editor@sikharchives.org
Gurmat Sangeet Diyan Lok-Gayan-Shailian

ਗੁਰਮਤਿ ਸੰਗੀਤ ਦੀਆਂ ਲੋਕ-ਗਾਇਨ-ਸ਼ੈਲੀਆਂ

ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਗਾਇਨ ਹਿਤ ਸਿੱਖ ਗੁਰੂ ਸਾਹਿਬਾਨ ਨੇ ਸ਼ਾਸਤਰੀ (ਮਾਰਗੀ) ਅਤੇ ਲੋਕ (ਦੇਸੀ) ਗਾਇਨ-ਸ਼ੈਲੀਆਂ ਦਾ ਪ੍ਰਯੋਗ ਕੀਤਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਮਤਿ ਸੰਗੀਤ ਭਾਰਤੀ ਸੰਗੀਤ ਦੀ ਇਕ ਨਿਵੇਕਲੀ ਅਤੇ ਵਿਲੱਖਣ ਪਰੰਪਰਾ ਹੈ। ਇਹ ਸਿੱਖ ਧਰਮ ਦੁਆਰਾ ਪ੍ਰਵਾਨਿਤ ਅਤੇ ਪ੍ਰਮਾਣਿਕ ਵਿਹਾਰਕ ਪਰੰਪਰਾ ਵਜੋਂ ਮੂਰਤੀਮਾਨ ਹੁੰਦੀ ਹੈ। ਗੁਰਮਤਿ ਸੰਗੀਤ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਖਸਮ ਦਾ ਢਾਢੀ1 ਆਖਦਿਆਂ ਉਸ ਖਾਲਕ ਦੇ ਆਦੇਸ਼2 ਨੂੰ ਸਰਬ ਲੋਕਾਈ ਤਕ ਸੰਚਾਰਿਤ ਕਰਨ ਲਈ ਸ਼ਬਦ-ਕੀਰਤਨ ਨੂੰ ਮਾਧਿਅਮ ਬਣਾਇਆ। ਇਸ ਸ਼ਬਦ-ਕੀਰਤਨ ਵਿਚ ਖਸਮ ਦੀ ਬਾਣੀ3 ਨੂੰ ਸੰਚਾਰਿਤ ਕਰਨ ਹਿੱਤ ਸੰਗੀਤ ਦਾ ਮੌਲਿਕ ਤੇ ਵਿਲੱਖਣ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ। ਬਾਣੀ ਦੀ ਆਮਦ ਅਤੇ ਬਾਣੀ ਦੀ ਪੇਸ਼ਕਾਰੀ ਦੋਹਾਂ ਵਿਚ ਸੰਗੀਤ ਦਾ ਖ਼ਾਸ ਸਥਾਨ ਹੈ। ਸ਼ਬਦ ਅਤੇ ਸੰਗੀਤ ਦੇ ਸੁਮੇਲ ਸ਼ਬਦ-ਕੀਰਤਨ ਦੇ ਸਮੁੱਚੇ ਵਿਧੀ-ਵਿਧਾਨ ਅਤੇ ਪੇਸ਼ਕਾਰੀ ਦੀ ਪ੍ਰਕ੍ਰਿਆ ਨੂੰ ‘ਗੁਰਮਤਿ ਸੰਗੀਤ’ ਕਿਹਾ ਜਾਂਦਾ ਹੈ। ਗੁਰਮਤਿ ਸੰਗੀਤ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ/ਸ਼ਬਦ ਦੀ ਪੇਸ਼ਕਾਰੀ ਲਈ ਸੁਨਿਸਚਿਤ ਸੰਗੀਤ ਪ੍ਰਬੰਧ ਦੀ ਸਿਰਜਣਾ ਕੀਤੀ, ਜਿਸ ਅਧੀਨ ਰਾਗ, ਰਹਾਉ, ਅੰਕ, ਗਾਇਨ-ਸ਼ੈਲੀਆਂ ਅਤੇ ਹੋਰ ਸੰਗੀਤਕ ਤੱਤ ਆਉਂਦੇ ਹਨ ਜੋ ਗਾਇਕ ਦਾ ਮਾਰਗ-ਦਰਸ਼ਨ ਕਰਦੇ ਅਤੇ ਬਾਣੀ ਦੇ ਸੰਚਾਰ ਵਿਚ ਸਹਾਈ ਹੁੰਦੇ ਹਨ।

ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਗਾਇਨ ਹਿਤ ਸਿੱਖ ਗੁਰੂ ਸਾਹਿਬਾਨ ਨੇ ਸ਼ਾਸਤਰੀ (ਮਾਰਗੀ) ਅਤੇ ਲੋਕ (ਦੇਸੀ) ਗਾਇਨ-ਸ਼ੈਲੀਆਂ ਦਾ ਪ੍ਰਯੋਗ ਕੀਤਾ ਹੈ। ਇਸ ਵਿਚ ਇਨ੍ਹਾਂ ਸ਼ੈਲੀਆਂ ਨੂੰ ਸੰਗੀਤਕ ਨਾਮ ਦੀ ਬਜਾਏ ਸ਼ਬਦ ਪ੍ਰਧਾਨ ਹੋਣ ਕਾਰਨ ਕਾਵਿਕ ਨਾਮ ਦਿੱਤਾ ਗਿਆ ਹੈ ਕਿਉਂ ਜੋ ਬਾਣੀ ਕਾਵਿਕ ਜਾਮੇ ਵਿਚ ਦਰਜ ਹੈ। ਭਿੰਨ-ਭਿੰਨ ਕਾਵਿ-ਰੂਪ ਭਿੰਨ-ਭਿੰਨ ਸ਼ਾਸਤਰੀ ਅਤੇ ਲੋਕ-ਗਾਇਨ-ਸ਼ੈਲੀਆਂ ਉੱਤੇ ਆਧਾਰਿਤ ਹਨ। ਗੁਰਮਤਿ ਸੰਗੀਤ ਦੀਆਂ ਇਨ੍ਹਾਂ ਗਾਇਨ-ਸ਼ੈਲੀਆਂ ਦੀ ਇਹ ਵਿਲੱਖਣਤਾ ਹੈ ਕਿ ਇਨ੍ਹਾਂ ਸ਼ੈਲੀਆਂ ਨੂੰ ਸ਼ਾਸਤਰੀ ਸੰਗੀਤ ਦੇ ਵਿਭਿੰਨ ਸਿਧਾਂਤਾਂ ਦੁਆਰਾ ਸੰਗੀਤਬੱਧ ਕਰਨ ਦੀ ਪਰੰਪਰਾ ਹੈ। ਇਹ ਸਿਧਾਂਤ ਭਾਵੇਂ ਭਾਰਤੀ ਸ਼ਾਸਤਰੀ ਸੰਗੀਤ ਦੇ ਆਧਾਰ ’ਤੇ ਉਤਪੰਨ ਹੋਏ ਹਨ ਪਰ ਇਨ੍ਹਾਂ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੇ ਅਨੁਸ਼ਾਸਨ ਦੀ ਕੱਟੜਤਾ ਨਾਲ ਗੁਰਮਤਿ ਸੰਗੀਤ ਦੇ ਅਨੁਸ਼ਾਸਨ ਦਾ ਬੰਧੇਜ ਹੈ, ਜਿਸ ਦੇ ਅੰਤਰਗਤ ਅਧਿਆਤਮ ਆਨੰਦ ਅਤੇ ਅਧਿਆਤਮ ਬੋਧ ਦਾ ਲਕਸ਼ ਨਿਰਧਾਰਣ ਹੈ। ਗੁਰਮਤਿ ਸੰਗੀਤ ਵਿਚ ਸ਼ਾਸਤਰੀ ਗਾਇਨ-ਸ਼ੈਲੀਆਂ ਦੇ ਕੱਟੜ ਨਿਯਮਾਂ ਨੂੰ ਸਹਿਜ ਅਤੇ ਲੋਕ-ਗਾਇਨ-ਸ਼ੈਲੀਆਂ ਦੀ ਆਪਮੁਹਾਰੀ ਖੁਲ੍ਹ ਨੂੰ ਗੁਰਮਤਿ ਸੰਗੀਤ ਵਿਧਾਨ ਦੇ ਨਿਯਮਾਂ ਦਾ ਅੰਕੁਸ਼ ਲਗਾ ਦਿੱਤਾ ਹੈ ਜਿਸ ਦੇ ਅੰਤਰਗਤ ਸ਼ਾਸਤਰੀ ਗਾਇਨ-ਸ਼ੈਲੀਆਂ ਤੋਂ ਇਲਾਵਾ ਲੋਕ-ਗਾਇਨ-ਸ਼ੈਲੀਆਂ ਨੂੰ ਰਾਗ ਸਹਿਤ ਅੰਕਿਤ ਕੀਤਾ ਗਿਆ ਹੈ।

ਸੰਗੀਤ ਵਿਚ ਰਾਗ ਮਹੱਤਵਪੂਰਨ ਇਕਾਈ ਹੈ। ਰਾਗ ਪ੍ਰਕਾਰ ਅਧੀਨ ਸਨਾਤਨੀ ਤੇ ਦੇਸੀ ਰੂਪ ਦੋਵੇਂ ਹੀ ਗਾਇਨ ਵਿਚ ਪ੍ਰਚਲਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਨਾਤਨੀ ਕਾਵਿ-ਰੂਪਾਂ ਲਈ ਸਨਾਤਨੀ ਰਾਗਾਂ ਦੇ ਅੰਤਰਗਤ ਅਤੇ ਲੋਕ-ਕਾਵਿ- ਰੂਪਾਂ ਨੂੰ ਦੇਸੀ ਰਾਗਾਂ ਦੇ ਅਧੀਨ ਰੱਖਿਆ ਗਿਆ ਹੈ ਅਤੇ ਇਨ੍ਹਾਂ ਲਈ ਸਪੱਸ਼ਟ ਰੂਪ ਵਿਚ ਗਾਇਨ ਪ੍ਰਕਾਰ ਵੀ ਦਿੱਤੇ ਗਏ ਹਨ। ਸਨਾਤਨੀ ਗਾਇਨ-ਸ਼ੈਲੀ ਕਲਾਸਕੀ ਨਿਯਮਾਂ ਦੀ ਪਾਲਣਾ ਕਰਦੀ ਹੈ ਜਦੋਂ ਕਿ ਲੋਕ-ਅੰਗ ਦੀਆਂ ਗਾਇਨ-ਸ਼ੈਲੀਆਂ ਉਹ ਹਨ ਜਿਹੜੀਆਂ ਵੱਖ-ਵੱਖ ਖਿੱਤਿਆਂ, ਜਾਤਾਂ, ਪ੍ਰਾਂਤਾਂ ਦੇ ਮਨੁੱਖੀ ਜੀਵਨ ਵਿਚ ਭਾਵਾਂ ਦੇ ਪ੍ਰਗਟਾਅ ਲਈ ਪ੍ਰਯੋਗ ਹੁੰਦੀਆਂ ਹਨ। ਇਨ੍ਹਾਂ ਸ਼ੈਲੀਆਂ ਵਿਚ ਉਥੋਂ ਦੀ ਸੰਸਕ੍ਰਿਤੀ, ਸਭਿਅਤਾ ਦੀ ਝਲਕ ਮਿਲਦੀ ਹੈ। ਬਾਣੀ ਦੇ ਅੰਤਰਗਤ ਲੋਕ-ਗਾਇਨ-ਸ਼ੈਲੀ ਦਾ ਪ੍ਰਯੋਗ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਕਿ ਆਪਣੇ-ਆਪਣੇ ਲੋਕ-ਕਾਵਿ-ਰੂਪ ਦੇ ਅਨੁਸਾਰ ਹੈ। ਉਦਾਹਰਣ ਦੇ ਤੌਰ ’ਤੇ ਛੰਤ, ਅਲਾਹੁਣੀ, ਘੋੜੀਆਂ, ਵਾਰ, ਮੁੰਦਾਵਣੀ ਆਦਿ। ਇਨ੍ਹਾਂ ਵਿੱਚੋਂ ਕੁਝ ਕੁ ਪ੍ਰਮੁੱਖ ਲੋਕ-ਗਾਇਨ-ਸ਼ੈਲੀਆਂ ਦਾ ਵਰਣਨ ਇਸ ਪ੍ਰਕਾਰ ਹੈ:

ਛੰਤ :

ਛੰਤ ਪੰਜਾਬੀ ਲੋਕ-ਸੰਗੀਤ ਦਾ ਇਕ ਮਹੱਤਵਪੂਰਨ ਅੰਗ ਹੈ। ਸ਼ਿੰਗਾਰ ਰਸ ਨਾਲ ਭਰਪੂਰ ਵਿਆਹ ਦੀ ਰਸਮ ’ਤੇ ਛੰਤ ਗਾਇਨ-ਸ਼ੈਲੀ ਪ੍ਰਸਿੱਧ ਹੈ। ਪੰਜਾਬੀ ਲੋਕ-ਸੰਗੀਤ ਵਿਚ ਛੰਤ ਦੀਆਂ ਤੁਕਾਂ ਨੂੰ ਦੋ ਭਾਗਾਂ ਵਿਚ ਵਿਭਾਜਿਤ ਕਰ ਕੇ ਅਤੇ ਹਰ ਭਾਗ ਦੇ ਅਖੀਰਲੇ ਸ਼ਬਦ ਨੂੰ ਲਮਕਾ ਕੇ ਟਿਕਾਅ ਸਹਿਤ ਗਾਇਨ ਕੀਤਾ ਜਾਂਦਾ ਹੈ। ਬਾਣੀ ਵਿਚ ਛੰਤ ਤੇ ਉਕਤ ਲੋਕ-ਗਾਇਨ-ਸ਼ੈਲੀ ਦਾ ਪ੍ਰਯੋਗ ਮਿਲਦਾ ਹੈ। ਛੰਤ ਰਚਨਾ ਵਿਚ ਸ਼ਬਦ ਦੇ ਪ੍ਰਯੋਜਨ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਬਾਣੀ ਵਿਧਾਨ ਦਾ ਅੰਕੁਸ਼ ਲਗਾਇਆ ਗਿਆ ਹੈ ਜਿਸ ਅਧੀਨ ਇਸ ਦੇ ਗਾਇਨ ਦੀ ਵਿਧੀ ਤਾਂ ਲੋਕ-ਗਾਇਨ-ਸ਼ੈਲੀ ਅਨੁਸਾਰ ਬਿਨਾਂ ਕਿਸੇ ਸਥਾਈ, ਅੰਤਰੇ ਤੋਂ ਗਾਉਣਾ ਹੈ। ਇਸ ਵਿਚ ਸ਼ਬਦ ਦੇ ਭਾਵ ਨੂੰ ਉਜਾਗਰ ਕਰਨ ਹਿਤ ਧੁਨ ਅਤੇ ਸ਼ਬਦ ਦੇ ਲਮਕਾਅ ਅਤੇ ਟਿਕਾਅ ਸਹਿਤ ਹੀ ਗਾਇਨ ਹਿਤ ਧਿਆਨ ਵਿਚ ਰੱਖਿਆ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ‘ਆਸਾ ਕੀ ਵਾਰ’ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਛੰਤਾਂ ਦਾ ਗਾਇਨ ਕਰਨ ਦੀ ਪ੍ਰਥਾ ਹੈ।

ਅਲਾਹੁਣੀ :

ਅਲਾਹੁਣੀ ਸੋਗਮਈ ਲੋਕ-ਕਾਵਿ-ਰੂਪ ਹੈ ਜਿਸ ਵਿਚ ਮ੍ਰਿਤਕ ਪ੍ਰਾਣੀ ਦੇ ਗੁਣਾਂ ਨੂੰ ਦੁਖਦਾਇਕ ਸੁਰਾਂ ਵਿਚ ਸਲਾਹਿਆ ਜਾਂਦਾ ਹੈ। ਅਲਾਹੁਣੀ ਦੀਆਂ ਕਈ ਵੰਨਗੀਆਂ ਮਿਲਦੀਆਂ ਹਨ ਪਰ ਸਭਨਾਂ ਵਿਚ ਇੱਕੋ ਭਾਵਨਾ ਹੁੰਦੀ ਹੈ ਦਿਲੀ ਵੇਦਨਾ ਅਤੇ ਅਰਮਾਨਾਂ ਦਾ ਪ੍ਰਗਟਾਅ।4 ਬਾਣੀ ਅਧੀਨ ਅਲਾਹੁਣੀ ਵਿਚ ਸੰਸਾਰ ਨੂੰ ਨਾਸ਼ਮਾਨ ਦੱਸਦੇ ਹੋਏ, ਜੀਵ ਨੂੰ ਪਰਮਾਤਮਾ ਦੀ ਰਜ਼ਾ ਵਿਚ ਰਹਿਣ, ਉੱਤਮ ਕੰਮ ਕਰਨ, ਮੌਤ ਨੂੰ ਯਾਦ ਰੱਖਣ ਅਤੇ ਪ੍ਰਭੂ-ਭਗਤੀ ਦਾ ਉਪਦੇਸ਼ ਦਿੱਤਾ ਹੈ। ਅਲਾਹੁਣੀ ਦਾ ਗਾਇਨ ਪ੍ਰਾਣੀ ਦੇ ਅਕਾਲ-ਚਲਾਣੇ ਉਪਰੰਤ ਦੇਹ ਨੂੰ ਦਾਹ ਦੇਣ ਮਗਰੋਂ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਨੌਂ ਅਲਾਹੁਣੀਆਂ ਹਨ ਜਿਨ੍ਹਾਂ ਦੇ ਚਾਰ ਬੰਦ ਹਨ ਅਤੇ ਹਰ ਬੰਦ ਵਿਚ ਛੇ ਤੁਕਾਂ ਦਰਜ ਹਨ ਅਤੇ ਇਸ ਨੂੰ ਸਥਾਈ ਅੰਤਰੇ ਵਿਚ ਵਿਭਾਜਿਤ ਨਹੀਂ ਕੀਤਾ ਗਿਆ, ਇਹ ਕ੍ਰਮਵਾਰ ਹੀ ਗਾਈਆਂ ਜਾਂਦੀਆਂ ਹਨ। ਅਲਾਹੁਣੀ ਵਿਚ ਅੰਤਿਮ ਸ਼ਬਦਾਂ ਨੂੰ ਹੇਕ ਅਤੇ ਲਮਕਾਅ ਦੇ ਰੂਪ ਵਿਚ ਗਾਇਨ ਕੀਤਾ ਜਾਂਦਾ ਹੈ ਜੋ ਕਿ ਅਲਾਹੁਣੀ ਦੀ ਖਾਸ ਪਹਿਚਾਣ ਹੈ।

ਘੋੜੀਆਂ :

ਘੋੜੀਆਂ ਵਿਆਹ ਦੀ ਰਸਮ ਨਾਲ ਸੰਬੰਧਿਤ ਸ਼ਿੰਗਾਰ ਰਸ ਪ੍ਰਧਾਨ ਲੋਕ ਕਾਵਿ-ਰੂਪ ਹੈ ਜੋ ਕਿ ਭੈਣਾਂ ਵੀਰ ਦੇ ਘੋੜੀ ਚੜ੍ਹਨ ਵੇਲੇ ਗਾਇਨ ਕਰਦੀਆਂ ਹਨ। ਬਾਣੀ ਵਿਚ ਮਨੁੱਖੀ ਦੇਹ ਨੂੰ ਘੋੜੀ ਦੇ ਪ੍ਰਤੀਕ ਵਜੋਂ ਦਰਸਾਇਆ ਹੈ, ਜਿਸ ਵਿਚ ਪਰਮਾਤਮਾ ਦਾ ਨਾਮ-ਸਿਮਰਨ ਕਰ ਕੇ ਪ੍ਰਭੂ-ਮਿਲਾਪ ਦੇ ਸਾਧਨਾਂ ਦਾ ਜ਼ਿਕਰ ਕੀਤਾ ਗਿਆ ਹੈ।

ਵਾਰ :

ਵਾਰ ਪੰਜਾਬ ਦੇ ਲੋਕ-ਸੰਗੀਤ ਦਾ ਇਕ ਅਟੁੱਟ ਅੰਗ ਹੈ, ਜਿਸ ਦਾ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਗਾਇਨ ਹਿਤ ਪ੍ਰਯੋਗ ਕੀਤਾ। ‘ਵਾਰ’ ਸ਼ਬਦ ਨੂੰ ਕਈ ਸ਼ਬਦਾਂ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਵੇਂ ਸਾਹਮਣਾ ਕਰਨਾ, ਪਿੱਛੇ ਧੱਕਣਾ, ਪਰ੍ਹੇ ਹਟਣਾ ਆਦਿ। ‘ਵਾਰ’ ਸ਼ਬਦ ਨੂੰ ਘਟਨਾ ਦੇ ਵਾਰ-ਵਾਰ ਗਾਉਣ, ਬਾਰ (ਦਰਵਾਜ਼ੇ) ਵਰਗੇ ਸਥਾਨ ਉੱਤੇ ਗਾਉਣ, ਸਿਫ਼ਤ-ਸਲਾਹ ਕਰਨ, ਸਹਾਇਤਾ ਲਈ ਪੁਕਾਰ, ਜੱਸ ਕਰਨ, ਵਾਰੇ ਜਾਣ ਜਾਂ ਵਾਰ ਕਰਨ ਦੇ ਅਰਥ ਵੀ ਦਿੱਤੇ ਜਾਂਦੇ ਹਨ।5 ਵਾਰ ਜਿਸ ਵਿਚ ਬਹਾਦਰ ਯੋਧਿਆਂ ਦੀ ਲੜਾਈ, ਸੂਰਬੀਰਤਾ ਨੂੰ ਸੰਗੀਤਮਈ ਪ੍ਰਸਤੁਤੀ ਦੁਆਰਾ ਪੇਸ਼ ਕੀਤਾ ਗਿਆ ਹੈ, ਇਸ ਦੇ ਗਾਇਕਾਂ ਨੂੰ ‘ਢਾਡੀ’ ਕਿਹਾ ਜਾਂਦਾ ਹੈ, ਜਿਹੜੇ ਵਾਰਾਂ ਨੂੰ ਸੰਬੰਧਿਤ ਇਲਾਕਾਈ ਧੁਨਾਂ ਅਨੁਸਾਰ ਗਾਇਨ ਕਰਦੇ ਹਨ। ਵਾਰ ਬੀਰ ਰਸ ਨਾਲ ਭਰਪੂਰ ਹੋਣ ਕਾਰਨ ਇਸ ਦਾ ਗਾਇਨ ਬੁਲੰਦ ਆਵਾਜ਼ ਵਿਚ ਵਧੇਰੇ ਕਰਕੇ ਤਾਰ ਸਪਤਕ ਵਿਚ ਗਾਇਨ ਕੀਤਾ ਜਾਂਦਾ ਹੈ। ਵਾਰ ਦੇ ਗਾਇਨ ਲਈ ਸਾਰੰਗੀ ਅਤੇ ਢੱਡ ਦਾ ਪ੍ਰਯੋਗ ਕੀਤਾ ਜਾਂਦਾ ਹੈ। ਢੱਡ ਉੱਪਰ ਚਾਰ ਮਾਤ੍ਰਾ ਦੇ ਬੋਲ ‘ਗੇ, ਤਿਟ, ਤਾ, ਗੇਤਾ’ ਵਜਾਏ ਜਾਂਦੇ ਹਨ। ਪਾਵਨ ਬਾਣੀ ਦੇ ਅੰਤਰਗਤ ਵਾਰਾਂ ਵਿਚ ਅਧਿਆਤਮ ਮਾਰਗ ’ਤੇ ਚੱਲਣ ਵੇਲੇ ਉਤਪੰਨ ਦੁਨਿਆਵੀ ਮੋਹ-ਮਾਇਆ, ਵਿਸ਼ੇ-ਵਿਕਾਰਾਂ ਨਾਲ ਯੁੱਧ ਦਾ ਵਰਣਨ ਹੈ। ਇਨ੍ਹਾਂ ਵਾਰਾਂ ਵਿਚ ਸਮਾਜਿਕ ਅਤੇ ਸਦਾਚਾਰਕ ਕੀਮਤਾਂ ਦੁਆਰਾ ਅਧਿਆਤਮ ਅਨੁਭਵ ਦਾ ਬੋਧ ਕਰਵਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਵਾਰਾਂ ਨੂੰ ਗੁਰੂ ਸਾਹਿਬਾਨ ਦੇ ਸਮੇਂ ਪ੍ਰਚੱਲਿਤ ਨਿਸ਼ਚਿਤ ਧੁਨਾਂ ’ਤੇ ਗਾਇਨ ਕਰਨ ਦੇ ਸੰਕੇਤ ਹਨ, ਜਿਵੇਂ ਵਾਰ ਮਾਝ ਦੀ ਤਥਾ ਸਲੋਕ ਮਹਲਾ 1 ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ ਗਾਵਣੀ; ਗਉੜੀ ਦੀ ਵਾਰ ਮਹਲਾ 5 ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨੀ ਉਪਰਿ ਗਾਵਣੀ; ਆਸਾ ਮਹਲਾ 1 ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ; ਗੂਜਰੀ ਕੀ ਵਾਰ ਮਹਲਾ 3 ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ; ਵਡਹੰਸ ਕੀ ਵਾਰ ਮਹਲਾ 4 ਲਲਾਂ ਬਹਿਲੀਮਾ ਕੀ ਧੁਨੀ ਗਾਵਣੀ; ਰਾਮਕਲੀ ਕੀ ਵਾਰ ਮਹਲਾ 3 ਜੋਧੈ ਵੀਰੈ ਪੁਰਬਾਣੀ ਕੀ ਧੁਨੀ; ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ; ਸਾਰੰਗ ਕੀ ਵਾਰ ਮਹਲਾ 4 ਰਾਇ ਮਹਮੇ ਹਸਨੇ ਕੀ ਧੁਨਿ; ਵਾਰ ਮਲਾਰ ਕੀ ਮਹਲਾ 1 ਰਾਏ ਕੈਲਾਸ ਤਥਾ ਮਾਲਦੇ ਕੀ ਧੁਨੀ।

ਇਨ੍ਹਾਂ ਵਾਰਾਂ ਤੇ ਗਾਇਨ ਦੇ ਸੰਬੰਧੀ ਧੁਨਾਂ ਦੇ ਸੰਕੇਤ ਤੋਂ ਵਾਰ ਦੀ ਪ੍ਰਾਚੀਨਤਾ ਅਤੇ ਲੋਕਪ੍ਰਿਯਤਾ ਬਾਰੇ ਪਤਾ ਲੱਗਦਾ ਹੈ। ਵਾਰਾਂ ਉੱਪਰ ਲੋਕ-ਧੁਨਾਂ ਦੇ ਨਾਲ ਰਾਗ, ਘਰੁ ਆਦਿ ਸੰਕੇਤ ਸਿਰਲੇਖ ਰੂਪ ਵਿਚ ਵਿਦਮਾਨ ਹਨ, ਇਨ੍ਹਾਂ ਦਾ ਗਾਇਨ ਕਰਨਾ ਕੋਈ ਸਹਿਜ ਕਾਰਜ ਨਹੀਂ। ਆਸਾ ਕੀ ਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਟੁੰਡੇ ਅਸਰਾਜੈ ਦੀ ਵਾਰ ਦੀ ਧੁਨੀ ਦੇ ਸੰਕੇਤ ਅਨੁਸਾਰ ਅਤੇ ਆਸਾ ਰਾਗ ਵਿਚ ਹੀ ਗਾਇਆ ਜਾਂਦਾ ਹੈ। ਆਸਾ ਕੀ ਵਾਰ ਵਿਚ ਵੈਸੇ ਤਾਂ ਕੇਵਲ ਸਲੋਕ ਅਤੇ ਪਉੜੀਆਂ ਹੀ ਹਨ ਪਰੰਤੂ ਸ੍ਰੀ ਗੁਰੂ ਰਾਮਦਾਸ ਜੀ ਦੇ ਛਕੇ ਛੰਤ ਨੂੰ ਵੀ ਗਾਇਨ ਕਰਨ ਦੀ ਪ੍ਰਥਾ ਹੈ। ਆਸਾ ਕੀ ਵਾਰ ਵਿਚ ਪਹਿਲਾਂ ਛੰਤ ਦਾ ਰਾਗ ਆਸਾ ਅੰਤਰਗਤ ਟਕਸਾਲੀ ਢੰਗ ਜੋ ਪਰੰਪਰਾਗਤ ਰੂਪ ਵਿਚ ਪ੍ਰਚੱਲਿਤ ਹੈ, ਇਹ ਇਕ ਤਾਲ ਜਾਂ ਯੱਕੇ ਵਿਚ ਨਿਬੱਧ ਹੈ, ਗਾਇਨ ਕੀਤਾ ਜਾਂਦਾ ਹੈ। ਛੰਤ ਦੇ ਗਾਇਨ ਕਰਨ ਤੋਂ ਬਾਅਦ ਸਲੋਕ ਦਾ ਗਾਇਨ ਮੋਹਰੀ ਕੀਰਤਨਕਾਰ ਅਤੇ ਸਹਾਇਕ ਵਾਜੇ ਵਾਲਾ ਰਾਗੀ ਆਸਾ ਰਾਗ ਅਧੀਨ ਅਤੇ ਤਾਲ ਤੋਂ ਸੁਤੰਤਰ ਹੋ ਕੇ ਗਾਇਨ ਕਰਦੇ ਹਨ। ਸ਼ਲੋਕ ਦੇ ਗਾਇਨ ’ਤੇ ਰਾਗੀ ਜਿੱਥੇ ਸ੍ਰੋਤੇ ਨੂੰ ਬਾਣੀ ਦਾ ਗਿਆਨ ਕਰਵਾਉਂਦੇ ਹਨ ਉਥੇ ਸੰਬੰਧਿਤ ਰਾਗ ਦਾ ਸਰੂਪ ਵੀ ਸਪੱਸ਼ਟ ਕਰੀ ਜਾਂਦੇ ਹਨ। ਇਹ ਸਲੋਕ ਫਿਰ ਵਾਰੋ-ਵਾਰੀ ਦੋਵੇਂ ਰਾਗੀ ਪੜ੍ਹਦੇ ਹਨ, ਫਿਰ ਪਉੜੀ ਦਾ ਤਿੰਨੇ ਰਾਗੀ ਮਿਲ ਕੇ ਮੱਧ ਲੈਅ ਵਿਚ ਤਾਰ ਸਪਤਕ ਵਿਚ ਗਾਇਨ ਕਰਦੇ ਹਨ। ਪਉੜੀ ਲਈ ਖਾਸ ਤਾਲ ਜੋ ਪਉੜੀ ਲਈ ਵਿਸ਼ੇਸ਼ ਹੈ, ਇਸ ਠੇਕੇ ਦੇ ਬੋਲ ਹਨ ‘ਗੇ ਤਿਟ ਤਾ ਗੇਤਾ’। ਇਸ ਵਿਚ ਪਹਿਲੇ ‘ਗੇ’ ’ਤੇ ਸਮ ਹੈ। ਪਉੜੀ ਦੀ ਆਖਰੀ ਤੁਕ ਨੂੰ ਵਿਸ਼ੇਸ਼ ਰੂਪ ਵਿਚ ਤੋੜਾ ਮਾਰ ਕੇ ਮੁਕਾਇਆ ਜਾਂਦਾ ਹੈ ਅਤੇ ਤੀਸਰੀ ਵਾਰ ਇਕ ਮਾਤ੍ਰਾ ਵਧਾ ਕੇ ਸਮਾਪਤੀ ਕੀਤੀ ਜਾਂਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਪਰੋਕਤ ਲੋਕ-ਗਾਇਨ-ਸ਼ੈਲੀਆਂ ਤੋਂ ਇਲਾਵਾ ਕਈ ਲੋਕ-ਕਾਵਿ-ਰੂਪ ਅੰਜੁਲੀ, ਕੁਚਜੀ ਸੁਚਜੀ, ਬਾਰਹਮਾਹ ਆਦਿ ਮਿਲਦੇ ਹਨ। ਜਿੱਥੇ ਇਹ ਲੋਕ ਮਨ ਦੀ ਅਭਿਵਿਅਕਤੀ ਦੇ ਨਾਲ ਜੁੜੇ ਹੋਏ ਹਨ ਉਥੇ ਇਹ ਬਾਣੀ ਸੰਗੀਤ-ਵਿਧਾਨ ਦੇ ਧਾਰਨੀ ਹਨ ਜਿਸ ਦੇ ਅੰਤਰਗਤ ਇਨ੍ਹਾਂ ਨੂੰ ਗੁਰਮਤਿ ਸੰਗੀਤ ਦਾ ਅੰਕੁਸ਼ ਲਗਾ ਕੇ  ਇਨ੍ਹਾਂ ਵਿਚਲੀ ਖੁਲ੍ਹ  ਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਇਹ ਅਨੁਸ਼ਾਸਨਬੱਧਤਾ ਇਨ੍ਹਾਂ ਦੀ ਭਾਵ-ਅਭਿਵਿਅਕਤੀ ਵਿਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਸਗੋਂ ਵਿਸ਼ੇ ਦੀ ਸਹਿਜ ਪੇਸ਼ਕਾਰੀ ਵਿਚ ਸਹਾਇਕ ਹੁੰਦੀ ਹੈ।

ਗੁਰਮਤਿ ਸੰਗੀਤ ਪਰੰਪਰਾ ਮੂਲ ਰੂਪ ਵਿਚ ਜਿੱਥੇ ਸ਼ਾਸਤਰੀ ਅਤੇ ਲੋਕ-ਸੰਗੀਤ ਦੇ ਵਿਭਿੰਨ ਉਪਕਰਨਾਂ ਦਾ ਸੰਮਿਲਤ ਅਤੇ ਸੰਯੁਕਤ ਰੂਪ ਹੈ ਉਥੇ ਸਾਧਾਰਨ ਸਿੱਖ ਸੰਗਤ ਦੁਆਰਾ ਲੋਕ-ਗਾਇਨ-ਪ੍ਰਵਾਹ ਵੀ ਪ੍ਰਚਾਰ ਵਿਚ ਹੈ। ਗੁਰੂ ਸਾਹਿਬਾਨ ਸਮੇਂ ਵੀ ਜਿੱਥੇ ਇਕ ਪਾਸੇ ਰਾਗੀਆਂ-ਰਬਾਬੀਆਂ ਦੀ ਪਰੰਪਰਾ ਸੀ ਉਥੇ ਸਾਧਾਰਨ ਸਿੱਖ ਸੰਗਤਾਂ ਵੀ ਕੀਰਤਨ ਕਰਨ ਵਿਚ ਰੁਚੀ ਰੱਖਦੀਆਂ ਸਨ। ਵਿਸ਼ੇਸ਼ ਤੌਰ ’ਤੇ ਇਹ ਪਰੰਪਰਾ ਉਸ ਸਮੇਂ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਗ਼ੈਰ-ਹਾਜ਼ਰੀ ਵਿਚ ਸਾਧਾਰਨ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਲਈ ਪ੍ਰੇਰਿਆ। ਗੁਰਮਤਿ ਸੰਗੀਤ ਦਾ ਵਡਮੁੱਲਾ ਖ਼ਜ਼ਾਨਾ ਵਿਹਾਰਕ ਕੀਰਤਨ ਕਰਨ ਨਾਲ ਸੰਬੰਧਿਤ ਹੈ। ਇਸ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਸੰਗੀਤ ਵਿਧਾਨ ਦੀ ਪਾਲਣਾ ਨਾ ਹੋ ਕੇ ਪਰੰਪਰਾ ਤੋਂ ਲੋਕ ਪ੍ਰਚਲਨ ਵਿਚ ਆਈ ਕ੍ਰਿਆਤਮਕਤਾ ਰੂਪ ਹੈ ਜਿੱਥੇ ਮਰਿਆਦਤ ਰੂਪ ਵਿਚ ਕੀਰਤਨ ਨਾ ਹੋ ਕੇ ਸਮੂਹ ਸੰਗਤ ਵੱਲੋਂ ਗਾਇਨ ਕੀਤਾ ਜਾਂਦਾ ਹੈ। ਇਸ ਵਿਚ ਬਾਣੀ ਦੇ ਸ਼ਬਦਾਂ ਨੂੰ ਢੋਲਕੀ, ਛੈਣਿਆਂ, ਚਿਮਟਿਆਂ, ਖੜਤਾਲਾਂ ਆਦਿ ਲੋਕ-ਸਾਜ਼ਾਂ ਨਾਲ ਧਾਰਨਾ ਅਨੁਸਾਰ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਮੋਹਰੀ/ਕੀਰਤਨਕਾਰ ਸਾਜ਼ ਦੀ ਮਿੱਠੀ ਧੁਨ ਵਿਚ ਕਿਸੇ ਤੁਕ ਦਾ ਗਾਇਨ ਕਰਦਾ ਹੈ। ਫਿਰ ਸੰਗਤਾਂ ਸਮੂਹਿਕ ਰੂਪ ਵਿਚ ਉਸ ਨੂੰ ਬਾਰ-ਬਾਰ ਗਾਇਨ ਕਰਦੀਆਂ ਹਨ। ਇਹ ਕੀਰਤਨ-ਪਰੰਪਰਾ ਗੁਰੂ ਸਾਹਿਬ ਦੇ ਜਨਮ ਦਿਵਸ, ਸ਼ਹੀਦੀ ਪੁਰਬ ਜਾਂ ਹੋਰ ਸਿੱਖ ਸਮਾਗਮਾਂ ਉੱਤੇ ਨਗਰ ਕੀਰਤਨ ਦੌਰਾਨ ਵੇਖਣ ਵਿਚ ਮਿਲਦੀ ਹੈ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਕਰਮਾ ਕਰਦੇ ਹੋਏ ਚੌਕੀ ਸਾਹਿਬ ਕੱਢਣ ਵੇਲੇ ਦੀ ਕੀਰਤਨ-ਪਰੰਪਰਾ ਹੈ ਜੋ ਕਿ ‘ਵਾਰੀਆਂ ਦੇ ਕੀਰਤਨ’ ਤੋਂ ਵੀ ਪ੍ਰਸਿੱਧ ਹੈ। ਇਹ ਵਾਰੀਆਂ ਦਾ ਕੀਰਤਨ ਵੀ ਇਸੇ ਅੰਦਾਜ਼ ਤੋਂ ਕੀਤਾ ਜਾਂਦਾ ਹੈ।

ਉਪਰੋਕਤ ਲੋਕ-ਗਾਇਨ ਸ਼ੈਲੀਆਂ ਤੋਂ ਇਲਾਵਾ ਟਕਸਾਲੀ ਪਰੰਪਰਾ ਵੀ ਮੌਜੂਦ ਹੈ ਜੋ ਕਿ ਸੀਨਾ-ਬ-ਸੀਨਾ ਪਰੰਪਰਾਗਤ ਰੂਪ ਵਿਚ ਚੱਲਦੀ ਆ ਰਹੀ ਹੈ। ਗੁਰਮਤਿ ਸੰਗੀਤ ਦੀ ਵਿਹਾਰਕ ਪਰੰਪਰਾ ਸਿੱਖ ਧਰਮ ਵਿਚ ਆਸਥਾ ਰੱਖਣ ਵਾਲੇ ਲੋਕਾਂ ਦੇ ਜੀਵਨ ਨਾਲ ਪੂਰਨ ਤੌਰ ’ਤੇ ਜੁੜੀ ਹੋਈ ਹੈ। ਇਸ ਵਿਚ ਖੁਸ਼ੀ ਅਤੇ ਗ਼ਮੀ ਦੀ ਰਸਮ, ਨਿਰਧਾਰਤ ਸ਼ਬਦ-ਕੀਰਤਨ ਦੁਆਰਾ ਸੰਪੰਨ ਹੁੰਦੀ ਹੈ। ਵਿਆਹ ਦੀ ਰਸਮ ਦੌਰਾਨ ਜਦੋਂ ਲੜਕੇ ਵਾਲੇ ਲੜਕੀ ਨੂੰ ਵਿਆਹੁਣ ਲਈ ਲੜਕੀ ਦੇ ਘਰ ਜਾਂਦੇ ਹਨ ਤਾਂ ਮਿਲਣੀ ਸਮੇਂ ਲੜਕੀ ਵਾਲਿਆਂ ਵੱਲੋਂ ‘ਹਮ ਘਰਿ ਸਾਜਨ ਆਏ॥ ਸਾਚੈ ਮੇਲਿ ਮਿਲਾਏ’ ਸ਼ਬਦ ਨੂੰ ਬਿਨਾਂ ਸਾਜ਼ ਤੋਂ ਗਾਇਨ ਕਰਨ ਦੀ ਪਰੰਪਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਛੰਤ ਮਿਲਦੇ ਹਨ ਜਿਨ੍ਹਾਂ ਦਾ ਵਿਆਹ ਦੀ ਰਸਮ ਵੇਲੇ, ਉਚਾਰਨ ਦੇ ਨਾਲ ਪਰਕਰਮਾ ਲੈ ਕੇ ਰਸਮ ਪੂਰਨ ਹੁੰਦੀ ਹੈ। ਇਨ੍ਹਾਂ ਛੰਤਾਂ ਨੂੰ ‘ਲਾਂਵ’ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਪਰ ਬਾਣੀ ਵਿਚ ਲਾਂਵ ਸਿਰਲੇਖ ਨਹੀਂ ਹੈ। ਇਨ੍ਹਾਂ ਛੰਤਾਂ ਦਾ ਲਾਂਵ ਕ੍ਰਮ ਨਾਲ ਅਰੰਭ ਤੇ ਸਮਾਪਤੀ ਹੁੰਦੀ ਹੈ। ਇਸੇ ਤਰ੍ਹਾਂ ਮੁੰਦਾਵਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਸਮੇਂ ਅਤੇ ਰੋਜ਼ਾਨਾ ਸ਼ਾਮ ਨੂੰ ਰਹਰਾਸਿ ਪਾਠ ਦੇ ਵਿਚ ਗਾਇਨ ਕਰਨ ਦੀ ਪਰੰਪਰਾ ਹੈ। ਸਿੱਖ-ਜਗਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ-ਆਸਨ ਉਪਰੰਤ ਮਹਾਰਾਜ ਦੀ ਸਵਾਰੀ ਨੂੰ ਵਿਸ਼ਰਾਮ ਵਾਲੇ ਸਥਾਨ ’ਤੇ ਲਿਜਾਂਦੇ ਸਮੇਂ ‘ਜਿਥੈ ਜਾਇ ਬਹੈ ਮੇਰਾ ਸਤਿਗੁਰੂ’ ਛੰਤ ਦਾ ਗਾਇਨ ਲੋਕ-ਅੰਗ ਤੋਂ ਅਰਥਾਤ ਲੋਕ-ਧਾਰਨਾ ਵਿਚ ਕੀਤਾ ਜਾਂਦਾ ਹੈ।

ਗੁਰਮਤਿ ਸੰਗੀਤ ਪਰੰਪਰਾ ਵਿਚ ਕੀਰਤਨ ਲਈ ਰੁੱਤ ਅਤੇ ਮਹੀਨੇ ਦਾ ਵੀ ਵਿਸ਼ੇਸ਼ ਮਹੱਤਵ ਹੈ। ਬਸੰਤ ਰੁੱਤ ਵਿਚ ਰਾਗ ਬਸੰਤ ਦਾ ਵਿਸ਼ੇਸ਼ ਸਥਾਨ ਹੈ। ਪਰੰਪਰਾ ਅਨੁਸਾਰ ਮਾਘੀ ਦੀ ਸੰਗਰਾਂਦ ਦੇ ਦਿਹਾੜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈੱਡ-ਗ੍ਰੰਥੀ ਸਾਹਿਬ ਰਾਗੀ ਸਿੰਘਾਂ ਨੂੰ ਫੁੱਲ ਭੇਟ ਕਰ ਕੇ ਬਸੰਤ ਰਾਗ ਖੋਲ੍ਹਣ ਦੀ ਬੇਨਤੀ ਕਰਦੇ ਹਨ। ਇਸ ਦਿਨ ਤੋਂ ਹਰ ਕੀਰਤਨ ਚੌਂਕੀ ਵਿਚ ਬਸੰਤ ਰਾਗ ਖੁਸ਼ੀ ਦਾ ਭਰਿਆ, ਖੇੜਾ ਲਿਆਉਣ ਵਾਲਾ ਰਾਗ ਹੈ ਪਰ ਇਸ ਨੂੰ ਇਨ੍ਹਾਂ ਦਿਨਾਂ ਵਿਚ ਚਾਹੇ ਕੋਈ ਖੁਸ਼ੀ ਹੋਵੇ ਜਾਂ ਗ਼ਮੀ, ਹਰ ਸਮਾਗਮ ’ਤੇ ਸ਼ਾਸਤਰੀ ਅੰਗ ਤੋਂ ਬਸੰਤ ਰਾਗ ਵਿਚ ਸ਼ਬਦ ਅਤੇ ਲੋਕ-ਅੰਗ ਤੋਂ ਪਉੜੀ ਲਗਾਉਣ ਦੀ ਮਰਿਆਦਾ ਹੈ। ਸਾਵਣ ਮਹੀਨੇ ਵਿਚ ਮਲਾਰ ਰਾਗ ਦਾ ਰਾਜ ਹੁੰਦਾ ਹੈ। ਇਸ ਦਾ ਅਰੰਭ ਸਾਵਣ ਦੀ ਸੰਗਰਾਂਦ ਦੇ ਦਿਹਾੜੇ ਕੀਤਾ ਜਾਂਦਾ ਹੈ ਅਤੇ ਸਾਰਾ ਮਹੀਨਾ ਬਸੰਤ ਰਾਗ ਦੀ ਤਰ੍ਹਾਂ ਹਰ ਕੀਰਤਨ ਚੌਂਕੀ ਵਿਚ ਮਲਾਰ ਰਾਗ ਵਿਚ ਸ਼ਾਸਤਰੀ ਅੰਗ ਤੋਂ ਸ਼ਬਦ ਅਤੇ ਲੋਕ-ਅੰਗ ਤੋਂ ਪਉੜੀ ਲਗਾਉਣ ਦੀ ਪਰੰਪਰਾ ਹੈ।

ਲੋਕ-ਗਾਇਨ-ਸ਼ੈਲੀਆਂ ਦੇ ਉਪਰੋਕਤ ਅਧਿਐਨ ਤੋਂ ਸਪੱਸ਼ਟ ਹੈ ਕਿ ਜਿੱਥੇ ਬਾਣੀ ਸੰਗੀਤ ਵਿਧਾਨ ਦੇ ਅੰਤਰਗਤ ਲੋਕ-ਗਾਇਨ-ਸ਼ੈਲੀਆਂ ਦੀ ਇਹ ਦੀਰਘ ਪਰੰਪਰਾ ਮੌਜੂਦ ਹੈ ਉਥੇ ਵਿਹਾਰਕ ਅਤੇ ਟਕਸਾਲੀ ਗਾਇਨ ਪਰੰਪਰਾ ਵੀ ਜੋ ਕਿ ਮਨੁੱਖੀ ਜੀਵਨ-ਜਾਚ ਨਾਲ ਜੁੜੀ ਹੋਈ ਹੈ ਉਹ ਵੀ ਵਿਸ਼ੇਸ਼ ਹੈ। ਗਾਇਨ ਦੀ ਇਹ ਮੌਲਿਕ ਵਿਧੀ ਬਾਣੀ-ਵਿਧਾਨ ਅਨੁਸਾਰ ਹੀ ਮੂਲ ਪ੍ਰਯੋਜਨ ਭਾਵ ‘ਸ਼ਬਦ’ ਦੇ ਸੰਚਾਰ ਲਈ ਕਾਰਜਸ਼ੀਲ ਹੁੰਦੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Dr. Harjas Kaur
ਮੁਖੀ, ਸੰਗੀਤ ਵਿਭਾਗ -ਵਿਖੇ: ਸਰਕਾਰੀ ਕਾਲਜ, ਰੂਪਨਗਰ
1 ਖਾਲਕ ਕਉ ਆਦੇਸੁ ਢਾਢੀ ਗਾਵਣਾ॥ (ਪੰਨਾ 148)
2 ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763)
3 ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ 722)
4 ਬੇਦੀ, ਸੋਹਿੰਦਰ ਸਿੰਘ, ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼, ਪੰਨਾ 258.
5 ਗੁਰੂ ਨਾਨਕ ਦਰਸ਼ਨ ਅਤੇ ਕਾਵਿ ਕਲਾ (ਸੰਪਾ. ਡਾ. ਸੁਰਿੰਦਰ ਸਿੰਘ (ਕੋਹਲੀ), ਪੰਨਾ 311)
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)