editor@sikharchives.org

ਨਾਮਵਰ ਸਾਹਿਤਕਾਰ ਤੇ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ

ਗਿਆਨੀ ਸੋਹਣ ਸਿੰਘ ਸੀਤਲ ਨੇ ਸਾਹਿਤ ਦੀਆਂ ਲੱਗਭਗ ਸਾਰੀਆਂ ਕਲਾਵਾਂ ਵਿਚ ਸਫ਼ਲਤਾ-ਪੂਰਵਕ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਨੂੰ ਪਾਠਕਾਂ, ਸਰੋਤਿਆਂ ਅਤੇ ਸਰਕਾਰੇ-ਦਰਬਾਰੇ ਬਣਦਾ ਮਾਨ-ਸਨਮਾਨ ਵੀ ਖੁੱਲ੍ਹਾ-ਡੁੱਲ੍ਹਾ ਮਿਲਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਆਧੁਨਿਕ ਯੁੱਗ ਦੇ ਪੰਥ-ਪ੍ਰਵਾਨਿਤ ਵਿਦਵਾਨ ਅਤੇ ਸਿੱਖ-ਸੰਸਾਰ ਵਿਚ ਵੱਡਾ ਨਾਮਣਾ ਖੱਟ ਚੁੱਕੇ ਗਿਆਨੀ ਸੋਹਣ ਸਿੰਘ ਜੀ ਸੀਤਲ ਹੁਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ 1979 ਈ. ’ਚ ‘ਸ਼੍ਰੋਮਣੀ ਢਾਡੀ’ ਵਜੋਂ ਨਿਵਾਜਿਆ ਗਿਆ। ‘ਸੀਤਲ ਜੀ’ ਦੀਆਂ ਸਾਹਿਤਕ ਤੇ ਸਿੱਖ-ਇਤਿਹਾਸਿਕ ਪ੍ਰਸੰਗਾਂ ਨਾਲ ਜੁੜੀਆਂ ਸਮੁੱਚੀਆਂ ਰਚਨਾਵਾਂ ਵਿਚ ਸੁਧਾਰਕ ਤੇ ਪ੍ਰਗਤੀਸ਼ੀਲ ਅੰਸ਼ਾਂ ਦਾ ਨਿਰੰਤਰ ਅਤੇ ਵੇਗਵਾਨ ਯਥਾਰਥਵਾਦੀ-ਮਿਸ਼ਰਣ ਸਪਸ਼ਟ ਵੇਖਿਆ ਜਾ ਸਕਦਾ ਹੈ, ਪਰ ਢਾਡੀ ਕਾਵਿ-ਕਲਾ ਦੇ ਖੇਤਰ ਵਿਚ ਉਸ ਦੀ ਵਿਸ਼ੇਸ਼ ਤੇ ਨਿਵੇਕਲੀ ਮਹੱਤਵਪੂਰਨ ਸਥਾਪਨਾ ਹੋ ਚੁੱਕੀ ਹੈ, ਉਸ ਦੀ ਉੱਘੜਵੀਂ ਤੇ ਸੁਨਿਸ਼ਚਿਤ ਪਛਾਣ ਬਣ ਚੁੱਕੀ ਹੈ। ਇਸ ਵਰ੍ਹੇ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਉਂਦਿਆਂ ਅਸੀਂ ਉਨ੍ਹਾਂ ਦੇ ਗੁਰਸਿੱਖੀ-ਜੀਵਨ ਅਤੇ ਵਡਮੁੱਲੀਆਂ ਰਚਨਾਵਾਂ ਬਾਰੇ ਸੰਖੇਪ ਵਿਚਾਰ-ਸਾਂਝਾਂ ਦੀਆਂ ਖੁਸ਼ੀਆਂ ਮਾਣਾਂਗੇ।

ਗਿਆਨੀ ਸੋਹਣ ਸਿੰਘ ਸੀਤਲ ਨੇ ਸਾਹਿਤ ਦੀਆਂ ਲੱਗਭਗ ਸਾਰੀਆਂ ਕਲਾਵਾਂ ਵਿਚ ਸਫ਼ਲਤਾ-ਪੂਰਵਕ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਨੂੰ ਪਾਠਕਾਂ, ਸਰੋਤਿਆਂ ਅਤੇ ਸਰਕਾਰੇ-ਦਰਬਾਰੇ ਬਣਦਾ ਮਾਨ-ਸਨਮਾਨ ਵੀ ਖੁੱਲ੍ਹਾ-ਡੁੱਲ੍ਹਾ ਮਿਲਿਆ ਹੈ, ਪਰ ਸਿੱਖ ਸੰਗਤਾਂ ਵਿਚ ਉਹ ਸਿਰਮੌਰ ਤੇ ਹਰਮਨ-ਪਿਆਰੇ ਢਾਡੀ ਵਜੋਂ ਹੀ ਜਾਣੇ ਜਾਂਦੇ ਹਨ। ਇਸ ਕਰਕੇ ਅਸੀਂ ਉਨ੍ਹਾਂ ਬਾਰੇ ਕੁਝ ਕਹਿਣ ਤੋਂ ਪਹਿਲਾਂ ਬੀਰ-ਰਸੀ ਢਾਡੀ ਵਾਰਾਂ ਦੇ ਮੁਢਲੇ ਪਿਛੋਕੜ ਸਬੰਧੀ ਸੰਖੇਪ ਜਾਣਕਾਰੀ ਪੇਸ਼ ਕਰਨਾ ਚਾਹਾਂਗੇ, ਤਾਂ ਜੋ ਪਤਾ ਲੱਗੇ ਕਿ ਸਿੱਖ ਕੌਮੀ ਵਿਰਾਸਤ ਵਿਚ ਵਾਰਾਂ ਤੇ ਢਾਡੀਆਂ ਦਾ ਸਥਾਨ ਕਿੰਨਾ ਮਹੱਤਵਪੂਰਨ ਹੈ।

1. ਬੀਰ-ਰਸੀ ਵਾਰਾਂ:-

ਪੂਰਵ ਇਤਿਹਾਸਕ ਕਾਲ ਵਿਚ ਜਦੋਂ ਮਨੁੱਖੀ ਵਿਕਾਸ ਦੀ ਪ੍ਰਕਿਰਿਆ ਅਰੰਭ ਹੋਈ ਸੀ ਤਾਂ ਟਕਰਾਓ, ਲੜਨਾ-ਭਿੜਨਾ, ਮਾਰਨਾ ਜਾਂ ਮਰ ਜਾਣਾ ਇਕ ਸੁਭਾਵਕ ਪ੍ਰਕ੍ਰਿਤਿਕ ਵਰਤਾਰਾ ਸੀ। ਮਨੁੱਖਤਾ ਦੇ ਇਤਿਹਾਸ ਵਿਚ ਲੱਗਭਗ ਪੰਜ ਹਜ਼ਾਰ ਵਰ੍ਹਿਆਂ ਤੋਂ ਪਹਿਲੋਂ ਸ਼ੁਰੂ ਹੋਏ ਜੰਗਾਂ-ਯੁੱਧਾਂ ਨੂੰ ਜ਼ਰ, ਜ਼ੋਰੂ ਤੇ ਜ਼ਮੀਨ ’ਪਰ ਕਾਬਜ਼ ਹੋਣ ਦੀ ਦੌੜ ਹੀ ਆਖਿਆ ਜਾ ਸਕਦਾ ਹੈ। ਇਹ ਜੰਗ-ਜੂ ਬਹਾਦਰਾਂ ਦੀ ਵਡਿਆਈ ਦੀ ਸਥਾਪਤੀ ਦਾ ਦੌਰ ਸੀ। ਸੱਚ-ਹੱਕ ਨਿਆਂ ਦੀ ਖਾਤਿਰ ਲੜੀਆਂ ਗਈਆਂ ਜੰਗਾਂ ਨੂੰ ਧਰਮ-ਯੁੱਧ ਕਹਿਆ ਜਾਂਦਾ ਸੀ, ਜਿਵੇਂ ਕਿ ਰਮਾਇਣ-ਮਹਾਂਭਾਰਤ ਨਾਲ ਸਬੰਧਿਤ ਕਥਾ-ਕਹਾਣੀਆਂ-ਜੇਤੂਆਂ ਦੀ ਮਹਿਮਾ ਦੀਆਂ ਬੀਰ-ਰਸੀ ਕਾਵਿ ਰਚਨਾਵਾਂ, ਪਉੜੀਆਂ ਜਾਂ ਵਾਰਾਂ ਗਾਉਣ ਦੀ ਸ਼ੁਰੂਆਤ ਹੋਈ ਜੋ ਸਾਡੇ ਨੇੜਲੇ ਪਿਛੋਕੜ ਤਕ ਤੁਰੀ ਆਉਂਦੀ ਹੈ। ਢਾਡੀਆਂ ਵੱਲੋਂ ਸਾਰੰਗੀ ਦੀਆਂ, ਸੁਰ ’ਚ ਕੱਸੀਆਂ ਤਾਰਾਂ ਉਪਰ ਪੈਲਾਂ ਪਾਉਂਦਾ ਗਜ਼ ਤੇ ਢੱਡਾਂ ’ਪਰ ਪੈਂਦੀਆਂ ਥਾਪਾਂ ਦਾ ਜੋਸ਼ੀਲਾ ਸਰੂਰ ਰਾਜਸਥਾਨ ਤੇ ਪੰਜਾਬ ਦੇ ਮਰਜੀਵੜਿਆਂ ਨੂੰ ਸਦੀਆਂ ਤਕ, ਮੌਤ ਨੂੰ ਮਖੌਲਾਂ ਕਰਨ ਵੱਲ ਉਤੇਜਿਤ ਕਰਦਾ ਰਿਹਾ ਹੈ।

ਪੰਜਾਬੀ ਸਾਹਿਤ ਵਿਚ ਜੰਗਨਾਮਾ ਅਥਵਾ ਵਾਰ ਇੱਕੋ ਹੀ ਅਰਥ ਰੱਖਦੇ ਹਨ। ‘ਵਾਰ’ ਅੱਖਰ ਦਾ ਮੁੱਢ ਸੰਸਕ੍ਰਿਤ ਦੀ ‘ਵ੍ਰਿ’ ਧਾਤੂ ਤੋਂ ਬਣਿਆ ਹੈ, ਵਾਰੀ ਜਾਂ ਵੈਰੀ, ਅਰਥਾਤ ਵਾਰ ਕਰਨ ਵਾਲਾ ਜਾਂ ਰੋਕਣ ਵਾਲਾ। ਜੰਗ-ਯੁੱਧ ਇਕੱਲੇ-ਦੁਕੱਲੇ ਦਾ ਕੰਮ ਨਹੀਂ, ਇਸ ਕਾਰਜ ਲਈ ਲੋਕਾਂ ਨੂੰ ਇਕੱਠਿਆਂ ਕੀਤਾ ਜਾਂਦਾ ਸੀ। ਇਨ੍ਹਾਂ ਨੂੰ ਵਹੀਰ, ਵਾਹਰੀ ਜਾਂ ਵਾਹਰੂ ਆਖਿਆ ਗਿਆ। ਪੁਰਾਤਨ ਸਮੇਂ ਵਿਚ ਜਦੋਂ ਕੋਈ ਬਲਵਾਨ ਤੇ ਸਮਰੱਥ ਬੰਦਾ ਆਪਣੀ ਨਿੱਜੀ, ਭੈਣ-ਭਰਾਵਾਂ, ਕੁਨਬੇ-ਕਬੀਲੇ, ਪਿੰਡ ਜਾਂ ਇਲਾਕੇ ਨਾਲ ਜੁੜੀ ਕਿਸੇ ਪਿਛਲੀ ਕਿੜ, ਕਰੜੀ-ਕਸੂਤੀ ਸਥਿਤੀ ਜਾਂ ਹੋ ਚੁੱਕੀ ਬੇ-ਇਜ਼ਤੀ ਨੂੰ ਉਲਟਾਉਣ, ਬਦਲਣ ਜਾਂ ਬਦਲਾ ਲੈਣ ਖਾਤਿਰ ਤਿਆਰ ਹੁੰਦਾ ਤਾਂ ਸੰਗੀਆਂ-ਸਾਥੀਆਂ, ਭਾਈਆਂ, ਨਾਤੀਆਂ, ਗੋਤੀਆਂ, ਪੱਖੀਆਂ ਤੇ ਹਿਮਾਇਤੀਆਂ ਦੀ ਵਾਹਰ ਬਣਾ ਕੇ ਰਣ- ਤੱਤੇ ਵਿਚ ਡਾਂਗਾਂ-ਸੋਟੇ, ਤੇਗ-ਤਲਵਾਰ, ਭਾਲੇ ਬਰਛੇ, ਗਦਾ, ਢਾਲ ਆਦਿ ਲੈ ਕੇ, ਪੈਦਲ ਜਾਂ ਘੋੜਿਆਂ ਨਾਲ ਨਿੱਤਰਦਾ, ਲਲਕਾਰੇ ਮਾਰਦਾ, ਵਿਰੋਧੀਆਂ ਨੂੰ ਸੱਟਾਂ-ਫੱਟਾਂ ਨਾਲ ਲਿਤਾੜਦਾ, ਛਾਲਾਂ ਮਾਰਦਾ ਬਹਾਦਰੀ ਨਾਲ ਅੱਗੇ ਵਧੀ ਜਾਂਦਾ, ਵੈਰੀ-ਵਹੀਰ ਨੂੰ ਚੀਰਦਾ ਜਾਂਦਾ, ਫਤਹਿ ਪਾਉਂਦਿਆਂ ਜੈਕਾਰਿਆਂ ਤੇ ਢੋਲ-ਢਮੱਕਿਆਂ ਨਾਲ ਘਰੇ ਮੁੜਦਾ ਸੀ ਜਾਂ ‘ਮਰਣੁ ਮੁਣਸਾ ਸੂਰਿਆ ਹਕੁ ਹੈ’ ਅਨੁਸਾਰ ਆਪਣੀ ਅਣਖ-ਆਬਰੂ ਤੇ ਆਨ-ਸ਼ਾਨ ਖਾਤਿਰ ਮਰ ਮਿਟਦਾ, ਸ਼ਹੀਦ ਹੋ ਜਾਂਦਾ ਸੀ। ਮਗਰੋਂ ਐਸੇ ਸੂਰਮੇ ਦੇ ਪੱਖੀ ਭੱਟ-ਬ੍ਰਾਹਮਣ, ਡੂੰਮ-ਮਰਾਸੀ, ਭਰਾਈ, ਝੀਵਰ, ਆਦਿ ਲੋਕ-ਕਵੀ ਹੋ ਚੁੱਕੇ ਜੰਗ-ਯੁੱਧ ਦੀ ਕਵਿਤਾ ਬਣਾ ਕੇ ਆਪਣੇ ਜਜਮਾਨਾਂ ਨੂੰ ਉਨ੍ਹਾਂ ਦੀਆਂ ਵੱਡੀਆਂ ਹਵੇਲੀਆਂ, ਰਿਹਾਇਸ਼ਗਾਹਾਂ ਜਾਂ ਕਿਲ੍ਹਿਆਂ ਦੇ ਦਰਵਾਜੇ (ਵਾਰ ਜਾਂ ਬਾਰ) ਅੱਗੇ ਖਲੋ ਕੇ ਸੁਣਾਉਂਦੇ ਸਨ। ਇਨ੍ਹਾਂ ਬੀਰ-ਰਸੀ ਕਵਿਤਾਵਾਂ ਵਿਚ ਕਿਉਂਕਿ ਵੈਰੀਆਂ, ਵਾਰੀਆਂ, ਵਾਹਰੀਆਂ ਜਾਂ ਵਾਹਰੂਆਂ ਵੱਲੋਂ ‘ਵਾਰ ਕਰਨ’ ਜਾਂ ‘ਵਾਰ ਰੋਕਣ’ ਨੂੰ ਮੁੜ-ਮੁੜ (ਵਾਰ-ਵਾਰ) ਦੁਹਰਾਉਣ, ਵਡਿਆਉਣ ਨੂੰ ਭਖਵੇਂ ਅੰਦਾਜ਼ ਵਿਚ ਉਭਾਰਿਆ ਜਾਂਦਾ ਸੀ-ਬਈ ਕਿਵੇਂ ਵਹੀਰ ਇਕੱਠੇ ਹੋਏ, ਆਗੂ ਵੱਲੋਂ ਮੂਹਰੇ ਹੋ ਕੇ ਸੁੱਤੀਆਂ-ਕਲਾਂ ਜਗਾਈਆਂ ਗਈਆਂ, ਜੂਝ ਮਰੇ ਪੁਰਖਿਆਂ ਦੇ ਪਿਛਲੇ ਕਾਰਨਾਮਿਆਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ, ਅਣਖਾਂ ਦੇ ਹਲੂਣੇ, ਤਕੜਾਈਆਂ ਦੇ ਤਰਕ, ਜਿੱਤਾਂ-ਹਾਰਾਂ ਦੇ ਫਰਕ, ਮਿੱਟੀ ਦਾ ਮੋਹ ਤੇ ਖੁੱਸੇ ਹੱਕਾਂ ਨੂੰ ਹਿੱਕ ਦੇ ਜ਼ੋਰਾਂ ਨਾਲ ਵਾਪਿਸ ਖੋਹ ਲੈਣਾ, ਪਿਉ-ਦਾਦਿਆਂ ਦੀਆਂ ਬਾਤਾਂ, ਗਾਲ੍ਹਾਂ ਤੇ ਮਰਜੀਵੜਿਆਂ ਦੀਆਂ ਸਹੁੰਆਂ ਪਾ ਕੇ ਲਲਕਾਰਿਆਂ ਤੇ ਜੈਕਾਰਿਆਂ ਦੇ ਅਲੰਕਾਰਾਂ ਨਾਲ ਬੰਨ੍ਹੇ-ਗੁੰਦੇ ਬ੍ਰਿਤਾਂਤ ਗਾਉਂਣੇ, ਬਾਹਾਂ ਉਲਾਰਦਿਆਂ, ਮਾਰੂ ਸੋਹਲਿਆਂ ਦੀ ਤਿੱਖੀ-ਚੁਭਵੀਂ ਕਲਾਤਮਿਕ-ਸ਼ੈਲੀ ਦੁਆਰਾ ਸ੍ਰੋਤਿਆਂ ਦੇ ਖੂਨ ਨੂੰ ਖਉਲਣ ਦੀ ਹੱਦ ਤਕ ਗਰਮਾਉਣ ਦੀਆਂ ਕਰਾਮਾਤਾਂ ਵਰਗੇ ਕਾਵਿ-ਛੰਦਾਂ ਦੇ ਕਾਰਨ ਐਸੀਆਂ ਰਚਨਾਵਾਂ ਦਾ ਨਾਂ ਹੀ ਵਾਰ ਪੈ ਗਿਆ, ਜੋ ਅਜੋਕੇ ਸਮੇਂ ਤਕ ਚੱਲਿਆ ਆਉਂਦਾ ਹੈ।

ਭਾਸ਼ਾ ਵਿਗਿਆਨ ਦੇ ਸੰਦਰਭ ਪੱਖੋਂ ਇੰਗਲਿਸ਼-ਲੈਂਗੂਏਜ਼ ਵਿਚ War ਅੱਖਰ ਨੂੰ ਜੰਗ ਦੇ ਅਰਥਾਂ ਵਿਚ ਹੀ ਅਤੇ ਸਕੋਟਿਸ਼ ਭਾਸ਼ਾ ਵਿਚ ਵੈਰੀ ਨੂੰ ਹਰਾਉਂਣਾ ਜਾਂ ਕਾਬੂ ਕਰਨ ਦੀ ਭਾਵਨਾ ਅਨੁਸਾਰ ਵਰਤੇ ਜਾਣ ਨੂੰ ਵੇਖਦਿਆਂ ਤਾਂ ਇਉਂ ਪ੍ਰਤੀਤ ਹੁੰਦੈ ਕਿ ਅਜਿਹੀ ਸ਼ਬਦਾਵਲੀ ਪੂਰੀ ਮਨੁੱਖੀ ਸੰਸਾਰ ਦੀ ਮੁੱਢਲੀ ਸਾਂਝੀ ਵਿਰਾਸਤ ਹੈ। ਵਾਰ ਉਹ ਕਾਵਿ-ਰੂਪ ਹੈ, ਜਿਸ ਦੁਆਰਾ ਪਉੜੀਆਂ ਵਿਚ ਕਿਸੇ ਯੁੱਧ ਕਥਾ ਜਾਂ ਜੰਗੀ ਵਾਰਤਾ ਦਾ ਵਰਣਨ ਕੀਤਾ ਗਿਆ ਹੋਵੇ। ਪਉੜੀ, ਵਾਰ ਲਈ ਇਕ ਲਾਜ਼ਮੀ ਚਰਣ ਪ੍ਰਬੰਧ ਹੈ ਜਿਸ ਤੋਂ ਬਿਨਾਂ ਕੋਈ ਰਚਨਾ ਵਾਰ ਨਹੀਂ ਬਣਦੀ। ਪਉੜੀ, ਵਾਰ ਦਾ ਪਿੰਡਾ ਹੈ, ਤੇ ਯੁੱਧ ਕਥਾ ਇਸ ਦੀ ਰੂਹ ਹੈ, ਦੋਹਾਂ ਦੇ ਸੁਮੇਲ ਨਾਲ ਹੀ ਅਸਲ ਵਾਰ ਦੀ ਸਿਰਜਨਾ ਹੁੰਦੀ ਹੈ। ਵੰਨਗੀ ਮਾਤਰ, ਜਿਵੇਂ ਕਿ ‘ਲਉ ਕੁਸ਼’ ਦੀ ਵਾਰ ਵਿਚ :

ਢਾਡੀ ਦਾਸ ਵਖਾਣੀ, ਪਉੜੀ ਰਾਮ ਦੀ।60।
ਕੀਰਤਿ ਦਾਸ ਸੁਣਾਈ ਪੜ੍ਹਿ ਪੜ੍ਹਿ ਪਉੜੀਆਂ।20।
ਦਾਸ ਥੀਆ ਕੁਰਬਾਣੇ, ਪਉੜੀ ਆਖਿ ਆਖਿ।78।

ਅਤੇ, ਚੰਡੀ ਦੀ ਵਾਰ ਵਿਚ:

ਦੁਰਗਾ ਪਾਠ ਬਣਾਇਆ, ਸੱਭੇ ਪਉੜੀਆਂ।…
ਸੱਟ ਪਈ ਜਮਧਾਣੀ, ਦਲਾਂ ਮੁਕਾਬਲਾ।
ਧੂਹਿ ਲਈ ਕਿਰਪਾਣੀ, ਦੁਰਗਾ ਮਿਆਨ ਤੇ।

ਸਾਡੇ ਸਮਾਜ ਵਿਚ ਵਾਰ-ਗਾਇਨ ਦਾ ਇੰਨਾ ਪ੍ਰਬਲ ਪ੍ਰਭਾਵ ਬਣ ਚੁੱਕਾ ਸੀ ਕਿ ਬਾਣੀਕਾਰਾਂ ਨੇ ਵੀ ਆਪਣੀ ਵਿਚਾਰਧਾਰਾ ਨੂੰ ਲੋਕ-ਮਨਾਂ ਵਿਚ ਸੰਚਾਰਿਤ ਕਰਨ ਦੇ ਉਦੇਸ਼ ਨਾਲ ਇਸ ਕਾਵਿ ਵੰਨਗੀ ਦਾ ਬਾ-ਖ਼ੂਬੀ ਪ੍ਰਯੋਗ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 22 ਵਾਰਾਂ ਦਾ ਅੰਕਿਤ ਕੀਤਾ ਜਾਣਾ ਅਤੇ

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥ (91)

ਤੇ

ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ॥ (1097)

ਵਰਗੇ ਕਥਨ, ਵਾਰ ਅਤੇ ਢਾਡੀ ਪ੍ਰੰਪਰਾ ਦੀ ਮਹਾਨਤਾ ਦਰਸਾਉਂਦੇ ਹਨ।

ਖਾਲਸਾ ਟ੍ਰੈਕਟ ਸੁਸਾਇਟੀ ਅੰਮ੍ਰਿਤਸਰ ਵੱਲੋਂ 1899 ਈ. ਵਿਚ ਛਪੀ ਖਾਲਸਾ ਡਾਇਰੈਕਟਰੀ, ਢਾਡੀਆਂ ਦੇ ਨਾਉਂ ਇੰਞ ਦੱਸਦੀ ਹੈ: ਭਾਈ ਸ਼ੇਰੂ, ਭਾਈ ਲੱਭੂ, ਭਾਈ ਕਾਲੂ, ਭਾਈ ਅਤਰਾ, ਭਾਈ ਚਤਰਾ, ਭਾਈ ਸੰਤ ਸਿੰਘ, ਭਾਈ ਰੂੜਾ, ਭਾਈ ਮੀਰੂ, ਭਾਈ ਲਾਭ ਸਿੰਘ, ਭਾਈ ਹੁਕਮਾ, ਭਾਈ ਫੇਰੂ, ਭਾਈ ਲਸ਼ਰੀਆ, ਭਾਈ ਵਲੈਤੀ, ਭਾਈ ਸ਼ੇਰ ਸਿੰਘ, ਭਾਈ ਸੁੰਦਰ ਸਿੰਘ ਆਦਿ (ਪਿਆਰਾ ਸਿੰਘ ਪਦਮ ਰਚਿਤ ‘ਪੰਜਾਬੀ ਵਾਰਾਂ ’ਚੋਂ)। ਹੁਣ ਅਸੀਂ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਜੀਵਨ-ਪ੍ਰਸੰਗ ਤੇ ਪ੍ਰਾਪਤੀਆਂ ਦੀ ਗੱਲ ਕਰਾਂਗੇ।

2. ਮੁੱਢਲਾ ਜੀਵਨ:-

ਜਿਲ੍ਹਾ ਲਾਹੌਰ (ਅਜੋਕੇ ਪਕਿਸਤਾਨ) ਦੀ ਤਹਿਸੀਲ ਕਸੂਰ ਦੇ ਪਿੰਡ ਕਾਦੀਵਿੰਡ ’ਚ ਰਹਿੰਦੇ ਸ. ਖੁਸ਼ਹਾਲ ਸਿੰਘ ਜੀ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਅਗਸਤ 7, 1909 ਈ. ਦਿਨ ਵੀਰਵਾਰ ਨੂੰ ਮਾਤਾ-ਪਿਤਾ ਦੀ ਛੇਵੀਂ ਔਲਾਦ, ਪੰਜ ਭੈਣਾਂ ਦੇ ਇੱਕੋ-ਇੱਕ ਲਾਡਲੇ ਵੀਰ ਦਾ ਜਨਮ ਹੋਇਆ। ਬਚਪਨ ਬੜੇ ਚਾਵਾਂ ਨਾਲ ਗੁਜ਼ਰਿਆ, ਸਰਫੇ ਦੀ ਔਲਾਦ ਹੋਣ ਕਰਕੇ ਭੈਣਾਂ ਕੁੱਛੜੋਂ ਨਹੀਂ ਸਨ ਲਾਹੁੰਦੀਆਂ। ਉਨ੍ਹਾਂ ਹਰ ਵੇਲੇ ‘ਮੇਰਾ ਸੋਹਣਾ ਵੀਰ’, ‘ਮੇਰਾ ਸੋਹਣਾ ਵੀਰ’ ਆਖਣਾ ਤੇ ਇਸ ਤਰ੍ਹਾਂ ਬਾਲਕ ਦਾ ਨਾਂ ਹੀ ਸੋਹਣ ਸਿੰਘ ਪੱਕ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਹੁੰਦੀ ਖੋਜ ਪਤ੍ਰਿਕਾ ਦੇ ਮਾਰਚ 1992 ਦੇ ਬੀਰ-ਕਾਵਿ ਵਿਸ਼ੇਸ਼ ਅੰਕ ’ਚ ਸੰਪਾਦਕੀ ਅਮਲੇ ਵੱਲੋਂ ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਨਾਲ ਕੀਤੀ ਗੱਲਬਾਤ ਵਿੱਚੋਂ, ਉਨ੍ਹਾਂ ਦੇ ਪਰਵਾਰ ਵਿਚਲੀ ਸਿੱਖੀ-ਭਾਵਨਾ ਨਾਲ ਜੁੜੇ ਤੱਥ, ਸੀਤਲ ਜੀ ਦੀ ਆਪਣੀ ਜ਼ੁਬਾਨੀ ਇਉਂ ਦਰਸਾਏ ਗਏ ਹਨ: ਸਿੱਖੀ ਅਤੇ ਉਸ ਨਾਲ ਜੁੜੀ ਹੋਈ ਪਵਿੱਤਰਤਾ ਦੀ ਨੀਂਹ ਸਭ ਤੋਂ ਪਹਿਲਾਂ ਮੇਰੀ ਮਾਂ ਨੇ ਹੀ ਮੇਰੇ ਮਨ ਵਿਚ ਰੱਖੀ। ਪਿੰਡ ਦੀਆਂ ਜਨਾਨੀਆਂ ਨੇ ਕਿਹਾ, ‘ਕੁੜੇ ਤੇਰਾ ਪਿਛਲੇ ਪਾਹਰੇ ਦਾ ਪੁੱਤਰ ਏੇ, ਇਹਦੇ ਵਾਲਾਂ ਦੀ ਲਿੱਟ ਕੱਟ ਕੇ ਇਹਦੇ ਗਲ ਵਿਚ ਪਾ ਛੱਡ, ਕਿਸੇ ਦਾ ਟੂਣਾ ਨਹੀਂ ਚੱਲੂਗਾ।’ ਪਰ ਮੇਰੇ ਮਾਤਾ ਜੀ ਨੇ ਕਿਹਾ, ‘ਨਹੀਂ ਬੇਬੇ, ਮੈਂ ਆਪਣੇ ਪੁੱਤਰ ਦੇ ਸੁੱਚੇ ਕੇਸ ਜੂਠੇ ਨਹੀਂ ਕਰਨੇ, ਇਹਦਾ ਗੁਰੂ ਮਹਾਰਾਜ ਰਾਖਾ ਏ।’ ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮੇਰੇ ਕੇਸ ਅੱਜ ਤੱਕ ਸੁੱਚੇ ਹਨ। ਮੈਂ ਸਰੀਰ ਦੇ ਸਭ ਅੰਗਾਂ ਨਾਲੋਂ ਕੇਸਾਂ ਨੂੰ ਵੱਧ ਪਵਿੱਤਰ ਸਮਝਦਾ ਹਾਂ।

ਅਜੋਕੇ ਫੈਸ਼ਨਪ੍ਰਸਤੀ ਦੇ ਸਮੇਂ ਸਾਡੀ ਨੌਜਵਾਨ ਪੀੜ੍ਹੀ ਵਿਚ ਕੇਸਾਂ ਪੱਖੋਂ ਚੱਲ ਰਹੀ ਪਤਿਤਪੁਣੇ ਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ਵਾਸਤੇ ਸਾਡੀਆਂ ਸਤਿਕਾਰਯੋਗ ਮਾਵਾਂ-ਭੈਣਾਂ ਨੂੰ ਜੀਵਨ-ਜਾਚ ਦੇ ਇਸ ਆਚਰਣਕ ਪਹਿਲੂ ਤੋਂ ਸੇਧ ਲੈਂਦਿਆਂ, ਕੌਮ ਦੀ ਬੜੀ ਤੇਜ਼ੀ ਨਾਲ ਵਿਗੜ ਰਹੀ ਦਸ਼ਾ ਨੂੰ ਸੁਧਾਰਨ ਵੱਲ ਸੁਚੇਤਨਤਾ ਤੇ ਤਨਦੇਹੀ ਨਾਲ ਸਰਗਰਮ ਹੋ ਕੇ ਅਗਵਾਈ ਕਰਨੀ ਚਾਹੀਦੀ ਹੈ, ਜਿਵੇਂ ਕਿ ਮਾਤਾ ਭਾਗੋ ਦੇ ਮੇਹਣਿਆਂ, ਹਲੂਣਿਆਂ ਤੇ ਹੱਲਾਸ਼ੇਰੀ ਨੇ ਸਿੰਘਾਂ ਦੀ ਹੋ ਰਹੀ ਜੱਗ-ਹਸਾਈ ਨੂੰ ਗੌਰਵਸ਼ੀਲਤਾ ਵਿਚ ਬਦਲ ਦਿੱਤਾ ਸੀ।

3. ਵਿਦਿਅਕ ਯੋਗਤਾ:

ਨਿੱਕੇ ਹੁੰਦਿਆਂ ਤੋਂ ਹੀ ਧਾਰਮਿਕ ਮਾਹੌਲ ਵਿਚ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਤੇ ਹੋਣਹਾਰ ਬਾਲਕ ਨੇ ਬਾਰ੍ਹਾਂ ਵਰ੍ਹਿਆਂ ਨੂੰ ਅੱਪੜਦਿਆਂ ਉਰਦੂ ਪੜ੍ਹਨ-ਲਿਖਣ ਵਿਚ ਵੀ ਚੰਗੀ ਮੁਹਾਰਤ ਹਾਸਲ ਕਰ ਲਈ ਸੀ। ਉਨ੍ਹੀਂ ਦਿਨੀਂ ਸਕੂਲੀ-ਵਿਦਿਆ ਦੀਆਂ ਸਹੂਲਤਾਂ ਆਮ ਨਹੀਂ ਸਨ। ਪਹਿਲੀ ਵੇਰਾਂ ਜਦੋਂ ਨੇੜਲੇ ਪਿੰਡ ਵਰਨ ’ਚ ਸੰਨ 1923 ਈ. ਨੂੰ ਪ੍ਰਾਇਮਰੀ ਸਕੂਲ ਖੁੱਲ੍ਹਿਆ ਤਾਂ ਸੋਹਣ ਸਿੰਘ ਦੀ ਪਹਿਲੋਂ ਕੀਤੀ ਪੜ੍ਹਾਈ ਨੂੰ ਵੇਖਦਿਆਂ, ਉਸ ਨੂੰ ਸਿੱਧਾ ਹੀ ਦੂਸਰੀ ਜਮਾਤ ਵਿਚ ਦਾਖਲਾ ਮਿਲ ਗਿਆ। ਪ੍ਰਤਿਭਾਵਾਨ ਵਿਦਿਆਰਥੀ ਦੀ ਲਗਨ ਤੇ ਮਿਹਨਤ ਨੂੰ ਵਿਚਾਰਦਿਆਂ ਅਧਿਆਪਕਾਂ ਨੇ ਵੀ ਖੁਸ਼ੀ-ਖੁਸ਼ੀ ਵਿਸ਼ੇਸ਼-ਨਿਜੀ ਦਿਲਚਸਪੀ ਲੈ ਕੇ ਹੋਰ ਉਤਸ਼ਾਹਿਤ ਕੀਤਾ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਪਾਸ ਸਿਫ਼ਾਰਿਸ਼ ਭੇਜਦਿਆਂ ਖਾਸ ਮਨਜ਼ੂਰੀ ਤਹਿਤ 1924 ਈ. ਵਿਚ ਹੀ ਚੌਥੀ ਦਾ ਇਮਤਿਹਾਨ ਪਾਸ ਕਰਵਾ ਕੇ ਗੌਰਮਿੰਟ ਸਕੂਲ ਕਸੂਰ ਵਿਚ ਪੰਜਵੀਂ ’ਚ ਦਾਖਲਾ ਲੈਣਾ ਸੰਭਵ ਬਣਾਇਆ। ਵਿਦਿਆਰਥੀ ਸੋਹਣ ਸਿੰਘ ਨੇ 1930 ਈ. ਵਿਚ ਸਾਇੰਸ ਅਤੇ ਪੰਜਾਬੀ ਵਿਸ਼ਿਆਂ ਨਾਲ ਫ਼ਸਟ ਡਵੀਜ਼ਨ ਨਾਲ ਦਸਵੀਂ ਪਾਸ ਕਰ ਲਈ ਸੀ।

ਅਠਵੀਂ ਜਮਾਤੇ ਪੜ੍ਹਦਿਆਂ ਹੀ ਅਠ੍ਹਾਰਾਂ ਸਾਲ ਦੀ ਉਮਰ ਵਿਚ ਪਿੰਡ ਭੜਾਣਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗੁਰਸਿੱਖ ਘਰਾਣੇ ਦੀ ਬੀਬੀ ਕਰਤਾਰ ਕੌਰ ਨਾਲ ਵਿਆਹ ਹੋਇਆ ਤੇ ਦਸਵੀਂ ਪਾਸ ਕਰਨ ਤੋਂ ਪਹਿਲਾਂ ਹੀ ਸੋਹਣ ਸਿੰਘ ਇਕ ਪੁੱਤਰ ਦਾ ਬਾਪ ਬਣ ਚੁੱਕਾ ਸੀ। ਪਿਤਾ ਜੀ ਦੀ ਢਿੱਲੀ ਸਿਹਤ ਕਾਰਨ ਮੌਤ ਹੋ ਜਾਣ ਕਰਕੇ, ਵਿਦਿਆਰਥੀ ਸੋਹਣ ਸਿੰਘ ਦਾ ਉਚੇਰੀ ਵਿਦਿਆ ਪ੍ਰਾਪਤ ਕਰਨ ਦਾ ਸੁਪਨਾ ਸਾਕਾਰ ਨਾ ਹੋ ਸਕਿਆ। ਘਰ-ਪਰਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸ਼ਰੀਕੇਬਾਜ਼ੀਆਂ ਦੀਆਂ ਸ਼ਾਤਰ-ਚਾਲਾਂ ਦੀਆਂ ਦੁਸ਼ਵਾਰੀਆਂ ਨੂੰ ਵੀ ਨਜਿੱਠਣ ਦੇ ਮਸਲੇ ਮੂੰਹ ਅੱਡੀ ਖੜੋ ਗਏ। ਸੀਤਲ ਜੀ ਦੀ ਸਵੈ-ਜੀਵਨੀ: ‘ਵੇਖੀ-ਮਾਣੀ ਦੁਨੀਆਂ’ ਦੇ ਪੰਨੇ 96 ’ਚ ਅੰਕਿਤ ਉਨ੍ਹਾਂ ਦੇ ਆਪਣੇ ਕਥਨਾਂ ਅਨੁਸਾਰ ‘ਪਹਿਰ ਰਾਤ ਦੇ ਤੜਕੇ ਉੱਠ ਕੇ ਹਲ੍ਹ ਜੋੜਨਾ, ਦੁਪਿਹਰੇ ਪੱਠੇ ਵੱਢਣੇ, ਪਿਛਲੇ ਪਹਿਰ ਹੱਥ ਵਾਲੇ ਟੋਕੇ ਨਾਲ ਪੱਠੇ ਕੁਤਰਨੇ ਤੇ ਫਿਰ ਪਹਿਰ ਰਾਤ ਗਈ ਮੰਜੇ ’ਤੇ ਪੈਣਾ ਨਸੀਬ ਹੋਣਾ’। ਤਨਦੇਹੀ ਨਾਲ ਖੇਤੀ ਕਰਦਿਆਂ ਵੀ ਪੜ੍ਹਨ ਦਾ ਸ਼ੌਕ ਮੱਠਾ ਨਹੀਂ ਪਿਆ। ਮੁਸ਼ੱਕਤ-ਘਾਲਣਾ ਨੂੰ ਸਫ਼ਲਤਾ ਮਿਲੀ ਅਤੇ ਇਸੇ ਸਮੇਂ ਦੌਰਾਨ 1933 ਈ. ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਵੀ ਪਾਸ ਕਰ ਲਿਆ।

4. ਢਾਡੀ ਜਥਾ:-

ਸਟੇਜ ਉੱਤੇ ਕਵਿਤਾ ਪੜ੍ਹਨ ਦਾ ਸ਼ੌਕ ਤਾਂ ਬਚਪਨ ਤੋਂ ਹੀ ਬਣ ਚੁੱਕਾ ਸੀ। ਸਾਥੀ ਹਾਣੀਆਂ ਨਾਲ ਰਲ ਕੇ ਨੇੜਲੇ ਪਿੰਡ ਲਲਿਆਣੀ ਦੇ ਬਜ਼ੁਰਗ ਸ਼ੇਖ ਬਾਬਾ ਚਰਾਗ ਦੀਨ ਪਾਸੋਂ ਛੇ ਮਹੀਨਿਆਂ ਦੇ ਸਮੇਂ ਵਿਚ ਹੀ ਕਰੜੇ ਰਿਆਜ਼ ਸਦਕਾ ਇਕ ਸਾਥੀ ਨੇ ਸਾਰੰਗੀ ਤੇ ਬਾਕੀਆਂ ਨੇ ਢੱਡ ਉੱਪਰ ਸੁਰ-ਤਾਲ ਵਿਚ ਗਾਉਣ ਦੇ ਢੰਗਾਂ ਵਿਚ ਚੰਗੀ ਮੁਹਾਰਤ ਹਾਸਿਲ ਕਰ ਲਈ ਤੇ ਇੰਞ ਸੰਨ 1934 ਈ. ਵਿਚ ਗਿ. ਸੋਹਣ ਸਿੰਘ ਸੀਤਲ ਨੇ ਸਿੱਖ ਕੌਮ ਦੇ ਪ੍ਰਚਾਰ ਨੂੰ ਸਮਰਪਿਤ ਢਾਡੀ ਜਥਾ ਤਿਆਰ ਕਰ ਲਿਆ ਜਿਸ ਨੇ ਆਪਣੀ ਪਹਿਲੀ ਪੇਸ਼ਕਾਰੀ ਰਾਹੀਂ ਹੀ ਸੰਗਤਾਂ-ਸਰੋਤਿਆਂ ਦਾ ਮਨ ਮੋਹ ਲਿਆ ਸੀ।

ਸਮਕਾਲੀ ਢਾਡੀਆਂ ਬਾਬਾ ਕਿਸ਼ਨ ਸਿੰਘ, ਸੋਹਣ ਸਿੰਘ ਘੁੱਕੇਵਾਲੀਏ, ਸੋਹਣ ਸਿੰਘ ਭੀਲਾ, ਨਿਰਵੈਰ ਸਿੰਘ ਦੁਆਬੀਆ ਆਦਿ ਜੋ ਸਾਧਾਰਨ ਗੁਰਮੁਖੀ ਹੀ ਪੜ੍ਹੇ ਹੋਏ ਸਨ ਤੇ ਜਿਨ੍ਹਾਂ ਨੂੰ ਸਕੂਲੀ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਿਆ, ਜਿਸ ਕਰਕੇ ਉਨ੍ਹਾਂ ਦੇ ਵਖਿਆਨਾਂ ਦਾ ਢੰਗ ਵੀ ਪੁਰਾਣਾ ਜਿਹਾ ਸੀ, ਦੇ ਮੁਕਾਬਲੇ ’ਤੇ ਸੀਤਲ ਵਧੇਰੇ ਪੜ੍ਹਿਆ-ਲਿਖਿਆ ਸੀ। ਸੀਤਲ ਹੋਰਾਂ ਨੇ ਗੁਰਮੁਖੀ, ਉਰਦੂ, ਹਿੰਦੀ, ਤੇ ਅੰਗਰੇਜ਼ੀ ਦਾ ਗਿਆਤਾ ਹੁੰਦਿਆਂ ਵਿਆਖਿਆ ਦਾ ਨਵੀਨਤਮ, ਰੌਚਕ ਤੇ ਨਿਰਾਲਾ ਢੰਗ ਅਪਣਾਇਆ। ਇਤਿਹਾਸ ਤੇ ਸਾਹਿਤ ਦੇ ਭਰਪੂਰ ਗਿਆਨ ਦੇ ਨਾਲ-ਨਾਲ ਨਿਵੇਕਲੇ ਅੰਦਾਜ਼-ਏ-ਬਿਆਂ ਸਦਕਾ, ਛੇਤੀ ਹੀ ਨੌਜਵਾਨ-ਮਿੱਤਰਾਂ ਦਾ ਇਹ ਢਾਡੀ ਜਥਾ ਪੰਥਕ ਸਟੇਜਾਂ ’ਪਰ ਹਰਮਨ ਪਿਆਰਾ ਬਣ ਗਿਆ। ਇਲਾਕੇ ’ਚ ਇੰਨੀ ਵਡਿਆਈ ਹੋਈ ਕਿ ਸ਼ਰੀਕੇਦਾਰ ਵੀ ਸੁਹਿਰਦਤਾ ਨਾਲ ਭਰੇ ਗਲਵਕੜੀਆਂ ਪਾਉਣ ਨੂੰ ਆਏ। ਸੀਤਲ ਜੀ ਨੇ ਆਪੂੰ ਵਾਰਾਂ ਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਤੱਤਕਾਲੀਨ ਸਮਾਜਿਕ, ਸਭਿਆਚਾਰਕ ਤੇ ਰਾਜਨੀਤਿਕ ਸਰੋਕਾਰਾਂ ਨੂੰ ਆਮ ਲੋਕਾਈ ਵਿਚ ਉਭਾਰਿਆ, ਪਰਚਾਰਿਆ ਤੇ ਜਨ-ਜਾਗਰਣ ਨੂੰ ਕ੍ਰਾਂਤੀਕਾਰੀ ਹੁਲਾਰੇ-ਹਲੂਣੇ ਦਿੱਤੇ। ਇਸ ਤਰ੍ਹਾਂ ਪੂਰੇ ਸਿੱਖ-ਜਗਤ ਤੇ ਸਾਹਿਤ-ਪ੍ਰੇਮੀਆਂ ਵਿਚ ਵੱਡਾ ਨਾਮਣਾ ਬਣਿਆ। ਸਾਹਿਤਕਾਰ, ਵਿਦਵਾਨ ਤੇ ਨਾਮਵਰ ਢਾਡੀ ਸੋਹਣ ਸਿੰਘ ਸੀਤਲ ਦੀ ਮੰਗ ਦੂਰ-ਦੁਰਾਡੇ ਦੇਸ਼ਾਂ-ਪ੍ਰਦੇਸ਼ਾਂ ਤੋਂ ਆਉਣ ਲੱਗੀ। ਭਾਰਤ ਦੇ ਚੱਪੇ-ਚੱਪੇ ਅਤੇ ਮਲਾਇਆ, ਥਾਈਲੈਂਡ ਆਦਿਕ ਜਿੱਥੇ-ਜਿੱਥੇ ਵੀ ਪੰਜਾਬੀਆਂ ਦੀ ਅਬਾਦੀ ਸੀ, ਮੁਲਕਾਂ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਦੇ ਗਾਉਣ-ਤਜ਼ਰਬਿਆਂ ਤੇ ਵਿਆਖਿਆ-ਮੁਹਾਰਤਾਂ ਵਿਚ ਬਹੁਰੰਗੀ ਵਿਸ਼ਾਲਤਾ ਤੇ ਪ੍ਰਭਾਵਸ਼ਾਲੀ ਪੁਖ਼ਤਗੀ ਨੇ ਢਾਡੀ-ਪਰੰਪਰਾ ਦੀਆਂ ਸਿਖਰਾਂ ਨੂੰ ਛੂਹਿਆ ਹੈ।

ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਰਾਹੀਂ ਲੋਕ-ਗਾਇਕੀ ਦੇ ਖੇਤਰ ਵਿਚ ਲੰਬਾ ਅਰਸਾ ਗਾਇਆ ਅਤੇ ਪੰਜਾਬ ਦੇ ਲੋਕਾਂ ਨੂੰ ਵਡਮੁੱਲੀ ਲੋਕ-ਵਿਰਾਸਤ ਤੋਂ ਜਾਣੂ ਕਰਵਾਇਆ ਹੈ।ਜਦੋਂ ਅਕਾਸ਼ਵਾਣੀ ਕੇਂਦਰ ਤੋਂ ਆਪਣੇ ਜਥੇ ਨੂੰ ਨਾਲ ਲੈ ਕੇ ਪ੍ਰੋਗਰਾਮ ਪੇਸ਼ ਕਰਨੇ ਅਰੰਭ ਕੀਤੇ ਤਾਂ ਛੇਤੀ ਹੀ ਉਹ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਸਿਰਮੌਰ ਲੋਕ-ਗਾਇਕ ਵਜੋਂ ਸ਼ੁਹਰਤ ਗ੍ਰਹਿਣ ਕਰ ਗਏ। ਸੀਤਲ ਜੀ ਦੇ ਗੁਮੰਤਰੀ ਸਾਥੀ ਆਮ ਤੌਰ ’ਤੇ ਮਾਲਵੇ ਦੀਆਂ ਲੋਕ-ਧੁਨਾਂ ਵਿੱਚੋਂ ‘ਕਲੀ’ ਦਾ ਵਧੇਰੇ ਖ਼ੂਬਸੂਰਤ ਪ੍ਰਯੋਗ ਕਰਦੇ ਸਨ। ਇਸ ਤੋਂ ਇਲਾਵਾ ਕੁਝ ਹੋਰ ਨਵੀਨ ਤਰਜ਼ਾਂ ‘ਗੱਡੀ’ ਜੋ ਲੋਕ-ਬੋਲੀਆਂ ’ਪਰ ਅਧਾਰਿਤ ਤਰਜ਼ ਹੈ ਅਤੇ ‘ਜੰਗਲ’ ਜੋ ਪੁਰਾਣੇ ‘ਦੋਹੜੇ’ ਅਤੇ ‘ਮਾਝ’ ਨਾਲ ਮਿਲਦਾ-ਜੁਲਦਾ ਹੈ, ਖੂਬ ਵਰਤੋਂ ਕੀਤੀ। ਪਹਿਲੇ ਜਥੇ ਦੇ ਸਾਥੀਆਂ ਦੇ ਨਾਉਂ ਸਨ: ਹਰਿਨਾਮ ਸਿੰਘ, ਗੁਰਚਰਨ ਸਿੰਘ, ਤੇ ਅਮਰੀਕ ਸਿੰਘ। ਜਦ ਕਦੀ ਵੀ ਲੋਕਾਂ ਨਾਲ ਜੁੜੀ ਹੋਈ ਢਾਡੀ ਗਾਇਕੀ ਦੀ ਗੱਲ ਚੱਲੇਗੀ ਤਾਂ ਸੀਤਲ ਹੋਰਾਂ ਦਾ ਨਾਮ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕੇਗਾ।

5. ਬਹੁਪੱਖੀ ਸੰਜੀਦਾ ਅਧਿਐਨ:

ਸੀਤਲ ਜੀ ਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਸੀ। ਉਨ੍ਹਾਂ ਨੇ ਕਾਦਰਯਾਰ ਦਾ ਪੂਰਨ-ਭਗਤ, ਪੂਰਨ, ਰੂਪ-ਬਸੰਤ ਤੇ ਹੋਰ ਕਈ ਕਿੱਸੇ, ਕਾਫ਼ੀਆਂ ਬੁੱਲੇ ਸ਼ਾਹ, ਕਾਫ਼ੀਆਂ ਈਸ਼ਰ ਦਾਸ ਆਦਿ ਬੜੀ ਛੋਟੀ ਉਮਰ ਵਿਚ ਹੀ ਪੜ੍ਹ ਲਈਆਂ ਸਨ। ਉਨ੍ਹਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਨਾਲ ਹੀ ਸਿੱਖ ਇਤਿਹਾਸ ਨੂੰ ਬੜੀ ਤਿੱਖੀ ਤੇ ਘੋਖਵੀਂ ਨਜ਼ਰ ਨਾਲ ਪੜਚੋਲਿਆ, ਬਹੁਤ ਸਾਰੇ ਇਤਿਹਾਸਿਕ ਗ੍ਰੰਥ ਪੜ੍ਹੇ। ਸੰਸਕ੍ਰਿਤ ਦੇ ਸੰਸਾਰ-ਪ੍ਰਸਿੱਧ ਨਾਟਕਕਾਰ ਕਾਲੀਦਾਸ ਦੇ ਨਾਟਕਾਂ-ਸ਼ਕੁੰਤਲਾ ਤੇ ਵਿਲੇਮਰਵਸ਼ੀ ਦਾ ਪੰਜਾਬੀ ਅਨੁਵਾਦ ਪੜ੍ਹਿਆ। ਪੰਜਾਬੀ ਲੇਖਕਾਂ ਭਾਈ ਮੋਹਨ ਸਿੰਘ ਵੈਦ, ਭਾਈ ਵੀਰ ਸਿੰਘ, ਸ. ਨਾਨਕ ਸਿੰਘ, ਸ. ਜਸਵੰਤ ਸਿੰਘ ਕੰਵਲ ਅਤੇ ਦੂਜੀਆਂ ਭਾਸ਼ਾਵਾਂ ਵਿਚੋਂ ਸਰਵਸ਼੍ਰੀ ਮੁਨਸ਼ੀ ਪ੍ਰੇਮ ਚੰਦ, ਗੁਰੂ ਦੱਤ, ਯਸ਼ਪਾਲ ਰਾਂਗੇ ਰਾਘਵ, ਯੱਗ ਦੱਤ, ਬੰਗਾਲੀ ਸਾਹਿਤਕਾਰਾਂ ਵਿੱਚੋਂ ਸਰਵਸ਼੍ਰੀ ਬੰਕਮ ਚੰਦਰ, ਰਬਿੰਦਰ ਨਾਥ ਟੈਗੋਰ, ਸ਼ਰਤ ਚੰਦਰ, ਵਿਮਲ ਮਿਤ੍ਰ ਤੇ ਤਾਰਾ ਸ਼ੰਕਰ ਆਦਿ ਦੀਆਂ ਰਚਨਾਵਾਂ ਪੜ੍ਹੀਆਂ। ਹੋਰ ਰੂਸੀ, ਫ਼ਰਾਂਸੀਸੀ, ਅੰਗ੍ਰੇਜ਼ੀ ਦੇ ਪ੍ਰਸਿੱਧੀ-ਪ੍ਰਾਪਤ ਰਚਨਾਵਾਂ ਪੜ੍ਹੀਆਂ ਅਤੇ ਇਸ ਤਰ੍ਹਾਂ ਗਿ. ਸੋਹਣ ਸਿੰਘ ਜੀ ਸੀਤਲ ਦੀ ਪੂਰਬੀ ਅਤੇ ਪੱਛਮੀ ਸੰਸਾਰ ਦੇ ਵਿਖਿਆਤ ਚਿੰਤਕਾਂ, ਵਿਦਵਾਨਾਂ ਤੇ ਸਾਹਿਤਕਾਰਾਂ ਵੱਲੋਂ ਸੰਜੋਏ ਗਿਆਨ-ਵਿਗਿਆਨ ਨਾਲ ਬਹੁਪੱਖੀ ਸਾਂਝ ਬਣੀ।

6. ਸਾਹਿਤ ਸਿਰਜਣਾ:

ਗਿਆਨੀ ਸੋਹਣ ਸਿੰਘ ਸੀਤਲ ਨੇ ਇਕ ਸਫਲ ਲੇਖਕ ਵਜੋਂ ਪੰਜਾਬੀ ਸਾਹਿਤ ਸੱਭਿਆਚਾਰ ਵਿਚ ਨਵੀਆਂ ਲੀਹਾਂ ਪਾਉਂਦਿਆਂ ਵਡਮੁੱਲਾ-ਯੋਗਦਾਨ ਪਾਇਆ। ਉਨ੍ਹਾਂ ਦੀ ਵਾਰ ਰਚਨਾਵਲੀ ਵਿਚ ‘ਸੀਤਲ-ਹੁਲਾਰੇ’ ਦੀਆਂ 20 ਛਾਪਾਂ, ‘ਸੀਤਲ ਸੁਨੇਹੇ’ ਤੇ ‘ਸੀਤਲ ਤਰੰਗਾਂ’ ਦੀਆਂ 25-25 ਛਾਪਾਂ, ‘ਸੀਤਲ ਹੰਝੂ’ ਦੀਆਂ 28 ਛਾਪਾਂ, ਅਤੇ ‘ਸੀਤਲ ਪ੍ਰਸੰਗ’ ਦੀਆਂ 36 ਛਾਪਾਂ ਜੋ ਗਿਣਤੀ ਪੱਖੋਂ ਡੇਢ ਲੱਖ ਤੋਂ ਵੀ ਵੱਧ ਵਿਕੀਆਂ, ਆਪਣੇ ਆਪ ਵਿਚ ਮਾਣਮੱਤਾ ਮੁਅਜ਼ਜ਼ਾ ਹੈ। ਇਸੇ ਤਰ੍ਹਾਂ ‘ਸੀਤਲ ਕਿਰਣਾਂ’, ‘ਸੀਤਲ ਪ੍ਰਕਾਸ਼’, ‘ਸੀਤਲ ਤਰਾਨੇ’, ‘ਸੀਤਲ ਵਾਰਾਂ’, ‘ਸੀਤਲ ਤਾਘਾਂ’, ‘ਸੀਤਲ ਵਲਵਲੇ’, ‘ਸੀਤਲ ਚੰਗਿਆੜੇ’, ‘ਸੀਤਲ ਮੁਨਾਰੇ’ ਤੇ ‘ਸੀਤਲ ਅੰਗਿਆਰੇ’ ਆਦਿਕ ਡੇਢ ਦਰਜਨ ਵਾਰਾਂ ਦੀਆਂ ਕਿਤਾਬਾਂ ਲਿਖ ਕੇ ਅਤੇ ਵੰਨ-ਸੁਵੰਨੀ ਗਾਇਨ-ਕਲਾ ਦੁਆਰਾ ਗਿਆਨੀ ਸੋਹਣ ਸਿੰਘ ਸੀਤਲ ਨੇ ਨਵੇਂ ਮਾਨ- ਦੰਡ ਸਿਰਜੇ ਅਤੇ ਵਾਰਾਂ ਦਾ ਬਾਦਸ਼ਾਹ ਅਖਵਾਉਣ ਦੇ ਹੱਕਦਾਰ ਬਣ ਗਏ।

ਕਵਿਤਾ ਦੇ ਖੇਤਰ ਵਿਚ ਵੀ ਉਨ੍ਹਾਂ ਨੇ ‘ਵਹਿੰਦੇ ਹੰਝੂ’ ਦੀਆਂ 17 ਛਾਪਾਂ ‘ਸੱਜਰੇ ਹੰਝੂ’ ਦੀਆਂ 11 ਛਾਪਾਂ ਤੇ ‘ਦਿਲ ਦਰਿਆ’ ਦੀਆਂ 7 ਛਾਪਾਂ ਦੇ ਨਾਲ-ਨਾਲ 24 ਮਿਆਰੀ ਕਹਾਣੀਆਂ ਦੀ ਰਚਨਾ ਕਰ ਕੇ ਪਾਠਕਾਂ ਵੱਲੋਂ ਵਾਹ-ਵਾਹ ਖੱਟੀ। ਇਤਿਹਾਸਿਕ ਸੰਦਰਭ ਵਿਚ ਲਿਖਤਾਂ ਦਾ ਵਿਵਰਣ ਇੰਞ ਹੈ:

1. ਗੁਰੂ ਨਾਨਕ ਦੇਵ ਜੀ। 2. ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਜੀ। 3. ਮਨੁੱਖਤਾ ਦੇ ਗੁਰੂ ਗੋਬਿੰਦ ਸਿੰਘ ਜੀ 4. ਲਾਸਾਨੀ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਜੀ, 5. ਬਾਬਾ ਬੰਦਾ ਸਿੰਘ ਸ਼ਹੀਦ, 6. ਸਿੱਖ ਰਾਜ ਕਿਵੇਂ ਬਣਿਆ, 7. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, 8. ਸਿੱਖ ਰਾਜ ਤੇ ਸ਼ੇਰੇ ਪੰਜਾਬ, 9. ਸਿੱਖ ਰਾਜ ਕਿਵੇਂ ਗਿਆ, 10. ਦੁਖੀਏ ਮਾਂ-ਪੁੱਤ, 11. ਗੁਰ ਇਤਿਹਾਸ ਦਸ ਪਾਤਿਸ਼ਾਹੀਆਂ, 12. ਬਾਬਾ ਨਾਨਕ, 13. ਧਰਮ ਦਾ ਰਾਖਾ ਗੁਰੂ ਤੇਗ ਬਹਾਦਰ, 14. ਸਿੱਖ ਸ਼ਹੀਦ ਤੇ ਯੋਧੇ, 15. ਗੁਰਬਾਣੀ ਵਿਚਾਰ, 16. ਮੇਰੇ ਇਤਿਹਾਸਿਕ ਲੈਕਚਰ, 17. ਗੁਰਬਾਣੀ ਦੇ ਪੁਰਾਣਿਕ ਪਾਤਰ ਅਤੇ ਭਗਤ।

ਸੀਤਲ ਜੀ ਨੇ ਉਪਰੋਕਤ ਖੋਜ ਭਰਪੂਰ ਸਾਹਿਤਕ ਕਿਰਤਾਂ ਦੁਆਰਾ ਪੰਜਾਬੀ ਲੋਕਾਚਾਰ, ਲੋਕ-ਹਿੱਤਾਂ ਦੇ ਸਰਬਸਾਂਝੇ ਸਰੋਕਾਰਾਂ ਨਾਲ ਜੁੜੇ ਸਿੱਖ ਵਿਰਸੇ ਦੀ ਪੇਸ਼ਕਾਰੀ ਕਰ ਕੇ ਪੰਜਾਬੀ ਸਾਹਿਤ, ਸਭਿਆਚਾਰ ਤੇ ਅਮੀਰ ਸੰਸਕ੍ਰਿਤਕ ਵਿਰਾਸਤ ਨੂੰ ਸੰਸਾਰ ਦੇ ਸਨਮੁਖ ਬੜੀ ਖੂਬਸੂਰਤੀ ਨਾਲ ਉਘਾੜਿਆ ਹੈ। ਉਨ੍ਹਾਂ ਨੇ ਲੱਗਭਗ ਡੇਢ ਦਰਜਨ ਸਮਾਜਿਕ ਤੇ ਇਤਿਹਾਸਿਕ ਨਾਵਲ, ਸਵੈ ਜੀਵਨੀ ਤੇ ਨਾਟਕ ਵੀ ਲਿਖੇ। ਗਿ. ਸੋਹਣ ਸਿੰਘ ਸੀਤਲ ਵੱਲੋਂ ਲਿਖਤ ਤੇ ਲਾਹੌਰ ਬੁੱਕ ਸ਼ਾਪ ਵੱਲੋਂ ਪ੍ਰਕਾਸ਼ਿਤ ‘ਸਿੱਖ ਇਤਿਹਾਸ ਦੇ ਸੋਮੇ’ ਦਿਆਂ ਪੰਜ ਭਾਗਾਂ ਵਿਚ ਜਿਹੜੇ ਆਲੋਚਨਾਤਮਿਕ ਪੱਖਾਂ ਦੀ ਪ੍ਰਸਤੁਤੀ ਕੀਤੀ ਗਈ ਹੈ, ਦਾ ਸਿੱਖੀ ਸਿਧਾਂਤਾਂ ਦੀ ਸਪੱਸ਼ਟਤਾ ਵਜੋਂ ਵਿਸ਼ੇਸ਼ ਮਹੱਤਵਪੂਰਨ ਯੋਗਦਾਨ ਹੈ।

7. ਸੀਤਲ ਸਾਹਿਤ ਕਲਾ ਦੇ ਚੋਣਵੇਂ ਨਮੂਨੇ:-

ਵੱਖ-ਵੱਖ ਪ੍ਰਸੰਗਾਂ ਵਿੱਚੋਂ ਵੰਨਗੀ ਮਾਤਰ ਕੁਝ ਟੂਕਾਂ ਪੇਸ਼ ਹਨ ਜੋ ਸਾਨੂੰ ਸੀਤਲ ਜੀ ਦੀਆਂ ਵਲਵਲਿਆਂ ਭਰਪੂਰ ਰਚਨਾਵਾਂ ਦਾ ਅਨੰਦ ਮਾਣਨ ਵਾਸਤੇ ਹਮੇਸ਼ਾਂ ਖਿੱਚ ਪਾਉਂਦੀਆਂ ਰਹਿਣਗੀਆਂ।

ਵਾਰ :
ਮਾਰੂ ਵੱਜਿਆ
ਜੁਆਨ ਰਣ ਨਿਤਰੇ
ਗੁੱਸੇ ਵਿਚ ਆ
ਤਿਊੜੀਆਂ ਪਾਈਆਂ
ਨੈਣ ਭਖਦੇ ਨੇ ਵਾਂਗ ਅੰਗਿਆਰਾਂ
ਅੰਦਰ ਲੱਗੀਆਂ, ਬਾਹਰ ਬਲ ਆਈਆਂ
ਤੀਰ ਭੱਥਿਆਂ ’ਚ ਨਾਗਾਂ ਵਾਂਗ ਤੜਫਦੇ
ਜਦੋਂ ਧਨਖਾਂ ’ਤੇ ਤੰਦੀਆਂ ਚੜ੍ਹਾਈਆਂ
ਸਾਂਗਾਂ ਹੱਥਾਂ ’ਚ ਮਸ਼ਾਲਾਂ ਵਾਂਗ ਬਲਦੀਆਂ
ਤੇਗਾਂ ਗਾਤਰੀਂ ਲੈਣ ਅੰਗੜਾਈਆਂ।

ਪਉੜੀ :
ਫਿਰ ਗਾਜ਼ੀ ਚੰਦ ਚੰਦੇਲ, ਮੱਤਾ ਹੰਕਾਰ ਦਾ।
ਉਹਨੂੰ ਛੱਤਰੀਪਣ ਦਾ ਮਾਣ, ਉਹ ਮੌਤ ਵੰਗਾਰਦਾ।
ਉਹ ਹੋ ਹੋ ਪੱਬਾਂ ਭਾਰ, ਤੇ ਤੇਗ ਉਲਾਰਦਾ।
ਉਸ ਚੁਣ-ਚੁਣ ਮਾਰੇ ਯੋਧੇ, ਕਹਿਰ ਗੁਜ਼ਾਰਦਾ।
ਫਿਰ ਸੰਗੋ ਸ਼ਾਹ ਵੱਲ ਵਧਿਆ, ਨਾਰ੍ਹੇ ਮਾਰਦਾ।
ਕਹਿ: ਸਿੱਖਾ! ਸੱਦਾ ਆਊ-ਈ, ਧੁਰ ਦਰਬਾਰ ਦਾ।

ਗੱਡੀ :
ਗੱਡੀ ਭਰ ਕੇ ਸਪੈਸ਼ਲ ਤੋਰੀ, ਅੰਬਰਸਰ ਸ਼ਹਿਰ ਦੇ ਵਿਚੋਂ।
ਜਿਹਦੇ ਵਿਚ ਸੀ ਪੈਨਸ਼ਨੀ ਕੈਦੀ, ਕੈਦ ਕੀਤੇ ਗੁਰੂ ਬਾਗ ’ਚੋਂ।
ਪੰਜੇ ਸਾਹਿਬ ਦੀ ਸੰਗਤ ਨੇ ਸੁਣਿਆ, ਸੇਵਾ ਦਾ ਪ੍ਰੇਮ ਜਾਗਿਆ।
ਚਾਹ ਦੁੱਧ ਤੇ ਪਦਾਰਥ ਮੇਵੇ, ਲੈ ਪੁੱਜੇ ਟੇਸ਼ਨ ’ਤੇ…

ਕਬਿੱਤ :
ਗੋਬਿੰਦ ਮ੍ਰਿਦੰਗ, ਗੁਰੂ ਹਿੰਦ, ਬਖਸ਼ਿੰਦ ਦਾਤੇ,
ਦੁਖੀਆਂ ਦੇ ਤਾਰਨੇ ਨੂੰ ਸਾਜਿਆ ਹੈ ਖਾਲਸਾ।
ਦੇਣ ਹੇਤ ਆਸਰਾ ਨਿਆਸਰੇ ਨਿਓਟਿਆਂ ਨੂੰ,
ਡਿੱਗਿਆਂ ਉਭਾਰਨੇ ਨੂੰ ਸਾਜਿਆ ਹੈ ਖਾਲਸਾ।
ਰੋਂਦਿਆਂ ਹਸਾਣ ਹਿੱਤ, ਬੰਦ ਛੁਡਵਾਣ ਹਿੱਤ,
ਦੁਖੜੇ ਨਿਵਾਰਨੇ ਨੂੰ ਸਾਜਿਆ ਹੈ ਖਾਲਸਾ।
ਜ਼ਾਲਮਾਂ ਦੀ ਜੜ੍ਹ ਪੁੱਟ, ਆਕੀਆਂ ਨਿਵਾਣ ਹਿੱਤ,
ਪਾਪੀਆਂ ਦੇ ਮਾਰਨੇ ਨੂੰ ਸਾਜਿਆ ਹੈ ਖਾਲਸਾ।

ਸਾਕਾ :
ਜਾ ਪਿਆ ਝੱਟ ਰਣਜੀਤ ਸਿੰਘ, ਵੈਰੀ ’ਤੇ ਚੜ੍ਹ ਕੇ।
ਉਹ ਕਹਿੰਦੈ ਸੰਮਨ ਬੁਰਜ਼ ਦੇ, ਪਰਛਾਵੇਂ ਖੜ੍ਹ ਕੇ।
ਓ! ਅਹਿਮਦ ਸ਼ਾਹ ਦੇ ਪੋਤਰੇ! ਆ ਖੰਡਾ ਫੜ ਕੇ।
ਤੈਨੂੰ ਚੜ੍ਹਤ ਸਿੰਘ ਦਾ ਪੋਤਰਾ, ਲਲਕਾਰੇ ਅੜ ਕੇ।
ਤੂੰ ਗੀਦੀ ਬਣ ਕੇ ਬਹਿ ਰਿਹੋਂ, ਕਿਉਂ ਅੰਦਰ ਵੜ ਕੇ?
ਆ ਹੱਥ ਵਿਖਾ ਮੈਦਾਨ ਵਿਚ, ਮਰਦਾਂ ਜਿਉਂ ਲੜ ਕੇ।

8. ਇਨਾਮ ਸਨਮਾਨ :-

1. ਸੀਤਲ ਜੀ ਨੇ ਬਚਪਨ ’ਚ ਹੀ ਟੱਪੇ ਜੋੜਨ ਤੇ ਕਵਿਤਾ-ਕਵੀਸ਼ਰੀ ਲਿਖਣੀ ਤੇ ਗਾਉਣੀ ਘਰੇ ਹੀ ਸ਼ੁਰੂ ਕਰ ਦਿੱਤੀ ਸੀ। ਸਕੂਲੀ ਸਿੱਖਿਆ ਤੇ ਉਸਤਾਦਾਂ ਦੀ ਸੁਹਿਰਦਤਾ ਦੁਆਰਾ ਰਚਨਾਤਮਿਕ ਪ੍ਰਤਿਭਾ ਵਿਚ ਹੋਰ ਵਾਧਾ ਹੋਇਆ, ਨਤੀਜਤਨ ਵਿਦਿਆਰਥੀ ਸੋਹਣ ਸਿੰਘ ਨੇ ਅਠਵੀਂ ’ਚ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਕਰਵਾਏ ਗਏ ਲੇਖ-ਮੁਕਾਬਲੇ ਵਿਚ ‘ਤੰਦਰੁਸਤੀ’ ਵਿਸ਼ੇ ’ਪਰ ਲੇਖ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਉਨ੍ਹਾਂ ਦੀ ਕਾਬਲੀਅਤ ਦਾ ਪਹਿਲਾ ਸਨਮਾਨ ਸੀ।

2. ਸੰਨ 1962 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਕਾਲੇ ਪਰਛਾਵੇਂ’ ਨਾਵਲ ਨੂੰ ਪੁਰਸਕ੍ਰਿਤ ਕੀਤਾ ਗਿਆ।

3. ਭਾਰਤ ਸਰਕਾਰ ਦੀ ਐਜੂਕੇਸ਼ਨ ਮਨਿਸਟਰੀ ਵਾਸਤੇ ‘ਬਾਲਗ ਸਾਹਿਤ’ ਲਈ ਲਿਖਵਾਏ ਗਏ, ਤਿੰਨ ਨਿੱਕੇ ਨਾਵਲਾਂ ‘ਸੁਰਗ-ਸਵੇਰਾ’, ਹਿਮਾਲਿਆ ਦੇ ਰਾਖੇ’ ਅਤੇ ‘ਸਭੇ ਸਾਝੀਵਾਲ ਸਦਾਇਨਿ’ ਨੂੰ ਵਾਰੋ-ਵਾਰੀ 1962, 64, ਅਤੇ 1966ਵੇਂ ਵਰ੍ਹੇ, ਮੁਕਾਬਲਿਆਂ ਵਿਚ ਅਠਵੇਂ, ਦਸਵੇਂ ਤੇ ਬਾਰ੍ਹਵੇਂ ਸਥਾਨ ’ਪਰ ਇਨਾਮ ਦਿੱਤੇ ਗਏ ਸਨ।

4. ਉਹਨਾਂ ਨੂੰ ਸੰਨ 1974 ਵਿਚ ‘ਜੁੱਗ ਬਦਲ ਗਿਆ’ ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ।

5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ 1979 ਵਿਚ ਗਿ. ਸੋਹਣ ਸਿੰਘ ਸੀਤਲ ਨੂੰ ‘ਸ਼੍ਰੋਮਣੀ ਢਾਡੀ’ ਵਜੋਂ ਪੁਰਸਕਾਰਿਤ ਕੀਤਾ ਗਿਆ।

6. ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਨ 1983 ਵਿਚ ‘ਸ਼੍ਰੋਮਣੀ ਢਾਡੀ’ ਵਜੋਂ’ ਸਨਮਾਨ ਮਿਲਿਆ।

7. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 1987 ਦਾ ‘ਕਰਤਾਰ ਸਿੰਘ ਧਾਲੀਵਾਲ’ ਪੁਰਸਕਾਰ ਮਿਲਿਆ।

8. 1993 ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਮਿਲਿਆ।

9. 1994 ’ਚ ਪੰਜਾਬੀ ਸੱਥ ਲਾਂਬੜਾਂ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਪ੍ਰਦਾਨ ਕੀਤਾ ਗਿਆ।

10. ਹੋਰ ਅਨੇਕਾਂ ਸਾਹਿਤਕ, ਸਭਿਆਚਾਰਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਗਿ. ਸੋਹਣ ਸਿੰਘ ਸੀਤਲ ਜੀ ਦੀ ਸਖ਼ਸ਼ੀਅਤ ਨੂੰ ਅੰਤਾਂ ਦਾ ਸਤਿਕਾਰ ਅਤੇ ਮਾਨਾਂ- ਸਨਮਾਨਾਂ ਨਾਲ ਸਲਾਹਿਆ ਤੇ ਵਡਿਆਇਆ ਗਿਆ ਹੈ।

9. ਦਰਪੇਸ਼ ਚੁਨੌਤੀਆਂ:

ਸਿੱਖ ਧਰਮ ਦੀ, ਜਾਗਰੂਕ ਪੰਥਪ੍ਰਸਤ ਪਾਠਕਾਂ ਵੱਲੋਂ ਪੂਰੇ ਸੰਸਾਰ ਦੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਸਕਣ ਦੀ ਭਵਿੱਖ ਮੁਖੀ ਵਿਲੱਖਣ ਸਮਰੱਥਾ ਸਬੰਧੀ ਦੁਨੀਆਂ ਦੇ ਵੱਖ-ਵੱਖ ਸ੍ਰੇਸ਼ਟ ਚਿੰਤਕਾਂ, ਫਿਲਾਸਫ਼ਰਾਂ, ਵਿਦਵਾਨਾਂ ਤੇ ਪ੍ਰਤਿਸ਼ਠਿਤ ਹਸਤੀਆਂ ਦੀਆਂ ਟਿੱਪਣੀਆਂ ਪ੍ਰਿੰਟ ਮੀਡੀਆ ਵਿਚ ਵੇਖੀਆਂ ਜਾ ਸਕਦੀਆਂ ਹਨ। ਅਸੀਂ ਇਥੇ ਕੇਵਲ ਬਰਟਰੈਂਡ ਰਸਲ ਦੀ ਟਿੱਪਣੀ ਦਾ ਹੀ ਜ਼ਿਕਰ ਕਰਨਾ ਚਾਹਾਂਗੇ:-

:- Bertrand Russell (Philosopher, Mathematician 1872- 1970)

If some lucky men survive the onslaught of the thirdworld war of atomic and hydrogen bombs, then the Sikh religion will be the only means of guiding them. When asked, isn’t this religion capable of guiding mankind before the third world war? He said, ‘Yes it has the capability, but the Sikhs haven’t brought out in the broad daylight the splendid doctrines of this religion, which has come into existence for the benefit of the entire mankind. This is their greatest sin and the Sikhs cannot be freed of it.’

ਸਮਾਂ ਰਹਿੰਦਿਆਂ ਯੋਗ ਉਦਮ ਤੇ ਉਪਰਾਲੇ ਅਰੰਭੇ ਜਾਣੇ ਸਮੇਂ ਦੀ ਪੁਕਾਰ ਹੈ:

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ (794)

ਸਕੂਲ-ਕਾਲਜ ਪੜ੍ਹਦਿਆਂ ਇਨ੍ਹਾਂ ਸਤਰਾਂ ਦੇ ਲੇਖਕ ਤੇ ਸਹਿਪਾਠੀਆਂ ਉਪਰ ਵੀ ਸੀਤਲ ਜੀ ਦੀਆਂ ਵਾਰਾਂ ਤੇ ਵਖਿਆਨ ਸੁਣਨ ਦਾ ਚਾਉ ਜਿਹਾ ਚੜ੍ਹਿਆ ਰਹਿੰਦਾ ਸੀ, ਨੇੜੇ-ਤੇੜੇ ਦੇ ਕਿਸੇ ਸਮਾਗਮ ਵਿਚ ਵੀ ਸੀਤਲ ਜੀ ਦੇ ਢਾਡੀ ਜਥੇ ਦੇ ਆਉਣ ਦੀ ਖਬਰ ਮਿਲਦਿਆਂ ਅਸੀਂ ਜ਼ਰੂਰ ਸਮੇਂ ਤੋਂ ਪਹਿਲਾਂ ਪਹੁੰਚਦੇ ਸਾਂ। ‘ਸੀਤਲ’ ਤੱਤਕਾਲੀਨ ਕੌਮੀ ਸਿੱਖ-ਮਸਲਿਆਂ ਅਤੇ ਦਰਪੇਸ਼ ਚੁਨੌਤੀਆਂ ਤੋਂ ਭਲੀ ਪ੍ਰਕਾਰ ਸੁਚੇਤ ਸੀ ਕਿਉਂਕਿ ਉਹ ਸ਼ੁਰੂ ਤੋਂ ਅਕਾਲੀ ਲਹਿਰ ਨਾਲ ਜੁੜ ਕੇ ਪੰਥਕ ਵਿਚਾਰਧਾਰਾ ਦੇ ਸਰੋਕਾਰਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਸੀ। ਸਿਰਮੌਰ ਢਾਡੀ ਦੀ, ਜਵਾਨੀ ਦੇ ਸਮੇਂ ਤੋਂ ਹੀ ਜਾਣੀਆਂ- ਪਛਾਣੀਆਂ ਸਿੱਖ-ਸਖਸ਼ੀਅਤਾਂ ਜਿਵੇਂ ਕਿ ਗਿ. ਕਰਤਾਰ ਸਿੰਘ, ਸ. ਪ੍ਰਤਾਪ ਸਿੰਘ ਕੈਰੋਂ, ਗਿ. ਜੈਲ ਸਿੰਘ ਅਦਿ ਨਾਲ ਨਿੱਜੀ ਦੋਸਤੀ ਰਹੀ ਪਰ ਉਸਨੇ ਕਦੇ ਵੀ ਬੇ-ਅਸੂਲਾ ਸਮਝੌਤਾ ਨਹੀਂ ਕੀਤਾ। ਸੀਤਲ ਯਕੀਨਨ ਸਿਰੜ, ਧੁਨ ਦਾ ਪੱਕਾ, ਮਿਠ-ਬੋਲੜਾ, ਸਭ ਦਾ ਭਲਾ ਚਾਹੁੰਣ ਵਾਲਾ, ਗੁਰਬਾਣੀ ਦਾ ਰਸੀਆ ਤੇ ਉੱਚੇ-ਸੁੱਚੇ ਆਚਰਨ ਵਾਲਾ ਵਿਅਕਤੀ ਸੀ।‘ਸੀਤਲ ਚੰਗਿਆੜੇ’ ਪੁਸਤਕ ਦੇ ਤਤਕਰੇ ਵਾਲੇ ਪੰਨੇ ਦੇ ਪਿਛਲੇ ਪਾਸੇ ਅੰਕਿਤ ਲਿਖਤ ਮੈਨੂੰ ਕਦੀ ਨਹੀਂ ਭੁੱਲ ਸਕਦੀ-

ਅਮਨ ਦੇ ਸਮੇਂ ਵਿਚ
ਕੱਚ ਦੀਆਂ ਵੰਗਾਂ ਘੜੀਆਂ ਜਾਂਦੀਆਂ ਹਨ,
ਪਰ ਲੜਾਈ ਵਿਚ,
ਕੌਮਾਂ ਦੀਆਂ ਕਿਸਮਤਾਂ ਬਣਦੀਆਂ ਹਨ

ਸੋ, ਪਹਿਲ ਨਾ ਕਰੋ, ਤੇ ਲੜਾਈ ਵਾਸਤੇ ਸਦਾ ਤਿਆਰ-ਬਰ-ਤਿਆਰ ਰਹੋ। ‘ਸੀਤਲ’

10. ਸਿੱਖੀ ਸਿਦਕ :

ਗੁਰਮਤਿ ਅਸੂਲਾਂ ਪ੍ਰਤੀ ਦ੍ਰਿੜ੍ਹਤਾ ਅਤੇ ਸਿੱਖੀ ਸਿਦਕ ਦੇ ਅਮਲੀ ਜੀਵਨ ਪੱਖੋਂ ਸੀਤਲ ਜੀ ਦੀ ਪ੍ਰਤੀਬੱਧਤਾ ਸਬੰਧੀ ਅਸੀਂ ‘ਖੋਜ ਪੱਤ੍ਰਿਕਾ’ ਮਾਰਚ 1992 (ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੇ ਪੰਨਾ 368 ’ਪਰ ਦਰਜ ਇਕ ਮਿਲਣੀ ਦੇ ਹਵਾਲੇ ਤੋਂ ਅੰਦਾਜ਼ਾ ਲਗਾ ਸਕਦੇ ਹਾਂ, ਸੀਤਲ ਜੀ ਦੀ ਆਪਣੀ ਜ਼ੁਬਾਨੀ-ਮੈਂ ਇੰਗਲੈਂਡ ਗਿਆ ਹੋਇਆ ਸਾਂ। ਇਕ ਸੱਜਣ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਉਹ ਸਾਨੂੰ (ਜਥੇ ਨੂੰ) ਕਾਰਾਂ ਵਿਚ ਬਿਠਾ ਕੇ ਕਈ ਸੌ ਮੀਲ ਦੂਰ ਆਪਣੇ ਘਰ ਲੈ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਸ ਦੇ ਘਰ ਕੋਈ ਪਾਰਟੀ ਸੀ ਜਿਸ ਵਿਚ ਉਹ ਸਾਨੂੰ ਸੁਣਨਾ ਚਾਹੁੰਦੇ ਸਨ।ਮੈਂ ਕਿਹਾ ਮੈਨੂੰ ਉਹ ਜਗ੍ਹਾ ਦਿਖਾਉ ਜਿੱਥੇ ਅਸੀਂ ਕੀਰਤਨ ਕਰਨਾ ਹੈ। ਮੈਂ ਦੇਖਿਆ, ਬਹੁਤ ਖੂਬਸੂਰਤ ਪੰਡਾਲ ਵਿਚ ਸ਼ਰਾਬ ਦਾ ਕਾਊਂਟਰ ਬਣਾਇਆ ਹੋਇਆ ਸੀ, ਪਤਾ ਲੱਗਾ ਪਾਰਟੀ ਵਿਚ ਸ਼ਰਾਬ ਵੀ ਵਰਤਾਈ ਜਾਣੀ ਹੈ। ਮੈਂ ਸਿਰ ਫੇਰ ਦਿੱਤਾ ਅਤੇ ਕਿਹਾ ਕਿ ਮੈਂ ਬਿਲਕੁਲ ਨਹੀਂ ਗਾਵਾਂਗਾ। ਹਾਂ, ਇਕ ਸ਼ਰਤ ਤੇ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦੇਵੋ। ਉਨ੍ਹਾਂ ਸੱਜਣਾਂ ਨੇ ਕਿਹਾ, ਜ਼ਿਦ ਨਾ ਕਰੋ, ਕਿਉਂਕਿ ਹਰ ਕੋਈ ਖੁਸ਼ ਹੋ ਕੇ ਪੌਂਡ ਦੇਵੇਗਾ। ਪਰ ਮੇਰੀ ਆਤਮਾ ਨਾ ਮੰਨੀ ਤੇ ਸਾਫ਼ ਇਨਕਾਰ ਕਰ ਦਿੱਤਾ ਕਿ ਜਿੱਥੇ ਕੋਈ ਸ਼ਰਾਬ ਪੀ ਕੇ ਬੈਠਾ ਹੋਵੇ ਉੱਥੇ ਮੈਂ ਗੁਰੂ ਸਾਹਿਬ ਦੇ ਪ੍ਰਸੰਗ ਦਾ ਇਕ ਸ਼ਬਦ ਵੀ ਨਹੀਂ ਬੋਲਾਂਗਾ। ਇਸ ਨੂੰ ਭਾਵੇਂ ਮੇਰਾ ਘੁਮੰਡ ਸਮਝੋ ਜਾਂ ਮੂਰਖਤਾ, ਮੈਂ ਗੁਰ ਮਰਿਯਾਦਾ ਦੇ ਟਾਕਰੇ ਤੇ ਕਦੇ ਕੋਈ ਸਮਝੌਤਾ ਜਾਂ ਲਾਲਚ ਨਹੀਂ ਕੀਤਾ। ਉਪਰੋਕਤ ਬਿਆਨ ਦੇ ਮੱਦੇ-ਨਜ਼ਰ ਅੱਜ ਸਾਨੂੰ ਸੇਧ ਲੈਣ ਦੀ ਲੋੜ ਹੈ।

ਸਿੱਖ ਕੌਮ ਦਾ ਸ਼੍ਰੋਮਣੀ ਢਾਡੀ, ਨਾਮ-ਰੰਗ ਰੱਤੜਾ ਗੁਰਸਿੱਖ ਪਿਆਰਾ, ਉਹ ਸਭਨਾਂ ਦਾ ਪਿਆਰਾ ਗਿ. ਸੋਹਣ ਸਿੰਘ ਸੀਤਲ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਇਸ ਫ਼ਾਨੀ ਸੰਸਾਰ ਤੋਂ ਮਿਤੀ 23/9/1998 ਨੂੰ ਚਲਾਣਾ ਕਰ ਗਿਆ, ਪਰ ਉਹ ਆਪਣੀਆਂ ਲਿਖਤਾਂ ਦੇ ਰੂਪ ’ਚ ਅੱਜ ਵੀ ਸਾਡੀ ਮਾਨਸਿਕਤਾ ਵਿਚ ਪੰਥਪ੍ਰਸਤੀ ਤੇ ਗੁਰਸਿੱਖੀ ਕਿਰਦਾਰ ਨੂੰ ਹਲੂਣੇ ਦੇ ਰਹੇ ਹਨ। ਗਿਆਨੀ ਸੋਹਣ ਸਿੰਘ ਜੀ ਸੀਤਲ ਹੁਰਾਂ ਦੀ ਜਨਮ-ਸ਼ਤਾਬਦੀ ਦੇ ਮੌਕੇ, ਜੇ ਅਸੀਂ ਸਾਵਧਾਨ ਹੋ ਕੇ ਗੁਰਬਾਣੀ ਸਿਧਾਂਤਾਂ ਤੇ ਉਦੇਸ਼ਾਂ ਦੀ ਸਹੀ-ਸਹੀ ਵਿਆਖਿਆ ਦੇ ਨਾਲੋ-ਨਾਲ ਆਪਣੇ ਨਿੱਜੀ ਕਿਰਦਾਰ, ਰਹਿਣੀ-ਬਹਿਣੀ ਤੇ ਅਮਲੀ ਜੀਵਨ ਦੇ ਵਰਤਾਰੇ ਵਿਚ ਗੁਰਮੁਖੀ-ਪਕਿਆਈ ਦਾ ਪ੍ਰਤੱਖ ਤੇ ਪਰੋਖ ਪ੍ਰਦਰਸ਼ਨ ਸੰਸਾਰ ਦੇ ਸਨਮੁਖ ਪੇਸ਼ ਕਰ ਸਕੀਏ ਤਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਨਿਰਮਲ ਪੰਥ-ਖਾਲਸਾ ਵਾਸਤੇ ਭਵਿੱਖ ਵਿਚ ਵਿਸ਼ਵ ਦਾ ਸਰਵ-ਸਵੀਕਾਰਿਤ ਮਾਨਵ-ਧਰਮ ਬਣ ਜਾਣ ਦੀਆਂ ਸੰਭਾਵਨਾਵਾਂ ਉਜਾਗਰ ਹੋਣ ਦਾ ਸਮਾਂ ਦੂਰ ਨਹੀਂ ਹੋਵੇਗਾ, ਸਤਿਗੁਰੂ ਬਖਸ਼ਿਸ਼ ਕਰਨ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸੰਪਾਦਕ ‘ਗੁਰਮਤਿ ਗਿਆਨ’, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)