editor@sikharchives.org

ਜੂਨ 1984 ਦੀ ਦੁਖਦਾਇਕ ਯਾਦ

ਟੈਂਕਾਂ ਨਾਲ ਇਸ ਇਮਾਰਤ ਨੂੰ ਢਾਹ ਕੇ ਉਦੋਂ ਦੀ ਸਰਕਾਰ ਇਸ ਨੂੰ ਆਪਣੀ ਦਲੇਰੀ ਸਮਝ ਰਹੀ ਸੀ, ਸਾਰਾ ਨਿਰਪੱਖ ਸੰਸਾਰ ਤ੍ਰਾਹ-ਤ੍ਰਾਹ ਕਰ ਰਿਹਾ ਸੀ ਅਤੇ ਸਿੱਖ ਪੰਥ ਦਾ ਹਿਰਦਾ ਛਲਣੀ-ਛਲਣੀ ਹੋ ਗਿਆ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਇਕ ਅਸਹਿ ਪੀੜ ਤੇ ਅਕਹਿ ਦਰਦ ਦਾ ਅਹਿਸਾਸ ਲੈ ਕੇ ਆਉਂਦਾ ਹੈ ਹਰ ਵਰ੍ਹੇ ਜੂਨ ਦਾ ਮਹੀਨਾ। ਜੂਨ ਮਹੀਨਾ ਕੁਦਰਤ ਵੱਲੋਂ ਪਹਿਲਾਂ ਹੀ ਸਖ਼ਤ ਤੇ ਬੇਦਰਦ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਪਹਿਲੇ ਹਿੱਸੇ ਵਿਚ 4-6 ਜੂਨ ਦੇ ਦਿਨਾਂ ਨੂੰ ਸਾਡੇ ਦੇਸ਼ ਦੀ ਉਦੋਂ ਦੀ ਕੇਂਦਰ ਸਰਕਾਰ ਨੇ ਸਿੱਖ ਪੰਥ ਨੂੰ ਮਿਟਾਉਣ ਜਾਂ ਸਬਕ ਸਿਖਾਉਣ ਲਈ ਨਿਸ਼ਚਿਤ ਕੀਤਾ। ਸਿੱਖ ਧਰਮ ਦੇ ਪਰਮ ਪਵਿੱਤਰ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਉੱਪਰ ਭਾਰਤੀ ਫੌਜ ਵੱਲੋਂ ਹੱਲਾ ਬੋਲਿਆ ਗਿਆ। ਉਸ ਅਸਥਾਨ ’ਤੇ ਜਿਸ ਦੇ ਚਾਰੋਂ ਦਰਵਾਜ਼ੇ ਹਰ ਵੇਲੇ ਸੱਚੀ ਸ਼ਰਧਾ ਤੇ ਰੂਹਾਨੀ ਸ਼ਾਂਤੀ ਦੇ ਚਾਹਵਾਨ ਮਨੁੱਖ-ਮਾਤਰ ਨੂੰ ਬਗ਼ੈਰ ਵਿਤਕਰੇ ਵਖਰੇਵੇਂ ਦੇ ਆਪਣੀ ਸੁਖਾਵੀਂ ਗੋਦ ’ਚ ਆਉਣ ਦਾ ਸੱਦਾ ਦਿੰਦੇ ਹਨ। ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਿਥੇ ਸਿਰਫ ਹਰਿ-ਕੀਰਤਨ ਦਾ ਹੀ ਪ੍ਰਵਾਹ ਸਦਾ ਚੱਲਦਾ ਹੈ ਅਤੇ ਜੋ ਸਭਨਾਂ ਨੂੰ ਅਨੋਖਾ ਖੇੜਾ ਪ੍ਰਦਾਨ ਕਰਦਾ ਹੈ। ਮੀਰੀ-ਪੀਰੀ ਸਿਧਾਂਤ ਅਤੇ ਹੱਕ-ਸੱਚ ਦੇ ਸਰੋਕਾਰ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨਦਾਰ ਇਮਾਰਤ ਨੂੰ ਇਸ ਹੱਲੇ ਦਾ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਟੈਂਕਾਂ ਨਾਲ ਇਸ ਇਮਾਰਤ ਨੂੰ ਢਾਹ ਕੇ ਉਦੋਂ ਦੀ ਸਰਕਾਰ ਇਸ ਨੂੰ ਆਪਣੀ ਦਲੇਰੀ ਸਮਝ ਰਹੀ ਸੀ, ਸਾਰਾ ਨਿਰਪੱਖ ਸੰਸਾਰ ਤ੍ਰਾਹ-ਤ੍ਰਾਹ ਕਰ ਰਿਹਾ ਸੀ ਅਤੇ ਸਿੱਖ ਪੰਥ ਦਾ ਹਿਰਦਾ ਛਲਣੀ-ਛਲਣੀ ਹੋ ਗਿਆ ਸੀ। ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਗੁਰੂ-ਪਾਤਸ਼ਾਹਾਂ ਦੁਆਰਾ ਸਾਜੇ-ਨਿਵਾਜੇ ਇਸ ਸਿੱਖ ਪੰਥ ਨੇ ਬੇਮਿਸਾਲ ਹਿੱਸਾ ਪਾਇਆ ਸੀ ਅਤੇ ਜਿਸ ਦੇਸ਼ ਦੇ ਭੂਗੋਲਿਕ, ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਸਦਾਚਾਰਕ ਵਿਕਾਸ-ਵਿਗਾਸ ਵਾਸਤੇ ਉਹਨੇ ਅਦੁੱਤੀ ਕੰਮ ਕੀਤਾ ਸੀ ਤੇ ਹੱਦਾਂ ’ਪੁਰ ਦੇਸ਼ ਦੀ ਰਖਵਾਲੀ ਦੇ ਫ਼ਰਜ਼ ਨੂੰ ਅਨੇਕਾਂ ਕੁਰਬਾਨੀਆਂ ਦੇ ਕੇ ਨਿਭਾਇਆ ਸੀ, ਉਸ ਪੰਥ, ਉਸ ਕੌਮ ਦੇ ਖ਼ਿਲਾਫ ਅਜਿਹਾ ਘਿਨਾਉਣਾ ਹੱਲਾ ਬਿਨਾਂ ਸ਼ੱਕ ਦੇ ਅਤਿਅੰਤ ਦੁਖਦਾਈ ਤੇ ਹੈਰਾਨੀ ਵਾਲੀ ਗੱਲ ਹੈ। ਇਹ ਵੇਲੇ ਦੀ ਸਰਕਾਰ ਵੱਲੋਂ ਕੀਤਾ ਗਿਆ ਅਤਿ ਦੁਸ਼ਟ ਕਰਮ ਹੈ ਜਿਸ ਦੀ ਯਾਦ ਸਿੱਖ ਪੰਥ ਨੂੰ ਹਮੇਸ਼ਾਂ ਪੀੜਤ ਕਰਦੀ ਰਵ੍ਹੇਗੀ।

ਉਦੋਂ ਦੀ ਸਰਕਾਰ ਨੇ ਇਸ ਹੱਲੇ ਵਾਸਤੇ ਇਕ ਚਿਰਕਾਲੀ ਯੋਜਨਾ ਤਿਆਰ ਕੀਤੀ ਸੀ। ਇਸ ਸਚਾਈ ਤੋਂ ਪਿਛਲੇ ਲੰਘੇ ਸਮਿਆਂ ’ਚ ਕਈ ਵਾਰ ਨਿਰਪੱਖ ਖੋਜ ਏਜੰਸੀਆਂ ਅਤੇ ਵਿਅਕਤੀਗਤ ਖੋਜੀਆਂ ਦੁਆਰਾ ਪਰਦਾ ਲਾਹਿਆ ਜਾ ਚੁੱਕਾ ਹੈ। ਸਿੱਖ ਪੰਥ ਦੀ ਨੌਜਵਾਨੀ ਨੂੰ ਬੜੇ ਵੱਡੇ ਪੱਧਰ ’ਤੇ ਖ਼ਤਮ ਕਰਨ ਅਤੇ ਇਹਦੇ ਧਾਰਮਿਕ ਅਸਥਾਨਾਂ ਨੂੰ ਨਸ਼ਟ ਕਰਨ, ਸਿੱਖ ਪੰਥ ਦੇ ਮਹਾਨ ਸਾਹਿਤਕ ਖ਼ਜ਼ਾਨੇ ਨੂੰ ਖੋਹਣ ਜਿਹੇ ਭੈੜੇ ਇਰਾਦੇ ਇਸ ਹੱਲੇ ਵੇਲੇ, ਉਦੋਂ ਦੀ ਸਰਕਾਰ ਨੇ ਰੱਖੇ ਹੋਏ ਸਨ। ਦੁਖਦਾਇਕ ਗੱਲ ਇਹ ਹੈ ਕਿ ਸਰਕਾਰ ਨੇ ਮੱਧਕਾਲੀ ਮੁਗ਼ਲ ਹਾਕਮਾਂ ਅਤੇ ਅਫਗਾਨ ਧਾੜਵੀਆਂ ਹਮਲਾਵਰਾਂ ਨਾਲੋਂ ਵੀ ਵਧੇਰੇ ਦੁਸ਼ਟਤਾ ਵਿਖਾਈ। ਜੇਕਰ ਅਸੀਂ ਇਸ ਹੱਲੇ ਦੀਆਂ ਮੁਖ ਘਟਨਾਵਾਂ ਅਤੇ ਇਸ ਹਮਲੇ ਦੀ ਸ਼ੈਲੀ ਜਾਂ ਢੰਗ-ਤਰੀਕੇ ਦਾ ਵਿਸ਼ਲੇਸ਼ਣ ਕਰੀਏ ਤਾਂ ਸਹਿਜ ਸੁਭਾਵਕ ਰੂਪ ’ਚ ਇਨ੍ਹਾਂ ਬੁਰੇ ਇਰਾਦਿਆਂ ਨੂੰ ਰੱਖਣ ਦੀ ਅੱਖੜ ਸੱਚਾਈ ਸਿੱਧ ਹੁੰਦੀ ਹੈ। ਸਰਕਾਰ ਨੇ ਹੱਲੇ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਚੁਣਿਆ, ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਹਦੂਦ ਵਿਚ ਸਿੱਖ ਸੰਗਤਾਂ ਦੀ ਮੌਜੂਦਗੀ ਬੜੀ ਵੱਡੀ ਗਿਣਤੀ ’ਚ ਹੁੰਦੀ ਹੈ। ਇਸ ਹੱਲੇ ਵਿਚ ਟੈਂਕਾਂ, ਤੋਪਾਂ, ਮਸ਼ੀਨਗੰਨਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਗਈ। ਹੱਲੇ ਦੇ ਵੇਲੇ ਹੀ ਨਹੀਂ ਇਸ ਦੇ ਪਿੱਛੋਂ ਵੀ ਭਾਰਤੀ ਫੌਜ ਜੁੱਤੀਆਂ ਸਮੇਤ ਪਵਿੱਤਰ ਅਸਥਾਨ ’ਚ ਘੁੰਮਦੀ-ਫਿਰਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਹੁਤ ਹੀ ਪਵਿੱਤਰ ਇਤਿਹਾਸਕ ਇਮਾਰਤ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਾਹ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਮ-ਪਾਵਨ ਇਮਾਰਤ ’ਤੇ ਵੀ ਅਨੇਕਾਂ ਗੋਲੀਆਂ ਦਾਗੀਆਂ ਗਈਆਂ ਅਤੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਾਹਿਬਾਨ ਨੂੰ ਕਈ ਤਰੀਕਿਆਂ ਨਾਲ ਬੇਇਜ਼ਤ ਕਰਨ ਦੇ ਹੋਛੇ ਯਤਨ ਕੀਤੇ ਜਾਂਦੇ ਰਹੇ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਦੀਆਂ ਜਾਨਾਂ ਲੈ ਲਈਆਂ ਗਈਆਂ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਨੂੰ ਜੇਲ੍ਹੀਂ ਘਲਾਉਣ ਤੋਂ ਪਹਿਲਾਂ ਕਈ ਤਰ੍ਹਾਂ ਬੇਇੱਜ਼ਤ ਕੀਤਾ ਗਿਆ। ਭਾਰਤੀ ਫੌਜ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਰਹੀ, ਉਨ੍ਹਾਂ ਨੂੰ ਬੰਦੂਕਾਂ ਦੇ ਬੱਟਾਂ ਨਾਲ ਕੁੱਟਦੀ ਰਹੀ। ਸ੍ਰੀ ਦਰਬਾਰ ਸਾਹਿਬ ਦੀ ਹਦੂਦ ਦੀ ਬਿਜਲੀ ਦੀ ਸਪਲਾਈ ਬੰਦ ਕਰਕੇ ਪਾਣੀ ਵਾਲੀ ਵੱਡੀ ਟੈਂਕੀ ਬੰਬਾਂ ਨਾਲ ਤੋੜ ਦਿੱਤੀ ਗਈ ਅਤੇ ਗੁਰੂ ਰਾਮਦਾਸ ਸਰ੍ਹਾਂ ਵਿਚ ਠਹਿਰੀਆਂ ਹੋਈਆਂ ਸੰਗਤਾਂ ਨੂੰ ਤੁਪਕਾ-ਤੁਪਕਾ ਪਾਣੀ ਲਈ ਤਰਸਣ ਵਾਸਤੇ ਮਜਬੂਰ ਕੀਤਾ ਗਿਆ।

ਸਰਕਾਰ ਦੁਆਰਾ ਅਜਿਹਾ ਕਰਨਾ ਬਿਨਾਂ ਸ਼ੱਕ ਦੇਸ਼ ਦੀ ਬਹੁਗਿਣਤੀ ਨੂੰ ਸਦਾ ਲਈ ਆਪਣੀ ਪਾਰਟੀ ਦੇ ਪੱਖ ’ਚ ਕਰਨ ਦੇ ਮਨੋਰਥ ਨੂੰ ਪੂਰਾ ਕਰਨ ਵਾਸਤੇ ਸੀ। ਦੂਜੇ ਸ਼ਬਦਾਂ ਵਿਚ, ਵੇਲੇ ਦੀ ਸਰਕਾਰ ਸਿੱਖ ਪੰਥ ਅਥਵਾ ਗੁਰੂ ਦੀਆਂ ਸੰਗਤਾਂ ਦੀਆਂ ਜਾਨਾਂ ਦਾ ਘਾਤ ਕਰਕੇ ਬਹੁਗਿਣਤੀ ਵਰਗ ਦਾ ਆਪਣਾ ਵੋਟ ਬੈਂਕ ਪੱਕਾ ਕਰ ਰਹੀ ਸੀ। ਇਹ ਪ੍ਰਭਾਵ ਦੇਣ ਦਾ ਯਤਨ ਕਰਕੇ ਕਿ ਉਨ੍ਹਾਂ ਨੂੰ ਜੀਵਨ-ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਸਰਕਾਰ ਦੀਆਂ ਸਿੱਖ-ਮਾਰੂ ਅਤੇ ਪੰਜਾਬ-ਮਾਰੂ ਨੀਤੀਆਂ ਹੀ ਸਨ ਜਿਸ ਖ਼ਿਲਾਫ ਕੁਝ ਸਿੱਖ ਨੌਜਵਾਨਾਂ ਨੇ ਸਰਕਾਰ ਦਾ ਵਿਰੋਧ ਕਰਨ ਦਾ ਹੌਸਲਾ ਕੀਤਾ ਸੀ। ਇਹ ਵੀ ਸਾਬਤ ਹੋ ਚੁੱਕਾ ਹੈ ਕਿ ਵੇਲੇ ਦੀ ਸਰਕਾਰ ਨੇ ਆਪਣੇ ਗੁੰਡਾ-ਤੱਤਾਂ ਦੀ ਸਿੱਖ ਸੰਘਰਸ਼ ’ਚ ਘੁਸਪੈਠ ਕਰਾ ਕੇ ਇਸ ਨੂੰ ਸੇਧਹੀਣ ਅਤੇ ਲੋਕ-ਵਿਰੋਧੀ ਦਰਸਾਉਣ ਦੇ ਯਤਨ ਕੀਤੇ ਸਨ। ਸਰਕਾਰ ਨੇ ਖੁਦ ਗੱਲਬਾਤ ਦੀ ਨੀਤੀ ’ਤੇ ਪਹਿਰਾ ਨਾ ਦਿੱਤਾ। ਪੂਰੀ ਤਰ੍ਹਾਂ ਯੋਗ ਮੰਗਾਂ ਨੂੰ ਮੰਨਣ ’ਚ ਨਾਂਹ-ਨੁੱਕਰ ਕੀਤੀ ਗਈ। ਸਾਰੇ ਪ੍ਰਾਂਤਾਂ ਨੂੰ ਅਤਿ ਜ਼ਰੂਰੀ ਆਰਥਿਕ ਫੈਸਲੇ ਲੈਣ ਦੇ ਹੱਕ ਦੀ ਪ੍ਰੋੜ੍ਹਤਾ ਪੈਰਵੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਸਰਕਾਰ ਨੇ ਝੂਠੀਆਂ ਗੱਲਾਂ ਉਡਾਈਆਂ। ਅਸਲ ’ਚ ਸਰਕਾਰ ਨੂੰ ਸਿੱਖ ਪੰਥ ਖਿਲਾਫ਼ ਗੁੱਸਾ ਸੀ ਕਿ ਇਹਨੇ ਧਰਮ ਯੁੱਧ ਮੋਰਚਾ ਲਾਇਆ ਸੀ। ਸਰਕਾਰ ਇਸ ਹੱਲੇ ਨਾਲ ਇਹ ਆਸ ਰੱਖ ਰਹੀ ਸੀ ਕਿ ਸਿੱਖ ਮੁੜ ਕਦੇ ਇਹਦੇ ਸਾਹਵੇਂ ਸਿਰ ਨਾ ਚੁੱਕ ਸਕਣ। ਐਪਰ ਸਾਡੇ ਗੁਰੂ ਸਾਹਿਬਾਨ ਨੇ ਤਾਂ ਸਿੱਖ ਪੰਥ ਨੂੰ ਥਾਪਿਆ ਹੀ, ਇਹਨੂੰ ਹੱਕ-ਸੱਚ ਦੀ ਅਜਿਹੀ ਗੁੜ੍ਹਤੀ ਦਿੰਦਿਆਂ ਸੀ ਕਿ ਇਹ ਪੰਥ ਅਨਿਆਂ, ਕੁਸੱਤ, ਜ਼ੁਲਮ ਤੇ ਅਤਿਆਚਾਰ ਦੇ ਖਿਲਾਫ਼ ਜੂਝਣ ਤੋਂ ਕਦੇ ਵੀ ਪਿਛਾਂਹ ਨਹੀਂ ਹਟ ਸਕਦਾ। ਭਾਵੇਂ ਜੂਨ 1984 ਦੇ ਸਿੱਖ ਨਸਲਘਾਤ ਮਗਰੋਂ ਸਰਕਾਰ ਨੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ, ਕਾਨਪੁਰ ਅਤੇ ਹੋਰ ਕਈ ਵੱਡੇ-ਵੱਡੇ ਸ਼ਹਿਰਾਂ ਵਿਚ ਸਿੱਖਾਂ ਦਾ ਨਸਲਘਾਤ ਕਰਨ ਦਾ ਅਤਿਅੰਤ ਦੁਸ਼ਟ ਕਰਮ ਕੀਤਾ। ਇਸ ਸਾਰੇ ਵਰਤਾਰੇ ਵਿਚ ਸਿੱਖਾਂ ਨੂੰ ਅੱਜ ਤਕ ਨਿਆਂ ਨਹੀਂ ਦਿੱਤਾ ਗਿਆ। ਕਤਲੇਆਮ ਦੇ ਦੋਸ਼ੀ ਅੱਜ ਉਲਟਾ ਸਨਮਾਨ ਵਾਲੀਆਂ ਪਦਵੀਆਂ ’ਤੇ ਬੈਠੇ ਹਨ। ਐਸੀ ਹਾਲਤ ਵਿਚ ਸਿੱਖ ਪੰਥ ਦਾ ਹੱਕ-ਸੱਚ ਦੀ ਮੁੜ-ਕਾਇਮੀ ਖ਼ਾਤਰ ਕੀਤੀ ਜਾਣ ਵਾਲੀ ਜੱਦੋਜਹਿਦ ਅੱਜ ਵੀ ਚੱਲ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਲੋਕਾਂ ਦੁਆਰਾ ਵੋਟਾਂ ਰਾਹੀਂ ਚੁਣੀਆਂ ਗਈਆਂ ਸਾਡੀਆਂ ਲੋਕਤੰਤਰੀ ਕਹਾਉਣ ਵਾਲੀਆਂ ਸਰਕਾਰਾਂ ਆਪਣੀ ਹੀ ਪਰਜਾ ਨੂੰ ਪਹਿਲਾਂ ਅਨਿਆਂ ਨਾਲ ਦੁਖੀ ਕਰਦੀਆਂ ਹਨ, ਉਨ੍ਹਾਂ ਨੂੰ ਇਹ ਸਰਕਾਰਾਂ ਖੁਦ ਮੁਹਿੰਮਾਂ/ਮੋਰਚੇ ਚਲਾਉਣ/ ਲਾਉਣ ਵਾਸਤੇ ਮਜਬੂਰ ਕਰਦੀਆਂ ਹਨ ਅਤੇ ਪਿੱਛੋਂ ਪੂਰੀ ਤਰ੍ਹਾਂ ਵਫ਼ਾਦਾਰ ਅਤੇ ਦੇਸ਼-ਭਗਤ ਪਰਜਾ ਨੂੰ ਆਤੰਕਵਾਦੀ ਜਾਂ ਦਹਿਸ਼ਤਵਾਦੀ ਘੋਸ਼ਿਤ ਕਰਕੇ ਉਨ੍ਹਾਂ ਦਾ ਘਾਤ ਕਰਨ ’ਤੇ ਤੁਲ ਜਾਂਦੀਆਂ ਹਨ। ਅਜਿਹਾ ਕਰਨ ਵੇਲੇ ਉਹ ਦੇਸ਼ ਦੇ ਸੰਵਿਧਾਨ ’ਚ ਲਿਖੇ ਅਸੂਲਾਂ ਅਤੇ ਕਾਨੂੰਨਾਂ ਨੂੰ ਮੂਲੋਂ ਹੀ ਵਿਸਾਰ ਦਿੰਦੀਆਂ ਹਨ। ਜਿਨ੍ਹਾਂ ਸਿੱਖ ਗੁਰੂ ਸਾਹਿਬਾਨ ਨੇ ਦੇਸ਼ ਦੀਆਂ ਸਦੀਆਂ ਦੇ ਗ਼ੁਲਾਮੀ ਦੇ ਸੰਗਲ ਕੱਟਣ ਵਾਸਤੇ ਮਹਾਨ ਕਾਰਜ ਕੀਤੇ, ਦੇਸ਼-ਕੌਮ ’ਤੇ ਅਨੇਕਾਂ ਪਰਉਪਕਾਰ ਕੀਤੇ, ਉਨ੍ਹਾਂ ਦੇ ਹੀ ਪਵਿੱਤਰ ਅਸਥਾਨਾਂ ਨੂੰ ਹੱਲਿਆਂ ਦਾ ਨਿਸ਼ਾਨਾ ਬਣਾਉਣਾ ਸਿਖਰਲੇ ਦਰਜੇ ਦੀ ਅਕ੍ਰਿਤਘਣਤਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)