editor@sikharchives.org
Guru Hargobind Sahib Ji

ਗੁਰੂ ਹਰਿਗੋਬਿੰਦ ਸਾਹਿਬ ਜੀ : ਜੀਵਨ-ਝਾਤ

ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰੂਪਮਾਨ ਕਰਨਾ ਅਸੰਭਵ ਹੈ। ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਰੂਪਮਾਨ ਨਹੀਂ ਕੀਤਾ ਜਾ ਸਕਦਾ। ਇਸ ਦਾ ਥੋੜ੍ਹਾ ਜਿਹਾ ਅਨੁਭਵ ਹੀ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅਠਤਾਲੀਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:

ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

“ਪੰਜਿ ਪਿਆਲੇ” ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ।

“ਪੰਜਿ ਪੀਰ” ਦੇ ਅਰਥ ਹਨ : ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ।

“ਦਲਿਭੰਜਨ, ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ” ਭਾਵ ਗੁਰੂ ਹਰਿਗੋਬਿੰਦ ਸਾਹਿਬ ਸਿਫ਼ਤਾਂ ਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਕ ਹਨ।

“ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ” ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇੱਕੋ ਪਾਵਨ ਜੋਤਿ ਦੇ ਸਰੂਪ ਸਨ। ਸਰੀਰਾਂ ਵਿਚ ਹੀ ਭੇਦ ਸੀ, ਜੋਤਿ ਇਕੋ ਸੀ।

ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਸੀ। ਤੱਤੀ ਲੋਹ ‘ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ‘ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜ-ਬਲ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜਨਤਾ ਮੁਗ਼ਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ 21 ਹਾੜ ਸੰਮਤ ਨਾਨਕਸ਼ਾਹੀ 127 (19 ਜੂਨ 1595) ਮੁਤਾਬਕ ਹਾੜ ਵਦੀ 7, 21 ਹਾੜ ਸੰਮਤ 1652 ਬਿ. ਨੂੰ ਨਗਰ ਵਡਾਲੀ ਵਿਖੇ ਪ੍ਰਗਟ ਹੋਏ। ਇਸ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ।

ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਲੱਗੇ, ਉਨ੍ਹਾਂ ਨੇ ਸੰਗਤ ਵਿਚ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ ਦਾ, ਗੱਦੀ ਦਾ ਮਾਲਕ ਸਾਹਿਬਜ਼ਾਦਾ ਹਰਿਗੋਬਿੰਦ ਹੈ। ਸੋ 28 ਜੇਠ ਸੰਮਤ ਨਾਨਕਸ਼ਾਹੀ 138 (25 ਮਈ 1606 ਈ. ਐਤਵਾਰ ਜੇਠ ਵਦੀ 14 ਮਿਤੀ 28 ਜੇਠ ਸੰਮਤ 1663 ਬਿ:) ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ‘ਤੇ ਬਿਠਾ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ 10 ਸਾਲ, 10 ਮਹੀਨੇ ਦੇ ਕਰੀਬ ਸੀ। ਗੁਰਿਆਈ ਦੀ ਗੱਦੀ ‘ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:

ਦੋ ਤਲਵਾਰਾਂ ਬੱਧੀਆਂ, ਇਕ ਮੀਰੀ  ਦੀ  ਇਕ  ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।

ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-ਬਲ ਤੇ ਰਾਜ-ਬਲ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇੱਕ ਹੋਣਗੇ ਪਰ ਇੱਕ ਸ਼ਕਤੀ ਦੂਸਰੇ ਦੇ ਅਧੀਨ ਨਹੀਂ ਹੋਵੇਗੀ ਸਗੋਂ ਦੋਵੇਂ ਆਪਣੀ-ਆਪਣੀ ਥਾਂ ਸੰਭਾਲਦੀਆਂ ਮਿਲ ਕੇ ਚੱਲਣਗੀਆਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ ਕਿ ਧਰਮ ਤੇ ਰਾਜਨੀਤੀ ਮਿਲ ਕੇ ਚੱਲਣ।

ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਪਾਤਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੋਹਾਂ ਦਾ ਆਪਣਾ-ਆਪਣਾ ਮਹੱਤਵ ਹੈ। ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ੍ਹ ਹੈ ਤਾਂ ਅਕਾਲ ਤਖ਼ਤ ਸਾਹਿਬ ਰਾਜਨੀਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ੍ਹਾਂ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਹੀ ਰਾਜ-ਸ਼ਕਤੀ ਦਾ ਪ੍ਰਤੀਕ, ਜੁਗੋ-ਜੁਗ ਅਟੱਲ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਨੂੰ ਬਖ਼ਸ਼ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ, ਜਿਵੇਂ ਸੁਚੇਤ ਪਹਿਰੇਦਾਰ ਖੜੋਤੇ ਹੋਣ।

ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਵਰਗੇ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ।

ਸੱਚਾ ਪਾਤਸ਼ਾਹ:

ਦਿੱਲੀ ਵਿਖੇ ਇਕ ਘਾਹੀ ਸਾਰੀ ਦਿਹਾੜੀ ਦੀ ਕਮਾਈ ਇਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲਿਆਇਆ। ਦੋ ਕੈਂਪ ਲੱਗੇ ਦੇਖ ਕੇ ਭੁਲੇਖੇ ਨਾਲ ਜਹਾਂਗੀਰ ਦੇ ਕੈਂਪ ਚਲਾ ਗਿਆ। ਚੋਬਦਾਰ ਨੇ ਰੋਕਿਆ ਪਰ ਮੁਸਾਹਿਬਾਂ ਨੇ ਕੋਈ ਫ਼ਰਿਆਦੀ ਸਮਝ ਅੰਦਰ ਜਾਣ ਦਿੱਤਾ। ਘਾਹੀ ਨੇ ਜਾਂਦਿਆਂ ਟਕਾ ਅੱਗੇ ਰੱਖਿਆ ਤੇ ਘਾਹ ਦੀ ਪੰਡ ਸਵੀਕਾਰ ਕਰਨ ਲਈ ਕਿਹਾ ਤੇ ਫਿਰ ਅਰਜੋਈ ਕੀਤੀ ਕਿ ਇਥੇ-ਉਥੇ ਸਹਾਇਤਾ ਕਰਨੀ। ਜਹਾਂਗੀਰ ਨੇ ਜਾਗੀਰ ਲਿਖਾਉਣ ਦੀ ਗੱਲ ਕਹੀ ਤਾਂ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਤਾਂ ਗ਼ਲਤ ਜਗ੍ਹਾ ‘ਤੇ ਆ ਗਿਆ ਹੈ। ਟਕਾ ਉਠਾ ਕੇ ਘਾਹ ਦੀ ਪੰਡ ਚੁੱਕ ਕੇ ਨਾਲ ਦੇ ਕੈਂਪ ਵਿਚ ਆਇਆ ਤੇ ਸ਼ਰਧਾ ਨਾਲ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ! ਗ਼ਲਤ ਦਰ ‘ਤੇ ਚਲਾ ਗਿਆ ਸੀ। ਜਹਾਂਗੀਰ ਉੱਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ।

ਪੰਜਾਬ ਦੇ ਲੋਕਾਂ ਵਿਚ ਗੁਰੂ ਸਾਹਿਬ ਦਾ ਅਸਰ ਵਧਦਾ ਮਹਿਸੂਸ ਕਰਦਿਆਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਨਜ਼ਰਬੰਦੀ ਦੌਰਾਨ ਮਹਾਰਾਜ ਨੂੰ ਜੋ ਰਕਮ ਮਿਲਦੀ ਉਹ ਹੋਰ ਕੈਦੀਆਂ (ਜਿਨ੍ਹਾਂ ਵਿਚ ਕਈ ਰਾਜੇ ਵੀ ਸਨ, ਜੋ ਨਰਕ ਵਾਲਾ ਜੀਵਨ ਬਤੀਤ ਕਰ ਰਹੇ ਸਨ) ‘ਤੇ ਖਰਚ ਕਰ ਦਿੰਦੇ ਸਨ। ਗੁਰਦੇਵ ਦੇ ਜਾਣ ਨਾਲ ਸਾਰਾ ਵਾਤਾਵਰਨ ਹੀ ਬਦਲ ਗਿਆ। ਸਾਈਂ ਮੀਆਂ ਮੀਰ ਜੀ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਲੀਫ਼ਾ ‘ਉਮਰ’ ਦੀ ਅੰਸ ਵਿੱਚੋਂ ਸਨ, ਮੁਸਲਮਾਨਾਂ ਵਿਚ ਉਨ੍ਹਾਂ ਦਾ ਬਹੁਤ ਅਸਰ-ਰਸੂਖ ਸੀ। ਉਨ੍ਹਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਵਾਉਣ ਵਿਚ ਵੱਡਾ ਹੱਥ ਸੀ।

ਜਦ ਵਜ਼ੀਰ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਦਾ ਹੁਕਮ ਲੈ ਕੇ ਗਵਾਲੀਅਰ ਪੁੱਜਾ ਤਾਂ ਗੁਰੂ ਸਾਹਿਬ ਨੇ ਰਾਜਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਕੱਲਿਆਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਗੁਰੂ ਸਾਹਿਬ ਦੀ ਜ਼ਮਾਨਤ ਉੱਪਰ ਸਭ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਸੋ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਖੁੱਲ੍ਹਾ ਚੋਗਾ ਬਣਵਾਇਆ ਤੇ ਉਸ ਦੀ ਇਕ-ਇਕ ਕਲੀ ਉਨ੍ਹਾਂ ਬਵੰਜਾ ਰਾਜਿਆਂ ਦੇ ਹੱਥ ਫੜਾ ਕੇ ਸਭ ਨੂੰ ਲੈ ਕੇ ਹੀ ਕਿਲ੍ਹੇ ਤੋਂ ਬਾਹਰ ਆਏ। ਇਸ ਉਪਕਾਰ ਦਾ ਸਦਕਾ ਲੋਕ ਗੁਰੂ ਮਹਾਰਾਜ ਨੂੰ ਬੰਦੀਛੋੜ ਕਹਿਣ ਲੱਗ ਪਏ।

ਬਾਦਸ਼ਾਹ ਨੇ ਚੰਦੂ ਨੂੰ ਮੁਜ਼ਰਮ ਦੀ ਹੈਸੀਅਤ ਵਿਚ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਲਾਹੌਰ ਪਹੁੰਚੇ। ਸਿੱਖਾਂ ਦੇ ਦਿਲਾਂ ਵਿਚ ਚੰਦੂ ਵਿਰੁੱਧ ਬਹੁਤ ਗੁੱਸਾ ਸੀ। ਸੋ ਸਿੱਖਾਂ ਨੇ ਚੰਦੂ ਨੂੰ ਬੁਰੀ ਹਾਲਤ ‘ਚ ਸਾਰੇ ਸ਼ਹਿਰ ਵਿਚ ਫੇਰਿਆ। ਜਦੋਂ ਚੰਦੂ ਉਸ ਭਠਿਆਰੇ ਸਾਹਮਣੇ ਗਿਆ, ਜਿਸ ਨੂੰ ਕਦੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਵਿਚ ਸੜਦੀ ਰੇਤ ਪਾਉਣ ਵਾਸਤੇ ਮਜਬੂਰ ਕੀਤਾ ਸੀ ਤਾਂ ਭਠਿਆਰਾ ਆਪਣੇ ਕ੍ਰੋਧ ‘ਤੇ ਕਾਬੂ ਨਾ ਪਾ ਸਕਿਆ। ਉਸ ਨੇ ਉਹੀ ਕੜਛਾ (ਜਿਸ ਨਾਲ ਗੁਰੂ ਸਾਹਿਬ ‘ਤੇ ਰੇਤ ਪਾਈ ਸੀ) ਚੰਦੂ ਦੇ ਸਿਰ ਉੱਤੇ ਇੰਨੇ ਜ਼ੋਰ ਨਾਲ ਮਾਰਿਆ ਕਿ ਚੰਦੂ ਦੀ ਮੌਤ ਹੋ ਗਈ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ 1663 ਤੋਂ 1665 ਬਿ., ਕਿਲ੍ਹਾ ਲੋਹਗੜ੍ਹ, ਲਾਹੌਰ ਵਿਚ ਪੰਜਵੇਂ ਗੁਰੂ ਜੀ ਦਾ ਸ਼ਹੀਦੀ ਅਸਥਾਨ ਡੇਹਰਾ ਸਾਹਿਬ 1670 ਵਿਚ, ਹਰਿਗੋਬਿੰਦਪੁਰਾ 18 ਅੱਸੂ 1677 ਵਿਚ ਅਤੇ ਕੀਰਤਪੁਰ 1683 ਵਿਚ ਪਹਾੜੀਆਂ ਦੇ ਨੇੜੇ ਵਸਾਇਆ।

ਗੁਜਰਾਤ ਵਿਚ ਪੀਰ ਸ਼ਾਹ ਦੌਲਾ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੁਲਾਕਾਤ ਹੋਈ। ਗੁਰੂ ਸਾਹਿਬ ਦਾ ਠਾਠ ਦੇਖ ਕੇ ਉਸ ਨੇ ਚਾਰ ਸਵਾਲ ਕੀਤੇ:

ਔਰਤ ਕੀ ਤੇ ਫ਼ਕੀਰੀ ਕੀ?
ਹਿੰਦੂ ਕੀ ਤੇ ਪੀਰੀ ਕੀ?
ਪੁੱਤਰ ਕੀ ਤੇ ਵੈਰਾਗ ਕੀ?
ਦੌਲਤ ਕੀ ਤੇ ਤਿਆਗ ਕੀ?

ਗੁਰੂ ਸਾਹਿਬ ਨੇ ਉੱਤਰ ਦਿੱਤਾ:

ਔਰਤ ਈਮਾਨ ਹੈ। ਪੁੱਤਰ ਨਿਸ਼ਾਨ ਹੈ।
ਦੌਲਤ ਗੁਜ਼ਰਾਨ ਹੈ। ਫ਼ਕੀਰ ਨਾ ਹਿੰਦੂ ਨਾ ਮੁਸਲਮਾਨ ਹੈ।

ਕਾਬਲ ਤੇ ਪਿਸ਼ਾਵਰ ਦੀ ਸੰਗਤ ਦੇ ਨਾਲ ਇਲਾਕੇ ਦੇ ਮਸੰਦ ਭਾਈ ਤਾਰਾ ਚੰਦ ਤੇ ਬਖਤ ਮੱਲ ਗੁਰੂ ਮਹਾਰਾਜ ਵਾਸਤੇ ਦੋ ਸੁੰਦਰ ਘੋੜੇ ਲਿਆ ਰਹੇ ਸਨ ਤਾਂ ਉਥੋਂ ਦੇ ਹਾਕਮ ਨੇ ਜਬਰਦਸਤੀ ਘੋੜੇ ਖੋਹ ਕੇ ਅਸਤਬਲ ਵਿਚ ਦਾਖਲ ਕਰ ਲਏ। ਗੁਰੂ ਸਾਹਿਬ ਕੋਲ ਫ਼ਰਿਆਦ ਪਹੁੰਚੀ ਤਾਂ ਉਨ੍ਹਾਂ ਬਿਧੀ ਚੰਦ ਨੂੰ ਭੇਜਿਆ। ਉਹ ਘੋੜੇ ਲੈ ਆਇਆ ਤਾਂ ਉਨ੍ਹਾਂ ਮਗਰ ਵੀਹ ਹਜ਼ਾਰ ਫੌਜ ਚੜ੍ਹਾ ਭੇਜੀ। ਸੰਨ 1688 ਵਿਚ ਹੋਈ ਜੰਗ ਵਿਚ ਸਾਰੇ ਹੀ ਨਾਮਵਰ ਜਰਨੈਲ ਜੰਗ ਦੀ ਭੇਟਾ ਹੋ ਗਏ। ਬਾਕੀ ਸੈਨਿਕ ਪ੍ਰਾਣ ਬਚਾ ਕੇ ਲਾਹੌਰ ਮੁੜ ਗਏ। ਯੁੱਧ ਦੀ ਯਾਦ ਵਿਚ ਮਹਾਰਾਜ ਨੇ ਸਰੋਵਰ ਬਣਵਾਇਆ ਜਿਸ ਦਾ ਨਾਮ ਗੁਰੂ ਸਰ ਰੱਖਿਆ। ਕਰਤਾਰਪੁਰ ਵਿਚ ਪੈਂਦੇ ਖਾਂ ਗੁਰੂ ਜੀ ਦੀ ਤਲਵਾਰ ਦੀ ਭੇਟਾ ਹੋ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗ਼ਲ ਫ਼ੌਜਾਂ ਨਾਲ ਚਾਰ ਜੰਗ ਲੜੇ ਤੇ ਚਾਰਾਂ ਵਿਚ ਹੀ ਜਿੱਤ ਪ੍ਰਾਪਤ ਕੀਤੀ।

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ 6 ਚੇਤ ਸੰਮਤ ਨਾਨਕਸ਼ਾਹੀ 176 ਐਤਵਾਰ ਚੇਤ ਸੁਦੀ 5, ਮਿਤੀ 6 ਚੇਤ 1701 ਬਿ. (3 ਮਾਰਚ 1644) ਨੂੰ ਗੁਰਿਆਈ ਆਪਣੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ (ਗੁਰੂ) ਹਰਿ ਰਾਇ ਸਾਹਿਬ ਜੀ ਨੂੰ ਸੌਂਪ ਕੇ ਕੀਰਤਪੁਰ ਵਿਚ ਜੋਤੀ ਜੋਤ ਸਮਾ ਗਏ।

ਆਮ ਤੌਰ ‘ਤੇ ਯੋਧੇ ਤੇ ਬੀਰ ਬਹਾਦਰ ਪਰਉਪਕਾਰੀ ਨਹੀਂ ਹੁੰਦੇ ਪਰ ਛਟਮ ਪੀਰ ਗੁਰੂ ਹਰਿਗੋਬਿੰਦ ਸਾਹਿਬ ਇੱਕੋ ਵੇਲੇ ਯੋਧੇ ਤੇ ਪਰਉਪਕਾਰੀ ਸਨ। ਗੁਰੂ ਹਰਿਗੋਬਿੰਦ ਸਾਹਿਬ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਉਸ ਬਿਖੜੇ ਸਮੇਂ ਕੌਮ ਨੂੰ ਸਾਹਸ ਦੇ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ ਜਦਕਿ ਵਿਰੋਧੀਆਂ ਦਾ ਦਾਈਆ ਸੀ ਕਿ ਇਸ ਕੌਮ ਦੀ ਹਸਤੀ ਮਿਟ ਜਾਏਗੀ। ਪਰ ਕੌਮ ਸਗੋਂ ਹੋਰ ਸ਼ਕਤੀਸ਼ਾਲੀ ਹੋ ਗਈ। ਗੱਲ ਕੀ, ਗੁਰੂ ਹਰਿਗੋਬਿੰਦ ਸਾਹਿਬ ਯੋਧੇ, ਨਿਮਰਤਾ ਤੇ ਧੀਰਜ ਦੇ ਸਿਖਰ, ਪਰਉਪਕਾਰ ਦੀ ਸਾਕਾਰ ਮੂਰਤ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Gurdeep Singh

# 302, ਕਿਦਵਾਈ ਨਗਰ, ਲੁਧਿਆਣਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)