ਬ੍ਰਿੰਦਾਬਨ ਪ੍ਰਸਿੱਧ ਇਤਿਹਾਸਿਕ ਨਗਰੀ ਹੈ। ਕਿਹਾ ਜਾਂਦਾ ਹੈ ਕਿ ਜਮਨਾ ਨਦੀ ਦੇ ਕੋਲ ਇਸ ਸਥਾਨ ’ਤੇ ਇਕ ਜੰਗਲ ਸੀ ਜਿੱਥੇ ਕੇਦਾਰ ਦੀ ਪੁੱਤ੍ਰੀ ਵ੍ਰਿੰਦਾ ਤਪ ਕਰਦੀ ਸੀ। ਇਸ ਦੇ ਨਾਂ ’ਤੇ ਇਸ ਬਨ ਦਾ ਨਾਂ ਬ੍ਰਿੰਦਾਬਨ ਪਿਆ। ਰਾਧਾ ਦਾ ਇਕ ਨਾਂ ਵੀ ਵ੍ਰਿੰਦਾ ਦੱਸਦੇ ਹਨ। ਵ੍ਰਿੰਦਾ ਤੁਲਸੀ ਨੂੰ ਵੀ ਕਿਹਾ ਜਾਂਦਾ ਹੈ। ਜਮਨਾ ਦੇ ਕਿਨਾਰੇ ਤੁਲਸੀ ਦਾ ਜੰਗਲ ਸੀ ਜਿਸ ਕਰਕੇ ਇਸ ਸਥਾਨ ਦਾ ਨਾਂ ਬ੍ਰਿੰਦਾਬਨ ਪੈ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਨਗਰੀ ਨੂੰ ਕ੍ਰਿਸ਼ਨ ਜੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ:
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ ਕ੍ਰਿਸਨੁ ਜਾਦਮੁ ਭਇਆ॥
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥ (ਪੰਨਾ 470)
ਕ੍ਰਿਸ਼ਨ ਜੀ ਨਾਲ ਸੰਬੰਧਿਤ ਰਹੀ ਇਸ ਨਗਰੀ ਦਾ ਧਾਰਮਿਕ ਮਹੱਤਵ ਅੱਜ ਵੀ ਕਿਸੇ ਤਰ੍ਹਾਂ ਘੱਟ ਨਹੀਂ ਹੈ। ਦਿੱਲੀ ਤੋਂ ਲੱਗਭਗ ਡੇਢ ਸੌ ਕਿਲੋਮੀਟਰ ਦੂਰ ਮਥਰਾ ਤੋਂ ਇਸ ਨਗਰੀ ਲਈ ਆਵਾਜਾਈ ਦੇ ਸਾਧਨ ਆਮ ਮਿਲਦੇ ਹਨ। ਇਤਿਹਾਸਿਕ ਮਹੱਤਵ ਦੀ ਪ੍ਰਤੀਕ ਇਸ ਨਗਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਇਸ ਨਗਰੀ ਵਿਚ ਆਏ ਤਾਂ ਉਨ੍ਹਾਂ ਇਥੇ ਰਾਸ ਲੀਲ੍ਹਾ ਹੁੰਦੀ ਤੱਕੀ ਜਿਸ ਨੂੰ ਗੁਰੂ ਸਾਹਿਬ ਨੇ ਪ੍ਰਭੂ-ਪ੍ਰਾਪਤੀ ਦੇ ਮਾਰਗ ਵਿਚ ਰੁਕਾਵਟ ਦੱਸਿਆ। ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਬ੍ਰਿੰਦਾਬਨ ਵਿਖੇ ਉੱਥੋਂ ਦੇ ‘ਬੈਰਾਗੀ ਫ਼ਕੀਰ ਸਾਰੇ ਅੰਗਾਂ ਵਿਚ ਕਾਠ ਦੀਆਂ ਮਾਲਾ ਪਾਈਆਂ ਹੋਈਆਂ ਤੁਲਸੀ ਦੇ ਪੱਤ੍ਰ ਚਬਾਉਂਦੇ ਮੰਦਰਾਂ ਵਿਚ ਪਰਇਸਤ੍ਰੀਆਂ ਨਾਲ… ਅਯੋਗ ਹਰਕਤਾਂ ਕਰਦੇ ਦੇਖ ਕੇ ਮਰਦਾਨੇ ਦੇ ਪੁੱਛਣ ਪਰ ਬਾਬਾ ਜੀ ਨੇ ਆਖਯਾ ਏਨ੍ਹਾਂ ਲੋਕਾਂ ਨੇ ਏਹੋ ਕੰਮ ਕਰਨ ਵਾਸਤੇ ਮੰਦਰ ਮੂਰਤਾਂ ਬਣਾ ਰੱਖੇ ਹਨ’ 1 ਗੁਰੂ ਗੋਬਿੰਦ ਸਿੰਘ ਜੀ ਦੇ ਬ੍ਰਿੰਦਾਬਨ ਆਉਣ ਦਾ ਜ਼ਿਕਰ ਕਰਦੇ ਹੋਏ ਕਵੀ ਜੀ ਲਿਖਦੇ ਹਨ:
ਮਥਰਾ ਦੇਖ ਪ੍ਰਭੂ ਜਬ ਆਏ।
ਪੁਨਿ ਬਿੰਦ੍ਰਾਬਨ ਆਪ ਸਿਧਾਏ।
ਦੇਖੀ ਕੁੰਜ ਗਲੀ ਸਬ ਠਉਰਾ।
ਦੇਖੀ ਛਾਵ ਅਧਿਕ ਇਕ ਔਰਾ॥
ਆਪ ਆਨ ਬੈਠੇ ਤਹਾ ਅਰੁ ਮਿਸਟਾਨ ਮੰਗਾਇ।
ਰਾਖ ਦੀਉ ਮੈਦਾਨ ਮੈ ਬੰਚਰ ਭੁੰਚਤ ਖਾਇ॥
ਆਪਸ ਮੈ ਲਰ ਲਰ ਮਰਤ ਕਿਲਕਤ ਅਤਿ ਖੁਨਸਾਇ।
ਕਉਤਕ ਤਿਨ ਕੇ ਅਨਿਕ ਬਿਧਿ ਦੇਖਿ ਪ੍ਰਭੂ ਬਿਗਸਾਇ॥
ਅਨਿਕ ਭਾਂਤ ਲੀਲਾ ਕਰੀ ਬਿੰਦ੍ਰਾਬਨ ਮੈ ਆਇ।
ਗਉਨ ਕੀਉ ਪ੍ਰਭ ਨੇ ਤਬੈ ਚਲੇ ਆਗਰੇ ਧਾਇ॥2
ਗੁਰੂ ਸਾਹਿਬਾਨ ਧਾਰਮਿਕ ਮਹੱਤਵ ਵਾਲੇ ਸਥਾਨਾਂ ’ਤੇ ਅਕਾਲ ਪੁਰਖ ਦਾ ਸੰਦੇਸ਼ ਪਹੁੰਚਾਉਣ ਲਈ ਜਾਂਦੇ ਰਹੇ ਹਨ। ਉਨ੍ਹਾਂ ਦਾ ਇਸ ਨਗਰ ਵਿਖੇ ਆਉਣਾ ਇਹ ਸਿੱਧ ਕਰਦਾ ਹੈ ਕਿ ਕ੍ਰਿਸ਼ਨ ਜੀ ਦੇ ਸ਼ਰਧਾਲੂਆਂ ਵਿਚ ਇਸ ਨਗਰ ਦਾ ਖਾਸ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਸੀ ਅਤੇ ਗੁਰੂ ਸਾਹਿਬ ਨੇ ਇਸ ਨਗਰ ਦੇ ਲੋਕਾਂ ਦੀ ਜੀਵਨ-ਜਾਚ ਦੇਖ ਕੇ ਉਨ੍ਹਾਂ ਨੂੰ ਧਰਮ-ਉਪਦੇਸ਼ ਦਿੱਤਾ ਸੀ ਤਾਂ ਕਿ ਲੋਕ ਦੁਨਿਆਵੀ ਕਰਮਕਾਂਡ ਅਤੇ ਰਾਸ-ਲੀਲ੍ਹਾ ਦੇ ਪਿੱਛੇ ਲੱਗ ਕੇ ਜੀਵਨ ਖਰਾਬ ਨਾ ਕਰਨ। ਲੋਕਾਈ ਨੂੰ ਧਰਮ-ਮਾਰਗ ’ਤੇ ਪਾ ਕੇ ਉਨ੍ਹਾਂ ਨੂੰ ਪ੍ਰਭੂ ਨਾਲ ਜੋੜਨ ਦੇ ਉਦੇਸ਼ ਵਜੋਂ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ ਸਨ। ਗੁਰੂ ਜੀ ਨੇ ਜਦੋਂ ਇੱਥੋਂ ਦੇ ਲੋਕਾਂ ਦੀ ਜੀਵਨ-ਜਾਚ ਦੇਖੀ ਤਾਂ ਉਨ੍ਹਾਂ ਨੇ ਦੁਨੀਆਦਾਰੀ ਵਿਚ ਖਚਿਤ ਹੋਣ ਦੀ ਬਜਾਏ ਉਨ੍ਹਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ ਸੀ। ਸਥਾਨਕ ਪਰੰਪਰਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇਸ ਅਸਥਾਨ ’ਤੇ ਆਏ ਤਾਂ ਉਨ੍ਹਾਂ ਇਕ ਟਿੱਲੇ ’ਤੇ ਨਿਵਾਸ ਕੀਤਾ ਸੀ। ਮੌਜੂਦਾ ਸਮੇਂ ਵਿਚ ਉੱਥੇ ਇੱਕੋ-ਇੱਕ ਸਿੱਖ ਪਰਵਾਰ ਹੈ ਜਿਸ ਦੇ ਜਤਨਾਂ ਸਦਕਾ ਇਸ ਗੁਰਦੁਆਰੇ ਦੀ ਕਾਰ ਸੇਵਾ ਚੱਲ ਰਹੀ ਹੈ। ਪਰਵਾਰ ਦੇ ਮੁਖੀ ਸ. ਬਰਜਿੰਦਰ ਸਿੰਘ ਨੇ ਇਸ ਗੁਰਦੁਆਰੇ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ 1947 ਈ. ਵਿਚ ਪਾਕਿਸਤਾਨ ਬਣਨ ਤੋਂ ਬਾਅਦ ਇੱਥੇ ਕੁਝ ਸਿੱਖ ਪਰਵਾਰ ਆ ਵੱਸੇ ਸਨ। ਸਾਖੀਆਂ ਅਤੇ ਸੀਨਾ-ਬਸੀਨਾ ਚਲੀਆਂ ਆ ਰਹੀਆਂ ਕਥਾ-ਕਹਾਣੀਆਂ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਮਨਾ ਕਿਨਾਰੇ ਜਿਸ ਸਥਾਨ ਤੇ ‘ਗੁਰਦੁਆਰਾ ਗੁਰੂ ਨਾਨਕ ਬਗੀਚੀ’ ਬਣਿਆ ਹੋਇਆ ਹੈ ਉੱਥੋਂ ਗੁਰੂ ਨਾਨਕ ਦੇਵ ਜੀ ਚੱਲ ਕੇ ਬ੍ਰਿੰਦਾਬਨ ਆਏ ਸਨ। ਉਨ੍ਹਾਂ ਸਿੱਖਾਂ ਨੇ ਉਸ ਸਥਾਨ ਦੀ ਖੋਜ ਅਰੰਭ ਕੀਤੀ ਤਾਂ ਮੌਜੂਦਾ ਟਿੱਲੇ ਤਕ ਪਹੁੰਚ ਗਏ। ਉਨ੍ਹਾਂ ਨੇ ਪੂਰੀ ਖੋਜਬੀਨ ਤੋਂ ਬਾਅਦ ਇਸ ਟਿੱਲੇ ਨੂੰ ਸਿੱਖਾਂ ਦੇ ਇਤਿਹਾਸਕ ਅਸਥਾਨ ਹੋਣ ਦਾ ਐਲਾਨ ਕਰ ਦਿੱਤਾ। ਇਸ ਟਿੱਲੇ ਦਾ ਮਾਲਕ ਬ੍ਰਿੰਦਾਬਨ ਨਿਵਾਸੀ ਠਾਕੁਰ ਪੀਤਾਂਬਰ ਸਿੰਹ ਸੀ। ਉਸ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਭੇਟ ਕਰਦੇ ਹੋਏ ਇਸ ਦਾ ਕੁਝ ਹਿੱਸਾ ਗੁਰੂ ਨਾਨਕ ਦੇਵ ਜੀ ਦੇ ਨਾਂ ਲੁਆ ਦਿੱਤਾ। ਉਸ ਵੱਲੋਂ ਤਹਿਸੀਲ ਵਿਚ ਦਿੱਤਾ ਬਿਆਨ ਇਸ ਪ੍ਰਕਾਰ ਹੈ:
ਮੈਂ ਪੀਤਾਂਬਰ ਸਿੰਹ ਪੁੱਤਰ ਸ੍ਰੀ ਨੱਥੀ ਸਿੰਹ ਜਾਤਿ ਠਾਕੁਰ ਨਿਵਾਸੀ ਵ੍ਰਿੰਦਾਵਨ ਜ਼ਿਲ੍ਹਾ ਮਥੁਰਾ ਕਾ ਹੂੰ ਜੋ ਕਿ ਪੰਚਾਯਾਨ ਨੰਬਰ 509 ਖੇਵਟ ਨੰਬਰ 36 ਜਿਸ ਕੋ ਮੁਝ ਉਪਰੋਕਤ ਨੇ ਪਾਂਡੇ ਹਰਿਜਨ ਪਾੜਾਕਸਬਾ ਵ੍ਰਿੰਦਾਵਨ ਜਿਸ ਮੇਂ 27 ਡੇਸੀਮਲ ਪਰ ਕਬਜ਼ਾ ਆਜ ਤਕ ਚਲਾ ਆ ਰਹਾ ਹੈ ਔਰ ਪਲਾਟ ਕਾ ਮੈਂ ਅਕੇਲਾ ਮਾਲਿਕ ਵ ਕਾਬਿਜ ਹੂੰ। ਅਰਸੇ ਸੇ ਮੇਰਾ ਇਰਾਜੀ ਇਸ ਪਲਾਟ ਕੋ ਦਾਨ ਕਰਨੇ ਕਾ ਹੋ ਰਹਾ ਹੈ। ਅਬ ਮੈਂ ਅਪਨੇ ਇਸ ਪਲਾਟ ਕੋ ਗੁਰੂ ਨਾਨਕ ਸਾਹਬ ਕੋ ਅਪਨੇ ਹਿੱਸੇ ਉਪਰੋਕਤ 27 ਡੇਸੀਮਲ ਕੋ ਦਾਨ ਕਰਤਾ ਹੂੰ ਔਰ ਇਸ ਅਨੇ ਇਸ 27 ਡੇਸੀਮਲ ਕੇ ਪਲਾਟ ਕੋ ਗੁਰੂ ਨਾਨਕ ਸਾਹਬ ਕੇ ਮੈਨੇਜਰ (ਕਾਰਯਕਰਤਾ) ਸ੍ਰੀ ਸੰਪੂਰਨ ਸਿੰਹ ਪੁੱਤਰ ਸ੍ਰੀ ਡਾਲ ਸਿੰਹ ਜਾਤਿ ਸਿੱਖ ਨਿਵਾਸੀ ਵ੍ਰਿੰਦਾਵਨ ਵਾਲੇ ਕੋ ਬੜੀ ਖੁਸ਼ੀ ਕੇ ਸਾਥ ਦਾਨ ਕਰ ਦੀ ਔਰ ਪਲਾਟ ਉਪਰੋਕਤ ਜੋ ਅਬ ਤਕ ਮੇਰੇ ਹਿੱਸੇ ਮੇਂ ਥਾ ਉਸ ਪਰ ਸੇ ਅਪਨਾ ਕਬਜ਼ਾ ਹਟਾ ਕਰ ਉਸ ਪਰ ਠਾਕੁਰ ਗੁਰੂ ਨਾਨਕ ਸਾਹਬ ਕਾ ਕਬਜ਼ਾ ਕਰਾ ਦਿਯਾ ਹੈ। ਪਲਾਟ ਉਪਰੋਕਤ ਪਰ ਠਾਕੁਰ ਗੁਰੂ ਨਾਨਕ ਸਾਹਬ ਜਿਸ ਪ੍ਰਕਾਰ ਚਾਹੇ ਅਪਨੇ ਪ੍ਰਯੋਗ ਮੇ ਲਾਏ ਮੁਝੇ ਵ ਮੇਰੇ ਵਾਰਿਸਾਨ (ਉੱਤਰਧਿਕਾਰੀਉਂ) ਕੋ ਕੋਈ ਏਤਰਾਜ ਨਾ ਹੋਗਾ। ਇਸ ਲਿਯੇ ਮੈਨੇ ਯਹ ਦਾਨ ਪੱਤ੍ਰ ਅਪਨੀ ਖੁਸ਼ੀ ਵ ਰਜਾਮੰਦੀ ਸੇ ਸ੍ਰੀ ਠਾਕੁਰ ਗੁਰੂ ਨਾਨਕ ਸਾਹਬ ਕੋ ਲਿਖ ਦਿਯਾ ਕਿ ਪ੍ਰਮਾਣ ਹੋ ਔਰ ਸਮਯ ਪਰ ਕਾਮ ਆਏ। ਪਲਾਟ 100 ਰੁਪਏ ਪਰ ਲਿਖਾ ਹੈ ਤਾਰੀਖ 13-2-1955 ਕੋ ਨੋਟ ਲਾਈਨ ਤੀਨ ਮੇ ਹਰਿਜਨ ਗੰਦਾ ਲਿਖਾ ਹੂਆ ਔਰ ਲਾਈਨ 4 ਮੇਂ (ਬੰਦਾ) ਲਿਖਾ ਹੈ ਵ ਲਾਈਨ 13 ਮੇਂ ਠਾਕੁਰ ਗੰਦਾ ਲਿਖਾ ਹੈ।
ਦਸਤਾਵੇਜ ਲੇ. ਬਾਬੂਲਾਲ।
100 ਕੇ ਸਟਾਮ ਪਰ ਦਸਤਾਵੇਜ ਲਿਖੀ ਗਈ ਹੈ।
ਸੰਭਵ ਹੈ ਕਿ ਬਾਅਦ ਵਿਚ ਹੋਰ ਜ਼ਮੀਨ ਵੀ ਗੁਰਦੁਆਰੇ ਦੇ ਨਾਂ ਲੱਗੀ ਹੋਵੇ ਪਰ ਇਸ ਸੰਬੰਧੀ ਹਾਲੇ ਕੋਈ ਦਸਤਾਵੇਜ਼ ਹੱਥ ਨਹੀਂ ਲੱਗਾ। ਸਮਾਂ ਪਾ ਕੇ ਇਸ ਟਿੱਲੇ ’ਤੇ ਬਹੁਤ ਸਾਰੇ ਲੋਕਾਂ ਨੇ ਕਬਜ਼ਾ ਕਰ ਲਿਆ ਸੀ। ਬਹੁਤ ਸਾਰੀ ਜ਼ਮੀਨ ਤਾਂ ਛੁਡਵਾ ਲਈ ਗਈ ਹੈ ਅਤੇ ਬਾਕੀ ਜ਼ਮੀਨ ਛੁਡਵਾਉਣ ਲਈ ਮਥਰਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਦਸਤਾਵੇਜ਼ਾਂ ਦੀ ਅਣਹੋਂਦ ਕਾਰਨ ਕੇਸ ਲੰਮੇ ਚੱਲ ਰਹੇ ਹਨ ਅਤੇ ਕਾਬਜ਼ਕਾਰਾਂ ਤੋਂ ਜ਼ਮੀਨ ਛੁਡਾਉਣੀ ਔਖੀ ਹੋ ਰਹੀ ਹੈ। 1978 ਈ. ਤੋਂ ਪਹਿਲਾਂ ਇਸ ਗੁਰਦੁਆਰੇ ਦਾ ਪ੍ਰਬੰਧ ਮਥਰਾ ਸਿੰਘ ਸਭਾ ਕਮੇਟੀ ਕਰਦੀ ਸੀ। 1978 ਈ. ਵਿਚ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਿਆ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਵੱਲੋਂ ਹਾਪੁੜ ਮਿਸ਼ਨ ਅਧੀਨ ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਨਿਯੁਕਤ ਸੇਵਾਦਾਰ ਹੀ ਇੱਥੇ ਸੇਵਾ ਕਰਦੇ ਆ ਰਹੇ ਹਨ। ਮਥਰਾ ਦੀ ਸਥਾਨਕ ਕਮੇਟੀ ਇਸ ਅਸਥਾਨ ਦੀ ਦੇਖਭਾਲ ਕਰਦੀ ਰਹੀ ਹੈ। ਸਥਾਨਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ ਇੱਥੇ ਪ੍ਰਕਾਸ਼ ਅਸਥਾਨ ਅਤੇ ਸੇਵਾਦਾਰਾਂ ਦੇ ਨਿਵਾਸ ਲਈ ਕੁਝ ਕਮਰੇ ਬਣਵਾਏ ਸਨ। 1984 ਈ. ਦੀ ਘਟਨਾ ਨੇ ਇਲਾਕੇ ਦੀ ਸਿੱਖ ਸੰਗਤ ’ਤੇ ਕਾਫ਼ੀ ਪ੍ਰਭਾਵ ਪਾਇਆ ਜਿਸ ਕਾਰਨ ਇੱਥੋਂ ਦੇ ਪ੍ਰਬੰਧ ਵਿਚ ਵੀ ਢਿੱਲ ਆ ਗਈ ਸੀ। ਸ. ਬਰਜਿੰਦਰ ਸਿੰਘ ਨੇ ਦੱਸਿਆ ਕਿ ਟਿੱਲੇ ’ਤੇ ਬਣੇ ਹੋਏ ਗੁਰਦੁਆਰੇ ’ਤੇ ਜਾਣ ਲਈ ਇਕ ਛੋਟਾ ਜਿਹਾ ਰਸਤਾ ਸੀ ਅਤੇ ਟਿੱਲੇ ਦੇ ਹੇਠਾਂ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਨੇ ਇਸ ਗੁਰਦੁਆਰੇ ਦੀ ਕਾਰ-ਸੇਵਾ ਅਰੰਭ ਕਰਵਾਈ ਸੀ। ਉਨ੍ਹਾਂ ਨੇ ਕਾਬਜ਼ਕਾਰਾਂ ਨੂੰ ਪੈਸੇ ਦੇ ਕੇ ਕੁਝ ਜ਼ਮੀਨ ਖਾਲੀ ਕਰਵਾ ਲਈ ਸੀ।
ਇਸ ਗੁਰਦੁਆਰੇ ਦੀ ਨਵ-ਉਸਾਰੀ ਕਰਾਉਣ ਸਮੇਂ ਇੱਥੇ ਮੌਜੂਦ ਟਿੱਲੇ ਨੂੰ ਸਾਫ਼ ਕਰ ਦਿੱਤਾ ਗਿਆ ਹੈ ਅਤੇ ਜ਼ਮੀਨੀ ਪੱਧਰ ’ਤੇ ਇਕ ਵੱਡਾ ਹਾਲ ਬਣਾਇਆ ਜਾ ਰਿਹਾ ਹੈ ਜਿੱਥੇ ਆਉਣ ਵਾਲੇ ਸਮੇਂ ਵਿਚ ਪ੍ਰਕਾਸ਼ ਕੀਤਾ ਜਾਣਾ ਹੈ। ਗੁਰਦੁਆਰੇ ਦੇ ਨਾਲ ਹੀ ਯਾਤਰੂਆਂ ਦੇ ਨਿਵਾਸ ਲਈ ਕਮਰੇ ਬਣਾਏ ਜਾ ਰਹੇ ਹਨ ਤਾਂ ਕਿ ਦਿੱਲੀ ਤੋਂ ਦੱਖਣ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਜਾਣ ਵਾਲੀ ਸੰਗਤ ਅਤੇ ਹੋਰ ਯਾਤਰੂ ਰਾਤ ਸਮੇਂ ਇੱਥੇ ਅਰਾਮ ਕਰ ਸਕਣ। ਪੁਰਾਤਨ ਇਤਿਹਾਸਿਕ ਨਗਰੀ ਵਿਚ ਸਿੱਖ ਅਸਥਾਨ ਹੋਣਾ ਮਾਣ ਵਾਲੀ ਗੱਲ ਹੈ। ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਯਾਤਰੂ ਰੋਜ਼ਾਨਾ ਇਸ ਨਗਰੀ ਵਿਚ ਆਉਂਦੇ ਹਨ ਪਰ ਸਿੱਖ ਵੱਸੋਂ ਦੀ ਘਾਟ ਅਤੇ ਸਿੱਖਾਂ ਨੂੰ ਇਸ ਅਸਥਾਨ ਦੀ ਜਾਣਕਾਰੀ ਨਾ ਹੋਣ ਕਰਕੇ ਇੱਥੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਅਸਥਾਨ ਦੀ ਜਾਣਕਾਰੀ ਦੇਣ ਲਈ ਹਾਲੇ ਕੋਈ ਵਿਸ਼ੇਸ਼ ਕਾਰਜ ਨਹੀਂ ਕੀਤੇ ਗਏ ਹਨ। ਇਸ ਪਾਸੇ ਜਤਨ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਸੰਗਤ ਇਸ ਅਸਥਾਨ ਨਾਲ ਜੁੜੇ ਅਤੇ ਇਹ ਪਾਵਨ ਇਤਿਹਾਸਿਕ ਅਸਥਾਨ ਨਿਰੰਤਰ ਵਿਕਾਸ ਕਰਦਾ ਰਹੇ।
ਲੇਖਕ ਬਾਰੇ
ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/August 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/September 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2010