ਸੰਗੀਤ ਅਤੇ ਮਨੁੱਖ ਦਾ ਸੰਬੰਧ ਮੁੱਢ ਤੋਂ ਹੀ ਬੜਾ ਅਟੁੱਟ ਰਿਹਾ ਹੈ। ਸੰਗੀਤ ਦਾ ਜਨਮ ਬ੍ਰਹਿਮੰਡ ਦੀ ਉਤਪਤੀ ਦੇ ਨਾਲ ਹੀ ਮੰਨਿਆ ਜਾਂਦਾ ਹੈ। ਪ੍ਰਕਿਰਤੀ ਦੀ ਹਰ ਸ਼ੈਅ ਸੰਗੀਤਕ ਪਸਾਰੇ ਅਧੀਨ ਵਿਚਰਦੀ ਹੈ। ਜਿਵੇਂ ਹਵਾ ਦਾ ਚੱਲਣਾ, ਨਦੀਆਂ ਦਾ ਵਹਿਣਾ, ਕੋਇਲਾਂ ਦਾ ਗਾਉਣਾ, ਚਿੜੀਆਂ ਦਾ ਬੋਲਣਾ ਸਭ ਅੰਦਰ ਸੰਗੀਤਕ ਛੋਹਾਂ ਮਿਲਦੀਆਂ ਹਨ। ਸੰਗੀਤ ਮਨੁੱਖੀ ਮਨ ’ਤੇ ਅਮਿਟ ਛਾਪ ਛੱਡਦਾ ਹੈ। ਇਹ ਮਨੁੱਖੀ ਮਾਨਸਿਕਤਾ ਨੂੰ ਟੁੰਬਦਾ ਹੈ। ਸੰਗੀਤ ਨੂੰ ਮਨੁੱਖੀ ਮਨ ਦੀ ਤ੍ਰਿਪਤੀ ਦਾ ਪ੍ਰਮੁੱਖ ਸਾਧਨ ਮੰਨਿਆ ਜਾਂਦਾ ਹੈ। ਸੰਗੀਤ ਮਨੁੱਖੀ ਮਨ ਨੂੰ ਇਕਾਗਰਤਾ ਪ੍ਰਦਾਨ ਕਰਦਾ ਹੈ। ਸੰਗੀਤ ਮਨੁੱਖੀ ਜੀਵਨ ਵਿਚ ਜਨਮ ਤੋਂ ਮਰਨ ਤਕ ਅਹਿਮ ਭੂਮਿਕਾ ਨਿਭਾਉਂਦਾ ਹੈ।
ਗਿਆਨੀ ਸੋਹਣ ਸਿੰਘ ਸੀਤਲ ਸੰਗੀਤ ਪਰੰਪਰਾ ਵਿਚ ਇਕ ਢਾਡੀ ਵਜੋਂ ਜਾਣੇ ਜਾਂਦੇ ਹਨ। ਢਾਡੀ ਦਾ ਅਰਥ ਹੈ, ਜੱਸ ਗਾਉਣ ਵਾਲਾ। ਢਾਡੀ ਪਰੰਪਰਾ ਨੂੰ ਮਨੁੱਖੀ ਜੀਵਨ ਦੀ ਹੋਂਦ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਦ ਮਨੁੱਖ ਆਦਿ ਵਾਸੀ ਸੀ ਤਾਂ ਉਹ ਉਮਾਹ ਵਿਚ ਆ ਕੇ ਜਿਹੀਆਂ ਉੱਚੀ ਸੁਰ ਵਿਚ ਗਲੇ ਵਿੱਚੋਂ ਕੱਢਦਾ ਸੀ, ਉਹ ਢਾਡੀ ਸੰਗੀਤ ਦਾ ਅਰੰਭਕ ਬਿੰਦੂ ਸੀ। ਫਿਰ ਆਦਿ ਵਾਸੀ ਤੋਂ ਕਬੀਲੇ ਤਕ ਪਹੁੰਚਦਿਆਂ ਮਨੁੱਖੀ ਮਨ ਵਿਚ ਅਧਿਕਾਰ ਤੇ ਉੱਨਤੀ ਦੇ ਵਿਚਾਰ ਨੇ ਕਬੀਲਿਆਂ ਅੰਦਰ ਲੜਾਈਆਂ ਸ਼ੁਰੂ ਕੀਤੀਆਂ। ਜਿਹੜਾ ਕਬੀਲਾ ਹਾਰ ਜਾਂਦਾ, ਉਸ ਦੇ ਨੌਜਵਾਨ ਬੇਹੌਸਲਾ ਹੋ ਜਾਂਦੇ। ਇਸ ਸਮੇਂ ਉਨ੍ਹਾਂ ਨੂੰ ਅਜਿਹੇ ਸ੍ਰੋਤ ਦੀ ਲੋੜ ਮਹਿਸੂਸ ਹੁੰਦੀ ਜੋ ਉਨ੍ਹਾਂ ਅੰਦਰ ਉਤਸ਼ਾਹ ਪੈਦਾ ਕਰ ਸਕੇ। ਇਹ ਕੰਮ ਕਲਾਕਾਰ ਸੰਗੀਤ ਰਾਹੀਂ ਹੀ ਕਰ ਸਕਦੇ ਸਨ। ਇਹ ਕਲਾਕਾਰ ਉਸ ਸਮੇਂ ‘ਭੱਟ’ ਅਖਵਾਉਣ ਲੱਗੇ। ‘ਭੱਟ’ ਹਾਰਨ ਵਾਲੇ ਸਰਦਾਰ ਨੂੰ ਉਸ ਦੇ ਪੁਰਖਿਆਂ ਦੀਆਂ ਵਾਰਤਾਵਾਂ ਸੁਣਾ ਕੇ ਪ੍ਰੇਰਨਾ ਦਿੰਦੇ। ‘ਭੱਟ’ ਜਿੱਤੇ ਸਰਦਾਰ ਦਾ ਗੁਣ ਗਾਇਨ ਵੀ ਕਰਦੇ ਸਨ। ਇਹ ‘ਭੱਟ’ ਵਿਭਿੰਨ ਪਰਿਪੇਖਾਂ ਵਿਚ ਵਿਕਸਤ ਹੁੰਦੇ ਰਹੇ। ਰਾਜਸਥਾਨ ਵਿਚ ਰਾਜਪੂਤ ਘਰਾਣੇ ਉਭਰੇ ਤਾਂ ਉੱਥੇ ਭੱਟਾਂ ਦੇ ਹੁਨਰ ਦੀ ਵੀ ਕਦਰ ਵਧੀ। ਇਸ ਸਮੇਂ ਹਰ ਘਰਾਣੇ ਦਾ ਵੱਖਰਾ ‘ਭੱਟ’ ਸੀ। ਉਹ ਭੱਟ ਆਪਣੇ ਸਰਦਾਰ ਨੂੰ ਛੱਡ ਕੇ ਕਿਸੇ ਹੋਰ ਬੂਹੇ ’ਤੇ ਨਹੀਂ ਸੀ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ‘ਗਉੜੀ ਕੀ ਵਾਰ’ ਵਿਚ ਲਿਖਦੇ ਹਨ:
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ (ਪੰਨਾ 323)
ਇਨ੍ਹਾਂ ਭੱਟਾਂ ਦੀਆਂ ਅੱਗੋਂ ਦੋ ਸ਼ਾਖਾਵਾਂ ਹੋ ਗਈਆਂ। ਬਹੁਤੇ ਭੱਟ ਆਪਣੇ ਸਰਦਾਰ ਦੇ ਦਰਬਾਰ ਵਿਚ ਖਲੋ ਕੇ ਕਬਿੱਤ-ਸਵੱਈਏ ਪੜ੍ਹਦੇ, ਜਿਨ੍ਹਾਂ ਵਿਚ ਉਸ ਘਰਾਣੇ ਦੇ ਵੱਡਿਆਂ ਦੀ ਉਸਤਤਿ ਕਰਦੇ। ਫਿਰ ਭੱਟਾਂ ਨੇ ਦੋ-ਦੋ, ਤਿੰਨ-ਤਿੰਨ ਦੀਆਂ ਜੋਟੀਆਂ ਵਿਚ ਸਾਜ਼ਾਂ ਨਾਲ ਗਾਉਣਾ ਅਰੰਭ ਕੀਤਾ। ਰਾਜਸਥਾਨ ਵਿਚ ਸਾਜ਼ਾਂ ਨਾਲ ਗਾਉਣ ਵਾਲਿਆਂ ਵਾਸਤੇ ਸ਼ਬਦ ‘ਘੜਕਾ’ ਪੈ ਗਿਆ। ‘ਘੜਕਾ’ ਅਖਵਾਉਣ ਵਾਲੇ ਗਾਇਕ ਪੰਜਾਬ ਵਿਚ ਆ ਕੇ ‘ਢਾਡੀ’ ਬਣ ਗਏ।
ਪੰਜਾਬ ਵਿਚ ਵੱਸਣ ਵਾਲੇ ਜੱਟਾਂ ਦੀਆਂ ਬਹੁਤੀਆਂ ਗੋਤਾਂ ਰਾਜਸਥਾਨ ਵਿੱਚੋਂ ਆਈਆਂ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਖਾਨਦਾਨੀ ਭੱਟ ਵੀ ਆ ਗਏ। ਰਾਜਸਥਾਨ ਵਿੱਚੋਂ ਆਉਣ ਵਾਲੇ ਲੋਕਾਂ ਦੀ ਇਥੇ ਆ ਕੇ ਸ਼੍ਰੇਣੀ-ਵੰਡ ਨਵੇਂ ਸਿਰਿਓਂ ਹੋ ਗਈ। ਰਾਜਪੂਤ, ਖੱਤਰੀ ਜਾਂ ਜੱਟ ਉਨ੍ਹਾਂ ਰਾਜਸਥਾਨੀਆਂ ਦਾ ਹੀ ਬਦਲਿਆ ਹੋਇਆ ਰੂਪ ਹੈ। ‘ਘੜਕਾ’ ਦਾ ਬਦਲਿਆ ਹੋਇਆ ਰੂਪ ਹੈ ‘ਢਾਡੀ’। ਪੰਜਾਬ ਵਿਚ ਆ ਕੇ ਉਨ੍ਹਾਂ ਦੇ ਸਾਜ਼ ਬਦਲ ਗਏ। ਉਨ੍ਹਾਂ ਦੇ ਪਹਿਲੇ ਸਾਜ਼ ‘ਸਰੰਦਾ’ ਤੇ ‘ਮਰਦੰਗ’ ਸਨ। ਪੰਜਾਬ ਵਿਚ ਆ ਕੇ ਸਾਰੰਦੇ ਦੀ ਜਗ੍ਹਾ ਸਾਰੰਗੀ ਤੇ ਮਰਦੰਗ ਦੀ ਜਗ੍ਹਾ ਢੱਡ ਨੇ ਲੈ ਲਈ।
ਪਹਿਲਾਂ-ਪਹਿਲ ਭਾਰਤ ਦੇ ਬਹੁਤ ਸਾਰੇ ਹਿੱਸੇ ਉੱਤੇ ਜਦ ਮੁਸਲਮਾਨੀ ਰਾਜ ਹੋ ਗਿਆ ਤਾਂ ਬਹੁਤ ਸਾਰੇ ਭੱਟ ਮੁਸਲਮਾਨ ਬਣ ਗਏ, ਕਿਉਂਕਿ ਉਨ੍ਹਾਂ ਦੀ ਰੋਟੀ ਮੁਸਲਮਾਨਾਂ ਦੇ ਹੱਥ ਸੀ। ਜਿਹੜੇ ਭੱਟ ਮੁਸਲਮਾਨ ਬਣ ਗਏ, ਉਨ੍ਹਾਂ ਵਿਚ ਕੁਝ ਮਰਾਸੀ ’ਤੇ ਕੁਝ ਸ਼ੇਖ (ਭਿਰਾਈ) ਅਖਵਾਉਣ ਲੱਗ ਪਏ।
ਸਿੱਖ ਇਤਿਹਾਸ ਵਿਚ ਢਾਡੀ-ਪਰੰਪਰਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਵਧੇਰੇ ਪ੍ਰਫੁਲਤ ਹੋਈ। ਇਹ ਪਰੰਪਰਾ ਪਹਿਲੇ ਗੁਰੂ ਸਾਹਿਬਾਨ ਸਮੇਂ ਵੀ ਪ੍ਰਚੱਲਤ ਸੀ। ਇਸੇ ਲਈ ਸ੍ਰੀ ਗੁਰੂ ਅਮਰਦਾਸ ਜੀ ਢਾਡੀ ਸੰਬੰਧੀ ਆਖਦੇ ਹਨ:
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥ (ਪੰਨਾ 516)
ਸ੍ਰੀ ਗੁਰੂ ਅਮਰਦਾਸ ਜੀ ਦੇ ਵਿਚਾਰਾਂ ਦਾ ਅਮਲੀ ਰੂਪ ਛੇਵੇਂ ਗੁਰੂ ਸਾਹਿਬ ਦੇ ਸਮੇਂ ਵੇਖਣ ਵਿਚ ਮਿਲਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰਾਗੀਆਂ, ਕਥਾਕਾਰਾਂ ਦੇ ਨਾਲ ਸਿਪਾਹੀ-ਸਿੱਖਾਂ ਵਾਸਤੇ ਢਾਡੀਆਂ ਦੀ ਲੋੜ ਵੀ ਸਮਝੀ। ਵਾਰਾਂ ਸੁਣਨ ਨਾਲ ਸਿੱਖਾਂ ਵਿਚ ਜੋਸ਼ ਆਉਂਦਾ ਸੀ। ਗੁਰੂ ਸਾਹਿਬ ਸਮੇਂ ਸੁਰਸਿੰਘ ਪਿੰਡ ਦੇ ਰਹਿਣ ਵਾਲੇ ਪ੍ਰਸਿੱਧ ਢਾਡੀ ਨੱਥਾ ਤੇ ਅਬਦੁੱਲਾ ਬੀਰ ਰਸੀ ਵਾਰਾਂ ਗਾ ਕੇ ਸਿੱਖਾਂ ਦੇ ਉਤਸ਼ਾਹ ਵਿਚ ਵਾਧਾ ਕਰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿਚ ਢਾਡੀਆਂ ਨੂੰ ਸਿੱਖੀ ਸਰੂਪ ਬਖ਼ਸ਼ ਕੇ ਉਨ੍ਹਾਂ ਨੂੰ ਜਾਤੀ ਬੰਧਨ ਤੋਂ ਮੁਕਤ ਕੀਤਾ।1
ਸਿੱਖ ਢਾਡੀ-ਪਰੰਪਰਾ ਪਹਿਲੇ ਪੁਰਾਣੇ ਢਾਡੀ-ਪਰੰਪਰਾ ਤੋਂ ਕੁਝ ਅੱਡਰੀ ਸੀ।ਪੁਰਾਣੇ ਢਾਡੀ ਅਖਾੜੇ ਵਿਚਕਾਰ ਖਲੋ ਕੇ ਗਾਉਂਦੇ ਸਨ। ਸ੍ਰੋਤੇ ਉਨ੍ਹਾਂ ਦੇ ਦੁਆਲੇ ਘੇਰਾ ਪਾ ਕੇ ਸੁਣਦੇ ਸਨ। ਢਾਡੀ ਛੰਦ ਦੀ ਚਾਲ ਬਦਲਣ ਵਾਸਤੇ ਤਿੰਨ-ਚਾਰ ਕਹਾਣੀਆਂ ਇਕੱਠੀਆਂ ਸ਼ੁਰੂ ਕਰ ਲੈਂਦੇ ਸਨ। ਇਸ ਤਰ੍ਹਾਂ ਛੰਦਾਂ ਦੀਆਂ ਚਾਲਾਂ ਤੇ ਤਰਜ਼ਾਂ ਬਦਲ ਕੇ ਨਵੀਂ ਵੰਨਗੀ ਪੈਦਾ ਕਰ ਲਈ ਜਾਂਦੀ। ਪੁਰਾਣੇ ਢਾਡੀਆਂ ਵਾਸਤੇ ਇੱਕੋ ਸਮੇਂ ਕੋਈ ਵੀ ਕਹਾਣੀ ਸਥਾਪਤ ਕਰਨਾ ਜ਼ਰੂਰੀ ਨਾ ਹੁੰਦਾ। ਇਹ ਕਥਾ ਕਈ-ਕਈ ਦਿਨ ਚੱਲਦੀ ਰਹਿੰਦੀ। ਪਰ ਸਿੱਖ-ਪਰੰਪਰਾ ਸਮੇਂ ਗਾਈ ਜਾਂਦੀ ਵਾਰ ਦੀ ਬਣਤਰ ਇਕਹਰੀ ਹੋ ਗਈ। ਇਹ ਢਾਡੀ ਇੱਕੋ ਸਮੇਂ ਇੱਕੋ ਵਿਥਿਆ ਸਮਾਪਤ ਕਰ ਕੇ ਨੌਜਵਾਨਾਂ ਨੂੰ ਯੁੱਧ ਲਈ ਉਤਸ਼ਾਹਿਤ ਕਰਦੇ।
ਗਿਆਨੀ ਸੋਹਣ ਸਿੰਘ ਸੀਤਲ ਅਖਾੜਿਆਂ ਵਿਚ ਜਦ ਢਾਡੀਆਂ ਦੀਆਂ ਵਾਰਾਂ ਸੁਣਦੇ ਤਾਂ ਬਚਪਨ ਵਿਚ ਹੀ ਉਨ੍ਹਾਂ ਦੇ ਮਨ ਵਿਚ ਢਾਡੀ ਬਣਨ ਦਾ ਸ਼ੌਕ ਉਭਰ ਆਇਆ ਸੀ। ਢਾਡੀ ਬਣਨ ਦੀ ਤਾਂਘ ਵਿਚ ਉਨ੍ਹਾਂ ਇਕ ਬਜ਼ੁਰਗ ਸ਼ੇਖ ਬਾਬਾ ਚਰਾਗ਼ ਦੀਨ ਕੋਲੋਂ ਸੁਰ ਤੇ ਤਾਲ ਦਾ ਗਿਆਨ ਹਾਸਲ ਕੀਤਾ। ਉਨ੍ਹਾਂ ਦਾ ਇਕ ਸਾਥੀ ਗੁਰਚਰਨ ਸਿੰਘ ਸਾਰੰਗੀ ਵਜਾਉਂਦਾ ਤੇ ਉਹ ਤਿੰਨੇ ਢੱਡ ਵਜਾਉਂਦੇ ਤੇ ਗਾਉਂਦੇ। ਸੀਤਲ ਜੀ ਨੇ ਆਪਣੇ ਉਸਤਾਦ ਪਾਸੋਂ ਕਲਾਸੀਕਲ ਤਰਜ਼ਾਂ ’ਤੇ ਲੋਕ-ਧੁਨਾਂ ਦਾ ਪੂਰਾ ਗਿਆਨ ਪ੍ਰਾਪਤ ਕਰ ਲਿਆ। ਗਾਉਣ ਦੇ ਨਾਲ-ਨਾਲ ਕੁਝ ਨਵਾਂ ਕਰ ਸਕਣ ਦੀ ਰੀਝ ਨੇ ਉਨ੍ਹਾਂ ਅੰਦਰ ਵਾਰਾਂ ਲਿਖਣ ਦਾ ਸ਼ੌਕ ਪੈਦਾ ਕੀਤਾ। ਸੀਤਲ ਜੀ ਦਾ ਆਪਣਾ ਕਥਨ ਹੈ ਕਿ, “ਸਭ ਤੋਂ ਪਹਿਲਾ ਪ੍ਰਸੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ ‘ਦਸਮੇਸ਼ ਆਗਮਨ’ 1.1.35 ਈ. ਨੂੰ ਲਿਖਿਆ।”2
ਸੀਤਲ ਜੀ ਦੀ ਗਾਇਕੀ ਤੇ ਲਿਖਣ ਦੀ ਵਿਲੱਖਣਤਾ ਹੈ ਕਿ ਉਹ ਸਮਕਾਲੀ ਢਾਡੀਆਂ ਤੋਂ ਵੱਖਰਾ ਹੋ ਕੇ ਚੱਲਦੇ ਸਨ। ਉਨ੍ਹਾਂ ਦੇ ਸਮਕਾਲੀਆਂ ਦੇ ਪ੍ਰਸੰਗ ਤੇ ਵਿਆਖਿਆ ਦੇ ਢੰਗ ਪੁਰਾਣੇ ਸਨ। ਉਹ ਪਹਿਲਾਂ ਸਾਜ਼ਾਂ ਨਾਲ ਰਲ ਕੇ ਪਾਉੜੀ ਗਾਉਂਦੇ ਫਿਰ ਆਗੂ ਕਵਿਤਾ ਨੂੰ ਸਧਾਰਨ ਢੰਗ ਨਾਲ ਦੁਹਰਾਉਂਦੇ ਹੋਏ ਆਪਣੇ ਸਾਥੀਆਂ ਨਾਲ ਕੜੀ ਮਿਲਾਉਣ ਵਾਸਤੇ ਦੋ-ਚਾਰ ਵਾਕ ਕਹਿ ਕੇ ਨਵੀਂ ਪਉੜੀ ਗਾਉਣੀ ਸ਼ੁਰੂ ਦਿੰਦੇ ਜਾਂ ਕੋਈ ਚੁਟਕਲਾ ਕਹਿ ਦਿੰਦੇ ਸਨ। ਪਰ ਸੀਤਲ ਜੀ ਦਾ ਢੰਗ ਨਿਵੇਕਲਾ ਸੀ। ਉਹ ਆਪਣੀ ਵਾਰ ਵਿਚਲੀ ਵਿਆਖਿਆ ਨੂੰ ਇਤਿਹਾਸਕ ਪ੍ਰਸੰਗ ਨਾਲ ਜੋੜਦੇ ਸਮੇਂ ਦੀ ਸਿਆਸਤ ਦਾ ਜ਼ਿਕਰ ਕਰ ਜਾਂਦੇ ਜਿਸ ਨਾਲ ਸ੍ਰੋਤੇ ਉਨ੍ਹਾਂ ਨਾਲ ਮਾਨਸਿਕ ਤੌਰ ’ਤੇ ਜੁੜ ਜਾਂਦੇ ਸਨ। ਗਿਆਨੀ ਸੋਹਣ ਸਿੰਘ ਜੀ ਸੀਤਲ ਆਪ ਸਵੀਕਾਰਦੇ ਹਨ ਕਿ ਬਤੌਰ ਢਾਡੀ ਉਨ੍ਹਾਂ ਦੀ ਪਛਾਣ ਅਮੋਲਕ ਹੈ:
ਜੇ ਮੈਂ ਕੁਦਰਤ ਵੱਲੋਂ ਢਾਡੀ ਨਾ ਬਣਦਾ ਤਾਂ ਸ਼ਾਇਦ ਕੁਝ ਵੀ ਨਾ ਬਣ ਸਕਦਾ। ਸਭ ਕੁਛ ‘ਗੁਰੂ ਕਾ ਢਾਡੀ’ ਹੋਣ ਦੀ ਕਿਰਪਾ ਹੈ। ਫਿਰ ਢਾਡੀ ਸਾਹਿਤ (ਵਾਰਾਂ) ਵੀ ਮੇਰੀ ਰਚਨਾ ਦਾ ਖ਼ਾਸ ਹਿੱਸਾ ਹੈ।3
ਸੀਤਲ ਜੀ ਨੇ ਪੰਜਾਬੀ ਵਾਰ ਸਾਹਿਤ ਨੂੰ ਨਿਮਨਲਿਖਤ ਸੰਗ੍ਰਹਿ ਦਿੱਤੇ:
- ਮੇਰੀਆਂ ਢਾਡੀ ਵਾਰਾਂ ਭਾਗ ਪਹਿਲਾ (1973)
- ਮੇਰੀਆਂ ਢਾਡੀ ਵਾਰਾਂ ਭਾਗ ਦੂਜਾ (1974)
- ਮੇਰੀਆਂ ਢਾਡੀ ਵਾਰਾਂ ਭਾਗ ਤੀਜਾ (1976)
- ਮੇਰੀਆਂ ਢਾਡੀ ਵਾਰਾਂ ਭਾਗ ਚੌਥਾ (1978)
ਇਨ੍ਹਾਂ ਚਾਰ ਵਾਰ ਸੰਗ੍ਰਹਿ ਵਿਚ ਉਨ੍ਹਾਂ ਦੁਆਰਾ ਰਚਿਤ ਵਾਰ ਸੰਗ੍ਰਹਿਾਂ ਦਾ ਸੁਮੇਲ ਮਿਲਦਾ ਹੈ। ‘ਮੇਰੀਆਂ ਢਾਡੀ ਵਾਰਾਂ’ ਭਾਗ ਪਹਿਲਾ ਵਿਚ ‘ਸੀਤਲ ਸੁਨੇਹੇ’, ‘ਸੀਤਲ ਹੰਝੂ’, ‘ਸੀਤਲ ਤਰਾਨੇ’, ‘ਸੀਤਲ ਮੁਨਾਰੇ’ ਤੇ ਦੋ ਪ੍ਰਸੰਗ ਸ਼ਾਮਲ ਹਨ। ਸੀਤਲ ਰਚਿਤ ‘ਮੇਰੀਆਂ ਢਾਡੀ ਵਾਰਾਂ’ ਭਾਗ ਦੂਜਾ ਵਿਚ ‘ਸੀਤਲ ਕਿਰਣਾਂ’, ‘ਸੀਤਲ ਹੁਲਾਰੇ’, ‘ਸੀਤਲ ਤਰੰਗਾਂ’, ‘ਸੀਤਲ ਚੰਗਿਆੜੇ’ ਤੇ ਦੋ ਪ੍ਰਸੰਗ ਦੇ ਨਾਲ ਕੁਝ ਨਵੀਆਂ ਕਵਿਤਾਵਾਂ ਹਨ। ‘ਮੇਰੀਆਂ ਢਾਡੀ ਵਾਰਾਂ’ ਭਾਗ ਤੀਜਾ ਵਿਚ ‘ਸੀਤਲ ਪ੍ਰਕਾਸ਼’, ‘ਸੀਤਲ ਤਾਘਾਂ’, ‘ਸੀਤਲ ਵਲਵਲੇ’, ‘ਸੀਤਲ ਅੰਗਿਆਰੇ’ ਤੇ ‘ਸੀਤਲ ਵਾਰਾਂ’ ਵਿੱਚੋਂ ਦੋ ਪ੍ਰਸੰਗ ਹਨ। ‘ਮੇਰੀਆਂ ਢਾਡੀ ਵਾਰਾਂ’ ਭਾਗ ਚੌਥਾ ਵਿਚ ‘ਸੀਤਲ ਉਮੰਗਾਂ’, ‘ਸੀਤਲ ਸੁਗਾਤਾਂ’, ‘ਸੀਤਲ ਚਮਕਾਂ’, ‘ਸੀਤਲ ਰਮਜ਼ਾਂ’ ਤੇ ਦੋ ਪ੍ਰਸੰਗ ਸੀਤਲ ਵਾਰਾਂ ਵਿੱਚੋਂ ਹਨ।
ਇਨ੍ਹਾਂ ਸੰਗ੍ਰਹਿਆਂ ਵਿਚ ਸੰਕਲਿਤ ਵਾਰ ਸਾਹਿਤ ਦਾ ਮੂਲ ਸ੍ਰੋਤ ਇਤਿਹਾਸਕ ਵੇਰਵੇ ਹਨ। ਸੀਤਲ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਿੱਖ ਇਤਿਹਾਸ ਦੀ ਨਿੱਕੀ ਤੋਂ ਨਿੱਕੀ ਘਟਨਾ ਨੂੰ ਲੈ ਜੰਗਾਂ, ਯੁੱਧਾਂ ਤੇ ਘੱਲੂਘਾਰਿਆਂ ਨੂੰ ਆਪਣੀਆਂ ਵਾਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਮਾਪਤੀ ਤਕ ਦਾ ਇਤਿਹਾਸ ਉਲੀਕਦੇ ਹਨ। ਉਦਾਹਰਣ ਦੇ ਤੌਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਹੇਲਖੰਡ ਯਾਤਰਾ ਦੀ ਵਾਰ ਗੁਰੂ ਨਾਨਕ ਸਮੇਂ ਦੇ ਇਤਿਹਾਸ ਦਾ ਮੁਲਾਂਕਣ ਕਰਦੀ ਹੈ, ਜਦੋਂ ਧਰਮ, ਈਮਾਨ ਦੇ ਨਾਲ-ਨਾਲ ਇਨਸਾਨ ਵੀ ਮੰਡੀਆਂ ਵਿਚ ਵਸਤਾਂ ਵਾਂਗ ਵਿਕਦਾ ਸੀ। ਇਸ ਵਾਰ ਵਿਚ ਸੋਹਣ ਸਿੰਘ ਸੀਤਲ ਨੇ ਧਰਮ ਤੇ ਈਮਾਨ ਦੀ ਜਿੱਤ ਨੂੰ ਦਰਸਾਇਆ ਹੈ। ਉਨ੍ਹਾਂ ਵਾਰ ਦੇ ਅੰਤ ਵਿਚ ਗੁਰੂ ਨਾਨਕ ਦਾ ਰੂਪ ਪਰਉਪਕਾਰੀ ਸਾਧੂ ਦਰਸਾਇਆ ਜੋ ਪਾਪੀਆਂ ਨੂੰ ਵੀ ਮੁਆਫ਼ ਕਰ ਦਿੰਦੇ ਹਨ।4
ਉਨ੍ਹਾਂ ਬੰਦੀ-ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਚੰਦੂ ਦੀ ਮੌਤ ਸੰਬੰਧੀ ਵਾਰ ਲਿਖੀ, ਜਿਸ ਵਿਚ ‘ਸਾਕੇ’ ਸਿਰਲੇਖ ਹੇਠ ਉਨ੍ਹਾਂ ਛੇਵੇਂ ਗੁਰੂ ਦੀ ਮਹਿਮਾ ਨੂੰ ਗਾਇਆ ਹੈ:
ਸਾਕਾ
ਸਤਿਗੁਰ ਨਾਨਕ ਦੇਵ ਨੇ ਜੋ ਬੂਟਾ ਲਾਇਆ
ਗੁਰ ਅਰਜਨ ਨੇ ਆਪਣਾ ਸਿੰਜ ਖੂਨ ਵਧਾਇਆ
ਛੇਵਾਂ ਰੂਪ ਅਕਾਲ ਦਾ ਹਰਿਗੋਬਿੰਦ ਆਇਆ
ਦੁਖੀਆਂ ਦੇ ਦੁਖ ਹਰਨ ਨੂੰ ਖੰਡਾ ਲਿਸ਼ਕਾਇਆ
ਪੈਦਾ ਕੀਤਾ ਬੀਰ ਰਸ ਦਲ ਨਵਾਂ ਸਜਾਇਆ
‘ਸੀਤਲ’ ਤੇਗਾਂ ਪਹਿਨ ਦੋ ਪਾਸਾ ਉਲਟਾਇਆ।5
ਇਸ ਤਰ੍ਹਾਂ ਉਨ੍ਹਾਂ ਇਸ ਭਾਗ ਵਿਚ ਵਲੀ ਕੰਧਾਰੀ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਜੰਗ ਸੈਦ ਖ਼ਾਨ, ਸਾਕਾ ਸਰਹਿੰਦ, ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਤੇ ਫ਼ਤਹਿ, ਸ਼ਹੀਦੀ ਗੁਰੂ ਤੇਗ ਬਹਾਦਰ, ਅਬਦਾਲੀ ਦਾ ਨੌਵਾਂ ਹਮਲਾ, ਪੰਜ ਪਿਆਰੇ, ਸ਼ਹੀਦੀ ਭਾਈ ਤਾਰਾ ਸਿੰਘ ਜੀ, ਜੰਗ ਹਰਿਗੋਬਿੰਦਪੁਰਾ, ਛੇਵੇਂ ਪਾਤਸ਼ਾਹ, ਸੱਜਣ ਠੱਗ ਦਾ ਉਦਾਰ, ਮਾਤਾ ਸੁਲੱਖਣੀ, ਸ਼ਹੀਦੀ ਬਾਬਾ ਬੋਤਾ ਸਿੰਘ ਆਦਿ ਅਨੇਕਾਂ ਵਿਸ਼ਿਆਂ ’ਤੇ ਵਾਰਾਂ ਲਿਖੀਆਂ।
‘ਮੇਰੀਆਂ ਢਾਡੀ ਵਾਰਾਂ ਦਾ ਭਾਗ ਦੂਜਾ’ ਵਿਚ ਉਨ੍ਹਾਂ ਸ਼ਹੀਦ ਗੰਜ ਸਿੰਘਣੀਆਂ, ਸ਼ਹੀਦੀ ਭਾਈ ਤਾਰੂ ਸਿੰਘ ਜੀ, ਬਾਲਾ ਪ੍ਰੀਤਮ, ਗੱਡੀ ਪੰਜਾ ਸਾਹਿਬ, ਸ਼ਹੀਦੀ ਕੇਵਲ ਸਿੰਘ, ਭੰਗਾਣੀ ਯੁੱਧ, ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦੀ ਬਾਬਾ ਦੀਪ ਸਿੰਘ ਜੀ, ਸ਼ਹੀਦੀ ਸ. ਸੁਬੇਗ ਸਿੰਘ, ਸ਼ਾਹਬਾਜ ਸਿੰਘ, ਸ਼ਹੀਦੀ ਹਰੀ ਸਿੰਘ ਨਲੂਆ, ਬਾਬਾ ਆਦਮ ਤੇ ਭਾਈ ਭਗਤੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਹੇਲਖੰਡ ਵਿਚ ਫੇਰੀ, ਪਿਆਰੇ ਦਾ ਪਿਆਰ, ਸ਼ਾਹ ਜਮਾਨ ਦਾ ਆਖਰੀ ਹਮਲਾ, ਕਸ਼ਮੀਰ ਫ਼ਤਹਿ ਕਰ ਕੇ ਸਿੱਖ ਰਾਜ ਵਿਚ ਮਿਲਾਉਣਾ, ਸਿੱਖਾਂ ਦਾ ਅਟਕ ’ਤੇ ਕਬਜ਼ਾ ਆਦਿ ਵਿਸ਼ਿਆਂ ’ਤੇ ਵਾਰਾਂ ਲਿਖੀਆਂ। ਸੀਤਲ ਜੀ ਰਚਿਤ ਵਾਰਾਂ ਵਿਚ ਬੀਰ ਰਸ ਦੇ ਅਥਾਹ ਨਮੂਨੇ ਮਿਲਦੇ ਹਨ, ਜਿਵੇਂ:
ਫੋਜਾਂ ਚਾੜ੍ਹੀਆਂ ਜ਼ਕਰੀਆ ਖ਼ਾਨ ਨੇ
ਤੁਰੀਆਂ ਖ਼ਾਲਸੇ ਦਾ ਕਰਨ ਸ਼ਕਾਰ
ਪਿੰਡਾਂ ਵਿਚ ਹੈ ਦੁਹਾਈ ਮੱਚ ਗਈ
ਪੈ ਗਈ ਘਰ ਘਰ ਹਾਲ ਪੁਕਾਰ
ਵੇਖ ਪਿਰਥੀ ਨੇ ਧਾਹੀਂ ਮਾਰੀਆਂ
ਕੀਤੇ ਜ਼ਾਲਮਾਂ ਜੋ ਅਤਿਆਚਾਰ
ਕਹਿਣਾ ਹੋਰ ਕੀ ਜ਼ੁਲਮ ਦਾ ‘ਸੀਤਲ’
ਬੇਨਿਆਈਂ ਜਦੋਂ ਹੋ ਗਈ ਸਰਕਾਰ।6
ਇਹ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਪ੍ਰਸੰਗ ਵਿਚ ਮੁਸਲਿਮ ਰਾਜ ਦੇ ਅੱਤਿਆਚਾਰਾਂ ਨੂੰ ਰੋਹੀਲੀ ਸੁਰ ਵਿਚ ਬਿਆਨ ਕਰਦੀ ਹੈ।
‘ਮੇਰੀਆਂ ਢਾਡੀ ਵਾਰਾਂ’ ਭਾਗ ਤੀਜਾ ਵਿਚ ਸੀਤਲ ਜੀ ਨੇ ਜੰਗ ਚਮਕੌਰ ਸਾਹਿਬ, ਜੰਗ ਮੁਲਤਾਨ (ਆਖਰੀ), ਸ਼ਹੀਦੀ ਅਕਾਲੀ ਫੂਲਾ ਸਿੰਘ, ਜੰਗ ਕਸੂਰ ਕੁਤਬਦੀਨ ਨਾਲ, ਪਹਿਲੀ ਫ਼ਤਹਿ ਹੈਦਰਾਬਾਦ, ਸ਼ਹੀਦੀ ਭਾਈ ਮਨੀ ਸਿੰਘ ਜੀ, ਬਾਬਰ ਦੀ ਚੱਕੀ, ਸ੍ਰੀ ਗੁਰੂ ਨਾਨਕ ਦੇਵ ਜੀ, ਸ਼ਹੀਦੀ ਹਕੀਕਤ ਰਾਏ, ਮੱਸੇ ਦੀ ਮੌਤ ਆਦਿ ਅਨੇਕਾਂ ਇਤਿਹਾਸਕ ਵੇਰਵਿਆਂ ਦਾ ਮੁਲਾਂਕਣ ਕੀਤਾ ਹੈ। ਜਿਵੇਂ ਜੰਗ ਚਮਕੌਰ ਸਾਹਿਬ ਦੀ ਵਾਰ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਇਤਿਹਾਸਕ ਸ਼ਹੀਦੀ ਦੇ ਵੇਰਵੇ ਬੜੀ ਬੀਰਤਾ ਪੂਰਵਕ ਦਿੱਤੇ ਹਨ ਕਿ ਪੜ੍ਹਨ ਤੇ ਸੁਣਨ ਵਾਲੇ ਦੇ ਮਨ ਵਿਚ ਸਿੱਖ ਧਰਮ ਪ੍ਰਤੀ ਸਤਿਕਾਰ ਵਧਦਾ ਜਾਂਦਾ ਹੈ:
ਵੱਡਾ ਵੀਰ ਸ਼ਹੀਦੀ ਪਾ ਗਿਆ
ਝੱਟ ਹੋ ਗਿਆ ਜੁਝਾਰ ਤਿਆਰ
ਲਾਈ ਕਲਗੀ ਸੁਨਹਿਰੀ ਸੀਸ ’ਤੇ
ਅਤੇ ਪਹਿਨ ਲਏ ਪੰਜ ਹਥਿਆਰ
ਚੜ੍ਹੀ ਸੂਰਮੇ ਦੀ ਢਾਕ ਉੱਤੇ ਸੋਭਦੀ
ਪਏ ਉਛਲ ਉਛਲ ਤਲਵਾਰ।7
ਇਸ ਤਰ੍ਹਾਂ ਸਮੁੱਚੀ ਵਾਰ ਵਿਚ ਛੋਟੇ ਸਾਹਿਬਜ਼ਾਦੇ ਦਾ ਜੰਗ ਵਿਚ ਸ਼ਹੀਦੀ ਪਾਉਣ ਦੀ ਤਿਆਰੀ ਨੂੰ ਬੜੇ ਉਤਸ਼ਾਹਮਈ ਢੰਗ ਨਾਲ ਪ੍ਰਗਟ ਕੀਤਾ ਗਿਆ ਹੈ।
‘ਮੇਰੀਆਂ ਢਾਡੀ ਵਾਰਾਂ’ ਭਾਗ ਚੌਥਾ ਵਿਚ ਵੱਡਾ ਘੱਲੂਘਾਰਾ, ਜੰਗ ਪਿਪਲੀ ਸਾਹਿਬ, ਸਤਿਗੁਰੂ ਨਾਨਕ ਪ੍ਰਗਟਿਆ, ਗੁਰੂ ਹਰਿਗੋਬਿੰਦ ਅਵਤਾਰ ਧਾਰਿਆ, ਦਸਮੇਸ਼ ਗੁਰੂ ਅਵਤਾਰ ਧਾਰਿਆ, ਭਾਈ ਜੋਗਾ ਸਿੰਘ, ਭਾਈ ਗੁਰਦਾਸ-ਸਿਦਕ ਦੀ ਪਰਖ, ਛੋਟਾ ਘੱਲੂਘਾਰਾ, ਜੰਗ ਹਿੰਦ ਤੇ ਚੀਨ ਆਦਿ ਇਤਿਹਾਸਕ ਪ੍ਰਸੰਗਾਂ ’ਤੇ ਵਾਰਾਂ ਲਿਖੀਆਂ।
ਸੀਤਲ ਜੀ ਨੇ ਵਾਰਾਂ ਨੂੰ ਇਤਿਹਾਸਕ ਤੱਥਾਂ ਅਧੀਨ ਵਿਚਾਰਿਆ ਹੈ। ਉਨ੍ਹਾਂ ਨੇ ਵਾਰਾਂ ਦੀ ਬਣਤਰ ਸੰਬੰਧੀ ਵਿਸ਼ੇਸ਼ ਧਿਆਨ ਦਿੰਦਿਆਂ ਤੁਕਾਂ ਤੇ ਸੰਗੀਤ ਦਾ ਸੁਮੇਲ ਕੀਤਾ ਹੈ। ਉਨ੍ਹਾਂ ਦੀਆਂ ਵਾਰਾਂ ਵਿਚ ਵਧੇਰੇ ਕਬਿੱਤ, ਕਲੀ, ਬੈਂਤ, ਮਿਰਜ਼ਾ, ਛੰਦਾਂ ਦੀ ਵਰਤੋਂ ਕੀਤੀ ਗਈ ਹੈ। ਸੀਤਲ ਵਾਰਾਂ ਦੇ ਪ੍ਰਸੰਗ ਤੇ ਵਿਆਖਿਆ ਬੜੇ ਰੌਚਕ ਤਰੀਕੇ ਨਾਲ ਕਰਦੇ ਹਨ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗਿਆਨੀ ਸੋਹਣ ਸਿੰਘ ਸੀਤਲ ਜਿਹੇ ਵਾਰਕਾਰ ਦੀ ਵਾਰ ਸਾਹਿਤ ਤੇ ਸੰਗੀਤ ਨੂੰ ਅਮਿਟ ਦੇਣ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ