editor@sikharchives.org

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਉਸ ਦਾ ਪ੍ਰਭਾਵ

ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਆਮ ਤੌਰ ’ਤੇ ਕਾਤਲ ਮਕਤੂਲ ਪਾਸ ਜਾਂਦਾ ਹੈ ਪਰੰਤੂ ਗੁਰੂ ਸਾਹਿਬ ਆਪ ਸ਼ਹਾਦਤ ਲਈ ਦਿੱਲੀ ਗਏ ਅਤੇ ਉਂਥੇ ਜਾ ਕੇ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੀ ਜ਼ਾਲਮ ਸਰਕਾਰ ’ਤੇ ਭੰਨਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਗੁਰਮਤਿ ਪ੍ਰਕਾਸ਼ ਜੂਨ 2007

ਪੜ੍ਹਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਮੂਲ ਪ੍ਰਕਿਰਤੀ ਵੈਰਾਗਮਈ ਹੈ ਜੋ ਸੰਸਾਰ ਤੇ ਸੰਸਾਰਿਕ ਰਿਸ਼ਤਿਆਂ ਨੂੰ ਨਾਸ਼ਮਾਨ ਮੰਨ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਸਿੱਖਿਆ ਦਿੰਦੀ ਹੈ। ਪਰੰਤੂ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ ਉਨ੍ਹਾਂ ਦਾ ਜੀਵਨ-ਸਿਧਾਂਤ ਹੈ। ਦੂਜੇ ਪਾਸੇ ਸਮਕਾਲੀ ਮੁਗ਼ਲ ਸਾਮਰਾਜ ਦੀ ਸਾਰੀ ਇਮਾਰਤ ਘੋਰ ਅੱਤਿਆਚਾਰ ਦੀ ਨੀਂਹ ਉੱਪਰ ਉਸਰੀ ਹੋਈ ਸੀ। ਇਸ ਤਰ੍ਹਾਂ ਦੋ ਵਿਰੋਧੀ ਧਾਰਨਾਵਾਂ ਸਮਾਨਅੰਤਰ ਚੱਲ ਰਹੀਆਂ ਸਨ। ਵਿਰੋਧ ਤਾਂ ਸੁਭਾਵਕ ਸੀ। ਆਓ! ਇਸ ਤੱਥ ਨੂੰ ਇਤਿਹਾਸਿਕ ਪ੍ਰਸੰਗ ’ਚ ਵਾਚਨ ਦਾ ਯਤਨ ਕਰੀਏ। ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਹੋਈ ਤਾਂ ਉਸ ਵੇਲੇ ਔਰੰਗਜ਼ੇਬ ਭਾਰਤ ਦਾ ਸਮਰਾਟ ਸੀ। ਉਹ ਪੱਥਰ-ਮਨ ਸੁੰਨੀ ਮੁਸਲਮਾਨ ਸੀ। ਰਾਜ ਹਥਿਆਉਣ ਤੇ ਬਚਾਉਣ ਲਈ ਉਸ ਨੇ ਆਪਣੇ ਪਿਉ ਤੇ ਭਰਾਵਾਂ ’ਤੇ ਵੀ ਜ਼ੁਲਮ ਕਰਨੋਂ ਸੰਕੋਚ ਨਾ ਕੀਤਾ। ਆਪਣੇ ਪਿਤਾ ਸ਼ਾਹ ਜਹਾਨ ਨੂੰ ਉਸ ਨੇ ਕਈ ਵਰ੍ਹੇ ਬੰਦੀ ਬਣਾਈ ਰੱਖਿਆ ਤੇ ਪਿਆਸਾ ਮਾਰ ਦਿੱਤਾ। ਉਹ ਖੁਦ੍ਹਾਪ੍ਰਸਤ ਸੀ, ਖੁਦ੍ਹਾ ਦੀ ਬੰਦਗੀ ਕਰਦਾ ਸੀ ਪਰ ਦੂਜੇ ਪਾਸੇ ਖੁਦ੍ਹਾ ਦੀ ਖਲਕਤ ਉਸ ਦੇ ਜ਼ੁਲਮ ਦਾ ਸ਼ਿਕਾਰ ਬਣ ਰਹੀ ਸੀ। ਉਸ ਦੇ ਮਨ ’ਚ ਇਸਲਾਮ ਦੀ ਖ਼ਿਦਮਤ ਦਾ ਜਜ਼ਬਾ ਜਨੂੰਨ ਦੀ ਹੱਦ ਤਕ ਪਹੁੰਚ ਗਿਆ ਸੀ। ਹਿੰਦੂਆਂ ’ਤੇ ਹੀ ਨਹੀਂ ਉਸ ਨੇ ਤਾਂ ਸ਼ੀਆ ਮੁਸਲਮਾਨਾਂ ਅਤੇ ਸੂਫ਼ੀ ਫਕੀਰਾਂ ’ਤੇ ਵੀ ਅੱਤਿਆਚਾਰ ਕੀਤੇ।1 ਉਹ ਲਲਿਤ ਕਲਾਵਾਂ ਦਾ ਦੁਸ਼ਮਣ ਸੀ ਅਤੇ ਸੰਗੀਤ ਦਾ ਤਾਂ ਉਸ ਨੇ ਗਲ ਹੀ ਘੁੱਟ ਦਿੱਤਾ। ਸੰਗੀਤ ਨਾਲ ਤਾਂ ਔਰੰਗਜ਼ੇਬ ਨੂੰ ਐਨੀ ਚਿੜ ਸੀ ਕਿ ਉਸ ਨੇ ਆਪਣੇ ਰਾਜ ਵਿਚ ਵਿਸ਼ੇਸ਼ ਅਧਿਕਾਰੀ ਇਸ ਕੰਮ ਲਈ ਨਿਯੁਕਤ ਕੀਤੇ ਸਨ ਕਿ ਉਹ ਨਿਗਰਾਨੀ ਰੱਖਣ ਕਿ ਜਿੱਥੇ ਕੋਈ ਸਾਜ਼ ਵੱਜਦਾ ਹੋਵੇ, ਉਸ ਨੂੰ ਜਾ ਕੇ ਜਲਾ ਦੇਣ। ਸਾਜ਼ਾਂ ਦੇ ਢੇਰ ਲਾ ਕੇ ਤਬਾਹ ਕਰ ਦਿੱਤੇ ਜਾਂਦੇ ਸਨ। ਗਵੱਈਆਂ ਤੇ ਸਾਜ਼ਿੰਦਿਆਂ ਨੂੰ ਉਸ ਨੇ ਭੁੱਖਮਰੀ ਦਾ ਸ਼ਿਕਾਰ ਬਣਾ ਦਿੱਤਾ।2 ਇਕ ਕਥਾ ਇਹ ਵੀ ਪ੍ਰਚਲਿਤ ਹੈ ਕਿ ਔਰੰਗਜ਼ੇਬ ਦੀ ਸੰਗੀਤ-ਦੁਸ਼ਮਣੀ ਤੋਂ ਤੰਗ ਆ ਕੇ ਸੰਗੀਤਕਾਰਾਂ ਨੇ ਸੰਗੀਤ ਦਾ ਜਨਾਜ਼ਾ ਕੱਢਿਆ ਸੀ ਤਾਂ ਕਿ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਵੇ। ਪ੍ਰਤੀਕਰਮ ਵਜੋਂ ਔਰੰਗਜ਼ੇਬ ਨੇ ਕਿਹਾ ਸੀ ਕਿ ਇਸ (ਸੰਗੀਤ) ਨੂੰ ਡੂੰਘਾ ਦਫ਼ਨ ਕਰਨਾ ਤਾਂਕਿ ਮੁੜ ਬਾਹਰ ਨਾ ਆ ਜਾਵੇ।

ਜਦ ਔਰੰਗਜ਼ੇਬ ਹਰ ਪਾਸੇ ਬਦਨਾਮ ਹੋ ਗਿਆ ਤਾਂ ਉਸ ਨੇ ਮੁਸਲਮਾਨਾਂ ਨੂੰ ਖੁਸ਼ ਰੱਖਣ ਲਈ ਕਈ ਉਪਾਅ ਸੋਚੇ ਅਤੇ ਮੌਲਵੀਆਂ ਤੋਂ ਸਲਾਹ ਲੈ ਕੇ ਹਿੰਦੂਆਂ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਮਜਬੂਰ ਕਰਨ ਲੱਗਾ।3 ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਔਰੰਗਜ਼ੇਬ ਦੀ ਇਸ ਨੀਤੀ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ:

ਹਿੰਦੋ ਹਿੰਦੂ ਨਿਰਬੀਜ ਹੋ ਕਰਨੇ।
ਸਾਹਿ ਨੌਰੰਗੇ ਜੋ ਲਿਖ ਬਰਨੇ।
ਤੁਰਕ ਪ੍ਰਥਮ ਹੋ ਬ੍ਰਾਹਮਣ ਕਰਨੇ।
ਔਰ ਹਿੰਦੂ ਕੋ ਪਾਛੇ ਫਰਨੇ।
4

ਇਸ ਤਰ੍ਹਾਂ ਹਿੰਦੂਆਂ ਉਂਪਰ ਔਰੰਗਜ਼ੇਬ ਦੇ ਜ਼ੁਲਮ ਦਾ ਕੁਹਾੜਾ ਤੇਜ਼ ਹੋ ਗਿਆ। ਹਿੰਦੂਆਂ ’ਤੇ ਜਜੀਆ ਤੇ ਯਾਤਰਾ ਟੈਕਸ ਲਾਇਆ ਗਿਆ ਅਤੇ ਉਨ੍ਹਾਂ ਨੂੰ ਅਨੇਕਾਂ ਹੱਕਾਂ ਤੋਂ ਵਾਂਝਿਆ ਕਰ ਦਿੱਤਾ ਗਿਆ। ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਧਾਰਮਿਕ ਰਹੁ-ਰੀਤਾਂ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਹਿੰਦੂ ਕੌਮ ਭਾਰੀ ਵਿਸ਼ਾਦ ਦਾ ਸ਼ਿਕਾਰ ਹੋ ਗਈ।5 ਕੁਝ ਹਿੰਦੂ ਡਰ ਜਾਂ ਲਾਲਚ ’ਚ ਆ ਕੇ ਮੁਸਲਮਾਨ ਬਣ ਗਏ। ਧਰਮ-ਪਰਿਵਰਤਨ ਦਾ ਮੁੱਖ ਕੇਂਦਰ ਕਸ਼ਮੀਰ ਸੀ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਸਵਾ ਮਣ ਜੰਞੂ ਲਾਹ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਕਸ਼ਮੀਰ ਹਿੰਦੂ ਧਰਮ ਦੀ ਕਤਲਗਾਹ ਬਣ ਗਿਆ।

ਸ਼ਹੀਦੀ ਯਾਤਰਾ

ਜਦ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਕਿਸੇ ਤਰ੍ਹਾਂ ਵੀ ਬਚਾਓ ਦੀ ਆਸ-ਉਮੀਦ ਨਾ ਰਹੀ ਤਾਂ ਉਹ ਕਿਰਪਾ ਰਾਮ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਹਾਜ਼ਰ ਹੋਏ, ਆਪਣੇ ਦੁੱਖ-ਦਰਦ ਦੀ ਵਿੱਥਿਆ ਸੁਣਾਈ ਅਤੇ ਸੁਰੱਖਿਆ ਲਈ ਅਰਜ਼ੋਈ ਕੀਤੀ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਜੀ ਸੋਚਣ ਲੱਗੇ ਕਿ ਇਨ੍ਹਾਂ ਦੇ ਬਚਾਓ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਜਦ ਇਸ ਗੱਲ ਦਾ ਪਤਾ 9 ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੂੰ ਲੱਗਾ ਤਾਂ ਉਹ ਬੜੇ ਸਵੈ-ਵਿਸ਼ਵਾਸ ਤੇ ਨਿਡਰਤਾ ਨਾਲ ਕਹਿਣ ਲੱਗੇ: “ਆਪ ਜੀ ਨਾਲੋਂ ਵੱਡਾ ਪੁਰਸ਼ ਕੌਣ ਹੋ ਸਕਦਾ ਹੈ, ਤੁਸੀਂ ਹੀ ਹਿੰਦੂ ਧਰਮ ਨੂੰ ਬਚਾਓ!” ਇਹ ਸੁਣ ਕੇ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਬਾਲ ਗੋਬਿੰਦ ਜੀ ਗੁਰਿਆਈ ਸੰਭਾਲਣ ਦੇ ਯੋਗ ਹਨ। ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਦਿਲਾਸਾ ਦੇ ਕੇ ਆਖਿਆ ਕਿ ਜਾ ਕੇ ਬਾਦਸ਼ਾਹ ਨੂੰ ਇਹ ਕਹਿ ਦੇਣ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਉਹ ਸਾਰੇ ਮੁਸਲਮਾਨ ਬਣ ਜਾਣਗੇ। ਇਹ ਸੰਦੇਸ਼ ਲੈ ਕੇ ਕਸ਼ਮੀਰੀ ਪੰਡਿਤ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਪਾਸ ਪਹੁੰਚੇ ਅਤੇ ਕੁਝ ਸਮੇਂ ਲਈ ਬਾਦਸ਼ਾਹ ਦੇ ਜ਼ੁਲਮ ਤੋਂ ਛੁਟਕਾਰਾ ਪਾਇਆ। ਗੁਰੂ ਸਾਹਿਬ ਨੂੰ ਦਿੱਲੀ ਤੋਂ ਬੁਲਾਵਾ ਆਇਆ ਤਾਂ ਉਹ ਗੁਰਿਆਈ ਗੋਬਿੰਦ ਰਾਇ ਜੀ ਨੂੰ ਸੰਭਾਲ ਕੇ ਆਪ ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਤੇ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਜਥੇ ਦੇ ਰੂਪ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਸਮੇਤ ਸਿੱਧਾ ਦਿੱਲੀ ਜਾਣ ਦੀ ਥਾਂ ਰਸਤੇ ’ਚ ਸਿੱਖ ਸੰਗਤ ਤੇ ਹੋਰ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ, ਧੀਰਜ ਬੰਨ੍ਹਾਉਂਦੇ ਹੋਏ ਜਾ ਰਹੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਪਹੁੰਚਣ ’ਚ ਕੁਝ ਸਮਾਂ ਲੱਗ ਗਿਆ। ਔਰੰਗਜ਼ੇਬ ਨੂੰ ਸ਼ੱਕ ਹੋ ਗਿਆ ਕਿ ਗੁਰੂ ਜੀ ਕਿਧਰੇ ਫ਼ਰਾਰ ਨਾ ਹੋ ਜਾਣ। ਬਾਦਸ਼ਾਹ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਾਥੀ ਸਿੰਘਾਂ ਨੂੰ ਆਗਰੇ ਨੇੜੇ ਹੀ ਬੰਦੀ ਬਣਾ ਲਿਆ ਗਿਆ।


ਮਹਾਨ ਸ਼ਖ਼ਸੀਅਤ

ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਬਹੁਤ ਪ੍ਰੇਰਿਆ, ਦਲੀਲਬਾਜ਼ੀ ਕੀਤੀ ਪਰ ਨਾਕਾਮ ਰਿਹਾ। ਫਿਰ ਕੋਈ ਕਰਾਮਾਤ ਵਿਖਾਉਣ ਲਈ ਆਖਿਆ ਪਰ ਗੁਰੂ ਜੀ ਨੇ ਅਜਿਹਾ ਨਾ ਕੀਤਾ। ਆਪਣੀ ਇਸ ਅਸਫਲਤਾ ਤੋਂ ਬਾਅਦ ਗੁਰੂ ਜੀ ਤੇ ਸਾਥੀ ਸਿੱਖਾਂ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਗੁਰੂ ਜੀ ਨੂੰ ਤੰਗ ਪਿੰਜਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਦੇ ਨਾਲ ਆਏ ਸਿੱਖਾਂ ਵਿੱਚੋਂ ਭਾਈ ਦਿਆਲਾ ਜੀ ਨੂੰ ਜਿਊਂਦਿਆਂ ਦੇਗ਼ ਵਿਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਅੰਤ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ਼ਾਹੀ ਹੁਕਮ ਨਾਲ ਜਲਾਲੂ ਦੀਨ ਨਾਂ ਦੇ ਜੱਲਾਦ ਨੇ ਧੜ ਨਾਲੋਂ ਵੱਖ ਕਰ ਦਿੱਤਾ। ਧਰਮ ਹੇਤ ਸੀਸ ਦੇਣ ਦਾ ਇਹ ਸ਼ਹੀਦੀ ਸਾਕਾ ਮੱਘਰ ਸੁਦੀ 5, ਬਿਕ੍ਰਮੀ 1732 ਮੁਤਾਬਿਕ 11 ਨਵੰਬਰ 1675 ਈਸਵੀ ਨੂੰ ਹੋਇਆ। ਇਸ ਨਾਲ ਸਾਰੇ ਪਾਸੇ ਹਾਹਾਕਾਰ ਮੱਚ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ:

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥15॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥16॥ (ਬਚਿਤ੍ਰ ਨਾਟਕ)

ਦਿੱਲੀ ’ਚ ਜਿਸ ਥਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ, ਚਾਂਦਨੀ ਚੌਂਕ ’ਚ ਗੁਰਦੁਆਰਾ ‘ਸੀਸ ਗੰਜ ਸਾਹਿਬ’ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਿਸ ਦਿਨ, ਜਿਸ ਵੇਲੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ’ਚ ਜ਼ੋਰਦਾਰ ਹਨ੍ਹੇਰੀ ਆਈ ਅਤੇ ਸਾਰਾ ਅਸਮਾਨ ਖ਼ੂਨ ਵਰਗਾ ਲਾਲ ਹੋ ਗਿਆ। ਗੁਰੂ ਜੀ ਦਾ ਇਕ ਸ਼ਰਧਾਲੂ ਸਿੱਖ ਭਾਈ ਜੈਤਾ ਬੜੀ ਸਿਆਣਪ ਨਾਲ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ। ਭਾਈ ਜੈਤਾ ਰੰਘਰੇਟਾ ਸਿੱਖ ਸੀ। ਦਸਮੇਸ਼ ਪਿਤਾ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਛਾਤੀ ਨਾਲ ਲਾ ਲਿਆ ਅਤੇ ਆਖਿਆ: “ਰੰਘਰੇਟਾ ਗੁਰੂ ਕਾ ਬੇਟਾ!” ਗੁਰੂ ਜੀ ਤੇ ਸਿੱਖ ਸੰਗਤ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ‘ਸੀਸ’ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਹੁਣ ਇਸ ਥਾਂ ਗੁਰਦੁਆਰਾ ‘ਸੀਸ ਗੰਜ ਸਾਹਿਬ’ ਸੁਸ਼ੋਭਿਤ ਹੈ।

ਇਕ ਸ਼ਰਧਾਲੂ ਸਿੱਖ, ਭਾਈ ਲੱਖੀ ਸ਼ਾਹ ਵਣਜਾਰਾ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਪਹਿਰੇਦਾਰਾਂ ਦੀ ਨਜ਼ਰ ਤੋਂ ਬਚ ਕੇ ਗੁਰੂ ਜੀ ਦੇ ਧੜ ਨੂੰ ਕੱਪੜੇ ’ਚ ਲਪੇਟ ਕੇ ਆਪਣੇ ਘਰ ਲੈ ਆਇਆ ਅਤੇ ਬੜੇ ਅਦਬ ਨਾਲ ਪਲੰਘ ਉਂਪਰ ਪਾ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਦੂਜੇ ਦਿਨ ਅਸਥੀਆਂ ਇਕੱਤਰ ਕਰ ਕੇ ਇਕ ਗਾਗਰ ਵਿਚ ਪਾ ਲਈਆਂ ਅਤੇ ਗਾਗਰ ਧਰਤੀ ’ਚ ਦਫ਼ਨਾ ਦਿੱਤੀ। ਦਿੱਲੀ ’ਚ, ਇਸ ਥਾਂ ’ਤੇ ਗੁਰਦੁਆਰਾ ‘ਰਕਾਬ ਗੰਜ ਸਾਹਿਬ’ ਬਣਿਆ ਹੋਇਆ ਹੈ।


ਸ਼ਹਾਦਤ ਦੀ ਵਿਲੱਖਣਤਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਹਾਦਤ ਕਈ ਪੱਖਾਂ ਤੋਂ ਮਹਾਨ ਤੇ ਵਿਲੱਖਣ ਹੈ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਆਮ ਤੌਰ ’ਤੇ ਕਾਤਲ ਮਕਤੂਲ ਪਾਸ ਜਾਂਦਾ ਹੈ ਪਰੰਤੂ ਗੁਰੂ ਸਾਹਿਬ ਆਪ ਸ਼ਹਾਦਤ ਲਈ ਦਿੱਲੀ ਗਏ ਅਤੇ ਉਂਥੇ ਜਾ ਕੇ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੀ ਜ਼ਾਲਮ ਸਰਕਾਰ ’ਤੇ ਭੰਨਿਆ। ਸਿੱਖ ਵਿਦਵਾਨ ਪ੍ਰੋ. ਸਤਿਬੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਤੁਲਨਾ ਇਕ ਮਿਥਿਹਾਸਿਕ ਪੰਛੀ ਫੀਨਿਕਸ ਨਾਲ ਕੀਤੀ ਹੈ।6 ਜਿਹੜਾ ਅਸਮਾਨ ਵਿਚ ਬੜਾ ਮਿੱਠਾ ਰਾਗ ਅਲਾਪਦਾ ਹੈ। ਅਖੀਰ ’ਚ ਆਪ ਹੀ ਤੀਲਾ-ਤੀਲਾ ਜੋੜ ਕੇ ਚਿਖਾ ਤਿਆਰ ਕਰ ਲੈਂਦਾ ਹੈ ਅਤੇ ਗੀਤ ਗਾਉਂਦਿਆਂ ਉਸ ਨੂੰ ਅੱਗ ਲਾ ਲੈਂਦਾ ਹੈ। ਠੀਕ ਇਉਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਰੀ ਉਮਰ ‘ਗੀਤ ਗੋਬਿੰਦ’ ਗਾਉਂਦਿਆਂ ਗੁਜ਼ਾਰੀ ਅਤੇ ਅਖ਼ੀਰ ’ਚ ਆਪ ਹੀ ਸ਼ਹਾਦਤ ਦੇਣ ਲਈ ਦਿੱਲੀ ਵੱਲ ਨੂੰ ਤੁਰ ਪਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ :
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ 
ਕੀਨੋ ਬਡੋ ਕਲੂ ਮਹਿ ਸਾਕਾ॥ 
ਸਾਧਨ ਹੇਤਿ ਇਤੀ ਜਿਨਿ ਕਰੀ॥ 
ਸੀਸੁ ਦੀਆ ਪਰ ਸੀ ਨ ਉਚਰੀ॥13॥ 
ਧਰਮ ਹੇਤ ਸਾਕਾ ਜਿਨਿ ਕੀਆ॥ 
ਸੀਸੁ ਦੀਆ ਪਰ ਸਿਰਰੁ ਨ ਦੀਆ॥  
ਨਾਟਕ ਚੇਟਕ ਕੀਏ ਕੁਕਾਜਾ॥ 
ਪ੍ਰਭ ਲੋਗਨ ਕਹ ਆਵਤ ਲਾਜਾ॥14॥ ਦੋਹਰਾ ॥ 
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥ 
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥15॥ (ਬਚਿਤ੍ਰ ਨਾਟਕ) 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਲਕ ਜੰਞੂ ਤੋਂ ਇਨਕਾਰ ਕੀਤਾ ਸੀ। ਦਰਅਸਲ, ਮੁੱਦਾ ‘ਤਿਲਕ ਜੰਞੂ’ ਦਾ ਨਹੀਂ ਸੀ, ਧਰਮ ਦੀ ਅਜ਼ਾਦੀ ਦਾ ਸੀ, ਪਾਠ-ਪੂਜਾ ਦੀ ਖੁੱਲ੍ਹ ਦਾ ਸੀ। ਜ਼ੁਲਮ-ਜਬਰ ਦੀ ਵਿਰੋਧਤਾ ਦਾ ਸੀ। ਪੰਜਾਬੀ ਸ਼ਾਇਰ ਸ. ਸ. ਮੀਸ਼ਾ ਨੇ ਖ਼ੂਬ ਕਿਹਾ ਹੈ:

ਗੁਰੂ ਨੇ ਦੱਸਿਆ ਸਾਨੂੰ, ਹੈ ਬਣ ਕੇ ਸ੍ਰਿਸ਼ਟੀ ਦੀ ਚਾਦਰ।  
ਧਰਮ ਸਾਰੇ ਪਵਿੱਤਰ ਨੇ, ਕਰੋ ਹਰ ਧਰਮ ਦਾ ਆਦਰ। … … … …
ਬਣੀ ਹੁੰਦੀ ਅਜਿਹੀ ਭੀੜ ਜੇ ਸੁੰਨਤ ਨਮਾਜ਼ ਉਂਤੇ।
ਜਾਂ ਲਗਦੀ ਰੋਕ ਕਿਧਰੇ ਵੀ ਅਜ਼ਾਨਾਂ ਦੀ ਅਵਾਜ਼ ਉਂਤੇ।
ਗੁਰੂ ਨੇ ਤਦ ਵੀ ਏਦਾਂ ਹੀ ਦੁਖੀ ਦੀ ਪੀੜ ਹਰਨੀ ਸੀ।
ਸੀ ਦੇਣਾ ਸੀਸ ਏਦਾਂ ਹੀ, ਨਾ ਮੁਖ ਤੋਂ ਸੀ ਉਚਰਨੀ ਸੀ।7

ਡਾ. ਅਤਰ ਸਿੰਘ ਦੇ ਕਥਨ ਅਨੁਸਾਰ: “ਆਪਣੇ ਮਜ਼੍ਹਬ ਦੀ ਪਾਲਨਾ ਹਿੱਤ ਆਪਣੀ ਜਾਨ ਵਾਰ ਦੇਣੀ ਤੇ ਆਪਣੇ ਦੇਸ਼ ਦੀ ਰੱਖਿਆ ਲਈ ਮੌਤ ਕਬੂਲ ਕਰ ਲੈਣੀ ਵੀ ਕੋਈ ਘੱਟ ਆਤਮਿਕ ਸੂਰਮਗਤੀ ਦੀ ਗੱਲ ਨਹੀਂ, ਪਰ ਕਿਸੇ ਦੂਜੇ ਮਜ਼੍ਹਬ ਦੀ ਰਾਖੀ ਲਈ ਆਪਾ ਨਿਛਾਵਰ ਕਰ ਦੇਣਾ ਤਾਂ ਆਪਣੇ ਆਪੇ ਦੇ ਹਰ ਵਿਸਥਾਰ ਨੂੰ ਉਲੰਘ ਕੇ ਸਮੁੱਚੀ ਮਾਨਵਤਾ ਜਿੱਡਾ ਵਿਸ਼ਾਲ ਹੋ ਜਾਣਾ ਹੈ।”8 ਇਸ ਸ਼ਹਾਦਤ ਨੇ ਜ਼ਮੀਰ ਦੀ ਅਜ਼ਾਦੀ ਦੀ ਰੱਖਿਆ ਲਈ ਰਾਹ ਪੱਧਰਾ ਕੀਤਾ। ਪ੍ਰਸਿੱਧ ਇਤਿਹਾਸਕਾਰ ਡਾ. ਜ. ਸ. ਗਰੇਵਾਲ ਦੇ ਵਿਚਾਰ ਅਨੁਸਾਰ: “ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਾਪਤੀ ਤੇ ਕਾਮਯਾਬੀ ਲਈ ਰਾਹ ਬਣਾਇਆ ਜਿਸ ਦੇ ਸਿੱਟੇ ਵਜੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਇਕ ਨਵੀਂ ਏਕਤਾ ਪ੍ਰਦਾਨ ਕੀਤੀ ਅਤੇ ਉਸ ਨੂੰ ਸਮੇਂ ਦੀ ਸਰਕਾਰ ਵਿਰੁੱਧ ਆਪਣੀ ਜ਼ਮੀਰ ਦੀ ਅਵਾਜ਼ ਦੀ ਰਾਖੀ ਕਰਨ ਦੇ ਯੋਗ ਬਣਾਇਆ। ਅਠਾਰ੍ਹਵੀਂ ਸਦੀ ਦੌਰਾਨ ਸਿੱਖਾਂ ਦੁਆਰਾ ਹਾਸਲ ਕੀਤੀ ਰਾਜਨੀਤਿਕ ਅਜ਼ਾਦੀ ਜ਼ਮੀਰ ਦੀ ਅਜ਼ਾਦੀ ਦਾ ਹੀ ਤਰਕਸ਼ੀਲ ਅਤੇ ਇਤਿਹਾਸਿਕ ਵਿਕਾਸ ਸੀ ਜਿਸ ਦੀ ਰਾਖੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਅਤੇ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਭਵ ਬਣਾਇਆ।”9

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਫਲਸਰੂਪ ਸਿੱਖ ਜਗਤ ’ਚ ਰੋਸ ਤੇ ਰੋਹ ਦੀ ਜਵਾਲਾ ਭੜਕ ਉਂਠੀ। ਧਰਮ ਦੀ ਰੱਖਿਆ ਲਈ ਤੇ ਜ਼ੁਲਮ ਦੇ ਨਾਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਖੜਗ ਤੇ ਖੰਡਾ ਲੈ ਕੇ ਸਿਰਲੱਥ ਸਿੰਘ ਸੂਰਮੇ ਰਣਭੂਮੀ ’ਚ ਆਉਣ ਲੱਗੇ। ਉਹ ਸ਼ਮਸ਼ੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਆ ਗਈ ਜਿਸ ਲਈ ਫੌਲਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ।10 ਸਿੱਖੀ ਦਾ ‘ਸੰਤ’ ਸਰੂਪ ਪੂਰੀ ਤਰ੍ਹਾਂ ‘ਸੰਤ-ਸਿਪਾਹੀ’ ਦੇ ਸਰੂਪ ’ਚ ਰੂਪਾਂਤ੍ਰਿਤ ਹੋ ਗਿਆ। ਖਾਲਸਾ ਪੰਥ ਦੀ ਸਿਰਜਨਾ ਲਈ ਆਧਾਰ-ਭੂਮੀ ਤਿਆਰ ਹੋ ਗਈ ਅਤੇ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)