editor@sikharchives.org

ਗੁਰਬਾਣੀ ਤੇ ਲੋਕ-ਸੰਗੀਤ

ਗੁਰਬਾਣੀ ਦਾ ਜੀਵਨ-ਆਦਰਸ਼ ਪ੍ਰਭੂ ਸੰਜੋਗ ਹੈ, ਇਸ ਸੰਜੋਗ ਲਈ ਆਤਮਾ ਨੂੰ ਤਿਆਰ ਕਰਨ ਵਾਸਤੇ ਸੰਗੀਤ ਦਾ ਆਸਰਾ ਲਿਆ ਜਾਂਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਵਿਦਵਾਨ ਸੰਗੀਤਕਾਰਾਂ ਨੇ ਸੰਗੀਤ ਦੇ ਦੋ ਭੇਦ ਕੀਤੇ ਹਨ-ਸ਼ਾਸਤ੍ਰੀ-ਸੰਗੀਤ ਤੇ ਲੋਕ-ਸੰਗੀਤ। ਪਰ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਦਾ ਮੂਲ ਲੋਕ-ਸੰਗੀਤ ਹੀ ਹੈ। ਜਿਵੇਂ ਤਮਾਮ ਸਾਹਿਤਕ ਜ਼ਬਾਨਾਂ, ਲੋਕ-ਬੋਲੀਆਂ ਤੋਂ ਵਿਕਸਿਤ ਹੋ ਕੇ ਸਜ-ਸੰਵਰ ਕੇ ਸਾਹਿਤਕ ਭਾਸ਼ਾਵਾਂ ਦੇ ਸਿੰਘਾਸਨ ‘ਤੇ ਬਿਰਾਜਮਾਨ ਆ ਹੋਈਆਂ ਤਿਵੇਂ ਹੀ ਮੂਲ ਲੋਕ-ਧੁਨਾਂ, ਹੌਲੀ-ਹੌਲੀ ਵਿਕਾਸ ਕਰ ਕੇ ਤੇ ਕੁਝ ਤਕਨੀਕੀ ਜ਼ਾਬਤੇ ਵਿਚ ਬੱਝ ਕੇ ਸ਼ਾਸਤ੍ਰੀ-ਸੰਗੀਤ ਦੀ ਪਦਵੀ ਧਾਰਨ ਕਰ ਗਈਆਂ ਹਨ। ਇਸ ਧਾਰਨਾ ਦੀ ਪੁਸ਼ਟੀ ਏਸ ਗੱਲੋਂ ਵੀ ਹੁੰਦੀ ਹੈ ਕਿ ਜਿਤਨੇ ਵੀ ਸ਼ਾਸਤ੍ਰੀ-ਸੰਗੀਤ ਦੇ ਗਵੱਈਏ ਹਨ, ਉਹ ਆਪਣੀ ਕਲਾਕਾਰੀ ਦਿਖਾਉਣ ਲਈ ਜੋ ਦੋ-ਚਾਰ ਤੁਕਾਂ ਮੁੜ-ਮੁੜ ਦੁਹਰਾਉਂਦੇ ਤੇ ਬਾਰ-ਬਾਰ ਗਾਉਂਦੇ ਹਨ, ਉਹ ਵੀ ਜ਼ਿਆਦਾਤਰ ਪੁਰਾਤਨ ਲੋਕ-ਗੀਤਾਂ ਦਾ ਹੀ ਹਿੱਸਾ ਹੁੰਦੀਆਂ ਹਨ।

ਗੁਰਬਾਣੀ ਦਾ ਜੀਵਨ-ਆਦਰਸ਼ ਪ੍ਰਭੂ ਸੰਜੋਗ ਹੈ, ਇਸ ਸੰਜੋਗ ਲਈ ਆਤਮਾ ਨੂੰ ਤਿਆਰ ਕਰਨ ਵਾਸਤੇ ਸੰਗੀਤ ਦਾ ਆਸਰਾ ਲਿਆ ਜਾਂਦਾ ਹੈ, ਇਸ ਵਿਚ ਜਿੱਥੇ ਸ਼ਾਸਤ੍ਰੀ-ਸੰਗੀਤ ਦੇ ਪੱਕੇ ਰਾਗ ਵਰਤੇ ਗਏ ਹਨ, ਉਥੇ ਲੋਕ-ਸੰਗੀਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਗਿਆ, ਸਗੋਂ ਉਸ ਦੀ ਭਰਪੂਰ ਵਰਤੋਂ ਹੋਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੋਕ-ਸੰਗੀਤ ਜਾਂ ਦੇਸੀ ਧਾਰਨਾ ਦੇ ਆਧਾਰ ‘ਤੇ ਕਾਫ਼ੀ ਬਾਣੀ ਰਚੀ ਗਈ ਹੈ। ਇਹ ਲੋਕ-ਧਾਰਨਾਵਾਂ ਉਸ ਸਮੇਂ ਆਮ ਪ੍ਰਚਲਿਤ ਸਨ ਤੇ ਲੋਕਾਂ ਵਿਚ ਹਰਮਨ ਪਿਆਰੀਆਂ ਸਨ, ਇਸ ਕਰਕੇ ਸੰਤਾਂ-ਭਗਤਾਂ ਤੇ ਗੁਰੂ ਸਾਹਿਬਾਨ ਨੇ ਲੋਕ-ਧਾਰਨਾ ਦੇ ਆਦਰਸ਼ ਤੇ ਵੰਨ-ਸੁਵੰਨੇ ਰੂਹਾਨੀ ਗੀਤਾਂ ਦੀ ਰਚਨਾ ਕੀਤੀ, ਬੰਦਸ਼ਾਂ ਬਣਾਈਆਂ ਤਾਂ ਕਿ ਜਨਸਾਧਾਰਨ ਇਨ੍ਹਾਂ ਤੋਂ ਸਹਿਜੇ ਹੀ ਪ੍ਰੇਰਨਾ ਪ੍ਰਾਪਤ ਕਰ ਸਕੇ। ਲੋਕ-ਕਾਵਿ ਤੇ ਲੋਕ-ਸੰਗੀਤ ਦੇ ਜੋ ਰੂਪ ਅਪਣਾਏ ਗਏ, ਉਨ੍ਹਾਂ ਦਾ ਬਿਉਰਾ ਇਸ ਪ੍ਰਕਾਰ ਹੈ:-

1. ਅਲਾਹੁਣੀਆਂ    2. ਆਰਤੀ
3. ਅੰਜੁਲੀ         4. ਸਦੁ
5. ਸੋਹਿਲਾ        6. ਕਰਹਲੇ
7. ਕਾਫੀ           8. ਘੋੜੀਆਂ
9. ਚਉਬੋਲੇ       10. ਛੰਤ
11. ਡਖਣੇ         12. ਥਿਤੀ
13. ਦਿਨ ਰੈਣਿ    14. ਪਹਰੇ
15. ਪਟੀ          16. ਬਾਰਹਮਾਹ
17. ਬਾਵਨ ਅਖਰੀ18. ਬਿਰਹੜੇ
19. ਮੰਗਲ        20.ਰੁਤੀ
21. ਵਣਜਾਰਾ      22. ਵਾਰ 
23. ਵਾਰ ਸਤ ਆਦਿਕ 

ਇਨ੍ਹਾਂ ਵਿਚ ਕਈ ਲੋਕ-ਕਾਵਿ ਐਸੇ ਹਨ ਜਿਨ੍ਹਾਂ ਦੀ ਛੰਦਾਬੰਦੀ ਦੀ ਨੇਮਾਵਲੀ ਨਿਯਤ ਹੈ ਤੇ ਉਸ ਕਾਰਨ ਉਨ੍ਹਾਂ ਦੇ ਗਾਉਣ ਦੀ ਸ਼ੈਲੀ ਵੀ ਨਿਸ਼ਚਿਤ ਹੈ। ਕਾਵਿ ਤੇ ਸੰਗੀਤ ਦਾ ਪਰਸਪਰ ਸੰਬੰਧ ਹੈ, ਇਸ ਕਰਕੇ ਅਲਾਹੁਣੀ ਦੀ ਧੁਨ ਆਰਤੀ ਨਾਲ ਨਹੀਂ ਲਾਈ ਜਾ ਸਕਦੀ ਤੇ ਨਾ ਹੀ ‘ਆਰਤੀ’ ਦੀ ਗਾਉਣ-ਧੁਨ ‘ਅਲਾਹੁਣੀ’ ਨਾਲ ਜੋੜੀ ਜਾ ਸਕਦੀ ਹੈ। ਇਸ ਚਰਚਾ ਤੋਂ ਸਾਡਾ ਭਾਵ ਇਹ ਸਪਸ਼ਟ ਕਰਨਾ ਹੈ ਕਿ ਇਹ ਕਾਵਿ-ਰੂਪ ਵੀ ਲੋਕ-ਸੰਗੀਤ ਦੇ ਪਿੱਛੇ-ਪਿੱਛੇ ਚੱਲਦੇ ਹਨ। ਇਨ੍ਹਾਂ ਦੀ ਗੂੜ੍ਹੀ ਰਿਸ਼ਤੇਦਾਰੀ ਲੋਕ-ਜੀਵਨ ਨਾਲ ਜੁੜੀ ਹੋਈ ਹੈ। ਗੁਰਬਾਣੀ ਵਿਚ ਵਰਤੇ ਲੋਕ- ਕਾਵਿ ਦੇ ਇਹ ਰੂਪ, ਵਿਸ਼ੇਸ਼ ਵਿਚਾਰ ਦੇ ਯੋਗ ਹਨ।

1. ਅਲਾਹੁਣੀ- ਇਹ ਸ਼ੋਕ-ਗੀਤ ਹੈ, ਵਿੱਛੜੇ ਸਨੇਹੀ ਦੀ ਯਾਦ ਵਿਚ ਪਾਏ ਵੈਣ ਇਸ ਦਾ ਕਲੇਵਰ ਸਿਰਜਦੇ ਹਨ। ਗੁਰੂ ਸਾਹਿਬ ਨੇ ਵਡਹੰਸ ਰਾਗ ਵਿਚ ਇਸ ਲੋਕ-ਧਾਰਨਾ ਨੂੰ ਆਧਾਰ ਬਣਾ ਕੇ ਸੰਸਾਰ ਦੀ ਨਾਸ਼ਮਾਨਤਾ ਦਰਸਾਈ ਹੈ।

2. ਆਰਤੀ- ਇਸ਼ਟ ਦੇਵ ਦੀ ਮਹਿਮਾ ਤੇ ਪੂਜਾ ਲਈ ਇਹ ਲੈਅ ਵਰਤੀ ਜਾਂਦੀ ਹੈ, ਜਿਸ ਵਿਚ ਪੂਜਨੀਕ ਦੇਵਤੇ ਤੋਂ ਵਾਰਨੇ ਜਾਇਆ ਜਾਂਦਾ ਹੈ। ਧਨਾਸਰੀ ਦੀ ਸੁਰ ਇਸ ਲਈ ਵਧੇਰੇ ਢੁਕਵੀਂ ਸਮਝੀ ਗਈ ਹੈ, ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਹੋਰ ਭਗਤ ਸਾਹਿਬਾਨ ਨੇ ਵੀ ਆਰਤੀ ਇਨ੍ਹਾਂ ਸੁਰਾਂ ਵਿਚ ਉਚਾਰੀ ਹੈ।

3. ਅੰਜੁਲੀ- ਬੇਨਤੀ ਦਾ ਗੀਤ ‘ਅੰਜੁਲੀ’ ਕਹਾਉਂਦਾ ਹੈ, ਇਹ ਮਾਰੂ ਰਾਗ ਵਿਚ ਪ੍ਰਾਪਤ ਹੈ।

4. ਸਦੁ- ਇਹ ਸ਼ੋਕ-ਗੀਤ ਹੈ, ਜੋ ਲੰਮੀ ਹੇਕ ਨਾਲ ਗਾਇਆ ਜਾਂਦਾ ਹੈ। ਬਾਬਾ ਸੁੰਦਰ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ ਉਨ੍ਹਾਂ ਦੇ ਵਿਛੋੜੇ ਅਤੇ ਅੰਤਿਮ ਸਿਖਿਆ ਨੂੰ ਰਾਮਕਲੀ ਰਾਗ ਵਿਚ ਕਲਮਬੰਦ ਕੀਤਾ ਹੈ। ਸ੍ਰੀ ਦਸਮੇਸ਼ ਜੀ ਨੇ ਲੱਖੀ ਜੰਗਲ ਵਿਚ ਤ੍ਰੈਤੁਕੀ ਸਦੁ ਉਚਾਰੀ, ਜੋ ਦਸਮ ਗ੍ਰੰਥ ਵਿਚ ਦਰਜ ਹੈ।

5. ਸੋਹਿਲਾ- ਖੁਸ਼ੀ ਦੇ ਗੀਤ ਨੂੰ ‘ਸੋਹਰ’ ਜਾਂ ਸੋਹਿਲਾ ਕਹਿੰਦੇ ਹਨ, ਇਹ ਜਨਮ ਉਤਸਵ ਤੇ ਵਿਵਾਹ ਉਤਸਵ ਸਮੇਂ ਗਾਇਆ ਜਾਂਦਾ ਹੈ। ਗਉੜੀ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਗੀਤ ਇਸੇ ਸਿਰਲੇਖ ਹੇਠ ਹੈ।

6. ਕਰਹਲੇ- ਸਿੰਧੀ ਵਿਚ ਕਰਹਾ ਜਾਂ ਕਰਹਲ, ਊਠ ਦਾ ਵਾਚਕ ਹੈ। ਸੋ ਸ਼ੁਤਰਵਾਨਾਂ ਦੀ ਲੋਕ-ਧਾਰਨਾ ‘ਕਰਹਲਾ’ ਅਖਵਾਉਂਦੀ ਹੈ। ਰਾਜਸਥਾਨ ਵਿਚ ਇਸ ਦਾ ਪ੍ਰਚਾਰ ਵਧੇਰੇ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਇਸ ਧਾਰਨਾ ’ਤੇ ਗਉੜੀ ਰਾਗ ਵਿਚ ਦੋ ਸ਼ਬਦ ਹਨ।

7. ਕਾਫੀ- ਜਿਸ ਤਰ੍ਹਾਂ ਵੈਸ਼ਣਵ ਸਾਧੂਆਂ ਦਾ ਪ੍ਰੇਮ-ਗੀਤ ਬਿਸ਼ਨਪਦਾ ਕਹਾਉਂਦਾ ਹੈ, ਤਿਵੇਂ ਮੁਸਲਿਮ ਫ਼ਕੀਰਾਂ ਜਾਂ ਸੂਫ਼ੀਆਂ ਦੇ ਪ੍ਰੇਮ ਗੀਤ ‘ਕਾਫੀਆਂ’ ਦੇ ਨਾਂ ਨਾਲ ਪੁਕਾਰੇ ਜਾਂਦੇ ਹਨ। ‘ਕਾਫੀ’ ਦਾ ਅਰਥ ਬਾਰ-ਬਾਰ ਗਾਉਣਾ ਹੈ। ਕੱਵਾਲ ਮਹਿਫ਼ਲਾਂ ਵਿਚ ਇਹ ਗੀਤ ਬਾਰ-ਬਾਰ ਦੁਹਰਾ ਕੇ ਗਾਉਂਦੇ ਹਨ। ਇਸ ਕਰਕੇ ਇਹ ਨਾਂ ਪ੍ਰਸਿੱਧ ਹੋ ਗਿਆ। ਗੁਰੂ ਸਾਹਿਬਾਨ ਨੇ ਆਸਾ, ਤਿਲੰਗ, ਸੂਹੀ ਤੇ ਮਾਰੂ ਰਾਗ ਵਿਚ ਇਸ ਦਾ ਪ੍ਰਯੋਗ ਕੀਤਾ ਹੈ। ਪਿੱਛੋਂ ਇਹ ਲੋਕ-ਧੁਨ, ਵਿਸ਼ੇਸ਼ ਰਾਗ ਦਾ ਰੂਪ ਵੀ ਧਾਰ ਗਈ।

8. ਘੋੜੀਆਂ- ਵਿਆਹ ਸਮੇਂ ਜਦੋਂ ਲਾੜਾ ਘੋੜੀ ਉੱਤੇ ਚੜ੍ਹਦਾ ਹੈ ਤਾਂ ਭੈਣਾਂ ਜੋ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਉਹ ਘੋੜੀਆਂ ਕਹੇ ਜਾਂਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਲੋਕ-ਸੰਗੀਤ ਦੀ ਇਸ ਧੁਨ ਨੂੰ ਵਡਹੰਸ ਰਾਗ ਵਿਚ ਵਰਤਿਆ ਹੈ।

9. ਚਉਬੋਲੇ- ਇਸ ਨਾਂ ਦਾ ਇਕ ਮਾਤ੍ਰਿਕ ਛੰਦ ਵੀ ਹੈ, ਲੇਕਿਨ ਗੁਰੂ ਬਾਣੀ ਵਿਚ ਪੰਚਮ ਪਾਤਸ਼ਾਹ ਦੇ ਖਾਸ 11 ਸਲੋਕ ‘ਚਉਬੋਲੇ’ ਸਿਰਲੇਖ ਹੇਠ ਦਰਜ ਹਨ। ਕੁਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਇਹ ਚਾਰ ਸਿੱਖਾਂ ‘ਸੰਮਨ, ਮੂਸਨ, ਜਮਾਲ, ਪਤੰਗ’ ਪ੍ਰਤੀ ਉਪਦੇਸ਼ ਹੈ। ਕਈਆਂ ਦਾ ਖ਼ਿਆਲ ਹੈ ਕਿ ਇਸ ਵਿਚ ਚਾਰ ਭਾਸ਼ਾਵਾਂ ਦਾ ਮੇਲ ਹੈ। ਬਹਰਹਾਲ ਇਹ ਇਕ ਲੋਕ-ਗੀਤ ਹੈ ਜਿਸ ਵਿਚ ਪ੍ਰੇਮ-ਭਾਵਨਾ ਦੀ ਪ੍ਰਬਲਤਾ ਹੁੰਦੀ ਹੈ।

10. ਛੰਤ- ਇਸਤ੍ਰੀਆਂ ਦੇ ਵਿਸ਼ੇਸ਼ ਪ੍ਰੇਮ-ਗੀਤ ‘ਛੰਤ’ ਕਹਾਉਂਦੇ ਹਨ। ਇਹ ਛੰਤ, ਛੰਦ ਤੋਂ ਭਿੰਨ ਹੈ। ਇਸ ਵਿਚ ਚਾਰ ਬੰਦ ਹੁੰਦੇ ਹਨ, ਪਹਿਲੇ ਬੰਦ ਰਾਹੀਂ ਵਿਛੋੜੇ ਦੀ ਦਰਦਨਾਕ ਅਵਸਥਾ ਦਰਸਾ ਕੇ ਫਿਰ ਚੌਥੇ ਵਿਚ ਸੰਜੋਗ ਦਾ ਅਨੰਦ ਗਾਇਆ ਹੁੰਦਾ ਹੈ। ਇਹ ਛੰਤ ਨਾਰੀ ਸੁਰ ਵਿਚ ਅਨੇਕਾਂ ਰਾਗਾਂ ਵਿਚ ਪ੍ਰਾਪਤ ਹਨ।

11. ਡਖਣੇ- ਲਹਿੰਦੀ ਵਿਚ ਲਿਖਿਆ ਸਲੋਕ ਆਮ ਤੌਰ ‘ਤੇ ‘ਡਖਣਾ’ ਕਿਹਾ ਜਾਂਦਾ ਹੈ। ਸਿੰਧੀ ਵਿਚ ‘ਡਖਣਾ’ ਢੋਲ ਨੂੰ ਵੀ ਕਹਿੰਦੇ ਹਨ; ਚੂੰਕਿ ਇਹ ਸਲੋਕ ਪਹਿਲੇ ਪਹਿਲ ਢੋਲ ਦੀ ਧੁਨ ‘ਤੇ ਗਾਉਣ ਦਾ ਰਿਵਾਜ ਸੀ, ਇਸ ਕਰਕੇ ਇਹ ਨਾਂ ਪ੍ਰਸਿੱਧ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਰੂ ਰਾਗ ਦੀ ਵਾਰ ਵਿਚ ‘ਡਖਣੇ’ ਸ਼ਾਮਲ ਕੀਤੇ ਹਨ। ਸਿਰੀਰਾਗ ਦੇ ਛੰਤਾਂ ਨਾਲ ਵੀ ਪੰਜ ਡਖਣੇ ਲਿਖੇ ਮਿਲਦੇ ਹਨ।

12. ਥਿਤੀ- ਪੰਦਰਾਂ ਥਿਤਾਂ ਜਾਂ ਤਿਥਾਂ ਦੇ ਆਧਾਰ ‘ਤੇ ਰਚੀ ਬਾਣੀ ਦਾ ਸਿਰਲੇਖ ‘ਥਿਤੀ’ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਲਾਵਲ ਰਾਗ ਵਿਚ ਤੇ ਭਗਤ ਕਬੀਰ ਜੀ ਨੇ ਗਉੜੀ ਰਾਗ ਵਿਚ ਥਿਤੀ ਦੀ ਰਚਨਾ ਕੀਤੀ ਹੈ।

13. ਦਿਨ ਰੈਣਿ- ਮਾਝ ਰਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸਿਰਲੇਖ ਹੇਠ ਇਕ ਰਚਨਾ ਕੀਤੀ ਹੈ।

14. ਪਹਰੇ- ਚਾਰ ਪਹਿਰਾਂ ਦੇ ਆਧਾਰ ‘ਤੇ ਰਚੀ ਬਾਣੀ ‘ਪਹਰੇ’ ਕਹੀ ਜਾਂਦੀ ਹੈ। ਇਸ ਵਿਚ ਜੀਵਨ ਦੀਆਂ ਚਾਰ ਅਵਸਥਾਵਾਂ ਦੱਸ ਕੇ ਸਿਖਿਆ ਦਿੱਤੀ ਗਈ ਹੈ। ਸਿਰੀਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਰੇ ਲਿਖੇ ਹਨ।

15. ਪਟੀ- ਗੁਰਮੁਖੀ ਵਰਣਮਾਲਾ ਦੇ ਆਧਾਰ ‘ਤੇ ਰਚੀ ਬਾਣੀ ‘ਪਟੀ’ ਕਹਾਉਂਦੀ ਹੈ। ਆਸਾ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਦਾ ਪ੍ਰਯੋਗ ਕੀਤਾ ਹੈ। ਇਸ ਤੋਂ ਉਸ ਸਮੇਂ ਦੀ ਅੱਖਰ-ਮਾਲਾ ਦੀ ਤਰਤੀਬ ਦਾ ਵੀ ਪਤਾ ਲੱਗਦਾ ਹੈ।

16. ਬਾਰਹਮਾਹ- ਬਾਰ੍ਹਾਂ ਮਹੀਨਿਆਂ ਦੇ ਆਧਾਰ ‘ਤੇ ਰਚਿਆ ਖੰਡ-ਕਾਵਿ ‘ਬਾਰਹਮਾਹ’ ਕਹਾਉਂਦਾ ਹੈ। ਇਸ ਵਿਚ ਵਿਯੋਗ ਤੇ ਸੰਯੋਗ ਵੱਲ ਦਾ ਰੋਮਾਂਚਕ ਸਫ਼ਰ ਦਰਸਾਇਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿਚ ‘ਬਾਰਹਮਾਹ’ ਦਾ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਾਰਹਮਾਹ ਦੀ ਰਚਨਾ ਕੀਤੀ, ਜੋ ਦਸਮ ਗ੍ਰੰਥ ਦੇ ‘ਕ੍ਰਿਸ਼ਨਾਵਤਾਰ’ ਭਾਗ ਵਿਚ ਸ਼ਾਮਲ ਹੈ।

17. ਬਾਵਨ ਅਖਰੀ- ਦੇਵਨਾਗਰੀ ਦੇ ਬਵੰਜਾ ਅੱਖਰਾਂ ਦੇ ਆਧਾਰ ‘ਤੇ ਰਚੀ ਰਚਨਾ ‘ਬਾਵਨ ਅਖਰੀ’ ਹੈ। ਭਗਤ ਕਬੀਰ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਪ੍ਰਯੋਗ ਗਉੜੀ ਰਾਗ ਵਿਚ ਕੀਤਾ ਹੈ।

18. ਬਿਰਹੜੇ- ਵਿਯੋਗ ਦਾ ਵਿਸ਼ਾ ਲੈ ਕੇ ਰਚੇ ਗੀਤ ‘ਬਿਰਹੜੇ’ ਕਹਾਉਂਦੇ ਹਨ। ਆਸਾ ਰਾਗ ਵਿਚ ਪੰਚਮ ਪਾਤਸ਼ਾਹ ਨੇ ਤਿੰਨ ਛੰਦ ਲਿਖੇ ਤੇ ਇਨ੍ਹਾਂ ਨੂੰ ‘ਛੰਤਾਂ ਕੀ ਜਤਿ’ ’ਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ।

19. ਮੰਗਲ- ਇਹ ਖੁਸ਼ੀ ਦਾ ਗੀਤ ਹੈ, ਜੋ ਕਿ ਵਧੇਰੇ ਵਿਆਹ ਉਤਸਵ ਸਮੇਂ ਗਾਇਆ ਜਾਂਦਾ ਹੈ। ਹਿੰਦੀ ਸਾਹਿਤ ਵਿਚ ਜਾਨਕੀ ਮੰਗਲ, ਪਾਰਬਤੀ ਮੰਗਲ ਤੇ ਰੁਕਮਣੀ ਮੰਗਲ ਪ੍ਰਸਿੱਧ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਬਿਲਾਵਲ ਦੀਆਂ ਸੁਰਾਂ ਵਿਚ ਇਹ ਮੰਗਲ ਰਚਿਆ ਹੈ।

20. ਰੁਤੀ- ਛੇ ਰੁੱਤਾਂ ਦੇ ਆਧਾਰ ‘ਤੇ ਲਿਖੀ ਕਾਵਿ-ਰਚਨਾ ‘ਰੁਤੀ’ ਹੈ, ਰਾਮਕਲੀ ਰਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਪ੍ਰਯੋਗ ਕੀਤਾ ਹੈ। ਸੰਸਕ੍ਰਿਤ ਸਾਹਿਤ ਵਿਚ ‘ਖਟ ਰਿਤੂ ਵਰਣਨ’ ਇਸੇ ਦਾ ਪੁਰਾਤਨ ਰੂਪ ਹੈ।

21. ਵਣਜਾਰਾ- ਪੁਰਾਣੇ ਜ਼ਮਾਨੇ ਚਕ੍ਰਵਰਤੀ ਵਾਪਾਰੀ, ਸੌਦਾ ਲੱਦ ਕੇ ਇਕ ਥਾਂ ਤੋਂ ਦੂਜੀ ਥਾਂ ਜਾਂਦੇ, ਲੰਮੀ ਹੇਕ ਨਾਲ ਗੀਤ ਗਾਉਂਦੇ ਪੈਂਡਾ ਮੁਕਾਉਂਦੇ ਸਨ। ਇਸੇ ਆਧਾਰ ਨੂੰ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸਿਰੀਰਾਗ ਵਿਚ ਬਾਣੀ ਉਚਾਰੀ ਹੈ।

22. ਵਾਰ ਸਤ- ਸਤਵਾਰੇ ਦਾ ਪੁਰਾਤਨ ਰੂਪ ਹੈ, ਇਸ ਵਿਚ ਦਿਨਾਂ ਜਾਂ ਵਾਰਾਂ ਦਾ ਨਾਂ ਲੈ ਕੇ ਸਿਖਿਆ ਦਿੱਤੀ ਗਈ ਹੈ।

23. ਵਾਰ- ਕਿਸੇ ਯੁੱਧ-ਵਾਰਤਾ ਨੂੰ ਪਉੜੀ ਵਿਚ ਗੁੰਦ ਕੇ ਪੇਸ਼ ਕਰਨਾ ‘ਵਾਰ’ ਹੈ। ਇਹ ਕਾਵਿ-ਰੂਪ ਬਹੁਤ ਪ੍ਰਸਿੱਧ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਵੱਖ-ਵੱਖ ਰਾਗਾਂ ਵਿਚ 21 ਵਾਰਾਂ ਰਚੀਆਂ ਤੇ 22ਵੀਂ ਵਾਰ ਭਾਈ ਸੱਤੇ ਤੇ ਭਾਈ ਬਲਵੰਡ ਦੀ ਕਿਰਤ ਹੈ। ਫਿਰ ਖ਼ੂਬੀ ਇਹ ਕਿ ਇਨ੍ਹਾਂ ਵਿੱਚੋਂ ਕਈ ਵਾਰਾਂ ਨੂੰ ਕੁਝ ਪ੍ਰਸਿੱਧ ਪ੍ਰਾਚੀਨ ਲੋਕ-ਵਾਰਾਂ ਦੀ ਧੁਨ ‘ਤੇ ਗਾਉਣ ਦਾ ਸੰਕੇਤ ਦਿੱਤਾ ਗਿਆ ਹੈ, ਜਿਵੇਂ ਕਿ-

1. ਵਾਰ ਮਾਝ- ਮਲਕ ਮੁਰੀਦ ਤਥਾ ਚੰਦਹੜਾ ਸੋਹੀਆ ਕੀ ਧੁਨਿ
2. ਵਾਰ ਆਸਾ- ਟੁੰਡੇ ਅਸ ਰਾਜੇ ਕੀ ਧੁਨਿ
3. ਵਾਰ ਗਉੜੀ- ਰਾਇ ਕਮਾਲਦੀ ਮੌਜਦੀ ਕੀ ਵਾਰ ਕੀ ਧੁਨਿ
4. ਵਾਰ ਗੂਜਰੀ- ਸਿਕੰਦਰ ਬਿਰਾਹਮ ਕੀ ਵਾਰ ਦੀ ਧੁਨਿ
5. ਵਾਰ ਵਡਹੰਸ- ਲਲਾ ਬਹਿਲੀਮਾ ਕੀ ਧੁਨਿ
6. ਵਾਰ ਰਾਮਕਲੀ- ਜੋਧੈ ਵੀਰੈ ਪੂਰਬਾਣੀ ਕੀ ਧੁਨਿ
7. ਵਾਰ ਸਾਰੰਗ- ਰਾਇ ਮਹਮੇ ਹਸਨੇ ਕੀ ਧੁਨਿ
8. ਵਾਰ ਮਲਾਰ- ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
9. ਵਾਰ ਕਾਨੜਾ- ਮੂਸੇ ਕੀ ਵਾਰ ਕੀ ਧੁਨਿ

ਇਹ ਸੂਚਨਾਵਾਂ ਦੱਸਦੀਆਂ ਹਨ ਕਿ ਉਦੋਂ ਇਹ ਵਾਰਾਂ ਗਾਉਣ ਦੀਆਂ ਖਾਸ-ਖਾਸ ਲੋਕ-ਰੀਤਾਂ ਪ੍ਰਚੱਲਤ ਸਨ ਤੇ ਇਨ੍ਹਾਂ ਪ੍ਰਚੱਲਤ ਰੀਤਾਂ ਉੱਤੇ ਹੀ ਗੁਰੂ ਸਾਹਿਬ ਨੇ ਆਪਣੀਆਂ ਰਚਿਤ ਅਧਿਆਤਮਕ ਵਾਰਾਂ ਗਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਇਸ ਗੱਲ ਦੀ ਹੋਰ ਪੁਸ਼ਟੀ ਹੁੰਦੀ ਹੈ ਕਿ ਲੋਕ-ਸੰਗੀਤ ਇਤਨਾ ਪ੍ਰਬਲ ਸੀ ਤੇ ਹੁਣ ਵੀ ਹੈ ਕਿ ਇਸ ਨੂੰ ਨਾ ਕਿਸੇ ਪਿੱਛੇ ਵਿਸਾਰਿਆ ਹੈ ਤੇ ਨਾ ਹੀ ਹੁਣ ਇਹ ਵਿਸਾਰਿਆ ਜਾ ਸਕਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਸੀਨੀਅਰ ਓਰੀਐਂਟਲ ਫੈਲੋ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)