ਸ. ਹਰੀ ਸਿੰਘ ਦਾ ਜਨਮ 1791 ਈ. ਵਿਚ ਗੁੱਜਰਾਂਵਾਲਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਗੁਰਦਿਆਲ ਸਿੰਘ ਤੇ ਮਾਤਾ ਦਾ ਨਾਂ ਧਰਮ ਕੌਰ ਸੀ। ਆਪ ਦੇ ਪਿਤਾ ਸ਼ੁੱਕਰਚਕੀਆ ਮਿਸਲ ਦੇ ਕੁੰਮਦਾਨ ਸਨ। ਆਪ ਦੇ ਪਿਤਾ ਨੇ ਸ. ਹਰੀ ਸਿੰਘ ਦੀ ਪੜ੍ਹਾਈ ਲਈ ਗੁਰਮੁਖੀ ਤੇ ਧਾਰਮਿਕ ਵਿਦਿਆ ਲਈ ਇਕ ਵਿਦਵਾਨ ਸਿੱਖ ਤੇ ਫਾਰਸੀ ਲਈ ਪ੍ਰਬੰਧ ਮੌਲਵੀ ਦੇ ਘਰ ਹੀ ਕਰ ਦਿੱਤਾ। ਸ. ਗੁਰਦਿਆਲ ਸਿੰਘ ਉੱਚੇ, ਲੰਮੇ ਤੇ ਤਕੜੇ ਸਰੀਰ ਦੇ ਸਨ। ਇਸ ਤਰ੍ਹਾਂ ਹੀ ਸ. ਹਰੀ ਸਿੰਘ ਦਾ ਕੱਦ-ਕਾਠ ਤੇ ਸਰੀਰ ਨਰੋਇਆ ਸੀ। ਹਰੀ ਸਿੰਘ ਦੇ ਪਿਤਾ ਜੀ ਜਦੋਂ ਹਰੀ ਸਿੰਘ 7 ਕੁ ਸਾਲ ਦਾ ਸੀ, ਇਸ ਦੁਨੀਆਂ ਤੋਂ ਕੂਚ ਕਰ ਗਏ।
ਸ. ਹਰੀ ਸਿੰਘ ਇੰਨੀ ਵੱਡੀ ਪਦਵੀ ’ਤੇ ਕਿਸ ਤਰ੍ਹਾਂ ਪਹੁੰਚੇ? ਬਸੰਤ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਵਿਸ਼ੇਸ਼ ਦਰਬਾਰ ਕਰਿਆ ਕਰਦੇ ਸਨ ਤੇ ਉਸ ਦਿਨ ਪੰਜਾਬ ਦੇ ਗੱਭਰੂ ਆਪਣੀ ਸੂਰਬੀਰਤਾ ਦੇ ਕਾਰਨਾਮੇ ਦਿਖਾਇਆ ਕਰਦੇ ਸਨ। 1862 ਬਿਕ੍ਰਮੀ ਵਿਚ ਜਦੋਂ ਬਸੰਤ ਦਰਬਾਰ ਲਾਹੌਰ ਵਿਖੇ ਲੱਗਿਆ ਤਾਂ ਸ. ਹਰੀ ਸਿੰਘ ਵੀ ਪਹੁੰਚੇ ਜਿਸ ਨੇ ਆਪਣੀ ਘੋੜਸਵਾਰੀ ਤੇ ਤਲਵਾਰ ਦੇ ਕਰਤੱਬ ਤੇਜ਼ੀ ਅਤੇ ਸਿਆਣਪ ਨਾਲ ਕਰਕੇ ਦਿਖਾਏ। ਮਹਾਰਾਜਾ ਰਣਜੀਤ ਸਿੰਘ ਵੇਖ ਕੇ ਹੈਰਾਨ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸ ਜਵਾਨ ਦੀ ਕਲਾ ਤੋਂ ਖੁਸ਼ ਹੋ ਕੇ ਉੱਠ ਕੇ ਆਪਣੇ ਹੱਥਾਂ ਨਾਲ ਉਸ ਦੇ ਗਲ ਵਿਚ ਕੀਮਤੀ ਕੈਂਠਾ ਪਾਇਆ। ਸ. ਹਰੀ ਸਿੰਘ ਨੂੰ ਹਜ਼ੂਰੀ ਖਿਦਮਤਗਾਰ ਵਜੋਂ ਨਿਯੁਕਤ ਕੀਤਾ ਗਿਆ। ਇਕ ਵਾਰ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਗਏ ਤਾਂ ਉਨ੍ਹਾਂ ਦਾ ‘ਹਜ਼ੂਰੀ’ ਖਿਦਮਤਗਾਰ ਸ. ਹਰੀ ਸਿੰਘ ਵੀ ਉਨ੍ਹਾਂ ਨਾਲ ਸੀ। ਜਿਉਂ ਹੀ ਉਹ ਸ਼ਿਕਾਰਗਾਹ ਵਿਚ ਵੜੇ ਤਾਂ ਅਚਾਨਕ ਇਕ ਤਕੜੇ ਸ਼ੇਰ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹੱਲਾ ਇੰਨਾ ਇਕਦਮ ਹੋਇਆ ਕਿ ਸ. ਹਰੀ ਸਿੰਘ ਆਪਣੀ ਤਲਵਾਰ ਵੀ ਨਾ ਕੱਢ ਸਕਿਆ। ਉਸ ਨੇ ਆਪਣੇ ਦੋਨਾਂ ਹੱਥਾਂ ਨਾਲ ਸ਼ੇਰ ਦੇ ਜਬਾੜੇ ਫੜ ਲਏ ਤੇ ਚੱਕਰ ਦੇ ਕੇ ਸ਼ੇਰ ਨੂੰ ਹੇਠਾਂ ਸੁੱਟ ਲਿਆ। ਫਿਰ ਆਪਣੀ ਤਲਵਾਰ ਕੱਢ ਕੇ ਸ਼ੇਰ ਦੀ ਗਰਦਨ ’ਤੇ ਇਤਨੀ ਜ਼ੋਰ ਨਾਲ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਵੱਖ ਹੋ ਗਈ। ਉਸ ਦਿਨ ਤੋਂ ਸ. ਹਰੀ ਸਿੰਘ ਦੇ ਨਾਂ ਨਾਲ ‘ਨਲੂਆ’ ਲੱਗ ਗਿਆ। ਮੌਲਾਨਾ ਅਹਿਮਦ ਦੀਨ ਆਪਣੀ ਕਿਤਾਬ ‘ਮੁਕੰਮਲ ਤਾਰੀਖ ਕਸ਼ਮੀਰ’ ਵਿਚ ਲਿਖਦਾ ਹੈ: ‘ਨਲੂਆ ਦੀ ਵਜਹ ਤਸਮੀਆਂ ਤੇ ਮੁਤਲਕ ਮਸਹੂਰ ਹੈ ਕਿ ਰਾਜਾ ਨਲ ਜਮਾਨਾ ਕਦੀਮ ਮੇ ਇਕ ਬਹਾਦਰ ਅਰ ਸੁਜਾਹ ਰਾਜਾ ਥਾ। ਲੋਗੋਂ ਨੇ ਉਸ ਕੋ ਨਲ ਸੇ ਨਲੂਆ ਬਣਾ ਦੀਆ। ਨਲੂਆ ਸੇ ਮੁਰਾਦ ਸ਼ੇਰ ਕੋ ਮਾਰਨੇ ਵਾਲਾ ਸ਼ੇਰ ਅਫਗਾਨ ਚੂੰਕਿ ਸ. ਹਰੀ ਸਿੰਘ ਨੇ ਵੀ ਉਹ ਮਾਰੇ ਥੇ। ਇਸ ਲੀਏ ਉਸ ਦਾ ਨਾਮ ਨਲੂਆ ਮਸ਼ਹੂਰ ਹੂਆ।’ ਇਸ ਘਟਨਾ ਤੋਂ ਬਾਅਦ ਮਹਾਰਾਜੇ ਨੇ ਸ. ਹਰੀ ਸਿੰਘ ਨੂੰ ਸ਼ੇਰਦਿਲ ਰਜਮੈਂਟ ਦਾ ਸਰਦਾਰ ਆਹਲਾ ਮੁਕੱਰਰ ਕਰ ਦਿੱਤਾ ਤੇ 800 ਸਵਾਰ ਤੇ ਪੈਦਲ ਉਸ ਦੇ ਅਧੀਨ ਕਰ ਦਿੱਤੇ। ਇਸ ਤਰ੍ਹਾਂ ਸ. ਹਰੀ ਸਿੰਘ ਨਲੂਏ ਦਾ ਫੌਜੀ ਜੀਵਨ ਸ਼ੁਰੂ ਹੋ ਗਿਆ। ਉਸ ਨੇ ਆਪਣੀ ਲਿਆਕਤ, ਬਹਾਦਰੀ ਤੇ ਹੌਸਲੇ ਨਾਲ ਸਿੱਖ ਰਾਜ ਦੀਆਂ ਹੱਦਾਂ ਨੂੰ ਕਸੂਰ, ਮੁਲਤਾਨ, ਬਹਾਵਲਪੁਰ, ਮਿੱਠਾ ਟਿਵਾਣਾ ਤੇ ਕਸ਼ਮੀਰ ਤਕ ਫੈਲਾਇਆ। ਇਸ ਤਰ੍ਹਾਂ ਉਹ ਕਸ਼ਮੀਰ ਦਾ ਗਵਰਨਰ ਬਣ ਗਿਆ ਤੇ ਉਸ ਦੇ ਨਾਂ ਦਾ ਸਿੱਕਾ ਚੱਲ ਪਿਆ। ਇਸ ਤੋਂ ਬਾਅਦ ਉਸ ਨੇ ਮੁਗਰੇ, ਮਾਘਲੀ, ਡੇਰਾ ਜਾਤ, ਹਜਾਰਾ, ਨੌਸ਼ਹਿਰਾ ਦਾ ਇਲਾਕਾ ਜਿੱਤ ਕੇ ਸਿੱਖ ਰਾਜ ਵਿਚ ਮਿਲਾਇਆ। ਪਰ ਜਦੋਂ ਗਾਖੜਾਂ ਨੇ ਸਿਰ ਚੁੱਕਿਆ ਤਾਂ ਉਸ ਨੂੰ ਪਿਸ਼ਾਵਰ ਨੂੰ ਵੀ ਖਾਲਸਾ ਰਾਜ ਵਿਚ ਸ਼ਾਮਲ ਕਰਨਾ ਪਿਆ। ਸ. ਹਰੀ ਸਿੰਘ ਨਲੂਆ ਨਿਤਨੇਮ ਗੁਰਮਤਿ ਅਨੁਸਾਰ ਕਰਦੇ ਸਨ। ਉਸ ਦਾ ਜੀਵਨ ਉੱਚ ਦਰਜੇ ਦਾ ਸੀ ਜਿਸ ਬਾਰੇ ਉਸ ਦੇ ਵਿਰੋਧੀ ਵੀ ਸਿਫਤਾਂ ਕਰਦੇ ਸਨ। ਉਸ ਦੇ ਵਿਚ ਹੰਕਾਰ ਦਾ ਮਾਦਾ ਨਹੀਂ ਆਇਆ ਭਾਵੇਂ ਉਸ ਨੇ ਕਿਤਨੀ ਵੱਡੀ ਪਦਵੀ ਵੀ ਪ੍ਰਾਪਤ ਕੀਤੀ। ਉੱਚੇ ਚਰਿੱਤਰ ਹੋਣ ਕਰਕੇ ਉਸ ਦੀਆਂ ਅੱਖਾਂ ਵਿਚ ਚਮਕ ਸੀ। ਚਿਹਰੇ ’ਤੇ ਜਲਾਲ ਸੀ। ਵੱਡੇ- ਵੱਡੇ ਸੂਰਮੇ ਵੀ ਉਸ ਤੋਂ ਡਰਦੇ ਅੱਖ ਨਾਲ ਅੱਖ ਮਿਲਾ ਕੇ ਨਹੀਂ ਦੇਖ ਸਕਦੇ ਸੀ। ਉਸ ਦਾ ਪਰਮਾਤਮਾ ਵਿਚ ਦ੍ਰਿੜ੍ਹ ਵਿਸ਼ਵਾਸ ਸੀ। ਉਹ ਇਨਸਾਫ਼ਪਸੰਦ ਹਾਕਮ ਸੀ, ਪਰ ਬੇਤਰਸ ਨਹੀਂ ਸੀ। ਮਿ. ਕੇ.ਐਮ. ਪਾਨੀਕਰ ਲਿਖਦਾ ਹੈ ਕਿ ‘ਹਰੀ ਸਿੰਘ ਸਿੱਖ ਜਰਨੈਲਾਂ ਵਿਚ ਸਭ ਤੋਂ ਵੱਧ ਸ਼ਰੀਫ ਸੀ ਅਤੇ ਆਪਣੇ ਸਮੇਂ ਦਾ ਬਹਾਦਰ ਜਰਨੈਲ ਸੀ। ਉਸ ਦਾ ਜੀਵਨ ਭਲਾ ਮਾਨਸ, ਵਰਆਸਤਾ ਤੇ ਨਿਡਰਤਾ ਦਾ ਸੁਮੇਲ ਸੀ।’ ਪੰਡਿਤ ਸ਼ਿਵ ਨਰੈਣ ਦੇ ਲਿਖਣ ਅਨੁਸਾਰ, ‘ਸਰਦਾਰ ਨਲੂਆ ਮਹਾਰਾਜੇ ਦੇ ਦਰਬਾਰ ਵਿਚ ਸਭ ਤੋਂ ਵੱਧ ਸੂਰਮਾ ਤੇ ਸਿਆਣਾ ਸਰਦਾਰ ਸੀ। ਜਿੱਥੇ ਸ. ਹਰੀ ਸਿੰਘ ਨਲੂਆ ਤਲਵਾਰ ਦਾ ਧਨੀ, ਘੋੜ ਸਵਾਰੀ ਦਾ ਮਾਲਕ ਸੀ, ਉਥੇ ਉਹ ਨਵੀਆਂ ਇਮਾਰਤਾਂ ਦੇ ਡਿਜ਼ਾਇਨਾਂ, ਸੁਰੱਖਿਅਤ ਕਿਲ੍ਹੇ ਤਿਆਰ ਕਰਨ ਤੇ ਉਨ੍ਹਾਂ ਦੇ ਮਾਡਲ ਬਣਾਉਣ ਵਿਚ ਵੀ ਮਾਹਰ ਸੀ।’ ਹਰੀਪੁਰ ਦਾ ਸ਼ਹਿਰ ਉਸ ਦੀਆਂ ਬਣਵਾਈਆਂ ਇਮਾਰਤਾਂ ਵਿੱਚੋਂ ਇਕ ਸੀ। ਕਿਸ਼ਨਗੜ੍ਹ ਕਿਲ੍ਹੇ ਦੀ ਬਣਤਰ ਤੇ ਚੋਣ ਇਕ ਉੱਚਕੋਟੀ ਦਾ ਸਬੂਤ ਸੀ। ਗੁਜਰਾਂਵਾਲੇ ਦੀ ਬਾਰਾਂਦਰੀ ਤੇ ਬਾਗ ਬਹੁਤ ਮਸ਼ਹੂਰ ਸਨ। ਇਸ ਤਰ੍ਹਾਂ ਉਹ ਵੀ ਬਹੁਪੱਖੀ ਸ਼ਖ਼ਸੀਅਤ ਸੀ। ਇਹ ਬਹਾਦਰ ਜਰਨੈਲ 30 ਅਪ੍ਰੈਲ 1837 ਈ. ਨੂੰ ਪ੍ਰਲੋਕ ਸਿਧਾਰ ਗਿਆ।
ਲੇਖਕ ਬਾਰੇ
#889, Phase X, Mohali
- ਡਾ. ਮਨਮੋਹਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%ae%e0%a8%a8%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/January 1, 2009