editor@sikharchives.org

ਗੁਰੂ-ਕਿਰਪਾ ਦੇ ਪਾਤਰ – ਪੀਰ ਬੁੱਧੂ ਸ਼ਾਹ ਜੀ

ਸਤਿਗੁਰਾਂ ਨੇ ਪ੍ਰਸੰਨ ਹੋ ਕੇ ਟੁੱਟੇ ਹੋਏ ਕੇਸਾਂ ਵਾਲਾ ਕੰਘਾ ਇਕ ਕਟਾਰ ਤੇ ਦਸਤਾਰ ਪਾਵਨ ਹੁਕਮਨਾਮੇ ਸਮੇਤ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤੇ ਤੇ ਪੀਰ ਬੁੱਧੂ ਸ਼ਾਹ ਨੇ ਪੂਰੇ ਸਤਿਕਾਰ ਨਾਲ ਸੁਨਹਿਰੀ ਡੱਬੀ ਵਿਚ ਸਤਿਗੁਰਾਂ ਦਾ ਕੰਘਾ ਤੇ ਕੇਸ ਸੰਭਾਲ ਕੇ ਰੱਖੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਕੁਝ ਐਸੀਆਂ ਸ਼ਖ਼ਸੀਅਤਾਂ ਆਉਂਦੀਆਂ ਹਨ ਜੋ ਆਪਣੇ ਪੁਰਖਿਆਂ ਨੂੰ ਤੇ ਆਉਣ ਵਾਲੀ ਸਲਤਨਤ ਨੂੰ ਅਮਰ ਕਰ ਜਾਂਦੀਆਂ ਹਨ। ਸੱਯਦ ਗੁਲਾਮ ਸ਼ਾਹ ਦੇ ਘਰ 13 ਜੂਨ, 1647 ਈ. ਨੂੰ ਬਦਰੂਦੀਨ ਦਾ ਜਨਮ ਹੋਇਆ। ਆਪ ਜੀ ਪੀਰ ਬੁੱਧੂ ਸ਼ਾਹ ਕਰਕੇ ਜਗਤ ਵਿਚ ਪ੍ਰਸਿੱਧ ਹੋਏ। ਆਪ ਅੱਲ੍ਹਾ ਤਾਅਲਾ ਦੀ ਇਬਾਦਤ ਵਿਚ ਜੁੜ ਜਾਂਦੇ। ਸਮਾਜ ਦੇ ਨਾਲ ਕੁਦਰਤ ਦੀ ਰਚੀ ਹੋਈ ਬਨਸਪਤੀ ਪਸ਼ੂ-ਪੰਛੀਆਂ ਨਾਲ ਵੀ ਪ੍ਰੇਮ ਕਰਦੇ। ਸਭ ਵਿਚ ਅੱਲ੍ਹਾ ਤਾਅਲਾ ਦੇ ਕ੍ਰਿਸ਼ਮਿਆਂ ਦੀ ਜੋਤ ਜਾਣ ਕੇ ਬੜਾ ਸਤਿਕਾਰ ਕਰਦੇ। ਚੜ੍ਹਦੀ ਜਵਾਨੀ ਦੀ ਉਮਰ ਵਿਚ 1664 ਈਸਵੀ ਨੂੰ ਬਦਰੂਦੀਨ ਦਾ ਵਿਆਹ ਇਕ ਰਈਸ ਖ਼ਾਨਦਾਨ ਦੀ ਲੜਕੀ ਬੀਬੀ ਨਸੀਰਾ ਨਾਲ ਹੋਇਆ ਜੋ ਨੇਕ-ਦਿਲ, ਅੱਲ੍ਹਾ ਤਾਅਲਾ ਦੀ ਇਬਾਦਤ ਵਿਚ ਰਹਿਣਾ ਆਪਣਾ ਧੰਨ-ਭਾਗ ਸਮਝਦੀ ਸੀ। ਬਦਰੂਦੀਨ ਘੋਰ ਤਪੱਸਿਆ ਕਰ ਕੇ ‘ਪੀਰ’ ਪਦਵੀ ਦੇ ਪਾਤਰ ਬਣੇ। ਪੀਰ ਬੁੱਧੂ ਸ਼ਾਹ ਨੇ ਸਢੋਰੇ ਵਿਖੇ ਆਪਣੀ ਰਿਹਾਇਸ਼ ਵਾਸਤੇ ਵੱਡੀ ਹਵੇਲੀ ਬਣਾਈ ਹੋਈ ਸੀ। ਉਸ ਦੇ ਨਾਲ ਇਕ ਸਰਾਇ ਦਾ ਨਿਰਮਾਣ ਵੀ ਕੀਤਾ, ਜਿਸ ਵਿਚ ਆਏ-ਗਏ ਮੁਸਾਫ਼ਿਰ ਅਤੇ ਸਾਧੂ-ਮਹਾਤਮਾ ਜੋ ਹਰਿਦੁਆਰ, ਰਿਸ਼ੀਕੇਸ਼, ਕਪਾਲ ਮੋਚਨ ਆਦਿ ਦੀ ਯਾਤਰਾ ਨੂੰ ਜਾਂਦੇ ਸਨ; ਪੀਰ ਜੀ ਦੀ ਸਰਾਇ ਵਿਚ ਵਿਸ਼ਰਾਮ ਕਰ ਕੇ ਤੀਰਥਾਂ ਨੂੰ ਚਾਲੇ ਪਾ ਦਿੰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਾਜਨਾ ਕੀਤੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਇਸ ਨੂੰ ਇਸ ਤਰ੍ਹਾਂ ਰੂਪਮਾਨ ਕੀਤਾ ਹੈ:

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। (ਵਾਰ 1:45)

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।…

ਫਿਰਿ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ।…

ਘਰ ਹੀ ਕੀ ਵਥੁ ਘਰੇ ਰਹਾਵੈ॥ (ਵਾਰ 1:47)

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਨਵਾਂ ਮੋੜ ਲੈ ਆਂਦਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ’ਤੇ ਬਿਰਾਜਮਾਨ ਹੋ ਕੇ ਦੋ ਤਲਵਾਰਾਂ ਪਹਿਨੀਆਂ। ਸ਼ਾਂਤ ਰਸ ਦੇ ਨਾਲ ਬੀਰ ਰਸ ਦੇ ਪਿਆਲੇ ਪੀਤੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕਾਇਆ ਪਲਟ ਕੇ ਅਗੰਮ ਵਾਕ ਕਰ ਕੇ ਕਿਹਾ ਕਿ ‘ਇਹ ਸ਼ਸਤਰ ਪਰਉਪਕਾਰ ਵਾਸਤੇ ਧਾਰਨ ਕੀਤੇ ਹਨ, ਕਿਸੇ ਰਾਜ ਦੇ ਲਾਲਚ ਵਿਚ ਨਹੀਂ।’ ਸਿੱਖੀ ਦੇ ਬੂਟੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਵਿੱਤਰ ਖੂਨ ਨਾਲ ਸਿੰਜ ਕੇ ਇਸ ਨੂੰ ਪ੍ਰਫੁਲਿਤ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਾਰੂ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਮਾਲਾ ਵਾਲੇ ਹੱਥਾਂ ਵਿਚ ਤਲਵਾਰ ਫੜਾ ਕੇ ਨਿਸ਼ਾਨੇ ’ਤੇ ਤੀਰ ਮਾਰਨ ਦੇ ਕਰਤਬ ਸਿੰਘਾਂ ਨੂੰ ਸਿਖਾਉਣੇ ਸ਼ੁਰੂ ਕਰ ਦਿੱਤੇ। ਮੁਗ਼ਲ ਰਾਜ ਵਿਚ ਬੇਨਿਆਈਂ ਹੱਦੋਂ ਵਧ ਚੁਕੀ ਸੀ। ਔਰੰਗਜ਼ੇਬ ਨੇ ਹੁਕਮ ਜਾਰੀ ਕਰ ਦਿੱਤਾ ਕਿ ਮੁਗ਼ਲ ਰਾਜ ਵਿਚ ਮਸਜਿਦ ਤੋਂ ਬਿਨਾਂ ਕੋਈ ਦੇਹੁਰਾ ਮੰਦਰ ਨਵੇਂ ਨਹੀਂ ਉਸਾਰੇ ਜਾਣਗੇ। ਪੁਰਾਣੇ ਮੰਦਰ ਢਾਹ ਕੇ ਮਿੱਟੀ ਵਿਚ ਮਿਲਾ ਦਿੱਤੇ। ਇਸ ਨੇ ਹਿੰਦੂਆਂ ਦੇ ਮੇਲੇ, ਮੰਦਿਰ, ਉਤਸਵ ਤੇ ਵੈਦਕ ਸਕੂਲ ਹੁਕਮੀਆ ਬੰਦ ਕਰ ਦਿੱਤੇ। ਮਥਰਾ, ਬਨਾਰਸ ਦੇ ਮੰਦਰ ਢੁਹਾ ਕੇ ਮਸੀਤਾਂ ਤਿਆਰ ਕਰਵਾ ਦਿੱਤੀਆਂ। ਅਕਬਰ ਦਾ ਹਟਾਇਆ ਜਜੀਆ ਟੈਕਸ ਹਿੰਦੂਆਂ ’ਤੇ ਫਿਰ ਲਾਗੂ ਕਰ ਦਿੱਤਾ। ਅਤਿ ਜ਼ੁਲਮ ਹੁੰਦਾ ਵੇਖ ਕੇ ਸਾਰੇ ਰਾਜਪੂਤ ਇਸ ਦੇ ਵੈਰੀ ਬਣ ਗਏ। ਔਰੰਗਜ਼ੇਬ ਬਾਦਸ਼ਾਹ ਰਾਗ ਵਿੱਦਿਆ ਦਾ ਭਾਰੀ ਵੈਰੀ ਸੀ। ਗਾਉਣਾ-ਵਜਾਉਣਾ ਮੁਹੰਮਦੀ ਸ਼ਰ੍ਹਾ ਦੇ ਵਿਰੁੱਧ ਜਾਣਦਾ ਸੀ। ਇਕ ਵਾਰ ਦਿੱਲੀ ਦੇ ਸਾਰੇ ਰਾਗੀ ਵੱਡਾ ਕੁਲਾਹਲ ਕਰਦੇ ਹੋਏ ਸ਼ਾਹੀ ਮਹਿਲਾਂ ਪਾਸ ਦੀ ਇਕ ਜਨਾਜ਼ੇ ਦੇ ਪਿੱਛੇ ਜਾ ਰਹੇ ਸਨ। ਬਾਦਸ਼ਾਹ ਦੇ ਪੁੱਛਣ ’ਤੇ ਬਾਦਸ਼ਾਹ ਨੂੰ ਉੱਤਰ ਮਿਲਿਆ ਕਿ ਆਪ ਦੀ ਅਮਲਦਾਰੀ ਵਿਚ ਰਾਗ ਮਰ ਗਿਆ ਹੈ, ਉਸ ਨੂੰ ਦਫਨ ਕਰਨ ਜਾ ਰਹੇ ਹਾਂ। ਔਰੰਗਜ਼ੇਬ ਨੇ ਆਖਿਆ, ਇਸ ਸ਼ੈਤਾਨ ਨੂੰ ਡੂੰਘਾ ਦੱਬਣਾ ਤਾਂ ਕਿ ਫੇਰ ਬਾਹਰ ਨਾ ਨਿਕਲੇ। (ਮਹਾਨ ਕੋਸ਼) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮ ਨਾਲ ਭਾਈ ਨੰਦ ਚੰਦ ਨੂੰ ਹੁਕਮ ਕਰ ਦਿੱਤਾ ਕਿ ਇਕ ਨਗਾਰਾ ਤਿਆਰ ਕਰ ਕੇ ਦਰਬਾਰ ਵਿਚ ਭੇਟਾ ਕੀਤਾ ਜਾਵੇ। ਨਗਾਰੇ ਦੀ ਚੋਟ ਨਾਲ ਬ੍ਰਹਿਮੰਡ ਕੰਬਿਆ ਤੇ ਭੀਮ ਚੰਦ ਤੜਫ ਉੱਠਿਆ। ਰਾਜਾ ਭੀਮ ਚੰਦ ਦੇ ਮੰਤਰੀ ਨੇ ਉਸ ਨੂੰ ਕਿਹਾ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਪੋਤਰੇ ਹਨ, ਜਿਨ੍ਹਾਂ ਨੇ ਤੁਹਾਡੇ ਦਾਦੇ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ ਸੀ। ਉਨ੍ਹਾਂ ਦੇ ਨਾਲ ਵੈਰ ਪਾਉਣ ਦੀ ਥਾਂ ਮਿੱਤਰਤਾ ਕਰਨੀ ਚਾਹੀਦੀ ਹੈ। ਇਹ ਸੁਝਾਅ ਮੰਨ ਕੇ ਰਾਜਾ ਭੀਮ ਚੰਦ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਤਿਆਰ ਹੋ ਗਿਆ ਤੇ ਦਰਸ਼ਨ ਕੀਤੇ। ਪਸ਼ਮੀਨੇ ਦੀ ਚਾਂਦਨੀ, ਪਰਸਾਦੀ ਹਾਥੀ, ਚੰਦਨ ਦੀ ਚੌਕੀ, ਪੰਜ ਕਲਾ ਸ਼ਸਤਰ ਵੇਖ ਕੇ ਈਰਖਾ ਦੀ ਅੱਗ ’ਚ ਬਲ ਕੇ ਆ ਗਿਆ ਕਿ ਇਹ ਚੀਜ਼ਾਂ ਜੰਗ ਕਰ ਕੇ ਗੁਰੂ ਕੋਲੋਂ ਜਿੱਤ ਕੇ ਆਪਣੇ ਦਰਬਾਰ ਦੀ ਸ਼ਾਨ ਬਣਾ ਲਵੇਗਾ। ਰਾਜੇ ਭੀਮ ਚੰਦ ਨੇ ਆਪਣੇ ਮੰਤਰੀ ਮੰਡਲ ਵਿਚ ਵਿਚਾਰ ਕੀਤੀ। ਪੰਡਤ ਚਤਰ ਦਾਸ ਨੀਤੀ-ਨਿਪੁੰਨ ਸੀ। ਕਹਿਣ ਲੱਗਾ ਕਿ ਰਾਜਾ ਭੀਮ ਚੰਦ ਜੀ, ਜੰਗ ਕਰਨ ਦੀ ਕੀ ਲੋੜ ਹੈ? ਮੈਂ ਆਪਣੀ ਚਾਤਰੀ ਨਾਲ ਗੁਰੂ ਜੀ ਕੋਲੋਂ ਇਹ ਚੀਜ਼ਾਂ ਠੱਗ ਕੇ ਲੈ ਆਵਾਂਗਾ, ਮੁੜ ਕੇ ਤੁਸੀਂ ਆਪ ਦੀ ਮਰਜ਼ੀ ਕਰ ਲਿਓ। ਮੰਤਰੀ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਕਹਿਣਾ ਸ਼ੁਰੂ ਕੀਤਾ ਕਿ ਸੱਚੇ ਪਾਤਸ਼ਾਹ, ਆਪ ਪੂਰਨ ਅਵਤਾਰ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬਿਰਾਜਮਾਨ ਹੋ। ਅਸੀਂ ਐਵੇਂ ਦੇਵੀ- ਦੇਵਤਿਆਂ ਦੀ ਪੂਜਾ ਕਰਦੇ ਸਾਂ, ਸਾਨੂੰ ਵੀ ਹੁਣ ਹੀ ਪਤਾ ਲੱਗਾ ਹੈ ਕਿ ਤੁਹਾਡੇ ਸੇਵਕ ਫਤਹਿ ਸ਼ਾਹ ਦੀ ਲੜਕੀ ਦੀ ਮੰਗਣੀ ਭੀਮ ਚੰਦ ਦੇ ਪੁੱਤਰ ਕੰਵਰ ਅਜਮੇਰ ਨਾਲ ਹੋਣੀ ਹੈ। ਦੋਹਾਂ ਪਰਵਾਰਾਂ ਦੀ ਸ਼ਾਨ ਤੁਹਾਡੀ ਆਪਣੀ ਸ਼ਾਨ ਹੈ। ਥੋੜ੍ਹੇ ਦਿਨਾਂ ਵਾਸਤੇ ਚੰਦਨ ਦੀ ਚੌਕੀ, ਪਸ਼ਮੀਨੇ ਦੀ ਚਾਂਦਨੀ, ਪੰਜ ਕਲਾ ਸ਼ਸਤਰ ਤੇ ਪਰਸਾਦੀ ਹਾਥੀ ਦੇ ਦਿਉ, ਮੈਂ ਆਪਣੀ ਜ਼ਿੰਮੇਵਾਰੀ ਨਾਲ ਸਮੇਤ ਦੱਛਨਾ ਇਹ ਚੀਜ਼ਾਂ ਵਾਪਸ ਦੇ ਜਾਵਾਂਗਾ। ਦੀਨ-ਦੁਨੀਆਂ ਦੇ ਵਾਲ਼ੀ ਮੰਤਰੀ ਦੇ ਕੋਲੋਂ ਸੁਣ ਕੇ ਹੱਸ ਕੇ ਬੋਲੇ ਕਿ ਮੰਤਰੀ ਜੀ! ਇਹ ਚੀਜ਼ਾਂ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀਆਂ ਹਨ। ਇਹ ਗੁਰੂ- ਘਰ ਵਿਚ ਹੀ ਸੋਭਦੀਆਂ ਨੇ, ਇਹ ਕਿਸੇ ਰਾਜ-ਦਰਬਾਰ ਵਿਚ ਨਹੀਂ ਜਾਣਗੀਆਂ। ਸ਼ਰਮ ਦਾ ਮਾਰਿਆ ਮੰਤਰੀ ਦਰਬਾਰ ਵਿੱਚੋਂ ਬਾਹਰ ਆ ਗਿਆ ਤੇ ਭੀਮ ਚੰਦ ਕੋਲ ਈਰਖਾ ਦੀ ਅੱਗ ਬਾਲ ਦਿੱਤੀ। ਜੰਗ ਦੀ ਤਿਆਰੀ ਹੋ ਗਈ। ਐਨ ਮੌਕੇ ’ਤੇ ਕਿਰਪਾਲ ਚੰਦ ਕਟੌਚੀਆ ਆ ਗਿਆ ਤੇ ਜੰਗ ਨਾ ਕਰਨ ਦੀ ਸਲਾਹ ਦਿੱਤੀ ਕਿ ਵਿਆਹ ਤੋਂ ਬਾਅਦ ਗੁਰੂ ਸਾਹਿਬ ਨਾਲ ਨਜਿੱਠ ਲਵਾਂਗੇ ਤੇ ਲੜਾਈ ਟਲ ਗਈ।

ਗੁਰੂ ਸਾਹਿਬ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ ਨਾਹਣ ਚਲੇ ਗਏ ਤੇ ਫਤਹਿ ਸ਼ਾਹ ਤੇ ਮੇਦਨੀ ਪ੍ਰਕਾਸ਼ ਦੀ ਸੁਲਹ ਕਰਵਾ ਦਿੱਤੀ। ਜਮਨਾ ਦੇ ਕੰਢੇ ’ਤੇ ਸੰਮਤ 1742 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਨਾਹਨ ਤੋਂ ਕਿਆਰ ਦੂਨ ਵਿਚ ਜ਼ਮੀਨ ਲੈ ਕੇ ਕਿਲ੍ਹਾ ਬਣਾਇਆ ਤੇ ਨਾਮ ਪਾਂਵਟਾ ਰੱਖਿਆ ਜੋ ਪਾਉਂਟਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਭੰਗਾਣੀ ਦਾ ਯੁੱਧ ਇਸ ਕਿਲ੍ਹੇ ਵਿਚ ਰਹਿਣ ਸਮੇਂ ਹੋਇਆ ਸੀ। ਔਰੰਗਜ਼ੇਬ ਨੇ ਪੰਜ ਸੌ ਪਠਾਣਾਂ ਨੂੰ ਗ਼ੱਦਾਰ ਸਮਝ ਕੇ ਰਾਜ ਵਿੱਚੋਂ ਕੱਢ ਦਿੱਤਾ ਸੀ। ਉਹ ਭੁੱਖੇ ਮਰਦੇ ਪੀਰ ਬੁੱਧੂ ਸ਼ਾਹ ਕੋਲ ਰੋਏ। (ਮਹਾਨ ਕੋਸ਼) ਪੀਰ ਬੁੱਧੂ ਸ਼ਾਹ ਨੇ ਸਿਫ਼ਾਰਸ਼ ਕਰ ਕੇ ਗੁਰੂ ਸਾਹਿਬ ਦੇ ਕੋਲ ਨੌਕਰ ਰਖਵਾ ਦਿੱਤਾ। ਸਿਪਾਹੀਆਂ ਨੂੰ ਇੱਕ ਰੁਪਈਆ ਰੋਜ਼ ਤੇ ਸਰਦਾਰ ਹਯਾਤ ਖਾਂ, ਕਾਲੇ ਖਾਂ, ਨਜ਼ਾਬਤ ਖਾਂ, ਮੀਖਣ ਖਾਂ ਪੰਜ ਰੁਪਏ ਰੋਜ਼ ’ਤੇ ਨੌਕਰ ਰੱਖੇ ਗਏ। ਗੁਰੂ ਮਹਾਰਾਜ ਨੂੰ ਫ਼ਤਹਿ ਸ਼ਾਹ ਨੇ ਲੜਕੀ ਦੇ ਵਿਆਹ ’ਤੇ ਯਾਦ ਕੀਤਾ ਸੀ। ਦਇਆ ਰਾਮ ਪ੍ਰੋਹਿਤ ਤੇ ਦੀਵਾਨ ਨੰਦ ਚੰਦ ਨੂੰ ਗੁਰੂ ਮਹਾਰਾਜ ਨੇ ਲੜਕੀ ਵਾਸਤੇ ਕੀਮਤੀ ਸੁਗਾਤਾਂ ਦੇ ਕੇ ਵਿਆਹ ਵਿਚ ਹਾਜ਼ਰ ਹੋਣ ਵਾਸਤੇ ਭੇਜ ਦਿੱਤਾ। ਭੀਮ ਚੰਦ ਨੂੰ ਪਤਾ ਲੱਗਾ ਕਿ ਇਸ ਵਿਆਹ ਵਿਚ ਗੁਰੂ ਸਾਹਿਬ ਦੇ ਸਿੱਖ ਵੀ ਆਏ ਹਨ, ਉਸ ਨੇ ਕ੍ਰੋਧ ਵਿਚ ਫ਼ਤਹਿ ਸ਼ਾਹ ਨੂੰ ਕਿਹਾ ਕਿ ਜੇ ਤੁਹਾਡਾ ਗੁਰੂ ਕਿਆਂ ਨਾਲ ਨਿਉਦਰਾ ਭਾਜੀ ਹੈ ਤਾਂ ਮੈਂ ਤੁਹਾਡੀ ਲੜਕੀ ਦਾ ਡੋਲਾ ਨਹੀਂ ਲਿਜਾਵਾਂਗਾ ਜਾਂ ਮੇਰੇ ਵੱਲ ਹੋ ਕੇ ਗੁਰੂ ਸਾਹਿਬ ਨਾਲ ਲੜਾਈ ਵਾਸਤੇ ਤਿਆਰ ਹੋ ਜਾਓ। ਇਹ ਗੱਲ ਨੰਦ ਚੰਦ ਨੇ ਸੁਣੀ ਤਾਂ ਉਹ ਸੁਗਾਤਾਂ ਲੈ ਕੇ ਵਾਪਸ ਪਾਉਂਟਾ ਸਾਹਿਬ ਆ ਗਏ। ਮਹਾਰਾਜ ਨੇ ‘ਬਚਿਤ੍ਰ ਨਾਟਕ’ ਵਿਚ ਰੂਪਮਾਨ ਕੀਤਾ ਹੈ:

ਫਤੇ ਸ਼ਾਹ ਕੋਪਾ ਤਬਿ ਰਾਜਾ॥
ਲੋਹ ਪਰਾ ਹਮਸੋ ਬਿਨੁ ਕਾਜਾ॥

ਵਿਆਹ ਤੋਂ ਪਿੱਛੋਂ ਭੀਮ ਚੰਦ ਨੇ ਮਾਇਆ ਦਾ ਲਾਲਚ ਦੇ ਕੇ ਅੰਦਰਖਾਤੇ ਪਠਾਨ ਆਪਣੇ ਨਾਲ ਗੰਢ ਲਏ, ਜੋ ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਪਾਸ ਨੌਕਰ ਰਖਵਾਏ ਸੀ। ਇਨ੍ਹਾਂ ਵਿੱਚੋਂ ਕਾਲੇ ਖਾਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਰਿਹਾ ਤੇ ਬਾਕੀ ਸਾਰੇ ਭੀਮ ਚੰਦ ਨਾਲ ਜਾ ਮਿਲੇ। ਲੜਾਈ ਦੀ ਤਿਆਰੀ ਵਾਸਤੇ ਪਹਾੜੀ ਰਾਜਿਆਂ ਫ਼ਤਹਿ ਸ਼ਾਹ, ਕੇਸਰੀ ਸਿਹੁੰ ਜਸਵਾਲੀਆ, ਕਿਰਪਾਲ ਚੰਦ ਕਾਂਗੜੇ ਵਾਲਾ, ਗੁਪਾਲ ਚੰਦ ਗੁਲੇਰੀਆ, ਬੀਰ ਸੈਨ, ਮੰਡੀ ਦਾ ਹਰੀਚੰਦ ਹੰਡੂਰੀਆ, ਦਿਆਲ ਸਿਹੁੰ ਕਾਠਗੜ੍ਹੀਆ ਤੇ ਹੋਰ ਕਈ ਰਾਜਿਆਂ ਨੇ ਇਕੱਠੇ ਹੋ ਕੇ ਲੜਾਈ ਅਰੰਭ ਕਰ ਦਿੱਤੀ। ਇਸ ਲੜਾਈ ਦੀ ਖ਼ਬਰ ਪੀਰ ਬੁੱਧੂ ਸ਼ਾਹ ਨੂੰ ਮਿਲ ਗਈ। ਉਨ੍ਹਾਂ ਨੇ ਪਠਾਣਾਂ ਦੀ ਕਮੀ ਪੂਰੀ ਕਰਨ ਵਾਸਤੇ ਆਪਣੇ ਦੋ ਭਰਾ, ਚਾਰ ਪੁੱਤਰ ਤੇ ਸੱਤ ਸੌ ਮੁਰੀਦ ਲੈ ਕੇ ਹਾਜ਼ਰ ਹੋ ਕੇ ਫ਼ਤਹਿ ਸ਼ਾਹ ਦੀ ਫ਼ੌਜ ਦੇ ਟਾਕਰੇ ਵਾਸਤੇ ਤਿਆਰ ਕਰ ਦਿੱਤੇ ਤੇ ਜੰਗ ਵਿਚ ਦੁਸ਼ਮਣਾਂ ਦੀ ਫ਼ੌਜ ਮਾਰ ਕੇ ਢੇਰ ਲਾ ਦਿੱਤੇ। ਉਦਾਸੀ ਸਾਧੂਆਂ ਵਿੱਚੋਂ ਇਕ ਕਿਰਪਾਲ ਦਾਸ ਰਹਿ ਗਿਆ ਸੀ, ਬਾਕੀ ਸਾਰੇ ਹਰਨ ਹੋ ਗਏ। ਮਹਾਰਾਜ ਨੇ ਕਿਹਾ ਕਿ ਕਿਰਪਾਲ ਦਾਸ! ਉਦਾਸੀਆਂ ਦੀ ਜੜ੍ਹ ਰੱਖ ਲਈ ਊ! ਹੁਣ ਤਿਆਰ ਹੋ ਜਾ! ਹਯਾਤ ਖਾਂ ਫ਼ੌਜ ਲੈ ਕੇ ਆ ਗਿਆ ਸੀ। ਕਿਰਪਾਲ ਦਾਸ ਨੇ ਕਊ ਦਾ ਸਲੋਤਰ ਲੋਹੇ ਨਾਲ ਮੜ੍ਹਿਆ ਸੀ, ਸਾਧ ਨੇ ਸਤਿਕਾਰਤ ਕਹਿ ਕੇ ਹਯਾਤ ਖਾਨ ਦੇ ਸਿਰ ਵਿਚ ਮਾਰਿਆ ਜੋ ਕੱਚ ਦੇ ਖਿਡੌਣੇ ਵਾਂਗ ਟੁੱਟ ਕੇ ਭੁੰਞੇ ਡਿੱਗ ਪਿਆ ਤੇ ਅਗਲੇ ਜਹਾਨ ਨੂੰ ਤੋਰ ਦਿੱਤਾ। ਮਹਾਰਾਜ ਨੇ ਖੁਸ਼ ਹੋ ਕੇ ‘ਬਚਿੱਤ੍ਰ ਨਾਟਕ’ ਵਿਚ ਇਸ ਨੂੰ ਇਸ ਤਰ੍ਹਾਂ ਰੂਪਮਾਨ ਕੀਤਾ ਹੈ:

ਕ੍ਰਿਪਾਲ ਕੋਪੀਯੰ ਕੁਤਕੋ ਸੰਭਾਰੀ॥
ਹਠੀ ਖਾਨ ਹੱਯਾਤ ਕੇ ਸੀਸ ਝਾਰੀ॥
ਉਠੀ ਛਿੱਛਿ ਇਛੰ ਕਢਾ ਮੇਝੰ ਜੋਰੰ॥
ਮਨੋ ਮਾਖਨੰ ਮੱਟਕੀ ਕਾਨਿ ਫੋਰੰ॥

ਸਾਰੇ ਪਿੜ ਵਿਚ ਲੋਥਾਂ ’ਤੇ ਲੋਥਾਂ ਚੜ੍ਹ ਗਈਆਂ। ਦੁਸ਼ਮਣਾਂ ਨਾਲ ਲੋਹਾ ਲੈਂਦੇ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ, ਇਕ ਭਰਾ ਤੇ ਕਈ ਸੌ ਮੁਰੀਦ ਇਸ ਜੰਗ ਵਿਚ ਸ਼ਹੀਦ ਹੋ ਗਏ। ਪੁੱਤਰ, ਭਰਾ, ਮੁਰੀਦ ਵਾਰ ਕੇ ਪੀਰ ਬੁੱਧੂ ਸ਼ਾਹ ਨੇ ਸ਼ੁਕਰ ਮਨਾਇਆ ਤੇ ਸਤਿਗੁਰਾਂ ਦੇ ਚਰਨਾਂ ਵਿਚ ਨਿਮਾਣੀ ਜਿਹੀ ਸੇਵਾ ਪ੍ਰਵਾਨ ਕਰਨ ਵਾਸਤੇ ਬੇਨਤੀ ਕੀਤੀ। ਸਤਿਗੁਰਾਂ ਨੇ ਖੁਸ਼ ਹੋ ਕਿਹਾ ਕਿ ਪੀਰ ਜੀ, ਆਪ ਜੀ ਦੀ ਸੇਵਾ ਥਾਂਇ ਪਈ ਹੈ। ਭੰਗਾਣੀ ਦੇ ਯੁੱਧ ਦੀ ਜਿੱਤ ਦੀ ਵਧਾਈ ਸਿੱਖਾਂ ਨੇ ਸਤਿਗੁਰਾਂ ਨੂੰ ਦਿੱਤੀ। ਸਤਿਗੁਰਾਂ ਨੇ ਫੇਰ ਫ਼ਰਮਾਇਆ ਕਿ ਜਿੱਤ ਮੇਰੇ ਖਾਲਸੇ ਦੀ ਹੋਈ ਹੈ। ਸਿੱਖਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ! ਖਾਲਸਾ ਵੀ ਤਾਂ ਆਪ ਜੀ ਦਾ ਹੈ ਤੇ ਸਤਿਗੁਰਾਂ ਨੇ ਫ਼ਰਮਾਇਆ:

ਭਈ ਜੀਤ ਮੇਰੀ, ਕ੍ਰਿਪਾ ਕਾਲ ਕੇਰੀ॥

ਯੁੱਧ ਜਿੱਤ ਕੇ ਗੁਰੂ ਜੀ ਪਾਉਂਟਾ ਸਾਹਿਬ ਆ ਗਏ। ਇਕ ਦਿਨ ਚੱਟਾਨ ’ਤੇ ਬੈਠੇ ਹਜ਼ੂਰ ਕੇਸਾਂ ਨੂੰ ਕੰਘਾ ਕਰ ਰਹੇ ਸਨ ਤਾਂ ਉਸ ਵੇਲੇ ਪੀਰ ਬੁੱਧੂ ਸ਼ਾਹ ਸਨਮੁਖ ਹੋਏ। ਮਹਾਰਾਜ ਨੇ ਕਿਹਾ ਕਿ ਬੁੱਧੂ ਸ਼ਾਹ, ਕੁਝ ਮੰਗ ਲੈ। ਗੁਰੂ ਨਾਨਕ ਸਾਹਿਬ ਦਾ ਖ਼ਜ਼ਾਨਾ ਤੁਹਾਡੇ ਵਾਸਤੇ ਖੁੱਲ੍ਹਾ ਹੈ। ਪੀਰ ਬੁੱਧੂ ਸ਼ਾਹ ਨੇ ਉਸ ਵੇਲੇ ਸਤਿਗੁਰਾਂ ਦੇ ਹੱਥ ਵਿਚਲਾ ਕਾਠ ਦਾ ਕੰਘਾ ਜਿਸ ਵਿਚ ਹਜ਼ੂਰ ਦੇ ਪਾਵਨ ਪਵਿੱਤਰ ਕੇਸ ਫਸੇ ਹੋਏ ਸਨ ਲੈਣ ਦੀ ਮੰਗ ਕੀਤੀ ਅਤੇ ਕਿਹਾ-ਸਤਿਗੁਰੂ ਜੀ, ਮੈਂ ਤੁਹਾਡੇ ਇਸ ਅਨਮੋਲ ਤੋਹਫੇ ਵਿੱਚੋਂ ਸਦਾ ਤੁਹਾਡੇ ਦਰਸ਼ਨ ਕਰਕੇ ਆਪਣੇ ਧੰਨ-ਭਾਗ ਸਮਝਾਂਗਾ। ਸਤਿਗੁਰਾਂ ਨੇ ਪ੍ਰਸੰਨ ਹੋ ਕੇ ਟੁੱਟੇ ਹੋਏ ਕੇਸਾਂ ਵਾਲਾ ਕੰਘਾ ਇਕ ਕਟਾਰ ਤੇ ਦਸਤਾਰ ਪਾਵਨ ਹੁਕਮਨਾਮੇ ਸਮੇਤ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤੇ ਤੇ ਪੀਰ ਬੁੱਧੂ ਸ਼ਾਹ ਨੇ ਪੂਰੇ ਸਤਿਕਾਰ ਨਾਲ ਸੁਨਹਿਰੀ ਡੱਬੀ ਵਿਚ ਸਤਿਗੁਰਾਂ ਦਾ ਕੰਘਾ ਤੇ ਕੇਸ ਸੰਭਾਲ ਕੇ ਰੱਖੇ। ਪੀਰ ਬੁੱਧੂ ਸ਼ਾਹ ਦੋਵੇਂ ਸਮੇਂ ਨਮਾਜ਼ ਪੜ੍ਹ ਕੇ ਉਸ ਡੱਬੀ ਨੂੰ ਖੋਲ੍ਹ ਕੇ ਦਰਸ਼ਨ ਕਰਦਾ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਮਾਣਦਾ। ਅੰਤ ਉਸਮਾਨ ਖਾਨ ਸਢੌਰੇ ਨੇ ਪੀਰ ਬੁੱਧੂ ਸ਼ਾਹ ਨੂੰ ਜ਼ਾਤੀ ਵਿਰੋਧ ਕਰਕੇ ਕਤਲ ਕਰਵਾ ਦਿੱਤਾ, ਕੇਵਲ ਇਸ ਵਾਸਤੇ ਕਿ ਗੁਰੂ ਜੀ ਦੀਆਂ ਅਨਮੋਲਕ ਨਿਸ਼ਾਨੀਆਂ ਕਿਉਂ ਰੱਖੀਆਂ ਹਨ। ਮਗਰੋਂ ਪੀਰ ਬੁੱਧੂ ਸ਼ਾਹ ਦੀ ਅੰਸ-ਬੰਸ ਕੋਲੋਂ ਮਹਾਰਾਜਾ ਭਰਪੂਰ ਸਿੰਘ ਬਹੁਤ ਸਾਰੀ ਮਾਇਆ ਤੇ ਜਗੀਰ ਦੇ ਕੇ ਨਾਭਾ ਵਿਖੇ ਲੈ ਗਿਆ ਜੋ ਅੱਜਕਲ੍ਹ ਗੁਰਦੁਆਰਾ ਸਿਰੋਪਾ ਸਾਹਿਬ ਨਾਭਾ ਵਿਖੇ ਸੰਭਾਲੇ ਪਏ ਹਨ। (ਮਹਾਨ ਕੋਸ਼) ਪਰ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਕੇਸ ਕਤਲ ਕਰਵਾ ਰਹੇ ਹਨ। ਕੇਸ ਗੁਰੂ ਸਾਹਿਬ ਦੀ ਮੋਹਰ ਹਨ। ਇਨ੍ਹਾਂ ਦੀ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਬੱਚਿਆਂ ਦੇ ਭਵਿੱਖ ਨੂੰ ਧੁੰਧਲਾ ਕਰਨ ਵਿਚ ਬੱਚਿਆਂ ਦੀਆਂ ਮਾਤਾਵਾਂ ਵੀ ਜ਼ਿੰਮੇਵਾਰ ਹਨ। ਜੇ ਪੁੱਛੋ ਕਿ ਬੱਚਿਆਂ ਦੇ ਕੇਸ ਕਿਉਂ ਕਟਵਾਏ, ਉੱਤਰ ਮਿਲਦਾ ਹੈ, ਇਹ ਅਜੇ ਛੋਟਾ ਹੈ, ਵੱਡਾ ਹੋ ਕੇ ਆਪੇ ਰੱਖ ਲਵੇਗਾ। ਜੇ ਕੋਈ ਬਿਲਡਿੰਗ ਬਣਾਉਣ ਵੇਲੇ ਥੱਲੇ ਦੀ ਨੀਂਹ ਕਮਜ਼ੋਰ ਹੋਵੇਗੀ ਤਾਂ ਉੱਪਰ ਦੀ ਮੰਜ਼ਲ ਕਿਵੇਂ ਮਜ਼ਬੂਤ ਹੋ ਸਕਦੀ ਹੈ? ਆਓ, ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਿੱਖੀ ਸਰੂਪ ਵਿਚ ਪ੍ਰਪੱਕ ਹੋਣ ਦਾ ਪ੍ਰਣ ਕਰੀਏ। ਕੇਸ ਸਾਡਾ ਗੌਰਵਮਈ ਵਿਰਸਾ ਹੈ, ਇਸ ਦੇ ਧਾਰਨੀ ਬਣੀਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Sawarn Singh Bhaur

ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)