editor@sikharchives.org
ਗੁਰਮਤਿ-ਦਰਸ਼ਨ

ਗੁਰਮਤਿ ਦਰਸ਼ਨ ਦੀ ਸੇਧ ਵਿਚ ਪਦਾਰਥਵਾਦ ਦੇ ਸ਼ੰਕਿਆਂ ਤੇ ਥੋਥੀਆਂ ਦਲੀਲਾਂ ਦਾ ਨਿਵਾਰਨ

ਗੁਰਮਤਿ ਪਰਮਾਤਮਾ ਦੀ ਹੋਂਦ ਦੇ ਸੱਚ ਹੋਣ ਨੂੰ ਆਪਣੇ ਅਨੁਭਵ ਤੇ ਸੋਝੀ ਦੇ ਆਧਾਰ ’ਤੇ ਦਾਅਵੇ ਨਾਲ ਸਪੱਸ਼ਟ ਤੌਰ ’ਤੇ ਪ੍ਰਗਟ ਕਰਦੀ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਮਤਿ ਇਕ ਅਧਿਆਤਮਵਾਦੀ ਸਿਧਾਂਤ ਹੈ। ਇਹ ਪਦਾਰਥਕ ਜਗਤ ਤੋਂ ਉੱਪਰ ਸੂਖ਼ਮ ਸ੍ਰਿਸ਼ਟੀ ਆਤਮਾ-ਪਰਮਾਤਮਾ ਦੇ ਸੁਰਤ ਮੰਡਲਾਂ ਵਿਚ ਵਿਸ਼ਵਾਸ ਰੱਖਦਾ ਹੈ। ਗੁਰਮਤਿ ਅਨੁਸਾਰ ਪਰਮਾਤਮਾ ਹੀ ਅੰਤਮ ਸੱਚ ਹੈ। ਇਹ ਪਦਾਰਥ ਖਿਨ-ਖਿਨ ਬਦਲਦਾ ਹੈ ਤੇ ਬਿਨਸਨਹਾਰ ਹੈ। ਇਸ ਲਈ ਮਨੁੱਖ ਦਾ ਇਹ ਆਧਾਰ ਕੱਚਾ ਹੈ। ਮਨੁੱਖ ਨੇ ਜੇ ਦੁੱਖਾਂ-ਕਲੇਸ਼ਾਂ ਤੋਂ, ਆਵਾਗਵਨ ਦੇ ਪਦਾਰਥਕ ਚੱਕਰਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਉਸ ਨੂੰ ਪਰਮਾਤਮਾ ਨਾਲ ਜੁੜਨਾ ਹੋਵੇਗਾ। ਗੁਰਮਤਿ ਪਰਮਾਤਮਾ ਦੀ ਹੋਂਦ ਦੇ ਸੱਚ ਹੋਣ ਨੂੰ ਆਪਣੇ ਅਨੁਭਵ ਤੇ ਸੋਝੀ ਦੇ ਆਧਾਰ ’ਤੇ ਦਾਅਵੇ ਨਾਲ ਸਪੱਸ਼ਟ ਤੌਰ ’ਤੇ ਪ੍ਰਗਟ ਕਰਦੀ ਹੈ:

ਹੈ ਤਉ ਸਹੀ ਲਖੈ ਜਉ ਕੋਈ॥ (ਪੰਨਾ ੩੪੨)

ਇਸ ਦੇ ਉਲਟ ਪਦਾਰਥਵਾਦ ਦਾ ਸਿਧਾਂਤ ਪਦਾਰਥਕ ਚੀਜ਼ਾਂ ਦੀ ਹੋਂਦ ਨੂੰ ਹੀ ਮੰਨਦਾ ਹੈ। ਪਦਾਰਥ ਤੋਂ ਬਿਨਾਂ ਉਹ ਹੋਰ ਕਿਸੇ ਸੱਤਾ ਵਿਚ ਵਿਸ਼ਵਾਸ ਨਹੀਂ ਰੱਖਦਾ।ਪਦਾਰਥਵਾਦੀਆਂ ਅਨੁਸਾਰ ਪਦਾਰਥ ਹੀ ਅੰਤਮ ਸੱਚ ਹੈ। ਪਦਾਰਥ ਨੇ ਆਪਣੇ ਆਪ ਹੀ ਕੁਦਰਤੀ ਤੌਰ ’ਤੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਸ ਪਿੱਛੇ ਕਿਸੇ ਸੂਖ਼ਮ ਸੱਤਾ ਦਾ ਹੱਥ ਨਹੀਂ ਹੈ। ਮਨੁੱਖ ਵੀ ਮਾਦੇ ਦੀ ਹੀ ਉਪਜ ਹੈ ਤੇ ਮਨੁੱਖ ਦੀ ਸੂਰਤ ਦਿਮਾਗ਼ ਦੀ ਉਪਜ ਹੈ ਜੋ ਇਕ ਤਰ੍ਹਾਂ ਦਾ ਮਾਦਾ ਹੀ ਹੈ। ਕੁੱਲ ਮਿਲਾ ਕੇ ਮਨੁੱਖ ਇਕ ਸਰੀਰਿਕ ਢਾਂਚਾ ਹੀ ਹੈ। ਇਸ ਦੀ ਹੋਰ ਸੂਖ਼ਮ ਹੋਂਦ ਆਤਮਾ ਵਗ਼ੈਰਾ ਨਹੀਂ ਹੈ। ਇਸ ਕਰਕੇ ਪਦਾਰਥਵਾਦ ਦੇ ਗਿਆਨ ਦੀ ਸੀਮਾ ਸਿਰਫ਼ ਪਦਾਰਥ ਤਕ ਹੀ ਹੈ। ਇਸ ਦੇ ਟਾਕਰੇ ’ਤੇ ਗੁਰਮਤਿ ਦੇ ਗਿਆਨ ਦਾ ਘੇਰਾ ਪਦਾਰਥ ਤੋਂ ਲੈ ਕੇ ਪਰਮਾਰਥ ਤਕ ਹੈ। ਇਸ ਵਿਚ ਸ੍ਰਿਸ਼ਟੀ ਦੀ ਉਤਪਤੀ, ਪ੍ਰਕਿਰਤੀ, ਜੀਵ, ਮਨ, ਬੁੱਧੀ, ਆਤਮਾ ਤੇ ਪਰਮਾਤਮਾ ਦਾ ਗਿਆਨ ਮਿਲਦਾ ਹੈ। ਗੁਰਬਾਣੀ ਜੀਵ ਨੂੰ ਬਾਹਰਲੇ ਸੰਸਾਰ ਅਤੇ ਅੰਦਰਲੇ ਸੰਸਾਰ ਦੋਨਾਂ ਦਾ ਗਿਆਨ ਕਰਵਾਉਂਦੀ ਹੈ। ਇਸ ਲਈ ਗੁਰਬਾਣੀ ਦਾ ਮਹੱਤਵ ਦੱਸਦੇ ਹੋਏ ਗੁਰੂ ਜੀ ਫ਼ੁਰਮਾਉਂਦੇ ਹਨ:

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 67)

ਆਧੁਨਿਕ ਪਦਾਰਥਵਾਦੀ ਸਿਧਾਂਤ ਪੱਛਮ ਦੀ ਦੇਣ ਹੈ ਪਰ ਭਾਰਤੀ ਸੰਸਕ੍ਰਿਤੀ ਵਿਚ ਵੀ ਪਦਾਰਥਵਾਦ ਦੇ ਸਮਰਥਕ ਰਹੇ ਹਨ। ਭਾਰਤ ਵਿਚ ਮਹਾਤਮਾ ਬੁੱਧ ਤੋਂ ਪਹਿਲਾਂ ਪਦਾਰਥਵਾਦ ਦੇ ਵੱਡੇ ਸਮਰਥਕ ਹੋਏ ਹਨ-ਗਾਨਾ ਪਤੀ ਤੇ ਚਾਰਵਾਕੀਆ। ਚਾਰਵਾਕੀਆ ਆਤਮਾ-ਪਰਮਾਤਮਾ ਨੂੰ ਨਹੀਂ ਮੰਨਦਾ। ਉਸ ਦੇ ਮਤ ਅਨੁਸਾਰ ਵਿਸ਼ਿਆਂ ਅਤੇ ਲਾਲਸਾਵਾਂ ਦੀ ਪੂਰਤੀ ਹੀ ਜੀਵਨ ਦਾ ਮਨੋਰਥ ਹੈ। ਉਹ ਮਤ ਜੀਵਨ ਲਈ ਕੋਈ ਉਪਯੋਗੀ ਸਿਧਾਂਤ ਨਹੀਂ ਪੇਸ਼ ਕਰ ਸਕਿਆ। ਇਸ ਨੇ ਮਨੁੱਖ ਨੂੰ ਵਿਸ਼ੇ- ਭੋਗਾਂ ਤਕ ਹੀ ਸੀਮਿਤ ਕਰ ਦਿੱਤਾ ਅਤੇ ਉਸ ਨੂੰ ਪਸ਼ੂ-ਬਿਰਤੀ ਦਾ ਧਾਰਨੀ ਬਣਾ ਦਿੱਤਾ। ਇਸ ਮਤ ਵਿਚ ਸਦਾਚਾਰ, ਨੇਕੀ, ਪਵਿੱਤਰਤਾ ਲਈ ਕੋਈ ਥਾਂ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” ਕਹਿ ਕੇ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਹੈ। ਪੱਛਮ ਵਿਚ ਸਭ ਤੋਂ ਵੱਡਾ ਪਦਾਰਥਵਾਦੀ ਸਾਮਵਾਦ ਦਾ ਬਾਨੀ ਕਾਰਲ ਮਾਰਕਸ ਹੋਇਆ ਹੈ। ਇਸ ਦੇ ਸਿਧਾਂਤ ਅਨੁਸਾਰ ਮਨੁੱਖ ਇਕ ਆਰਥਿਕ ਪ੍ਰਾਣੀ ਹੈ। ਇਹ ਪਦਾਰਥਾਂ ਦੀ ਬਰਾਬਰ ਵੰਡ ’ਤੇ ਜ਼ੋਰ ਦਿੰਦਾ ਹੈ। ਇਸ ਪ੍ਰਣਾਲੀ ਨੂੰ ਸਥਾਪਤ ਕਰਨ ਲਈ ਕ੍ਰਾਂਤੀ ਨੂੰ ਸਾਧਨ ਸਮਝਿਆ ਗਿਆ। ਕ੍ਰਾਂਤੀ ਨੂੰ ਜਾਇਜ਼ ਠਹਿਰਾਉਣ ਲਈ ਅਧਿਆਤਮਵਾਦੀ ਗਿਆਨ ਦੀ ਥਾਂ ਪਦਾਰਥਵਾਦ ਦਾ ਆਸਰਾ ਲਿਆ ਗਿਆ ਹੈ। ਮਨੁੱਖ ਦੇ ਕੁਦਰਤੀ ਤੌਰ ’ਤੇ ਪਦਾਰਥਾਂ ਦਾ ਲੋਭੀ ਹੋਣ ਕਰਕੇ ਸੰਸਾਰ ਦੀ ਬਹੁਤ ਵੱਡੀ ਗਿਣਤੀ ਨੂੰ ਇਸ ਸਿਧਾਂਤ ਨੇ ਆਕਰਸ਼ਿਤ ਕਰ ਲਿਆ। ਇਸ ਸਿਧਾਂਤ ਨੂੰ ਮੰਨਣ ਵਾਲਿਆਂ ਨੇ ਰੂਸ, ਚੀਨ, ਆਦਿ ਮੁਲਕਾਂ ਦੀ ਰਾਜ-ਸੱਤਾ ’ਤੇ ਕਬਜ਼ਾ ਕਰ ਲਿਆ। ਗੁਰਮਤਿ ਅਨੁਸਾਰ ਭਾਰਤੀ ਪਦਾਰਥਵਾਦ ਤੇ ਪੱਛਮੀ ਪਦਾਰਥਵਾਦ ਦੋਵੇਂ ਹੀ ਅਧੂਰੇ ਹਨ। ਮਨੁੱਖ ਕਦੇ ਵੀ ਵਿਸ਼ੇ-ਭੋਗਾਂ ਨਾਲ ਜਾਂ ਬਹੁਤ ਸਾਰੀ ਜਾਇਦਾਦ ਬਣਾ ਕੇ ਬਹੁਤ ਸਾਰਾ ਧਨ-ਭੰਡਾਰ ਇਕੱਠਾ ਕਰ ਕੇ ਸੰਤੁਸ਼ਟ ਨਹੀਂ ਹੋ ਸਕਦਾ। ਗੁਰਬਾਣੀ ਦੀਆਂ ਇਨ੍ਹਾਂ ਪਾਵਨ ਤੁਕਾਂ ਵਿਚ ਹੀ ਇਨ੍ਹਾਂ ਦੋ ਸਿਧਾਂਤਾਂ ਨੂੰ ਰੱਦ ਕਰ ਦਿੱਤਾ ਹੈ:

ਸੁਖੁ ਨਾਹੀ ਬਹੁਤੈ ਧਨਿ ਖਾਟੇ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ (ਪੰਨਾ ੧੧੪੭)

ਧਰਮ ਤੇ ਅਧਿਆਤਮ ਦਾ ਇਤਿਹਾਸ ਪਦਾਰਥਵਾਦ ਦੇ ਟਾਕਰੇ ’ਤੇ ਕਿਤੇ ਡੂੰਘਾ, ਵਿਆਪਕ ਤੇ ਪੁਰਾਣਾ ਹੈ। ਇਸ ਵਿਚ ਸੰਸਾਰੀ ਪਦਾਰਥਾਂ ਦਾ ਵੀ ਸਾਰਾ ਗਿਆਨ ਆ ਜਾਂਦਾ ਹੈ। ਪਦਾਰਥਵਾਦ ਵਿਚ ਅਧਿਆਤਮ ਗਿਆਨ ਅੰਸ਼-ਮਾਤਰ ਵੀ ਨਹੀਂ ਹੈ। ਪਦਾਰਥਵਾਦੀਆਂ ਨੇ ਮਨੁੱਖ ਦੀਆਂ ਮਾਨਸਿਕ, ਸਮਾਜਿਕ ਤੇ ਸਦਾਚਾਰਕ ਸਮੱਸਿਆਵਾਂ ਨਾਲ ਨਜਿੱਠਣ ਦੀ ਥਾਂ ਇਨ੍ਹਾਂ ਤੋਂ ਉਦਾਸੀਨ ਅਤੇ ਭਾਂਜਵਾਦੀ ਰੁਖ਼ ਅਪਣਾਇਆ ਹੈ ਕਿਉਂਕਿ ਇਨ੍ਹਾਂ ਸਮੱਸਿਆਵਾਂ ਨੂੰ ਸਾਹਮਣੇ ਰੱਖਣਾ ਰਾਜਨੀਤਿਕ ਕ੍ਰਾਂਤੀ ਲਈ ਰੁਕਾਵਟ ਖੜ੍ਹੀ ਕਰ ਸਕਦਾ ਸੀ। ਅਧਿਆਤਮਕ ਗਿਆਨ ਮਨੁੱਖ ਦੇ ਹਜ਼ਾਰਾਂ ਸਾਲਾਂ ਦੇ ਅਨੁਭਵ ਤੇ ਖੋਜ ਦਾ ਸਿੱਟਾ ਹੈ। ਪਦਾਰਥਵਾਦੀਆਂ ਨੇ ਧਰਮ ਨੂੰ ਅਫੀਮ ਆਖ ਕੇ ਇਸ ਵਡਮੁੱਲੇ ਗਿਆਨ ਤੋਂ ਅੱਖਾਂ ਮੀਟ ਲਈਆਂ। ਉਨ੍ਹਾਂ ਨੇ ਮਨੁੱਖੀ ਲੋੜ ਨੂੰ ਵੀ ਸਿਰਫ਼ ਅੰਨ-ਪਾਣੀ ਤਕ ਸੀਮਿਤ ਰੱਖਿਆ ਹੈ। ਪਦਾਰਥਕ ਲੋੜਾਂ ਦੇ ਪੱਖੋਂ ਵੀ ਅਧਿਆਤਮਵਾਦ ਇਕ ਸੰਪੂਰਨ ਸਿਧਾਂਤ ਹੈ। ਇਸ ਨੇ ਮਨੁੱਖ ਲਈ ਚਾਰ ਪ੍ਰਕਾਰ ਦੇ ਪਦਾਰਥਾਂ ਦੀ ਕਲਪਨਾ ਕੀਤੀ ਹੈ- ਧਰਮ, ਅਰਥ, ਕਾਮ, ਮੋਖ। ਪਦਾਰਥਵਾਦੀ ਇਨ੍ਹਾਂ ਵਿੱਚੋਂ ਸਿਰਫ਼ ‘ਅਰਥ’ ਨੂੰ ਹੀ ਮੁੱਖ ਰੱਖਦੇ ਹਨ। ਇਸ ਲਈ ਪਦਾਰਥ ਦੇ ਪੱਖੋਂ ਵੀ ਅਧਿਆਤਮ ਇਕ ਵਧੇਰੇ ਮਹੱਤਵਪੂਰਨ ਤੇ ਸੰਪੂਰਨ ਗਿਆਨ ਹੈ। ਇਸ ਵਿਚ ‘ਅਰਥ’ ਤੋਂ ਇਲਾਵਾ ਮਨੁੱਖ ਦੀਆਂ ਸਮਾਜਿਕ ਤੇ ਸਦਾਚਾਰਕ ਜਿਨਸੀ ਲੋੜਾਂ ਤੇ ਆਤਮਿਕ ਅਨੰਦ ਦੀ ਪ੍ਰਾਪਤੀ ਨੂੰ ਵੀ ਆਵੱਸ਼ਕ ਸਮਝਿਆ ਗਿਆ ਹੈ। ਗੁਰਮਤਿ ਵਿਚ ਮਨੁੱਖ ਦੇ ਸੂਖ਼ਮ ਅਨੁਭਵ ਨੂੰ ਵੀ ਅਰਥ ਵਾਂਗ ਹੀ ਪਦਾਰਥ ਸਮਝਿਆ ਗਿਆ ਹੈ ਅਤੇ ਮਨੁੱਖ ਦੇ ਜੀਵਨ ਵਿਚ ਚਾਰ ਪਦਾਰਥਾਂ ਦਾ ਮਹੱਤਵ ਮੰਨਿਆ ਗਿਆ ਹੈ। ਅਧਿਆਤਮਕ ਮਾਰਗ ਦਾ ਪਾਂਧੀ ਇਨ੍ਹਾਂ ਦੀ ਪ੍ਰਾਪਤੀ ਕਰ ਸਕਦਾ ਹੈ। ਸਤਿਗੁਰਾਂ ਦਾ ਫ਼ੁਰਮਾਨ ਹੈ:

ਚਾਰਿ ਪਦਾਰਥ ਜੇ ਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ ॥ (ਪੰਨਾ ੨੬੬)

ਅਰਥ ਧਰਮ ਕਾਮ ਮੋਖ ਕਾ ਦਾਤਾ॥
ਪੂਰੀ ਭਈ ਸਿਮਰਿ ਸਿਮਰਿ ਬਿਧਾਤਾ॥  (ਪੰਨਾ ੮੦੫-੦੬)

ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ॥ (ਪੰਨਾ ੭੮੫)

ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ॥   (ਪੰਨਾ ੮੧੬)

ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ॥
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ॥ (ਪੰਨਾ ੯੨੭)

ਗੁਰਮਤਿ ਸਾਰੇ ਮਨੁੱਖਾਂ ਨੂੰ ਸਾਰੇ ਪਦਾਰਥਾਂ ਦੇ ਅਧਿਕਾਰੀ ਸਮਝਦੀ ਹੈ, ਉਨ੍ਹਾਂ ਵਿਚ ਕੋਈ ਵਿਤਕਰਾ ਨਹੀਂ ਕਰਦੀ। ਗੁਰਮਤਿ ਅਨੁਸਾਰ ਸਾਰੇ ਮਨੁੱਖ ਪਰਮਾਤਮਾ ਦੀ ਅੰਸ ਹਨ ਤੇ ਇੱਕੋ ਹੀ ਭਾਈਚਾਰੇ ਦਾ ਰੂਪ ਹਨ।

ਮਾਰਕਸਵਾਦੀ ਸਿਧਾਂਤ ਅਨੁਸਾਰ ਖ਼ਲਕਤ ਦੋ ਧੜਿਆਂ ਵਿਚ ਵੰਡੀ ਹੋਈ ਹੈ। ਇਕ ਧੜਾ ਪੂੰਜੀਪਤੀਆਂ ਦਾ ਹੈ ਜੋ ਜੋਕਾਂ ਵਾਂਗ ਲੋਕਾਂ ਦਾ ਲਹੂ ਪੀਂਦੇ ਹਨ। ਦੂਜਾ ਧੜਾ ਮਿਹਨਤਕਸ਼ਾਂ ਦਾ ਹੈ ਜੋ ਕੰਮ ਕਰਦੇ ਹਨ ਪਰ ਉਨ੍ਹਾਂ ਨੂੰ ਪੂਰਾ ਹੱਕ ਨਹੀਂ ਮਿਲਦਾ। ਮਾਰਕਸ ਕਹਿੰਦਾ ਹੈ ਕਿ ਮਜ਼ਦੂਰਾਂ ਨੂੰ ਚਾਹੀਦਾ ਹੈ ਕਿ ਉਹ ਜਥੇਬੰਦ ਹੋ ਕੇ ਆਰਥਿਕ ਸਾਧਨਾਂ ’ਤੇ ਕਬਜ਼ਾ ਕਰ ਲੈਣ ਤੇ ਸਰਮਾਏਦਾਰੀ ਨੂੰ ਖ਼ਤਮ ਕਰ ਦੇਣ। ਇਸ ਨੂੰ ਮਾਰਕਸ ਅਤੇ ਉਸ ਦੇ ਸਮਰਥਕ ਕ੍ਰਾਂਤੀ ਦਾ ਨਾਂ ਦਿੰਦੇ ਹਨ।

ਪਦਾਰਥਵਾਦ ਅਨੁਸਾਰ ਸਾਰੇ ਮਨੁੱਖ ਮਾਦੇ ਤੋਂ ਹੀ ਉਤਪੰਨ ਹੋਏ ਹਨ। ਦਿਮਾਗ਼ ਵੀ ਮਾਦੇ ਦੀ ਹੀ ਉਪਜ ਹੈ। ਪਰ ਇਹ ਸਰੀਰ ਦੇ ਬਾਕੀ ਹਿੱਸਿਆਂ ਨਾਲੋਂ ਵਧੇਰੇ ਵਿਕਾਸ ਕਰ ਚੁੱਕਾ ਹੈ। ਜੇ ਦਿਮਾਗ਼ ਨੂੰ ਵਿਕਸਿਤ ਮਾਦਾ ਮੰਨ ਲਿਆ ਜਾਵੇ ਤਾਂ ਵੱਖ-ਵੱਖ ਲੋਕਾਂ ਵਿਚ ਵਿਕਸਿਤ ਮਾਦੇ ਦੀ ਪੱਧਰ ਵੱਖ-ਵੱਖ ਵੀ ਹੋ ਸਕਦੀ ਹੈ।ਇਸੇ ਕਰਕੇ ਕੁਝ ਲੋਕਾਂ ਵਿਚ ਦੂਜਿਆਂ ’ਤੇ ਹਕੂਮਤ ਕਰਨ ਦੀ, ਉਨ੍ਹਾਂ ਤੋਂ ਕੰਮ ਕਰਵਾਉਣ ਦੀ ਚੇਤਨਾ-ਸ਼ਕਤੀ ਪੈਦਾ ਹੋਈ। ਇਸ ਤਰ੍ਹਾਂ ਲੋਕਾਂ ਦਾ ਦੋ ਧੜਿਆਂ ਵਿਚ ਵੰਡਿਆ ਜਾਣਾ ਕੁਦਰਤੀ ਵਿਕਾਸ ਦਾ ਹੀ ਇਕ ਹਿੱਸਾ ਸੀ। ਮਾਰਕਸਵਾਦ ਦੀ ਮਜ਼ਦੂਰ ਸੰਗਠਨਾਂ ਦੁਆਰਾ ਜ਼ਬਰਦਸਤੀ ਲਿਆਂਦੀ ਕ੍ਰਾਂਤੀ ਕੁਦਰਤ ਦੇ ਵਿਕਾਸ ਦਾ ਵਿਰੋਧ ਹੈ। ਇਸ ਨਾਲ ਮਜ਼ਦੂਰ ਵਰਗ ਦਾ ਆਰਥਿਕ ਸਾਧਨਾਂ ’ਤੇ ਤਾਂ ਕਬਜ਼ਾ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਦਿਮਾਗ਼ੀ ਪੱਧਰ ਵਿਚ ਕੋਈ ਕ੍ਰਾਂਤੀ ਨਹੀਂ ਆਉਂਦੀ। ਇਸ ਦੇ ਉਲਟ ਗੁਰਮਤਿ ਸਾਰੇ ਮਨੁੱਖਾਂ ਦਾ ਮੂਲ ਇੱਕੋ ਸਮਝਦੀ ਹੈ। ਕੋਈ ਵੀ ਵਿਅਕਤੀ ਆਪਣੇ ਮੂਲ ਨਾਲ ਜੁੜ ਕੇ ਆਤਮਿਕ ਤੌਰ ’ਤੇ ਵਿਕਾਸ ਕਰ ਸਕਦਾ ਹੈ ਤੇ ਉੱਚਾ ਹੋ ਸਕਦਾ ਹੈ। ਇਹ ਇਕ ਸੱਚੀ ਤੇ ਸੰਪੂਰਨ ਕ੍ਰਾਂਤੀ ਹੈ। ਗੁਰਮਤਿ ਦੀ ਕ੍ਰਾਂਤੀ ਨੀਵਿਆਂ ਨੂੰ ਉੱਚੇ ਕਰਦੀ ਹੈ, ਬਰਾਬਰ ਕਰਦੀ ਹੈ:

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ ੧੧੦੬)

ਸ੍ਰਿਸ਼ਟੀ ਦੀ ਰਚਨਾ, ਪਦਾਰਥ ਅਤੇ ਪ੍ਰਕਿਰਤੀ ਬਾਰੇ ਵੀ ਅਧਿਆਤਮਵਾਦੀਆਂ ਨੇ ਬਹੁਤ ਖੋਜ ਕੀਤੀ ਹੈ। ਇਸ ਪੱਖ ਬਾਰੇ ਪਦਾਰਥਵਾਦੀਆਂ ਦਾ ਗਿਆਨ ਬਹੁਤ ਪੇਤਲਾ, ਨੀਵੇਂ ਪੱਧਰ ਦਾ ਤੇ ਬਹੁਤ ਊਣਾ ਹੈ। ਪਦਾਰਥਵਾਦੀ ਇਸ ਧਰਤੀ ਉੱਤੇ ਇਸ ਨੂੰ ਇਕ ਬਹੁਤ ਵੱਡੀ ਦਾਤ ਨਹੀਂ ਮੰਨਦੇ। ਇਸ ਨੂੰ ਉਹ ਮਾਦੇ ਤੋਂ ਆਪਣੇ ਆਪ ਹੋਇਆ ਵਿਕਾਸ ਹੀ ਮੰਨਦੇ ਹਨ। ਇਹ ਸ੍ਰਿਸ਼ਟੀ ਪੰਜ ਤੱਤਾਂ ਤੋਂ ਸਾਜੀ ਗਈ ਹੈ। ਇਸ ਤੱਥ ਨੂੰ ਅਧਿਆਤਮਵਾਦੀ ਤੇ ਪਦਾਰਥਵਾਦੀ ਦੋਵੇਂ ਮੰਨਦੇ ਹਨ। ਇਨ੍ਹਾਂ ਪੰਜ ਤੱਤਾਂ ਦਾ ਇਕੱਠੇ ਹੋਣਾ ਇਕ ਦੁਰਲੱਭ ਵਰਦਾਨ ਹੈ। ਇਹ ਸਾਰੇ ਤੱਤ ਸਿਰਫ਼ ਪ੍ਰਿਥਵੀ ਉੱਤੇ ਹੀ ਪ੍ਰਾਪਤ ਹਨ। ਹਵਾ ਤੇ ਪਾਣੀ ਦੇ ਤੱਤ ਮਿੱਟੀ ਦਾ ਬਦਲਿਆ ਰੂਪ ਨਹੀਂ ਹਨ। ਇਹ ਦੋਵੇਂ ਤੱਤਾਂ ਦਾ ਧਰਤੀ ਨਾਲ ਸੰਜੋਗ ਇਕ ਅਦਭੁੱਤ ਕ੍ਰਿਸ਼ਮਾ ਹੈ। ਪਦਾਰਥਵਾਦੀਆਂ ਲਈ ਇਹ ਸੰਜੋਗ ਇਕ ਮਾਮੂਲੀ ਗੱਲ ਹੈ ਜਦੋਂ ਕਿ ਗੁਰਮਤਿ ਇਨ੍ਹਾਂ ਤੱਤਾਂ ਦੇ ਸੰਜੋਗ ਤੋਂ ਬਲਿਹਾਰ ਜਾਂਦੀ ਹੈ:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਪੰਨਾ ੮)

ਪਦਾਰਥਵਾਦੀਆਂ ਦਾ ਇਹ ਵਿਚਾਰ ਹੈ ਕਿ ਚੇਤਨਾ-ਸ਼ਕਤੀ ਮਾਦੇ ਦੀ ਹੀ ਉਪਜ ਹੈ। ਦਿਮਾਗ਼ ਦਾ ਮਾਦਾ ਵਧੇਰੇ ਵਿਕਸਿਤ ਹੋ ਗਿਆ ਇਸ ਲਈ ਇਸ ਵਿਚ ਚੇਤਨਾ-ਸ਼ਕਤੀ ਪੈਦਾ ਹੋ ਗਈ, ਇਹ ਵਿਚਾਰ ਬਿਲਕੁਲ ਨਿਰਮੂਲ ਹੈ। ਕਿਸੇ ਵੀ ਪ੍ਰਕਾਰ ਦੇ ਮਾਦੇ ਦੀ ਜਿੰਨੀ ਮਰਜ਼ੀ ਪ੍ਰਯੋਗਸ਼ਾਲਾ ਅਤੇ ਲੈਬਾਰਟਰੀਆਂ ਵਿਚ ਖੋਜ ਕਰ ਲਈ ਜਾਵੇ ਇਸ ਵਿੱਚੋਂ ਚੇਤਨਤਾ ਜਾਂ ਚੇਤਨਾ ਦੀ ਹੋਂਦ ਨਹੀਂ ਲੱਭੀ ਜਾ ਸਕਦੀ। ਚੇਤਨਤਾ ਮਾਦੇ ਵਿਚ, ਸਰੀਰ ਵਿੱਚੋਂ ਨਹੀਂ ਸਗੋਂ ਜ਼ਿੰਦਗੀ ਵਿੱਚੋਂ ਉਪਜਦੀ ਹੈ। ਕੋਈ ਵੀ ਸਰੀਰ ਜਿੰਨਾ ਚਿਰ ਜੀਵਤ ਹੈ, ਜਾਗਦਾ ਹੈ, ਉਨਾ ਚਿਰ ਹੀ ਚੇਤਨ ਹੈ। ਸਰੀਰ ਦੇ ਕਿਸੇ ਵੀ ਵੱਖਰੇ ਅੰਗਾਂ ਵਿਚ, ਨਾ ਲਹੂ, ਮਾਸ-ਹੱਡੀਆਂ ਵਿਚ ਚੇਤਨਤਾ ਨਹੀਂ ਹੈ। ਚੇਤਨਤਾ ਪੂਰੇ ਜੀਵਨ-ਢਾਂਚੇ ਨਾਲ ਜੁੜੀ ਹੋਈ ਹੈ। ਦਿਲ ਦੀ ਧੜਕਣ ਨਾਲ ਲਹੂ ਦੇ ਦੌਰੇ ਤੇ ਸਵਾਸ ਕਿਰਿਆ ਨਾਲ। ਇਸ ਲਈ ਸਿਰਫ਼ ਦਿਮਾਗ਼ ਨੂੰ ਚੇਤਨਤਾ ਦਾ ਸ੍ਰੋਤ ਨਹੀਂ ਮੰਨਿਆ ਜਾ ਸਕਦਾ ਹੈ। ਇਹ ਇੰਦਰੀਆਂ ਨੂੰ ਕੰਟਰੋਲ ਕਰਦਾ ਹੈ, ਇਸ ਲਈ ਸੂਚਨਾ ਦਾ ਕੇਂਦਰ ਹੀ ਹੈ। ਪਦਾਰਥਵਾਦੀਆਂ ਨੇ ਇਕ ਹੋਰ ਵਿਚਾਰ ਦਿੱਤਾ ਹੈ ਕਿ ਦਿਮਾਗ਼ ਦਾ ਮਾਦਾ ਕਿਉਂਕਿ ਵਧੇਰੇ ਵਿਕਾਸ ਕਰ ਗਿਆ ਇਸ ਲਈ ਇੰਦਰੀਆਂ ਦਾ ਕੰਟਰੋਲ ਕਰਨ ਲੱਗ ਪਿਆ। ਇਹ ਵਿਚਾਰ ਵੀ ਬਿਲਕੁਲ ਹਾਸੋਹੀਣਾ ਹੈ। ਕਿਸੇ ਵੀ ਜੀਵਾਂ ਦੀ ਕਿਸੇ ਵੀ ਜੂਨੀ ਵਿਚ ਦਿਮਾਗ਼ ਤੋਂ ਬਿਨਾਂ ਕੋਈ ਹੋਰ ਅੰਗ ਇੰਦਰੀਆਂ ਨੂੰ ਕੰਟਰੋਲ ਨਹੀਂ ਕਰਦਾ। ਕੁਦਰਤ ਨੇ ਦਿਮਾਗ਼ ਦਾ ਡਿਜ਼ਾਇਨ ਹੀ ਇੰਦਰੀਆਂ ਨੂੰ ਕੰਟਰੋਲ ਕਰਨ ਦੇ ਮਨੋਰਥ ਨਾਲ ਤਿਆਰ ਕੀਤਾ ਹੈ ਅਤੇ ਇਹ ਸਭ ਪ੍ਰਾਣੀਆਂ ਵਿਚ ਮੌਜੂਦ ਹੈ। ਸਰੀਰ ਦੇ ਹਰ ਅੰਗ ਦਾ ਕੋਈ ਵਿਸ਼ੇਸ਼ ਕਾਰਜ ਹੁੰਦਾ ਹੈ। ਦਿਮਾਗ਼ ਤੋਂ ਬਿਨਾਂ ਹੋਰ ਅੰਗ ਸੋਚਣ ਦਾ ਜਾਂ ਇੰਦਰੀਆਂ ਨੂੰ ਕੰਟਰੋਲ ਕਰਨ ਲਈ ਯੋਗ ਹੋ ਹੀ ਨਹੀਂ ਸਕਦਾ ਭਾਵੇਂ ਉਹ ਕਿੰਨਾ ਵਿਕਾਸ ਕਿਉਂ ਨਾ ਕਰ ਜਾਵੇ।

ਜਿੰਨੇ ਵੀ ਜੀਵ-ਜੰਤੂ ਹਨ ਉਨ੍ਹਾਂ ਵਿਚ ਵੱਖ-ਵੱਖ ਭਾਂਤ ਦੀ ਚੇਤਨਾ ਮੌਜੂਦ ਹੁੰਦੀ ਹੈ। ਚੇਤਨਾ ਦਾ ਵਿਸ਼ਾਲ ਸਮੁੰਦਰ ਤੇ ਵੱਖ-ਵੱਖ ਰੂਪ ਸਿਰਫ਼ ਦਿਮਾਗ਼ ਦੀ ਉਪਜ ਨਹੀਂ ਮੰਨੇ ਜਾ ਸਕਦੇ। ਹਾਥੀ, ਮਿਰਗ ਆਦਿ ਆਪਣੇ ਝੁੰਡਾਂ ਵਿਚ ਰਹਿੰਦੇ ਹਨ, ਕਈ ਪੰਛੀ ਡਾਰਾਂ ਵਿਚ ਰਹਿੰਦੇ ਹਨ। ਇਨ੍ਹਾਂ ਜਾਨਵਰਾਂ, ਪੰਛੀਆਂ ਦੇ ਦਿਮਾਗ਼ ਨੇ ਆਪਣਾ ਚਿੱਤਰ ਨਹੀਂ ਵੇਖਿਆ ਫੇਰ ਵੀ ਉਹ ਆਪਣੀ ਨਸਲ ਨੂੰ ਪਛਾਣ ਲੈਂਦੇ ਹਨ।

ਪੰਛੀਆਂ ਨੂੰ ਆਂਡਿਆਂ ਵਿੱਚੋਂ ਬੱਚੇ ਕੱਢਣ ਲਈ ਉਨ੍ਹਾਂ ਉੱਪਰ ਬੈਠਣ ਦੀ ਸਮਝ ਉਸ ਦੇ ਦਿਮਾਗ਼ ਵਿਚ ਕਿਸੇ ਬਾਹਰਲੇ ਤਜਰਬੇ ਤੋਂ ਨਹੀਂ ਆਈ। ਬਬੀਹੇ ਨੂੰ ਆਲ੍ਹਣਾ ਬਣਾਉਣ ਦੀ ਸਿਖਲਾਈ ਕਿਸ ਨੇ ਦਿੱਤੀ ਹੈ? ਮੱਝ ਆਪਣੇ ਹੀ ਕੱਟੇ ਨੂੰ ਦੁੱਧ ਕਿਉਂ ਚੁੰਘਣ ਦਿੰਦੀ ਹੈ, ਦੂਜੇ ਨੂੰ ਲੱਤਾਂ ਕਿਉਂ ਮਾਰਦੀ ਹੈ? ਚਿੜੀਆਂ ਆਪਣੇ ਬੱਚਿਆਂ ਦੇ ਮੂੰਹ ਵਿਚ ਲਿਆ ਕੇ ਦਾਣੇ ਤੇ ਪਾਣੀ ਪਾਉਂਦੀਆਂ ਹਨ। ਕੀੜੀ ਬਹੁਤ ਛੋਟਾ ਜਾਨਵਰ ਹੈ ਤੇ ਉਹ ਵੀ ਆਪਣੀ ਖੁੱਡ ਦੀ ਪਹਿਚਾਣ ਰੱਖਦੀ ਹੈ, ਆਪਣੀ ਖ਼ੁਰਾਕ ਪ੍ਰਾਪਤ ਕਰਨ ਉਪਰੰਤ ਆਪਣੀ ਖੁੱਡ ਵਿਚ ਮੁੜ ਪੁੱਜ ਜਾਂਦੀ ਹੈ। ਕੀੜੀਆਂ ਵਿਚ ਆਪਸੀ ਪਹਿਚਾਣ ਅਤੇ ਮਿਲਾਪ ਹੈ। ਇਕ ਕੀੜੀ ਦੇ ਪਿੱਛੇ- ਪਿੱਛੇ ਸਾਰੀਆਂ ਕੀੜੀਆਂ ਤੁਰਦੀਆਂ ਹਨ, ਸਗੋਂ ਪੂਰੇ ਜ਼ਾਬਤੇ ਵਿਚ। ਰਸਤਾ ਇੱਕੋ ਹੀ ਹੁੰਦਾ ਹੈ। ਇਕ ਪਾਸਿਓਂ ਲਾਈਨ ਬਣਾ ਕੇ ਚੱਲਦੀਆਂ ਹਨ ਅਤੇ ਦੂਜੇ ਪਾਸਿਓਂ ਲਾਈਨ ਬਣਾ ਕੇ ਆਉਂਦੀਆਂ ਹਨ। ਇਸ ਦਾ ਭਾਵ ਹੈ ਕਿ ਇਨ੍ਹਾਂ ਜੀਵਾਂ ਦੇ ਅੰਦਰ ਕੋਈ ਹਸਤੀ ਹੈ ਜਿਸ ਨੂੰ ਇਹ ਸਭ ਕੁਝ ਦਾ ਗਿਆਨ ਅੰਦਰੂਨੀ ਤੌਰ ’ਤੇ ਹੁੰਦਾ ਹੈ। ਇਹ ਹਸਤੀ ਸਭ ਤਰ੍ਹਾਂ ਦੀ ਅਗਵਾਈ ਤੇ ਪ੍ਰੇਰਨਾ ਦਿੰਦੀ ਹੈ। ਦਿਮਾਗ਼ ਰਾਹੀਂ ਤਾਂ ਉਹ ਸਿਰਫ਼ ਆਪਣੇ ਗਿਆਨ ਨੂੰ ਅਮਲ ਵਿਚ ਲਿਆਉਣ ਦੀ ਕਿਰਿਆ ਜਾਂ ਪ੍ਰਤੀਕਿਰਿਆ ਹੀ ਕਰਦੇ ਹਨ। ਇਸ ਲਈ ਗੁਰਮਤਿ ਅਨੁਸਾਰ ਸਾਰੇ ਜੀਵ- ਜੰਤੂਆਂ ਵਿਚ ਹਰੀ ਰੂਪੀ ਚੇਤਨਾ ਪ੍ਰਗਟ ਹੋ ਰਹੀ ਹੈ:

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥ (ਪੰਨਾ ੧੨੬੫)

ਕੁਦਰਤ ਦੇ ਨਿਯਮ ਅਟੱਲ ਹਨ। ਇਹ ਸਾਰਾ ਬ੍ਰਹਿਮੰਡ ਇੱਕ ਹੀ ਹੁਕਮ ਵਿਚ ਬੱਝਾ ਹੈ। ਪਦਾਰਥਵਾਦੀਆਂ ਨੇ ਇਸ ਨੂੰ ਗ਼ਲਤ ਸਿੱਧ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਸੰਸਾਰ ਦੇ ਸਾਰੇ ਪਦਾਰਥਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ, ਇਸ ਲਈ ਕੁਦਰਤ ਦੇ ਨਿਯਮ ਅਟੱਲ ਨਹੀਂ ਹਨ। ਇਹ ਤਾਂ ਸਦਾ ਬਦਲਦੇ ਰਹਿੰਦੇ ਹਨ। ਪਦਾਰਥਵਾਦੀਆਂ ਦੀ ਇਹ ਧਾਰਨਾ ਉਨ੍ਹਾਂ ਦੀ ਅਗਿਆਨਤਾ ਦਾ ਸਿੱਟਾ ਹੈ। ਧਰਮ ਕੁਦਰਤ ਦੇ ਨਿਯਮਾਂ ਨੂੰ ਅਟੱਲ ਕਹਿੰਦਾ ਹੈ ਤੇ ਮਾਦੇ ਦੀ ਤਬਦੀਲੀ ਉਸ ਤੋਂ ਬਾਹਰ ਨਹੀਂ ਹੁੰਦੀ। ਇਹ ਤਬਦੀਲੀ ਵੀ ਇਕ ਨਿਯਮ ਅਨੁਸਾਰ ਹੀ ਹੁੰਦੀ ਹੈ। ਧਰਤੀ ਉੱਤੇ ਕੁਦਰਤ ਨੇ ਸਰੀਰਿਕ ਬਣਤਰ ਤੋਂ ਲੈ ਕੇ ਪਹਾੜਾਂ, ਦਰਿਆਵਾਂ, ਬਨਸਪਤੀ ਆਦਿ ਤਕ ਇਕ ਨਿਸ਼ਚਿਤ ਪ੍ਰਬੰਧ ਕਾਇਮ ਕੀਤਾ ਹੋਇਆ ਹੈ। ਪਦਾਰਥਾਂ ਵਿਚ ਤਬਦੀਲੀ ਵੀ ਉਸੇ ਪ੍ਰਬੰਧ ਦਾ ਹੀ ਹਿੱਸਾ ਹੈ। ਸੋ ਇਕ ਅਟੱਲ ਨਿਯਮ ਤੋਂ ਬਿਨਾਂ ਸ੍ਰਿਸ਼ਟੀ ਦਾ ਪ੍ਰਬੰਧ ਚੱਲ ਹੀ ਨਹੀਂ ਸਕਦਾ। ਸੂਰਜ, ਚੰਦ, ਤਾਰੇ, ਗ੍ਰਹਿ, ਪ੍ਰਿਥਵੀ ਇਕ ਨਿਯਮ ਵਿਚ ਬੱਝੇ ਆਪਣੀ- ਆਪਣੀ ਥਾਂ ਕਾਇਮ ਹਨ। ਇਸ ਅਟੱਲ ਨਿਯਮ ਵਿਚ ਥੋੜ੍ਹੀ ਜਿਹੀ ਢਿੱਲ ਵੀ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ। ਗੁਰਬਾਣੀ ਵਿਚ ਸ੍ਰਿਸ਼ਟੀ ਦੇ ਇਸ ਪ੍ਰਬੰਧ ਨੂੰ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍‍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ ੪੬੪)

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਕੋਹ ਕਰੋੜੀ ਚਲਤ ਨ ਅੰਤੁ॥
ਭੈ ਵਿਚਿ ਸਿਧ ਬੁਧ ਸੁਰ ਨਾਥ॥
ਭੈ ਵਿਚਿ ਆਡਾਣੇ ਆਕਾਸ॥
ਭੈ ਵਿਚਿ ਜੋਧ ਮਹਾਬਲ ਸੂਰ॥
ਭੈ ਵਿਚਿ ਆਵਹਿ ਜਾਵਹਿ ਪੂਰ॥
ਸਗਲਿਆ ਭਉ ਲਿਖਿਆ ਸਿਰਿ ਲੇਖੁ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ (ਪੰਨਾ ੪੬੪)

ਸੰਸਾਰ ਨੂੰ ਚਲਾਉਣ ਵਾਲੀਆਂ ਦੋ ਸ਼ਕਤੀਆਂ ਹਨ- ਇਕ ਮਾਦਾ ਤੇ ਦੂਜੀ ਕੁਦਰਤ। ਮਾਦਾ ਆਪਣੇ ਆਪ ਵਿਚ ਇਕ ਨਿਰਜਿੰਦ ਪਦਾਰਥ ਹੈ। ਕੁਦਰਤ ਮਾਦੇ ਦੇ ਗੁਣਾਂ ਦੀ ਵਰਤੋਂ ਕਰ ਕੇ ਤਰ੍ਹਾਂ-ਤਰ੍ਹਾਂ ਦੀ ਰਚਨਾ ਕਰਦੀ ਹੈ। ਕੁਦਰਤ ਦੀ ਰਚਨਾ ਮਨੁੱਖੀ ਅਕਲ, ਗਿਆਨ ਅਤੇ ਸਮਰੱਥਾ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਪਦਾਰਥਵਾਦੀਆਂ ਦੀ ਇਹ ਬਹੁਤ ਵੱਡੀ ਭੁੱਲ ਹੈ ਕਿ ਉਹ ਕੁਦਰਤ ਦੀ ਸ਼ਕਤੀ ਨੂੰ ਵੀ ਮੰਨਣ ਲਈ ਤਿਆਰ ਨਹੀਂ ਹਨ। ਕੁਦਰਤ ਦੀ ਵਿਸ਼ਾਲ ਸ਼ਕਤੀ ਤੋਂ ਬਿਨਾਂ ਇਹ ਸੰਸਾਰ ਇੰਨਾ ਸੁਹਣਾ, ਸਜੀਵ ਤੇ ਵੰਨ-ਸੁਵੰਨਾ ਨਾ ਹੁੰਦਾ। ਕੁਦਰਤ ਨੇ ਜਿੰਨੇ ਜੀਵ, ਜਾਤੀਆਂ, ਬਨਸਪਤੀ, ਫਲ-ਫੁੱਲ, ਖਾਣੀਆਂ-ਬਾਣੀਆਂ, ਰਸ, ਰੰਗ, ਰੂਪ ਪੈਦਾ ਕੀਤੇ ਹਨ ਕਿ ਮਨੁੱਖ ਵਿਚਾਰਾ ਤਾਂ ਇਨ੍ਹਾਂ ਦੀ ਪੂਰੀ ਗਿਣਤੀ ਵੀ ਨਹੀਂ ਕਰ ਸਕਦਾ। ਕੁਦਰਤ ਨੇ ਰਸਹੀਣ ਮਿੱਟੀ ਵਿੱਚੋਂ ਸੁਆਦਲੇ ਪਦਾਰਥ ਪੈਦਾ ਕੀਤੇ ਹਨ। ਰੰਗਹੀਣ ਮਿੱਟੀ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਰੰਗੀਨ ਫੁੱਲ ਹੀ ਪੈਦਾ ਨਹੀਂ ਕੀਤੇ ਸਗੋਂ ਰੰਗਾਂ ਦੇ ਡਿਜ਼ਾਇਨ ਵੀ ਬਣਾਏ ਹਨ। ਤਿਤਲੀ ਦੇ ਖੰਭਾਂ ਉੱਤੇ ਇੰਨੇ ਡਿਜ਼ਾਇਨ ਬਣੇ ਹੋਏ ਕਿ ਮਨੁੱਖ ਆਪਣੇ ਬੁਰਸ਼ ਨਾਲ ਵੀ ਨਹੀਂ ਬਣਾ ਸਕਦਾ। ਹੋਰ ਵੀ ਜਾਨਵਰਾਂ ਦੇ ਸਰੀਰਾਂ ਅਤੇ ਪੰਛੀਆਂ ਦੇ ਖੰਭਾਂ ਉੱਤੇ ਵੱਖ-ਵੱਖ ਡਿਜ਼ਾਇਨ ਬਣੇ ਹੋਏ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਵੱਖਰੀ ਹੋਂਦ ਦੀ ਪਹਿਚਾਣ ਹੁੰਦੀ ਹੈ। ਜਾਨਵਰਾਂ ਦੇ ਖੰਭ ਨਿੱਕੇ-ਨਿੱਕੇ ਰੇਸ਼ਿਆਂ ਤੋਂ ਬਣਦੇ ਹਨ। ਰੇਸ਼ਿਆਂ ਦਾ ਮਾਦਾ ਵੱਖਰਾ-ਵੱਖਰਾ ਹੁੰਦਾ ਹੈ। ਇਸ ਮਾਦੇ ਨੂੰ ਕੁਦਰਤ ਬਰੀਕੀ ਨਾਲ ਰੰਗਦੀ ਹੈ ਤਾਂ ਜੋ ਉਨ੍ਹਾਂ ਤੋਂ ਇਕ ਡਿਜ਼ਾਇਨ ਬਣ ਜਾਵੇ। ਮੋਰ ਦੇ ਖੰਭ ਵਿਚ ਅਨੇਕ ਰੇਸ਼ੇ ਮਿਲ ਕੇ ਇਕ ਚੰਦ ਦੀ ਸ਼ਕਲ ਬਣਾ ਦਿੰਦੇ ਹਨ। ਜਿਵੇਂ ਕਿਸੇ ਚਿੱਤਰ ਨੂੰ ਵੇਖ ਕੇ ਅਸੀਂ ਉਸ ਦੇ ਬਣਾਉਣ ਵਾਲੇ ਦੀ ਪ੍ਰਸੰਸਾ ਕਰਦੇ ਹਾਂ, ਅਸੀਂ ਕੁਦਰਤ ਦੀ ਰਚਨਾ ਨੂੰ ਵੇਖ ਕੇ ਵੀ ਰਚਨਹਾਰ ਦੀ ਜ਼ਰਾ ਵੀ ਸਰਾਹਨਾ ਨਹੀਂ ਕਰ ਸਕਦੇ, ਕਿਉਂਕਿ ਅਸੀਂ ਪਦਾਰਥਵਾਦੀ ਹਾਂ।ਗੁਰਬਾਣੀ ਰਚਨਾ ਦੀ ਮਹਾਨਤਾ ਨੂੰ ਇਉਂ ਪ੍ਰਗਟ ਕਰਦੀ ਹੈ:

ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥
ਵਿਸਮਾਦੁ ਰੂਪ ਵਿਸਮਾਦੁ ਰੰਗ॥
ਵਿਸਮਾਦੁ ਨਾਗੇ ਫਿਰਹਿ ਜੰਤ॥ (ਪੰਨਾ ੪੬੩)

ਸ੍ਰਿਸ਼ਟੀ ਵਿਚ ਸਿਰਫ਼ ਜੀਵ-ਜੰਤ ਪੈਦਾ ਹੀ ਨਹੀਂ ਕੀਤੇ ਗਏ ਸਗੋਂ ਅੱਗੇ ਹੋਰ ਉਤਪਤੀ ਦੀ ਵਿਵਸਥਾ ਵੀ ਕੀਤੀ ਗਈ ਹੈ। ਕੁਦਰਤ ਨੇ ਹਰ ਜੀਵ-ਜੰਤੂ ਨੂੰ ਨਰ- ਮਦੀਨ ਵਿਚ ਵੰਡਿਆ ਹੋਇਆ ਹੈ। ਬਨਸਪਤੀ ਦੇ ਪੌਦਿਆਂ ਵਿਚ ਵੀ ਕਈ ਥਾਂ ਇਹ ਤੱਥ ਵੇਖਿਆ ਜਾਂਦਾ ਹੈ। ਜੇ ਇਹ ਜੀਵ-ਜੰਤ ਸਿਰਫ਼ ਮਾਦੇ ਤੋਂ ਹੀ ਪੈਦਾ ਹੁੰਦੇ ਤਾਂ ਇਹ ਨਰ-ਮਦੀਨ ਵਿਚ ਕਦੇ ਨਾ ਵੰਡੇ ਜਾਂਦੇ। ਮਾਦੇ ਦਾ ਆਪਣਾ ਕੋਈ ਦਿਮਾਗ਼ ਨਹੀਂ ਹੈ। ਮਾਦਾ ਇੰਨੀ ਲੰਮੀ ਦੀਰਘ ਸੋਚ ਦੀ ਯੋਜਨਾ ਨਹੀਂ ਬਣਾ ਸਕਦਾ। ਇਥੇ ਹੀ ਬਸ ਨਹੀਂ ਸਗੋਂ ਨਰ-ਮਦੀਨ ਦੇ ਸਰੂਪ ਵਿਚ ਹੀ ਅੰਤਰ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਪਹਿਚਾਣ ਹੋ ਸਕੇ ਤੇ ਉਨ੍ਹਾਂ ਵਿਚ ਇਕ ਦੂਜੇ ਪ੍ਰਤੀ ਖਿੱਚ ਵੀ ਹੋਵੇ। ਇਹ ਸੰਸਾਰ ਸਿਰਫ਼ ਪਰਬਤਾਂ ਜਾਂ ਦਰਿਆਵਾਂ ਦਾ ਹੀ ਨਹੀਂ ਬਣਿਆ ਹੋਇਆ। ਇਸ ਵਿਚ ਅਤਿ ਦਰਜੇ ਦੀ ਬਰੀਕੀ ਤੇ ਸੂਖ਼ਮ ਭਾਵਨਾਵਾਂ ਵੀ ਭਰਪੂਰ ਹਨ। ਇਹ ਵਡਮੁੱਲਾ ਖ਼ਜ਼ਾਨਾ ਸਿਰਫ਼ ਮਾਦੇ ਦੇ ਵੱਸ ਦੀ ਗੱਲ ਨਹੀਂ ਹੈ। ਇਸ ਪਿੱਛੇ ਜ਼ਰੂਰ ਕੋਈ ਵੱਡੀ ਚੇਤਨਾ ਹੀ ਹੋ ਸਕਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ (ਪੰਨਾ ੪੬੯)

ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ॥
ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ॥
..ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (ਪੰਨਾ ੫੮੦)

ਸੰਸਾਰ ਉੱਤੇ ਜਿੰਨਾ ਵੀ ਵਿਕਾਸ ਹੋਇਆ ਉਸ ਵਿਚ ਵੀ ਕੁਦਰਤ ਦਾ ਬਹੁਤ ਵੱਡਾ ਯੋਗਦਾਨ ਹੈ। ਮਨੁੱਖ ਰਾਹੀਂ ਵੀ ਜੋ ਵਿਕਾਸ ਹੋਇਆ ਹੈ ਉਹ ਵੀ ਕੁਦਰਤ ਦਾ ਹੀ ਯੋਗਦਾਨ ਮੰਨਿਆ ਜਾ ਸਕਦਾ ਹੈ ਕਿਉਂਕਿ ਮਨੁੱਖ ਆਪਣੇ ਆਪ ਵਿਚ ਕੁਦਰਤ ਦੀ ਹੀ ਇਕ ਰਚਨਾ ਹੈ। ਕੁਦਰਤ ਦੀ ਸਹਾਇਤਾ ਅਤੇ ਅਨੁਕੂਲਤਾ ਤੋਂ ਬਿਨਾਂ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ। ਕੁਦਰਤ ਨੇ ਧਰਤੀ ’ਤੇ ਤਾਪਮਾਨ, ਬਾਰਸ਼ ਆਦਿ ਨੂੰ ਕੰਟਰੋਲ ਕੀਤਾ ਹੈ। ਮਨੁੱਖੀ ਸਰੀਰ ਦਾ ਤਾਪਮਾਨ, ਨਰਵਸ ਸਿਸਟਮ, ਲਹੂ ਦਾ ਦੌਰਾ, ਸੁਆਸ-ਕਿਰਿਆ ਸਭ ਕੁਦਰਤ ਨੇ ਆਪਣੇ ਨਿਯੰਤਰਨ ਵਿਚ ਰੱਖਿਆ ਹੈ। ਇਸ ਵਿਚ ਥੋੜ੍ਹੀ ਜਿਹੀ ਗੜਬੜ ਨਾਲ ਮਨੁੱਖ ਅਸਮਰੱਥ ਤੇ ਅਸਵਸਥ ਹੋ ਜਾਂਦਾ ਹੈ। ਇਸ ਲਈ ਗੁਰਬਾਣੀ ਮਨੁੱਖ ਨੂੰ ਇਹ ਗਿਆਨ ਦਿੰਦੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬ ਦੀ ਰਜ਼ਾ ਵਿਚ ਹੋ ਰਿਹਾ ਹੈ। ਮਨੁੱਖ ਕੁਝ ਕਰਨ ਦੇ ਯੋਗ ਨਹੀਂ ਹੈ। ਮਨੁੱਖ ਨੂੰ ਆਪਣੀ ਹਉਮੈ ਦੀ ਥਾਂ ਪਰਮਾਤਮਾ ਦੀ ਰਜ਼ਾ ਵਿਚ ਹੀ ਰਹਿਣਾ ਚਾਹੀਦਾ ਹੈ:

ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ॥
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ॥1॥
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ॥1॥ਰਹਾਉ॥
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ॥
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ॥2॥
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ॥3॥
ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ॥
ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ॥4॥ (ਪੰਨਾ ੭੩੬)

ਮਨੁੱਖ ਦੀ ਹੋਂਦ ਜੇ ਦੇਖੀ ਜਾਵੇ ਤਾਂ ਨਿਰੋਲ ਪਦਾਰਥ ਤੋਂ ਬਹੁਤ ਪਾਰ ਤਕ ਜਾਂਦੀ ਹੈ। ਮਨੁੱਖ ਨਿਰਾ ਖਾਣ-ਪੀਣ ਤਕ ਸੀਮਤ ਨਹੀਂ ਰਹਿੰਦਾ। ਉਸ ਨੂੰ ਖਾਣਾ ਸੁਆਦੀ ਵੀ ਚਾਹੀਦਾ ਹੈ ਤੇ ਚੰਗੀ ਤਰ੍ਹਾਂ ਪਰੋਸਿਆ ਹੋਇਆ ਵੀ ਚਾਹੀਦਾ ਹੈ। ਮਨੁੱਖ ਨੂੰ ਸੁਹਣੀ ਪੌਸ਼ਾਕ ਵੀ ਚਾਹੀਦੀ ਹੈ। ਉਸ ਨੂੰ ਸਮਾਜ ਵਿਚ ਮਾਨ-ਸਨਮਾਨ ਵੀ ਚਾਹੀਦਾ ਹੈ। ਮਨੁੱਖ ਦਾ ਪਤੀ ਅਤੇ ਪਤਨੀ ਵਿਚਕਾਰ ਇਕ ਦੂਜੇ ਨਾਲ ਰਿਸ਼ਤਾ ਸਿਰਫ਼ ਸਰੀਰਿਕ ਨਹੀਂ ਹੁੰਦਾ; ਉਹ ਉਸ ਤੋਂ ਮਨ ਕਰਕੇ ਪਿਆਰ, ਇੱਜ਼ਤ ਤੇ ਵਫ਼ਾਦਾਰੀ ਦੀ ਵੀ ਮੰਗ ਕਰਦੇ ਹਨ। ਮਨੁੱਖ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਭਾਵਨਾਵਾਂ, ਇੱਛਾਵਾਂ ਅਤੇ ਤ੍ਰਿਸ਼ਨਾਵਾਂ ਸਰੀਰ ਦੇ ਦਿਮਾਗ਼ ਵਿੱਚੋਂ ਨਹੀਂ ਸਗੋਂ ਮਨ ਵਿੱਚੋਂ ਪੈਦਾ ਹੁੰਦੀਆਂ ਹਨ। ਮਨੁੱਖ ਇਸ ਸੰਸਾਰ ਨਾਲੋਂ, ਸਰੀਰ ਤੋਂ ਕਿਤੇ ਵੱਧ ਆਪਣੇ ਮਨ ਵਿਚ ਹੀ ਵਿਚਰਦਾ ਹੈ। ਉਹ ਆਪਣੇ ਮਨ ਵਿਚ ਅਨੇਕ ਤਰ੍ਹਾਂ ਦੇ ਖ਼ਿਆਲ ਹਰ ਵੇਲੇ ਉਸਾਰਦਾ ਰਹਿੰਦਾ ਹੈ। ਬਿਨਾਂ ਜੀਭ ਤੇ ਹੋਂਠ ਹਿਲਾਉਣ ਤੋਂ ਆਪਣੇ ਮਨ ਵਿਚ ਹੀ ਗੱਲਾਂ ਤੇ ਸੁਆਲ-ਜੁਆਬ ਕਰਦਾ ਰਹਿੰਦਾ ਹੈ। ਕਈ ਤਰ੍ਹਾਂ ਦੇ ਨਕਸ਼ੇ-ਤਸਵੀਰਾਂ ਉਸ ਦੇ ਮਨ ਵਿਚ ਸਾਹਮਣੇ ਆਉਂਦੇ ਰਹਿੰਦੇ ਹਨ। ਉਸ ਦਾ ਤਨ ਕਿਤੇ ਹੋਰ ਹੁੰਦਾ ਹੈ ਮਨ ਕਿਤੇ ਹੋਰ। ਰਿਸ਼ੀਆਂ-ਮੁਨੀਆਂ ਨੇ ਸੁਰਤ ਦੀਆਂ ਤਿੰਨ ਅਵਸਥਾਵਾਂ ਮੰਨੀਆਂ ਹਨ- ਜਾਗ੍ਰਿਤ, ਸੁਪਨ ਤੇ ਸੁਖੋਪਤਿ। ਜਾਗ੍ਰਿਤ ਅਵਸਥਾ ਵਿਚ ਵੀ ਸੁਰਤ ਵਧੇਰੇ ਮਨ ਵਿਚ ਹੀ ਰਹਿੰਦੀ ਹੈ। ਸੁਪਨ ਅਵਸਥਾ ਤਾਂ ਸਾਰੀ ਮਨ ਦੀ ਹੀ ਕਿਰਿਆ ਹੈ। ਇਸ ਵਿਚ ਇੰਦਰੀਆਂ ਤੇ ਦਿਮਾਗ਼ ਆਰਾਮ ਕਰਦੇ ਹਨ ਪਰ ਮਨ ਤੇ ਸੁਰਤ ਕਾਇਮ ਰਹਿੰਦੀ ਹੈ। ਦਿਮਾਗ਼ ਇਕ ਸਥੂਲ ਚੀਜ਼ ਹੈ, ਇਹ ਸਿਰਫ਼ ਪ੍ਰਤੱਖ ਗਿਆਨ ਹੀ ਪ੍ਰਾਪਤ ਕਰ ਸਕਦਾ ਹੈ। ਮਨ ਦਾ ਆਧਾਰ ਸਰਬਵਿਆਪੀ ਚੇਤਨਾ ਹੈ। ਇਹ ਜਿੱਥੇ ਚਾਹੇ ਘੁੰਮ ਸਕਦਾ ਹੈ। ਇਸ ਲਈ ਮਨੁੱਖ ਮੂਲ ਰੂਪ ਵਿਚ ਮਨ ਹੀ ਹੈ। ਮਨ ਹੀ ਹੈ ਜੋ ਸੁਖ-ਦੁੱਖ, ਮਾਨ-ਅਪਮਾਨ, ਖ਼ੁਸ਼ੀ-ਗ਼ਮੀ, ਮਿਲਾਪ-ਵਿਛੋੜਾ ਮਹਿਸੂਸ ਕਰਦਾ ਹੈ। ਮਨ ਹੀ ਜ਼ੁਲਮ ਤੋਂ ਪ੍ਰੇਸ਼ਾਨ ਹੁੰਦਾ ਹੈ, ਇਨਸਾਫ਼ ਦੀ ਮੰਗ ਕਰਦਾ ਹੈ। ਮਨ ਨੂੰ ਹੀ ਬਹੁਤ ਸਾਰੇ ਪਦਾਰਥਾਂ ਦੀ ਭੁੱਖ ਹੁੰਦੀ ਹੈ ਕਿਉਂਕਿ ਮਨ ਪਦਾਰਥ ਨਹੀਂ ਹੈ। ਇਕ ਪਦਾਰਥ ਨੂੰ ਹੋਰ ਪਦਾਰਥਾਂ ਦੀ ਭੁੱਖ ਨਹੀਂ ਹੋ ਸਕਦੀ। ਮਨ ਦੇ ਅੰਦਰ ਹੀ ਸਮਾਜਿਕ ਨਾਬਰਾਬਰੀ ਤੇ ਆਰਥਿਕ ਕਾਣੀ ਵੰਡ ਦਾ ਰੋਸ ਪੈਦਾ ਹੁੰਦਾ ਹੈ। ਇਹ ਮਨ ਹੀ ਹੈ ਜੋ ਆਰਥਿਕ ਕ੍ਰਾਂਤੀ ਨੂੰ ਜਨਮ ਦਿੰਦਾ ਹੈ। ਇਸ ਲਈ ਕ੍ਰਾਂਤੀ ਵੀ ਕੁਦਰਤ ਤੇ ਮਨ ਦੀ ਹੀ ਉਪਜ ਹੈ। ਮਨ ਦੀ ਤਾਕਤ ਨਾਲ ਹੀ ਮਨੁੱਖ ਤਾਕਤਵਰ ਹੁੰਦਾ ਹੈ। ਮਨ ਢਹਿ ਜਾਏ ਤਾਂ ਤਨ ਵੀ ਢੇਰੀ ਹੋ ਜਾਂਦਾ ਹੈ। ਮਨੁੱਖ ਦੀ ਸ਼ਕਤੀ ਦਾ ਸ੍ਰੋਤ ਮਨ ਤੇ ਮਨ ਦੀ ਸ਼ਕਤੀ ਦਾ ਸ੍ਰੋਤ ਪਰਮ-ਚੇਤਨਾ। ਇਸ ਲਈ ਗੁਰਬਾਣੀ ਪਰਮਾਤਮਾ ਦੀ ਸ਼ਕਤੀ ਨੂੰ ਮਨ ਦਾ ਮੂਲ ਮੰਨਦੀ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (ਪੰਨਾ ੪੪੧)

ਪਦਾਰਥਵਾਦੀ ਸਿਧਾਂਤ ਨੇ ਸਮਾਜ ’ਤੇ ਇਕ ਹੋਰ ਬੁਰਾ ਪ੍ਰਭਾਵ ਪਾਇਆ ਹੈ। ਇਸ ਨੇ ਮਨੁੱਖੀ ਸੋਚ ਨੂੰ ਹੀ ਪਦਾਰਥਵਾਦੀ ਬਣਾ ਦਿੱਤਾ ਹੈ। ਇਸ ਨਾਲ ਮਨੁੱਖਾਂ ਵਿਚ ਪਦਾਰਥਾਂ ਨੂੰ ਇਕੱਤਰ ਕਰਨ ਦੀ ਹੋੜ ਲੱਗੀ ਹੋਈ ਹੈ ਤੇ ਮਨੁੱਖ ਨੇ ਨੈਤਿਕ ਕਦਰਾਂ- ਕੀਮਤਾਂ ਨੂੰ ਛੱਡ ਕੇ ਵਿਸ਼ੇ-ਭੋਗਾਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਹੈ। ਸਾਰੇ ਮਨੁੱਖਾਂ ਦਾ ਇੱਕੋ ਹੀ ਅਸਲਾ ਹੈ ਤੇ ਸਭ ਦੀ ਫ਼ਿਤਰਤ ਵੀ ਇੱਕੋ ਹੀ ਹੈ। ਸਾਰਿਆਂ ਵਿਚ ਗੁਣ-ਅਵਗੁਣ ਇੱਕੋ ਤਰ੍ਹਾਂ ਦੇ ਮੌਜੂਦ ਹੁੰਦੇ ਹਨ। ਇਸ ਲਈ ਆਰਥਿਕ ਕ੍ਰਾਂਤੀ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਪੂੰਜੀ ਕੁਝ ਹੱਥਾਂ ਵਿੱਚੋਂ ਨਿਕਲ ਕੇ ਦੂਜੇ ਹੱਥਾਂ ਵਿਚ ਚਲੀ ਜਾਂਦੀ ਹੈ। ਅਸਲ ਕ੍ਰਾਂਤੀ ਮਨੁੱਖ ਦੇ ਕਿਰਦਾਰ ਨੂੰ ਬਦਲਣ ਵਿਚ ਹੈ। ਮਨੁੱਖੀ ਕਿਰਦਾਰ ਬਾਰੇ ਗੁਰਬਾਣੀ ਵਿਚ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ:

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥  (ਪੰਨਾ ੪੮੭)

ਸਾਇੰਸ ਦੀ ਤਰੱਕੀ ਦੇ ਬਾਵਜੂਦ ਮਨੁੱਖ ਨੂੰ ਅਜੇ ਪਦਾਰਥ ਦਾ ਪੂਰਾ ਗਿਆਨ ਨਹੀਂ ਹੋ ਸਕਿਆ। ਕੁਦਰਤ ਦੇ ਭੇਦ ਉਹ ਜਾਣ ਨਹੀਂ ਸਕਿਆ। ਇਸੇ ਤਰ੍ਹਾਂ ਮਨੁੱਖ ਨੂੰ ਆਪਣੀ ਕਾਇਆ ਦੇ ਅੰਦਰ ਛੁਪੇ ਗੁੱਝੇ ਰਹੱਸਾਂ ਦੀ ਵੀ ਜਾਣਕਾਰੀ ਨਹੀਂ ਹੈ। ਅਗਿਆਨਤਾ-ਵੱਸ ਮਨੁੱਖ ਬਾਹਰਲੇ ਪਦਾਰਥਾਂ ਦੇ ਰਸ-ਭੋਗ ਵੱਲ ਤਾਂ ਦੌੜਦਾ ਹੈ ਪਰ ਆਪਣੀ ਕਾਇਆ ਦੇ ਅੰਦਰ ਦੀ ਖੋਜ ਨਹੀਂ ਕਰਦਾ। ਗੁਰਮਤਿ ਅਨੁਸਾਰ ਜੋ ਬਾਹਰਲੇ ਸੰਸਾਰ ਵਿਚ ਰਸ-ਰੰਗ-ਰੂਪ ਹਨ ਉਹ ਸਾਰਾ ਕੁਝ ਸੂਖ਼ਮ ਰੂਪ ਵਿਚ ਮਨੁੱਖ ਦੇ ਮਨ ਵਿਚ ਵੀ ਮੌਜੂਦ ਹੈ। ਸੋ ਮਨੁੱਖ ਨੂੰ ਚਾਹੀਦਾ ਹੈ ਕਿ ਬਾਹਰਲੇ ਪਦਾਰਥਾਂ ਦੀ ਤ੍ਰਿਸ਼ਨਾ ਛੱਡ ਕੇ ਆਪਣੇ ਮੂਲ ਨੂੰ ਪਛਾਣਨ ਦਾ ਯਤਨ ਕਰੇ। ਬਾਹਰਲਾ ਸੰਸਾਰ ਬੇਅੰਤ ਹੈ ਅਤੇ ਅਸਥਿਰ ਹੈ, ਇਹ ਕਦੇ ਵੀ ਮਨੁੱਖ ਦੀ ਪਕੜ ਵਿਚ ਨਹੀਂ ਆ ਸਕਦਾ। ਮਨੁੱਖ ਜੇ ਯਤਨ ਕਰੇ ਆਪਣੇ ਸਵੈ ਨੂੰ ਜ਼ਰੂਰ ਪਹਿਚਾਣ ਸਕਦਾ ਹੈ। ਕਿਉਂਕਿ ਮਨੁੱਖ ਦਾ ਸਵੈ ਹੀ ਉਸ ਦੇ ਸਭ ਤੋਂ ਨੇੜੇ ਹੈ ਇਸ ਲਈ ਮਨੁੱਖ ਨੂੰ ਆਤਮ ਪਦਾਰਥ ਦੀ ਖੋਜ ਵਿਚ ਲੱਗੇ ਰਹਿਣਾ ਚਾਹੀਦਾ ਹੈ:

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਪੰਨਾ ੬੯੫)

ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ॥
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ॥ (ਪੰਨਾ ੪੨੫)

ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ॥
ਇਸੁ ਕਾਇਆ ਅੰਦਰਿ ਨਉ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ॥
ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ॥ (ਪੰਨਾ ੭੫੪)

ਗੁਰਮਤਿ ਸਮਾਜਿਕ ਬਰਾਬਰੀ ਅਤੇ ਆਰਥਿਕ ਬਰਾਬਰੀ ਦੇ ਨਾਲ ਮਨੁੱਖ ਦੀ ਸੋਚ ਨੂੰ ਵੀ ਉੱਚਾ ਕਰਦੀ ਹੈ। ਮਨੁੱਖੀ ਕਿਰਦਾਰ ਵਿਚ ਕ੍ਰਾਂਤੀ ਲਿਆ ਕੇ ਆਦਰਸ਼ਕ ਸ਼ਖ਼ਸੀਅਤਾਂ ਪੈਦਾ ਕਰਨਾ ਗੁਰਮਤਿ ਦਾ ਉਦੇਸ਼ ਹੈ। ਇਸ ਦੇ ਟਾਕਰੇ ’ਤੇ ਪਦਾਰਥਵਾਦ ਵਿਚ ਮਨੁੱਖੀ ਕਿਰਦਾਰ ਜਾਂ ਉਸ ਦੀ ਸ਼ਖ਼ਸੀਅਤ ਦਾ ਕੋਈ ਮੁੱਲ ਨਹੀਂ ਹੁੰਦਾ। ਪਦਾਰਥਵਾਦ ਅਨੁਸਾਰ ਮਨੁੱਖ ਇਕ ਕੰਮ ਕਰਨ ਵਾਲੀ ਮਸ਼ੀਨ ਤੇ ਅੰਨ ਦਾ ਕੀੜਾ ਹੀ ਬਣ ਕੇ ਰਹਿ ਜਾਂਦਾ ਹੈ। ਗੁਰਮੁਖ ਪਦਾਰਥਾਂ ਵਿਚ ਰਹਿੰਦਾ ਹੋਇਆ ਵੀ ਪਦਾਰਥਾਂ ਤੋਂ ਉੱਪਰ ਹੁੰਦਾ ਹੈ। ਉਹ ਅਮਰ ਪਦਾਰਥ ਦਾ ਖੋਜੀ ਹੈ। ਉਹ ਪਦਾਰਥ ਇਕੱਠੇ ਕਰਨ ਦੀ ਥਾਂ ਆਪਣੀ ਹੋਂਦ ਨੂੰ, ਆਪਣੀ ਸੁਰਤ ਨੂੰ ਫੜਨ ਦਾ ਯਤਨ ਕਰਦਾ ਹੈ। ਗੁਰਬਾਣੀ ਦੀ ਸੇਧ ਤੇ ਗੁਰੂ ਦੀ ਕਿਰਪਾ ਨਾਲ ਉਹ ਆਪਣੇ ਮਿਸ਼ਨ ਵਿਚ ਸਫ਼ਲ ਹੋ ਜਾਂਦਾ ਹੈ ਤੇ ਮਨੁੱਖੀ ਪੱਧਰ ਤੋਂ ਉੱਠ ਕੇ ਦੇਵਤਿਆਂ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ ੪੬੨)

ਸੋ ਪਦਾਰਥਵਾਦ ਦੇ ਟਾਕਰੇ ’ਤੇ ਗੁਰਮਤਿ ਇਕ ਵਿਸ਼ਾਲ, ਸਰਬਪੱਖੀ ਤੇ ਮਹਾਨ ਕ੍ਰਾਂਤੀਕਾਰੀ ਸਿਧਾਂਤ ਹੈ। ਗੁਰਮਤਿ ਸਿਧਾਂਤ, ਸਮਾਜਿਕ, ਰਾਜਨੀਤਿਕ, ਆਰਥਿਕ, ਸਦਾਚਾਰਕ, ਪਰਵਾਰਿਕ, ਵਿਸ਼ਵ ਭਾਈਚਾਰਕ ਤੇ ਆਤਮਿਕ ਗਿਆਨ ਨਾਲ ਸਰਸ਼ਾਰ ਹੈ। ਗੁਰਮਤਿ ਦੇ ਮਹਾਨ ਸੰਦੇਸ਼ ਨੇ ਉੱਚੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ ਜਿਨ੍ਹਾਂ ਨੇ ਇਤਿਹਾਸ ਦੇ ਵਹਿਣ ਮੋੜ ਦਿੱਤੇ। ਆਰਥਿਕ ਬਰਾਬਰੀ, ਕਿਰਤ ਕਰਨਾ, ਵੰਡ ਛਕਣਾ ਉਨ੍ਹਾਂ ਦੇ ਸਧਾਰਨ ਜੀਵਨ ਦਾ ਇਕ ਅੰਗ ਹੈ। ਇਹ ਸਿਧਾਂਤ ਮਨੁੱਖ ਨੂੰ ਸਰਬ ਪ੍ਰਕਾਰ ਦੇ ਪਦਾਰਥ ਪ੍ਰਦਾਨ ਕਰਦਾ ਹੈ। ਉਸ ਨੂੰ ਸਰੀਰਿਕ ਸੁਖ ਵੀ ਦਿੰਦਾ ਹੈ ਤੇ ਉਸ ਦੇ ਮਨ ਦੀ ਤ੍ਰਿਪਤੀ ਵੀ ਕਰਦਾ ਹੈ। ਇਹ ਇਕ ਅਜਿਹਾ ਸਹੀ ਮਾਰਗ ਹੈ ਜਿਸ ਉੱਤੇ ਚੱਲਣ ਵਿਚ ਹੀ ਮਨੁੱਖਤਾ ਦੀ ਭਲਾਈ ਤੇ ਸਰਬੋਤਮ ਪ੍ਰਾਪਤੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)