ਡੇਰੇ ਬਹੁਤ ਚੱਲਦੇ ਨੇ, ਬੜੇ ਸੰਸਾਰ ਵਿਚ,
ਇਕ ਡੇਰਾ ਸਰਸੇ ’ਚ ਵੇਖਣ ਨੂੰ ਆਇਆ ਹੈ।
ਨਾਨਕ ਨੇ ਸੱਚਾ ਸੌਦਾ ਕੀਤਾ ਚੂਹੜਕਾਣੇ ਵਿਚ,
ਵੀਹ ਰੁਪੈ ਦਾ ਰਾਸ਼ਨ ਲੈ ਸਾਧਾਂ ਨੂੰ ਛਕਾਇਆ ਹੈ।
ਏਸੇ ਨਾਮ ਉੱਤੇ ਨਾਮ ਰੱਖਿਆ ਪਾਖੰਡੀਆਂ ਨੇ,
ਸੱਚਾ ਸੌਦਾ ਨਾਮ ਰੱਖ ਸਰਸੇ ਟਿਕਾਇਆ ਹੈ।
ਹਰਿ ਕੇ ਇਹ ਸੰਤ ਨਾਹੀਂ, ਬਨਾਰਸ ਦੇ ਠੱਗ ਹਨ,
ਭੋਲੇ-ਭਾਲੇ ਲੋਕਾਂ ਤਾਈਂ ਠੱਗ ਕੇ ਵਿਖਾਇਆ ਹੈ।
ਗੁਰੂ ਜੀ ਦੇ ਨਾਮ ਵਾਲੀ ਕਰ ਕੇ ਨਕਲ ਇਨ੍ਹਾਂ,
ਸੱਚੇ ਸੌਦੇ ਨਾਮ ਨੂੰ ਕਲੰਕ ਇਨ੍ਹਾਂ ਲਾਇਆ ਹੈ।
ਡੇਰੇ ਵਿਚ ਹਰ ਨਸ਼ਾ, ਕਰਦੇ ਨੇ ਰਲ ਸਾਰੇ,
ਨਸ਼ੇ ਵਿਚ ਧੂਤ ਹੋ ਕੇ ਗੰਦ ਬੜਾ ਪਾਇਆ ਹੈ।
ਡੇਰੇ ਵਿਚ ਬੜੀ ਇਨ੍ਹਾਂ, ਕੀਤੀ ਸਖ਼ਤਾਈ ਹੈਸੀ,
ਆਮ ਨਰ ਨਾਰੀ ਤਾਈਂ ਡੇਰੇ ’ਚੋਂ ਭਜਾਇਆ ਹੈ।
ਚਿਹਰਾ ਤੇ ਲਿਬਾਸ ਦੇਖ ਨਰ-ਨਾਰੀ ਹੱਥ ਜੋੜ,
ਸ਼ਰਧਾ ਤੇ ਭਾਵਨਾ ’ਚ ਮਨ ਨੂੰ ਟਿਕਾਇਆ ਹੈ।
ਡੇਰੇ ਵਿਚ ਚੇਲੇ ਬੜੇ, ਚੇਲੀਆਂ ਵੀ ਬੜੀਆਂ ਨੇ,
ਖਾਸ ਨਰ-ਨਾਰੀ ਨੂੰ ਭਰੋਸੇ ’ਚ ਲਿਆਇਆ ਹੈ।
ਗੁਰਮੀਤ ਸਾਧ ਫੇਰ, ਨਸ਼ੇ ’ਚ ਮਸਤ ਹੋ ਕੇ,
ਭੋਲੀ-ਭਾਲੀ ਨਾਰੀਆਂ ਨੂੰ ਪਕੜ ਬਿਠਾਇਆ ਹੈ।
ਕਰਦਾ ਬਲਾਤਕਾਰ, ਬਣ ਕੇ ਦਰਿੰਦਾ ਜਨ,
ਮੰਨੇ ਨਾ ਹੁਕਮ ਕੱਢ, ਪਿਸਟਲ ਦਿਖਾਇਆ ਹੈ।
ਨਾਰੀਆਂ ਦਾ ਸਤ ਤੋੜ, ਗੁਰੂ ਜੀ ਦੀ ਮਤ ਤੋੜ,
ਆਪਣਾ ਵੀ ਜਤ ਤੋੜ, ਕਲੰਕ ਲਗਾਇਆ ਹੈ।
ਮਨੁੱਖ ਜੋ ਵਿਰੋਧ ਕਰੇ, ਮਾਰਨੇ ਨੂੰ ਧਾਰ ਲੈਂਦੈ,
ਡੇਰੇ ਵਿਚ ਸੱਦ ਉਹਨੂੰ, ਮਾਰ ਕੇ ਮੁਕਾਇਆ ਹੈ।
ਚੱਲਦੇ ਬਲਾਤਕਾਰੀ, ਕੇਸ ਨੇ ਅਦਾਲਤਾਂ ’ਚ,
ਪ੍ਰਤੱਖ ਨੂੰ ਪ੍ਰਮਾਣ ਦਾ, ਸਬੂਤ ਅਸੀਂ ਪਾਇਆ ਹੈ।
ਬੰਦੇ ਜੋ ਕਤਲ ਕੀਤੇ, ਵਿਜੀਲੈਂਸ ਕਰੇ ਜਾਂਚ,
ਮਾਇਆ ਦੇ ਅਸਰ ਨਾਲ, ਕੇਸਾਂ ਨੂੰ ਦਬਾਇਆ ਹੈ।
ਭਰ ਗਿਆ ਬੇੜਾ ਜਦੋਂ, ਪਾਪਾਂ ਦੇ ਅੰਤ ਵਾਲਾ,
ਸਾਧ ਦੇ ਕੁਕਰਮਾਂ ਨੂੰ, ਨਸ਼ਰ ਕਰਾਇਆ ਹੈ।
ਦਸਮੇਸ਼ ਦੀ ਨਕਲ ਕਰ, ਸਿਰ ’ਤੇ ਲਾ ਕਲਗੀ ਨੂੰ,
ਸਲਾਬਤਪੁਰ ਡੇਰੇ ਵਿਚ, ਸਵਾਂਗ ਨੂੰ ਰਚਾਇਆ ਹੈ।
ਅੰਮ੍ਰਿਤ ਵਾਂਗ ਸਾਰੀ, ਕਰ ਕੇ ਨਕਲ ਸਾਧ,
ਜਾਮ-ਏ-ਇੰਸਾਂ ਨਾਮ, ਰੱਖ ਦਿਖਲਾਇਆ ਹੈ।
ਗਿਆਨਹੀਨ ਲੋਕਾਂ ਤਾਈਂ, ਆਪੂੰ ਗੁਰੂ ਦੱਸਦਾ ਏ,
ਇਕੱਠੇ ਕਰ ਸਾਰਿਆਂ ਨੂੰ, ਪਾਣੀ ਉਹ ਪਿਲਾਇਆ ਹੈ।
ਇਹੋ ਜਿਹੇ ਪਾਖੰਡੀਆਂ ਤੋਂ, ਨਰ-ਨਾਰੀ ਦੂਰ ਰਵ੍ਹੋ,
ਇਨ੍ਹਾਂ ਪਾਸੋਂ ਨਾਮ ਲੈ ਕੇ, ਨਰਕਾਂ ਨੂੰ ਪਾਇਆ ਹੈ।
ਸੱਚ ਕਹਾਂ ਭਾਂਬੜ ਵੀ ਬਲਦੇ ਨੇ ਦਿਲਾਂ ਵਿਚ,
ਪਾਖੰਡੀਆਂ ਦਾ ਰਸਤੇ ’ਚ ਠੀਕਰਾ ਤੁੜਾਇਆ ਹੈ।
ਕਹੇ ‘ਦਿਲਦਾਰ’ ਹਰੀ ਗੱਲ ਕਰਾਂ ਖਰੀ ਖਰੀ,
ਸੁਣੋ ਸਭ ਸਭਾ ਭਰੀ, ਸੱਚ ਨੂੰ ਸੁਣਾਇਆ ਹੈ।
ਲੇਖਕ ਬਾਰੇ
- ਵੈਦ ਗਿ. ਮਹਿਤਾਬ ਸਿੰਘ ‘ਦਿਲਦਾਰ’https://sikharchives.org/kosh/author/%e0%a8%b5%e0%a9%88%e0%a8%a6-%e0%a8%97%e0%a8%bf-%e0%a8%ae%e0%a8%b9%e0%a8%bf%e0%a8%a4%e0%a8%be%e0%a8%ac-%e0%a8%b8%e0%a8%bf%e0%a9%b0%e0%a8%98-%e0%a8%a6%e0%a8%bf%e0%a8%b2%e0%a8%a6%e0%a8%be/December 1, 2007