂ ਸਿੰਘ ਜ਼ੋਰ ਪਕੜ ਗਏ। ਸਿੰਘਾਂ ਦਾ ਸਰਕਾਰ ਵਿਰੁੱਧ ਘੋਲ ਤਿੱਖਾ ਹੁੰਦਾ ਗਿਆ। 14 ਅਕਤੂਬਰ 1745 ਈ: ਨੂੰ ਦਲ ਖ਼ਾਲਸਾ ਦਾ ਇਕੱਠ ਹੋਇਆ, ਇਥੇ ਦਲ ਖਾਲਸਾ ਨੂੰ ਅੱਗੋਂ ਤੀਹ ਛੋਟੇ ਜਥਿਆਂ ਵਿਚ ਵੰਡ ਦਿੱਤਾ ਗਿਆ। ਉਨ੍ਹਾਂ ਤੀਹ ਜਥਿਆਂ ਦੇ ਨਾਮ ਇਹ ਹਨ:13

1. ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆ (ਸਿੰਘ ਪੁਰੀਆ), 2. ਸ. ਸ਼ਾਮ ਸਿੰਘ ਪਿੰਡ ਨਾਰੋਕੇ, ਜ਼ਿਲ੍ਹਾ ਸਿਆਲਕੋਟ, 3. ਸ. ਗੁਰਬਖ਼ਸ਼ ਸਿੰਘ, ਕਲਸੀਆਂ, 4. ਸ. ਕਰੋੜਾ ਸਿੰਘ, ਪੈਜਗੜ੍ਹ ਜ਼ਿਲ੍ਹਾ ਗੁਰਦਾਸਪੁਰ, 5. ਸ. ਕਰਮ ਸਿੰਘ ਪੈਜਗੜ੍ਹ, ਜ਼ਿਲ੍ਹਾ ਗੁਰਦਾਸਪੁਰ, 6. ਸ. ਗੁਰਦਿਆਲ ਸਿੰਘ, ਡੱਲੇਵਾਲ, ਪਰਗਣਾ ਕਲਾਨੌਰ, 7. ਸ.ਦਿਆਲ ਸਿੰਘ, ਡੱਲੇ ਵਾਲ, ਪਰਗਣਾ ਕਲਾਨੌਰ, 8. ਸ. ਨੌਧ ਸਿੰਘ, ਸ਼ੁਕਰਚੱਕੀਆ,  9. ਸ.ਚੰਦਾ ਸਿੰਘ, ਸ਼ੁਕਰਚੱਕੀਆ, 10. ਸ. ਕਾਲਾ ਸਿੰਘ, ਪਿੰਡ ਕੰਗ, 11. ਸ. ਖਿਆਲਾ ਸਿੰਘ, ਪਿੰਡ ਕੰਗ, 12. ਸ. ਬਾਘ ਸਿੰਘ, ਪਿੰਡ ਹੱਲੋਵਾਲ, 13. ਸ. ਜੱਸਾ ਸਿੰਘ, ਪਿੰਡ ਆਹਲੂ, 14. ਸ. ਹਰੀ ਸਿੰਘ, ਪਿੰਡ ਪੰਜਵੜ, 15. ਸ. ਛੱਜਾ ਸਿੰਘ, ਪਿੰਡ ਪੰਜਵੜ, 16. ਬਾਬਾ ਦੀਪ ਸਿੰਘ ‘ਸ਼ਹੀਦ, 17. ਸ. ਸੁਧਾ ਸਿੰਘ ‘ਸ਼ਹੀਦ’,18. ਸ. ਸੁੱਖਾ ਸਿੰਘ, ਮਾੜੀ ਕੰਬੋਕੀ, 19. ਸ. ਜੱਸਾ ਸਿੰਘ (ਰਾਮਗੜ੍ਹੀਆ), 20. ਸ. ਭੋਮਾ ਸਿੰਘ ਕਨ੍ਹਈਆ, 21. ਸ. ਜੈ ਸਿੰਘ ਕਨ੍ਹਈਆ, 22. ਸ. ਹਕੀਕਤ ਸਿੰਘ ਕਨ੍ਹਈਆ, 23. ਸ. ਹੀਰਾ ਸਿੰਘ ਨਕਈ, 24. ਸ. ਸੱਦਾ ਸਿੰਘ ਨਕਈ, 25. ਸ. ਕਰਮ ਸਿੰਘ, ਨਾਰਲੀ,ਅੰਮ੍ਰਿਤਸਰ, 26. ਸ. ਧਰਮ ਸਿੰਘ, ਅੰਮ੍ਰਿਤਸਰ, 27. ਸ. ਜਿਉਣ ਸਿੰਘ ਮਜ਼੍ਹਬੀ, 28. ਸ. ਬਦਨ ਸਿੰਘ ਮਜ਼੍ਹਬੀ, 29. ਸ. ਬੀਰ ਸਿੰਘ ਮਜ਼੍ਹਬੀ, 30. ਸ. ਅਘੜ ਸਿੰਘ।

ਜਨਵਰੀ 1748 ਈ. ਵਿਚ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ। ਇਸ ਸਮੇਂ ਖ਼ਾਲਸੇ ਦੇ ਛੋਟੇ-ਛੋਟੇ ਜਥਿਆਂ ਦੇ ਹੋਰ ਜਥੇ ਬਣ ਗਏ ਇਹ ਗਿਣਤੀ 66 ਤਕ ਪਹੁੰਚ ਗਈ।14 ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ:

1. ਨਵਾਬ ਕਪੂਰ ਸਿੰਘ, ਫ਼ੈਜ਼ਲਾਪੁਰ, 2. ਸ. ਜੱਸਾ ਸਿੰਘ, ਆਹਲੂ, 3. ਸ. ਹਰੀ ਸਿੰਘ ਭੰਗੀ, ਪੰਜਵੜ, 4. ਸ. ਝੰਡਾ ਸਿੰਘ ਭੰਗੀ, ਪੰਜਵੜ, 5. ਸ. ਗੰਡਾ ਸਿੰਘ ਭੰਗੀ, ਪੰਜਵੜ, 6. ਸ. ਨੱਥਾ ਸਿੰਘ, 7. ਸ. ਮਤਾਬ ਸਿੰਘ, ਪਿੰਡ ਖੱਖ, ਅੰਮ੍ਰਿਤਸਰ, 8. ਸ. ਚੜ੍ਹਤ ਸਿੰਘ ਕਨ੍ਹੱਈਆ, 9. ਸ. ਦੀਵਾਨ ਸਿੰਘ, 10. ਸ. ਗੁੱਜਰ ਸਿੰਘ, 11. ਸ. ਗਰਜਾ ਸਿੰਘ, 12. ਸ. ਨਿਬਾਹੂ ਸਿੰਘ, 13. ਸ. ਲਹਿਣਾ ਸਿੰਘ, 14. ਸ. ਫੂਲਾ ਸਿੰਘ ਰੋੜਾਂਵਾਲਾ, 15. ਸ. ਸਾਂਵਲ ਸਿੰਘ, ਰੰਧਾਵਾ ਪਿੰਡ ਵਾਘਾ, 16. ਸ. ਗੁਰਬਖ਼ਸ਼ ਸਿੰਘ, ਪਿੰਡ ਦੋਦਾ, 17. ਧੰਨਾ ਸਿੰਘ, ਪਿੰਡ ਕਲਾਲਵਾਲਾ,  18. ਸ. ਤਾਰਾ ਸਿੰਘ, ਪਿੰਡ ਚੈਨਪੁਰ, 19. ਸ. ਬਾਘ ਸਿੰਘ ਪਿੰਡ ਕੋਟ ਸੈਦ ਮਹਿਮੂਦ (ਕੋਟ ਖਾਲਸਾ), 20. ਸ. ਹਕੀਕਤ ਸਿੰਘ, 21. ਸ. ਮਹਿਤਾਬ ਸਿੰਘ, ਪਿੰਡ ਵਡਾਲਾ ਸੰਧੂਆਂ, (ਜ਼ਿਲ੍ਹਾ ਸਿਆਲਕੋਟ), 22. ਸ. ਜੈ ਸਿੰਘ, ਪਿੰਡ ਕਾਹਨਾ,  23. ਸ. ਝੰਡਾ ਸਿੰਘ, ਪਿੰਡ ਕਾਹਨਾ, 24. ਸ. ਤਾਰਾ ਸਿੰਘ, ਪਿੰਡ ਕਾਹਨਾ, 25. ਸ. ਮਨੋਹਰ ਸਿੰਘ, ਪਿੰਡ ਕਾਹਨਾ, 26. ਸ. ਸ਼ੋਭਾ ਸਿੰਘ, ਪਿੰਡ ਕਾਹਨਾ, 27. ਸ. ਭੀਮ ਸਿੰਘ, 28. ਸ. ਅਮਰ ਸਿੰਘ, ਪਿੰਡ ਵਾਘਾ, 29. ਸ. ਸੋਭਾ ਸਿੰਘ, ਪਿੰਡ ਭਿੱਕਾ, 30. ਸ. ਬਘੇਲ ਸਿੰਘ, ਪਿੰਡ ਝਬਾਲ, 31. ਸ. ਗੁਲਾਬ ਸਿੰਘ, ਡੱਲੇਵਾਲੀਆਂ,  32. ਸ. ਹਰੀ ਸਿੰਘ, ਡੱਲੇਵਾਲੀਆਂ, 33. ਸ. ਨੌਧ ਸਿੰਘ ਸ਼ੁਕਰਚੱਕੀਆ, 34. ਸ. ਗੁਲਾਬ ਸਿੰਘ, ਮਜੀਠਾ (ਨੌਧ ਸਿੰਘ ਦਾ ਸਹੁਰਾ), 35. ਸ. ਮਹਿਤਾਬ ਸਿੰਘ, ਪਿੰਡ ਜੁਲਕਾ, 36. ਸ. ਕਰੋੜਾ ਸਿੰਘ, ਪਿੰਡ ਪੈਜਗੜ੍ਹ, 37. ਸ. ਹਰਾ ਸਿੰਘ, 38. ਸ. ਲੱਜਾ ਸਿੰਘ, 39. ਸ. ਨੰਦਾ ਸਿੰਘ, ਪਿੰਡ ਸਾਂਘਣਾ, 40. ਸ. ਕਪੂਰ ਸਿੰਘ, ਸੂਰਿਆਂਵਾਲਾ,41. ਸ. ਅਮਰ ਸਿੰਘ, ਪਿੰਡ ਕਿੰਗਰਾ, 42. ਸ. ਜੀਵਨ ਸਿੰਘ, ਪਿੰਡ ਕਿਲ੍ਹਾ ਜੀਵਨ ਸਿੰਘ, 43. ਸ. ਸਾਹਿਬ ਸਿੰਘ, ਸਿਆਲਕੋਟੀਆ, 44. ਬਾਬਾ ਦੀਪ ਸਿੰਘ ‘ਸ਼ਹੀਦ’, 45. ਸ. ਨੱਥਾ ਸਿੰਘ ‘ਸ਼ਹੀਦ’, 46. ਸ. ਮੋਹਰ ਸਿੰਘ, ਪਿੰਡ ਰਣੀਆਂ, 47. ਸ. ਮਹਾਂ ਸਿੰਘ, ਪਿੰਡ ਰਣੀਆ, 48. ਸ. ਬਾਘ ਸਿੰਘ ਹੱਲੋਵਾਲੀਆ, 49. ਸ. ਝੰਡਾ ਸਿੰਘ, ਸੁਲਤਾਨਵਿੰਡ (ਅੰਮ੍ਰਿਤਸਰ), 50. ਸ. ਮਿਰਜ਼ਾ ਸਿੰਘ ਕਾਹਲੋਂ, 51. ਸ. ਸ਼ਾਮ ਸਿੰਘ ਮਾਨ, ਪਿੰਡ ਬੁਲਾਕੀ ਚੱਕ, 52. ਸ. ਮਾਲਾ ਸਿੰਘ, ਪਿੰਡ ਬੁਲਾਕੀ ਚੱਕ, 53. ਸ. ਬਹਾਲ ਸਿੰਘ, ਸ਼ੇਖੂਪੁਰਾ, 54. ਸ. ਅਮੀਰ ਸਿੰਘ, ਸ਼ੇਖੂਪੁਰਾ, 55. ਸ. ਹੀਰਾ ਸਿੰਘ, 56. ਸ. ਗੰਡਾ ਸਿੰਘ, 57. ਸ. ਲਾਲ ਸਿੰਘ, 58. ਸ. ਤਾਰਾ ਸਿੰਘ ਮਾਨ, ਪਿੰਡ ਮਾਨਾਂਵਾਲਾ, ਜ਼ਿਲ੍ਹਾ ਅੰਮ੍ਰਿਤਸਰ,  59. ਸ. ਮਹਿਤਾਬ ਸਿੰਘ, ਪਿੰਡ ਲਾਲਪੁਰਾ (ਤਰਨਤਾਰਨ), 60. ਸ. ਰੂਪ ਸਿੰਘ,  61. ਸ. ਅਨੂਪ ਸਿੰਘ ਨਕਈ, 62. ਸ. ਦਸੌਂਧਾ ਸਿੰਘ, 63. ਸ. ਤਾਰਾ ਸਿੰਘ (ਕੰਗ) ਘੇਬਾ, 64. ਸ. ਧਰਮ ਸਿੰਘ, ਅੰਮ੍ਰਿਤਸਰ, 65. ਸ. ਸੁੱਖਾ ਸਿੰਘ, ਮਾੜੀ ਕੰਬੋਕੀ, 66. ਸ. ਜੱਸਾ ਸਿੰਘ, ਪਿੰਡ ਈਚੋਗਿਲ(ਪਿੱਛੋਂ ਰਾਮਗੜ੍ਹੀਆ ਅਖਵਾਇਆ)

1748 ਈ: ਵਿਸਾਖੀ ਉੱਤੇ ਖ਼ਾਲਸੇ ਦਾ ਇਕੱਠ ਹੋਇਆ ਨਵਾਬ ਕਪੂਰ ਸਿੰਘ ਨੇ ਮਤਾ ਪੇਸ਼ ਕੀਤਾ ਕਿ ਪੰਥ ਦੀ ਇਕ ਮਜ਼ਬੂਤ ਜਥੇਬੰਦੀ ਬਣਾਈ ਜਾਵੇ। ਇਹ ਮਤਾ ਸਾਰਿਆਂ ਨੇ ਪਰਵਾਨ ਕਰ ਲਿਆ ਤੇ ਸਾਰੇ ਪੰਥ ਦੀ ਸਾਂਝੀ ਜਥੇਬੰਦੀ ਦਾ ਨਾਂ ਦਲ ਖ਼ਾਲਸਾ ਰੱਖਿਆ ਗਿਆ। ਦਲ ਖ਼ਾਲਸਾ ਦਾ ਜਥੇਦਾਰ ਸਰਬਸੰਮਤੀ ਨਾਲ ਸ. ਜੱਸਾ ਸਿੰਘ ਆਹਲੂਵਾਲੀਆ ਚੁਣਿਆ ਗਿਆ। ਉਸ ਦੇ ਮਤਾਹਿਤ ਗਿਆਰਾਂ ਮਿਸਲਾਂ ਬਣਾਈਆਂ ਗਈਆਂ ਮਿਸਲਾਂ ਇਹ ਹਨ:15

ਮਿਸਲ ਆਹਲੂਵਾਲੀਆ: ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ।

1. ਮਿਸਲ ਫ਼ੈਜ਼ਲਾਪੁਰੀਆਂ ਜਾਂ ਸਿੰਘਪੁਰੀਆਂ: ਜਥੇਦਾਰ ਨਵਾਬ ਕਪੂਰ ਸਿੰਘ ਫ਼ੈਜ਼ਲਾਪੁਰੀਆਂ (ਫ਼ੈਜ਼ਲਾਪੁਰ ਦਾ ਨਾਂ ਨਵਾਬ ਕਪੂਰ ਸਿੰਘ ਨੇ ਸਿੰਘਪੁਰਾ ਰੱਖ ਲਿਆ ਸੀ, ਜੋ ਅੱਜ ਤਕ ਪ੍ਰਚਲਿਤ ਹੈ)।
2. ਮਿਸਲ ਸ਼ੁਕਰਚੱਕੀਆਂ: ਜਥੇਦਾਰ ਨੌਧ ਸਿੰਘ ਸ਼ੁਕਰਚੱਕੀਆ (ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ)
3. ਮਿਸਲ ਨਿਸ਼ਾਨਾਵਾਲੀ: ਜਥੇਦਾਰ ਦਸੌਂਧਾ ਸਿੰਘ (ਦਲ ਖਾਲਸਾ ਦਾ ਨਿਸ਼ਾਨ ਬਰਦਾਰ)
4.  ਮਿਸਲ ਭੰਗੀਆਂ: ਜਥੇਦਾਰ ਹਰੀ ਸਿੰਘ ਭੰਗੀ, ਪਿੰਡ ਪੰਜਵੜ।
5. ਮਿਸਲ ਕਨ੍ਹੱਈਆਂ: ਜਥੇਦਾਰ ਜੈ ਸਿੰਘ ਕਨ੍ਹਈਆਂ, ਪਿੰਡ ਕਾਹਨਾ
6. ਮਿਸਲ ਨਕਈਆਂ: ਜਥੇਦਾਰ ਹੀਰਾ ਸਿੰਘ ਨਕਈ, ਪਿੰਡ ਬਹਿੜਵਾਲ
7. ਮਿਸਲ ਡੱਲੇਵਾਲੀ: ਜਥੇਦਾਰ ਗੁਲਾਬ ਸਿੰਘ, ਪਿੰਡ ਡੱਲੇਵਾਲ
8. ਮਿਸਲ ਸ਼ਹੀਦਾਂ: ਜਥੇਦਾਰ ਬਾਬਾ ਦੀਪ ਸਿੰਘ ‘ਸ਼ਹੀਦ’
9. ਮਿਸਲ ਕਰੋੜਾ ਸਿੰਘੀਆਂ: ਜਥੇਦਾਰ ਕਰੋੜਾ ਸਿੰਘ, ਪਿੰਡ ਪੈਜਗੜ੍ਹ।
10. ਮਿਸਲ ਸਾਂਘਣੀਆਂ: (ਪਿੱਛੋਂ ਮਿਸਲ ਰਾਮਗੜ੍ਹੀਆਂ) ਜਥੇਦਾਰ ਨੰਦ ਸਿੰਘ, ਪਿੰਡ ਸਾਂਘਣਾ।

ਨੋਟ:- ਬਾਰ੍ਹਵੀਂ ਮਿਸਲ ਫੂਲਕੀਆਂ ਇਨ੍ਹਾਂ ਤੋਂ ਵੱਖਰੀ ਹੈ, ਜਿਸ ਦਾ ਬਾਨੀ ਸ. ਆਲਾ ਸਿੰਘ ਪਟਿਆਲਾ ਹੈ।

5 ਫਰਵਰੀ 1762 ਕੁੱਪ ਰਹੀੜੇ ਦੇ ਮੈਦਾਨ ਵਿਚ ਅਬਦਾਲੀ ਤੇ ਖ਼ਾਲਸੇ ਸਿੱਧੀ ਟੱਕਰ ਹੋਈ। ਖ਼ਾਲਸੇ ਦਾ ਭਾਰੀ ਨੁਕਸਾਨ ਹੋਇਆ। ਇਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਸੀਤਲ ਜੀ ਅਨੁਸਾਰ ਦਸੰਬਰ 1762 ਈ: ਅਬਦਾਲੀ ਦੇ ਵਾਪਸ ਕਾਬਲ ਜਾਣ ਪਿੱਛੋਂ ਸਿੰਘ ਫਿਰ ਅੰਮ੍ਰਿਤਸਰ ਇਕੱਠੇ ਹੋਏ। ਦਲ ਖ਼ਾਲਸਾ ਦੀ ਜਥੇਬੰਦੀ ਨੂੰ ਫਿਰ ਨਵੇਂ ਸਿਰਿਓਂ ਕਾਇਮ ਕੀਤਾ। ਦੋ ਵੱਡੇ ਜਥੇ ਬਣਾਏ ਗਏ ਜਿਸ ਵਿਚ ਆਹਲੂਵਾਲੀਆ, ਸਿੰਘਪੁਰੀਆਂ, ਡੱਲੇਵਾਲੀਆ, ਕਰੋੜਾ ਸਿੰਘੀ, ਨਿਸ਼ਾਨਾਵਾਲੀ ਤੇ ਸ਼ਹੀਦਾਂਵਾਲੀ ਛੇ ਮਿਸਲਾਂ ਸ਼ਾਮਿਲ ਸਨ, ਜਿਨ੍ਹਾਂ ਦਾ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਸੀ। ਤਰੁਨਾ ਦਲ- ਭੰਗੀ, ਰਾਮਗੜ੍ਹੀਆਂ, ਕਨ੍ਹਈਆਂ, ਨਕੱਈਆਂ, ਸ਼ੁਕਰਚੱਕੀਆਂ, ਪੰਜ ਮਿਸਲਾਂ ਸਨ ਤੇ ਇਨ੍ਹਾਂ ਦਾ ਜਥੇਦਾਰ ਹਰੀ ਸਿੰਘ ਭੰਗੀ ਸੀ। ਇਸ ਨੂੰ ਗੁਰਧਾਮਾਂ ਦੀ ਸੇਵਾ ਬਖਸ਼ੀ ਗਈ।16 ਇਸ ਤੋਂ ਅੱਗੇ ਸੀਤਲ ਜੀ ਨੇ ਹਰੇਕ ਮਿਸਲ ਦਾ ਵਿਸਤਰਤ ਹਾਲ ਦਿੱਤਾ ਹੈ। ਹਰੇਕ ਮਿਸਲ ਦੇ ਜਥੇਦਾਰ ਦੇ ਜੀਵਨ, ਇਲਾਕਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਪੁਸਤਕ ਦੇ ਦੂਜੇ ਭਾਗ ਵਿਚ ਪੁਰਾਤਨ ਸਮੇਂ ਦੇ ਪ੍ਰਮੁੱਖ ਸਿੱਖ ਸਰਦਾਰਾਂ ਦੇ ਘਰਾਣਿਆਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ। ਇਨ੍ਹਾਂ ਪ੍ਰਮੁੱਖ ਘਰਾਣਿਆਂ ਬਾਰੇ ਜਾਣਕਾਰੀ ਨੂੰ ਪੰਜਾਬੀ ਭਾਸ਼ਾ ਵਿਚ ਇਕ ਪੁਸਤਕ ਰੂਪ ਵਿਚ ਇਕ ਥਾਂ ਇਕੱਠੇ ਕਰਨਾ, ਪਹਿਲਾ ਜਤਨ ਮੰਨਿਆ ਜਾ ਸਕਦਾ ਹੈ। ਇਸ ਵਿਚ ਕੁੱਲ ਪਚਵੰਜਾ ਘਰਾਣਿਆ ਦਾ ਵਰਣਨ ਹੋਇਆ ਹੈ। ਇਨ੍ਹਾਂ ਸਭ ਘਰਾਣਿਆਂ ਨੇ ਸਿੱਖ ਮਿਸਲਾਂ ਦੇ ਸਮੇਂ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਤੇ ਸਿੱਖ ਰਾਜ ਪਿੱਛੋਂ ਆਪਣੀ ਅਹਿਮ ਭੂਮਿਕਾ ਨਿਭਾਈ। ਇਹ ਸਾਰੇ ਘਰਾਣੇ ਸਿੱਖ ਮਿਸਲਦਾਰਾਂ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅਤੇ ਸ਼ਾਹੀ ਫੌਜਾਂ ਦੇ ਨੌਕਰ-ਚਾਕਰ ਸਨ। ਇਨ੍ਹਾਂ ਘਰਾਣਿਆਂ ਦੀਆਂ ਬੰਸਾਵਲੀਆਂ ਦੇ ਕੇ ਉਨ੍ਹਾਂ ਦੇ ਕੀਤੇ ਕਾਰਜਾਂ ਦਾ ਵੇਰਵਾ ਸੀਤਲ ਜੀ ਨੇ ਇਸ ਭਾਗ ਵਿਚ ਦਿੱਤਾ ਹੈ। ਇਨ੍ਹਾਂ ਪਚਵੰਜਾ ਘਰਾਣਿਆਂ ਦੀ ਫਰਿਸ਼ਿਤ ਨਿਮਨਲਿਖਤ ਅਨੁਸਾਰ ਹੈ:


ਘਰਾਣਾ 
ਮੁਖੀ
1. ਸੰਧਾਵਾਲੀਏ ਸਰਦਾਰ ਸ. ਬੁੱਢਾ ਸਿੰਘ
2. ਸ. ਹਰੀ ਸਿੰਘ ਨਲਵਾ ਸ. ਹਰਦਾਸ ਸਿੰਘ
3. ਸ. ਸ਼ਾਮ ਸਿੰਘ ਅਟਾਰੀਵਾਲਾ ਸ੍ਰੀ ਕਾਹਨ ਚੰਦ
4. ਰਾਜਾ ਸ਼ੇਰ ਸਿੰਘ ਅਟਾਰੀਵਾਲਾਸ੍ਰੀ ਕਾਹਨ ਚੰਦ
5. ਸ. ਜਵਾਲਾ ਸਿੰਘ ਪਢਾਣੀਆ ਸ. ਸੁੱਖਾ ਸਿੰਘ
6. ਸ. ਸੰਤ ਸਿੰਘ ਐਮਾ ਸ. ਨੱਥਾ ਸਿੰਘ
7 ਜਮਾਂਦਾਰ ਖੁਸ਼ਹਾਲ ਸਿੰਘ ਰਾਜਾ ਤੇਜ ਸਿੰਘ ਪੰਡਿਤ ਹਰਿਗੋਬਿੰਦ
8 ਰਾਜਾ ਲਾਲ ਸਿੰਘ ਮਿਸਰਪੰਡਤ ਧਨਪਤ ਰਾਏ
9. ਸ. ਲਹਿਣਾ ਸਿੰਘ, ਰਣਜੋਤ ਸਿੰਘ ਮਜੀਠਾ ਸ. ਨੌਧ ਸਿੰਘ
10. ਸ. ਸੁੰਦਰ ਸਿੰਘ ਮਜੀਠਾਗੁੱਜਰ
11. ਸ. ਅਮਰ ਸਿੰਘ ਛੋਟਾ, ਮਜੀਠਾ ਸ. ਮਾਹਣਾ ਸਿੰਘ
12. ਸ. ਫ਼ਤਹਿ ਸਿੰਘ ਅਤਰ ਸਿੰਘ ਵਾਲਾ ਕਾਲਿਆਂ ਵਾਲੇ ਸ. ਜੈਮਲ ਸਿੰਘ (ਸਾਹਿਬ ਸਿੰਘ)
13. ਸ. ਫਤਹਿ ਸਿੰਘ ਮਾਨ ਸ. ਤਾਰਾ ਸਿੰਘ
14. ਸ. ਕਾਹਨ ਸਿੰਘ ਸ. ਹੁਕਮ ਸਿੰਘ
15. ਸ. ਸਰਜਾ ਸਿੰਘ ਮਾਨ, ਮੁਗ਼ਲ ਚੱਕਸ. ਸਰਜਾ ਸਿੰਘ
16. ਸੰਤ ਨਿਧਾਨ ਸਿੰਘ ਪੰਜ ਹੱਥਾ ਸ. ਦੁਲਚਾ ਸਿੰਘ
17. ਸ. ਨਿਧਾਨ ਸਿੰਘ ਹੱਟੂ ਪਿੰਡ ਮਰ੍ਹਾਕਾ ਸ. ਬੂੜ ਸਿੰਘ
18. ਸ. ਗੁਲਾਬ ਸਿੰਘ ਪਹੁਵਿੰਡੀਆ ਸ. ਕਰਮ ਸਿੰਘ
19. ਸ. ਧੰਨ ਸਿੰਘ ਮਲਵਈ ਸ. ਮੱਲ ਸਿੰਘ
20. ਸ. ਧੰਨਾ ਸਿੰਘ ਬੁਤਾਲੀਆ ਸ. ਧੰਨਾ ਸਿੰਘ
21. ਸ. ਜੈ ਸਿੰਘ ਮਨਿਹਾਲਾ ਚੌਧਰੀ ਬੁਲਾਕੀ
22. ਸ. ਜੈ ਸਿੰਘ ਕੋਟ ਸੈਦ ਮਾਹਮੂਦ (ਕੋਟ ਖਾਲਸਾ) ਸ. ਵੀਰ ਸਿੰਘ
23. ਸ. ਹੁਕਮਾ ਸਿੰਘ ਚਿਮਨੀਸ. ਰਾਮ ਸਿੰਘ
24. ਭਾਈ ਗੁਰਮੁੱਖ ਸਿੰਘ ਭਾਈ ਰਾਮ ਸਿੰਘ
25. ਭਾਈ ਰਾਮ ਸਿੰਘ ਭਾਈ ਬੁਲਾਕਾ ਸਿੰਘ
26. ਸ. ਮਿਲਖਾ ਸਿੰਘ ਥੇਹਪੁਰੀਆਸ. ਮਿਲਖਾ ਸਿੰਘ
27. ਸ. ਲੱਖਾ ਸਿੰਘ ਠੇਠਰ ਸ. ਚੂਹੜ ਸਿੰਘ
28. ਸ. ਕਰਮ ਸਿੰਘ ਚਾਹਲ ਸ. ਕੱਥਾ ਸਿੰਘ
29. ਸ. ਕਰਮ ਸਿੰਘ ਛੀਨਾ ਸ. ਕਰਮ ਸਿੰਘ
30. ਸ. ਫਤਹਿ ਸਿੰਘ ਸਿਧਵੰਸ. ਦਿਆਲ ਸਿੰਘ
31. ਸ. ਜਵੰਦ ਸਿੰਘ ਮੋਕਲ ਸ. ਠਾਕਰ ਸਿੰਘ
32. ਸ. ਮੋਹਰ ਸਿੰਘ ਲੰਮਾ ਰਾਏ ਮਹਾਂ ਸਿੰਘ
33. ਸ. ਗੁਰਮੁੱਖ ਸਿੰਘ ਲੰਮਾ ਸ. ਚੜ੍ਹਤ ਸਿੰਘ
34. ਸ. ਪੰਜਾਬ ਸਿੰਘ ਘਰਜਾਖੀਆ ਸ. ਸ਼ਾਮ ਸਿੰਘ
35. ਸ. ਫਤਹਿ ਸਿੰਘ ਛਾਛੀ ਸ. ਟਹਿਲ ਸਿੰਘ ਛਾਛੀ
36. ਸ. ਖੁਸ਼ਹਾਲ ਸਿੰਘ ਕਲਾਸ ਸ. ਖੁਸ਼ਹਾਲ ਸਿੰਘ ਬਾਜਵਾ
37. ਸ. ਜੋਧ ਸਿੰਘ ਕਲਾਸਬਾਜਵਾ ਜੋਗੀ
38. ਸ. ਮਤਾਬ ਸਿੰਘ ਵਡਾਲਾ ਸੰਧੂਆ ਸ. ਦੀਵਾਨ ਸਿੰਘ
39. ਸ. ਲਾਲ ਸਿੰਘ ਸਿਰਾਂਵਾਲਾ ਸ. ਦਰਗਾਹ ਸਿੰਘ
40. ਸ. ਅਮਰ ਸਿੰਘ ਵਾਘਾ ਅਕਾਲ
41. ਸ. ਗੁਲਾਬ ਸਿੰਘ ਭਾਗੋਵਾਲੀਆ ਸ. ਧਿਆਨ ਸਿੰਘ
42. ਸ. ਨਾਰ ਸਿੰਘ ਚਮਿਆਰੀ ਸ. ਨਾਰ ਸਿੰਘ
43. ਸ. ਰਾਮ ਸਿੰਘ ਚੱਬਾ ਸ. ਸੱਦਾ ਸਿੰਘ
44. ਸ. ਗੋੜ ਸਿੰਘ ਮਾੜੀ ਸ. ਮਾਲਾ ਸਿੰਘ
45. ਸ. ਬੂੜ ਸਿੰਘ ਮੁਕੇਰੀਆਂ ਬੁੱਢਾ ਦਿੱਤਾ
46. ਕੈਥਲ ਦਾ ਭਾਈ ਘਰਾਣਾ ਭਾਈ ਰਾਮ ਦਿਆਲ
47. ਸ. ਭੰਗਾ ਸਿੰਘ ਥਾਨੇਸਰ ਸ. ਮਿਤ ਸਿੰਘ ਸਰਹਾਲੀ
48. ਰਾਜਾ ਅਜੀਤ ਸਿੰਘ ਲਾਡਵਾ ਸ. ਗੁਰਦਿੱਤ ਸਿੰਘ
49. ਭਦੌੜ ਘਰਾਣਾਫੂਲ
50. ਮਲੌਦ ਘਰਾਣਾਫੂਲ
51. ਬੁੱਡਰ ਖਾਨ ਦਾ ਬਡਰੁੱਖਾ ਸਰਦਾਰ ਦਾ ਘਰਾਣਾ ਫੂਲ
52. ਸ. ਕਰਮ ਸਿੰਘ ਸ਼ਾਹਾਬਾਦ ਸ. ਹਿੰਮਤ ਸਿੰਘ
53. ਸ. ਭਾਗ ਸਿੰਘ ਬੂੜੀਆ ਤੇ ਰਾਏ ਸ. ਭਾਗ ਸਿੰਘ ਸਿੰਘ ਜਗਾਧਰੀ
54. ਸ. ਰਤਨ ਸਿੰਘ ਭੰਗੂ ਸ. ਮਤਾਬ ਸਿੰਘ
55. ਸ. ਹਿੰਮਤ ਸਿੰਘ ਅਲਾਉਲਪੁਰ ਸ. ਗੁਲਾਬ ਸਿੰਘ
ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

1 What is History E.H. Carr, Penguin Books, England, 1980, Page 9.
2 What is History E.H. Carr, Penguin Books, England, 1980, Page 10.
3 What is History E.H. Carr, Penguin Books, England, 1980, Page 10.
4 What is History E.H. Carr, Penguin Books, England, 1980, Page 19.
5 ਮੌਖਿਕ ਇਤਿਹਾਸ, ਗੁਰਬਚਨ ਸਿੰਘ (ਨਈਅਰ), ਨੈਸ਼ਨਲ ਬੁੱਕ ਆਰਗੇਨਾਈਜੇਸ਼ਨ, ਦਿੱਲੀ, 1990, ਪੰਨਾ 7.
6 ਮੇਰੀ ਸਾਹਿਤਕ ਜੀਵਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 45-46.
7 ਮੇਰੀ ਸਾਹਿਤਕ ਜੀਵਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 45-46.
8 ਮੇਰੀ ਸਾਹਿਤਕ ਜੀਵਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 47-48.
9 ਵੇਖੀ ਮਾਣੀ ਦੁਨੀਆਂ, ਸੋਹਣ ਸਿੰਘ ਸੀਤਲ, ਸੀਤਲ ਪੁਸਤਕ ਭੰਡਾਰ, ਲੁਧਿਆਣਾ, 1983, ਪੰਨਾ 337.
10 ਸਿੱਖ ਇਤਿਹਾਸ ਦੇ ਸੋਮੇ, ਗਿ: ਸੋਹਣ ਸਿੰਘ ਸੀਤਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਦੂਜੀ ਵਾਰ, 2000, ਪੰਨਾ 16.
11 ਰੀ ਸਾਹਿਤਕ ਸਵੈ-ਜੀਵਨੀ, ਪੰਨਾ 49-50.
13 ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸੋਹਣ ਸਿੰਘ ਸੀਤਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1979, ਪੰਨਾ 11-12.
14 ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸੋਹਣ ਸਿੰਘ ਸੀਤਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1979, ਪੰਨਾ 12-15.
15 ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸੋਹਣ ਸਿੰਘ ਸੀਤਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1979, ਪੰਨਾ 15-16.
16 ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸੋਹਣ ਸਿੰਘ ਸੀਤਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1979, ਪੰਨਾ 17-18.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)