editor@sikharchives.org

ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅਨੁਸਾਰ – ਪੰਜ ਠੱਗ

ਗੁਰੂ ਸਾਹਿਬ ਇਥੇ ਗੁਰਬਾਣੀ ਵਿਚ ਅਧਿਆਤਮਿਕ ਠੱਗਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦੁਆਰਾ ਅਸੀਂ ਸਾਰੀ ਉਮਰ ਲੁੱਟ ਖਾਈ ਜਾ ਰਹੇ ਹਾਂ ਪਰ ਸਾਨੂੰ ਇਨ੍ਹਾਂ ਠੱਗਾਂ ਦੀ ਤੇ ਇਨ੍ਹਾਂ ਦੀ ਠੱਗੀ ਦੀ ਪਛਾਣ ਨਹੀਂ ਆਉਂਦੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮ: 1॥
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥
ਏਨਾ ਠਗਨਿ੍ ਠਗ ਸੇ ਜਿ ਗੁਰ ਕੀ ਪੈਰੀ ਪਾਹਿ॥
ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ॥ (ਪੰਨਾ 1288)

ਅਰਥ: ਰਾਜ, ਧਨ, ਸੁੰਦਰਤਾ, ਜਾਤਿ, ਤੇ ਜੁਆਨੀ: ਇਹ ਪੰਜੇ ਹੀ ਮਾਨੋ ਠੱਗ ਹਨ, ਇਨ੍ਹਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ, ਜੋ ਭੀ ਇਨ੍ਹਾਂ ਦੇ ਅੱਡੇ ਚੜ੍ਹਿਆ ਕਿਸੇ ਨੇ ਇਨ੍ਹਾਂ ਤੋਂ ਆਪਣੀ ਇੱਜ਼ਤ ਨਹੀਂ ਬਚਾਈ। ਇਨ੍ਹਾਂ ਠੱਗਾਂ ਨੂੰ ਭੀ ਉਹ ਠੱਗ ਭਾਵ ਸਿਆਣੇ ਬੰਦੇ ਦਾਉ ਲਾ ਜਾਂਦੇ ਹਨ; ਭਾਵ ਉਹ ਬੰਦੇ ਇਨ੍ਹਾਂ ਦੀ ਚਾਲ ਵਿਚ ਨਹੀਂ ਆਉਂਦੇ ਜੋ ਸਤਿਗੁਰੂ ਦੀ ਸ਼ਰਨ ਆਉਂਦੇ ਹਨ। ਹੇ ਨਾਨਕ! ਹੋਰ ਬੜੇ ਭਾਗਹੀਣ ਇਨ੍ਹਾਂ ਦੇ ਢਹੇ ਚੜ੍ਹ ਕੇ ਲੁੱਟੇ ਜਾ ਰਹੇ ਹਨ। (ਅਰਥ: ਪ੍ਰੋ. ਸਾਹਿਬ ਸਿੰਘ ਜੀ)

ਉਪਰੋਕਤ ਸਲੋਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਠੱਗਾਂ ਦਾ ਜ਼ਿਕਰ ਕਰ ਕੇ ਇਨ੍ਹਾਂ ਤੋਂ ਸਾਵਧਾਨਤਾ ਵਾਸਤੇ ਤਾਕੀਦ ਕੀਤੀ ਹੈ। ਗੁਰਬਾਣੀ ਵਿਚ ਪੰਜ ਚੋਰਾਂ ਦਾ ਵਰਣਨ ਤਾਂ ਬਹੁਤ ਥਾਈਂ ਮਿਲਦਾ ਹੈ ਪਰ ਇਨ੍ਹਾਂ ਪੰਜ ਠੱਗਾਂ ਦਾ ਸ਼ਾਇਦ ਇਥੇ ਇਕ ਥਾਂ ਹੀ ਵਰਣਨ ਹੈ। ਇਨ੍ਹਾਂ ਪੰਜਾਂ ਨੂੰ ਕਈ ਥਾਂ ਚੋਰ, ਸੂਰਬੀਰ, ਦੂਤ, ਮਹਾਂਬਲੀ ਆਦਿ ਨਾਵਾਂ ਨਾਲ ਵੀ ਗੁਰਬਾਣੀ ਵਿਚ ਸੰਬੋਧਨ ਕੀਤਾ ਗਿਆ ਹੈ। ਸਾਰਾ ਸੰਸਾਰ ਇਨ੍ਹਾਂ ਪੰਜਾਂ ਦੇ ਅਧੀਨ ਹੀ ਸਭ ਚੰਗੇ ਮਾੜੇ, ਕਰਮ ਕੁਕਰਮ ਕਰਦਾ ਆ ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ:

ਪਾਪ ਕਰਹਿ ਪੰਚਾਂ ਕੇ ਬਸਿ ਰੇ॥
ਤੀਰਥਿ ਨਾਇ ਕਹਹਿ ਸਭਿ ਉਤਰੇ॥
ਬਹੁਰਿ ਕਮਾਵਹਿ ਹੋਇ ਨਿਸੰਕ॥
ਜਮ ਪੁਰਿ ਬਾਂਧਿ ਖਰੇ ਕਾਲੰਕ॥2॥(ਪੰਨਾ 1348)

ਸਿਆਣੇ ਆਖਦੇ ਹਨ ਕਿ ਦੁਸ਼ਮਣਾਂ, ਦੋਖੀਆਂ, ਡਾਕੂਆਂ, ਲੁਟੇਰਿਆਂ ਆਦਿ ਤੋਂ ਤਾਂ ਕਿਸੇ ਵਸੀਲੇ, ਮੁਕਾਬਲਾ, ਦੌੜ, ਸਰਕਾਰ ਆਦਿ ਦੀ ਸਹਾਇਤਾ ਨਾਲ ਕਿਸੇ ਹੱਦ ਤਕ ਬਚਾਅ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਪਰ ਠੱਗਾਂ ਤੋਂ ਬਚਣਾ ਏਨਾ ਸਹਿਲ ਕਾਰਜ ਨਹੀਂ ਹੁੰਦਾ। ਠੱਗ ਸਾਡੇ ਮਿੱਤਰ ਬਣ ਕੇ ਸਾਨੂੰ ਧੋਖਾ ਦੇ ਕੇ ਲੁੱਟਦੇ ਹਨ ਜਿਨ੍ਹਾਂ ਦੀ ਸਮੇਂ ਸਿਰ ਪਛਾਣ ਕਰ ਸਕਣੀ ਮੁਸ਼ਕਲ ਹੁੰਦੀ ਹੈ। ਗੁਰੂ ਸਾਹਿਬ ਇਥੇ ਗੁਰਬਾਣੀ ਵਿਚ ਅਧਿਆਤਮਿਕ ਠੱਗਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦੁਆਰਾ ਅਸੀਂ ਸਾਰੀ ਉਮਰ ਲੁੱਟ ਖਾਈ ਜਾ ਰਹੇ ਹਾਂ ਪਰ ਸਾਨੂੰ ਇਨ੍ਹਾਂ ਠੱਗਾਂ ਦੀ ਤੇ ਇਨ੍ਹਾਂ ਦੀ ਠੱਗੀ ਦੀ ਪਛਾਣ ਨਹੀਂ ਆਉਂਦੀ।

1. ਰਾਜ :

ਰਾਜਸੀ ਸ਼ਕਤੀ ਆਪਣੇ ਆਪ ਵਿਚ ਇਕ ਬਹੁਤ ਵੱਡਾ ਨਸ਼ਾ ਹੈ ਜਿਸ ਦੇ ਨਸ਼ੇ ਦੇ ਅਧੀਨ ਮਨੁੱਖ ਆਪਣਾ ਪਰਾਇਆ ਨਹੀਂ ਸੋਚਦਾ। ਪਹਿਲਾਂ ਤਾਂ ਇਸ ਨੂੰ ਪ੍ਰਾਪਤ ਕਰਨ ਵਾਸਤੇ ਕੁਝ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਦੁਨੀਆਂ ਦਾ ਜੋ ਵੀ ਪਾਪ ਹੈ ਉਹ ਝੱਟ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਸੇ ਵੀ ਮਿੱਤਰ ਜਾਂ ਰਿਸ਼ਤੇਦਾਰ ਨੂੰ ਧੋਖਾ ਦੇਣਾ ਪਵੇ ਜਾਂ ਕਤਲ ਕਰਨਾ ਪਵੇ; ਤਸੀਹੇ ਦੇ ਦੇ ਕੇ ਜੇਲ੍ਹਾਂ ਵਿਚ ਸਾੜਨਾ ਪਵੇ; ਕਦੀ ਵੀ ਦੂਜਾ ਵਿਚਾਰ ਮਨ ਵਿਚ ਨਹੀਂ ਲਿਆਉਂਦਾ। ਝੱਟ ਹੀ ਐਸੇ ਕੁਕਰਮ ਨੂੰ ਸਰਅੰਜਾਮ ਦੇਣ ਲਈ ਤਿਆਰ ਹੋ ਜਾਂਦਾ ਹੈ। ਪੁਰਾਣੇ ਸਮੇਂ ਵਿਚ ਇਹ ਰਾਜਸੀ ਸ਼ਕਤੀ ਹਥਿਆਉਣ ਲਈ ਜਿੱਥੇ ਮਾਰੂ ਹਥਿਆਰ ਵਰਤੇ ਜਾਂਦੇ ਸਨ, ਉਥੇ, ਹੁਣ ਜਮਹੂਰੀ ਤਮਾਸ਼ਾ ਹੁੰਦਾ ਹੈ, ਵੋਟਾਂ ਦੀ ਵਰਤੋਂ ਹੁੰਦੀ ਹੈ। “ਰਾਜ ਪਿਆਰੇ ਰਾਜਿਆਂ ਵੀਰ ਦੁਪਇਆਰੇ” ਅਨੁਸਾਰ ਕੌਣ ਕਿਸ ਦਾ ਰਿਸ਼ਤੇਦਾਰ! ਅੰਤ ਕੀ ਹੁੰਦਾ ਹੈ: “ਤਪੋਂ ਰਾਜ ਤੇ ਰਾਜੋਂ ਨਰਕ”। ਕਲਗੀਧਰ ਪਾਤਸ਼ਾਹ ਦਾ ਫੁਰਮਾਨ ਹੈ:

ਮਾਨ ਸੇ ਮਹੀਪ ਔ ਦਿਲੀਪ ਕੈਸੇ ਛਤ੍ਰਧਾਰੀ,
ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈਂ॥
ਦਾਰਾ ਸੇ ਦਲੀਸਤ, ਦੁਰਜੋਧਨ ਸੇ ਮਾਨਧਾਰੀ,
ਭੋਗਿ ਭੋਗਿ ਭੂਮਿ ਅੰਤ ਭੂਮਿ ਮੈ ਮਿਲਤ ਹੈਂ॥

2. ਮਾਲ :

ਮਾਲ ਦਾ ਮਤਲਬ ਹੈ, ਧਨ-ਪਦਾਰਥ। ਜਿਸ ਪਾਸ ਧਨ ਹੈ ਉਹ ਵੱਡੇ- ਵੱਡੇ ਧਰਮੀਆਂ, ਤਿਆਗੀਆਂ, ਵਿਦਵਾਨਾਂ, ਯੋਧਿਆਂ, ਇਥੋਂ ਤਕ ਕਿ ਰਾਜਿਆਂ ਦੇ ਈਮਾਨ ਵੀ ਖ਼ਰੀਦ ਸਕਦਾ ਹੈ। ਧਨ ਦੀ ਏਨੀ ਸ਼ਕਤੀ ਹੈ। ਲੋਕ ਅਖਾਣ ਹੈ ‘ਤੇਲ ਤਮ੍ਹਾ ਜਾਕੋ ਮਿਲੇ, ਤੁਰਤ ਨਰਮ ਹੋ ਜਾਇ।’ ਇਸ ਦਾ ਭਾਵ ਇਹ ਹੈ ਕਿ ਕੋਈ ਵੀ ਕੰਮ ਚਾਹੇ ਜਾਇਜ਼ ਹੈ ਤੇ ਚਾਹੇ ਨਾਜਾਇਜ਼, ਸੰਸਾਰਕ ਪੱਧਰ ’ਤੇ, ਧਨ ਦੀ ਵਰਤੋਂ ਕਰ ਕੇ ਪੂਰਾ ਕੀਤਾ ਜਾ ਸਕਦਾ ਹੈ। ਸੋ ਧਨ ਦਾ ਨਸ਼ਾ ਵੀ ਮਨੁੱਖ ਨੂੰ ਅੰਨ੍ਹਾ ਬੋਲ਼ਾ ਬਣਾ ਦਿੰਦਾ ਹੈ। ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਇਸ ਬਾਰੇ ਇਉਂ ਫੁਰਮਾਨ ਹੈ:

ਮਾਇਆਧਾਰੀ ਅਤਿ ਅੰਨਾ ਬੋਲਾ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਪੰਨਾ 313)

ਧਨ ਦੇ ਨਸ਼ੇ ਵਿਚ ਧਨੀ ਪੁਰਸ਼ ਕਿਸੇ ਨੂੰ ਆਪਣੀ ਅੱਖ ਹੇਠ ਹੀ ਨਹੀਂ ਲਿਆਉਂਦਾ। ਭਗਤ ਕਬੀਰ ਜੀ ਇਉਂ ਫ਼ਰਮਾਉਂਦੇ ਹਨ:

ਨਿਰਧਨ ਆਦਰੁ ਕੋਈ ਨ ਦੇਇ॥
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ॥
ਜਉ ਨਿਰਧਨੁ ਸਰਧਨ ਕੈ ਜਾਇ॥
ਆਗੇ ਬੈਠਾ ਪੀਠਿ ਫਿਰਾਇ॥
ਜਉ ਸਰਧਨੁ ਨਿਰਧਨ ਕੈ ਜਾਇ॥
ਦੀਆ ਆਦਰੁ ਲੀਆ ਬੁਲਾਇ॥ (ਪੰਨਾ 1159)

ਉਪਰੋਕਤ ਉਪਦੇਸ਼ ਅਨੁਸਾਰ ਕੇਵਲ ਧਨਵਾਨ ਦੀ ਹੀ ਭਾਈਚਾਰੇ ਵਿਚ ਪੁੱਛ-ਪ੍ਰਤੀਤ ਹੁੰਦੀ ਵੇਖ ਕੇ ਭਾਵੇਂ ਕੋਈ ਵੀ ਉਪੱਦਰ ਕਰਨਾ ਪਵੇ, ਜੇਕਰ ਧਨ ਦੀ ਪ੍ਰਾਪਤੀ ਦੀ ਆਸ ਹੋਵੇ ਤਾਂ ਕਰਨੋਂ ਨਹੀਂ ਟੱਲਦਾ। ਸ਼ਾਇਦ ਇਸੇ ਲਈ ਮਨੁੱਖ ਸਾਰੀ ਉਮਰ ਹਰ ਤਰੀਕਾ ਵਰਤ ਕੇ ਧਨ ਇਕੱਠਾ ਕਰਨ ਦੇ ਯਤਨਾਂ ਵਿਚ ਹੀ ਲੱਗਾ ਰਹਿੰਦਾ ਹੈ। ਇਥੋਂ ਤਕ ਕਿ “ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ” ਅਨੁਸਾਰ ਇਸ ਦੀ ਪ੍ਰਾਪਤੀ ਨਾਲ ਵੀ, “ਲਾਖ ਕਰੋਰੀ ਬੰਧੁ ਨ ਪਰੈ” ਵਾਲੀ ਹਾਲਤ ਮਨੁੱਖ ਦੀ ਹੋ ਜਾਂਦੀ ਹੈ। ਨੌਵੇਂ ਪਾਤਸ਼ਾਹ ਵੀ ਇਸ ਪ੍ਰਥਾਇ ਫ਼ੁਰਮਾਉਂਦੇ ਹਨ:

ਦਾਰਾ ਮੀਤ ਪੂਤ ਸਨਬੰਧੀ ਸਗਲੇ ਧਨ ਸਿਉ ਲਾਗੇ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥1॥ (ਪੰਨਾ 633)

ਜਦੋਂ ਮਨੁੱਖ ਹੈ ਹੀ ਸਮਾਜਕ ਪ੍ਰਾਣੀ ਤੇ ਦੁਨਿਆਵੀ ਸਾਥ ਤੋਂ ਬਿਨਾਂ ਇਸ ਦਾ ਸੰਸਾਰ ਵਿਚ ਵਿਚਰਨਾ ਕਠਿਨ ਹੈ ਤਾਂ ਫਿਰ ਮਨੁੱਖਾਂ ਦੇ ਸਾਥ ਲਈ ਇਸ ਨੂੰ ਧਨ ਦੀ ਲੋੜ ਅਨੁਭਵ ਹੁੰਦੀ ਹੈ ਤਾਂ ਕਿ ਇਸ ਨੂੰ ਮਨੁੱਖਾਂ ਦਾ ਸਾਥ ਮਿਲਦਾ ਰਹੇ।

3. ਰੂਪ :

ਅਰਥਾਤ ਖ਼ੂਬਸੂਰਤੀ। ਸੁੰਦਰਤਾ ਦਾ ਵੀ ਇਕ ਆਪਣਾ ਹੀ ਨਸ਼ਾ ਹੁੰਦਾ ਹੈ। ਜਿਸ ਮਨੁੱਖ ਨੂੰ ਚਾਰ ਬੰਦੇ ਸੁਹਣਾ ਆਖ ਦੇਣ ਉਹ ਫੁੱਲਿਆ ਨਹੀਂ ਸਮਾਉਂਦਾ। ਆਪਣੇ ਆਪ ਨੂੰ ਦੂਜਿਆਂ ਨਾਲੋਂ ਸੁਹਣਾ ਸਮਝ ਕੇ ਹੋਰ ਕਿਸੇ ਨੂੰ ਅੱਖ ਹੇਠ ਹੀ ਨਹੀਂ ਲਿਆਉਂਦਾ। ਸ਼ਾਇਦ ਇਸੇ ਕਰਕੇ ਹੀ ਵਿਅਕਤੀ ਰਾਤ ਦਿਨ ਸੁੰਦਰ ਬਣਨ ਦੀ ਲਾਲਸਾ ਵਿਚ ਹੀ ਹਾਰ-ਸ਼ਿੰਗਾਰ ਕਰਦਾ ਰਹਿੰਦਾ ਹੈ ਕਿ ਮੈਂ ਦੂਜਿਆਂ ਨੂੰ ਸੁਹਣਾ ਲੱਗਾਂ। ਇਸ ਵਿਚ ਵੀ ਕੋਈ ਕੁਦਰਤ ਦਾ ਭੇਦ ਹੀ ਹੋਵੇਗਾ ਕਿ ਅਸੀਂ ਸਾਰੇ ਰਾਤ-ਦਿਨ ਆਪਣੀ ਖ਼ੂਬਸੂਰਤੀ ਬਣਾਉਣ ਵਿਚ ਕਿੰਨਾ ਸਮਾਂ, ਸਾਧਨ, ਕਮਾਈ ਰੋੜ੍ਹਦੇ ਹਾਂ! ਕਿੰਨੇ ਵਪਾਰਕ ਅਦਾਰੇ ਰਾਤ ਦਿਨ ਸੁਹੱਪਣ-ਵਧਾਊ ਸਾਧਨਾਂ ਦੀ ਪੈਦਾਵਾਰ ਤੇ ਵਿਕਰੀ ਵਿਚ ਰੁੱਝੇ ਹੋਏ ਹਨ। ਥਾਂ-ਥਾਂ ਬਿਊਟੀ ਪਾਰਲਰ ਖੁੱਲ੍ਹੇ ਹੋਏ ਹਨ। ਇਸ ਦੇ ਨਸ਼ੇ ਵਿਚ ਵੀ ਮਨੁੱਖ ਰਾਤ ਦਿਨ, “ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ” ਵਾਲੀ ਹਾਲਤ ਵਿਚ ਵਿਚਰ ਰਿਹਾ ਹੈ।

4. ਜਾਤ :

ਮਨੁੱਖ ਨੂੰ ਆਪਣੀ ਅਖੌਤੀ ਉੱਚੀ ਜਾਤ ਦਾ ਵੀ ਕਿੰਨਾ ਹੰਕਾਰ ਹੁੰਦਾ ਹੈ, ਇਸ ਤੋਂ ਵੀ ਅਸੀਂ ਭਲੀ ਪ੍ਰਕਾਰ ਜਾਣੂ ਹਾਂ। ਹਿੰਦੁਸਤਾਨ ਵਿਚ ਤਾਂ ਇਸ ਦੀ ਅਖੀਰ ਹੀ ਹੋ ਗਈ ਹੈ। ਨਵੀਂ ਰੋਸ਼ਨੀ, ਵਿੱਦਿਆ ਆਦਿ ਦਾ ਵਰਤਾਰਾ ਹੋ ਜਾਣ ਨਾਲ ਵੀ ਇਸ ਵਿਚ ਕੋਈ ਫ਼ਰਕ ਨਹੀਂ ਪਿਆ। ਜਾਤ ਪਾਤ ਦਾ ਕੋਹੜ ਸਾਡੇ ਭਾਰਤੀ ਸਮਾਜ ਵਿਚ ਹਜ਼ਾਰਾਂ ਸਾਲਾਂ ਤੋਂ ਏਨੀ ਬੁਰੀ ਤਰ੍ਹਾਂ ਪੱਸਰਿਆ ਹੋਇਆ ਹੈ ਕਿ ਸਦੀਆਂ ਤੋਂ ਸਮੇਂ-ਸਮੇਂ ਪੈਦਾ ਹੋਣ ਵਾਲੇ ਮਹਾਂਪੁਰਸ਼ਾਂ ਦੀਆਂ ਬੇਅੰਤ ਘਾਲਣਾਵਾਂ ਤੇ ਕੁਰਬਾਨੀਆਂ ਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਦੁੱਖ ਦੀ ਗੱਲ ਹੈ ਕਿ ਅਸੀਂ ਅੱਜ ਵੀ ਇਸ ਵਿਚ ਬੁਰੀ ਤਰ੍ਹਾਂ ਜਕੜੇ ਹੋਏ ਹਾਂ। ਅੱਜ ਵੀ ਦੱਖਣ ਵਿਚ ਅਖੌਤੀ ਨੀਵੀਂ ਜਾਤ ਵਾਲਿਆਂ ਨਾਲ ਬਹੁਤ ਹੀ ਦੁਰ-ਵਿਹਾਰ ਹੁੰਦਾ ਹੈ। ਉੱਤਰੀ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਵਿਚ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਇਹ ਬਿਮਾਰੀ ਕਿਸੇ ਹੱਦ ਤਕ ਘੱਟ ਖ਼ਤਰਨਾਕ ਮਹਿਸੂਸ ਹੁੰਦੀ ਹੈ।

5. ਜੋਬਨ :

ਜੋਬਨ ਅਰਥਾਤ ਜਵਾਨੀ। ਜਵਾਨੀ ਵੀ ਬੜੀ ਮਸਤਾਨੀ ਹੁੰਦੀ ਹੈ।ਇਸ ਵਿਚ ਵੀ ਮਨੁੱਖ ਨੂੰ ਦੂਜੇ ਇਨਸਾਨ ਕੀੜੇ-ਮਕੌੜੇ ਹੀ ਨਜ਼ਰ ਆਉਂਦੇ ਹਨ। ਜਵਾਨੀ ਦੇ ਜੋਸ਼ ਵਿਚ ਮਨੁੱਖ ਬਹੁਤ ਉਪੱਦਰ ਕਰ ਬੈਠਦਾ ਹੈ ਜਿਨ੍ਹਾਂ ਦਾ ਕਿ ਮੁੜ ਸਾਰੀ ਉਮਰ ਇਸ ਨੂੰ ਪਛਤਾਵਾ ਰਹਿੰਦਾ ਹੈ। ਜਵਾਨੀ ਨੂੰ ਜੇਕਰ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਸਿੱਧੇ ਪਾਸੇ ਨੂੰ ਤੋਰਿਆ ਜਾ ਸਕੇ ਤਾਂ ਇਹ ਬਹੁਤ ਹੀ ਚੰਗੇ-ਚੰਗੇ, ਮਨੁੱਖਤਾ ਦੀ ਭਲਾਈ ਦੇ ਕਾਰਜ ਕਰ ਸਕਣ ਦੇ ਸਮਰੱਥ ਹੁੰਦੀ ਹੈ। ਇਕ ਸੁਲਝਿਆ ਹੋਇਆ ਨੌਜਵਾਨ ਆਪਣੇ ਦੇਸ਼, ਕੌਮ, ਪਰਵਾਰ, ਸਾਥ ਆਦਿ ਦੀ ਭਲਾਈ ਵਾਸਤੇ ਜਿੰਨਾ ਭਰਪੂਰ ਹਿੱਸਾ ਪਾ ਸਕਦਾ ਹੈ ਓਨਾ ਸ਼ਾਇਦ ਇਕ ਬਾਲਕ ਜਾਂ ਬਿਰਧ ਨਹੀਂ ਪਾ ਸਕਦਾ। ਇਸ ਦੇ ਉਲਟ ਖੋਟੀ ਸੰਗਤ ਦੇ ਅਸਰ ਹੇਠ ਕੁਰਾਹੇ ਪਿਆ ਜਵਾਨ ਮਨੁੱਖਤਾ ਦਾ ਘਾਣ ਕਰਨ, ਆਪਣੇ ਕੁਕਰਮਾਂ ਕਾਰਨ, ਦੇਸ਼, ਕੌਮ, ਧਰਮ ਤੇ ਸਮਾਜ ਲਈ ਨੁਕਸਾਨਦਾਇਕ ਸਾਬਤ ਹੋਣ ਦੇ ਨਾਲ ਨਾਲ, ਆਪਣੇ ਪਰਵਾਰ ਦਾ ਠੂਠਾ ਮੂਧਾ ਮਾਰਨ ਤਕ ਦੀ ਨੌਬਤ ਵੀ ਲਿਆ ਸਕਦਾ ਹੈ।

ਇਨ੍ਹਾਂ ਠੱਗਾਂ ਤੋਂ ਬਚਣਾ ਗੁਰੂ-ਦਰੋਂ ਪ੍ਰਾਪਤ ਹੋਈ ਬਿਬੇਕ ਬੁੱਧੀ ਦੁਆਰਾ ਹੀ ਸੰਭਵ ਹੋ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ “ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ” ਵਾਲੀ ਅਵਸਥਾ ਨਾਲ ਭਾਵੇਂ ਕਿਸੇ ਵਿਰਲੇ ਨੂੰ ਪ੍ਰਾਪਤ ਹੋ ਸਕੇ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਪੀਏ, ਪ੍ਰਚਾਰਕ -ਵਿਖੇ: ਐਸ.ਜੀ.ਪੀ.ਸੀ

ਗਿਆਨੀ ਜੀ ਸਿਡਨੀ, ਆਸਟ੍ਰੇਲੀਆ ਦੇ ਰਹਿਣ ਵਾਲੇ ਬਹੁਤ ਹੀ ਮੰਨੇ ਪ੍ਰਮੰਨੇ ਸਿੱਖ ਪ੍ਰਚਾਰਕ ਅਤੇ ਸਖਸ਼ਿਅਤ ਹਨ। ਐਸ.ਜੀ.ਪੀ.ਸੀ ਅਤੇ ਸੰਤ ਫਤਿਹ ਸਿੰਘ ਦੇ ਸਾਬਕਾ ਪੀ.ਏ. ਰਹਿਣ ਕਾਰਨ, ਸਿੱਖ ਜਗਤ ਅਤੇ ਹਿੰਦ ਮਹਾਦੀਪ ਦੀ ਸਿਆਸਤ ਅਤੇ ਕਾਰਜ ਸ਼ੈਲੀ ਦੇ ਡੂੰਘੇ ਜਾਣਕਾਰ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)