editor@sikharchives.org

ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਐਸੀ ਸਾਂਝੀ ਚੀਜ਼ ਸਿੱਖਾਂ ਨੂੰ ਦੇਣ ਦੀ ਜ਼ਰੂਰਤ ਹੈ ਜੋ ਕਮਜ਼ੋਰ ਦਿਲਾਂ ਨੂੰ ਤਕੜਾ ਕਰ ਦੇਵੇ ਅਤੇ ਗੁਰੂ-ਘਰ ਦੇ ਅਨਿਨ ਸੇਵਕਾਂ ਵਿਚ ਅਥਾਹ ਜੋਸ਼ ਭਰ ਦੇਵੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 23 ਪੋਹ ਸੰਮਤ 1723 ਮੁਤਾਬਕ 22 ਦਸੰਬਰ ਸੰਨ 1666 ਈ: ਵਿਚ ਪਿਤਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨੇ (ਬਿਹਾਰ) ਵਿਚ ਅਵਤਾਰ ਧਾਰਿਆ। ਜਿਨ੍ਹੀਂ ਦਿਨੀਂ ਆਪ ਜੀ ਦਾ ਪ੍ਰਕਾਸ਼ ਹੋਇਆ ਉਨ੍ਹੀ ਦਿਨੀਂ ਆਪ ਜੀ ਦੇ ਪਿਤਾ ਸ੍ਰੀ ਗਰੂ ਤੇਗ ਬਹਾਦਰ ਸਾਹਿਬ ਜੀ ਅਸਾਮ-ਬੰਗਾਲ ਦੇ ਦੌਰੇ ’ਤੇ ਗਏ ਹੋਏ ਸਨ। ਉਨ੍ਹਾਂ ਨੂੰ ਆਪਣੇ ਲਾਡਲੇ ਸਪੁੱਤਰ ਦੇ ਪ੍ਰਕਾਸ਼ ਦੀ ਖਬਰ ਭਾਈ ਮੇਹਰ ਚੰਦ ਅਤੇ ਭਾਈ ਕਲਿਆਣ ਚੰਦ ਜੀ ਦੁਆਰਾ ਮਿਲੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਦੌਰੇ ਤੋਂ ਸੰਨ 1670 ਈ: ਵਿਚ ਵਾਪਸ ਪਰਤੇ, ਉਸ ਸਮੇਂ ਆਪ ਦੇ ਲਾਡਲੇ ਸਪੁੱਤਰ ਗੋਬਿੰਦ ਰਾਏ ਜੀ ਵੀ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਨੌਵੇਂ ਗੁਰੂ ਸਾਹਿਬ ਪਟਨੇ ਕੁਝ ਦਿਨ ਠਹਿਰਨ ਤੋਂ ਬਾਅਦ ਪਰਵਾਰ ਨੂੰ ਪਟਨੇ ਰੁਕਣ ਦਾ ਆਦੇਸ਼ ਦੇ ਕੇ ਵਾਪਸ ਪੰਜਾਬ ਆ ਗਏ ਸਨ। ਇਸ ਤਰਾਂ ਗੋਬਿੰਦ ਰਾਏ ਜੀ ਦੇ ਬਚਪਨ ਦੇ ਪਹਿਲੇ ਪੰਜ ਸਾਲ ਪਟਨੇ ਵਿਚ ਹੀ ਬਤੀਤ ਹੋਏ। ਜਿੱਥੇ ਆਪ ਜੀ ਦਾ ਅਵਤਾਰ ਹੋਇਆ ਉੱਥੇ ਸੁੰਦਰ ਗੁਰਦੁਆਰਾ ਤਖਤ ਸ੍ਰੀ ਪਟਨਾ ਸਾਹਿਬ ਸੁਸ਼ੋਭਿਤ ਹੈ।

ਪਿਤਾ ਜੀ ਦੇ ਹੁਕਮਾਂ ਅਨੁਸਾਰ ਆਪ ਫਰਵਰੀ 1672 ਈ: ਵਿਚ ਅਨੰਦਪੁਰ ਸਾਹਿਬ (ਪੰਜਾਬ ) ਆਏ ਉਸ ਵੇਲੇ ਆਪ ਜੀ ਦੀ ਆਯੂ ਦਾ 6ਵਾਂ ਸਾਲ ਚੱਲ ਰਿਹਾ ਸੀ। (ਹੁਸ਼ਿਆਰਪੁਰ ਦੇ 1883 ਦੇ ਗਜ਼ਟੀਅਰ ਵਿਚ ਲਿਖਿਆ ਹੈ ਕਿ ਮਾਖੋਵਾਲ ਅਤੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 2200 ਰੁਪਏ ਵਿਚ ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ ਖਰੀਦੀ ਸੀ, ਇਹ ਉਹ ਦੀਪ ਚੰਦ ਰਾਜਾ ਸੀ ਜਿਸ ਦਾ ਵਡੇਰਾ ਰਾਜਾ ਤਾਰਾ ਚੰਦ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ 52 ਰਾਜਿਆਂ ਵਿੱਚੋਂ ਇਕ ਸੀ ਜਿਨ੍ਹਾਂ ਨੂੰ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰਿਹਾਅ ਕਰਵਾਇਆ ਸੀ। ਮਾਖੋਵਾਲ ਦਾ ਨਾਮ ਪਹਿਲਾਂ ਚੱਕ ਨਾਨਕੀ ਅਤੇ ਬਾਅਦ ਵਿਚ ਅਨੰਦਪੁਰ ਸਾਹਿਬ ਪ੍ਰਸਿੱਧ ਹੋਇਆ, ਜਿਸ ਦੀ ਨੀਂਹ ਰੱਖਣ ਲਈ ਟੱਕ ਬਾਬਾ ਗੁਰਦਿੱਤਾ ਜੀ ਲਗਾਇਆ ਸੀ) ਅਨੰਦਪੁਰ ਸਾਹਿਬ ਵਿਖੇ ਹੀ ਆਪ ਜੀ ਦੇ ਪਿਤਾ ਜੀ ਦੁਆਰਾ ਆਪ ਜੀ ਦੇ ਲਈ ਭਾਂਤ-ਭਾਂਤ ਦੀ ਵਿੱਦਿਆ ਦਾ ਖਾਸ ਪ੍ਰਬੰਧ ਕੀਤਾ ਗਿਆ। ਅਨੰਦਪੁਰ ਸਾਹਿਬ ਵਿਖੇ ਹੀ ਆਪ ਜੀ ਨੇ ਘੋੜ ਸਵਾਰੀ, ਤੀਰ ਅੰਦਾਜੀ, ਬੰਦੂਕ, ਖੰਡਾ ਆਦਿ ਸ਼ਸ਼ਤਰ ਵਿੱਦਿਆ ਪ੍ਰਾਪਤ ਕੀਤੀ। ਗੁਰਬਾਣੀ ਆਪ ਜੀ ਨੇ ਆਪਣੇ ਮਾਤਾ ਗੁਜਰੀ ਜੀ ਪਾਸੋਂ ਪੜ੍ਹ ਕੇ ਕੰਠ ਕਰ ਲਈ ਸੀ ਅਤੇ ਗੁਰਮਤਿ ਦੀ ਹੋਰ ਵਿਸਥਾਰ ਸਹਿਤ ਜਾਣਕਾਰੀ ਆਪ ਜੀ ਨੇ ਗੁਰੂ-ਘਰ ਦੇ ਗ੍ਰੰਥੀ ਮੁਨਸ਼ੀ ਸਾਹਿਬ ਚੰਦ ਜੀ ਤੋਂ ਪ੍ਰਾਪਤ ਕੀਤੀ। ਫਾਰਸੀ ਦੀ ਵਿੱਦਿਆ ਆਪ ਜੀ ਨੇ ਕਾਜੀ ਨੂਰਦੀਨ ਸਲੋਹ ਪਾਸੋਂ ਪ੍ਰਾਪਤ ਕੀਤੀ ਅਤੇ ਸੰਸਕ੍ਰਿਤ ਦੀ ਵਿੱਦਿਆ ਆਪ ਜੀ ਨੇ ਮਟਨ ਨਿਵਾਸੀ ਪੰਡਿਤ ਕਿਰਪਾ ਰਾਮ ਜੀ ਤੋਂ ਪ੍ਰਾਪਤ ਕੀਤੀ।

ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿਖੇ ਚਾਂਦਨੀਂ ਚੌਕ ਵਿਚ ਧਰਮ ਦੀ ਖਾਤਰ ਸੰਨ 1675 ਈ: ਨੂੰ ਬਲੀਦਾਨ ਦੇਣ ਲਈ ਗਏ, ਉਸ ਵੇਲੇ ਉਹ ਆਪਣੇ ਸਪੁੱਤਰ ਸ੍ਰੀ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਹੁਕਮ ਕਰ ਗਏ ਸਨ, ਗੋਬਿੰਦ ਰਾਏ ਜੀ ਨੇ 9 ਸਾਲ ਦੀ ਛੋਟੀ ਜਿਹੀ ਅਵਸਥਾ ਵਿਚ ਆਪਣੇ ਪਿਤਾ ਨੂੰ ਮਜ਼ਲੂਮਾਂ ਦੇ ਹਿੱਤ ਲਈ ਧਰਮ ਤੋਂ ਕੁਰਬਾਨ ਹੋਣ ਲਈ ਜਿਸ ਦਲੇਰੀ ਨਾਲ ਤੋਰਿਆ ਉਹ ਸ੍ਰੀ ਗੋਬਿੰਦ ਰਾਏ ਜੀ ਦੀ ਬੀਰਤਾ, ਆਤਮਿਕ ਉੱਚਤਾ ਅਤੇ ਆਉਣ ਵਾਲੇ ਕਠਿਨ ਸਮੇਂ ਵਿਚ ਦੀਨ-ਦੁਖੀਆਂ ਦੀ ਰੱਖਿਆ ਦਾ ਸਬੂਤ ਸੀ, ਜਦੋਂ ਆਪ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰਗੱਦੀ ’ਤੇ ਬਿਰਾਜਮਾਨ ਹੋਏ। ਗੁਰਗੱਦੀ ਦੀ ਰਸਮ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਪੰਜਵੀਂ ਪੀੜੀ ਤੋਂ ਉਨ੍ਹਾਂ ਦੇ ਪੜੋਤੇ ਬਾਬਾ ਰਾਮ ਕੁਇਰ ਜੀ ਆਪ ਜੀ ਦੇ ਜ੍ਹਿਗਾ-ਕਲਗੀ ਸਜਾ ਅਤੇ ਕ੍ਰਿਪਾਨ ਪਹਿਨਾ ਕੇ ਸੰਪੂਰਨ ਕੀਤੀ। ਗੁਰਗੱਦੀ ’ਤੇ ਬਿਰਾਜਣ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਜਿਨ੍ਹਾਂ ਔਕੜਾਂ ਅਤੇ ਤਾਕਤਾਂ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਵਿਚ ਇੱਕ ਤਾਕਤ ਬਾਦਸ਼ਾਹ ਔਰੰਗਜ਼ੇਬ ਦੀ ਸੀ ਅਤੇ ਦੂਜੀ ਤਾਕਤ ਪਹਾੜੀ ਰਾਜਿਆਂ ਦੀ ਸੀ, ਜੋ ਸਿੱਖੀ ਦਾ ਵਧਦਾ-ਫੁੱਲਦਾ ਤੇਜ ਬਰਦਾਸ਼ਤ ਨਹੀਂ ਕਰ ਸਕਦੇ ਸਨ। ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਕੌਮ ਵਿਚ ਜਜ਼ਬੇ ਦਾ ਜੋ ਹੜ੍ਹ ਵਗਾਇਆ ਸੀ ਉਸ ਨੂੰ ਕਿਸੇ ਵੇਗ ਵਿਚ ਲਿਆਉਣ ਲਈ ਉੱਤਮ ਅਗਵਾਈ ਦੀ ਜ਼ਰੂਰਤ ਸੀ। ਜੇਕਰ ਔਕੜਾਂ ਦੀ ਗੱਲ ਲਈਏ ਤਾਂ ਉਸ ਸਮੇਂ ਸਭ ਤੋਂ ਵੱਡੀ ਔਕੜ ਸਾਧਨਾਂ ਅਤੇ ਫੌਜ ਦੀ ਘਾਟ ਦੀ ਸੀ, ਅਤੇ ਨਵੇਂ ਸਿਰਿਉਂ ਸੂਰਬੀਰਾਂ ਵਿਚ ਫੌਲਾਦ ਜਿਹੀ ਤਾਕਤ ਭਰਨੀ, ਇਸ ਸਭ ਲਈ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੂੰ ਵਿਰਾਸਤ ਵਿਚ ਮਿਲਿਆ ਪਿਤਾ-ਪੁਰਖੀ ਬਹੁਮੁੱਲਾ ਵਿਰਸਾ ਸਭ ਤੋਂ ਵੱਧ ਸਹਾਇਕ ਹੋਇਆ, ਜਿਸ ਨੂੰ ਪ੍ਰਚਾਰਨ ਲਈ ਗੁਰੂ ਸਾਹਿਬ ਜੀ ਨੇ ਢਾਡੀਆਂ ਨੂੰ ਸੂਰਮਿਆਂ ਦੀਆਂ ਵਾਰਾਂ ਅਤੇ ਸਿੱਖ ਇਤਿਹਾਸ ਗਾ ਕੇ ਸੁਣਾਉਣ ਲਈ ਪ੍ਰੇਰਿਤ ਕੀਤਾ, ਅਤੇ ਨਾਲ ਹੀ ਫੌਜ ਦੀ ਤਿਆਰੀ ਅਤੇ ਹਰ ਪ੍ਰਕਾਰ ਦੇ ਫੌਜੀ ਸਾਧਨਾ ਵੱਲ ਵੀ ਆਪ ਜੀ ਨੇ ਉਚੇਚੇ ਤੌਰ ’ਤੇ ਧਿਆਨ ਦਿੱਤਾ। ਆਪ ਜੀ ਨੇ ਸੰਗਤਾਂ ਨੂੰ ਘੋੜੇ, ਸ਼ਸ਼ਤਰ, ਗੋਲੀ-ਸਿੱਕਾ ਅਤੇ ਫੌਜੀ ਸਾਧਨ ਭੇਟਾ ਵਜੋਂ ਲਿਆਉਣ ਲਈ ਹੁਕਮਨਾਮੇ ਭੇਜੇ ਅਤੇ ਨਾਲ ਹੀ ਉਨ੍ਹਾਂ ਜਵਾਨੀਆਂ ਦੀ ਮੰਗ ਕੀਤੀ ਜੋ ਧਰਮ ਤੋਂ ਆਪਣਾ ਜੀਵਨ ਅਰਪਨ ਕਰਨ ਲਈ ਤਿਆਰ-ਬਰ ਤਿਆਰ ਹੋਣ।

ਅੰਗਰੇਜ਼ੀ ਇਤਿਹਾਸਕਾਰ ਕਨਿੰਘਮ ਲਿਖਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪਿਤਾ ਜੀ ਦੀ ਸ਼ਹਾਦਤ ਦੇ ਕਾਰਨਾਂ ਨੂੰ ਸਮਝਿਆ ਅਤੇ ਔਰੰਗਜ਼ੇਬ ਦੀ ਤੁਅੱਸਬੀ ਧਾਰਮਿਕ ਨੀਤੀ ਨੂੰ ਦੇਖਿਆ, ਇਸ ਲਈ ਸ੍ਰੀ ਗੋਬਿੰਦ ਸਿੰਘ ਜੀ ਦੀ ਵਿੱਦਿਆ, ਦੂਰ ਅੰਦੇਸ਼ੀ ਸੂਝਤਾ ਅਤੇ ਤਜਰਬਿਆਂ ਉਨ੍ਹਾਂ ਨੂੰ ਆਪਣੇ ਹਮ-ਵਤਨੀਆਂ ਅਤੇ ਸਿੱਖਾਂ ਵਿਚ ਨਵੇਂ ਸਿਰੇ ਤੋਂ ਸੂਰਬੀਰਤਾ ਭਰਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਅਸੂਲਾ ਨੂੰ ਨਿਰਨਾਇਕ ਸੇਧ ਦੇਣ ਲਈ ਪ੍ਰੇਰਿਤ ਕੀਤਾ। ਉਹ ਹੋਰ ਲਿਖਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਐਸੀ ਸਾਂਝੀ ਚੀਜ਼ ਸਿੱਖਾਂ ਨੂੰ ਦੇਣ ਦੀ ਜ਼ਰੂਰਤ ਹੈ ਜੋ ਕਮਜ਼ੋਰ ਦਿਲਾਂ ਨੂੰ ਤਕੜਾ ਕਰ ਦੇਵੇ ਅਤੇ ਗੁਰੂ-ਘਰ ਦੇ ਅਨਿਨ ਸੇਵਕਾਂ ਵਿਚ ਅਥਾਹ ਜੋਸ਼ ਭਰ ਦੇਵੇ।

ਗਾਰਡਨ ਲਿਖਦਾ ਹੈ,

“ਜੋ ਤਿੱਖੀਆਂ ਸੂਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਖੂਨ ਨਾਲ ਦਿੱਲੀ ਵਿਚ ਬੀਜੀਆਂ ਗਈਆਂ, ਉਨ੍ਹਾਂ ਨੇ ਜਲਦੀ ਹੀ ਖਾਲਸਾ ਰੂਪ ਦੀ ਭਾਰੀ ਫਸਲ ਪੈਦਾ ਕੀਤੀ।”

ਜਿਵੇਂ ਹੀ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਚ ਜਵਾਨਾਂ ਨੂੰ ਨਕਲੀ ਜੰਗਾਂ ਦਾ ਅਭਿਆਸ ਕਰਾਉਣਾ ਸ਼ੁਰੂ ਕੀਤਾ ਤਾਂ ਉਸ ਦੇ ਸਿੱਟੇ ਵਜੋਂ ਆਪ ਦੀ ਫੌਜ ਵਿਚ ਬਹੁਤ ਸਾਰੇ ਸਿਰਕੱਢ ਸੂਰਮਿਆਂ ਨੇ ਆਪਣੀਆਂ ਜਵਾਨੀਆਂ ਅਤੇ ਸ਼ਸ਼ਤਰ ਗੁਰੂ ਸਾਹਿਬ ਦੇ ਭੇਟ ਕੀਤੇ, ਜਿਨ੍ਹਾਂ ਵਿੱਚੋਂ ਅਸਾਮ ਦੇ ਰਾਜਾ ਰਾਮ ਰਾਇ ਦੇ ਸਪੁੱਤਰ ਰਤਨ ਰਾਇ ਨੇ ਵੀ ਗੁਰੂ ਸਾਹਿਬ ਲਈ ਭੇਟਾਵਾਂ ਪਰਸਾਦੀ ਹਾਥੀ, ਪੰਜ ਕਲਾ ਸ਼ਸ਼ਤਰ (ਤਲਵਾਰ, ਗੁਰਜ, ਬਰਛੀ, ਨੇਜਾ, ਪਸਤੌਲ) ਮੋਤੀਆਂ ਦੀ ਮਾਲਾ, ਚੰਨਣ ਦੀ ਚੌਕੀ, ਚਾਂਦੀ ਦਾ ਕਟੋਰਾ ਆਦਿ ਗੁਰੂ ਸਾਹਿਬ ਦੀ ਭੇਟਾ ਕੀਤੀਆਂ। ਆਪ ਜੀ ਨੇ ਆਪਣੀ ਫੌਜ ਵਿਚ ਤਨਖਾਹਦਾਰ ਫੌਜੀ ਵੀ ਭਰਤੀ ਕੀਤੇ, ਜਿਨ੍ਹਾਂ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਵੀ ਸਨ। ਅਨੰਦਪੁਰ ਸਾਹਿਬ ਵਿਚ ਆਪ ਜੀ ਨੇ 8 ਸਾਲ ਰਹਿ ਕੇ ਜਥੇਬੰਦੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਲਿਆ ਸੀ। ਬੇਸ਼ੱਕ ਗੁਰੂ ਸਾਹਿਬ ਜੀ ਅਮਨ ਦੇ ਪੁਜਾਰੀ ਸਨ ਪਰ ਮਜ਼ਲੂਮਾਂ ਉੱਤੇ ਹੁੰਦੇ ਜ਼ੁਲਮ ਨੂੰ ਵੀ ਕਿਵੇਂ ਸਹਾਰ ਕਰ ਸਕਦੇ ਸਨ?

ਭਾਵੇਂ ਔਰੰਗਜ਼ੇਬ ਨੇ ਸੰਨ 1670 ਵਿਚ ਰਾਗ-ਗਾਇਨ ਅਤੇ ਸੰਨ 1680 ਵਿਚ ਪਾਠਸ਼ਾਲਾਵਾਂ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ, ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਕੀਰਤਨ ਨੂੰ ਮਹੱਤਵਪੂਰਨ ਪਦਵੀ ਪ੍ਰਾਪਤ ਹੈ, ਇਸ ਲਈ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਦੇ ਹੁਕਮ ਦੀ ਪਰਵਾਹ ਨਾ ਕਰਦਿਆਂ ਸਭੇ ਗੁਰੂ ਘਰ ਦੇ ਕੀਰਤਨੀਆਂ ਅਤੇ ਅਲੱਗ-ਅਲੱਗ ਭਾਸ਼ਾਵਾਂ ਦੇ ਗਿਆਤਾਵਾਂ ਨੂੰ ਆਨੰਦਪੁਰ ਸਾਹਿਬ ਦੇ ਦਰਬਾਰ ਵਿਚ ਥਾਂ ਦਿੱਤੀ,ਅਤੇ ਨਾਲ ਹੀ ਆਪ ਜੀ ਨੇਤਰਹੀਣ ਪੁਰਸ਼ਾਂ ਅਤੇ ਸੂਰਮਿਆਂ ਸਿੰਘਾਂ ਨੂੰ ਰਬਾਬ, ਤਾਊਸ, ਸਿਰੰਦਾ, ਜੋੜੀ ਆਦਿਕ ਦੀ ਆਪ ਹੀ ਸਿਖਲਾਈ ਕਰਵਾਉਂਦੇ ਸਨ ਤਾਂ ਕਿ ਉਹ ਆਪਣੀਆਂ ਜਿੰਮੇਵਾਰੀਆਂ ਆਪ ਸੰਭਾਲਣ। ਔਰੰਗਜ਼ੇਬ ਦੇ ਹੁਕਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੀ ਪੰਜਾਬੀ, ਹਿੰਦੀ, ਫਾਰਸੀ ਅਤੇ ਸੰਸਕ੍ਰਿਤ ਆਦਿ ਦੀ ਵਿੱਦਿਆ ਦਾ ਪ੍ਰਬੰਧ ਚਲਾਇਆ।

ਆਪ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋਂ ਤਿੰਨ ਸਪੁੱਤਰ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਭ ਤੋਂ ਛੋਟੇ ਸਪੁੱਤਰ ਬਾਬਾ ਫਤਹਿ ਸਿੰਘ ਜੀ ਨੇ ਜਨਮ ਲਿਆ। ਮਾਤਾ ਸੁੰਦਰੀ ਜੀ ਦੀ ਕੁੱਖੋਂ ਸਭ ਤੋਂ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਜਨਮ ਲਿਆ।

ਸੰਮਤ 1742 ਬਿਕ੍ਰਮੀ ਮੁਤਾਬਕ ਸੰਨ 1685 ਈ: ਵਿਚ ਜਦੋਂ ਆਪ ਜੀ ਨਾਹਨ ਰਿਆਸਤ ਦੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਨਾਹਨ ਗਏ ਅਤੇ ਨਾਹਨ ਰਿਆਸਤ ਵਿਚ ਇਕ ਗੁਰਦੁਆਰਾ ਤਿਆਰ ਕਰਵਾਇਆ ਜਿਸ ਦਾ ਨਾਮ ਆਪ ਜੀ ਨੇ ਪਾਉਂਟਾ ਸਾਹਿਬ ਰੱਖਿਆ, ਇੱਥੇ ਆਪ ਜੀ ਨੇ ਸਾਹਿਤ ਰਚਨਾ ਕਰਨ-ਕਰਾਉਣ ਦਾ ਕੰਮ ਵੀ ਜਾਰੀ ਰੱਖਿਆ। ਪਾਉਂਟਾ ਸਾਹਿਬ ਵਿਖੇ ਆਪ ਜੀ ਆਪਣੇ ਦਰਬਾਰ ਵਿਚ ਢਾਡੀ ਨੱਥਾ ਮੱਲ ਦੇ ਪੁੱਤਰ ਢਾਡੀ ਮੀਰ ਛਬੀਲ ਅਤੇ ਮੀਰ ਮੁਸ਼ਕੀ ਨੂੰ ਇਤਿਹਾਸ ਗਾ ਕੇ ਪ੍ਰਚਾਰਨ ਦੀ ਸੇਵਾ ਲਾਈ ਅਤੇ ਨਾਲ ਹੀ ਉਨ੍ਹਾਂ ਨੇ ਅਲੱਗ-ਅਲੱਗ ਜਾਤਾਂ ਅਤੇ ਭਾਸ਼ਾਵਾਂ ਦੇ 52 ਕਵੀਆਂ ਨੂੰ ਵੀ ਆਪਣੇ ਦਰਬਾਰ ਵਿਚ ਰੱਖਿਆ ਜਿਨ੍ਹਾਂ ਨੇ ਸੰਸਕ੍ਰਿਤ ਸਾਹਿਤ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਉਲਥਾਉਣ ਦਾ ਕੰਮ ਬੜੀ ਸਰਗਰਮੀ ਨਾਲ ਜਾਰੀ ਕੀਤਾ, ਪਾਉਂਟਾ ਸਾਹਿਬ ਵਿਖੇ ਹੀ ਸਢੌਰਾ ਕਸਬਾ ਦੇ ਸੱਯਦ ਸ਼ਾਹ ਬਦਰੁੱਦੀਨ ਜੋ ਸਿੱਖ ਇਤਿਹਾਸ ਵਿਚ ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਹਨ, ਦੇ ਨਾਲ ਆਪ ਜੀ ਦਾ ਮੇਲ ਹੋਇਆ ਅਤੇ ਉਸ ਦੇ ਬੇਨਤੀ ਕਰਨ ’ਤੇ ਆਪ ਜੀ ਨੇ ਔਰੰਗਜ਼ੇਬ ਦੁਆਰਾ ਆਪਣੀ ਫੌਜ ਵਿੱਚੋਂ ਕੱਢੇ ਦਾਮਲਾ ਨਗਰ ਜ਼ਿਲ੍ਹਾ ਕਰਨਾਲ ਦੇ 495 ਪਠਾਣ ਪਿਆਦੇ ਸਿਪਾਹੀ ਅਤੇ ਪੰਜ ਸਰਦਾਰ ਭੀਖਣ ਖਾਂ, ਕਾਲੇ ਖਾਂ, ਨਜਾਬਤ ਖਾਂ, ਹੱਯਾਤ ਖਾਂ, ਉਮਰ ਖਾਂ ਨੂੰ ਆਪਣੀ ਫੌਜ ਵਿਚ ਭਰਤੀ ਕੀਤਾ ਸੀ। ਗੁਰੂ-ਘਰ ਨਾਲ ਨਿਤਪ੍ਰਤੀ ਜੁੜ ਰਹੀ ਸੰਗਤ, ਰਣਜੀਤ ਨਗਾਰੇ ਦੀ ਸਥਾਪਨਾ ਅਤੇ ਗੁਰੂ ਸਾਹਿਬ ਦੀ ਵਧਦੀ ਤਾਕਤ ਦੇ ਭੈ ਨੇ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਦੀ ਈਰਖਾ ਵਿਚ ਹੋਰ ਵਾਧਾ ਕਰ ਦਿੱਤਾ ਸੀ, ਜਿਸ ਕਰਕੇ ਪਾਉਂਟਾ ਸਾਹਿਬ ਤੋਂ 7-8 ਮੀਲ ਦੀ ਦੂਰੀ ’ਤੇ ਭੰਗਾਣੀ ਵਿਖੇ ਗੁਰੂ ਸਾਹਿਬ ਜੀ ਨੇ ਪਹਾੜੀ ਰਾਜਿਆਂ ਰਾਜਾ ਭੀਮ ਚੰਦ ਕਹਿਲੂਰੀਆ, ਰਾਜਾ ਹਰੀ ਚੰਦ ਜਸਵਾਲੀਆ, ਰਾਜਾ ਕ੍ਰਿਪਾਲ ਚੰਦ ਕਟੋਚੀਆ, ਰਾਜਾ ਕੇਸਰੀ ਚੰਦ ਹੰਡੂਰੀਆ,ਰਾਜਾ ਸੁਖਦਿਆਲ ਜਸਰੋਟੀਆ, ਰਾਜਾ ਪ੍ਰਿਥੀ ਚੰਦ ਢਡਵਾਲੀਆ, ਅਤੇ ਰਾਜਾ ਫਤਹ ਸ਼ਾਹ ਗਢਵਾਲੀਆ, ਨਾਲ 18 ਵੈਸਾਖ 1746 ਬਿਕ੍ਰਮੀ ਅਰਥਾਤ 15 ਅਪ੍ਰੈਲ ਸੰਨ 1689 ਈ: ਵਿਚ ਜੰਗ ਕੀਤੀ ਜੋ ਤਿੰਨ ਦਿਨ ਚੱਲੀ ਅਤੇ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਦੋ ਸਪੁੱਤਰ ਭਾਈ ਸੰਗੋ ਸ਼ਾਹ ਅਤੇ ਭਾਈ ਜੀਤ ਮੱਲ, ਪੀਰ ਬੱਧੂ ਸ਼ਾਹ ਦੇ ਦੋ ਸਪੁੱਤਰ ਅਤੇ ਇੱਕ ਭਰਾ ਅਤੇ ਹੋਰ ਅਨੇਕਾਂ ਸਿੱਖ ਸ਼ਹੀਦ ਹੋਏ।

ਗੁਰੂ ਸਾਹਿਬ ਜੀ ਦੀ ਤੇਗ ਅਤੇ ਤੀਰਾਂ ਦੇ ਜੌਹਰਾਂ ਨੇ ਅਨੇਕਾਂ ਵੈਰੀਆਂ ਦਾ ਖਾਤਮਾ ਕੀਤਾ, ਗੁਰੂ ਸਾਹਿਬ ਦੇ ਤੀਰਾਂ ਦੁਆਰਾ ਹੰਡੂਰ ਦੇ ਰਾਜਾ ਹਰੀ ਚੰਦ ਦੇ ਮਾਰੇ ਜਾਣ ਕਰਕੇ ਪਹਾੜੀ ਸੈਨਾ ਦੇ ਪੈਰ ਉਖੜ ਗਏ। ਇਸ ਪਹਿਲੇ ਯੁੱਧ ਵਿਚ ਜਿੱਤ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆ ਗਏ। ਪਹਾੜੀ ਰਾਜਿਆਂ ਦੀਆਂ ਚਾਲਾਂ ਨੂੰ ਗੁਰੂ ਸਾਹਿਬ ਜੀ ਭਲੀ ਭਾਂਤ ਜਾਣਦੇ ਸਨ ਇਸ ਲਈ ਪਹਾੜੀ ਰਾਜਿਆਂ ਦੇ ਟਾਕਰੇ ਲਈ ਅਤੇ ਉਨ੍ਹਾਂ ਦੀਆਂ ਚਾਲਾਂ ਨੂੰ ਰੋਕਣ ਹਿੱਤ ਅਤੇ ਅਨੰਦਪੁਰ ਸਾਹਿਬ ਨੂੰ ਮਜ਼ਬੂਤ ਕਰਨ ਲਈ ਆਪ ਜੀ ਨੇ ਸੰਨ 1689 ਈ: ਵਿਚ ਅਨੰਦਪੁਰ ਸਾਹਿਬ ਦੇ ਦੁਆਲੇ ਕਵਚ ਦੇ ਰੂਪ ਵਿਚ ਪੰਜ ਮਜਬੂਤ ਕਿਲ੍ਹੇ ਅਨੰਦਗੜ੍ਹ, ਲੋਹਗੜ੍ਹ, ਫਤਿਹਗੜ੍ਹ, ਨਿਰਮੋਹਗੜ੍ਹ੍ਹ ਤੇ ਹੋਲਗੜ੍ਹ ਉਸਾਰੇ, ਫਿਰ ਗੁਰੂ ਸਾਹਿਬ ਜੀ ਨੇ ਪਹਾੜੀ ਰਾਜਿਆਂ ਦੀਆਂ ਗ਼ਲਤੀਆਂ ਨੂੰ ਮੁਆਫ ਕਰਦੇ ਹੋਏ ਅਤੇ ਉਨ੍ਹਾਂ ਦੀ ਸਹਾਇਤਾ ਹਿੱਤ ਮੁਗਲ ਸੈਨਾ ਨਾਲ ਹੁਸ਼ਿਆਰਪੁਰ ਤੋਂ 35 ਮੀਲ ਦੀ ਦੂਰੀ ’ਤੇ ਬਿਆਸ ਦਰਿਆ ਦੇ ਕੰਢੇ ਨਦੌਣ ਦੇ ਪਾਸ ਸੰਮਤ 1747 ਮੁਤਾਬਕ ਸੰਨ 1690 ਦੇ ਅਖੀਰ ਵਿਚ ਯੁੱਧ ਕੀਤਾ ਅਤੇ ਮੁਗਲ ਅਲਫ ਖਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੁਸੈਨੀ ਦਾ ਯੁੱਧ ਜੋ ਸੰਨ 1695 ਦੇ ਕਰੀਬ ਹੁਸੈਨ ਖਾਂ ਨਾਲ ਹੋਇਆ ਸੀ, ਵਿਚ ਵੀ ਮੁਗਲਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਵਿਚ ਹੁਸੈਨੀ ਅਤੇ ਕ੍ਰਿਪਾਲ ਚੰਦ ਕਟੋਚੀਆ ਵਰਗੇ ਪਹਾੜੀ ਰਾਜਿਆਂ ਨੂੰ ਗੁਰੂ-ਕਿਰਪਾ ਦੁਆਰਾ ਭਾਈ ਸੰਗਤ ਸਿੰਘ ਜਿਹੇ ਸੂਰਬੀਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਗੁਰੂ ਸਾਹਿਬ ਜੀ ਨੇ ਸਮਾਜ ਵਿੱਚੋਂ ਹਰ ਤਰ੍ਹਾਂ ਦੀ ਗਿਰਾਵਟ, ਹੀਣ ਭਾਵਨਾ, ਜਾਤ-ਪਾਤ, ਵਹਿਮਾਂ-ਭਰਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹਿੱਤ, ਸਿੱਖ ਧਰਮ ਨੂੰ ਪੂਰਨਤਾ ਤਕ ਲੈ ਜਾਣ ਲਈ ਵੱਖਰਾ ਸਰੂਪ ਦੇਣ ਲਈ ਅਕਾਲ ਪੁਰਖ ਦੇ ਹੁਕਮਾਂ ਨੂੰ ਪ੍ਰਵਾਨ ਕੀਤਾ,ਕਿ ਇਸ ਤਰਾਂ ਦਾ ਪੰਥ ਹੋਵੇ ਜਿਸ ਵਿਚ ਸੰਤਾਂ ਜਿਹੀ ਪਵਿੱਤਰਤਾ, ਸੂਰਮਿਆਂ ਜਿਹੀ ਬੀਰਤਾ, ਜੋ ਨਿਮਾਣਿਆਂ ਦਾ ਮਾਣ ਬਣੇ, ਸੱਚੇ-ਸੁੱਚੇ ਅਸੂਲਾਂ ਦਾ ਮਾਲਿਕ ਹੋਵੇ, ਜੋ ਲੱਖਾਂ ਵਿਚ ਪਹਿਚਾਣਿਆ ਜਾ ਸਕੇ। ਇਨ੍ਹਾਂ ਸਭ ਗੱਲਾਂ ਨੂੰ ਪ੍ਰਪੱਕ ਕਰਨ ਲਈ ਗੁਰੂ ਸਾਹਿਬ ਜੀ ਨੇ 1 ਵੈਸਾਖ 1756 ਬਿਕ੍ਰਮੀ ਨੂੰ ਕੇਸਗੜ੍ਹ (ਅਨੰਦਪੁਰ ਸਾਹਿਬ ਵਿਖੇ) ਵਿਸਾਖੀ ਵਾਲੇ ਦਿਨ ਸੰਗਤਾਂ ਦਾ ਇਕੱਠ ਕੀਤਾ, ਜਿਸ ਵਿਚ ਪੰਜ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਸਾਜਿਆ, ‘ਖਾਲਸਾ’ ਸ਼ਬਦ ਦਾ ਅਰਥ ਹੈ ਮਿਲਾਵਟ ਤੋਂ ਰਹਿਤ ਅਤੇ ਸੱਚਾ-ਸੁੱਚਾ ਸੂਰਬੀਰ। ਸੋ ਉਨ੍ਹਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਉਨ੍ਹਾਂ ਨੂੰ ‘ਸਿੰਘ’ ਸ਼ਬਦ ਨਾਲ ਨਿਵਾਜਿਆ ਅਤੇ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥ ਦਾ ਜੈਕਾਰਾ ਬਖਸ਼ਿਸ਼ ਕੀਤਾ, “ਕਿ ਖਾਲਸਾ ਕਿਸੇ ਦਾ ਗੁਲਾਮ ਨਹੀਂ ਸਗੋਂ ਬਾਦਸ਼ਾਹ ਹੈ, ਉਹ ਸੁਤੰਤਰ ਹੈ, ਅਜ਼ਾਦ ਹੈ।” ਖਾਲਸਾ ਹੋਵੈ ਖੁਦ ਖੁਦਾ ‘ਆਪੇ ਗੁਰੁ ਚੇਲਾ’ ਬਣ ਕੇ ਗੁਰੂ ਸਾਹਿਬ ਜੀ ਨੇ ਆਪ ਵੀ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਅਤੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਕਹਾਏ, ਨਾਲ ਹੀ ਖਾਲਸੇ ਨੂੰ ਇਹ ਹਦਾਇਤਾਂ ਵੀ ਕੀਤੀਆਂ :

ਚਾਰ ਬੱਜਰ ਕੁਰਹਿੱਤਾਂ :-

(1) ਕੇਸਾਂ ਦੀ ਬੇਅਦਬੀ ਨਹੀਂ ਕਰਨੀ (ਕੇਸ ਕਤਲ ਨਹੀਂ ਕਰਨੇ)
(2) ਪਰ ਤਨ-ਗਾਮੀ (ਪਰ-ਪੁਰਸ਼ ਜਾਂ ਪਰ-ਇਸਤਰੀ ਨਾਲ ਸੰਬੰਧ) ਨਹੀਂ।
(3) ਕੁੱਠਾ (ਮੁਸਲਮਾਨੀ ਢੰਗ ਨਾਲ ਹਲਾਲ ਕੀਤਾ ਮਾਸ) ਨਹੀਂ ਖਾਣਾ।
(4) ਜਗਤ-ਜੂਠ ਤਮਾਕੂ ਨੂੰ ਹੱਥ ਨਹੀਂ ਲਾਉਣਾ।

ਪੰਜ ਕਕਾਰਾਂ-ਕੇਸ, ਕੰਘਾ, ਕੜਾ, ਕ੍ਰਿਪਾਨ ਅਤੇ ਕਛਹਿਰੇ ਦੀ ਰਹਿਤ ਰੱਖਣੀ ਹੈ ਅਤੇ ਇਨ੍ਹਾਂ ਪੰਜਾਂ ਨੂੰ ਆਪਣੇ ਸਰੀਰ ਦਾ ਹਿੱਸਾ ਸਮਝਣਾ ਹੈ।

ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸੰਨ 1701 ਈ: ਦੇ ਸ਼ੁਰੂ ਵਿਚ ਦੋ ਜਰਨੈਲਾਂ ਪੈਂਦੇ ਖਾਂ, ਦੀਨਾ ਬੇਗ ਨੇ ਮਿਲ ਕੇ ਕੀਤੀ, ਇਸ ਵਿਚ ਪੈਦੇ ਖਾਂ ਮਾਰਿਆ ਗਿਆ ਅਤੇ ਮੁਗਲ ਫੌਜ ਦੀ ਹਾਰ ਹੋਈ। ਦੂਜੀ ਲੜਾਈ ਨਵੰਬਰ 1701 ਵਿਚ ਪਹਾੜੀ ਰਾਜਿਆਂ ਅਤੇ ਗੁੱਜਰਾਂ ਦੇ ਸਰਦਾਰ ਜਮਤੁੱਲੇ ਨਾਲ ਹੋਈ। ਇਸ ਜੰਗ ਵਿਚ ਵੀ ਪਹਾੜੀ ਰਾਜਿਆਂ ਨੂੰ ਮੂੰਹ-ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਿੱਛੋਂ ਨਿਰਮੋਹ (ਜੋ ਕੀਰਤਪੁਰ ਦੇ ਨਜਦੀਕ ਹੈ) ਦੀ ਜੰਗ ਵੀ ਸੰਨ 1701 ਦੇ ਅਖੀਰ ਵਿਚ ਹੋਈ ਜੋ ਪਹਾੜੀ ਰਾਜਿਆਂ ਕਹਿਲੂਰੀਆ, ਹੰਡੂਰੀਆ, ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਆਪਸ ਵਿਚ ਮਿਲੀ-ਭੁਗਤ ਦੇ ਕਾਰਨ ਹੋਈ। ਜਿੱਥੇ ਗੁਰੂ ਸਾਹਿਬ ਜੀ ਨੇ ਅਨੇਕਾਂ ਧਰਮ ਜੰਗਾਂ ਲੜੀਆਂ,ਉੱਥੇ ਚਮਕੌਰ ਸਾਹਿਬ ਦੀ ਜੰਗ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ। ਸਿੱਖ ਇਤਿਹਾਸ ਵਾਚਣ ਉਪਰੰਤ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਉਸ ਸਮੇਂ ਸਰਸਾ ਦੇ ਕਿਨਾਰੇ ਮੁਗਲਾਂ ਨਾਲ ਬਹੁਤ ਭਿਆਨਕ ਜੰਗ ਹੋਈ ਜਿਸ ਵਿਚ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਇੱਥੇ ਆਪ ਜੀ ਦਾ ਕਾਫਲਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲੋਂ ਵਿੱਛੜ ਗਿਆ, ਜਿੱਥੋਂ ਆਪ ਜੀ ਦਾ ਨੌਕਰ ਗੰਗੂ, ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਜੋ ਮੋਰਿੰਡੇ ਸਟੇਸ਼ਨ ਤੋਂ 2-3 ਮੀਲ ’ਤੇ ਹੈ, ਲੈ ਗਿਆ। ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ।

ਗੁਰੂ ਸਾਹਿਬ ਜੀ ਥੋੜ੍ਹੇ ਜਿਹੇ ਸਿੰਘਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਕੋਟਲਾ ਨਿਹੰਗ ਖਾਂ ਹੁੰਦੇ ਹੋਏ ਅਗਲੇ ਦਿਨ ਚਮਕੌਰ ਸਾਹਿਬ ਪਹੁੰਚੇ। ਚਮਕੌਰ ਸਾਹਿਬ ਦੀ ਭਿਆਨਕ ਜੰਗ ਹੋਈ ਜਿਸ ਵਿਚ ਆਪ ਜੀ ਦੇ ਦੋਵਾਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਤਲਵਾਰ ਦੇ ਜੌਹਰ ਦਿਖਾਉਂਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ। ਚਮਕੌਰ ਦੀ ਗੜ੍ਹੀ ਵਿਚ ਜਿਸ ਅਸਥਾਨ ’ਤੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ। ਸੂਰਜ ਅਸਤ ਹੋਣ ਨਾਲ ਜਦੋਂ ਜੰਗ ਬੰਦ ਹੋਈ ਤਾਂ ਗੜ੍ਹੀ ਵਿਚ ਸਿਰਫ ਗਿਣਤੀ ਦੇ ਸਿੰਘ ਰਹਿ ਗਏ ਸਨ। ਇੰਨੀ ਥੋੜ੍ਹੀ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਸਿੰਘਾਂ ਦੇ ਹੌਸਲੇ ਬੁਲੰਦ ਸਨ। ਗੜ੍ਹੀ ਵਿਚਲੇ ਸਿੰਘਾਂ ਵਿੱਚੋਂ ਪੰਜਾਂ ਸਿੰਘਾਂ ਨੇ ਪੰਥ ਦੇ ਵਾਲੀ ਦਸ਼ਮੇਸ਼ ਗੁਰੂ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੱਤਾ, ਸੋ ਪੰਥ ਦਾ ਹੁਕਮ ਪ੍ਰਵਾਨ ਕਰਦੇ ਹੋਏ ਆਪ ਜੀ ਨੇ ਇੱਕ ਵੱਖਰਾ ਹੀ ਇਤਿਹਾਸ ਰਚ ਦਿੱਤਾ। ਗੁਰੂ ਸਾਹਿਬ ਨੇ ਆਪਣੀ ਜ੍ਹਿਗਾ ਅਤੇ ਕਲਗੀ ਆਪਣੇ ਬਚਪਨ ਦੇ ਹਮਸ਼ਕਲ ਅਤੇ ਹਮਉਮਰ ਬਾਬਾ ਸੰਗਤ ਸਿੰਘ ਦੇ ਸੀਸ ’ਤੇ ਸਜਾ ਕੇ ਅਤੇ ਬਾਬਾ ਸੰਗਤ ਸਿੰਘ ਨੂੰ ਵੈਰੀਆਂ ਨਾਲ ਡਟ ਕੇ ਮੁਕਾਬਲਾ ਕਰਨ ਅਤੇ ਜਿਊਂਦੇ-ਜੀਅ ਵੈਰੀ ਦੇ ਹੱਥ ਨਾ ਆ ਕੇ ਜੰਗ ਵਿਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਣ ਦੀ ਤਾਕੀਦ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਨਾਲ ਚਮਕੌਰ ਦੀ ਗੜੀ ਨੂੰ ਛੱਡ ਦਿੱਤਾ ਅਤੇ ਤਿੰਨ ਸਿੰਘਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਚਮਕੌਰ ਦੀ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਦੀ ਧਰਤੀ ਦੇ ਭਾਗ ਜਗਾਉਣ ਆ ਗਏ।

ਮਾਛੀਵਾੜੇ ਦੇ ਜੰਗਲਾਂ ਵਿਚ ਆਪ ਜੀ ਨੂੰ ਦੋ ਮਸੰਦ ਭਰਾ ਭਾਈ ਗੁਲਾਬਾ ਅਤੇ ਭਾਈ ਪੰਜਾਬਾ ਮਿਲੇ। ਇਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈ ਗਏ। ਇੱਥੇ ਹੀ ਘੋੜਿਆਂ ਦੇ ਸੌਦਾਗਰ ਨਬੀ ਖਾਂ ਅਤੇ ਗਨੀ ਖਾਂ ਆਪ ਜੀ ਨੂੰ ਮਿਲੇ। ਇੱਥੇ ਹੀ ਕੁਝ ਸਮਾਂ ਪਹਿਲਾਂ ਗੁਰੂ ਸਾਹਿਬ ਦੁਆਰਾ ਮਾਤਾ ਗੁਰਦੇਈ ਜੀ ਨੂੰ ਅਮਾਨਤ ਦੇ ਤੌਰ ’ਤੇ ਦਿੱਤੇ ਹੋਏ ਖੱਦਰ ਨੂੰ ਨਬੀ ਖਾਂ ਅਤੇ ਗਨੀ ਖਾਂ ਦੁਆਰਾ ਨੀਲੇ ਰੰਗ ਦਾ ਰੰਗਾ ਕੇ ਰਾਤੋ-ਰਾਤ ਗੁਰੂ ਸਾਹਿਬ ਜੀ ਲਈ ਚੋਲਾ ਤਿਆਰ ਕਰਵਾਇਆ ਗਿਆ, ਜਿਸ ਨੂੰ ਪਹਿਨ ਕੇ ਦਿਨ ਚੜ੍ਹਦੇ ਹੀ ਉਹ ਆਪ ਜੀ ਨੂੰ ਉੱਚ ਦੇ ਪੀਰ ਦੇ ਭੇਸ ਵਿਚ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਆਲਮਗੀਰ ਵਿਖੇ ਲੈ ਆਏ, ਅਤੇ ਫਿਰ ਰਾਏ ਕੋਟ ਵਿਖੇ ਡੇਰਾ ਸੀਲੋਆਣੀ ਦੀ ਜੂਹ ਵਿਚ ਗੁਰੂ ਸਾਹਿਬ ਜੀ ਆਪਣੇ ਮੁਰੀਦ ਚੌਧਰੀ ਰਾਏ ਕੱਲ੍ਹੇ ਨੂੰ ਮਿਲੇ। ਆਪ ਨੇ ਚੌਧਰੀ ਰਾਏ ਕੱਲ੍ਹੇ ਦੇ ਨੌਕਰ, ਨੂਰੇ ਮਾਹੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਲਈ ਸਰਹੰਦ ਭੇਜਿਆ। ਨੂਰੇ ਮਾਹੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਖਬਰ ਗੁਰੂ ਸਾਹਿਬ ਨੂੰ ਰੋ-ਰੋ ਕੇ ਦੱਸੀ ਕਿ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਅਤੇ ਦਾਦੀ ਮਾਂ ਵੀ ਮਾਸੂਮ ਪੋਤਰਿਆਂ ਦੀ ਸ਼ਹਾਦਤ ਨੂੰ ਪ੍ਰਵਾਨ ਚੜ੍ਹੀ ਜਾਣ ਕੇ ਅਕਾਲ ਪੁਰਖ ਦੇ ਭਾਣੇ ਵਿਚ ਸ਼ੁਕਰਾਨਾ ਕਰਦਿਆਂ ਸਰੀਰ ਛੱਡ ਗਏ ਤਾਂ ਇਹ ਸਾਰਾ ਹਾਲ ਸੁਣ ਕੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਕਿ “ਜ਼ਾਲਮ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਹੈ।”

ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਗਈ। ਹੁਣ ਗੁਰੂ ਸਾਹਿਬ ਜੀ ਨੇ ਆਪਣਾ ਰੁਖ਼ (ਦੱਖਣ ਵੱਲ) ਨੰਦੇੜ ਵੱਲ ਕੀਤਾ। ਆਪ ਜੀ ਮਾਧੋਦਾਸ ਨੂੰ ਮਿਲੇ। ਆਪ ਨੇ ਮਾਧੋ ਦਾਸ ਵੈਰਾਗੀ ਨੂੰ ਰਿਧੀਆਂ-ਸਿੱਧੀਆਂ ਦੇ ਮਾਰਗ ਦਾ ਤਿਆਗ ਕਰਵਾ ਕੇ ਉਸ ਨੂੰ ਗੁਰਮਤਿ ਦੇ ਸੱਚੇ-ਸੁੱਚੇ ਮਾਰਗ ਦਾ ਪਾਂਧੀ ਬਣਾਇਆ, ਉਸ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਉਪਰੰਤ ਬਾਬਾ ਬੰਦਾ ਸਿੰਘ ਦੇ ਨਾਮ ਨਾਲ ਨਿਵਾਜਿਆ ਅਤੇ ਮੁਗਲਾਂ ਨਾਲ ਟੱਕਰ ਲੈਣ ਲਈ ਖਾਲਸੇ ਦਾ ਜਥੇਦਾਰ ਥਾਪ ਕੇ ਉਸ ਨੂੰ ਬਖਸ਼ਿਸ ਵਜੋਂ ਪੰਜ ਤੀਰ,ਇੱਕ ਨਿਸ਼ਾਨ ਸਾਹਿਬ, ਇੱਕ ਨਗਾਰਾ,ਪੰਜ ਪਿਆਰੇ ਭਾਈ ਕਾਹਨ ਸਿੰਘ, ਭਾਈ ਰਣ ਸਿੰਘ, ਭਾਈ ਬਿਨੋਦ ਸਿੰਘ, ਭਾਈ ਬਾਜ ਸਿੰਘ,ਭਾਈ ਦਇਆ ਸਿੰਘ ਅਤੇ ਹੋਰ 25 ਸਿੰਘਾਂ ਦੀ ਫੌਜ ਦੇ ਕੇ ਮੁਗਲ ਹਕੂਮਤ ਨਾਲ ਟੱਕਰ ਲੈਣ ਲਈ ਪੰਜਾਬ ਵੱਲ ਰਵਾਨਾ ਕੀਤਾ। ਨੰਦੇੜ ਸਾਹਿਬ ਵਿਖੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਤੰਬੂ ਵਿਚ ਅਰਾਮ ਕਰ ਰਹੇ ਗੁਰੂ ਸਾਹਿਬ ’ਤੇ ਜਮਸ਼ੈਦ ਖਾਂ ਪਠਾਣ ਨੇ ਵਿਸ਼ਵਾਸਘਾਤ ਕਰਦੇ ਹੋਏ ਖੰਜਰ ਨਾਲ ਵਾਰ ਕੀਤਾ। ਜਮਸ਼ੈਦ ਖਾਂ ਮੌਕੇ ’ਤੇ ਹੀ ਗੁਰੂ ਸਾਹਿਬ ਜੀ ਦੀ ਤੇਗ ਦੇ ਇੱਕੋ ਵਾਰ ਨਾਲ ਖ਼ਤਮ ਹੋ ਗਿਆ ਅਤੇ ਤੰਬੂ ਦੇ ਬਾਹਰ ਖੜ੍ਹੇ ਉਸ ਦੇ ਦੂਜੇ ਪਠਾਣ ਸਾਥੀ ਗੁਲ ਖਾਂ ਨੂੰ ਗੁਰੂ ਸਾਹਿਬ ਦੇ ਸਿੰਘਾਂ ਨੇ ਚਿੱਤ ਕਰ ਦਿੱਤਾ। ਪਰ ਗੁਰੂ ਸਾਹਿਬ ਦਾ ਜ਼ਖਮ ਬਹੁਤ ਡੂੰਘਾ ਸੀ। ਤਿੰਨ-ਚਾਰ ਦਿਨਾਂ ਦੇ ਇਲਾਜ ਨਾਲ ਜ਼ਖਮ ਠੀਕ ਹੋਣ ਦੀ ਹਾਲਤ ਵਿਚ ਅਕਾਲ ਪੁਰਖ ਦੇ ਭਾਣੇ ਵਿਚ ਗੁਰੂ ਸਾਹਿਬ ਦੁਆਰਾ ਤੀਰ ਚਲਾਉਣ ਨਾਲ ਜ਼ਖਮ ਦੁਬਾਰਾ ਖੁੱਲ੍ਹ ਗਿਆ ਜਿਸ ਵਿੱਚੋਂ ਖੂਨ ਵਗਣ ਲੱਗਾ। ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਅਕਾਲ ਪੁਰਖ ਦੇ ਭਾਣੇ ਅਨੁਸਾਰ ਪ੍ਰੀਤਮ ਦੇ ਦੇਸ਼ ਜਾਣ ਦਾ ਫੈਸਲਾ ਸੁਣਾ ਦਿੱਤਾ। 6 ਅਕਤੂਬਰ 1708 ਨੂੰ ਸ਼ਾਮ ਨੂੰ ਨੰਦੇੜ ਸਾਹਿਬ ਵਿਖੇ ਆਪ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕਰਨ ਉਪਰੰਤ ਰਾਤ ਵੇਲੇ ਆਰਾਮ ਕੀਤਾ। 7 ਅਕਤੂਬਰ 1708 ਨੂੰ ਗੁਰੂ ਜੀ ਨੇ ਆਪਣੇ ਪੁੱਤਰ ਖਾਲਸੇ ਦੇ ਸਦਾ ਸੰਗ ਰਹਿਣ ਦਾ ਵਾਅਦਾ ਕਰਕੇ ਖਾਲਸੇ ਨੂੰ ਆਪਣੇ ਪਿਆਰ ਦਾ ਥਾਪੜਾ ਕੇ ਅਤੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਸੀਸ ਝੁਕਾ ਦਿਤਾ, ਸ੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ 7 ਅਕਤੂਬਰ 1708 ਨੂੰ ਕਲਗੀਆਂ ਵਾਲੇ ਸਰਬੰਸ ਦਾਨੀ ਪਾਤਸ਼ਾਹ, ਪ੍ਰੀਤਮ ਕੇ ਦੇਸ਼ ਸੱਚਖੰਡ ਪਿਆਨਾ ਕਰ ਗਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਲੱਖਪੁਰ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ। ਮੋਬਾ: 98156-14956

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)