editor@sikharchives.org

ਗਿਆਨੀ ਸੋਹਣ ਸਿੰਘ ਸੀਤਲ – ਜੀਵਨ ਅਤੇ ਰਚਨਾ

ਗਿਆਨੀ ਸੋਹਣ ਸਿੰਘ ਸੀਤਲ ਹੋਰੀਂ ਇਕ ਸੰਸਥਾ ਸਨ, ਸਿੱਖੀ ਪਿਆਰ ਦਾ ਇਕ ਵੱਡਾ ਭੰਡਾਰ ਸਨ, ਸੋਮਾ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣ ਦੇ ਯੋਗ ਹੈ। ਬਹੁਤੇ ਲੋਕ ਉਨ੍ਹਾਂ ਨੂੰ ਇਕ ਢਾਡੀ ਦੇ ਤੌਰ ’ਤੇ ਜਾਣਦੇ ਹਨ। ਬਹੁਤ ਘੱਟ ਲੋਕ ਉਨ੍ਹਾਂ ਦੀ ਸਾਹਿਤਕ ਦੇਣ ਤੋਂ ਵਾਕਿਫ਼ ਹਨ। ਉਹ ਪੰਜਾਬੀ ਸਭਿਆਚਾਰ ਦੀ ਪੰਜਾਬੀ ਕਿਰਦਾਰ ਦੀ ਮੂੰਹ-ਬੋਲਦੀ ਤਸਵੀਰ ਸਨ। ਉਹ ਕਥਨੀ ਕਰਨੀ ਦੇ ਪੂਰੇ-ਸੂਰੇ ਇਨਸਾਨ ਸਨ। ਉਹ ਇਕ ਪੂਰਨ ਗੁਰਸਿੱਖ ਸਨ। ਉਹ ਪੰਥਕ ਜਜ਼ਬੇ ਨਾਲ ਸਰਸ਼ਾਰ ਸਨ, ਇਕ ਮਹਾਨ ਕ੍ਰਾਂਤੀਕਾਰੀ ਲੇਖਕ ਅਤੇ ਸ਼ਾਇਰ, ਢਾਡੀ, ਉੱਚ ਕੋਟੀ ਦਾ ਸਾਹਿਤਕਾਰ ਤੇ ਇਤਿਹਾਸਕਾਰ ਸਨ। ਉਨ੍ਹਾਂ ਦੀ ਲੇਖਣੀ ਅਤੇ ਗਾਇਕੀ ਵਿਚ ਪਾਠਕਾਂ ਅਤੇ ਸਰੋਤਿਆਂ ਨੂੰ ਝੰਜੋੜਨ ਦੀ ਸ਼ਕਤੀ ਸੀ। ਉਨ੍ਹਾਂ ਨੇ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਆਪਣੇ ਜੀਵਨ ਦਾ ਅੰਗ ਵੀ ਬਣਾਇਆ ਹੈ, ਵਾਰਾਂ ਲਿਖੀਆਂ ਹਨ, ਲੋਕਾਂ ਨੂੰ ਗਾ ਕੇ ਵਿਆਖਿਆ ਕਰ ਕੇ ਸੁਣਾਇਆ ਹੀ ਨਹੀਂ ਸਗੋਂ ਸਮਝਾਇਆ ਵੀ ਹੈ ਅਤੇ ਪ੍ਰੇਰਿਆ ਵੀ ਹੈ। ਉਨ੍ਹਾਂ ਨੇ ਲੋਕ-ਮਨਾਂ ਵਿਚ ਸਿੱਖ ਇਤਿਹਾਸ ਦੇ ਬੂਟੇ ਲਾਏ ਹਨ। ਲੱਖਾਂ ਲੋਕਾਂ ਨੂੰ ਸਿੱਖੀ ਦੀ ਜਾਗ ਲਾਈ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਗਿਆਨੀ ਸੋਹਣ ਸਿੰਘ ਸੀਤਲ ਹੋਰੀਂ ਇਕ ਸੰਸਥਾ ਸਨ, ਸਿੱਖੀ ਪਿਆਰ ਦਾ ਇਕ ਵੱਡਾ ਭੰਡਾਰ ਸਨ, ਸੋਮਾ ਸਨ। ਉਨ੍ਹਾਂ ਦੇ ਅੰਗ-ਅੰਗ ਵਿੱਚੋਂ, ਉਨ੍ਹਾਂ ਦੀ ਰਹਿਣੀ-ਬਹਿਣੀ ਵਿੱਚੋਂ, ਉਨ੍ਹਾਂ ਦੀ ਕਹਿਣੀ ਵਿੱਚੋਂ ਸਿੱਖੀ ਪਿਆਰ, ਜੋਸ਼ ਅਤੇ ਜਜ਼ਬਾ ਆਪ ਮੁਹਾਰੇ ਪ੍ਰਗਟ ਹੁੰਦਾ ਸੀ। ਉਨ੍ਹਾਂ ਦੀਆਂ ਲਿਖੀਆਂ ਵਾਰਾਂ, ਦੀਵਾਨਾਂ ਵਿਚ ਗੂੰਜਦੇ ਉਨ੍ਹਾਂ ਦੇ ਬੋਲ, ਉਨ੍ਹਾਂ ਦੇ ਅਠਾਰਾਂ ਨਾਵਲ ਅਜੇ ਤਕ ਲੋਕ-ਸਿਮ੍ਰਤੀ ਦਾ ਅੰਗ ਹਨ ਅਤੇ ਪੰਜਾਬੀ ਦਾ ਅਣਮੋਲ ਖਜ਼ਾਨਾ ਹਨ। ਗਿਆਨੀ ਸੋਹਣ ਸਿੰਘ ਜੀ ਜਲ ਵਾਂਗ ਸੀਤਲ ਸਨ, ਪਰ ਉਨ੍ਹਾਂ ਵਿਚ ਪੰਥਕ ਪਿਆਰ ਅਤੇ ਜਜ਼ਬਾ ਪਾਣੀ ਦੇ 100 ਡਿਗਰੀ ਉੱਤੇ ਉਬਾਲੇ ਖਾਣ ਵਾਂਗ ਹੀ ਸੀ। ਉਹ ਪੰਥ ਦਾ ਨਿਰਮੋਲ ਹੀਰਾ ਸੀ।

ਪੰਜਾਬ ਦੇ ਇਸ ਮਹਾਨ ਸਪੂਤ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਸ. ਖੁਸ਼ਹਾਲ ਸਿੰਘ ਦੇ ਘਰ ਹੋਇਆ। ਮਾਤਾ ਦਾ ਨਾਂ ਸਰਦਾਰਨੀ ਦਿਆਲ ਕੌਰ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵੱਲ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਅਤੇ ਅੱਖਰਾਂ ਦੀ ਪਹਿਚਾਣ ਕਰਨੀ ਸਿਖ ਲਈ ਸੀ। ਸੰਨ 1923 ਈ. ਵਿਚ ਜਦੋਂ ਉਹ ਲਾਗਲੇ ਪਿੰਡ ਸਕੂਲ ਪੁੱਜਿਆ, ਉਦੋਂ ਵਿਦਿਆਰਥੀ ਸੋਹਣ ਸਿੰਘ ਦੀ ਉਮਰ 14 ਸਾਲ ਦੀ ਹੋ ਚੁੱਕੀ ਸੀ। ਪਰ ਉਸ ਨੂੰ ਪੜ੍ਹਨ ਦੀ ਲਗਨ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਦੂਜੀ ਜਮਾਤ ਵਿਚ ਦਾਖਲਾ ਦੇ ਦਿੱਤਾ ਗਿਆ। ਫਿਰ ਕੁਝ ਮਹੀਨੇ ਬਾਅਦ ਮਹੀਨਾ ਸਤੰਬਰ 1923 ਈ. ਵਿਚ ਚੌਥੀ ਜਮਾਤ ਵਿਚ ਉਸ ਨੂੰ ਚੜ੍ਹਾ ਦਿੱਤਾ ਗਿਆ। 1924 ਈ. ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਉਸ ਨੂੰ ਪੰਜਵੀਂ ਜਮਾਤ ਵਿਚ ਦਾਖ਼ਲਾ ਮਿਲ ਗਿਆ। 1930 ਈ. ਵਿਚ ਉਨ੍ਹਾਂ ਨੇ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਪਾਸ ਕਰ ਲਈ। ਉਸ ਪਰੀਖਿਆ ਵਿਚ ਉਸਦੀ ਫਸਟ ਡਵੀਜ਼ਨ ਆਈ ਸੀ। ਉਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਬਹੁਤ ਕਦਰ ਹੁੰਦੀ ਸੀ। ਪਰ ਉਨ੍ਹਾਂ ਨੇ ਨੌਕਰੀ ਕਰਨ ਨਾਲੋਂ ਘਰ ਦੀ ਖੇਤੀ-ਬਾੜੀ ਦਾ ਕੰਮ ਸਾਂਭ ਲਿਆ।

ਗਿਆਨੀ ਸੋਹਣ ਸਿੰਘ ਸੀਤਲ ਦਾ ਅਨੰਦ ਕਾਰਜ ਬੀਬੀ ਕਰਤਾਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਪੁੱਤਰ ਸ. ਰਘਬੀਰ ਸਿੰਘ ਅਤੇ ਸ. ਸੁਰਜੀਤ ਸਿੰਘ ਸੀਤਲ ਅਤੇ ਪੁੱਤਰੀ ਨੇ ਜਨਮ ਲਿਆ। ਇਨ੍ਹਾਂ ਦੇ ਦੋਵੇਂ ਪੁੱਤਰ ਅੱਜਕਲ੍ਹ ਵਿਦੇਸ਼ ਅਤੇ ਪੁੱਤਰੀ ਰੋਪੜ ਵਿਖੇ ਰਹਿ ਰਹੀ ਹੈ। 1931 ਈ. ਵਿਚ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਸ ਲਈ ਘਰੇਲੂ ਜ਼ਿੰਮੇਵਾਰੀਆਂ ਸਿਰ ਪੈ ਜਾਣ ਕਾਰਨ ਉਨ੍ਹਾਂ ਦੀ ਅੱਗੇ ਪੜ੍ਹਨ ਦੀ ਇੱਛਾ ਮਨ ਵਿਚ ਹੀ ਦਬ ਕੇ ਰਹਿ ਗਈ। ਹੁਣ ਉਸ ਦੀ ਉਮਰ 22 ਸਾਲ ਹੋ ਚੁਕੀ ਸੀ। ਪਰੰਤੂ ਇਸ ਦੇ ਬਾਵਜੂਦ ਪੜ੍ਹਨ ਦੀ ਭਾਵਨਾ ਉਸ ਦੇ ਮਨ ਵਿਚ ਅਜੇ ਵੀ ਧੁਖ ਰਹੀ ਸੀ। ਉਨ੍ਹਾਂ ਨੇ 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।

ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਈ. ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ ‘ਅਕਾਲੀ’ ਅਖਬਾਰ ਵਿਚ ਛਪੀ। 1927 ਈ. ਵਿਚ ਉਨ੍ਹਾਂ ਦੀ ਕਵਿਤਾ ‘ਕੁਦਰਤ ਰਾਣੀ’ ਕਲਕੱਤੇ ਤੋਂ ਛਪਣ ਵਾਲੇ ਪਰਚੇ ‘ਕਵੀ’ ਵਿਚ ਛਪੀ। ‘ਸੱਜਰੇ ਹੰਝੂ’ ਉਨ੍ਹਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਕੁਦਰਤ ਰਾਣੀ ਕਵਿਤਾ ਉਸ ਸੰਗ੍ਰਹਿ ਵਿਚ ਸ਼ਾਮਲ ਹੈ। 1932 ਈ. ਵਿਚ ਉਨ੍ਹਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ। ਉਨ੍ਹਾਂ ਦੀਆਂ ਕੁਝ ਕਹਾਣੀਆਂ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ ‘ਕਦਰਾਂ ਬਦਲ ਗਈਆਂ’, ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਹ ਲਿਖਤਾਂ ‘ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ’ ਵਾਂਗ ਇਸ ਨੌਜੁਆਨ ਲਿਖਾਰੀ ਦੇ ਵਿਚਾਰਾਂ ਅਤੇ ਉੱਜਲ ਭਵਿੱਖ ਵਾਲੇ ਸਾਹਿਤਕਾਰ ਅਤੇ ਗਾਇਕ ਦੀ ਜ਼ਾਮਨੀ ਭਰਦੀਆਂ ਸਨ।

ਨੌਜਵਾਨ ਸੋਹਣ ਸਿੰਘ ਦੇ ਅੰਦਰ ਜ਼ਿੰਦਗੀ ਵਿਚ ਕੁਝ ਬਣਨ ਦਾ ਜੋਸ਼ ਉਛਾਲੇ ਮਾਰ ਰਿਹਾ ਸੀ। ਉਹ ਆਪਣੇ ਆਪ ਨੂੰ ਖੇਤੀਬਾੜੀ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੁੰਦਾ ਸੀ। ਕਵਿਤਾ ਕਹਾਣੀ ਨਾਲ ਵੀ ਉਸਦੀ ਇਸ ਭਾਵਨਾ ਦੀ ਪੂਰਤੀ ਨਹੀਂ ਹੋ ਰਹੀ ਸੀ। ਉਹ ਇਕ ਮਹਾਨ ਉੱਦਮੀ, ਕਿਰਤੀ, ਵਿਚਾਰਵਾਨ ਅਤੇ ਗੁਰੂ ਵਿਚ ਪੂਰੀ ਨਿਸ਼ਠਾ ਅਤੇ ਵਿਸ਼ਵਾਸ ਰੱਖਣ ਵਾਲਾ ਸੀ।

ਉਨ੍ਹਾਂ ਦਾ ਜੀਵਨ

‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥” (ਪੰਨਾ 522)

ਉੱਤੇ ਪੂਰਾ ਉਤਰਦਾ ਸੀ। 1935 ਈ. ਵਿਚ ਉਨ੍ਹਾਂ ਦੇ ਜੀਵਨ ਵਿਚ ਇਕ ਨਵਾਂ ਮੋੜ ਆਇਆ। ਉਨ੍ਹਾਂ ਨੇ ਆਪਣੇ ਹਾਣੀਆਂ ਨੂੰ ਨਾਲ ਮਿਲਾ ਕੇ ਇਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸਨ ਕਿਉਂਕਿ ਉਹ ਦੂਜੇ ਸਾਥੀਆਂ ਨਾਲੋਂ ਵਧੇਰੇ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਤੋਂ ਵੀ ਵਾਕਫ ਸਨ। ਉਨ੍ਹਾਂ ਨੂੰ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਸੀ। ਉਹ ਵਿਆਖਿਆ ਵੀ ਚੰਗੀ ਕਰ ਸਕਦੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨ। ਇਸ ਲਈ ਉਹ ਗਾਉਣ ਲਈ ਵਾਰਾਂ ਵੀ ਲਿਖ ਸਕਦੇ ਸਨ। ਢਾਡੀ ਬਣਨ ਨਾਲ ਉਨ੍ਹਾਂ ਦੇ ਜੀਵਨ ਵਿਚ ਇਕ ਮਹਾਨ ਪਲਟਾ ਆਇਆ। ਉਹ ਆਮ ਲੋਕਾਂ ਵਿੱਚੋਂ ਨਿਕਲ ਕੇ ਸਟੇਜ ਦੇ ਬਾਦਸ਼ਾਹ ਬਣ ਗਏ ਸਨ। ਉਨ੍ਹਾਂ ਦੀਆਂ ਲਿਖੀਆਂ ਵਾਰਾਂ ਵਿਚ ਬੜਾ ਜੋਸ਼ ਸੀ। ਉਨ੍ਹਾਂ ਦਾ ਗਾਉਣ ਢੰਗ ਅਤੇ ਉਚਾਰਨ ਬੜਾ ਪ੍ਰਭਾਵਸ਼ਾਲੀ ਸੀ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ ’ਤੇ ਪ੍ਰਸਿੱਧੀ ਪ੍ਰਾਪਤ ਹੋ ਗਈ।

ਸਾਰੇ ਪੰਜਾਬ ਵਿੱਚੋਂ ਉਨ੍ਹਾਂ ਨੂੰ ਰੋਜ਼ ਸੱਦੇ ਮਿਲਣ ਲੱਗੇ। ਉਹ ਥਾਂ-ਥਾਂ ਜਾ ਕੇ ਵਾਰਾਂ ਸੁਣਾਉਂਦੇ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ। ਇਸ ਸਬੰਧ ਵਿਚ ਉਹ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਗਏ। ਕਈ ਸ਼ਹਿਰਾਂ ਵਿਚ ਜਾ ਕੇ ਉਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਜਿਵੇਂ ਕਿ ਕਰਾਚੀ, ਕੋਇਟਾ, ਪਿਸ਼ਾਵਰ, ਕਸ਼ਮੀਰ, ਕਲਕੱਤਾ, ਮਦਰਾਸ, ਬੰਬਈ ਆਦਿ। ਹੁਣ ਉਹ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸ਼੍ਰੋਮਣੀ ਢਾਡੀ ਬਣ ਗਏ ਸਨ। ਉਨ੍ਹਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ ਤੋਂ ਵੀ ਸੱਦੇ ਆਉਣ ਲਗੇ। 1960 ਈ. ਵਿਚ ਉਹ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਵਿਚ ਘੁੰਮੇ-ਫਿਰੇ। 1977 ਈ. ਵਿਚ ਉਨ੍ਹਾਂ ਨੇ ਫੇਰ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਕ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ ’ਤੇ ਦੀਵਾਨ ਕੀਤੇ। 1980 ਈ. ਵਿਚ ਉਨ੍ਹਾਂ ਨੇ ਫਿਰ ਇੰਗਲੈਂਡ ਦੀ ਫੇਰੀ ਪਾਈ। 1981 ਈ. ਵਿਚ ਉਨ੍ਹਾਂ ਨੇ ਤੀਜੀ ਵਾਰ ਇੰਗਲੈਂਡ ਅਤੇ ਕੈਨੇਡਾ ਦਾ ਚੱਕਰ ਲਾਇਆ। ਵਿਦੇਸ਼ਾਂ ਵਿਚ ਉਨ੍ਹਾਂ ਦੀ ਕਾਫੀ ਜਾਣ-ਪਹਿਚਾਣ ਹੋ ਗਈ ਸੀ।

ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਇਕ ਇਤਿਹਾਸਕ ਵਾਰਕਾਰ ਦੇ ਤੌਰ ’ਤੇ ਵੀ ਬਹੁਤ ਮਹੱਤਵ ਰੱਖਦਾ ਹੇ। ਉਨ੍ਹਾਂ ਨੇ ਸਿੱਖ ਇਤਿਹਾਸ ਸੰਬੰਧੀ 80 ਦੇ ਲੱਗਭਗ ਵਾਰਾਂ ਲਿਖੀਆਂ ਹਨ। ਇਨ੍ਹਾਂ ਵਾਰਾਂ ਵਿਚ ਸਿੱਖ ਇਤਿਹਾਸ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਪ੍ਰਸਿੱਧ ਘਟਨਾਵਾਂ ਦਾ ਵਰਣਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨਵਾਬ ਦੌਲਤ ਖਾਨ ਤੋਂ ਲੈ ਕੇ ਦੁਖੀਏ ਮਾਂ-ਪੁੱਤ (ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ) ਆਦਿ ਦੇ ਇਤਿਹਾਸ ਨੂੰ ਉਨ੍ਹਾਂ ਨੇ ਭਾਵਪੂਰਤ ਢੰਗ ਨਾਲ ਕਲਮਬੰਦ ਕੀਤਾ ਹੈ। ਉਨ੍ਹਾਂ ਦੀਆਂ ਪ੍ਰਸਿੱਧ ਵਾਰਾਂ ਹਨ:

1. ਸਾਕਾ ਚਮਕੌਰ, 2. ਸਾਕਾ ਗੱਡੀ ਪੰਜਾ ਸਾਹਿਬ, 3. ਸ਼ਹੀਦੀ ਸ. ਹਰੀ ਸਿੰਘ ਨਲੂਆ, 4. ਸ਼ਹੀਦੀ ਅਕਾਲੀ ਫੂਲਾ ਸਿੰਘ, 5. ਭਾਈ ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ ਆਦਿ।

ਇਕ ਨਾਵਲਕਾਰ ਦੇ ਪੱਖ ਤੋਂ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਦੇਣ ਮਹਾਨ ਹੈ। ਉਨ੍ਹਾਂ ਨੇ ਦੋ ਦਰਜਨ ਦੇ ਕਰੀਬ ਨਾਵਲ ਲਿਖੇ ਹਨ। ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ। ਇਹ ਦੋਵੇਂ ਨਾਵਲ ਮਹਾਨ ਕ੍ਰਾਂਤੀਕਾਰੀ ਵਿਚਾਰਧਾਰਾ ਉਤੇ ਆਧਾਰਿਤ ਹਨ। ਇਹ ਸਰਮਾਏਦਾਰੀ ਅਤੇ ਜਗੀਰਦਾਰੀ ਨਿਜ਼ਾਮ ਦੀਆਂ ਜੜ੍ਹਾਂ ਉੱਤੇ ਕਰਾਰੀ ਸੱਟ ਹਨ। ਇਹ ਅਜ਼ਾਦੀ ਅਤੇ ਗੁਲਾਮੀ ਦੀਆਂ ਕਦਰਾਂ-ਕੀਮਤਾਂ ਦੇ ਫਰਕ ਦਾ ਅਹਿਸਾਸ ਕਰਵਾਉਂਦੇ ਹਨ। ਇਹ ਸਰਮਾਏਦਾਰਾਂ ਵੱਲੋਂ ਗਰੀਬ ਕਿਰਤੀਆਂ ਦੇ ਕੀਤੇ ਜਾਂਦੇ ਸੋਸ਼ਣ ਦਾ ਪਰਦਾਫਾਸ਼ ਹੀ ਨਹੀਂ ਕਰਦੇ ਸਗੋਂ ਮਨੁੱਖ ਨੂੰ ਇਸ ਅਤਿ ਘਿਨਾਉਣੇ ਸਿਸਟਮ ਵਿਰੁੱਧ ਉਠ ਖਲੋਣ ਲਈ ਪ੍ਰੇਰਦੇ ਹਨ। ਉਨ੍ਹਾਂ ਦੇ ਦੋ ਨਾਵਲ ਬਹੁਤ ਪ੍ਰਸਿੱਧ ਹੋਏ। ਪਰ ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਕੁਝ ਸਾਹਿਤਕਾਰ ਅਤੇ ਆਲੋਚਕ ਉਨ੍ਹਾਂ ਨੂੰ ਨਾਵਲਕਾਰ ਮੰਨਣ ਤੋਂ ਸੰਕੋਚ ਕਰਦੇ ਹਨ। 1968-69 ਈ. ਵਿਚ ਪ੍ਰੋ. ਕਿਰਪਾਲ ਸਿੰਘ ਕਸੇਲ ਨੂੰ ਭਾਸ਼ਾ ਵਿਭਾਗ ਵਿਚ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਸੋਧਣ ਦਾ ਕੰਮ ਦਿੱਤਾ ਗਿਆ। ਪ੍ਰੋ. ਕਿਰਪਾਲ ਸਿੰਘ ਹੋਰਾਂ ਨੇ ਨਵੇਂ ਇਤਿਹਾਸ ਵਿਚ ਨਾਵਲਕਾਰ ਦੇ ਤੌਰ ’ਤੇ ਗਿਆਨੀ ਸੋਹਣ ਸਿੰਘ ਸੀਤਲ ਬਾਰੇ ਵੀ ਕੁਝ ਸਤਰਾਂ ਲਿਖ ਦਿੱਤੀਆਂ। ਉਨ੍ਹਾਂ ਦੇ ਵਿਭਾਗ ਦੇ ਇੰਚਾਰਜ ਨੇ ਗਿਆਨੀ ਸੋਹਣ ਸਿੰਘ ਸੀਤਲ ਬਾਰੇ ਲਿਖੀਆਂ ਸਤਰਾਂ ਕੱਟ ਦਿੱਤੀਆਂ ਕਿਉਂਕਿ ਉਨ੍ਹਾਂ ਦੀਆਂ ਨਜ਼ਰਾਂ ਵਿਚ ਉਹ ਇਕ ਢਾਡੀ ਹੀ ਸੀ।

ਸਾਹਿਤ ਅਕਾਦਮੀ ਦਾ ਪੁਰਸਕਾਰ ਭਾਰਤ ਦਾ ਸਭ ਤੋਂ ਉੱਚਾ ਸਾਹਿਤਕ ਐਵਾਰਡ ਹੈ। ਇਸ ਦੀ ਇੱਛਾ ਹਰ ਸਾਹਿਤਕਾਰ ਦੇ ਮਨ ਵਿਚ ਹੁੰਦੀ ਹੈ ਅਤੇ ਇਸ ਦੇ ਮਿਲਣ ’ਤੇ ਹਰ ਕੋਈ ਮਾਣ ਮਹਿਸੂਸ ਕਰਦਾ ਹੈ। ਹੋ ਸਕਦਾ ਹੈ ਕਿ ਗਿਆਨੀ ਸੋਹਣ ਸਿੰਘ ਸੀਤਲ ਦੇ ਮਨ ਵਿਚ ਵੀ ਇਸ ਐਵਾਰਡ ਦੀ ਇੱਛਾ ਹੋਵੇ। ਪਰ ਉਨ੍ਹਾਂ ਨੂੰ ਇਸ ਦੇ ਮਿਲਣ ਦੀ ਆਸ ਨਹੀਂ ਸੀ। ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ 1974 ਈ. ਵਿਚ ਉਨ੍ਹਾਂ ਦੇ ਨਾਵਲ ‘ਜੁੱਗ ਬਦਲ ਗਿਆ’ ’ਤੇ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਾ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਇਸ ਸਾਹਿਤਕਾਰ ਨੂੰ ਵਿਭਾਗ ਵੱਲੋਂ ਵੀ ਸਨਮਾਨ ਦਿੱਤੇ ਜਾਣ ਦਾ ਫੈਸਲਾ ਹੋ ਗਿਆ। ਪਰ ਵਿਭਾਗੀ ਅਤੇ ਮਨੁੱਖੀ ਈਰਖਾ ਕਾਰਨ ਗਿਆਨੀ ਸੋਹਣ ਸਿੰਘ ਸੀਤਲ ਦੇ ਸੰਬੰਧ ਵਿਚ ਇਹ ਅਸੂਲ ਲਾਂਭੇ ਕਰ ਦਿੱਤਾ ਗਿਆ। ਇਕ ਨਾਵਲਕਾਰ ਦੀ ਥਾਂ ਉਨ੍ਹਾਂ ਨੂੰ ਢਾਡੀ ਦੇ ਤੌਰ ’ਤੇ ਸਾਲ 1982-83 ਈ. ਵਿਚ ਸਨਮਾਨਿਆ ਗਿਆ। ਪਰ ਫਿਰ ਕਈ ਸਾਲਾਂ ਦੇ ਬੀਤ ਜਾਣ ਬਾਅਦ ਭਾਸ਼ਾ ਵਿਭਾਗ ਨੇ ਆਪਣੀ ਭੁਲ ਦੀ ਸੋਧ ਕੀਤੀ ਤਾਂ 1994-95 ਈ. ਵਿਚ ਉਨ੍ਹਾਂ ਨੂੰ ਸਾਹਿਤ ਸ਼੍ਰੋਮਣੀ ਦਾ ਸਨਮਾਨ ਦਿੱਤਾ।

ਲਗਭਗ 88 ਸਾਲ ਸਿੱਖ ਪੰਥ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਸੇਵਾ ਕਰਦਾ ਮਾਨ-ਸਨਮਾਨ ਪ੍ਰਾਪਤ ਕਰਦਾ ਹੋਇਆ ਮਹਾਨ ਅਤੇ ਕ੍ਰਾਂਤੀਕਾਰੀ ਵਿਅਕਤੀ ਮਿਤੀ 23 ਸਤੰਬਰ, 1998 ਈ. ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ। ਉਨ੍ਹਾਂ ਦੀਆਂ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ:

ਵਾਰਾਂ :-

1. ਦਮਸੇਸ਼ ਆਗਮਨ, 2. ਸ਼ਹੀਦ ਗੰਜ ਸਿੰਘਣੀਆਂ (ਲਾਹੌਰ), 3. ਸ਼ਹੀਦੀ ਗੁਰੂ ਅਰਜਨ ਦੇਵ ਜੀ, 4. ਬੰਦੀ ਛੋੜ, ਗੁਰੂ ਹਰਿਗੋਬਿੰਦ ਸਾਹਿਬ ਜੀ, 5. ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ, 6. ਗੁਰੂ ਨਾਨਕ ਜੀ ਤੇ ਨਮਾਜ਼ ਦੌਲਤ ਖਾਨ, 7. ਵਲੀ ਕੰਧਾਰੀ,8. ਸਾਕਾ ਗੱਡੀ ਪੰਜਾ ਸਾਹਿਬ, 9. ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ, 10. ਪਿਆਰੇ ਦਾ ਪਿਆਰਾ, 11. ਸ਼ਹੀਦੀ ਗੁਰੂ ਤੇਗ ਬਹਾਦਰ ਜੀ, 12. ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ), 13. ਸ਼ਹੀਦੀ ਮਹਾਂ ਸਿੰਘ, ਮੁਕਤਸਰ, ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ, 15. ਜੰਗ ਸੈਦ ਖ਼ਾਨ, 16. ਸ਼ਹੀਦੀ ਭਾਈ ਤਾਰੂ ਸਿੰਘ ਜੀ, 17. ਸੇਠ ਨਾਹਰੂ ਮੱਲ, 18. ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ, 19. ਗੁਰੂ ਨਾਨਕ ਦੇਵ ਜੀ, ਰੁਹੇਲ ਖੰਡ ਯਾਤਰਾ, 20. ਸ਼ਹੀਦੀ ਸ. ਹਰੀ ਸਿੰਘ ਨਲੂਆ, 21. ਸ਼ਹੀਦੀ ਬਾਬਾ ਦੀਪ ਸਿੰਘ, 22. ਜੰਗ ਭੰਗਾਣੀ, 23. ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ, 24. ਵਾਰ ਬੀਬੀ ਸਾਹਿਬ ਕੌਰ, 25. ਸ਼ਹੀਦੀ ਅਕਾਲੀ ਫੂਲਾ ਸਿੰਘ, 26. ਜੰਗ ਚਮਕੌਰ,27. ਜੰਗ ਮੁਲਤਾਨ, ਮੁਜ਼ੱਫਰ ਖਾਨ ਦੀ ਮੌਤ, 28. ਕਸੂਰ ਫ਼ਤਹਿ, ਕੁਤਬਦੀਨ ਨੂੰ ਜਾਗੀਰ, 29. ਚੋਣ ਪੰਜ ਪਿਆਰੇ, 30. ਸ਼ਹੀਦੀ ਭਾਈ ਤਾਰੂ ਸਿੰਘ, 31. ਜੰਗ ਹਰਿਗੋਬਿੰਦਪੁਰਾ, 32. ਡੱਲੇ ਦਾ ਸਿਦਕ, ਬੰਦੂਕ ਪਰਖਣੀ, 33. ਮੱਸੇ ਰੰਘੜ ਦੀ ਮੌਤ,34. ਚੌਧਰੀ ਨੱਥੇ ਦੀ ਬਹਾਦਰੀ, 35. ਵੱਡਾ ਘੱਲੂਘਾਰਾ, 36. ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ), 37. ਸ਼ਹੀਦੀ ਭਾਈ ਬੋਤਾ ਸਿੰਘ, 38. ਛੋਟਾ ਘੱਲੂਘਾਰਾ, 39. ਕਸੂਰ ਮਾਰ ਕੇ ਪੰਡਤਾਣੀ ਛੁਡਾਈ, 40. ਜ਼ੈਨ ਖ਼ਾਨ ਸਰਹਿੰਦ ਦੀ ਮੌਤ, 41. ਅਹਿਮਦ ਸ਼ਾਹ ਦਾ ਅਠਵਾਂ ਹਮਲਾ, 42. ਜੰਗ ਸੰਗਰਾਣਾ ਸਾਹਿਬ (ਪਾ: 6), 43. ਬਿਧੀ ਚੰਦ ਘੋੜੇ ਲਿਆਂਦੇ, 44. ਸ਼ਹੀਦੀ ਭਾਈ ਮਨੀ ਸਿੰਘ, 45. ਸ਼ਹੀਦੀ ਭਾਈ ਗੁਰਬਖਸ਼ ਸਿੰਘ, 46. ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ, 47. ਕਸ਼ਮੀਰ ਫ਼ਤਹਿ, 48. ਉੱਚ ਦਾ ਪੀਰ (ਦਸਮੇਸ਼ ਗੁਰੂ), 49. ਜੰਗ ਲਲਾ ਬੇਗ (ਪਾ:6), 50. ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ, 51. ਜੰਗ ਪੈਂਦੇ ਖਾਨ (ਪਾ:6), 52. ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ, 53. ਹਮਜ਼ਾ ਗੌਸ ਤੇ ਗੁਰੂ ਨਾਨਕ ਜੀ, 54. ਨਦੌਣ ਯੁੱਧ, 55. ਰੁਸਤਮ ਖਾਂ ਦੀ ਅਨੰਦਪੁਰ ’ਤੇ ਚੜ੍ਹਾਈ, 56. ਹੁਸੈਨੀ ਤੇ ਕਿਰਪਾਲ ਦੀ ਮੌਤ, 57. ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ, 58. ਸਤਿਗੁਰ ਨਾਨਕ ਪ੍ਰਗਟਿਆ, 59. ਹਰਿਗੋਬਿੰਦ ਸਾਹਿਬ ਪ੍ਰਗਟੇ, 60. ਪ੍ਰਸੰਗ ਭਾਈ ਜੋਗਾ ਸਿੰਘ, 61. ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ, 62. ਸ਼ਹੀਦੀ ਹਕੀਕਤ ਰਾਏ, 63. ਜੰਗ ਰਾਮ ਰਉਣੀ, ਮੀਰ ਮੰਨੂ ਨਾਲ, 64. ਨਾਦਰ ਦਾ ਹਿੰਦ ’ਤੇ ਹਮਲਾ, 65.  ਮਾਤਾ ਸੁਲੱਖਣੀ (ਪਾ:6), 66. ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ, 67. ਪਿੰਗਲਾ ਤੇ ਬੀਬੀ ਰਜਨੀ, 68. ਖਡੂਰ ਦਾ ਤਪਾ, ਸ਼ਿਵਨਾਥ, 69. ਬਾਬਾ ਆਦਮ ਤੇ ਭਾਈ ਭਗਤੂ, 70. ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ, 71. ਸੱਤਾ ਬਲਵੰਡ ਤੇ ਲੱਧਾ ਉਪਕਾਰੀ, 72. ਭਾਈ ਗੁਰਦਾਸ ਦੇ ਸਿਦਕ ਦੀ ਪਰਖ, 73. ਮੱਖਣ ਸ਼ਾਹ, ਗੁਰੂ ਲਾਧੋ ਰੇ, 74. ਵਿਆਹ ਕੰਵਰ ਨੌਨਿਹਾਲ ਸਿੰਘ, 75. ਜੰਗ ਹਿੰਦ ਤੇ ਚੀਨ, 76. ਹੈਦਰਾਬਾਦ ਦੀ ਜਿੱਤ, 77. ਜੰਗ ਹਜ਼ਰੋ, 78. ਸ਼ਹੀਦੀ ਸ. ਕੇਵਲ ਸਿੰਘ, 79. ਸ਼ਹੀਦੀ ਸ. ਊਧਮ ਸਿੰਘ।

ਨਾਵਲ :

1. ਈਚੋਗਿਲ ਨਹਿਰ ਤਕ, 2. ਸੁੰਞਾ ਆਹਲਣਾ, 3. ਮੁੱਲ ਦਾ ਮਾਸ, 4. ਪਤਵੰਤੇ ਕਾਤਲ, 5. ਵਿਜੋਗਣ, 6. ਦੀਵੇ ਦੀ ਲੋਅ, 7. ਬਦਲਾ, 8. ਅੰਨ੍ਹੀ ਸੁੰਦਰਤਾ, 9. ਜੰਗ ਜਾਂ ਅਮਨ, 10. ਤੂਤਾਂ ਵਾਲਾ ਖੂਹ, 11. ਜੁੱਗ ਬਦਲ ਗਿਆ, 12. ਕਾਲੇ ਪਰਛਾਵੇਂ, 13. ਪ੍ਰੀਤ ਤੇ ਪੈਸਾ, 14. ਧਰਤੀ ਦੇ ਦੇਵਤੇ, 15. ਪ੍ਰੀਤ ਕਿ ਰੂਪ, 16. ਧਰਤੀ ਦੀ ਬੇਟੀ, 17. ਮਹਾਰਾਣੀ ਜਿੰਦਾਂ, 18. ਮਹਾਰਾਜਾ ਦਲੀਪ ਸਿੰਘ, 19. ਹਿਮਾਲਿਆ ਦੇ ਰਾਖੇ, 20. ਸੁਰਗ ਸਵੇਰਾ, 21. ਸਭੇ ਸਾਝੀਵਾਲ ਸਦਾਇਨਿ, 22. ਜਵਾਲਾਮੁਖੀ।

ਸ. ਸੋਹਣ ਸਿੰਘ ਸੀਤਲ ਵੱਲੋਂ ਲਿਖੇ ਉਕਤ ਨਾਵਲਾਂ ’ਚੋਂ ‘ਜੁੱਗ ਬਦਲ ਗਿਆ’, ‘ਤੂਤਾਂ ਵਾਲਾ ਖੂਹ’ ਅਤੇ ‘ਜੰਗ ਜਾਂ ਅਮਨ’ ਕ੍ਰਾਂਤੀਕਾਰੀ ਨਾਵਲਾਂ ਦਾ ਆਪਣਾ ਹੀ ਮਹੱਤਵ ਹੈ। ਇਸੇ ਤਰ੍ਹਾਂ ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ 1. ਸਿੱਖ ਰਾਜ ਕਿਵੇਂ ਬਣਿਆ, 2. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, 3. ਸਿੱਖ ਰਾਜ ਤੇ ਸ਼ੇਰੇ ਪੰਜਾਬ,  4. ਸਿੱਖ ਰਾਜ ਕਿਵੇਂ ਗਿਆ, 5. ਦੁਖੀਏ ਮਾਂ-ਪੁੱਤ, 6. ਮਹਾਰਾਣੀ ਜਿੰਦਾਂ, 7. ਦਲੀਪ ਸਿੰਘ ਸਿੱਖਾਂ ਦੇ ਕੌਮੀ ਦੁਖਾਂਤ ਅਤੇ ਸੁਖਾਂਤ ਦੀ ਦਾਸਤਾਨ ਹੈ। ਇਹ ਲਿਖਤਾਂ ਕਲਾਸਿਕ ਹੋ ਨਿੱਬੜੀਆਂ ਹਨ। ਇਹ ਲਿਖਤਾਂ ਹਮੇਸ਼ਾਂ-ਹਮੇਸ਼ਾਂ ਲਈ ਸਿੱਖ ਕੌਮ ਲਈ ਸਿੱਖਿਆਦਾਇਕ ਰਹਿਣਗੀਆਂ, ਇਹ ਲਿਖਤਾਂ ਸਿੱਖੀ ਜਜ਼ਬੇ ਦੀ ਕਹਾਣੀ ਹਨ, ਇਹ ਲਿਖਤਾਂ ਰਾਜ-ਦਰਬਾਰਾਂ ਵਿਚ ਹੁੰਦੀਆਂ ਸਾਜ਼ਸ਼ਾਂ ਅਤੇ ਛੜਯੰਤਰਾਂ ਦੀ ਕਹਾਣੀ ਹਨ। ਇਹ ਲਿਖਤਾਂ ਅੰਗਰੇਜ਼ਾਂ ਦੀ ਦਰਿੰਦਗੀ ਦੀ ਕਹਾਣੀ ਹਨ। ਇਸ ਤੋਂ ਬਰੀਕੀ, ਸੰਜੀਦਗੀ, ਸੰਦੇਵਨਸ਼ੀਲਤਾ ਅਤੇ ਬੇਬਾਕੀ ਨਾਲ ਲਿਖਣਾ ਅਤਿ ਕਠਿਨ ਹੈ, ਪਰੰਤੂ ਇਹ ਕਾਰਜ ਸੀਤਲ ਜੀ ਨੇ ਪੂਰੀ ਸੁਹਿਰਦਤਾ ਅਤੇ ਸਫਲਤਾ ਨਾਲ ਕੀਤਾ ਹੈ। ਇਨ੍ਹਾਂ ਲਿਖਤਾਂ ਨੇ ਨਿਰਸੰਦੇਹ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੂੰ ਅਮਰ ਬਣਾ ਦਿੱਤਾ ਹੈ। ਗਿਆਨੀ ਸੋਹਣ ਸਿੰਘ ਸੀਤਲ ਵਰਗੀ ਬਹੁਪੱਖੀ ਸ਼ਖ਼ਸੀਅਤ ਵਾਲੇ ਮਨੁੱਖ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਹੀ ਹਨ। ਉਹ ਸਿੱਖ ਕੌਮ ਦੀ ਸ਼ਾਬਾਸ਼ ਦੇ ਪਾਤਰ ਹਨ।

ਲੇਖਕ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਗਿਆਨੀ ਸੋਹਣ ਸਿੰਘ ਸੀਤਲ ਦਾ ਯਾਦਗਾਰੀ ਦਿਨ ਉਨ੍ਹਾਂ ਨੂੰ ਸਮਰਪਿਤ ਢਾਡੀ ਦਰਬਾਰ ਆਯੋਜਨ ਕਰ ਕੇ ਮਨਾਇਆ ਸੀ ਅਤੇ ਉਨ੍ਹਾਂ ਦੀ ਯਾਦ ਨੂੰ ਹੋਰ ਪਕੇਰਾ ਕਰਨ ਹਿੱਤ ਉਨ੍ਹਾਂ ਦੇ ਨਾਮ ਉੱਤੇ ਗੁਰੂ ਪੰਥ ਵਿਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ‘ਗੁਰੂ ਕੀ ਵਡਾਲੀ’ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਗਿਆਨੀ ਸੋਹਣ ਸਿੰਘ ਸੀਤਲ’ ਯਾਦਗਾਰੀ ਢਾਡੀ ਅਤੇ ਕਵੀਸ਼ਰੀ ਕਾਲਜ ਦੀ ਉਸਾਰੀ ਅਰੰਭ ਕਰਵਾਈ ਸੀ ਤਾਂ ਜੋ ਨੌਜੁਆਨ ਢਾਡੀਆਂ ਨੂੰ ਆਧੁਨਿਕ ਯੁੱਗ ਦੇ ਹਾਣੀ ਬਣਾਇਆ ਜਾ ਸਕੇ। ਆਸ ਕਰਨੀ ਚਾਹੀਦੀ ਹੈ ਕਿ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਹਾਨ ਕ੍ਰਾਂਤੀਕਾਰੀ, ਵਿਚਾਰਵਾਨ, ਕਵੀ, ਢਾਡੀ, ਵਾਰਕਾਰ, ਇਤਿਹਾਸਕਾਰ, ਸਾਹਿਤਕਾਰ, ਨਾਵਲਕਾਰ ਗੁਰਸਿੱਖ ਦੀ ਯਾਦ ਵਿਚ ਉਸਾਰੀ ਅਧੀਨ ਉਸ ਕਾਲਜ ਨੂੰ ਸੰਪੂਰਨ ਕਰ ਕੇ ਨੌਜੁਆਨ ਢਾਡੀਆਂ ਅਤੇ ਕਵੀਸ਼ਰਾਂ ਨੂੰ ਸਿਖਿਅਤ ਕਰਨ ਦਾ ਕਾਰਜ ਛੇਤੀ ਹੀ ਅਰੰਭ ਕਰ ਦਿੱਤਾ ਜਾਵੇਗਾ।

ਇਹ ਸੰਤੁਸ਼ਟੀ ਅਤੇ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਗਿਆਨੀ ਸੋਹਣ ਸਿੰਘ ਸੀਤਲ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਪੰਥਕ ਮਾਸਿਕ ‘ਗੁਰਮਤਿ ਪ੍ਰਕਾਸ਼’ ਦਾ ਮਹੀਨਾ ਅਗਸਤ, 2009 ਦਾ ਅੰਕ ਛਾਪਿਆ ਜਾ ਰਿਹਾ ਹੈ। ਨਿਸਚੇ ਹੀ ਇਸ ਉਦਮ ਦੁਆਰਾ ਪਾਠਕਾਂ ਨੂੰ ਜਿਥੇ ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ ਬਾਰੇ ਜਾਣਕਾਰੀ ਮਿਲੇਗੀ, ਉਥੇ ਸਿੱਖ ਇਤਿਹਾਸ ਦੇ ਦੁਖਾਂਤਕ ਅਤੇ ਸੁਖਾਂਤਕ ਦੌਰ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਉੱਦਮ ਸ਼ਲਾਘਾਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸ. ਅਵਤਾਰ ਸਿੰਘ ਜੀ ਅਤੇ ‘ਗੁਰਮਤਿ ਪ੍ਰਕਾਸ਼’ ਦੇ ਸੰਪਾਦਕ ਸ. ਸਿਮਰਜੀਤ ਸਿੰਘ ਅਤੇ ਸਮੂੰਹ ਅਦਾਰਾ ਇਸ ਉੱਦਮ ਲਈ ਸ਼ਲਾਘਾ ਦੇ ਪਾਤਰ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)