ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾਂ ਆਪਣੀ ਕੌਮ ਦੀ ਗੈਰਤ ਨੂੰ ਬਚਾਉਣ ਲਈ ਜਾਨਾਂ ਕੁਰਬਾਨ ਕੀਤੀਆਂ। ਸ਼ਹੀਦ ਸੂਰਮੇ ਸਦਾ ਜਾਬਰ ਦੇ ਅੱਤਿਆਚਾਰਾਂ ਦੇ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹੇ ਹਨ। ਅਸਲ ਵਿਚ ਸਿੱਖ ਇਤਿਹਾਸ ਹੈ ਹੀ ਸ਼ਹੀਦਾਂ ਦਾ ਇਤਿਹਾਸ। ਸ਼ਹੀਦ ਹੋਣ ਵਾਲੇ ਮਰਜੀਵੜੇ ਹਮੇਸ਼ਾਂ ਹੀ ਹੱਕ, ਸੱਚ, ਇਨਸਾਫ਼ ਲਈ ਡਟੇ ਰਹਿੰਦੇ ਹਨ। ਉਹ ਕੂੜੇ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ, ਸੱਚ ਲਈ ਜਾਨ ਦੀ ਬਾਜ਼ੀ ਖੇਡ ਜਾਂਦੇ ਹਨ।
‘ਸ਼ਹਾਦਤ’ ਅਤੇ ‘ਸ਼ਹੀਦ’ ਸ਼ਬਦ ਅਰਬੀ ਭਾਸ਼ਾ ਦੇ ਹਨ। ਸ਼ਹਾਦਤ ਦਾ ਅਰਥ ਹੈ- ਗਵਾਹੀ ਅਤੇ ਸ਼ਹੀਦ, ਸੱਚ ਲਈ ਸਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ। ਸ਼ਹੀਦ ਰਾਹਾਂ ’ਤੇ ਨਹੀਂ ਤੁਰਦੇ, ਸਗੋਂ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ, ਜੋ ਉਨ੍ਹਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿੱਬੜਦੇ ਹਨ। ਅਸਲ ਵਿਚ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਞ ਦੱਸਦੇ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ (ਪੰਨਾ 1105)
ਸੋ, ਸੱਚ ਤੇ ਇਨਸਾਫ਼ ਦੀ ਖ਼ਾਤਰ ਡਟ ਜਾਣਾ ਤਾਂ ਸ਼ਹੀਦਾਂ ਦੇ ਸੁਭਾਅ ਦਾ ਮੀਰੀ ਗੁਣ ਹੁੰਦਾ ਹੈ। ਉਹ ਜੰਗ-ਏ-ਮੈਦਾਨ ਵਿਚ ਪਿੱਠ ਨਹੀਂ ਵਿਖਾਉਂਦੇ, ਸਗੋਂ ਪ੍ਰਾਣਾਂ ਨੂੰ ਨਿਛਾਵਰ ਕਰਦੇ ਹਨ, ਨਿੱਜ ਲਈ ਨਹੀਂ, ਸਗੋਂ ਕੌਮ ਲਈ। ਜੋ ਸੂਰੇ ਕੌਮ ਲਈ ਜਾਨ ਕੁਰਬਾਨ ਕਰਦੇ ਹਨ, ਅਜਿਹੇ ਵਿਅਕਤੀਆਂ ਨੂੰ ਸੰਸਾਰ ਸ਼ਹੀਦਾਂ ਦੀ ਪਦਵੀ ਦੇ ਕੇ ਸਤਿਕਾਰਦਾ ਹੈ। ਅਜਿਹੇ ਸੂਰਿਆਂ ਵਿੱਚੋਂ ਸਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਸ਼ਹੀਦ ਦੀ ਪਦਵੀ ਦੇ ਕੇ ਸਤਿਕਾਰਿਆ ਗਿਆ ਹੈ।
ਬਾਬਾ ਦੀਪ ਸਿੰਘ ਜੀ ਦੇ ਜਨਮ ਬਾਰੇ ਇਤਿਹਾਸਕਾਰਾਂ ਵਿਚ ਮਤਭੇਦ ਪਾਏ ਜਾਂਦੇ ਹਨ। ਕੁਝ ਵਿਦਵਾਨਾਂ ਦੇ ਅਨੁਸਾਰ ਆਪ ਜੀ ਦਾ ਜਨਮ 14 ਮਾਘ ਸੰਮਤ 1737 (ਜਨਵਰੀ 1682 ਈ.) ਨੂੰ ਮਾਤਾ ਜੀਊਣੀ ਜੀ ਦੀ ਕੁੱਖੋਂ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਭਗਤਾ ਜੀ ਦੇ ਘਰ ਹੋਇਆ। ਬਾਬਾ ਦੀਪ ਸਿੰਘ ਜੀ ਨੂੰ ਬਚਪਨ ਵਿਚ ਸਾਰੇ ਦੀਪਾ ਕਹਿ ਕੇ ਬੁਲਾਉਂਦੇ ਸਨ। ਪਿਤਾ ਜੀ ਪਾਸੋਂ ਗੁਰੂ-ਘਰ ਦੀਆਂ ਸਾਖੀਆਂ ਸੁਣ ਕੇ ਆਪ ਜੀ ਦੇ ਬਾਲ-ਮਨ ਉੱਪਰ ਡੂੰਘਾ ਅਸਰ ਹੋਇਆ। ਅਰਬੀ, ਫ਼ਾਰਸੀ ਭਾਸ਼ਾ ਦਾ ਗਿਆਨ ਆਪ ਜੀ ਨੇ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਜੀ ਦੇ ਦਰਬਾਰ ਵਿਚ ਰਹਿ ਕੇ ਹਾਸਲ ਕੀਤਾ। ਖਾਲਸਾ ਪੰਥ ਦੀ ਸਾਜਣਾ ਸਮੇਂ ਦਸਮੇਸ਼ ਜੀ ਦੇ ਕਾਰਜ ਦਾ ਆਪ ਜੀ ਉੱਪਰ ਬਹੁਤ ਪ੍ਰਭਾਵ ਪਿਆ। ਜਦ ਬਾਬਾ ਜੀ ਦੇ ਮਨ ਵਿਚ ਅੰਮ੍ਰਿਤਪਾਨ ਕਰਨ ਦੀ ਇੱਛਾ ਪ੍ਰਗਟ ਹੋਈ ਤਾਂ ਆਪ ਜੀ ਨੇ ਮਾਤਾ-ਪਿਤਾ ਸਮੇਤ 1700 ਈ. ਵਿਚ ਅੰਮ੍ਰਿਤ ਛਕ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪ ਜੀ ਨੂੰ ਆਪਣੇ ਪਾਸ ਰੱਖ ਲਿਆ ਅਤੇ ਕਿਹਾ, “ਇਹ ਇਥੇ ਰਹਿ ਕੇ ਹੀ ਹੋਰ ਦੀਪਕ ਜਗਾਏਗਾ!” ਸੋ ਬਾਬਾ ਜੀ ਨੇ ਸੱਚਮੁੱਚ ਹੀ ਆਪਣੀ ਸਾਰੀ ਜ਼ਿੰਦਗੀ ਸੰਗਤਾਂ ਨੂੰ ਰੱਬੀ ਗੁਰਬਾਣੀ ਦਾ ਚਾਨਣ ਵੰਡਦਿਆਂ ਬਤੀਤ ਕੀਤੀ। ਭਾਈ ਮਨੀ ਸਿੰਘ ਜੀ ਪਾਸੋਂ ਆਪ ਗੁਰਬਾਣੀ ਦੇ ਅਰਥ ਸਮਝਦੇ ਤੇ ਕੰਠ ਕਰਦੇ। ਨਾਲ ਹੀ ਬਾਬਾ ਦੀਪ ਸਿੰਘ ਜੀ ਨੇ ਨੇਜ਼ਾ, ਘੋੜ-ਸਵਾਰੀ, ਤਲਵਾਰਬਾਜ਼ੀ ਤੇ ਗਤਕੇਬਾਜ਼ੀ ਵਿਚ ਵੀ ਚੰਗੀ ਮੁਹਾਰਤ ਹਾਸਲ ਕਰ ਲਈ। ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਵਿਚ ਆਪ ਜੀ ਨੇ ਬੜੀ ਸੂਰਬੀਰਤਾ ਵਿਖਾਈ ਅਤੇ ਗੁਰੂ ਜੀ ਦਾ ਪੂਰਾ-ਪੂਰਾ ਸਾਥ ਦਿੱਤਾ। ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੂੰ ਲਗਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ ਤੇ ਫਿਰ ਗੁਰੂ ਜੀ ਨੇ ਸਿੱਖਾਂ ਨੂੰ ਬਾਣੀ ਦੇ ਅਰਥ ਪੜ੍ਹਾਏ। ਮੰਨਿਆ ਜਾਂਦਾ ਹੈ ਕਿ ਇਥੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਟਕਸਾਲ ਅਰੰਭ ਹੋਈ; ਜੋ ਅੱਜ ਦਮਦਮੀ ਟਕਸਾਲ ਦੇ ਨਾਮ ਨਾਲ ਜਾਣੀ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਨੇ ਲੱਗਭਗ ਚਾਰ ਬੀੜਾਂ ਦਾ ਹੱਥੀਂ ਉਤਾਰਾ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਵੀ ਬਾਬਾ ਜੀ ਨੇ ਜੰਗਾਂ ਵਿਚ ਹਿੱਸਾ ਲਿਆ। ਮਿਸਲ-ਕਾਲ ਵਿਚ ਆਪ ਜੀ ਸ਼ਹੀਦ ਮਿਸਲ ਦੇ ਜਥੇਦਾਰ ਸਨ। ਅਬਦਾਲੀ ਜੋ ਸਿੱਖ-ਵਿਰੋਧੀ ਸੀ, ਉਹ ਸਿੱਖਾਂ ਨੂੰ ਮਾਰਨ ਲਈ ਤੁਲਿਆ ਹੋਇਆ ਸੀ। ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਜਦ ਉਹ ਲਾਹੌਰ ਠਹਿਰਿਆ ਤਾਂ ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ, ਪਵਿੱਤਰ ਇਮਾਰਤਾਂ ਨੂੰ ਢਾਹ ਦਿੱਤਾ ਅਤੇ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਕੂੜੇ-ਕਰਕਟ ਨਾਲ ਭਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਕਈ ਸੁੰਦਰ ਇਸਤਰੀਆਂ ਨੂੰ ਵੀ ਕੈਦ ਕਰ ਲਿਆ। ਇਸ ਬਾਰੇ ਜਦ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਗੁਰਧਾਮਾਂ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸ. ਜੱਸਾ ਸਿੰਘ ਆਹਲੂਵਾਲੀਏ ਨਾਲ ਮਿਲ ਕੇ 500-500 ਸਿੰਘਾਂ ਦੇ ਜਥੇ ਬਣਾ ਕੇ ਗੁਰੀਲਾ ਯੁੱਧ ਕਰਨ ਦਾ ਫ਼ੈਸਲਾ ਕੀਤਾ। ਸਿੰਘਾਂ ਨੇ ਅਚਾਨਕ ਜ਼ੋਰਦਾਰ ਹਮਲਾ ਕਰ ਦਿੱਤਾ ਅਤੇ ਕੀਮਤੀ ਸਾਜ਼ੋ-ਸਾਮਾਨ ਤੇ ਮੁਟਿਆਰਾਂ ਵਾਲੇ ਗੱਡੇ ਹਿੱਕ ਲਿਆਂਦੇ। ਇਹ ਉਹ ਸਮਾਂ ਸੀ ਜਦੋਂ ਅਬਦਾਲੀ ਦੀ ਤਾਕਤ ਜ਼ੋਰ ਫੜ ਚੁੱਕੀ ਸੀ। ਕੋਈ ਵੀ ਮਰਹੱਟਾ, ਰੁਹੇਲਾ ਇਨ੍ਹਾਂ ਬੇਵੱਸ ਮੁਟਿਆਰਾਂ (ਜਿਨ੍ਹਾਂ ਨੂੰ ਅਬਦਾਲੀ ਨੇ ਬੰਦੀ ਬਣਾਉਣਾ) ਦੀ ਮਦਦ ਲਈ ਨਾ ਪਹੁੰਚਿਆ। ਬਾਬਾ ਦੀਪ ਸਿੰਘ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਇਨ੍ਹਾਂ ਮਜ਼ਲੂਮ ਇਸਤਰੀਆਂ ਨੂੰ ਛੁਡਵਾਉਣ ਦੇ ਨਾਲ-ਨਾਲ, ਘਰ-ਘਰ ਤਕ ਵੀ ਪਹੁੰਚਾਇਆ।
ਸਿੱਖਾਂ ਦੇ ਕੇਂਦਰੀ ਅਸਥਾਨ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਅਤੇ ਆਜ਼ਾਦ ਕਰਵਾਉਣ ਲਈ ਦੂਰ ਦੀਆਂ ਸਿੱਖ ਸੰਗਤਾਂ ਬਾਬਾ ਜੀ ਕੋਲ ਪਹੁੰਚ ਗਈਆਂ ਅਤੇ ਸਫਲਤਾ ਪ੍ਰਾਪਤ ਕਰਨ ਲਈ ਬਾਬਾ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ। ਉਧਰ ਜਹਾਨ ਖਾਨ ਨੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉੱਤੇ ਹਮਲਾ ਕਰਨ ਦੇ ਆਦੇਸ਼ ਦੇ ਦਿੱਤੇ। ਜਹਾਨ ਖਾਨ ਘੋੜ-ਸਵਾਰ ਸੈਨਾ ਲੈ ਕੇ ਗੋਹਲਵੜ ਦੇ ਸਥਾਨ ’ਤੇ ਪਹੁੰਚ ਗਿਆ। ਹਰਿਮੰਦਰ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸਿੱਖ ਜੋਸ਼ ਨਾਲ ਭਰੇ ਹੋਏ ਸਨ, ਜਾਨਾਂ ਹੂਲ ਕੇ ਲੜੇ ਅਤੇ ਅਫਗਾਨ ਜਾਬਰਾਂ ਦੇ ਛੱਕੇ ਛੁਡਾ ਦਿੱਤੇ। ਸਿੰਘਾਂ ਦੀ ਅਗਵਾਈ ਬਾਬਾ ਨੌਧ ਸਿੰਘ ਜੀ ਕਰ ਰਹੇ ਸਨ। ਲੜਾਈ ਸਮੇਂ ਜਦ ਬਾਬਾ ਨੌਧ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਆਮ ਤੌਰ ’ਤੇ ਆਗੂ ਦੀ ਮੌਤ ਤੋਂ ਬਾਅਦ ਫ਼ੌਜਾਂ ਪਿੱਛੇ ਹਟ ਜਾਂਦੀਆਂ ਹਨ, ਪਰ ਇਥੇ ਇਹ ਕਥਨ ਸਾਕਾਰ ਵਰਤਿਆ:
ਜਬੈ ਬਾਣ ਲਾਗਯੋ॥
ਤਬੈ ਰੋਸ ਜਾਗਯੋ॥ (ਬਚਿਤ੍ਰ ਨਾਟਕ)
ਜਥੇ ਦੀ ਕਮਾਨ ਬਾਬਾ ਦੀਪ ਸਿੰਘ ਜੀ ਨੇ ਸੰਭਾਲ ਲਈ। ਅਫ਼ਗਾਨੀ ਫ਼ੌਜ ਜੋ ਸਿੱਖ ਫ਼ੌਜ ਤੋਂ ਤਿੰਨ ਗੁਣਾ ਸੀ, ਉਸ ਦੇ ਪੈਰ ਉਖੜ ਗਏ ਅਤੇ ਪਿਛਾਂਹ ਵੱਲ ਨੂੰ ਨੱਠ ਉੱਠੀ। ਜਹਾਨ ਖਾਨ ਨੇ ਬਾਬਾ ਦੀਪ ਸਿੰਘ ਜੀ ਨੂੰ ਦੋ ਹੱਥ ਕਰਨ ਲਈ ਵੰਗਾਰਿਆ। ਬਾਬਾ ਦੀਪ ਸਿੰਘ ਜੀ ਸ਼ੇਰ ਵਾਂਗ ਗੱਜਦੇ ਹੋਏ ਵੈਰੀ ’ਤੇ ਜਾ ਪਏ। ਅਚਾਨਕ ਹੋਏ ਵਾਰ ਕਾਰਨ ਬਾਬਾ ਦੀਪ ਸਿੰਘ ਜੀ ਦੀ ਧੌਣ ਉੱਤੇ ਇਕ ਘਾਤਕ ਵਾਰ ਹੋ ਗਿਆ। ਜਹਾਨ ਖਾਨ ਵੀ ਗੰਭੀਰ ਜ਼ਖਮੀ ਹੋ ਗਿਆ। ਬਾਬਾ ਦੀਪ ਸਿੰਘ ਜੀ ਧੌਣ ਕੱਟ ਜਾਣ ’ਤੇ ਵੀ ਜ਼ਾਲਮਾਂ ਨਾਲ ਲੜਦੇ ਹੋਏ, ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਆਪਣਾ ਸੀਸ ਭੇਟ ਕਰ ਕੇ ਸ਼ਹੀਦ ਹੋ ਗਏ। ਉਸ ਸਮੇਂ ਆਪ ਜੀ ਦੀ ਉਮਰ ਲੱਗਭਗ 75 ਕੁ ਵਰ੍ਹੇ ਦੀ ਸੀ। ਕਥਨੀ ਤੇ ਕਰਣੀ ਦੇ ਸੂਰੇ ਨੇ ਗੁਰੂ ਦੇ ਨਾਮ ਆਪਣਾ ਸੀਸ ਭੇਟ ਕੀਤਾ ਅਤੇ ਹਮੇਸ਼ਾਂ ਲਈ ਅਮਰ ਹੋ ਗਏ। ਭਗਤ ਕਬੀਰ ਜੀ ਫ਼ਰਮਾਉਂਦੇ ਹਨ:
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥ (ਪੰਨਾ 1365)
ਇਸ ਪ੍ਰਕਾਰ ਬਾਬਾ ਦੀਪ ਸਿੰਘ ਜੀ ਨੇ ਗੁਰੂ-ਘਰ ਤੋਂ ਪ੍ਰਾਪਤ ਸਿੱਖਿਆ ਨੂੰ ਕਮਾਇਆ, ਬਜ਼ੁਰਗ ਅਵਸਥਾ ਵਿਚ ਵੀ ਕੀਤੇ ਹੋਏ ਪ੍ਰਣ ਨੂੰ ਪੂਰਾ ਕੀਤਾ।
ਲੇਖਕ ਬਾਰੇ
- ਰਣਜੀਤ ਕੌਰ ਪੰਨਵਾਂhttps://sikharchives.org/kosh/author/%e0%a8%b0%e0%a8%a3%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%aa%e0%a9%b0%e0%a8%a8%e0%a8%b5%e0%a8%be%e0%a8%82/October 1, 2008