ਪਰਮਾਤਮਾ ਨੇ ਬਹੁਤ ਵਿਸ਼ਾਲ ਸ੍ਰਿਸ਼ਟੀ ਸਾਜੀ ਹੈ। ਧਰਤੀ, ਅਕਾਸ਼ ਅਤੇ ਪਤਾਲ ਸਿਰਜੇ ਹਨ। ਇਨ੍ਹਾਂ ਤਿੰਨਾਂ ਲੋਕਾਂ-ਭਵਨਾਂ ਵਿਚ ਅਨੰਤ ਕਿਸਮਾਂ, ਅਕਾਰਾਂ, ਰੂਪਾਂ ਅਤੇ ਵੱਖ-ਵੱਖ ਬਿਰਤੀਆਂ ਵਾਲੇ ਮਨੁੱਖ, ਜੀਵ-ਜੰਤੂ, ਜਾਨਵਰ, ਪਸ਼ੂ, ਪੰਛੀ ਆਦਿ ਦੀ ਸਿਰਜਨਾ
“ਕੀਤਾ ਪਸਾਉ ਏਕੋ ਕਵਾਉ॥
ਅਨੁਸਾਰ ਕੀਤੀ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮੂਲ ਮੰਤਰ ਵਿਚ ਹੀ ਪਰਮਾਤਮਾ ਨੂੰ ‘ਕਰਤਾ-ਪੁਰਖ’ ਕਹਿੰਦੇ ਹਨ। ਗੁਰੂ ਸਾਹਿਬ ਇਹ ਸਮਝਾਉਂਦੇ ਹਨ ਕਿ ਅਕਾਲ-ਪੁਰਖ ਆਪ ਹੀ ਅਮਰ ਹੈ। ਅਜੂਨੀ ਹੈ। ਬਾਕੀ ਸਭ ਸ੍ਰਿਸ਼ਟੀ ਨਾਸ਼ਵਾਨ ਹੈ। ਇਸ ਤਰ੍ਹਾਂ ਇਸ ਬ੍ਰਹਿਮੰਡੀ ਸ੍ਰਿਸ਼ਟੀ ਦੀ ਸਾਜਨਾ ਉਹ ਵਾਰ-ਵਾਰ
‘ਕਈ ਬਾਰ ਪਸਰਿਓ ਪਾਸਾਰ॥’
ਕਰਦਾ ਰਹਿੰਦਾ ਹੈ। ਅਕਾਲ ਪੁਰਖ ਹੀ ਸਭ ਦਾ ਓਟ-ਆਸਰਾ ਹੈ ਅਤੇ ਉਹ ਅਜੋਨੀ ਹੋਣ ਦੇ ਨਾਲ-ਨਾਲ ਆਪਣੇ ਤੋਲ ਅਤੇ ਬੋਲ ਵਿਚ ਵੀ ਪੂਰਾ ਹੈ, ਪਰਮਾਤਮਾ ਦੀ ਸ਼ਕਤੀ ਨੂੰ ਪਰਮਾਤਮਾ ਹੀ ਜਾਣਦਾ ਹੈ ਜਾਂ ਫਿਰ ਗੁਰੂ ਸੂਰਮਾ, ਜੋ ਅਕਾਲ ਰੂਪ ਹੀ ਹੈ, ਜਾਣਦਾ ਹੈ। ਪਰਮਾਤਮਾ ਦਾ ਸਵੈ-ਪ੍ਰਕਾਸ਼ ਹੀ ਹੈ।
ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ॥
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥”
ਅਤੇ
“ਆਪੀਨੈ੍ ਆਪੁ ਸਾਜਿਓ ਆਪੀਨੈ੍ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥”
ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ
‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥’
ਪੰਜਾਂ ਤੱਤਾਂ ਦੇ ਮੇਲ ਨਾਲ ਸਾਜੀ ਗਈ ਹੈ। ਗੁਰੂ ਜੀ ਫ਼ਰਮਾਉਂਦੇ ਹਨ ਕਿ ਪੰਜਾਂ ਤੱਤਾਂ ਤੋਂ ਸਾਜੀ ਇਸ ਸ੍ਰਿਸ਼ਟੀ ਵਿਚ ਰਜ਼ੋ, ਤਮੋ, ਸਤੋ ਗੁਣ ਤਥਾ ਮੋਹ-ਮਾਇਆ ਵੀ ਨਾਲ ਹੀ ਪੈਦਾ ਕੀਤੀ ਹੈ,
“ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ॥
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ॥
ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ॥
ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ॥
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ॥”
ਇਹ ਸ੍ਰਿਸ਼ਟੀ ਅਨੇਕ ਪ੍ਰਕਾਰੀ ਹੈ,
“ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥”
ਤਥਾ
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥”
ਤਥਾ
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ॥
ਇਸ ਸ੍ਰਿਸ਼ਟੀ ਵਿਚ 84 ਲੱਖ ਜੂਨਾਂ ਪੈਦਾ ਕੀਤੀਆਂ ਹਨ,
“ਲਖ ਚਉਰਾਸੀਹ ਜੋਨਿ ਸਬਾਈ॥
ਮਾਣਸ ਕਉ ਪ੍ਰਭਿ ਦੀਈ ਵਡਿਆਈ॥”
ਸ੍ਰਿਸ਼ਟੀ ਦੀ ਸਰਦਾਰੀ ਮਨੁੱਖ ਨੂੰ ਦਿੱਤੀ ਹੈ ਕਿਉਂਕਿ ਮਨੁੱਖ ਪਾਸ ਬਾਕੀ ਸਾਰੀਆਂ ਜੂਨਾਂ ਨਾਲੋਂ ਵਿਸ਼ਾਲ ਅਤੇ ਪ੍ਰਫੁੱਲਤ ਬੁੱਧੀ ਹੈ। ਇਸ ਤਰ੍ਹਾਂ ਬਾਕੀ ਦੀਆਂ ਜੂਨਾਂ ਦੇ ਜੀਵ-ਜੰਤੂ, ਪਸ਼ੂ-ਪੰਛੀ ਮਨੁੱਖ ਦੇ ਸੇਵਾਦਾਰ ਬਣ ਗਏ
“ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥”
ਅਕਾਲ ਪੁਰਖ ਦੀ ਰਚਨਾ- ਇਹ ਸ੍ਰਿਸ਼ਟੀ ਬੜੀ ਸੁੰਦਰ, ਬਹੁ-ਰੰਗੀ, ਬਹੁ-ਅਕਾਰੀ, ਬਹੁ-ਭਾਂਤੀ, ਅਤੀ ਮਨਮੋਹਨੀ, ਬਹੁਤ ਹੀ ਗੁੰਝਲਦਾਰ, ਬਹੁਤ ਹੀ ਦਿਲਕਸ਼ ਅਤੇ ਲੁਭਾਉਣੀ ਹੈ। ਜੇਕਰ ਕੇਵਲ ਮਨੁੱਖ ਦੀ ਸਰੀਰਕ ਬਣਤਰ ਨੂੰ ਹੀ ਸੁਹਿਰਦਤਾ ਅਤੇ ਪੂਰੀ ਡੂੰਘਿਆਈ ਨਾਲ ਵੇਖੀਏ ਅਤੇ ਪਰਖੀਏ ਤਾਂ ਮਨੁੱਖ ਦੀ ਬੁੱਧੀ ਦੰਗ ਅਤੇ ਹੈਰਾਨ ਹੋ ਜਾਂਦੀ ਹੈ ਅਤੇ ਕਰਤੇ ਦੀ ਇਹ ਬੇਕੀਮਤੀ ਅਤੇ ਸ਼ਾਨਾਮੱਤੀ ਕਿਰਤ ਉਸ ਦੀ ਅਚੰਭਤਾ ਕਰ ਦੇਣ ਦੀ ਕਲਾ ਮਨੁੱਖ ਨੂੰ ਚਕ੍ਰਿਤ ਕਰ ਦਿੰਦੀ ਹੈ। ਪਰੰਤੂ ਇਹ ਵੀ ਇਕ ਦੁਖਦਾਇਕ ਬਾਤ ਹੈ ਕਿ ਕਈ ਮਨੁੱਖ ਇਸ ਅਨਮੋਲ ਦਾਤ, ਸੁੰਦਰ ਸਰੀਰ, ਦੀ ਬਖਸ਼ਿਸ਼ ਕਰਨ ਵਾਲੇ ਦੀ ਸਿਫਤ-ਸਲਾਹ, ਸ਼ਲਾਘਾ ਕਰਨ ਦੀ ਬਜਾਏ ਸਗੋਂ ਇਸ ਲਾਸਾਨੀ ਦਾਤ ਨੂੰ ਨਸ਼ਿਆਂ ਅਤੇ ਵਿਸ਼ੇ-ਵਿਕਾਰਾਂ ਦੁਆਰਾ ਬਰਬਾਦ ਕਰਨ ਵਿਚ ਲੱਗੇ ਹੋਏ ਹਨ। ਇਹ ਮਨੁੱਖ ਦਾ ਨਾਸ਼ੁਕਰਾਪਣ ਹੀ ਹੈ। ਗੁਰੂ ਸਾਹਿਬ ਤਾਂ ਸਾਨੂੰ ਇਸ ਸਭ ਕੁਝ ਤੋਂ ਸੁਚੇਤ ਕਰਦੇ ਹੋਏ ਸਮਝਾਉਂਦੇ ਹਨ,
“ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ॥
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ॥
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ॥
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ॥”
ਅੱਜ ਵਿਗਿਆਨ ਦਾ ਯੁੱਗ ਹੈ। ਵਿਗਿਆਨ ਨੇ ਕੁਦਰਤ ਦੇ ਅਨੇਕਾਂ ਭੇਤ ਅਤੇ ਰਹੱਸ ਨੂੰ ਸਮਝਿਆ ਹੈ ਅਤੇ ਆਯੁਰਵੈਦ ਅਤੇ ਮੈਡੀਕਲ ਸਾਇੰਸ ਵਾਲਿਆਂ ਨੇ ਸਰੀਰ ਦੇ ਭਿੰਨ-ਭਿੰਨ ਅੰਗਾਂ, ਉਨ੍ਹਾਂ ਦੀ ਬਣਤਰ, ਕਾਰਜਸ਼ੀਲਤਾ, ਕਮੀਆਂ, ਕਮਜ਼ੋਰੀਆਂ, ਲੋੜਾਂ ਆਦਿ ਬਾਰੇ ਡੂੰਘੀ ਖੋਜ ਕੀਤੀ ਹੈ ਪਰੰਤੂ ਹਾਲੀ ਵੀ ਬਹੁਤ ਕੁਝ ਅਜਿਹਾ ਹੈ ਜੋ ਖੋਜ ਅਧੀਨ ਹੈ। ਅਕਾਲ ਪੁਰਖ ਦੀ ਇਸ ਰਚਨਾ ਦੇ ਭੇਦ ਅਤੇ ਗੁੰਝਲਤਾਈ ਨੂੰ ਪੂਰੀ ਤਰ੍ਹਾਂ ਜਾਣ ਲੈਣਾ ਮੇਰੇ ਵਿਚਾਰ ਵਿਚ ਮਨੁੱਖ ਦੀ ਸੀਮਤ ਸ਼ਕਤੀ ਵਾਲੀ ਬੁੱਧੀ ਦੇ ਵਸ ਦੀ ਬਾਤ ਹੀ ਨਹੀਂ ਹੈ,
“ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥
ਅਕਾਲ ਪੁਰਖ ਦੀ ਰਚਨਾ ਨੂੰ ਪੂਰੀ ਤਰ੍ਹਾਂ ਸਮਝ ਲੈਣਾ ਤਾਂ ਇਕ ਤਰ੍ਹਾਂ ਨਾਲ ਪਰਮਾਤਮਾ ਨੂੰ ਸਮਝਣ ਦੇ ਤੁਲ ਹੈ ਜੋ ਕਿ ਅਸੰਭਵ ਹੈ।
“ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥”
ਪੰਜਾਂ ਤੱਤਾਂ ਦੇ ਬਣੇ ਇਸ ਦਿਸਣ, ਵੇਖਣ ਅਤੇ ਛੂਹਣ ਯੋਗ ਅਤੇ ਪਰਖਣਯੋਗ ਸਰੀਰ ਤੋਂ ਬਿਨਾਂ ਇਸ ਅੰਦਰ ਬਿਰਾਜਮਾਨ,
“ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥”
ਅਤੇ
“ਤਨ ਮਹਿ ਮਨੂਆ ਮਨ ਮਹਿ ਸਾਚਾ॥
ਸੋ ਸਾਚਾ ਮਿਲਿ ਸਾਚੇ ਰਾਚਾ॥”
ਅਕਾਲ ਪੁਰਖ ਦੀ ਜੋਤਿ ਅਤੇ ਮਨੁੱਖੀ ਮਨ ਨੂੰ ਵੇਖਿਆ ਜਾਂ ਛੁਹਿਆ ਨਹੀਂ ਜਾ ਸਕਦਾ ਹਾਲਾਂ ਕਿ ਸਾਰੇ ਸਰੀਰ ਨੂੰ ਗਤੀ ਦੇਣ ਵਾਲੀ, ਸੰਚਾਲਨ ਕਰਨ ਵਾਲੀ ਅਕਾਲ ਪੁਰਖ ਦੀ ਜੋਤਿ ‘ਆਤਮਾ’ ਅਤੇ ਮਨੁੱਖ ਤੋਂ ਚੰਗੇ-ਮਾੜੇ ਕਾਰਜ ਕਰਵਾਉਣ, ਹਰ ਕਰਮ ਦਾ ਪ੍ਰਤੀਕਰਮ ਦੇਣ, ਵਾਲਾ ਸਰੀਰ ਦਾ ਰਥਵਾਨ ‘ਮਨ’ ਹੀ ਹੈ। ਹਾਂ! ਮਨੁੱਖ ਦਾ ਹਿਰਦਾ (ਦਿਲ) ਛੂਹਣਯੋਗ ਹੈ। ਆਯੁਰਵੈਦ ਅਤੇ ਮੈਡੀਕਲ ਸਾਇੰਸ ਰਾਹੀਂ ਇਸ ਦੇ ਰੋਗਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਨਿਸਚੇ ਹੀ ਆਤਮਾ, ਪਰਮਾਤਮਾ ਦਾ ਹੀ ਅੰਸ਼ ਹੈ। ਪਰੰਤੂ ਇਨ੍ਹਾਂ ਦੋਹਾਂ ਦੀ ਆਪਸ ਵਿਚ ਵਿੱਥ ਕਿਵੇਂ ਪੈ ਗਈ? ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਮਹੱਤਵਪੂਰਨ ਬਾਣੀ ਵਿਚ ਸਪਸ਼ਟ ਕਰਦੇ ਹਨ ਕਿ ਮਾਤਾ ਦੇ ਗਰਭ ਵਿਚ ਤਾਂ ਇਹ ਆਤਮਾ ਪਰਮਾਤਮਾ ਦੇ ਸਿਮਰਨ ਵਿਚ ਲੀਨ ਰਹਿੰਦਿਆਂ ਪਰਮਾਤਮਾ ਨਾਲ ਜੁੜੀ ਹੀ ਰਹੀ ਅਤੇ ਪਰਮਾਤਮਾ ਉਸ ਨੂੰ ਦੁਨੀਆਵੀ ਮਾਇਆ ਦੀ ਅੱਗ ਤੋਂ ਬਚਾਅ ਰੱਖਦਾ ਹੈ
“ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ॥”
ਸ੍ਰੀ ਗੁਰੂ ਅਮਰ ਦਾਸ ਜੀ ਅਨੰਦ ਸਾਹਿਬ ਵਿਚ ਇਸ ਤੋਂ ਅਗਲੀ ਸਥਿਤੀ ਬਾਰੇ ਸਮਝਾਉਂਦੇ ਹਨ,
“ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥”
ਤਥਾ
“ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥”
ਸਪਸ਼ਟ ਹੈ ਕਿ ਆਤਮਾ ਚੇਤਨਾ ਸ਼ਕਤੀ ਦੇ ਨਾਲ ਹੀ ਮਾਇਆ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੇ ਵੀ ਜਨਮ ਲਿਆ। ਬਸ ਜਨਮ ਉਪਰੰਤ ਹੀ ਮਾਇਆ ਨੇ ਆਪਣੀ ਖੇਡ ਰਚੀ ਅਤੇ ਮਨੁੱਖੀ ਮਨ ਨੂੰ ਭਰਮਾ ਲਿਆ ਅਤੇ ਆਪਣੇ ਮੋਹ ਮਾਇਆ ਜਾਲ ਵਿਚ ਬੁਰੀ ਤਰ੍ਹਾਂ ਉਲਝਾ ਲਿਆ ਅਤੇ ਇਸ ਤਰ੍ਹਾਂ ਆਤਮਾ ਅਤੇ ਪਰਮਾਤਮਾ ਦਰਮਿਆਨ ਕੂੜ ਦੀ ਪਾਲ ਖੜ੍ਹੀ ਹੋ ਗਈ। ਮਨੁੱਖੀ ਜਨਮ ਦਾ
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ॥”
ਨਿਸ਼ਾਨਾ ਮਿਥਿਆ ਗਿਆ ਹੈ। ਇਸ ਮਾਇਆ ਦੀ ਸ਼ਕਤੀ ਨਾਲ ਚੁੰਧਿਆਈ ਹੋਈ ਆਤਮਾ ਅੰਦਰ ਚਾਨਣ ਕਿਵੇਂ ਹੋਵੇ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਸਪਸ਼ਟ ਕਰਦੇ ਹਨ:
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ॥1॥
ਬਿਨੁ ਤੇਲ ਦੀਵਾ ਕਿਉ ਜਲੈ॥1॥ ਰਹਾਉ॥ (ਪੰਨਾ 25)
ਮਾਇਆ ਦੀ ਖੇਡ ਨੂੰ ਇਸ ਤਰ੍ਹਾਂ ਸਪਸ਼ਟ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬੀਮਾਰੀ ਦਾ ਇਲਾਜ ਵੀ ਸ਼ਬਦ ਵਿਚ ਹੀ ਸਮਝਾਉਂਦੇ ਹਨ:
ਪੋਥੀ ਪੁਰਾਣ ਕਮਾਈਐ॥
ਭਉ ਵਟੀ ਇਤੁ ਤਨਿ ਪਾਈਐ॥
ਸਚੁ ਬੂਝਣੁ ਆਣਿ ਜਲਾਈਐ॥2॥
ਇਹੁ ਤੇਲੁ ਦੀਵਾ ਇਉ ਜਲੈ॥
ਕਰਿ ਚਾਨਣੁ ਸਾਹਿਬ ਤਉ ਮਿਲੈ॥1॥ ਰਹਾਉ॥ (ਪੰਨਾ 26)
ਅਰਥਾਤ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦਿਆਂ ਆਪਣੇ ਮਨ ਦੀਆਂ ਸਰੀਰਕ ਭੁੱਖਾਂ ਉੱਤੇ ਸਿਧਾਂਤਕ ਕੁੰਡਾ (ਸਤ, ਸੰਤੋਖ ਅਤੇ ਸੰਜਮ) ਦਾ ਕੁੰਡਾ ਕਾਇਮ ਕਰਕੇ ਅਤੇ ਜੀਵਨ ਦਾ ਅਧਾਰ ‘ਸੱਚ’ ਨੂੰ ਬਣਾ ਕੇ ਮੱਧਮ ਪੈ ਚੁੱਕੀ ਆਤਮਿਕ-ਲੋਅ ਨੂੰ ਮੁੜ ਪ੍ਰਚੰਡ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਕੂੜ ਦੀ ਪਾਲ ਹਟ ਜਾਵੇਗੀ ਅਤੇ ਆਤਮਾ ਦਾ ਪਰਮਾਤਮਾ ਨਾਲ ਪੁਨਰ ਮਿਲਾਪ ਸੰਭਵ ਹੋ ਸਕੇਗਾ।
ਸਤਿਗੁਰੂ ਜੀ ਸੰਸਾਰ ਨੂੰ ਸਮੁੰਦ-ਸਾਗਰ ਕਹਿੰਦੇ ਹਨ। ਇਸ ਵਿਸ਼ਾਲ ਸੰਸਾਰ ਵਿਚ ਲੋਭ, ਲਾਲਚ, ਤ੍ਰਿਸ਼ਨਾਵਾਂ, ਲਾਲਸਾਵਾਂ, ਈਰਖਾ, ਦਵੈਸ, ਮੰਦ-ਭਾਵਨਾਵਾਂ ਦੀਆਂ ਲਹਿਰਾਂ ਉਠ ਰਹੀਆਂ ਹਨ ਅਤੇ ਇਸ ਨੇ ਭਵਸਾਗਰ ਦਾ ਰੂਪ ਧਾਰਨ ਕੀਤਾ ਹੋਇਆ ਹੈ ਅਤੇ ਮਨੁੱਖੀ ਆਤਮਾ ਇਸ ਭਵਸਾਗਰ ਦੀ ਘੁੰਮਣਘੇਰੀ ਵਿਚ ਉਲਝ ਕੇ ਰਹਿ ਜਾਂਦੀ ਹੈ। ਬਸ ਇਹੋ ਹੀ ਸਥਿਤੀ ਸਭ ਤੋਂ ਮਹੱਤਵਪੂਰਨ ਹੈ ਜਦੋਂ ਮਨ ਨੇ ਫੈਸਲਾ ਕਰਨਾ ਹੈ ਕਿ ਉਸ ਨੇ ਭਵਸਾਗਰ ਵਿਚ ਗੁਣਾਂ ਦੀ ਸਾਂਝ ਪਾਉਣੀ ਹੈ ਜਾਂ ਔਗੁਣਾਂ ਦੀ ਪੰਡ ਬੰਨ੍ਹਣੀ ਹੈ ਭਾਵ ਅੰਮ੍ਰਿਤ ਅਤੇ ਬਿਖ ਵਿੱਚੋਂ ਇਕ ਨੂੰ ਚੁਣਨਾ ਹੁੰਦਾ ਹੈ। ਮਾਇਆ ਜਾਲ ਬਹੁਤ ਹੀ ਦਿਲ-ਖਿਚਵਾਂ, ਲੁਭਾਣਾ, ਆਕਰਸ਼ਿਤ ਕਰਨ ਵਾਲਾ ਅਤੇ ਸੁਆਦਲਾ ਹੁੰਦਾ ਹੈ। ਸਤਿਗੁਰੂ ਇਉਂ ਸਥਿਤੀ ਨੂੰ ਸਪਸ਼ਟ ਕਰਦੇ ਹਨ:
ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ॥ (ਪੰਨਾ 956)
ਅਤੇ
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍॥ (ਪੰਨਾ 729)
ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਸਥਿਤੀ ਸਪਸ਼ਟ ਕਰਨ ਲਈ ਬਹੁਤ ਹੀ ਵਿਸਤ੍ਰਿਤ ਰੂਪ ਵਿਚ ਸਮਝਾਉਂਦੇ ਹਨ ਤਾਂ ਹੀ
“ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥”
ਕਿਹਾ ਗਿਆ ਹੈ। ਇਹ ਸੰਸਾਰ ਸਮੁੰਦਰ, ਜੋ ਛੋਟੇ ਰੂਪ ਵਿਚ ਮਨੁੱਖੀ ਸਰੀਰ ਵੀ ਹੈ, ਮਨ ਵੱਲੋਂ ਦੋਹਾਂ ਰਸਤਿਆਂ ਵਿੱਚੋਂ ਕੀਤੀ ਜਾਂਦੀ ਚੋਣ ਬਾਰੇ ਇਸ ਤਰ੍ਹਾਂ ਦੱਸਦੇ ਹਨ:
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ॥
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ॥1॥
ਦਾਦਰ ਤੂ ਕਬਹਿ ਨ ਜਾਨਸਿ ਰੇ॥
ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ॥1॥ ਰਹਾਉ॥
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ॥
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ॥2॥
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ॥
ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ॥ (ਪੰਨਾ 990)
ਇਸ ਤਰ੍ਹਾਂ ਇਸ ਸ਼ਬਦ ਦੁਆਰਾ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪਵਿੱਤਰ ਜਲ ਅੰਦਰ ਕੰਵਲ ਫੁੱਲ ਅਤੇ ਡੱਡੂ ਦੋਵੇਂ ਵੱਸਦੇ ਹਨ। ਕੰਵਲ ਫੁੱਲ ਇਸ ਜਲ ਵਿੱਚੋਂ ਜੋ ਅੰਮ੍ਰਿਤ ਦਾ ਅੰਸ਼ ਹੈ, ਉਹ ਪ੍ਰਾਪਤ ਕਰਦਾ ਹੈ ਪਰੰਤੂ ਡੱਡੂ ਜਲ ਉੱਤੇ ਜਮ੍ਹਾਂ ਹੋਏ ਗੰਦੇ ਜਾਲੇ ਨੂੰ ਹੀ ਖਾਂਦਾ ਹੈ। ਉਹ ਹੀ ਉਸ ਨੂੰ ਸੁਆਦਲਾ ਲੱਗਦਾ ਹੈ। ਗੁਰੂ ਸਾਹਿਬ ਇਸ ਕਾਮੀ, ਤ੍ਰਿਸ਼ਨਾਲੂ ਅਤੇ ਲੋਭੀ ਮਨ ਨੂੰ ਤਾੜਨਾ ਕਰਦੇ ਹਨ ਕਿ ਇਹ ਤੇਰੀ ਤ੍ਰਾਸਦੀ ਹੀ ਹੈ ਕਿ ਤੂੰ ਸੰਸਾਰ ਸਾਗਰ ਵਿੱਚੋਂ ਜਾਲੇ ਰੂਪੀ ਬਿਖ ਭੱਖ ਰਿਹਾ ਹੈਂ ਅਤੇ ਅੰਮ੍ਰਿਤ ਨੂੰ ਅਣਡਿੱਠ ਕਰ ਰਿਹਾ ਹੈ। ਡੱਡੂ ਵਾਂਗ ਤੂੰ ਅੰਮ੍ਰਿਤ ਦੀ ਕਦਰ ਨਹੀਂ ਜਾਣਦਾ। ਭੌਰਾ ਜਲ ਵਿਚ ਨਹੀਂ ਵੱਸਦਾ ਪਰੰਤੂ ਉਹ ਕੰਵਲ ਦੀਆਂ ਖ਼ੂਬੀਆਂ ਤੋਂ ਜਾਣੂ ਹੈ ਅਤੇ ਉਹ ਉਨ੍ਹਾਂ ਦਾ ਗੁਣਗਾਣ ਕਰਨ ਵਿਚ ਮਸਤ ਰਹਿੰਦਾ ਹੈ। ਇਸੇ ਤਰ੍ਹਾਂ ਕੰਵਲ ਫੁੱਲ ਚੰਦਰਮਾ ਨੂੰ ਦੂਰੋਂ ਵੇਖ ਕੇ ਆਪਣੀ ਅੰਦਰਲੀ ਗਿਆਤ ਦੇ ਸਬੱਬ ਕਮੀਆ ਕੰਵਲ ਖਿੜਦਾ ਹੈ ਅਤੇ ਆਪਣਾ ਸੀਸ ਨਿਵਾਉਂਦਾ ਹੈ। ਸਤਿਗੁਰੂ ਜੀ ਇਕ ਹੋਰ ਮਿਸਾਲ ਵੀ ਪੇਸ਼ ਕਰਦੇ ਹਨ ਕਿ ਪਸ਼ੂ ਦੀ ਦੁੱਧ ਵਾਲੀ ਝੋਲੀ ਨੂੰ ਚਿਮੜਿਆ ਚਿੱਚੜ ਦੁੱਧ ਅੰਮ੍ਰਿਤ ਪ੍ਰਾਪਤ ਨਹੀਂ ਕਰਦਾ ਸਗੋਂ ਪਸ਼ੂ ਦਾ ਖੂਨ ਚੂਸਦਾ ਹੈ ਅਤੇ ਉਸੇ ਵਿਚ ਮਸਤ ਰਹਿੰਦਾ ਹੈ। ਇਹੋ ਹੀ ਮਨੁੱਖੀ ਮਨ ਦੀ ਹਾਲਤ ਹੈ।
ਜੀਵਤ ਸੰਸਾਰ ਵਿਚ ਮਨ ਦਾ ਬਹੁਤ ਮਹੱਤਵ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਮਨ ਜੀਵਤ ਸੰਸਾਰ ਦੀ ਜ਼ਿੰਦਗੀ ਦਾ ਕੇਂਦਰ ਬਿੰਦੂ ਹੈ ਅਤੇ ਚਾਲਕ ਹੈ। ਮਨੁੱਖ, ਪਸ਼ੂ, ਪੰਛੀ, ਧਰਤੀ ਉੱਤੇ ਰੇਂਗ ਕੇ ਚੱਲਣ ਵਾਲੇ ਜਾਂ ਜਲ ਵਿਚ ਰਹਿਣ ਵਾਲੇ ਜਾਂ ਇੱਕੋ ਥਾਂ ਪਸਰੇ ਰਹਿਣ ਵਾਲੇ ਸਾਰੇ ਜੀਵ-ਜੰਤੂਆਂ ਅੰਦਰ ‘ਮਨ’ ਮੌਜੂਦ ਹੈ ਅਤੇ ਉਨ੍ਹਾਂ ਨੂੰ ਹਰ ਪ੍ਰਕਾਰੀ ਹਿਲ-ਜੁਲ ਪ੍ਰਕ੍ਰਿਆ ਨੂੰ ਸੰਚਾਲਨ ਕਰਨ ਅਤੇ ਸੇਧ ਦੇਣ ਵਾਲਾ ਮਨ ਹੀ ਹੈ। ਮਨ ਦਾ ਸਿੱਧਾ ਸਬੰਧ ਦਿਮਾਗ ਨਾਲ ਹੈ। ਦਿਮਾਗ ਵਿੱਚੋਂ ਪੈਦਾ ਹੋਏ ਫੁਰਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਮਨ ਹੀ ਇੰਦਰੀਆਂ ਨੂੰ ਸੇਧ ਦਿੰਦਾ ਹੈ। ਮਨੁੱਖ ਤੋਂ ਬਿਨਾਂ ਬਾਕੀ ਦੇ ਜੀਵ-ਜੰਤੂਆਂ ਅੰਦਰ ਮਨ ਦੀਆਂ ਗਤੀਵਿਧੀਆਂ, ਸ਼ਕਤੀ ਜਾਂ ਕਾਰਜਸ਼ੀਲਤਾ ਬਹੁਤ ਸੀਮਤ ਹੀ ਹੁੰਦੀ ਹੈ। ਮਨ ਵਿਚ ਗੁਣ ਅਤੇ ਅਉਗਣ ਦੋਵੇਂ ਹੀ ਮੌਜੂਦ ਹੁੰਦੇ ਹਨ ਭਾਵ ਨੇਕੀ ਅਤੇ ਬਦੀ ਦੀ ਭਾਵਨਾ। ਜਦੋਂ ਗੁਣ ਜਾਂ ਨੇਕੀ ਭਾਰੂ ਹੋਵੇ ਤਾਂ ਇਹ ਜੀਵ ਚੰਗਿਆਈਆਂ ਕਰਦਾ ਹੈ- ਭਲੇ ਕੰਮ ਕਰਦਾ ਹੈ। ਪਰਉਪਕਾਰ ਕਰਦਾ ਹੈ। ਪਰੰਤੂ ਜਦੋਂ ਅਉਗਣ ਜਾਂ ਬਦੀ ਭਾਰੂ ਹੋ ਜਾਵੇ ਤਾਂ ਇਹ ਜੀਵ ਬੁਰਿਆਈਆਂ ਕਰਦਾ ਹੈ- ਪਾਪ ਕਰਦਾ ਹੈ। ਅਤਿ ਮਲੀਨ ਅਤੇ ਮਾੜੇ ਧੰਦੇ ਕਰਦਾ ਹੈ। ਇਸ ਤਰ੍ਹਾਂ ਮਨ ਵੱਲੋਂ ਕੀਤੇ/ਕਰਵਾਏ ਜਾਂਦੇ ਮੰਦੇ ਕੰਮਾਂ ਕਾਰਨ ਆਤਮਾ-ਪਰਮਾਤਮਾ ਦੇ ਮਿਲਾਪ ਦਰਮਿਆਨ ਕੂੜਿ ਦੀ ਪਾਲ ਖੜ੍ਹੀ ਹੋ ਜਾਂਦੀ ਹੈ। ਤਕਰੀਬਨ ਸਾਰੇ ਹੀ ਧਰਮ ਮਨੁੱਖੀ ਜ਼ਿੰਦਗੀ ਦਾ ਲਕਸ਼ ਮੁਕਤੀ ਭਾਵ ਆਤਮਾ ਦੇ ਪਰਮਾਤਮਾ ਨਾਲ ਪੁਨਰ ਮਿਲਾਪ ਨੂੰ ਹੀ ਮੰਨਦੇ ਹਨ ਅਤੇ ਇਸ ਪ੍ਰਭੂ ਮਿਲਾਪ ਦੀ ਪ੍ਰਾਪਤੀ ਲਈ ਹੀ ਉਪਦੇਸ਼ ਕਰਦੇ ਹਨ। ਜੀਵਨ ਦਾ ਲਕਸ਼ ਮੁਕਤੀ ਪ੍ਰਾਪਤ ਕਰਨਾ ਦੱਸਦਿਆਂ ਬਾਮ ਮਾਰਗੀਆਂ ਨੇ ਮਨ ਦੀਆਂ ਤਰੰਗਾਂ, ਤ੍ਰਿਸ਼ਨਾਵਾਂ ਅਤੇ ਲਾਲਸਾਵਾਂ ਖਾਸ ਕਰਕੇ ਕਾਮੁਕ ਪ੍ਰਵਿਰਤੀਆਂ ਦੀ ਤ੍ਰਿਪਤੀ ਅਤੇ ਸੰਤੁਸ਼ਟੀ ਦਾ ਮਾਰਗ ਪ੍ਰਚਾਰਿਆ। ਇਸ ਨਾਲ ਸਮਾਜ ਵਿਚ ਬਹੁਤ ਵੱਡਾ ਹੜਦੁੰਗ ਮਚ ਗਿਆ। ਪਵਿੱਤਰ ਰਿਸ਼ਤੇ ਤਾਰ-ਤਾਰ ਹੋਣ ਲੱਗੇ ਅਤੇ ਮਨੁੱਖ ਇਕ ਤਰ੍ਹਾਂ ਸਭਿਆ ਸਮਾਜ ਦਾ ਅੰਗ ਨਾ ਹੋ ਕੇ ਜੰਗਲੀ ਜੀਵ ਵਰਗੀ ਜ਼ਿੰਦਗੀ ਜਿਉਣ ਲੱਗਿਆਂ। ਇਸ ਦੇ ਪ੍ਰਤੀਕਰਮ ਵਜੋਂ ਜੋਗੀਆਂ, ਨਾਥਾਂ ਅਤੇ ਸੰਨਿਆਸੀਆਂ ਨੇ ਗ੍ਰਹਿਸਤ ਤਥਾ ਇਸਤਰੀ ਤੋਂ ਕਿਨਾਰਾ ਕਰਨ ਭਾਵ ਸਮਾਜ ਤੋਂ ਭਗੌੜਾ ਹੋਣ, ਹੱਠ, ਜੋਗ, ਜ਼ੁਹਦ ਤਪਸਿਆ, ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਕਸ਼ਟ ਦੇ ਕੇ ਵਿਸ਼ੇ-ਵਿਕਾਰਾਂ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮੁੱਢੋਂ ਹੀ ਖਤਮ ਕਰਕੇ ਮਨ ਨੂੰ ਮਾਰਨ ਦਾ ਮਾਰਗ ਪ੍ਰਚਾਰਿਆ ਅਤੇ ਆਪ ਅਮਲੀ ਰੂਪ ਵਿਚ ਅਜਿਹਾ ਹੀ ਜੀਵਨ ਜਿਉਣ ਲੱਗ ਪਏ। ਪਰੰਤੂ ਆਪਣੀਆਂ ਕਾਮੁਕ ਬਿਰਤੀਆਂ ਉਤੇ ਕਾਬੂ ਨ ਪਾ ਸਕੇ। ਇਸ ਤਰ੍ਹਾਂ ਕਰਨ ਨਾਲ ਜਿਥੇ ਇਸਤਰੀ ਨੂੰ ਬਘਿਆੜੀ, ਬਾਘਣ, ਨਰਕਾਂ ਲਈ ਜ਼ਿੰਮੇਵਾਰ ਅਤੇ ਪੈਰ ਦੀ ਜੁੱਤੀ ਕਰਕੇ ਵੇਖਿਆ ਜਾਣ ਲੱਗਾ ਉਥੇ ਸਮਾਜਿਕ ਸੰਤੁਲਨ ਵਿਗੜਨ ਲੱਗਾ। ਗੁਰਮਤਿ ਨੇ ਇਨ੍ਹਾਂ ਦੋਹਾਂ ਅੰਤਤਾਈ ਧਾਰਨਾਵਾਂ ਵਾਲੇ ਮਾਰਗਾਂ ਨੂੰ ਗ਼ੈਰਕੁਦਰਤੀ ਅਤੇ ਗ਼ੈਰਮਨੁੱਖੀ ਮੰਨਦਿਆਂ ਵਿਚਕਾਰਲਾ ਰਸਤਾ ਦੱਸਿਆ ਜੋ
“ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥”
ਅਤੇ
“ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥”
ਤਥਾ
“ਰਾਜ ਮਹਿ ਰਾਜੁ ਜੋਗ ਮਹਿ ਜੋਗੀ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ॥”
ਅਤੇ
“ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥”
ਅਤੇ ਜਗਤ ਜਨਨੀ ਇਸਤਰੀ ਪ੍ਰਤੀ ਕੀਤੇ ਗਏ ਭੱਦੇ ਪ੍ਰਚਾਰ ਨੂੰ ਰੱਦ ਕਰਦਿਆਂ ਗੁਰਮਤਿ ਨੇ ਉਸ ਨੂੰ ਰਾਜਿਆਂ, ਮਹਾਰਾਜਿਆਂ ਦੀ ਜਨਨੀ ਅਤੇ ਬੱਤੀ ਸੁਲੱਖਣੀ ਕਹਿ ਕੇ ਮਾਣ ਬਖਸਿਆ,
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
ਅਤੇ
“ਬਤੀਹ ਸੁਲਖਣੀ ਸਚੁ ਸੰਤਤਿ ਪੂਤ॥
ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥
ਸਗਲ ਸੰਤੋਖੀ ਦੇਰ ਜੇਠਾਨੀ॥3॥
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥”
ਗੁਰਮਤਿ ਵੀ
“ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥”
ਤਥਾ
“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥”
ਮਨੁੱਖ ਮਾਤਰ ਲਈ ਇਹੋ ਹੀ ਲਕਸ਼ ਮਿੱਥਦੀ ਹੈ। ਕਿਉਂਕਿ ਮਨੁੱਖ ਪਾਸ ਬੁੱਧੀ ਦਾ ਭੰਡਾਰ ਵਧੇਰਾ ਹੈ ਜਦੋਂ ਕਿ ਪਸ਼ੂ, ਪੰਛੀਆਂ, ਜੀਵ-ਜੰਤੂਆਂ ਵਿਚ ਇਹ ਬਹੁਤ ਹੀ ਘੱਟ ਮਾਤਰਾ ਵਿਚ ਹੁੰਦੀ ਹੈ ਇਸ ਲਈ ਮਨੁੱਖ ਪ੍ਰਭੂ ਨਾਲ ਪੁਨਰ-ਮਿਲਾਪ ਲਈ ਸਾਰਥਕ ਯਤਨ ਕਰਨ ਦੇ ਯੋਗ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ‘ਜਪੁ’ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਸਰੂਪ, ਕਾਲ ਰਹਿਤ ਅਤੇ ਸਵੈ-ਪ੍ਰਕਾਸ਼ ਹੋਣ ਦਾ ਚਿਤਰਨ ਅਤੇ ਉਸ ਨੂੰ ਪਾਉਣ ਦੀ ਵਿਧੀ ਦਾ ਵਰਣਨ ਮੂਲ-ਮੰਤਰ ਵਿਚ ਇਉਂ ਕਰਦੇ ਹਨ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਪੰਨਾ 1)
ਭਾਵ ਮਨੁੱਖ ਨੂੰ ਆਪਣਾ ਜੀਵਨ ਲਕਸ਼ ਪ੍ਰਭੂ ਨਾਲ ਪੁਨਰ ਮਿਲਾਪ ਪ੍ਰਾਪਤ ਕਰਨ ਲਈ ਸੱਚੇ ਗੁਰੂ ਦੀ ਕਿਰਪਾ ਦੀ ਲੋੜ ਹੈ ਕਿਉਂਕਿ ਕੱਚੇ ਗੁਰੂ ਰਾਹੀਂ ਕੋਈ ਵੀ ਪ੍ਰਾਪਤੀ ਸੰਭਵ ਨਹੀਂ ਹੈ।
“ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥”
ਇਹ ਸੱਚਾ ਗੁਰੂ ਹੀ ਮਨੁੱਖੀ ਮਨ ਨੂੰ ਸਹੀ ਸੇਧ ਦੇ ਕੇ ਗੁਰਮੁਖ ਗਾਡੀ ਰਾਹ ਪਾਉਂਦਾ ਹੈ ਇਸੇ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦੱਸਿਆ ਰਾਹ “ਹੁਕਮਿ ਰਜਾਈ ਚਲਣਾ” ਸਹੀ ਮਾਰਗ ਹੈ। ਗੁਰਮਤਿ ਵਿਚ ਗੁਰੂ ਦੀ ਮਤਿ ਅਨੁਸਾਰ ਪ੍ਰਭੂ ਦੀ ਰਜ਼ਾ ਵਿਚ ਆਪਣਾ ਜੀਵਨ ਜਿਉਣ ਵਾਲੇ ਨੂੰ ਗੁਰਮੁਖ ਅਤੇ ਜੋ ਮਨੁੱਖ ਆਪਣੇ ਚੰਚਲ, ਸ਼ਾਤਰ ਅਤੇ ਲੋਭੀ ਮਨ ਦੀ ਮਤ ਅਨੁਸਾਰ ਜੀਵਨ ਜਿਉਂਦਾ ਹੈ, ਉਸ ਨੂੰ ਮਨਮੁਖ ਕਿਹਾ ਗਿਆ ਹੈ। ਗੁਰੂ ਜੀ ਅਤੇ ਬਾਬਾ ਫਰੀਦ ਜੀ ਇਸ ਤਰ੍ਹਾਂ ਸਮਝਾਉਂਦੇ ਹਨ:-
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ॥
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ॥
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ॥6॥
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ॥
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ॥
ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ॥7॥
ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ॥
ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ॥
ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ॥ (ਪੰਨਾ 635-36)
ਗੁਰ ਕੀ ਮਤਿ ਤੂੰ ਲੇਹਿ ਇਆਨੇ॥
ਭਗਤਿ ਬਿਨਾ ਬਹੁ ਡੂਬੇ ਸਿਆਨੇ॥ (ਪੰਨਾ 288)
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ (ਪੰਨਾ 488)
ਆਪਣੀ ਆਦਤਨ ਚੰਚਲਤਾਈ ਵਿਚ ਉਲਝੇ ਰਹਿਣ ਕਾਰਨ ਮਨ ਦੇ ਪ੍ਰਭੂ ਦੀ ਜੋਤਿ ਤੋਂ ਦੂਰ ਰਹਿਣ ਵਾਲੀ ਮਨੋਬਿਰਤੀ ਦੀ ਤ੍ਰਾਸਦੀ ਨੂੰ ਨੰਗਾ ਕਰਦਿਆਂ ਭਗਤ ਕਬੀਰ ਜੀ ਮਨ ਨੂੰ ਸਾਰੇ ਭਰਮ-ਭੁਲੇਖੇ ਛੱਡ ਕੇ ਇਕੋ ਜੋਤਿ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਹਨ,
“ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ॥
ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ॥2॥
ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ॥
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾ॥”
ਪਰਮਾਤਮਾ ਦੀ ਰਜ਼ਾ ਵਿਚ ਚੱਲਣ ਲਈ ਮਨੁੱਖ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਵੱਲੋਂ ਦੱਸੀ ਜੁਗਤ
“ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥”
ਗੁਰੂ ਅੱਗੇ ਮੁਕੰਮਲ ਸਮਰਪਣ ਕਰਨ ਦੀ ਲੋੜ ਹੈ। ਗੁਰਬਾਣੀ ਇਉਂ ਵੀ ਉਪਦੇਸ਼ ਕਰਦੀ ਹੈ,
“ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥”
ਕਿਉਂਕਿ ਜੋ ਕੁਝ ਵੀ ਮਨੁੱਖ ਪਾਸ ਹੈ ਉਹ ਸਭ ਅਕਾਲ ਪੁਰਖ ਦੀ ਹੀ ਮਹਾਨ ਦਾਤਿ ਹੈ। ਬਖਸਿਸ਼ ਹੈ। ਇਸ ਅਟੱਲ ਸਚਾਈ ਨੂੰ ਸਮਝਦਿਆਂ ਮਨੁੱਖ ਨੇ ਇਸ ਮਨ ਨੂੰ ਸਤਿਗੁਰਾਂ ਦੇ ਚਰਣਾਂ ਨਾਲ ਜੋੜ ਕੇ ਮਨ ਦੀਆਂ ਤ੍ਰਿਸ਼ਨਾਵਾਂ, ਮੰਦ ਭਾਵਨਾਵਾਂ, ਲਾਲਸਾਵਾਂ, ਹਉਮੈ, ਹੰਕਾਰ, ਕਾਮ, ਕ੍ਰੋਧ ਆਦਿ ਉੱਤੇ ਜਿੱਤ ਪ੍ਰਾਪਤ ਕਰਨੀ ਹੁੰਦੀ ਹੈ। ਫਿਰ ਨਿਸਚੇ ਹੀ ਚੰਚਲ ਮਨ ਵਿਚ ਟਿਕਾਓ ਆ ਜਾਂਦਾ ਹੈ। ਇਸ ਮਾਨਸਿਕ ਸਥਿਤੀ ਸਬੰਧੀ ਭਗਤ ਰਾਮਾਨੰਦ ਜੀ ਇਉਂ ਫਰਮਾਉਂਦੇ ਹਨ,
“ਕਤ ਜਾਈਐ ਰੇ ਘਰ ਲਾਗੋ ਰੰਗੁ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥1॥ ਰਹਾਉ॥
ਏਕ ਦਿਵਸ ਮਨ ਭਈ ਉਮੰਗ॥
ਘਸਿ ਚੰਦਨ ਚੋਆ ਬਹੁ ਸੁਗੰਧ॥”
ਇਸ ਤਰ੍ਹਾਂ ਮਨੁੱਖ ਨੂੰ ਇਹ ਸਥਿਤੀ ਪ੍ਰਾਪਤ ਹੋ ਜਾਂਦੀ ਹੈ ਪਰੰਤੂ ਇਹ ਪ੍ਰਾਪਤੀ ਗੁਰ-ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਜਿਸ ਤਰ੍ਹਾਂ ਇਕ ਪੰਥਕ ਕਵੀ ਚੁਹਾਨ ਭੱਟ ਨੇ ਠੀਕ ਹੀ ਕਿਹਾ ਹੈ:-
ਚਿਤ ਚਰਣ ਕਮਲ ਕਾ ਆਸਰਾ ਚਿਤ ਚਰਣ ਕਮਲ ਸੰਗ ਜੋੜੀਏ।
ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ।
ਗੁਰਮਤਿ ਵਾਰ-ਵਾਰ ਇਹ ਸਪਸ਼ਟ ਕਰਦੀ ਹੈ ਕਿ ਪਰਮਾਤਮਾ ਦੀ ਜੋਤਿ ਸਰਬ ਵਿਆਪਕ ਹੈ।
“ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥
ਸਪਸ਼ਟ ਹੈ ਕਿ ਪਰਮਾਤਮਾ ਦੀ ਜੋਤਿ ਅਕਾਸ਼-ਪਤਾਲ ਧਰਤਿ ਅਤੇ ਬਨਸਪਤੀ ਵਿਚ ਅਤੇ ਮਨੁੱਖ ਦੀ ਧੁਰ ਆਤਮਾ ਵਿਚ ਵੀ ਸੁਸ਼ੋਭਿਤ ਹੈ ਅਤੇ ਸਾਰਿਆਂ ਅੰਦਰ ਉਸ ਜੋਤਿ ਦਾ ਹੀ ਚਾਨਣ ਹੈ। ਮਨੁੱਖ ਨੇ ਉਸ ਜੋਤਿ ਨੂੰ ਆਪਣੇ ਅੰਦਰੋਂ ਹੀ ਲੱਭਣਾ ਹੈ। ਆਪਣੇ ਮਨ ਨੂੰ ਹੀ ਖੋਜਣਾ ਹੈ। ਗੁਰਮਤਿ ਪਰਮਾਤਮਾ ਦੀ ਜੋਤਿ ਦੀ ਸਰਬ-ਵਿਆਪਕਤਾ ਬਾਰੇ ਇਉਂ ਗਿਆਨ ਕਰਾਉਂਦੀ ਹੈ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥ (ਪੰਨਾ 13)
ਊਰਮ ਧੂਰਮ ਜੋਤਿ ਉਜਾਲਾ॥
ਤੀਨਿ ਭਵਣ ਮਹਿ ਗੁਰ ਗੋਪਾਲਾ॥ (ਪੰਨਾ 930)
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 463)
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ (ਪੰਨਾ 133)
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥ (ਪੰਨਾ 596)
ਮਨੁੱਖੀ ਆਤਮਾ, ਜੋ ਪਰਮਾਤਮਾ ਦਾ ਹੀ ਇਕ ਅੰਸ਼ ਹੈ, ਨੂੰ ਪਰਮ ਸਤਿ ਨਾਲ ਅਭੇਦ ਹੋਣ ਲਈ ਦੋਹਾਂ ਵਿਚਕਾਰ ਮੌਜੂਦ ਮਨ ਦੀ ਹਉਮੈ, ਲਾਲਚ, ਲਾਲਸਾਵਾਂ, ਵਿਸ਼ੇ-ਵਿਕਾਰ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅਗਿਆਨਤਾ ਨੂੰ ਜਿੱਤਣਾ ਜ਼ਰੂਰੀ ਹੈ ਕਿਉਂਕਿ ਮਨ ਦੀਆਂ ਇਨ੍ਹਾਂ ਫਿਤਰਤੀ ਕ੍ਰਿਰਿਆਵਾਂ ਕਾਰਨ ਹੀ ਆਤਮਾ ਉੱਤੇ ਭਰਮ-ਭੁਲੇਖਿਆਂ ਦੀ ਧੁੰਦ ਪੈ ਜਾਂਦੀ ਹੈ ਅਤੇ ਆਤਮਾ ਅਤੇ ਪਰਮਾਤਮਾ ਵਿਚਕਾਰ ਕੂੜ ਦੀ ਪਾਲਿ ਖੜ੍ਹੀ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਵਿਚਕਾਰਲੀਆਂ ਅੜਤਲਾਂ ਉੱਤੇ ਫਤਹਿ ਪ੍ਰਾਪਤ ਕਰਨ ਲਈ ਆਪਣੇ ਅੰਦਰ ਮੌਜੂਦ ਪਰਮਸਤਿ ਦੀ ਜੋਤਿ ਨੂੰ ਲੱਭਣ ਲਈ ਸੱਚੇ ਗੁਰੂ ਦੀ ਸ਼ਰਣ ਪੈਣਾ ਪਵੇਗਾ ਅਤੇ ਸੱਚਾ ਗਿਆਨ ਪ੍ਰਾਪਤ ਕਰਨਾ ਹੋਵੇਗਾ। ਜੋਤਿ ਦੀ ਸਰੀਰ ਅੰਦਰ ਵਿਆਪਕਤਾ ਤਥਾ ਮੌਜੂਦਗੀ ਅਤੇ ਸਤਿਗੁਰੂ ਦੇ ਮਹੱਤਵ ਬਾਰੇ ਗੁਰੂ ਜੀ ਇਉਂ ਫਰਮਾਉਂਦੇ ਹਨ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ (ਪੰਨਾ 441)
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ॥
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ॥
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ॥ (ਪੰਨਾ 78)
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ (ਪੰਨਾ 293)
ਮਨ ਅਮਰ ਹੈ। ਮਨ ਅਤਿ ਸੂਖਮ ਹੈ। ਅਤਿ ਫਿਤਰਤੀ ਹੈ। ਚੰਚਲ ਹੈ। ਫੁਰਨਿਆਂ ਦੀ ਖਾਣ ਹੈ। ਅਤਿ ਬਲਵਾਨ ਹੈ। ਅਤੀ ਡਰਪੋਕ ਹੈ। ਮਨ ਕੋਮਲ ਹੈ। ਮਨ ਕਠੋਰ ਹੈ। ਮਨ ਲੋਭੀ ਹੈ। ਮਨ ਤਿਆਗੀ ਹੈ। ਮਨ ਕਾਮੀ ਹੈ। ਮਨ ਸੰਜਮੀ ਹੈ। ਮਨ ਜ਼ਾਲਮ ਹੈ। ਜਾਬਰ ਹੈ। ਜ਼ੁਲਮੀ ਹੈ। ਮਨ ਤਿਆਗੀ ਹੈ। ਪਰਉਪਕਾਰੀ ਹੈ। ਦਾਨੀ ਹੈ। ਸੰਤੋਖੀ ਹੈ। ਹੰਕਾਰੀ ਹੈ। ਨਿਮਰ ਹੈ। ਮਨ ਬਦ ਹੈ। ਮਨ ਨੇਕ ਹੈ। ਪ੍ਰੇਮ-ਪਿਆਰ ਕਰਨਾ ਜਾਂ ਕਿਸੇ ਨਾਲ ਨਫਰਤ ਕਰਨਾ, ਕਿਸੇ ਨਾਲ ਈਰਖਾ ਜਾਂ ਸਾੜਾ ਕਰਨਾ ਜਾਂ ਕਿਸੇ ਉੱਤੇ ਖੁਸ਼ ਹੋਣਾ ਜਾਂ ਕਿਸੇ ਨੂੰ ਹਿੰਮਤ, ਹੌਂਸਲਾ ਅਤੇ ਸਤਿਕਾਰ ਦੇਣਾ ਇਹ ਮਨ ਦਾ ਕਾਰਜਸ਼ੀਲੀ ਸੁਭਾਅ ਹੈ। ਪ੍ਰਕ੍ਰਿਤੀ ਦੇ ਪੰਜਾਂ ਤੱਤਾ ਤੋਂ ਬਣਿਆ ਕੇਵਲ ਸਰੀਰ ਹੀ ਮਰਦਾ ਹੈ ਕਿਉਂਕਿ ਇਨ੍ਹਾਂ ਤੱਤਾਂ ਦੇ ਸਰੋਤ ਪ੍ਰਕ੍ਰਿਤੀ ਦੀ ਇਕ ਸਮਾਂ ਸੀਮਾ ਹੈ। ਇਸ ਲਈ ਇਹ ਸਰੀਰ ਪ੍ਰਕ੍ਰਿਤੀ ਵਾਂਗ ਹੀ ਨਾਸ਼ਵਾਨ ਹੈ
“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥”
ਮਨ ਨਾਸ਼ਵਾਨ ਨਹੀਂ ਹੈ। ਗੁਰਮਤਿ ਅਨੁਸਾਰ ਗੁਰੂ ਗਾਡੀ ਰਾਹ ਚਲਦਿਆਂ ਮਨ ਦੇ ਵਿਸ਼ੇ-ਵਿਕਾਰਾਂ ਉੱਤੇ ਕਾਬੂ ਪਾ ਕੇ ਮਨ ਦੀ ਕਸ਼ੁਧਤਾ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਉਂ ਮਨੁੱਖ ਜੀਵਨ ਦੀ ਬਾਜੀ ਜਿੱਤ ਸਕਦਾ ਹੈ,
“ਮਨਿ ਜੀਤੈ ਜਗੁ ਜੀਤੁ॥”
ਸਪਸ਼ਟ ਹੈ ਕਿ ਇਹ ਦੋਵੇਂ ਪੱਖ ਮਨ ਅੰਦਰ ਮੌਜੂਦ ਹਨ। ਮਨ ਸ਼ੁੱਧ ਹੈ ਤਾਂ ਮਨੁੱਖ ਚੰਗੇ ਲੋਕ ਭਲਾਈ ਦੇ ਕਾਰਜ ਕਰਕੇ ਪਰਉਪਕਾਰ ਕਰਦਾ ਹੈ। ਜੇਕਰ ਮਨ ਮੈਲਾ ਹੈ ਤਾਂ ਕਸੁੱਧੇ ਜਾਵੇਗਾ ਅਤੇ ਮੰਦੇ ਕੰਮ ਕਰੇਗਾ। ਪਾਪ ਕਮਾਵੇਗਾ। ਮਨ ਦੇ ਜਨਮਾਂ-ਜਨਮਾਂਤਰਾ ਦੇ ਬਹੁਤ ਹੀ ਲੰਮੇ ਸਫਰ ਬਾਰੇ ਗੁਰੂ ਜੀ ਫ਼ਰਮਾਉਂਦੇ ਹਨ:
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥ (ਪੰਨਾ 763)
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ (ਪੰਨਾ 921)
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥ (ਪੰਨਾ 651)
ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥1॥
ਮਿਲੁ ਜਗਦੀਸ ਮਿਲਨ ਕੀ ਬਰੀਆ॥
ਚਿਰੰਕਾਲ ਇਹ ਦੇਹ ਸੰਜਰੀਆ॥1॥ ਰਹਾਉ॥
ਕਈ ਜਨਮ ਸੈਲ ਗਿਰਿ ਕਰਿਆ॥
ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥
ਲਖ ਚਉਰਾਸੀਹ ਜੋਨਿ ਭ੍ਰਮਾਇਆ॥2॥
ਸਾਧਸੰਗਿ ਭਇਓ ਜਨਮੁ ਪਰਾਪਤਿ॥
ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥
ਤਿਆਗਿ ਮਾਨੁ ਝੂਠੁ ਅਭਿਮਾਨੁ॥
ਜੀਵਤ ਮਰਹਿ ਦਰਗਹ ਪਰਵਾਨੁ॥3॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥
ਅਵਰੁ ਨ ਦੂਜਾ ਕਰਣੈ ਜੋਗੁ॥
ਤਾ ਮਿਲੀਐ ਜਾ ਲੈਹਿ ਮਿਲਾਇ॥
ਕਹੁ ਨਾਨਕ ਹਰਿ ਹਰਿ ਗੁਣ ਗਾਇ॥4॥3॥72॥ (ਪੰਨਾ 176)
ਗੁਰਬਾਣੀ ਸਮਝਾਉਂਦੀ ਹੈ ਕਿ ਜੇਕਰ ਮਨ ਵਿਚ ਭਰਮ, ਭੁਲੇਖੇ, ਕਪਟ, ਛਲ ਅਤੇ ਲੋਭ-ਲਾਲਚ ਭਰਪੂਰ ਹਨ ਤਾਂ ਧਾਰਮਿਕ ਅਸਥਾਨਾਂ/ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ ਅਤੇ ਸੀਸ ਨਿਵਾਉਣ ਨਾਲ ਅਸਲ ਮਕਸਦ ਹੱਲ ਨਹੀਂ ਹੁੰਦਾ ਅਤੇ ਨਾ ਹੀ ਇਸ ਤਰ੍ਹਾਂ ਪਰਮਾਤਮਾ ਨੂੰ ਹੀ ਖੁਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਜੀਵਨ ਲਕਸ਼ ਦੀ ਪ੍ਰਾਪਤੀ ਹੀ ਹੋ ਸਕਦੀ ਹੈ। ਗੁਰਵਾਕ ਹੈ:
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥
ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ (ਪੰਨਾ 484)
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥ (ਪੰਨਾ 789)
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ (ਪੰਨਾ 558)
ਗੁਰਮਤਿ ਸੰਸਾਰੀ ਜ਼ਮੀਨੀ ਸਚਿਆਈਆਂ ਨੂੰ ਸਾਹਮਣੇ ਰੱਖਦਿਆਂ ਮਨੁੱਖੀ ਮਨ ਨੂੰ ਸੰਤੁਲਿਤ ਜੀਵਨ ਜਿਉਣ ਦਾ ਰਸਤਾ ਦੱਸਦਿਆਂ ਮਨੋਬਿਰਤੀਆਂ ਨੂੰ ਕਾਬੂ ਵਿਚ ਰੱਖਣ ਦੀ ਸਲਾਹ ਦਿੰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਸਾਵੇਂ ਹੁੰਦੇ ਜਾ ਰਹੇ ਮਨ ਨੂੰ ਇਉਂ ਸਮਝਾਉਂਦੇ ਹਨ:
ਮਨ ਰੇ ਕਉਨੁ ਕੁਮਤਿ ਤੈ ਲੀਨੀ॥
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ॥1॥ ਰਹਾਉ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ॥
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ॥1॥
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ॥
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ॥2॥
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ॥
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ॥ (ਪੰਨਾ 631)
ਮਨੁੱਖੀ ਮਨ ਆਪਣੇ ਘਰ-ਪਰਵਾਰ, ਆਲੇ-ਦੁਆਲੇ, ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਗਤੀਵਿਧੀਆਂ, ਮੰਦਹਾਲੀ ਜਾਂ ਖੁਸ਼ਹਾਲੀ, ਚੰਗੀ ਜਾਂ ਭੈੜੀ ਸੰਗਤ ਆਦਿ ਦਾ ਪ੍ਰਭਾਵ ਕਬੂਲਦਾ ਹੈ। ਮਨੁੱਖੀ ਮਨ ਨੂੰ ਮਾਤਾ ਦੇ ਗਰਭ, ਮਾਤਾ ਦੀ ਗੋਦ ਵਿਚ, ਮਾਤਾ ਦੇ ਦੁੱਧ (ਜੈਸਾ ਦੁੱਧ ਤੈਸੀ ਬੁੱਧ) ਤੋਂ ਮੁਢਲੇ ਤੌਰ ਉੱਤੇ ਚੰਗੇ ਜਾਂ ਮਾੜੇ ਸੰਸਕਾਰ ਪ੍ਰਾਪਤ ਹੁੰਦੇ ਹਨ। ਮਨੁੱਖੀ ਮਨ ਉੱਤੇ ਨਿੱਜੀ ਸੰਗਤ, ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ਅਤੇ ਵਾਤਾਵਰਣ ਵੱਖ-ਵੱਖ ਰੁੱਤਾਂ- ਗਰਮੀ, ਸਰਦੀ, ਬਸੰਤ-ਬਹਾਰ, ਪਤਝੜ ਆਦਿ ਦਾ ਪ੍ਰਭਾਵ ਵੀ ਪੈਂਦਾ ਹੈ। ਇਨ੍ਹਾਂ ਰੁੱਤਾਂ ਦੇ ਮਨ ਉੱਤੇ ਪੈਣ ਵਾਲੇ ਪ੍ਰਭਾਵ ਦਾ ਚਿਤਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਾਮਾਹਾ ਤੁਖਾਰੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਰਾਮਾਹਾ ਮਾਝ ਵਿਚ ਬੜੇ ਸੁੰਦਰ ਢੰਗ ਨਾਲ ਕੀਤਾ ਹੈ।
ਸਤਿਗੁਰੂ ਜੀ ਮਨੁੱਖ ਨੂੰ ਇਹੋ ਸਮਝਾਉਂਦੇ ਹਨ ਕਿ ਜਿਹੜਾ ਮਨ ਮਰਦਾ ਨਹੀਂ ਹੈ ਅਤੇ ਉਹ ਸਾਰੀਆਂ ਕ੍ਰਿਰਿਆਵਾਂ ਕਰਾਉਣ ਵਾਲਾ ਸਰੀਰ ਦਾ ਚਾਲਕ ਹੈ। ਉਸ ਦੀਆਂ ਗਤੀਵਿਧੀਆਂ, ਸੁਭਾਅ, ਸਭਿਆਚਾਰ, ਫਿਤਰਤਾਂ ਨੂੰ ਸਮਝਣ ਦੀ ਲੋੜ ਹੈ। ਭਗਤ ਫਰੀਦ ਜੀ ਅਨੁਸਾਰ
“ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥”
ਇਸ ਲਈ ਮਨੁੱਖ ਨੂੰ ਅੰਤਰਮੁਖੀ ਹੋਣ ਦੀ ਲੋੜ ਹੈ ਅਤੇ ਬਾਹਰੋਂ ਨਹੀਂ ਸਗੋਂ ਅੰਦਰੋਂ ਹੀ ਇਨ੍ਹਾਂ ਚੰਗਿਆਈਆਂ ਜਾਂ ਬੁਰਿਆਈਆਂ ਦੇ ਸਰੋਤ ਮਨ ਨੂੰ ਖੋਜਣਾ ਅਤੇ ਜਾਣਨਾ ਹੋਵੇਗਾ ਅਤੇ ਖੋਜਦਿਆਂ ਹੋਇਆਂ ਜਦੋਂ ਆਪੇ ਦੀ ਸਮਝ ਪਵੇਗੀ ਤਾਂ “ਮਨ ਤੂੰ ਜੋਤਿ ਸਰੂਪੁ ਹੈ” ਦਾ ਸੱਚ ਪ੍ਰਗਟ ਹੋ ਜਾਵੇਗਾ। ਗੁਰਵਾਕ ਹੈ:
ਇਸੁ ਮਨ ਕਉ ਕੋਈ ਖੋਜਹੁ ਭਾਈ॥
ਤਨ ਛੂਟੇ ਮਨੁ ਕਹਾ ਸਮਾਈ॥4॥
ਗੁਰ ਪਰਸਾਦੀ ਜੈਦੇਉ ਨਾਮਾਂ॥
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ॥5॥
ਇਸੁ ਮਨ ਕਉ ਨਹੀ ਆਵਨ ਜਾਨਾ॥
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ॥ (ਪੰਨਾ 330)
ਪੰਜਾਂ ਤੱਤਾਂ ਤੋਂ ਬਣਿਆ ਸਰੀਰ ਬਣਦਾ ਅਤੇ ਢਹਿੰਦਾ ਰਹਿੰਦਾ ਹੈ। ਹੋਂਦ ਵਿਚ ਆਉਂਦਾ ਹੈ। ਫਿਰ ਨਾਸ਼ ਹੋ ਜਾਂਦਾ ਹੈ। ਪ੍ਰਕ੍ਰਿਤੀ ਦੇ ਇਨ੍ਹਾਂ ਪੰਜਾਂ ਤੱਤਾਂ ਤੋਂ ਬਣਿਆ ਸਰੀਰ, ਮਨ ਅਤੇ ਆਤਮਾ ਜੁੜਦੇ-ਵਿਛੜਦੇ ਰਹਿੰਦੇ ਹਨ। ਸੰਸਾਰ ਨੂੰ ਬਣਾਉਣਾ-ਢਾਹੁਣਾ ਫਿਰ ਸਾਜਨਾ ਇਹ ਪਰਮਾਤਮਾ ਦੀ ਅਗੰਮੀ ਅਤੇ ਅਦਭੁਤ ਖੇਡ ਹੈ।
“ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ॥
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ॥”
ਗੁਰਬਾਣੀ ਇਉਂ ਹੋਰ ਸਪਸ਼ਟ ਕਰਦੀ ਹੈ:
ਪੰਚ ਤਤੁ ਕਾ ਰਚਨੁ ਰਚਾਨਾ॥
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ॥ (ਪੰਨਾ 1073)
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ॥
ਜੀਵਿ ਜੀਵਿ ਮੁਏ ਮੁਏ ਜੀਵੇ॥
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ (ਪੰਨਾ 1238)
ਗੁਰਮਤਿ ਅਨੁਸਾਰ ਇਹ ਸਰੀਰ ਮਨ ਦਾ ਘਰ ਹੈ। ਨਿਵਾਸ ਹੈ। ਸਰੀਰ ਘੋੜਾ ਹੈ, ਮਨ ਇਸ ਦਾ ਚਾਲਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿਚ ਮਨੁੱਖ ਵੱਲੋਂ ਜੀਵਨ ਦੌਰਾਨ ਮਨ ਦੀ ਮੱਤ ਅਨੁਸਾਰ ਚੱਲਦਿਆਂ ਮੰਦੇ ਕਰਮ ਕਰਕੇ ਤਥਾ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਹੰਢਾਉਂਦਿਆਂ ਹੋਇਆਂ ਪਾਪਾਂ ਦੀ ਪੰਡ ਭਾਰੀ ਕਰਕੇ ਜੀਵਨ ਯਾਤਰਾ ਬੇਅਰਥ ਨਸ਼ਟ ਕਰਨ ਬਾਰੇ ਅਤੇ ਸਤਜੁਗ, ਦੁਆਪਰ, ਤ੍ਰੇਤਾ ਅਤੇ ਕਲਯੁੱਗ ਦੇ ਸਫਰ ਦੌਰਾਨ ਸਰੀਰ ਦੇ ਚਾਲਕ ਮਨ ਦੀ ਮਨੋਦਸ਼ਾ ਹੀ ਬਿਆਨ ਕਰਦੇ ਹਨ। ਜਿਵੇ:
ਆਪੀਨੈ੍ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥
ਮਨਿ ਅੰਧੈ ਜਨਮੁ ਗਵਾਇਆ॥ (ਪੰਨਾ 464)
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ॥ (ਪੰਨਾ 470)
ਅਫਸੋਸ ਹੈ ਕਿ ਮਨੁੱਖ, ਰੱਬੀ ਦਾਤ, ਇਸ ਸਰੀਰ ਨੂੰ ਨਸ਼ਿਆਂ, ਵਿਸ਼ੇ-ਵਿਕਾਰਾਂ, ਹਉਮੈ-ਹੰਕਾਰ, ਨਫਰਤ, ਈਰਖਾ ਅਤੇ ਕੁੜੱਤਣ ਨਾਲ ਸਾੜ ਰਿਹਾ ਹੈ, ਤਬਾਹ ਕਰ ਰਿਹਾ ਹੈ। ਧਨ ਅਤੇ ਸ਼ਕਤੀ ਦੀ ਹੋੜ ਵਿਚ ਮਨ ਨੂੰ ਮਰੋੜ ਕੇ ਹਰ ਤਰ੍ਹਾਂ ਦੀ ਬੁਰਾਈ ਕਰ ਰਿਹਾ ਹੈ ਅਤੇ ਆਤਮਾ ਨੂੰ ਮਲੀਨ ਕਰ ਰਿਹਾ ਹੈ। ਗੁਰਮਤਿ ਮਨੁੱਖ ਨੂੰ ਇਨ੍ਹਾਂ ਬੁਰਿਆਈਆਂ ਤੋਂ ਸੁਚੇਤ ਕਰਦਿਆਂ ਆਪਣੇ ਰਚਨਹਾਰੇ ਪ੍ਰਭੂ-ਪਰਮਾਤਮਾ ਨਾਲ ਜੁੜਨ ਲਈ ਪ੍ਰੇਰਦੀ ਹੈ। ਗੁਰਵਾਕ ਹੈ,
“ਸੁਖੁ ਨਾਹੀ ਬਹੁਤੈ ਧਨਿ ਖਾਟੇ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥
ਸੁਖੁ ਨਾਹੀ ਬਹੁ ਦੇਸ ਕਮਾਏ॥
ਸਰਬ ਸੁਖਾ ਹਰਿ ਹਰਿ ਗੁਣ ਗਾਏ॥”
ਤੇ ਸਹੀ ਰਸਤਾ ਗੁਰਬਾਣੀ ਇਉਂ ਦਰਸਾਉਂਦੀ ਹੈ,
“ਸੁਖੁ ਨਾਹੀ ਰੇ ਹਰਿ ਭਗਤਿ ਬਿਨਾ॥”
ਗੁਰਮਤਿ ਮਨੁੱਖ ਨੂੰ ਸੱਚ ਦਾ ਗਿਆਨ ਕਰਵਾਉਂਦੀ ਹੈ ਅਤੇ ਉਸ ਨੂੰ ਆਪਣੇ ਅੰਦਰ ਮੌਜੂਦ ਸੱਚ (ਅਕਾਲ ਜੋਤਿ) ਨੂੰ ਭਾਲ ਕੇ ਉਸ ਨਾਲ ਇਕ ਰੂਪ ਹੋਣ ਦਾ ਰਸਤਾ ਦਰਸਾਉਂਦੀ ਹੈ। ਨਿਰਸੰਦੇਹ! ਜਿਤਨਾ ਚਿਰ ਮਨੁੱਖੀ ਮਨ ਅੰਦਰ ਕਪਟ, ਛਲ, ਧੋਖਾ, ਲੋਭ, ਲਾਲਚ, ਈਰਖਾ-ਦਵੈਸ਼ ਅਤੇ ਹਉਮੈ ਮੌਜੂਦ ਹੈ, ਉਤਨਾ ਚਿਰ ਉਸ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਮਨੁੱਖ ਵੱਲੋਂ ਕੀਤੇ ਜਾਂਦੇ ਸਾਰੇ ਬਾਹਰੀ ਕਰਮਕਾਂਡ ਬੇਅਰਥ ਹਨ। ਵਿਖਾਵਾ ਹਨ। ਛੱਲ ਹਨ। ਧੋਖਾ ਹਨ। ਗੁਰੂ ਸਾਹਿਬ ਸਪਸ਼ਟ ਕਰਦੇ ਹਨ,
“ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥”
ਅਤੇ
“ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ॥
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ॥
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ॥”
ਤਥਾ
“ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ॥1॥
ਮਾਧਵੇ ਕਿਆ ਕਹੀਐ ਭ੍ਰਮੁ ਐਸਾ॥
ਜੈਸਾ ਮਾਨੀਐ ਹੋਇ ਨ ਤੈਸਾ॥1॥ ਰਹਾਉ॥”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਥਾਂ-ਪੁਰ-ਥਾਂ ਅਤੇ ਵਾਰ-ਵਾਰ ਮਨੁੱਖੀ ਮਨ ਦੀ ਮੈਲ ਖ਼ਤਮ ਕਰਕੇ ਇਸ ਨੂੰ ਸ਼ੁੱਧ ਕਰਨ ਲਈ ਹੀ ਪ੍ਰੇਰਿਆ ਗਿਆ ਹੈ ਅਤੇ ਮਾਇਆ ਜਾਲ ਵਿਚ ਫਸ ਕੇ ਆਪਣੇ ਸਿਰ ਪਾਪਾਂ ਦੀ ਪੰਡ ਭਾਰੀ ਕਰ ਲੈਣ ਬਾਰੇ ਮਨੁੱਖ ਨੂੰ ਸੁਚੇਤ ਕੀਤਾ ਗਿਆ ਹੈ।
“ਭੂਲਿਓ ਮਨੁ ਮਾਇਆ ਉਰਝਾਇਓ॥
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ॥1॥ ਰਹਾਉ॥
ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਨਾਲ ਪੁਨਰ ਮਿਲਾਪ ਦਾ ਕਾਰਜ ਮਨ ਦੀ ਚੰਚਲਤਾਈ, ਚਤੁਰਾਈ, ਕਰਮਕਾਂਡ, ਪਾਖੰਡ ਜਾਂ ਤਾਂਤਰਿਕ ਵਿੱਦਿਆ ਦੇ ਢੰਗ-ਤਰੀਕਿਆਂ ਅਤੇ ਜੋਗ ਸਾਧਨਾ ਨਾਲ ਸੰਭਵ ਨਹੀਂ ਹੈ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਇਸ ਭੇਦ ਨੂੰ ਸਪਸ਼ਟ ਕੀਤਾ ਗਿਆ ਹੈ,
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥”
ਸ੍ਰੀ ਗੁਰੂ ਅਮਰਦਾਸ ਜੀ ਆਪਣੀ ਬਾਣੀ ਅਨੰਦ ਸਾਹਿਬ ਵਿਚ ਇਸ ਰਹੱਸ ਨੂੰ ਇਉਂ ਸਪਸ਼ਟ ਕਰਦੇ ਹਨ:
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ॥
ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ॥
ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ॥
ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ॥
ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ॥
ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ॥ (ਪੰਨਾ 918)
ਜੋਗੀਆਂ, ਸਿਧਾਂ, ਸੰਨਿਆਸੀਆਂ ਅਤੇ ਨਾਥਾਂ ਵੱਲੋਂ ਰਿਧੀਆਂ-ਸਿਧੀਆਂ ਪ੍ਰਾਪਤ ਕਰਕੇ ਅਤੇ ਜੋਗ ਆਸਣਾ ਦੁਆਰਾ ਮਨ ਨੂੰ ਜਿੱਤ ਕੇ ਪ੍ਰਭੂ ਨਾਲ ਪੁਨਰ ਮਿਲਾਪ ਦਾ ਰਸਤਾ ਸੁਖਮਨਾ, ਈੜਾ, ਪਿੰਗਲਾ ਨਾੜੀਆਂ ਦੇ ਮਿਲਾਪ ਦੀ ਵਿਧੀ ਨੂੰ ਉਨ੍ਹਾਂ ਨਾਲ ਹੋਈ ਵਾਰਤਲਾਪ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਸਹਿਮਤੀ ਪ੍ਰਗਟਾਉਂਦਿਆਂ ਜਪੁਜੀ ਸਾਹਿਬ ਵਿਚ
“ਰਿਧਿ ਸਿਧਿ ਅਵਰਾ ਸਾਦ॥”
ਦੱਸਦਿਆਂ ਇਸ ਰਹੱਸ ਨੂੰ ਇਉਂ ਸਪਸ਼ਟ ਕੀਤਾ ਹੈ:
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ॥
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ॥ (ਪੰਨਾ 944-45)
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ (ਪੰਨਾ 641)
ਸ੍ਰੀ ਗੁਰੂ ਅਮਰਦਾਸ ਜੀ ਵੀ ਜੋਗ, ਹਠ, ਤਪ, ਕਰਮਕਾਂਡ, ਭੇਖ ਆਦਿ ਨੂੰ ਨਿਕਾਰਦੇ ਹੋਏ ਗੁਰਮਤਿ ਸਿਧਾਂਤ
“ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥”
ਦ੍ਰਿੜ ਕਰਵਾਏ ਉਪਦੇਸ਼ ਅਨੁਸਾਰ ਮਨੁੱਖ ਨੂੰ ਫੋਕਟ ਕਰਮਾਂ ਬਾਰੇ ਚਾਨਣ ਪਾਉਂਦੇ ਹੋਏ ਇਸ ਨੂੰ ਇਉਂ ਸਪਸ਼ਟ ਕਰਦੇ ਹਨ:
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥ (ਪੰਨਾ 593)
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ॥
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ॥ (ਪੰਨਾ 598)
ਘਰ-ਪਰਵਾਰ, ਤਿਆਗ ਕੇ, ਇਸਤਰੀ ਤਥਾ ਗ੍ਰਿਹਸਤ ਤੋਂ ਕਿਨਾਰਾ ਕਰਕੇ ਸੰਨਿਆਸ ਧਾਰਨ ਕਰਨ ਵਾਲਿਆਂ ਨੂੰ ਵੀ ਗੁਰਮਤਿ ਸੁਚੇਤ ਕਰਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਮਨੁੱਖੀ ਮਨ ਦੀ ਲੋੜ ਅਤੇ ਹੋੜ, ਤ੍ਰਿਸ਼ਨਾਵਾਂ ਅਤੇ ਲਾਲਸਾਵਾਂ, ਵਿਸ਼ੇ- ਵਿਕਾਰਾਂ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ ਸਗੋਂ ਸਮਾਂ ਆਉਣ ਉੱਤੇ ਮਨੁੱਖੀ ਮਨ ਕਾਮੁਕ ਵਾਸ਼ਨਾਵਾਂ ਕਾਰਨ ਆਪੇ ਤੋਂ ਬਾਹਰ (ਬੇਕਾਬੂ) ਹੋ ਕੇ ਅਨੈਤਿਕ ਕਾਰਜਾਂ ਵੱਲ ਖਿੱਚਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਭਟਕ ਜਾਣ ਕਾਰਨ ਮਨੁੱਖੀ ਜੀਵਨ ਦੇ ਲਕਸ਼, ਮੋਕਸ਼-ਮੁਕਤੀ ਤੋਂ ਮਨੁੱਖ ਵਿਰਵਾ ਹੀ ਰਹਿ ਜਾਂਦਾ ਹੈ। ਗੁਰਬਾਣੀ ਇਸ ਸੱਚਾਈ ਨੂੰ ਇਉਂ ਪ੍ਰਗਟ ਕਰਦੀ ਹੈ:
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥ (ਪੰਨਾ 1013)
ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ 1164)
ਸਤਿਗੁਰੂ ਜੀ ਮਨੁੱਖ ਨੂੰ ਘਰ ਪਰਵਾਰ ਵਿਚ ਰਹਿੰਦਿਆਂ ਆਪਣੇ ਸੰਸਾਰਿਕ ਫਰਜ਼ ਨਿਭਾਉਂਦਿਆਂ ਸਬਰ-ਸੰਤੋਖ ਅਤੇ ਸੰਜਮ ਦਾ ਜੀਵਨ ਜਿਉਣ ਲਈ ਉਪਦੇਸ਼ ਕਰਦੇ ਹਨ ਅਤੇ ਆਪਣੇ ਮਨ ਉੱਤੇ ਕਾਬੂ ਪਾ ਕੇ ਸੰਸਾਰ ਦੀਆਂ ਬੁਰਾਈਆਂ ਤੋਂ ਕਮਲ ਫੁੱਲ ਵਾਂਗ ਨਿਰਲੇਪ ਰਹਿਣ ਦਾ ਉਪਦੇਸ਼ ਕਰਦੇ ਹਨ:
ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ॥ (ਪੰਨਾ 949)
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522)
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ॥ (ਪੰਨਾ 835)
ਗੁਰਮਤਿ ਤਾਂ ਮਨ ਨੂੰ ਟਿੱਬੇ-ਟੋਏ ਢਾਹ ਕੇ ਅਤੇ ਭਰਮ, ਭੁਲੇਖੇ ਅਤੇ
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥”
ਦੁਬਿਧਾ ਛੱਡ ਕੇ ਸੱਚ ਵਿਚ ਸਮਾਉਣ ਲਈ ਪ੍ਰੇਰਦੀ ਹੈ ਅਤੇ ਲੋਕਾਂ ਦਾ ਹੱਕ ਮਾਰ ਕੇ ਨਿਜ ਪ੍ਰਸਤੀ ਅਤੇ ਪਰਵਾਰ-ਪ੍ਰਸਤੀ ਕਰਨ ਵਾਲੀ ਨੀਤੀ ਨੂੰ ਨਕਾਰਦੀ ਹੈ ਅਤੇ ਸਪਸ਼ਟ ਕਰਦੀ ਹੈ ਕਿ ਜਦੋਂ ਕੂੜ ਦੀ ਦੀਵਾਰ ਖਤਮ ਹੋ ਗਈ, ਮਨ ਅੰਦਰ ਮੌਜੂਦ ਭਰਮ-ਭੁਲੇਖਿਆਂ ਦੇ ਟਿਬੇ-ਟੋਏ ਸਮਾਪਤ ਹੋ ਗਏ ਤਾਂ ਆਤਮਾ ਲਈ ਪਰਮਾਤਮਾ ਦੇ ਦਰ ਦਾ ਦਰਵਾਜ਼ਾ ਸਾਫ ਸਪਸ਼ਟ ਹੋ ਜਾਵੇਗਾ, ਕਪਾਟ ਖੁੱਲ੍ਹ ਜਾਣਗੇ ਅਤੇ ਮਨ ਨੂੰ ਅਕਾਲ ਪੁਰਖ ਦਾ ਓਟ-ਆਸਰਾ ਪ੍ਰਾਪਤ ਹੋ ਜਾਵੇਗਾ। ਬਾਬਾ ਫਰੀਦ ਜੀ ਮਨ ਦੀ ਸੁਧਾਈ ਲਈ
“ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ॥
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ॥”
ਦਾ ਸਿਧਾਂਤ ਪੇਸ਼ ਕਰਦੇ ਹਨ ਅਤੇ ਪਰਮਾਤਮਾ ਨਾਲ ਆਤਮਾ ਦੇ ਮਿਲਾਪ ਦੀ ਪ੍ਰਾਪਤੀ ਲਈ ਸ੍ਰੀ ਗੁਰੂ ਅਮਰਦਾਸ ਜੀ ਮਨੁੱਖੀ ਮਨ ਨੂੰ ਇਉਂ ਸਮਝਾਉਂਦੇ ਹਨ:
ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ॥
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ॥
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ॥ (ਪੰਨਾ 918)
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ॥2॥ (ਪੰਨਾ 917)
ਸੰਸਾਰੀ ਲਾਲਸਾਵਾਂ ਦੀ ਪੂਰਤੀ ਲਈ ਇਧਰ-ਉਧਰ ਭਟਕਦੇ ਮਨ ਨੂੰ ਸਹਿਜ ਅਤੇ ਟਿਕਾਓ ਵਿਚ ਆਉਣ ਲਈ ਪ੍ਰੇਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਸੁਚੇਤ ਕਰਨ ਹਿਤ ਨਮਾਜ਼ ਪੜ੍ਹਦਿਆਂ ਮਨੋਕਾਮਨਾਵਾਂ ਵਿਚ ਭਟਕ ਰਹੇ ਦੌਲਤਖਾਨ ਪਠਾਣ ਨੂੰ ਠੀਕ ਹੀ ਸੁਜੱਗ ਕਰਦੇ ਹਨ। ਹੰਕਾਰ ਅਤੇ ਹਉਮੈ ਨੂੰ ਜਿੱਤ ਕੇ ਸੱਚ ਨੂੰ ਪਛਾਨਣ ਵਾਲੇ ਨੂੰ ਗੁਰਮਤਿ, ਗੁਰਮੁਖ, ਸੂਰਾ ਅਤੇ ਵਰਿਆਮ ਮੰਨਦੀ ਹੈ ਕਿਉਂਕਿ ਉਸ ਨੇ ਵਿਸ਼ੇ-ਵਿਕਾਰਾਂ ਨੂੰ ਹਰਾ ਦਿੱਤਾ ਹੁੰਦਾ ਹੈ ਅਤੇ ਉਹ ਸੱਚਮੁੱਚ ਹੀ
“ਹਉ ਗੋਸਾਈ ਦਾ ਪਹਿਲਵਾਨੜਾ॥”
ਬਣ ਜਾਂਦਾ ਹੈ ਅਤੇ ਉਹ ਮਾਇਆ ਜਾਲ ਦੇ ਵਿਸ਼ੇ-ਵਿਕਾਰਾਂ ਉੱਤੇ ਜੇਤੂ ਹੋ ਕੇ ਉਨ੍ਹਾਂ ਨੂੰ ਆਪਣਾ ਘੋੜਾ ਬਣਾ ਕੇ ਉਨ੍ਹਾਂ ਦੀ ਜੀਵਨ ਵਿਚ ਸਾਰਥਿਕ ਵਰਤੋਂ ਕਰਦਿਆਂ ਜਿਥੇ ਜੀਵਨ ਨੂੰ ਖੁਸ਼ਹਾਲ ਬਣਾ ਲੈਂਦਾ ਹੈ, ਉਥੇ ਆਪਣਾ ਜੀਵਨ ਲਕਸ਼
“ਸਫਲ ਸਫਲ ਭਈ ਸਫਲ ਜਾਤ੍ਰਾ॥”
ਤਥਾ
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ॥”
ਪ੍ਰਾਪਤ ਕਰ ਲੈਂਦਾ ਹੈ। ਗੁਰ-ਸ਼ਬਦ ਹੈ:
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ॥
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ॥
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ॥ (ਪੰਨਾ 86)
ਗੁਰਬਾਣੀ ਮਨੁੱਖ ਨੂੰ ਵਾਰ-ਵਾਰ ਮਨੁੱਖੀ ਮਨ ਦੀ ਚੰਚਲਤਾਈ, ਹਉਮੈ, ਲਾਲਚੀ ਬਿਰਤੀ ਅਤੇ ਦੋਗਲੀ ਫਿਤਰਤ ਆਦਿ ਅਨੇਕਾਂ ਹੀ ਕਮੀਆਂ-ਕਮਜ਼ੋਰੀਆਂ ਅਤੇ ਦੋਗਲੇਪਣ
“ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥”
ਵੱਲ ਧਿਆਨ ਦਿਵਾਉਂਦੀ ਹੈ। ਬਦੀ ਅਤੇ ਅਜਿਹੀਆਂ ਮੰਦ ਭਾਵਨਾਵਾਂ ਭਰਪੂਰ ਮਨ ਹੀ ਮਨੁੱਖਤਾ ਉੱਤੇ ਜ਼ੁਲਮ ਢਾਹੁੰਦਾ ਹੈ, ਬੇਇਨਸਾਫੀ ਕਰਦਾ ਹੈ, ਪਰਾਇਆ ਹੱਕ ਖਾਂਦਾ ਹੈ ਅਤੇ ਧੱਕਾ ਕਰਦਾ ਹੈ ਅਤੇ ਇਸ ਤਰ੍ਹਾਂ ਦਾ ਕਠੋਰ ਮਨ ਅਜਿਹਾ ਕਰਦਿਆਂ ਸ਼ੈਤਾਨੀ ਖੁਸ਼ੀ ਵੀ ਲੈਂਦਾ ਹੈ। ਗੁਰਬਾਣੀ ਮਨੁੱਖ ਨੂੰ ਉਸ ਦੀ ਨਾਸ਼ਵਾਨਤਾ ਅਤੇ ਕੀਤੇ ਜਾ ਰਹੇ ਬੁਰੇ ਕਰਮਾਂ ਦੇ ਭਵਿੱਖੀ ਨਤੀਜਿਆਂ ਬਾਰੇ ਸੁਚੇਤ ਕਰਦੀ ਹੈ ਅਤੇ ਮਨ ਦੀ ਮੱਤ ਨੂੰ ਤਿਆਗਣ ਦਾ ਉਪਦੇਸ਼ ਕਰਦੀ ਹੈ। ਗੁਰ-ਸ਼ਬਦ ਹੈ:
ਪਾਪੁ ਬੁਰਾ ਪਾਪੀ ਕਉ ਪਿਆਰਾ॥
ਪਾਪਿ ਲਦੇ ਪਾਪੇ ਪਾਸਾਰਾ॥ (ਪੰਨਾ 935)
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ॥
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ॥
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ॥1॥
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ॥
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ॥1॥ ਰਹਾਉ॥ (ਪੰਨਾ 50)
ਇਤਿਹਾਸ ਗਵਾਹ ਹੈ ਕਿ ਕਠੋਰ-ਚਿਤ, ਹਉਮੈ-ਗ੍ਰਸਤ, ਪਾਪੀ ਲੋਕਾਂ ਦੀ ਗਿਣਤੀ ਹਮੇਸ਼ਾਂ ਹੀ ਬੇਸ਼ੁਮਾਰ ਰਹੀ ਹੈ, ਜਿਨ੍ਹਾਂ ਦੀਆਂ ਗ਼ੈਰ-ਕੁਦਰਤੀ, ਗ਼ੈਰ-ਇਖਲਾਕੀ ਅਤੇ ਗ਼ੈਰ-ਮਨੁੱਖੀ ਕਰਤੂਤਾਂ ਕਰਕੇ ਸੰਸਾਰ ਦੇ ਲੋਕਾਂ ਨੂੰ ਬਹੁਤ ਦੁੱਖ ਝੱਲਣੇ ਪਏ। ਅੱਜ ਵੀ ਸੰਸਾਰ ਵਿਚ ਪਾਈ ਜਾ ਰਹੀ ਅਨੈਤਿਕਤਾ, ਬੇਚੈਨੀ, ਤਣਾਅ, ਆਪਸੀ ਵੈਰ-ਵਿਰੋਧ, ਈਰਖਾ, ਲੁੱਟ-ਖਸੁੱਟ ਅਤੇ ਵਾਤਾਵਰਣ ਵਿਚ ਪੈਦਾ ਹੋਇਆ ਖ਼ਤਰਨਾਕ ਅਸੰਤੁਲਨ ਆਦਿ ਦਾ ਕਾਰਨ ਵੀ ਮਨੁੱਖੀ ਮਨ ਦੀਆਂ ਅਜਿਹੀਆਂ ਮੰਦ ਬਿਰਤੀਆਂ ਹੀ ਹਨ। ਅਣਗਿਣਤ ਨਿਰਦੋਸ਼ਾਂ ਦਾ ਖੂਨ ਵਹਾਉਣ ਅਤੇ ਵੱਡੇ ਪੱਧਰ ਉਤੇ ਤਬਾਹੀ ਕਰਨ ਲਈ ਮਨੁੱਖੀ ਮੰਦ ਮਨੋਬਿਰਤੀਆਂ ਹੀ ਜ਼ਿੰਮੇਵਾਰ ਹਨ। ਸੰਸਾਰ ਨੇ ਹਰਣਾਖਸ਼, ਦਰਯੋਧਨ, ਹਲਾਕੂ, ਚੰਗੇਜ਼ ਖਾਂ, ਜਹਾਂਗੀਰ, ਔਰੰਗਜ਼ੇਬ, ਹਿਟਲਰ ਵਰਗੇ ਅਤੇ ਅਜੋਕੇ ਸਮੇਂ ਦੇ ਦਰਿੰਦੇ ਸ਼ਾਸਕ ਵੇਖੇ ਹਨ, ਜਿਨ੍ਹਾਂ ਨੇ ਆਪਣੇ ਮਨਹਠਿ, ਕਠੋਰਤਾ, ਅਮੁੱਕ ਲਾਲਸਾਵਾਂ, ਨਫ਼ਰਤ, ਈਰਖਾਲੂ ਬਿਰਤੀਆਂ ਕਾਰਨ ਸਮੇਂ ਦੇ ਮਹਾਂਪੁਰਖਾਂ, ਨਿਰਦੋਸ਼ਾਂ, ਭਗਤਾਂ, ਪੀਰਾਂ, ਫਕੀਰਾਂ ਅਤੇ ਲੋਕਾਈ ਨੂੰ ਅਣਕਿਆਸੇ ਤਸੀਹੇ ਦਿੱਤੇ। ਅਜਾਈਂ ਖੂਨ ਵਹਾਇਆ। ਲੋਕਾਂ ਨੂੰ ਲੁੱਟ ਕੇ, ਕੁੱਟ ਕੇ, ਧੋਖਾ-ਧੜੀ, ਕਪਟ ਅਤੇ ਛਲ ਰਾਹੀਂ ਆਪਣੀਆਂ ਤਜੌਰੀਆਂ ਭਰੀਆਂ ਹਨ। ਅਜਿਹੇ ਲੋਕਾਂ ਲਈ ਸਤਿਗੁਰਾਂ ਨੇ ਫ਼ਰਮਾਇਆ ਹੈ,
“ਕਰਤੂਤਿ ਪਸੂ ਕੀ ਮਾਨਸ ਜਾਤਿ॥
ਲੋਕ ਪਚਾਰਾ ਕਰੈ ਦਿਨੁ ਰਾਤਿ॥”
ਅਤੇ
“ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ॥
ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ॥
ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ॥”
ਇਸ ਤਰ੍ਹਾਂ ਮਨ ਦੀਆਂ ਅਮੁੱਕ ਲਾਲਸਾਵਾਂ ਦੀ ਪੂਰਤੀ ਲਈ ਮਨੁੱਖ ਚੰਗੇ-ਮਾੜੇ, ਹੱਕ-ਨਾਹੱਕ, ਜਾਇਜ਼-ਨਾਜ਼ਾਇਜ਼ ਵਿਚ ਅੰਤਰ ਕਰਨੋ ਹੱਟ ਕੇ ਸਭ ਕੁਝ ਹੜੱਪ ਕਰਨ ਲਈ ਮਨੁੱਖੀ ਮਨ ਹਲਕਾਏ ਕੁੱਤੇ ਵਾਂਗ, ਦਸਾਂ-ਦਿਸ਼ਾਵਾਂ ਵੱਲ ਬੇਲਗਾਮ ਪਸ਼ੂ ਵਾਂਗ ਦੌੜਦਾ ਹੈ ਅਤੇ ਆਪਣਾ ਅਨਮੋਲ ਜੀਵਨ ਨਸ਼ਟ ਕਰ ਲੈਂਦਾ ਹੈ। ਗੁਰਸ਼ਬਦ ਹੈ:
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥ (ਪੰਨਾ 50)
ਪੁਰਾਣਿਕ ਕਥਾ ਅਨੁਸਾਰ ਦਰਯੋਧਨ ਨੇ ਹੰਕਾਰ ਵਿਚ ਆ ਕੇ ਆਪਣੇ ਸਕੇ ਚਚੇਰੇ ਭਰਾਵਾਂ-ਪਾਡਵਾਂ ਨੂੰ ਪੰਜ ਪਿੰਡ ਵੀ ਦੇਣੋ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਪਤਨੀ ਦਰੋਪਤੀ ਨੂੰ ਵਿਸ਼ਾਲ ਰਾਜ ਸਭਾ ਵਿਚ ਸ਼ਰ੍ਹੇਆਮ ਨਗਨ ਕਰਨ ਦਾ ਹੁਕਮ ਦੇ ਦਿੱਤਾ ਸੀ। ਮਹਾਂਭਾਰਤ ਦਾ ਯੁੱਧ ਹੋਇਆ ਜਿਸ ਵਿਚ
“ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥”
ਅਨੁਸਾਰ ਦਰਯੋਧਨ ਦਾ ਹੰਕਾਰ ਟੁੱਟਿਆ ਕੌਰਵ ਹਾਰੇ ਅਤੇ ਪਾਡਵਾਂ ਨੂੰ ਜਿੱਤ ਪ੍ਰਾਪਤ ਹੋਈ। ਸਿਕੰਦਰ, ਨੇਪੋਲੀਅਨ ਅਤੇ ਹਿਟਲਰ ਨੇ ਸੰਸਾਰ ਜੇਤੂ ਹੋ ਕੇ ਆਪਣੇ ਹਉਮੈ ਗ੍ਰਸਤ ਚੰਚਲ ਮਨ ਦੀ ਸੰਤੁਸਟੀ ਲਈ ਬੇਸ਼ੁਮਾਰ ਨਿਰਦੋਸ਼ ਲੋਕਾਂ ਦਾ ਅਜਾਈਂ ਖੂਨ ਵਹਾਇਆ ਅਤੇ ਇਸੇ ਤਰ੍ਹਾਂ ਇਸਲਾਮੀ ਮੁਲਕਾਂ ਤੋਂ ਹਮਲਾਵਰ ਹੋ ਕੇ ਆਉਣ ਵਾਲੇ ਕਈ ਜਰਵਾਣਿਆਂ ਨੇ ਹੰਕਾਰ-ਗ੍ਰਸਤ ਹੋ ਕੇ ਜਿਥੇ ਅਣਗਿਣਤ ਨਿਰਦੋਸ਼ ਭਾਰਤੀਆਂ ਦਾ ਖੂਨ ਵਹਾਇਆ। ਉਥੇ ਮੰਦਰਾਂ (ਧਾਰਮਿਕ ਅਸਥਾਨਾਂ) ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਅਨੇਕਾਂ ਹੀ ਅਬਲਾਵਾਂ ਦੀ ਪਤਿ ਲੁੱਟੀ। ਇਸੇ ਤਰ੍ਹਾਂ ਸਿੱਖਾਂ ਦੇ ਸਰਬ-ਉੱਚ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲਾ ਕਰਵਾਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਪਰੰਤੂ ਇਹ ਲੋਕ ਅੰਤ ਨੂੰ ਆਪਣੇ ਜੀਵਨ ਦੀ ਬਾਜੀ ਹਾਰ ਕੇ ਚੱਲੇ ਗਏ ਕਿਉਂਕਿ ਮਨ ਦੀ ਭੁੱਖ ਤਾਂ ਕੇਵਲ ਹਰੀ ਦਾ ਨਾਮ ਹੀ ਪੂਰੀ ਕਰ ਸਕਦਾ ਹੈ ਪਰੰਤੂ ਸਾਰੀ ਦੁਨੀਆਂ ਦਾ ਰਾਜ-ਭਾਗ, ਧਨ, ਦੌਲਤ ਮਨ ਦੀ ਭੁੱਖ ਪੂਰੀ ਨਹੀਂ ਕਰ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਮਨ ਦੀ ਇਸ ਮਨੋਦਸ਼ਾ ਨੂੰ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਸਪਸ਼ਟ ਕੀਤਾ ਹੈ,
“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥”
ਪਰੰਤੂ ਜਿਨ੍ਹਾਂ ਦੇ ਹਿਰਦੇ ਸ਼ੁੱਧ ਸਨ ਅਤੇ ਉਹ ਰੱਬ ਦੀ ਰਜ਼ਾ ਵਿਚ ਵਿਚਰਨ ਅਤੇ ਸੰਤੋਖ, ਸਬਰ ਅਤੇ ਸੰਜਮ ਵਾਲੇ, ਸਰਬੱਤ ਦੇ ਭਲੇ ਲਈ ਜੂਝਣ ਵਾਲੇ ਅਤੇ ਮਨ ਅਤੇ ਚਿਤ ਕਰਕੇ ਦ੍ਰਿੜ੍ਹ, ਸਿਦਕੀ ਅਤੇ ਸੱਚ ਨੂੰ ਪਰਣਾਇ ਹੋਏ ਸਨ ਉਹ ਹਰ ਪ੍ਰਕਾਰ ਦੀਆਂ ਕਠਿਨ ਪ੍ਰਸਥਿਤੀਆਂ ਵਿਚ ਅਡੋਲ ਰਹੇ। ਕੁਰਬਾਨੀਆਂ ਦੇ ਦਿੱਤੀਆਂ ਅਤੇ ਸ਼ਹੀਦੀਆਂ ਪਾ ਲਈਆਂ ਪਰੰਤੂ ਧਰਮ ਨਹੀਂ ਹਾਰਿਆ। ਭਗਤ ਕਬੀਰ ਜੀ ਸਮੇਂ ਦੇ ਹੰਕਾਰੀ ਬਾਦਸ਼ਾਹ ਦੇ ਜ਼ੁਲਮ ਦਾ ਸਿਦਕਦਿਲੀ ਨਾਲ ਸਾਹਮਣਾ ਕਰਦਿਆਂ ਆਪਣੀ ਮਨੋਦਸ਼ਾ ਇਉਂ ਬਿਆਨ ਕਰਦੇ ਹਨ:
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥ (ਪੰਨਾ 1162)
ਅਜਿਹੀ ਲਾਸਾਨੀ ਮਾਨਸਿਕ ਦ੍ਰਿੜ੍ਹਤਾ ਅਤੇ ਅਡੋਲਤਾ ਵਾਲੇ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਸਿੰਘ ਸ਼ਹੀਦਾਂ, ਮਨਸੂਰ ਅਤੇ ਪ੍ਰਹਿਲਾਦ ਵਰਗੇ ਰੱਬ ਦੇ ਭਗਤਾਂ ਅਤੇ ਸੱਚ ਦੇ ਪੁਜਾਰੀਆਂ ਨੇ ਅਸਚਰਜਤਾ ਵਾਲੇ ਕਾਰਜ ਕੀਤੇ ਅਤੇ ਦੁਨੀਆਂ ਸਾਹਮਣੇ ਬੇਮਿਸਾਲ ਅਤੇ ਅਸੰਭਵਤਾ ਵਾਲਾ ਇਤਿਹਾਸ ਸਿਰਜਿਆ। ਸ੍ਰੀ ਗੁਰੁ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦੇ, ਬੰਦ-ਬੰਦ ਕਟਵਾਉਣ ਵਾਲੇ, ਚਰਖੜੀਆਂ ਉੱਤੇ ਚੜ੍ਹਣ ਵਾਲੇ, ਕੀਮਾ-ਕੀਮਾ ਕੀਤੇ ਜਾਣ ਵਾਲੇ, ਪੁੱਠੇ ਲਟਕ ਕੇ ਪੁੱਠੀਆਂ ਖਲਾਂ ਲੁਹਾਉਣ ਵਾਲੇ, ਖੋਪਰ ਲੁਹਾਉਣ ਵਾਲੇ ਸਿੰਘਾਂ ਅਤੇ ਆਪਣੇ ਸ਼ੀਰਖੋਰ ਬੱਚਿਆਂ ਦੇ ਟੁਕੜੇ-ਟੁਕੜੇ ਕਰਵਾ ਕੇ ਗਲਾਂ ਵਿਚ ਹਾਰ ਪਵਾਉਣ ਵਾਲੀਆਂ ਮਹਾਨ ਵਿਰਾਂਗਣਾ, ਪੀਰ ਬੁੱਧੂ ਸ਼ਾਹ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਮਨਸੂਰ, ਸਰਮੱਦ, ਪ੍ਰਹਿਲਾਦ ਭਗਤ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਣਗਿਣਤ ਸੂਰਮਿਆਂ, ਵਰਿਆਮਾਂ, ਸਿਦਕਵਾਨਾਂ ਅਤੇ ਨੇਕੀ ਦੇ ਮੁਜੱਸਮਿਆਂ ਅਤੇ ਸੱਚ ਦੇ ਪੁਜਾਰੀਆਂ ਨੇ ਅਸਹਿ ਅਤੇ ਅਕਹਿ ਤਸੀਹੇ ਝੱਲਦਿਆਂ ਮਨ ਦੀ ਇਕਾਗਰਤਾ ਅਤੇ ਅਡੋਲਤਾ ਨੂੰ ਕਾਇਮ ਰੱਖਿਆ।
ਮਨ ਦੇ ਮੌਕਾਪ੍ਰਸਤ, ਲਾਲਚੀ, ਅਸਥਿਰ, ਨਾਸ਼ੁਕਰਾਪਣ, ਅਨਿਸਚਿਤ ਅਤੇ ਡਾਵਾਂਡੋਲ ਸੁਭਾਅ-ਕਿਰਦਾਰ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਨੇ ਬੜੇ ਹੀ ਸਰਲ ਅਤੇ ਸਪਸ਼ਟ ਰੂਪ ਵਿਚ ਬਿਆਨ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਮਨ ਦੇ ਨਾਸ਼ੁਕਰਾਪਣ ਨੂੰ ਇਉਂ ਨੰਗਾ ਕਰਦੇ ਹਨ:
ਦਸ ਬਸਤੂ ਲੇ ਪਾਛੈ ਪਾਵੈ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥ (ਪੰਨਾ 268)
ਭਗਤ ਕਬੀਰ ਜੀ ਮਨੁੱਖੀ ਮਨ ਦੀ ਮੌਕਾਪ੍ਰਸਤੀ, ਲਾਲਚੀ ਅਤੇ ਅਨਿਸਚਿਤ ਸੁਭਾਅ ਨੂੰ ਇਉਂ ਸਪਸ਼ਟ ਕਰਦੇ ਹਨ ਜੋ ਲੋਕਾਈ ਲਈ ਹੀ ਉਪਦੇਸ਼ਮਈ ਹੈ।
ਫ਼ਰਮਾਨ ਹੈ:
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥1॥ ਰਹਾਉ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥ (ਪੰਨਾ 487)
ਸਪਸ਼ਟ ਹੈ ਕਿ ਜੇਕਰ ਮਨੁੱਖ ਨੂੰ ਥੋੜ੍ਹੀ ਬਹੁਤ ਪ੍ਰਾਪਤੀ ਹੋ ਜਾਵੇ ਤਾਂ ਉਹ ਅਕਾਲ ਪੁਰਖ ਦੀ ਬਖਸ਼ਿਸ਼ ਨਹੀਂ ਸਗੋਂ ਆਪਣੀ ਨਿੱਜੀ ਅਕਲ ਦਾ ਕ੍ਰਿਸ਼ਮਾ ਹੀ ਸਮਝਦਾ ਹੈ ਪਰੰਤੂ ਜਦੋਂ ਕੁਝ ਗੁਆਉਂਦਾ ਅਤੇ ਨੁਕਸਾਨ ਪਾਉਂਦਾ ਹੈ ਤਾਂ ਝੱਟ ਪਰਮਾਤਮਾ ਨੂੰ ਕੋਸਦਾ ਹੈ। ਕਈ ਵਾਰ ਮਾਯੂਸੀ ਦੇ ਆਲਮ ਵਿਚ ਇਤਨਾ ਡੁੱਬ ਜਾਂਦਾ ਹੈ ਕਿ ਸਭ ਸੌਝੀ ਗੁਆ ਬੈਠਦਾ ਹੈ ਅਤੇ ਅਜਿਹੀ ਮਨੋਦਸ਼ਾ ਦੀ ਹਾਲਤ ਵਿਚ ਮਨੁੱਖ ਕਿਸੇ ਦਾ ਕਤਲ ਕਰ ਦਿੰਦਾ ਹੈ ਜਾਂ ਫਿਰ ਆਤਮ ਹੱਤਿਆ ਕਰ ਲੈਂਦਾ ਹੈ। ਪਰਮਾਤਮਾ ਵਿਚ ਵਿਸਵਾਸ਼ ਗੁਆ ਬੈਠੇ ਮਨ ਦੀ ਇਹੋ ਦਸ਼ਾ ਹੁੰਦੀ ਹੈ ਕਿ ਉਹ ਪ੍ਰਭੂ ਦੇ ਭਾਣੇ ਵਿਚ ਨਹੀਂ ਸਗੋਂ ਆਪਣੇ ਮਨ ਦੀ ਮਤ ਪਿੱਛੇ ਲੱਗ ਕੇ ਹੀ ਅਜਿਹੇ ਕੰਮ ਕਰਦਾ ਹੈ। ਬੱਸ ਇਹੋ ਹੀ ਮਨੁੱਖੀ ਮਨ ਦੀ ਤ੍ਰਾਸਦੀ ਹੈ। ਖੋਖਲਾਪਣ ਹੈ। ਤੋਤਾ ਚਸਮ ਸੁਭਾਅ ਹੈ ਪਰੰਤੂ ਪਰਮਾਤਮਾ ਦੀ ਰਜ਼ਾ ਅਤੇ ਭਾਣੇ ਵਿਚ ਵਿਚਰਨ ਵਾਲੇ ਸੱਚ ਨੂੰ ਪਰਣਾਇ ਮਨਾਂ ਦੀ ਕਹਾਣੀ ਨਿਰਾਲੀ ਹੈ। ਵੱਖਰੀ ਹੈ। ਪਰੰਤੂ ਉਹ “ਹੈਨਿ ਵਿਰਲੇ ਨਾਹੀ ਘਣੇ” ਹੀ ਹੁੰਦੇ ਹਨ। ਉਹ ਅਡੋਲ, ਅਹਿਲ ਅਤੇ ਅਜਿੱਤ ਰਹਿੰਦੇ ਹਨ।
ਉਕਤ ਸੰਖੇਪ ਚਰਚਾ ਤੋਂ ਸਪਸ਼ਟ ਹੈ ਕਿ ਜ਼ਿੰਦਗੀ ਦਾ ਕੇਂਦਰੀ ਧੂਰਾ ‘ਮਨ’ ਇਸ ਸਰੀਰ ਦਾ ਰਥਵਾਨ ਹੈ। ਚਾਲਕ ਹੈ। ਇਸ ਮਨ ਦੀ ਮੈਲ ਅਤੇ ਦਵੈਸ਼, ਦੁਈ ਦੀ ਭਾਵਨਾ, ਮਨ ਦੀਆਂ ਤ੍ਰਿਸ਼ਨਾਲੂ ਬਿਰਤੀਆਂ, ਕਾਮੀ ਤਰੰਗਾਂ ਉਤੇ ਜਿੱਤ ਪ੍ਰਾਪਤ ਕਰਕੇ ਅਤੇ ਮਨ ਨੂੰ ਸ਼ੁੱਧ ਕਰਕੇ ਹੀ ਜੀਵਨ ਲਕਸ਼ ਮੋਖਸ਼ (ਮੁਕਤੀ) ਦੀ ਪ੍ਰਾਪਤੀ ਸੰਭਵ ਹੈ।
“ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ॥”
ਅਤੇ
“ਨਾਨਕੁ ਆਖੈ ਏਹੁ ਬੀਚਾਰੁ॥
ਸਿਫਤੀ ਗੰਢੁ ਪਵੈ ਦਰਬਾਰਿ॥”
ਇਸ ਤਰ੍ਹਾਂ ਕਰਨ ਨਾਲ ਹੀ ਆਪਸੀ ਪ੍ਰੇਮ-ਪਿਆਰ, ਭਾਈਚਾਰਾ, ਸਾਂਝੀਵਾਲਤਾ, ਸਹਿਨਸ਼ੀਲਤਾ ਅਤੇ ਸਹਿਹੋਂਦ ਦੀ ਭਾਵਨਾ, ਪਰਉਪਕਾਰ ਅਤੇ ਲੋਕ ਭਲਾਈ ਦੀ ਤਾਂਘ ਪੈਦਾ ਹੋ ਸਕਦੀ ਹੈ ਅਤੇ ਅਜਿਹਾ ਨਿਰਮਲ ਜੀਵਨ ਜਿਉਂਦਿਆਂ ਮਨੁੱਖ ਇਸ ਸੰਸਾਰ ਨੂੰ ਸਹੀ ਅਰਥਾਂ ਵਿਚ ਮਾਣਨਯੋਗ-ਬਹਿਸ਼ਤ ਬਣਾ ਸਕਦਾ ਹੈ ਅਤੇ ਆਪਣੀਆਂ ਸਾਰੀਆਂ ਸੰਸਾਰਿਕ ਜ਼ਿੰਮੇਵਾਰੀਆਂ ਨੇਕ-ਨੀਤੀ ਨਾਲ ਨਿਭਾਉਂਦਿਆਂ ਮਨ ਵਿਚ ਸਹਿਜ ਅਤੇ ਟਿਕਾਉ ਦੀ ਸਥਿਤੀ ਪ੍ਰਾਪਤ ਕਰਦਿਆਂ ਜੀਵਨ ਲਕਸ਼ ਦੀ ਪ੍ਰਾਪਤ ਕਰ ਸਕਦਾ ਹੈ। ਗੁਰੂ ਜੀ ਇਸ ਸਥਿਤੀ ਨੂੰ ਇਉਂ ਸਪਸ਼ਟ ਕਰਦੇ ਹਨ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਪੰਨਾ 522)
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ॥
ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ॥ (ਪੰਨਾ 1091)
ਗੁਰਮਤਿ ਮਨੁੱਖ ਨੂੰ ਇਹੋ ‘ਜੀਵਨ ਜੁਗਤ’ ਦ੍ਰਿੜ ਕਰਵਾਉਂਦੀ ਹੈ। ਅਜਿਹੇ ਜੀਵਨ ਵਾਲੇ ਮਨੁੱਖ ਦੀ ਸਾਰਾ ਸੰਸਾਰ ਹੀ ਉਸਤਤ ਕਰਦਾ ਹੈ।
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ 136)
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥ (ਪੰਨਾ 917)
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008