ਭਗਤੀ-ਮਾਰਗ ਵਿਚ ਜੇ ਕਿਸੇ ਚੀਜ਼ ਨੂੰ ਆਤਮਾ ਤੇ ਪਰਮਾਤਮਾ ਦੇ ਸਫਲ ਇਸ਼ਕ ਦਾ ਜ਼ਾਮਨ ਮੰਨਿਆ ਗਿਆ ਹੈ ਤਾਂ ਉਹ ਹੈ ਅਦਬ ਅਥਵਾ ਨਿਰਮਲ ਭਉ। ਜਿੱਥੇ ਅਦਬ, ਭੈ, ਸਤਿਕਾਰ ਨਹੀਂ ਉਥੇ ਪਿਆਰ ਤੇ ਪਿਆਰ ਦਾ ਨਿਭਾਅ ਸੋਚਿਆ ਵੀ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਗੁਰਬਾਣੀ ਵਿਚ ਭੈ ਅਤੇ ਭਗਤੀ ਦਾ ਸਾਥ ਚੋਲੀ-ਦਾਮਨ ਵਾਲਾ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿ ਬਚਨ ਹੈ ਕਿ ਪ੍ਰੇਮ ਉਨ੍ਹਾਂ ਦੇ ਮਨਾਂ ਵਿਚ ਹੈ, ਜਿਨ੍ਹਾਂ ਦੇ ਮਨਾਂ ਵਿਚ ਰੱਬ ਦਾ ਡਰ ਹੈ। ਕਥਨ ਹੈ:
ਨਾਨਕ ਜਿਨ੍ ਮਨਿ ਭਉ ਤਿਨਾ੍ ਮਨਿ ਭਾਉ॥ (ਪੰਨਾ 465)
ਵਿਣੁ ਭੈ ਪਇਐ ਭਗਤਿ ਨ ਹੋਈ॥ (ਪੰਨਾ 831)
ਭਾਈ ਨੰਦ ਲਾਲ ਜੀ ਇਸ ਅਦਬ-ਸਤਿਕਾਰ ਅਥਵਾ ਨਿਰਮਲ ਭਉ ਨੂੰ ਰੱਬ ਤਕ ਪਹੁੰਚਣ ਵਾਲਾ ਪਹਿਲਾ ਤੇ ਵੱਡਾ ਸਾਧਨ ਦੱਸਦੇ ਹਨ। ਪਰੰਤੂ ਉਨ੍ਹਾਂ ਵੱਲੋਂ ਸ਼ਰਤ ਇਹ ਹੈ ਕਿ ਇਹ ਅਦਬ ਕੇਵਲ ਬਾਹਰੀ ਪ੍ਰਗਟਾਵਾ ਹੀ ਨਾ ਹੋਵੇ ਸਗੋਂ ਹਿਰਦੇ ਵਿਚ ਇਸ ਦਾ ਵਾਸ ਤੇ ਬੁੱਲ੍ਹਾਂ ਉੱਤੇ ਇਸ ਦਾ ਜ਼ਿਕਰ ਹੋਵੇ। ਆਪ ਜੀ ਦੀ ਪੰਜਵੀਂ ਗ਼ਜ਼ਲ ਦਾ ਪਹਿਲਾ ਸ਼ਿਅਰ ਹੈ:
ਰਹਿ ਰਸਾਨਿ, ਰਾਹਿ ਹੱਕ, ਆਮਦ ਅਦਬ।
ਹਮ ਬਦਿਲ, ਯਾਦਿ ਖੁਦਾ-ਵ, ਹਮ ਬਲਬ।
ਭਾਵ ਰੱਬ ਦੇ ਰਸਤੇ ’ਤੇ ਪਹੁੰਚਾਉਣ ਵਾਲਾ ਅਦਬ (ਨਿਰਮਲ ਭਉ) ਆਇਆ ਹੈ ਪਰ ਸ਼ਰਤ ਇਹ ਹੈ ਕਿ ਵਾਹਿਗੁਰੂ ਦੇ ਸਤਿਕਾਰ ਤੇ ਨਿਮਰਤਾ ਦਾ ਵਾਸਾ ਅੰਤਰ-ਆਤਮੇ ਦਿਲ ਵਿਚ ਵੀ ਹੋਵੇ ਤੇ ਬੁੱਲ੍ਹਾਂ ਉੱਤੇ ਵੀ।
ਇਸਲਾਮ ਦੇ ਪ੍ਰਸਿੱਧ ਕਵੀ ਅਲਾਮਾ ਇਕਬਾਲ ਨੇ ਵੀ ਅਦਬ ਅਥਵਾ ਪ੍ਰਭੂ ਨੂੰ ਭਗਤੀ ਅਤੇ ਸੱਚੀ ਮੁਹੱਬਤ ਦੀ ਪਹਿਲੀ ਸਜਾਵਟ ਕਰਕੇ ਮੰਨਿਆ ਅਤੇ ਕਿਹਾ ਹੈ:
ਅਦਬ ਪਹਿਲਾ ਕਰੀਨਾ ਹੈ, ਮੁਹੱਬਤ ਕੇ ਕੀਰਨੇ ਕਾ।
ਇਹ ਗੱਲ ਨਿਤਾਪ੍ਰਤੀ ਦੇਖਣ ਵਿਚ ਆਉਂਦੀ ਹੈ ਕਿ ਜਿੱਥੇ ਅਦਬ ਹੈ, ਉਥੇ ਹੀ ਮੈਤ੍ਰੀ-ਭਾਵ ਹੈ ਅਤੇ ਜਿੱਥੇ ਮੈਤ੍ਰੀ-ਭਾਵ ਹੈ ਉਥੇ ਹੀ ਸੰਸਾਰ ਦੇ ਸਾਰੇ ਸੰਬੰਧ ਤੇ ਮੇਲ-ਮਿਲਾਪ ਹਨ। ਮੈਤ੍ਰੀ-ਭਾਵ ਕੱਢ ਦਿਉ, ਪਿਤਾ ਪਿਤਾ ਨਹੀਂ ਰਹਿੰਦਾ, ਮਾਂ ਮਾਂ ਨਹੀਂ ਰਹਿੰਦੀ, ਭਰਾ ਭਰਾ ਤੇ ਪੁੱਤ ਪੁੱਤ ਨਹੀਂ ਰਹਿੰਦਾ, ਭਾਵ ਸੰਸਾਰ ਦਾ ਸਾਰਾ ਨਿਜ਼ਾਮ ਅਦਬ ’ਤੇ ਖੜ੍ਹਾ ਹੈ। ਇਹੀ ਕਾਰਨ ਹੈ ਕਿ ਇਸ ਦੈਵੀ-ਗੁਣ ਨੂੰ ਪ੍ਰਭੂ-ਮਿਲਾਪ ਦੇ ਸਾਧਨ ਦਾ ਮਰਤਬਾ ਜਾਂ ਵਡਿਆਈ ਹਾਸਲ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਇਸ ਸਿਧਾਂਤ ਨੂੰ ਬੜੇ ਜ਼ੋਰਦਾਰ ਸ਼ਬਦਾਂ ਵਿਚ ਨਿਰੂਪਣ ਕਰਦੇ ਫ਼ਰਮਾਉਂਦੇ ਹਨ:
ਜਿਨਾ ਭਉ ਤਿਨ੍ ਨਾਹਿ ਭਉ ਮੁਚੁ ਭਉ ਨਿਭਵਿਆਹ॥
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ॥ (ਪੰਨਾ 788)
ਭਾਵ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਰੱਬ ਦਾ ਡਰ ਹੈ, ਅਦਬ ਹੈ, ਉਨ੍ਹਾਂ ਨੂੰ ਦੁਨੀਆਂ ਦੀ ਕੋਈ ਤਾਕਤ ਡਰਾ ਨਹੀਂ ਸਕਦੀ। ਪਰ ਜਿਨ੍ਹਾਂ ਅੰਦਰ ਪ੍ਰਭੂ ਦਾ ਭੈ ਨਹੀਂ, ਉਨ੍ਹਾਂ ਨੂੰ ਦੁਨੀਆਂ ਦਾ ਡਰ ਬਹੁਤ ਵਿਆਪਦਾ ਹੈ।
ਅਧਰਮੀ ਮਨੁੱਖ ਹਜ਼ਾਰ ਕਹਿਣ ਕਿ ਉਨ੍ਹਾਂ ਨੂੰ ਸੰਸਾਰ ’ਤੇ ਕਿਸੇ ਦਾ ਭੈ ਨਹੀਂ ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਹਰ ਪਲ, ਹਰ ਛਿਨ ਕੋਈ ਨਾ ਕੋਈ ਡਰ ਵਿਆਪਦਾ ਰਹਿੰਦਾ ਹੈ। ਪ੍ਰਭੂ ਨੂੰ ਨੇੜੇ ਨਾ ਜਾਣਦੇ ਹੋਏ ਉਹ ਪਾਪ-ਕਰਮ ਕਰਦੇ ਰਹਿੰਦੇ ਹਨ, ਅਤੇ ਇਹ ਅੰਦਰਲੇ ਪਾਪ ਹੀ ਡਰ ਦਾ ਕਾਰਨ ਬਣੇ ਰਹਿੰਦੇ ਹਨ, ਧਰਮੀ ਆਦਮੀ ਨੂੰ ਕਾਹਦਾ ਡਰ? ਸਤਿ ਬਚਨ ਹੈ:
ਸੋ ਡਰੈ ਜਿ ਪਾਪ ਕਮਾਵਦਾ, ਧਰਮੀ ਵਿਗਸੇਤੁ॥
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ॥ (ਪੰਨਾ 84)
ਸ੍ਰੀ ਗੁਰੂ ਰਾਮਦਾਸ ਜੀ ਸੇਧ ਦਿੰਦੇ ਹਨ ਕਿ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋਵੇ, ਪਾਪ-ਰਹਿਤ ਹੋਵੇ, ਉਨ੍ਹਾਂ ਨੂੰ ਕਾਹਦਾ ਡਰ ਹੋ ਸਕਦਾ ਹੈ? ਆਪ ਜੀ ਫ਼ਰਮਾਉਂਦੇ ਹਨ:
ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ॥ (ਪੰਨਾ 540)
ਮਨੁੱਖ ਪਾਪ ਕਰਮ ਕਰਦਾ ਹੀ ਉਦੋਂ ਹੈ, ਜਦੋਂ ਪ੍ਰਭੂ ਦਾ ਡਰ ਭੁਲਾ ਦਿੰਦਾ ਹੈ। ਗੁਰੂ ਮਹਾਰਾਜ ਦਾ ਹੁਕਮ ਹੈ:
ਨਿਕਟਿ ਬੁਝੈ ਸੋ ਬੁਰਾ ਕਿਉ ਕਰੈ॥…
ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ॥
ਦਰਬੁ ਹਿਰੈ ਮਿਥਿਆ ਕਰਿ ਖਾਇ॥(ਪੰਨਾ 1139)
ਇਸ ਲਈ ਜੇ ਪਰਮਾਤਮਾ ਦਾ ਡਰ, ਭੈ, ਮਨੁੱਖ ਦੇ ਮਨ ’ਚ ਵੱਸ ਜਾਵੇ ਤਾਂ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਡਰ ਤਾਂ ਬੁਰੇ ਕਰਮ ਦਾ ਹੀ ਹੁੰਦਾ ਹੈ। ਕਥਨ ਹੈ:
ਡਡਾ ਡਰ ਉਪਜੇ ਡਰੁ ਜਾਈ॥
ਤਾ ਡਰ ਮਹਿ ਡਰੁ ਰਹਿਆ ਸਮਾਈ॥ (ਪੰਨਾ 341)
ਜਿਸ ਨੇ ਆਪਣੇ ਅੰਤਹਕਰਣ ਵਿਚ ਉਸ ਅਕਾਲ ਪੁਰਖ ਦਾ ਭਉ ਵਸਾ ਲਿਆ, ਉਸ ਨੇ ਈਸ਼ਵਰ ਦਾ ਡਰ ਮਨ ਵਸਾ ਹੋਰਨਾਂ ਡਰਾਂ ਨੂੰ ਭਜਾ ਦਿੱਤਾ ਹੈ, ਜੋ ਮਨੁੱਖ ਨੂੰ ਅਜੇ ਵੀ ਡਰ ਪੋਂਹਦਾ ਹੈ ਤਾਂ ਉਸ ਦਾ ਆਧਾਰ ਉਸ ਸੱਚੇ ਪਿਤਾ ਦੇ ਡਰ ’ਤੇ ਨਹੀਂ ਹੈ। ਸੰਸਾਰ ’ਚ ਸਭ ਕੁਝ ਉਸ ਦੇ ਹੀ ਹੁਕਮ ਅੰਦਰ ਹੈ। ਇਸ ਲਈ ਹੇ ਜਗਿਆਸੂ! ਉਸ ਏਕ ਪਿਤਾ ਤੋਂ ਬਿਨਾਂ ਸਾਡਾ ਕੋਈ ਹੋਰ ਠਿਕਾਣਾ ਨਹੀਂ। ਸਭ ਉਸੇ ਦੇ ਭੈ ਵਿਚ ਹੈ। ਗੁਰਦੇਵ ਦਾ ਸ਼ੁਭ ਬਚਨ ਹੈ:
ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ॥
ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ॥ (ਪੰਨਾ 151)
ਜੋ ਮਨੁੱਖ ਪਰਮਾਤਮਾ ਦੇ ਨਿਰਮਲ ਭਉ ਨੂੰ ਖਾਣ-ਪੀਣ ਵਾਂਗ ਨਿਤਾਪ੍ਰਤੀ ਸੇਵਨ ਦੀ ਵਸਤੂ ਬਣਾ ਲੈਂਦੇ ਹਨ, ਉਨ੍ਹਾਂ ਦੇ ਹਿਰਦੇ ਅੰਦਰ ਇਸੇ ਭਉ ਦਾ ਆਧਾਰ ਬਣ ਜਾਂਦਾ ਹੈ ਅਤੇ ਜੋ ਭੁੱਲੜ ਜੀਵ ਇਸ ਨਿਰਮਲ ਭਉ ਨੂੰ ਰੋਜ਼ ਦੀ ਖ਼ੁਰਾਕ ਨਹੀਂ ਬਣਾਉਂਦੇ, ਉਹ ਆਵਾਗਵਨ ਦੇ ਚੱਕਰ ’ਚ ਪੀੜਤ ਰਹਿੰਦੇ ਹਨ। ਗੁਰ-ਫ਼ੁਰਮਾਨ ਹੈ:
ਭਉ ਖਾਣਾ ਪੀਣਾ ਆਧਾਰੁ॥
ਵਿਣੁ ਖਾਧੇ ਮਰਿ ਹੋਹਿ ਗਵਾਰ॥(ਉਹੀ)
ਜੇਕਰ ਮਨੁੱਖ ਇਸ ਸੰਸਾਰ ਵਿਚ ਵਿਚਰਦਾ ਇਸ ਹਕੀਕਤ ਨੂੰ ਨਹੀਂ ਬੁੱਝਦਾ, ਪ੍ਰਭੂ-ਡਰ ਨੂੰ ਮਨ ਵਿਚ ਨਹੀਂ ਵਸਾਉਂਦਾ ਤਾਂ ਪ੍ਰਭੂ ਦੇ ਹਜ਼ੂਰ ਜਵਾਬਦੇਹ ਹੋਣਾ ਪੈਂਦਾ ਹੈ ਜਿੱਥੇ “ਸਭਨਾ ਕਾ ਦਰਿ ਲੇਖਾ ਹੋਇ” ਦੇ ਕਥਨ ਅਨੁਸਾਰ ਉਸ ਦੇ ਕੀਤੇ ਕਰਮਾਂ ਦਾ ਨਬੇੜਾ ਹੋਣਾ ਹੈ। ਇਹ ਨਿਮਰਤਾ ਦੇ ਧਾਰਨੀ ਹੋਣਾ, ਸੀਤਲਤਾ ਅਤੇ ਮਾਨਸਿਕ ਆਤਮਕ ਸੁਖ ਅਨੰਦ ਦਾ ਜ਼ਾਮਨ ਹੈ ਅਤੇ ਹਉਮੈ ਅਹੰਕਾਰ ਸਾਨੂੰ ਬਹੁਤ ਖੱਜਲ-ਖੁਆਰ ਕਰਦਾ ਹੈ। ਸੰਸਾਰ ਵਿਚ ਵਿਚਰਦਿਆਂ ਨਿਰਮਲ ਭਉ ਵਿਚ ਰਹਿਣਾ ਗੁਰਸਿੱਖ ਵਾਸਤੇ ਜ਼ਰੂਰੀ ਅਸੂਲ ਹੈ। ਧਰਮ ਵਿਚ ਪਹਿਲੀ, ਦੂਜੀ ਤੇ ਤੀਜੀ ਚੀਜ਼, ਸਭ ਨਿਮਰਤਾ, ਨਿਰਮਲ ਭਉ ਹੀ ਹੈ। ਸੋ ਸਿਆਣਾ ਉਹੀ ਹੈ ਜੋ ਸਮੇਂ ਸਿਰ ਸਾਵਧਾਨ ਹੋਵੇ ਅਤੇ ਨਿਰਭਉ ਜਪ ਕੇ ਨਿਰਭੈ ਹੋ ਲੋਕ ਸੁਖੀਏ ਪਰਲੋਕ ਸੁਹੇਲੇ ਥੀਵੇ।
ਲੇਖਕ ਬਾਰੇ
ਹਮਰਾਜ਼-ਬਿਨ-ਹਮਰਾਜ਼, 1186/18 ਸੀ, ਚੰਡੀਗੜ੍ਹ
- ਪ੍ਰਿੰ. ਸਤਿਨਾਮ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a8%bf%e0%a9%b0-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98/November 1, 2007