ਗੁਰੂ-ਘਰ ਵਿਚ ਅੱਜ ਤਕ ਜਿੰਨੇ ਵੀ ਮਹਾਨ ਸਿੱਖ, ਸ਼ਹੀਦ, ਸਿੰਘ-ਸੂਰਮੇ, ਭਗਤ, ਸੰਤ ਅਤੇ ਮਹਾਂਪੁਰਸ਼ ਹੋਏ ਹਨ, ਉਨ੍ਹਾਂ ਦਾ ਜੀਵਨ ਪੜ੍ਹ ਕੇ ਵੇਖੀਏ ਤਾਂ ਸਾਨੂੰ ਉਨ੍ਹਾਂ ਦੇ ਬਹੁਤ ਹੀ ਕਮਾਈ ਵਾਲੇ ਜੀਵਨ ਤੋਂ ਸਦਾ ਸੇਧ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਮਹਾਨ ਸ਼ਹੀਦ, ਸਿੰਘ-ਸੂਰਮਿਆਂ ਅਤੇ ਸੰਤ-ਮਹਾਂਪੁਰਸ਼ਾਂ ਨੇ ਆਪਣੇ ਜੀਵਨ ਵਿਚ ਪਾਵਨ ਅਤੇ ਪਵਿੱਤਰ ਗੁਰਬਾਣੀ ਨੂੰ ਕਿਸ ਤਰ੍ਹਾਂ ਢਾਲ ਲਿਆ ਹੋਵੇਗਾ ਕਿ ਉਨ੍ਹਾਂ ਦੇ ਰੋਮ- ਰੋਮ ਵਿੱਚੋਂ ਵੀ ਪਾਵਨ ਗੁਰਬਾਣੀ ਆਪ-ਮੁਹਾਰੇ ਪ੍ਰਗਟ ਹੋ ਰਹੀ ਹੁੰਦੀ ਸੀ। ਉਨ੍ਹਾਂ ਮਹਾਨ ਸਿੱਖਾਂ ਨੇ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਏਨਾ ਅਮਲ ਕੀਤਾ ਹੁੰਦਾ ਸੀ ਕਿ ਉਨ੍ਹਾਂ ਦੇ ਜੀਵਨ ਦੀ ਅਗਵਾਈ ਹੀ ਮਹਾਨ ਸਤਿਗੁਰੂ ਜੀ ਆਪ ਕਰ ਰਹੇ ਹੁੰਦੇ ਸਨ। ਅੱਜ ਮੇਰੇ ਵਰਗੇ ਬਹੁਤ ਹੀ ਸਿੱਖ ਗੁਰਬਾਣੀ ਤਾਂ ਬਹੁਤ ਪੜ੍ਹਦੇ ਹਨ, ਪਰ ਸਾਡਾ ਬਾਣੀ ਦੇ ਪਵਿੱਤਰ ਉਪਦੇਸ਼ਾਂ ’ਤੇ ਅਮਲ ਬਹੁਤ ਹੀ ਘੱਟ ਹੈ। ਪਿਆਰਿਉ! ਪਾਵਨ ਗੁਰਬਾਣੀ ਦਾ ਕੋਈ ਵੀ ਪਿਆਰਾ ਸ਼ਬਦ ਸਿੱਖ ਦੇ ਜੀਵਨ ਦੀ ਆਤਮਿਕ ਅਵਸਥਾ ਨੂੰ ਉੱਚਾ ਚੁੱਕਣ ਲਈ ਨਾਮ-ਰੂਪੀ ਜਹਾਜ਼ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਭਾਰਤ ਤੋਂ ਅਮਰੀਕਾ ਆਦਿ ਕਿਸੇ ਵੀ ਦੇਸ਼ ਵਿਚ ਜਾਣਾ ਹੋਵੇ ਤਾਂ ਦੁਨਿਆਵੀ ਜਹਾਜ਼ ’ਤੇ ਚੜ੍ਹ ਕੇ ਅਤੇ ਸੱਤ ਸਮੁੰਦਰਾਂ ਨੂੰ ਪਾਰ ਕਰ ਕੇ ਹੀ ਅਮਰੀਕਾ ਆਦਿ ਦੇ ਮੁਲਕ ਵਿਚ ਜਾ ਸਕੀਦਾ ਹੈ, ਬਿਨਾਂ ਜਹਾਜ਼ ਤੋਂ ਕੋਈ ਵੀ ਮਨੁੱਖ ਸੱਤ ਸਮੁੰਦਰਾਂ ਨੂੰ ਪਾਰ ਕਰ ਕੇ ਉਸ ਦੇਸ਼ ਵਿਚ ਕਦੇ ਵੀ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੋਈ ਵੀ ਪਿਆਰਾ ਸ਼ਬਦ ਸਿੱਖ ਲਈ ਨਾਮ-ਰੂਪੀ ਜਹਾਜ਼ ਦਾ ਕੰਮ ਕਰਦਾ ਹੈ। ਜਿਹੜਾ ਵੀ ਪਿਆਰਾ ਸਿੱਖ ਇਸ ਮਾਤਲੋਕ ਦੀ ਦੁਨੀਆਂ ਵਿੱਚੋਂ ਉਸ ਪਰਲੋਕ ਦੇ ਮਹਾਨ ਸਚਖੰਡ ਵਿਚ ਜਾਣ ਦੀ ਸ਼ਰਧਾ ਰੱਖਦਾ ਹੋਵੇ, ਉਹ ਸਿੱਖ ਮਹਾਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਵਿੱਤਰ ਨਾਮ- ਰੂਪੀ ਸ਼ਬਦ-ਜਹਾਜ਼ ’ਤੇ ਚੜ੍ਹ ਕੇ ਹੀ ਉਸ ਨਿਰੰਕਾਰ ਦੇ ਦੇਸ਼ ਸਚਖੰਡ ਵਿਚ ਜਾ ਸਕਦਾ ਹੈ। ਪਿਆਰਿਉ! ਪਾਵਨ ਗੁਰਬਾਣੀ ਦੇ ਕਿਸੇ ਵੀ ਪਿਆਰੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਾਰ-ਵਾਰ ਕਮਾਉਣਾ ਅਤੇ ਉਸ ’ਤੇ ਅਮਲ ਕਰ ਲੈਣ ਦਾ ਯਤਨ ਕਰਨਾ ਹੀ ਅਸਲ ਸਿੱਖੀ ਹੈ।
ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਜਿਸ ਨੂੰ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕੁੰਜੀ ਦਾ ਵਰ ਦਿੱਤਾ ਹੈ, ਉਨ੍ਹਾਂ ਨੇ ਆਪਣੀ ਪਵਿੱਤਰ ਬਾਣੀ ਦੀਆਂ ਪਵਿੱਤਰ ਵਾਰਾਂ ਵਿਚ ਇਕ ਚੰਗੇ ਜੀਵਨ ਵਾਲੇ ਗੁਰਸਿੱਖ ਦੇ ਜੀਵਨ ਦੀਆਂ ਅਹਿਮ ਛੇ ਨਿਸ਼ਾਨੀਆਂ ਲਿਖੀਆਂ ਹਨ। ਹੁਣ ਸਾਨੂੰ ਬਹੁਤ ਹੀ ਗਹੁ ਨਾਲ ਆਪੋ-ਆਪਣੇ ਹਿਰਦੇ ਅੰਦਰ ਵਿਚਾਰਨਾ ਚਾਹੀਦਾ ਹੈ ਕਿ ਸਾਡਾ ਜੀਵਨ ਇਨ੍ਹਾਂ ਗੁਰੂ ਕੇ ਸਿੱਖ ਦੇ ਜੀਵਨ ਦੀਆਂ ਅਹਿਮ ਛੇ ਨਿਸ਼ਾਨੀਆਂ ਮੁਤਾਬਕ ਅੱਜ ਕਿੱਥੇ ਕੁ ਖੜ੍ਹਾ ਹੈ। ਸੋ ਸਤਿਗੁਰੂ ਜੀ ਵੱਲੋਂ ਪ੍ਰਵਾਨਿਤ ਬਾਣੀ ਮੁਤਾਬਿਕ ਇਕ ਗੁਰਸਿੱਖ ਦੇ ਜੀਵਨ ਦੀਆਂ ਪਿਆਰੀਆਂ ਛੇ ਨਿਸ਼ਾਨੀਆਂ ਬਹੁਤ ਹੀ ਪਿਆਰ ਨਾਲ ਪੜ੍ਹ ਕੇ ਅਮਲ ਕਰਨ ਦਾ ਯਤਨ ਜ਼ਰੂਰੀ ਹੀ ਕਰੋ ਜੀ।
ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ। (ਵਾਰ 12:4)
ਭਾਈ ਗੁਰਦਾਸ ਜੀ ਆਪਣੀ ਪਵਿੱਤਰ ਵਾਰ ਰਾਹੀਂ ਫ਼ਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਬਲਿਹਾਰ-ਬਲਿਹਾਰ ਜਾਂਦੇ ਹਾਂ, ਜਿਸ ਸਿੱਖ ਦੇ ਹਿਰਦੇ ਅੰਦਰ ਨਿਮਰਤਾ ਦੀ ਪਿਆਰੀ ਦਾਤ ਪ੍ਰਗਟ ਹੋ ਜਾਂਦੀ ਹੈ। ਐਸੇ ਗੁਰਸਿੱਖ ਦੇ ਨਿਮਰਤਾ ਵਾਲੇ ਸੁਭਾਅ ਕਰਕੇ ਹੀ ਉਸ ਦੀ ਜ਼ੁਬਾਨ ਵਿੱਚੋਂ ਬਹੁਤ ਹੀ ਮਿੱਠੇ ਅਤੇ ਪਿਆਰੇ ਬਚਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਇਕ ਗੁਰੂ ਕੇ ਸਿੱਖ ਦੇ ਜੀਵਨ ਦੀ ਪਹਿਲੀ ਅਹਿਮ ਨਿਸ਼ਾਨੀ ਹੈ।
ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ।
ਭਾਈ ਸਾਹਿਬ ਜੀ ਅੱਗੇ ਫ਼ਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਬਹੁਤ ਹੀ ਕੁਰਬਾਨ ਜਾਂਦੇ ਹਾਂ, ਜਿਹੜਾ ਸਿੱਖ ਆਪ ਤੋਂ ਛੋਟੀ ਨੂੰ ਧੀ, ਬਰਾਬਰ ਦੀ ਨੂੰ ਭੈਣ ਅਤੇ ਆਪ ਤੋਂ ਵੱਡੀ ਨੂੰ ਮਾਂ ਦੇ ਬਰਾਬਰ ਸਮਝਦਾ ਹੈ ਅਤੇ ਕਦੇ ਵੀ ਕਿਸੇ ਧੀ-ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਦਾ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਦੂਜੀ ਅਹਿਮ ਨਿਸ਼ਾਨੀ ਹੈ।
ਹਉ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੋ ਹਥੁ ਨ ਲਾਵੈ।
ਭਾਈ ਸਾਹਿਬ ਜੀ ਵਾਰ ਦੀ ਅਗਲੀ ਪਿਆਰੀ ਪੰਕਤੀ ਵਿਚ ਫ਼ਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਵਾਰ-ਵਾਰ ਬਲਿਹਾਰ ਜਾਂਦੇ ਹਾਂ, ਜਿਹੜਾ ਸਿੱਖ ਕਦੇ ਵੀ ਕਿਸੇ ਨਾਲ ਠੱਗੀ ਨਹੀਂ ਮਾਰਦਾ ਅਤੇ ਮਾੜੇ ਪੈਸੇ ਨੂੰ ਕਦੇ ਹੱਥ ਤਕ ਨਹੀਂ ਲਾਉਂਦਾ, ਜਿਸ ਨਾਲ ਮਹਾਨ ਸਤਿਗੁਰੂ ਜੀ ਦੀ ਨਾਰਾਜ਼ਗੀ ਮਿਲ ਜਾਵੇ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਤੀਜੀ ਅਹਿਮ ਨਿਸ਼ਾਨੀ ਹੈ।
ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ।
ਭਾਈ ਸਾਹਿਬ ਜੀ ਅਗਲੀ ਪਿਆਰੀ ਪੰਕਤੀ ਵਿਚ ਫ਼ਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਜਿਹੜਾ ਸਿੱਖ ਪਰਾਈ ਨਿੰਦਿਆ ਮੂਲੋਂ ਹੀ ਨਹੀਂ ਕਰਦਾ ਹੈ। ਜੇ ਕੋਈ ਪ੍ਰਾਣੀ ਕਿਸੇ ਦੀ ਨਿੰਦਿਆ ਉਸ ਸਿੱਖ ਦੇ ਸਾਹਮਣੇ ਕਰਦਾ ਹੈ ਤਾਂ ਉਹ ਸਿੱਖ ਕਿਸੇ ਦੀ ਨਿੰਦਿਆ ਕਰਨੀ ਬੰਦ ਵੀ ਕਰਵਾਉਂਦਾ ਹੈ, ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਚੌਥੀ ਅਹਿਮ ਨਿਸ਼ਾਨੀ ਹੈ।
ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ।
ਭਾਈ ਗੁਰਦਾਸ ਜੀ ਅਗਲੀ ਪਿਆਰੀ ਪੰਕਤੀ ਵਿਚ ਫ਼ਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਨੂੰ ਵੇਖ ਕੇ ਬਹੁਤ ਹੀ ਖੁਸ਼ ਅਤੇ ਪ੍ਰਸੰਨ ਹੁੰਦੇ ਹਾਂ, ਜਿਹੜਾ ਸਿੱਖ ਪਾਵਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਨਿਰਾ ਪੜ੍ਹਨ ਤਕ ਹੀ ਸੀਮਿਤ ਨਹੀਂ ਰਹਿੰਦਾ, ਸਗੋਂ ਪਾਵਨ ਗੁਰਬਾਣੀ ਦੇ ਪਵਿੱਤਰ ਸ਼ਬਦ ਦੇ ਉਪਦੇਸ਼ ’ਤੇ ਸਦਾ ਅਮਲ ਕਰਨ ਦਾ ਉਪਰਾਲਾ ਕਰਦਾ ਰਹਿੰਦਾ ਹੈ। ਗੁਰੂ-ਸ਼ਬਦ ਦੇ ਅਭਿਆਸ ਕਰਨ ਵਿਚ ਜਿਹੜਾ ਸਿੱਖ ਸਦਾ ਆਪਣੇ ਮਨ ਵਿਚ ਜਦੋ-ਜਹਿਦ ਕਰਦਾ ਰਹਿੰਦਾ ਹੈ, ਮਹਾਨ ਸਤਿਗੁਰੂ ਜੀ ਐਸੇ ਪਿਆਰੇ ਗੁਰਸਿੱਖ ’ਤੇ ਸਦਾ ਨਿਹਾਲ-ਨਿਹਾਲ ਹੁੰਦੇ ਰਹਿੰਦੇ ਹਨ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਪੰਜਵੀਂ ਅਹਿਮ ਨਿਸ਼ਾਨੀ ਹੈ।
ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜੋ ਹੀ ਖਾਵੈ।
ਗੁਰਮੁਖਿ ਸੋਈ ਸਹਜਿ ਸਮਾਵੈ॥ (ਵਾਰ 12:4)
ਭਾਈ ਗੁਰਦਾਸ ਜੀ ਆਪਣੀ ਪਵਿੱਤਰ ਵਾਰ ਦੀ ਅਖ਼ੀਰਲੀ ਪੰਕਤੀ ਵਿਚ ਫ਼ਰਮਾਉਂਦੇ ਹਨ ਕਿ ਅਸੀਂ ਐਸੇ ਸਿੱਖ ਦੇ ਜੀਵਨ ਤੋਂ ਸਦਾ ਨਿਹਾਲ-ਨਿਹਾਲ ਹੋ ਜਾਂਦੇ ਹਾਂ, ਜਿਹੜਾ ਸਿੱਖ ਖਾਂਦਾ ਵੀ ਸੰਜਮ ਵਿਚ ਹੈ ਅਤੇ ਸੌਂਦਾ ਵੀ ਸੰਜਮ ਵਿਚ ਹੈ, ਯਾਨੀ ਕਿ ਜਿਸ ਗੁਰਸਿੱਖ ਦਾ ਖਾਣਾ-ਪੀਣਾ, ਪਹਿਨਣਾ, ਬੋਲਣਾ, ਸੁਣਨਾ ਅਤੇ ਵੇਖਣਾ ਸਿੱਖੀ ਦੀ ਮਰਯਾਦਾ ਵਿਚ ਹੋ ਗਿਆ, ਐਸੇ ਸਿੱਖ ਦੇ ਜੀਵਨ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਹਾਂ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਛੇਵੀਂ ਅਹਿਮ ਨਿਸ਼ਾਨੀ ਹੈ। ਐਸੇ ਛੇ ਗੁਣਾਂ ਵਾਲੇ ਪਿਆਰੇ ਗੁਰਸਿੱਖ ਦਾ ਜੀਵਨ ਬਹੁਤ ਹੀ ਸਾਦਾ, ਨਿਮਰਤਾ ਵਾਲਾ, ਸਹਿਜ ਅਵਸਥਾ ਵਾਲਾ ਅਤੇ ਨਾਮ-ਸਿਮਰਨ ਵਾਲਾ ਬਣ ਜਾਂਦਾ ਹੈ।
ਹੁਣ ਸਾਨੂੰ ਬਹੁਤ ਹੀ ਗਹੁ ਨਾਲ ਆਪੋ-ਆਪਣੇ ਹਿਰਦੇ ਅੰਦਰ ਵਿਚਾਰਨਾ ਚਾਹੀਦਾ ਹੈ ਕਿ ਸਾਡਾ ਜੀਵਨ ‘ਇਕ ਗੁਰਸਿੱਖ ਦੇ ਜੀਵਨ ਦੀਆਂ ਇਨ੍ਹਾਂ ਛੇ ਨਿਸ਼ਾਨੀਆਂ’ ਮੁਤਾਬਕ ਅਜੇ ਕਿੱਥੇ ਕੁ ਖੜ੍ਹਾ ਹੈ? ਸਾਨੂੰ ਹਰ ਸਿੱਖ ਨੂੰ ਇਸ ਬਾਰੇ ਆਪੋ-ਆਪਣੇ ਹਿਰਦੇ ਅੰਦਰ ਅੱਜ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਕੋਈ ਵੀ ਪਿਆਰਾ ਸਿੱਖ ਅੱਜ ਤੋਂ ਇਸ ਪਵਿੱਤਰ ਸ਼ਬਦ ਦੀ ਪੂਰੀ ਕਮਾਈ ਆਪਣੇ ਹਿਰਦੇ ਅੰਦਰ ਕਰਨ ਲੱਗ ਜਾਵੇ ਅਤੇ ਦ੍ਰਿੜ੍ਹ ਕਰ ਕੇ ਆਪਣੇ ਅੰਦਰ ਧਾਰ ਲਵੇ ਕਿ ਅੱਜ ਤੋਂ ਬਾਅਦ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦਾ ਪਿਆਰਾ ਸਿੱਖ ਬਣਨਾ ਹੈ ਅਤੇ ਇਕ ਗੁਰੂ ਕੇ ਸਿੱਖ ਦੇ ਜੀਵਨ ਦੀਆਂ ਇਹ ਛੇ ਅਹਿਮ ਨਿਸ਼ਾਨੀਆਂ ਆਪਣੇ ਹਿਰਦੇ ਅੰਦਰ ਪੂਰੀ ਤਰ੍ਹਾਂ ਧਾਰਨ ਕਰਨੀਆਂ ਹਨ ਤਾਂ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਪਿਆਰੇ ਸਿੱਖ ਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ, ਸਿੱਖ ਨੂੰ ਸਦਾ ਨਿਹਾਲ-ਨਿਹਾਲ-ਨਿਹਾਲ ਕਰ ਦੇਣਗੇ।
ਲੇਖਕ ਬਾਰੇ
ਮਜੀਠਾ ਰੋਡ, ਅੰਮ੍ਰਿਤਸਰ
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/August 1, 2007
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/December 1, 2008
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/April 1, 2009
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/September 1, 2009