editor@sikharchives.org
Jagat Jalanda Rakh Lei

ਜਗਤੁ ਜਲੰਦਾ ਰਖਿ ਲੈ

ਸੜਦੇ ਜਗਤ ’ਚ ਸੀਤਲਤਾ ਵਰਤਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਲੰਮੇ ਕਾਲ ਦੀ ਵਿਉਂਤਬੰਦੀ ਕੀਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਆਦਿ ਕਾਲ ਤੋਂ ਹੀ ਜਗਤ ਅਗਿਆਨਤਾ ਦੀ ਅੱਗ ਵਿਚ ਸੜਦਾ ਰਿਹਾ ਹੈ ਅਤੇ ਅੱਜ ਵੀ ਗਿਆਨ ਤੇ ਸੋਝੀ ਦੇ ਇੰਨੇ ਪ੍ਰਚਾਰ ਤੇ ਪਾਸਾਰ ਦੇ ਬਾਵਜੂਦ ਵੀ ਉਸੇ ਤਰ੍ਹਾਂ ਸੜ ਰਿਹਾ ਹੈ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦੀ ਤਰਸਯੋਗ ਹਾਲਤ ਨੂੰ ਆਪਣੀਆਂ ਵਾਰਾਂ ਵਿਚ ਥਾਂ-ਪਰ-ਥਾਂ ਬਿਆਨ ਕੀਤਾ ਹੈ। ਭਾਈ ਸਾਹਿਬ ਦੁਆਰਾ ਲਿਖੇ ਇਤਿਹਾਸਕ ਤੱਥ ਅਨੁਸਾਰ ਗੁਰੂ ਸਾਹਿਬ ਨੇ ਧੁਰ ਦਰਗਾਹੋਂ ਹੀ ਜਗਤ ਦੀ ਸੜਦੀ, ਤਪਦੀ ਤਰਸਯੋਗ ਹਾਲਾਤ ਨੂੰ ਵੇਖਿਆ ਸੀ:

ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ।
ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ।  (ਵਾਰ 1:24)

ਸੜਦੇ ਜਗਤ ’ਚ ਸੀਤਲਤਾ ਵਰਤਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਲੰਮੇ ਕਾਲ ਦੀ ਵਿਉਂਤਬੰਦੀ ਕੀਤੀ। ਇਉਂ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਸਮੇਂ ਤੋਂ ਹੀ ਅੱਜ ਤਕ ਬਹੁਪ੍ਰਕਾਰੀ ਅਗਨੀਆਂ ਦੀ ਤਪਸ਼ ਨੂੰ ਸੱਚੇ ਗੁਰਮਤਿ ਗਿਆਨ ਦੀ ਸੀਤਲਤਾ ਵਰਤਾਉਂਦਿਆਂ ਦੂਰ ਕਰਨ ਦਾ ਪਰਉਪਕਾਰੀ ਕਾਰਜ ਸਦੀਆਂ ਤੋਂ ਜਾਰੀ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਆਪਣੇ ਅੱਖੀਂ ਵਿਕਾਰਾਂ ਵਿਚ ਸੜ ਰਹੇ ਸੰਸਾਰ ਨੂੰ ਵੇਖਦੇ ਹਨ ਤਾਂ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ! ਇਸ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ, ਉਸੇ ਤਰ੍ਹਾਂ ਹੀ ਬਚਾ ਲੈ। ਜਗਤ-ਕਲਿਆਣ ਹਿੱਤ ਹੀ ਗੁਰੂ ਸਾਹਿਬਾਨ ਨੇ ਜੀਵਨ-ਮਾਰਗ ਤੋਂ ਭਟਕਿਆਂ ਨਾਲ ਸੰਵਾਦ-ਵਿਧੀ ਅਪਣਾਈ, ਹਰ ਵਿਚਾਰਧਾਰਾ ਦੇ ਲੋਕਾਂ ਨੂੰ ਮਿਲਦੇ ਰਹੇ ਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਮੇਰ ਪਰਬਤ ਉੱਤੇ ਜਾ ਕੇ ਸਿੱਧਾਂ ਨਾਲ ਗੋਸ਼ਟੀ ਕੀਤੀ। ਸਾਰੇ ਸਿੱਖ ਗੁਰੂ ਸਾਹਿਬਾਨ ਸਮੇਂ-ਸਮੇਂ ਸੂਫ਼ੀਆਂ, ਜੋਗੀਆਂ, ਪੰਡਤਾਂ ਅਤੇ ਭਗਤਾਂ ਆਦਿ ਨੂੰ ਮਿਲਦੇ ਅਤੇ ਉਸਾਰੂ ਸੰਵਾਦ ਰਚਾਉਂਦੇ ਰਹੇ। ਉਨ੍ਹਾਂ ਮੁਤਾਬਕ ਉਸਾਰੂ ਸੰਵਾਦ ਹੀ ਇਕ ਅਜਿਹੀ ਵਿਧੀ ਹੈ ਜਿਸ ਨਾਲ ਲੋਕਾਈ ਦਾ ਉਧਾਰ ਤੇ ਕਲਿਆਣ ਹੋ ਸਕਦਾ ਹੈ। ਪਹਿਲੇ ਗੁਰੂ ਜੀ ਦਾ ਧਨਾਸਰੀ ਰਾਗ ’ਚ ਪਵਿੱਤਰ ਫ਼ਰਮਾਨ ਹੈ:

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)

ਅੱਜ ਦੇ ਵਿਗਿਆਨਕ ਯੁੱਗ ਵਿਚ ਭਾਵੇਂ ਮਨੁੱਖ ਕੋਲ ਸੁਖ-ਸਹੂਲਤਾਂ ਦੇ ਬਹੁਤ ਸਾਰੇ ਸਾਧਨ ਮੌਜੂਦ ਹਨ ਪਰ ਇਸ ਦੇ ਬਾਵਜੂਦ ਵੀ ਮਨੁੱਖ ਜਗਤ ਵਿਚ ਸੜਦਾ ਨਜ਼ਰ ਆ ਰਿਹਾ ਹੈ। ਇਸ ਦਾ ਮੁੱਖ ਕਾਰਨ ਉਸ ਦਾ ਆਪਣੇ ਮੂਲ ਪਰਮਾਤਮਾ ਦੇ ਨਾਮ ਤੋਂ ਥਿੜਕਿਆ ਮਾਇਆਮੁਖੀ ਚਿੰਤਾਗ੍ਰਸਤ ਮਨ ਹੈ ਜੋ ਵਿਨਾਸ਼ਕਾਰੀ ਸਿੱਧ ਹੋ ਰਿਹਾ ਹੈ। ਇਹ ਆਤਮ-ਮੰਡਲ ਇਕ ਅਜਿਹਾ ਸੂਖ਼ਮ ਮੰਡਲ ਹੈ ਜਿਸ ਦੀ ਦ੍ਰਿਸ਼ਟਮਾਨ ਪ੍ਰਕਿਰਤਕ ਮੰਡਲ ਤੋਂ ਬਾਅਦ ਆਪਣੀ ਇਕ ਖਾਸ ਥਾਂ ਹੈ ਭਾਵ ਆਤਮਾ ਸੂਖ਼ਮ ਹੈ। ਸ਼ਾਂਤੀ ਤੇ ਸੀਤਲਤਾ ਇਸ ਦੇ ਮੂਲ ਗੁਣ ਹਨ। ਮਨ ਦੀ ਗਰਦਿਸ਼ ਨਾਲ ਆਤਮ-ਮੰਡਲ ਵਿਚ ਤਪਸ਼ ਪੈਦਾ ਹੋ ਜਾਂਦੀ ਹੈ। ਤ੍ਰਿਸ਼ਨਾ, ਕ੍ਰੋਧ, ਲੋਭ ਦੀ ਅੱਗ ਨਾਲ ਰੂਹਾਨੀ ਗੁਣਾਂ ਦੇ ਬੂਟੇ ਸੜ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੀਤਲ ਰੱਬੀ ਬਾਣੀ ਇਨ੍ਹਾਂ ਦੀ ਰੱਖਿਆ ਵਾਸਤੇ ਕ੍ਰਿਆਸ਼ੀਲ ਹੈ। ਆਸਾ ਰਾਗ ਅੰਦਰ ਪੰਜਵੇਂ ਗੁਰੂ ਜੀ ਕਥਨ ਕਰਦੇ ਹਨ:

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥ (ਪੰਨਾ 384)

ਇਹ ਮਨ ਦੀ ਸੱਤਾ ਜਦੋਂ ਵਿਕਾਰਾਂ ਦਾ ਸ਼ਿਕਾਰ ਹੁੰਦੀ ਹੈ ਤਾਂ ‘ਹਮ ਕੀਆ ਹਮ ਕਰਹਗੇ ਹਮ ਮੂਰਖ ਗਵਾਰ’ ਦੀ ਭਾਵਨਾ ਰਹਿਤ ਮਨੁੱਖਤਾ ਨੂੰ ਟੁਕੜਿਆਂ ਵਿਚ ਵੰਡਣ ਅਤੇ ਇਨਸਾਨੀਅਤ ਨੂੰ ਬਹੁਤ ਤਬਾਹੀ ਵੱਲ ਲਿਜਾਣ ਲਈ ਸਦਾ ਰੁਚਿਤ ਰਹਿੰਦੀ ਹੈ। ਇਹ ਦੂਸ਼ਿਤ ਸੱਤਾ ਅਜੋਕੇ ਸਮੇਂ ’ਚ ਬਹੁਤ ਜ਼ਿਆਦਾ ਤਾਕਤਵਰ ਹੋ ਚੁੱਕੀ ਹੈ। ਸਵਾਰਥ ਪੂਰਤੀ ਦੇ ਪੱਖ ਤੋਂ ਅਜੋਕਾ ਮਨੁੱਖ ਸਵੈ-ਕੇਂਦਰਿਤ ਹੋ ਚੁੱਕਾ ਹੈ। ਇਖ਼ਲਾਕੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਹਉਮੈ ਬਹੁਤ ਵਧ ਚੁੱਕੀ ਹੈ। ਹਉਮੈ ਦੀਆਂ ਜੜ੍ਹਾਂ ਅਗਿਆਨਤਾ ਵਿਚ ਹਨ। ‘ਮੈਂ ਮੇਰੀ’ ਦਾ ਬੋਲਬਾਲਾ ਹੈ। ਇਹ ‘ਮੈਂ ਮੇਰੀ’ ਕਰਤਾ ਪੁਰਖ ਤੋਂ ਅੱਡਰੀ ਮਨੁੱਖੀ ਹੋਂਦ ਦੇ ਅਹਿਸਾਸ ਦੀ ਸੂਚਕ ਹੈ। ਇਹ ‘ਮੈਂ ਮੇਰੀ’ ਹੀ ਮਨੁੱਖੀ ਸਮਾਜ ਅੰਦਰ ਦੂਸਰੇ ਮਨੁੱਖਾਂ ਪ੍ਰਤੀ ਆਕੜ ਅਤੇ ਘਿਰਣਾ ਤੋਂ ਪ੍ਰੇਰਿਤ ਵਿਵਹਾਰ ਦੀ ਸੂਚਕ ਹੈ। ‘ਮੈਂ ਮੇਰੀ’ ਦੀ ਭਾਵਨਾ ਕਾਰਨ ਹੀ ਭਟਕਣਾ, ਬੇਚੈਨੀ, ਕੀਨਾ, ਸਾੜਾ, ਕ੍ਰਿਝਣ ਆਦਿ ਵਿਚ ਵਾਧਾ ਹੋ ਰਿਹਾ ਹੈ। ਮਨ ਦੀ ਸਹੀ ਖ਼ੁਰਾਕ ਪ੍ਰਭੂ ਦਾ ਨਾਮ ਜਪਣ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਹੈ ਜੋ ਪ੍ਰਭੂ ਨਾਮ ਤੋਂ ਪਰ੍ਹੇ ਖ਼ੁਆਰ ਹੋ ਰਹੀ ਹੈ। ਅਜੋਕੇ ਜੀਵਨ ’ਚ ਖੁਸ਼ੀ, ਖੇੜੇ ਤੇ ਚੜ੍ਹਦੀ ਕਲਾ ਦਾ ਰੰਗ-ਰਸ ਤੇਜ਼ੀ ਨਾਲ ਘਟ ਰਿਹਾ ਹੈ ਜਿਸ ਦੇ ਗੰਭੀਰ ਦੁਖਦਾਇਕ ਸਿੱਟੇ ਨਿਕਲ ਰਹੇ ਹਨ। ਮਨੁੱਖੀ ਸਮਾਜ ਰੂਹਾਨੀ, ਸਮਾਜਿਕ, ਸਭਿਆਚਾਰਕ ਪੱਖੋਂ ਟੁੱਟ ਰਿਹਾ ਹੈ। ਦਿਸ਼ਾਹੀਣ ਮਾਨਸਿਕਤਾ ਦਿਨੋ-ਦਿਨ ਨਿਰਾਸ਼ਾ ਦੇ ਚਿੱਕੜ ਵਿਚ ਗਰਕ ਹੁੰਦੀ ਜਾ ਰਹੀ ਹੈ। ਮਾਇਆਵੀ ਰੁਚੀ ਭਾਰੂ ਹੋ ਜਾਣ ਕਾਰਨ ਇਹ ਮਨ ਸਾਕਤ, ਲੋਭੀ ਤੇ ਮੂੜ ਬਣ ਜਾਂਦਾ ਹੈ। ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ। ਈਰਖਾ ਸੱਚਮੁੱਚ ਸਮਾਜਿਕ ਜੀਵਨ ਦਾ ਸਰਾਪ ਹੈ। ਈਰਖ਼ਾਲੂ ਮਨੁੱਖ ਖੁਦ ਹੀ ਈਰਖਾ ਦੀ ਅੱਗ ਵਿਚ ਸੜ ਰਿਹਾ ਹੁੰਦਾ ਹੈ। ਐਸੇ ਮਨੁੱਖ ਦੀ ਸਥਿਤੀ ਅਸਹਿ ਹੈ।

ਮਾਇਆ ਨੂੰ ਜੀਵਨ ਵਿੱਚੋਂ ਮੂਲੋਂ ਹੀ ਮਨਫੀ ਤਾਂ ਨਹੀਂ ਕੀਤਾ ਜਾ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਉਪਦੇਸ਼ ਨੂੰ ਸੁਣੀਏ ਤਾਂ ਮਹਿਸੂਸ ਹੋ ਸਕਦਾ ਹੈ ਕਿ ਉਲਾਰੂ ਰੁਚੀ ਕਦਾਚਿਤ ਵੀ ਨਹੀਂ ਅਪਣਾਉਣੀ ਚਾਹੀਦੀ। ਮਾਇਆ ਦੇ ਉਲਾਰੂ ਪ੍ਰਭਾਵ ਤੋਂ ਬਚਣ ਲਈ ਗੁਰਬਾਣੀ ਵਿੱਚੋਂ ਥਾਂ-ਪਰ-ਥਾਂ ਆਦਰਸ਼ ਅਗਵਾਈ ਮਿਲਦੀ ਹੈ। ‘ਸਿਧ ਗੋਸਟਿ’ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਬਚਨ ਹਨ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (ਪੰਨਾ 938)

ਬਾਬਾ ਫਰੀਦ ਜੀ ਅਨੁਸਾਰ ਉੱਪਰੋਂ ਧਾਰਮਿਕ ਮਨੁੱਖ ਦੀ ਬੇਚੈਨੀ ਦਾ ਮੂਲ ਕਾਰਨ ਇਹ ਹੈ ਕਿ ਉਹ ਅੰਦਰੋਂ ਉਹ ਕੁਝ ਨਹੀਂ ਜੋ ਉਹ ਬਾਹਰੋਂ ਦਿੱਸ ਰਿਹਾ ਹੈ:

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥ (ਪੰਨਾ 1380)

ਆਪਣੇ ਯੁੱਗ ਦੇ ਮਨੁੱਖ ਰੂਪੀ ਜੀਵ-ਇਸਤਰੀ ਦੀ ਹਾਲਤ ਵੱਲ ਸੰਕੇਤ ਕਰਦਿਆਂ ਬਾਬਾ ਜੀ ਕਥਨ ਕਰਦੇ ਹਨ ਕਿ ਮੇਰਾ ਅੰਤਹਕਰਣ ਤਪਦਾ ਹੈ। ਮੈਂ ਹੱਥ ਪਈ ਮਰੋੜਦੀ ਹਾਂ:

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥ (ਪੰਨਾ 794)

ਫਿਰ ਮਨੁੱਖੀ ਆਤਮਾ ਨੂੰ ਪ੍ਰਭੂ-ਨਾਮ ਦੀ ਲੋੜ ਦਰਸਾਉਂਦੇ ਹਨ:

ਬਾਵਲਿ ਹੋਈ ਸੋ ਸਹੁ ਲੋਰਉ॥
ਤੈ ਸਹਿ ਮਨ ਮਹਿ ਕੀਆ ਰੋਸੁ॥
ਮੁਝੁ ਅਵਗਨ ਸਹ ਨਾਹੀ ਦੋਸੁ॥ (ਪੰਨਾ 794)

ਅਜੋਕਾ ਮਾਇਆ-ਗ੍ਰਸਤ ਮਨ ਆਪਣੇ ਟਿਕਾਓ ਦਾ ਮਾਰਗ ਇਸ ਲਈ ਗੁਆ ਚੁੱਕਾ ਹੈ ਕਿਉਂਕਿ ਉਹ ਅਸਲ ਸਰੂਪ ਦੀ ਪਛਾਣ ਭੁੱਲ ਚੁੱਕਾ ਹੈ ਅਤੇ ਆਤਮ-ਚੀਨਣ ਵਾਲੀ ਗੱਲ ਬਹੁਤ ਦੂਰ ਜਾ ਪਈ ਹੈ। ਅੱਜ ਮਨੁੱਖੀ ਸਮਾਜ ਵਿਚ ਪਾਏ ਜਾਂਦੇ ਵੰਡ-ਵਿਤਕਰੇ, ਫਿਰਕੂ-ਕੁੜੱਤਣ, ਦੰਗੇ-ਫਸਾਦ, ਕਤਲੋਗਾਰਤ, ਨਸ਼ੇਖੋਰੀ, ਬਲਾਤਕਾਰ, ਮਾਦਾ ਭਰੂਣ ਹੱਤਿਆ, ਦਹੇਜ ਕਾਰਨ ਨਵ-ਵਿਆਹੀਆਂ ਲੜਕੀਆਂ ਨਾਲ ਦੁਰਵਿਵਹਾਰ ਤੇ ਉਨ੍ਹਾਂ ਦਾ ਕਤਲ ਕਰਨਾ, ਚੋਰੀ, ਠੱਗੀ, ਧੋਖਾ, ਬੇਈਮਾਨੀ, ਰਿਸ਼ਵਤਖੋਰੀ, ਨਫ਼ਰਤ, ਖ਼ੁਦਗਰਜ਼ੀ ਆਦਿ ਬੁਰਾਈਆਂ ਬਹੁਤ ਵਧ ਚੁੱਕੀਆਂ ਹਨ। ਇਹ ਅਮਲ ਵਿਗੜੇ ਹੋਏ ਤੇ ਤਮਸ-ਗ੍ਰਸਤ ਰੋਗੀ ਮਨ ਦੀ ਹੀ ਉਪਜ ਹਨ।

ਅੱਜ ਵਿਕ੍ਰਿਤ ਮਨ ਦਾ ਘਿਨਾਉਣਾ ਅਤੇ ਵਿਕਰਾਲ ਰੂਪ ਰੋਜ਼ਾਨਾ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਵੇਖਣ-ਪੜ੍ਹਨ ਨੂੰ ਮਿਲਦਾ ਹੈ। ਮਾਦਾ ਭਰੂਣ ਹੱਤਿਆ, ਦਹੇਜ ਕਾਰਨ ਲੜਕੀਆਂ ਨੂੰ ਤੇਲ ਪਾ ਕੇ ਸਾੜਨ, ਨਸ਼ਾ ਅਤੇ ਨਸ਼ੇ ਦੇ ਝੱਸ ਪੂਰੇ ਕਰਨ ਕਾਰਨ ਲੁੱਟਾਂ-ਖੋਹਾਂ, ਸਾਡੇ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਦਾ ਦੂਸ਼ਿਤ ਕਿਰਦਾਰ, ਆਦਮਖੋਰ ਆਦਮੀਆਂ ਤੇ ਇਸਤਰੀਆਂ ਦਾ ਘਿਨਾਉਣਾ ਕਿਰਦਾਰ ਆਦਿ ਦੂਸ਼ਿਤ ਮਨ ਦਾ ਹੀ ਬੇਹੱਦ ਪ੍ਰਦੂਸ਼ਿਤ ਰੂਪ ਹਨ। ਇਹ ਇਕ ਭੈੜੇ ਵਿਚਾਰਾਂ ਦਾ ਨਵਾਂ ਪ੍ਰਦੂਸ਼ਣ ਹੈ ਜਿਸ ਨੂੰ ਸਮਾਜਿਕ ਪ੍ਰਦੂਸ਼ਣ ਦਾ ਨਾਮ ਦਿੱਤਾ ਜਾ ਸਕਦਾ ਹੈ। ਬੱਚਿਆਂ/ਬੰਦਿਆਂ/ਇਸਤਰੀਆਂ ਦਾ ਕਤਲ ਕਰਨ ਅਤੇ ਉਨ੍ਹਾਂ ਦਾ ਮਾਸ ਖਾਣ ਜਿਹੇ ਅਮਾਨਵੀ ਕਾਰੇ ਪੜ੍ਹ-ਸੁਣ ਰਹੇ ਹਾਂ। ਫਿਲਪਾਈਨ ਦੀ ਇਕ ਔਰਤ ਜਿਸ ਨੂੰ ਮਨੁੱਖੀ ਮਾਸ ਦਾ ਚਸਕਾ ਪੈ ਗਿਆ, ਇਸ ਚਸਕੇ ਦੀ ਪੂਰਤੀ ਹਿਤ ਉਹ ਆਪਣੇ ਖਾਵੰਦ ਤਕ ਨੂੰ ਵੀ ਖਾ ਗਈ। ਇਹ ਵਰਤਾਰਾ ਪੜ੍ਹ-ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੇ ਸੱਜਣ ਠੱਗ ਤੇ ਕੌਡੇ ਭੀਲ ਚੇਤੇ ਆਉਂਦੇ ਹਨ। ਪਤਾ ਲੱਗਦਾ ਹੈ ਕਿ ਅੱਜ ਵੀ ਕਈ ਸੱਜਣ ਠੱਗ ਤੇ ਕੌਡੇ ਭੀਲ ਹਨ। ਪਿਛਲੇ ਕੁਝ ਵਰ੍ਹਿਆਂ ਦੌਰਾਨ ਕਈ ਤਰ੍ਹਾਂ ਦੇ ਕਾਂਡ ਵਾਪਰੇ ਹਨ ਜੋ ਦਿਲ ਦਹਿਲਾ ਦੇਣ ਵਾਲੇ ਹਨ।

ਜਿਉਂ-ਜਿਉਂ ਮਨੁੱਖ ਨੇ ਵਿਕਾਸ ਦੇ ਪੜਾਅ ਤਹਿ ਕੀਤੇ ਹਨ ਤਿਉਂ-ਤਿਉਂ ਉਹ ਸਵਾਰਥ ਪੂਰਤੀ ਦੇ ਪੱਖ ਤੋਂ ਨਿੱਜਵਾਦ ਵਿਚ ਸਿਮਟ ਕੇ ਰਹਿ ਗਿਆ ਹੈ। ਇਹ ਇਕ ਮਾਨਸਿਕ ਪਤਨ ਦੀ ਨਿਸ਼ਾਨੀ ਹੈ। ਪਰ ਉਹ ਨਿੱਜਵਾਦ ਵਿੱਚੋਂ ਖੁਸ਼ੀ ਦੀ ਭਾਲ ਕਰ ਰਿਹਾ ਹੈ। ਸ਼ਾਇਦ ਉਹ ਇਸ ਗੱਲ ਤੋਂ ਬੇਖ਼ਬਰ ਹੈ ਕਿ ਮਨ ਦੀ ਖੁਸ਼ੀ ਲਈ ਲੋਕ-ਕਲਿਆਣਕਾਰੀ ਕੰਮਾਂ-ਕਾਰਜਾਂ ਵਿਚ ਆਪਣੇ-ਆਪ ਨੂੰ ਰੁਝਾਈ ਰੱਖਣਾ ਅਤਿ ਜ਼ਰੂਰੀ ਹੈ।

ਕੌਮਪ੍ਰਸਤੀ ਅਤੇ ਰਾਸ਼ਟਰੀਅਤਾ ਵੀ ਮਨੁੱਖਤਾ ਲਈ ਇਕ ਖ਼ਤਰਾ ਹੈ ਜਿਸ ਦੇ ਸਿੱਟੇ ਵਜੋਂ ਸੰਸਾਰ ਵਿਚ ਅਰਾਜਕਤਾ ਫੈਲੀ ਹੋਈ ਸਾਡੇ ਦ੍ਰਿਸ਼ਟੀਗੋਚਰ ਹੁੰਦੀ ਹੈ। ਅਮਰੀਕਾ ਆਪਣੀ ਸਰਦਾਰੀ ਨੂੰ ਕਾਇਮ ਰੱਖਣ ਲਈ ਹਰ ਹਰਬਾ ਵਰਤ ਰਿਹਾ ਹੈ ਅਤੇ ਆਪਣੇ ਹਥਿਆਰ ਧੜਾ-ਧੜ ਵੇਚ ਰਿਹਾ ਹੈ। ਦੂਸਰੇ ਸੰਸਾਰ ਯੁੱਧ ਦੇ ਅੰਤਮ ਪੜਾਅ ’ਚ ਅਮਰੀਕਾ ਦੁਆਰਾ ਹੀਰੋਸ਼ੀਮਾ ਤੇ ਨਾਗਾਸਾਕੀ ਜਪਾਨ ਦੇ ਦੋ ਸ਼ਹਿਰਾਂ ’ਤੇ ਸੁੱਟੇ ਐਟਮੀ ਬੰਬਾਂ ਦੀ ਤਬਾਹੀ ਤੇ ਉਸ ਦੇ ਚਿਰਕਾਲੀਨ ਸਿੱਟਿਆਂ ਨੂੰ ਕਦਾਚਿਤ ਵੀ ਨਹੀਂ ਭੁਲਾਇਆ ਜਾ ਸਕਦਾ। ਇਸ ਤਾਕਤਵਰ ਦੇਸ਼ ਵੱਲੋਂ ਵੀਅਤਨਾਮ, ਇਸਰਾਈਲ ਅਤੇ ਇਰਾਕ ਨਾਲ ਹੋਈਆਂ ਘਟਨਾਵਾਂ ਵੀ ਅੱਖੋਂ-ਪਰੋਖੇ ਕਰਨ ਯੋਗ ਨਹੀਂ ਹਨ। ਸੁੰਨੀ ਅਤੇ ਸ਼ੀਆ ਵਿਚ ਆਪਸ ਵਿਚ ਟਕਰਾਅ ਚੱਲਦਾ ਹੀ ਰਹਿੰਦਾ ਹੈ। ਸਾਡੇ ਕਈ ਗੁਆਂਢੀ ਮੁਲਕਾਂ ਵਿਚ ਗ੍ਰਹਿ ਯੁੱਧ ਦਾ ਮਾਹੌਲ ਹੈ। ਬੇਨਜ਼ੀਰ ਭੁੱਟੋ ਨੂੰ ਇਨ੍ਹਾਂ ਗਰੁੱਪਾਂ ਦੇ ਟਕਰਾਅ ਨਾਲੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ।

ਇਹ ਠੀਕ ਹੈ ਕਿ ਸਫ਼ਲਤਾ ਤੇ ਪ੍ਰਾਪਤੀ ਮਨ ਦੀ ਖੁਸ਼ੀ ਦਾ ਸ੍ਰੋਤ ਬਣਦੀਆਂ ਹਨ। ਪਰ ਜ਼ਿੰਦਗੀ ਵਿਚ ਇਨ੍ਹਾਂ ਨੂੰ ਵਿੰਗੇ-ਟੇਢੇ ਢੰਗ ਵਰਤ ਕੇ ਹਾਸਲ ਕਰਨ ਦਾ ਰੁਝਾਨ ਇਸ ਸਮੇਂ ਉਲਾਰ ਤੇ ਪਾਗ਼ਲਪਨ ਦੀ ਹੱਦ ਤਕ ਵਧ ਚੁੱਕਾ ਹੈ।

ਜਾਤ-ਪਾਤ ਦੇ ਆਧਾਰ ’ਤੇ ਵਖਰੇਵੇਂ ਵੀ ਇਸ ਤਮਸ-ਗ੍ਰਸਤ ਅਗਿਆਨੀ ਮਨ ਦਾ ਹੀ ਹਿੱਸਾ ਹਨ। ਜਿਹੜੇ ਮਨੁੱਖ ਜਾਤ-ਪਾਤ ਦੇ ਅਭਿਮਾਨ ਵਿਚ ਰਹਿੰਦੇ ਹਨ, ਉਹ ਨਿਰਮਲ ਰੂਹਾਨੀਅਤ ਤੋਂ ਵਾਂਝੇ ਰਹਿ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ-ਸਾਂਝੀਵਾਲਤਾ ਦਾ ਸੀਤਲ ਪੈਗ਼ਾਮ ਦੇ ਰਹੀ ਹੈ:

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)

ਅੱਜ ਮਨੁੱਖੀ ਮਨ ਪ੍ਰਭੂ-ਨਾਮ ਅਤੇ ਗੁਰਮਤਿ ਜੀਵਨ-ਜਾਚ ਤੋਂ ਥਿੜਕਣ ਕਰਕੇ ਖੁੱਸੀ ਹੋਈ ਖੁਸ਼ੀ ਨੂੰ ਖਾਣ-ਪੀਣ ਤੇ ਨੱਚਣ-ਟੱਪਣ ਆਦਿ ਵਿੱਚੋਂ ਭਾਲ ਰਿਹਾ ਹੈ। ਉਹ ਖੁਸ਼ੀ ਦੀ ਭਾਲ ਫੈਸ਼ਨਪ੍ਰਸਤੀ ਅਤੇ ਨਸ਼ਿਆਂ ਆਦਿ ਵਿੱਚੋਂ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਖੁਸ਼ੀ ਤਾਂ ਪ੍ਰਾਪਤ ਨਹੀਂ ਹੁੰਦੀ। ਨਸ਼ੇ ਵਿਚ ਗ੍ਰਸਤ ਵਿਅਕਤੀ ਕੁਝ ਚਿਰ ਲਈ ਕੌੜੀਆਂ ਸੱਚਾਈਆਂ ਤੋਂ ਮੂੰਹ ਮੋੜ ਲੈਂਦਾ ਹੈ ਪਰ ਫਿਰ ਹੋਸ਼ ਵਿਚ ਆਉਣ ’ਤੇ ਇਹ ਕੌੜੀਆਂ ਸੱਚਾਈਆਂ ਤੇ ਚਿੰਤਾਵਾਂ ਉਸ ਨੂੰ ਆਣ ਘੇਰਦੀਆਂ ਹਨ। ਇਸ ਪ੍ਰਕਾਰ ਵਾਰ-ਵਾਰ ਨਸ਼ੇ ਦਾ ਸਹਾਰਾ ਲਿਆ ਜਾਂਦਾ ਹੈ। ਨਸ਼ਾ-ਗ੍ਰਸਤ ਮਨੁੱਖ ਸਮਾਜ ਵਿਚ ਕਈ ਤਰ੍ਹਾਂ ਦਾ ਕੋਹਜ ਫੈਲਾਉਂਦਾ ਹੈ। ਚੋਰੀਆਂ, ਡਾਕੇ, ਲੁੱਟਾਂ-ਖੋਹਾਂ, ਬੈਂਕ ਡਕੈਤੀਆਂ ਆਦਿ ਘਟਨਾਵਾਂ ਪਿੱਛੇ ਨਸ਼ੇਖੋਰੀ ਦਾ ਝੱਸ ਇਕ ਪ੍ਰਮੁੱਖ ਕਾਰਨ ਹੈ। ਸਮਾਜ ਵਿਚ ਨਸ਼ੇ ਦੀਆਂ ਵੀ ਕਈ ਪਰਤਾਂ ਹਨ। ਇਸ ਪ੍ਰਸੰਗ ਵਿਚ ਵਿਹਲੜਾਂ, ਕੰਮਚੋਰਾਂ ਅਤੇ ਬੇਰੁਜ਼ਗਾਰਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

ਅਸੀਂ ਆਪਣੀ ਜ਼ਿੰਦਗੀ ਵਿੱਚੋਂ ਸਬਰ, ਸੰਤੋਖ ਅਤੇ ਸਹਿਜ ਆਦਿ ਰੱਬੀ ਗੁਣਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ ਅਤੇ ਜ਼ਿੰਦਗੀ ਦੇ ਸਮਤੋਲ ਨੂੰ ਗਵਾ ਚੁੱਕੇ ਹਾਂ। ਅੱਜ ਜ਼ਿੰਦਗੀ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਹੈ ਕਿ ਸੜਕ ਦੁਰਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ। ਸਾਡੇ ਦੇਸ਼ ਵਿਚ ਇਕ ਸਾਲ ਵਿਚ ਲੱਗਭਗ ਇਕ ਲੱਖ ਮੌਤਾਂ ਹਾਦਸਿਆਂ ਕਾਰਨ ਹੋ ਰਹੀਆਂ ਹਨ।

‘ਸੱਚ’ ਨਾਲ ਇਕਸੁਰ ਮਨ ਹਉਮੈ ਅਤੇ ਵਿਸ਼ੇ-ਵਿਕਾਰਾਂ ਤੋਂ ਰਹਿਤ ਹੁੰਦਾ ਹੋਇਆ ਪਰਉਪਕਾਰੀ ਸੁਭਾਅ ਦਾ ਮਾਲਕ ਹੋ ਜਾਂਦਾ ਹੈ। ਉਹ ਸਮੁੱਚੀ ਕਾਇਨਾਤ ਨੂੰ ਪਿਆਰ ਕਰਦਾ ਹੈ। ਐਸਾ ਮਨ ਖੇੜੇ ਵਿਚ ਰਹਿੰਦਾ ਹੈ। ਗੁਰਮਤਿ ਵਿਚ ਵਿਚਾਰ ਗੋਸ਼ਟਿ, ਸੰਗਤ, ਕੀਰਤਨ ਅਤੇ ਲੰਗਰ ਆਦਿ ਸੁੱਚੀਆਂ ਸੰਸਥਾਵਾਂ ਤੇ ਨਿਰਮਲ ਪਰੰਪਰਾਵਾਂ ਐਸੇ ਵਿਗਾਸ ਅਤੇ ਖੇੜੇ ਦੀਆਂ ਜ਼ਾਮਨ ਹਨ:

ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ॥
ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ॥ (ਪੰਨਾ 828)

ਓਸ ਗੁਣੀ-ਨਿਧਾਨ ਪਰਮਾਤਮਾ ਨਾਲ ਗੂੜ੍ਹੀ ਸਾਂਝ ਪਾ ਕੇ ਸਿਫਤ-ਸਲਾਹ ਕਰਨੀ, ਉਸ ਦੇ ਗੁਣਾਂ ਦਾ ਆਤਮਸਾਤ ਕਰਨਾ, ਆਪਣੇ ਜੀਵਨ ਵਿਚ ਢਾਲਣਾ ਹੀ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਣ ਦੀ ਇੱਕੋ-ਇੱਕ ਸਾਰਥਿਕ ਜੁਗਤੀ ਹੈ। ਸਰਬੱਤ ਦੇ ਭਲੇ ਵਿਚ ਹੀ ਆਪਣਾ ਭਲਾ ਅਤੇ ਸੁਖ ਨਿਹਿਤ ਹੈ:

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ 1382)

ਪਰ ਕਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ 386)

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (ਪੰਨਾ 441)

ਗੁਰੂ ਸਾਹਿਬਾਨ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਗੁਰਮਤੀ ਸੂਤਰ ਨੂੰ ਜੀਵਨ ਵਿਚ ਅਪਣਾਉਣ ਦੇ ਨਾਲ-ਨਾਲ ਸਹਿਣਸ਼ੀਲਤਾ, ਸਹਿਹੋਂਦ, ਨਿਮਰਤਾ ਆਦਿ ਜਿਹੇ ਗੁਣਾਂ ਨੂੰ ਵੀ ਧਾਰਨ ਕਰਨ ਦੀ ਗੱਲ ਕਹੀ ਹੈ। ਇਹ ਗੁਣ ਮਨੁੱਖੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਹੋਣੇ ਚਾਹੀਦੇ ਹਨ ਜਿਵੇਂ ਫੁੱਲ ਅੰਦਰ ਖੁਸ਼ਬੂ ਅਤੇ ਖੁਸ਼ਬੂ ਦਾ ਇਹ ਸੁਭਾਅ ਜਾਂ ਕਰਮ ਹੈ ਕਿ ਖੁਸ਼ਬੂ ਸਭ ਹੱਦਾਂ-ਬੰਨੇ ਤੋੜ ਕੇ ਸਭ ਪਾਸੇ ਫੈਲ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਨਸਿਕ ਆਤਮਿਕ ਸੀਤਲਤਾ ਵਾਸਤੇ ਸਾਡੀ ਅਗਵਾਈ ਕੀਤੀ ਗਈ ਹੈ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ੍ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ੍ ਦੇ ਚੁੰਮਿ॥ (ਪੰਨਾ 1378)

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ॥
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ॥ (ਪੰਨਾ 1379)

ਆਓ! ਮੌਜੂਦਾ ਬਹੁਭਾਂਤੀ ਉਲਝਣਾਂ ਤੇ ਦੁੱਖਾਂ ਦੇ ਸਮਾਧਾਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਨਿਰਮਲ ਤੇ ਸੀਤਲ ਬਾਣੀ ਨੂੰ ਪੜ੍ਹੀਏ, ਸੁਣੀਏ, ਮੰਨੀਏ ਅਤੇ ਆਪਣੇ ਜੀਵਨ-ਢੰਗ ’ਚ ਇਸ ਦੇ ਨਿਰਮਲ ਤੇ ਸੀਤਲ ਗੁਰ-ਉਪਦੇਸ਼ਾਂ ਨੂੰ ਪੱਕੇ ਤੌਰ ’ਤੇ ਸ਼ਾਮਲ ਕਰੀਏ। ਇਵੇਂ ਹੀ ਅਸੀਂ ਜਗਤ ਦੀਆਂ ਸਭ ਤਰ੍ਹਾਂ ਦੀਆਂ ਤਪਸ਼ਾਂ ਤੋਂ ਆਪ ਬਚ ਸਕਦੇ ਹਾਂ ਅਤੇ ਆਪਣੇ ਆਲੇ-ਦੁਆਲੇ ਦੇ ਮਨੁੱਖੀ ਸਮਾਜ ਅੰਦਰ ਵੀ ਸੁਖ-ਸ਼ਾਂਤੀ ਤੇ ਸੀਤਲਤਾ ਵਰਤਾ ਸਕਦੇ ਹਾਂ।

ਇਉਂ ਅਜੋਕੇ ਮਨੁੱਖ ਦੀ ਤ੍ਰਾਸਦਿਕ ਸਥਿਤੀ ਦਾ ਸਮਾਧਾਨ ਕਰਨ ’ਚ ਗੁਰਬਾਣੀ ਪੂਰਨ ਰੂਪ ’ਚ ਪ੍ਰਸੰਗਿਕ ਹੈ। ਗੁਰਬਾਣੀ ਦੇ ਵਿਸ਼ਵ-ਭਾਈਚਾਰੇ ਦੇ ਸਰੋਕਾਰ ਦੁਆਰਾ ਅਜੋਕੇ ਮਨੁੱਖ ਨੂੰ ਬਹੁਪ੍ਰਕਾਰੀ ਵਿਸ਼ੇ-ਵਿਕਾਰਾਂ, ਕੂੜ-ਸੰਸਕਾਰਾਂ ਅਤੇ ਔਗੁਣਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤਾਰਾਗੜ੍ਹ, ਡਾਕ: ਧਰਮਕੋਟ ਬੱਗਾ, ਤਹਿ: ਬਟਾਲਾ (ਗੁਰਦਾਸਪੁਰ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)