ਪਾਕਿਸਤਾਨ ਦੀ ਕਾਇਮੀ ਦੇ ਆਰੰਭਲੇ ਸਾਲਾਂ ਵਿਚ ਦੋ-ਕੌਮੀ ਸਿਧਾਂਤ ਦੇ ਪ੍ਰਭਾਵੀ ਰਹਿਣ ਕਰਕੇ ਉਥੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਹੱਕ ਵਿਚ ਕੋਈ ਲਹਿਰ ਨਾ ਚੱਲ ਸਕੀ। ਉਲਟਾ ਹਾਲਤ ਇਹ ਬਣ ਗਈ ਕਿ ਪੰਜਾਬੀ ਦਾ ਨਾਂ ਲੈਣ ਵਾਲੇ ਜਾਂ ਇਸ ਦੇ ਹੱਕ ਵਿਚ ਕੋਈ ਗੱਲ ਕਰਨ ਵਾਲੇ ਨੂੰ ਪਾਕਿਸਤਾਨ, ਇਸਲਾਮ ਅਤੇ ਉਰਦੂ ਵਿਰੋਧੀ ਗਰਦਾਨਿਆ ਜਾਣ ਲੱਗਾ। ਕੁਝ ਵਧੇਰੇ ਜਨੂੰਨੀ ਕਿਸਮ ਦੇ ਲੋਕ, ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ, ਪਾਕਿਸਤਾਨੀ ਸਿੱਖ ਵੀ ਕਹਿੰਦੇ। ਪੰਜਾਬੀ-ਪ੍ਰਸਤੀ ਅਤੇ ਦੇਸ਼-ਭਗਤੀ ਦੋ ਵਿਰੋਧੀ ਚੀਜ਼ਾਂ ਬਣ ਕੇ ਰਹਿ ਗਈਆਂ। ਅਕਾਦਮਿਕ ਹਲਕਿਆਂ ਵਿਚ ਹਾਲਤ ਹੋਰ ਵੀ ਮਾੜੀ ਸੀ। ਪੰਜਾਬੀ ਦੀ ਵਿਦਿਅਕ ਹੈਸੀਅਤ ਨਾਂਹ ਦੇ ਬਰਾਬਰ ਹੋਣ ਕਰਕੇ ਖੋਜ ਅਤੇ ਆਲੋਚਨਾਤਮਿਕ ਪੁਸਤਕਾਂ ਦੀ ਗਿਣਤੀ ਹੋਰ ਵੀ ਘੱਟ ਸੀ। ਮੁਸ਼ਤਾਕ ਬਾਸਤ ਵਰਗੇ ਕੁਝ ਲੋਕ ਵੀ ਸਨ, ਜੋ ਜਾਣ-ਬੁੱਝ ਕੇ ਪੰਜਾਬੀ ਭਾਸ਼ਾ ਵਿਚ ਵੰਡੀਆਂ ਪਾਉਣ ਦੀਆਂ ਦਲੀਲਾਂ ਦੇਂਦੇ ਸਨ ਅਤੇ ਪਾਕਿਸਤਾਨ ਵਿਚ ਪੰਜਾਬੀ ਸਾਹਿਤ ਦੇ ਇਤਿਹਾਸ ਅਤੇ ਹੋਰ ਆਲੋਚਨਾਤਮਿਕ ਪੁਸਤਕਾਂ ਲਿਖਣ ਵਾਲੇ ਲੋਕਾਂ ਨੂੰ ਨਸੀਹਤਾਂ ਕਰਦੇ ਸਨ ਕਿ ਗੁਰਮੁਖੀ ਲਿਪੀ ਵਿਚ ਲਿਖਿਆ ਸਾਹਿਤ ਉਨ੍ਹਾਂ ਲਈ ਬੇਮਾਅਨੀ ਹੈ, ਇਸ ਲਈ ਇਸ ਦਾ ਕਿਧਰੇ ਵੀ ਜ਼ਿਕਰ ਨਾ ਕੀਤਾ ਜਾਵੇ। ਉਹ ਆਪਣੀ ਪੰਜਾਬੀ ਨੂੰ ‘ਪਾਕ ਪੰਜਾਬੀ’ ਦੀ ਸੰਗਿਆ ਵੀ ਦੇਂਦੇ ਹਨ। ਮੁਸ਼ਤਾਕ ਬਾਸਤ ਦੇ ਸ਼ਬਦਾਂ ਵਿਚ, “ਸਿੱਖ ਤਹਿਜ਼ੀਬ ਤੋਂ ਮੁਤਾਸਿਰ ਕੁਝ ਲੋਕ ਵੀ ਨਜ਼ਰੀਂ ਆਉਂਦੇ ਹਨ ਜਿਹੜੇ ਸਿੱਖਾਂ ਦੇ ਅਦਬ ਨੂੰ ਪਾਕ ਪੰਜਾਬੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਦੋ ਵੱਖ-ਵੱਖ ਜ਼ੁਬਾਨਾਂ ਨੇ। ਇਨ੍ਹਾਂ ਦਾ ਮੇਲ ਕਿਸੇ ਮਰਹਲੇ ’ਤੇ ਨਹੀਂ ਹੋ ਸਕਦਾ। ਦੂਜੀ ਗੱਲ ਇਹ ਜੇ ਇਨ੍ਹਾਂ ਦੀ ਗ਼ਲਤ ਸੋਚ ਤੋਂ ਪਾਕ ਪੰਜਾਬੀ ਅਦਬ ਵਿਚ ਰਲਾਉਣ ਦੀ ਕੋਸ਼ਿਸ਼ ਇਸ ਗੱਲੋਂ ਵੀ ਕਿਸੇ ਬੰਨੇ ਨਹੀਂ ਲੱਗ ਸਕਦੀ ਜੇ ਇਹ ਦੋ-ਚਾਰ ਬੰਦੇ ਇਥੇ ਕੁਝ ਨਹੀਂ ਵਿਗਾੜ ਸਕਦੇ।” 1
ਅਜਿਹੀ ਸੋਚ ਤੇ ਕੁੜੱਤਣ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜਾਂ ਹੋਰ ਸਿੱਖ ਸਾਹਿਤ ਬਾਰੇ ਕਿੰਨਾ ਕੁ ਲਿਖਿਆ ਜਾ ਸਕਦਾ ਸੀ? ਫਿਰ ਵੀ ਸ੍ਰੀ ਗੁਰੂ ਨਾਨਕ ਸਾਹਿਬ ਪੰਜਾਬ ਦੇ ਸਭਿਆਚਾਰਕ ਵਿਰਸੇ ਦਾ ਭਾਗ ਹੋਣ ਕਰਕੇ ਇਸ ਤੋਂ ਪੱਲਾ ਛੁਡਾ ਸਕਣਾ ਵੀ ਮੁਸ਼ਕਲ ਸੀ। ਇਤਿਹਾਸ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ, ਜੇਕਰ ਸੰਭਵ ਹੁੰਦਾ ਤਾਂ ਮੁਸ਼ਤਾਕ ਬਾਸਤ ਵਰਗੀ ਸੋਚ ਵਾਲੇ ਲੋਕ ਉਹ ਵੀ ਕਰ ਗੁਜ਼ਰਦੇ। ਇਥੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਇਸਲਾਮੀ ਦੁਨੀਆਂ ਵਿਚ ਜੇਕਰ ਕਿਸੇ ਦੀ ਪੀਰ-ਪੈਗ਼ੰਬਰ ਵਜੋਂ ਮਾਨਤਾ ਹੈ ਤਾਂ ਉਹ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਹੀ ਹੈ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਵੀ ਕੁਝ ਲੋਕਾਂ ਦੀ ਨਕਾਰਾਤਮਕ ਸੋਚ ਦੇ ਹੁੰਦਿਆਂ ਕਿੰਨੀਆਂ ਕੁ ਪੁਸਤਕਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਪੰਜਾਬੀ ਅਦਬ ਦੀ ਸਾਂਝੀ ਵਿਰਾਸਤ ਬਾਰੇ ਲਿਖੀਆਂ ਜਾ ਸਕਦੀਆਂ ਸਨ? ਫਿਰ ਵੀ ਪੰਜਾਬੀ ਅਤੇ ਉਰਦੂ ਦੀਆਂ ਜਿੰਨੀਆਂ ਕੁ ਪੁਸਤਕਾਂ, ਇਸ ਖੋਜ-ਪੱਤਰ ਦੀ ਤਿਆਰੀ ਵਕਤ, ਮੈਂ ਵੇਖ ਸਕਿਆ ਹਾਂ ਉਨ੍ਹਾਂ ਦਾ ਵੇਰਵਾ ਇਹ ਹੈ:
1. ‘ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ਼’ ਕ੍ਰਿਤ ਅਹਿਮਦ ਹੁਸੈਨ ਅਹਿਮਦ ਕਿਲਾਦਾਰੀ (1964);
2. ‘ਪੰਜਾਬੀ ਅਦਬ ਦੀ ਕਹਾਣੀ’ ਕ੍ਰਿਤ ਅਬਦੁੱਲ ਗਫੂਰ ਕੁਰੈਸ਼ੀ (1972);”
3. ‘ਮੂੰਹ ਆਈ ਗੱਲ’ ਕ੍ਰਿਤ ਸ਼ਾਹਬਾਜ਼ ਮਲਿਕ (1976);
4. ‘ਨਿਤਾਰੇ’ ਕ੍ਰਿਤ ਸ਼ਹਬਾਜ਼ ਮਲਿਕ (1979);
5. ‘ਆਖਿਆ ਬਾਬਾ ਫਰੀਦ ਨੇ’ ਕ੍ਰਿਤ ਮੁਹੰਮਦ ਆਸਫ਼ ਖਾਂ (1978)।
ਪਹਿਲੀ ਕਿਤਾਬ, ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ, ਸੰਖੇਪ ਵਿਚ ਪੰਜਾਬੀ ਸਾਹਿਤ ਦੇ ਇਤਿਹਾਸ ਉਪਰ ਨਜ਼ਰ ਪਵਾਉਂਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਗੱਲ ਕਰਦਿਆਂ ਅਹਿਮਦ ਹੁਸੈਨ ਕਿਲਾਦਾਰੀ ਲਿਖਦਾ ਹੈ, “ਪੰਜਾਬੀ ਜ਼ਬਾਨ ਕੀ ਤਹਿਰੀਰੀ ਸੂਰਤ ਕੀ ਇਬਤਦਾ ਗੁਰੂ ਨਾਨਕ ਜੀ ਮਹਾਰਾਜ ਸੇ ਹੂਈ। ਗੁਰੂ ਨਾਨਕ 1469 ਈ. ਮੇਂ ਬਮੁਕਾਮ ਨਨਕਾਣਾ, ਜ਼ਿਲ੍ਹਾ ਸ਼ੇਖੂਪੁਰਾ ਮਹਿਤਾ ਕਾਲੂ ਰਾਇ ਕੇ ਹਾਂ ਪੈਦਾ ਹੂਏ। ਜਿਨ੍ਹੋਂ ਨੇ ਦਰਵੇਸ਼ੀ ਚੋਲਾ ਪਹਿਨਾ ਔਰ ਲੋਗੋਂ ਕੋ ਹਦਾਯਾਤ ਔਰ ਨੇਕੀ ਕੀ ਬਾਤੇਂ ਬਤਾਈਂ। ਇਨ੍ਹੋਂ ਨੇ ਉਨ੍ਹਾਂ ਹਦਾਯਾਤ ਕੀ ਬਾਤੋਂ ਕੋ ਪੰਜਾਬੀ ਨਜ਼ਮ ਕੀ ਸੂਰਤ ਮੇਂ ਢਾਲਾ ਔਰ ਆਪ ਕੇ ਪੈਰੋਕਾਰਾਂ ਨੇ ਭੀ ਇਸੀ ਤਰਜ਼ਿ ਅਮਲ ਕੋ ਅਪਨਾਇਆ ਜਿਨ ਕੋ ਬਾਅਦ ਮੇਂ ਜਮਾਂ ਕਰਕੇ ਗ੍ਰੰਥ ਕਾ ਨਾਮ ਦੀਆ ਗਯਾ। ਇਸੀ ਗ੍ਰੰਥ ਮੇਂ ਗੁਰੂ ਨਾਨਕ ਕੀ ਬਾਨੀ ਦਰਜ ਹੈ ਔਰ ਯੇ ਸਭ ਸੇ ਪਹਿਲੇ ਮਾਅਰਿਜ਼ ਵਜੂਦ ਮੇਂ ਆਯਾ…। ਗ੍ਰੰਥ ਮੇਂ ਦਰਜਸ਼ੁਦਾ ਕਲਾਮ ਕੇ ਇਲਾਵਾ ਗੁਰੂ ਨਾਨਕ ਸਾਹਿਬ ਕੇ ਕਲਾਮ ਕੀ ਤਫਸੀਲ ਹੈ; ਨਸੀਹਤਨਾਮਾ, ਰੇਖਤੇ, ਮੁਨਾਜਾਤ, ਪ੍ਰਾਣ ਸੰਗਲੀ, ਗਿਆਨ ਸਰਵਰ, ਕਾਫ਼ੀਆਂ ਵਗੈਰਾ। ਕੁਝ ਫ਼ਾਰਸੀ ਮੇਂ ਸ਼ਬਦ ਔਰ ਨਸਰ ਮੇਂ ਹਾਜ਼ਰਨਾਮਾ ਬਤਾਏ ਜਾਤੇ ਹੈਂ। ਗੁਰੂ ਨਾਨਕ ਸਾਹਿਬ ਕੀ ਵਫ਼ਾਤ 1538 ਮੇਂ ਹੂਈ।” 2
ਪਾਕਿਸਤਾਨ ਵਿਚ ਛਪੀਆਂ ਕਿਤਾਬਾਂ ਵਿੱਚੋਂ ਸਭ ਤੋਂ ਵੱਧ ਚਰਚਾ ਅਬਦੁੱਲ ਗਫੂਰ ਕੁਰੈਸ਼ੀ ਦੀ ਪੁਸਤਕ ‘ਪੰਜਾਬੀ ਅਦਬ ਦੀ ਕਹਾਣੀ’ ਵਿਚ ਹੈ। ਪੁਸਤਕ ਦੇ ਚਾਰ ਸਫਿਆਂ ਵਿਚ ਫੈਲੇ ਬਿਰਤਾਂਤ ਵਿਚ ਕੁਝ ਤੱਥਿਕ ਅਤੇ ਆਮ ਪ੍ਰੱਚਲਤ ਗੱਲਾਂ ਹਨ, ਅਸੀਂ ਕੇਵਲ ਕੁਝ ਮਹੱਤਵਪੂਰਨ ਗੱਲਾਂ ਹੀ ਇਥੇ ਦਰਜ ਕਰਦੇ ਹਾਂ। ਕੁਰੈਸ਼ੀ ਲਿਖਦਾ ਹੈ, “ਆਪ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ਜ਼ਮਾਨੇ ਵਿਚ ਬਾਬਾ ਫਰੀਦ ਜੀ ਦੀ ਭਗਤੀ ਤਹਿਰੀਕ ਆਪਣੇ ਸਿਖਰ ਉਤੇ ਸੀ। ਆਪ ਐਸ ਤੋਂ ਬਹੁਤ ਮੁਤਾਸਰ ਹੋਏ। ਅਖੀਰ ਆਪ ਨੇ ਹਿੰਦੂ ਬ੍ਰਾਹਮਣਾਂ ਤੋਂ ਵੱਖਰਾ ਆਪਣਾ ਫਿਰਕਾ ਸਿੱਖ ਪੰਥ ਚਲਾਇਆ। ਆਪ ਦੀ ਤਾਲੀਮ ਦਾ ਵਧੇਰੇ ਹਿੱਸਾ ਰੱਬ ਦੀ ਤੌਹੀਦ, ਓਸ ਦੀ ਹਮਦ ਤੇ ਸਨਾ ਨਾਲ ਭਰਪੂਰ ਏ। ਆਪ ਨੇ ਇਹ ਤਾਲੀਮ ਦਿੱਤੀ ਏ… ਭਾਈਓ ਸਭ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਪਛਾਣੋ। ਅੰਦਰ ਬਾਹਰ ਇਕ ਹੋਵੋ। ਫੈਲਸੂਫੀਆਂ ਨ ਛਾਂਟੋ। ਕਿਸੇ ਨੂੰ ਮੰਦਾ ਨਾ ਆਖੋ। ਕਿਸੇ ਨੂੰ ਫਿੱਕਾ ਨਾ ਬੋਲੋ। ਆਕੜ ਨਾ ਕਰੋ। ਕਿਸੇ ਦੀ ਪ੍ਰਵਾਹ ਕੀਤੇ ਬਗੈਰ ਸਭ ਨਾਲ ਸੱਚ ਦਾ ਵਰਤਾਰਾ ਕਰੋ। ਲੰਬੀ ਨਜ਼ਰ ਨਾਲ ਵੇਖੋ। ਕਿਸੇ ਨਾਲ ਬੁਰਾਈ ਨਾ ਕਰੋ…ਆਪ ਦੇ ਸਲੋਕ ਮਿਲਦੇ ਨੇ ਜੋ ਆਦਿ ਗ੍ਰੰਥ ਵਿਚ ਦੂਜੇ ਗੁਰੂਆਂ ਦੇ ਕਲਾਮ ਨਾਲ ਦਰਜ ਨੇ। ਆਪ ਦੇ ਕਲਾਮ ਵਿਚ ਅਖਾਣਾਂ ਵਰਗੀ ਸਚਾਈ ਏ। ਆਪ ਦਾ ਮਜ਼ਹਬ ਨੇਕੀ ਏ… ਗੁਰੂ ਨਾਨਕ ਦੀ ਫ਼ਿਲਾਸਫ਼ੀ ਫੋਕੀ ਮੰਤਕੀ, ਦਿਮਾਗੀ ਉਲਝਣਾਂ ਵਾਲੀ ਨਹੀਂ ਸਗੋਂ ਅਮਲ ਤੇ ਅਸਲੀ ਫ਼ਲਸਫ਼ਾ ਏ। ਇਹ ਹੁਸੀਨ ਜ਼ਿੰਦਗੀ ਦਾ ਫ਼ਲਸਫ਼ਾ ਏ ਜਿਸ ਵਿਚ ਰੋਮਾਂਸ ਤੇ ਮਿਠਾਸ ਵੀ ਏ।” 3
ਸ਼ਹਬਾਜ਼ ਮਲਿਕ ਪਾਕਿਸਤਾਨ ਦੇ ਪੰਜਾਬੀ ਖੋਜਕਾਰਾਂ ਵਿਚ ਇਕ ਪ੍ਰਮੁੱਖ ਨਾਂ ਹੈ। ਸਾਡੇ ਸਾਹਮਣੇ ਇਸ ਵਕਤ ਉਸ ਦੀਆਂ ਦੋ ਕਿਤਾਬਾਂ ਹਨ। ਪਹਿਲੀ ‘ਮੂੰਹ ਆਈ ਗੱਲ’ ਹੈ ਜੋ 1976 ਵਿਚ ਛਪੀ। ਇਹ ਪੰਜਾਬੀ ਸਾਹਿਤ ਦਾ ਅਤਿ ਸੰਖੇਪ ਇਤਿਹਾਸ ਹੈ। ਇਸ ਵਿਚ ਇਕ ਥਾਂ ’ਤੇ ਸ਼ਹਬਾਜ਼ ਮਲਿਕ ਲਿਖਦਾ ਹੈ, “ਬਾਬਾ ਗੁਰੂ ਨਾਨਕ ਤੇ ਫ਼ਰੀਦ ਸਾਨੀ ਦੀ ਮੁਲਾਕਾਤ ਇਕ ਤਾਰੀਖੀ ਸਚਾਈ ਏ ਤੇ ਆਦਿ ਗ੍ਰੰਥ ਵਿਚ ਬਾਬਾ ਫ਼ਰੀਦ ਦਾ ਕਲਾਮ ਏਸ ਦੀ ਸ਼ਾਹਦੀ ਏ ਕਿ ਗੁਰੂ ਨਾਨਕ ਜੀ ਨੇ ਬ੍ਰਾਹਮਣਵਾਦ ਤੋਂ ਬਗ਼ਾਵਤ ਕੀਤੀ ਤੇ ਇਸਲਾਮ ਦੀ ਸੱਚੀ ਤੇ ਸੁੱਚੀ ਤਾਲੀਮ ਵੱਲ ਆਏ। ਬਾਬਾ ਗੁਰੂ ਨਾਨਕ ਤੇ ਇਸ ਦੇ ਮਗਰ ਚੱਲਣ ਵਾਲਿਆਂ ਦੇ ਵਿਚਾਰਾਂ ਵਿਚ ਇਸਲਾਮੀ ਵਿਚਾਰਾਂ ਦੀ ਪ੍ਰਧਾਨਗੀ ਤੋਂ ਬ੍ਰਾਹਮਣ ਜ਼ਿਹਨ ਫਿਕਰਮੰਦ ਸੀ। ਬ੍ਰਾਹਮਣ ਜ਼ਿਹਨ ਨੇ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਮੁਸਲਮਾਨਾਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਹਿੰਦੀ, ਸੰਸਕ੍ਰਿਤ ਤੇ ਅਪਭ੍ਰੰਸ਼ ਬੋਲੀਆਂ ਦੇ ਲਫਜ਼ਾਂ ਦੀ ਬਹੁਤੀ ਵਰਤੋਂ ਕਰਨ ਲਈ ਉਕਸਾਇਆ।” 4
ਸ਼ਹਬਾਜ਼ ਮਲਿਕ ਦੀ ਇਕ ਹੋਰ ਕਿਤਾਬ ‘ਨਿਤਾਰੇ’ (1979) ਹੈ ਜਿਸ ਵਿਚ ਇਕ ਲੇਖ ਹੈ ‘ਪੰਜਾਬੀ ਅਦਬ ਦੀ ਸਿੱਖੀ ਰਵਾਇਤ’। ਇਸ ਲੇਖ ਵਿਚ ਸਿੱਖ ਲੇਖਕਾਂ ਦਾ, ਵਿਸ਼ੇਸ਼ ਕਰਕੇ ਮੱਧਕਾਲੀ ਲੇਖਕਾਂ ਦਾ, ਵੇਰਵਾ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਦੋ ਥਾਵਾਂ ’ਤੇ ਚਰਚਾ ਹੈ। ਇਕ ਥਾਂ ਉਹ ਲਿਖਦਾ ਹੈ, “ਗ੍ਰੰਥ ਵਿਚ ਸ਼ਾਮਲ ਨਾਨਕ ਜੀ ਦੇ ਕਲਾਮ ਵਿਚ ਜਪੁਜੀ ਨੂੰ ਪਹਿਲੀ ਤੇ ਉੱਚੀ ਥਾਂ ਹਾਸਲ ਏ। ਏਹਦੇ ਵਿਚ ਬਿਆਨ ਹੋਏ ਨਜ਼ਰੀਏ ਇਕ ਲਿਹਾਜ਼ ਨਾਲ ਸਾਰੇ ਆਦਿ ਗ੍ਰੰਥ ਦਾ ਮੂਲ ਨੇ। ਆਦਿ ਗ੍ਰੰਥ ਵਿਚ ਨਾਨਕ ਜੀ ਦੇ ਬਾਰਾਂਮਾਹ, ਨਸੀਹਤਨਾਮਾ, ਪਾਕਨਾਮਾ, ਕਰਨੀਨਾਮਾ ਵਗੈਰਾ ਵੀ ਦਰਜ ਨੇ।” 5
‘ਨਿਤਾਰੇ’ ਵਿਚ ਹੀ ਦੂਜੀ ਥਾਂ ’ਤੇ ਸ਼ਹਬਾਜ਼ ਮਲਿਕ ਭਗਤੀ ਲਹਿਰ ਦੇ ਵਿਕਾਸ ਦੀ ਗੱਲ ਕਰਦਾ ਕਰਦਾ ਸ੍ਰੀ ਗੁਰੂ ਨਾਨਕ ਦੇਵ ਜੀ ਉਪਰ ਇਸਲਾਮ ਦੇ ਪ੍ਰਭਾਵ ਉੱਪਰ ਆ ਕੇ ਨਿਬੇੜਦਾ ਹੈ। ਕੁਝ ਗੱਲਾਂ ਗੁਰੂ ਜੀ ਦੀ ਬਾਣੀ ਵਿਚਲੇ ਭਾਸ਼ਾ ਪ੍ਰਯੋਗ ਬਾਰੇ ਕਰਦਾ, ਉਹ ਇਸ ਦੇ ਪਿਛੋਕੜ ਵਿਚ ਕੰਮ ਕਰਦੇ ਤਰਕ ਦੀ ਉਸਾਰੀ ਵੀ ਕਰਦਾ ਹੈ। ਮਲਿਕ ਲਿਖਦਾ ਹੈ:
“ਸਿੱਖ ਧਰਮ ਤੇ ਸਿੱਖ ਸਾਹਿਤ ਵਿਚ ਸਭ ਤੋਂ ਉੱਚਾ ਮੁਕਾਮ ਆਦਿ ਗ੍ਰੰਥ ਨੂੰ ਦਿੱਤਾ ਜਾਂਦਾ ਏ, ਜਿਹੜਾ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1604 ਵਿਚ ਮੁਰੱਤਬ ਕੀਤਾ ਸੀ। ਅਸਲ ਵਿਚ ਏਦੂੰ ਮਗਰੋਂ ਹੀ ਸਿੱਖ ਫਿਰਕੇ ਦਾ ਇਕ ਵੱਖ ਤਸ਼ਖੁੱਸ ਉੱਭਰਿਆ। ਏਦੂੰ ਪਹਿਲੋਂ ਫਕੀਰਾਂ ਜਾਂ ਭਗਤਾਂ ਦੇ ਐਸ ਗ੍ਰੋਹ ਨੂੰ ਕਬੀਰ ਪੰਥੀ ਕਹਿੰਦੇ ਸਨ ਕਿਉਂਕਿ ਗੁਰੂ ਨਾਨਕ ਜੀ ਦੇ ਵਿਚਾਰ ਭਗਤੀ ਭਾਵ ਦੀ ਸਿਖਰ ਵਾਲੀ ਸ਼ਕਲ ਗਿਣੇ ਜਾਂਦੇ ਨੇ। ਗੁਰੂ ਨਾਨਕ ਜੀ ਨੇ ਆਪਣੇ ਕਲਾਮ ਤੇ ਵਿਚਾਰ ਦੀ ਨੀਂਹ ਬਾਬਾ ਫਰੀਦ ਸ਼ਕਰਗੰਜ ਦੇ ਬੋਲਾਂ ਉੱਤੇ ਰੱਖੀ। ਇਸੇ ਲਈ ਇਹਦੇ ਵਿਚ ਕਬੀਰ ਪੰਥੀ ਵਿਚਾਰਾਂ ਦੇ ਨਾਲ-ਨਾਲ ਵਾਹਦਾਨੀਅਤ ਵਾਲਾ ਇਸਲਾਮੀ ਫਿਕਰ ਵੀ ਮਿਲਦਾ ਏ। ਬਾਬਾ ਨਾਨਕ ਜੀ ਦਾ ਉੱਠਣਾ-ਬੈਠਣਾ ਬਹੁਤਾ ਕਰਕੇ ਮੁਸਲਮਾਨ ਸੂਫੀ ਦਰਵੇਸ਼ਾਂ ਨਾਲ ਈ ਸੀ। ਇਹ ਗੱਲ ਵੀ ਸਾਬਤ ਏ ਕਿ ਆਪ ਮੱਕੇ-ਸ਼ਰੀਫ਼ ਤਸ਼ਰੀਫ ਲੈ ਗਏ ਸਨ, ਇਸੇ ਕਰਕੇ ਉਨ੍ਹਾਂ ਦੇ ਕਲਾਮ ਵਿਚ ਅਰਬੀ, ਫ਼ਾਰਸੀ ਲਫ਼ਜ਼ਾਂ, ਤਰਕੀਬਾਂ ਦੇ ਨਾਲ-ਨਾਲ ਇਸਲਾਮੀ ਵਿਚਾਰਾਂ ਦਾ ਆਉਣਾ ਕੁਦਰਤੀ ਗੱਲ ਸੀ ਪਰ ਉਨ੍ਹਾਂ ਵਿਚ ਏਹੋ ਰੰਗ ਨਹੀਂ। ਉਹ ਭਗਤੀ ਲਹਿਰ ਨੂੰ ਲੈ ਕੇ ਚੱਲ ਰਹੇ ਸਨ, ਜਿਹੜੀ ਬਰਿ- ਸਗੀਰ (ਉਪ-ਮਹਾਂਦੀਪ) ਤੇ ਇਸਲਾਮੀ ਵਿਚਾਰਾਂ ਦੇ ਅਸਰ ਨਾਲ ਉਸ ਵੇਲੇ ਦੇ ਮੁਕਾਮੀ ਧਰਮੀ ਵਿਚਾਰਾਂ ਦੇ ਇੰਤਸ਼ਾਰ (ਵਿਗਾੜ) ਦਾ ਸਿੱਟਾ ਸੀ। ਇਸ ਤੋਂ ਅੱਡ ਬਾਬਾ ਨਾਨਕ ਜੀ ਇਕ ਹਿੰਦੂ ਘਰਾਣੇ ਦੇ ਫਰਦ (ਵਿਅਕਤੀ) ਸਨ। ਉਨ੍ਹਾਂ ਦੀ ਪਾਲਣਾ ਵੀ ਹਿੰਦੂ ਮਾਹੌਲ ਵਿਚ ਹੋਈ ਸੀ। ਇਸੇ ਕਰਕੇ ਉਨ੍ਹਾਂ ਦੀ ਬਾਣੀ ਵਿਚ ਜੁਗਤ ਤੇ ਵਿਚਾਰਧਾਰਾ ਦਾ ਝੁਕਾਅ ਅਪਭ੍ਰੰਸ਼ ਤੇ ਬ੍ਰਜ ਵੱਲ ਸੀ।” 6
ਇਨ੍ਹਾਂ ਕੁਝ ਕੁ ਪੁਸਤਕਾਂ ਤੋਂ ਬਿਨਾਂ ਮੁਹੰਮਦ ਆਸਫ ਖ਼ਾਂ ਦੀ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਸੰਪਾਦਿਤ ਕਰਦੀ ਅਤੇ ਉਸ ਬਾਰੇ ਕਈ ਹੋਰ ਮਸਲੇ ਨਜਿੱਠਦੀ ਪੁਸਤਕ ‘ਆਖਿਆ ਬਾਬਾ ਫਰੀਦ ਨੇ’ (1978) ਵੀ ਹੈ। ਇਸ ਦੇ ਇਕ ਅਧਿਆਇ ‘ਸਲੋਕਾਂ ਦੇ ਪੜਾਅ ਤੇ ਪੰਧ’ ਵਿਚ ਉਹ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਇਕੱਤਰ ਕਰਨ ਤੇ ਉਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦੀ ਕਿਰਿਆ ਬਾਰੇ ਬਹਿਸ ਕਰਦਾ ਹੈ। ਆਸਫ ਖਾਂ ਦੀ ਇਹ ਬਹਿਸ ਵਧੇਰੇ ਕਰਕੇ ਭਾਰਤੀ ਪੰਜਾਬ ਵਿਚ ਬਾਬਾ ਫਰੀਦ ਜੀ ਬਾਰੇ ਹੋਈ ਖੋਜ ਉੱਪਰ ਹੀ ਆਧਾਰਿਤ ਹੈ ਜੋ ਇਹ ਦੱਸਦੀ ਹੈ ਕਿ ਇਹ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਸ਼ੇਖ ਫਰੀਦ ਜੀ ਦੇ ਗਿਆਰ੍ਹਵੇਂ ਗੱਦੀਨਸ਼ੀਨ ਸ਼ੇਖ ਇਬਰਾਹੀਮ ਪਾਸੋਂ ਸੁਣ ਕੇ ਇਕੱਤਰ ਕੀਤੇ ਅਤੇ ਗੁਰਬਾਣੀ ਦੇ ਬਾਕੀ ਸੰਗ੍ਰਹਿ ਨਾਲ ਇਹ ਪਿਛਲਕਾਲੀ ਗੁਰੂ ਸਾਹਿਬਾਨ ਤਕ ਪਹੁੰਚ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਹਾਸਲ ਕਰ ਸਕੇ।
ਪਾਕਿਸਤਾਨ ਵਿਚ ਛਪੀਆਂ ਇਨ੍ਹਾਂ ਕੁਝ ਕੁ ਪ੍ਰਤਿਨਿਧ ਪੁਸਤਕਾਂ ਦੇ ਅਧਿਐਨ ਤੋਂ ਕਈ ਦਿਲਚਸਪ ਸਿੱਟੇ ਸਾਹਮਣੇ ਆਉਂਦੇ ਹਨ। ਪਹਿਲਾ ਇਹ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬੀ ਕੌਮ ਦੀ ਸਾਂਝੀ ਵਿਰਾਸਤ ਹੋਣ ਦੇ ਬਾਵਜੂਦ ਇਹ ਪਾਕਿਸਤਾਨੀ ਵਿਦਵਾਨਾਂ ਦੇ ਅਧਿਐਨ ਦਾ ਕੇਂਦਰ ਨਹੀਂ ਬਣ ਸਕੇ। ਇਸ ਦੇ ਸਾਨੂੰ ਅਕਾਦਮਿਕ ਨਾਲੋਂ ਸਿਆਸੀ ਤੇ ਸਭਿਆਚਾਰਕ ਕਾਰਨ ਵਧੇਰੇ ਜ਼ਿੰਮੇਵਾਰ ਜਾਪਦੇ ਹਨ। ਕੁਝ ਵਧੇਰੇ ਸ਼ੁੱਧਤਾਵਾਦੀ (ਫੁਰਸਿਟ) ਲੋਕ ਵੀ ਹਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹਿੰਦੀ, ਬ੍ਰਿਜ ਭਾਸ਼ਾ ਤੇ ਦੂਜੀਆਂ ਭਾਸ਼ਾਵਾਂ ਦੇ ਮਿਸ਼ਰਣ ਕਰਕੇ ਇਸ ਨੂੰ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਤੋਂ ਲਾਂਭੇ ਕਰਨ ਦੀਆਂ ਦਲੀਲਾਂ ਦੇਂਦੇ ਹਨ। ਇਕ ਗੱਲ ਜੋ ਸਾਰੇ ਪਾਕਿਸਤਾਨੀ ਵਿਦਵਾਨਾਂ ਵਿਚ ਸਾਂਝੀ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ੇਸ਼ ਕਰਕੇ, ਇਸਲਾਮੀ ਵਿਚਾਰਧਾਰਾ ਤੋਂ ਜ਼ਰੂਰ ਹੀ ਪ੍ਰਭਾਵਿਤ ਸਾਬਤ ਕਰਨਾ ਹੈ ਖਾਸ ਕਰਕੇ ਬਾਬਾ ਫਰੀਦ ਜੀ ਤੋਂ। ਇਹ ਠੀਕ ਹੈ ਕਿ ਇਸਲਾਮ ਹੁਕਮਰਾਨਾਂ ਦਾ ਧਰਮ ਹੋਣ ਕਰਕੇ ਦੂਜੇ ਧਰਮਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਸੀ, ਪਰ ਇਹ ਵੀ ਇਕ ਹਕੀਕਤ ਹੈ ਕਿ ਕਰਮਕਾਂਡੀ ਇਸਲਾਮ ਅਤੇ ਇਸ ਦਾ ਨਾਂ ਵਰਤ ਕੇ ਜਾਬਰਾਂ ਦੀਆਂ ਵਧੀਕੀਆਂ ਅਤੇ ਆਮ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲਿਆਂ ਦੀ ਆਲੋਚਨਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਿਚ ਮੌਜੂਦ ਹੈ। ਰਹੀ ਗੱਲ ਬਾਬਾ ਫਰੀਦ ਜੀ ਦਾ ਅਸਰ ਕਬੂਲਣ ਦੀ। ਬਾਬਾ ਫਰੀਦ ਜੀ ਦੀ ਬਾਣੀ ਵਿਚ ਵਧੇਰੇ ਵਿਚਾਰ ਅਜਿਹੇ ਹਨ ਜੋ ਮਨੁੱਖ ਨੂੰ ਸਦਾਚਾਰਕ ਅਤੇ ਨੈਤਿਕ ਗੁਣਾਂ ਨੂੰ ਗ੍ਰਹਿਣ ਕਰਕੇ ਇਕ ਆਦਰਸ਼ਕ ਇਨਸਾਨ ਬਣਨ ਦੀ ਪ੍ਰੇਰਨਾ ਦੇਂਦੇ ਹਨ ਅਤੇ ਅਜਿਹੇ ਵਿਚਾਰਾਂ ਦੀ ਸਾਂਝ ਸਾਰੇ ਧਰਮਾਂ ਵਿਚ ਹੈ। ਦੂਜਾ, ਬਾਬਾ ਫਰੀਦ ਜੀ ਦੀ ਬਾਣੀ ਥੋੜ੍ਹੀ ਹੋਣ ਕਰਕੇ ਇਸ ਵਿਚ ਵਿਚਾਰਾਂ ਦੀ ਬਹੁਤੀ ਵਿਆਪਕਤਾ ਨਹੀਂ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵਿਚਾਰਾਂ ਦੀ ਏਨੀ ਵਿਸ਼ਾਲਤਾ ਹੈ ਕਿ ਇਹ ਹਰ ਪੱਖੋਂ ਇਕ ਆਦਮੀ ਦੀ ਦੀਨ ਅਤੇ ਦੁਨੀਆਂ ਵਿਚ ਅਗਵਾਈ ਕਰਦੇ ਹਨ। ਇਸ ਲਈ ਬਾਬਾ ਫਰੀਦ ਜੀ ਦੇ ਵਿਚਾਰਧਾਰਾਈ ਪ੍ਰਭਾਵ ਦੀ ਗੱਲ ਵਧੇਰੇ ਤਰਕਸੰਗਤ ਨਹੀਂ। ਇਕ ਹੋਰ ਗੱਲ ਜੋ ਸਾਰੇ ਪਾਕਿਸਤਾਨੀ ਲੇਖਕਾਂ ਵਿਚ ਸਾਂਝੀ ਹੈ, ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਪ੍ਰਮਾਣਿਕ ਜਾਣਕਾਰੀ ਦਾ ਅਭਾਵ। ਇਸੇ ਕਰਕੇ ਉਹ ‘ਪ੍ਰਾਣ ਸੰਗਲੀ’, ‘ਕਰਨੀਨਾਮਾ’, ‘ਹਾਜ਼ਰਨਾਮਾ’, ‘ਨਸੀਹਤਨਾਮਾ’ ਅਤੇ ‘ਬਾਣੀ ਬਿਹੰਗਮ’ ਵਗੈਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਮਿਲਦੀ ਕੱਚੀ ਬਾਣੀ ਨੂੰ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਿਤ ਦੱਸ ਕੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਮੰਨਦੇ ਹਨ ਜਦ ਕਿ ਇਹ ਗੱਲ ਸਿਰੇ ਤੋਂ ਹੀ ਗਲਤ ਹੈ। ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਵਿਚ ਅਕਾਦਮਿਕ ਪੱਧਰ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਬਾਣੀ ਬਾਰੇ ਚਰਚਾ ਬਹੁਤ ਥੋੜ੍ਹੀ, ਅਧੂਰੀ, ਉਲਾਰ ਅਤੇ ਉਕਾਈਆਂ ਭਰਪੂਰ ਹੈ।
ਲੇਖਕ ਬਾਰੇ
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/September 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/August 1, 2009
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/May 1, 2010