ਝਬਾਲ ਪਿੰਡ ਦੇ ਢਿਲੋਆਂ ਨੇ ਸਿੱਖ ਇਤਿਹਾਸ ਵਿਚ ਕਈ ਪੱਖਾਂ ਤੋਂ ਆਪਣੀ ਅਹਿਮ ਪਹਿਚਾਣ ਬਣਾਈ ਹੋਈ ਹੈ। ਮੁਗ਼ਲ ਰਾਜ ਸਮੇਂ ਇਹ ਪਿੰਡ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ’ਤੇ ਹੋਇਆ ਕਰਦਾ ਸੀ ਅਤੇ ਇਥੋਂ ਹੀ ਉੱਤਰ ਅਤੇ ਦੱਖਣ ਦਿਸ਼ਾ ਵੱਲ ਸੜਕਾਂ ਜਾਂਦੀਆਂ ਸਨ। ਇਨ੍ਹਾਂ ਸੜਕਾਂ ਦੇ ਸੰਗਮ ਵਾਲੀ ਥਾਂ ਨੂੰ ‘ਮਾਣਕ ਚੌਂਕ’ ਕਿਹਾ ਜਾਂਦਾ ਸੀ। ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ 26 ਜੇਠ 1686 ਬਿਕ੍ਰਮੀ (24 ਮਈ, 1629 ਈ:) ਨੂੰ ਇਸੇ ਪਿੰਡ ਵਿਚ ਕੀਤਾ ਸੀ। ਇਸੇ ਪਿੰਡ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿਦਕੀ ਸਿੱਖ ਭਾਈ ਲੰਗਾਹ ਜੀ ਵੱਸਦਾ ਸੀ। ਇਥੇ ਹੀ ਭਾਈ ਲੰਗਾਹ ਜੀ ਅਤੇ ਭਾਈ ਪੈਰੋਸ਼ਾਹ ਜੀ ਦੇ ਖਾਨਦਾਨ ਵਿਚ ਮਾਤਾ ਭਾਗੋ ਜੀ ਦਾ ਜਨਮ ਹੋਇਆ।
ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਲੇ ਭਾਈ ਲੰਗਾਹ ਦਾ ਜਨਮ ਢਿੱਲੋਂ ਗੋਤ ਦੇ ਜੱਟ ਅਬੁੱਲ ਖੈਰ ਦੇ ਘਰ ਹੋਇਆ, ਜੋ ਸੁਲਤਾਨ ਸਖੀ ਸਰਵਰ ਦਾ ਉਪਾਸ਼ਕ ਸੀ ਜਿਸ ਕਰਕੇ ਉਸ ਨੇ ਆਪਣਾ ਨਾਂ ਵੀ ਮੁਸਲਮਾਨਾਂ ਵਾਲਾ ਰੱਖਿਆ ਹੋਇਆ ਸੀ। ਚੌਧਰੀ ਲੰਗਾਹ ਪੰਜ ਭਰਾ ਸਨ ਜੈਤਸਰੀ, ਬਿੰਨਾਂ, ਸੁੰਦਰ, ਪੈਰੋਸ਼ਾਹ ਅਤੇ ਲੰਗਾਹ। ਭਾਈ ਲੰਗਾਹ ਪੱਟੀ ਪਰਗਨੇ ਦੇ 84 ਪਿੰਡਾਂ ਦਾ ਚੌਧਰੀ ਸੀ ਅਤੇ ਪੱਟੀ ਦੀ ਮੁਗ਼ਲ ਸਰਕਾਰ ਦਾ, ਤਿੰਨ ਲੱਖ ਦਾ ਅਰਜਾਰੇਦਾਰ ਸੀ। ਉਨ੍ਹਾਂ ਦਿਨਾਂ ਵਿਚ ਪੱਟੀ ਇਕ ਸਰਕਾਰ ਸੀ ਜੋ ਨੌਂ ਲੱਖ ਦਾ ਲਗਾਨ ਨੌਸ਼ਹਿਰੇ ਦੇ ਚੌਧਰੀ ਪੰਨੂ ਅਤੇ ਸਰਹਾਲੀ ਦੇ ਚੌਧਰੀ ਸੰਧੂ ਅਤੇ ਝਬਾਲ ਦੇ ਚੌਧਰੀ ਲੰਗਾਹ ਪਾਸੋਂ ਵਸੂਲ ਕਰਿਆ ਕਰਦੀ ਸੀ। ਇਸੇ ਕਰਕੇ ਪੱਟੀ ਨੂੰ ਹੁਣ ਤਕ ਨੌ ਲੱਖੀ ਪੱਟੀ ਵੀ ਕਿਹਾ ਜਾਂਦਾ ਰਿਹਾ ਹੈ। ਚੌਧਰੀ ਲੰਗਾਹ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਭਾਵ ਨਾਲ ਸਿੱਖੀ ਧਾਰਨ ਕੀਤੀ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅੰਮ੍ਰਿਤ ਸਰੋਵਰ ਦੀ ਖੁਦਾਈ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵਿਚ ਕਾਰ ਸੇਵਾ ਕਰਕੇ ਅਤੇ ਮਾਇਕ ਤੌਰ ’ਤੇ ਬਹੁਤ ਯੋਗਦਾਨ ਪਾਇਆ। ਗੁਰੂ ਜੀ ਨੇ ਇਸ ਦੀ ਸਿੱਖੀ ਭਾਵਨਾ ਨੂੰ ਮੁੱਖ ਰੱਖਦਿਆਂ ਇਸ ਨੂੰ ਆਪਣੇ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿੱਤ ਮਸੰਦ ਥਾਪ ਦਿੱਤਾ। ਜਦੋਂ ਗੁਰੂ ਜੀ ਸ਼ਹੀਦੀ ਪ੍ਰਾਪਤ ਕਰਨ ਦੇ ਮੰਤਵ ਨਾਲ ਲਾਹੌਰ ਗਏ ਤਾਂ ਪੰਜ ਸਿੱਖ ਜਿਨ੍ਹਾਂ ਵਿਚ ਭਾਈ ਲੰਗਾਹ ਵੀ ਸ਼ਾਮਲ ਸੀ ਨਾਲ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਕਾਲ ਵਿਚ ਵੀ ਗੁਰੂ-ਘਰ ਦਾ ਨਿਸ਼ਠਾਵਾਨ ਸੇਵਕ ਰਿਹਾ। ਇਹ ਤੇਗ ਚਲਾਉਣ ਵਿਚ ਬਹੁਤ ਮਾਹਰ ਸੀ, ਇਸ ਲਈ ਗੁਰੂ ਜੀ ਨੇ ਆਪਣੀ ਤਿਆਰ ਕੀਤੀ ਸਿੱਖ ਸੈਨਾ ਦੇ ਇਕ ਦਲ ਦਾ ਮੁਖੀ ਭਾਈ ਲੰਗਾਹ ਜੀ ਨੂੰ ਨਿਯਤ ਕੀਤਾ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਲਾਹੌਰ ਜਾ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿਚ ਸਮਾਰਕ ਬਣਵਾਇਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਭਾਈ ਲੰਗਾਹ ਜੀ ਨੂੰ ਸੌਂਪੀ ਗਈ ਸੀ। ਬੀਬੀ ਵੀਰੋ ਜੀ ਦੇ ਵਿਆਹ ਦੀਆਂ ਰਸਮਾਂ ਵੀ ਭਾਈ ਲੰਗਾਹ ਦੇ ਮਹਿਲਾਂ ਵਿਚ ਹੀ ਹੋਈਆਂ ਸਨ। ਭਾਈ ਲੰਗਾਹ ਦੇ ਭਰਾ ਪੈਰੋਸ਼ਾਹ ਦੇ ਮਹਿਲ ਵੀ ਨਾਲ ਹੀ ਸਨ, ਜਿਨ੍ਹਾਂ ਦੇ ਖੰਡਰ ਹੁਣ ਤਕ ਮੌਜੂਦ ਹਨ। ਭਾਈ ਲੰਗਾਹ ਦਾ ਦੇਹਾਂਤ ਬਿਆਸ ਨਦੀ ਦੇ ਕੰਢੇ ਆਬਾਦ ਢਿਲਵਾਂ ਪਿੰਡ ਵਿਚ ਹੋਇਆ। ਚੌਧਰੀ ਲੰਗਾਹ ਦਾ ਨਾਂ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿਚ ਸੁਹੰਦੇ ਸਿੱਖਾਂ ਵਿਚ ਲਿਖਿਆ ਹੈ:
ਪਟੀ ਅੰਦਰਿ ਚਉਧਰੀ ਢਿਲੋ ਲਾਲੁ ਲੰਗਾਹੁ ਸੁਹੰਦਾ। (ਭਾਈ ਗੁਰਦਾਸ ਜੀ, ਵਾਰ 11:22)
ਚੌਧਰੀ ਲੰਗਾਹ ਤੋਂ ਬਾਅਦ ਇਨ੍ਹਾਂ ਦੇ ਪੁੱਤਰ ਮੁਬਾਰਕ ਪਾਸ 105 ਪਿੰਡ ਹੋ ਗਏ। ਮਾਤਾ ਭਾਗੋ ਜੀ ਇਸੇ ਭਾਈ ਲੰਗਾਹ ਦੇ ਛੋਟੇ ਭਰਾ ਪੈਰੋਸ਼ਾਹ ਦੀ ਪੋਤੀ ਸੀ। ਪੈਰੋਸ਼ਾਹ ਦੇ ਦੋ ਪੁੱਤਰ ਸਨ ਮਾਲੇ ਸ਼ਾਹ ਅਤੇ ਹਰੂ। ਮਾਲੇ ਸ਼ਾਹ ਦੇ ਘਰ ਚਾਰ ਪੁੱਤਰਾਂ ਤੋਂ ਬਾਅਦ ਇਕ ਪੁੱਤਰੀ ਨੇ ਜਨਮ ਲਿਆ ਜਿਸ ਦੇ ਜਨਮ ਤੋਂ ਬਾਅਦ ਪਰਵਾਰ ਵਿਚ ਹਰ ਪੱਖ ਤੋਂ ਬਹੁਤ ਉੱਨਤੀ ਹੋਈ ਜਿਸ ਕਾਰਨ ਪੁੱਤਰੀ ਦਾ ਨਾਂ ਭਾਗਭਰੀ ਰੱਖ ਦਿੱਤਾ ਗਿਆ ਅਤੇ ਲਾਡ ਨਾਲ ਸਾਰੇ ਭਾਗੋ ਹੀ ਕਹਿੰਦੇ ਸਨ।
ਮਾਤਾ ਭਾਗੋ ਜੀ ਦਾ ਜਨਮ ਕਦੋਂ ਹੋਇਆ ਇਸ ਬਾਰੇ ਕੋਈ ਨਿਸ਼ਚਤ ਮਿਤੀ ਮਾਲੂਮ ਨਹੀਂ ਹੁੰਦੀ। ਸਿੱਖ ਇਤਿਹਾਸ ਤੋਂ ਹਵਾਲਾ ਮਿਲਦਾ ਹੈ ਕਿ ਮਾਤਾ ਭਾਗੋ ਜੀ ਸ਼ੁਰੂ ਤੋਂ ਹੀ ਅਧਿਆਤਮਿਕਤਾ ਵਿਚ ਦ੍ਰਿੜ੍ਹ ਸੀ। ਜਦੋਂ ਇਨ੍ਹਾਂ ਦੀ ਉਮਰ ਸੱਤਾਂ-ਅੱਠਾਂ ਸਾਲਾਂ ਦੀ ਹੋਈ ਤਾਂ ਇਹ ਆਪਣੇ ਮਾਤਾ-ਪਿਤਾ ਦੇ ਨਾਲ ਸ੍ਰੀ ਗੁਰੂ ਹਰਿਰਾਇ ਜੀ ਦੇ ਦਰਸ਼ਨਾਂ ਲਈ ਗਈ ਸੀ। ਇਸ ਤੋਂ ਬਾਅਦ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਵੀ ਜਾਂਦੀ ਰਹੀ।
ਪੱਟੀ ਵਿਚ ਵੜੈਚ ਗੋਤ ਦੇ ਜੱਟਾਂ ਦਾ ਨਿਵਾਸ ਹੈ। ਪੱਟੀ ਦੇ ਚੌਧਰੀ ਦੇਸ ਰਾਜ ਵੜੈਚ ਦੇ ਪੁੱਤਰ ਭਾਈ ਨਿਧਾਨ ਸਿੰਘ ਨਾਲ ਮਾਤਾ ਭਾਗੋ ਜੀ ਦਾ ਵਿਆਹ ਹੋਇਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਚ ਅਦੁੱਤੀ ਸ਼ਹਾਦਤ ਦਿੱਤੀ, ਉਸ ਸਮੇਂ ਮਾਤਾ ਭਾਗੋ ਜੀ ਨੇ ਜੋਸ਼ ਵਿਚ ਆ ਕੇ ਆਪਣੇ ਪਿਤਾ ਜੀ ਨੂੰ ਕਹਿ ਦਿੱਤਾ ਕਿ ਉਹ ਦਿੱਲੀ ਵਿਚ ਜਾ ਕੇ ਦੁਸ਼ਟਾਂ ਦਾ ਕਤਲ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਮਾਤਾ ਭਾਗੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿਚ ਜਾਂਦੀ ਰਹੀ ਅਤੇ ਹੋ ਰਹੀ ਧਰਮ ਯੁੱਧ ਦੀ ਤਿਆਰੀ ਨੂੰ ਬੜੇ ਧਿਆਨ ਨਾਲ ਵੇਖਦੀ ਰਹੀ।
ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਦਾ ਘੇਰਾ ਕਈ ਮਹੀਨੇ ਪਿਆ ਰਿਹਾ। ਕਿਲ੍ਹੇ ਅੰਦਰ ਰਸਦ-ਪਾਣੀ ਖ਼ਤਮ ਹੋ ਗਿਆ ਅਤੇ ਸਿੰਘਾਂ ਨੂੰ ਬਾਹਰੋਂ ਰਸਦ-ਪਾਣੀ ਜਾਣਾ ਬੰਦ ਹੋ ਗਿਆ ਅਜਿਹੇ ਮੌਕੇ ਸਿੰਘਾਂ ਲਈ ਬਹੁਤ ਔਖੀ ਘੜੀ ਬਣ ਗਈ, ਜਿਹੜੇ ਸਿੰਘ ਸਿਦਕਵਾਨ ਸਨ ਉਹ ਤਾਂ ਗੁਰੂ ਜੀ ’ਤੇ ਰੱਬ ਵਾਂਗ ਵਿਸ਼ਵਾਸ ਕਰ ਰਹੇ ਸਨ ਅਤੇ ਗੁਰੂ ਜੀ ਦੇ ਹਰ ਹੁਕਮ ’ਤੇ ਫੁੱਲ ਚੜ੍ਹਾ ਰਹੇ ਸਨ। ਪਰ ਕੁਝ ਸਿੰਘ ਅਜਿਹੇ ਵੀ ਸਨ ਜੋ ਡੋਲ ਗਏ। ਸਿੰਘ ਅਚਨਚੇਤ ਹਮਲਾ ਕਰ ਕੇ ਕੁਝ ਆਪਣੇ ਲਈ ਅਤੇ ਕੁਝ ਘੋੜਿਆਂ ਆਦਿ ਲਈ ਖਾਣ-ਪੀਣ ਲਈ ਲੈ ਆਉਂਦੇ ਅਜਿਹੇ ਮੌਕੇ ਕਈ ਸਿੰਘ ਸ਼ਹੀਦ ਹੋ ਜਾਂਦੇ ਅਤੇ ਮੁਗ਼ਲ ਫੌਜਾਂ ਅਤੇ ਪਹਾੜੀਆਂ ਨੂੰ ਵੀ ਮਾਰ-ਮਕਾਉਂਦੇ। ਮੁਗ਼ਲ ਸੈਨਿਕ ਅਤੇ ਪਹਾੜੀਏ ਇਸ ਨਿੱਤ ਦੀ ਬੇਅਰਾਮੀ ਤੋਂ ਤੰਗ ਆ ਚੁੱਕੇ ਸਨ ਅਤੇ ਆਪਣੀ ਸ਼ਾਹੀ ਸੈਨਾ ਦੀ ਗੁਰੂ ਜੀ ਦੇ ਮੁੱਠੀ-ਭਰ ਸਿੰਘਾਂ ਤੋਂ ਹਾਰ ਖਾਣ ਵਿਚ ਬੇਸ਼ਰਮੀ ਵੀ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਖਾ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਜੇ ਤੁਸੀਂ ਸ੍ਰੀ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਦਿਓ ਤਾਂ ਅਸੀਂ ਤੁਹਾਡੇ ਕਾਫਲੇ ਨੂੰ ਪੂਰੇ ਅਮਨ-ਅਮਾਨ ਨਾਲ ਜਾਣ ਦਿਆਂਗੇ ਕੋਈ ਵੀ ਸ਼ਾਹੀ ਸੈਨਿਕ ਤੁਹਾਡੇ ਕਾਫਲੇ ਵੱਲ ਅੱਖ ਚੁੱਕ ਕੇ ਨਹੀਂ ਦੇਖੇਗਾ। ਕਿਲ੍ਹੇ ਅੰਦਰ ਵੀ ਹਾਲਾਤ ਸੁਖਾਵੇਂ ਨਹੀਂ ਸਨ। ਰਾਸ਼ਨ ਦੀ ਤੰਗੀ ਕਾਰਨ ਸਿੱਖ ਔਖ ਮਹਿਸੂਸ ਕਰ ਰਹੇ ਸਨ। ਕੁਝ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਭੁੱਖਿਆਂ ਤੋਂ ਹੋਰ ਲੜਿਆ ਨਹੀਂ ਜਾਂਦਾ, ਸਾਨੂੰ ਕਿਲ੍ਹਾ ਛੱਡ ਦੇਣਾ ਚਾਹੀਦਾ ਹੈ। ਗੁਰੂ ਜੀ ਨੂੰ ਸ਼ਾਹੀ ਸੈਨਾ ਦੀਆਂ ਕਸਮਾਂ ’ਤੇ ਇਤਬਾਰ ਨਹੀਂ ਸੀ, ਇਸ ਲਈ ਗੁਰੂ ਜੀ ਕਿਲ੍ਹਾ ਖਾਲੀ ਨਹੀਂ ਸੀ ਕਰਨਾ ਚਾਹੁੰਦੇ। ਗੁਰੂ ਜੀ ਨੇ ਸਿੰਘਾਂ ਦੀ ਕਿਲ੍ਹਾ ਖਾਲੀ ਕਰ ਦੇਣ ਦੀ ਮੰਗ ’ਤੇ ਆਖਿਆ ਕਿ ਜੇਕਰ ਤੁਸੀਂ ਕਿਲ੍ਹਾ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਬੇਸ਼ੱਕ ਚਲੇ ਜਾਓ, ਲੇਕਿਨ ਤੁਹਾਨੂੰ ਲਿਖ ਕੇ ਦੇਣਾ ਪਏਗਾ ਕਿ ਤੁਸੀਂ ਮੇਰੇ ਸਿੱਖ ਨਹੀਂ ਅਤੇ ਮੈਂ ਤੁਹਾਡਾ ਗੁਰੂ ਨਹੀਂ:
ਯਾਂ ਤੇ ਲਿਖਿ ਲਿਖਿ ਸਕਲ ਬਿਦਾਵਾ।
ਚਲੇ ਜਾਹੁ ਜਿਤ ਜਿਹ ਮਨ ਭਾਵਾ॥17॥ (ਗੁਰ ਪ੍ਰਤਾਪ ਸੂਰਜ ਗ੍ਰੰਥ, ਸਫਾ 5845)
ਗੁਰੂ ਜੀ ਨੇ ਸਿੰਘਾਂ ਨੂੰ ਫੈਸਲਾ ਕਰਨ ਲਈ ਕਿਹਾ ਕਿ ਜੋ ਤੁਹਾਨੂੰ ਮਨਜ਼ੂਰ ਹੈ, ਕਰ ਲਵੋ। ਗੁਰੂ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਰੇ ਦੁਬਿਧਾ ਵਿਚ ਪੈ ਗਏ। ਸਾਰੇ ਸਿੱਖਾਂ ਨੇ ਅੰਮ੍ਰਿਤ ਛਕਣ ਸਮੇਂ ਆਪਣਾ ਸੀਸ ਗੁਰੂ ਜੀ ਦੇ ਹਵਾਲੇ ਕੀਤਾ ਸੀ ਤੇ ਗੁਰੂ ਜੀ ਦਾ ਕਦੀ ਵੀ ਸਾਥ ਨਾ ਛੱਡਣ ਦਾ ਪ੍ਰਣ ਕੀਤਾ ਸੀ ਜਿਸ ਕਰਕੇ ਇਹ ਸ਼ਬਦ ਲਿਖਣੇ ਉਨ੍ਹਾਂ ਲਈ ਬੜੇ ਕਠਿਨ ਸਨ ਕਿ ਅਸੀਂ ਤੁਹਾਡੇ ਸਿੱਖ ਨਹੀਂ:
ਤਿਮ ਹੀ ਦੁਬਿਧਾ ਸਿੰਘਨਿ ਬਯਾਪੀ।
ਪ੍ਰਣ ਥੋ ਗੁਰ ਤਜਿ ਹੈਂ ਨ ਕਦਾਪੀ।
ਹਮ ਨਹਿਂ ਸਿੱਖ ਗੁਰੂ ਤੁਮ ਨਾਂਹੀ।
ਇਹ ਕਿਮ ਲਿਖੀ ਜਾਇ ਪ੍ਰਭੁ ਪਾਹੀ॥21॥ (ਗੁਰ ਪ੍ਰਤਾਪ ਸੂਰਜ ਗ੍ਰੰਥ, ਸਫਾ 5846)
ਗੁਰੂ ਜੀ ਨੇ ਕਿਲ੍ਹਾ ਖਾਲੀ ਨਾ ਕੀਤਾ। ਅਖੀਰ ਕਹਿਲੂਰੀ, ਹੰਡੂਰੀ, ਕਟੋਚ, ਜਸਵਾਲੀਆ, ਗੁਲੇਰੀ, ਆਦਿ ਨੇ ਵਜ਼ੀਰ ਖਾਨ, ਦਿਲਾਵਰ ਖਾਨ ਤੇ ਜਬਰਦਸਤ ਖਾਨ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਤੋਂ ਖਹਿੜਾ ਛੁਡਾਉਣ ਲਈ ਸਲਾਹ-ਮਸ਼ਵਰਾ ਕਰਕੇ ਦੂਜੀ ਵਾਰ ਗੁਰੂ ਜੀ ਨੂੰ ਪ੍ਰਣ-ਪੱਤਰ ਭੇਜਿਆ। ਪਹਾੜੀ ਰਾਜਿਆਂ ਅਤੇ ਸ਼ਾਹੀ ਸੈਨਾ ਦਾ ਪ੍ਰਣ-ਪੱਤਰ ਸੁਣ ਕੇ ਸਿੰਘਾਂ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਕਿ ਹੁਣ ਭੁੱਖ ਦਾ ਦੁੱਖ ਤਾਂ ਦੂਰ ਹੋਵੇਗਾ। ਲੇਕਿਨ ਗੁਰੂ ਜੀ ਨੇ ਕਿਲ੍ਹਾ ਖਾਲੀ ਕਰਨ ਤੋਂ ਫੇਰ ਨਾਂਹ ਕਰ ਦਿੱਤੀ। ਗੁਰੂ ਜੀ ਦਾ ਅਕਾਲ ਪੁਰਖ ’ਤੇ ਭਰੋਸਾ ਸੀ ਕਿ ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਝੁੱਲ ਸਕਦਾ। ਸਿੰਘ ਲਗਾਤਾਰ ਭੁੱਖ-ਪਿਆਸ ਦੀਆਂ ਤੰਗੀਆਂ ਦੇ ਬਾਵਜੂਦ ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਦੇ ਰਹੇ। ਹੁਣ ਇਨ੍ਹਾਂ ਵਿਚ ਵੀ ਕਈ ਕਿਲ੍ਹਾ ਖਾਲੀ ਕਰਨ ਦੇ ਹੱਕ ਵਿਚ ਸਨ।
ਮਾਝੇ ਦੇ ਸਿੰਘਾਂ ਦਾ ਜਥੇਦਾਰ ਭਾਈ ਮਹਾਂ ਸਿੰਘ ਨੇ ਆਪਣੇ ਜਥੇ ਦੇ ਹੋਰ ਸਾਥੀਆਂ ਨਾਲ ਇਸ ਔਕੜ ਵਿਚ ਭੁੱਖੇ-ਪਿਆਸੇ ਮਰਨ ਨਾਲੋਂ ਕਿਲ੍ਹਾ ਛੱਡ ਜਾਣ ਦਾ ਫੈਸਲਾ ਕੀਤਾ। ਇਨ੍ਹਾਂ 40 ਕੁ ਸਿੰਘਾਂ ਨੇ ਗੁਰੂ ਜੀ ਪਾਸ ਆ ਕੇ ਜਾਣ ਦੀ ਇਜ਼ਾਜਤ ਮੰਗੀ ਅਤੇ ਇਨ੍ਹਾਂ ਗੁਰੂ ਜੀ ਨੂੰ ਅਨਚਾਹੇ ਮਨ ਨਾਲ ਬੇਦਾਵਾ ਲਿਖ ਕੇ ਦੇ ਦਿੱਤਾ। ਗੁਰੂ ਜੀ ਨੇ ਇਨ੍ਹਾਂ ਨੂੰ ਘਰ ਜਾਣ ਦੀ ਇਜ਼ਾਜਤ ਦੇ ਦਿੱਤੀ। ਬੇਦਾਵਾ ਲਿਖਣ ਵਾਲੇ ਸਿੰਘਾਂ ਦੀ ਬੇਦਾਵਾ ਲਿਖਣ ਵੇਲੇ ਜੋ ਦਸ਼ਾ ਸੀ, ਉਸ ਦਾ ਬਿਆਨ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਕੀਤਾ ਹੈ:
ਲਾਗੇ ਲਿਖਿਨਿ ਬਿਦਾਵਾ ਸਾਰੇ।
ਚਹੈਂ ਬਚਾਯੋ ਪ੍ਰਾਨਨ ਪਯਾਰੇ।
ਮਹਾਂ ਕਸ਼ਟ ਸਭਿ ਕੌ ਤਬਿ ਹੋਵਾ।
ਕਰਯੋ ਜੁ ਪ੍ਰਣ ਸੋ ਸਗਰੋ ਖੋਵਾ॥25॥
ਗੁਰੂ ਤਜੇ, ਨਹਿਂ ਤਜਯੋ ਸਰੀਰ।
ਪਛੁਤਾਵਤਿ ਚਿਤ ਭਏ ਅਧੀਰ।
ਪਿਖਹਿਂ ਪਰਸਪਰ ਲਿਖਤੇ ਜਾਹਿਂ
ਹੋਇ ਉਦਾਸ ਗੁਰੂ ਲਿਖਵਾਹਿਂ॥26॥ (ਗੁਰ ਪ੍ਰਤਾਪ ਸੂਰਜ ਗ੍ਰੰਥ, ਸਫਾ 5854)
‘ਗੁਰੂ-ਪਦ ਪ੍ਰੇਮ ਪ੍ਰਕਾਸ਼’ ਕ੍ਰਿਤ ਸੁਮੇਰ ਸਿੰਘ ਅਤੇ ‘ਗੁਰ-ਸ਼ਬਦ ਰਤਨਾਕਾਰ ਮਹਾਨ ਕੋਸ਼’, ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਨ੍ਹਾਂ ਦੇ ਨਾਂ 1. ਸ਼ਮੀਰ ਸਿੰਘ, 2. ਸਾਧੂ ਸਿੰਘ, 3. ਸਰਜਾ ਸਿੰਘ, 4. ਸੁਹੇਲ ਸਿੰਘ, 5. ਸੁਲਤਾਨ ਸਿੰਘ, 6. ਸੋਭਾ ਸਿੰਘ, 7. ਸੰਤ ਸਿੰਘ, 8. ਹਰਸਾ ਸਿੰਘ, 9. ਹਰੀ ਸਿੰਘ, 10. ਕਰਨ ਸਿੰਘ, 11. ਕਰਮ ਸਿੰਘ, 12. ਕਾਲਾ ਸਿੰਘ, 13. ਕੀਰਤਿ ਸਿੰਘ, 14. ਕਿਰਪਾਲ ਸਿੰਘ, 15. ਖੁਸ਼ਹਾਲ ਸਿੰਘ, 16. ਗੁਲਾਬ ਸਿੰਘ, 17. ਗੰਗਾ ਸਿੰਘ, 18. ਗੰਡਾ ਸਿੰਘ, 19. ਘਰਬਾਰਾ ਸਿੰਘ, 20. ਚੰਬਾ ਸਿੰਘ, 21. ਜਾਦੋ ਸਿੰਘ, 22. ਜੋਗਾ ਸਿੰਘ, 23. ਜੰਗ ਸਿੰਘ, 24. ਦਯਾਲ ਸਿੰਘ, 25. ਦਰਬਾਰ ਸਿੰਘ, 26. ਦਿਲਬਾਗ ਸਿੰਘ, 27. ਧਰਮ ਸਿੰਘ, 28. ਧੰਨਾ ਸਿੰਘ, 29. ਨਿਹਾਲ ਸਿੰਘ, 30. ਨਿਧਾਨ ਸਿੰਘ, 31. ਬੂੜ ਸਿੰਘ, 32. ਭਾਗ ਸਿੰਘ, 33. ਭੋਲਾ ਸਿੰਘ, 34. ਭੰਗਾ ਸਿੰਘ, 35. ਮਹਾਂ ਸਿੰਘ, 36. ਮਜਾ ਸਿੰਘ, 37. ਮਾਨ ਸਿੰਘ. 38. ਮਯਾ ਸਿੰਘ, 39. ਰਾਇ ਸਿੰਘ, 40. ਲਛਮਣ ਸਿੰਘ ਦੱਸੇ ਹਨ। ਇਹ ਸਾਰੇ ਮਾਝੇ ਦੇ ਇਲਾਕੇ ਪੱਟੀ ਪਰਗਨੇ ਵਿਚ ਆਪਣੇ-ਆਪਣੇ ਘਰ ਪਹੁੰਚ ਗਏ।
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਹ ਮਹੀਨੇ ਦੇ ਕਕਰੀਲੇ ਠੰਡ ਦੇ ਦਿਨਾਂ ਵਿਚ ਸੰਮਤ 1761 ਬਿਕ੍ਰਮੀ ਨੂੰ ਬਾਦਸ਼ਾਹੀ ਮੁਗ਼ਲ ਫੌਜਾਂ ਦੀਆਂ ਕੁਰਾਨ ਦੀਆਂ ਕਸਮਾਂ ਅਤੇ ਹਿੰਦੂ ਪਹਾੜੀ ਰਾਜਿਆਂ ਗਊ ਦੀਆਂ ਸਹੁੰਆਂ ’ਤੇ ਇਤਬਾਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ। ਗੁਰੂ ਜੀ ਦਾ ਕਾਫਲਾ ਕੀਰਤਪੁਰ ਸਾਹਿਬ ਨੇੜੇ ਸਰਸਾ ਦੇ ਕੰਢੇ ’ਤੇ ਪਹੁੰਚਿਆ ਸੀ ਕਿ ਮੁਗ਼ਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਸਾਰੀਆਂ ਸਹੁੰਆਂ ਭੁਲਾ ਕੇ ਗੁਰੂ ਜੀ ਦੇ ਕਾਫਲੇ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਦਾ ਸਾਰਾ ਕਾਫਲਾ ਖੇਰੂੰ-ਖੇਰੂੰ ਹੋ ਗਿਆ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵਿਖੇ ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਹਿੰਦ ਵਿਖੇ ਸ਼ਹੀਦੀ ਪਾ ਗਏ। ਗੁਰੂ ਜੀ ਚਮਕੌਰ ਸਾਹਿਬ ਤੋਂ ਨਿਕਲ ਕੇ ਮਾਛੀਵਾੜਾ, ਆਲਮਗੀਰ, ਲੰਮੇ ਜੱਟਪੁਰੇ, ਰਾਇਕੋਟ, ਦੀਨਾ ਕਾਂਗੜ, ਗੁਰੂਸਰ, ਭਗਤਾ ਭਾਈ ਕਾ, ਬਾਦਰਾ, ਬਰਗਾੜੀ, ਬਹਿਬਲ, ਸਰਾਵਾਂ, ਪੱਤੋ, ਜੈਤੋ, ਦੱਭਵਾਲੀ, ਮਲੂਕ ਦਾ ਕੋਟ ਆਦਿ ਪਿੰਡਾਂ ਵਿਚ ਦੀ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ।
ਦੁਲ ਦੇ ਚਾਰ ਪੁੱਤਰ ਰਤਨਪਾਲ, ਲਖਨ ਪਾਲ, ਬਿਨੇਪਾਲ ਅਤੇ ਸਹਿਸ ਪਾਲ ਸਨ। ਰਤਨ ਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿਚ ਵੱਸਦੀ ਹੈ, ਇਨ੍ਹਾਂ ਦੇ ਹੀ ਵਡੇਰੇ ਸਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਕਪੂਰੇ ਆਣ ਮਿਲੇ ਸਨ, ਜਿਨ੍ਹਾਂ ਵਿਚ ਮਹਿਮੇ ਸਰਜੇ ਪਿੰਡ ਦਾ ਵਸਨੀਕ ਭਾਈ ਚੜ੍ਹਤ ਸਿੰਘ ਦਾ ਭਰਾ ਭਾਈ ਦਾਨ ਸਿੰਘ ਵੀ ਸ਼ਾਮਲ ਸੀ। ਇਹ ਸਾਰੇ ਸਿੱਖ ਕੋਟਕਪੂਰੇ ਤੋਂ ਗੁਰੂ ਜੀ ਦੇ ਨਾਲ ਚਲ ਪਏ। ਗੁਰੂ ਜੀ ਤੁਰਕਾਂ ਨਾਲ ਯੁੱਧ ਕਰਨ ਲਈ ਕਿਸੇ ਢੁਕਵੀਂ ਥਾਂ ਦੀ ਤਲਾਸ਼ ਵਿਚ ਸਨ। ਕਪੂਰੇ ਚੌਧਰੀ ਨੇ ਖਿਦਰਾਣੇ ਦੀ ਢਾਬ ਬਾਰੇ ਦੱਸਿਆ ਅਤੇ ਆਪਣੇ ਬੰਦੇ ਖਾਨੇ ਬਰਾੜ ਨੂੰ ਗੁਰੂ ਜੀ ਦੇ ਨਾਲ ਭੇਜਿਆ।
ਰਸਤੇ ਵਿਚ ਵੀ ਗੁਰੂ ਜੀ ਨੂੰ ਇਹ ਖ਼ਬਰਾਂ ਮਿਲਦੀਆਂ ਰਹੀਆਂ ਕਿ ਸੂਬਾ ਸਰਹਿੰਦ ਵਜ਼ੀਰ ਖਾਨ ਦੀਆਂ ਸ਼ਾਹੀ ਫੌਜਾਂ ਮਾਰੋ-ਮਾਰ ਕਰਦੀਆਂ ਆ ਰਹੀਆਂ ਹਨ। ਗੁਰੂ ਜੀ ਖਿਦਰਾਣੇ ਦੀ ਢਾਬ ਵਾਲੀ ਥਾਂ ’ਤੇ ਪਹੁੰਚ ਗਏ ਜੋ ਜੰਗੀ ਨੁਕਤਾ-ਨਿਗਾਹ ਤੋਂ ਬਹੁਤ ਹੀ ਚੰਗੀ ਥਾਂ ਸੀ। ਨਗਰ ਜਲਾਲਾਬਾਦ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਖਿਦਰਾਣਾ, ਧਿੰਗਾਣਾ ਤੇ ਰੋਪਾਣਾ ਸਨ। ਇਨ੍ਹਾਂ ਤਿੰਨੇ ਭਰਾਵਾਂ ਨੇ ਇਲਾਕੇ ਵਿਚ ਪਾਣੀ ਦੀ ਘਾਟ ਕਾਰਨ ਤਿੰਨ ਢਾਬਾਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਵਿਚ ਬਰਸਾਤ ਦਾ ਪਾਣੀ ਇਕੱਠਾ ਕਰਕੇ ਇਲਾਕੇ ਵਿਚ ਪਸ਼ੂਆਂ ਦੇ ਚਾਰਨ ਲਈ ਜਗ੍ਹਾ ਬਣਾ ਲਈ ਅਤੇ ਬਾਅਦ ਵਿਚ ਆਪਣੇ-ਆਪਣੇ ਨਾਂ ’ਤੇ ਪਿੰਡ ਅਬਾਦ ਕਰ ਲਏ ਅਤੇ ਆਪਣੀ ਪਾਣੀ ਦੀ ਲੋੜ ਇਸ ਢਾਬ ਤੋਂ ਪੂਰੀ ਕਰਨ ਲੱਗ ਪਏ। ਇਹ ਇਲਾਕਾ ਪੁਰਾਤਨ ਸਮੇਂ ਵਿਚ ਮਾਲਵਾ ਜਾਂ ਜੰਗਲ ਹੋਣ ਕਰਕੇ ਇਥੇ ਪਾਣੀ ਦੀ ਬੜੀ ਥੁੜ੍ਹ ਸੀ। ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਖੂਹ ਲਗਾਉਣਾ ਬੜਾ ਮਿਹਨਤ ਵਾਲਾ ਕੰਮ ਸੀ। ਜੇਕਰ ਕੋਈ ਅਥਾਹ ਮਿਹਨਤ ਕਰਕੇ ਖੂਹ ਲਗਵਾ ਵੀ ਲੈਂਦਾ ਸੀ ਤਾਂ ਧਰਤੀ ਥੱਲਿਓਂ ਨਿਕਲਦਾ ਪਾਣੀ ਬਹੁਤ ਖਾਰਾ ਸੀ ਜੋ ਪੀਣ ਦੇ ਕਾਬਲ ਨਹੀਂ ਸੀ ਹੁੰਦਾ। ਇਸ ਲਈ ਇਸ ਇਲਾਕੇ ਦੇ ਲੋਕ ਪੀਣ ਲਈ ਇਸੇ ਢਾਬ ਦਾ ਪਾਣੀ ਵਰਤਦੇ ਸਨ, ਜਿਸ ਨੂੰ ਪੰਜ-ਦਸ ਮੀਲ ਤਕ ਦੇ ਪਿੰਡਾਂ ਦੇ ਲੋਕ ਬੜੇ ਯਤਨਾਂ ਨਾਲ ਵਰਤਦੇ ਸਨ।
ਮਾਤਾ ਭਾਗੋ ਜੀ ਦੇ ਸਹੁਰਾ ਸਾਹਿਬ ਚੌਧਰੀ ਦੇਸ ਰਾਜ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਭੋਗ ’ਤੇ ਮਾਤਾ ਭਾਗੋ ਜੀ ਦੇ ਪੇਕੇ ਪਿੰਡ ਤੋਂ ਭਰਾਵਾਂ ਨਾਲ ਇਲਾਕੇ ਦੇ ਹੋਰ ਸਰਦਾਰ ਪੱਟੀ ਵਿਖੇ ਪਹੁੰਚੇ, ਜਿਨ੍ਹਾਂ ਵਿਚ ਗੁਰੂ ਜੀ ਨੂੰ ਬੇਦਾਵਾ ਦੇ ਕੇ ਆਏ ਸਿੰਘ ਅਤੇ ਭਾਈ ਮਹਾਂ ਸਿੰਘ ਵੀ ਸੀ। ਮਾਤਾ ਭਾਗੋ ਜੀ ਨੇ ਇਨ੍ਹਾਂ ਨੂੰ ਪੁੱਛਿਆ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕੀ ਹਾਲ ਹੈ? ਜੰਗ ਫਤਹਿ ਹੋ ਗਈ ਹੈ ਕਿ ਨਹੀਂ? ਇਹ ਸੁਣ ਕੇ ਇਨ੍ਹਾਂ ਸਿੰਘਾਂ ਨੇ ਨੀਵੀਆਂ ਪਾ ਲਈਆਂ। ਮਾਈ ਭਾਗੋ ਜੀ ਦੇ ਵਾਰ-ਵਾਰ ਪੁੱਛਣ ’ਤੇ ਉਨ੍ਹਾਂ ਨੇ ਸੱਚੀ ਗੱਲ ਦੱਸ ਦਿੱਤੀ ਕਿ ਅਸੀਂ ਤਾਂ ਗੁਰੂ ਜੀ ਨੂੰ ਬੇਦਾਵਾ ਦੇ ਆਏ ਹਨ। ਕਿਸੇ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ, ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ। ਇਹ ਸੁਣ ਕੇ ਮਾਤਾ ਭਾਗੋ ਜੀ ਨੂੰ ਬਹੁਤ ਰੋਹ ਚੜ੍ਹਿਆ ਅਤੇ ਇਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਉਨ੍ਹਾਂ ਨੂੰ ਕਿਹਾ ਕਿ ਦੁਨੀ ਚੰਦ ਮਸੰਦ ਦੇ ਪੋਤਰੇ ਸਰੂਪ ਸਿੰਘ ਅਤੇ ਅਨੂਪ ਸਿੰਘ ਨੇ ਤਾਂ ਆਪਣੇ ਦਾਦੇ ਵੱਲੋਂ ਕੀਤੀ ਗ਼ਦਾਰੀ ਦੀ ਭੁੱਲ ਨਿਰਮੋਹਗੜ੍ਹ ਦੇ ਸਥਾਨ ’ਤੇ ਜਾ ਕੇ ਬਖਸ਼ਾ ਲਈ ਸੀ:
ਦੁਇ ਪੌਤ੍ਰੇ ਸੁਨਿ ਸੁਨਿ ਅਪਵਾਦਾ।
ਨਹੀਂ ਸਹਾਰਤਿ ਹੋਤਿ ਬਿਖਾਦਾ।
ਨਾਮ ਸਰੂਪ ਸਿੰਘ ਇਕ ਕੇਰਾ।
ਦੁਤਿਯ ਅਨੂਪ ਸਿੰਘ ਤਿਸ ਬੇਰਾ॥28॥
ਕਟ ਕਸਿਕੈ ਗੁਰ ਦਿਸ਼ਿ ਚਲਿ ਪਰੇ।
ਦੋਸ਼ ਪਿਤਾਮਾ ਕੋ ਬਡ ਧਰੇ।
ਜੋ ਮਝੈਲ ਸ਼ਰਧਾ ਧਰਿ ਮਿਲੇ।
ਲੇ ਕਰ ਸੰਗ ਅਨੰਦਪੁਰਿ ਚਲੇ॥29॥ (ਗੁਰ ਪ੍ਰਤਾਪ ਸੂਰਜ ਗ੍ਰੰਥ, ਸਫਾ-5304)
ਮਾਤਾ ਭਾਗੋ ਜੀ ਨੇ ਸਿੰਘਾਂ ਨੂੰ ਵੰਗਾਰ ਕੇ ਕਿਹਾ ਕਿ ਜਿਸ ਤਰ੍ਹਾਂ ਦੁਨੀ ਚੰਦ ਦੇ ਪੋਤਰਿਆਂ ਨੂੰ ਲੋਕਾਂ ਦੇ ਤਾਹਨੇ-ਮਿਹਣੇ ਸੁਣਨੇ ਪੈਂਦੇ ਸੀ, ਉਸੇ ਤਰ੍ਹਾਂ ਤੁਹਾਡੇ ਬੱਚਿਆਂ ਨੂੰ ਵੀ ਲੋਕਾਂ ਤੋਂ ਗੁਰੂ ਤੋਂ ਬੇਮੁਖ ਹੋਣ ਦੇ ਤਾਹਨੇ-ਮਿਹਣੇ ਸੁਣਨੇ ਪੈਣਗੇ। ਲਾਹਨਤ ਹੈ ਤੁਹਾਡੀ ਮਰਦਾਨਗੀ ਦੇ! ਤੁਸੀਂ ਘਰ ਬੈਠ ਕੇ ਚਰਖੇ ਕੱਤੋ, ਅਸੀਂ ਮੈਦਾਨ ਵਿਚ ਜਾ ਕੇ ਲੜਾਂਗੀਆਂ ਤੇ ਗੁਰੂ ਜੀ ਦੀ ਮਦਦ ਕਰਾਂਗੀਆਂ। ਮਾਤਾ ਭਾਗੋ ਜੀ ਨੇ ਇਨ੍ਹਾਂ ਨੂੰ ਦੁਬਾਰਾ ਗੁਰੂ ਜੀ ਪਾਸ ਜਾਣ ਦੀ ਸਲਾਹ ਦਿੱਤੀ ਅਤੇ ਭੁੱਲ ਬਖਸ਼ਾਉਣ ਲਈ ਕਿਹਾ।
ਮਾਤਾ ਭਾਗੋ ਜੀ ਮਰਦਾਵੇਂ ਭੇਸ ਵਿਚ ਸ਼ਸਤਰ ਸਜਾ ਕੇ ਘੋੜੇ ਉੱਤੇ ਸਵਾਰ ਹੋ ਗਈ ਅਤੇ ਇਨ੍ਹਾਂ ਦੀ ਅਗਵਾਈ ਕਰਕੇ ਇਨ੍ਹਾਂ ਨੂੰ ਖਿਦਰਾਣੇ ਦੀ ਢਾਬ ’ਤੇ ਗੁਰੂ ਜੀ ਤੋਂ ਭੁੱਲ ਬਖਸ਼ਾਉਣ ਲਈ ਲੈ ਕੇ ਜਾ ਰਹੀ ਸੀ, ਤਾਂ ਇਲਾਕੇ ਦੇ ਕੁਝ ਮੋਹਤਬਰ ਪੰਚ- ਸਰਪੰਚ ਵੀ ਨਾਲ ਹੋ ਲਏ। ਦੋ ਕੁ ਸੌ ਸਿੱਖਾਂ ਦਾ ਜਥਾ ਗੁਰੂ ਜੀ ਨੂੰ ਮਿਲਣ ਲਈ ਚਲ ਪਿਆ। ਇਸ ਜਥੇ ਦਾ ਰਾਮੇਆਣਾ ਨਗਰ ਨੇੜੇ ਗੁਰੂ ਜੀ ਨਾਲ ਮਿਲਾਪ ਹੋ ਗਿਆ। ਬੇਦਾਵਾ ਦੇ ਕੇ ਆਏ ਸਿੰਘਾਂ ਨੇ ਹੋਈ ਭੁੱਲ ਦੀ ਗੁਰੂ ਜੀ ਤੋਂ ਮਾਫੀ ਮੰਗੀ। ਚੌਧਰੀਆਂ ਨੇ ਗੁਰੂ ਜੀ ਨੂੰ ਕਿਹਾ ਕਿ ਜੇਕਰ ਤੁਸੀਂ ਜੰਗ ਯੁੱਧ ਬੰਦ ਕਰਕੇ ਸ਼ਾਂਤਮਈ ਢੰਗ ਨਾਲ ਰਹੋ ਤਾਂ ਅਸੀਂ ਤੁਹਾਡੀ ਹਾਕਮਾਂ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ, ਇਸ ਨਾਲ ਅਸੀਂ ਸਾਰਾ ਦੇਸ਼ ਤੁਹਾਡੇ ਸਿੱਖ ਬਣ ਕੇ ਰਹਾਂਗੇ ਨਹੀਂ ਤਾਂ ਇਨ੍ਹਾਂ ਜੰਗਾਂ-ਯੁੱਧਾਂ ਵਿਚ ਸਿੱਖੀ ਨਿਭਾਉਣੀ ਬਹੁਤ ਔਖੀ ਹੈ। ਜੋ ਪਿੱਛੇ ਹੋ ਗਿਆ ਉਸ ਨੂੰ ਭੁੱਲ ਜਾਵੋ, ਜੰਗ ਕਰਨੀ ਛੱਡ ਦਿਓ ਅਤੇ ਅਸੀਂ ਦਿੱਲੀ ਦੇ ਹਾਕਮਾਂ ਨਾਲ ਆਪ ਜੀ ਦੀ ਸੁਲ੍ਹਾ ਕਰਵਾ ਦਿੰਦੇ ਹਾਂ। ਇਸ ਤਰ੍ਹਾਂ ਆਪ ਜੀ ਦੀ ਸਿੱਖੀ ਸੇਵਕੀ ਤੇ ਗੁਰਿਆਈ ਚੱਲਦੀ ਰਹੇਗੀ, ਨਹੀਂ ਤਾਂ ਸਾਡੇ ਲਈ ਸਿੱਖੀ ਨਿਭਾਉਣੀ ਬਹੁਤ ਮੁਸ਼ਕਿਲ ਹੈ।
ਗੁਰੂ ਜੀ ਨੇ ਚੌਧਰੀਆਂ ਦੀ ਗੱਲ ਸੁਣ ਕੇ ਕਿਹਾ ਕਿ ਸਿੱਖ ਮੇਰੇ ਤੇ ਮੈਂ ਸਿੱਖਾਂ ਦਾ ਹਾਂ। ਭੁੱਲ ਇਨਸਾਨੀ ਖਾਸੀਅਤ ਹੈ ਤੇ ਸਾਈਂ ਬਖਸ਼ਿੰਦ ਹੈ ਪਰ ਰਣਤੱਤੇ ਵਿਚ ਪਿੱਠ ਦੇਣੀ ਖਾਲਸੇ ਦਾ ਕੰਮ ਨਹੀਂ। ਖਾਲਸਾ ਅਭੈ ਹੈ। ਜੋ ਸਰਕਾਰ ਨਾਲ ਸੁਲ੍ਹਾ ਦੀ ਗੱਲ ਕਰਦੇ ਹੋ, ਮੇਰੀ ਕਿਸੇ ਨਾਲ ਲੜਾਈ ਨਹੀਂ ਹੈ। ਜ਼ਾਲਮ ਜ਼ੁਲਮ ਕਰਦਾ ਹੈ ਤੇ ਪਰਜਾ ਦੀ ਪੀੜਾ ਦੀ ਪੁਕਾਰ ਦਰਗਾਹ ਵਿਚ ਅੱਪੜੀ ਹੈ, ਮੈਨੂੰ ਉਸ ਪੀੜਾ ਨੂੰ ਹਰਨ ਲਈ ਘੱਲਿਆ ਗਿਆ ਹੈ। ਜੋ ਤੁਸੀਂ ਸੁਲ੍ਹਾ ਦੀ ਗੱਲ ਕਰਦੇ ਹੋ ਤੁਸੀਂ ਉਸ ਸਮੇਂ ਕਿੱਥੇ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਸ਼ਾਂਤੀ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਜਾ ਰਿਹਾ ਸੀ। ਉਸ ਵੇਲੇ ਤਾਂ ਤੁਸੀਂ ਕੁਝ ਨਹੀਂ ਕਰ ਸਕੇ। ਮੇਰਾ ਗੁਰੂ ਤਾਂ ਅਕਾਲ ਪੁਰਖ ਹੈ। ਤੁਸੀਂ ਸਿੱਖ ਹੋ ਤਾਂ ਸਿੱਖਿਆ ਮੰਨੋ ਜੇਕਰ ਤੁਸੀਂ ਗੁਰੂ ਦੇ ਸਿੱਖ ਹੁੰਦੇ ਤਾਂ ਸ੍ਰੀ ਅਨੰਦਪੁਰ ਸਾਹਿਬ ਲੱਗੀ ਜੰਗ ਵਿਚ ਬੇਦਾਵਾ ਲਿਖ ਕੇ ਨਾ ਦੌੜਦੇ। ਗੁਰੂ ਜੀ ਦੇ ਸਪਸ਼ਟ ਸ਼ਬਦ ਸੁਣ ਕੇ ਸਾਰਿਆਂ ਨੇ ਸਿਰ ਨੀਵੇਂ ਕਰ ਲਏ।
ਇਤਨੇ ਨੂੰ ਇਕ ਸੂਹੀਆ ਗੁਰੂ ਜੀ ਪਾਸ ਖ਼ਬਰ ਲੈ ਕੇ ਆਇਆ ਕਿ ਵਜ਼ੀਰ ਖਾਨ ਦੀ ਫੌਜ ਨੇੜੇ ਆ ਗਈ ਹੈ:
ਤਬ ਲੌ ਆਇ ਖਬਰ ਸਿਖ ਦੀਨੀ ਦਲ ਤੁਰਕੀ ਚਢ ਧਾਯੋ।
ਨਾਜਮ ਆਪ ਵਜੀਦ ਖਾਨ ਹੈ ਦਸ ਹਜਾਰ ਭਟ ਲਿਆਯੋ। (ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਪੰਨਾ 307)
ਗੁਰੂ ਜੀ ਤੁਰੰਤ ਆਪਣੇ ਸਿੱਖਾਂ ਨਾਲ ਉਥੋਂ ਅੱਗੇ ਚਲ ਪਏ। ਮਾਝੇ ਤੋਂ ਆਏ ਸਿਦਕਵਾਨ ਸਿੱਖਾਂ ਦੇ ਮਨਾਂ ’ਤੇ ਭਾਰੀ ਸੱਟ ਲੱਗੀ। ਉਨ੍ਹਾਂ ਅਨੁਸਾਰ ਚੌਧਰੀਆਂ ਨੇ ਇਹ ਬਹੁਤ ਮਾੜਾ ਕੰਮ ਕੀਤਾ ਜਿਸ ਨਾਲ ਲੋਕ-ਪਰਲੋਕ ਦੋਵੇਂ ਹੀ ਖਰਾਬ ਕਰ ਲਏ ਹਨ। ਇਨ੍ਹਾਂ ਸਿੰਘਾਂ ਨੇ ਮਾਤਾ ਭਾਗੋ ਜੀ ਨਾਲ ਸਲਾਹ ਕਰਕੇ ਮਾਝੇ ਦੇ ਚੌਧਰੀਆਂ ਦਾ ਸਾਥ ਛੱਡ ਦਿੱਤਾ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੰਘਾਂ ਨੇ ਫੈਸਲਾ ਕੀਤਾ ਕਿ ਇਸ ਸਮੇਂ ਗੁਰੂ ਜੀ ਦਾ ਸਾਥ ਛੱਡਣਾ ਚੰਗੀ ਗੱਲ ਨਹੀਂ ਹੈ। ਮਾਤਾ ਭਾਗੋ ਜੀ ਨੇ ਸਿੰਘਾਂ ਨੂੰ ਲਲਕਾਰ ਕੇ ਕਿਹਾ ਕਿ ਅੱਗੇ ਤਾਂ ਰੱਸਾ ਬੰਨ੍ਹ ਕੇ ਦੀਵਾਰ ਤੋਂ ਦੁਨੀ ਚੰਦ ਚਾਰ ਪੰਜ ਮਝੈਲ ਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਅਨੰਦਗੜ੍ਹ ਦੇ ਕਿਲ੍ਹੇ ਤੋਂ ਭੱਜ ਆਇਆ ਸੀ ਅਤੇ ਉਹ ਕਲੰਕ ਅਜੇ ਤਕ ਮਝੈਲ ਸਿੱਖਾਂ ’ਤੇ ਲੱਗਿਆ ਹੋਇਆ ਹੈ, ਅਜੇ ਉਹ ਭੁੱਲਿਆ ਵੀ ਨਹੀਂ ਕਿ ਤੁਸੀਂ ਆਹ ਨਵਾਂ ਲਿਖ ਦਿੱਤਾ ਹੈ, ਹੁਣ ਕਿਹੜਾ ਮੂੰਹ ਲੈ ਕੇ ਵਾਪਸ ਵਤਨਾਂ ਨੂੰ ਜਾਉਗੇ? ਚੰਗੀ ਗੱਲ ਹੈ ਕਿ ਅਸੀਂ ਸਾਰੇ ਆ ਰਹੀ ਫੌਜ ਦਾ ਮੁਕਾਬਲਾ ਕਰੀਏ ਤਾਂ ਕਿ ਮੁਗ਼ਲ ਫੌਜ ਗੁਰੂ ਜੀ ਤਕ ਨਾ ਅੱਪੜ ਸਕੇ। ਭਾਈ ਮਹਾਂ ਸਿੰਘ ਦੀ ਅਗਵਾਈ ਵਾਲਾ 40 ਸਿੰਘਾਂ ਦਾ ਜਥਾ ਗੁਰੂ ਜੀ ਜਿਸ ਰਾਹ ’ਤੇ ਗਏ ਸਨ, ਉਨ੍ਹਾਂ ਦੀਆਂ ਪੈੜਾਂ ਦੀ ਪਛਾਣ ਕਰਦਾ ਹੋਇਆ ਪਿੱਛੇ-ਪਿੱਛੇ ਚਲ ਪਿਆ।
ਗੁਰੂ ਜੀ ਨੇ ਖਿਦਰਾਣੇ ਪਹੁੰਚ ਕੇ ਪੱਛਮ ਵੱਲ ਉਤਾਰਾ ਕਰਕੇ ਵਜ਼ੀਰ ਖਾਨ ਦੀ ਫੌਜ ਦੀ ਉਡੀਕ ਕਰਨ ਲੱਗੇ। ਮਝੈਲ ਸਿੰਘਾਂ ਨੇ ਖਿਦਰਾਣੇ ਦੀ ਢਾਬ ਦੇ ਪੂਰਬ ਵਾਲੇ ਪਾਸੇ ਨੀਵੀਂ ਜਗ੍ਹਾ ’ਤੇ ਮੋਰਚੇ ਸੰਭਾਲ ਲਏ। ਸਿੰਘਾਂ ਨੇ ਆਪਣੀ ਗਿਣਤੀ ਵਧੇਰੇ ਦਿਖਾਉਣ ਦੀ ਮਨਸ਼ਾ ਨਾਲ ਝਾੜੀਆਂ ਬੂਟਿਆਂ ’ਤੇ ਬਸਤਰ ਪਾ ਦਿੱਤੇ, ਜੋ ਦੂਰੋਂ ਦੇਖਣ ਨੂੰ ਇੰਞ ਜਾਪਦੇ ਸਨ ਜਿਵੇਂ ਤੰਬੂ ਲੱਗੇ ਹੁੰਦੇ ਹਨ:-
ਤੁਰਕਨ ਖੜਕੋ ਕੰਨ ਪਯੋ, ਪਏ ਚੀਲ ਜਿਮ ਆਇ।
ਤੰਬੂਅਨ ਜਿਮ ਕਪੜੇ ਟੰਗੇ ਝਾੜਨ ਊਪਰ ਪਾਇ॥20॥ (ਭਾਈ ਰਤਨ ਸਿੰਘ, ਸ੍ਰੀ ਗੁਰ ਪੰਥ ਪ੍ਰਕਾਸ਼, ਪੰਨਾ 111)
ਨੇੜੇ ਪਹੁੰਚਣ ’ਤੇ ਇਸ ਜਥੇ ਦਾ ਟਾਕਰਾ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਵਜ਼ੀਰ ਖਾਨ ਦੀ ਫੌਜ ਨਾਲ ਹੋ ਗਿਆ ਆਪ ਦੀ ਮੁਗ਼ਲਾਂ ਨਾਲ ਗਹਿਗੱਚ ਲੜਾਈ ਹੋਈ। ਜਦੋਂ ਗੁਰੂ ਜੀ ਨੇ ਗੋਲੀਆਂ ਦੀਆਂ ਅਵਾਜ਼ਾਂ ਸੁਣੀਆਂ ਤਾਂ ਉਨ੍ਹਾਂ ਨੇ ਭਾਈ ਦਾਨ ਸਿੰਘ ਨੂੰ ਸਿੰਘਾਂ ਦੀ ਮਦਦ ਲਈ ਭੇਜਿਆ। ਮਲਵਈ ਸਿੰਘਾਂ ਦੇ ਪੁੱਜ ਜਾਣ ’ਤੇ ਮਝੈਲ ਸਿੰਘਾਂ ਦੇ ਹੌਸਲੇ ਹੋਰ ਵਧ ਗਏ। ਉਹ ਇਤਨੀ ਦਲੇਰੀ ਨਾਲ ਲੜੇ ਕਿ ਦੁਸ਼ਮਣ ਦਲ ਦੇ ਆਹੂ ਲਾਹ ਦਿੱਤੇ। ਖਿਦਰਾਣੇ ਦੀ ਬੰਜਰ ਧਰਤੀ ਯੋਧਿਆਂ ਦੇ ਲਹੂ ਨਾਲ ਸਿੰਜੀ ਗਈ। ਮਝੈਲਾਂ ਦੇ ਛੋਟੇ ਜਿਹੇ ਜਥੇ ਦੀ ਬਹਾਦਰੀ ਅੱਗੇ ਦੁਸ਼ਮਣ ਫੌਜਾਂ ਟਿਕ ਨਾ ਸਕੀਆਂ। ਦੂਜਾ, ਪਾਣੀ ਦੀ ਢਾਬ ’ਤੇ ਗੁਰੂ ਜੀ ਦਾ ਕਬਜ਼ਾ ਸੀ ਜਿਸ ਕਾਰਨ ਸ਼ਾਹੀ ਫੌਜ ਨੂੰ ਪੀਣ ਲਈ ਪਾਣੀ ਤਕ ਨਸੀਬ ਨਹੀਂ ਸੀ ਹੋ ਰਿਹਾ ਅਤੇ ਉਹ ਪਿਆਸ ਨਾਲ ਮਰ ਰਹੇ ਸਨ। ਗੁਰੂ ਸਾਹਿਬ ਨੇ ਟਿੱਬੀ ’ਤੇ ਬੈਠਿਆਂ ਨੇ ਤੀਰਾਂ ਦਾ ਅਜਿਹਾ ਹਮਲਾ ਕੀਤਾ ਕਿ ਦੁਸ਼ਮਣ ਫੌਜਾਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭਾ। ਇਸ ਲੜਾਈ ਵਿਚ ਮਾਤਾ ਭਾਗੋ ਜੀ ਨਾਲ ਆਏ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਭਾਈ ਮਹਾਂ ਸਿੰਘ ਤੇ ਮਾਤਾ ਭਾਗੋ ਜੀ ਜ਼ਖ਼ਮੀ ਹਾਲਤ ਵਿਚ ਸਨ। ਫੌਜ ਦੀ ਬੁਰੀ ਹਾਲਤ ਦੇਖ ਕੇ ਵਜ਼ੀਰ ਖਾਨ ਨੇ ਕਪੂਰੇ ਚੌਧਰੀ ਨੂੰ ਪੁੱਛਿਆ ਕਿ ਪਾਣੀ ਕਿੱਥੋਂ ਮਿਲ ਸਕਦਾ ਹੈ ਤਾਂ ਕਪੂਰੇ ਚੌਧਰੀ ਨੇ ਦੱਸਿਆ ਕਿ ਇਥੋਂ ਜੰਗਲ ਵਿਚ ਤਾਂ ਤੀਹ-ਤੀਹ ਕੋਹ ਪਾਣੀ ਨਹੀਂ ਮਿਲੇਗਾ। ਪਰੰਤੂ ਪਿੱਛੇ ਨੂੰ ਮੁੜੀਏ ਤਾਂ ਦਸ ਕੋਹ ’ਤੇ ਪਾਣੀ ਮਿਲ ਜਾਵੇਗਾ ਇਸ ਲਈ ਪਿੱਛੇ ਜਾਣਾ ਠੀਕ ਹੈ:-
ਖਾਨ ਵਜੀਦ ਕਪੂਰੇ ਤਾਂਈ।
ਬੂਝਯੋ ਪਾਨੀ ਦੱਸ ਕਿਥਾਈ।
ਹਮ ਤੋ ਮਰੇ ਪਿਆਸੇ ਅਬ ਹੀ।
ਕਹਯੋ ਕਪੂਰੇ ਹਮ ਤੁਮ ਸਬ ਹੀ।
ਹੋਯੋ ਜਬੈ ਦੁਪਹਿਰਾ ਦਿਨ ਹੈ।
ਤੜਫ ਗਿਰੈਂਗੇ ਪਾਨੀ ਬਿਨ ਹੈ।
ਸਿੰਘ ਸੁ ਖਲੇ ਸਬ ਨੂੰ ਮਾਰੈਂ।
ਬਚੈਂ ਨ ਖਬਰ ਪੁਚਾਵਨ ਹਾਰੈ।
ਪੀਛੇ ਦਸਕ ਕੋਸ ਹੈ ਪਾਨੀ।
ਆਗੇ ਥਲ ਜੰਗਲ ਵੈਰਾਨੀ।
ਤਾਂਤੇ ਜੇ ਚਹੁ ਜਾਨ ਬਚਾਵਨ।
ਤੌ ਭਲ ਹੈ ਪੀਛੇ ਹਟ ਜਾਵਨ। (ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਸਫੇ 309-310)
ਵਜ਼ੀਰ ਖਾਨ ਦੇ ਫੌਜਦਾਰ ਸ਼ਮਸ ਖਾਨ ਅਤੇ ਕਾਜ਼ੀ ਅਕਬਰ ਅਲੀ ਖਾਨ ਨੇ ਕਪੂਰੇ ਦੀ ਹਾਂ ਵਿਚ ਹਾਂ ਮਿਲਾਈ ਤਾਂ ਵਜ਼ੀਰ ਖਾਨ ਨੇ ਵਾਪਸ ਜਾਣ ਦਾ ਹੁਕਮ ਕਰ ਦਿੱਤਾ।
ਗੁਰੂ ਜੀ ਟਿੱਬੀ ਤੋਂ ਥੱਲੇ ਆਏ ਅਤੇ ਉਨ੍ਹਾਂ ਨੇ ਇਕ-ਇਕ ਸ਼ਹੀਦ ਸਿੰਘ ਨੂੰ ਉਠਾ ਕੇ ਛਾਤੀ ਨਾਲ ਲਾਇਆ ਅਤੇ ਉਨ੍ਹਾਂ ਦੀ ਬਹਾਦਰੀ ਦੀ ਕਦਰ ਕਰਦੇ ਹੋਏ ਉਨ੍ਹਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ ਅਤੇ ਵੀਹ ਹਜ਼ਾਰੀ ਜਰਨੈਲ ਆਦਿ ਦੇ ਖ਼ਿਤਾਬ ਦਿੱਤੇ। (ਉਸ ਵੇਲੇ ਮੁਗ਼ਲ ਰਾਜ ਵਿਚ ਇਹ ਖ਼ਿਤਾਬ ਪ੍ਰਚਲਤ ਸਨ। ਬਹੁਤ ਸਾਰੇ ਵੱਡੇ ਅਫਸਰਾਂ ਨੂੰ ਇਹ ‘ਪੰਜ ਹਜ਼ਾਰੀ’ ‘ਦਸ ਹਜ਼ਾਰੀ’ ਆਦਿ ਦੇ ਖ਼ਿਤਾਬ ਹੁੰਦੇ ਸਨ। ਸਮੇਂ ਅਤੇ ਸਰਦਾਰਾਂ ਦੇ ਬਦਲਣ ਨਾਲ ਇਹ ਵਡਿਆਈ ਦੇ ਸ਼ਬਦ ਖਿਤਾਬ ਵੀ ਬਦਲਦੇ ਰਹਿੰਦੇ ਹਨ। ਅੰਗ੍ਰੇਜ਼ ਸਰਕਾਰ ਸਮੇਂ ਸਭ ਤੋਂ ਵੱਡਾ ਫੌਜੀ ਖ਼ਿਤਾਬ ‘ਵਿਕਟੋਰੀਆ ਕਰਾਸ’ ਸੀ ਅਤੇ ਅੱਜਕਲ੍ਹ ‘ਪਰਮ ਵੀਰ ਚੱਕਰ’ ਹੈ।)
ਮਾਈ ਭਾਗੋ ਜੀ ਜੋ ਇਕ ਪਾਸੇ ਜ਼ਖ਼ਮੀ ਪਏ ਸਨ, ਉਨ੍ਹਾਂ ਨੂੰ ਗੁਰੂ ਜੀ ਨੇ ਸੰਭਾਲਿਆ ਅਤੇ ਭਾਈ ਮਹਾਂ ਸਿੰਘ ਜਿਸ ਦੇ ਅੰਤਿਮ ਸਵਾਸ ਚਲ ਰਹੇ ਸਨ। ਦਸਮੇਸ਼ ਜੀ ਨੇ ਆਪਣੇ ਰੁਮਾਲ ਨਾਲ ਭਾਈ ਮਹਾਂ ਸਿੰਘ ਜੀ ਦਾ ਮੁੱਖ ਸਾਫ ਕੀਤਾ ਅਤੇ ਜਲ ਛਕਾਇਆ। ਜਦ ਭਾਈ ਮਹਾਂ ਸਿੰਘ ਜੀ ਦੀ ਮੂਰਛਾ ਖੁੱਲ੍ਹੀ, ਤਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ, ਕੋਈ ਆਖਰੀ ਇੱਛਾ ਹੈ ਤਾਂ ਦੱਸੋ:-
ਸਤਿਗੁਰ ਕਹੀ ਸਿੱਖੋ ਮੰਗ ਲੇ ਹੌ,
ਮੈਂ ਤੁੱਠੋ ਮੰਗ ਲਿਹੋ ਸੁ ਦੇਹੋ।
ਤੌ ਉਨ ਅੱਗਯੋ ਗੱਲ ਸੁਨਾਈ,
ਹੋਹੁ ਤੁੱਠੇ ਲਿਹੁ ਟੁਟੀ ਗਠਵਾਈ॥39॥ (ਭਾਈ ਰਤਨ ਸਿੰਘ, ਸ੍ਰੀ ਗੁਰ ਪੰਥ ਪ੍ਰਕਾਸ਼, ਸਫਾ 113)
ਭਾਈ ਮਹਾਂ ਸਿੰਘ ਨੇ ਅਰਜ਼ ਕੀਤੀ ਕਿ ਜੇ ਤੁੱਠੇ ਹੋ, ਤਾਂ ਸੰਗਤ ਦਾ ਬੇਦਾਵਾ ਪਾੜ ਕੇ ਟੁੱਟੀ ਗੰਢੋ, ਹੋਰ ਕੋਈ ਇੱਛਾ ਨਹੀਂ। ਸਤਿਗੁਰ ਸਦਾ ਬਖਸ਼ਿੰਦ ਹਨ। ਗੁਰਬਾਣੀ ਦਾ ਫ਼ਰਮਾਨ ਹੈ:
ਸੁਤੁ ਅਪਰਾਧ ਕਰਤ ਹੈ ਜੇਤੇ॥
ਜਨਨੀ ਚੀਤਿ ਨਾ ਰਾਖਸਿ ਤੇਤੇ॥ (ਪੰਨਾ 478)
ਭਾਈ ਮਹਾਂ ਸਿੰਘ ਨੇ ਕਿਹਾ, “ਮਹਾਰਾਜ, ਸਿੱਖ ਆਪ ਜੀ ਦੇ ਪੁੱਤਰ ਹਨ ਤੇ ਆਪ ਜੀ ਅਪਰਾਧੀਆਂ ਨੂੰ ਬਖਸ਼ਣਯੋਗ ਹੋ:
ਟੂਟੀ ਗਾਢਨਹਾਰ ਗੋੁਪਾਲ॥
ਸਰਬ ਜੀਆ ਆਪੇ ਪ੍ਰਤਿਪਾਲ॥” (ਪੰਨਾ 282)
ਗੁਰੂ ਸਾਹਿਬ ਨੇ ਧੰਨ ਸਿੱਖ, ਧੰਨ ਸਿੱਖੀ ਕਹਿੰਦੇ ਹੋਏ ਬੇਦਾਵਾ ਭਾਈ ਮਹਾਂ ਸਿੰਘ ਨੂੰ ਦਿਖਾ ਕੇ ਚਾਕ ਕਰ ਦਿੱਤਾ। ਭਾਈ ਮਹਾਂ ਸਿੰਘ ਜੀ ਆਪਣੀ ਅਤੇ ਭੁੱਲ ਕਰਨ ਵਾਲੇ ਆਪਣੇ ਜਥੇ ਦੇ ਸਿੰਘਾਂ ਦੀ ਭੁੱਲ ਬਖਸ਼ਵਾ ਕੇ, ਪੂਰੀ ਤਰ੍ਹਾਂ ਬੋਝ-ਮੁਕਤ ਮਹਿਸੂਸਦੇ ਹੋਏ ਮਨ ਨਾਲ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਸਿਧਾਰ ਗਏ। ਗੁਰੂ ਸਾਹਿਬ ਨੇ ਭਾਈ ਦਾਨ ਸਿੰਘ ਨੂੰ ਖਿਦਰਾਣੇ ਪਿੰਡ ਤੋਂ ਘੀ, ਮੈਦਾ ਤੇ ਖੰਡ ਲਿਆਉਣ ਲਈ ਭੇਜਿਆ ਤਾਂ ਕਿ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਜਾ ਸਕੇ। ਕਲਗੀਧਰ ਪਿਤਾ ਨੇ ਆਪਣੇ ਹੱਥੀਂ ਸਾਰੇ ਮੁਕਤੇ ਸਿੰਘਾਂ ਦਾ ਸਸਕਾਰ ਕੀਤਾ। ਜਿਸ ਵੇਲੇ ਅੰਗੀਠਾ ਜਲ ਰਿਹਾ ਸੀ ਤਾਂ ਗੁਰੂ ਜੀ ਨੇ ਹੁਕਮ ਕੀਤਾ, “ਏਹ ਮੁਕਤ ਹੋਏ” ਇਹ ਤਾਲ ਹੁਣ ਖਿਦਰਾਣਾ ਨਹੀਂ ‘ਮੁਕਤਸਰ’ ਹੈ। ਇਨ੍ਹਾਂ ਮੁਕਤਿਆਂ ਦੀ ਯਾਦਗਾਰ ਰਹੇਗੀ, ‘ਸ਼ਹੀਦ ਗੰਜ’ ਰਹੇਗਾ। ਗੁਰੂ ਜੀ ਨੇ ਫੁਰਮਾਇਆ:
ਅਬਿ ਤੇ ਨਾਮ ਮੁਕਤਿਸਰ ਹੋਇ।
ਖਿਦਰਾਣਾ ਇਸ ਕਹੈ ਨ ਕੋਇ।
ਇਸ ਥਲ ਮੁਕਤਿ ਭਏ ਸਿਖ ਚਾਲੀ।
ਜੋ ਨਿਸ਼ਪਾਪ ਘਾਲ ਬਹੁ ਘਾਲੀ॥46॥
ਯਾਂ ਤੇ ਨਾਮ ਮੁਕਤਿਸਰ ਹੋਵਾ।
ਜੋ ਮੱਜਹਿਂ ਤਿਨ ਹੀ ਅਘ ਖੋਵਾ।
ਅਸ ਮਹਿਮਾ ਸ਼੍ਰੀ ਮੁਖ ਤੇ ਕਹੀ।
ਸੋ ਅਬਿ ਪ੍ਰਗਟ ਜਗਤ ਮੈਂ ਸਹੀ॥47॥ (ਗੁਰ ਪ੍ਰਤਾਪ ਸੂਰਜ ਗ੍ਰੰਥ, ਸਫਾ 6044)
ਖਿਦਰਾਣੇ ਦੀ ਢਾਬ ਨੂੰ ਅੱਜਕਲ੍ਹ ‘ਸ੍ਰੀ ਮੁਕਤਸਰ ਸਾਹਿਬ’ ਕਿਹਾ ਜਾਂਦਾ ਹੈ। ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ‘ਸ਼ਹੀਦ ਗੰਜ, ਮੁਕਤਸਰ ਸਾਹਿਬ’ ਵਿਖੇ ਸਰੋਵਰ ਦੇ ਕਿਨਾਰੇ ਸੁਸ਼ੋਭਿਤ ਹੈ। ਗੁਰੂ ਜੀ ਨੇ ਇਨ੍ਹਾਂ 40 ਸਿੰਘਾਂ ਨੂੰ ਮੁਕਤਿਆਂ ਦੀ ਪਦਵੀ ਦਿੱਤੀ। ਇਹ ਸਭ ਕੁਝ ਮਾਤਾ ਭਾਗੋ ਜੀ ਕਾਰਨ ਹੀ ਸੰਭਵ ਹੋ ਸਕਿਆ। ਮੁਕਤਸਰ ਸਾਹਿਬ ਵਿਖੇ ਮਾਤਾ ਭਾਗੋ ਜੀ ਦੀ ਬਹਾਦਰੀ ਭਰੇ ਕਾਰਨਾਮੇ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਨੇ ਮਾਤਾ ਭਾਗੋ ਜੀ ਦੀ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਬਾਅਦ ਵਿਚ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਇਨ੍ਹਾਂ ਦਾ ਨਾਂ ‘ਭਾਗ ਕੌਰ’ ਰੱਖਿਆ। ਮੁਕਤਸਰ ਸਾਹਿਬ ਸਰੋਵਰ ਦੇ ਕੰਢੇ ਉੱਪਰ 40 ਮੁਕਤਿਆਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।(ਇਸ ਪਵਿੱਤਰ ਸਥਾਨ ਦੀ ਉਸਾਰੀ ਪਹਿਲੇ-ਪਹਿਲ ਭਾਈ ਦੇਸੂ ਸਿੰਘ ਤੇ ਭਾਈ ਲਾਲ ਸਿੰਘ ਕੈਥਲ ਵਾਲਿਆਂ ਨੇ ਕਰਵਾਈ ਸੀ। ਸਰਦਾਰ ਹਰੀ ਸਿੰਘ ਨਲਵੇ ਨੇ ਕਾਫੀ ਧਨ ਖਰਚ ਕੇ ਇਸ ਦੀ ਉਸਾਰੀ ਦਾ ਕੰਮ ਸਿਰੇ ਚਾੜ੍ਹਿਆ। ਉਸ ਸਮੇਂ ਕਈ ਪਿੰਡਾਂ ਦੀ ਜਾਗੀਰ ਇਸ ਸਥਾਨ ਦੀ ਸੇਵਾ-ਸੰਭਾਲ ਲਈ ਇਸ ਦੇ ਨਾਂ ਲੱਗੀ ਹੋਈ ਸੀ। ਸੰਨ 1921 ਈ: ਵਿਚ ਕਾਰ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ ਨੇ ਤੇ ਬਾਬਾ ਸਾਧੂ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਗੁੰਬਦਾਂ ’ਤੇ ਸੰਗਮਰਮਰ ਲਗਵਾਇਆ।)
ਜਿਸ ਸਥਾਨ ’ਤੇ 40 ਸਿੰਘਾਂ ਨੇ ਤੁਰਕਾਂ ਨਾਲ ਜੰਗ ਕਰਨ ਤੋਂ ਪਹਿਲਾ ਉਨ੍ਹਾਂ ਦੀ ਫੌਜ ਆਉਂਦੀ ਦੇਖ ਕੇ ਝਾੜਾਂ ਤੇ ਕਰੀਰਾਂ ਦੇ ਝੁੰਡਾਂ ਉੱਤੇ ਕੱਪੜੇ ਤਾਣ ਕੇ ਦੁਸ਼ਮਣ ਨੂੰ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ, ਉਸ ਸਥਾਨ ’ਤੇ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਜਿਸ ਟਿੱਬੇ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਸੈਨਾ ਉੱਤੇ ਤੀਰਾਂ ਦੀ ਵਰਖਾ ਕਰਦੇ ਰਹੇ, ਉਸ ਸਥਾਨ ’ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।(ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸਭ ਤੋਂ ਪਹਿਲਾਂ ਚਾਰ ਸੌ ਰੁਪਏ ਖਰਚ ਕੇ ਮੁਕਤਸਰ ਸਾਹਿਬ ਦੇ ਪਾਠੀ ਸਿੰਘਾਂ ਨੇ ਕਰਵਾਈ ਸੀ। ਸੰਨ 1943 ਈ: ਵਿਚ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੋਢੀ ਸਾਹਿਬ ਨੇ ਲੱਗਭਗ ਦਸ ਹਜ਼ਾਰ ਰੁਪਏ ਖਰਚ ਕਰਕੇ ਸੇਵਾ ਕੀਤੀ। ਇਹ ਬਹੁਤ ਪੁਰਾਤਨ ਸਥਾਨ ਹੈ ਸੰਨ 1953 ਈ: ਸਰਦਾਰ ਬਘੇਲ ਸਿੰਘ ਜੀ ਨੇ ਸਿੱਖ ਸੰਗਤ ਤੋਂ ਲੱਗਭਗ ਦੋ ਲੱਖ ਰੁਪਏ ਉਗਰਾਹ ਕੇ ਅਤਿ-ਸੁੰਦਰ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ, ਜਿਸ ਵਿਚ ਸੌ ਫੁੱਟ ਨਿਸ਼ਾਨ ਸਾਹਿਬ ਸਥਾਪਤ ਕੀਤਾ। ਇਹ ਅਸਥਾਨ ਮੁਕਤਸਰ ਸਾਹਿਬ ਤੋਂ ਡੇਢ ਮੀਲ ਲਹਿੰਦੇ ਵਾਲੇ ਪਾਸੇ ਹੈ।)
ਮਾਤਾ ਭਾਗੋ ਜੀ ਇਸ ਜੰਗ ਤੋਂ ਬਾਅਦ ਹਮੇਸ਼ਾਂ ਗੁਰੂ ਜੀ ਦੇ ਜਥੇ ਨਾਲ ਹੀ ਰਹੇ ਅਤੇ ਹਮੇਸ਼ਾਂ ਹੀ ਮਰਦਾਂ ਵਾਂਗ ਭੇਸ ਧਾਰ ਕੇ ਰਹਿੰਦੇ ਸਨ। ਜਦੋਂ ਗੁਰੂ ਜੀ ਨਾਂਦੇੜ ਵਿਖੇ ਗਏ ਤਾਂ ਮਾਤਾ ਭਾਗੋ ਜੀ ਉਨ੍ਹਾਂ ਦੇ ਨਾਲ ਹੀ ਸਨ। ਤਖ਼ਤ ਸੱਚਖੰਡ ਸ੍ਰੀ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਕੰਪਲੈਕਸ ਦੀ ਪੂਰਬੀ ਬਾਹੀ ਵਾਲੇ ਪਾਸੇ ਗੁਰਦੁਆਰਾ ਮਾਈ ਭਾਗੋ ਜੀ ਸੁਸ਼ੋਭਿਤ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦੇ ਅੰਗੀਠੇ ਬਣੇ ਹੋਏ ਹਨ। ਇਹ ਦੋਵੇਂ ਪਿਆਰੇ ਵੀ ਗੁਰੂ ਸਾਹਿਬ ਜੀ ਦੇ ਨਾਲ ਹੀ ਨਾਂਦੇੜ ਆ ਗਏ ਸਨ। ਇਥੇ ਮਾਤਾ ਭਾਗੋ ਜੀ ਭਜਨ-ਬੰਦਗੀ ਕਰਿਆ ਕਰਦੇ ਸਨ। ਇਸ ਲਈ ਮਾਤਾ ਜੀ ਦੀ ਯਾਦ ਵਿਚ ਇਥੇ ਤਪ-ਅਸਥਾਨ ਬਣਿਆ ਹੋਇਆ ਹੈ। ਇਸ ਤਪ-ਅਸਥਾਨ ਦੇ ਅੰਦਰ ਮਾਤਾ ਭਾਗੋ ਜੀ ਦੇ ਹਥਿਆਰ, ਬੰਦੂਕ ਆਦਿ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਹ ਬੰਦੂਕ ਸਧਾਰਨ ਨਾਲੋਂ ਕਾਫ਼ੀ ਵੱਡੀ ਅਤੇ ਭਾਰੀ ਹੈ।
ਗੁਰੂ ਜੀ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਮਾਤਾ ਭਾਗੋ ਜੀ ਨਾਂਦੇੜ ਨੂੰ ਛੱਡ ਕੇ ਬਿਦਰ ਵੱਲ ਚਲੇ ਗਏ। ਇਥੇ ਇਹ ਸਿੱਖ ਧਰਮ ਦਾ ਪ੍ਰਚਾਰ ਬੜੀ ਸਰਗਰਮੀ ਨਾਲ ਕਰਦੇ ਰਹੇ। ਇਥੇ ਹੀ ਉਨ੍ਹਾਂ ਨੇ ਹਜ਼ੂਰ ਸਾਹਿਬ ਦੇ ਪਾਸ ਸਥਿਤ ਪਿੰਡ ਜਿੰਦਵਾੜਾ ਵਿਖੇ ਸਰੀਰ ਤਿਆਗ ਦਿੱਤਾ। ਇਸ ਸਥਾਨ ’ਤੇ ਮਾਤਾ ਭਾਗੋ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਸਹਾਇਕ ਪੁਸਤਕਾਂ:
1. ਭਾਈ ਕਾਨ੍ਹ ਸਿੰਘ ਨਾਭਾ, ‘ਮਹਾਨ ਕੋਸ਼’।
2. ਭਾਸ਼ਾ ਵਿਭਾਗ, ‘ਪੰਜਾਬ ਕੋਸ਼’।
3. ਭਾਈ ਸੰਤੋਖ ਸਿੰਘ, ‘ਗੁਰਪ੍ਰਤਾਪ ਸੂਰਜ ਗ੍ਰੰਥ’।
4. ਭਾਈ ਰਤਨ ਸਿੰਘ ਭੰਗੂ, ‘ਸ੍ਰੀ ਗੁਰ ਪੰਥ ਪ੍ਰਕਾਸ਼’।
5. ਗਿਆਨੀ ਗਿਆਨ ਸਿੰਘ, ‘ਪੰਥ ਪ੍ਰਕਾਸ਼’।
6. ਗਿਆਨੀ ਸੋਹਣ ਸਿੰਘ ਸੀਤਲ, ‘ਮਨੁੱਖਤਾ ਦੇ ਗੁਰੂ : ਗੁਰੂ ਗੋਬਿੰਦ ਸਿੰਘ ਜੀ’।
7. ਸ. ਹੁਸ਼ਿਆਰ ਸਿੰਘ ਦੁਲੇਹ, ‘ਜੱਟਾਂ ਦੇ ਗੋਤਾਂ ਦਾ ਇਤਿਹਾਸ’।
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009