editor@sikharchives.org
Gurbani Di Bhasha Te Veyakaran Sanbandhi Khoj

ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ ਸੰਬੰਧੀ ਖੋਜ

ਗੁਰਬਾਣੀ ਦੀ ਭਾਸ਼ਾ ਚਾਰ ਤੋਂ ਲੈ ਕੇ ਤਕਰੀਬਨ ਸੱਤ ਸਦੀਆਂ ਪੁਰਾਣੀ ਹੈ।
ਬੁੱਕਮਾਰਕ ਕਰੋ (1)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪ੍ਰਸਤਾਵਨਾ

ਗੁਰਬਾਣੀ ਦੇ ਟੀਕੇ, ਕੋਸ਼, ਸ਼ਬਦਾਰਥ ਕਾਫ਼ੀ ਲਿਖੇ ਜਾ ਚੁਕੇ ਹਨ ਅਤੇ ਇਨ੍ਹਾਂ ਵਿੱਚੋਂ ਕਾਫ਼ੀ ਰਚਨਾਂਵਾਂ ਕਾਫ਼ੀ ਉੱਚੇ ਸਤਰ ਦੀਆਂ ਹਨ। ਗੁਰਬਾਣੀ ਦੀ ਫ਼ਿਲਾਸਫ਼ੀ ਤੇ ਵਿਚਾਰਧਾਰਾ ਬਾਰੇ ਕਾਫ਼ੀ ਕੁੱਝ ਲਿਖਿਆ ਜਾ ਚੁਕਾ ਹੈ ਪਰ ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ ਵੱਲ ਬਹੁਤ ਘੱਟ ਵਿਦਵਾਨਾਂ ਦਾ ਧਿਆਨ ਗਿਆ ਹੈ। ਇਸ ਵਿਸ਼ੇ ’ਤੇ ਅੱਜ ਤਕ ਸਿਰਫ਼ ਇੱਕੋ-ਇਕ ਪੁਸਤਕ ਮਿਲਦੀ ਹੈ – ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਗੁਰਬਾਣੀ ਵਿਆਕਰਨ। ਪ੍ਰੋਫੈਸਰ ਸਾਹਿਬ ਨੇ ਇਸ ਪੁਸਤਕ ਨੂੰ ਚੌਦਾਂ-ਪੰਦਰਾਂ ਸਾਲ ਦੀ ਕਰੜੀ ਘਾਲਣਾ ਉਪਰੰਤ ਸੰਨ 1932 ਵਿਚ ਮੁਕੰਮਲ ਕੀਤਾ, ਪਰ ਕਈ ਪ੍ਰਕਾਰ ਦੀਆਂ ਔਕੜਾਂ ਕਾਰਨ ਇਹ 1939 ਵਿਚ ਪ੍ਰਕਾਸ਼ਿਤ ਹੋ ਸਕੀ। ਉਸ ਤੋਂ ਪਿੱਛੋਂ ਤਕਰੀਬਨ 60 ਸਾਲ ਤਕ ਕਿਸੇ ਵਿਦਵਾਨ ਨੇ ਇਸ ਵਿਸ਼ੇ ’ਤੇ ਲਿਖਣ ਦਾ ਯਤਨ ਨਹੀਂ ਕੀਤਾ।

ਗੁਰਬਾਣੀ ਦੀ ਭਾਸ਼ਾ ਨਾਲ ਜਾਣ-ਪਛਾਣ

ਗੁਰਬਾਣੀ ਦੀ ਭਾਸ਼ਾ ਚਾਰ ਤੋਂ ਲੈ ਕੇ ਤਕਰੀਬਨ ਸੱਤ ਸਦੀਆਂ ਪੁਰਾਣੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਭਾਸ਼ਾ ਕੋਈ ਸਾਢੇ ਤਿੰਨ ਸੌ ਸਾਲ ਪੁਰਾਣੀ ਮੰਨੀ ਜਾ ਸਕਦੀ ਹੈ। ਭਾਸ਼ਾ ਹਮੇਸ਼ਾਂ ਬਦਲਦੀ ਰਹਿੰਦੀ ਹੈ ; ਇਹ ਅੱਜ ਵੀ ਬਦਲ ਰਹੀ ਹੈ। ਸੱਤਰ ਜਾਂ ਪਚੱਤ੍ਹਰ ਸਾਲ ਦੀ ਉਮਰ ਵਾਲੇ ਪੰਜਾਬੀ ਦੱਸ ਸਕਦੇ ਹਨ ਕਿ ਅੱਜ ਬੋਲੀ ਜਾ ਰਹੀ ਪੰਜਾਬੀ ਦਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬੋਲੀ ਜਾਂਦੀ ਪੰਜਾਬੀ ਨਾਲੋਂ ਕਿੰਨਾ ਫ਼ਰਕ ਹੈ।

ਗੁਰਬਾਣੀ ਕਿਸੇ ਇਕ ਭਾਸ਼ਾ ਵਿਚ ਨਹੀਂ ਉਚਾਰੀ ਗਈ, ਇਸ ਵਿਚ ਕਈ ਭਾਸ਼ਾਵਾਂ ਵਰਤੀਆਂ ਮਿਲਦੀਆਂ ਹਨ। ਸਭ ਤੋਂ ਵੱਧ ਉਹ ਭਾਸ਼ਾ ਹੈ ਜਿਸ ਨੂੰ ਅੱਜ ਸਾਧੂ-ਭਾਸ਼ਾ, ਸਧੂਕੜੀ ਆਦਿ ਨਾਮ ਦਿੱਤੇ ਜਾਂਦੇ ਹਨ। ਦੂਜੇ ਨੰਬਰ ’ਤੇ ਪੰਜਾਬੀ ਆਉਂਦੀ ਹੈ ਅਤੇ ਨਾਲ ਹੀ ਪੰਜਾਬੀ ਦੀ ਆਪਣੀ ਉਪਭਾਸ਼ਾ ਲਹਿੰਦੀ, ਜਿਸ ਦੀ ਸ਼ਬਦਾਵਲੀ ਤੇ ਵਿਆਕਰਨ ਦਾ ਪੰਜਾਬੀ ਨਾਲੋਂ ਕੁਝ ਫ਼ਰਕ ਹੈ। ਉਪਰੰਤ ਫ਼ਾਰਸੀ, ਸੰਸਕ੍ਰਿਤ ਤੇ ਸਹਸਕ੍ਰਿਤੀ ਨਾਮ ਦੀ ਬੋਲੀ ਵਿਚ ਵੀ ਕਈ ਸ਼ਬਦ, ਸਲੋਕ ਆਦਿ ਮਿਲਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਬ੍ਰਿਜ ਭਾਸ਼ਾ ਦੇ ਕੁਝ ਰਲੇ ਵਾਲੇ ਰੂਪ ਵਿਚ ਹੈ।

ਹਰ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ, ਇਸ ਲਈ ਸਾਰੀ ਬਾਣੀ ਦਾ ਇੱਕੋ ਵਿਆਕਰਨ ਨਹੀਂ ਹੋ ਸਕਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੰਜਾਬੀ ਤੇ ਸਾਧੂ-ਭਾਸ਼ਾ ਦੇ ਸਾਂਝੇ ਲੱਛਣਾਂ ਦੇ ਵੇਰਵੇ ਦਿੱਤੇ ਹਨ, ਕਿਉਂਕਿ ਇਨ੍ਹਾਂ ਦੋਹਾਂ ਭਾਸ਼ਾਵਾਂ ਦੀ ਬਣਤਰ ਵਿਚ ਕਾਫ਼ੀ ਸਾਂਝ ਸੀ, ਜਿਵੇਂ ਅੱਜ ਵੀ ਪੰਜਾਬੀ ਤੇ ਪੱਛਮੀ ਹਿੰਦੀ (ਖੜੀ ਬੋਲੀ) ਦੇ ਕਈ ਲੱਛਣ ਮਿਲਦੇ-ਜੁਲਦੇ ਹਨ। ਇਨ੍ਹਾਂ ਦੇ ਨਾਲ-ਨਾਲ ਕਈਆਂ ਹੋਰਨਾਂ ਭਾਸ਼ਾਵਾਂ ਦੇ ਵਿਆਕਰਨਿਕ ਰੂਪ ਵੀ ਦਿੱਤੇ ਹਨ; ਪਰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਰੂਪ ਪੰਜਾਬੀ ਦਾ ਤੇ ਇਹ ਸਾਧੂ-ਭਾਸ਼ਾ ਦਾ ਹੈ ; ਜਾਂ ਇਹ ਰੂਪ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ ਜਾਂ ਸ਼ੇਖ ਫ਼ਰੀਦ ਜੀ ਦੀ ਭਾਸ਼ਾ ਵਿਚ ਹੀ ਮਿਲਦਾ ਹੈ।

ਗੁਰਬਾਣੀ ਉਸ ਸਮੇਂ ਦੀ ਭਾਸ਼ਾ ਹੈ ਜਦੋਂ ਸਾਡੀਆਂ ਭਾਸ਼ਾਵਾਂ ਆਪਣੇ ਪੁਰਾਣੇ ਲੱਛਣ ਤਿਆਗ ਕੇ ਨਵੀਆਂ ਵਿਸ਼ੇਸ਼ਤਾਵਾਂ ਗ੍ਰਹਿਣ ਕਰ ਰਹੀਆਂ ਸਨ; ਇਸ ਲਈ ਗੁਰਬਾਣੀ ਦੀ ਭਾਸ਼ਾ ਵਿਚ, ਜਿੱਥੇ ਵੱਖ-ਵੱਖ ਬੋਲੀਆਂ ਦੇ ਲੱਛਣ ਨਾਲੋ-ਨਾਲ ਵਰਤੇ ਮਿਲਦੇ ਹਨ ਉੱਤੇ ਪੁਰਾਣੀਆਂ ਭਾਸ਼ਾਵਾਂ ਤੇ ਨਵੀਆਂ ਭਾਸ਼ਾਵਾਂ ਦੀਆਂ ਖਾਸੀਅਤਾਂ ਵੀ ਨਾਲੋ-ਨਾਲ ਦਿੱਸਦੀਆਂ ਹਨ।

ਉਪਰੋਕਤ ਵਿਵਰਨ ਨਾਲ ਸੰਬੰਧਿਤ ਕੁਝ ਹੋਰ ਵੇਰਵੇ ਅਤੇ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਉਤਪੰਨ ਹੋਈਆਂ ਸਮੱਸਿਆਵਾਂ ਦੇ ਕੁਝ ਉਦਾਹਰਣ ਅਗਲੇ ਪੈਰਿਆਂ ਵਿਚ ਦਿੱਤੇ ਜਾਣਗੇ।

ਸਾਡੀਆਂ ਭਾਸ਼ਾਵਾਂ ਦਾ ਪਿਛੋਕੜ

ਉੱਤਰੀ ਤੇ ਪੱਛਮੀ ਹਿੰਦੋਸਤਾਨ ਦੀਆਂ ਸਾਰੀਆਂ ਭਾਸ਼ਾਵਾਂ (ਪੰਜਾਬੀ, ਸਿੰਧੀ, ਹਿੰਦੀ, ਗੁਜਰਾਤੀ, ਮਰਾਠੀ, ਉੜੀਆ, ਬੰਗਾਲੀ, ਆਸਾਮੀ ਆਦਿ) ਸੰਸਕ੍ਰਿਤ ਵਿੱਚੋਂ ਨਿਕਲੀਆਂ ਹਨ; ਪਰ ਅਜੋਕੀਆਂ ਭਾਸ਼ਾਵਾਂ ਦਾ ਅੱਜ ਵਾਲਾ ਰੂਪ ਸਿੱਧਾ ਸੰਸਕ੍ਰਿਤ ਵਿੱਚੋਂ ਨਹੀਂ ਬਣਿਆ। ਇਹ ਰੂਪ ਕਈਆਂ ਅਵਸਥਾਵਾਂ ਵਿੱਚੋਂ ਦੀ ਲੰਘ ਕੇ ਪ੍ਰਾਪਤ ਹੋਇਆ ਹੈ। ਸੰਸਕ੍ਰਿਤ ਤੋਂ ਪਿੱਛੋਂ ਜਿਹੜੀ ਭਾਸ਼ਾ ਉੱਤਰ-ਪੱਛਮੀ ਭਾਰਤ (ਪਾਕਿਸਤਾਨ ਸਮੇਤ) ਵਿਚ ਬੋਲੀ ਜਾਂਦੀ ਸੀ, ਉਸ ਦਾ ਨਾਮ ‘ਪਾਲੀ’ ਸੀ। ਬੁੱਧ ਧਰਮ ਦਾ ਪੁਰਾਣਾ ਸਾਹਿਤ ਮੁੱਖ ਰੂਪ ਵਿਚ ਪਾਲੀ ਵਿਚ ਲਿਖਿਆ ਮਿਲਦਾ ਹੈ। ਪਾਲੀ ਤੋਂ ਪਿੱਛੋਂ ਆਈਆਂ ਭਾਸ਼ਾਵਾਂ ਦਾ ਸਾਂਝਾ ਨਾਮ ਪ੍ਰਾਕ੍ਰਿਤਾਂ ਹੈ। ਸਾਡੇ ਇਲਾਕੇ ਵਿਚ ਬੋਲੀ ਜਾਣ ਵਾਲੀ ਪ੍ਰਾਕ੍ਰਿਤ ਦਾ ਨਾਮ ਸ਼ੌਰਸੇਨੀ ਮੰਨਿਆ ਜਾਂਦਾ ਹੈ। ਜੈਨ ਸਾਹਿਤ ਪ੍ਰਾਕ੍ਰਿਤਾਂ ਵਿਚ ਲਿਖਿਆ ਗਿਆ। ਪ੍ਰਾਕ੍ਰਿਤਾਂ ਦਾ ਸਮਾਂ ਸੰਨ ਈਸਵੀ ਦੇ ਅਰੰਭ ਤੋਂ 500 ਈਸਵੀ ਦੇ ਲਾਗੇ-ਚਾਗੇ ਦਾ ਗਿਣਦੇ ਹਾਂ। ਇਸ ਤੋਂ ਪਿੱਛੋਂ ਆਈਆਂ ਭਾਸ਼ਾਵਾਂ ਦਾ ਸਾਂਝਾ ਨਾਮ ਅਪਭ੍ਰੰਸ਼ਾਂ ਸੀ, ਜਿਨ੍ਹਾਂ ਦੀ ਗਿਣਤੀ ਕਾਫ਼ੀ ਸੀ। ਪੰਜਾਬ (ਪਾਕਿਸਤਾਨੀ ਪੰਜਾਬ ਸਮੇਤ), ਹਰਿਆਣਾ, ਪੱਛਮੀ ਯੂ. ਪੀ. ਵਿਚ ਇੱਕੋ ਅਪਭ੍ਰੰਸ਼ ਪ੍ਰਚੱਲਤ ਸੀ, ਜਿਸ ਦੇ ਨਾਮ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ।

ਇਨ੍ਹਾਂ ਅਪਭ੍ਰੰਸ਼ਾਂ ਵਿੱਚੋਂ ਸਾਡੀਆਂ ਅਜੋਕੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ। ਭਾਸ਼ਾਵਾਂ ਸਾਲਾਂ ਜਾਂ ਦਹਾਕਿਆਂ ਵਿਚ ਨਹੀਂ ਬਦਲਦੀਆਂ। ਕਿਸੇ ਪੁਰਾਣੀ ਭਾਸ਼ਾ ਵਿੱਚੋਂ ਨਵੀਂ ਭਾਸ਼ਾ ਦਾ ਰੂਪ ਬਣਦਿਆਂ ਸਦੀਆਂ ਲੱਗਦੀਆਂ ਹਨ। ਸਦੀਆਂ ਪਿੱਛੋਂ ਵੀ ਪੁਰਾਣੀ ਭਾਸ਼ਾ ਦੇ ਸਾਰੇ ਅੰਸ਼ ਨਹੀਂ ਬਦਲਦੇ; ਕਈ ਪੁਰਾਣੇ ਰੂਪ ਭਾਸ਼ਾ ਵਿਚ ਟਿਕੇ ਰਹਿੰਦੇ ਹਨ। ਅਜੋਕੀ ਪੰਜਾਬੀ ਵਿਚ ਸੰਸਕ੍ਰਿਤ, ਪ੍ਰਾਕ੍ਰਿਤਾਂ, ਅਪਭ੍ਰੰਸ਼ਾਂ ਦੇ ਕਈ ਰੂਪ ਮੌਜੂਦ ਹਨ।

ਅਜੋਕੀਆਂ ਭਾਸ਼ਾਵਾਂ ਦਾ ਆਗਾਜ਼ ਗਿਆਰ੍ਹਵੀਂ ਸਦੀ ਈਸਵੀ ਤੋਂ ਮੰਨਿਆ ਜਾਂਦਾ ਹੈ। ਗੁਰੂ-ਕਾਲ ਤਕ ਪੰਜਾਬੀ ਤੇ ਹਿੰਦੀ ਦਾ ਆਧੁਨਿਕ ਰੂਪ ਬਣ ਚੁਕਾ ਸੀ, ਪਰ ਇਨ੍ਹਾਂ ਭਾਸ਼ਾਵਾਂ ਵਿਚ ਉਸ ਸਮੇਂ ਤਕ ਅਪਭ੍ਰੰਸ਼ਾਂ ਵਾਲੇ ਕਾਫ਼ੀ ਲੱਛਣ ਅਜੇ ਪ੍ਰਚੱਲਤ ਸਨ, ਸਗੋਂ ਪ੍ਰਾਕ੍ਰਿਤਾਂ ਵਾਲੀਆਂ ਕੁਝ ਵਿਸ਼ੇਸ਼ਤਾਵਾਂ ਵੀ ਅਜੇ ਮੌਜੂਦ ਸਨ, ਜੋ ਗੁਰਬਾਣੀ ਦੀ ਭਾਸ਼ਾ ਵਿਚ ਸਪੱਸ਼ਟ ਨਜ਼ਰ ਆਉਂਦੀਆਂ ਹਨ।

ਅਜੋਕੀ ਪੰਜਾਬੀ (ਹਿੰਦੀ ਆਦਿ) ਤਕ ਪਹੁੰਚਦਿਆਂ ਲੱਗਭਗ ਇਹ ਸਾਰੇ ਜਾਂ ਬਹੁਤੇ ਲੱਛਣ ਅਲੋਪ ਹੋ ਚੁਕੇ ਹਨ; ਅਤੇ ਕਈ ਨਵੀਆਂ ਵਿਸ਼ੇਸ਼ਤਾਵਾਂ ਉਪਜ ਚੁਕੀਆਂ ਹਨ, ਜੋ ਗੁਰੂ-ਕਾਲ ਦੀ ਭਾਸ਼ਾ ਵਿਚ ਮੌਜੂਦ ਨਹੀਂ ਸਨ। ਇਥੇ ਇਹ ਯਾਦ ਕਰਾਉਣਾ ਜ਼ਰੂਰੀ ਜਾਪਦਾ ਹੈ ਕਿ ਗੁਰੂ-ਕਾਲ ਦੀ ਪੰਜਾਬੀ ਦਾ ਨਾਮ ਹੀ ਪੰਜਾਬੀ ਹੈ। ਭਾਸ਼ਾਈ ਪੱਖ ਤੋਂ ਗੁਰੂ-ਕਾਲ ਦੀ ਪੰਜਾਬੀ ਦਾ ਅਜੋਕੀ ਪੰਜਾਬੀ ਨਾਲੋਂ ਬਹੁਤ ਅੰਤਰ ਹੈ ਅਤੇ ਬਹੁਪੱਖੀ ਅੰਤਰ ਹੈ। ਜੇ ਅੰਤਰ ਨਾ ਹੁੰਦਾ ਤਾਂ ਗੁਰਬਾਣੀ ਦਾ ਵੱਖਰਾ ਵਿਆਕਰਨ ਲਿਖਣ ਦੀ ਕੀ ਲੋੜ ਸੀ? ਅਜੋਕੀ ਪੰਜਾਬੀ ਦੇ ਕਈ ਵਿਆਕਰਨ ਪ੍ਰੋ. ਸਾਹਿਬ ਸਿੰਘ ਜੀ ਦੇ ਸਮੇਂ ਵੀ ਮੌਜੂਦ ਸਨ। ਅੱਜ ਤਾਂ ਹੋਰ ਵੀ ਕਈ ਉੱਚ ਪਾਏ ਦੇ ਵਿਆਕਰਨ ਲਿਖੇ ਜਾ ਚੁਕੇ ਹਨ, ਪਰ ਅਜੋਕੀ ਪੰਜਾਬੀ (ਜਾਂ ਹਿੰਦੀ) ਦੇ ਵਿਆਕਰਨ ਗੁਰਬਾਣੀ ਦੀ ਭਾਸ਼ਾ ਨੂੰ ਸਮਝਣ ਲਈ ਕੋਈ ਸਹਾਇਤਾ ਨਹੀਂ ਦਿੰਦੇ, ਕਿਉਂਕਿ ਗੁਰਬਾਣੀ ਦੀ ਭਾਸ਼ਾ ਅਜੋਕੀ ਪੰਜਾਬੀ ਜਾਂ ਹਿੰਦੀ ਨਾਲੋਂ ਵੱਖਰੇ ਰੂਪ ਤੇ ਵੱਖਰੀ ਬਣਤਰ ਵਾਲੀ ਹੈ। ਪੂਰੇ ਵੇਰਵੇ ਦੇਣ ਨਾਲੋਂ ਮੈਂ ਸਿਰਫ਼ ਨਮੂਨਾ ਪੇਸ਼ ਕਰਨ ਲਈ ਇਕ ਉਦਾਹਰਣ ਦਿੰਦਾ ਹਾਂ :

ਅਜੋਕੀ ਪੰਜਾਬੀ ਵਿਚ ਨਾਂਵ ਹੁਕਮ ਦੇ ਸਿਰਫ਼ ਦੋ ਰੂਪ ਵਰਤੋਂ ਵਿਚ ਹਨ- ਹੁਕਮ ਤੇ ਇਸ ਦਾ ਬਹੁਵਚਨ ਹੁਕਮਾਂ। ਗੁਰਬਾਣੀ ਵਿਚ ਇਸੇ ਨਾਂਵ ਦੇ ਬਾਰ੍ਹਾਂ ਰੂਪ ਵਰਤੇ ਮਿਲਦੇ ਹਨ :

ਹੁਕਮ, ਹੁਕਮਿ, ਹੁਕਮੀ, ਹੁਕਮੁ, ਹੁਕਮੇ, ਹੁਕਮੈ, ਹੁਕਮੋ, ਹੁਕਮਾ, ਹੁਕਮਹੁ, ਹੁਕਮਨ, ਹੁਕਮਾਉ, ਹੁਕਮਾਵੈ।

ਇਸ ਇਕ ਉਦਾਹਰਣ ਤੋਂ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਗੁਰਬਾਣੀ ਦੀ ਭਾਸ਼ਾ ਦਾ ਅਜੋਕੀ ਭਾਸ਼ਾ ਨਾਲੋਂ ਕਿੰਨਾ ਫ਼ਰਕ ਹੈ।

ਪੁਰਾਣੀਆਂ ਭਾਸ਼ਾਵਾਂ ਬਾਰੇ ਕੁਝ ਜ਼ਰੂਰੀ ਜਾਣਕਾਰੀ

ਸੰਸਕ੍ਰਿਤ ਪੂਰੀ ਤਰ੍ਹਾਂ ਸੰਜੋਗਾਤਮਿਕ ਸੀ। ਇਸ ਤੋਂ ਪਿੱਛੋਂ ਭਾਰਤੀ ਭਾਸ਼ਾਵਾਂ ਹੌਲੀ-ਹੌਲੀ ਵਿਜੋਗਾਤਮਿਕ ਹੁੰਦੀਆਂ ਗਈਆਂ। ਇਨ੍ਹਾਂ ਗੁਣਾਂ ਦਾ ਫ਼ਰਕ ਵੇਖ ਲਿਆ ਜਾਵੇ। ਹੱਥੀਂ ਕੰਮ ਕੀਤਾ ਅਤੇ ਹੱਥਾਂ ਨਾਲ ਕੰਮ ਕੀਤਾ ਦੁਹਾਂ ਵਾਕਾਂ ਦਾ ਅਰਥ ਇੱਕੋ ਹੈ। ਇਥੇ ‘ਹੱਥੀਂ’ ਵਿਚ ਨਾਂਵ ਹੱਥ ਨਾਲ ਪਿਛੇਤਰ, ‘ਈਂ’ ਲਾ ਕੇ ਉਹੋ ਅਰਥ ਲਏ ਗਏ ਹਨ ਜੋ ‘ਹੱਥਾਂ ਨਾਲ’ ਵਿਚ ਇਕ ਵੱਖਰਾ ਸ਼ਬਦ ‘ਨਾਲ’ ਵਰਤ ਕੇ ਲਏ ਹਨ। ਹੱਥੀਂ ਸੰਜੋਗਾਤਮਿਕ ਰੂਪ ਹੈ, ਹੱਥਾਂ ਨਾਲ ਵਿਜੋਗਾਤਮਿਕ। ਸੰਸਕ੍ਰਿਤ ਦੇ ਕਿਰਿਆ ਰੂਪ ਵੀ ਸੰਜੋਗਾਤਮਿਕ ਸਨ। ਅੱਜ ਵਾਲੀਆਂ ਸਹਾਇਕ ਕਿਰਿਆਵਾਂ ਹੈ, ਹਨ, ਸੀ, ਸਨ ਆਦਿ ਵਰਗੇ ਵੱਖਰੇ ਸ਼ਬਦ ਨਹੀਂ ਸਨ ਵਰਤੇ ਜਾਂਦੇ, ਮੁੱਖ ਕਿਰਿਆ ਦੇ ਨਾਲ ਅਗੇਤਰ, ਪਿਛੇਤਰ ਲਾ ਕੇ ਹੀ ਪੂਰੀ ਜਾਣਕਾਰੀ ਦੇਣ ਵਾਲੇ ਕਿਰਿਆ ਰੂਪ ਬਣਾ ਲਏ ਜਾਂਦੇ ਸਨ।

ਸੰਸਕ੍ਰਿਤ ਤੇ ਪਾਲੀ ਸੰਜੋਗਾਤਮਿਕ ਸਨ; ਪ੍ਰਾਕ੍ਰਿਤਾਂ ਮੁੱਖ ਰੂਪ ਵਿਚ ਸੰਜੋਗਾਤਮਿਕ ਸਨ, ਪਰ ਵਿਜੋਗਾਤਮਿਕਤਾ ਦੇ ਕੁਝ ਲੱਛਣ ਵੀ ਇਨ੍ਹਾਂ ਵਿਚ ਆ ਗਏ ਸਨ। ਅਅਪਭ੍ਰੰਸ਼ਾਂ ਵਿਚ ਵਿਜੋਗਾਤਮਿਕਤਾ ਕਾਫ਼ੀ ਆ ਗਈ ਹੈ। ਸੰਬੰਧਕਾਂ ਦੀ ਵਰਤੋਂ ਹੋਣ ਲੱਗ ਪਈ ਹੈ। ਕਿਰਿਆ-ਰੂਪ ਹੁਣ ਇਕ ਤੋਂ ਵਧੇਰੇ ਸ਼ਬਦਾਂ ਨਾਲ ਬਣਦੇ ਹਨ; ਸਹਾਇਕ ਕਿਰਿਆ ਵੀ ਆ ਗਈ ਹੈ। ਪਰੰਤੂ ਅਪਭ੍ਰੰਸ਼ਾਂ ਪੂਰੀ ਤਰ੍ਹਾਂ ਵਿਜੋਗਾਤਮਿਕ ਨਹੀਂ, ਇਨ੍ਹਾਂ ਵਿਚ ਸੰਜੋਗਾਤਮਿਕ ਦੇ ਕਾਫ਼ੀ ਅੰਸ਼ ਅਜੇ ਮੌਜੂਦ ਹਨ।

ਗੁਰਬਾਣੀ ਦੀ ਭਾਸ਼ਾ ਵਿਚ ਪ੍ਰਾਕ੍ਰਿਤਾਂ ਦੇ ਅੰਸ਼

ਪ੍ਰਾਕ੍ਰਿਤਾਂ ਨੂੰ ਓ-ਅੰਤਿਕ ਭਾਸ਼ਾਵਾਂ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਵਿਚ ਨਾਂਵਾਂ ਦੇ ਇਕ-ਵਚਨ ਪੁਲਿੰਗ ਰੂਪ – ਓ ( ੋ )-ਅੰਤਿਕ ਸਨ :

ਮੋਰੋ (ਮੋਰ), ਪੱਥਾਰੋ (ਪੱਥਰ), ਰਿੱਛੋ (ਰਿੱਛ), ਦੇਅਰੋ (ਦਿਉਰ), ਸੱਦੋ (ਸ਼ਬਦ/ਸੱਦ), ਜਸੋ (ਜੱਸ) ਆਦਿ।

ਗੁਰਬਾਣੀ ਵਿਚ ਵੀ ਓ-ਅੰਤਿਕ ਨਾਂਵ ਤੇ ਕ੍ਰਿਦੰਤ ਕਾਫ਼ੀ ਮਿਲਦੇ ਹਨ :

ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ॥
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ॥ (ਪੰਨਾ 779)

ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ॥ (ਪੰਨਾ 917)

ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ॥  (ਉਹੀ)

ਇਨ੍ਹਾਂ ਤੁਕਾਂ ਵਿਚ ਆਏ ਨਾਂਵ ਠਾਕਰੋ, ਬੈਰਾਗਰੋ, ਸਾਗਰੋ, ਰਤਨਾਗਰੋ, ਸਬਦੋ, ਪਿਆਰੋ, ‘ਓ’ ਅੰਤਿਕ ਹਨ।

ਗੁਰਬਾਣੀ ਵਿਚ ਅਪਭ੍ਰੰਸ਼ਾਂ ਦੇ ਅੰਸ਼

ਗੁਰਬਾਣੀ ਵਿਚ ਇਕ-ਵਚਨ ਪੁਲਿੰਗ ਨਾਂਵਾਂ ਦੇ ਅੰਤ ਵਿਚ- ਉ (ਔਂਕੜ) ਲੱਗਾ ਮਿਲਦਾ ਹੈ। ਇਹ ਅਪਭ੍ਰੰਸ਼ਾਂ ਦਾ ਲੱਛਣ ਹੈ। ਅਪਭ੍ਰੰਸ਼ਾਂ ਨੂੰ- ਉ (ਔਂਕੜ) ਅੰਤਿਕ ਭਾਸ਼ਾਵਾਂ ਕਿਹਾ ਜਾਂਦਾ ਹੈ। ਅਪਭ੍ਰੰਸ਼ਾਂ ਦੇ ਕੁਝ ਨਾਂਵ-ਰੂਪਾਂ ਦੇ ਉਦਾਹਰਣ ਵੇਖੇ ਜਾਣ; ਇਹ ਰੂਪ ਕਰਤਾ ਤੇ ਕਰਮ ਦੋਵਾਂ ਕਾਰਕਾਂ ਦੇ ਹਨ:

ਇਕ-ਵਚਨ ਬਹੁਵਚਨ

ਪੁਲਿੰਗ ਪੁੱਤੁ, ਪੁੱਤਉ, ਪੁੱਤੋ ਪੁੱਤ, ਪੁੱਤਾ ਦੇਵੁ, ਦੇਵੋ, ਦੇਵ, ਦੇਵਾ
ਇਸਤਰੀ-ਲਿੰਗ : ਣਦੀ (ਨਦੀ) ਣਦੀ, ਣਦਿਉ
ਬਾਲਾ (ਬੱਚੀ) ਬਾਲਾ, ਬਾਲਾਉ

ਉਪਰੋਕਤ ਵਿਵਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਦੀ ਭਾਸ਼ਾ ਵਿਚ ਵਧੇਰੇ ਲੱਛਣ ਪ੍ਰਾਕ੍ਰਿਤਾਂ ਵਾਲੇ ਹਨ। ਪੁਲਿੰਗ ਨਾਵਾਂ ਦਾ ਉ-ਅੰਤਿਕ ਰੂਪ ਅਪਭ੍ਰੰਸ਼ਾਂ ਵਾਲਾ ਹੈ। ਗੁਰਬਾਣੀ ਵਿਚ ਕਰਣ ਤੇ ਅਧਿਕਰਣ ਦੇ ਪੁਲਿੰਗ ਰੂਪ ਨਾਂਵ ਦੇ ਅੰਤ ਵਿਚ/ਇ/ (ਸਿਹਾਰੀ) ਲਾ ਕੇ ਬਣਦੇ ਹਨ; ਮਨਿ (ਮਨ ਦੁਆਰਾ, ਜਾਂ ਮਨ ਵਿਚ), ਹਥਿ (ਹੱਥ ਨਾਲ ਜਾਂ ਹੱਥ ਵਿਚ) ਅਪਭੰ੍ਰਸ਼ਾਂ ਵਿਚ ਵੀ ਇਹੋ ਸਥਿਤੀ ਹੈ। ਉੱਤੇ ਦਿੱਤੇ ਪੁਲਿੰਗ ਨਾਂਵਾਂ ਪੁੱਤ ਤੇ ਦੇਵ ਦੇ ਕਰਣ ਤੇ ਅਧਿਕਰਣ ਕਾਰਕ ਦੇ ਰੂਪ ਪੁੱਤਿ ਤੇ ਦੇਵਿ ਮਿਲਦੇ ਹਨ।

ਇਹ ਨੁਕਤਾ ਯਾਦ ਰੱਖਣ ਵਾਲਾ ਹੈ ਕਿ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਆਧਾਰ ਬਣਾ ਕੇ ਨਹੀਂ ਲਿਖੀ ਗਈ, ਸਗੋਂ ਇਹ ਉਸ ਸਮੇਂ ਸਮਾਜ ਵਿਚ ਪ੍ਰਚੱਲਤ ਭਾਸ਼ਾ ਵਿਚ ਉਚਾਰੀ ਗਈ ਤੇ ਉਸ ਸਮੇਂ ਦੇ ਉਚਾਰਨ ਅਨੁਸਾਰ ਲਿਖੀ ਗਈ ਹੈ। ਅਪਭ੍ਰੰਸ਼ਾਂ ਵਿਚ ਸ਼ਬਦਾਂ ਦੇ ਅੰਤ ਵਿਚ ਔਂਕੜ ਤੇ ਸਿਹਾਰੀ ਦਾ ਉਚਾਰਨ ਹੁੰਦਾ ਸੀ; ਗੁਰੂ-ਕਾਲ ਤਕ ਵੀ ਸ਼ਬਦਾਂਤਿਕ ਸਿਹਾਰੀ ਤੇ ਔਂਕੜ ਆਮ ਉਚਾਰਨ ਵਿਚ ਮੌਜੂਦ ਸਨ। ਅੱਜ ਅਸੀਂ ਸ਼ਬਦਾਂ ਦੇ ਅੰਤ ਵਿਚ ਅੰਕਿਤ ਸਿਹਾਰੀ ਤੇ ਔਂਕੜ ਦਾ ਉਚਾਰਨ ਹੀ ਨਹੀਂ ਕਰ ਸਕਦੇ। ਲਿਖਿਆ ਹੈ, ਆਦਿ ਸਚੁ, ਅਸੀਂ ਪੜ੍ਹਦੇ ਹਾਂ, ਆਦ ਸਚ। ਉਚਾਰਨ ਵਿਚ ਇਹ ਪਰਿਵਰਤਨ ਕਈਆਂ ਸਦੀਆਂ ਵਿਚ ਹੋਇਆ ਹੈ, ਤੇ ਗੁਰੂ ਕਾਲ ਵਿਚ ਵੀ ਇਹ ਪ੍ਰਵਿਰਤੀ ਜਾਰੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਪੰਜਾਬੀ ਉਚਾਰਨ ਵਿਚ ਅੰਤਿਮ ਸਿਹਾਰੀ ਤੇ ਔਂਕੜ ਦੀ ਵਰਤੋਂ ਕਾਫ਼ੀ ਘਟ ਗਈ ਸੀ। ਕੁਝ ਲੋਕ ਸਿਹਾਰੀ ਤੇ ਔਂਕੜ ਵਾਲਾ ਉਚਾਰਨ ਕਰਦੇ ਸਨ, ਕੁਝ ਨਹੀਂ ਸਨ ਕਰਦੇ। ਇਹੋ ਪ੍ਰਵਿਰਤੀ ਉਸ ਸਮੇਂ ਰਚੀ ਗਈ ਬਾਣੀ ਵਿਚ ਮਿਲਦੀ ਹੈ। ਜੇ ਕਿਸੇ ਸ਼ਬਦ ਵਿਚ ਸਿਹਾਰੀ ਜਾਂ ਔਂਕੜ ਨਹੀਂ ਲੱਗਾ ਤਾਂ ਉਹ ਅਜੋਕੀ ਭਾਸ਼ਾ ਵਾਲਾ ਰੂਪ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਵਡਮੁੱਲੀ ਦੇਣ: ਗੁਰਮੁਖੀ ਲਿਪੀ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਾਨ ਕਾਰਜਾਂ ਵਿੱਚੋਂ ਇਕ ਬਹੁਤ ਵੱਡੀ ਮਹਾਨਤਾ ਵਾਲਾ ਕਾਰਜ ਹੈ- ਗੁਰਮੁਖੀ ਲਿਪੀ ਦੀ ਸਿਰਜਣਾ। ਪਰ ਅਫ਼ਸੋਸ ਕਿ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਦੀ ਇਸ ਵਡਮੁੱਲੀ ਦੇਣ ਦੀ ਉਚਿਤ ਕਦਰ ਨਹੀਂ ਪਾਈ। ਕੁਝ ਵਿਦਵਾਨਾਂ ਨੇ ਤਾਂ ਇਥੋਂ ਤਕ ਲਿਖ ਦਿੱਤਾ ਹੈ ਕਿ ਸਿਵਾਇ ਇਸ ਦੇ ਨਾਮ ‘ਗੁਰਮੁਖੀ’ ਦੇ, ਇਸ ਲਿਪੀ ਦਾ ਹੋਰ ਕੋਈ ਵੀ ਅੰਸ਼ ਗੁਰੂ ਸਾਹਿਬਾਨ ਦੀ ਦੇਣ ਨਹੀਂ; ਕਿਉਂਕਿ ਇਸ ਲਿਪੀ ਦੇ ਸਾਰੇ ਅੱਖਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਮੌਜੂਦ ਸਨ। ਇਨ੍ਹਾਂ ਵਿਦਵਾਨਾਂ ਦਾ ਲਿਪੀ-ਵਿਗਿਆਨ ਤੇ ਲਿਪੀ ਦੇ ਇਤਿਹਾਸ ਬਾਰੇ ਗਿਆਨ ਮਸਾਂ ਉਨ੍ਹਾਂ ਦੇ ਘਰ ਦੀਆਂ ਬਰੂਹਾਂ ਤਕ ਸੀਮਿਤ ਹੈ। ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਨਿਰੇ ਅੱਖਰ ਲਿਪੀ ਨਹੀਂ ਹੁੰਦੇ। ਭਾਸ਼ਾ ਮਨੁੱਖ ਜਾਤੀ ਦੀ ਆਪਣੇ ਵਿਚਾਰ, ਭਾਵ, ਇੱਛਾਵਾਂ ਆਦਿ ਦੂਸਰੇ ਮਨੁੱਖਾਂ ਤਕ ਪਹੁੰਚਾਉਣ ਵਾਲੀ ਵਿਵਸਥਾ ਹੈ ਅਤੇ ਲਿਪੀ ਇਸ ਭਾਸ਼ਾ ਨੂੰ ਲਿਖਤ ਰੂਪ ਵਿਚ ਪੇਸ਼ ਕਰਨ ਵਾਲਾ ਇਕ ਨਿਯਮਬੱਧ ਸਿਸਟਮ ਹੈ। ਲਿਪੀ ਦੇ ਅੱਖਰ ਇਸ ਸਿਸਟਮ ਦਾ ਇਕ ਅੰਸ਼ ਹਨ, ਬਹੁਤ ਜ਼ਰੂਰੀ ਅੰਸ਼, ਪਰ ਨਿਰੇ ਅੱਖਰ ਲਿਪੀ ਨਹੀਂ ਹੁੰਦੇ।

ਗੁਰੂ ਸਾਹਿਬ ਦੇ ਸਮੇਂ ਪੰਜਾਬ ਤੇ ਲਾਗੇ-ਚਾਗੇ ਦੇ ਇਲਾਕੇ ਵਿਚ ਕਈ ਲਿਪੀਆਂ ਪ੍ਰਚੱਲਤ ਸਨ- ਸਿੱਧ ਮਾਤ੍ਰਿਕਾ, ਟਾਕਰੀ, ਭੱਟ-ਅੱਛਰੀ, ਲੰਡੇ, ਟਾਕਰੇ, ਆਦਿ। ਪਰ ਇਨ੍ਹਾਂ ਵਿੱਚੋਂ ਕੋਈ ਵੀ ਲਿਪੀ ਸੰਪੂਰਨ ਤੇ ਗੁਰਬਾਣੀ ਲਿਖਣ ਦੇ ਯੋਗ ਨਹੀਂ ਸੀ; ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਲਿਪੀਆਂ ਦੇ ਕੁਝ-ਕੁਝ ਗੁਣ ਅਪਣਾ ਕੇ ਤੇ ਕੁਝ ਕਮਜ਼ੋਰੀਆਂ ਦੂਰ ਕਰ ਕੇ ਇਕ ਨਵੀਂ ਲਿਪੀ ਤਿਆਰ ਕੀਤੀ, ਜਿਸ ਦਾ ਨਾਮ ‘ਗੁਰਮੁਖੀ’ ਪ੍ਰਸਿੱਧ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੀ ਸਿਰਜਣਾ ਕਰਦਿਆਂ ਕੀ ਕੁਝ ਕੀਤਾ, ਇਸ ਤੱਤ ਦੇ ਵੇਰਵੇ ਅੱਗੇ ਪੇਸ਼ ਕੀਤੇ ਗਏ ਹਨ:

1) ਇਕ ਅੱਖਰ ਨੂੰ ਸਿਰਫ਼ ਇਕ ਧੁਨੀ ਅੰਕਿਤ ਕਰਨ ਲਈ ਰੱਖਿਆ।ਦੇਵਨਾਗਰੀ ਤੇ ਕੁਝ ਹੋਰ ਲਿਪੀਆਂ ਵਿਚ ਇਕ ਅੱਖਰ ਦੋ-ਦੋ ਧੁਨੀਆਂ ਲਈ ਵਰਤਿਆ ਜਾ ਰਿਹਾ ਹੈ; ਜਿਵੇਂ ਦੇਵਨਾਗਰੀ ਆਦਿ ਵਿਚ क्ष,  ज्ञ,  त्र ਆਦਿ।

2) ਅੱਖਰਾਂ ਦੇ ਰੂਪ ਨਿਸ਼ਚਿਤ ਕੀਤੇ ਜੋ ਅੱਜ ਤਕ ਉਵੇਂ ਚਲੇ ਆ ਰਹੇ ਹਨ। ਕੁਝ ਹੋਰ ਲਿਪੀਆਂ ਵਿਚ ਅ, ੲ, ਝ, ਣ, ਲ ਦੇ ਦੋ-ਦੋ ਰੂਪ ਮਿਲਦੇ ਹਨ।

3) ਜਿਹੜੀਆਂ ਧੁਨੀਆਂ ਪੰਜਾਬੀ, ਹਿੰਦੀ ਆਦਿ ਦੇ ਉਚਾਰਨ ਵਿਚ ਮੌਜੂਦ ਨਹੀਂ ਸਨ, ਉਨ੍ਹਾਂ ਲਈ ਕੋਈ ਅੱਖਰ ਨਹੀਂ ਰੱਖਿਆ। ਦੇਵਨਾਗਰੀ ਆਦਿ ਵਿਚ ष ਤੇ ऋ ਨੂੰ ਅੱਜ ਵੀ ਲਿਖੇ ਜਾਂਦੇ ਹਨ ਜਦੋਂ ਕਿ ਅਜੋਕੀ ਹਿੰਦੀ, ਪੰਜਾਬੀ, ਮਰਾਠੀ ਵਿਚ ਇਹ ਕਿਸੇ ਧੁਨੀ ਨੂੰ ਅੰਕਿਤ ਨਹੀਂ ਕਰਦੇ।

4) ਸ੍ਵਰਾਂ ਨੂੰ ਅੰਕਿਤ ਕਰਨ ਲਈ ਸਿਰਫ਼ ਤਿੰਨ ਅੱਖਰ ਰੱਖੇ- ੳ, ਅ, ੲ। ਬਾਕੀ ਸ੍ਵਰ ਇਨ੍ਹਾਂ ਨੂੰ ਲਗਾਂ ਲਾ ਕੇ ਦਰਸਾਏ ਜਾਂਦੇ ਹਨ- ਉਸ, ਊਠ, ਓਟ, ਆਇਆ, ਐਡਾ, ਔਖਾ, ਇਕ, ਈੜੀ, ਏਦਾਂ, ਆਦਿ।

ਦੇਵਨਾਗਰੀ ਆਦਿ ਵਿਚ ਸ੍ਵਰਾਂ ਨੂੰ ਅੰਕਿਤ ਕਰਨ ਵਾਲੇ ਅੱਖਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

5) ਦੇਵਨਾਗਰੀ ਆਦਿ ਵਿਚ ਨਾਸਿਕਤਾ ਦਰਸਾਉਣ ਲਈ ਅੱਧਾ ਨਾਸਿਕੀ ਵਿਅੰਜਨ ਵੀ ਵਰਤਿਆ ਜਾਂਦਾ ਹੈ- ਹਿਂਦੀ, ਪਣਿਡਤ ਆਦਿ। ਗੁਰਮੁਖੀ ਵਿਚ ਸਿਰਫ਼ ਇਕ ਵਿਧੀ ਹੈ- ਟਿੱਪੀ ਜਾਂ ਬਿੰਦੀ ਅੱਖਰ ਦੇ ਉੱਤੇ ਸੱਜੇ ਪਾਸੇ।

6) ‘ਸ’ ਤੇ ‘ਹ’ ਪਹਿਲੀ ਪੰਕਤੀ ਵਿਚ ਰੱਖੇ ਹਨ; ੳ, ਅ, ੲ (ਸ੍ਵਰਾਂ) ਤੋਂ ਪਿੱਛੋਂ ਤੇ ਵਿਅੰਜਨਾਂ ਤੋਂ ਪਹਿਲਾਂ; ਕਿਉਂਕਿ ਸ੍ਵਰਾਂ ਦੇ ਉਚਾਰਨ ਵਿਚ ਕੋਈ ਦੋ ਉਚਾਰਨ-ਅੰਗ ਇਕ ਦੂਜੇ ਨੂੰ ਨਹੀਂ ਛੂੰਹਦੇ। ਵਿਅੰਜਨਾਂ ਦੇ ਉਚਾਰਨ ਵਿਚ ਦੋ ਅੰਗ ਜ਼ਰੂਰ ਛੂੰਹਦੇ ਹਨ। ਸ, ਹ ਦੋ ਅਜਿਹੀਆਂ ਧੁਨੀਆਂ ਹਨ, ਜਿਨ੍ਹਾਂ ਦੇ ਉਚਾਰਨ ਵਿਚ ਦੋ ਅੰਗ ਛੂੰਹਦੇ ਨਹੀਂ, ਪਰ ਇਕ ਦੂਜੇ ਦੇ ਇੰਨੇ ਨੇੜੇ ਆ ਜਾਂਦੇ ਹਨ ਕਿ ਇਨ੍ਹਾਂ ਵਿੱਚੋਂ ਦੀ ਸਾਹ ਰਗੜ ਖਾ ਕੇ ਲੰਘਦਾ ਹੈ, ਜਿਸ ਰਗੜ ਨਾਲ ਇਹ ਧੁਨੀਆਂ ਬਣਦੀਆਂ ਹਨ ਇਨ੍ਹਾਂ ਦਾ ਸਥਾਨ ਸ੍ਵਰਾਂ ਤੇ ਵਿਅੰਜਨਾਂ ਦੇ ਵਿਚਾਲੇ ਹੈ, ਜਿੱਥੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਇਨ੍ਹਾਂ ਨੂੰ ਰੱਖਿਆ ਹੈ।

ਉਪਰੋਕਤ ਵਿਵਰਨ ਤੋਂ ਇਹ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਨ ਭਾਸ਼ਾ-ਵਿਗਿਆਨੀ ਤੇ ਲਿਪੀ-ਵਿਗਿਆਨੀ ਸਨ। ਆਪ ਜੀ ਆਪਣੇ ਸਮੇਂ ਤੋਂ ਬਹੁਤ ਅੱਗੇ ਦੇ ਵਿਦਵਾਨ ਸਨ। ਆਪ ਜੀ ਮਹਾਨ ਗੁਰੂ ਹੋਣ ਦੇ ਨਾਲ-ਨਾਲ ਮਹਾਨ ਵਿਗਿਆਨੀ ਤੇ ਲਿਪੀ ਬੋਧਕ ਵੀ ਸਨ।

ਬੁੱਕਮਾਰਕ ਕਰੋ (1)
Please login to bookmarkClose

No account yet? Register

ਲੇਖਕ ਬਾਰੇ

330, ਅਰਬਨ ਅਸਟੇਟ, ਫੇਜ਼-1, ਪਟਿਆਲਾ

ਬੁੱਕਮਾਰਕ ਕਰੋ (1)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)