editor@sikharchives.org
ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਕਲਮ ਦੇ ਧਨੀ – ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਜਾਪੁ ਸਾਹਿਬ, ਅਕਾਲ ਉਸਤਤਿ, ਜ਼ਫ਼ਰਨਾਮਾ, ਚੰਡੀ ਚਰਿਤ੍ਰ ਆਦਿ ਜਿੱਥੇ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਾਡੇ ਸਾਹਮਣੇ ਉਭਾਰਦੀਆਂ ਹਨ, ਉਥੇ ਮੂਲ ਰੂਪ ਵਿਚ ਇਹ ਭਗਤੀ-ਭਾਵ ਨਾਲ ਗੜੂੰਦ ਰਚਨਾਵਾਂ ਵੀ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਹਰਮੁਖੀ ਸ਼ਖ਼ਸੀਅਤ ਦੇ ਆਧਾਰ ’ਤੇ ਅਤੇ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਦੇ ਆਧਾਰ ’ਤੇ ਸ਼ਰਧਾਲੂਆਂ ਵੱਲੋਂ ਅਨੇਕਾਂ ਲਕਬ ਆਪ ਜੀ ਦੇ ਨਾਂ ਨਾਲ ਜੋੜੇ ਗਏ ਹਨ। ਬਾਦਸ਼ਾਹ-ਦਰਵੇਸ਼, ਬੇਕਸਾਂ-ਰਾ ਯਾਰ, ਸੰਤ-ਸਿਪਾਹੀ, ਆਪੇ ਗੁਰ-ਚੇਲਾ, ਮਰਦ-ਅਗੰਮੜਾ, ਦਸਮੇਸ਼ ਪਿਤਾ, ਬਾਜ਼ਾਂ ਵਾਲੇ, ਕਲਗੀਧਰ ਪਾਤਸ਼ਾਹ, ਸਰਬੰਸ-ਦਾਨੀ, ਅੰਮ੍ਰਿਤ ਦੇ ਦਾਤਾ ਆਦਿ ਕੁਝ ਅਜਿਹੇ ਪ੍ਰਸਿੱਧ ਲਕਬ ਹਨ। ਗੁਰੂ ਜੀ ਜਿੱਥੇ ਤੇਗ ਦੇ ਧਨੀ ਸਨ, ਉਥੇ ਨਾਲ ਦੀ ਨਾਲ ਕਲਮ ਦੇ ਵੀ ਧਨੀ ਸਨ। ਅਨੰਦਪੁਰ ਸਾਹਿਬ ਦੀ ਧਰਤੀ ’ਤੇ ਸ਼ਸਤਰ- ਵਿੱਦਿਆ ਦੇ ਨਾਲ-ਨਾਲ ਸ਼ਾਸਤਰ-ਵਿੱਦਿਆ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਜਾਂਦਾ ਸੀ। ਗੁਰੂ ਜੀ ਦੇ ਦਰਬਾਰ ਵਿਚ ਪੰਜਾਬੀ, ਬ੍ਰਿਜ ਭਾਸ਼ਾ, ਫ਼ਾਰਸੀ ਆਦਿ ਦੇ ਬਵੰਜਾ ਕਵੀ ਵਿਸ਼ੇਸ਼ ਤੌਰ ’ਤੇ ਸੁਸ਼ੋਭਿਤ ਹੁੰਦੇ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਰਾਹੀਂ ਦਸਮ-ਗ੍ਰੰਥ ਦੀ ਰਚਨਾ ਕੀਤੀ। ਬੇਸ਼ੱਕ ਆਪ ਜੀ ਨੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਨਹੀਂ ਕੀਤੀ ਪਰ ਆਪ ਜੀ ਦੀ ਬਾਣੀ ਦਾ ਮਹੱਤਵ ਇਸ ਗੱਲ ਤੋਂ ਭਲੀ-ਭਾਂਤ ਪ੍ਰਗਟ ਹੁੰਦਾ ਹੈ ਕਿ ਆਪ ਜੀ ਦੁਆਰਾ ਰਚਿਤ ਜਾਪੁ ਸਾਹਿਬ, ਸਵੱਯੇ ਤੇ ਚੌਪਈ ਨੂੰ ਰੋਜ਼ਾਨਾ ਦੇ ‘ਨਿੱਤਨੇਮ’ ਦਾ ਹਿੱਸਾ ਬਣਾਇਆ ਗਿਆ ਹੈ। ਗੁਰੂ ਜੀ ਦੀ ਬਾਣੀ ਨੂੰ ਕੀਰਤਨ ਵਿਚ ਵੀ ਖਾਸ ਸਥਾਨ ਪ੍ਰਾਪਤ ਹੈ। ਡਾ. ਗੰਡਾ ਸਿੰਘ ਜੀ ਦੇ ਸ਼ਬਦਾਂ ਵਿਚ ਗੁਰੂ ਜੀ ਦਾ ਸਾਹਿਤਕ ਕਾਰਜ ਇਕ ਹੈਰਾਨ ਕਰ ਦੇਣ ਵਾਲਾ ਕ੍ਰਿਸ਼ਮਾ ਹੈ। ਵੀਹ ਸਾਲਾਂ ਵਿਚ ਚੌਦਾਂ ਲੜਾਈਆਂ ਲੜ ਕੇ ਵੀ ਕੇਵਲ ਚਾਲੀ- ਬਤਾਲੀ ਸਾਲ ਦੀ ਉਮਰ ਵਿਚ ਹੀ ਏਨੀ ਵੱਡੀ ਰਚਨਾ ਇਕ ਨੂਰਾਨੀ ਚਮਤਕਾਰ ਹੀ ਕਿਹਾ ਜਾ ਸਕਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਜਾਪੁ ਸਾਹਿਬ, ਅਕਾਲ ਉਸਤਤਿ, ਜ਼ਫ਼ਰਨਾਮਾ, ਚੰਡੀ ਚਰਿਤ੍ਰ ਆਦਿ ਜਿੱਥੇ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਾਡੇ ਸਾਹਮਣੇ ਉਭਾਰਦੀਆਂ ਹਨ, ਉਥੇ ਮੂਲ ਰੂਪ ਵਿਚ ਇਹ ਭਗਤੀ-ਭਾਵ ਨਾਲ ਗੜੂੰਦ ਰਚਨਾਵਾਂ ਵੀ ਹਨ। ਇਨ੍ਹਾਂ ਸਾਰੀਆਂ ਬਾਣੀਆਂ ਦਾ ਨਾਇਕ ਜਾਂ ਕੇਂਦਰ-ਬਿੰਦੂ ਅਕਾਲ ਪੁਰਖ ਹੈ। ਭਾਸ਼ਾ ਦੇ ਪੱਖੋਂ ਇਨ੍ਹਾਂ ਰਚਨਾਵਾਂ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਜੀ ਸੰਸਕ੍ਰਿਤ, ਹਿੰਦੀ, ਬ੍ਰਿਜ ਭਾਸ਼ਾ, ਫ਼ਾਰਸੀ ਅਤੇ ਪੰਜਾਬੀ ਸਾਰੀਆਂ ਭਾਸ਼ਾਵਾਂ ਤੋਂ ਭਲੀ-ਭਾਂਤ ਜਾਣੂ ਸਨ। ਜਾਪੁ ਸਾਹਿਬ ਵਿਚ ਵਰਤੇ ਗਏ ਛੰਦ-ਪ੍ਰਬੰਧ ਨੂੰ ਇਕ ਉੱਚਤਮ ਸਾਹਿਤ ਦਾ ਨਮੂਨਾ ਆਖਿਆ ਜਾ ਸਕਦਾ ਹੈ।

ਵਿਸ਼ਾ ਅਤੇ ਸ਼ੈਲੀ ਜਦੋਂ ਦੋਵੇਂ ਹੀ ਉੱਚ-ਪੱਧਰ ਦੇ ਹੋਣ ਤਾਂ ਰਚਨਾ ਅਮਰ ਹੋ ਜਾਂਦੀ ਹੈ। ਜੇ ਉਹ ਰਚਨਾ ਕਾਵਿਮਈ ਹੋਵੇ ਤਾਂ ਲੋਕਾਂ ਦੀ ਜ਼ਬਾਨ ’ਤੇ ਚੜ੍ਹ ਜਾਂਦੀ ਹੈ। ਗੁਰੂ ਜੀ ਦਾ ਰਚਿਤ ਸ਼ਬਦ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’ ਕਿਸ ਦੀ ਜ਼ੁਬਾਨ ’ਤੇ ਨਹੀਂ ਹੈ? ਕੌਣ ਹੈ, ਇਸ ਸ਼ਬਦ ਨੂੰ ਸੁਣ ਕੇ ਪਿਘਲ ਨਹੀਂ ਜਾਂਦਾ? ਸੂਲ ਨੂੰ ਸੁਰਾਹੀ ਅਤੇ ਖੰਜਰ ਨੂੰ ਪਿਆਲਾ ਸਮਝਣ ਵਾਲਾ ਸ਼ਾਇਰ ਅਸਲ ਵਿਚ ਕੋਈ ਆਮ ਵਿਅਕਤੀ ਨਹੀਂ ਸਗੋਂ ਉਹ ਸ਼ਖ਼ਸੀਅਤ ਹੈ ਜਿਸ ਨੇ ਆਪਣੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਿੱਤੀ ਹੋਈ ਹੈ। ਇਸੇ ਤਰ੍ਹਾਂ ‘ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨਾ ਟਰੋਂ’ ਵਾਲਾ ਸ਼ਬਦ ਕਾਇਰ ਤੋਂ ਕਾਇਰ ਵਿਅਕਤੀ ਨੂੰ ਵੀ ਇਕ ਵਾਰ ਹਲੂਣਾ ਦੇ ਜਾਂਦਾ ਹੈ।

ਜਾਪੁ ਸਾਹਿਬ ਵਿਚ ਨਮਸਤੰ, ਨਮੋ ਸਰਬੰ, ਕਿ ਚੱਤ੍ਰ ਚੱਕ੍ਰ ਆਦਿ ਸ਼ਬਦਾਂ ਨਾਲ ਤੁਕਾਂ ਅਰੰਭ ਕਰਨ ਦਾ ਦੁਹਰਾਉ ਅਤਿ ਸੁਰੀਲੀ ਲੈਅ ਪੈਦਾ ਕਰਦਾ ਹੈ। ਪਾਠ ਕਰਦਿਆਂ ਆਪਣੇ ਆਪ ਹੀ ਕਾਵਿਕ ਰਵਾਨਗੀ ਨਦੀ ਦੇ ਪਾਣੀ ਵਾਂਗ ਵਹਿ ਤੁਰਦੀ ਹੈ। ਬਹੁਤ ਸਾਰੀਆਂ ਤੁਕਾਂ ਦੇ ਅੰਤ ਤੇ ‘ਹੈ’ ਸ਼ਬਦ ਦਾ ਦੁਹਰਾਉ ਵੀ ਸੰਗੀਤ ਪੈਦਾ ਕਰਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਇਸ਼ਟ ਪ੍ਰਤੀ ਸਪੱਸ਼ਟ ਹਨ, ਆਪਣੇ ਵਿਸ਼ੇ ਬਾਰੇ ਉਨ੍ਹਾਂ ਨੂੰ ਕੋਈ ਦੁਬਿਧਾ ਨਹੀਂ ਅਤੇ ਉਹ ਜੋ ਕੁਝ ਕਹਿੰਦੇ ਹਨ, ਡੰਕੇ ਦੀ ਚੋਟ ਨਾਲ ਕਹਿੰਦੇ ਹਨ। ਵਿਸ਼ੇ ਦੀ ਸਪੱਸ਼ਟਤਾ ਇਨ੍ਹਾਂ ਤੁਕਾਂ ਤੋਂ ਸੁਤੇ-ਸਿਧ ਪ੍ਰਗਟ ਹੁੰਦੀ ਹੈ:

ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ
ਤਿਨ ਹੀ ਪ੍ਰਭੁ ਪਾਇਓ॥9॥ (ਤ੍ਵ ਪ੍ਰਸਾਦਿ ਸਵੱਯੇ)

ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਆਪਨੀ ਜੀਤ ਕਰੋਂ॥ (ਚੰਡੀ ਚਰਿਤ੍ਰ)

ਜਬ ਆਵ ਕੀ ਅਉਧ ਨਿਦਾਨ ਬਨੈ
ਅਤ ਹੀ ਰਨ ਮੈ ਤਬ ਜੂਝ ਮਰੋਂ॥ (ਚੰਡੀ ਚਰਿਤ੍ਰ)

ਗੁਰੂ ਜੀ ਦੀ ਕਲਮ ਦਾ ਪ੍ਰਭਾਵ ਇਸ ਇਤਿਹਾਸਕ ਤੱਥ ਤੋਂ ਵੀ ਪ੍ਰਗਟ ਹੈ ਕਿ ‘ਜ਼ਫ਼ਰਨਾਮਾ’ ਪੜ੍ਹ ਕੇ ਔਰੰਗਜ਼ੇਬ ਬਾਦਸ਼ਾਹ ਦਾ ਚਿਹਰਾ ਪੀਲਾ ਪੈ ਗਿਆ ਸੀ ਅਤੇ ਹੱਥ ਕੰਬਣ ਲੱਗ ਪਏ ਸਨ। ਕਲਮ ਦੁਆਰਾ ਪ੍ਰਗਟ ਕੀਤਾ ਗਿਆ ਸੱਚ, ਏਨਾ ਪ੍ਰਭਾਵਸ਼ਾਲੀ ਸੀ ਕਿ ਔਰੰਗਜ਼ੇਬ ਦਾ ਅੰਦਰਲਾ ਫ਼ਰੇਬ ਕੰਬ ਉੱਠਿਆ। ‘ਫ਼ਤਹਿਨਾਮਾ’ ਚਿੱਠੀ ਪੜ੍ਹ ਕੇ ਵੀ ਔਰੰਗਜ਼ੇਬ ਬੜਾ ਪ੍ਰਭਾਵਿਤ ਹੋਇਆ ਸੀ। ਗੁਰੂ ਜੀ ਨੇ ਸੱਚਾਈ ਦਾ ਬਿਆਨ ਸਪੱਸ਼ਟ ਸ਼ਬਦਾਂ ਵਿਚ ਕੀਤਾ ਸੀ ਅਤੇ ਪੂਰੇ ਤਰਕਮਈ ਢੰਗ ਨਾਲ ਔਰੰਗਜ਼ੇਬ ਨੂੰ ਝੂਠਾ ਸਾਬਤ ਕੀਤਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇਵਲ ਕਲਮ ਦੇ ਧਨੀ ਹੀ ਨਹੀਂ ਸਗੋਂ ਕਲਮ ਦੇ ਬੜੇ ਵੱਡੇ ਸਰਪ੍ਰਸਤ ਵੀ ਸਨ। ਆਪ ਕਵੀਆਂ ਅਤੇ ਕਲਾਕਾਰਾਂ ਦੀ ਪੂਰੀ-ਪੂਰੀ ਕਦਰ ਕਰਦੇ ਸਨ। ਭਾਈ ਨੰਦ ਲਾਲ ਜੀ ਅਤੇ ਭਾਈ ਮਨੀ ਸਿੰਘ ਜੀ ਵਰਗੇ ਹੀਰੇ ਆਪ ਜੀ ਦੇ ਸਾਹਿਤਕ ਦਰਬਾਰ ਦੀ ਸ਼ਾਨ ਸਨ। ਉਸ ਜ਼ਮਾਨੇ ਦੇ ਹਿਸਾਬ ਨਾਲ ਬਵੰਜਾ ਕਵੀਆਂ ਦੀ ਮੌਜੂਦਗੀ ਕੋਈ ਮਾੜੀ-ਮੋਟੀ ਗੱਲ ਨਹੀਂ ਹੈ। ਲੜਾਈ ਦੇ ਸਮੇਂ ਵਿਚ ਬੀਰ-ਰਸੀ ਸਾਹਿਤ ਦੀ ਭੂਮਿਕਾ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਇਸੇ ਗੱਲ ਨੂੰ ਦੇਖਦੇ ਹੋਏ ਗੁਰੂ ਜੀ ਨੇ ਵਾਰਾਂ ਦੇ ਗਾਇਨ ਨੂੰ ਉਤਸ਼ਾਹਿਤ ਕੀਤਾ ਅਤੇ ਵਿਸ਼ੇਸ਼ ਕਵੀ-ਦਰਬਾਰ ਵੀ ਕਰਵਾਏ। ਬੀਰ-ਰਸੀ ਜਜ਼ਬਾ ਭਰਨ ਲਈ ਇਹ ਕੰਮ ਬਹੁਤ ਜ਼ਰੂਰੀ ਸੀ।

ਆਪਣੀਆਂ ਅਤੇ ਬਵੰਜਾ ਕਵੀਆਂ ਦੀਆਂ ਰਚਨਾਵਾਂ ਤੋਂ ਇਲਾਵਾ ਗੁਰੂ ਜੀ ਨੇ ਪੁਰਾਤਨ ਰਚਨਾਵਾਂ ਦਾ ਅਨੁਵਾਦ ਵੀ ਕਰਾਇਆ। ਇਹ ਕਲਮ ਜਾਂ ਸਾਹਿਤ ਦੇ ਖੇਤਰ ਵਿਚ ਇਕ ਬੜਾ ਵੱਡਾ ਇਤਿਹਾਸਕ ਕਦਮ ਸੀ। ਇਸ ਕੰਮ ਲਈ ਸੰਸਕ੍ਰਿਤ ਦਾ ਗਿਆਨ ਬਹੁਤ ਜ਼ਰੂਰੀ ਸੀ। ਜਦੋਂ ਪਾਉਂਟਾ ਸਾਹਿਬ ਵਿਖੇ ਪੰਡਤ ਰਘੁਨਾਥ ਦਾਸ ਨੇ ਪੰਜ ਸਿੱਖਾਂ ਨੂੰ ਗੈਰ-ਬ੍ਰਾਹਮਣ ਹੋਣ ਕਰਕੇ ਸੰਸਕ੍ਰਿਤ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਜੀ ਨੇ ਉਨ੍ਹਾਂ ਸਿੱਖਾਂ ਨੂੰ ਬਨਾਰਸ ਭੇਜਿਆ। ਇਹ ਸਿੱਖ ‘ਨਿਰਮਲੇ ਸੰਤ’ ਅਖਵਾਏ ਅਤੇ ਇਨ੍ਹਾਂ ਨੇ ਬਨਾਰਸ ਜਾ ਕੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ।

ਪੁਰਾਣੇ ਸਮਿਆਂ ਵਿਚ ਪ੍ਰਿੰਟਿੰਗ ਪ੍ਰੈਸ ਨਾ ਹੋਣ ਕਰਕੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਿਆ ਕਰਦੇ ਸਨ। ਇਸ ਤਰ੍ਹਾਂ ਹੱਥ-ਲਿਖਤ ਬੀੜਾਂ ਤਿਆਰ ਹੋ ਜਾਂਦੀਆਂ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜ਼ਰੂਰੀ ਕੰਮ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਭਾਈ ਮਨੀ ਸਿੰਘ ਜੀ ਤੋਂ ਆਪ ਜੀ ਨੇ ਹੱਥ-ਲਿਖਤ ਬੀੜ ਤਿਆਰ ਕਰਵਾਈ। ਇਸ ਦੇ ਨਾਲ ਹੀ ਆਪ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਰਾਗਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਸ਼ਾਮਲ ਕਰਵਾਇਆ। ਇਹ ਮਾਣ ਵੀ ਆਪ ਜੀ ਨੂੰ ਹੀ ਪ੍ਰਾਪਤ ਹੈ ਕਿ ਸਥਾਈ ਤੌਰ ’ਤੇ ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਜੀ ਨੇ ਗੁਰੂ ਦਾ ਦਰਜਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਥ ਨੂੰ ਫੈਸਲੇ ਕਰਨ ਦਾ ਅਧਿਕਾਰ ਦਿੱਤਾ। ਗੁਰੂ ਜੀ ਦਾ ਇਹ ਕਦਮ ਬਾਣੀ ਨੂੰ ਗੁਰੂ ਮੰਨਣ ਅਤੇ ਦੂਜੇ ਲਫ਼ਜ਼ਾਂ ਵਿਚ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਕਲਮ ਨੂੰ ਇਕ ਸਿਜਦਾ ਵੀ ਸੀ।

ਅਨੰਦਪੁਰ ਸਾਹਿਬ, ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਪਾਉਂਟਾ ਸਾਹਿਬ ਤਿੰਨੇ ਪਵਿੱਤਰ ਸਥਾਨਾਂ ਦੀ ਧਰਤੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਇਥੇ ‘ਕਲਮ ਦੇ ਧਨੀ’ ਨੇ ਕੇਵਲ ਕਲਮ ਚਲਾਈ ਹੀ ਨਹੀਂ ਸਗੋਂ ਰੱਜ ਕੇ ਕਲਮ ਦੀ ਸਰਪ੍ਰਸਤੀ ਵੀ ਕੀਤੀ ਹੈ। ਦਮਦਮਾ ਸਾਹਿਬ ਨੂੰ ਤਾਂ ‘ਗੁਰੂ ਕੀ ਕਾਸ਼ੀ’ ਵੀ ਕਿਹਾ ਜਾਂਦਾ ਹੈ। ਉਪਰੋਕਤ ਤਿੰਨੇ ਸਥਾਨ ਗੁਰੂ ਜੀ ਦੇ ਸਮੇਂ ਵਿੱਦਿਆ ਅਤੇ ਸਾਹਿਤ ਦੇ ਮੁੱਖ ਕੇਂਦਰ ਰਹੇ ਹਨ। ਰਾਜਾ ਮੇਦਨੀ ਪ੍ਰਕਾਸ਼ ਦੇ ਦਿਲ ਵਿਚ ਸ਼ਰਧਾ ਸੀ ਕਿ ਗੁਰੂ ਜੀ ਉਸ ਦੀ ਰਿਆਸਤ ਵਿਚ ਰਹਿਣ। ਉਸ ਦੀ ਇਹ ਸ਼ਰਧਾ ਵੇਖਦੇ ਹੋਏ ਗੁਰੂ ਜੀ ਨੇ ਜਮਨਾ ਨਦੀ ਦੇ ਕੰਢੇ ’ਤੇ ਪਾਉਂਟਾ ਸਾਹਿਬ ਵਿਖੇ ਟਿਕਾਣਾ ਕੀਤਾ। ਇਥੇ ਕਵੀ-ਦਰਬਾਰ ਕਰਵਾਏ, ਕਵੀਆਂ ਨੂੰ ਮਾਣ-ਤਾਣ ਦਿੱਤਾ। ਆਪ ਜੀ ਨੇ ਖੁਦ ਵੀ ਪਹਾੜੀ ਨਦੀ ਜਮਨਾ ਦੀ ਸੁਹਾਵਣੀ ਇਕਾਂਤ ਵਿਚ ਬੈਠ ਕੇ ਬਾਣੀ ਦੀ ਰਚਨਾ ਕੀਤੀ। ਲਾਲਾ ਦੌਲਤ ਰਾਏ ਨੇ ਗੁਰੂ ਜੀ ਨੂੰ ‘ਮਹਾਂ ਕਵੀ, ਧਾਰਮਿਕ ਨੇਤਾ, ਚੋਟੀ ਦੇ ਸੁਧਾਰਕ, ਮੰਨੇ-ਪਰਮੰਨੇ ਵਿਦਵਾਨ ਅਤੇ ਬਹੁਤ ਵੱਡੇ ਬਲਵਾਨ ਯੋਧੇ ਤੇ ਜਰਨੈਲ’ ਆਖਿਆ ਹੈ। ਕਨਿੰਘਮ ਤਾਂ ਗੁਰੂ ਜੀ ਦੇ ਜੀਵਨ ਵਿਚਲੀ ਘਾਲਣਾ ਤੋਂ ਏਨਾ ਪ੍ਰਭਾਵਿਤ ਸੀ ਕਿ ਉਸ ਦੇ ਮੁਤਾਬਿਕ ਗੁਰੂ ਜੀ ਦੇ ਜੀਵਨ ਦੇ ਅਧਿਐਨ ਲਈ ਸਾਨੂੰ ਇਕ ਤੇਜ਼ ਰਫ਼ਤਾਰ ਘੋੜੇ ਜਿੰਨਾ ਤੇਜ਼ ਹੋਣ ਦੀ ਲੋੜ ਹੈ। ਸੱਚਮੁਚ ਹੀ ਬਹੁਤ ਹੈਰਾਨੀ ਹੁੰਦੀ ਹੈ ਕਿ ਬਤਾਲੀ ਸਾਲਾਂ ਦੀ ਛੋਟੀ ਜਿਹੀ ਅਤੇ ਉਹ ਵੀ ਘੱਲੂਘਾਰਿਆਂ ਨਾਲ ਓਤ-ਪੋਤ ਉਮਰ ਵਿਚ ਏਨੀ ਉੱਚ-ਪਾਏ ਦੀ ਅਤੇ ਏਨੀ ਮਾਤਰਾ ਵਿਚ ਬਾਣੀ ਰਚੇ ਜਾਣਾ ਕਿਵੇਂ ਸੰਭਵ ਹੈ! ਪਰ ਨਹੀਂ, ਗੁਰੂ ਜੀ ਵਰਗੀ ਅਗੰਮੀ ਸ਼ਖ਼ਸੀਅਤ ਲਈ ਇਹ ਕੋਈ ਅਸੰਭਵ ਗੱਲ ਨਹੀਂ। ਆਪ ਜੀ ਇਕ ਰੂਹਾਨੀ ਸ਼ਖ਼ਸੀਅਤ ਸਨ। ਆਪ ਜੀ ਅਕਾਲ ਪੁਰਖ ਦੁਆਰਾ ਧੁਰੋਂ ਵਰੋਸਾਏ ਹੋਏ ਸਨ। ਫਿਰ ‘ਅਸੰਭਵ’ ਸ਼ਬਦ ਹੀ ਕਿੱਥੇ? ਬਸ ਸਾਡਾ ਤਾਂ ਗੁਰੂ ਜੀ ਦੀ ਤੇਗ ਅਤੇ ਕਲਮ ਅੱਗੇ ਸਿਰ ਝੁਕਾਉਣਾ ਹੀ ਬਣਦਾ ਹੈ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)