editor@sikharchives.org
Gurmat Sangeet

ਗੁਰੂ ਬਾਬੇ ਦੀ ਵਿਸਮਾਦੀ ਬਖਸ਼ਿਸ਼ : ਗੁਰਮਤਿ ਸੰਗੀਤ

ਸ੍ਰੀ ਗੁਰੂ ਨਾਨਕ ਦੇਵ ਜੀ ਭਲੀ-ਭਾਂਤ ਸਪੱਸ਼ਟ ਕਰਦੇ ਹਨ ਕਿ ਰੱਬ ਸੱਚੇ ਦੀ ਜੇ ਕੋਈ ਮਨੁੱਖ ਨਾਲ ਸਦੀਵੀ ਸਾਂਝ ਹੈ ਤਾਂ ਉਹ ਕੇਵਲ ਨਾਮ ਸੁਰ ਦੀ ਸਾਂਝ ਹੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਆਦਿ ਕਾਲ ਤੋਂ ਹੀ ਮਨੁੱਖ ਮਨ ਦੀਆਂ ਅਦਿੱਖ ਅਤੇ ਗਹਿਰੀਆਂ ਪਰਤਾਂ ਦੇ ਧੁਰ-ਅੰਦਰਲੀਆਂ ਤਾਰਾਂ ਕਿਸੇ ਇੱਕੋ-ਇੱਕ ਸ਼ਕਤੀ ਨਾਲ ਜੁੜੀਆਂ ਪ੍ਰਤੀਤ ਹੁੰਦੀਆਂ ਹਨ। ਉਂਞ ਤਾਂ ਸਮੁੱਚੀ ਕਾਇਨਾਤ ਨੇ ਹੀ ਉਸ ਰਹੀਮ ਤੇ ਕਰੀਮ ਦੀ ਗੋਦ ਦਾ ਨਿੱਘ ਅਤੇ ਗੁੜ੍ਹਤੀ ਲੈ ਕੇ ਹੀ ਇਸ ਵਿਸ਼ਾਲ ਧਰਤੀ ਉੱਤੇ ਪੈਰ ਧਰਿਆ ਹੈ ਪਰੰਤੂ ਸੱਚੇ ਪਰਵਰਦਗਾਰ ਦੀ ਮਿੱਠ-ਬੋਲੜੀ ਸਹਿਜ ਭਾਸ਼ਾ ਦੀ ਸੁਰੀਲੀ ਅਵਾਜ਼ ਨੂੰ ਜਿਨ੍ਹਾਂ ਵਰੋਸਾਈਆਂ ਮਨੁੱਖੀ ਆਤਮਾਵਾਂ ਨੇ ਹੀ ਸ੍ਰਵਣ ਕੀਤਾ। ਮਿਸਾਲ ਵਜੋਂ ਇਸ ਸੰਸਾਰ ਉੱਤੇ ਵਕਤ-ਵਕਤ ਸਿਰ ਪੈਦਾ ਹੋਏ ਮਹਾਨ ਪੈਗ਼ੰਬਰਾਂ, ਪੀਰਾਂ, ਫ਼ਕੀਰਾਂ ਅਤੇ ਰੱਬੀ ਦੀਵਾਨਿਆਂ ਨੇ ਹੀ ਇਸ ਸ਼ੀਰੀ ਅੰਮ੍ਰਿਤ ਨੂੰ ਚੱਖਿਆ ਹੈ। ਉਹ ਸੱਜਣ ਸਾਂਈ ਦੇ ਬੋਲ ਇਤਨੇ ਮਿੱਠੇ ਹਨ, ਮਾਨੋ ਕਿਸੇ ਸੰਗੀਤਕ ਆਬੇ-ਹਯਾਤੀ ਝਰਨਿਆਂ ਦਾ ਇਕ ਵਿਸ਼ਾਲ ਸਾਗਰ ਹੋਵੇ। ਗੁਰੂ ਪਾਤਸ਼ਾਹ ਜੀ ਵੀ ਫ਼ੁਰਮਾਨ ਕਰਦੇ ਹਨ:

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥   (ਪੰਨਾ 784)

ਬੇਸ਼ੱਕ ਮਨੁੱਖੀ ਜੀਉ ਪਿੰਡਾਂ (ਜੀਵਤ ਸਰੀਰਾਂ) ਦਾ ਪਿਛੋਕੜੀ ਸੁਭਾਅ, ਵਿਰਾਸਤ, ਖਾਨਦਾਨੀ ਵਿਰਸਾ, ਮਾਣ-ਮਰਯਾਦਾ, ਤੱਕਣਾ, ਸੁਣਨਾ, ਬੈਠਣਾ, ਉੱਠਣਾ, ਰੋਣਾ, ਹੱਸਣਾ, ਚੱਲਣਾ, ਸੌਣਾ, ਬੋਲਣਾ ਅਤੇ ਬਣਤਰ ਸਭ ਇੱਕੋ ਜਿਹਾ ਹੀ ਹੈ, ਪਰ ਅਗਾਂਹ ਜਾ ਕੇ, ਜਿਉਂ-ਜਿਉਂ ਸਦੀਆਂ ਨੇ ਕਰਵਟ ਲਈ, ਫਿਰ ਭੂਗੋਲਿਕ ਸਥਿਤੀ ਕਾਰਨ ਅਤੇ ਸੀਮਤ ਮਨੁੱਖੀ ਵੱਸੋਂ ਦੀਆਂ ਦੂਰੀਆਂ ਤੇ ਪੇਚੀਦਗੀਆਂ ਨੇ ਅਲੱਗ-ਅਲੱਗ ਭਾਸ਼ਾਵਾਂ ਨੂੰ ਜਨਮ ਦਿੱਤਾ। ਇਨ੍ਹਾਂ ਖੇਤਰੀ ਭਾਸ਼ਾਵਾਂ ਦੇ ਕਾਰਨ ਹੀ ਮਨੁੱਖੀ ਤਾਣਾ, ਬਾਣਾ, ਲਾਣਾ, ਕਬੀਲਿਆਂ, ਫਿਰਕਿਆਂ, ਨਗਰਾਂ, ਸ਼ਹਿਰਾਂ ਅਤੇ ਦੇਸ਼ਾਂ ‘ਚ ਵੰਡਿਆ ਗਿਆ, ਤੇ ਇਨ੍ਹਾਂ ਸਭਨਾਂ ਨੇ ਆਪਣੀ-ਆਪਣੀ ਮਰਜ਼ੀ ਤੇ ਅਕੀਦੇ ਮੁਤਾਬਕ ਰੱਬ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਰ ਫ਼ਿਰਕੇ ਨੇ ਆਪਣੇ ਹੀ ਵੱਲੋਂ ਈਜਾਦ ਕੀਤੀ ਭਾਸ਼ਾ (ਬੋਲੀ) ਅਨੁਸਾਰ ਉਸ ਕਰਤਾ ਪੁਰਖ ਦਾ ਨਾਮ ਰੱਖ ਲਿਆ। ਅਗਾਂਹ ਜਾ ਕੇ, ਤੇਜ਼-ਤਰਾਰ ਸ਼ਾਤਰ ਬੁੱਧੀ ਦੀ ਦੁਰਵਰਤੋਂ ਕਰਦਿਆਂ, ਬਹੁਬਲੀ ਤਾਕਤ, ਰਾਜਸੀ ਤਾਕਤ, ਮਦਮਸਤ ਬਾਦਸ਼ਾਹੀ ਸੋਚ, ਕੱਟੜ ਤੇ ਸ਼ਰ੍ਹਈ ਬਿਰਤੀ ਅਧੀਨ, ਨਿਰਬਲ ਤੇ ਨਿਤਾਣੀ ਸਤੀ ਹੋਈ ਲੋਕਾਈ ਨੂੰ ਧਿੰਗੋਜ਼ੋਰੀ, ਆਪਣੇ-ਆਪਣੇ ਫ਼ਿਰਕਿਆਂ ਵਿਚ ਸ਼ਾਮਲ ਕਰ ਕੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਆਪਣੀ ਭਾਸ਼ਾ ਨੂੰ ਰੱਬ ਦੀ ਭਾਸ਼ਾ ਪ੍ਰਚਾਰ ਕੇ, ਬਾਕੀ ਮਨੁੱਖਾਂ (ਆਪਣੇ ਹੀ ਭਰਾਵਾਂ) ਨਾਲੋਂ ਦੂਰੀ ਰੱਖ ਕੇ ਖੁਦ ਨੂੰ ਸਿਰਮੌਰ ਕਹਾਉਂਦਿਆਂ ਬਾਕੀਆਂ ਨੂੰ ਛੁਟਿਆਉਣਾ ਜਾਰੀ ਰੱਖਿਆ ਅਤੇ ਇਹ ਸਭ ਮਨੁੱਖੀ ਸ਼ੈਤਾਨ ਮਨ ਦੀ ਕਾਢ ਅਤੇ ਅਹੰਕਾਰ ਤੋਂ ਸਿਵਾ ਕੁਝ ਵੀ ਨਹੀਂ ਸੀ।

ਹਾਲਾਂਕਿ ਗੁਰੂ ਪਾਤਸ਼ਾਹ ਜੀ ਪੁਕਾਰ-ਪੁਕਾਰ ਅਲਾਉਂਦੇ ਰਹੇ, “ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ” ਤੇ ਜਿਹੜੇ ਲੋਕ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ” ਦੇ ਮਹਾਨ ਉਪਦੇਸ਼ ਤੋਂ ਪਾਸਾ ਵੱਟ ਗਏ ਸਨ, ਤੇ ਕੇਵਲ ਆਪਣਾ ਹੀ ਢੋਲ ਵਜਾਉਣਾ ਜਾਣਦੇ ਸਨ, ਉਨ੍ਹਾਂ ਪ੍ਰਤੀ ਪਾਤਸ਼ਾਹ ਜ਼ੋਰ ਦੇ ਕੇ ਕਹਿੰਦੇ ਆਏ ਹਨ, “ਜਾਣਹੁ ਜੋਤਿ ਨ ਪੂਛਹੁ ਜਾਤੀ” ਤੇ ਫਿਰ ਅਜਿਹੀਆਂ ਹੀ ਦੁਸ਼ਵਾਰੀਆਂ, ਨਫ਼ਰਤਾਂ, ਜ਼ਲੀਲਤਾ ਤੇ ਬੇਗਾਨਗੀ ‘ਚੋਂ ਅਲੱਗ-ਅਲੱਗ ਮਤਾਂ ਨੇ ਜਨਮ ਲਿਆ, ਨਫ਼ਰਤੀ ਤੇ ਖੁਣਸੀ ਵਣਜਾਰਿਆਂ ਨੇ ਆਪਣੀਆਂ-ਆਪਣੀਆਂ ਦੁਕਾਨਦਾਰੀਆਂ ਖ਼ਾਤਰ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” ਰੱਬੀ ਹੁਕਮਾਂ ਦੀ ਵੀ ਪਰਵਾਹ ਨਾ ਕੀਤੀ ਅਤੇ ਥੱਕ-ਟੁੱਟ ਚੁੱਕੀ ਹੋਈ ਨਿਤਾਣੀ ਪਰਜਾ ਉੱਪਰ ਰੱਜ ਕੇ ਜ਼ੁਲਮ ਤੇ ਕਹਿਰ ਢਾਹਿਆ। ਆਪਣੇ ਨਿੱਜ ਤੇ ਲਾਲਚ ਵੱਸ ਹੋ ਤਕੜੇ ਤੇ ਜਰਵਾਣੇ ਮਨੁੱਖ ਨੇ ਨਿਹੱਥਿਆਂ ਸ਼ਰੀਫਾਂ, ਨਿਰਬਲਾਂ ਤੇ ਦੇਵਤਿਆਂ ਜਿਹਿਆਂ  ਮਨੁੱਖਾਂ ਦਾ ਸਿਤਮਜ਼ਰੀਫ਼ੀ ਨਾਲ ਘਾਣ ਕੀਤਾ। ਗੁਰੂ ਪਾਤਸ਼ਾਹ ਨੂੰ ਕਹਿਣਾ ਪਿਆ, “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ- ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ” ਇਕ ਵਾਰ ਤਾਂ ਗਲੀਚ ਬਾਦਸ਼ਾਹਤ ਦੀ ਕਸਾਈ, ਜ਼ੁਲਮੀ ਤੇ ਦਰਿੰਦਗੀ ਭਰੀ ਕਚਿਆਣ ਸੋਚ ਨੇ, ਮਨੁੱਖੀ ਸੰਗੀਤ ਦੀਆਂ ਸੁਰ ਹੋਈਆਂ ਤਾਰਾਂ ਨੂੰ, ਤਾਰ-ਤਾਰ ਕਰ ਕੇ ਹੀ ਰੱਖ ਦਿੱਤਾ ਤੇ ਅਜਿਹੀ ਤ੍ਰਾਸਦੀ, ਜ਼ਿਲਤ ਅਤੇ ਅਸੱਭਿਅਕ ਭਿਆਨਕ ਦੌਰ ਨੂੰ ਵੇਂਹਦਿਆਂ, ਗੁਰੂ ਸਾਹਿਬ ਜੀ ਨੂੰ ਹਾਅ ਦਾ ਨਾਅਰਾ ਮਾਰਨਾ ਪਿਆ, “ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦੁ ਨ ਆਇਆ॥” ਉਸ ਰਚਨਹਾਰੇ ਨੇ ਤੇ ਕਦੀ ਅਜਿਹਾ ਸੋਚਿਆ ਵੀ ਨਹੀਂ ਹੋਵੇਗਾ ਕਿ ਮੇਰੀ ਲਾਇਕ ਮਨੁੱਖੀ ਔਲਾਦ ਦੀ ਮੱਤ ਇਤਨੀ ਮਲੀਨ ਘਿਨਾਉਣੀ ਤੇ ਬੌਣੀ ਹੋ ਜਾਵੇਗੀ, ਜਿਹੜੀ ਕਿ ਆਪਣੇ ਹੀ ਭੈਣਾਂ-ਭਾਈਆਂ ਲਈ ਖੂੰਖਾਰੀ ਬਿਰਤੀ ਅਧੀਨ ਕਾਤਿਲ ਹੋ ਨਿੱਬੜੇਗੀ ਅਜਿਹੀਆਂ ਮਨੁੱਖੀ ਕਦਰਾਂ-ਕੀਮਤਾਂ ਦੀ ਹੁੰਦੀ, ਬੇਹਰੁਮਤੀ, ਬੇਪਰਤੀਤੀ, ਆਪਾ-ਧਾਪੀ, ਧੱਕੇ-ਸ਼ਾਹੀ ਤੇ ਗਰੀਬ-ਮਾਰ ਇਨ੍ਹਾਂ ਜ਼ਿਆਦਤੀਆਂ ਨੂੰ ਤੱਕਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਨੁੱਖ ਮਾਤਰ ਲਈ ਇਕ ਅਜਿਹਾ ਬੀੜਾ ਚੁੱਕਣਾ ਪਿਆ ਜਿਹੜਾ ਕਿ ਅਤਿ ਪੇਚੀਦਾ, ਗੁੰਝਲਦਾਰ ਤੇ ਭਾਰੀ ਸੀ ਤੇ ਜਿਸ ਨੂੰ ਬਹੁਤ ਹੀ ਲੰਮੇਰੇ ਟੇਢੇ-ਮੇਢੇ ਤੇ ਬਿਖੜੇ ਪੈਂਡੇ ਚੀਰ ਕੇ ਤਹਿ ਕਰਨਾ ਪੈਣਾ ਸੀ। ਪਰ ਗੁਰੂ ਪਾਤਸ਼ਾਹ ਜੀ ਨੇ ਬਿਨਾਂ ਕਿਸੇ ਪਰਵਾਹ ਦੇ, ਪਰਵਾਰਿਕ ਮੋਹ-ਮਾਇਆ ਦੀ ਪੀਡੀ-ਗੰਢ ਨੂੰ ਛੱਡ ਆਪਣੀ ਜ਼ਿੰਦਗੀ ਨੂੰ ਸੰਸਾਰ ਦੇ ਲਾਚਾਰ ਲੋਕਾਂ ਦੇ ਲੇਖੇ ਲਾ ਦਿੱਤਾ ਅਤੇ ਦੰਪਤੀ ਮੋਹ-ਪਿਆਰ ਨੂੰ ਸਦਾ ਲਈ ਤਿਆਗ ਦਿੱਤਾ ਤੇ ਟੁਰ ਪਏ ਉਸੇ ਹੀ ਰੱਬੀ ਰਾਹੇ, ਜਿਸ ਉੱਤੇ ਟੁਰਨ ਲਈ ਅਕਾਲ ਪੁਰਖ ਨੇ ਮਨੁੱਖ ਨੂੰ ਪੈਦਾ ਕਰਦਿਆਂ ਹੀ ਪ੍ਰੇਰਨਾ ਤੇ ਹੁਕਮ ਕੀਤਾ ਸੀ ਕਿ ਐ ਮਨੁੱਖ! ਤੁਸੀਂ ਸਭ ਇਸ ਸੰਸਾਰ ਦੇ ਭੈਣ-ਭਾਈ ਹੋ। ਇਸੇ ਹੀ ਪੈਗ਼ਾਮ ਦਾ ਹੋਕਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਲਕ ਪਰਵਰਦਗਾਰ ਦਾ ਚੌਕੀਦਾਰ ਬਣ ਕੇ, ਤਮਾਮ ਲੋਕਾਈ ਨੂੰ ਦੇਣਾ ਸ਼ੁਰੂ ਕਰ ਦਿੱਤਾ ਤੇ ਜੋ ਭਰਪੂਰ ਸਫ਼ਲ ਰਿਹਾ ਤੇ ਰਹੇਗਾ ਵੀ, ਕਿਉਂਕਿ ਸਚਾਈ ਦੇ ਮਾਰਗ ਦੀ ਮੰਜ਼ਿਲ ਕਦੀ ਅਧੂਰੀ ਨਹੀਂ ਹੁੰਦੀ। ਸੱਚੇ ਗੁਰੂ ਦਾ ਪਹਿਲਾ ਹੋਕਾ ਮਨੁੱਖਤਾ ਲਈ ਇਹ ਹੀ ਤੇ ਸੀ, “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ”। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਨੂੰ ਇਹ ਦਰਸਾਉਣਾ ਸੀ ਕਿ ਮਾਲਕ ਦੀ ਰਜ਼ਾ ‘ਚ ਮਨੁੱਖ ਨੇ ਕਿੰਞ ਤੇ ਕਿਵੇਂ ਰਹਿਣਾ ਹੈ ਤੇ ਐਸਾ ਰੱਬੀ ਰਾਜ਼ ਰੂਹਾਨੀ ਉਪਦੇਸ਼ ਦੇਣ ਖ਼ਾਤਰ ਆਪ ਜੀ ਲੱਕ ਬੰਨ੍ਹ ਕੇ, ਲੰਮੀਆਂ ਵਟਾਂ ਦੇ ਅਣਥੱਕ ਪਾਂਧੀ ਬਣ ਕੇ ਭਾਈ ਮਰਦਾਨਾ ਜੀ ਨੂੰ ਸੰਗੀ ਬਣਾ ਚੌਹਾਂ ਦਿਸ਼ਾਵਾਂ ਨੂੰ ਤੁਰ ਪਏ। ਇਹ ਰੱਬੀ ਰਾਜ਼ ਕੀ ਸੀ ਅਤੇ ਕਿਹੜੀ ਅਜਿਹੀ ਮਨੁੱਖੀ ਕੜੀ ਦੀ ਸਾਂਝ ਸੀ, ਜਿਹੜੀ ਕਿ ਧਰਮ, ਜਾਤ-ਪਾਤ, ਨਸਲ, ਊਚ-ਨੀਚ, ਰੰਗ-ਰੂਪ, ਅਲੱਗ-ਅਲੱਗ ਜਨੂੰਨੀ ਫ਼ਿਰਕਿਆਂ ਅਤੇ ਦੇਸ਼ਾਂ-ਦੇਸ਼ਾਂਤਰਾਂ ਦੀਆਂ ਹੱਦਾਂ ਤੋਂ ਕਿਤੇ ਪਰ੍ਹੇ ਸੀ? ਇਹ ਸੀ ਮਨੁੱਖ ਦੇ ਧੁਰ ਅੰਦਰਲਾ ਸੰਗੀਤਕ ਦੁਨੀਆਂ ਦਾ ਉਹ ਅਮੁੱਲਾ ਤੇ ਸਾਂਝਾ ਬੀਜ, ਜਿਹੜਾ ਪਾਰਬ੍ਰਹਮ ਨੇ ਇਨਸਾਨੀ ਅੰਤਹਕਰਣ ਅੰਦਰ ਪੈਦਾ ਹੁੰਦੇ ਹੀ ਬੀਜ ਕੇ ਇਸ ਧਰਤੀ ‘ਤੇ ਭੇਜਿਆ ਸੀ। ਸਾਂਝੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਹਿਮ ਤੇ ਜ਼ਰੂਰੀ ਨੁਕਤੇ ਨੂੰ ਆਪਣੀ ਪਕੜ ‘ਚ ਝਬਦੇ ਹੀ ਲੈ ਕੇ, ਆਪਣੀਆਂ ਲੰਮੇਰੀਆਂ ਉਦਾਸੀਆਂ ਦੌਰਾਨ, ਵੱਖ-ਵੱਖ ਤਰ੍ਹਾਂ ਨਾਲ ਭਟਕੀ ਮਨੁੱਖਤਾ ਦੇ ਤਪਦੇ ਹਿਰਦੇ ਅੰਦਰ ਬੀਜਣਾ ਸ਼ੁਰੂ ਕਰ ਦਿੱਤਾ ਤੇ ਇਹ ਅਜਿਹਾ ਅੰਕੁਰ ਫੁੱਟਿਆ ਕਿ ਸੰਸਾਰ ਦੀਆਂ ਭੁੱਲੀਆਂ-ਭਟਕੀਆਂ ਹੋਈਆਂ ਨਿਰਜਿੰਦ, ਨਿਰਮੋਹੀ ਬੇਤਰਸ, ਬੇਦਰਦ ਤੇ ਅਕ੍ਰਿਤਘਣ ਜਿੰਦਾਂ ਲਈ ਆਬੇ-ਹਯਾਤ ਹੋ ਨਿੱਬੜਿਆ ਸੀ ਜੋ ਕਿ ਪੰਜ ਸੌ ਸਾਲਾਂ ਤੋਂ ਨਿਰੰਤਰ ਪਿਆਸੀਆਂ ਰੂਹਾਂ ਨੂੰ ਸਰਸ਼ਾਰ ਕਰਦਿਆਂ ਖੁਦਾਈ ਸੱਚ ਤੋਂ ਦੂਰ ਨਹੀਂ ਹੋਣ ਦੇ ਰਿਹਾ। ਸਿਰਫ਼ ਤੇ ਸਿਰਫ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਅਜਿਹਾ ਰਸਤਾ ਅਖ਼ਤਿਆਰ ਕੀਤਾ, ਜਿਹੜਾ ਕਿ ਪਹਿਲਾਂ ਕਿਸੇ ਵੀ ਪੀਰ-ਪੈਗ਼ੰਬਰ ਕਹਾਉਣ ਵਾਲੇ ਨੇ ਅਖ਼ਤਿਆਰ ਨਹੀਂ ਕੀਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਭਲੀ-ਭਾਂਤ ਸਪੱਸ਼ਟ ਕਰਦੇ ਹਨ ਕਿ ਰੱਬ ਸੱਚੇ ਦੀ ਜੇ ਕੋਈ ਮਨੁੱਖ ਨਾਲ ਸਦੀਵੀ ਸਾਂਝ ਹੈ ਤਾਂ ਉਹ ਕੇਵਲ ਨਾਮ ਸੁਰ ਦੀ ਸਾਂਝ ਹੀ ਹੈ। ਸੁਰ ਕੀ ਹੈ? ਇਸ ਨੂੰ ਕਈ ਪ੍ਰਕਾਰਾਂ ਨਾਲ ਤੱਕਿਆ ਤੇ ਵੰਡਿਆ ਜਾ ਸਕਦੈ:-

1. ਅਤਿ ਸੁਰ ਤੇ ਸੰਗੀਤਕ ਸ਼ੈਲੀ ਅਨੁਸਾਰ ਵਕਤੀ ਰਾਗ ਵਿਚ ਪ੍ਰਭੂ ਲਈ ਗਾਇਨ ਕਰਨਾ।
2. ਸੁਰ ਅਤੇ ਲੈਅ ਵਿਚ ਕਿਸੇ ਵੀ ਵਾਦਨ ਸਾਜ਼ ਨੂੰ ਪ੍ਰਪੱਕਤਾ ਤੇ ਨਿਪੁੰਨਤਾ ਨਾਲ ਵਜਾਉਣਾ।
3. ਸੰਗੀਤ ਕਲਾ ਦੀਆਂ ਬਾਰੀਕੀਆਂ ਨੂੰ ਬਾਖ਼ੂਬੀ ਪੇਸ਼ ਕਰਨਾ, ਜਿਵੇਂ ਕਿ ਵਿਲੰਬਤ ਲੈਅ, ਮੱਧ ਤੇ ਤਾਰ, ਸਪਤਕ ਲੈਅਕਾਰੀ ਅੰਦਰ ਗਾਇਨ ਕਰਦਿਆਂ ਸ੍ਵਰ, ਆਲਾਪ, ਤਾਨਾਂ, ਮੁਰਕੀਆਂ, ਮੀਂਡਾਂ, ਗਮਕਾਂ, ਖਿਰਨਾ, ਸਪਾਟ ਤਾਨਾਂ ਦੀ ਕਾਇਦੇ ਮੁਤਾਬਿਕ ਪੇਸ਼ਕਾਰੀ ਕਰਨੀ।
4. ਸ਼ਾਸਤਰੀ ਸੰਗੀਤ ਦੀਆਂ ਬਾਰੀਕੀਆਂ ਨੂੰ ਗੁਹਜ, ਧਿਆਨ, ਇਕਾਗਰਤਾ ਤੇ ਸੋਝੀ ਦੇ ਨਾਲ ਸ੍ਰਵਣ ਕਰਦਿਆਂ ਅਕਾਲ ਪੁਰਖ ਦੀ ਯਾਦ ‘ਚ ਖੀਵਿਆਂ ਹੋਣਾ।
5. ਹਰ ਦੂਸਰੇ ਵਿਅਕਤੀ ਨੂੰ ਅਤਿ ਮਧੁਰ ਮਿੱਠੀ ਆਵਾਜ਼ ਨਾਲ ਪੁਕਾਰਨਾ।
6. ਹਿਰਦੇ ਦੀ ਮਧੁਰਤਾ ਨੂੰ ਸ਼ੀਰੀ ਜ਼ੁਬਾਨ ਨਾਲ, ਬਿਨਾਂ ਕਿਸੇ ਵਿਤਕਰੇ ਦੇ ਮਨੁੱਖਤਾ ਨਾਲ ਪਿਆਰ, ਮੁਹੱਬਤ ਨਾਲ ਪੇਸ਼ ਆਉਣਾ।

ਕਿਉਂਕਿ ਮਾਲਕ ਨੇ ਤਾਂ ਮਨੁੱਖ ਨੂੰ ਇਸ ਧਰਤੀ ਉੱਤੇ ਜੀਵਨ ਦੇ ਕੇ, ਪਿਆਰ, ਮੁਹੱਬਤ ਦੀ ਸੌਦਾਗਰੀ ਕਰਨ ਲਈ ਭੇਜਿਆ ਸੀ। ਪਰ ਸੰਸਾਰ ‘ਚ ਆ ਕੇ ਸੰਸਾਰਕ ਸੁਖਾਂ ‘ਚ ਮਦਮਸਤ ਮਨੁੱਖ ਮਨਮਾਨੀਆਂ ਕਰਦਾ ਹੋਇਆ ਨਫ਼ਰਤਾਂ ਦਾ ਵਣਜਾਰਾ ਬਣ ਬੈਠਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਲੀ-ਭਟਕੀ ਲੋਕਾਈ ਨੂੰ ਸਿੱਧੇ ਰਾਹ ‘ਤੇ ਲਿਆਉਣ ਲਈ ਸੁਰ ਸਾਧਨਾ ਰਾਹੀਂ ਗੁਰਮਤਿ ਸੰਗੀਤ ਦੀ ਵਰਤੋਂ ਕੀਤੀ। ਕਿਸੇ ਵੀ ਮੁਲਕ ਦੀ ਖਲਕਤ ਵਿਚ ਜਾ ਕੇ, ਪਾਤਸ਼ਾਹ ਗੁਫ਼ਤਗੂ ਕਰਦੇ ਅਤੇ ਆਸਣ ਗ੍ਰਹਿਣ ਕਰ ਕੇ ਵਜਦ ਵਿਚ ਆ ਕੇ ਰੂਹਾਨੀਅਤ ਦੀ ਮੌਜ ‘ਚ ਭਾਈ ਮਰਦਾਨਾ ਜੀ ਨੂੰ ਅਤਿ ਸ਼ੀਰੀ ਆਵਾਜ਼ ਨਾਲ ਫ਼ੁਰਮਾਨ ਕਰਦੇ “ਮਰਦਾਨਿਆਂ!….ਬਾਣੀ ਆਈ, ਰਬਾਬ ਵਜਾਇ, ਕਾਈ ਸਿਫਤਿ ਖੁਦਾਇ ਦੀ ਕਰੀਏ”, ਹੁਕਮਾਂ ਦੀ ਤਾਮੀਲ ਕਰਦਿਆਂ ਸ਼ਰਧਾ- ਸਤਿਕਾਰ ‘ਚ ਲਬਰੇਜ਼, ਭਾਈ ਮਰਦਾਨਾ ਜੀ, ਰਬਾਬ ਦੀਆਂ ਸੁਰ ਕੀਤੀਆਂ ਤਰਬਾਂ ਉਤੇ ਮਿਹਨਤੀ ਤੇ ਕਲਾਤਮਿਕ ਰਿਆਜ਼ੀ ਉਂਗਲੀਆਂ ਫੇਰਦੇ ਤੇ ਇੰਞ ਸੁਰ ਹੋਇਆ ਸਾਜ਼ ਆਸ-ਪਾਸ ਦੀ ਬਨਸਪਤੀ ਨੂੰ ਵੀ ਖ਼ੁਮਾਰੀ ‘ਚ ਮਖ਼ਮੂਰ ਕਰ ਦਿੰਦਾ। “ਗੁਰੂ ਨਾਨਕ ਆਮਦ ਨਾਰਾਇਣ ਸਰੂਪ- ਹੁੰਮਾਨਾਂ ਨਿਰੰਜਨ ਨਿਰੰਕਾਰ ਰੂਪ” ਸਮੇਂ ਅਨੁਸਾਰ, ਰਾਗ ਅਨੁਸਾਰ ਆਲਾਪ ਕਰ ਕੇ ਅਤੇ ਲੰਮਾਂ ਸਮਾਂ ਮਾਲਕ ਦੀ ਯਾਦ ‘ਚ ਅਲੰਕਾਰ ਕਰਦਿਆਂ ਉਸ ਦੀ ਸਿਫਤਿ-ਸਲਾਹ ‘ਚ ਸ਼ਬਦ ਨੂੰ ਰਾਗ ‘ਚ ਪਾਇ ਕੇ ਗਾਇਣ ਕਰਦੇ। ਮੰਝੀ ਹੋਈ ਰਿਆਜ਼ੀ ਤੇ ਖੁਦਾਈ ਆਵਾਜ਼ ਰਾਗ, ਰਬਾਬ ਤੇ ਧੁਰ ਕੀ ਬਾਣੀ ਦਾ ਸੁਮੇਲ ਆਸ-ਪਾਸ ਦੀ ਫਿਜ਼ਾ ‘ਚ ਅਜਿਹਾ ਮਜੀਠੜਾ ਰੰਗ ਬਖੇਰਦਾ ਕਿ ਸ੍ਰਵਣ ਕਰ ਰਹੀਆਂ ਇਨਸਾਨੀ ਰੂਹਾਂ ਆਪਣੇ ਆਪ ‘ਚ ਮਦਮਸਤ ਹੋ ਕੇ ਵਿੱਸਰ ਹੀ ਜਾਂਦੀਆਂ ਕਿ ਮੈਂ ਕੌਣ ਤੇ ਕੀ ਹਾਂ? ਸਭ ਨੂੰ ਇਕ ਹੀ ਸਮਝ ਪੈਂਦੀ ਕਿ ਸਿਰਫ਼ ਤੇ ਸਿਰਫ਼ ਇਹ ਕੋਈ ਰੱਬੀ ਸਦਾਅ ਹੀ ਹੋ ਸਕਦੀ ਹੈ, ਜਿਹੜੀ ਸਾਨੂੰ ਕੀਲ ਹੀ ਗਈ ਹੈ। ਇਸ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, “ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ- ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ” ਇਥੋਂ ਤਕ ਕਿ ਸੰਸਾਰ ਦੇ ਤਮਾਮ ਜੀਵ-ਜੰਤੂ ਤੇ ਬਨਸਪਤੀ ਵੀ ਸੰਗੀਤ ਨੂੰ ਕਬੂਲਦੀ ਹੈ, ਕਿਉਂਕਿ ਸੰਗੀਤ ਤਾਂ ਕਾਇਨਾਤ ਦੇ ਕਣ-ਕਣ ‘ਚ ਰਮਿਆ ਹੈ।

ਸੋ, ਇੰਞ ਕਰਕੇ ਰੱਬ ਦੀ ਇਕ ਹੀ ਭਾਸ਼ਾ ਹੈ, ਉਹ ਸਿਰਫ਼ ਤੇ ਸਿਰਫ਼ ਸੰਗੀਤ। ਸੰਗੀਤ ਇਕ ਗ਼ੈਬੀ ਖ਼ੁਦਾਈ ਆਵਾਜ਼ ਹੈ, ਸੰਗੀਤ ਜਾਦੂ ਹੈ, ਸੰਗੀਤ ਅਮੁੱਕ ਵਹਿਣ ਹੈ, ਸੰਗੀਤ ਆਤਮਿਕ ਗਜ਼ਾ ਹੈ, ਸੰਗੀਤ ਪਿਆਰ ਹੈ, ਸੰਗੀਤ ਮਨੁੱਖੀ ਮਨ ਦਾ ਗਹਿਣਾ ਹੈ, ਸੰਗੀਤ ਜੋੜਦਾ ਹੈ, ਸੰਗੀਤ ਦੂਰੀਆਂ ਨੂੰ ਨੇੜਤਾ ‘ਚ ਬਦਲਦਾ ਹੈ, ਸੰਗੀਤ ਦੁਸ਼ਵਾਰੀਆਂ ਮਿਟਾਉਂਦਾ ਹੈ। ਸੰਗੀਤ ਸੀਤਲਤਾ ਦਾ ਸੋਮਾ ਹੈ, ਸੰਗੀਤ ਟੁੱਟੇ ਦਿਲਾਂ ਦੀ ਮਰਹਮ ਹੈ, ਸੰਗੀਤ ਪਰਵਰਦਗਾਰ ਦੀ ਬਾਰਗਾਹ ਨੂੰ ਜਾਣ ਵਾਲੀ  ਪਗਡੰਡੀ ਦਾ ਅਣਥੱਕ ਹਮਸਫਰ ਹੈ। ਸੰਗੀਤ ਮਨੁੱਖੀ ਜ਼ਿੰਦਗੀ ਦਾ ਸਾਜ਼ ਹੈ, ਸੰਗੀਤ ਇਨਸਾਨ ਦਾ ਆਦਿ ਕਾਲ  ਤੋਂ ਅੰਤ ਤਕ  ਦਾ ਹਾਣੀ ਹੈ। ਸੰਗੀਤ ਹਿਰਦੇ ਦੀ ਪ੍ਰਵਾਜ਼ੀ ਉਡਾਰੀ ਹੈ, ਸੰਗੀਤ ਨਿਮਰਤਾ ਦੀ ਪਹਿਲੀ ਪੌੜੀ ਹੈ। ਸੰਗੀਤ ਇਕੱਲਤਾ  ਨੂੰ ਨਿਗਲ ਜਾਂਦਾ ਹੈ, ਸੰਗੀਤ ਕੁਮਲਾਏ ਹਿਰਦਿਆਂ ਲਈ ਸੰਜੀਵਨੀ ਬੂਟੀ ਹੈ। ਸੰਗੀਤ ਪਥਰੀਲੇ ਦਿਲਾਂ ਲਈ ਮੋਮ ਹੈ, ਸੰਗੀਤ ਆਪਣੇ-ਪਨ ਦਾ ਅਮੁੱਕ ਖ਼ਜ਼ਾਨਾ ਹੈ। ਸੰਗੀਤ ਉਤਮ ਤੇ ਸੁਹਜ ਕਲਾ ਹੈ, ਸੰਗੀਤ ਜੀਵਨ ਹੈ।

ਸਖ਼ਤ ਤਪੱਸਿਆ ਤੋਂ ਬਾਅਦ ਹੀ ਸੰਗੀਤ ਦੀ ਮਿੱਠੀ ਦਾਤ ਝੋਲੀ ‘ਚ ਪੈਂਦੀ ਹੈ ਅਤੇ ਜਿਸ ਮਨੁੱਖ ਨਾਲ ਰੱਬ ਸਭ ਤੋਂ ਵਧੀਕ ਪਿਆਰ ਕਰਦਾ ਹੈ, ਉਸ ਨੂੰ ਸਿੱਧੇ ਤੌਰ ‘ਤੇ ਸੰਗੀਤ ਦੀ ਸੁਗਾਤ ਹੀ ਦੇ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਰੂਹਾਨੀਅਤ ਦੇ ਨਾਲ-ਨਾਲ ਖਾਸ ਤੌਰ ‘ਤੇ ਸੰਗੀਤ ਦੀ ਬਖਸ਼ਿਸ਼ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗੀਤ ਦੀ ਵਰਤੋਂ, ਪ੍ਰਭੂ ਪ੍ਰੇਮਾ-ਭਗਤੀ ਲਈ ਗੁਰਮਤਿ ਸੰਗੀਤ ਦੁਆਰਾ ਸ਼ੁਰੂ ਕੀਤੀ ਕਿਉਂਕਿ ਇਹ ਮਾਲਕ ਦੀ ਦਿੱਤੀ ਦਾਤ ਸੀ, ਤੇ ਕਿਉਂ ਨਾ ਇਸ ਦੀ ਯੋਗ ਵਰਤੋਂ ਮਾਲਕ ਨੂੰ ਰੀਝਾਉਣ ਲਈ ਕੀਤੀ ਜਾਵੇ? ਇਹ ਮਹਾਨ ਗੁਰਮਤਿ ਸੰਗੀਤਕ ਸ਼ੈਲੀ ਤੇ ਸ਼ਾਨਾਂ-ਮੱਤੀ ਪਰੰਪਰਾ ਗੁਰੂ ਸਾਹਿਬਾਨ ਵੇਲੇ ਡਾਢੀ ਫਲੀ, ਫੁਲੀ। ਇਸ ਧੁਰ ਦਰਗਾਹੀ ਪਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਸਾਹਿਬਾਨ ਨੇ ਨਿਰੰਤਰ ਅਗਾਂਹ ਤੋਰਿਆ ਅਤੇ ਆਪਣੇ ਗੁਰਸਿੱਖਾਂ ਨੂੰ ਵੀ ਪ੍ਰੇਰਿਆ। ਸੰਸਾਰ-ਪ੍ਰਸਿੱਧ ਉੱਚਤਮ ਧਾਰਮਿਕ ਅਸਥਾਨ ‘ਤੇ ਨਾਮ ਅੰਮ੍ਰਿਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਨਿਰੰਤਰ ਚੌਹਾਂ ਸਦੀਆਂ ਤੋਂ ਉਸ ਸਾਈਂ ਦੀ ਸਿਫਤਿ-ਸਾਲਾਹ ‘ਚ ਸੰਗੀਤ ਦੀ ਵਰਤੋਂ ਸ਼ਬਦ ਦੁਆਰਾ ਹੋ ਰਹੀ ਹੈ। ਤਦ ਹੀ ਪਾਤਸ਼ਾਹ ਨੇ ਫ਼ੁਰਮਾਇਆ ਸੀ, “ਰਾਗ ਨਾਦ ਸਬਦਿ ਸੋਹਣੇ।” ਸਮੁੱਚੇ ਸੰਸਾਰ ਵਿਚ ਪਸਰੀ ਹੋਈ ਸੰਗੀਤ ਕਲਾ ਦੀ ਭਾਵੇਂ ਉਹ ਮੁੱਢਲਾ ਪਰਪੱਕ ਸ਼ਾਸਤਰੀ ਸੰਗੀਤ ਜਾਂ ਉਪ-ਸ਼ਾਸਤਰੀ ਸੰਗੀਤ ਇਤਿਆਦਿਕ ਕੁਝ ਵੀ ਹੋਵੇ। ਪਰ ਸੁਰ ਅਤੇ ਕਾਇਦੇ ਮੁਤਾਬਿਕ ਕੀਤੀ ਹੋਈ ਪੇਸ਼ਕਾਰੀ ‘ਚ ਸਦਾ ਹੀ ਇਕ ਜ਼ੋਰਦਾਰ ਖਿੱਚ ਹੁੰਦੀ ਹੈ। ਸੋ ਅਸੀਂ ਤਮਾਮ ਮਨੁੱਖੀ ਸਰੀਰ ਇੱਕ ਹੀ ਅੰਸ-ਬੰਸ ਹਾਂ ਤੇ ਇੱਕ ਹੀ ਪਰਮ-ਪਿਤਾ ਦੀ ਸੰਤਾਨ ਹਾਂ, ਇਸੇ ਲਈ ਹਰ ਇਨਸਾਨ ਅੰਦਰ ਸੰਗੀਤਕ ਲਹਿਰਾਂ ਮੌਜੂਦ ਹੁੰਦੀਆਂ ਹਨ, ਜਿਵੇਂ ਸਾਗਰ ਇਕ ਅਤੇ ਲਹਿਰਾਂ ਅਸੰਖਾਂ ਹੀ ਹੁੰਦੀਆਂ ਹਨ, ਪਰੰਤੂ ਲਹਿਰਾਂ ਇਕ ਦੂਸਰੀ ਲਹਿਰ ਤੋਂ ਕਦੀ ਦੂਰ ਨਹੀਂ ਹੁੰਦੀਆਂ। ਹਾਲਾਂਕਿ ਹਰ ਬਸ਼ਰ ਗਾਇਨ ਨਹੀਂ ਕਰ ਸਕਦਾ, ਪਰ ਸਮਝ ਹਰ ਵਿਅਕਤੀ ਨੂੰ ਜ਼ਰੂਰ ਹੈ, ਕਲਾਸੀਕਲ ਤੋਂ ਲੈ ਕੇ ਲੋਕ-ਗੀਤਾਂ ਤਕ ਦੀ ਸਮਝ ਹਰ ਵਿਅਕਤੀ ਨੂੰ ਆ ਜਾਂਦੀ ਹੈ। ਸੰਗੀਤਕ ਸੰਸਾਰ ਅਤਿ ਵਿਸ਼ਾਲ ਤੇ ਬੇਜੋੜ ਵੀ ਹੈ। ਸੰਸਾਰ ਵਿਚ ਗੁਣੀ-ਜਨ ਗਵੱਈਆਂ ਦੀ ਕਮੀ ਨਹੀਂ ਹੈ। ਇਸ ਗਾਇਨ ਕਲਾ ਨੂੰ ਅੱਜ ਤਕ ਕੋਈ ਵੀ ਲਾਲ ਲਕੀਰਾਂ ਦਾ ਵਪਾਰੀ ਵੰਡ ਨਹੀਂ ਸਕਿਆ। ਭਾਵੇਂ ਕਿ ਸੰਸਾਰ ਦੇ ਤਾਨਾਸ਼ਾਹਾਂ ਤੇ ਮਨੁੱਖਾਂ ਦੇ ਹੈਂਕੜਬਾਜ਼ੀ ਵਤੀਰੇ ਨੇ, ਨਿੱਜ ਕਾਰਨ ਆਪਸੀ ਭਾਈਚਾਰੇ ‘ਚ ਪਰੁੱਤੇ ਅਵਾਮ ਨੂੰ ਸਦਾ ਹੀ ਖੇਰੂੰ-ਖੇਰੂੰ ਕਰਨ ਦੀ ਹੀ ਕੋਸ਼ਿਸ਼ ਕੀਤੀ ਤੇ ਇਸ ਮਕਸਦ ‘ਚ ਕਾਮਯਾਬ ਵੀ ਹੋਏ। ਦੁਨੀਆਂ ਦੇ ਕਈ ਕੁ ਦੇਸ਼ਾਂ ਨੂੰ ਦੁਫਾੜ ਕਰ ਕੇ ਦੁਖੀ ਪਰਜਾ ਦੇ ਪਰ ਕੁਤਰਦਿਆਂ ਤੜਫਣ ਤੇ ਵਿਲਕਣ ਜੋਗੇ ਕਰ ਛੱਡਿਆ। ਸੰਗੀਤ ਦੀ ਪਹੁੰਚ ਤਾਂ ਆਤਮਿਕ ਅਵਸਥਾ ਤੋਂ ਲੈ ਕੇ ਧੁਰ ਬਾਰਗਾਹ ਤਕ ਦੀ ਹੈ। ਅਗਰ ਕੋਈ ਮਨੁੱਖੀ ਸਰਹੱਦਾਂ ਦੀਆਂ ਉੱਸਰੀਆਂ ਖੂਨੀ ਦੀਵਾਰਾਂ ਨੂੰ ਤੋੜ ਸਕਦਾ ਹੈ ਤਾਂ ਉਹ ਸਿਰਫ਼ ਗਾਇਨ ਤੇ ਵਾਦਨ ਕਲਾ ‘ਚੋਂ ਨਿਕਲੀ ਹੂਕ ਹੀ ਹੋ ਸਕਦੀ ਹੈ।

ਜਿਵੇਂ ਕੂਜਾ ਮਿਸ਼ਰੀ ਨੂੰ ਜਿੱਧਰੋਂ ਵੀ ਖਾਣਾ ਸ਼ੁਰੂ ਕਰ ਦੇਈਏ ਉਹ ਸਦਾ ਮਿੱਠੀ ਹੀ ਹੁੰਦੀ ਹੈ ਤੇ ਦਾਸ ਨੂੰ ਸਦਾ ਹੀ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਤੇ ਇਹ ਜੋ ਸੱਤ ਸੁਰਾਂ ਦਾ ਸਪਤਕੀ ਸਾਗਰ ਹੈ, ਪੂਰੇ ਵਿਸ਼ਵ ਦੇ ਲੋਕ ਹੀ ਇਸ ਦੀ ਗ੍ਰਿਫਤ ‘ਚ ਜਕੜੇ ਹੋਏ ਹਨ। ਸੰਸਾਰ ‘ਚ ਕੋਈ ਵੀ ਅਜਿਹਾ ਪ੍ਰਾਣੀ ਨਹੀਂ ਹੈ, ਜੋ ਇਸ ਸਪਤਕੀ ਸਰੋਵਰ ‘ਚ ਡੁਬਕੀਆਂ ਨਾ ਲਗਾਉਂਦਾ ਹੋਵੇ। ਜਿਸ ਕਿਸੇ ਮਨੁੱਖ ਨੂੰ ਨਹੀਂ ਵੀ ਗਾਇਨ ਕਰਨਾ ਆਉਂਦਾ ਉਹ ਵੀ ਸੰਗੀਤ ਤੋਂ ਅਣਭਿੱਜ ਨਹੀਂ ਹੈ। ਜੇ ਕਿਧਰੇ ਵੀ ਨਹੀਂ ਤਾਂ ਇਕੱਲਤਾ ਵਿਚ ਤਾਂ ਜ਼ਰੂਰ ਹੀ ਗੁਣਗੁਣਾਏਗਾ, ਕਿਉਂਕਿ ਮਨੁੱਖ ਦਾ ਅੰਦਰਲਾ ਸੰਗੀਤ ਕਦੀ ਮਰਦਾ ਨਹੀਂ; ਜਦੋਂ ਤਕ ਇਹ ਹਯਾਤੀ ਹੈ, ਇਹ ਸੰਗੀਤਕ ਵਹਿਣ ਰੁਕਣੇ ਨਹੀਂ। ਹਰ ਉਸ ਸ਼ੈਅ ਵਿਚ ਸੰਗੀਤਕ ਖੁਸ਼ਬੂ ਤੇ ਅਕਸ਼ ਹੈ, ਜੋ ਸਾਡੀਆਂ ਅੱਖਾਂ ਸਾਹਵੇਂ ਮੌਜੂਦ ਹੈ, ਜਿਵੇਂ ਕਿ ਤਮਾਮ ਬਨਸਪਤੀ ‘ਚ ਪਰਬਤੀ ਝਰਨਿਆਂ ‘ਚ, ਜਲ, ਥਲ ਤੇ ਆਕਾਸ਼ ਦੇ ਜੀਵ, ਜੰਤਾਂ ‘ਚ, ਸਾਗਰੀ ਛੱਲਾਂ ‘ਚ, ਚਮਨੀ ਬਹਾਰਾਂ ‘ਚ, ਸਮੁੱਚੀ ਹੀ ਕਾਇਨਾਤ ਵਿਚ ਵੱਸ ਰਹੀ ਲੋਕਾਈ ਤੇ ਜੀਵ-ਜੰਤੂਆਂ ਅੰਦਰ ਸੰਗੀਤ ਸਦਾ ਹੀ ਜ਼ਿੰਦਾ ਰਹੇਗਾ ਕਿਉਂਕਿ ਰੱਬ ਇੱਕ ਹੈ, ਸੰਗੀਤ ਇੱਕ ਹੈ ਤੇ ਮਨੁੱਖ ਦੀ ਜਾਤਿ ਵੀ ਇੱਕ ਹੈ। ਅਖੀਰ ‘ਤੇ ਇਹ ਹੀ ਕਹਾਂਗਾ ਜਿਵੇਂ ਰੱਬ ਦੋ ਨਹੀਂ, ਇਵੇਂ ਹੀ ਸੰਗੀਤ ਵੀ ਦੋ ਨਹੀਂ ਤੇ ਮਨੁੱਖ ਵੀ ਦੋ ਨਹੀਂ ਹੋ ਸਕਦੇ:

ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥  (ਪੰਨਾ 727)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nirmal Singh Khalsa
ਗੁਰਪੁਰਵਾਸੀ "ਹਜ਼ੂਰੀ ਰਾਗੀ" -ਵਿਖੇ: ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ,

ਗੁਰਪੁਰਵਾਸੀ ਭਾਈ ਨਿਰਮਲ ਸਿੰਘ ਖ਼ਾਲਸਾ (12 ਅਪ੍ਰੈਲ 1952 - 02 ਅਪ੍ਰੈਲ 2020) ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ, ਵਿਖੇ "ਹਜ਼ੂਰੀ ਰਾਗੀ" ਸਨ।
1952 ਵਿੱਚ ਜੰਡਵਾਲਾ ਭੀਮਸ਼ਾਹ ਪਿੰਡ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿੱਚ ਜਨਮੇ, ਭਾਈ ਨਿਰਮਲ ਸਿੰਘ ਨੇ 1976 ਵਿੱਚ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿੱਚ ਡਿਪਲੋਮਾ (1974-1976) ਪ੍ਰਾਪਤ ਕੀਤਾ। ਉਨ੍ਹਾਂ ਨੇ 1977 ਵਿੱਚ ਗੁਰਮਤਿ ਕਾਲਜ, ਰਿਸ਼ੀਕੇਸ਼, ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਿਹ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੋਹਰ, ਰਾਜਸਥਾਨ ਦੇ ਗੰਗਾ ਨਗਰ ਵਿੱਚ 1978 ਵਿੱਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। 1979 ਤੋਂ, ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, 'ਹਜ਼ੂਰੀ ਰਾਗੀ' ਵਜੋਂ ਸੇਵਾ ਅਰੰਭ ਕੀਤੀ। ਉਨ੍ਹਾਂ ਨੇ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵਿੱਚ ਵੀ ਕੀਰਤਨ ਕੀਤਾ ਹੈ। ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ 31 ਰਾਗਾਂ ਦਾ ਗਿਆਨ ਪ੍ਰਾਪਤ ਕਰਨ ਵਾਲੇ ਉੱਤਮ ਰਾਗੀਆਂ ਵਿਚੋਂ ਇੱਕ ਸੀ।

“ਕਲਾ” ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਬਦਲੇ, ਉਨ੍ਹਾਂ ਨੇ ਸਾਲ 2009 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ (ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਹਜ਼ੂਰੀ ਰਾਗੀ ਸਨ। 2 ਅਪ੍ਰੈਲ, 2020 ਨੂੰ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਕੋਵਿਡ-19 ਤੋਂ ਪੈਦਾ ਹੋਈਆਂ ਪੇਚੀਦਗੀਆਂ ਕਾਰਨ ਅਕਾਲ ਚਲਾਣਾ ਕਰ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)