ਧਰਮ-ਗ੍ਰੰਥ ਦੀ ਕਿਸੇ ਧਰਮ ਵਾਸਤੇ ਬਹੁਤ ਅਹਿਮੀਅਤ ਹੁੰਦੀ ਹੈ। ਧਰਮ-ਬਾਨੀਆਂ ਦੇ ਬਾਅਦ ਧਰਮ-ਗ੍ਰੰਥ ਹੀ ਧਰਮ ਦੇ ਅਨੁਯਾਈਆਂ ਲਈ ਸਿਧਾਂਤ ਨਿਰਧਾਰਤ ਕਰਦੇ ਹਨ, ਜਿਨ੍ਹਾਂ ਦੇ ਅਨੁਸਾਰ ਧਰਮ ਦੇ ਅਨੁਯਾਈ ਜੀਵਨ ਬਿਤਾਉਂਦੇ ਹਨ। ਡਾ. ਸਰਬਜਿੰਦਰ ਸਿੰਘ ਦੇ ਅਨੁਸਾਰ, “ਧਰਮ ਦੀ ਸਦੀਵਤਾ, ਮਨੁੱਖ ਦੀ ਉਤਮਤਾ ਅਤੇ ਧਰਮ ਦੇ ਸੰਸਥਾਤਮਕ ਰੂਪ ਵਿਚ ਧਰਮ-ਗ੍ਰੰਥ ਹੀ ਕੇਂਦਰੀ ਰੋਲ ਅਦਾ ਕਰਦੇ ਹਨ। ਧਰਮ ਜਾਂ ਕੌਮੀਅਤ ਦੀ ਵੱਖਰੀ ਹੋਂਦ ਲਈ ਪੰਜ ਮਾਪ-ਦੰਡ-ਪੈਗੰਬਰ, ਲਿਪੀ, ਸਭਿਆਚਾਰ, ਧਰਮ-ਗ੍ਰੰਥ ਅਤੇ ਸਰੂਪ ਨਿਰਧਾਰਤ ਕੀਤੇ ਗਏ ਹਨ।”1
ਹੱਥਲੇ ਲੇਖ ਵਿਚ ਅਸੀਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ’ ਦੇ ਸੰਬੰਧੀ ਵਿਚਾਰ ਕਰਾਂਗੇ। ਸਮੁੱਚੇ ਸੰਸਾਰ ਦੇ ਧਰਮ-ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ-ਗ੍ਰੰਥ ਹੈ, ਜਿਸ ਨੂੰ ਉਸ ਦੇ ਧਾਰਮਿਕ ਗੁਰੂ ਦੁਆਰਾ ਹੱਥੀਂ ਸੰਪਾਦਿਤ ਕੀਤਾ ਗਿਆ ਹੈ। ਬਾਕੀ ਧਰਮਾਂ ਦੇ ਧਰਮ-ਗ੍ਰੰਥਾਂ ਨੂੰ ਉਨ੍ਹਾਂ ਦੇ ਧਰਮ-ਅਨੁਯਾਈਆਂ ਦੁਆਰਾ ਸੰਪਾਦਨ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਸੰਪਾਦਨਾ ਦੇ ਇਤਿਹਾਸ ਵਿਚ ਨਿਵੇਕਲਾ ਮੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ। ਦਸਵੇਂ ਪਾਤਸ਼ਾਹ ਦਾ ਇਹ ਹੁਕਮ ਹੈ ਅਤੇ ਸਿੱਖ ਜਗਤ ਵੱਲੋਂ ਹੁਕਮ ਨੂੰ ਮੰਨ ਲਿਆ ਗਿਆ ਹੈ ਕਿ ਦਸ ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ਸ਼ਬਦ ਹੀ ਸਾਡਾ ਗੁਰੂ ਹੈ। ਗੁਰਬਾਣੀ ਵਿਚ ਵੀ ਸ਼ਬਦ-ਗੁਰੂ ਦੇ ਸੰਬੰਧੀ ਕਈ ਪ੍ਰਮਾਣ ਮਿਲਦੇ ਹਨ। ਡਾ. ਜੋਧ ਸਿੰਘ ਦੇ ਅਨੁਸਾਰ, “ਸਿੱਖ ਧਰਮ ਵਿਚ ਸਿਧਾਂਤਕ ਪੱਖ ਤੋਂ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੈ। ਵਿਅਕਤੀਗਤ ਗੁਰੂਆਂ ਦੀਆਂ ਭਾਰਤ ਵਿਚ ਚੱਲ ਰਹੀਆਂ ਪਰੰਪਰਾਵਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਬੇਸ਼ੱਕ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਦੇਹਧਾਰੀ ਗੁਰੂ ਦੀ ਸੰਸਥਾ ਨੂੰ ਤੋੜਨ ਵਿਚ 200-250 ਸਾਲਾਂ ਦਾ ਸਮਾਂ ਜ਼ਰੂਰ ਲੱਗਾ, ਪਰ ਅਖ਼ੀਰ ਪੱਕੇ ਤੌਰ ’ਤੇ ਬਾਣੀ (ਸ਼ਬਦ) ਨੂੰ ਗੁਰੂ ਸਥਾਪਤ ਕੀਤਾ ਗਿਆ।”2 ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਉਚਾਰਨ ਕਰ ਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ। ਸ਼ਬਦ-ਗੁਰੂ ਦੀ ਪ੍ਰੋੜ੍ਹਤਾ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਪਾਵਨ ਬਾਣੀ ਵਿਚ ਇੰਞ ਕਰਦੇ ਹਨ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਇਕ ਸੰਸਥਾ ਦੇ ਰੂਪ ਵਿਚ ਗੁਰਿਆਈ ਬਖਸ਼ਿਸ਼ ਦਾ ਅਰੰਭ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ, ਕਿਉਂਕਿ ਉਨ੍ਹਾਂ ਨੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਵੀ ਦੇਹਧਾਰੀ ਗੁਰੂ ਨੂੰ ਗੁਰੂ ਧਾਰਨ ਨਹੀਂ ਸੀ ਕੀਤਾ। ਅਕਾਲ ਪੁਰਖ ਹੀ ਉਨ੍ਹਾਂ ਦਾ ਗੁਰੂ ਸੀ, ਜਿਸ ਦੀ ਸੋਝੀ ਸ਼ਬਦ ਦੁਆਰਾ ਹੁੰਦੀ ਹੈ। ਸ਼ਬਦ ਦੀ ਸੋਝੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਹਵਾਲੇ ਮਿਲਦੇ ਹਨ ਜੋ ਗੁਰੂ ਦੀ ਮਹੱਤਤਾ ਦਾ ਵਰਣਨ ਕਰਦੇ ਹਨ:
ਬਿਨੁ ਗੁਰ ਘਾਲ ਨ ਪਵਈ ਥਾਇ॥ (ਪੰਨਾ 942)
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ॥ (ਪੰਨਾ 18)
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ (ਪੰਨਾ 229)
ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਦੀ ਮਹਾਨਤਾ ਦਾ ਵਰਣਨ ‘ਆਸਾ ਕੀ ਵਾਰ’ ਵਿਚ ਇੰਞ ਕਰਦੇ ਹਨ:
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰਨਾ 463)
ਗੁਰਿਆਈ ਸੰਸਥਾ ਤੇ ਪੰਥ ਦਾ ਵਿਕਾਸ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਥਾਪਿਆ। ਉੱਤਰਾਧਿਕਾਰੀ ਦੀ ਨਿਯੁਕਤੀ ਕਰਨ ਨਾਲ ਇਕ ਨਵੀਂ ਸੰਸਥਾ ਦੀ ਅਰੰਭਤਾ ਹੋਈ। ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਗਿਆਕਾਰ ਸਿੱਖ ਨੂੰ ਗੁਰਤਾਗੱਦੀ ਦੇ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਗੁਰੂ-ਘਰ ਵਿਚ ਉਨ੍ਹਾਂ ਲਈ ਥਾਂ ਹੈ ਜੋ ਅਕਾਲ ਪੁਰਖ ਦੇ ਮਿਸ਼ਨ ਨੂੰ ਸਮਝਦੇ ਹੋਏ ਸਮੁੱਚੀ ਮਾਨਵਤਾ ਦਾ ਭਲਾ ਲੋਚਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾਗੱਦੀ ਪੁੱਤਰਾਂ ਨੂੰ ਨਾ ਦੇ ਕੇ ਸਿੱਖ ਧਰਮ ਵਿਚ ਵਿਲੱਖਣ ਗੁਰਿਆਈ ਸੰਸਥਾ ਦੀ ਨੀਂਹ ਰੱਖੀ ਕਿ ਗੁਰੂ-ਘਰ ਵਿਚ ਹੱਥੀਂ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਪ੍ਰਵਾਹ ਹੈ:
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ॥ (ਪੰਨਾ 967)
ਇਹ ਭਾਰੀ ਪਰਿਵਰਤਨ ਦਾ ਸਮਾਂ ਸੀ, ਜਦ ਗੁਰਿਆਈ ਸੰਸਥਾ ਵਿਚ ਗੁਰੂ ਤੇ ਚੇਲੇ ਦੀ ਸਾਂਝ ਹੋਈ। ਪਰ ਇਸ ਪਰਿਵਰਤਨ ਜੁਗਤ ਨਾਲ ਗੁਰੂ ਦੀ ਮਹੱਤਤਾ ਘਟੀ ਨਹੀਂ ਸਗੋਂ ਚੇਲੇ ਨੂੰ ਮਾਣ ਬਖਸ਼ ਕੇ ਗੁਰੂ ਦਾ ਮਾਣ ਹੋਰ ਵਧੇਰੇ ਵਧਿਆ। ਗੁਰੂ ਚੇਲਾ ਅਤੇ ਚੇਲਾ ਗੁਰੂ ਹੋਇਆ ਸਗੋਂ ਕੋਈ ਭਿੰਨ-ਭੇਦ ਨਾ ਰਿਹਾ।
ਸਿੱਖ ਧਰਮ ਅਨੁਸਾਰ ਗੁਰੂ ਅਜਿਹਾ ਹੋਵੇ ਜੋ ਸਮਾਜ-ਪਰਵਾਰ ਨੂੰ ਤਿਆਗੇ ਨਾ ਸਗੋਂ ‘ਸੋ ਗਿਰਹੀ ਸੋ ਦਾਸੁ ਉਦਾਸੀ’ ਅਨੁਸਾਰ ਪਰਵਾਰ ਵਿਚ ਰਹਿ ਕੇ ਜੀਵਨ ਬਸਰ ਕਰੇ ਅਤੇ ਸਰਬੱਤ ਦਾ ਭਲਾ ਲੋਚੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਉੱਤਰਾਧਿਕਾਰੀ ਇਸ ਕਸੌਟੀ ’ਤੇ ਪੂਰੇ ਉਤਰੇ। ਉਨ੍ਹਾਂ ਨਿੱਜ-ਸਵਾਰਥ ਲਈ ਨਹੀਂ, ਸਗੋਂ ਪਰਉਪਕਾਰ ਲਈ ਜੀਵਨ ਜੀਵਿਆ ਅਤੇ ਇਕ ਤੋਂ ਇਕ ਵਧ ਕੇ ਨਵੀਂ ਮਿਸਾਲ ਸੰਸਾਰ ਵਿਚ ਪੈਦਾ ਕੀਤੀ। ਸਿੱਖ ਗੁਰੂ ਸਾਹਿਬਾਨ ਆਪਣੇ ਜਿਊਂਦੇ-ਜੀਅ ਅਗਲੇ ਗੁਰੂ ਦੀ ਚੋਣ ਕਰਦੇ ਰਹੇ ਅਤੇ ਇਸ ਤਰ੍ਹਾਂ ਇਹ ਗੁਰਿਆਈ ਦੀ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਵੱਖ-ਵੱਖ ਮਨੁੱਖੀ ਜਾਮਿਆਂ ਵਿਚ ਵਿਚਰਦੀ ਰਹੀ, ਪਰ ਉਨ੍ਹਾਂ ਵਿਚ ਗੁਰੂ-ਤੱਤ ਜੋਤਿ ਨਿਰੰਤਰ ਇਕ ਹੀ ਵਿਚਰਦੀ ਰਹੀ। ਭਾਈ ਸੱਤੇ ਬਲਵੰਡ ਜੀ ਦੀ ਵਾਰ ਅਤੇ ਭੱਟ ਸਾਹਿਬਾਨ ਦੇ ਸਵੱਈਆਂ ਵਿਚ ਗੁਰੂ ਸਾਹਿਬਾਨ ਵਿਚ ਇਕ ਜੋਤ ਦੇ ਸਿਧਾਂਤ ਦੀ ਪ੍ਰੋੜ੍ਹਤਾ ਮਿਲਦੀ ਹੈ। ਭੱਟ ਮਥੁਰਾ ਜੀ ਅਨੁਸਾਰ ਪ੍ਰਕਾਸ਼ ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਅਤੇ ਉਸ ਨਾਨਕ ਤੋਂ ਗੁਰੂ ਅੰਗਦ ਭਯਉ ਭਾਵ ਪ੍ਰਗਟ ਹੋ ਗਏ। ਭਾਵ ਕਿ ਗੁਰੂ ਨਾਨਕ ਜੀ ਦੀ ਜੋਤਿ ਗੁਰੂ ਅੰਗਦ ਦੇਵ ਜੀ ਦੀ ਜੋਤਿ ਨਾਲ ਮਿਲ ਗਈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ (ਪੰਨਾ 1408)
ਭਾਵ ਕਿ ਕਾਇਆਂ ਤਾਂ ਪਲਟ ਗਈ ਪਰ ਜੋਤਿ ਨਹੀਂ ਬਦਲੀ। ਭਾਈ ਸੱਤੇ ਤੇ ਭਾਈ ਬਲਵੰਡ ਜੀ ਨੇ ਵੀ ਅਜਿਹੀ ਜੋਤਿ ਦੀ ਪ੍ਰਮਾਣਿਕਤਾ ਰਾਮਕਲੀ ਰਾਗ ਅੰਦਰ ਸਥਾਪਤ ਕੀਤੀ ਹੈ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਉਪਰੋਕਤ ਪ੍ਰਮਾਣ ਵਿਚ ਜੋਤਿ ਦੇ ਵਿਚਾਰ ਨੂੰ ਹੋਰ ਦ੍ਰਿੜ੍ਹ ਕਰਦੇ ਹਨ। ਗੁਰਿਆਈ ਸੰਸਥਾ ਦੀ ਅਰੰਭਤਾ ਨੇ ਉਸ ਕਾਲ ਦੇ ਵਿਰੋਧ ਨੂੰ ਸ਼ਾਂਤ ਕਰਨ ਅਤੇ ਅਸਫਲ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ, ਜਿਸ ਕਰਕੇ ਅੱਜ ਵੀ ਸਿੱਖ ਧਰਮ ਦੂਜੇ ਧਰਮਾਂ ਤੋਂ ਵਿਲੱਖਣ ਹੈ। ਗੁਰਮਤਿ ਵਿਚ ਗੁਰੂ ਤੇ ਪਰਮੇਸਰ ਦਾ ਸਨਮਾਨਯੋਗ ਤੇ ਬਰਾਬਰ ਸਥਾਨ ਹੈ:
ਗੁਰ ਪਾਰਬ੍ਰਹਮ ਏਕੈ ਹੀ ਜਾਨੇ॥ (ਪੰਨਾ 887)
ਗੁਰੂ ਅਰੇ ਪਾਰਬ੍ਰਹਮ ਸਮਾਨ ਹਨ, ਇਕ ਹੀ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਥਾਇ ਫ਼ਰਮਾਨ ਕਰਦੇ ਹਨ:
ਨਾਨਕ ਸੋਧੇ ਸਿੰਮ੍ਰਿਤਿ ਬੇਦ॥
ਪਾਰਬ੍ਰਹਮ ਗੁਰ ਨਾਹੀ ਭੇਦ॥ (ਪੰਨਾ 1142)
ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਿਹਨਤ ਦਾ ਸਦਕਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸ਼ਬਦ-ਗੁਰੂ ਦੀ ਸੰਪਾਦਨਾ ਹੋਈ। ਸ਼ਬਦ-ਗੁਰੂ ਦਾ ਸਤਿਕਾਰ ਗੁਰੂ-ਘਰ ਵਿਚ ਪਰਮੇਸ਼ਰ ਦੇ ਰੂਪ ਵਿਚ ਕੀਤਾ ਜਾਂਦਾ ਹੈ:
ਪੋਥੀ ਪਰਮੇਸਰ ਕਾ ਥਾਨੁ॥ (ਪੰਨਾ 1226)
ਸਿੱਖ ਧਰਮ ਵਿਚ ਗੁਰਗੱਦੀ ਵਿਰਾਸਤੀ ਜਾਂ ਜੱਦੀ ਨਹੀਂ ਸੀ, ਸਗੋਂ ਯੋਗਤਾ ਦੇ ਆਧਾਰ ’ਤੇ ਗੁਰਗੱਦੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਰਹੀ ਸੀ। ਗੁਰਗੱਦੀ-ਪ੍ਰਾਪਤੀ ਤੋਂ ਪਹਿਲਾਂ ਪ੍ਰੀਖਿਆ ਲਈ ਜਾਂਦੀ ਅਤੇ ਫਿਰ ਗੁਰਗੱਦੀ ਦੇ ਯੋਗ ਜਾਣ ਕੇ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਜੀ ਤਕ ਤਾਂ ਗੁਰੂ ਸਾਹਿਬਾਨ ਨੂੰ ਗੁਰਗੱਦੀ ਦੀ ਪ੍ਰਾਪਤੀ ਹੁੰਦੀ ਰਹੀ, ਪਰ ਦਸਵੇਂ ਗੁਰੂ ਤੋਂ ਬਾਅਦ ਗੁਰਿਆਈ ਗੁਰੂ ਵੱਲੋਂ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ ਗਈ। ਦਸਵੇਂ ਗੁਰੂ ਜੀ ਨੇ ਇਸ ਦਿਸ਼ਾ ’ਚ ਸ਼ੁਰੂਆਤ ਖਾਲਸਾ ਪੰਥ ਦੀ ਸਿਰਜਨਾ ਦੇ ਸਮੇਂ ਹੀ ਕਰ ਦਿੱਤੀ ਸੀ। ਖਾਲਸਾ ਪੰਥ ਦਾ ਆਗਾਜ਼ ਹੋਇਆ। ਦੁਨੀਆਂ ਦੇ ਇਤਿਹਾਸ ਵਿਚ ਅਜਿਹਾ ਨਹੀਂ ਸੀ ਵਾਪਰਿਆ ਕਿ ਕਿਸੇ ਧਰਮ ਦਾ ਗੁਰੂ, ਨਬੀ, ਪੈਗੰਬਰ, ਆਪਣੇ ਚੇਲੇ ਨੂੰ ਏਨਾ ਮਾਣ ਬਖਸ਼ਿਸ਼ ਕਰੇ। ਪਰ ਸਿੱਖ ਇਤਿਹਾਸ ਇਸ ਨਿਵੇਕਲੇ ਇਤਿਹਾਸ ਦੀ ਸ਼ਾਖਸ਼ਾਤ ਗਵਾਹੀ ਪੇਸ਼ ਕਰਦਾ ਹੈ। ਗੁਰੂ ਨੇ ਚੇਲੇ ਅੱਗੇ ਸੀਸ ਨਿਵਾਇਆ। ਖਾਲਸਾ ਪੰਥ ਨੂੰ ਗੁਰਿਆਈ ਦਿੱਤੀ। ਫਿਰ ਪਰੰਪਰਾ ਦੇ ਅਨੁਸਾਰ ਜ਼ਰੂਰੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉੱਤਰਾਧਿਕਾਰੀ ਨਿਯੁਕਤ ਕੀਤਾ ਜਾਵੇ। ਸੋ ਜਦ ਕਲਗੀਧਰ ਜੀ ਨੇ ਹਜ਼ੂਰ ਸਾਹਿਬ ਵਿਖੇ 1765 ਬਿਕ੍ਰਮੀ ਅਨੁਸਾਰ 6 ਕੱਤਕ ਸੰਮਤ ਨਾਨਕਸ਼ਾਹੀ 240 (1708 ਈ.) ਨੂੰ ਮਰਯਾਦਾ ਅਨੁਸਾਰ ਗੁਰਿਆਈ ਦੀ ਰਸਮ ਅਦਾ ਕੀਤੀ ਅਤੇ ਗੁਰਗੱਦੀ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਅਤੇ ਸਰਬੱਤ ਸੰਗਤ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਭਾਈ ਨੰਦ ਲਾਲ ਜੀ, ਜੋ ਗੁਰੂ ਜੀ ਦੇ ਹਜ਼ੂਰੀ ਸਿੱਖ ਸਨ, ਰਹਿਤਨਾਮੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਲਿਖਦੇ ਹਨ:
ਜੋ ਸਿੱਖ ਗੁਰ ਦਰਸਨ ਕੀ ਚਾਹਿ ਦਰਸਨ ਕਰੇ ਗ੍ਰੰਥ ਜੀ ਆਹਿ॥14॥…
ਜੋ ਮਮ ਸਾਥ ਚਾਹੇ ਕਰ ਬਾਤ ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥18॥ (ਭਾਈ ਨੰਦ ਲਾਲ ਗ੍ਰੰਥਾਵਲੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਸੰਬੰਧੀ ਕਈ ਹਵਾਲੇ-ਗੁਰ ਬਿਲਾਸ ਪਾਤਸ਼ਾਹੀ 10, ਪੰਥ ਪ੍ਰਕਾਸ਼, ਬੰਸਾਵਲੀਨਾਮਾ, ਸਰਬ ਲੋਹ ਗ੍ਰੰਥ, ਸ੍ਰੀ ਗੁਰ ਸੋਭਾ, ਰਹਿਤਨਾਮਿਆਂ ਅਤੇ ਹੋਰ ਕਈ ਸਮਕਾਲੀ ਲਿਖਤਾਂ ਵਿੱਚੋਂ ਮਿਲਦੇ ਹਨ।
ਲੇਖਕ ਬਾਰੇ
- ਰਣਜੀਤ ਕੌਰ ਪੰਨਵਾਂhttps://sikharchives.org/kosh/author/%e0%a8%b0%e0%a8%a3%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%aa%e0%a9%b0%e0%a8%a8%e0%a8%b5%e0%a8%be%e0%a8%82/January 1, 2009