editor@sikharchives.org
Kaya Nagar Basat Har Suami

ਕਾਇਆ ਨਗਰਿ ਬਸਤ ਹਰਿ ਸੁਆਮੀ

ਸਿੱਖ ਧਰਮ ਇਕ ਅਜਿਹਾ ਧਰਮ ਹੈ ਜਿੱਥੇ ਪਰਮਾਤਮਾ ਨੂੰ ਨਿਰਾਕਾਰ ਅਤੇ ਸਾਕਾਰ ਦੋਹਾਂ ਰੂਪਾਂ ਵਿਚ ਮੰਨਿਆ ਗਿਆ ਹੈ ਕਿਉਂਕਿ ਉਹ ਅਦ੍ਰਿਸ਼ਟ ਅਤੇ ਅਗੋਚਰ ਹੈ ਪਰ ਉਹ ਸਭ ਥਾਂ ਵਿਆਪਕ ਵੀ ਹੈ ਅਤੇ ਉਸ ਦੀ ਭਾਲ ਮਨੁੱਖ ਨੇ ਆਪਣੇ ਹੀ ਸਰੀਰ ਵਿੱਚੋਂ, ਕਾਇਆ ਦੇ ਅੰਦਰੋਂ ਕਰਨੀ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਅਨੇਕਾਂ ਧਰਮ ਅਸਥਾਨ ਹਨ। ਅਨੇਕਾਂ ਪੀਰ-ਪੈਗ਼ੰਬਰ, ਦੇਵੀ- ਦੇਵਤੇ ਤੇ ਅਵਤਾਰ ਮੰਨੇ ਜਾਂਦੇ ਹਨ। ਅਨੇਕ ਪ੍ਰਕਾਰ ਦੀਆਂ ਮੂਰਤੀਆਂ ਆਕਾਰਾਂ ਨੂੰ ਪੂਜਾ ਦੇ ਚਿੰਨ੍ਹ ਥਾਪਿਆ ਗਿਆ ਹੈ। ਅਨੇਕਾਂ ਡੇਰਿਆਂ ਵਾਲੇ ਬਾਬੇ ਆਪਣੇ ਆਪ ਨੂੰ ਪਰਮਾਤਮਾ ਵੱਲੋਂ ਪ੍ਰਵਾਨਤ ਸੰਤ, ਮਹਾਂਪੁਰਖ, ਮਹੰਤ ਦੱਸ ਕੇ ਲੋਕਾਂ ਤੋਂ ਮਾਨਤਾ ਕਰਵਾਉਂਦੇ ਹਨ। ਸਿੱਖ ਧਰਮ ਇਕ ਅਜਿਹਾ ਧਰਮ ਹੈ ਜਿੱਥੇ ਪਰਮਾਤਮਾ ਨੂੰ ਨਿਰਾਕਾਰ ਅਤੇ ਸਾਕਾਰ ਦੋਹਾਂ ਰੂਪਾਂ ਵਿਚ ਮੰਨਿਆ ਗਿਆ ਹੈ ਕਿਉਂਕਿ ਉਹ ਅਦ੍ਰਿਸ਼ਟ ਅਤੇ ਅਗੋਚਰ ਹੈ ਪਰ ਉਹ ਸਭ ਥਾਂ ਵਿਆਪਕ ਵੀ ਹੈ ਅਤੇ ਉਸ ਦੀ ਭਾਲ ਮਨੁੱਖ ਨੇ ਆਪਣੇ ਹੀ ਸਰੀਰ ਵਿੱਚੋਂ, ਕਾਇਆ ਦੇ ਅੰਦਰੋਂ ਕਰਨੀ ਹੈ। ਮਨੁੱਖ ਆਪ ਹੀ ਉਸ ਪਰਮਾਤਮਾ ਦਾ ਰੂਪ ਹੈ। ਮਨੁੱਖ ਦੇ ਆਪਣੇ ਨਿੱਜੀ ਸਰੂਪ ਅੰਦਰ ਪਰਮਾਤਮਾ ਉਸ ਦੇ ਸਭ ਤੋਂ ਨੇੜੇ ਹੁੰਦਾ ਹੈ ਅਤੇ ਮਨ ਮੰਦਰ ਵਿਚ ਹੀ ਉਸ ਦੇ ਪ੍ਰਤੱਖ ਦਰਸ਼ਨ ਹੋ ਸਕਦੇ ਹਨ। ਗੁਰੂ ਜੀ ਦਾ ਫ਼ੁਰਮਾਨ ਹੈ :

ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ॥
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ॥  (ਪੰਨਾ 720)

ਭਗਤ ਪੀਪਾ ਜੀ ਨੇ ਵੀ ਉਚਾਰਿਆ ਹੈ :

ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ॥ (ਪੰਨਾ 695)

ਮਨੁੱਖ ਦੀ ਬਦਕਿਸਮਤੀ ਹੈ ਕਿ ਉਹ ਅੰਦਰ ਪਈ ਦੌਲਤ ਨੂੰ ਪ੍ਰਾਪਤ ਕਰਨ ਦੀ ਥਾਂ ਡੇਰਿਆਂ ਅਤੇ ਜੰਗਲਾਂ ਵਿਚ ਭਟਕਦਾ ਫਿਰਦਾ ਹੈ। ਆਪਣੇ-ਆਪਣੇ ਮੱਤਾਂ ਦੇ ਅੰਤਰੀਵ-ਭਾਵਾਂ ਨੂੰ ਸਮਝਣ ਦੀ ਥਾਂ ਉਹ ਬਾਹਰੀ ਕਰਮ-ਕਾਂਡਾਂ ਤਕ ਹੀ ਸੀਮਤ ਰਹਿੰਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਧਾਰਮਕ ਤੌਰ ’ਤੇ ਕੱਟੜਤਾ ਤਾਂ ਧਾਰਨ ਕਰ ਲੈਂਦਾ ਹੈ ਪਰ ਪਰਮਾਤਮਾ ਦਾ ਗਿਆਨ ਹਾਸਲ ਨਹੀਂ ਕਰ ਸਕਦਾ। ਉਹ ਬਾਹਰੀ ਅਸਥਾਨਾਂ ਦਾ ਅਤੇ ਧਾਰਮਕ ਕੇਂਦਰਾਂ ਦਾ ਪੱਕਾ ਸ਼ਰਧਾਲੂ ਹੋ ਜਾਂਦਾ ਹੈ ਪਰ ਆਪਣੇ ਅੰਦਰ ਵੱਸਦੀ ਰੱਬੀ ਜੋਤਿ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖਦਾ। ਉਸ ਦਾ ਮਨ ਸਦਾ ਬਾਹਰਲੇ ਰੂਪਾਂ, ਆਕਾਰਾਂ, ਅੱਖਰਾਂ ਵਿਚ ਹੀ ਉਲਝਿਆ ਰਹਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਨ ਹੈ :

ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ॥
ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ॥ (ਪੰਨਾ 762)

ਗੁਰਬਾਣੀ ਦੇ ਹੋਰ ਮਹਾਂਵਾਕ ਹਨ :

ਘਰ ਮਹਿ ਠਾਕੁਰੁ ਨਦਰਿ ਨ ਆਵੈ॥
ਗਲ ਮਹਿ ਪਾਹਣੁ ਲੈ ਲਟਕਾਵੈ॥ (ਪੰਨਾ 739)

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥(ਪੰਨਾ 1378)

ਧਰਮਾਂ ਵਿਚ ਇਸ ਦੀ ਪ੍ਰਕ੍ਰਿਆ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਜੋਗੀਆਂ ਨੇ ਸਰੀਰ ਦੀਆਂ ਅੰਦਰੂਨੀ ਕ੍ਰਿਆਵਾਂ ਉੱਤੇ ਵਿਸਤਾਰ ਸਹਿਤ ਚਾਨਣਾ ਪਾਇਆ ਹੈ। ਜੋਗੀਆਂ ਤੋਂ ਇਲਾਵਾ ਈਸਾਈ, ਇਸਲਾਮ, ਜੈਨ, ਬੁੱਧ, ਸਿੱਖ ਧਰਮ ਆਦਿ ਵਿਚ ਸਰੀਰ ਦੀ ਬਣਤਰ ਅਤੇ ਇਸ ਦੀਆਂ ਅੰਦਰੂਨੀ ਕਿਰਿਆਵਾਂ ਬਾਰੇ ਵਿਸਤਾਰ ਸਹਿਤ ਵਿਚਾਰ ਵੇਖਣ ਨੂੰ ਮਿਲਦੇ ਹਨ। ਸਰੀਰ ਨੂੰ ਕਾਬੂ ਕਰਨ ਅਤੇ ਨਿਰੋਗ ਰੱਖਣ ਬਾਰੇ ਵੀ ਅਧਿਐਨ ਕੀਤਾ ਮਿਲਦਾ ਹੈ। ਪ੍ਰਸ਼ਨ ਇਹ ਹੈ ਕਿ ਸਰੀਰ ਦੀ ਬਣਤਰ ਕਿਵੇਂ ਹੋਂਦ ਵਿਚ ਆਈ? ਇਸ ਸੰਬੰਧੀ ਧਾਰਮਕ ਵਿਚਾਰਵਾਨਾਂ ਨੇ ਜੋ ਚਰਚਾ ਕੀਤੀ ਉਸ ਵਿਚ ਇਹ ਸਪਸ਼ਟ ਕੀਤਾ ਹੈ ਕਿ ਜਿਸ ਨੇ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਉਸੇ ਨੇ ਇਸ ਸਰੀਰ ਦੀ ਰਚਨਾ ਵੀ ਕੀਤੀ। ਜਿਹੜੇ ਮੱਤ ਜਾਂ ਵਿਚਾਰਧਾਰਾ ਰੱਬ ਦੀ ਹੋਂਦ ਪ੍ਰਤੀ ਸਕਾਰਾਤਮਕ ਪ੍ਰਗਟਾਵਾ ਨਹੀਂ ਕਰਦੇ ਉਹ ਵੀ ਇਹ ਮੰਨਦੇ ਹਨ ਕਿ ਸਰੀਰ ਸ੍ਰਿਸ਼ਟੀ ਦੇ ਪੰਜਾਂ ਤੱਤਾਂ ਦੇ ਸੁਮੇਲ ਤੋਂ ਹੋਂਦ ਵਿਚ ਆਇਆ ਹੈ।

ਸਾਮੀ ਧਰਮਾਂ ਵਿਚ ਪ੍ਰਮੁੱਖ ਤੌਰ ’ਤੇ ਯਹੂਦੀ, ਈਸਾਈ ਅਤੇ ਇਸਲਾਮ ਧਰਮ ਆ ਜਾਂਦੇ ਹਨ। ਇਹ ਤਿੰਨੇ ਧਰਮ ਸਭ ਤੋਂ ਪਹਿਲਾਂ ਆਦਮ ਅਤੇ ਫਿਰ ਹੱਵਾ ਦੇ ਰਚੇ ਜਾਣ ਦੇ ਤੱਥ ਨੂੰ ਪ੍ਰਵਾਨ ਕਰਦੇ ਹਨ। ਤਿੰਨਾਂ ਦਾ ਆਧਾਰ ਪੁਰਾਣੇ ਅਹਿਦਨਾਮੇ ਦੇ ਪਹਿਲੇ ਅਧਿਆਇ ਨਾਲ ਸੰਬੰਧਤ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਈਸ਼ਵਰ ਨੇ ਛੇ ਦਿਨਾਂ ਵਿਚ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਅਤੇ ਛੇਵੇਂ ਦਿਨ ਹੀ ਆਦਮ ਦੀ ਰਚਨਾ ਕਰ ਦਿੱਤੀ ਜੋ ਇਸ ਧਰਤੀ ਦਾ ਪਹਿਲਾ ਮਨੁੱਖੀ ਜੀਵ ਮੰਨਿਆ ਗਿਆ। ਆਦਮ ਹੀ ਅਜਿਹੀ ਹਸਤੀ ਹੈ ਜਿਸ ਨੂੰ ਈਸ਼ਵਰ ਨੇ ਆਪਣੇ ਸਰੂਪ ਵਾਂਗ ਉਤਪਤ ਕੀਤਾ। (ਉਤਪਤੀ 1.27) ਆਦਮ ਦੀ ਰਚਨਾ ਈਸ਼ਵਰ ਨੇ ਧਰਤੀ ਦੀ ਮਿੱਟੀ ਵਿੱਚੋਂ ਕੀਤੀ ਜਿਸ ਬਾਰੇ ਬਾਈਬਲ ਵਿਚ ਕਿਹਾ ਗਿਆ: “ਯਹੋਵਾਹ ਪਰਮੇਸ਼ਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕਿਆ ਸੋ ਆਦਮੀ ਜਿਊਂਦੀ ਜਾਨ ਹੋ ਗਿਆ।” (ਉਤਪਤੀ, 2.7) ਈਸਾਈ ਧਰਮ ਦੀ ਤਰ੍ਹਾਂ ਇਸਲਾਮ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮਨੁੱਖੀ ਸਰੀਰ ਪਰਮਾਤਮਾ ਨੇ ਮਿੱਟੀ ਤੋਂ ਰਚਿਆ ਹੈ ਅਤੇ ਫਿਰ ਉਸ ਵਿਚ ਰੂਹ ਫੂਕ ਕੇ ਉਸ ਨੂੰ ਕਿਰਿਆਤਮਕ ਰੂਪ ਵਿਚ ਲਿਆਂਦਾ: “ਉਸ ਨੇ ਮਨੁੱਖੀ ਸਰੀਰ ਦੀ ਸਿਰਜਨਾ ਦਾ ਅਰੰਭ ਗਾਰੇ ਤੋਂ ਕੀਤਾ, ਫਿਰ ਉਸ ਦਾ ਬੰਸ ਇਕ ਅਜਿਹੇ ਤੱਤ ਤੋਂ ਤੋਰਿਆ ਜਿਹੜਾ ਤੁੱਛ ਪਾਣੀ ਵਰਗਾ ਹੈ, ਫਿਰ ਉਸ ਨੂੰ ਠੀਕ-ਠਾਕ ਕੀਤਾ ਅਤੇ ਉਸ ਦੇ ਅੰਦਰ ਆਪਣੀ ਰੂਹ ਫੂਕ ਦਿੱਤੀ ਅਤੇ ਉਹਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ ਤੇ ਦਿਲ ਦਿੱਤਾ।” (ਸੂਰਤ ਅਸ ਸਜਦਾ, 9) ਸਰੀਰ ਦੀ ਸਿਰਜਨਾ ਪਰਮਾਤਮਾ ਨੇ ਕੀਤੀ ਹੈ ਅਤੇ ਉਸ ਦੀ ਇੱਛਾ ਹੈ ਕਿ ਉਸ ਦੇ ਦਰਸਾਏ ਮਾਰਗ ’ਤੇ ਚੱਲਦਾ ਰਹੇ ਅਤੇ ਅਨੰਦ ਮਾਣੇ। ਪਰ ਇਹ ਸਰੀਰ ਮਨ ਦੇ ਵਿਸ਼ੇ-ਵਿਕਾਰਾਂ ਅਤੇ ਮਾਇਆ ਦੇ ਪ੍ਰਭਾਵ ਅਨੁਸਾਰ ਕਾਰਜ ਕਰਦਾ ਹੈ ਅਤੇ ਹੌਲੀ-ਹੌਲੀ ਆਪਣੇ ਸਿਰਜਨਹਾਰ ਤੋਂ ਦੂਰ ਚਲਾ ਜਾਂਦਾ ਹੈ ਜਿਸ ਕਰਕੇ ਫਲ ਵੀ ਭੁਗਤਦਾ ਹੈ। ਸਾਮੀ ਧਰਮਾਂ ਵਾਂਗ ਭਾਰਤੀ ਧਰਮਾਂ ਵਿਚ ਵੀ ਸਰੀਰ ਦੀ ਹੋਂਦ ਅਤੇ ਸਿਰਜਨਾ ਦੇ ਸੰਬੰਧ ਵਿਚ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ ਕਿ ਇਹ ਸਰੀਰ ਕੀ ਹੈ? ਇਹ ਕਿੱਥੋਂ ਆਇਆ ਹੈ? ਇਸ ਦਾ ਉਦੇਸ਼ ਕੀ ਹੈ? ਇਸ ਦੀਆਂ ਕਿਰਿਆਵਾਂ ਕਿਸ ਦਿਸ਼ਾ ਵੱਲ ਜਾਣੀਆਂ ਚਾਹੀਦੀਆਂ ਹਨ? ਇਨ੍ਹਾਂ ਵਿੱਚੋਂ ਸਿੱਖ ਧਰਮ ਨਾਲ ਸੰਬੰਧਤ ਸਰੀਰਿਕ ਸਥਿਤੀ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਗੁਰਬਾਣੀ ਵਿਚ ਕਾਇਆ ਦੇ ਸਰੂਪ ਵਿਚ ਚਿਤਰਿਆ ਗਿਆ ਹੈ।

‘ਕਾਇਆ’ ਦਾ ਅਰਥ ਹੈ ਦੇਹ ਜਾਂ ਸਰੀਰ। ਦੇਹ ਜਾਂ ਸਰੀਰ ਓਨਾ ਚਿਰ ਹੀ ਕਾਇਮ ਹੈ ਜਿੰਨਾ ਚਿਰ ਉਸ ਵਿਚ ਪਰਮਾਤਮਾ ਦੀ ਬਖ਼ਸ਼ੀ ਹੋਈ ਸੁਰਤ ਮਨ ਅਤੇ ਬੁੱਧੀ ਹੈ। ਜਦੋਂ ਤਕ ਉਹ ਚੱਲ-ਫਿਰ ਸਕਦਾ ਹੈ। ਇਸ ਲਈ ਗੁਰਬਾਣੀ ਵਿਚ ‘ਕਾਇਆ’ ਸ਼ਬਦ ਬਹੁਤ ਵਿਆਪਕ ਅਰਥਾਂ ਵਿਚ ਆਇਆ ਹੈ। ਇਸ ਵਿਚ ਸੁਰਤ, ਮਨ ਅਤੇ ਬੁੱਧੀ ਵੀ ਸ਼ਾਮਲ ਹੈ ਅਤੇ ਮਨ ਦੇ ਅੰਦਰ ਪਰਮਾਤਮਾ ਦਾ ਸਰੂਪ ਸਥਿਤ ਹੈ। ਮਨੁੱਖ ਦੀ ਜਿੰਨੀ ਆਤਮਕ ਯਾਤਰਾ ਹੈ ਉਹ ਇਸ ਕਾਇਆ ਦੇ ਅੰਦਰ ਹੀ ਵਿਦਮਾਨ ਹੈ। ਇਸ ਆਤਮਕ ਵਿਕਾਸ ਨੂੰ ਪੰਜ ਖੰਡਾਂ ਵਿਚ ਵੰਡਿਆ ਗਿਆ ਹੈ- ਸਰਮ ਖੰਡ, ਗਿਆਨ ਖੰਡ, ਧਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਜੋਗੀ ਵੀ ਪਰਮਾਤਮਾ ਦੇ ਸੂਖਮ ਤੱਤ ‘ਅਲਖ ਨਿਰੰਜਨ’ ਦੀ ਹੋਂਦ ਤੋਂ ਹੀ ਕਾਇਆ ਦੇ ਆਕਾਰ ਦੀ ਉਤਪਤੀ ਮੰਨਦੇ  ਹਨ। ਉਹ ਹਠ ਜੋਗ ਦੇ  ਅਨੇਕ ਪ੍ਰਕਾਰ ਦੇ ਆਸਣਾਂ ਨਾਲ ਸਰੀਰਿਕ ਸਾਧਨਾ ਕਰ ਕੇ ਸੁਖਮਨਾ ਨਾੜੀ ਦੇ ਅੰਦਰ ਆਤਮ ਤੱਤ ਦੀ ਖੋਜ ਕਰਦੇ ਹਨ। ਆਸਾ ਦੀ ਵਾਰ ਵਿਚ ਫ਼ੁਰਮਾਨ ਹੈ:

ਜੋਗੀ ਸੁੰਨਿ ਧਿਆਵਨਿ ਜੇਤੇ ਅਲਖ ਨਾਮੁ ਕਰਤਾਰੁ॥
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ॥ (ਪੰਨਾ 465-66)

ਗੁਰਮਤਿ ਅਨੁਸਾਰ ਕਾਇਆ ਸੂਖਮ ਤੱਤ ਦਾ ਹੀ ਸਥੂਲ ਰੂਪ ਹੈ। ਸਥੂਲ ਰੂਪ ਵਿਚ ਭਾਵੇਂ ਕਾਇਆ ਛੋਟੀ ਤੇ ਸੀਮਤ ਦਿਖਾਈ ਦਿੰਦੀ ਹੈ ਪਰ ਸੂਖਮ ਪੱਧਰ ’ਤੇ ਇਸ ਦੀ ਸੀਮਾ ਦਾ ਕੋਈ ਪਾਰਾਵਾਰ ਨਹੀਂ ਹੈ। ਇਸ ਅਵਸਥਾ ਵਿਚ ਕਾਇਆ ਦੇ ਅੰਦਰ ਹੀ ਸਾਰਾ ਜਗਤ, ਸਾਰੀ ਸ੍ਰਿਸ਼ਟੀ ਮੌਜੂਦ ਹੈ। ਇਸ ਦੇ ਅੰਦਰ ਹੀ ਪਰਮਾਤਮਾ ਤੇ ਸਭ ਦੇਵੀ-ਦੇਵਤੇ ਹਨ। ਮਨੁੱਖ ਨੂੰ ਕਾਇਆ ਤੋਂ ਬਾਹਰ ਹੋਰ ਥਾਂ ਖੋਜ ਕਰਨ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਗੁਰਬਾਣੀ ਦੇ ਮਹਾਂਵਾਕ ਹਨ :

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ॥  (ਪੰਨਾ 754)

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥
ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ॥ (ਉਹੀ)

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ॥ (ਪੰਨਾ 1256)

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)

ਜੋ ਬ੍ਰਹਮੰਡਿ ਖੰਡਿ ਸੋ ਜਾਣਹੁ॥
ਗੁਰਮੁਖਿ ਬੂਝਹੁ ਸਬਦਿ ਪਛਾਣਹੁ॥ (ਪੰਨਾ 1041)

ਇਸ ਤਰ੍ਹਾਂ ਇਹ ਮਨੁੱਖਾ ਸਰੀਰ ਪਰਮਾਤਮਾ-ਪ੍ਰਾਪਤੀ ਦਾ ਸਭ ਤੋਂ ਵੱਡਾ ਸਾਧਨ ਹੈ। ਇਹ ਅਨੇਕਾਂ ਜਨਮਾਂ ਤੋਂ ਬਾਅਦ ਮਨੁੱਖ ਨੂੰ ਪ੍ਰਾਪਤ ਹੋਇਆ ਹੈ। ਇਸ ਦੇਹੀ ਕਰਕੇ ਮਨੁੱਖ ਪਾਸ ਸੁਰਤ, ਮਤ, ਮਨ ਤੇ ਬੁੱਧੀ ਦੀ ਦੌਲਤ ਹੈ। ਚੇਤਨਾ ਦੇ ਇਨ੍ਹਾਂ ਚਾਰ ਮੁਖੀ ਦੀਵਿਆਂ ਦੀ ਲੋਅ ਵਿਚ ਜੀਵ-ਆਤਮਾ ਮਨੁੱਖੀ ਜਾਮੇ ਵਿਚ ਹੀ ਆਪਣੇ ਪ੍ਰਭੂ ਪ੍ਰੀਤਮ ਦੀ ਪਹਿਚਾਣ ਕਰ ਸਕਦੀ ਹੈ। ਉਸ ਦਾ ਰੂਪ ਹੋ ਕੇ ਜੁਗਾਂ-ਜੁਗਾਂਤਰਾਂ ਤਕ ਸੂਖਮ ਜੀਵਨ ਦਾ ਅਨੰਦ ਮਾਣ ਸਕਦੀ ਹੈ। ਇਸ ਲਈ ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ :

ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥  (ਪੰਨਾ 12)

ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥  (ਪੰਨਾ 176)

ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ॥
ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ॥ (ਪੰਨਾ 576)

ਇਹ ਸਰੀਰ ਤਾਂ ਹੀ ਚੰਗਾ ਅਤੇ ਸੁਹਣਾ ਹੈ, ਜੇ ਇਸ ਨੂੰ ਪ੍ਰਾਪਤ ਕਰ ਕੇ ਮਨੁੱਖ ਹਰੀ ਦਾ ਨਾਮ ਜਪਦਾ ਹੈ। ਵੱਡੇ ਭਾਗਾਂ ਨਾਲ ਇਸ ਦੁਰਲੱਭ ਸਰੀਰ ਦੀ ਘਾੜਤ ਪਰਮਾਤਮਾ ਨੇ ਘੜੀ ਹੈ। ਇਸ ਦਾ ਵੱਧ ਤੋਂ ਵੱਧ ਸਦ-ਉਪਯੋਗ ਕਰਨਾ ਮਨੁੱਖ ਦਾ ਫ਼ਰਜ਼ ਹੈ। ਮਨੁੱਖ ਇਸ ਦੇਹੀ ਉੱਤੇ ਪੂਰਾ ਨਿਯੰਤਰਣ ਰੱਖੇ। ਇਸ ’ਤੇ ਅਜਿਹੀ ਸੁਹਣੀ ਕਾਠੀ ਪਾਵੇ ਕਿ ਆਤਮਕ ਸਫ਼ਰ ਤੈਅ ਕਰ ਕੇ ਪਰਮਾਤਮਾ ਦੇ ਦਰ ’ਤੇ ਪਹੁੰਚ ਸਕੇ:

ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ॥
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ॥
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ॥  (ਪੰਨਾ 575)

ਸਰੀਰ ਪਰਮਾਤਮਾ ਦੀ ਅਮਾਨਤ ਹੈ, ਮਨੁੱਖ ਨੂੰ ਇਸ ਦਾ ਮਾਣ ਨਹੀਂ ਕਰਨਾ ਚਾਹੀਦਾ। ਜੇ ਸਰੀਰ ਸੁਹਣਾ ਹੈ, ਤੰਦਰੁਸਤ ਹੈ ਤਾਂ ਇਹ ਵੀ ਪਰਮਾਤਮਾ ਦੀ ਹੀ ਬਖ਼ਸ਼ਿਸ਼ ਹੈ। ਮਨੁੱਖ ਨੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਹ ਪਰਮਾਤਮਾ ਦੀ ਮਰਜ਼ੀ ’ਤੇ ਹੀ ਨਿਰਭਰ ਹੈ ਕਿ ਉਹ ਕਿਸ ਤਰ੍ਹਾਂ ਦੀ ਰਚਨਾ ਕਰਦਾ ਹੈ। ਕਿਤੇ ਉਸ ਨੇ ਸੁੰਦਰ ਕਾਇਆ ਰਚੀ ਹੈ, ਕਿਤੇ ਸਰੀਰਾਂ ਨੂੰ ਰੋਗ ਲਾਏ ਹਨ:

ਕੁਮਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ॥
ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ॥
ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ॥
ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ॥ (ਪੰਨਾ 479)

ਇਸ ਸਰੀਰ ਦੇ ਮਹੱਤਵ ਨੂੰ ਸਮਝਦੇ ਹੋਏ ਮਨੁੱਖ ਨੂੰ ਆਪਣੇ ਸਰੀਰ ਨੂੰ ਨਵਾਂ- ਨਿਰੋਆ ਤੇ ਅਰੋਗ ਰੱਖਣਾ ਚਾਹੀਦਾ ਹੈ। ਆਪਣਾ ਖਾਣ-ਪਾਣ ਅਤੇ ਆਦਤਾਂ ਸ਼ੁੱਧ ਰੱਖਣੀਆਂ ਚਾਹੀਦੀਆਂ ਹਨ। ਨਸ਼ਿਆਂ ਅਤੇ ਵਿਸ਼ੇ-ਵਿਕਾਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਨਸ਼ੇ ਤੇ ਗ਼ਲਤ ਭਾਵਨਾਵਾਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਹਨ। ਅਖਾਣ ਹੈ ਕਿ ਤੰਦਰੁਸਤ ਸਰੀਰ ਦੇ ਅੰਦਰ ਹੀ ਤੰਦਰੁਸਤ ਮਨ ਹੋ ਸਕਦਾ ਹੈ। ਤੰਦਰੁਸਤ ਰਹਿੰਦਿਆਂ ਹੀ ਮਨੁੱਖ ਪਰਮਾਤਮਾ-ਪ੍ਰਾਪਤੀ ਦਾ ਉੱਦਮ ਕਰ ਸਕਦਾ ਹੈ। ਨਾਮ ਜਪਣ ਵਾਲੇ ਸਰੀਰ ਦੀ ਯੋਗ ਪਾਲਣਾ ਵੀ ਕੀਤੀ ਜਾਵੇ, ਉਸ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਪੌਸ਼ਟਿਕ ਖ਼ੁਰਾਕ ਵੀ ਖਾਧੀ ਜਾਵੇ, ਛੱਤੀ ਅੰਮ੍ਰਿਤ ਖਾਧੇ ਜਾਣ, ਇਹ ਉਚਿਤ ਹੈ। ਸਰੀਰ ਦੇ ਸੁਆਸਥ ਬਾਰੇ ਸਰੀਰ ਦੀ ਪਾਲਣਾ ਬਾਰੇ ਗੁਰਬਾਣੀ ਵਿਚ ਇਸ ਤਰ੍ਹਾਂ ਉਪਦੇਸ਼ ਕੀਤਾ ਗਿਆ ਹੈ:

ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ॥
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ॥ (ਪੰਨਾ 554)

ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥  (ਪੰਨਾ 932)

ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਹੰਤ ਪ੍ਰਭ ਜਾਪਣ॥
ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥ (ਪੰਨਾ 682)

ਇਹ ਸਰੀਰ ਬ੍ਰਹਿਮੰਡ ਦਾ ਹੀ ਛੋਟਾ ਰੂਪ ਹੈ। ਜਿਵੇਂ ਸ੍ਰਿਸ਼ਟੀ ਪੰਜ ਤੱਤਾਂ ਦੀ ਸਾਜੀ ਹੋਈ ਹੈ ਇਸੇ ਤਰ੍ਹਾਂ ਇਹ ਸਰੀਰ ਪੰਜ ਤੱਤਾਂ ਦਾ ਮਿਲ ਕੇ ਬਣਿਆ ਹੈ। ਸ੍ਰਿਸ਼ਟੀ ਵਿਚ ਸੂਰਜ, ਚੰਦ ਆਦਿ ਗ੍ਰਹਿਆਂ ਦਾ ਪ੍ਰਕਾਸ਼ ਹੈ ਤੇ ਸਰੀਰ ਵਿਚ ਆਤਮਾ ਦੀ ਜੋਤਿ ਹੈ। ਇਸ ਜੋਤਿ ਕਰਕੇ ਹੀ ਅਸੀਂ ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਸੋਚ ਸਕਦੇ ਹਾਂ ਤੇ ਨਾਮ ਜਪ ਸਕਦੇ ਹਾਂ। ਇਸ ਸ੍ਰਿਸ਼ਟੀ ਨੂੰ ਗੁਰਮਤਿ ਵਿਚ ਧਰਮ ਖੰਡ ਮੰਨਿਆ ਗਿਆ ਹੈ ਤੇ ਧਰਤੀ ਧਰਮਸਾਲ ਹੈ। ਸਰੀਰ ਕਰਕੇ ਮਨੁੱਖ ਧਰਤੀ ਨਾਲ ਜੁੜਿਆ ਹੋਇਆ ਹੈ। ਇਸ ਲਈ ਸਰੀਰ ਧਰਮ ਦਾ ਹੀ ਰੂਪ ਹੈ ਜਿਸ ਵਿਚ ਸੱਚੇ ਪਰਮਾਤਮਾ ਦਾ ਤੱਤ ਵੱਸਿਆ ਹੋਇਆ ਹੈ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਸਰੀਰ ਦੀਆਂ 72 ਕੋਠੜੀਆਂ ਵਿਚ ਇੱਕੋ ਪਰਮਾਤਮਾ ਸਮਾਇਆ ਹੋਇਆ ਹੈ। ਫ਼ੁਰਮਾਨ ਹੈ:

ਬਹਤਰਿ ਘਰ ਇਕੁ ਪੁਰਖੁ ਸਮਾਇਆ …॥ (ਪੰਨਾ 793)

ਇਸ ਵਿਚ ਅਨੇਕਾਂ ਗੁੱਝੇ ਰਤਨ ਛੁਪੇ ਹੋਏ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਅਮੋਲਕ ਪਰਮਾਤਮਾ ਦਾ ਨਾਮ ਹੈ। ਇਨ੍ਹਾਂ ਰਤਨਾਂ ਦੀ ਖੋਜ ਕੋਈ ਵਿਰਲਾ ਗੁਰਮੁਖ ਕਰਦਾ ਹੈ। ਗੁਰਬਾਣੀ ਵਿਚ ਸਰੀਰ ਨੂੰ ਹਰਿਮੰਦਰ ਦਾ ਦਰਜਾ ਦਿੱਤਾ ਹੈ। ਜਿਵੇਂ ਅਸੀਂ ਮੰਦਰਾਂ ਦੀ ਸੇਵਾ-ਸੰਭਾਲ ਕਰਦੇ ਹਾਂ ਇਸੇ ਤਰ੍ਹਾਂ ਸਰੀਰ ਨੂੰ ਸਵੱਛ ਰੱਖਣਾ ਹੈ ਤੇ ਇਸ ਨੂੰ ਸੰਭਾਲ ਕੇ ਰੱਖਣਾ ਹੈ। ਇਸ ਮੰਦਰ ਵਿਚ ਭਗਤੀ-ਸਾਧਨਾ ਨਾਲ ਖੋਜ ਕਰਦਿਆਂ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਅਤੇ ਅਨੇਕ ਪ੍ਰਕਾਰ ਦੀ ਦੌਲਤ ਦਾ, ਸ਼ਕਤੀਆਂ ਦਾ ਅਤੇ ਸੁੱਖਾਂ ਦਾ ਮਾਲਕ ਬਣ ਸਕਦਾ ਹੈ। ਗੁਰਬਾਣੀ ਦੇ ਮਹਾਂਵਾਕ ਹਨ:

ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ॥
ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ॥  (ਪੰਨਾ 834)

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥  (ਪੰਨਾ 309)

ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ॥
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ॥ (ਪੰਨਾ 146)

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥ (ਪੰਨਾ 1346)

ਤਨ ਦੀ ਅਰੋਗਤਾ ਅਤੇ ਸਵੱਛਤਾ ਦੇ ਨਾਲ-ਨਾਲ ਮਨੁੱਖ ਨੂੰ ਆਪਣੇ ਮਨ ਨੂੰ ਵੀ ਸ਼ੁੱਧ ਕਰਨ ਦੀ ਲੋੜ ਹੈ। ਮਨ ਸਰੀਰਿਕ ਇੰਦਰੀਆਂ ਦਾ ਕੇਂਦਰ ਹੈ ਜੋ ਸਾਰੇ ਸਰੀਰ ਨੂੰ ਕੰਟਰੋਲ ਕਰਦਾ ਹੈ। ਜੇ ਮਨ ਵਿਚ ਬੁਰੀਆਂ ਭਾਵਨਾਵਾਂ ਹੋਣਗੀਆਂ ਤਾਂ ਬਾਹਰੀ ਸਰੀਰ ਦੀ ਸ਼ੁੱਧਤਾ ਅਤੇ ਸਵੱਛਤਾ ਇਕ ਦਿਖਾਵਾ ਹੀ ਬਣ ਕੇ ਰਹਿ ਜਾਵੇਗੀ। ਸਰੀਰ ਦੀ ਸ਼ਕਤੀ ਪਿੱਛੇ ਮਨ ਦੀ ਹੀ ਸ਼ਕਤੀ ਕੰਮ ਕਰਦੀ ਹੈ। ਜੇ ਮਨ ਤਕੜਾ ਹੈ ਅਤੇ ਨਿਰਭਉ ਹੈ ਤਾਂ ਸਰੀਰ ਅਡੋਲ ਰਹਿੰਦਾ ਹੈ। ਜੇ ਮਨ ਡੋਲ ਜਾਵੇ ਤਾਂ ਸਰੀਰ ਢਹਿ-ਢੇਰੀ ਹੋ ਜਾਂਦਾ ਹੈ। ਭਗਤ ਕਬੀਰ ਜੀ ਫ਼ਰਮਾਉਂਦੇ ਹਨ:

ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥ (ਪੰਨਾ 1162)

ਸਰੀਰ ਤਾਂ ਹੱਡ-ਮਾਸ ਅਤੇ ਖ਼ੂਨ ਦੀਆਂ ਨਾੜੀਆਂ ਦਾ ਇਕ ਢਾਂਚਾ ਹੀ ਹੈ, ਇਸ ਵਿਚ ਜਿਊਂਦੀ-ਜਾਗਦੀ ਵਸਤੂ ਮਨ ਹੀ ਹੈ। ਮਨ ਚੇਤਨਤਾ ਦਾ ਅਥਾਹ ਸਮੁੰਦਰ ਹੈ ਜਿਸ ਵਿਚ ਪਰਮਾਤਮਾ ਦੀ ਜੋਤਿ ਹੈ। ਮਨ ਰੱਬ ਦੀ ਜੋਤਿ ਤੋਂ ਜੀਵਨ ਲੈਂਦਾ ਹੈ ਅਤੇ ਤਨ ਦਾ ਆਧਾਰ ਮਨ ਦੀ ਸ਼ਕਤੀ ਹੈ। ਮਨੁੱਖ ਨੇ ਤਨ ਅਤੇ ਮਨ ਵਿੱਚੋਂ ਲੰਘ ਕੇ ਹੀ ਪਰਮਾਤਮਾ ਤਕ ਪਹੁੰਚਣਾ ਹੈ। ਉਸ ਨੂੰ ਸਰੀਰਿਕ ਖਾਣ-ਪੀਣ, ਪਹਿਨਣ ਅਤੇ ਹੋਰ ਕਰਮ ਅਜਿਹੇ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਸਰੀਰ ਅਰੋਗ ਤੇ ਸੁਖੀ ਰਹੇ ਤੇ ਮਨ ਵਿਚ ਵਿਕਾਰ ਨਾ ਪੈਦਾ ਹੋਣ। ਸ਼ੁੱਧ ਮਨ ਦੇ ਵਿਚ ਆਪਣੀ ਸੁਰਤ ਨੂੰ ਮਾਇਆ ਤੋਂ ਨਿਰਲੇਪ ਕਰ ਕੇ ਆਪਣੀ ਮਤਿ ਤਿਆਗ ਕੇ ਤੇ ਗੁਰੂ ਦੀ ਮਤਿ ਗ੍ਰਹਿਣ ਕਰ ਕੇ ਸਿਮਰਨ ਕਰਦਿਆਂ ਪਰਮਾਤਮਾ ਦੀ ਖੋਜ ਕਰਨੀ ਹੈ, ਨਾਮ ਦੀ ਪ੍ਰਾਪਤੀ ਕਰਨੀ ਹੈ। ਤਨ, ਮਨ, ਸੁਰਤਿ, ਮਤਿ ਬਾਰੇ ਗੁਰਬਾਣੀ ਵਿਚ ਉਪਦੇਸ਼ ਇਸ ਤਰ੍ਹਾਂ ਹਨ :

ਤਨ ਮਹਿ ਮਨੂਆ ਮਨ ਮਹਿ ਸਾਚਾ॥
ਸੋ ਸਾਚਾ ਮਿਲਿ ਸਾਚੇ ਰਾਚਾ॥  (ਪੰਨਾ 686)

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ (ਪੰਨਾ 558)

ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾ ਕੀਆ ਗਲਾ ਕਥੀਆ ਨਾ ਜਾਹਿ॥
ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥  (ਪੰਨਾ 8)

ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ॥ (ਪੰਨਾ 17)

ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ॥ (ਪੰਨਾ 677)

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥ (ਪੰਨਾ 146)

ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ॥
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ॥ (ਸ਼ਬਦ ਹਜ਼ਾਰੇ ਪਾ. 10)

ਕਾਇਆ ਸ੍ਰਿਸ਼ਟੀ-ਰਚਨਾ ਦਾ ਹੀ ਇਕ ਅੰਗ ਹੈ। ਸਾਰੀ ਸ੍ਰਿਸ਼ਟੀ ਕਾਇਆ ਦਾ ਵਿਰਾਟ ਰੂਪ ਕਹੀ ਜਾ ਸਕਦੀ ਹੈ। ਇਸ ਬ੍ਰਹਿਮੰਡ ਵਿਚ ਅਕਾਲ ਪੁਰਖ ਦੀ ਜੋਤਿ ਵਿਆਪਕ ਰੂਪ ਵਿਚ ਵਿਦਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ:

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥
ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ॥ (ਪੰਨਾ 463)

ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ (ਪੰਨਾ 469)

ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥
ਜੋਤੀ ਅੰਤਰਿ ਬ੍ਰਹਮੁ ਅਨੂਪੁ॥ (ਪੰਨਾ 972)

ਗੁਰਮਤਿ ਵਿਚ ਕਾਇਆ ਅਤੇ ਹੰਸ ਭਾਵ ਸਰੀਰ ਅਤੇ ਜੋਤਿ ਦੀ ਮਹੱਤਤਾ ਨੂੰ ਸਮਝਿਆ ਗਿਆ ਹੈ। ਦੋਵੇਂ ਜੀਵਨ ਲਈ ਇਕ ਦੂਜੇ ’ਤੇ ਨਿਰਭਰ ਹਨ। ਸਰੀਰ ਬਿਨਾਂ ਜੋਤਿ ਸੰਸਾਰ ਵਿਚ ਪ੍ਰਗਟ ਹੋ ਕੇ ਨਹੀਂ ਵਿਚਰ ਸਕਦੀ ਅਤੇ ਜੋਤਿ ਬਿਨਾਂ ਸਰੀਰ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਜੋਤਿ ਪਰਮ ਤੱਤ ਦਾ ਅੰਸ਼ ਹੋਣ ਕਰਕੇ ਅਮਰ ਹੈ ਅਤੇ ਸ੍ਰਿਸ਼ਟੀ ਦੇ ਪੰਜਾਂ ਤੱਤਾਂ ਤੋਂ ਬਣਿਆ ਸਰੀਰ ਸ੍ਰਿਸ਼ਟੀ ਵਾਂਗ ਹੀ ਬਦਲਣਹਾਰ ਤੇ ਬਿਨਸਨਹਾਰ ਹੈ। ਗੁਰਬਾਣੀ ਦਾ ਮਹਾਂਵਾਕ ਹੈ:

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥ (ਪੰਨਾ 1231)

ਗੁਰਮੁਖ ਗਾਡੀ-ਰਾਹ ਚੱਲਦਿਆਂ “ਮਨਿ ਜੀਤੈ ਜਗੁ ਜੀਤੁ” ਦੀ  ਅਵੱਸਥਾ ਪ੍ਰਾਪਤ ਕਰਨ ਉਪਰੰਤ “ਜੋਤੀ ਜੋਤਿ ਰਲੀ ਸੰਪੂਰਨਿ ਥੀਆ ਰਾਮ” ਦੇ ਮਹਾਂਵਾਕ ਅਨੁਸਾਰ ਇਹ ਜੋਤਿ ਪਰਮ ਤੱਤ ਵਿਚ ਲੀਨ ਹੋ ਜਾਂਦੀ ਹੈ। ਵਰਨਾ ਇਹ ਹਉਮੈ ਅਤੇ ਮਾਇਆ ਦੇ ਜਾਲ ਵਿਚ ਫਸੀ ਵਾਰ-ਵਾਰ ਜਨਮ-ਮਰਨ ਦੇ ਚੱਕਰ ਵਿਚ ਪਈ ਰਹਿੰਦੀ ਹੈ। ਗੁਰਵਾਕ ਹੈ:

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ (ਪੰਨਾ 466)

ਇਸ ਤਰ੍ਹਾਂ ਇਹ ਪੰਜ ਤੱਤਾਂ ਦੇ ਸਰੀਰ ਅਤੇ ਆਤਮਾ (ਅਕਾਲ ਪੁਰਖ ਦੀ ਜੋਤਿ) ਜੁੜਦੇ-ਟੁੱਟਦੇ ਤੇ ਵਿੱਛੜਦੇ-ਮਿਲਦੇ ਰਹਿੰਦੇ ਹਨ। ਟੁੱਟਣ ਸਮੇਂ ਅਕਾਲ ਜੋਤਿ ਵੱਖ ਹੋ ਜਾਂਦੀ ਹੈ ਪਰੰਤੂ ਜੁੜਨ ਸਮੇਂ ਫਿਰ ਇਸ ਦੇਹ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।ਫ਼ੁਰਮਾਨ ਹੈ:

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ॥
ਜੀਵਿ ਜੀਵਿ ਮੁਏ ਮੁਏ ਜੀਵੇ॥
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ (ਪੰਨਾ 1238)

ਗੁਰੂ ਦੀ ਸੇਵਾ ਕਰ ਕੇ ਗੁਰੂ ਦੀ ਮਤਿ ਅਨੁਸਾਰ ਜੀਵਨ ਢਾਲ ਕੇ ਹੀ ਕਾਇਆ ਦੀ ਦਾਤ ਦਾ ਪੂਰਾ ਲਾਭ ਉਠਾਇਆ ਜਾ ਸਕਦਾ ਹੈ। ਹਰਿ ਦੇ ਨਾਮ ਵਿਚ ਆਪਣੇ-ਆਪ ਨੂੰ ਰੰਗ ਕੇ ਹੀ ਕਾਇਆ ਦਾ ਜੀਵਨ ਸਫਲ ਹੋ ਸਕਦਾ ਹੈ। ਇਹ ਪਰਮਾਤਮਾ ਦੇ ਮੰਡਲ ਤਕ ਪਹੁੰਚ ਸਕਦੀ ਹੈ। ਸਰੀਰ ਅਤੇ ਆਤਮਾ ਦਾ ਮੇਲ ਪਰਮਾਤਮਾ ਨੇ ਕੀਤਾ ਹੈ। ਆਤਮਾ ਸਭ ਪ੍ਰਕਾਰ ਦੇ ਪਦਾਰਥਾਂ, ਰਸਾਂ ਦਾ ਸੋਮਾ ਹੈ। ਆਤਮਾ ਦਾ ਅਨੰਦ ਪ੍ਰਾਪਤ ਕਰ ਕੇ ਹੰਸ ਦੇ ਸੰਜੋਗ ਨੂੰ ਸਥਾਈ ਬਣਾਇਆ ਜਾ ਸਕਦਾ ਹੈ। ਪਰ ਸੰਸਾਰ ਦੇ ਮੂਰਖ ਲੋਕ ਬਾਹਰੀ ਵਿਸ਼ਿਆਂ ਦੇ ਭੋਗ ਵਿਚ ਹੀ ਆਪਣਾ ਜੀਵਨ ਬਤੀਤ ਕਰ ਦਿੰਦੇ ਹਨ ਤੇ ਆਤਮ ਅਨੰਦ ਦਾ ਰਸ ਮਾਣਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਉਨ੍ਹਾਂ ਦੀ ਕਾਇਆ ਤੇ ਹੰਸ ਦਾ ਵਿਜੋਗ ਹੁੰਦਾ ਰਹਿੰਦਾ ਹੈ ਅਤੇ ਉਹ ਜਨਮ ਮਰਨ ਵਿਚ ਪਏ ਰਹਿੰਦੇ ਹਨ। ਨਾਮ ਤੋਂ ਵਿਹੂਣਾ ਉਨ੍ਹਾਂ ਦਾ ਮਨ ਤ੍ਰਿਸ਼ਨਾ ਕਰਕੇ ਭਟਕਦਾ ਤੇ ਦੁੱਖ ਸਹਿੰਦਾ ਰਹਿੰਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ:

ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ॥
ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ॥ (ਪੰਨਾ 754)

ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥
ਮੂਰਖੁ ਭੋਗੇ ਭੋਗੁ ਦੁਖ ਸਬਾਇਆ॥
ਸੁਖਹੁ ਉਠੇ ਰੋਗ ਪਾਪ ਕਮਾਇਆ॥ (ਪੰਨਾ 139)

ਸੰਸਾਰਕ ਪਦਾਰਥਾਂ ਨੂੰ ਭੋਗਣ ਨਾਲ ਮਨੁੱਖ ਦੀ ਕਾਇਆ ਕਦੇ ਤ੍ਰਿਪਤ ਨਹੀਂ ਹੋ ਸਕਦੀ। ਇਸ ਵਿਚ ਵਿਸ਼ੇ-ਵਿਕਾਰਾਂ ਦੀ ਅਗਨੀ ਹੋਰ ਜ਼ਿਆਦਾ ਭੜਕੇਗੀ ਜੋ ਉਸ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਗੁਰੂ ਸਾਹਿਬ ਨੇ ਇਸ ਨੂੰ ਹੋਰ ਸਪੱਸ਼ਟ ਕਰਦਿਆਂ ਫ਼ੁਰਮਾਨ ਕੀਤਾ ਹੈ:

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥
ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥ (ਪੰਨਾ 26)

ਕਾਇਆ ਨੂੰ ਪੂਰੀ ਤਰ੍ਹਾਂ ਸ਼ੁੱਧ ਅਤੇ ਸਵੱਛ ਕਰਨ ਲਈ ਆਤਮਾ ਦੇ ਸਰੋਵਰ ਨਾਲ ਜੁੜਨਾ ਜ਼ਰੂਰੀ ਹੈ। ਕਾਇਆ ਸਰੀਰ ਹੀ ਨਹੀਂ ਸਗੋਂ ਸੁਰਤ, ਮਨ ਅਤੇ ਬੁੱਧੀ ਵੀ ਹੈ। ਸਿਰਫ਼ ਸਰੀਰ ਨੂੰ ਸਾਫ਼-ਸੁਥਰਾ ਕਰ ਲੈਣ ਨਾਲ ਜਾਂ ਸਾਫ਼-ਸੁਥਰੇ ਬਸਤਰ ਪਾ ਲੈਣ ਨਾਲ ਜਾਂ ਬਹੁਤ ਸਾਰੇ ਤੀਰਥਾਂ ’ਤੇ ਸਰੀਰਿਕ ਰੂਪ ਵਿਚ ਇਸ਼ਨਾਨ ਕਰ ਲੈਣ ਨਾਲ ਮਨੁੱਖ ਦਾ ਮਨ ਸ਼ੁੱਧ ਨਹੀਂ ਹੋ ਜਾਂਦਾ। ਮਨ ਵਿਚ ਗਿਆਨ ਦਾ ਪ੍ਰਕਾਸ਼ ਕਰਨ ਲਈ ਆਪਣੇ ਮੂਲ ਨਾਲ ਅਰਥਾਤ ਸ਼ੁੱਧ ਆਪੇ ਨਾਲ ਇਕਮਿਕ ਹੋਣ ਅਤੇ ਆਪਣੇ ਮੂਲ ਦੀ ਪਛਾਣ ਕਰਨ ਦੀ ਲੋੜ ਹੈ। ਮਾਇਆ ਤੋਂ ਨਿਰਲੇਪ ਹੋ ਕੇ ਆਪਣੀ ਆਤਮਾ ਦਾ ਧਿਆਨ ਕਰਨਾ ਹੀ ਸੱਚੀ ਭਗਤੀ ਹੈ, ਸੱਚਾ ਨਾਹੁਣ ਹੈ। ਗੁਰਬਾਣੀ ਦੇ ਮਹਾਂਵਾਕ ਹਨ:

ਕਾਇਆ ਕੂੜਿ ਵਿਗਾੜਿ ਕਾਹੇ ਨਾਈਐ॥
ਨਾਤਾ ਸੋ ਪਰਵਾਣੁ ਸਚੁ ਕਮਾਈਐ॥ (ਪੰਨਾ 565)

ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ॥
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥ (ਪੰਨਾ 139)

ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ॥
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ॥  (ਪੰਨਾ 598)

ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥  (ਪੰਨਾ 4)

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (ਪੰਨਾ 441)

ਆਪਣਾ ਮੂਲ ਪਛਾਣੇ ਤੋਂ ਬਿਨਾਂ ਕਾਇਆ ਰਕਤ ਬੂੰਦ ਦਾ ਇਕ ਢਾਂਚਾ ਹੈ ਜੋ ਮਲ ਨਾਲ ਭਰਿਆ ਹੋਇਆ ਹੈ। ਅਜਿਹੀ ਕਾਇਆ ਭਾਵੇਂ ਕਿੰਨੇ ਦੁਨਿਆਵੀ ਹਉਮੈ ਅਤੇ ਹੰਕਾਰ ਨਾਲ ਭਰੀ ਹੋਵੇ ਪਰ ਇਸ ਦੀ ਹਸਤੀ ਇਕ ਭਸਮ ਦੀ ਢੇਰੀ ਤੋਂ ਵੱਧ ਨਹੀਂ ਹੈ। ਅਜਿਹੀ ਕਾਇਆ ਰੇਤ ਦੀ ਕੰਧ ਵਾਂਗ ਅਸਥਿਰ ਹੈ, ਇਸ ਦਾ ਵਿਨਾਸ਼ ਆਵੱਸ਼ਕ ਹੈ। ਭਗਤ ਰਵਿਦਾਸ ਜੀ ਨੇ ਇਸ ਕਾਇਆ ਦਾ ਨਕਸ਼ਾ ਇਉਂ ਖਿੱਚਿਆ ਹੈ:

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥1॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ॥
ਜੈਸੇ ਤਰਵਰ ਪੰਖਿ ਬਸੇਰਾ ॥1॥ਰਹਾਉ ॥
ਰਾਖਹੁ ਕੰਧ ਉਸਾਰਹੁ ਨੀਵਾਂ॥
ਸਾਢੇ ਤੀਨਿ ਹਾਥ ਤੇਰੀ ਸੀਵਾਂ॥2॥
ਬੰਕੇ ਬਾਲ ਪਾਗ ਸਿਰਿ ਡੇਰੀ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ॥3॥
ਊਚੇ ਮੰਦਰ ਸੁੰਦਰ ਨਾਰੀ॥
ਰਾਮ ਨਾਮ ਬਿਨੁ ਬਾਜੀ ਹਾਰੀ॥4॥ (ਪੰਨਾ 659)

ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ‘ਸਵਯੇ ਸ੍ਰੀ ਮੁਖਬਾਕ੍ਹ ਮਹਲਾ 5’ ਵਿਚ ਇਸ ਕਾਇਆ ਦੀ ਅਸਥਿਰਤਾ ਦਾ ਵਿਸਤਾਰ ਨਾਲ ਵਰਣਨ ਕੀਤਾ ਹੈ:

ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ॥
ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ॥  (ਪੰਨਾ 1387)

ਅਰਥਾਤ ਹੇ ਹੋਛੇ ਗਿਆਨ ਵਾਲੇ ਪੁਰਖ! ਇਸ ਕੱਚੀ ਦੇਹ ਨਾਲ ਜੋ ਤੂੰ ਮੋਹ ਕਰ ਕੇ ਆਪਣਾ ਧਿਆਨ ਲਾਇਆ ਹੈ ਇਸੇ ਕਰਕੇ ਤੇਰਾ ਮਨ ਮੂਰਖਤਾ ਅਤੇ ਮੈਲ ਨਾਲ ਭਰਿਆ ਹੈ। ਪਦਾਰਥ ਜੋ ਚਲੇ ਜਾਂਦੇ ਹਨ ਤੂੰ ਉਨ੍ਹਾਂ ਦੇ ਪਿੱਛੇ ਸਦਾ ਭਟਕਦਾ ਹੈਂ। ਇਸ ਕਰਕੇ ਹੀ ਤੂੰ ਜੋਨੀਆਂ ਵਿਚ ਭਰਮਦਾ ਹੈਂ, ਤੂੰ ਪਰਮਾਤਮਾ ਦੀ ਹੋਂਦ ਨਹੀਂ ਸਮਝੀ ਤੇ ਅਸਥਿਤ ਨਹੀਂ ਹੋਇਆ।

ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ॥
ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ॥ (ਪੰਨਾ 1387)

ਅਰਥਾਤ ਹੇ ਗੁਣਾਂ ਤੋਂ ਰਹਿਤ ਵਿਸ਼ਿਆਂ ਦੇ ਅਧੀਨ ਮਾਇਆ ਦੇ ਕੀੜੇ! ਇਕ ਘੜੀ ਲਈ ਤਾਂ ਪ੍ਰਭੂ ਦਾ ਸਿਮਰਨ ਕਰ ਜਿਸ ਨੇ ਤੈਨੂੰ ਸਭ ਕੁਝ ਦਿੱਤਾ ਹੈ। ਕਦੇ ਤਾਂ ਇਹ ਮੰਗ ਕਰ ਕਿ ਹੇ ਕਿਰਪਾ ਦੇ ਸਾਗਰ! ਮੇਰਾ ਹੱਥ ਫੜ ਲਉ, ਮੇਰੀ ਬੁੱਧੀ ਤੋਂ ਭਰਮਾਂ ਦਾ ਜਾਲਾ ਕਟ ਦਿਉ!

ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ॥
ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ॥ (ਪੰਨਾ 1387)

ਅਰਥਾਤ ਹੇ ਮਨ ਰੂਪੀ ਚੂਹੇ! ਦੇਹੀ ਰੂਪੀ ਖੁੱਡ ਵਿਚ ਬੈਠ ਕੇ ਤੂੰ ਇਤਨਾ ਗੁਮਾਨ ਕਰਦਾ ਹੈਂ ਅਤੇ ਮਹਾਂ ਮੂਰਖਾਂ ਦੇ ਕਰਤਵ ਕਰਦਾ ਹੈਂ। ਤੂੰ ਸੰਪਦਾ ਰੂਪੀ ਪੰਘੂੜੇ ਦੇ ਝੂਟੇ ਲੈ ਰਿਹਾ ਹੈਂ ਤਾਂ ਹੀ ਤਾਂ ਮਾਇਆ ਵਿਚ ਮਗਨ ਹੋ ਕੇ ਉੱਲੂ ਵਾਂਗ ਬਣਿਆ ਬੈਠਾ ਹੈਂ।

ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ॥
ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ॥  (ਪੰਨਾ 1388)

ਅਰਥਾਤ ਹੇ ਜੀਵ! ਇਹ ਸਰੀਰ ਘਰ ਆਦਿ ਪਦਾਰਥਾਂ ਦਾ ਮੋਹ ਸਦਾ ਰਹਿਣ ਵਾਲਾ ਨਹੀਂ ਹੈ। ਇਸ ਦਾ ਹੰਕਾਰ ਕਦੋਂ ਤਕ ਕਰਦਾ ਰਹੇਂਗਾ। ਅਗਲੇ ਸੰਸਾਰ ਵਿਚ ਨਾ ਤਾਂ ਛਤਰ ਹੋਵੇਗਾ ਅਤੇ ਨਾ ਹੀ ਤੇਰਾ ਹੁਕਮ ਚੱਲੇਗਾ, ਨਾ ਕੋਈ ਤੇਰਾ ਸੇਵਾਦਾਰ ਹੋਵੇਗਾ ਅਤੇ ਨਾ ਤੂੰ ਕੋਈ ਚੋਜ ਕਰ ਸਕੇਂਗਾ।

ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ॥
ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ॥  (ਪੰਨਾ 1388)

ਭਾਵ ਪਰਮੇਸ਼ਰ ਦੇ ਪ੍ਰੇਮ ਤੋਂ ਹੀਣ ਕਰਨ ਵਾਲੇ ਮਾਇਆ ਦੇ ਰੰਗ ਕਰਕੇ ਪ੍ਰਾਣੀ ਮੋਹ ਦੇ ਹਨੇਰੇ ਖੂਹ ਵਿਚ ਪਿਆ ਹੈ। ਆਪਣੇ ਹੰਕਾਰ ਵਿਚ ਫੁੱਲ ਕੇ ਅਕਾਸ਼ ਜਿੰਨਾ ਵੱਡਾ ਸਮਝਦਾ ਹੈ। ਆਪਣੇ ਆਪ ਨੂੰ ਸਭ ਤੋਂ ਉੱਚਾ ਕਰਕੇ ਜਾਣਦਾ ਹੈ ਪਰ ਇਸ ਦਾ ਪੇਟ ਵਿਸ਼ਟਾ, ਹੱਡੀਆਂ ਅਤੇ ਕਿਰਮਾਂ ਨਾਲ ਭਰਿਆ ਹੋਇਆ ਹੈ। ਕੇਵਲ ਤੇ ਕੇਵਲ ਨਾਮ ਜਪ ਕੇ ਹੀ ਕਾਇਆ ਉੱਚੀ-ਸੁੱਚੀ ਤੇ ਉੱਤਮ ਪਦਵੀ ਨੂੰ ਪ੍ਰਾਪਤ ਹੋ ਸਕਦੀ ਹੈ। ਇਸ ਲਈ ਗੁਰਬਾਣੀ ਵਿਚ ਜੀਵ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਨਾਮ-ਸਿਮਰਨ ਵਿਚ ਲਾਉਣ ਦੀ ਤਾਕੀਦ ਕੀਤੀ ਗਈ ਹੈ। ਜਦੋਂ ਤਕ ਸਰੀਰ ਚੱਲਦਾ ਹੈ ਉਦੋਂ ਤਕ ਸਿਮਰਨ ਦਾ ਲੜ ਨਹੀਂ ਛੱਡਣਾ ਚਾਹੀਦਾ। ਮਹਾਂਵਾਕ ਹੈ:

ਇਸ ਦੇਹੀ ਕਉ ਸਿਮਰਹਿ ਦੇਵ॥
ਸੋ ਦੇਹੀ ਭਜੁ ਹਰਿ ਕੀ ਸੇਵ॥1॥
ਭਜਹੁ ਗੋੁਬਿੰਦ ਭੂਲਿ ਮਤ ਜਾਹੁ॥
ਮਾਨਸ ਜਨਮ ਕਾ ਏਹੀ ਲਾਹੁ॥1॥ਰਹਾਉ॥
ਜਬ ਲਗੁ ਜਰਾ ਰੋਗੁ ਨਹੀ ਆਇਆ॥
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥
ਭਜਿ ਲੇਹਿ ਰੇ ਮਨ ਸਾਰਿਗਪਾਨੀ॥  (ਪੰਨਾ 1159)

ਸਰੀਰ ਤੰਦਰੁਸਤ ਹੋਣ ਸਮੇਂ ਤਾਂ ਮਨੁੱਖ ਨੇ ਸਿਮਰਨ ਕਰਨਾ ਹੀ ਹੈ, ਸਰੀਰ ਦੇ ਕਮਜ਼ੋਰ ਹੋਣ ਸਮੇਂ ਵੀ ਆਪਣਾ ਧਿਆਨ ਸਿਮਰਨ ਵੱਲ ਹੀ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰਬਾਣੀ ਵਿਚ ਪਰਮਾਤਮਾ ਤੋਂ ਅਜਿਹੀ ਕਿਰਪਾ ਕਰਨ ਦੀ ਮੰਗ ਵੀ ਕੀਤੀ ਗਈ ਹੈ। ਪੰਜਵੇਂ ਪਾਤਸ਼ਾਹ ਦਾ ਫ਼ੁਰਮਾਨ ਹੈ :

ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ॥
ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ॥  (ਪੰਨਾ 1358)

ਇਹ ਸਰੀਰ ਬਹੁਤ ਨਾਜ਼ੁਕ ਅਤੇ ਕਮਜ਼ੋਰ ਹੈ। ਥੋੜ੍ਹੇ ਜਿਹੇ ਦੁੱਖ ਨਾਲ ਹੀ ਇਹ ਮੁਰਝਾ ਜਾਂਦਾ ਹੈ। ਬੁਢਾਪਾ ਇਸ ਸਰੀਰ ਨੂੰ ਬਿਲਕੁਲ ਨਿਰਬਲ ਕਰ ਦਿੰਦਾ ਹੈ। ਇਹ ਇਕ ਨਾਸ਼ਵਾਨ ਚੀਜ਼ ਹੈ। ਇਕ ਦਿਨ ਇਸ ਦਾ ਅੰਤ ਹੋਣਾ ਹੈ। ਗੁਰੂ ਜਿਨ੍ਹਾਂ ਨੂੰ ਰੱਖਦਾ ਹੈ ਉਨ੍ਹਾਂ ਦੀ ਕਾਇਆ ਹੀ ਸਾਬਤ ਰਹਿੰਦੀ ਹੈ, ਬਾਕੀ ਸੰਸਾਰ ਜੰਮਦਾ ਮਰਦਾ ਰਹਿੰਦਾ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ:

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ॥
ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ॥ (ਪੰਨਾ 584)

ਸਤਿਗੁਰੂ ਦੀ ਸੇਵਾ ਕਰਨ  ਵਾਲੇ ਜਿਗਿਆਸੂਆਂ ਦੀ  ਕਾਇਆ ਸੋਨੇ ਵਾਂਗ ਕੀਮਤੀ ਤੇ ਚਿਰਸਥਾਈ ਹੋ ਜਾਂਦੀ ਹੈ। ਇਸ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਗੁਰੂ ਉਨ੍ਹਾਂ ਦੇ ਅੰਦਰੋਂ ਮਾਇਆ ਦੀ ਖੋਟ ਕੱਢ ਕੇ ਉਨ੍ਹਾਂ ਨੂੰ ਰੰਗ ਵਿਚ ਮਿਲਾ ਦਿੰਦਾ ਹੈ। ਉਨ੍ਹਾਂ ਦੀ ਆਤਮ ਰੰਗ ਵਿਚ ਰੰਗੀ ਕਾਇਆ ਪਰਮਾਤਮਾ ਦੀ ਕਾਇਆ ਵਾਂਗ ਸਵਰਨ ਰੰਗੀ ਹੋ ਜਾਂਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ॥
ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ॥
ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ॥
ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ॥
ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ॥ (ਪੰਨਾ 585)

ਹਰੀ ਦੀ ਪ੍ਰਤੱਖ ਮੂਰਤੀ ਦਾ ਵਰਣਨ ਕਰਦੇ ਹੋਏ ਗੁਰੂ ਸਾਹਿਬ ਨੇ ਉਸ ਦੀ ਕਾਇਆ ਕੰਚਨ ਦੀ ਹੀ ਲਿਖੀ ਹੈ :

ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥ (ਪੰਨਾ 567)

ਜਿਹੜੀ ਕਾਇਆ ਵਿਸ਼ੇ-ਵਿਕਾਰਾਂ ਵਿਚ ਤੇ ਝੂਠੇ ਕਾਰਜਾਂ ਵਿਚ ਲੱਗੀ ਰਹਿੰਦੀ ਹੈ, ਬਿਨਸਨਹਾਰ ਪਦਾਰਥਾਂ ਨੂੰ ਚੰਬੜੀ ਰਹਿੰਦੀ ਹੈ ਉਸ ਦੀ ਹਸਤੀ ਮਿੱਟੀ ਤੋਂ ਵੱਧ ਕੁਝ ਵੀ ਨਹੀਂ ਹੁੰਦੀ। ਉਹ ਮਿੱਟੀ ਵਿੱਚੋਂ ਪੈਦਾ ਹੁੰਦੀ ਹੈ ਤੇ ਮੁੜ ਮਿੱਟੀ ਬਣ ਜਾਂਦੀ ਹੈ। ਉਹ ਜੀਵਨ ਦਾ ਕੀਮਤੀ ਸਮਾਂ ਲੰਘੇ ਤੋਂ ਪਿੱਛੋਂ ਸਭ ਕੁਝ ਗਵਾ ਕੇ ਦੁਖੀ ਹੁੰਦੀ ਹੈ ਤੇ ਪਛਤਾਉਂਦੀ ਹੈ। ਗੁਰਬਾਣੀ ਵਿਚ ਫ਼ੁਰਮਾਨ ਹਨ:

ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ॥ (ਪੰਨਾ 154)

ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ॥
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ॥ (ਪੰਨਾ 156)

ਕਾਇਆ ਕਚੀ ਕਚਾ ਚੀਰੁ ਹੰਢਾਏ॥ ਦੂਜੈ ਲਾਗੀ ਮਹਲੁ ਨ ਪਾਏ॥
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ॥ (ਪੰਨਾ 111)

ਭਗਤ ਕਬੀਰ ਜੀ ਨੇ ਕਾਇਆ ਨੂੰ ਕਾਠ ਦੀ ਹਾਂਡੀ ਕਿਹਾ ਹੈ। ਇਹ ਇੱਕੋ ਵਾਰ ਵਰਤੀ ਜਾ ਸਕਦੀ ਹੈ। ਇਸ ਨੂੰ ਇਕ ਵਾਰ ਮਾਇਆ ਅਗਨੀ ਦੀ ਆਂਚ ਲੱਗਣ ਦੀ ਦੇਰ ਹੁੰਦੀ ਹੈ ਕਿ ਇਹ ਮੁੜ ਕੇ ਕਿਸੇ ਕੰਮ ਦੀ ਨਹੀਂ ਰਹਿੰਦੀ। ਰਾਮ ਦਾ ਭਜਨ ਕਰੇ ਬਿਨਾਂ ਇਸ ਨੂੰ ਬਹੁਤ ਵੱਡਾ ਖੋਰਾ ਲੱਗਦਾ ਹੈ। ਫ਼ੁਰਮਾਨ ਹੈ :

ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ॥
ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ॥ (ਪੰਨਾ 1368)

ਉਨ੍ਹਾਂ ਦਾ ਜੀਵਨ ਧੰਨ ਹੈ ਜੋ ਆਪਣੇ ਸਰੀਰ ਨੂੰ, ਕਾਇਆ ਨੂੰ, ਮਨ ਨੂੰ, ਆਪਣੀ ਰਸਨਾ ਨੂੰ, ਆਪਣੇ ਵਿਚਾਰਾਂ ਨੂੰ, ਆਪਣੇ ਹਿਰਦੇ ਨੂੰ ਨਾਮ ਦੀ ਖੋਜ ਵਿਚ ਲਾਉਂਦੇ ਹਨ। ਉਨ੍ਹਾਂ ਨੂੰ ਗੁਰਮਤਿ ਵਿਚ ਅਜਿਹੇ ਸ਼ੁੱਧ ਲਿਖਾਰੀ ਮੰਨਿਆ ਗਿਆ ਹੈ ਜੋ ਆਪਣੀ ਕਾਇਆ ਦੇ ਕਾਗ਼ਜ਼ ਉੱਤੇ ਆਪਣੇ ਮਨ ਨੂੰ ਸਿਆਹੀ ਬਣਾ ਕੇ ਆਪਣੀ ਰਸਨਾ ਦੀ ਕਲਮ ਨਾਲ ਆਪਣੇ ਹਿਰਦੇ ’ਤੇ ਸੱਚ ਦੀ ਵਡਿਆਈ ਹੀ ਲਿਖਦੇ ਹਨ। ਉਹ ਲਿਖਾਰੀ ਅਤੇ ਉਹ ਸਾਧਕ ਧੰਨਤਾ ਦੇ ਯੋਗ ਹਨ। ਗੁਰਬਾਣੀ ਵਿਚ ਫ਼ੁਰਮਾਇਆ ਹੈ:

ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ॥
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ॥
ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥ (ਪੰਨਾ 636)

‘ਧਨੁ ਲੇਖਾਰੀ’ ਦੇ ਸ਼ਬਦਾਂ ਨੂੰ ਆਮ ਲਿਖਾਰੀ ਆਪਣੇ ਪਰਥਾਇ ਸਮਝ ਰਹੇ ਹਨ। ਇਹ ਉਨ੍ਹਾਂ ਦਾ ਵੱਡਾ ਭੁਲੇਖਾ ਹੈ। ਇਥੇ ਲਿਖਾਰੀ ਤੋਂ ਭਾਵ ਉਹ ਸਾਧਕ ਹੈ ਜੋ ਗੁਰੂ ਦੇ ਉਪਦੇਸ਼ ਅਨੁਸਾਰ ਹਰਿ ਦੀ ਵਡਿਆਈ ਨੂੰ ਉਸ ਦੇ ਗੁਣਾਂ ਦੀ ਵਿਚਾਰ ਕਰ ਕੇ ਆਪਣੇ ਹਿਰਦੇ ਅੰਦਰ ਸੱਚ ਨੂੰ ਪ੍ਰਗਟ ਕਰ ਲੈਂਦਾ ਹੈ। ਆਪਣੀ ਵਡਿਆਈ ਲਈ ਭਾਵਕ ਪੱਧਰ ’ਤੇ, ਬੌਧਿਕ ਪੱਧਰ ’ਤੇ ਪੁਸਤਕਾਂ ਲਿਖਣ ਵਾਲੇ ਲੇਖਕਾਂ ਨੂੰ ਇਹ ਦਰਜਾ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਕਿਉਂਕਿ ਉਨ੍ਹਾਂ ਨੇ ਕਾਇਆ ਕਾਗਦ ਦੀ ਮਹੱਤਤਾ ਨਹੀਂ ਸਮਝੀ। ਗੁਰਬਾਣੀ ਦਾ ਫ਼ੁਰਮਾਨ ਹੈ :

ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ॥ (ਪੰਨਾ 1015-16)

ਇਸੇ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਕੁਰਾਹੇ ਪਈ ਹੋਈ ਹੈ। ਸਾਡੇ ਅੱਜ ਦੇ ਨੌਜਵਾਨ ਆਪਣੇ ਕੇਸ ਕਤਲ ਕਰਵਾ ਕੇ ਤੇ ਕੰਨ ਵਿਚ ਨੱਤੀਆਂ ਪਾ ਕੇ, ਆਪਣੀ ਕਾਇਆ ਨੂੰ ਸਜਾ-ਸੰਵਾਰ ਕੇ ਬੜੇ ਖ਼ੁਸ਼ ਹੁੰਦੇ ਹਨ। ਇਹ ਖ਼ੁਸ਼ੀ ਉਨ੍ਹਾਂ ਦੀ ਖ਼ੁਸ਼ਫ਼ਹਿਮੀ ਹੀ ਹੈ ਕਿਉਂਕਿ ਵਿਸ਼ੇ-ਵਿਕਾਰਾਂ ਅਤੇ ਬੁਰੇ ਵਿਚਾਰਾਂ ਨਾਲ ਭਰੇ ਮਨੁੱਖੀ ਸਰੀਰ ਨਾਲੋਂ ਗੰਦੀ ਚੀਜ਼ ਸੰਸਾਰ ਵਿਚ ਕੋਈ ਨਹੀਂ ਹੈ। ਇਸ ਦੀ ਵਡਿਆਈ ਆਪਣੀ ਸੋਚ ਨੂੰ ਉੱਚੀ ਕਰਨ ਵਿਚ ਤੇ ਆਪਣੇ ਮਨ ਨੂੰ ਪਵਿੱਤਰ ਕਰਨ ਵਿਚ ਹੈ। ਨਸ਼ੇ ਤੇ ਵਿਸ਼ੇ- ਵਿਕਾਰ ਜਵਾਨੀ ਦਾ ਨਾਸ਼ ਕਰਦੇ ਹਨ ਅਤੇ ਉਮਰ ਨੂੰ ਘਟਾਉਂਦੇ ਹਨ। ਗੁਰਮੁਖਾਂ ਦੀ ਸੁਰਤ ਉੱਚੀ ਹੁੰਦੀ ਹੈ, ਉਹ ਕਦੇ ਬੁੱਢੇ ਨਹੀਂ ਹੁੰਦੇ। ਉਨ੍ਹਾਂ ਦੇ ਚਿਹਰੇ ਅਧਿਆਤਮਕ ਰੂਪ ਵਿਚ ਨਾਮ ਦੇ ਮਜੀਠ ਰੰਗ ਵਿਚ ਰੰਗੇ ਦਗ-ਦਗ ਕਰਦੇ ਰਹਿੰਦੇ ਹਨ। ਗੁਰਬਾਣੀ ਦੇ ਮਹਾਂਵਾਕ ਹਨ:

ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ॥ (ਪੰਨਾ 1418)

ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ॥
ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ॥  (ਪੰਨਾ 546)

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਪੰਨਾ 8)

ਇਸ ਲਈ ਲੋੜ ਹੈ ਕਿ ਆਪਣੀ ਕਾਇਆ ਦੇ ਸਹੀ ਮਹੱਤਵ ਨੂੰ ਅਸੀਂ ਪਹਿਚਾਣੀਏ ਅਤੇ ਸੱਚ ਦੀ ਪ੍ਰਾਪਤੀ ਲਈ ਇਸ ਦਾ ਉਪਯੋਗ ਕਰੀਏ, ਤਾਂ ਹੀ ਮਨੁੱਖ ਆਪਣਾ ਮੁੱਖ ਉਜਲਾ ਕਰ ਸਕਦਾ ਹੈ ਤੇ ਲੋਕਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣ ਸਕਦਾ ਹੈ। ਅਜਿਹੇ ਜੀਵਨ ਨੂੰ ਹੀ ਸਫਲ ਜੀਵਨ-ਯਾਤਰਾ ਕਿਹਾ ਗਿਆ ਹੈ। ਫ਼ੁਰਮਾਨ ਹਨ:

ਸਫਲ ਸਫਲ ਭਈ ਸਫਲ ਜਾਤ੍ਰਾ॥
ਆਵਣ ਜਾਣ ਰਹੇ ਮਿਲੇ ਸਾਧਾ॥ (ਪੰਨਾ 687)

ਸਹਜਿ ਮਿਲੈ ਮਿਲਿਆ ਪਰਵਾਣੁ॥
ਨਾ ਤਿਸੁ ਮਰਣੁ ਨ ਆਵਣੁ ਜਾਣੁ॥ (ਪੰਨਾ 686)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)