editor@sikharchives.org

ਨੀਂਹਾਂ ’ਚ ਖੜ੍ਹੇ ਮੁਸਕਰਾਉਂਦੇ ਦੋ ਚਾਨਣ ਦੇ ਮੁਨਾਰੇ

ਸੂਬੇ ਦੇ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਬੜੇ ਮਾਣਮੱਤੇ ਢੰਗ ਨਾਲ ਸਿਰ ਉੱਚਾ ਕਰ ਕੇ, ਛਾਤੀ ਤਾਣ ਕੇ ਅਤੇ ਬਾਹਾਂ ਉਲਾਰ ਕੇ ਉੱਚੀ ਆਵਾਜ਼ ਵਿਚ ਖ਼ਾਲਸਾਈ ਅਣਖ ਅਤੇ ਆਨ-ਸ਼ਾਨ ਦਾ ਪ੍ਰਤੀਕ ਮੁਲਾਕਾਤੀ ਨਾਅਰਾ/ਜੈਕਾਰਾ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ” ਉਚਾਰਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਉਂਞ ਤਾਂ ਸਿੱਖ ਇਤਿਹਾਸ ਦੀ ਹਰ ਸ਼ਹਾਦਤ ਆਪਣੇ ਸੁਭਾਅ, ਸਰੂਪ ਅਤੇ ਪ੍ਰਭਾਵ ਪੱਖੋਂ ਵੱਖਰੀ ਅਤੇ ਬੇਮਿਸਾਲ ਹੈ ਪਰ ਸਿੱਖ ਸ਼ਹੀਦੀਆਂ ਦੀ ਲੰਮੀ ਅਟੁੱਟ ਪਰੰਪਰਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਸਿਦਕ ਭਰ ਵਗਦਾ ਦਰਿਆ ਮਾਂ ਗੁਜਰੀ ਜੀ ਦੀ ਸਰਹਿੰਦ ਵਿਖੇ ਹੋਈ ਸ਼ਹਾਦਤ ਕਈ ਪੱਖੋਂ ਜਿਵੇਂ ਸ਼ਹੀਦ ਬੱਚਿਆਂ ਦੀਆਂ ਨਿੱਕੀਆਂ ਉਮਰਾਂ, ਸ਼ੀਰ-ਖੋਰੇ (ਦੁੱਧ ਪੀਂਦੇ) ਛੋਟੇ ਲਾਲਾਂ ਨੂੰ ਸ਼ਹੀਦ ਕਰਨ ਦੇ ਬਿਲਕੁਲ ਹੀ ਵੱਖਰੀ ਕਿਸਮ ਦੇ ਬੇਕਿਰਕ ਢੰਗ-ਤਰੀਕਿਆਂ ਅਤੇ ਲੋਕਾਂ ਉੱਪਰ ਸ਼ਹਾਦਤ ਦੇ ਪਏ ਬੇਹੱਦ ਤਿੱਖੇ ਵੇਦਨਾਮਈ ਪ੍ਰਭਾਵਾਂ ਪੱਖੋਂ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਕੁਰਬਾਨੀਆਂ ਦੇ ਇਤਿਹਾਸ ਵਿਚ ਬਿਲਕੁਲ ਵਿਲੱਖਣ ਅਤੇ ਲਾਸਾਨੀ ਹੈ; ਆਪਣੀ ਮਿਸਾਲ ਆਪ ਹੈ।

ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਬੇਮਿਸਾਲ ਚਮਕਦਾਰ ਕੁਰਬਾਨੀ ਤੋਂ ਇਲਾਵਾ ਉਨ੍ਹਾਂ ਦੀ ਮੁੱਢਲੀ ਵੱਡੀ ਪਹਿਚਾਣ ਇਹ ਹੈ ਕਿ ਉਹ ਸਰਬੰਸਦਾਨੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸੂਰਬੀਰ ਸਪੁੱਤਰ, ਮਨੁੱਖੀ ਆਜ਼ਾਦੀ ਅਤੇ ਅਧਿਕਾਰਾਂ ਦੇ ਮੋਢੀ ਰਖਵਾਲੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿਦਕ ਦਾ ਭਰ ਵਗਦਾ ਦਰਿਆ ਮਾਂ ਗੁਜਰੀ ਜੀ ਦੇ ਕੋਹਿਨੂਰ ਹੀਰਿਆਂ ਜਿਹੇ ਚਮਕਦਾਰ ਪੋਤਰੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਮੀਰੀ-ਪੀਰੀ ਦੇ ਮਾਲਕ ਬਲਕਾਰੀ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤੇਜੱਸਵੀ ਪੜਪੋਤਰੇ ਅਤੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਤਿ ਸਿਦਕਵਾਨ ਨਕੜ-ਪੜਪੋਤਰੇ ਸਨ। ਉਪਰੋਕਤ ਜਣਨਿਕ (genetical) ਅਤੇ ਆਤਮਿਕ ਵਿਰਾਸਤ ਤੋਂ ਸਪੱਸ਼ਟ ਹੈ ਕਿ ਸਾਹਿਬਜ਼ਾਦੇ ਕਿਸ ਨੂਰਾਨੀ ਅਤੇ ਗੌਰਵਸ਼ਾਲੀ ਮਿੱਟੀ ਦੇ ਜਾਏ ਸਨ।

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਵਿੱਤਰ ਕੁੱਖੋਂ ਸੰਮਤ 1753 ਬਿਕ੍ਰਮੀ ਨੂੰ ਅਨੰਦਪੁਰ ਸਾਹਿਬ ਦੀ ਰਮਣੀਕ ਧਰਤੀ ’ਤੇ ਹੋਇਆ। ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ‘ਖਾਲਸੇ ਦੀ ਸਿਰਜਣਾ’ ਦੀ ਮਹਾਨ ਘਟਨਾ (1699 ਈ.) ਤੋਂ ਕੁਝ ਸਮਾਂ ਪਹਿਲਾਂ ਸੰਮਤ 1755 ਬਿਕ੍ਰਮੀ ਨੂੰ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ।

ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀ ਵਿਸ਼ਾਲ ਸੈਨਾ ਨਾਲ ਲੰਮੀ ਜੰਗ ਉਪਰੰਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਪਿੱਛੋਂ ਅਤੇ ਸਿਰਸਾ ਨਦੀ ’ਤੇ ਪਏ ਪਰਵਾਰ ਵਿਛੋੜੇ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਕੱਚੀ ਗੜ੍ਹੀ ਅੰਦਰ ਦੁਸ਼ਮਣ ਫੌਜਾਂ ਦੇ ਟਿੱਡੀ ਦਲ ਨਾਲ ਹੋਈ ਵੱਡੀ ਅਤੇ ਬੇਮਿਸਾਲ ਇਤਿਹਾਸਕ ਜੰਗ ਵਿਚ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ, ਜਦੋਂ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਗੰਗੂ ਦੇ ਲਾਲਚ ਤੇ ਉਸ ਵੱਲੋਂ ਕਮਾਏ ਕਮੀਨਗੀ ਭਰੇ ਧਰੋਹ ਸਦਕਾ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਦੀ ਪਕੜ ਵਿਚ ਆ ਗਏ ਅਤੇ ਫਿਰ ਸਰਹਿੰਦ ਵਿਖੇ ਹੀ ਅਕਹਿ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਪ੍ਰਾਪਤ ਹੋਏ। ਸਰਹਿੰਦ ਦੀ ਧਰਤੀ ’ਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਹੋਈਆਂ ਸ਼ਹਾਦਤਾਂ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦੇਣ ਵਾਲੀਆਂ ਉਹ ਅਤਿ ਦਰਦਨਾਕ ਅਤੇ ਮਹਾਨ ਘਟਨਾਵਾਂ ਹਨ ਜੋ ਗੌਰਵਸ਼ਾਲੀ ਸਿੱਖ ਇਤਿਹਾਸ ਅੰਦਰ ਸਾਕਾ ਸਰਹਿੰਦ ਅਤੇ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ।

ਸੰਨ 1704 ਈਸਵੀ ਦੇ ਦਸੰਬਰ ਮਹੀਨੇ ਦਾ ਉਦੋਂ ਤੀਸਰਾ ਹਫਤਾ ਚੱਲ ਰਿਹਾ ਸੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਰਾਤ ਸਮੇਂ ਅਨੰਦਪੁਰ ਛੱਡਿਆ। ਆਨੰਦਪੁਰੀ ਦਾ ਤਿਆਗ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੁੱਚੇ ਪਰਵਾਰ ਅਤੇ ਤਕਰੀਬਨ 500 ਸਿੰਘਾਂ ਸਹਿਤ ਅਜੇ ਸਰਸਾ ਨਦੀ ਦੇ ਕਿਨਾਰੇ ਹੀ ਪਹੁੰਚੇ ਸਨ ਕਿ ਕੀਤੇ ਵਾਅਦਿਆਂ ਨੂੰ ਤੋੜਦਿਆਂ ਮੁਗ਼ਲ ਅਤੇ ਪਹਾੜੀ ਫੌਜਾਂ ਦੇ ਵੱਡੇ ਦਲ ਨੇ ਗੁਰੂ ਸਾਹਿਬ ਉੱਪਰ ਪਿੱਛੋਂ ਅਚਾਨਕ ਭਰਵਾਂ ਹੱਲਾ ਬੋਲ ਦਿੱਤਾ। ਅਣਕਿਆਸੇ ਤਿੱਖੇ ਹਮਲੇ ਕਾਰਨ ਚੁਫ਼ੇਰੇ ਭਗਦੜ ਮੱਚ ਗਈ। ਪਹਾੜਾਂ ਤੋਂ ਆਏ ਮੀਹਾਂ ਦੇ ਪਾਣੀ ਨਾਲ ਸ਼ੂਕਦੀ ਅਤੇ ਭਰ ਵਗਦੀ ਸਰਸਾ ਨਦੀ ਨੂੰ ਪਾਰ ਕਰਦਿਆਂ ਅਤੇ ਜ਼ੋਰਦਾਰ ਜੰਗ ਦੇ ਭਾਰੀ ਸ਼ੋਰ ਵਿਚ ਗੁਰੂ ਜੀ ਦਾ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ।

ਸਰਸਾ ਨਦੀ ’ਤੇ ਹੋਇਆ ਪਰਵਾਰ ਵਿਛੋੜਾ ਸਿੱਖ ਇਤਿਹਾਸ ਵਿਚ ਵਾਪਰੀ ਇਕ ਉਹ ਅਤਿ ਦਰਦਨਾਕ ਪਰ ਵੱਡੀ ਅਹਿਮ ਘਟਨਾ ਸੀ ਜਿਸ ਦੀ ਕੁੱਖ ਵਿੱਚੋਂ ਵੱਡੇ ਲਿਸ਼ਕਾਰੇ ਵਾਲੇ ਦੋ ਸ਼ਹੀਦੀ ਸਾਕਿਆਂ (ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ) ਦੀ ਟੁਣਕਾਰ ਸੁਣਾਈ ਦਿੰਦੀ ਹੈ। ਪਏ ਵਿਛੋੜੇ ਸਦਕਾ ਗੁਰੂ ਸਾਹਿਬ, ਉਨ੍ਹਾਂ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਚਾਲੀ ਸਿੰਘ ਚਮਕੌਰ ਸਾਹਿਬ ਵੱਲ ਨਿਕਲ ਪਏ ਜਦੋਂ ਕਿ ਦੋਵੇਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਆਪਣੇ ਨਾਲ ਮੋਰਿੰਡੇ ਦੇ ਨੇੜੇ ਅੰਬਾਂ ਦੀ ਓਟ ਵਿਚ ਵੱਸਦੇ ਆਪਣੇ ਪਿੰਡ ਖੇੜੀ ਲੈ ਆਇਆ। ਅੱਜਕਲ੍ਹ ਇਸ ਪਿੰਡ ਦਾ ਨਾਂ ਸਹੇੜੀ ਪ੍ਰਚਲਿਤ ਹੈ। ਇਸ ਪਿੰਡ ਤੋਂ ਹੀ ਸਾਕਾ ਸਰਹਿੰਦ ਦੇ ਵਾਪਰਨ ਦੇ ਸਮੁੱਚੇ ਇਤਿਹਾਸਕ ਘਟਨਾ-ਕ੍ਰਮ ਦਾ ਮੁੱਢ ਬੱਝਿਆ।

ਗੰਗੂ ਨੇ ਉਨ੍ਹਾਂ ਨੂੰ ਆਪਣੇ ਘਰ ਲੈ ਆਂਦਾ ਪਰ ਛੇਤੀ ਹੀ ਸਮੇਂ ਦਾ ਮਾਹੌਲ ਵੇਖ ਕੇ ਉਸ ਦਾ ਕਮਜ਼ੋਰ ਮਨ ਡੋਲ ਗਿਆ। ਉਹ ਆਪਣਾ ਮਾਨਸਿਕ ਸਮਤੋਲ ਕਾਇਮ ਨਾ ਰੱਖ ਸਕਿਆ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਮੁਗ਼ਲ ਹਕੂਮਤ ਵੱਡੇ ਬਾਗੀ ਗਰਦਾਨ ਚੁੱਕੀ ਸੀ ਅਤੇ ਉਨ੍ਹਾਂ ਦੇ ਮਗਰ ਹੱਥ ਧੋ ਕੇ ਪਈ ਹੋਈ ਸੀ। ਚੁਫ਼ੇਰੇ ਮੁਗ਼ਲ ਫੌਜਾਂ ਦਨਦਨਾਉਂਦੀਆਂ ਫਿਰ ਰਹੀਆਂ ਸਨ। ਗੁਰੂ ਜੀ ਅਤੇ ਉਨ੍ਹਾਂ ਦੇ ਪਰਵਾਰ ਦੀ ਪੈੜ ਨੱਪਦੀ ਵਿਸ਼ੇਸ਼ ਸੂਹੀਆ ਪੁਲਿਸ ਦੀ ਇਲਾਕੇ ਵਿਚ ਭਰੀ ਦਹਿਸ਼ਤ ਸੀ। ਬਾਗ਼ੀ ਪਰਵਾਰ ਬਾਰੇ ਕਿਸੇ ਪ੍ਰਕਾਰ ਦੀ ਸੂਹ ਦੇਣ ਵਾਲਿਆਂ ਅਤੇ ਮੁਖ਼ਬਰੀ ਕਰਨ ਵਾਲਿਆਂ ਲਈ ਭਾਰੀ ਇਨਾਮਾਂ ਅਤੇ ਜਾਗੀਰਾਂ ਦੇ ਐਲਾਨ ਵੀ ਹੋ ਰਹੇ ਸਨ। ਐਸੇ ਡਰ, ਦਹਿਸ਼ਤ ਅਤੇ ਲੋਭ-ਲਾਲਚ ਨਾਲ ਭਰਪੂਰ ਅਜੀਬ ਧੁੰਦਲਕੇ ਵਾਲੇ ਸਾਜ਼ਿਸ਼ੀ ਮਾਹੌਲ ਵਿਚ ਗੰਗੂ ਦਾ ਮਨ ਨਾ ਕੇਵਲ ਡੋਲ ਅਤੇ ਡਰ ਗਿਆ ਸਗੋਂ ਲੱਗਦੇ ਹੱਥ ਲਾਲਚ ਭਰੀ ਬੇਈਮਾਨੀ, ਮੱਕਾਰੀ ਅਤੇ ਕਮੀਨਗੀ ’ਤੇ ਵੀ ਉਤਰ ਆਇਆ। ਦੂਸਰੇ ਦਿਨ ਉਹ ਮੋਰਿੰਡੇ ਦੇ ਕੋਤਵਾਲ ਕੋਲ ਮੁਖ਼ਬਰੀ ਕਰ ਆਇਆ। ਮੋਰਿੰਡੇ ਦੇ ਕੋਤਵਾਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਸਪੁਰਦ ਕਰ ਦਿੱਤਾ।

ਜਾਬਰ ਵਜ਼ੀਰ ਖਾਂ ਜੋ ਕਿ ਇਨ੍ਹਾਂ ਦਿਨਾਂ ਦੌਰਾਨ ਚਮਕੌਰ ਦੀ ਜੰਗ ਤੋਂ ਵਾਪਸ ਪਰਤਿਆ ਸੀ ਅਤੇ ਕਲਗੀਆਂ ਵਾਲੇ ਪਾਤਸ਼ਾਹ ਨਾਲ ਹੋਈਆਂ ਜੰਗਾਂ ਵਿਚ ਭਾਰੀ ਫੌਜੀ ਨੁਕਸਾਨ ਕਰਵਾ ਕੇ ਵੀ ਜਿੱਤ ਦੀ ਕੋਈ ਤਸੱਲੀ ਨਾ ਮਿਲਣ ਕਰਕੇ ਨਮੋਸ਼ੀ ਦੀ ਹਾਲਤ ਵਿਚ ਡਾਢਾ ਖਿਝਿਆ ਅਤੇ ਤਲਖ ਹੋਇਆ ਪਿਆ ਸੀ; ਨੇ ਇਨ੍ਹਾਂ ਤਿੰਨਾਂ ਸ਼ਾਹੀ ਕੈਦੀਆਂ ਨੂੰ ਅਗਲੀ ਕਾਰਵਾਈ ਤਕ ਸਰਹਿੰਦ ਦੇ ਕਿਲ੍ਹੇ ਦੇ ਇਕ ਉੱਚੇ ਬੁਰਜ, ਜਿਸ ਨੂੰ ‘ਠੰਡਾ ਬੁਰਜ’ ਕਿਹਾ ਜਾਂਦਾ ਸੀ, ਵਿਚ ਨਜ਼ਰਬੰਦ ਕਰ ਦਿੱਤਾ।

‘ਠੰਡੇ ਬੁਰਜ’ ਵਿਚ ਨਜ਼ਰਬੰਦੀ ਦੇ ਦੌਰਾਨ ਜਿੱਥੇ ਸਾਹਿਬਜ਼ਾਦਿਆਂ ਨੂੰ ਵੱਖ-ਵੱਖ ਪ੍ਰਕਾਰ ਦੇ ਬੇਕਿਰਕ ਤਸੀਹੇ ਦਿੱਤੇ ਜਾਂਦੇ ਰਹੇ ਉਥੇ ਨਾਲ ਹੀ ਉਨ੍ਹਾਂ ਨੂੰ ਆਪਣੇ ਨਿਸ਼ਚੇ, ਧਰਮ ਅਤੇ ਸਿਦਕ ਤੋਂ ਥਿੜਕਾਉਣ ਅਤੇ ਉਨ੍ਹਾਂ ਦੀ ਉੱਚੀ ਸ਼ਾਨ ਨੂੰ ਮਿੱਟੀ ਵਿਚ ਮਿਲਾਉਣ ਦੇ ਮੰਤਵ ਨਾਲ ਬਾਰ-ਬਾਰ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕਰਕੇ ਵਡਿਆਉਣ, ਵਰਗਲਾਉਣ, ਡਰਾਉਣ-ਧਮਕਾਉਣ, ਝੁਕਾਉਣ, ਈਨ ਮਨਾਉਣ ਅਤੇ ਜ਼ਲੀਲ ਕਰਨ ਦੇ ਯਤਨ ਵੀ ਕੀਤੇ ਜਾਂਦੇ ਰਹੇ।

ਸੂਬੇ ਦੀ ਕਚਹਿਰੀ ਵਿਚ ਪਹਿਲੀ ਪੇਸ਼ੀ ਤੋਂ ਠੀਕ ਪਹਿਲਾਂ ਗੁਰੂ ਦੇ ਮਾਸੂਮ ਲਾਲਾਂ ਨੂੰ ਖੌਫ਼ਜ਼ਦਾ ਅਤੇ ਭੈਭੀਤ ਕਰਨ ਦੇ ਮੰਤਵ ਨਾਲ ਸੂਬੇ ਦੇ ਅਹਿਲਕਾਰਾਂ ਵੱਲੋਂ ਬੜੇ ਗਿਣੇ-ਮਿੱਥੇ ਸਾਜ਼ਿਸ਼ੀ ਢੰਗ ਨਾਲ ਇਹ ਦੱਸਿਆ ਗਿਆ ਕਿ ਉਨ੍ਹਾਂ ਦੇ ਦੋ ਵੱਡੇ ਭਰਾਵਾਂ ਨੂੰ ਚਮਕੌਰ ਦੀ ਜੰਗ ਵਿਚ ਕੋਹ-ਕੋਹ ਕੇ ਮਾਰ ਦਿੱਤਾ ਗਿਆ ਹੈ। ਉਨ੍ਹਾਂ ਇਹ ਝੂਠ ਵੀ ਬੋਲਿਆ ਕਿ ਉਨ੍ਹਾਂ ਦੇ ਪਿਤਾ ਨੂੰ ਵੀ ਮੁਗ਼ਲ ਹਕੂਮਤ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਜਰਕਾਊ ਅਤੇ ਭਰਮਾਊ ਜਾਣਕਾਰੀ ਮਿਲਣ ਦੇ ਬਾਵਜੂਦ ਸਾਹਿਬਜ਼ਾਦੇ ਬੜੀ ਚੜ੍ਹਦੀ ਕਲਾ ਅਤੇ ਸਿਦਕਦਿਲੀ ਨਾਲ ਕਚਹਿਰੀ ਵਿਚ ਪੇਸ਼ ਹੋਏ। ਸੂਬੇ ਦੇ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਬੜੇ ਮਾਣਮੱਤੇ ਢੰਗ ਨਾਲ ਸਿਰ ਉੱਚਾ ਕਰ ਕੇ, ਛਾਤੀ ਤਾਣ ਕੇ ਅਤੇ ਬਾਹਾਂ ਉਲਾਰ ਕੇ ਉੱਚੀ ਆਵਾਜ਼ ਵਿਚ ਖ਼ਾਲਸਾਈ ਅਣਖ ਅਤੇ ਆਨ-ਸ਼ਾਨ ਦਾ ਪ੍ਰਤੀਕ ਮੁਲਾਕਾਤੀ ਨਾਅਰਾ/ਜੈਕਾਰਾ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ” ਉਚਾਰਿਆ।

ਨਿੱਕੇ ਮਾਸੂਮ ਬੱਚਿਆਂ ਦੇ ਬੁਲੰਦ ਹੌਂਸਲੇ ਵੇਖ ਕੇ ਇਕ ਵਾਰ ਤਾਂ ਵਜ਼ੀਰ ਖਾਂ ਘਾਬਰ ਗਿਆ ਪਰ ਫਿਰ ਮੌਕਾ ਸਾਂਭਦਿਆਂ ਉਸ ਨੇ ਬੜੀ ਮੋਹ ਭਿੱਜੀ ਮੱਕਾਰੀ ਨਾਲ ਭਰੀ ਸਭਾ ਵਿਚ ਸਾਹਿਬਜ਼ਾਦਿਆਂ ਨੂੰ ਵਡਿਆਉਂਦਿਆਂ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਅਤੇ ਮਜ਼ੇ ਨਾਲ ਸ਼ਾਹੀ ਠਾਠ-ਬਾਠ ਵਾਲੀ ਜ਼ਿੰਦਗੀ ਬਤੀਤ ਕਰਨ ਦੀ ਪੇਸ਼ਕਸ਼ ਕੀਤੀ। ਇਵੇਂ ਕਰਕੇ ਦਰਅਸਲ ਉਹ ਦਸਮ ਪਾਤਸ਼ਾਹ ਦੇ ਏਸ ਉੱਚੇ ਆਦਰਸ਼ ‘ਹਮਰੇ ਬੰਸ ਰੀਤਿ ਇਹ ਆਈ; ਸੀਸ ਦੇਤਿ ਪਰ ਧਰਮ ਨਾ ਜਾਈ’ ਦੀ ਸ਼ਾਨ ਨੂੰ ਕਲੰਕਿਤ ਕਰਨਾ ਲੋਚਦਾ ਸੀ ਪਰ ਸਾਹਿਬਜ਼ਾਦਿਆਂ ਨੇ ਇਕਜੁੱਟ ਬੁਲੰਦ ਆਵਾਜ਼ ਵਿਚ ਐਸਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਦੇ ਲਾਲਾਂ ਦੇ ਸਪੱਸ਼ਟ ਇਨਕਾਰ ਨੇ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਾਨ ਨੂੰ ਚਾਰ ਚੰਨ ਲਾਏ ਉਥੇ ਵਜ਼ੀਰ ਖਾਂ ਨੇ ਇਸ ਨੂੰ ਆਪਣਾ ਵੱਡਾ ਅਪਮਾਨ ਮੰਨਿਆ। ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਚਮਕੌਰ ਸਾਹਿਬ ਵਿਖੇ ਗੁਰੂ ਜੀ ਨਾਲ ਹੋਈਆਂ ਜੰਗਾਂ ਵਿਚ ਭਾਰੀ ਨੁਕਸਾਨ ਅਤੇ ਅਸਫ਼ਲਤਾ ਦਾ ਮੂੰਹ ਵੇਖਣ ਕਰਕੇ ਉਹ ਪਹਿਲਾਂ ਹੀ ਡਾਢਾ ਖਪਿਆ-ਤਪਿਆ ਅਤੇ ਜ਼ਖ਼ਮੀ ਹੋਇਆ ਬੈਠਾ ਸੀ। ਇਸ ਸੱਜਰੇ ਅਪਮਾਨ ਨੇ ਬਲਦੀ ਉੱਪਰ ਅੱਗ ਦਾ ਕੰਮ ਕੀਤਾ। ਗੁੱਸੇ ਵਿਚ ਭੜਕਿਆ ਸੂਬਾ ਸਾਹਿਬਜ਼ਾਦਿਆਂ ਨੂੰ ਡਰਾਉਣ ਅਤੇ ਧਮਕਾਉਣ ’ਤੇ ਉਤਰ ਆਇਆ। ਇਸਲਾਮ ਕਬੂਲ ਨਾ ਕਰਨ ਦੀ ਸੂਰਤ ਵਿਚ ਉਸ ਨੇ ਮਾਸੂਮ ਬੱਚਿਆਂ ਨੂੰ ਨੰਗੀ ਤਲਵਾਰ ਹਵਾ ਵਿਚ ਲਹਿਰਾਉਂਦਿਆਂ ਅਤੇ ਅੱਗ ਵਰ੍ਹਾਉਂਦੀਆਂ ਅੱਖਾਂ ਨਾਲ ਖੜੇ ਪੈਰ ਕਤਲ ਕਰ ਦੇਣ ਦੀ ਧਮਕੀ ਦਿੱਤੀ। ਉਮਰਾਂ ਵਿਚ ਨਿੱਕੇ ਪਰ ਆਤਮਕ ਤੌਰ ’ਤੇ ਬਹੁਤ ਹੀ ਵੱਡੇ ਅਤੇ ਬਲਕਾਰੀ ਸਾਹਿਬਜ਼ਾਦੇ ਵਜ਼ੀਰ ਖਾਂ ਦੀਆਂ ਧਮਕੀਆਂ ਤੋਂ ਬਿਲਕੁਲ ਬੇਲਾਗ ਅਵਸਥਾ ਵਿਚ ਆਪਣੇ ਨਿਸ਼ਚੇ, ਧਰਮ ਅਤੇ ਸਿੱਖੀ-ਸਿਦਕ ’ਤੇ ਕਾਇਮ ਰਹੇ। ਕੋਈ ਚਾਰਾ ਚਲਦਾ ਨਾ ਵੇਖ ਆਖਰਕਾਰ ਬੇਵਸੀ ਦੇ ਆਲਮ ਵਿਚ ਵਿਸ ਘੋਲਦੇ ਸੂਬੇਦਾਰ ਨੇ ਅਹਿਲਕਾਰਾਂ ਨੂੰ, ਬੱਚਿਆਂ ਨੂੰ ਅਗਲੀ ਸਵੇਰ ਮੁੜ ਕਚਹਿਰੀ ਵਿਚ ਪੇਸ਼ ਕਰਨ ਦਾ ਕੜਕਦਾ ਹੁਕਮ ਚਾੜ੍ਹਦਿਆਂ ਕਚਹਿਰੀ ਬਰਖ਼ਾਸਤ ਕਰ ਦਿੱਤੀ।

ਵਜੀਰ ਖਾਂ ਦੀ ਅਨਭੋਲ ਬਾਲਕਾਂ ਨੂੰ ਕਿਸੇ ਵੀ ਤਰੀਕੇ ਝੁਕਾਉਣ ਅਤੇ ਜ਼ਲੀਲ ਕਰਨ ਦੀ ਦਿਲੀ ਤਮੰਨਾ ਨੂੰ ਮੁੱਖ ਰੱਖਦਿਆਂ ਉਸ ਦੇ ਕੁਝ ਝੋਲੀਚੁੱਕ ਅਤੇ ਚਾਪਲੂਸ ਦਰਬਾਰੀਆਂ/ਅਹਿਲਕਾਰਾਂ ਨੇ ਅਗਲੀ ਸਵੇਰ ਕਚਹਿਰੀ ਵਿਚ ਪੇਸ਼ੀ ਸਮੇਂ ਕਚਹਿਰੀ ਦਾ ਮੁੱਖ ਗੇਟ ਜਾਣ-ਬੁੱਝ ਕੇ ਬੰਦ ਕਰ ਦਿੱਤਾ ਅਤੇ ਸਾਹਿਬਜ਼ਾਦਿਆਂ ਨੂੰ ਛੋਟੇ ਨੀਵੇਂ ਦਰਵਾਜ਼ੇ ਰਾਹੀਂ ਸੂਬੇਦਾਰ ਦੇ ਦਰਬਾਰ ਵਿਚ ਪੇਸ਼ ਕੀਤਾ। ਆਤਮਕ ਤੌਰ ’ਤੇ ਉੱਚੇ- ਸੁੱਚੇ ਅਤੇ ਬਹੁਤ ਵੱਡੇ (ਬਾਬਾ ਕਹਾਉਣ ਦੇ ਹੱਕਦਾਰ) ਨਿੱਕੇ-ਨਿੱਕੇ ਬੱਚੇ ਦਰਬਾਰੀਆਂ ਦੀ ਇਸ ਚਾਲ ਨੂੰ ਸੁਤੇਸਿਧ ਹੀ ਤਾੜ ਗਏ। ਉਨ੍ਹਾਂ ਨਿੱਕੇ ਦਰਵਾਜ਼ੇ ਰਾਹੀਂ ਵਾਰੋ-ਵਾਰੀ ਪਹਿਲਾਂ ਆਪਣੇ ਪੈਰ ਅੰਦਰ ਕੀਤੇ ਫਿਰ ਸਿਰ ਉੱਚਾ ਰੱਖਦਿਆਂ ਅਤੇ ਛਾਤੀ ਤਾਣਦੇ ਹੋਏ ਸਮੁੱਚੇ ਧੜਾਂ ਨੂੰ ਦਰਵਾਜ਼ੇ ਦੇ ਅੰਦਰਵਾਰ ਕਰ ਲਿਆ। ਉਪਰੰਤ ਸਿਦਕ-ਜਲਾਲ ਦੇ ਕਿਸੇ ਇਲਾਹੀ ਜ਼ਾਬਤੇ ਵਿਚ ਅੱਗੇ ਵਧਦਿਆਂ ਉਨ੍ਹਾਂ ਸੂਬੇ ਦੇ ਠੀਕ ਸਾਹਮਣੇ ਖਲੋ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਤੇ ਆਪਣੀਆਂ ਨਿੱਕੀਆਂ-ਨਿੱਕੀਆਂ ਸੱਜੀਆਂ ਬਾਹਾਂ ਨੂੰ ਉੱਚਿਆਂ ਉਲਾਰ ਕੇ ਗਰਜਵੀਂ ਆਵਾਜ਼ ਵਿਚ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਦਾ ਜੈਕਾਰਾ ਬੁਲੰਦ ਕੀਤਾ।

ਉਹੀਓ ਚੜ੍ਹਦੀ ਕਲਾ, ਸਿਦਕ-ਜਲਾਲ, ਸੱਚ ਦਾ ਤੇਜੱਸਵੀ ਸੇਕ ਅਤੇ ਬੁਲੰਦ ਹੌਂਸਲਾ ਵੇਖ ਕੇ ਵਜ਼ੀਰ ਖਾਂ ਸੜ ਕੇ ਕੋਲਾ ਤੇ ਅੱਗ-ਬਗੋਲਾ ਹੋ ਗਿਆ। ਹਸਦ, ਨਮੋਸ਼ੀ, ਬਦਲਾ ਲੈਣ ਦੀ ਭਾਵਨਾ ਅਤੇ ਕੱਚੇ ਇਖ਼ਲਾਕ ਨੇ ਸੂਬੇਦਾਰ ਨੂੰ ਗੁਨਾਹ ਦਾ ਆਖਰੀ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਇਸਲਾਮ ਦੀ ਤੌਹੀਨ ਦੀ ਦੁਹਾਈ ਦਿੰਦਿਆਂ ਉਸ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਲਈ ਤੁਰੰਤ ਮੌਤ ਦੀ ਸਜ਼ਾ ਦਾ ਫ਼ਤਵਾ ਜਾਰੀ ਕਰਨ ਲਈ ਕਿਹਾ। ਕਾਜ਼ੀ ਨੇ ਵਿਚਾਰ ਦਿੱਤਾ ਕਿ ਇਸਲਾਮ ਸ਼ੀਰਖੋਰ (ਦੁੱਧ- ਪੀਂਦੇ) ਮਾਸੂਮ ਬਾਲਕਾਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜ਼ਾਜ਼ਤ ਨਹੀਂ ਦਿੰਦਾ। ਕਾਜ਼ੀ ਦੀ ਸ਼ਰੀਅਤ ਤੋਂ ਪ੍ਰੇਰਿਤ ਦਲੀਲ ਸੁਣ ਕੇ ਵਜ਼ੀਰ ਖਾਨ ਕੁਝ ਸਮੇਂ ਲਈ ਢਿੱਲਾ ਪੈ ਗਿਆ ਪਰ ਨਾਲ ਦੀ ਨਾਲ ਦੋ ਮਾਸੂਮ ਬੱਚਿਆਂ ਨੂੰ ਮੁਸਲਮਾਨ ਨਾ ਬਣਾ ਸਕਣ ਦਾ ਅਤੇ ਉਸ ਦੀ ਵਧੀ ਹੋਈ ਹਉਮੈ ਨੂੰ ਚਕਨਾਚੂਰ ਕਰਦਾ ਨਾਕਾਮਯਾਬੀ ਦਾ ਸ਼ਿੱਦਤ ਨਾਲ ਹੋਇਆ ਅਹਿਸਾਸ ਉਸ ਨੂੰ ਸਗੋਂ ਹੋਰ ਖਰੂਦੀ, ਉਪੱਦਰੀ ਅਤੇ ਨਿਰਦਈ ਬਣਾ ਗਿਆ।

ਵਜ਼ੀਰ ਖਾਂ ਸਾਹਿਬਜ਼ਾਦਿਆਂ ਨੂੰ ਐਸਾ ਸਬਕ ਸਿਖਾਉਣ ਅਰਥਾਤ ਐਸੀ ਡਰਾਉਣੀ, ਭਿਆਨਕ ਅਤੇ ਹੌਲਨਾਕ ਮੌਤੇ ਮਾਰਨਾ ਚਾਹੁੰਦਾ ਸੀ ਕਿ ਜਿਸ ਨਾਲ ਨਾ ਕੇਵਲ ਉਹ ਹੀ ਕੰਬ ਉੱਠਣ ਸਗੋਂ ਉਸ ਸਜ਼ਾ ਨੂੰ ਵੇਖਣ ਅਤੇ ਸੁਣਨ ਵਾਲਿਆਂ ਨੂੰ ਵੀ ਸਦੀਆਂ ਤਕ ਕੰਬਣੀਆਂ ਛਿੜਦੀਆਂ ਰਹਿਣ, ਤ੍ਰੇਲੀਆਂ ਆਉਂਦੀਆਂ ਰਹਿਣ। ਇਹੀ ਕਾਰਨ ਹੈ ਕਿ ਪੇਸ਼ੀ ਦੌਰਾਨ ਵੱਢੀ ਖਾ ਕੇ ਈਮਾਨ ਗਵਾਉਣ ਵਾਲੇ (ਕਾਜੀ ਹੋਏ ਰਿਸ਼ਵਤੀ ਵਢੀ ਲੈ ਕੇ ਹਕੁ ਗਵਾਈ) ਬੇਜ਼ਮੀਰ ਕਾਜ਼ੀ ਅੱਗੇ ਸਾਹਿਬਜ਼ਾਦਿਆਂ ਹੱਥੋਂ ਹੋਈ ਆਪਣੀ ਨਿੱਜੀ ਬੇਇਜ਼ਤੀ, ਦੁਰਗਤੀ ਅਤੇ ਤੌਹੀਨ ਨੂੰ ਉਹ ਬਾਰ-ਬਾਰ ਇਸਲਾਮ ਦੀ ਤੌਹੀਨ ਬਣਾ-ਬਣਾ ਕੇ ਪੇਸ਼ ਕਰ ਰਿਹਾ ਸੀ। ਆਪਣੇ ਹਾਕਮ ਦੇ ਦਿਲ ਦੀ ਰਮਜ਼ ਨੂੰ ਬੁੱਝਦਿਆਂ ਸ਼ਾਤਰ ਕਾਜ਼ੀ ਨੇ ਨਿਰਣਾਨੁਮਾ ਸਲਾਹ ਦਿੱਤੀ ਕਿ ਕਿਉਂ ਨਾ ਸਾਹਿਬਜ਼ਾਦਿਆਂ ਨੂੰ ਮਾਰ- ਮੁਕਾਉਣ ਦਾ ਕੰਮ ਕਚਹਿਰੀ ਵਿਚ ਹੀ ਬੈਠੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਉਹ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਕੇ ਚਮਕੌਰ ਦੀ ਲੜਾਈ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਆਪਣੇ ਭਰਾ ਅਤੇ ਭਤੀਜਿਆਂ ਦਾ ਬਦਲਾ ਲੈ ਸਕੇ। ਸੂਬੇਦਾਰ ਵਜ਼ੀਰ ਖਾਂ ਨੇ ਬੱਚਿਆਂ ਨੂੰ ਤੁਰੰਤ ਨਵਾਬ ਮਲੇਰਕੋਟਲਾ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਪਰ ਸ਼ੇਰ ਮੁਹੰਮਦ ਖਾਂ ਇੱਕੋ ਵੇਲੇ ਸ਼ੇਰ-ਦਿਲ ਅਤੇ ਰਹਿਮ-ਦਿਲ ਪਠਾਣ ਪੁੱਤਰ ਸੀ। ਉਸ ਨੇ ਜੰਗ ਵਿਚ ਲੜ ਕੇ ਮੋਏ ਭਰਾ ਭਤੀਜਿਆਂ ਦਾ ਬਦਲਾ ਨਿਹੱਥੇ ਮਾਸੂਮ ਬੱਚਿਆਂ ਤੋਂ ਲੈਣਾ ਅਯੋਗ ਸਮਝਿਆ। ਉਹ ਸਮਝਦਾ ਸੀ ਕਿ ਇਹ ਮਾਸੂਮ ਬੱਚੇ ਉਸ ਦੇ ਭਰਾ ਅਤੇ ਭਤੀਜਿਆਂ ਦੀ ਮੌਤ ਦੇ ਕਦਾਚਿਤ ਜ਼ਿੰਮੇਵਾਰ ਨਹੀਂ। ਨਿਰਦੋਸ਼ ਬੱਚਿਆਂ ਨੂੰ ਮਾਰਨਾ ਉਸ ਨੂੰ ਬਿਲਕੁਲ ਵੀ ਉਚਿਤ ਨਾ ਜਾਪਿਆ। ਇਸ ਲਈ ਵਜ਼ੀਰ ਖਾਂ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਉਸ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।1

ਨਵਾਬ ਮਲੇਰਕੋਟਲਾ ਦਾ ਜਵਾਬ ਸੁਣਦਿਆਂ ਹੀ ਵਜ਼ੀਰ ਖਾਂ ਨੇ ਕਾਜ਼ੀ ਦੀ ਸਹਿਮਤੀ ਨਾਲ ਮਾਸੂਮ ਬੱਚਿਆਂ ਨੂੰ ਜੀਊਂਦੇ-ਜੀਅ ਨੀਹਾਂ ਵਿਚ ਚਿਣ ਕੇ ਮਾਰ- ਮੁਕਾਉਣ ਦਾ ਅਤਿ ਬੇਰਹਿਮ ਅਤੇ ਦਰਿੰਦਗੀ ਭਰਿਆ ਖੂਨੀ ਹੁਕਮ ਸੁਣਾ ਦਿੱਤਾ। ਇਸ ਅਤਿ ਕਠੋਰ ਹੁਕਮ ਨੂੰ ਸੁਣ ਕੇ ਨਵਾਬ ਮਲੇਰਕੋਟਲਾ ਦੀ ਜ਼ਮੀਰ ਕੁਰਲਾ ਉਠੀ। ‘ਹਾਅ ਦਾ ਨਾਅਰਾ’ ਮਾਰਦਿਆਂ ਉਸ ਨੇ ਸੂਬੇਦਾਰ ਨੂੰ ਇਸ ਕਹਿਰਵਾਨ ਨਿਰਦਈ ਨਿਰਣੇ ਨੂੰ ਰੱਦ ਕਰਨ ਦਾ ਤਰਲਾ ਮਾਰਿਆ। ਵਜ਼ੀਰ ਖਾਂ ਆਪਣੇ ਸੁਹਿਰਦ ਨਾਇਬ ਦੇ ਵਾਸਤਾ ਪਾਉਣ ’ਤੇ ਕੁਝ ਸੋਚ ਵਿਚ ਪੈ ਗਿਆ ਪਰ ਠੀਕ ਉਸੇ ਵੇਲੇ ਦਰਬਾਰ ਵਿਚ ਹੀ ਹਾਜ਼ਰ ਸਿੱਖਾਂ ਨਾਲ ਖਾਰ ਖਾਣ ਵਾਲੇ ਵਜ਼ੀਰ ਖਾਂ ਦੇ ਝੋਲੀਚੁੱਕ ਇਕ ਮੱਕਾਰ ਕਿਸਮ ਦੇ ਅਹਿਲਕਾਰ ਦੀਵਾਨ ਸੁੱਚਾ ਨੰਦ ਨੇ ਈਰਾਨ ਦੇ ਸੰਸਾਰ-ਪ੍ਰਸਿੱਧ ਮਹਾਨ ਦਰਵੇਸ਼ ਸਾਹਿਤਕਾਰ ਸ਼ੇਖ ਸਾਅਦੀ ਦਾ ਇਹ ਨੀਤੀਗਤ ਕਥਨ:

“ਅਫ਼ਈ ਕੁਸਤਨ ਵਾ ਬੱਚਾ-ਸ਼ ਨਿਗਾਹ ਦਾਸਤਨ ਕਾਰਿ ਖ਼ਿਰਦ ਮੰਦਾਂ ਨੀਸਤ,
ਆਕਬਤਿ ਗੁਰਗਜ਼ਾਦਾ ਗੁਰਗ ਸ਼ਵਦ।”2

ਅਰਥਾਤ “ਅੱਗ ਬੁਝਾਉਣਾ ਅਤੇ ਧੁੱਖਦੇ ਕੋਲਿਆਂ ਨੂੰ ਰੱਖ ਲੈਣਾ; ਸੱਪਾਂ ਨੂੰ ਮਾਰਨਾ ਅਤੇ ਸਪੋਲੀਆਂ ਨੂੰ ਨਾ ਮਾਰਨਾ ਅਕਲ ਵਾਲੇ ਬੰਦਿਆਂ ਦਾ ਕੰਮ ਨਹੀਂ ਹੁੰਦਾ; ਬਘਿਆੜ ਦਾ ਬੱਚਾ ਆਖਰ ਬਘਿਆੜ ਹੀ ਹੁੰਦਾ ਹੈ,”3 ਸੁਣਾ ਕੇ ਜ਼ਾਲਮ ਵਜ਼ੀਰ ਖਾਂ ਨੂੰ ਸਗੋਂ ਹੋਰ ਰੋਹ ਚੜ੍ਹਾ ਦਿੱਤਾ। ਦੀਵਾਨ ਸੁੱਚਾਨੰਦ ਨੇ ਬੜੀ ਜ਼ਹਿਰੀਲੀ ਆਵਾਜ਼ ਵਿਚ ਕਿਹਾ: ਨਵਾਬ ਸਾਹਿਬ ਤੁਸੀਂ ਦੇਖ ਲੈਣਾ, ਇਹ ਸੱਪ ਦੇ ਬੱਚੇ ਹਨ ਅਤੇ ਯਕੀਨਨ ਸੱਪ ਹੀ ਬਣਨਗੇ। ਜੇਕਰ ਨਹੀਂ ਯਕੀਨ ਤਾਂ ਬੇਸ਼ੱਕ ਹੁਣੇ ਇਨ੍ਹਾਂ ਨੂੰ ਟੋਹ ਕੇ ਵੇਖ ਲਵੋ। ਏਨੀ ਗੱਲ ਕਹਿਣ ਉਪਰੰਤ ਉਸ ਨੇ ਤੁਰੰਤ ਪੈਂਤੜਾ ਬਦਲਦਿਆਂ ਬੜੀ ਸੋਚੀ-ਸਮਝੀ ਵਿਉਂਤ ਅਨੁਸਾਰ ਸਾਹਿਬਜ਼ਾਦਿਆਂ ਨੂੰ ਪੁੱਛਿਆ: ਅਨਭੋਲ ਬੱਚਿਓ, ਤੁਸੀਂ ਦੱਸੋ, ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਦਲੇਰਾਨਾ ਜਵਾਬ ਦਿੱਤਾ: ਅਸੀਂ ਸਿੱਖਾਂ ਨੂੰ ਇਕੱਠਾ ਕਰ ਕੇ ਫੌਜ ਤਿਆਰ ਕਰਾਂਗੇ ਅਤੇ ਆਪਣੇ ਵੱਡੇ ਭਰਾਵਾਂ, ਪਿਓ-ਦਾਦੇ ਅਤੇ ਪੜਦਾਦੇ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਤੁਹਾਡੇ ਜ਼ੁਲਮਾਂ ਵਿਰੁੱਧ ਜਹਾਦ ਖੜ੍ਹਾ ਕਰਾਂਗੇ। ਤੁਹਾਡੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੁੱਟ ਦਿਆਂਗੇ।

ਮਾਸੂਮ ਬੱਚਿਆਂ ਦੇ ਗੜਕਵੇਂ ਜਵਾਬ ਸੁਣ ਕੇ ਦੀਵਾਨ ਸੁੱਚਾਨੰਦ ਹੁਣ ਆਪਣੇ ਸੂਬੇਦਾਰ ਨੂੰ ਮੁਖਾਤਿਬ ਹੁੰਦਾ ਬੋਲਿਆ: ਨਵਾਬ ਸਾਹਿਬ! ਯਾਦ ਰੱਖਣਾ, ਇਨ੍ਹਾਂ ਬੱਚਿਆਂ ਨੂੰ ਜੀਊਂਦੇ ਛੱਡਣਾ ਤੁਹਾਡੇ ਲਈ ਖ਼ਤਰੇ ਤੋਂ ਖਾਲੀ ਨਹੀਂ। ਵੱਡੇ ਹੋ ਕੇ ਇਹ ਨਿਰਸੰਦੇਹ ਹਕੂਮਤ ਲਈ ਵੱਡਾ ਸੰਕਟ ਖੜ੍ਹਾ ਕਰਨਗੇ। ਬੱਚਿਆਂ ਦੇ ਕਰਾਰੇ ਬਲਕਾਰੀ ਜਵਾਬਾਂ ਅਤੇ ਸੁੱਚਾਨੰਦ ਦੇ ਕਾਟਵੇਂ ਤੇਜ਼ਾਬੀ ਬੋਲਾਂ ਨੂੰ ਸੁਣਦਿਆਂ ਹੀ ਵਜ਼ੀਰ ਖਾਂ ਦਾ ਅੰਦਰ ਤਪੇ ਲੋਹੇ ਵਾਂਗ ਲਾਲ ਹੋ ਗਿਆ, ਜਿਸ ਵਿਚ ਬਚੀ-ਖੁਚੀ ਥੋੜ੍ਹੀ ਜਿਹੀ ਜ਼ਮੀਰ ਦੀਆਂ ਅਵਾਜ਼ਾਂ ਚੁੱਪ-ਚਾਪ ਦਮ ਤੋੜ ਗਈਆਂ। ਅੱਖਾਂ ਵਿੱਚੋਂ ਹਰਨਾਖਸ਼ੀ ਅੱਗ ਦੇ ਗੋਲੇ ਵਰ੍ਹਾਉਂਦਿਆਂ ਉਸ ਨੇ ਤੁਰੰਤ ਇੱਟਾਂ, ਚੂਨਾ, ਰਾਜ-ਮਿਸਤਰੀ ਅਤੇ ਜਲਾਦਾਂ ਨੂੰ ਮੰਗਾ ਕੇ ਸਾਹਿਬਜ਼ਾਦਿਆਂ ਨੂੰ ਜੀਊਂਦਿਆਂ ਨੀਹਾਂ ਵਿਚ ਚਿਣ ਦੇਣ ਦਾ ਡਾਢਾ ਬੇਕਿਰਕ ਹੁਕਮ ਸੁਣਾ ਦਿੱਤਾ ਅਤੇ ਫਿਰ ਸਰਹਿੰਦ ਦੀ ਧਰਤੀ ’ਤੇ ਜੋ ਸਿਤਮ ਅਤੇ ਕਹਿਰ ਵਾਪਰਿਆ ਉਸ ਨੂੰ ਸ਼ਾਇਰ ਜੋਗੀ ਅੱਲਾ ਯਾਰ ਖਾਂ ਦੀ ਕਲਮ ਵੀ ਬਿਆਨ ਕਰਨੋਂ ਮੁਨਕਰ ਹੋ ਗਈ:

ਈਂਟੇਂ ਮੰਗਾਈ ਚੂਨਾ ਭੀ ਫ਼ੌਰਨ ਬਹਮ ਕੀਯਾ।
ਯਾਰਾ ਨਹੀਂ ਬਯਾਨ ਕਾ ਫ਼ਿਰ ਜੋ ਸਿਤਮ ਕੀਯਾ।4

ਸ਼ੀਰ-ਖੋਰੇ ਮਾਸੂਮ ਬੱਚਿਆਂ ਨੂੰ ਨੀਹਾਂ ਵਿਚ ਚਿਣ ਦੇਣ ਦਾ ਬੇਕਿਰਕ ਫੈਸਲਾ ਮੁਗ਼ਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿਚ ਕੀਤੀ ਗਈ ਅਜਿਹੀ ਨੀਚਤਾ ਅਤੇ ਉਪੱਦਰ ਭਰੀ ਗ਼ਲਤੀ (ਦੁਸ਼ਟਤਾ) ਸੀ, ਜਿਸ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ। ਇਸ ਜਾਬਰ ਅਤੇ ਨਿਰਦਈ ਨਿਰਣੇ ਨੇ ਗੁਰੂ-ਘਰ ਦੇ ਪ੍ਰੇਮੀਆਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਗੁਰੂ ਦੇ ਸਿੱਖ ਭੁੱਬਾਂ ਮਾਰ-ਮਾਰ ਰੋਏ।

13 ਪੋਹ ਸੰਮਤ 1761 ਬਿਕ੍ਰਮੀ ਨੂੰ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਖੜ੍ਹੇ ਕਰ ਕੇ ਇੱਟ-ਚੂਨੇ ਦੀ ਚਿਣਾਈ ਕਰਨੀ ਅਰੰਭ ਦਿੱਤੀ। ਇਵੇਂ ਦਸਮੇਸ਼ ਪਿਤਾ ਦੇ ਦੋ ਮਾਸੂਮ ਲਾਲਾਂ ਨੂੰ ‘ਮੌਤ ਦੇ ਕਹਿਰ’ ਵਿਚ ਖੜ੍ਹਾ ਕਰ ਕੇ ਉਨ੍ਹਾਂ ਦੀ ਮੌਤ ਨੂੰ ‘ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ’ ਵਾਲਾ ਇਕ ਅਜੀਬ ਉਪੱਦਰੀ ਤਮਾਸ਼ਾ ਬਣਾਉਣ ਦਾ ਯਤਨ ਕੀਤਾ ਗਿਆ ਪਰ ਕਹਿਰ ਢਾਹੁਣ ਵਾਲੇ ਇਸ ਭਿਆਨਕ ਸਮੇਂ ਵਿਚ ਵੀ ਗੁਰੂ ਦੇ ਲਾਲ ਅਡੋਲ ਖੜ੍ਹੇ ਮੁਸਕਰਾਉਂਦੇ ਰਹੇ। ਮੌਤ ਦੇ ਸਨਮੁੱਖ ਖੜ੍ਹੇ ਬੱਚਿਆਂ ਦੇ ਚਿਹਰੇ ਦੀ ਮਾਸੂਮੀ ਸਗੋਂ ਹੋਰ ਤੇਜੱਸਵੀ ਹੋ ਗਈ। ਮੌਤ ਨੂੰ ਸਾਹਮਣੇ ਵੇਖ ਉਹ ਮੌਤ ਤੋਂ ਡਰੇ ਨਹੀਂ ਸਗੋਂ ਉਨ੍ਹਾਂ ਦੇ ਪਹਾੜਾਂ ਵਰਗੇ ਹੌਸਲੇ ਵੇਖ ਮੌਤ ਥਰ-ਥਰ ਕੰਬਣ ਲੱਗੀ ਅਤੇ ਮੌਤ-ਲਾੜੀ ਨੂੰ ਕੰਬਦਿਆਂ ਵੇਖ ਸਾਹਿਬਜ਼ਾਦੇ ਕਿਸੇ ਉੱਚੇ ਰੂਹਾਨੀ ਵਜਦ ਵਿਚ ਚੁਫੇਰੇ ਮੁਸਕਰਾਹਟਾਂ ਦੀ ਖੁਸ਼ਬੋ ਦਾ ਅਮੁੱਕ ਮੀਂਹ ਵਰ੍ਹਾਉਂਦੇ ਰਹੇ:

ਨਿੱਕੇ ਨਿੱਕੇ ਦੋ ਖਾਲਸੇ, ਵੇਖੋ ਨੀਂਹਾਂ ’ਚ ਖੜ੍ਹੇ ਮੁਸਕਾਉਂਦੇ।
ਧਰਮ ਨਿਭਾਈਦਾ ਕਿਵੇਂ, ਵੱਡੇ ਵੱਡਿਆਂ ਨੂੰ ਉਹ ਸਮਝਾਉਂਦੇ।5

ਪੱਲੇ ਸੱਚ ਅਤੇ ਧਰਮ ਨਿਭਾਉਣ ਦਾ ਦ੍ਰਿੜ੍ਹ ਨਿਸ਼ਚਾ/ਸਿਦਕ ਸੇਕ ਹੋਣ ਕਰਕੇ ਉਨ੍ਹਾਂ ਦੇ ਨਿਰਮਲ ਨੈਣ-ਨਕਸ਼ ’ਤੇ ਸੱਚ ਅਤੇ ਧਰਮ ਦੀ ਖਾਮੋਸ਼ ਪਵਿੱਤਰਤਾ ਠੀਕ ਉਵੇਂ ਹੋਰ ਡੂੰਘੀ ਹੁੰਦੀ ਗਈ ਜਿਵੇਂ ਤ੍ਰੇਲ ਦੇ ਦੋ ਨਿਰਮਲ ਕਤਰਿਆਂ ਵਿਚ ਪੂਰੇ ਦਾ ਪੂਰਾ ਸੂਰਜ ਅਦ੍ਰਿਸ਼ਟ ਹੋ ਗਿਆ ਹੋਵੇ।

ਸਾਹਿਬਜ਼ਾਦਿਆਂ ਦੇ ਸਰੀਰਾਂ ਦੁਆਲੇ ਉਸਰ ਰਹੀ ਕੂੜ ਦੀ ਪਾਲ ਅਤੇ ਮੌਤ ਦੀ ਦੀਵਾਰ ਨੇ ਜਦੋਂ ਤਕ ਸਾਹਿਬਜ਼ਾਦਿਆਂ ਦੇ ਨੂਰਾਨੀ ਚਿਹਰਿਆਂ ਨੂੰ ਢੱਕ ਨਹੀਂ ਸੀ ਲਿਆ ਉਦੋਂ ਤਕ ਜ਼ਾਲਮ ਵਜ਼ੀਰ ਖਾਂ ਬਾਰ-ਬਾਰ ਉਨ੍ਹਾਂ ਨੂੰ ਈਨ ਮੰਨ ਲੈਣ ਦੀ ਪੇਸ਼ਕਸ਼ ਕਰਦਾ ਰਿਹਾ ਪਰ ਉਸ ਦੇ ਪੱਲੇ ਹਰ ਵਾਰ ਹਾਰ ਅਤੇ ਨਿਰਾਸ਼ਾ ਹੀ ਪਈ। ਉਹ ਜਿੰਨੀ ਵਾਰ ਈਨ ਮਨਾਉਣ ਦੀ ਕੋਸ਼ਿਸ਼ ਕਰਦਾ, ਹਰ ਵਾਰ ਸਾਹਿਬਜ਼ਾਦਿਆਂ ਦੀ ਨਿਰਭਉ ਅਤੇ ਨਿਰਵੈਰ ਮਾਸੂਮੀਅਤ ਵਿਚ ਸਿਦਕ ਦਾ ਪ੍ਰਬਲ ਨੂਰ ਸਗੋਂ ਹੋਰ ਪ੍ਰਚੰਡ ਵਿਖਾਈ ਦਿੰਦਾ। ਉਨ੍ਹਾਂ ਦੀ ਪੈਗੰਬਰੀ ਮਾਸੂਮ ਅਦਾ ਸਹਿਮ ਅਤੇ ਜਬਰ ਦੋਨਾਂ ਤੋਂ ਪਾਰ ਕਿਸੇ ਉੱਚੇ ਇਲਾਹੀ ਮੀਨਾਰ ’ਤੇ ਬਿਰਾਜਮਾਨ ਸੀ। ਕੰਧ ਜਦੋਂ ਲੱਕ ਤਕ ਅੱਪੜੀ ਤਾਂ ਜ਼ਿੱਦੀ ਅਤੇ ਅੜਬ ਸੂਬੇਦਾਰ ਨੇ ਇਸਲਾਮ ਕਬੂਲਣ ਦੀ ਆਪਣੀ ਹੋਛੀ ਪੇਸ਼ਕਸ਼ ਮੁੜ ਦੁਹਰਾਈ। ਅੱਗੋਂ ਸਿਰੜੀ ਬੱਚਿਆਂ ਨੇ ਆਪਣੇ ਅਡਿੱਗ ਅਤੇ ਅਡੋਲ ਹੋਣ ਦੇ ਪ੍ਰਗਟਾਵੇ ਵਜੋਂ ਉੱਚੀਆਂ ਬਾਹਾਂ ਉਲਾਰ ਕੇ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦਾ ਅਕਾਸ਼- ਗੁੰਜਾਊ ‘ਜੰਗੀ ਜੈਕਾਰਾ’ ਬੁਲੰਦ ਕੀਤਾ:

ਲਾਡਲੇ ਗੁਰੂ ਗੋਬਿੰਦ ਦੇ, ਮਾਤਾ ਗੁਜਰੀ ਦੇ ਪੋਤਰੇ ਪਿਆਰੇ।
ਉੱਚੀ-ਉੱਚੀ ਬਾਹਾਂ ਚੁੱਕ ਕੇ, ਖੜ੍ਹੇ ਨੀਂਹਾਂ ’ਚ ਛੱਡਣ ਜੈਕਾਰੇ।
ਲੱਕ ਤੀਕ ਕੰਧ ਬਣ ਗਈ, ਲਾਲ ਮੰਨਦੇ ਨਾ, ਜ਼ਾਲਮ ਮਨਾਉਂਦੇ।
ਨਿੱਕੇ ਨਿੱਕੇ ਦੋ ਖਾਲਸੇ, ਵੇਖੋ ਨੀਂਹਾਂ ’ਚ ਖੜ੍ਹੇ ਮੁਸਕਾਉਂਦੇ।6

ਦੀਵਾਰ ਛਾਤੀਆਂ ਤੋਂ ਉੱਪਰ ਤਕ ਆ ਗਈ। ਸਾਹਿਬਜ਼ਾਦਿਆਂ ਦਾ ਦਮ ਘੁੱਟਣ ਲੱਗਾ ਪਰ ਉਨ੍ਹਾਂ ਉਫ਼ ਤਕ ਨਾ ਕੀਤੀ। ਆਪਣੇ ਨਿਸ਼ਚੇ ’ਤੇ ਅਡਿਗ ਖੜ੍ਹੇ ਸਾਹਿਬਜ਼ਾਦਿਆਂ ਦੇ ਚਿਹਰਿਆਂ ’ਤੇ ਉੱਜਵਲ ਮੁਸਕਰਾਹਟ ਦੀ ਸ਼ੀਰਨੀ ਨਿਰਵਿਘਨ ਖੇਡ ਰਹੀ ਸੀ। ਬਾਬਾ ਫ਼ਤਹਿ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੋਂ ਉਮਰ ਅਤੇ ਕੱਦ ਵਿਚ ਛੋਟੇ ਸਨ; ਸੋ ਸੁਭਾਵਕ ਹੀ ਖੂਨੀ ਕੰਧ ਨੇ ਉਨ੍ਹਾਂ ਦੇ ਚਿਹਰੇ ਨੂੰ ਪਹਿਲਾਂ ਢੱਕ ਲਿਆ। ਇਸ ਮੌਕੇ ਦੋਨਾਂ ਨਿੱਕੇ ਸੂਰਮਿਆਂ ਦਰਮਿਆਨ ਮੌਤ (ਖੂਨੀ ਕੰਧ) ਦੀ ਹਾਜ਼ਰੀ ਵਿਚ ਇਕ ਨਿਆਰਾ ਅਤੇ ਬਹੁਤ ਹੀ ਪਿਆਰਾ ਸੰਖੇਪ ਮੂਕ ਸੰਵਾਦ ਵੀ ਹੋਇਆ:

“ਜ਼ੋਰਾਵਰ ਆਖੇ ਕੰਧੇ ਨੀ ਤੂੰ ਵਾਰੀ ਸਿਰ ਮਾਰ।
ਫ਼ਤਹਿ ਸਿੰਘ ਆਖੇ ਵੀਰਿਆ ਵੇ ਪਹਿਲਾਂ ਮੇਰੀ ਵਾਰ।
ਦੋਹਾਂ ਵੀਰਿਆਂ ਦੀ ਹਠ, ਪਾਵੇ ਕਾਲਜੇ ਨੂੰ ਖੋ।
ਜਿੰਦਾਂ ਨਿੱਕੀਆਂ ਸੀ ਦੋ, ਗਈਆਂ ਨੀਂਹਾਂ ’ਚ ਖਲੋ।”7

ਦੋ ਮਾਸੂਮ ਜਿੰਦਾਂ ਦੀ ਮੌਤ-ਲਾੜੀ ਨੂੰ ਇਕ ਦੂਜੇ ਤੋਂ ਅੱਗੇ ਹੋ ਪਹਿਲਾਂ ਵਿਆਹੁਣ ਦੀ ਸਹਿਜ ਹਾਰਦਿਕ ਤਮੰਨਾ ਅਤੇ ਸਿਦਕਦਿਲੀ ਨੂੰ ਪ੍ਰਗਟਾਉਂਦੀ ਇਸ ਨਿਆਰੀ ਸਿਰਜਣਾਤਕ ਵਾਰਤਾਲਾਪ ਨੂੰ ਵੇਖ-ਸੁਣ ਕੇ ਦੁਸ਼ਮਣ ਵੀ ਦੰਗ ਰਹਿ ਗਿਆ ਅਤੇ ਆਪਣੀ ਏਸ ਦੁਸ਼ਟਤਾ ਭਰਪੂਰ ਉਪੱਦਰੀ ਕਾਰੇ ’ਤੇ ਦਿਲ ਹੀ ਦਿਲ ਡਾਢਾ ਸ਼ਰਮਸਾਰ ਵੀ ਹੋਇਆ। ਖੂਨੀ ਦੀਵਾਰ ਜਦੋਂ ਦੋਨ੍ਹਾਂ ਭਰਾਵਾਂ ਦੇ ਮੋਢਿਆਂ ਤੋਂ ਥੋੜ੍ਹਾ ਉੱਪਰ ਤਕ ਜਾ ਪਹੁੰਚੀ ਤਾਂ ਬੁਰੀ ਤਰ੍ਹਾਂ ਅੱਕੇ ਹੋਏ ਵਜ਼ੀਰ ਖਾਨ ਨੇ ਆਖਰੀ ਵਾਰ ਈਨ ਮੰਨਣ ਲਈ ਕਿਹਾ। ਅੱਗੋਂ ਸਿਦਕ ਦੇ ਸਰਚਸ਼ਮ ਸਾਹਿਬਜ਼ਾਦਿਆਂ ਨੇ ਪੂਰੀ ਚੜ੍ਹਦੀ ਕਲਾ ਵਿਚ ਇਨਕਾਰ ਕਰ ਦਿੱਤਾ। ਮੌਤ ਨੂੰ ਫ਼ਤਹਿ ਕਰਨ ਲੈਣ ਦੇ ਐਨ ਨੇੜੇ ਢੁੱਕੇ ਬੱਚਿਆਂ ਦੇ ਚਿਹਰੇ ’ਤੇ ਝਲਕਦਾ ਤੇਜ ਪ੍ਰਤਾਪ ਅਤੇ ਉਨ੍ਹਾਂ ਦਾ ਫੌਲਾਦੀ ਜੇਰਾ ਤੱਕਦੇ ਵਜ਼ੀਰ ਖਾਨ ਨੂੰ ਧਰਤੀ ਵਿਚ ਗਰਕਣ ਲਈ ਥਾਂ ਨਹੀਂ ਸੀ ਲੱਭ ਰਹੀ:

ਮੋਢਿਆਂ ’ਤੇ ਕੰਧ ਅੱਪੜੀ, ਪਰ ਲਾਲ ਨਾ ਗੁਰਾਂ ਦੇ ਡੋਲੇ।
ਨੂਰੋ ਨੂਰ ਮੁੱਖ ਦੋਹਾਂ ਦਾ, ਰੂਪ ਰੱਬ ਦਾ ਨਜ਼ਰ ਨੇ ਆਉਂਦੇ।
ਨਿੱਕੇ-ਨਿੱਕੇ ਦੋ ਖਾਲਸੇ, ਵੇਖੋ ਨੀਹਾਂ ’ਚ ਖੜ੍ਹੇ ਮੁਸਕਾਉਂਦੇ।8

ਮੌਤ ਦੇ ਅਤਿ ਹੌਲਨਾਕ ਕਹਿਰ ਵਿਚ ਅਰਥਾਤ ਨੀਂਹਾਂ ਵਿਚ ਖੜ੍ਹੇ ਮੁਸਕਾਉਂਦੇ ਗੁਰੂ ਦੇ ਛੋਟੇ ਲਾਲਾਂ ਦੀ ਯਾਦ/ਤਸਵੀਰ ਨਿਰਸੰਦੇਹ ਸਾਕਾ ਸਰਹਿੰਦ ਨਾਲ ਜੁੜੀ ਇਕ ਐਸੀ ਹਸੀਨ, ਕੀਮਤੀ, ਤੇਜੱਸਵੀ, ਬਲਕਾਰੀ ਅਤੇ ਸਦੀਵੀ ਯਾਦਗਾਰੀ ਤਸਵੀਰ/ ਝਾਕੀ ਹੈ ਜੋ ਸਿੱਖ ਹਿਰਦਿਆਂ ਅਤੇ ਕਲਪਨਾ ਅੰਦਰ ਡੂੰਘੀ ਉਕਰੀ ਹੋਈ ਹੈ। ‘ਸਿੱਖ ਅਵਚੇਤਨ’ ਅੰਦਰ ਇਸ ਯਾਦ, ਝਾਕੇ ਜਾਂ ਦ੍ਰਿਸ਼ ਦੇ ਨਿਸ਼ਾਨ ਏਨੇ ਪ੍ਰਚੰਡ, ਗਹਿਰੇ ਅਤੇ ਸਦੀਵੀ ਹਨ ਕਿ ਸਮੇਂ ਦਾ ਮੂੰਹ-ਜ਼ੋਰ ਵੇਗ ਵੀ ਰਹਿੰਦੀ ਦੁਨੀਆਂ ਤਕ ਸਿੱਖ- ਹਿਰਦਿਆਂ ’ਚੋਂ ਇਸ ਦੇ ਪ੍ਰਭਾਵ ਨੂੰ ਮਿਟਾ ਨਹੀਂ ਸਕੇਗਾ।

ਕੂੜ, ਜ਼ੁਲਮ, ਬਦੀ ਅਤੇ ਹਨੇਰਗਰਦੀ ਦੀ ਪ੍ਰਤੀਕ ਖੂਨੀ ਕੰਧ ਨੇ ਆਖਰ ਸੱਚ ਦੇ ਪ੍ਰਤੀਕ ਦੋ ਮਘਦੇ ਸੂਰਜਾਂ (ਸਾਹਿਬਜ਼ਾਦਿਆਂ) ਦੇ ਚਮਕਦਾਰ ਹਿਰਦਿਆਂ ਨੂੰ ਆਪਣੀ ਜਾਬਰ ਬੁੱਕਲ ਵਿਚ ਸਦਾ ਲਈ ਸਮੋ ਲਿਆ। ਸਾਹਿਬਜ਼ਾਦੇ ‘ਸ਼ਹੀਦੀਆਂ’ ਪ੍ਰਾਪਤ ਕਰ ਗਏ। ਇਵੇਂ ਕਰਕੇ ਉਨ੍ਹਾਂ ਨੇ ਆਪਣੇ ਵੱਡੇ-ਵਡੇਰਿਆਂ ਦੁਆਰਾ ਧਰਮ, ਅਣਖ ਅਤੇ ਆਤਮ-ਸਨਮਾਨ ਦੀ ਖ਼ਾਤਰ ਚਲਾਈ ਸ਼ਹਾਦਤ ਦੀ ਸੁਨਹਿਰੀ ਪਰੰਪਰਾ ਨੂੰ ਨਾ ਕੇਵਲ ਜਾਰੀ ਰੱਖਿਆ ਸਗੋਂ ਇਸ ਨੂੰ ਸਿਖਰਾਂ ’ਤੇ ਪਹੁੰਚਾਉਣ ਦਾ ਲਾਸਾਨੀ ਕਾਰਜ ਵੀ ਕੀਤਾ। ਜਿਸ ਸਮੇਂ 13 ਪੋਹ ਸੰਮਤ 1761 ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਤੇ ਜ਼ਿਬਾਹ ਕਰਕੇ ਸ਼ਹੀਦ ਕੀਤਾ ਗਿਆ ਉਸ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਕੇਵਲ 7 ਸਾਲ 11 ਮਹੀਨੇ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਉਮਰ ਮਹਿਜ਼ 5 ਸਾਲ 10 ਮਹੀਨੇ ਸੀ। ਏਨੀ ਛੋਟੀ ਉਮਰ ਵਿਚ ਏਨਾ ਮਹਾਨ ਕਾਰਨਾਮਾ! ਤਾਂ ਹੀ ਤਾਂ ਸਾਕਾ ਸਰਹਿੰਦ ਨੂੰ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਜਿਹੀ ਅਨੋਖੀ ਸ਼ਹਾਦਤ ਕੇਵਲ ਅਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਚਮਕਦਾਰ ਪੋਤਰਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਮਾਤਾ ਜੀਤੋ ਜੀ ਦੇ ਤੇਜੱਸਵੀ ਸਪੁੱਤਰਾਂ ਦੇ ਹਿੱਸੇ ਹੀ ਆਈ ਹੈ। ਦੁਨੀਆਂ ਦੇ ਇਤਿਹਾਸ ਅੰਦਰ ‘ਕੁਰਬਾਨੀ’ ਦੀ ਐਸੀ ਕੋਈ ਹੋਰ ਸ਼ਾਨਾਂਮੱਤੀ ਮਿਸਾਲ ਨਹੀਂ ਮਿਲਦੀ।

ਕਲਗੀਆਂ ਵਾਲੇ ਮਾਹੀ ਦੇ ਛੋਟੇ ਮਾਸੂਮ ਲਾਲਾਂ ਨੇ ਜਦੋਂ ਸ਼ਹਾਦਤ ਦਾ ਜਾਮ ਪੀਤਾ ਉਦੋਂ ਮਾਤਾ ਗੁਜਰੀ ਜੀ ਠੰਡੇ ਬੁਰਜ ਵਿਚ ਅਡੋਲ ਖਲੋਤੇ ਸਨ। ਉਥੇ ਖਲੋਤਿਆਂ ਹੀ ਉਨ੍ਹਾਂ ਨੇ ਆਪਣੇ ਦੋ ਅਨਮੋਲ ਕੋਹਿਨੂਰ ਹੀਰਿਆਂ ਵਰਗੇ ਚਮਕਦੇ ਲਾਡਲੇ ਪੋਤਰਿਆਂ ਦੁਆਰਾ ਮੌਤ ਨੂੰ ਫ਼ਤਹਿ ਕਰਨ (ਸ਼ਹਾਦਤ ਪਾਉਣ) ਦਾ ਵਜਦਮਈ ਥਰਥਰਾਹਟ ਨਾਲ ਭਰਪੂਰ ਅਦੁੱਤੀ ਨਜ਼ਾਰਾ ਵੇਖਿਆ। ਰੁੱਖਾਂ ਵਰਗੇ ਜੇਰੇ ਦੀ ਧਾਰਨੀ ਦਾਦੀ ਮਾਂ ਸ਼ਾਇਦ ਇਸੇ ਘੜੀ (ਪੋਤਰਿਆਂ ਦੀ ਸ਼ਹਾਦਤ) ਦੀ ਉਡੀਕ ਵਿਚ ਸੀ। ਪੋਤਰਿਆਂ ਦੀ ਸ਼ਹਾਦਤ ਦੀ ਨਿਰਾਲੀ ਖੇਡ ਨੂੰ ਅੱਖੀਂ ਨਿਹਾਰਨ ਉਪਰੰਤ ਉਨ੍ਹਾਂ ਉੱਥੇ ਹੀ ਵੱਡੇ ਧਰਵਾਸ, ਸ਼ੁਕਰਾਨੇ ਅਤੇ ਸੁਰਖ਼ਰੂ ਹੋ ਜਾਣ ਵਾਲੀ ਡਾਢੀ ਵਜਦਮਈ ਅਡੋਲ ਰੂਹਾਨੀ ਅਵਸਥਾ (ਡੂੰਘੀ ਸਮਾਧੀ) ਵਿਚ ਕਈ ਦਿਨਾਂ ਤੋਂ ਅਤਿ ਦੀ ਠੰਡ ਵਿਚ ਠੰਡੇ ਬੁਰਜ ਵਿਚ ਬੰਦ ਬਿਰਧ ਸਰੀਰ ਨਾਲ ਅਕਹਿ ਤੇ ਅਸਹਿ ਤਸੀਹੇ ਝੱਲਦਿਆਂ ਹੋਇਆ ਹੋਈ ਸ਼ਹੀਦੀ ਨੂੰ ਪ੍ਰਾਪਤ ਕੀਤਾ।

ਸੱਚ, ਧਰਮ ਅਤੇ ਨੇਕੀ ਦੇ ਪ੍ਰਤੀਕ ਸਾਹਿਬਜ਼ਾਦੇ ਹਾਰ ਕੇ ਵੀ ਜਿੱਤ ਗਏ। ਝੂਠ, ਅਧਰਮ ਅਤੇ ਬਦੀ ਦਾ ਨਿਸ਼ਾਨ ਵਜ਼ੀਰ ਖਾਂ ਜਿੱਤ ਕੇ ਵੀ ਹਾਰ ਗਿਆ। “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।” ਕੂੜ ਅਤੇ ਬਦੀ ਦੀਆਂ ਦੀਵਾਰਾਂ ਸੱਚ ਦੇ ਸੂਰਜਾਂ ਨੂੰ ਚੜ੍ਹਨੋਂ ਰੋਕ ਨਾ ਸਕੀਆਂ। ਸਾਹਿਬਜ਼ਾਦੇ ਸ਼ਹੀਦ ਹੋ ਕੇ ਸਦਾ ਲਈ ਅਮਰ ਹੋ ਗਏ। ਉਹ ਸਾਨੂੰ ਮੜ੍ਹਕ ਨਾਲ ਜੀਊਣ ਅਤੇ ਸ਼ਾਨ ਨਾਲ ਮਰਨ ਦੀ ਨਿਆਰੀ ਕਲਾ ਸਿਖਾ ਗਏ। ਇਖ਼ਲਾਕੀ/ਆਤਮਕ ਮੌਤੇ ਮਰ ਚੁੱਕਾ ਜਾਬਰ ਸੂਬਾ ਸਰਹਿੰਦ ਸੱਚ ਦੇ ਮਘਦੇ ਸੂਰਜਾਂ ਨੂੰ ਸਦਾ-ਸਦਾ ਲਈ ਦਫ਼ਨ ਕਰ ਦੇਣਾ ਲੋਚਦਾ ਸੀ ਪਰ ਉਸ ਦੀ ਇਹ ਲੋਚਾ ਨਾ ਪੂਰੀ ਹੋਣ ਵਾਲੀ ਸੀ ਤੇ ਨਾ ਹੀ ਹੋਈ। ਹੱਕ-ਸੱਚ, ਧਰਮ, ਨਿਆਂ, ਅਣਖ, ਆਤਮ-ਸਨਮਾਨ, ਮਨੁੱਖੀ ਗੌਰਵ, ਅਧਿਕਾਰਾਂ, ਕਦਰਾਂ-ਕੀਮਤਾਂ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ ਖ਼ਾਤਰ ਜੂਝਣ ਵਾਲੇ ਜੁਝਾਰੂਆਂ/ਸੂਰਬੀਰ ਲੋਕਾਂ ਲਈ ਨਿਰਸੰਦੇਹ ਸਾਕਾ-ਸਰਹਿੰਦ ਸਦਾ-ਸਦਾ ਲਈ ਇਕ ਪ੍ਰੇਰਨਾ-ਸੋਮਾ ਹੋ ਨਿਬੜਿਆ ਹੈ।

ਹਵਾਲੇ ਅਤੇ ਪੈਰ ਟਿੱਪਣੀਆਂ :

1. ਜੋਗੀ ਅੱਲਾ ਯਾਰ ਖਾਂ : ਸ਼ਹੀਦਾਨਿ-ਵਫ਼ਾ, ਭਾਸ਼ਾ ਵਿਭਾਗ ਪਟਿਆਲਾ, ਸਫ਼ਾ 104.
2. ਗੰਡਾ ਸਿੰਘ : ਬੰਦਾ ਸਿੰਘ ਬਹਾਦਰ, ਪੰ. ਯੂ. ਪਟਿਆਲਾ 1999, ਸਫ਼ਾ 28.
3. ਸ਼ੇਖ਼ ਸਾਅਦੀ: ਗੁਲਿਸਤਾਂ (ਪੰਜਾਬੀ ਅਨੁਵਾਦ ਡਾ. ਗੁਰਦੇਵ ਸਿੰਘ ਪੰਦੋਹਲ), ਲਾਹੌਰ ਬੁੱਕ ਸ਼ਾਪ, ਲੁਧਿਆਣਾ 2004, ਸਫ਼ਾ 15-16.
4. ਜੋਗੀ ਅੱਲਾ ਯਾਰ ਖਾਂ: ਸ਼ਹੀਦਾਨਿ-ਵਫ਼ਾ, ਭਾਸ਼ਾ ਵਿਭਾਗ ਪਟਿਆਲਾ, 1998, ਸਫ਼ਾ 106.
5. ਸ. ਇੰਦਰਜੀਤ ਸਿੰਘ ਹਸਨਪੁਰੀ: ਨਿੱਕੇ ਨਿੱਕੇ ਦੋ ਖਾਲਸੇ, ਕੈਸੇਟ, ਗੀਤ ਨੰ: 1.
6. ਉਹੀ।
7. ਸ. ਭਰਪੂਰ ਸਿੰਘ : ‘ਇਹ ਹੈ ਖ਼ਾਲਸਾ’ (ਕੈਸੇਟ) ਗੀਤ ਨੰ: 3.
8. ਸ. ਇੰਦਰਜੀਤ ਸਿੰਘ ਹਸਨਪੁਰੀ: ਨਿੱਕੇ ਨਿੱਕੇ ਦੋ ਖਾਲਸੇ, ਕੈਸੇਟ, ਗੀਤ ਨੰ: 1.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਐਸੋਸੀਏਟ ਪ੍ਰੋਫ਼ੈਸਰ, -ਵਿਖੇ: ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ

570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)