editor@sikharchives.org
1984

ਜ਼ਖ਼ਮ ਅਜੇ ਵੀ ਅੱਲੇ ਨੇ…. ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?

ਬੜੇ ਕਹਿਰ ਦੇ ਦਿਨ ਸਨ, ਜਦੋਂ ਦਿੱਲੀ ਅਤੇ ਭਾਰਤ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ਵਿਚੋਂ ਮਨੁੱਖੀ ਚੀਕਾਂ ਕੰਨਾਂ ਨੂੰ ਪਾੜ ਰਹੀਆਂ ਸਨ, ਘਰਾਂ ਨੂੰ ਲੱਗੀ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੋਹ ਰਹੀਆਂ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਹਰ ਸਾਲ ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ ਤਾਂ ਸਿੱਖਾਂ ਦੇ ਦਿਮਾਗ ਵਿਚ ਨਵੰਬਰ 84 ਦਾ ਸਿੱਖ ਕਤਲੇਆਮ ਘੁੰਮ ਜਾਂਦਾ ਹੈ। ਬੜੇ ਕਹਿਰ ਦੇ ਦਿਨ ਸਨ, ਜਦੋਂ ਦਿੱਲੀ ਅਤੇ ਭਾਰਤ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ਵਿਚੋਂ ਮਨੁੱਖੀ ਚੀਕਾਂ ਕੰਨਾਂ ਨੂੰ ਪਾੜ ਰਹੀਆਂ ਸਨ, ਘਰਾਂ ਨੂੰ ਲੱਗੀ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੋਹ ਰਹੀਆਂ ਸਨ। ਨਾਅਰੇ ਗੂੰਜ ਰਹੇ ਸਨ :

“ਖੂਨ ਕਾ ਬਦਲਾ ਖੂਨ ਸੇ ਲੇਂਗੇ।”
“ਸਰਦਾਰੋਂ ਕੋ ਜਲਾ ਦੋ, ਲੂਟ ਲੋ, ਸਰਦਾਰੋਂ ਕੋ ਮਾਰ ਦੋ।”
“ਹਿੰਦੂ ਭਾਈ, ਮੁਸਲਿਮ ਭਾਈ, ਸਰਦਾਰੋਂ ਕੀ ਕਰੋ ਸਫ਼ਾਈ।”

ਦੇ ਨਾਅਰਿਆਂ ਦੀ ਆਵਾਜ਼ ਨੇ ਕੰਨ ਪਾਟਣ ਨੂੰ ਕੀਤੇ ਹੋਏ ਸਨ। ਇਹ ਸਾਰਾ ਖੂਨੀ ਸਾਕਾ 31 ਅਕਤੂਬਰ 1984 ਨੂੰ ਉਸ ਸਮੇਂ ਵਾਪਰਿਆ ਜਦੋਂ ਦੋ ਸਿੱਖ ਨੌਜਵਾਨਾਂ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ ਨੇ ਜੂਨ 1984 ਵਿਚ ਅਕਾਲ ਤਖ਼ਤ ‘ਤੇ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਵੇਰੇ 9:18 ਮਿੰਟ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਵਿਖੇ ਲਿਜਾਇਆ ਗਿਆ ਸੀ। ਚਾਰੇ ਪਾਸੇ ਹਾਹਾਕਾਰ ਮੱਚ ਗਈ ਸੀ। ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ ਉਸ ਸਮੇਂ ਬੰਗਾਲ ਗਿਆ ਹੋਇਆ ਸੀ। ਪਤਾ ਲੱਗਣ ‘ਤੇ ਉਹ 4:00 ਵਜੇ ਸ਼ਾਮ ਨੂੰ ਦਿੱਲੀ ਪਹੁੰਚ ਗਿਆ ਸੀ। ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ 5:00 ਵਜੇ ਸ਼ਾਮ ਤਕ ਆਪਣਾ ਦੌਰਾ ਵਿਚੇ ਛੱਡ ਕੇ ਦਿੱਲੀ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ 6:55 ਵਜੇ ਰਾਜੀਵ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਘੋਸ਼ਿਤ ਕਰ ਦਿੱਤਾ।

ਉਸ ਸਮੇਂ ਦੇਸ਼ ਵਿਦੇਸ਼ ਦੇ ਮੀਡੀਏ ਦੀਆਂ ਨਜ਼ਰਾਂ ਉਨ੍ਹਾਂ ਦੋ ਸਿੱਖਾਂ ‘ਤੇ ਲੱਗੀਆਂ ਹੋਈਆਂ ਸਨ, ਜਿਨ੍ਹਾਂ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਜਦੋਂ ਕਿ ਦੂਸਰੇ ਪਾਸੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਲਈ ਇਹ ਖ਼ਬਰ ਮੌਤ ਦਾ ਭਿਆਨਕ ਜੰਜਾਲ਼ ਬਣੀ ਹੋਈ ਸੀ। ਸਾਰੇ ਦੇਸ਼ ਵਿਚ ਕਾਂਗਰਸ ਆਈ ਦੇ ਕਥਿਤ ਵਰਕਰ ਅਤੇ ਵਲੰਟੀਅਰ ਸਿੱਖਾਂ ਦੇ ਦੁਸ਼ਮਣ ਬਣ ਗਏ ਸਨ।

31 ਅਕਤੂਬਰ 1984 ਨੂੰ ਸਿੱਖਾਂ ਦੀ ਮਾਰ-ਕੁਟਾਈ ਦੀਆਂ ਘਟਨਾਵਾਂ ਸਭ ਤੋਂ ਪਹਿਲਾਂ ਕਲਕੱਤੇ ਵਿਚ ਸ਼ੁਰੂ ਹੋਈਆਂ। 1 ਨਵੰਬਰ ਦੇ ‘ਸਟੇਟਸਮੈਨ’ ਅਖ਼ਬਾਰ ਦੇ ਅਨੁਸਾਰ ਇਕ ਸਿੱਖ ਨੂੰ ਸਵੇਰੇ 11:00 ਵਜੇ ਰਾਈਟਰ ਬਿਲਡਿੰਗ ਦੇ ਨੇੜੇ ਕੁੱਟਿਆ ਗਿਆ। ਇਕ ਹੋਰ ਸਿੱਖ ਜੋ ਟੀ-ਬੋਰਡ ਦੇ ਦਫ਼ਤਰ ਅੱਗੇ ਖੜ੍ਹਾ ਸੀ, ਉਸ ‘ਤੇ 1:30 ਵਜੇ ਹਮਲਾ ਕੀਤਾ ਗਿਆ। ਨੈਸ਼ਨਲ ਪ੍ਰੈਸ ਨੇ ਰਿਪੋਰਟ ਕੀਤੀ ਕਿ ਕਾਂਗਰਸ ਆਈ ਦੇ ਵਰਕਰ ਅਤੇ ਵਲੰਟੀਅਰ ਦੁਪਹਿਰ ਤੋਂ ਬਾਅਦ ਕਲਕੱਤੇ ਦੇ ਵੱਖ ਵੱਖ ਇਲਾਕਿਆਂ ਵਿਚ ਭਗਦੜ ਮਚਾਉਣ ਲੱਗ ਪਏ ਹਨ, ਜਿਸ ‘ਤੇ ਸਥਿਤੀ ਨਾਲ ਨਿਪਟਣ ਲਈ ਫੌਜ ਨੂੰ ਬੁਲਾ ਲਿਆ ਗਿਆ ਅਤੇ 2:30 ਦੇ ਲਗਭਗ ਫੌਜ ਨੇ ਸ਼ਹਿਰ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ।

ਮਦਰਾਸ ਵਿਚ ਵੀ ਸਿੱਖਾਂ ਦੀਆਂ ਦੁਕਾਨਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਅਤੇ ਦੁਕਾਨਦਾਰਾਂ ਤੋਂ ਜਬਰਦਸਤੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਪੰਜਾਬ ਐਸੋਸੀਏਸ਼ਨ ਵੱਲੋਂ ਚਲਾਏ ਜਾਂਦੇ ਸਕੂਲ ਦੀਆਂ ਦੋ ਬੱਸਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਉੱਤਰ ਪ੍ਰਦੇਸ਼ ਵਿਚ ਵੀ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੱਖੀਂ ਦੇਖਣ ਵਾਲਿਆਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਕਾਨ੍ਹਪੁਰ ਵਿਚ ਕਾਂਗਰਸ ਹਮਾਇਤੀਆਂ ਦਾ ਭਾਰੀ ਇਕੱਠ ਗਲੀਆਂ ਵਿਚ ਇਕੱਠਾ ਹੋ ਗਿਆ ਸੀ। ਦੁਕਾਨਾਂ ਬੰਦ ਹੋ ਗਈਆਂ ਸਨ ਅਤੇ ਚਾਰੇ ਪਾਸੇ ਭਗਦੜ ਮੱਚ ਗਈ ਸੀ। ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਇੰਦੌਰ ਦੇ ਸਿੱਖਾਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਭਾਰੀ ਮਾਤਰਾ ਵਿਚ ਕਾਂਗਰਸ ਹਮਾਇਤੀਆਂ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਫੌਜ ਨੂੰ ਸੂਚਿਤ ਕਰਨਾ ਪਿਆ। ਉੜੀਸਾ ਵਿਚ ਕਾਂਗਰਸ ਆਈ ਦੇ ਵਰਕਰਾਂ ਨੇ ਭੁਵਨੇਸ਼ਵਰ ਦੇ ਸਿੱਖਾਂ ‘ਤੇ ਹਮਲਾ ਕਰਕੇ ਉਨ੍ਹਾਂ ਦੇ ਟਰੱਕਾਂ ਨੂੰ ਅੱਗ ਲਗਾ ਦਿੱਤੀ।

ਦਿੱਲੀ ਵਿਚ ਸਿੱਖ ਕਤਲੇਆਮ 31 ਅਕਤੂਬਰ 1984 ਨੂੰ ਦੁਪਹਿਰ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਿ ਦਿੱਲੀ ਵਿਚ ਬਹੁਤੇ ਸਿੱਖ ਕਾਂਗਰਸ ਆਈ ਦੇ ਹਮਾਇਤੀ ਸਨ ਇਨ੍ਹਾਂ ਵਿਚੋਂ ਬਹੁਤ ਸਾਰੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਖੇ ਸਵੇਰ ਤੋਂ ਹੀ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਹੋਏ ਸਨ। ਇਥੋਂ ਤਕ ਕਿ ਹਸਪਤਾਲ ਵਿਚ ਖੜ੍ਹੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ‘ਤੇ ਵੀ ਪਥਰਾਓ ਕੀਤਾ ਗਿਆ। ਸਿੱਖਾਂ ਨੂੰ ਬੱਸਾਂ ‘ਚੋਂ ਉਤਾਰ ਕੇ ਕੁੱਟਿਆ ਗਿਆ, ਮਾਰਿਆ ਗਿਆ। ਸ਼ਾਮ ਦੇ 4 ਵਜੇ ਤਕ ਕੁਝ ਦੁਕਾਨਾਂ ਨੂੰ ਲੁੱਟ ਲਿਆ ਸੀ ਅਤੇ ਕਈਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਸ਼ਾਮ ਨੂੰ 4 ਵਜੇ ਦੇ ਲਗਭਗ ਆਈ. ਐੱਨ. ਮਾਰਕੀਟ ਦੇ ਬਾਹਰ ਇਕ ਸਿੱਖ ਨੌਜਵਾਨ ਦੀ ਪਗੜੀ 30-35 ਲੋਕਾਂ ਨੇ ਉਤਾਰ ਕੇ ਪਾੜ ਦਿੱਤੀ ਅਤੇ ਉਨ੍ਹਾਂ ਨੇ ਸਿੱਖਾਂ ਦੀ ਮਾਰ-ਧਾੜ ਸ਼ੁਰੂ ਕਰ ਦਿੱਤੀ ਸੀ। ਇਹ ਦੰਗਾਕਾਰੀਆਂ ਦਾ ਚੰਗਾ ਟੋਲਾ ਬਣ ਗਿਆ ਸੀ ਜੋ ਸਫ਼ਦਰਗੰਜ਼ ਹਵਾਈ ਅੱਡੇ ਵੱਲ ਨੂੰ ਹੋ ਤੁਰਿਆ ਸੀ। ਫਲਾਈ ਓਵਰ ਦੇ ਨੇੜੇ ਉਨ੍ਹਾਂ ਨੇ ਇਕ ਸਿੱਖ ਨੂੰ ਕਾਰ ਵਿਚ ਜਾਂਦੇ ਦੇਖਿਆ ਤਾਂ ਉਨ੍ਹਾਂ ਨੇ ਕਾਰ ਨੂੰ ਰੋਕ ਲਿਆ ਅਤੇ ਸਿੱਖ ਨੂੰ ਧੂਹ ਕੇ ਵਿਚੋਂ ਖਿੱਚ ਲਿਆ ਅਤੇ ਉਸ ਦੀ ਸਾਰੀ ਕਾਰ ਭੰਨ ਦਿੱਤੀ, ਉਸ ਦੀ ਖਿੱਚ-ਧੂਹ ਕੀਤੀ, ਉਸ ਨੂੰ ਗਾਲ੍ਹਾਂ ਕੱਢੀਆਂ। ਪਰੰਤੂ ਉਹ ਸਿੱਖ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਨਿਕਲ ਗਿਆ ਅਤੇ ਦੰਗਾਕਾਰੀਆਂ ਦਾ ਕਾਫਲਾ ਚੀਖ-ਚਿੰਘਾੜਾਂ ਪਾਉਂਦਾ ਅੱਗੇ ਵੱਲ ਨੂੰ ਚਲੇ ਗਿਆ। ਰਸਤੇ ਵਿਚ ਇਕ ਡਾਕ ਗੱਡੀ ਮਿਲੀ ਜਿਸ ਨੂੰ ਇਕ ਸਿੱਖ ਡਰਾਈਵਰ ਚਲਾ ਰਿਹਾ ਸੀ। ਉਸ ਨੂੰ ਜੋਰ ਬਾਗ, ਸਫ਼ਦਰਗੰਜ਼ ਦੇ ਨੇੜੇ ਅੱਗ ਲਗਾ ਦਿੱਤੀ ਗਈ। ਗੁਰਦੁਆਰਾ ਸਿੰਘ ਸਭਾ ਲਕਸ਼ਮੀ ਬਾਈ ਨਗਰ ਅਤੇ ਗੁਰਦੁਆਰਾ ਕਦਵਈ ਨਗਰ ਅੱਗ ਨਾਲ ਬੁਰੀ ਤਰ੍ਹਾਂ ਜਲ ਰਹੇ ਸਨ। ਇਸੇ ਇਲਾਕੇ ਦੀਆਂ ਦੋ ਪ੍ਰਾਈਵੇਟ ਬੱਸਾਂ ਅਤੇ ਦੁਕਾਨਾਂ ਨੂੰ ਲੁੱਟ ਕੇ ਅੱਗ ਲਗਾ ਦਿੱਤੀ ਗਈ। ਪੁਲਿਸ ਖੜ੍ਹੀ ਤਮਾਸ਼ਾ ਦੇਖ ਰਹੀ ਸੀ। ਸਿੱਖਾਂ ਦੀਆਂ ਦੁਕਾਨਾਂ ਨੂੰ ਲੁੱਟਿਆ ਜਾ ਰਿਹਾ ਸੀ। ਲੱਕੜੀ ਦੀਆਂ ਦੁਕਾਨਾਂ ਅਤੇ ਟਰੱਕਾਂ ਨੂੰ ਅੱਗ ਲਗਾਈ ਜਾ ਰਹੀ ਸੀ। ਸ਼ਾਮ ਤਕ ਸ਼ੰਕਰ ਮਾਰਕੀਟ, ਪੰਚ ਕੂਆਂ ਰੋਡ, ਕਰੋਲ ਬਾਗ, ਸਰੋਜਨੀ ਨਗਰ ਅਤੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਇਮਾਰਤਾਂ ਬੁਰੀ ਤਰ੍ਹਾਂ ਸੜ ਰਹੀਆਂ ਸਨ ਅਤੇ ਲੁੱਟੀਆਂ ਜਾ ਚੁਕੀਆਂ ਸਨ।

31 ਅਕਤੂਬਰ ਨੂੰ 5 ਵਜੇ ਦੇ ਲਗਭਗ ਰਾਜੀਵ ਗਾਂਧੀ ਹਸਪਤਾਲ ਵਿਚ ਆਪਣੀ ਮਾਤਾ ਦੀ ਲਾਸ਼ ਕੋਲ ਆਇਆ ਤਾਂ ਉਸ ਨੇ ਗੁੱਸੇ ਵਿਚ ਮੁੱਠੀਆਂ ਬੰਦ ਕੀਤੀਆਂ ਹੋਈਆਂ ਸਨ। ਐੱਚ. ਕੇ. ਐੱਲ. ਭਗਤ ਵੀ ਉਸ ਦੇ ਨਾਲ ਸੀ। ਇਕ ਭਾਰੀ ਇਕੱਠ “ਇੰਦਰਾ ਗਾਂਧੀ ਅਮਰ ਰਹੇ” ਦੇ ਨਾਅਰੇ ਲਾ ਰਿਹਾ ਸੀ ਅਤੇ ਉੱਚੀ ਉੱਚੀ ਕਹਿ ਰਿਹਾ ਸੀ “ਖੂਨ ਕਾ ਬਦਲਾ ਖੂਨ ਸੇ ਲੇਂਗੇ”। ‘ਰੀਪੋਰਟ ਆਫ ਨੇਸ਼ਨ ਟਰੁਥ ਅਬਾਉਟ ਦਿੱਲੀ ਵੀਓਲੈਂਸ’ ਅਨੁਸਾਰ ‘ਭਗਤ’ ਬਾਹਰ ਆਇਆ ਅਤੇ ਉਸ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ “ਤੁਸੀਂ ਇਸ ਜਗ੍ਹਾ ‘ਤੇ ਹੀ ਫੋਕੇ ਨਾਅਰੇ ਲਾ ਕੇ ਪ੍ਰਾਰਥਨਾ ਕਰਦੇ ਰਹੋਗੇ?” ਬਸ ਫੇਰ ਕੀ ਸੀ, ਸੈਂਕੜੇ ਗੁਰਦੁਆਰੇ ਅੱਗ ਦੀ ਭੇਟਾ ਚਾੜ੍ਹ ਦਿੱਤੇ ਗਏ। ਗੁਰਦੁਆਰਾ ਰਕਾਬ ਗੰਜ ਅਤੇ ਚਾਂਦਨੀ ਚੌਂਕ ‘ਤੇ ਵੀ ਹਮਲਾ ਕੀਤਾ ਗਿਆ। ਕੁਝ ਸਿੱਖਾਂ ਨਾਲ ਰੇਲਵੇ ਸਟੇਸ਼ਨ ‘ਤੇ ਧੂਹ-ਘੜੀਸ ਕੀਤੀ ਗਈ ਅਤੇ ਉਨ੍ਹਾਂ ‘ਤੇ ਪਥਰਾਉ ਕੀਤਾ ਗਿਆ।

ਮਾਰ-ਧਾੜ ਕਰਨ ਲਈ ਬਾਹਰਲੇ ਇਲਾਕਿਆਂ ਤੋਂ ਭਾੜੇ ਦੇ ਦੰਗਾਕਾਰੀਆਂ ਨੂੰ ਲਿਆਂਦਾ ਗਿਆ ਸੀ। ਜਿਨ੍ਹਾਂ ਨੂੰ ਲੋਕਾਂ ਨੂੰ ਕਤਲ ਕਰਨ ਦਾ 1000-1000/- ਰੁਪਇਆ ਅਤੇ ਸ਼ਰਾਬ ਦਿੱਤੀ ਗਈ। ਸਿਟੀਜ਼ਨ ਕਮਿਸ਼ਨ ਦੇ ਐੱਸ. ਐੱਮ. ਸੀਕਰੀ (ਜੋ ਭਾਰਤ ਦੇ ਰਿਟਾ: ਜੱਜ ਹਨ) ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ 4 ਨਵੰਬਰ ਤਕ ਦਿੱਲੀ ਵਿਚ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਦਿਆਂ ਹੋਇਆਂ ਕਿਸ ਤਰ੍ਹਾਂ ਤੋੜ-ਫੋੜ ਕੀਤੀ ਗਈ। ਇਸ ਵਿਚ ਉਨ੍ਹਾਂ ਨੇ ਬਹੁਗਿਣਤੀ ਵੱਲੋਂ ਪੀੜਤਾਂ ਨਾਲ ਕਾਨੂੰਨ ਦੀ ਉਲੰਘਣਾ, ਤੋੜ-ਫੋੜ, ਕਤਲ ਅਤੇ ਬਲਾਤਕਾਰਾਂ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਰਾਹਤ ਕਾਰਜਾਂ ਵਿਚ ਲੱਗੇ ਹੋਏ ਲੋਕਾਂ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਆਪਣੇ ਤਜ਼ਰਬੇ ਦੇ ਅਨੁਸਾਰ ਤੁਰੰਤ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਇਹੋ ਜਿਹੇ ਵਿਅਕਤੀਆਂ ਜਿਹੜੇ ਕਤਲੋਗਾਰਤ ਕਰ ਰਹੇ ਸਨ, ਨੂੰ ਕਿਸੇ ਵੀ ਕੀਮਤ ‘ਤੇ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ। ਇਨ੍ਹਾਂ ਵਿਚੋਂ ਪੁਲਿਸ ਨੇ ਕੁਝ ਕੁ ਨੂੰ ਫੜ ਲਿਆ ਸੀ ਪਰ ਬਾਅਦ ਵਿਚ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਜੋ ਇਲਾਕੇ ਵਿਚ ਜਾ ਕੇ ਫਿਰ ਤੋਂ ਦਹਿਸ਼ਤ ਫੈਲਾਉਣ ਲੱਗ ਪਏ। ਸ੍ਰੀ ਸੀਕਰੀ ਨੇ ਆਪਣੀ ਰਿਪੋਰਟ ਦੀਆਂ ਕਾਪੀਆਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਭੇਜੀਆਂ ਸਨ ਪਰ ਅੱਜ ਤਕ ਇਸ ‘ਤੇ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਦੰਗਾਕਾਰੀ ਨੂੰ ਸਜ਼ਾ ਹੋਈ ਹੈ। ਕਮਿਸ਼ਨ ਜ਼ਰੂਰ ਬਣਦੇ ਰਹੇ ਤੇ ਰਿਪੋਰਟਾਂ ਬਣਦੀਆਂ ਗਈਆਂ। ਇਨ੍ਹਾਂ ਨਾਲ ਸਿਰਫ਼ ਦਫ਼ਤਰਾਂ ਦੀਆਂ ਫਾਈਲਾਂ ਹੀ ਮੋਟੀਆਂ ਹੋਈਆਂ ਹਨ, ਹੋਰ ਠੋਸ ਨਤੀਜਾ ਕੁਝ ਨਹੀਂ ਨਿਕਲਿਆ।

ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਨਾਨਾਵਤੀ ਕਮਿਸ਼ਨ ਅੱਗੇ ਸੰਸਾਰ ਪ੍ਰਸਿੱਧ ਜਰਨਲਿਸਟ ਸ. ਖੁਸ਼ਵੰਤ ਸਿੰਘ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਸਨ ਜਿਨ੍ਹਾਂ ਅਨੁਸਾਰ 31 ਅਕਤੂਬਰ ਅਤੇ 1 ਨਵੰਬਰ ਨੂੰ ਹੋਏ ਸਿੱਖ ਕਤਲੇਆਮ ਨਾਲ ਜਿਹੜੀਆਂ ਉਨ੍ਹਾਂ ਦੀਆਂ ਭਾਵਨਾਵਾਂ ਦਰਦਨਾਕ ਰੂਪ ਵਿਚ ਜ਼ਖਮੀ ਹੋਈਆਂ ਹਨ, ਉਨ੍ਹਾਂ ਦੇ ਦਾਗ ਉਹ ਆਪਣੀ ਸਾਰੀ ਉਮਰ ਮਹਿਸੂਸ ਕਰਦੇ ਰਹਿਣਗੇ। ਉਨ੍ਹਾਂ ਅਨੁਸਾਰ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਕਿ 31 ਅਕਤੂਬਰ 1984 ਦੀ ਦੁਪਹਿਰ ਨੂੰ ਕਨਾਟ ਸਰਕਲ ਵਿਚੋਂ ਕਾਲੇ ਧੂੰਏਂ ਦਾ ਇਕ ਸੰਘਣਾ ਬਦਲ ਉਭਰ ਰਿਹਾ ਸੀ। ਉਸ ਇਲਾਕੇ ਵਿਚ ਸਿੱਖਾਂ ਦੀਆਂ ਜਾਇਦਾਦਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਸ਼ਾਮ ਨੂੰ ਉਨ੍ਹਾਂ ਦੇਖਿਆ ਕਿ ਅੰਬੈਸਡਰ ਹੋਟਲ ਦੇ ਬਾਹਰ ਸਿੱਖਾਂ ਦੀਆਂ ਟੈਕਸੀਆਂ ਨੂੰ ਗੁੰਡਿਆਂ ਨੇ ਤੋੜ-ਭੰਨ ਦਿੱਤਾ ਸੀ। ਖਾਨ ਮਾਰਕੀਟ ਵਿਚ ਸਥਿਤ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਸਨ। ਉਨ੍ਹਾਂ ਨੇ ਉਥੇ ਸਾਹਮਣੇ ਸੜਕ ਉੱਪਰ ਇਕ ਅਫ਼ਸਰ ਅਧੀਨ ਦੋ ਕਤਾਰਾਂ ਵਿਚ ਪੁਲਿਸ ਕਰਮਚਾਰੀਆਂ ਨੂੰ ਵੀ ਖੜ੍ਹੇ ਦੇਖਿਆ ਸੀ ਜੋ ਕਿ ਹਥਿਆਰਬੰਦ ਸਨ ਪਰ ਉਹ ਖਾਮੋਸ਼ ਖੜ੍ਹੇ ਤਮਾਸ਼ਬੀਨ ਦੀ ਤਰ੍ਹਾਂ ਲੁੱਟ-ਮਾਰ ਦੇਖ ਰਹੇ ਸਨ। ਅੱਧੀ ਰਾਤ ਨੂੰ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਅਰੇ ਗੂੰਜਣ ਲੱਗ ਪਏ ਤਾਂ ਉਨ੍ਹਾਂ ਨੇ ਆਪਣੇ ਬਗ਼ੀਚੇ ਦੀ ਚਾਰ-ਦੀਵਾਰੀ ਰਾਹੀਂ ਦੇਖਿਆ ਕਿ ਇਕ ਟਰੱਕ ਵਿਚੋਂ ਲਾਠੀਆਂ ਅਤੇ ਮਿੱਟੀ ਦੇ ਤੇਲ ਦੀਆਂ ਪੀਪੀਆਂ ਉਤਾਰੀਆਂ ਜਾ ਰਹੀਆਂ ਸਨ। ਉਸ ਟਰੱਕ ਵਿਚ ਬਹੁਤ ਸਾਰੇ ਆਦਮੀ ਵੀ ਸਨ। ਇਨ੍ਹਾਂ ਲੋਕਾਂ ਨੇ ਸੁਜਾਨ ਸਿੰਘ ਪਾਰਕ ਦੇ ਗੁਰਦੁਆਰੇ ਉੱਤੇ ਹਮਲਾ ਕਰ ਦਿੱਤਾ। ਇਕ ਸਿੱਖ ਮਕੈਨਿਕ ਦੀ ਦੁਕਾਨ ਵਿਚ ਮੁਰੰਮਤ ਲਈ ਆਈਆਂ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ।

ਇਹ ਨਵੰਬਰ 1984 ਵਿਚ ਦਿੱਲੀ ਵਿਚ ਜੋ ਕੁਝ ਹੋਇਆ ਉਹ ਅਚਾਨਕ ਨਹੀਂ ਸੀ ਬਲਕਿ ਸੋਚ ਸਮਝ ਕੇ ਕੀਤਾ ਗਿਆ ਸੀ। ਇਹ ਹਿੰਦੂ-ਸਿੱਖ ਫਿਰਕੂ ਦੰਗੇ ਨਹੀਂ ਸਨ, ਬਲਕਿ ਬਹੁਤ ਇਲਾਕਿਆਂ ਵਿਚ ਤਾਂ ਹਿੰਦੂ ਭਰਾਵਾਂ ਨੇ ਤਾਂ ਸਗੋਂ ਆਪਣੇ ਗੁਆਂਢੀਆਂ ਦੇ ਬਚਾਅ ਲਈ ਜਤਨ ਵੀ ਕੀਤਾ। ਇਸੇ ਤਰ੍ਹਾਂ ਪੰਜਾਬ ਵਿਚ ਵੀ ਸਿੱਖਾਂ ਨੇ ਬਦਲੇ ਦੀ ਭਾਵਨਾ ਨਾਲ ਕੁਝ ਨਹੀਂ ਕੀਤਾ। ਇਸ ਲਈ ਸ਼ੱਕ ਦੀ ਉਂਗਲੀ ਸਿੱਧੀ ਇਕੋ ਪਾਰਟੀ ਵੱਲ ਉੱਠਦੀ ਹੈ ਜਿਸ ਨੇ ਸੰਕੇਤ ਦਿੱਤਾ ਸੀ ਕਿ ‘ਸਿੱਖਾਂ ਨੂੰ ਸਬਕ ਸਿਖਾ ਦਿਓ’ ਅਤੇ ਪੁਲਿਸ ਨੂੰ ਇਹ ਹੁਕਮ ਦਿੱਤਾ ਸੀ ਕਿ ਜਦ ਉਹ ਸਿੱਖਾਂ ਨੂੰ ਸਬਕ ਸਿਖਾ ਰਹੇ ਹੋਣ, ਉਦੋਂ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਨਾ ਕੀਤੀ ਜਾਵੇ।

ਇਨ੍ਹਾਂ ਚਾਰ ਦਿਨਾਂ ਦੌਰਾਨ ਹੋਈਆਂ ਘਟਨਾਵਾਂ ਦੀ ਜਾਂਚ ਲਈ ਹੁਣ ਤਕ ਬਹੁਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕਮਿਸ਼ਨ ਬਣਾਏ ਜਾ ਚੁਕੇ ਹਨ। ਇਸ ਵਿਸ਼ੇ ਉਤੇ ਕਿਤਾਬਾਂ ਵੀ ਲਿਖੀਆਂ ਜਾ ਚੁਕੀਆਂ ਹਨ। ਗੈਰ-ਸਰਕਾਰੀ ਕਮਿਸ਼ਨਾਂ ਵਿਚ ਸਾਡੇ ਦੇਸ਼ ਦੇ ਕਈ ਉੱਚ ਕੋਟੀ ਦੇ ਕਾਨੂੰਨਦਾਨ ਵੀ ਸ਼ਾਮਲ ਰਹੇ ਹਨ ਜਿਨ੍ਹਾਂ ਵਿਚ ਜਸਟਿਸ ਤਾਰਕੁੰਡੇ, ਡਾ. ਕੁਠਾਰੀ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਸ. ਐਮ. ਸੀਕਰੀ ਵਰਗਿਆਂ ਦੇ ਨਾਂ ਵਿਸ਼ੇਸ਼ ਹਨ। ਇਨ੍ਹਾਂ ਕਾਨੂੰਨਦਾਨਾਂ ਨੇ ਆਪਣੀਆਂ ਰਿਪੋਰਟਾਂ ਵਿਚ ਜਿਥੇ ਸਿੱਖ ਕਤਲੇਆਮ ਦੀ ਡੱਟ ਕੇ ਆਲੋਚਨਾ ਕੀਤੀ ਹੈ, ਉਥੇ ਉਨ੍ਹਾਂ ਨੇ ਬਹੁਤ ਸਾਰੇ ਤਤਕਾਲੀ ਕਾਂਗਰਸ ਸੰਸਦ ਮੈਂਬਰਾਂ ਉੱਤੇ ਵੀ ਕਾਤਲਾਂ ਨੂੰ ਭੜਕਾਉਣ ਦੇ ਦੋਸ਼ ਲਗਾਏ ਹਨ। ਇਨ੍ਹਾਂ ਕਾਨੂੰਨਦਾਨਾਂ ਨੇ ਆਖਿਆ ਕਿ ਕਈ ਸੰਸਦ ਮੈਂਬਰਾਂ ਨੇ ਇਕ ਨਿਰਦੋਸ਼ ਅਤੇ ਬਹੁਤ ਘੱਟ ਗਿਣਤੀ ਵਾਲੀ ਕੌਮ ਖਿਲਾਫ਼ ਹਿੰਸਾ ਭੜਕਾਈ ਸੀ, ਜੋ ਕਦੇ ਵੀ ਹਿੰਦੂ ਭਾਈਚਾਰੇ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਨਹੀਂ ਸੀ ਕਰਦੇ। ਸਰਕਾਰੀ ਕਮਿਸ਼ਨਾਂ ਨੇ ਕਾਂਗਰਸ ਪਾਰਟੀ ਨੂੰ ਅਤੇ ਸਰਕਾਰ ਨੂੰ ਦਿੱਲੀ ਵਿਚ ਲਗਭਗ 3500 ਤੋਂ ਵੱਧ ਅਤੇ ਉੱਤਰੀ ਭਾਰਤ ਦੇ ਹੋਰ ਸ਼ਹਿਰਾਂ ਵਿਚ 10,000 ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ। ਇਹ ਵਿਸ਼ਾਲ ਪੈਮਾਨੇ ‘ਤੇ ਕੀਤਾ ਗਿਆ ਇਕ ਵੱਡਾ ਅਪਰਾਧ ਸੀ ਜਿਸ ਲਈ ਸੈਂਕੜੇ ਅਪਰਾਧੀਆਂ ਨੂੰ ਫਾਂਸੀ ਉੱਪਰ ਚਾੜ੍ਹ ਦੇਣਾ ਚਾਹੀਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤਕ ਇਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਗਈ ਜਦੋਂ ਕਿ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ ਨਾਲ ਭਾਈ ਕੇਹਰ ਸਿੰਘ ਨੂੰ ਵੀ ਸਜ਼ਾ ਸੁਣਾ ਕੇ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਸ. ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਕਤਲ ਦੇ ਦੋਸ਼ ਵਿਚ ਹਵਾਰਾ ਅਤੇ ਉਸ ਦੇ ਸਾਥੀਆਂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਜਾ ਚੁਕੀ ਹੈ। ਫੇਰ ਇਕੋ ਦੇਸ਼ ਵਿਚ ਦੋ ਕਾਨੂੰਨ ਕਿਉਂ? ਕਿਉਂ ਨਹੀਂ ਲਟਕਾਇਆ ਜਾ ਰਿਹਾ ਫਾਂਸੀ ‘ਤੇ ਸਿੱਖਾਂ ਦੇ ਕਾਤਲਾਂ ਨੂੰ?

23 ਸਾਲ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਆਜ਼ਾਦੀ ਨਾਲ ਘੁੰਮ ਰਹੇ ਹਨ ਅਤੇ ਪੀੜਤ ਪਰਵਾਰ ਇਨਸਾਫ ਲਈ ਕਚਿਹਰੀਆਂ ਵਿਚ ਧੱਕੇ ਖਾ ਰਹੇ ਹਨ:

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ,
ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ, ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ.    (ਸੁਰਜੀਤ ਪਾਤਰ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)