editor@sikharchives.org

ਗੁਰਦੁਆਰਾ ਗਊ ਘਾਟ, ਮਥਰਾ

ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਤੋਂ ਉੱਤਰ ਵੱਲ ਆਉਂਦੇ ਹੋਏ ਇਸ ਅਸਥਾਨ ’ਤੇ ਆਏ ਸਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਦੇਸ਼-ਵਿਦੇਸ਼ ਦੀ ਯਾਤਰਾ ਕੀਤੀ। ਉਹ ਜਿੱਥੇ ਵੀ ਗਏ ਲੋਕ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਦੇ ਗਏ। ਸ਼ਰਧਾਲੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ ਲਈ ਧਰਮਸਾਲਾਵਾਂ ਦੀ ਸਥਾਪਨਾ ਕਰ ਲਈ ਅਤੇ ਉੱਥੇ ਇਕੱਤਰ ਹੋ ਕੇ ਉਹ ਗੁਰੂ ਜੀ ਦੀ ਬਾਣੀ ਦਾ ਜਾਪ ਕਰਨ ਲੱਗੇ। ਕਈ ਅਸਥਾਨ ਅਜਿਹੇ ਵੀ ਸਾਹਮਣੇ ਆਏ ਹਨ ਜਿੱਥੇ ਗੁਰੂ ਜੀ ਦੇ ਜਾਣ ਤੋਂ ਢੇਰ ਚਿਰ ਪਿੱਛੋਂ ਸੰਗਤ ਨੇ ਉਨ੍ਹਾਂ ਦੀ ਯਾਦ ਵਿਚ ਯਾਦਗਾਰਾਂ ਸਥਾਪਿਤ ਕੀਤੀਆਂ, ਕੁਝ ਥਾਵਾਂ ’ਤੇ ਉਹ ਯਾਦਗਾਰੀ ਅਸਥਾਨ ਹਾਲੇ ਵੀ ਮੌਜੂਦ ਹਨ। ਕੁਝ ਅਸਥਾਨ ਅਜਿਹੇ ਵੀ ਹਨ ਜਿੱਥੇ ਢੇਰ ਸਮਾਂ ਪਹਿਲਾਂ ਗੁਰੂ ਸਾਹਿਬਾਨ ਦੀ ਯਾਦਗਾਰ ਸਥਾਪਿਤ ਹੋਈ ਪਰ ਸਿੱਖ ਸੰਗਤ ਦੀ ਘਾਟ ਅਤੇ ਅਵੇਸਲੇਪਨ ਕਰਕੇ ਅਲੋਪ ਹੁੰਦੀ ਜਾ ਰਹੀ ਹੈ। ਕੁਝ ਅਸਥਾਨਾਂ ਦੀ ਦੇਖਭਾਲ ਸੰਗਤ ਲੰਮਾ ਸਮਾਂ ਕਰਦੀ ਰਹੀ ਹੈ ਪਰ ਸਮੇਂ ਦੀਆਂ ਪ੍ਰਸਥਿਤੀਆਂ ਅਨੁਸਾਰ ਉਨ੍ਹਾਂ ਨੂੰ ਆਪਣੇ ਇਲਾਕਿਆਂ ਵਿੱਚੋਂ ਪਲਾਇਨ ਕਰਨਾ ਪਿਆ ਹੈ ਅਤੇ ਪਿੱਛੇ ਰਹਿ ਗਈਆਂ ਯਾਦਗਾਰਾਂ ਇੱਟਾਂ-ਮਿੱਟੀ ਦਾ ਖੰਡਰ ਬਣਦੀਆਂ ਜਾ ਰਹੀਆਂ ਹਨ। ਗੁਰੂ ਸਾਹਿਬਾਨ ਦੀਆਂ ਕੁਝ ਯਾਦਗਾਰਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੀ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਦਾਸੀ, ਨਿਰਮਲੇ ਅਤੇ ਸੇਵਪੰਥੀ ਕਰ ਰਹੇ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਜਿਹੜੀਆਂ ਯਾਦਗਾਰਾਂ ਸੰਸਥਾਗਤ ਰੂਪ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਹਨ ਉਹ ਹਾਲੇ ਤਕ ਸੁਰੱਖਿਅਤ ਹਨ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੀਆਂ ਯਾਦਗਾਰਾਂ ਵੀ ਨਜ਼ਰੀਂ ਪੈਂਦੀਆਂ ਹਨ ਜਿਨ੍ਹਾਂ ਦੀ ਸੰਭਾਲ ਇਕਾਂਤਵਾਸ ਵਿਚ ਜੀਵਨ ਬਸਰ ਕਰਨ ਵਾਲੇ ਸਾਧੂਆਂ ਵੱਲੋਂ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਜਿਹੀ ਹੀ ਇਕ ਯਾਦਗਾਰ ਵੇਖਣ ਦਾ ਮੌਕਾ ਮਿਲਿਆ ਜਿੱਥੇ ਅਤੀਤ ਦੀਆਂ ਕੁਝ ਪੈੜਾਂ ਨਜ਼ਰ ਆਉਂਦੀਆਂ ਹਨ। ਅਲੋਪ ਹੋ ਰਹੀ ਇਹ ਯਾਦਗਾਰ ਮਥਰਾ ਵਿਖੇ ਗਊ ਘਾਟ ਦੇ ਕੰਢੇ ’ਤੇ ਬਣੀ ਹੋਈ ਹੈ।

ਮਥਰਾ ਇਤਿਹਾਸਿਕ ਨਗਰ ਹੈ। ਇਹ ਹਿੰਦੂ ਧਰਮ ਦਾ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ। ਇਸ ਦਾ ਨਾਮ ਮਥਰਾ ਕਿਵੇਂ ਪਿਆ? ਇਸ ਨਾਲ ਸੰਬੰਧਿਤ ਇਕ ਪੌਰਾਣਿਕ ਕਥਾ ਜੁੜੀ ਹੋਈ ਹੈ। ਭਾਈ ਕਾਨ੍ਹ ਸਿੰਘ ਨਾਭਾ ‘ਵਿਸ਼ਨੁਪੁਰਾਣ’ ਦੇ ਹਵਾਲੇ ਨਾਲ ਦੱਸਦੇ ਹਨ ਕਿ “ਕਿ ਇੱਥੇ ਇਕ ਮਧੁ ਨਾਮੀ ਦੈਂਤ ਰਾਜ ਕਰਦਾ ਸੀ ਜਿਸ ਤੋਂ ਇਸ ਨਗਰੀ ਦਾ ਨਾਂ ‘ਮਧੁਪੁਰੀ’ ਹੋਇਆ। ਜਦ ਮਧੁ ਦੇ ਪੁੱਤਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤਰੁਘਨ ਨੇ ਮਾਰ ਦਿੱਤਾ ਤਾਂ ਸ਼ਹਿਰ ਦਾ ਨਾਂ ‘ਮਧੁਰਾ’ ਰੱਖ ਦਿੱਤਾ ਜਿਸ ਤੋਂ ਮਥਰਾ ਬਣ ਗਿਆ। ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸੰਨ ਹਿਜ਼ਰੀ 1080 (1669 ਈਸਵੀ) ਵਿਚ ਇਸ ਪੁਰੀ ਦਾ ਨਾਂ ‘ਇਸਲਾਮਾਬਾਦ’ ਰੱਖਿਆ ਸੀ ਅਤੇ ਕੇਸ਼ਵਦੇਵ ਮੰਦਰ ਨੂੰ ਢਾਹ ਕੇ ਮਸੀਤ ਬਣਾਈ ਸੀ।”1 ਕ੍ਰਿਸ਼ਨ ਜੀ ਦੇ ਜਨਮ ਅਸਥਾਨ ਨਾਂ ਨਾਲ ਸੰਬੰਧਿਤ ਇਸ ਨਗਰ ਨੇ ਬਹੁਤ ਉਤਰਾਅ-ਚੜਾਅ ਵੇਖੇ ਹਨ। ਇੱਥੇ ਬਣੇ ਹੋਏ ਮੰਦਰਾਂ ਵਿਚ ਸੋਨੇ ਅਤੇ ਹੀਰੇ ਜਵਾਹਰਾਤ ਜੜੀਆਂ ਮੁੱਲਵਾਨ ਮੂਰਤੀਆਂ ਸਥਾਪਿਤ ਸਨ ਪਰ ਬਾਹਰੀ ਹਮਲਾਵਰਾਂ ਨੇ ਇਸ ਨਗਰ ਨੂੰ ਤਹਿਸ-ਨਹਿਸ ਕਰ ਦਿੱਤਾ, ਸ਼ਹਿਰ ਲੁੱਟ ਲਿਆ ਗਿਆ ਅਤੇ ਵੀਰਾਨਗੀ ਇਸ ਦੇ ਹਿੱਸੇ ਆਈ। ਇਸ ਨਗਰ ਵਿਖੇ ਬਣੇ ਹੋਏ ਮੰਦਰਾਂ ਦਾ ਵਰਣਨ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ “ਮਥਰਾ ਸ਼ਹਿਰ ਜਿੱਥੇ 22 ਕੋਹ ਵਿਚ ਮੰਦਰ ਨਾਲ ਜੁੜੇ ਰਹੇ ਸਨ, ਮਹਿਮੂਦ ਗ਼ਜ਼ਨਵੀ ਵਾਲਾ ਮਲੀਆਮੇਟ ਕਰ ਗਿਆ, ਮਥਰਾ ਦੇ ਇਕ ਬੜੇ ਮੰਦਰ ਦਾ ਹਾਲ ਮਹਿਮੂਦ ਸ਼ਾਹ ਆਪ ਹੀ ਲਿਖਦਾ ਹੈ ਕਿ ਜੇਕਰ ਅੱਸੀ ਕਰੋੜ ਮੋਹਰ ਖਰਚ ਕਰੀਏ ਤੇ ਪੰਜ ਸੌ ਕਾਰੀਗਰ ਸੌ ਬਰਸ ਲੱਗਾ ਰਹੇ ਤਾਂ ਭੀ ਅਜਿਹਾ ਮੰਦਰ ਬਣਨਾ ਮੁਸ਼ਕਿਲ ਹੈ।”2 ਮਹਿਮੂਦ ਸ਼ਾਹ ਦੇ ਮੀਰ ਮੁਨਸ਼ੀ ਦੇ ਹਵਾਲੇ ਨਾਲ ਗਿਆਨੀ ਜੀ ਅੱਗੇ ਲਿਖਦੇ ਹਨ ਕਿ, “ਮਥਰਾ ਸ਼ਹਿਰ 22 ਕੋਹ ਵਿਚ ਸੰਘਣਾ ਲੱਛਮੀ ਦਾ ਘਰ ਸੀ, ਜਿੱਥੋਂ ਤਿੰਨ ਵਾਰੀ ਲੱਖਾਂ ਊਠ ਘੋੜੇ ਦੌਲਤ ਦੇ ਲੱਦ ਕੇ ਮਹਿਮੂਦ ਲੈ ਗਿਆ ਜੋ ਸੱਤ ਸੌ ਬਰਸ ਵਿਚ ਤੁਰਕਾਂ ਨੇ ਬਰਬਾਦ ਕਰ ਮਿੱਟੀ ਘੱਟੇ ਵਿਚ ਮਿਲਾ ਦਿੱਤਾ ਸੀ।”3 ਹਮਲਾਵਰਾਂ ਹੱਥੋਂ ਮਥਰਾ ਦੀ ਤਬਾਹੀ ਦਾ ਹੋਰ ਵਧੇਰੇ ਜ਼ਿਕਰ ਕਰਦੇ ਹੋਏ ਡਾ. ਗੰਡਾ ਸਿੰਘ ਦੱਸਦੇ ਹਨ ਕਿ “1757 ਈਸਵੀ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਭਾਰਤ ’ਤੇ ਹਮਲਾ ਕੀਤਾ। ਉਸ ਦੀਆਂ ਫ਼ੌਜਾਂ ਨੇ ਦਿੱਲੀ ਉੱਤੇ ਕਬਜ਼ਾ ਕਰਨ ਉਪਰੰਤ ਮਥਰਾ ਵਿਚ ਭਾਰੀ ਲੁੱਟਮਾਰ ਕੀਤੀ। ਜਹਾਨ ਖ਼ਾਂ ਨੇ ਹੋਲੀ ਦੇ ਮੌਕੇ ਉੱਤੇ ਇਕੱਠੇ ਹੋਏ ਬਹੁਤ ਸਾਰੇ ਹਿੰਦੂਆਂ ਨੂੰ ਅੰਨ੍ਹੇਵਾਹ ਕਤਲ ਕਰ ਦੇਣ ਦਾ ਹੁਕਮ ਦਿੱਤਾ। ਬੈਰਾਗੀ ਅਤੇ ਸੰਨਿਆਸੀ ਸਾਧੂਆਂ ਨੂੰ ਉਨ੍ਹਾਂ ਦੀਆਂ ਝੁੱਗੀਆਂ ਵਿਚ ਹੀ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਹਰ ਝੌਂਪੜੀ ਵਿਚ ਇਕ-ਇਕ ਵੱਢਿਆ ਹੋਇਆ ਸਿਰ ਸੀ ਜਿਸ ਦੇ ਮੂੰਹ ਨਾਲ ਮਰੀ ਹੋਈ ਗਊ ਦਾ ਸਿਰ ਲਾਇਆ ਗਿਆ ਸੀ ਅਤੇ ਉਸ ਦੀ ਧੌਣ ਦੇ ਦੁਆਲੇ ਰੱਸੇ ਨਾਲ ਉਸ ਨੂੰ ਬੰਨ੍ਹਿਆ ਹੋਇਆ ਸੀ। ਕੁਝ ਮੁਸਲਮਾਨਾਂ ਨੂੰ ਵੀ ਆਪਣੀ ਦੌਲਤ ਲਈ ਕਸ਼ਟ ਭੁਗਤਣੇ ਪਏ ਸਨ। ਉਹ ਬਹੁਤ ਸਾਰੀਆਂ ਔਰਤਾਂ ਨੂੰ ਕੈਦੀ ਬਣਾ ਕੇ ਲੈ ਗਏ ਅਤੇ ਸ਼ਹਿਰ ਨੂੰ ਅੱਗ ਲਾ ਕੇ ਜਲਦਾ ਛੱਡ ਗਏ। ਸ੍ਰੀ ਕ੍ਰਿਸ਼ਨ ਜੀ ਦੇ ਸ਼ਹਿਰ ਬ੍ਰਿੰਦਾਬਨ ਦੀ ਵੀ ਇਹੀ ਦਸ਼ਾ ਕੀਤੀ ਗਈ।”4 ਮੈਕਾਲਿਫ ਲਿਖਦਾ ਹੈ ਕਿ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਜੜ੍ਹੋਂ ਪੁੱਟਣ ਲਈ ਸਭ ਤੋਂ ਪਹਿਲਾਂ ਉਸ ਨੇ ਮਥਰਾ ਦੇ ਮੰਦਰਾਂ ਅਤੇ ਮੂਰਤੀਆਂ ਵੱਲ ਮੂੰਹ ਕੀਤਾ…ਫਿਰ ਉਸ ਨੇ ਭਾਰਤ ਦੇ ਹੋਰਨਾਂ ਸਥਾਨਾਂ ’ਤੇ ਬਣੇ ਹਿੰਦੂ ਮੰਦਰਾਂ ਨੂੰ ਤਬਾਹ ਕਰ ਦਿੱਤਾ।5

ਦਿੱਲੀ ਤੋਂ ਦੱਖਣ ਵੱਲ ਜਾਂਦੇ ਸਮੇਂ ਇਹ ਨਗਰ ਰਾਹ ਵਿਚ ਪੈਂਦਾ ਹੈ। ਦਿੱਲੀ ਤੋਂ ਲੱਗਪਗ ਡੇਢ ਸੌ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਹ ਨਗਰ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਆਦਿ ਦੀ ਯਾਦ ਦਿਵਾਉਂਦਾ ਹੈ। ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਤੋਂ ਉੱਤਰ ਵੱਲ ਆਉਂਦੇ ਹੋਏ ਇਸ ਅਸਥਾਨ ’ਤੇ ਆਏ ਸਨ। ਉਹ ਦੱਸਦੇ ਹਨ ਕਿ ਇਕ ਪੰਡਿਤ ਕ੍ਰਿਸ਼ਨ ਲਾਲ ਨਾਲ ਗੁਰੂ ਜੀ ਦੀ ਵਿਚਾਰ-ਚਰਚਾ ਹੋਈ ਸੀ। ਲੋਕਾਂ ਦੇ ਵਿਸ਼ੇ-ਵਿਕਾਰਾਂ ਵਿਚ ਡੁੱਬੇ ਹੋਏ ਹੋਣ ਕਰਕੇ ਉਸ ਨੇ ਕਿਹਾ ਕਿ ‘ਹੁਣ ਕਲਿਯੁਗ ਆ ਗਿਆ ਹੈ, ਓਸਨੇ ਤੀਰਥਾਂ ਦੇਵ ਮੰਦਰਾਂ, ਪੁਰੀਆਂ ਵਿਚ ਨਿਵਾਸ ਕਰਕੇ ਲੋਕਾਂ ਦੇ ਮਨ ਭ੍ਰਸ਼ਟ ਕਰ ਦਿੱਤੇ ਹਨ’। ਉੱਥੇ ਕਲਯੁਗ ਦੀ ਵਿਆਖਿਆ ਕਰਦੇ ਹੋਏ ਗੁਰੂ ਜੀ ਨੇ ਫ਼ੁਰਮਾਇਆ:

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥1॥
ਜੀਵਨ ਤਲਬ ਨਿਵਾਰਿ॥
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥1॥ਰਹਾਉ॥
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥2॥
ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥
ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥3॥ (ਪੰਨਾ 902)

ਜਮਨਾ ਨਦੀ ਦੇ ਕੰਢੇ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਗੁਰਦੁਆਰਾ ‘ਗੁਰਦੁਆਰਾ ਗੁਰੂ ਨਾਨਕ ਬਗੀਚੀ’ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਰਾ ਪਾਣੀ ਮਿੱਠਾ ਕੀਤਾ ਸੀ। ਕਾਰ-ਸੇਵਾ ਰਾਹੀਂ ਇਸ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਨਵਾਂ ਵੱਡਾ ਗੁਰਦੁਆਰਾ ਬਣਾਇਆ ਗਿਆ ਹੈ। ਨਗਰ ਦੇ ਵਿਚਕਾਰ ਬਜ਼ਾਰ ਵਿਚ ਇਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਚੌਬਿਆਂ ਦੇ ਘਰ ਵਿਚ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਕ ਅਸਥਾਨ ਦਾ ਵੇਰਵਾ ਲਿਖਤਾਂ ਵਿਚ ਮਿਲਦਾ ਹੈ6 ਪਰ ਹੁਣ ਉਸ ਦੀ ਭਾਲ ਕਰਨੀ ਬਾਕੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਇਕ ਗੁਰਦੁਆਰਾ ਹੋਲੀ ਗੇਟ ਦੇ ਕੋਲ ਮਥਰਾ ਦੇ ਮੁਖ ਬਜ਼ਾਰ ਵਿਚ ਸਥਿਤ ਹੈ। ਇਸ ਨਗਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਭਾਗ ਲਾਏ ਹਨ। ਪਹਿਲਾਂ ਉਹ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਂਦੇ ਹੋਏ ਇੱਥੇ ਰੁਕੇ ਸਨ ਅਤੇ ਫਿਰ ਦਿੱਲੀ ਤੋਂ ਦੱਖਣ ਵੱਲ ਜਾਂਦੇ ਹੋਏ ਉਨ੍ਹਾਂ ਨੇ ਇਸ ਨਗਰ ਦੇ ਦਰਸ਼ਨ ਕੀਤੇ ਸਨ। ਦਿੱਲੀ ਤੋਂ ਦੱਖਣ ਵੱਲ ਜਾਂਦੇ ਹੋਏ ਇਸ ਨਗਰੀ ਵਿਚ ਨਿਵਾਸ ਦਾ ਜ਼ਿਕਰ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ “ਦਿੱਲੀ ਤੋਂ ਚੱਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਜੇ ਦਿਨ ਮਥਰਾ ਪਹੁੰਚ ਕੇ ਸੂਰਜ ਕੁੰਡ ਪਰ ਜਮਨਾ ਦੇ ਕੰਢੇ ਡੇਰਾ ਲਾਇਆ। ਗੁਰੂ ਜੀ ਇਸ ਸਥਾਨ ਤੇ ਤਿੰਨ ਦਿਨ ਰਹੇ।”

ਮਥਰਾ ਵਿਖੇ ਕੰਸ ਟਿੱਲੇ ਦੇ ਨੇੜੇ ਗਊ ਘਾਟ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਇਕ ਹੋਰ ਯਾਦਗਾਰੀ ਅਸਥਾਨ ਹੋਣ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਕਰਦੇ ਹਨ। ਜਦੋਂ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਇਹ ਅਸਥਾਨ ਹਾਲੇ ਵੀ ਮੌਜੂਦ ਹੈ ਜਿਹੜਾ ਅਲੋਪ ਹੋਣ ਦੇ ਕੰਢੇ ’ਤੇ ਹੈ। ਇਹ ਗੁਰਦੁਆਰਾ ਜਮਨਾ ਨਦੀ ਦੇ ਕੰਢੇ ’ਤੇ ਬਣਿਆ ਹੋਇਆ ਹੈ। ਇਕ ਪਾਸੇ ਨਦੀ ਹੈ, ਇਕ ਪਾਸੇ ਕੰਸ ਟਿੱਲਾ ਹੈ, ਇਕ ਪਾਸੇ ਘਣੀ ਅਬਾਦੀ ਹੈ ਜਿਸ ਵਿੱਚੋਂ ਦੀ ਲੰਘ ਕੇ ਇੱਥੇ ਪੁੱਜਿਆ ਜਾ ਸਕਦਾ ਹੈ। ਚਾਰ-ਪਹੀਆ ਵਾਹਨ ’ਤੇ ਜਾਣਾ ਮੁਸ਼ਕਿਲ ਹੈ ਪਰ ਦੋ ਪਹੀਆ ਵਾਹਨ ’ਤੇ ਥੋੜੀ ਮੁਸ਼ੱਕਤ ਨਾਲ ਉੱਥੇ ਪੁੱਜਿਆ ਜਾ ਸਕਦਾ ਹੈ। ਗੁਰਦੁਆਰੇ ਦੀ ਭਾਲ ਵਿਚ ਪਹਿਲਾਂ ਆਲੇ- ਦੁਆਲੇ ਦੀ ਅਬਾਦੀ ਵਿਚ ਘੁੰਮ-ਫਿਰ ਕੇ ਪਤਾ ਲਾਉਣ ਦਾ ਜਤਨ ਕੀਤਾ ਪਰ ਕਿਸੇ ਨੂੰ ਉੱਥੇ ਗੁਰਦੁਆਰਾ ਹੋਣ ਦਾ ਇਲਮ ਨਹੀਂ ਸੀ। ਕੰਸ ਟਿੱਲੇ ’ਤੇ ਰਹਿੰਦੇ ਪ੍ਰੋਹਿਤਾਂ ਪਾਸੋਂ ਵੀ ਕੁਝ ਜਾਣਕਾਰੀ ਹਾਸਲ ਕਰਨ ਦਾ ਜਤਨ ਕੀਤਾ ਗਿਆ ਪਰ ਸਫਲਤਾ ਹੱਥ ਨਾ ਲੱਗੀ। ਅਖੀਰ ਕੰਸ ਟਿੱਲੇ ਤੋਂ ਹੇਠਾਂ ਉਤਰ ਕੇ ਵਾਪਸ ਜਾਣ ਲੱਗੇ ਤਾਂ ਅੱਸੀ ਕੁ ਸਾਲ ਦੇ ਇਕ ਬਜ਼ੁਰਗ ਪੰਡਿਤ ਛੋਟੇ ਲਾਲ ਨਾਲ ਮੁਲਾਕਾਤ ਹੋ ਗਈ। ਜਦੋਂ ਉਸ ਤੋਂ ਗੁਰਦੁਆਰੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਝੱਟ ਹੀ ਸਭ ਬਿਰਤਾਂਤ ਸੁਣਾਉਣੇ ਅਰੰਭ ਕਰ ਦਿੱਤੇ। ਉਸ ਨੇ ਕਿਹਾ ਕਿ ਸਾਹਮਣੇ ਬਣੇ ਹੋਏ ਕਮਰੇ ਸਿੱਖਾਂ ਨਾਲ ਸੰਬੰਧਿਤ ਹਨ। ਇੱਥੇ ਇਕ ਉਦਾਸੀ ਸੰਤ ਰਹਿੰਦਾ ਸੀ ਜਿਹੜਾ ਨਿਰਵਿਘਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਪਾਠ ਕਰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਕਮਰਾ ਸੜਕ ਦੇ ਨਾਲ ਹੀ ਬਣਿਆ ਹੋਇਆ ਸੀ ਅਤੇ ਇਸ ਕਰਕੇ ਉਹ ਆਸ-ਪਾਸ ਕਿਸੇ ਨੂੰ ਬੀੜੀ-ਸਿਗਰਟ ਨਹੀਂ ਸਨ ਪੀਣ ਦਿੰਦਾ ਅਤੇ ਨਾ ਹੀ ਵਿਹਲੇ ਬੈਠ ਕੇ ਫਾਲਤੂ ਗੱਲਾਂ ਕਰਨ ਦਿੰਦਾ ਸੀ। ਕੁਝ ਸ਼ਰਾਰਤੀ ਅਨਸਰ ਉਨ੍ਹਾਂ ਦੇ ਇਸ ਰਵੱਈਏ ਤੋਂ ਬਹੁਤ ਦੁਖੀ ਸਨ। ਜਦੋਂ ਉਹ ਸੰਤ ਅਕਾਲ ਚਲਾਣਾ ਕਰ ਗਏ ਤਾਂ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਮਨਾ ਵਿਚ ਜਲ-ਪ੍ਰਵਾਹ ਕਰ ਦਿੱਤਾ ਸੀ। ਉਨ੍ਹਾਂ ਦੀ ਮਨਸ਼ਾ ਸੀ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਹੋਣਗੇ ਅਤੇ ਨਾ ਹੀ ਸਰਦਾਰ ਲੋਕ ਉੱਥੇ ਆਉਣਗੇ। ਉਸ ਉਦਾਸੀ ਸੰਤ ਤੋਂ ਬਾਅਦ ਇਕ ਹੋਰ ਬਾਬਾ ਅਤੇ ਫਿਰ ਬਾਬਾ ਕਿਸ਼ਨ ਦਾਸ ਇੱਥੇ ਆ ਕੇ ਰਹਿਣ ਲੱਗੇ ਸਨ। ਉਹ ਪੰਜਾਬ ਦੇ ਪੜ੍ਹੇ-ਲਿਖੇ ਸੰਤ ਸਨ। ਪੰਡਿਤ ਜੀ ਨੇ ਇਹ ਘਟਨਾ 1978 ਤੋਂ ਪਹਿਲਾਂ ਦੀ ਦੱਸੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੇ ਉਦਾਸੀ ਸੰਤ ਦੇ ਚਲਾਣਾ ਕਰ ਜਾਣ ਸਮੇਂ ਬਹੁਤ ਵੱਡਾ ਭੰਡਾਰਾ ਕੀਤਾ ਗਿਆ ਸੀ। ਪੰਡਿਤ ਛੋਟੇ ਲਾਲ ਦੇ ਵਿਚਾਰਾਂ ਦੀ ਪੁਸ਼ਟੀ ਪੰਡਿਤ ਜਮਨਾ ਪ੍ਰਸ਼ਾਦ ਜੀ ਨੇ ਵੀ ਕੀਤੀ।

ਗੁਰਦੁਆਰਾ ਦਿਖਾਉਣ ਲਈ ਸਾਨੂੰ ਉਹ ਸੜਕ ’ਤੇ ਬਣੇ ਕਮਰੇ ਵੱਲ ਲੈ ਗਏ। ਲੋਹੇ ਦੀਆਂ ਸੀਖਾਂ ਵਾਲੇ ਬਣੇ ਦਰਵਾਜ਼ੇ ਦੇ ਅੰਦਰ ਇਕ ਮੂਰਤੀ ਰੱਖੀ ਹੋਈ ਸੀ। ਉਹ ਮੂਰਤੀ ਬਾਬਾ ਸ੍ਰੀ ਚੰਦ ਜੀ ਦੀ ਸੀ। ਮਥਰਾ ਦਾ ਇਕ ਸਿੰਧੀ ਪਰਵਾਰ ਇਸ ਅਸਥਾਨ ਦੀ ਸੇਵਾ ਕਰ ਰਿਹਾ ਹੈ। ਉੱਥੇ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਪਹਿਲਾਂ ਇਸ ਅਸਥਾਨ ’ਤੇ ਸਾਲ ਵਿਚ ਇਕ ਵਾਰ ਭੰਡਾਰਾ ਹੁੰਦਾ ਸੀ ਪਰ ਹੁਣ ਬਹੁਤ ਦੇਰ ਤੋਂ ਭੰਡਾਰਾ ਨਹੀਂ ਹੋਇਆ। ਸਰਦਾਰ ਲੋਕ ਕਦੇ-ਕਦਾਈਂ ਇੱਥੇ ਆਉਂਦੇ ਹਨ, ਫੋਟੋਆਂ ਖਿੱਚਦੇ ਹਨ ਅਤੇ ਵਾਪਸ ਚਲੇ ਜਾਂਦੇ ਹਨ, ਲੰਗਰ-ਭੰਡਾਰਾ ਕੋਈ ਨਹੀਂ ਕਰਦਾ। ਉੱਥੇ ਦੇ ਮੌਜੂਦਾ ਸੰਤ ਨੂੰ ਮਿਲਣ ਦਾ ਬਹੁਤ ਦੇਰ ਤੱਕ ਜਤਨ ਅਤੇ ਇੰਤਜ਼ਾਰ ਕੀਤਾ ਗਿਆ ਪਰ ਉਨ੍ਹਾਂ ਦੇ ਦਰਸ਼ਨ ਨਹੀਂ ਹੋ ਸਕੇ। ਜਿਸ ਅਸਥਾਨ ’ਤੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਉੱਥੇ ਨਾਲ ਹੀ ਕੁਝ ਵੀਰਾਨ ਜਿਹੇ ਕਮਰੇ ਬਣੇ ਹੋਏ ਹਨ। ਸੰਗਤ ਨਾ ਹੋਣ ਕਾਰਨ ਇਹ ਅਸਥਾਨ ਬਹੁਤ ਹੀ ਖਸਤਾ ਹਾਲ ਵਿਚ ਹੈ। ਗੁਰਦੁਆਰਿਆਂ ’ਤੇ ਸੋਨਾ ਚੜ੍ਹਾਉਣ ਵਾਲੀਆਂ ਕਮੇਟੀਆਂ ਅਤੇ ਕਾਰ-ਸੇਵਕਾਂ ਨੂੰ ਅਜਿਹੇ ਇਤਿਹਾਸਿਕ ਮਹੱਤਤਾ ਵਾਲੇ ਅਸਥਾਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

1 ਭਾਈ ਕਾਨ੍ਹ ਸਿੰਘ ਨਾਭਾ, ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, ਸਫ਼ਾ 945.
2 ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਸਫ਼ਾ 51.
3 ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਸਫ਼ਾ 138, ਫ਼ੁੱਟ ਨੋਟ।
4 Aurangzeb having acquired a bigoted Muhammadan training set himself to uproot the Hindu religion. He began with the temples and idols in the sacred city of Mathura, known even to the Greeks of the age of Alexander as a Hindu place of sanctity, and destroyed there every vestige of Hindu worship. He then destroyed the temples and idols in other parts of India. Max Arthur Macauliffe, The Sikh Religion, Vol. iv, p. 304.
5 ਗਿਆਨੀ ਠਾਕੁਰ ਸਿੰਘ, ਸ੍ਰੀ ਗੁਰਦੁਆਰੇ ਦਰਸ਼ਨ, ਸਫ਼ਾ 106; ਭਾਈ ਕਾਨ੍ਹ ਸਿੰਘ ਨਾਭਾ, ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, ਸਫ਼ਾ 945.
6 ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਸਫ਼ਾ 1110.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)