editor@sikharchives.org

ਪੰਜਾਬ ਦੀ ਯਾਤਰਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, 2021)

1964 ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ ਵਾਲ਼ੇ ਸ਼ਹਿਰ ਵੀਨਸ ਅਤੇ ਸਵਿਟਜ਼ਰਲੈਂਡ ਦੀ ਖ਼ੂਬਸੂਰਤੀ ਨੂੰ ਵੇਖਣ ਦਾ ਪੈਦਾ ਹੋਇਆ ਚਾ ਪੂਰਾ ਕਰਨ ਵਾਸਤੇ, ਮੈਂ ਨੌਂ ਸਾਲ ਤਿਆਰੀ ਕਰਦਾ ਰਿਹਾ ਤੇ ਫੇਰ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ ਦੋ ਸਾਲ ਦਾ ਵਰਕ ਵੀਜ਼ਾ ਮਿਲ਼ਿਆ ਤੇ ਨਾਲ਼ ਹੀ ਪਰਵਾਰ ਸਮੇਤ ਹਵਾਈ ਜਹਾਜ ਦੀਆਂ ਟਿਕਟਾਂ ਵੀ। ਓਥੋਂ ਦੀ ਨੌਕਰੀ ਵਿਚੋਂ ਪੈਸੇ ਜੋੜ ਕੇ, ਦੁਨੀਆ ਦੀਆਂ ਯਾਤਰਾਵਾਂ ਦਾ ਆਰੰਭ ਹੋਇਆ। ਕਦੀ ਵੀ ਸੋਚ ਵਿਚ ਇਹ ਇੱਛਾ ਪੈਦਾ ਨਹੀਂ ਸੀ ਹੋਈ ਕਿ ਪੰਜਾਬੋਂ ਬਾਹਰ ਹੀ ਕਿਸੇ ਦੇਸ ਵਿਚ ਪੱਕੇ ਤੌਰ ਤੇ ਟਿਕਣਾ ਹੈ। ਇਸ ਲਈ ਜਦੋਂ ਹੀ ਪੰਜਾਬ ਮੁੜਨ ਲਈ ਟਿਕਟ ਖ਼ਰੀਦਣ ਦੇ ਜੋਗ ਹੋਣਾ, ਦੇਸ ਨੂੰ ਭੱਜ ਤੁਰਨਾ। ਏਸੇ ਕਰਕੇ ਹੀ ਬਾਹਰ ਜਾਣ ਵਾਲ਼ੇ ਉਦਮੀਆਂ ਵੱਲੋਂ, ਬਾਹਰ ਦੀ ਕਮਾਈ ਨਾਲ਼ ਬਣਾਏ ਗਏ ਧਨ ਨਾਲ਼ ਖੁਲ੍ਹਾ ਡੁਲ੍ਹਾ ਖਰਚ ਕਰਨ ਵਾਲ਼ਿਆਂ ਦੇ ਬਰਾਬਰ ਨਾ ਪਹੁੰਚ ਸਕਿਆ। ਇਉਂ ਮਾਰਚ 1973 ਤੋਂ ਲੈ ਕੇ ਸਤੰਬਰ 1983 ਤੱਕ ਸਾਢੇ ਦਸ ਸਾਲ ‘ਲਟਕਣ ਕਲਾਸ’ ਵਿਚ ਹੀ ਰਿਹਾ ਪਰ ਇਸ ਦਾ ਪਛਤਾਵਾ ਕੋਈ ਨਹੀਂ।

1983 ਦੇ ਅਗਸਤ ਮਹੀਨੇ ਵਿਚ, ਸਿਡਨੀ ਵਿਚਲੀ ਵੈਸਟਪੈਕ ਬੈਂਕ ਤੋਂ ਇਕ ਮਹੀਨੇ ਦੀ ਸਾਲਾਨਾ ਛੁੱਟੀ ਮਿਲਣ ‘ਤੇ, ਡਾਂਡੇ ਮੀਂਡੇ ਜਿਹੇ ਸਫ਼ਰ ਰਾਹੀਂ ਪੰਜਾਬ ਨੂੰ ਤੁਰ ਪਿਆ। ਉਸ ਸਮੇ ਦੇਸ ਵਿਚ ਧਰਮ ਯੁਧ ਮੋਰਚਾ ਪੂਰਾ ਗਰਮੀ ਵਿਚ ਚੱਲ ਰਿਹਾ ਸੀ। ਕੁਝ ਸੱਜਣ ਮਿੱਤਰ ਜੇਹਲਾਂ ਵਿਚ ਬੈਠੇ ਸਨ, ਕੁਝ ਅੰਮ੍ਰਿਤਸਰੋਂ ਚਲੇ ਗਏ ਤੇ ਕੁਝ ਹੋਰ ਕਾਰਨਾਂ ਕਰਕੇ ਨਾ ਮਿਲ਼ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚੋਂ ਮੈਨੂੰ 1947 ਵਰਗੇ ਹਾਲਾਤ ਭਾਸਣ ਲੱਗ ਪਏ। ਮੇਰੇ ਚਿਰਕਾਲੀ ਇਕ ਮਿੱਤਰ ਖੱਬੇ ਪੱਖੀ ਸੋਚ ਵਾਲ਼ੇ, ਵੈਦ ਰਾਮ ਪਾਲ ਸ਼ਰਮਾ ਜੀ ਨਾਲ਼, ਇਸ ਧਰਮ ਯੁਧ ਮੋਰਚੇ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦਾ ਮੋਰਚਾ ਸਹੀ ਹੈ। ਮੈਂ ਕਿਹਾ, “ਜੇ ਤੁਸੀਂ ਅਕਾਲੀਆਂ ਨੂੰ ਸਹੀ ਮੰਨਦੇ ਹੋ ਤਾਂ ਤੁਹਾਡੀ ਪਾਰਟੀ ਅਕਾਲੀਆਂ ਦਾ ਸਾਥ ਕਿਉਂ ਨਹੀਂ ਦਿੰਦੀ?” ਦਾ ਜਵਾਬ ਉਹਨਾਂ ਨੇ ਇਉਂ ਦਿਤਾ, “ਅਕਾਲੀ ਗੁਰਦੁਆਰੇ ਦੇ ਅੰਦਰੋਂ ਮੋਰਚਾ ਚਲਾ ਰਹੇ ਹਨ। ਜੇ ਬਹਰੋਂ ਚਲਾਉਣ ਤਾਂ ਅਸੀਂ ਵੀ ਅਕਾਲੀਆਂ ਨਾਲ਼ ਸ਼ਮਲ ਹੋ ਸਕਦੇ ਹਾਂ।“ ਖੈਰ, ਇਹ ਵੈਦ ਜੀ ਦੀ ਦਲੀਲਬਾਜੀ ਸੀ। ਜਦੋਂ ਮੈਂ ਇਹ ਕਿਹਾ ਕਿ ਸ਼ਾਂਤਮਈ ਮੋਰਚੇ ਤਾਂ ਸਰਕਾਰਾਂ ਨਾਲ਼ ਅਕਾਲੀਆਂ ਦੇ ਲੱਗਦੇ ਹੀ ਰਹਿੰਦੇ ਹਨ; ਇਹ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮੈਨੂੰ ਪੰਜਾਬ ਦੇ ਵਾਤਾਵਰਣ ਵਿਚੋਂ ਫਿਰਕੂ ਖਿੱਚੋਤਾਣ ਦਾ ਝੌਲ਼ਾ ਜਿਹਾ ਪੈਂਦਾ ਹੈ। ਇਸ ਦੇ ਜਵਾਬ ਵਿਚ ਉਸ ਨੇ ਜੋ ਕਿਹਾ ਉਸ ਨੇ ਮੇਰੀ ਹੋਰ ਵੀ ਹੌਸਲਾ ਸ਼ਿਕਨੀ ਕੀਤੀ। ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ: ਮੇਰਾ ਜੋਤਸ਼ ਦੱਸਦਾ ਹੈ ਕਿ ਏਥੇ ਫਿਰਕੂ ਫਸਾਦ ਹੋਣੇ ਹਨ। ੧੯੪੭ ਵਾਂਗ ਹਿੰਦੂ ਸਿੱਖਾਂ ਨੇ ਇਕ ਦੂਜੇ ਨੂੰ ਮਾਰਨਾ ਹੈ। ਅਜਿਹੀ ਹੀ ਭਿਆਨਕ ਪੇਸ਼ੀਨਗੋਈ, ਮਈ 1977 ਵਿਚ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ, ਇਕ ਨੌਜਵਾਨ ਚੈਨ ਸਿੰਘ ਸੈਣੀ ਨੇ ਕੀਤੀ ਸੀ। ਸਾਰ ਉਸ ਦਾ ਇਹ ਸੀ ਕਿ ਦਰਬਾਰ ਸਾਹਿਬ ਉਪਰ ਫੌਜਾਂ ਹਮਲਾ ਕਰਨਗੀਆਂ। ਓਥੇ ਸਿੱਖ ਵਿਰੋਧੀ ਕੁਕਰਮ ਕਰਨਗੀਆਂ। ਉਸ ਸਮੇ ਮੇਰੇ ਮੰਨਣ ਵਿਚ ਅਜਿਹੀ ਚੋਣ ਬਿਲਕੁਲ ਨਹੀਂ ਸੀ ਆਈ। ਮੇਰੇ ਵੱਲੋਂ ਅਜਿਹਾ ਹੋ ਸਕਣ ਬਾਰੇ ਸ਼ੰਕਾ ਪਰਗਟ ਕਰਨ ‘ਤੇ ਉਸ ਨੇ ਕਿਹਾ, “ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲ਼ੇ ਇਸ ਤਰ੍ਹਾਂ ਹੋਇਆ?” ਜੋ ਕੁਝ ਜੂਨ ੧੯੮੪ ਵਿਚ ਹੋਇਆ, ਉਸ ਬਾਰੇ ਉਸ ਨੇ ਮਈ 1977 ਵਿਚ ਹੀ ਦੱਸ ਦਿਤਾ ਸੀ।

ਪੰਥ ਅਤੇ ਪੰਜਾਬ ਦੀ ਅਜਿਹੀ ਹਾਲਤ ਵੇਖ ਕੇ ਵਿਚਾਰ ਆਈ ਕਿ ਪੰਜਾਬ ਹੁਣ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਅਤੇ ਮੇਰਾ ਹੁਣ ਇਸ ਦੇ ਬਰਾਬਰ ਪਹੁੰਚ ਸਕਣਾ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਫਿਰ ਇਸ ਹਾਲਤ ਵਿਚ ਮੈਂ ਪੰਜਾਬ ਦੀ ਸਮਾਜਕ ਅਵੱਸਥਾ ਵਿਚ ਕੋਈ ਉਸਾਰੂ ਹਿੱਸਾ ਪਾ ਸਕਣ ਦੇ ਵੀ ਜੋਗ ਨਹੀਂ ਰਿਹਾ। ਫਿਰ ਸਿਡਨੀ ਵਿਚ ਮੇਰੀ ਪਰਵਾਰਕ ਹਾਲਤ ਵੀ ਇਉਂ ਸੀ ਕਿ ਛੇ ਜੀਆਂ ਦਾ ਟੱਬਰ। ਸਭ ਤੋਂ ਛੋਟਾ ਬੱਚਾ ਅਜੇ ਮਹੀਨੇ ਕੁ ਦਾ। ਸੋਹਣੀ ਬੈਂਕ ਦੀ ਨੌਕਰੀ। ਬੈਂਕ ਤੋਂ ਕਰਜਾ ਲੈ ਕੇ ਲਏ ਮਕਾਨ ਦੀ ਕਿਸ਼ਤ ਹਰੇਕ ਮਹੀਨੇ ਭਰਨੀ। ਸਹਿੰਦਾ ਸਹਿੰਦਾ ਜਿਹਾ ਭਾਈਚਾਰੇ ਵਿਚ ਮਾਣ ਸਤਿਕਾਰ ਵੀ। ਦੂਜੇ ਬੰਨੇ ਪੰਜਾਬ ਵਿਚ ਕੁਝ ਵੀ ਨਾ, ਜਿਸ ਨੂੰ ਮੈਂ ਆਪਣਾ ਕਹਿ ਸਕਾਂ ਤੇ ਉਸ ਆਸਰੇ ਦਿਨ ਕਟੀ ਕਰ ਸਕਾਂ। ਹਰੇਕ ਫੇਰੀ ਦੌਰਾਨ ਰਿਸ਼ਤੇਦਾਰਾਂ ਅਤੇ ਸੱਜਣਾਂ ਪਾਸੋਂ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਰਾਤਾਂ ਕੱਟ ਕੇ ਵਾਪਸ ਮੁੜਿਆ ਕਰਦਾ ਸਾਂ। ਪੰਜਾਬ ਦੇ ਇਕ ਚੱਕਰ ਵਿਚ ਹੀ ਲੱਖ ਰੁਪਇਆ ਰੁੜ੍ਹ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਵਿਚ ਸੋਚ ਆਈ ਕਿ ਬਾਬਾ ਜੀ ਦੀ ਬਾਣੀ ਆਖਦੀ ਹੈ, “ਜਿਥੈ ਰਖਹਿ ਬੈਕੁੰਠ ਤਿਥਾਈ” ਅਨੁਸਾਰ, ਜਿਥੇ ਵੀ ਹੁਣ ਉਸ ਦੀ ਰਜ਼ਾ ਹੈ ਓਸੇ ਨੂੰ ਹੀ ਬੈਕੁੰਠ ਜਾਣ ਕੇ ਰਹੀ ਜਾਣਾ ਚਾਹੀਦਾ ਹੈ। ਕੀ ਪਤਾ ਕਦੋਂ ਗੁਰੂ ਰਾਮ ਦਾਸ ਜੀ ਦੀ ਮੇਹਰ ਹੋ ਜਾਵੇ ਤੇ ਉਹ ਜੇਬ ਵਿਚ ਏਨੀ ਕੁ ਮਾਇਆ ਪਾ ਦੇਵੇ ਕਿ ਹਰੇਕ ਸਾਲ ਹੀ ਆਪਣੀ ਨਗਰੀ ਦੀ ਯਾਤਰਾ ਕਰਨ ਦੇ ਜੋਗ ਬਣਾ ਦੇਵੇ। ਉਸ ਦੇ ਦਰ ਉਪਰ ਸਿਰ ਝੁਕਾਉਣ ਦੇ ਨਾਲ਼ ਨਾਲ਼ ਸੱਜਣਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨਾਲ਼ ਵੀ ‘ਸਾਹਬ ਸਲਾਮਤ’ ਹੋ ਜਾਇਆ ਕਰੇ।

ਗੁਰੂ ਜੀ ਦੀ ਕਿਰਪਾ ਸਦਕਾ ਕੁਝ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੱਗ ਜਾਣ ਕਰਕੇ ਹੱਥ ਕੁਝ ਕੁਝ ਸੌਖਾ ਹੋ ਗਿਆ ਤੇ ਤਕਰੀਬਨ ਹਰੇਕ ਸਾਲ ਹੀ ਦੇਸ਼ ਦਾ ਚੱਕਰ ਲੱਗ ਜਾਂਦਾ ਹੈ। ਨਾਲ਼ੇ ਕਦੀ ਇਕ ਤੇ ਕਦੀ ਪਹਿਲਾਂ ਛਪੀ ਕਿਤਾਬ ਦੀ ਹੋਰ ਅਗਲੀ ਐਡੀਸ਼ਨ ਛਪਵਾ ਕੇ, ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦਾ ਹਾਂ ਤੇ ਨਾਲ਼ੇ ਸਜਣਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।

ਏਸੇ ਸਿਲਸਲੇ ਵਿਚ ਇਸ ਵਾਰੀ ਵੀ ਅੰਮ੍ਰਿਤਸਰ ਜਾਣ ਦਾ ਵਿਚਾਰ ਸੀ। ਓਥੇ ਦੇ ਮੌਸਮੀ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਅਕਤੂਬਰ ਨਵੰਬਰ ਜਾਂ ਫਿਰ ਫਰਵਰੀ ਮਾਰਚ ਵਿਚ ਜਾਣ ਲਈ ਵਿਚਾਰ ਕੀਤਾ ਜਾਂਦਾ ਹੈ। ਸਿਡਨੀ ਵਿਚਲੇ ਆਪਣੇ ਸ਼ੁਭਚਿੰਤਕ ਖੇਲਾ ਪਰਵਾਰ ਦੇ ਮੁਖੀ ਸ. ਮਨਮੋਹਨ ਸਿੰਘ ਖੇਲਾ ਜੀ ਤੋਂ ਖ਼ਬਰ ਅਤੇ ਸੱਦਾ ਮਿਲ਼ਿਆ ਕਿ ਉਹਨਾਂ ਦੇ ਪਰਵਾਰ ਵਿਚ, ਉਹਨਾਂ ਦੇ ਪਿੰਡ ਸਜਾਵਲਪੁਰ ਵਿਚ, ਅਕਤੂਬਰ ਦੇ ਸ਼ੁਰੂ ਵਿਚ ਵਿਆਹ ਹੈ, ਉਸ ਵਿਚ ਸ਼ਾਮਲ ਹੋਵਾਂ। ਇਸ ਕਰਕੇ ਅਤੇ ਸਤੰਬਰ ਵਿਚ ਕਰਾਇਆ ਕੁਝ ਸਸਤਾ ਹੋਣ ਕਰਕੇ, ਅਕਤੂਬਰ ਉਡੀਕਣ ਦੀ ਬਜਾਇ ਸਤੰਬਰ ਵਿਚ ਹੀ ਦੇਸ ਨੂੰ ਚਾਲੇ ਪਾ ਲਏ।

ਅੱਧੀ ਰਾਤ ਨੂੰ ਅੰਮ੍ਰਿਤਸਰ ਉਤਰ ਕੇ ਛੋਟੇ ਭਰਾ ਸ. ਸੇਵਾ ਸਿੰਘ ਕੋਲ਼ ਟਿੰਡ ਫਹੁੜੀ ਟਿਕਾ ਲਿਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਕੇ, ਉਸ ਦਿਨ ਤੋਂ ਆਪਣੀ ਦਸਵੀਂ ਕਿਤਾਬ ਦੀ ਛਪਵਾਈ ਵਾਸਤੇ ਭੱਜ ਦੌੜ ਸ਼ੁਰੂ ਕਰ ਦਿਤੀ। ਸਾਰਾ ਮਸੌਦਾ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਦੇ ਹਵਾਲੇ ਕਰਕੇ ਇਸ ਪਾਸਿਉਂ ਬੇਫਿਕਰ ਹੋ ਗਿਆ ਤੇ ਕੁਝ ਪਰਵਾਰਕ ਅਤੇ ਅੰਮ੍ਰਿਤਸਰ ਦੇ ਆਲ਼ੇ ਦੁਆਲ਼ੇ ਦੇ ਸੱਜਣਾਂ ਦੇ ਦਰਸ਼ਨ ਮੇਲੇ, ਕਰਨੇ ਅਤੇ ਸਮਾਗਮਾਂ ਵਿਚ ਹਾਜਰੀ ਭਰਨ ਦਾ ਕਾਰਜ ਸ਼ੁਰੂ ਕਰ ਦਿਤਾ।

20 ਸਤੰਬਰ ਵਾਲ਼ੇ ਦਿਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਨਾਨਕ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸੈਮੀਨਾਰ ਕੀਤਾ ਗਿਆ। ਇਸ ਵਿਸ਼ਾਲ ਭਵਨ ਵਿਚ ਦੂਰ ਦੁਰਾਡੇ ਦੇਸ ਅਤੇ ਪਰਦੇਸਾਂ ਵਿਚੋਂ ਪਹੁੰਚੇ ਹੋਏ ਵਿੱਦਵਾਨਾਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ਵਿਚ ਸਟੇਜ ਉਪਰ, ਬਾਕੀ ਵਿਸ਼ੇਸ਼ ਵਿਅਕਤੀਆਂ ਦੇ ਨਾਲ਼, ਪ੍ਰਬੰਧਕਾਂ ਵੱਲੋਂ ਦਾਸ ਨੂੰ ਵੀ ਸਿਰੋਪਾ, ਮੋਮੈਂਟੋ, ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।

ਅੰਤ ਵਿਚ ਲੰਗਰ ਛਕਦਿਆਂ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਵਿੱਦਿਆ ਦੀ ਸੰਸਥਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਸਾਹਿਬਾ, ਬੀਬਾ ਮਨਜੀਤ ਕੌਰ ਜੀ, ਆਪਣੇ ਹੋਰ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ, ਮਿਲ਼ੇ ਅਤੇ ਸਦਾ ਵਾਂਗ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿਤਾ। ਫਿਰ ਇਕ ਦਿਨ ਇਹ ਸੇਵਾ ਵੀ ਨਿਭਾ ਕੇ ਮਾਣ ਮਹਿਸੂਸ ਕੀਤਾ। ਕੁਝ ਸਾਲਾਂ ਤੋਂ ਆਪਣੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ ਕਾਲਜ ਦੇ ਮੁਖੀ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਿਆ ਜਾਂਦਾ ਹੈ। ਇਸ ਸੰਸਥਾ ਤੋਂ ਪ੍ਰਾਪਤ ਕੀਤੀ ਗਈ ਵਿੱਦਿਆ ਕਰਕੇ ਹੀ ਮੈਂ ਸੰਸਾਰ ਵਿਚ ਵਿਚਰਨ ਦੇ ਨਾ ਕੇਵਲ ਜੋਗ ਹੀ ਹੋਇਆ ਹਾਂ ਬਲਕਿ ਸਮੂੰਹ ਸੰਸਾਰ ਵਿਚ ਵੱਸਦੀਆਂ ਸਿੱਖ ਸੰਗਤਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਮੇ ਸਮੇ ਮਾਣ ਸਨਮਾਨ ਵੀ ਪ੍ਰਾਪਤ ਹੁੰਦਾ ਆ ਰਿਹਾ ਹੈ।

ਪ੍ਰਿੰਸੀਪਲ ਹਰਜੀਤ ਸਿੰਘ ਜੀ ਸਮੇ ਤੋਂ ਹੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ, ਵੇਲ਼ੇ ਦੇ ਮੁਖੀ ਜੀ ਵੱਲੋਂ, ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੈਨੂੰ ਮਾਣ ਬਖ਼ਸ਼ਿਆ ਜਾਂਦਾ ਹੈ। ਧੰਨਭਾਗ! ਉਹ ਸਾਲ ਤੇ ਮੈਨੂੰ ਯਾਦ ਨਹੀਂ ਪਰ ਉਸ ਦਿਨ ਭਾਰਤੀ ਪਾਰਲੀਮੈਂਟ ਉਪਰ ਅੱਤਵਾਦੀਆਂ ਦਾ ਹਮਲਾ ਹੋਇਆ ਸੀ। ਉਸ ਦਿਨ ਦੀ ਘਟਨਾ ਦਾ ਮੈਂ ਪਹਿਲਾਂ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕ ਹਾਂ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਸ਼ਹੀਦ ਜੀ ਦੀ ਯਾਦ ਵਿਚ, ਗੁਰਦਾਸ ਨੰਗਲ ਵਿਚ ਸਥਾਪਤ ਕੀਤੇ ਗਏ ਖ਼ਾਲਸਾ ਕਾਲਜ ਵਿਚਲੇ ਸੈਮੀਨਾਰ ਵਿਚ ਸ਼ਾਮਲ ਹੋ ਕੇ, ਵਿਦਵਾਨਾਂ ਦੀ ਹਾਜਰੀ ਵਿਚ, ਵਿਦਿਆਰਥੀਆਂ ਅਤੇ ਹੋਰ ਸੂਝਵਾਨ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਮਾਣ ਪ੍ਰਾਪਤ ਹੋਇਆ। ਏਥੋਂ ਹੀ ਧਾਰੀਵਾਲ ਵਿਚ ਹਿੰਦੂ ਕੰਨਿਆ ਮਹਾਂ ਵਿਦਿਆਲੇ ਦੇ ਸੈਮੀਨਾਰ ਵਿਚ ਬੋਲਣ ਦਾ ਸੱਦਾ ਪ੍ਰਾਪਤ ਹੋਇਆ ਤੇ ਓਥੇ ਵੀ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਵਿਚ ਪੰਡਤ ਮੋਹਨ ਲਾਲ ਹਿੰਦੂ ਕਾਲਜ ਦੇ ਸੈਮੀਨਾਰ ਵਿਚ ਸੱਦੇ ਜਾਣ ਤੇ ਭਾਗ ਲਿਆ। ਓਸੇ ਸ਼ਾਮ ਨੂੰ ਪੰੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਾਲ਼ਿਆਂ ਵੀ ਸ਼ਹਿਰ ਦੇ ਸਾਹਿਤਕਾਰਾਂ ਦੇ ਸੰਖੇਪ ਇਕੱਠ ਵਿਚ ਸਨਮਾਨਤ ਕੀਤਾ।

ਜਥੇਦਾਰ ਕੇਵਲ ਸਿੰਘ ਜੀ ਦੇ ਸੱਦੇ ਉਪਰ ਉਹਨਾਂ ਦੀ ਵਿਦਿਅਕ ਸੰਸਥਾ ਭਾਈ ਗੁਰਦਾਸ ਅਕੈਡਮੀ, ਪਿੰਡ ਪੰਡੋਰੀ ਰਣ ਸਿੰਘ ਵਿਚਲੇ ਸਮਾਗਮ ਵਿਚ ਵੀ ਹਾਜਰੀ ਭਰੀ। ਇਸ ਸਮਾਗਮ ਵਿਚ ਹਾਜਰ ਹੋਣ ਲਈ ਮੈਨੂੰ ਬਹੁਪੱਖੀ ਸ਼ਖ਼ਸੀਅਤ ਪ੍ਰਿੰਸੀਪਲ ਬਲਵਿੰਦਰ ਸਿੰਘ ਪਧਰੀ ਜੀ ਆਪਣੀ ਕਾਰ ਉਪਰ ਲੈ ਗਏ ਸਨ।

ਸਤੰਬਰ ਮੁੱਕਣ ‘ਤੇ ਸ. ਮਨਮੋਹਨ ਸਿੰਘ ਖੇਲਾ ਜੀ ਦੇ ਪਿੰਡ ਸਜਾਵਲਪੁਰ ਨੂੰ ਤੁਰ ਪਿਆ। ਓਥੋਂ ਜੰਞ ਗਈ ਹੁਸ਼ਿਆਰਪੁਰ। ਆਨੰਦ ਕਾਰਜ ਸਮੇ ਕੁਝ ਸ਼ਬਦ ਅਸ਼ੀਰਵਾਦ ਵਜੋਂ ਬੋਲੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਸਨ। ਉਹਨਾਂ ਨੇ ਮੇੇਰੇ ਬਾਰੇ ਸੰਗਤ ਅਤੇ ਕਮੇਟੀ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਇਸ ਪਿੰਡ ਦੀ ਫੇਰੀ ਸਮੇ ਦੋ ਕੁ ਰਾਤਾਂ ਖੇਲਾ ਪਰਵਾਰ ਦੇ ਵਿਸ਼ਾਲ ਅਤੇ ਸੋਹਣੇ ਘਰ ਦੀ ਅਖੀਰਲੀ ਛੱਤ ਉਪਰਲੇ ਕਮਰੇ ਵਿਚ ਡੇਰਾ ਰੱਖਿਆ ਸੀ। ਉਹਨਾਂ ਦੇ ਘਰ ਵਿਖੇ ਹੀ ਨਿੰਦਰ ਘੁਗਿਆਣਵੀ ਅਤੇ ਕੁਝ ਹੋਰ ਸਾਹਿਤਕਾਰਾਂ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਪ੍ਰਾਪਤ ਹੋਈ। ਕੁਝ ਦਿਨਾਂ ਪਿਛੋਂ ਪਿੰਡ ਦੇ ਸਕੂਲ ਦੇ ਬੱਚਿਆਂ ਵਾਸਤੇ ਖੇਲਾ ਪਰਵਾਰ ਵੱਲੋਂ ਲਿਆਂਦੇ ਲੈਪਟਾੱਪ, ਜ਼ਿਲ਼ੇ ਦੇ ਆਹਲਾ ਅਫ਼ਸਰਾਂ ਦੀ ਹਾਜਰੀ ਵਿਚ ਬੱਚਿਆਂ ਨੂੰ ਦਿਤੇ ਜਾਣੇ ਸਨ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ, ਪਰਵਾਰ ਵੱਲੋਂ ਉਹਨਾਂ ਦੇ ਘਰ ਹੀ ਟਿਕੇ ਰਹਿਣ ਲਈ ਕਿਹਾ ਗਿਆ ਪਰ ਮੈਂ ਹੋਰ ਰੁਝੇਵਿਆਂ ਕਰਕੇ ਮੁਆਫ਼ੀ ਮੰਗ ਲਈ। ਖਾਸ ਕਰਕੇ ਓਸੇ ਦਿਨ ਹੀ ਸਾਡੇ ਗਵਾਂਢੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਉਹਨਾਂ ਦੇ ਪਿੰਡ ਖੱਖ ਵਿਖੇ ਭੋਗ ਦਾ ਸੋਗ ਸਮਾਗਮ ਹੋਣ ਕਰਕੇ ਮਜਬੂਰੀ ਦੱਸੀ। ਉਹਨਾਂ ਦੇ ਸਸਕਾਰ ਸਮੇ ਮੈਂ ਜਾ ਨਹੀਂ ਸੀ ਸਕਿਆ। ਗਿਆਨੀ ਜੀ ਦੇ ਸਪੁੱਤਰ ਨਾਲ਼ ਓਥੇ ਹਾਜਰ ਹੋਣ ਲਈ ਇਕਰਾਰ ਵੀ ਕੀਤਾ ਹੋਇਆ ਸੀ। ਸ. ਮਨਮੋਹਨ ਸਿੰਘ ਜੀ ਨੇ ਕਿਹਾ ਕਿ ਸਕੂਲ ਵਾਲ਼ਾ ਸਮਾਗਮ ਸਵੇਰ ਵੇਲ਼ੇ ਭੁਗਤ ਜਾਣਾ ਹੈ ਤੇ ਸੋਗ ਦਾ ਸਮਾਗਮ ਦੁਪਹਿਰ ਤੋਂ ਬਾਅਦ ਹੁੰਦਾ ਹੈ। ਤੁਹਾਨੂੰ ਕਾਰ ਤੇ ਉਸ ਸਮਗਾਮ ਵਿਚ ਪੁਚਾ ਦਿਆਂਗੇ। ਜਤਨ ਕੀਤਾ ਪਰ ਸੋਗ ਸਮਾਗਮ ਵਿਚ ਸਮੇ ਸਿਰ ਨਾ ਪਹੁੰਚਿਆ ਗਿਆ। ਸਾਡੇ ਜਾਂਦਿਆਂ ਨੂੰ ਸੋਗ ਸਮਾਗਮ ਸਮਾਪਤ ਹੋ ਚੁੱਕਾ ਸੀ ਤੇ ਸੰਗਤਾਂ ਵਾਪਸ ਮੁੜ ਰਹੀਆਂ ਸਨ। ਅਸੀਂ ਬਾਹਰੋਂ ਹੀ ਮੁੜ ਆਏ ਤੇ ਜੀਟੀ ਰੋਡ ਤੇ ਆਣ ਕੇ ਖੇਲਾ ਜੀ ਦੀ ਕਾਰ ਤੇ ਓਥੋਂ ਹੀ ਉਹਨਾਂ ਦੇ ਪਿੰਡ ਨੂੰ ਵਾਪਸ ਮੋੜ ਦਿਤੀ ਤੇ ਆਪ ਮੈਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਨਵਾਂ ਤਜਰਬਾ ਹੋਇਆ ਕਿ ਇਕੋ ਦਿਨ ਵਿਚ ਦੋ ਸਮਾਗਮਾਂ ਵਿਚ ਪਹੁੰਚਣਾ ਸਹਿਲਾ ਕਾਰਜ ਨਹੀਂ ਹੁੰਦਾ।

ਅਜਿਹਾ ਕੁਝ ਮੇਰੇ ਨਾਲ਼ ਪੰਜਾਹ ਸਾਲ ਪਹਿਲਾਂ, 1968 ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌਵੇਂ ਪ੍ਰਕਾਸ਼ ਉਤਸ਼ਵ ਸਮੇ ਵੀ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇ ਮੇਰੀ ਡਿਊਟੀ ਦੋ ਥਾਵਾਂ ਉਪਰ ਲਗਾ ਦਿਤੀ ਗਈ ਸੀ। ਮੇਰੀ ਬੜੀ ਖਿੱਚ ਸੀ ਕਿ ਅੰਮ੍ਰਿਤਸਰ ਦੇ ਗੋਲ਼ ਬਾਗ ਵਿਚ ਹੋ ਰਹੇ ਮੁਖ ਸਮਾਗਮ ਵਿਚ ਪਹੁੰਚਾਂ। ਇਸ ਲਈ ਰਾਹੋਂ ਵਾਲ਼ੇ ਸਮਾਗਮ ਸਮੇ ਇਕ ਦਿਨ ਪਹਿਲਾਂ ਨਿਕਲਣ ਵਾਲ਼ੇ ਜਲੂਸ ਵਿਚ ਸ਼ਾਮਲ ਹੋ ਕੇ, ਅਗਲੇ ਦੀਵਾਨਾਂ ਵਿਚ ਸ਼ਾਮਲ ਹੋਣ ਤੋਂ ਛੱੁਟੀ ਲੈ ਲਈ ਤੇ ਦੂਸਰਾ ਪ੍ਰੋਗਰਾਮ ਰੁੜਕਾ ਕਲਾਂ ਵਿਚ ਸੀ। ਓਥੇ ਦੇ ਸਮਾਗਮ ਵਿਚਲੇ ਇਕ ਦੀਵਾਨ ਵਿਚ ਹਾਜਰੀ ਭਰ ਕੇ, ਅਗਲੇ ਦੀਵਾਨ ਤੋਂ ਛੁੱਟੀ ਲੈ ਕੇ, ਬੱਸ ਰਾਹੀਂ ਅੰਮ੍ਰਿਤਸਰ ਨੂੰ ਭੱਜਾ। ਬੱਸ ਅੱਡੇ ਤੋਂ ਰਿਕਸ਼ਾ ਰਾਹੀਂ ਗੋਲ ਬਾਗ ਗਿਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਸੀ। ਇਸ ਤਰ੍ਹਾਂ, “ਸ਼ਾਹ ਵੇਲਿਉਂ ਵੀ ਰਹੀ ਤੇ ਗੋਹਲਾਂ ਤੋਂ ਵੀ ਰਹੀ। ਨਾ ਖ਼ੁਦਾ ਹੀ ਮਿਲ਼ਾ ਨਾ ਵਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।“ ਮੇਰੇ ਨਾਲ਼ ਹੋਈ।

22 ਅਕਤੂਬਰ, 2020 ਵਾਲ਼ੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਵਾਸਤੇ ਵੱਖ ਵੱਖ ਦੇਸ਼ਾਂ ਦੇ 90 ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਬੜੀ ਇੱਛਾ ਸੀ ਕਿ ਇਸ ਰੌਣਕ ਮੇਲੇ ਨੂੰ ਵੇਖਿਆ ਜਾਵੇ ਜੋ ਕਿ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਪਰ ਓਸੇ ਦਿਨ ਹੀ ਦਰਬਾਰ ਸਾਹਿਬ ਤੋਂ ਵਾਹਵਾ ਹੀ ਦੂਰ ਗੁਰਦੁਆਰਾ ਪਲਾਹ ਸਾਹਿਬ ਵਿਖੇ, ਸਾਡੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਸੋਗ ਸਮਾਗਮ ਸੀ। ਦੋਵੇਂ ਸਮਾਗਮ ਇਕੋ ਦਿਨ ਆ ਜਾਣ ਕਰਕੇ ਦੁਬਿਧਾ ਜਿਹੀ ਬਣ ਗਈ। ਏਧਰ ਜਾਇਆ ਜਾਵੇ ਕਿ ਓਧਰ! ਅਖੀਰ ਸੋਗ ਸਮਾਗਮ ਵਿਚ ਜਾਣ ਦਾ ਵਿਚਾਰ ਬਣਾ ਕੇ ਓਧਰ ਨੂੰ ਤੁਰ ਪਿਆ ਪਰ ਰਸਤੇ ਵਿਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਜੀ ਵਿਖੇ, ਆਪਣੇ ਸਾਹਿਤਕਾਰ ਮਿੱਤਰ ਸ. ਦਿਲਜੀਤ ਸਿੰਘ ਬੇਦੀ ਜੀ ਨੂੰ ਮਿਲਣ ਦਾ ਵਿਚਾਰ ਬਣਾ ਲਿਆ। ਉਹਨਾਂ ਕੋਲ਼ ਬੈਠ ਕੇ ਗੱਲਾਂ ਗੱਲਾਂ ਵਿਚ ਸਮਾ ਯਾਦ ਹੀ ਨਾ ਰਿਹਾ ਤੇ ਸੋਗ ਸਮਾਗਮ ਵੱਲ ਪਬਲਿਕ ਟ੍ਰਾਂਸਪੋਰਟ ਰਾਹੀਂ ਤੁਰ ਪਿਆ ਪਰ ਜਾਂਦਿਆਂ ਨੂੰ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ।

ਬਾਅਦ ਵਿਚ ਦੂਰ ਨੇੜੇ ਦੇ ਪਰਵਾਰਕ ਮਹੈਣ ਦੇ ਮੈਂਬਰਾਂ ਨਾਲ਼ ਵਿਚਾਰਾਂ ਕਰਦਿਆਂ, ਲੰਗਰ ਛਕਦਿਆਂ ਸਮਾ ਬੀਤਿਆ ਕਿਉਂਕਿ ਦਰਬਾਰ ਸਾਹਿਬ ਵਾਲ਼ੇ ਸਮਾਗਮ ਵਿਚ ਪਹੁੰਚ ਸਕਣ ਦੀ ਤੇ ਕੋਈ ਆਸ ਹੀ ਨਹੀਂ ਸੀ। ਸਾਰਿਆਂ ਨਾਲ਼ ਮਿਲ਼ ਮਿਲ਼ਾ ਕੇ ਦਰਬਾਰ ਸਾਹਿਬ ਨੂੰ ਤੁਰ ਪਿਆ। ਜਦੋਂ ਘੰਟਾ ਘਰ ਪਹੁੰਚਿਆ ਤਾਂ ਵੇਖਿਆ ਕਿ ਸੂਚਨਾ ਕੇਂਦਰ ਦੇ ਬਾਹਰਵਾਰ ਖੁਲ੍ਹੇ ਮੈਦਾਨ ਵਿਚ ਲੱਗੇ ਵਿਸ਼ਾਲ ਸ਼ਾਮਿਆਨੇ ਅੰਦਰ ਅਜੇ ਸਮਾਗਮ ਦੀ ਸਮਾਪਤੀ ਹੀ ਹੋ ਰਹੀ ਹੈ। ਮੈਂ ਅੰਦਰ ਜਾਣ ਲੱਗਾ ਤਾਂ ਪੁਲਿਸ ਨੇ ਰੋਕ ਦਿਤਾ ਕਿਉਂਕਿ ਸੰਸਾਰ ਭਰ ਦੇ ਰਾਜਦੂਤ ਆਏ ਹੋਣ ਕਰਕੇ ਸੈਕਿਉਰਟੀ ਦਾ ਬੜਾ ਸਖ਼ਤ ਪ੍ਰਬੰਧ ਸੀ। ਮੈਂ ਹੌਸਲਾ ਨਾ ਹਾਰਿਆ ਤੇ ਪਿਛਿਲੇ ਪਾਸਿਉਂ ਜਾ ਕੇ ਸੂਚਨਾ ਕੇਂਦਰ ਦੇ ਅੰਦਰ ਰਾਹੀਂ ਹੋ ਕੇ ਪੰਡਾਲ ਵਿਚ ਜਾ ਵੜਿਆ। ਰਾਜਦੂਤਾਂ ਦੇ ਸਨਮਾਨ ਕਰਨ ਦਾ ਸਮਾਗਮ ਭਾਵੇਂ ਉਸ ਸਮੇ ਸਮਾਪਤ ਹੋ ਚੁੱਕਾ ਸੀ ਪਰ ਰਾਜਦੂਤਾਂ ਸਮੇਤ ਸੰਗਤ ਅਜੇ ਸਾਰੀ ਓਥੇ ਹੀ ਸੀ। ਦੂਰੋਂ ਮੈਨੂੰ ਸਿਡਨੀ ਵਾਲ਼ੇ ਆਪਣੇ ਮਿਤਰ ਸ. ਅਜਾਇਬ ਸਿੰਘ ਸਿੱਧੂ ਜੀ ਦੀ ਸੁਯੋਗ ਸਪੁੱਤਰੀ, ਬੀਬਾ ਹਰਿੰਦਰ ਕੌਰ ਜੀ, ਜੋ ਉਸ ਸਮੇ ਦਿੱਲੀ ਵਿਖੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸਨ, ਨੇ ਵੇਖ ਲਿਆ। ਉਹ ਬੜੇ ਉਤਸ਼ਾਹ ਨਾਲ਼ ਮੇਰੇ ਵੱਲ ਆਏ ਅਤੇ ਆ ਕੇ ਜੱਫੀ ਪਾ ਕੇ ਬੋਲੇ, “ਹੈਲੋ ਗਿਆਨੀ ਅੰਕਲ ਜੀ, ਤੁਸੀਂ ਏਥੇ ਰਹਿੰਦੇ ਹੋ? ਮੈਂ ਕਿਹਾ, “ਨਹੀਂ ਪੁੱਤਰ ਜੀ, ਮੈਂ ਰਹਿੰਦਾ ਤੇ ਸਿਡਨੀ ਵਿਚ ਹੀ ਹਾਂ ਪਰ ਏਥੇ ਆਉਂਦਾ ਜਾਂਦਾ ਰਹਿੰਦਾ ਹਾਂ।“ ਬੱਚੀ ਬੋਲੀ, “ਬੜੀ ਖ਼ੁਸ਼ੀ ਹੋਈ ਤੁਹਾਨੂੰ ਏਥੇ ਵੇਖ ਕੇ। ਮੈਂ ਤੁਹਾਡੇ ਨਾਲ਼ ਸੈਲਫੀ ਲੈਣੀ ਹੈ। ਮੇਰੇ ਮਮ ਡੈਡ ਵੀ ਮੇਰੇ ਕੋਲ਼ ਦਿੱਲੀ ਆਏ ਹੋਏ ਹਨ। ਉਹਨਾਂ ਨੂੰ ਵਿਖਾਵਾਂਗੀ ਕਿ ਮੈਂ ਅੰਮ੍ਰਿਤਸਰ ਵਿਚ ਗਿਆਨੀ ਅੰਕਲ ਜੀ ਨੂੰ ਮਿਲ਼ ਕੇ ਆਈ ਹਾਂ।“ ਬੱਚੀ ਨੇ ਦੋ ਚਾਰ ਸੈਲਫੀਆਂ ਲੈ ਲਈਆਂ ਤੇ ਇਕ ਫ਼ੋਟੋ ਸਾਡੀ ਦੋਹਾਂ ਦੀ, ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਸ. ਰਣਧੀਰ ਸਿੰਘ ਜੀ ਨੇ ਮੇਰੇ ਕਹਿਣ ‘ਤੇ ਖਿੱਚ ਲਈ। ਇਹ ਫ਼ੋਟੋ ਮੇਰੀ ਸਿੰਘਣੀ ਕੋਲ਼ ਸਿਡਨੀ ਪਹੁੰਚ ਗਈ ਤੇ ਉਹਨਾਂ ਅੱਗੇ ਮੈਨੂੰ ਭੇਜ ਦਿਤੀ। ਮੈਂ ਜਤਨ ਕਰਾਂਗਾ ਕਿ ਉਹ ਫ਼ੋਟੋ, ਕੁਝ ਹੋਰ ਫ਼ੋਟੋਆਂ ਸਮੇਤ ਇਸ ਲੇਖ ਵਿਚ ਵੀ ਸ਼ਾਮਲ ਹੋ ਜਾਵੇ।
ਰਾਜਦੂਤਾਂ ਦੀ ਵਿਦਾਇਗੀ ਵਾਲ਼ੇ ਪ੍ਰੋਗਰਾਮ ਦੀ ਸਫ਼ਲਤਾ ਸਹਿਤ ਸਮਾਪਤੀ ਪਿੱਛੋਂ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਬਾਕੀ ਮੁਖੀ ਦਫ਼ਤਰੀ ਸਟਾਫ਼ ਨਾਲ਼ ਖ਼ੁਸ਼ਗਵਾਰ ਮਾਹੌਲ ਵਿਚਾਲ਼ੇ ਖੁਲ੍ਹੀਆਂ ਵਿਚਾਰਾਂ ਹੋਈਆਂ।

ਇਕ ਦਿਨ ਮੇਰੇ ਕੋਲ਼ ਵੇਹਲ਼ ਸੀ ਤੇ ਮੈਂ ਵੀਚਾਰ ਕੀਤਾ ਕਿ ਸੁਲਤਾਨਪੁਰ ਲੋਧੀ ਦੀ ਯਾਤਰਾ ਹੀ ਕਰ ਲਈ ਜਾਵੇ। ਅੰਮ੍ਰਿਤਸਰ ਦੇ ਬੱਸ ਅੱਡੇ ਚਲਿਆ ਗਿਆ। ਓਥੇ ਰੌਣਕ ਮੇਲਾ, ਭੀੜ ਭੜੱਕਾ, ਕੰਡਕਟਰਾਂ ਦੀਆਂ ਆਵਾਜ਼ਾਂ ਦਾ ਰਾਮ ਰੌਲ਼ਾ ਜਿਹਾ। ਮੈਨੂੰ ਵੇਖ ਕੇ ਇਕ ਕੰਡਕਟਰ ਮੇਰੇ ਦੁਆਲ਼ੇ ਹੋ ਗਿਆ। ਮੇਰੇ ਸੁਲਤਾਨਪੁਰ ਜਾਣ ਬਾਰੇ ਦੱਸਣ ਤੇ ਕਹਿੰਦਾ, “ਬੈਠੋ ਜੀ ਬੈਠੋ, ਆਹ ਬੱਸ ਜਾ ਰਹੀ ਹੈ ਸੁਲਤਾਨਪੁਰ ਨੂੰ।“ ਮੈਂ ਬੱਸ ਦੇ ਅੰਦਰ ਵੜ ਕੇ ਬਹਿ ਗਿਆ। ਬੱਸ ਤਰਨ ਤਾਰਨ ਪਹੁੰਚ ਕੇ ਅੱਗੇ ਤੁਰੇ ਈ ਨਾ। ਫੇਰ ਦੱਸਿਆ ਗਿਆ ਜੀ ਕਿ ਅਹੁ ਬੱਸ ਸੁਲਤਨਪੁਰ ਨੂੰ ਜਾਣੀ ਹੈ। ਉਸ ਵਿਚ ਜਾ ਬੈਠਿਆ। ਉਹ ਗੋਇੰਦਵਾਲ ਸਾਹਿਬ ਜਾ ਕੇ ਮੁੱਕ ਗਈ। ਓਥੋਂ ਵਾਹਵਾ ਚਿਰ ਪਿੱਛੋਂ ਇਕ ਹੋਰ ਬੱਸ ਨੇ, ਰੱਬ ਰੱਬ ਕਰਕੇ ਦੁਪਹਿਰ ਪਿੱਛੋਂ, ਸੁਲਤਾਨਪੁਰ ਦੀ ਪਾਵਨ ਧਰਤੀ ‘ਤੇ ਸਾਡਾ ਸਵਾਰਾ ਜਾ ਉਤਾਰਿਆ। ਜਿਧਰ ਨਿਗਾਹ ਜਾਵੇ ਬੱਸਾਂ ਹੀ ਬੱਸਾਂ ਦਿਸਣ। ਤੰਬੂਆਂ ਕਨਾਤਾਂ ਦਾ ਸ਼ਹਿਰ ਬਣਿਆ ਪਿਆ। ਥਾਂ ਥਾਂ ਲੰਗਰ ਲੱਗੇ ਹੋਏ। ਚਾਰ ਚੁਫੇਰੇ ਰੌਣਕਾਂ ਹੀ ਰੌਣਕਾਂ। ਪੁਛਦਿਆਂ ਪੁਛਾਂਦਿਆਂ, ਵਾਹਵਾ ਸਾਰਾ ਤੁਰ ਕੇ ਅਖੀਰ ਵੇਈਂ ਨਦੀ ਦੇ ਪੁਲ਼ ਉਤੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਿਆ। ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਲ਼ ਹੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿਚ, ਸਜਣ ਵਾਲ਼ੇ ਸਮਾਗਮਾਂ ਵਾਸਤੇ ਬਹੁਤ ਵਿਸ਼ਾਲ ਦੀਵਾਨ ਸਥਾਨ ਸਿਰਜਿਆ ਹੋਇਆ ਦਿਸਿਆ। ਉਪਰ ਚਾਨਣੀਆਂ, ਪਾਸਿਆਂ ਤੇ ਕਨਾਤਾਂ, ਥੱਲੇ ਗੱਦਿਆਂ ਦਾ ਪੋਲਾਪਣ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਸ ਦਿਨ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਆਪਣੀ ਆਪਣੀ ਕੀਰਤਨ ਕਲਾ ਦੇ ਜੌਹਰ ਵਿਖਾਏ ਜਾ ਰਹੇ ਸਨ। ਸਟੇਜ ਦੇ ਪ੍ਰਬੰਧ ਦੀ ਸੇਵਾ ਬੀਬੀ ਜਾਗੀਰ ਕੌਰ ਜੀ ਭਲੀ ਭਾਂਤ ਨਿਭਾ ਰਹੇ ਸਨ। ਕਈ ਹੋਰ ਗੁਣਾਂ ਦੇ ਮਾਲਕ ਹੋਣ ਤੋਂ ਇਲਾਵਾ ਬੀਬੀ ਜੀ ਦੀ ਕਿਸੇ ਸਮਾਗਮ ਦੀ ਸਟੇਜ ਨੂੰ ਚਲਾਉਣ ਦੀ ਕਲਾ ਵਿਚ ਵੀ ਕੋਈ ਵਿਰਲਾ ਹੀ ਇਹਨਾਂ ਦਾ ਸਾਨੀ ਹੋਵੇਗਾ। ਜਦੋਂ ਕਦੀ ਇਸ ਗੱਲ ਦੀ ਸ਼ੰਕਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰੀ ਹੰਗਾਮੇ ਕੀਤੇ ਜਾਣਗੇ ਤਾਂ ਸਟੇਜ ਦਾ ਕੰਟ੍ਰੋਲ ਬੀਬੀ ਜੀ ਨੂੰ ਹੀ ਸੰਭਾਲ਼ਿਆ ਜਾਂਦਾ ਹੈ ਤੇ ਬੀਬੀ ਜੀ ਸੰਕਟ ਭਰੇ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾਹੜ ਦਿੰਦੇ ਹਨ।

ਕੁਝ ਸਮਾ ਪੰਡਾਲ ਵਿਚ ਬੈਠ ਕੇ ਨੌਜਵਾਨਾਂ ਦੇ ਕੀਰਤਨ ਦਾ ਅਨੰਦ ਮਾਣਿਆ। ਬੁਢੇ ਜੌਹੜ ਦੇ ਮਿਸ਼ਨਰੀ ਕਾਲਜ ਦੇ ਕੀਰਤਨ ਕਲਾਸ ਦੇ ਵਿਦਿਆਰਥੀ ਨੂ ਜਦੋਂ ਪਤਾ ਲੱਗਾ ਕਿ ਮੈਂ ਕਦੀ ਓਥੇ ਦੇ ਕੀਰਤਨ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕਦੀ ਕੀਰਤਨ ਸਿਖਾਉਣ ਦੀ ਸੇਵਾ ਵੀ ਕਰਦਾ ਰਿਹਾਂ ਤਾਂ ਉਹਨਾਂ ਸਾਰੇ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ ਅਤੇ ਸਤਿਕਾਰ ਕੀਤਾ।

ਕਿਉਂਕਿ ਰਾਤ ਤੱਕ ਵਾਪਸ ਮੁੜਨ ਦਾ ਪਹਿਲਾਂ ਹੀ ਵਿਚਾਰ ਸੀ, ਇਸ ਲਈ ਕਛਹਿਰਾ, ਬਨੈਣ, ਤੌਲੀਆ, ਦਵਾਈ ਆਦਿ ਨਾਲ਼ ਨਹੀਂ ਸੀ ਲੈ ਕੇ ਗਿਆ। ਮੁੜਨ ਲਈ ਪੰਡਾਲ਼ ਛੱਡਣ ਲਈ ਤਿਆਰ ਹੀ ਸਾਂ ਕਿ ਸ. ਹਰਵਿੰਦਰ ਸਿੰਘ ਖ਼ਾਲਸਾ ਜੀ ਉਪਰ ਨਿਗਾਹ ਪੈ ਗਈ। ਪਹਿਲਾਂ ਕਦੀ ਮਿਲ਼ੇ ਤਾਂ ਨਹੀਂ ਸਾਂ ਪਰ ਫ਼ੋਨ ਆਦਿ ਰਾਹੀਂ ਇਕ ਦੂਜੇ ਤੋਂ ਜਾਣੂ ਸਾਂ। ਸਤਿਕਾਰ ਸਹਿਤ ਮਿਲ਼ੇ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹੀਦਾਂ ਬਾਰੇ ਨੁਮਾਇਸ਼ ਲਾਈ ਗਈ ਹੈ ਉਸ ਉਪਰ ਜਰੂਰ ਝਾਤੀ ਮਾਰ ਕੇ ਜਾਣਾ। ਇਹ ਸਾਰਾ ਕੁਝ ਏਨੇ ਵਿਸ਼ਾਲ ਘੇਰੇ ਵਿਚ ਫੈਲਿਆ ਹੋਇਆ ਸੀ ਸੰਗਤਾਂ ਦੀ ਸਹੂਲਤ ਲਈ ਹਰੇਕ ਪਾਸੇ ਈ-ਰਿਕਸ਼ੇ, ਟੈਂਪੂ ਆਦਿ ਸਵਾਰੀਆਂ ਏਧਰ ਓਧਰ ਪੁਚਾਉਣ ਲਈ ਲੱਗੇ ਹੋਏ ਸਨ। ਇਹਨਾਂ ਦਾ ਕਰਾਇਆ ਕੋਈ ਨਹੀਂ ਸੀ ਲੱਗਦਾ। ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਨ ਪਰ ਮੈਨੂੰ ਕਦੀ ਕਿਸੇ ਉਪਰ ਸਵਾਰ ਹੋਣ ਦਾ ਮੌਕਾ ਨਾ ਮਿਲ਼ਿਆ। ਇਸ ਲਈ ਤੁਰ ਤੁਰ ਕੇ ਹੀ ਹਰੇਕ ਥਾਂ ਅੱਪੜਨ ਲਈ ਵਾਹਵਾ ਸਮਾ ਲੱਗ ਜਾਂਦਾ ਸੀ। ਖੈਰ, ਮੈਂ ਨੁਮਾਇਸ਼ ਵਿਚ ਪਹੁੰਚ ਗਿਆ। ਨੇੜ ਭੂਤਕਾਲ ਵਿਚ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ, ਸ਼ਹੀਦਾਂ ਆਦਿ ਨੂੰ ਤਸਵੀਰਾਂ ਅਤੇ ਉਹਨਾਂ ਥੱਲੇ ਲਿਖੀਆਂ ਕੈਪਸ਼ਨਾਂ ਰਾਹੀਂ ਸਫ਼ਲਤਾ ਸਹਿਤ ਦਰਸਾਇਆ ਹੋਇਆ ਸੀ।

ਵਾਪਸ ਮੁੜਨ ਦੀ ਵੀ ਕਾਹਲ਼ੀ ਸੀ। ਬੱਸਾਂ ਵਾਲ਼ੇ ਥਾਂ ਪਹੁੰਚਿਆ। ਕੁਝ ਪਤਾ ਨਾ ਲੱਗੇ ਕਿ ਕਿਧਰੋਂ ਆਇਆ ਸਾਂ ਤੇ ਹੁਣ ਕੇਹੜੀ ਬੱਸ ਵਿਚ ਚੜ੍ਹਾਂ। ਜਿਸ ਨੂੰ ਵੀ ਪੁੱਛਾਂ ਉਹ ਵੱਖ ਵੱਖ ਬੱਸਾਂ ਦੀ ਹੀ ਦਸ ਪਾਵੇ। ਅਖੀਰ ਇਕ ਬੱਸ ਵਿਚ ਵੜ ਗਿਆ। ਉਸ ਵਿਚਲੀਆਂ ਸਵਾਰੀਆਂ ਨੂੰ ਵੀ ਪੁੱਛੀ ਗਿਆ। ਕਿਉਂਕਿ ਕਦੀ ਬਹੁਤ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ ਸੀ ਕਿ ਪੁੱਛਦਾ ਪੱੁਛਦਾ ਤੇ ਬੰਦਾ ਲਾਹੌਰ ਜਾ ਵੜਦਾ ਹੈ। ਉਹ ਬੱਸ ਮੈਨੂੰ ਮਖੂ ਨੂੰ ਜਾਣ ਵਾਲ਼ੀ ਸੜਕ ਤੇ ਲੈ ਆਈ। ਓਥੇ ਕਿਸੇ ਦੇ ਦੱਸਣ ਤੇ ਕਿ ਏਥੋਂ ਬੱਸ ਮਖੂ ਵਾਲ਼ੀ ਮਿਲ਼ੂਗੀ ਤੇ ਓਥੋਂ ਅੱਗੇ ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲ਼ੀ ਮਿਲ਼ੂਗੀ, ਮੈਂ ਉਤਰ ਗਿਆ। ਓਥੇ ਮੈਂ ਕੁਝ ਸਵਾਰੀਆਂ ਖਲੋਤੀਆਂ ਨੂੰ ਵੇਖ ਕੇ, ਕਦੀ ਸੜਕ ਦੇ ਇਕ ਪਾਸੇ ਦੇ ਅੱਡੇ ਤੇ ਖਲੋਵਾਂ ਤੇ ਕਦੇ ਕਿਸੇ ਦੇ ਦੱਸਣ ਤੇ ਸੜਕ ਦੇ ਦੂਜੇ ਪਾਸੇ ਦੌੜ ਕੇ ਜਾਵਾਂ। ਅਖੀਰ ਇਕ ਬੱਸ ਵਿਚ ਮੈਂ ਧੁੱਸ ਦੇ ਕੇ ਘੁਸਰ ਹੀ ਗਿਆ। ਉਸ ਵਿਚਲੀਆਂ ਸਵਾਰੀਆਂ ਵੀ ਆਖਣ ਕਿ ਇਹ ਬੱਸ ਮਖੂ ਨੂੰ ਨਹੀਂ ਜਾਣੀ ਪਰ ਮੈਂ ਇਹ ਸੋਚ ਕੇ ਨਾ ਉਤਰਿਆ ਕਿ ਕੋਈ ਗੱਲ ਨਹੀਂ ਜਾ ਤੇ ਉਸ ਪਾਸੇ ਹੀ ਰਹੀ ਆ ਨਾ! ਕੁਝ ਸਮੇ ਬਾਅਦ ਮੈਂ ਵੇਖਿਆ ਕਿ ਉਹ ਬੱਸ ਉਸ ਏਰੀਏ ਵਿਚ ਲੱਗੀਆਂ ਫਰੀ ਬੱਸਾਂ ਵਿਚ ਹੀ ਜਾ ਕੇ ਖਲੋ ਗਈ। ਸਵਾਰੀਆਂ ਉਤਰਨ ਲੱਗੀਆਂ ਤੇ ਮੈਂ ਵੀ ਉਤਰ ਕੇ ਸੜਕ ਉਪਰ ਫੇਰ ਖਲੋ ਗਿਆ। ਹਰੇਕ ਬੱਸ, ਸਕੂਟਰ, ਟੈਂਪੂ ਆਦਿ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਅਖੀਰ ਇਕ ਮੋਟਰ ਸਾਈਕਲ ਵਾਲ਼ਾ ਰੁਕਿਆ ਤੇ ਕਹਿੰਦਾ ਮੈਂ ਤੇ ਨੇੜੇ ਹੀ ਜਾ ਕੇ ਆਪਣੇ ਪਿੰਡ ਨੂੰ ਮੁੜ ਜਾਣਾ ਹੈ। ਮੈਂ ਕਿਹਾ, “ਚਲ ਓਥੋਂ ਤੱਕ ਤੇ ਲੈ ਕੇ ਚੱਲ।“ ਸੋਚਿਆ ਕਿ ਕੁਝ ਨਾ ਕੁਝ ਤੇ ਮਖੂ ਦੇ ਨੇੜੇ ਵੱਲ ਜਾਵਾਂਗਾ ਹੀ। ਉਹ ਕੁਝ ਕਿਲੋ ਮੀਟਰ ਤੱਕ ਲੈ ਗਿਆ। ਓਥੇ ਸੜਕ ਕੇ ਖਲੋ ਕੇ ਮੈਂ ਫੇਰ ਹਰੇਕ ਬੱਸ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਇਕ ਕਾਰ ਨੇੜੇ ਆ ਕੇ ਰੁੱਕੀ। ਵਿਚੋਂ ਗਿਅਨੀ ਜਿਹਾ ਬੰਦਾ ਨਿਕਲ਼ਿਆ। ਵੇਖਿਆ ਤਾਂ ਉਹ ਗਿ. ਗੁਰਦੀਪ ਸਿੰਘ ਦੀਪਕ ਢਾਡੀ ਜੀ ਸਨ। ਸਿਡਨੀ ਵਿਚ ਉਹਨਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ਼ਿਆ ਸੀ ਤੇ ਅਸੀਂ ਇਕ ਦੂਜੇ ਨੂੰ ਜਾਣਦੇ ਸਾਂ। ਸਮੱਸਿਆ ਪੁੱਛੀ ਦੱਸੀ। ਉਹਨਾਂ ਨੇ ਆਪਣੇ ਪਿੰਡ ਰਾਤ ਰਹਿਣ ਲਈ ਸੁਲਾਹ ਮਾਰੀ। ਨਾਂਹ ਤੇ ਕਰਨੀ ਹੀ ਸੀ। ਮਖੂ ਤੱਕ ਪੁਚਾਉੁਣ ਦੀ ਉਹਨਾਂ ਦੀ ਪੇਸ਼ਕਸ਼ ਨੂੰ ਵੀ ਸਵੀਕਾਰਨਾ ਸਹੀ ਨਾ ਸਮਝ ਕੇ ਮੈਂ ਸਿਰ ਫੇਰ ਦਿਤਾ। ਇਸ ਵਿਚਾਰ ਨਾਲ਼ ਸਹਿਮਤ ਹੋ ਗਏ ਕਿ ਉਹ ਮੈਨੂੰ ਅਗਲੇ ਵੱਡੇ ਬੱਸ ਅੱਡੇ ਤੇ ਛੱਡ ਕੇ ਅਪਣੇ ਪਿੰਡ ਚਲੇ ਨੂੰ ਜਾਣਗੇ। ਹੋ ਸਕਦਾ ਹੈ ਕਿ ਇਹ ਨਿੱਕਾ ਅੱਡਾ ਹੋਣ ਕਰਕੇ ਬੱਸ ਨਾ ਰੁਕਦੀ ਹੋਵੇ ਤੇ ਓਥੇ ਰੁਕ ਜਾਂਦੀ ਹੋਵੇ! ਜਦੋਂ ਮੈਂ ਵੇਖਿਆ ਕਿ ਓਥੇ ਵੀ ਇਹੋ ਹਾਲ ਹੈ ਤੇ ਹਨੇਰਾ ਵੀ ਹੋਈ ਜਾ ਰਿਹਾ ਹੈ ਤਾਂ ਫਿਰ ਸੜਕ ਦੇ ਨੇੜੇ ਹੀ ਮੈਂ ਠਾਣੇ ਵਿਚ ਜਾ ਵਿਚ ਵੜਿਆ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਇਕ ਹੌਲਦਾਰ ਉਠ ਕੇ ਮੇਰੇ ਨਾਲ਼ ਤੁਰ ਪਿਆ ਤੇ ਤੁਰੇ ਜਾਂਦਿਆਂ ਕਹਿੰਦਾ, “ਗਿਆਨੀ ਜੀ, ਫਿਕਰ ਨਾ ਕਰੋ। ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭੇਜ ਹੀ ਦਿਆਂਗੇ।“ ਛੇਤੀ ਹੀ ਚਿੱਟੇ ਰੰਗ ਦੀ ਇਕ ਕਾਰ ਆਉਂਦੀ ਦਿਸੀ ਤਾਂ ਉਸ ਨੇ ਰੁਕਵਾ ਲਈ। ਉਸ ਵਿਚ ਚੰਗੀ ਪੁਜ਼ੀਸ਼ਨ ਵਲ਼ੇ ਦੋ ਹਿੰਦੂ ਜੈਂਟਲਮੈਨ ਬੈਠੇ ਸਨ। ਹੌਲਦਾਰ ਨੇ ਮੇਰੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਪਿੰਡ ਤੇ ਸਾਡਾ ਭਾਵੇਂ ਪੰਜ ਕੁ ਮੀਲ ਪਹਿਲਾਂ ਆਉਂਦਾ ਹੈ ਪਰ ਅਸੀਂ ਗਿਆਨੀ ਜੀ ਨੂੰ ਮਖੂ ਦੇ ਬੱਸ ਅੱਡੇ ਤੱਕ ਛੱਡ ਆਵਾਂਗੇ ਪਰ ਰਾਹ ਵਿਚ ਇਕ ਸਾਮੀ ਤੋਂ ਅਸੀਂ ਉਗਰਾਹੀ ਕਰਨੀ ਹੈ, ਓਥੇ ਕੁਝ ਮਿੰਟ ਰੁਕਣਾ ਪੈ ਸਕਦਾ ਹੈ।

ਮੁਕਦੀ ਗੱਲ ਕਿ ਉਹਨਾਂ ਨੇ ਮੈਨੂੰ ਮਖੂ ਦੀ ਸੜਕ ਉਤੇ ਉਤਾਰ ਦਿਤਾ। ਮੈਂ ਸੋਚਿਆ ਕਿ ਕਿਤੇ ਅੱਡਾ ਹੋਵੇਗਾ ਪਰ ਅੱਡਾ ਉਡਾ ਕੋਈ ਨਹੀਂ ਸੀ ਓਥੇ। ਆਲ਼ੇ ਦੁਆਲ਼ਿਉਂ ਪੁੱਛਣ ਤੇ ਪਤਾ ਲੱਗਾ ਕਿ ਇਹੋ ਹੀ ਸੜਕ ਦਾ ਕਿਨਾਰਾ ਜਿੱਥੋਂ ਬੱਸਾਂ ਤਰਨ ਤਾਰਨ ਵੱਲ ਦੀਆਂ ਸਵਾਰੀਆਂ ਚੁੱਕਦੀ ਹੈ। ਚਾਰ ਚੁਫੇਰੇ ਘੁੱਪ ਹਨੇਰਾ ਸੀ ਪਰ ਇਸ ਹਨੇਰੇ ਦਾ ਇਕ ਲਾਭ ਇਹ ਸੀ ਕਿ ਲੰਘਣ ਵਾਲ਼ੇ ਭਾਰੀ ਟਰੱਕਾਂ ਅਤੇ ਹੋਰ ਟਰੈਫਿਕ ਦਾ ਉਡਾਇਆ ਘੱਟਾ ਆਪਣੇ ਸਿਰ ਮੂੰਹ ਉਪਰ ਪੈਂਦਾ ਦਿਸਦਾ ਨਹੀਂ ਸੀ।

ਵਾਹਵਾ ਚਿਰ ਉਸ ਘੱਟੇ ਭਰੇ ਹਨੇਰੇ ਵਿਚ ਖਲੋਤੇ ਰਹਿਣ ਪਿਛੋਂ, “ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ” ਇਕ ਬੱਸ ਆ ਹੀ ਗਈ ਤੇ ਉਹ ਮੇਰੇ ਨੇੜੇ ਖਲੋ ਵੀ ਗਈ। ਕੁਝ ਸਵਾਰੀਆਂ ਉਤਰ ਗਈਆਂ ਤੇ ਮੈਂ ਇਕੱਲਾ ਹੀ ਓਥੋਂ ਉਸ ਬੱਸ ਵਿਚ ਸਵਾਰ ਹੋ ਗਿਆ। ਟਿਕਟ ਲੈਣ ਸਮੇ ਕੰਡਕਟਰ ਨੇ ਦੱਸਿਆਂ ਕਿ ਇਹ ਬੱਸ ਅੰਮ੍ਰਿਤਸਰ ਤੱਕ ਜਾਣੀ ਹੈ। ਅੱਧੀ ਰਾਤ ਤੋਂ ਵਾਹਵਾ ਪਿੱਛੋਂ ਅੰਮ੍ਰਿਤਸਰ ਵਿਚ ਸ਼ਹੀਦੇ ਦੇ ਨੇੜੇ, ਜਾ ਭਰਾ ਦੇ ਘਰ ਦਾ ਬੂਹਾ ਖੜਕਾਇਆ। ਇਉਂ ਹੋਈ ਮੇਰੀ ਯਾਤਰਾ ਸੁਲਤਨਪੁਰ ਲੋਧੀ ਦੀ। ਰਾਤ ਤੱਕ ਵਾਪਸ ਮੁੜਨ ਦਾ ਵਿਚਾਰ ਬਣਾ ਕੇ ਮੈਂ ਆਪਣਾ ਕੋਈ ਟਿੰਡ ਫਹੁੜੀ ਨਾ ਲੈ ਕੇ ਗਿਆ, ਨਹੀਂ ਤਾਂ ਓਥੇ ਰਾਤ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਸਾਲ ਦੀ ਯਾਤਰਾ ਸਮੇ ਓਥੇ ਦੇ ਮੈਨੇਜਰ ਸਾਹਿਬ ਨੇ ਮੇਰੇ ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਕਰਵਾ ਦਿਤਾ ਸੀ। ਹੈਡ ਗ੍ਰੰਥੀ ਗਿ. ਗੁਰਦੀਪ ਸਿੰਘ ਜੀ ਵੀ ਮੇਰੇ ਮਿੱਤਰ ਬਣ ਗਏ ਸਨ। ਸ਼ਹੀਦ ਸਿਖ ਮਿਸ਼ਨਰੀ ਕਾਲਜ ਦੀ ਸੁਲਤਾਨਪੁਰ ਲੋਧੀ ਵਾਲ਼ੀ ਬਰਾਂਚ ਦੇ ਇਨਚਾਰਜ ਸ. ਦਇਆ ਸਿੰਘ ਸੰਧੂ ਵੀ ਰਾਤ ਰਹਿਣ ਦਾ ਪ੍ਰਬੰਧ ਕਰ ਸਕਦੇ ਸਨ। ਇਹਨਾਂ ਤੋਂ ਇਲਾਵਾ ਸਿਡਨੀਉਂ ਗਏ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਵੀ, ਸੰਤ ਸੀਂਚੇਵਾਲ ਦੇ ਆਸ਼ਰਮ ਵਿਚ ਮੇਰੇ ਰਾਤ ਕੱਟਣ ਦਾ ਪ੍ਰਬੰਧ ਕਰ ਸਕਦੇ ਸਨ ਪਰ ਮਨ ਵਿਚ ਮੁੜ ਜਾਣ ਦਾ ਵਿਚਾਰ ਹੀ ਹਾਵੀ ਰਿਹਾ, ਹੋਰ ਕੁਝ ਸੋਚ ਅਈ ਹੀ ਨਹੀਂ। ਵੈਸੇ ਸ਼ੂਗਰ ਦੀ ਦਵਾਈ ਦੀ ਇਕ ਗੋਲ਼ੀ ਵੀ ਕਿਤਿਉਂ ਮਿਲ਼ ਸਕਦੀ ਸੀ, ਏਡੀ ਵੱਡੀ ਕੇਹੜੀ ਗੱਲ ਸੀ। ਕਛਹਿਰੇ ਤੌਲੀਏ ਦਾ ਪ੍ਰਬੰਧ ਵੀ ਹੋ ਈ ਸਕਦਾ ਸੀ। ਬਨੈਣ ਇਕ ਦਿਨ ਨਾ ਵੀ ਬਦਲਦਾ ਤਾਂ ਕੇਹੜੀ ਆਖਰ ਆ ਚੱਲੀ ਸੀ। ਮੇਲੇ ਦਾ ਭਾਰੀ ਰਸ਼ ਕਰਕੇ ਨਾ ਵੀ ਕੋਈ ਸੌਣ ਦਾ ਪ੍ਰਬੰਧ ਹੁੰਦਾ ਤਾਂ ਦੀਵਨ ਦੇ ਪੰਡਾਲ ਵਿਚ ਵੀ ਰਾਤ ਕੱਟੀ ਜਾ ਸਕਦੀ ਸੀ। ਰਹੀ ਸਵੇਰੇ ਨਹਾਉਣ ਵਾਲ਼ੀ ਗੱਲ, ਉਸ ਵਾਸਤੇ ਓਥੋਂ ਕਿਸੇ ਨਾ ਕਿਸੇ ਜਥੇਦਾਰ ਦਾ ਕਛਹਿਰਾ ਵਰਤਿਆ ਹੀ ਜਾ ਸਕਦਾ ਸੀ ਪਰ…..।

ਇਸ ਤਰ੍ਹਾਂ ਪਰਵਾਰਕ, ਭਾਈਚਾਰਕ, ਵਿਦਿਅਕ ਸਮਾਗਮਾਂ ਵਿਚ ਵੱਖ ਵੱਖ ਸਥਾਨਾਂ ਉਪਰ ਭਾਗ ਲੈਂਦਾ ਹੋਇਆ ਪੁਰਾਣੇ ਸੱਜਣਾਂ ਦੇ ਦਰਸ਼ਨ ਮੇਲੇ ਕਰ ਰਿਹਾ ਸਾਂ ਕਿ ਸਿਡਨੀ ਤੋਂ ਛੋਟੇ ਭਰਾ ਸ. ਦਲਬੀਰ ਸਿੰਘ ਜੀ ਨੇ ਫ਼ੋਨ ਰਾਹੀਂ ਦੱਸਿਆ ਕਿ ਏਥੇ ਦੇ ਭਾਰਤੀ ਦੂਤਾਵਾਸ ਵਾਲ਼ੇ ਮੈਨੂੰ ਲੱਭ ਰਹੇ ਹਨ। ਜਿਵੇਂ ਭਾਰਤ ਸਰਕਾਰ ਨੇ ਦੂਜੀਆਂ ਕਈ ਸਿੱਖ ਧਰਮ ਨਾਲ਼ ਸਬੰਧਤ ਸ਼ਤਾਬਦੀਆਂ ਮਨਾਈਆਂ ਸਨ ਓਵੇਂ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਬਾਹਰਲੇ ਦੇਸਾਂ ਵਿਚੋਂ ਕੁਝ ਕੁ ਚੋਣਵੇਂ ਸਿੱਖਾਂ ਨੂੰ ਸੱਦਿਆ ਗਿਆ ਹੈ। ਉਹਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਵਾਸਤੇ ਉਹ ਮੈਨੂੰ ਵੀ ਲੱਭ ਰਹੇ ਸਨ। ਪੁੱਛਦੇ ਪੁਛਾਉਂਦੇ ਉਹ ਮੈਨੂੰ ਸੰਪਰਕ ਕਰਨ ਵਿਚ ਸਫ਼ਲ ਹੋ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਭਾ ਜੀ ਹੋਰੀਂ ਤੇ ਪਹਿਲਾਂ ਹੀ ਅੰਮਿਤ੍ਰਸਰ ਵਿਚ ਹਨ। ਅਧਿਕਾਰੀ ਨੇ ਕਿਹਾ ਕਿ ਚੰਗਾ ਉਹ ਓਥੋਂ ਹੀ ਇਸ ਡੈਲੀਗੇਸ਼ਨ ਨਾਲ਼ ਸ਼ਾਮਲ ਹੋ ਜਾਣ। ਆਸਟ੍ਰੇਲੀਆ ਵਿਚਲੇ ਭਾਰਤੀ ਸਰਕਾਰੀ ਅਧਿਕਾਰੀ ਅਤੇ ਮੇਰੇ ਵਿਚਕਾਰ ਫ਼ੋਨ ਰਾਹੀਂ ਹੋਈ ਦੋਵੱਲੀ ਗੱਲ ਬਾਤ ਅਨੁਸਾਰ, ਮੈਂ ਸ੍ਰੀ ਅੰਮ੍ਰਿਤਸਰੋਂ ਹੀ ਉਸ ਡੈਲੀਗੇਸ਼ਨ ਵਿਚ ਸ਼ਾਮਲ ਹੋ ਗਿਆ। ਮੈਨੂੰ ਉਸ ਡੈਲੀਗੇਸ਼ਨ ਵਿਚ ਸੰਸਾਰ ਭਰ ਦੀਆਂ ਪ੍ਰਸਿਧ ਮੁਖੀ ਅਤੇ ਆਗੂ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਹੈਰਾਨੀ ਭਰੀ ਖ਼ੁਸ਼ੀ ਪ੍ਰਾਪਤ ਹੋਈ। 6 ਨਵੰਬਰ ਸ਼ਾਮ ਤੋਂ ਲੈ ਕੇ 12 ਨਵੰਬਰ, 2019 ਸ਼ਾਮ ਤੱਕ, ਸਾਡੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਵਾਈ ਗਈ। ਅਸੀਂ ਮੁਕੰਮਲ ਤੌਰ ਤੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਕੰਟਰੋਲ਼ ਵਿਚ ਸਾਂ। ਰਣਜੀਤ ਐਵੇਨਿਊ ਵਿਚਲੇ ਹੌਲੀਡੇ ਇੰਨ ਵਿਚ ਸਾਨੂੰ ਰੱਖਿਆ ਗਿਆ ਸੀ ਤੇ ਓਥੋਂ ਹੀ ਸਵੇਰ ਵੇਲ਼ੇ ਛਾਹ ਵੇਲਾ ਕਰਵਾ ਕੇ, ਸਾਨੂੰ ਬੱਸਾਂ ਵਿਚ ਬੈਠਾ ਕੇ ਹਰੇਕ ਦਿਨ ਵਾਸਤੇ ਬਣਾਏ ਗਏ ਪ੍ਰੋਗਰਾਮ ਦੀ ਸੂਚੀ ਅਨੁਸਾਰ ਹੀ ਉਹਨਾਂ ਸਥਾਨਾਂ ਉਪਰ ਲਿਜਾਇਆ ਜਾਂਦਾ ਸੀ। 7 ਨਵੰਬਰ ਵਾਲ਼ੇ ਦਿਨ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ, ਜਲ੍ਹਿਆਂ ਵਾਲ਼ਾ ਬਾਗ, ਦੇਸ ਵੰਡ ਵਾਲ਼ਾ ਅਜਾਇਬ ਘਰ ਆਦਿ ਦੀ ਯਾਤਰਾ ਕਰਵਾਈ ਗਈ। 8 ਨਵੰਬਰ ਨੂੰ ਦੁਰਗਿਆਣਾ ਮੰਦਰ, ਗੋਬਿੰਦ ਗੜ੍ਹ ਕਿਲ੍ਹਾ, ਅਟਾਰੀ ਸਰਹੱਦ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ।

9 ਨਵੰਬਰ ਵਾਲ਼ੇ ਸ੍ਰੀ ਕਰਤਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਜਥੇ ਨੇ ਜਾਣਾ ਸੀ। ਜਦੋਂ ਜਾਣ ਵਾਲ਼ਿਆਂ ਦੀ ਲਿਸਟ ਵੇਖੀ ਤਾਂ ਉਸ ਵਿਚ ਮੇਰਾ ਨਾਂ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਏਥੋਂ ਸ਼ਾਮਲ ਹੋਇਆ ਹੋਣ ਕਰਕੇ ਪੁਲਿਸ ਦੀ ਵੈਰੀਫੀਕੇਸ਼ਨ ਵਾਲ਼ੀ ਕਾਰਵਾਈ ਵਿਚ ਨਾ ਆਇਆ ਹੋਵਾਂ ਪਰ ਮੇਰੇ ਇਲਾਵਾ ੧੦ ਜਣੇ ਹੋਰਾਂ ਦਾ ਵੀ ਇਹੋ ਹਾਲ ਸੀ। ਮੈਂ ਇਹ ਵੀ ਕਿਹਾ ਕਿ ਡੇਹਰਾ ਬਾਬਾ ਨਾਨਕ ਤੱਕ ਮੈਨੂੰ ਲੈ ਚੱਲੋ। ਓਥੋਂ ਜੇ ਸੈਕਿਉਰਟੀ ਵਾਲ਼ਿਆਂ ਨੇੇ ਮੈਨੂੰ ਅੱਗੇ ਨਾ ਜਾਣ ਦਿਤਾ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਮੇਰੀ ਇਹ ਬੇਨਤੀ ਅਧਿਕਾਰੀ ਨਹੀਂ ਮੰਨੇ। ਵੈਸੇ ਇਕ ਬੀਬੀ ਚੁੱਪ ਚੁਪੀਤੇ ਕੇ ਕਿਸੇ ਤਰ੍ਹਾਂ ਬੱਸ ਵਿਚ ਬੈਠ ਗਈ ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਵੀ ਆਈ। ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਦੋ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਆਇਆ ਹੋਇਆ ਸਾਂ। ਹੁਣ ਓਥੇ ਦੀ ਹੋਈ ਨਵੀਂ ਡਿਵੈਲਮਪੈਂਟ ਹੀ ਵੇਖਣੀ ਸੀ ਜੇਹੜੀ ਕਿ ਫ਼ੋਟੋਆਂ ਰਾਹੀਂ ਵੀ ਵੇਖੀ ਜਾ ਰਹੀ ਹੈ। ਵੈਸੇ ਇਹ ਗੱਲ ਤੇ ਹੋਈ ਕਿ ਮੈਂ ਦੋਹਾਂ ਦੇਸ਼ਾਂ ਦੇ, ਇਸ ਅਦੁਤੀ ਮਹਾਨ ਧਾਰਮਿਕ ਸਥਾਨ ਉਪਰ ਸਦਭਾਵਨਾ ਭਰੇ ਇਕੱਠ ਦਾ ਹਿੱਸਾ ਨਾ ਬਣ ਸਕਿਆ। ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਜੀ ਅਤੇ ਸਾਡੇ ਚਚੇਰੇ ਭਰਾ ਨਿਊ ਯਾਰਕ ਤੋਂ, ਭਾਈ ਰਣਜੀਤ ਸਿੰਘ ਜੀ, ਇਸ ਆਪਣੀ ਕਿਸਮ ਦੇ ਪਹਿਲੇ ਮਹਾਨ ਧਾਰਮਿਕ ਸਮਾਗਮ ਵਿਚ ਭਰਪੂਰ ਹਿੱਸਾ ਪਾ ਆਏ। ਸਾਨੂੰ ਯਾਰਾਂ ਯਾਤਰੂਆਂ ਨੂੰ, ਜੇਹੜੇ ਓਥੇ ਜਾਣੋ ਰਹਿ ਗਏ ਸਨ, ਉਹਨਾਂ ਸਾਰਿਆਂ ਨੂੰ ਬੱਸ ਉਪਰ ਬੈਠਾ ਕੇ ਸਾਡੀ ਇੱਛਾ ਅਨੁਸਾਰ ਹੀ ਪ੍ਰਬੰਧਕ ਸਾਨੂੰ ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕਰਵਾ ਲਿਆਏ। ਖਡੂਰ ਸਾਹਿਬ ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਆਲ਼ੇ ਦੁਆਲ਼ੇ ਵਾਤਾਵਰਨ ਦੀ ਸ਼ੁਧਤਾਈ ਹਿਤ ਕੀਤੀਆਂ ਜਾ ਰਹੀਆਂ ਮਹਾਨ ਸੇਵਾਵਾਂ ਦੇ ਦਰਸ਼ਨ ਕਰਕੇ ਸੰਗਤ ਨੇ ਹਾਰਦਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ, ਯਾਦਗਾਰ ਵਜੋਂ, ਸਾਡੇ ਹੱਥੀ ਆਪਣੇ ਔਰਗੈਨਿਕ ਬਾਗ ਵਿਚ ਇਕ ਬੂਟਾ ਵੀ ਲਗਵਾਇਆ। ਲੰਗਰ ਵੀ ਅਸੀਂ ਸਾਰਿਆਂ ਨੇ ਓਥੇ ਹੀ ਛਕਿਆ।

10 ਨਵੰਬਰ ਵਾਲ਼ੇ ਦਿਨ ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਮਹਾਨ ਹਸਤੀਆਂ ਵੀ ਸ਼ਾਮਲ ਹੋਈਆਂ। ਉਸ ਦਿਨ ਕੁਝ ਹੋਰ ਵੀ ਸਰਗਰਮੀਆਂ ਰਹੀਆਂ।

11 ਨਵੰਬਰ ਵਾਲ਼ੇ ਦਿਨ ਨੂੰ ਰਾਤ ਦਾ ਖਾਣਾ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਸੀ ਤੇ ਓਥੇ ਹੀ ਹੋਟਲ ਵਿਚ ਰਾਤ ਦਾ ਟਿਕਾਣਾ ਵੀ ਸੀ, ਜਿੱਥੋਂ ਅਗਲੇ ਦਿਨ 12 ਨਵੰਬਰ ਨੂੰ ਸਾਨੂੰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮ ਵਿਚ ਲੈ ਕੇ ਜਾਣਾ ਸੀ। ਸਾਨੂੰ ਬੱਸਾਂ ਰਾਹੀਂ ਪਹਿਲਾਂ ਡੇਹਰਾ ਬਾਬਾ ਨਾਨਕ ਖੜ ਕੇ, ਓਥੇ ਭਾਰਤ ਸਰਕਾਰ ਵੱਲੋਂ ਬਣਾਏ ਜਾ ਰਹੇ ਦਫ਼ਤਰ ਵਿਖਾਏ ਗਏ। ਭਾਰਤ ਵਾਲ਼ੇ ਪਾਸਿਉਂ ਸੜਕ ਅਤੇ ਪੁਲ਼ ਬਣਾ ਕੇ ਐਨ ਸਰਹੱਦ ਤੱਕ ਦਰਿਆ ਰਾਵੀ ਦੇ ਉਪਰ ਤੱਕ ਤਿਆਰ ਹੋ ਚੁੱਕਿਆ ਸੀ ਤੇ ਉਸ ਤੋਂ ਅੱਗੇ ਪਾਕਿਸਤਾਨ ਵਾਲ਼ੇ ਪਾਸਿਉਂ ਸੜਕ ਅਤੇ ਪੁਲ਼ ਬਣ ਕੇ ਉਸ ਨਾਲ਼ ਜੋੜਿਆ ਜਾਣਾ ਸੀ ਤੇ ਫੇਰ ਉਸ ਸੜਕ ਅਤੇ ਰਾਵੀ ਉਪਰ ਬਣੇ ਪੁਲ਼ ਰਾਹੀਂ, ਸ੍ਰੀ ਕਰਤਾਰਪੁਰ ਸਾਹਿਬ ਨੂੰ ਆਵਾਜਾਈ ਸ਼ੁਰੂ ਹੋਣੀ ਸੀ। ਉਸ ਸਮੇ ਪਾਕਿਸਤਾਨ ਵਾਲ਼ੇ ਪਾਸਿਉਂ ਅਜੇ ਸੜਕ ਆਰੰਭ ਹੋਈ ਨਹੀਂ ਸੀ ਦਿਸ ਰਹੀ।

ਸਾਡੇ ਜਥੇ ਵਿਚ ਜੇਹੜਾ ਸੱਜਣ ਉਤਰੀ ਆਇਰਲੈਂਡੋ ਆਇਆ ਹੋਇਆ ਸੀ, ਉਹ ਅੰਮ੍ਰਿਤਸਰ ਵਾਲ਼ੇ ਹੋਟਲ ਵਿਚ ਇਕ ਦਿਨ ਮੈਨੂੰ ਆਖਣ ਲੱਗਾ ਕਿ ਉਸ ਦੇ ਪੁਰਖਿਆਂ ਦਾ ਪਿੰਡ ਡੇਹਰਾ ਬਾਬਾ ਨਾਨਕ ਦੇ ਨੇੜੇ ਹੈ। ਉਸ ਦਾ ਪੜਦਾਦਾ ਇਸ ਪਿੰਡ ਤੋਂ ਕੀਨੀਆ ਚਲਿਆ ਗਿਆ ਸੀ ਤੇ ਉਸ ਦੇ ਬਜ਼ੁਰਗਾਂ ਦੇ ਜਨਮ ਵੀ ਕੀਨੀਆ ਵਿਚ ਹੀ ਹੋਏ ਸਨ। ਕੁਦਰਤੀਂ ਉਸ ਦਾ ਜਨਮ ਇਸ ਪਿੰਡ ਵਿਚ ਹੀ ਹੋਇਆ ਸੀ ਕਿਉਂਕਿ ਉਸ ਸਮੇ ਉਹਨਾਂ ਦਾ ਸਾਰਾ ਪਰਵਾਰ ਕੀਨੀਆ ਤੋਂ ਛੁੱਟੀਆਂ ਮਨਾਉਣ ਪਿੰਡ ਵਿਚ ਆਇਆ ਹੋਇਆ ਸੀ। ਉਸ ਦੇ ਪਿੰਡ ਦਾ ਨਾਂ ਝੰਗੀ ਸ਼ਾਹ ਜਹਾਨ ਸੀ। ਉਸ ਨੇ ਇੱਛਾ ਪਰਗਟ ਕੀਤੀ ਕਿ ਚੰਗਾ ਹੋਵੇ ਜੇ ਉਹ ਆਪਣੇ ਬਜ਼ੁਰਗਾਂ ਦੇ ਪਿੰਡ ਦੀ ਯਾਤਰਾ ਕਰ ਲਵੇ। ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਨੇ ਸਾਨੂੰ 12 ਨਵੰਬਰ ਨੂੰ ਗੁਰਪੁਰਬ ਦੇ ਸਮਾਗਮਾਂ ਤੋਂ ਬਾਅਦ ਵੇਹਲਿਆਂ ਕਰ ਦੇਣਾ ਹੈ ਤੇ 13 ਨੂੰ ਆਪਾਂ ਬੱਸ ਰਾਹੀਂ ਤੁਹਾਡੇ ਪਿੰਡ ਜਾ ਆਵਾਂਗੇ। ਉਸ ਨੇ ਕਿਹਾ ਕਿ ਤੇਰਾਂ ਰਾਤ ਨੂੰ ਉਸ ਦੀ ਅੰਮ੍ਰਿਤਸਰੋਂ ਫਲਾਈਟ ਹੈ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਫਿਰ ਟੈਕਸੀ ਰਾਹੀਂ ਦਿਨੇ ਦਿਨੇ ਪਿੰਡ ਜਾ ਆਵਾਂਗੇ ਤੇ ਫਲਾਈਟ ਦੇ ਸਮੇ ਤੋਂ ਪਹਿਲਾਂ ਹੀ ਵਾਪਸ ਆ ਜਾਵਾਂਗੇ।

ਹੁਣ ਜਦੋਂ ਡੇਹਰਾ ਬਾਬਾ ਨਾਨਕ ਦੀ ਯਾਤਰਾ ਕਰ ਰਹੇ ਸਾਂ ਤਾਂ ਉਸ ਨੇ ਆਪਣਾ ਵਿਚਾਰ ਮੈਨੂੰ ਦੱਸਿਆ ਕਿ ਚੰਗਾ ਹੋਵੇ ਜੇ ਆਪਾਂ ਏਥੋਂ ਹੀ ਸਰਕਾਰੀ ਅਧਿਕਾਰੀਆਂ ਤੋਂ ਛੁੱਟੀ ਲੈ ਕੇ ਪਿੰਡ ਦਾ ਫੇਰਾ ਵੀ ਮਾਰ ਆਈਏ। ਮੈਂ ਆਪਣੇ ਜਥੇ ਨਾਲ਼ ਦੀ ਪੁਲਿਸ ਪਾਰਟੀ ਦੇ ਮੁਖੀ ਅਫ਼ਸਰ ਨਾਲ਼ ਗੱਲ ਕੀਤੀ ਤੇ ਉਸ ਨੂੰ ਆਪਣਾ ਵਿਚਾਰ ਦੱਸ ਕੇ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੋ; ਅਸੀਂ ਪਿੰਡ ਦਾ ਚੱਕਰ ਲਾ ਕੇ, ਰਾਤ ਦੇ ਖਾਣੇ ਦੇ ਸਮੇ ਤੱਕ ਜਲੰਧਰ ਹੋਟਲ ਵਿਚ ਪਹੁੰਚ ਜਾਵਾਂਗੇ ਪਰ ਉਸ ਨੇ ਸਪੱਸ਼ਟ ਨਾਂਹ ਕਰ ਦਿਤੀ। ਕੁਝ ਕੁ ਪਲਾਂ ਪਿੱਛੋਂ ਉਸ ਨੇ ਇਕ ਸਾਦੇ ਕੱਪੜਿਆਂ ਵਾਲ਼ੇ ਵੱਡੇ ਸਿਵਿਲ ਅਫਸਰ ਵੱਲ ਇਸ਼ਾਰਾ ਕਰ ਕੇ, ਮੈਨੂੰ ਉਸ ਨਾਲ਼ ਗੱਲ ਕਰਨ ਲਈ ਕਿਹਾ। ਮੈਂ ਉਸ ਨੂੰ ਸਾਰਾ ਕੁਝ ਜਾ ਦੱਸਿਆ। ਪਹਿਲਾਂ ਤੇ ਉਸ ਨੇ ਵੀ ਨਾਂਹ ਕਰ ਦਿਤੀ ਪਰ ਥੋਹੜੇ ਕੁ ਪਲ ਸੋਚ ਕੇ ਮੱਥੇ ਉਪਰ ਵਲ਼ ਜਿਹੇ ਪਾ ਕੇ ਆਖਿਆ, “ਸਾਡੀ ਕਾਰ ਅਤੇ ਨਾਲ਼ ਸਾਡੇ ਦੋ ਬੰਦੇ ਤੁਹਾਡੇ ਨਾਲ਼ ਸੈਕਿਉਰਟੀ ਵਾਲ਼ੇ ਜਾਣਗੇ ਤਾਂ ਤੁਸੀਂ ਪਿੰਡ ਵੇਖਣ ਜਾ ਸਕਦੇ ਹੋ।“ ਸਾਡੇ ਲਈ ਤੇ ਸਗੋਂ ਇਹ ਹੋਰ ਵੀ ਚੰਗੀ ਗੱਲ ਹੋਈ; ਨਹੀਂ ਤੇ ਸਾਨੂੰ ਓਥੋਂ ਕੋਈ ਟੈਕਸੀ ਟੂਕਸੀ ਭਾੜੇ ‘ਤੇ ਕਰਨੀ ਪੈਣੀ ਸੀ।

ਉਹਨਾਂ ਦੀ ਕਾਰ ਵਿਚ ਅਸੀਂ ਚਾਰ ਜਣੇ, ਦੋ ਅਸੀਂ ਅਤੇ ਦੋ ਸਰਕਾਰੀ ਅਫਸਰ ਉਸ ਦੇ ਪਿੰਡ, ਜਿਸ ਦਾ ਨਾਂ ਝੰਗੀ ਸ਼ਾਹ ਜਹਾਨ ਤੋਂ ਬਦਲ ਕੇ ਹੁਣ ਝੰਗੀ ਪੰਨੂੰਆਂ ਰੱਖਿਆ ਜਾ ਚੁੱਕਾ ਸੀ, ਪਹੁੰਚ ਗਏ।

ਪਿੰਡ ਵਿਚ ਪਹੁੰਚ ਕੇ ਜਿਸ ਪਹਿਲੇ ਹੀ ਚੁਬਾਰੇ ਉਪਰਲੇ ਖੁਲ੍ਹੇ ਥਾਂ ਸਾਨੂੰ ਘਰ ਵਾਲ਼ੇ ਦਿਸੇ, ਓਥੇ ਹੀ ਅਸੀਂ ਚਾਰੇ ਜਣੇ ਪਹੁੰਚ ਗਏ। ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਪਹਿਲਾਂ ਤੇ ਘਰ ਵਾਲ਼ਿਆਂ ਨੇ ਅਣਜਾਣਤਾ ਪਰਗਟ ਕੀਤੀ ਪਰ ਜਦੋਂ ਉਸ ਸੱਜਣ ਨੇ ਆਪਣੇ ਦਾਦੇ ਪੜਦਾਦੇ ਦਾ ਨਾਂ ਲਿਆ ਤਾਂ ਉਸ ਘਰ ਦੇ ਬਜ਼ੁਰਗ ਨੂੰ ਯਾਦ ਆ ਗਿਆ। ਉਸ ਨੇ ਉਹਨਾਂ ਦੀ ਜ਼ਮੀਨ ਜਾਇਦਾਦ ਦੀਆਂ ਨਿਸ਼ਾਨੀਆਂ ਦੱਸੀਆਂ। ਇਹ ਵੀ ਦੱਸਿਆ ਕਿ ਜਿਥੇ ਉਹਨਾਂ ਦਾ ਖੂਹ ਹੁੰਦਾ ਸੀ, ਉਸ ਉਪਰ ਦੀ ਹੁਣ ਸੜਕ ਲੰਘਦੀ ਹੈ ਤੇ ਖੂਹ ਸੜਕ ਦੇ ਥੱਲੇ ਆ ਗਿਆ ਹੈ। ਘਰ ਦੀ ਸੁਘੜ ਸੁਆਣੀ ਨੇ ਚਾਹ ਰੋਟੀ ਲਈ ਜੋਰ ਲਾਇਆ ਪਰ ਲੋੜ ਨਾ ਹੋਣ ਕਰਕੇ ਅਸੀਂ ਨਾਂਹ ਹੀ ਕਰਨੀ ਸੀ। ਸੱਜਣ ਜੀ ਵਾਪਸ ਮੁੜਨ ਲਈ ਤਿਅਰ ਹੋ ਗਏ। ਮੈਂ ਇਕ ਤੋਂ ਵਧੇਰੀ ਵਾਰ ਕਿਹਾ ਵੀ ਕਿ ਪਿੰਡ ਵਿਚ ਆਪਾਂ ਗੇੜਾ ਦੇ ਲੈਂਦੇ ਹਾਂ। ਹੋਰ ਲੋਕਾਂ ਨੂੰ ਮਿਲ਼ ਲਵੋ। ਆਪਣੀ ਜ਼ਮੀਨ ਵਗੈਰਾ ਦਾ ਚੱਕਰ ਲਾ ਲਵੋ ਪਰ ਪਤਾ ਨਹੀਂ ਕੀ ਕਾਰਨ ਹੋਇਆ, ਉਸ ਨੇ ਕਿਹਾ ਕਿ ਬੱਸ ਮੇਰੀ ਏਨੇ ਨਾਲ਼ ਹੀ ਤਸੱਲੀ ਹੋ ਗਈ ਹੈ। ਸ਼ਾਇਦ ਉਸ ਨੂੰ ਆਪਣੇ ਪੁਰਖਿਆਂ ਦੇ ਪਿੰਡ ਵਿਚ ਜਾ ਕੇ ਉਹਨਾਂ ਦੀ ਯਾਦ ਆ ਗਈ ਹੋਵੇ ਅਤੇ ਉਸ ਦਾ ਹੋਰ ਆਪਣੇ ਜਜ਼ਬਾਤ ਉਪਰ ਕਾਬੂ ਨਾ ਰਿਹਾ ਹੋਵੇ ਪਰ ਜ਼ਾਹਰਾ ਤੌਰ ਤੇ ਮੈਨੂੰ ਅਜਿਹਾ ਕੁਝ ਉਸ ਦੇ ਚੇਹਰੇ ਤੋਂ ਨਹੀਂ ਦਿਸਿਆ। ਭਾਵੇਂ ਕਿ ਨਾਲ਼ ਵਾਲ਼ੇ ਸਰਕਾਰੀ ਅਫ਼ਸਰਾਂ ਨੇ ਵੀ ਵਾਪਸ ਮੁੜਨ ਦੀ ਕੋਈ ਕਾਹਲ਼ੀ ਨਹੀਂ ਸੀ ਵਿਖਾਈ ਪਰ ਉਸ ਦੇ ਜੋਰ ਦੇਣ ‘ਤੇ ਅਸੀਂ ਓਥੋਂ ਹੀ ਵਾਪਸ ਮੁੜ ਆਏ। ਸਾਡੀਆਂ ਬੱਸਾਂ ਜਾ ਚੁੱਕੀਆਂ ਸਨ। ਅਸੀਂ ਓਸੇ ਕਾਰ ਵਿਚ ਜਲੰਧਰ ਵੱਲ ਤੁਰ ਪਏ। ਰਸਤੇ ਵਿਚ ਕਰਤਾਰਪੁਰ ਵਿਖੇ ਬਣੇ ਵਾਰ ਮੈਮੋਰੀਅਲ ਦੇ ਸਾਹਮਣੇ ਸਾਡੀ ਇਕ ਬੱਸ ਖਲੋਤੀ ਸੀ। ਅਸੀਂ ਵੀ ਰੁਕ ਕੇ ਉਹਨਾਂ ਨੂੰ ਪੱੁਛਿਆ ਤਾਂ ਪਤਾ ਲੱਗਾ ਕਿ ਦੂਜੀ ਬੱਸ ਅੱਗੇ ਤੁਰ ਗਈ ਹੈ ਤੇ ਉਹ ਵੀ ਤੁਰ ਰਹੇ ਹਨ। ਅਸੀਂ ਵੀ ਕਾਰ ਵਿਚ ਹੀ ਅੱਗੇ ਜਲੰਧਰ ਨੂੰ ਚੱਲ ਪਏ ਅਤੇ ਸਾਰੇ ਜਣਿਆਂ ਨੇ ਜਲੰਧਰ ਵਿਚਲੇ ਨਿਸਚਿਤ ਹੋਟਲ ਵਿਚ ਜਾ ਕੇ ਡੇਰਾ ਲਾ ਲਿਆ। ਹੋਟਲ ਦਾ ਨਾਂ ਹੁਣ ਭੁੱਲ ਗਿਆ ਹੈ। ਰਾਤ ਦਾ ਖਾਣਾ ਸ਼ੁਰੂ ਹੋਣ ਤੋਂ ਵਾਹਵਾ ਚਿਰ ਪਹਿਲਾਂ ਮੁਖ ਮੰਤਰੀ ਸਾਹਿਬ ਵੀ, ਆਪਣੀ ਪਤਨੀ ਬੀਬੀ ਪ੍ਰਨੀਤ ਕੌਰ ਐਮ.ਪੀ. ਜੀ ਸਮੇਤ, ਆਪਣੇ ਲਾਓ ਲਸ਼ਕਰ ਨੂੰ ਨਾਲ਼ ਲੈ ਕੇ ਆ ਗਏ। ਬੜਾ ਖ਼ੁਸ਼ਗਵਾਰ ਮਾਹੌਲ਼ ਬਣਿਆਂ। ਮੁਖ ਮੰਤਰੀ ਜੀ ਨੇ ਡੇਲੀਗੇਸ਼ਨ ਦੇ ਇਕੱਲੇ ਇਕਲੇ ਮੈਂਬਰ ਨੂੰ ਮਿਲ਼ ਕੇ ਹਾਲ ਚਾਲ ਅਤੇ ਪੰਜਾਬ ਵਿਚਲੇ ਪਿਛੋਕੜ ਬਾਰੇ ਜਾਣਕਾਰੀ ਪੁੱਛੀ। ਜਦੋਂ ਮੇਰੇ ਛੋਟੇ ਭਰਾ ਜੀ, ਸੂਬੇਦਾਰ ਦਲਬੀਰ ਸਿੰਘ ਦੀ ਛਾਤੀ ਉਪਰ ਲੱਗਾ ਮੈਡਲਾਂ ਦਾ ਥੱਬਾ ਸਾਰਾ ਵੇਖਿਆ ਤਾਂ ਵਾਹਵਾ ਸਮਾ ਦੋ ਸਾਬਕਾ ਫੌਜੀਆਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀ। ਉਨੀ ਸੌ ਪੈਂਹਠ ਅਤੇ ਇਕੱਧਰ ਵਾਲ਼ੀਆਂ ਜੰਗਾਂ ਦੋਹਾਂ ਨੇ ਲੜੀਆਂ ਹੋਣ ਕਰਕੇ, ਉਹਨਾਂ ਨੇ ਆਪਸ ਵਿਚ ਜੰਗਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।

ਖਾਣੇ ਤੋਂ ਬਾਅਦ ਜਥੇ ਵਿਚੋਂ ਦੋ ਸੱਜਣਾਂ ਨੇ ਸੰਖੇਪ ਭਾਸ਼ਨ ਦਿਤੇ। ਬੋਲਣ ਵਾਲ਼ੇ ਇਕ ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ ਅਤੇ ਦੂਜੇ ਸ. ਅਵਤਾਰ ਸਿੰਘ ਬਰਮਿੰਘਮ ਤੋਂ ਸਨ। ਸ. ਅਵਤਾਰ ਸਿੰਘ ਨੇ ਮੁਖ ਮੰਤਰੀ ਅੱਗੇ ਤਿੰਨ ਮੰਗਾਂ ਰੱਖੀਆਂ: ਇਕ ਤੇ ਸ਼ਰੀਕਾਂ ਵੱਲੋਂ ਬਾਹਰ ਗਿਆਂ ਉਪਰ ਝੂਠੀਆਂ ਐਫ.ਆਈ.ਆਰ. ਦਰਜ ਕਰਵਾਈਆਂ ਜਾਂਦੀਆਂ ਨੇ; ਉਹਨਾਂ ਦਾ ਛੇਤੀ ਤੋਂ ਛੇਤੀ ਅਤੇ ਸਹੀ ਨਿਪਟਾਰਾ ਹੋਣਾ ਚਾਹੀਦਾ ਹੈ। ਦੂਜਾ ਨਾਜਾਇਜ਼ ਫੜੇ ਸਿੱਖ ਰਿਹਾ ਹੋਣੇ ਚਾਹੀਦੇ ਹਨ। ਤੀਜੀ ਮੰਗ ਸੀ ਕਿ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਜੇਹਲਾਂ ਵਿਚੋਂ ਰਿਹਾ ਕੀਤਾ ਜਾਵੇ। ਤਿੰਨਾਂ ਹੀ ਮੰਗਾਂ ਦੇ ਮੁਖ ਮੰਤਰੀ ਸਾਹਿਬ ਨੇ, ਸਿਆਸੀ ਪੱਖੋਂ ਢੁਕਵੇਂ, ਉਤਰ ਦੇ ਕੇ ਡੇਲੀਗੇਟ ਦੇ ਮੈਂਬਰਾਂ ਦੀ ਤਸੱਲੀ ਕਰਵਾ ਦਿਤੀ। ਉਪ੍ਰੰਤ ਜਥੇ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਂ ਬਾਰੇ ਛਪਵਾਈਆਂ ਕਿਤਾਬਾਂ ਅਤੇ ਚਾਂਦੀ ਦੇ ਬਣੇ ੴ ਵਾਲ਼ੇ ਮੈਡਲਾਂ ਨਾਲ਼ ਸਨਮਾਨਤ ਕੀਤਾ ਗਿਆ।

ਰਾਤ ਹੋਟਲ ਵਿਚ ਕੱਟ ਕੇ ਅਗਲੇ ਸਵੇਰੇ ਸ਼ਾਹ ਵੇਲ਼ਾ ਹੋਟਲ ਵਿਚੋਂ ਹੀ ਕਰਕੇ ਜਥੇ ਵੱਲੋਂ ਬੱਸਾਂ ਰਾਹੀਂ ਗੁਰਦੁਆਰਾ ਸੁਲਤਾਨਪੁਰ ਵਿਚ ਸਜੇ ਸਮਾਗਮ ਵੱਲ ਚਾਲੇ ਪਾ ਦਿਤੇ ਗਏ। ਭੀੜ ਭੜੱਕੇ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਖੜਨ ਦੀ ਬਜਾਇ ਸਿਧਾ ਸਰਕਾਰੀ ਪੰਡਾਲ ਵਿਚ ਹੀ ਲੈ ਗਏ। ਮੁਖ ਦਰਵਾਜੇ ਦੀ ਬਜਾਇ ਸਟੇਜ ਦੇ ਕੋਲ਼ੋਂ ਇਕ ਛੋਟੇ ਜਿਹੇ ਰਾਹ ਥਾਣੀ ਲੰਘਾ ਕੇ ਸਾਨੂੰ ਮੋਹਰਲੀ ਕਤਾਰ ਵਿਚ ਜਾ ਬੈਠਾਇਆ। ਬਹੁਤ ਵਿਸ਼ਾਲ ਸਟੇਜ ਉਪਰ, ਵਿਚਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਗੁਰੂ ਸਾਹਿਬ ਜੀ ਦੇ ਖੱਬੇ ਪਾਸੇ ਸਟੇਜ ਉਪਰ ਬਹੁਤ ਸਾਰੇ ਵੱਖ ਵਖ ਸੰਪਰਦਾਵਾਂ ਦੇ ਸਾਧੂ ਸਜੇ ਹੋਏ ਸਨ। ਸੱਜੇ ਪਾਸੇ ਮਾਈਕ ਵਾਲ਼ੀ ਸਟੇਜ ਸੀ ਅਤੇ ਨਾਲ਼ ਹੀ ਮੁਖ ਮੰਤਰੀ ਜੀ ਦੀ ਅਗਵਾਈ ਹੇਠ ਬਹੁਤ ਸਾਰੇ ਕਾਂਗਰਸੀ ਅਤੇ ਪੰਜਾਬ ਸਰਕਾਰ ਦੇ ਆਗੂ ਬੈਠੇ ਹੋਏ ਸਨ। ਏਥੇ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਜੀ ਅਤੇ ਹੋਰ ਵੀ ਵੱਡੇ ਵੱਡੇ ਪਦਵੀਧਾਰੀ ਸੱਜਣ ਵੀ ਆਉਂਦੇ ਰਹੇ ਤੇ ਬੋਲਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਅਤੇ ਥੋਹੜਾ ਕੁ ਸਮਾ ਬੈਠ ਕੇ ਵਾਪਸ ਚਲੇ ਗਏ।
ਕੁਝ ਸਮੇ ਬਾਅਦ ਸਾਨੂੰ ਉਠਾ ਕੇ ਲੰਗਰ ਵਿਚ ਲੈ ਗਏ। ਕਹਿੰਦੇ ਲੰਗਰ ਛਕ ਲਓ। ਅਸੀਂ ਬੈਠੇ ਉਡੀਦੇ ਰਹੇ ਕਿ ਲੰਗਰ ਹੁਣ ਆਉਂਦਾ, ਹੁਣ ਆਉਂਦਾ ਪਰ ਆਇਆ ਈ ਨਾ। ਇਕ ਬੰਦਾ ਆਣ ਕੇ ਸਾਨੂੰ ਉਠਣ ਲਈ ਕਹਿੰਦਾ ਕਿ ਇਹ ਥਾਂ ਵੇਹਲਾ ਕਰ ਦਿਓ; ਏਥੇ ਸੰਤਾਂ ਦੀ ਪੰਗਤ ਲੱਗਣੀ ਆਂ। ਅਸੀਂ ਉਠ ਕੇ ਖਲੋ ਗਏ। ਵਾਹਵਾ ਸਮਾ ਏਧਰ ਓਧਰ ਝਾਤੀਆਂ ਮਾਰੀਆਂ ਪਰ ਸਾਡੇ ਪੱਲੇ ਕੁਝ ਨਾ ਪਿਆ। ਫੇਰ ਮੈਂ ਆਪਣੇ ਜਥੇ ਵਿਚ ਸ਼ਾਮਲ, ਯੂਰਪੀਅਨ ਯੂਨੀਅਨ ਦੀ ਐਮ.ਪੀ. ਨੀਨਾ ਗਿੱਲ ਜੀ ਨੂੰ ਕਿਹਾ, “ਜਾਹ ਬੀਬਾ, ਤੂੰ ਜਾ ਕੇ ਲੰਗਰ ਵਿਚੋਂ ਕੁਝ ਰੋਟੀਆਂ ਚੁੱਕ ਲਿਆ!” ਉਹ ਗਈ ਤੇ ਕੁਝ ਸਮੇ ਬਾਅਦ ਪਕੌੜਿਆਂ ਦੀ ਪਰਾਤ ਭਰੀ ਚੁੱਕ ਲਿਆਈ ਤੇ ਕਿਹਾ, ਰੋਟੀਆਂ ਤੇ ਮੈਨੂੰ ਲੱਭੀਆਂ ਨਹੀਂ, ਮੈਂ ਆਹ ਗਰਮਾ ਗਰਮ ਪਕੌੜੇ ਕਢਵਾ ਲਿਆਈ ਆਂ।“ ਮੈਂ ਆ ਵੇਖਿਆ ਨਾ, ਤਾ। ਦੋ ਗਰਮ ਗਰਮ ਪਕੌੜੇ ਪਰਾਤੋਂ ਚੁੱਕੇ ਤੇ ਤੁਰੇ ਜਾਂਦੇ ਖਾ ਕੇ ਟੂਟੀ ਤੋਂ ਪਾਣੀ ਪੀ ਲਿਆ। ਦੂਜਿਆਂ ਨੇ ਵੀ ਇਉਂ ਹੀ ਕੀਤਾ ਹੋਵੇਗਾ!

ਫਿਰ ਸਾਨੂੰ ਸਾਰਿਆਂ ਨੂੰ ਇਕ ਥਾਂ ਇਕੱਠੇ ਕਰਕੇ ਖਲ੍ਹਿਆਰ ਲਿਆ। ਅਸੀਂ ਸੋਚਿਆ ਕਿ ਹੁਣ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਖੜਨਗੇ ਪਰ ਪਤਾ ਲੱਗਾ ਕਿ ਹੁਣ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਵਾਲ਼ੇ ਹੋਟਲ ਜਾਂ ਜਿੱਥੇ ਅਸੀਂ ਜਾਣਾ ਚਾਹੀਏ ਓਥੇ ਆਪਣੇ ਆਪਣੇ ਟਿਕਾਣਿਆਂ ‘ਤੇ ਛੱਡਣਗੇ। ਅਸੀਂ ਮੱਥਾ ਟੇਕਣ ਜਾਣ ਲਈ ਆਖਿਆ ਤਾਂ ਜਵਾਬ ਮਿਲ਼ਿਆ ਕਿ ਹੁਣ ਸਮਾ ਨਹੀਂ। ਵੈਸੇ ਵੀ ਲੌਢਾ ਵੇਲ਼ਾ ਹੋ ਗਿਆ ਸੀ। ਉਹਨਾਂ ਕਿਹਾ ਕਿ ਉਹ ਸਾਨੂੰ ਸਾਰਿਆਂ ਨੂੰ ਲੋਇ ਲੋਇ ਹੋਟਲ ਜਾਂ ਸਾਡੇੇੇ ਟਿਕਾਣਿਆਂ ‘ਤੇ ਪੁਚਾਉਣਗੇ ਤੇ ਫਿਰ ਉਹ ਆਪੋ ਆਪਣੇ ਘਰੀਂ ਜਾ ਸਕਣਗੇ। ਸਾਰੇ ਜਣੇ ਬੱਸਾਂ ਵਿਚ ਵੜ ਗਏ। ਸਾਡੇ ਵਾਲ਼ੀ ਬੱਸ ਅੰਮ੍ਰਿਤਸਰ ਨੂੰ ਤੁਰ ਪਈ। ਜਦੋਂ ਜੀ.ਟੀ. ਰੋਡ ਤੋਂ ਬਾਈਪਾਸ ਨੂੰ ਹੋ ਗਈ ਤੇ ਜਦੋਂ ਵੱਲਾ ਪਿੰਡ ਦੇ ਬਰਾਬਰ ਆਈ ਤਾਂ ਅਸੀਂ ਕਿਹਾ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਏਥੇ ਉਤਾਰ ਦਿਓ। ਅਸੀ ਦੋਵੇਂ ਥਰੀ ਵੀ੍ਹਲਰ ਰਾਹੀਂ ਗੁਰਦੁਆਰਾ ਸ਼ਹੀਦਾਂ ਵੱਲ ਚੱਲ ਪਏ। ਮੈਂ ਤੇ ਛੋਟੇ ਭਰਾ ਸ. ਸੇਵਾ ਸਿੰਘ ਦੇ ਘਰ ਚਲਿਆ ਗਿਆ ਤੇ ਭਰਾ ਸ. ਦਲਬੀਰ ਸਿੰਘ ਆਪਣੀ ਬੱਚੀ ਦੇ ਘਰ ਨੂੰ ਚਲੇ ਗਏ।

ਇਸ ਤਰ੍ਹਾਂ ਅਸੀਂ ਸੱਤ ਦਿਨਾਂ ਦੀ ਸਰਕਾਰੀ ਮਿੱਠੀ ਕੈਦ ਵਿਚੋਂ ਰਿਹਾ ਹੋ ਕੇ ਮੁਕੰਮਲ ਤੌਰ ਤੇ ਆਜ਼ਾਦ ਹੋ ਗਏ। ਇਹ 12 ਨਵੰਬਰ ਤਕਾਲ਼ਾਂ ਦਾ ਵੇਲ਼ਾ ਸੀ।

ਇਸ ਪਾਸਿਉਂ ਵੇਹਲਾ ਹੋ ਕੇ ਮੈਂ ਫਿਰ ਅਗਲੇ ਦਿਨ ਬਾਕੀ ਰੁਝੇਵਿਆਂ ਵਿਚ ਰੁੱਝਣ ਦੇ ਨਾਲ਼ ਨਾਲ਼ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਜੀ ਦੀ ਪਹਿਲਾਂ ਨਾਲ਼ੋਂ ਵੇਧੇਰੇ ਹਾਜਰੀ ਭਰਨੀ ਸ਼ੁਰੂ ਕਰ ਦਿਤੀ। ਹਰੇਕ ਯਾਤਰਾ ਵਾਂਗ ਇਸ ਵਾਰੀ ਵੀ ਮੈਂ ਆਪਣੀ ਇਕ ਨਵੀਂ ਕਿਤਾਬ ‘ਕੁਝ ਏਧਰੋਂ ਕੁਝ ਓਧਰੋਂ’ ਉਹਨਾਂ ਨੂੰ ਛਾਪਣ ਵਾਸਤੇ ਆਉਂਦੇ ਸਾਰ ਹੀ ਦੇ ਦਿਤੀ ਸੀ। ਸ. ਗੁਰਸਾਗਰ ਸਿੰਘ ਜੋ ਇਕਰਾਰ ਕਰੇ ਉਸ ਉਪਰ ਪੂਰਾ ਉਤਰਦਾ ਹੈ। ਉਸ ਦੀ ਇਸ ਪ੍ਰੋਫ਼ੈਸ਼ਨਲ ਕਾਰੋਬਾਰੀ ਇਮਾਨਦਾਰੀ ਦਾ ਮੈਂ ਬਹੁੁਤ ਪ੍ਰਸੰਸਕ ਹਾਂ। ਆਪਣੀ ਆਦਤ ਤੋਂ ਮਜਬੂਰ ਮੈਂ ਇਸ ਗੱਲ ਦੀ ਗਾਹੇ ਬਗਾਹੇ ਪ੍ਰਸੰਸਾ ਵੀ ਕਰ ਦਿੰਦਾ ਹਾਂ। ਭਾਵੇਂ ਗੁਰਬਾਣੀ ਦਾ ਉਪਦੇਸ਼ ਤਾਂ ਸਪੱਸ਼ਟ ਹੈ, “ਉਸਤਤਿ ਨਿੰਦਾ ਦੋਊ ਤਿਆਗੈ” ਪਰ ਮੇਰੀ ਇਹ ਕਮਜੋਰੀ ਹੈ ਕਿ ਹਰੇਕ ਚੰਗੀ ਗੱਲ ਦੀ ਪ੍ਰਸੰਸਾ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ। ਸ਼ਾਇਦ ਇਸ ਵਾਰੀ ਮੇਰੀ ਮੰਦੀ ਨਜਰ ਲੱਗ ਗਈ ਉਸ ਨੂੰ, ਉਹ ਮੇਰੀ ਕਿਤਾਬ ਛਾਪਣ ਬਾਰੇ, ਜਦੋਂ ਵੀ ਜਾ ਕੇ ਪੁੱਛਾਂ, ਮੁਸਕਰਾ ਕੇ ਲਾਰੇ ਲੱਪੇ ਲਾ ਦਿਆ ਕਰੇ। ਇਸ ਵਾਰ ਪਹਿਲਾਂ ਵਾਂਗ ਉਸ ਨੇ ਪੱਕਾ ਦਿਨ ਨਹੀਂ ਸੀ ਦੱਸਿਆ ਕਿ ਕਿਸ ਦਿਨ ਕਿਤਾਬ ਛਪ ਕੇ ਤਿਆਰ ਹੋ ਜਾਵੇਗੀ। ਇਸ ਲਈ ਇਕਰਾਰ ਤੋਂ ਝੂਠੇ ਪੈਣ ਦਾ ਇਲਜਾਮ ਉਸ ਤੇ ਲੱਗ ਨਹੀਂ ਸੀ ਸਕਦਾ। ਆਪਣੇ ਮਿੱਠੇ ਤੇ ਨਿੱਘੇ ਸੁਭਾ ਅਨੁਸਾਰ ਹਰੇਕ ਵਾਰੀ ਮੁਸਕਰਾ ਕੇ ਕਹਿ ਦੇਣਾ ਕਿ ਛੇਤੀ ਹੀ ਕੰਮ ਹੋ ਜਾਵੇਗਾ ਪਰ ਪੱਕਾ ਦਿਨ ਨਹੀਂ ਦੱਸਣਾ। ਮੇਰੇ ਇਹ ਆਖਣ ਤੇ ਕਿ ਮੈਂ ਦੂਜੇ ਸ਼ਹਿਰਾਂ ਵਿਚਲੇ ਸੱਜਣਾਂ ਮਿੱਤਰਾਂ ਨੂੰ ਮਿਲਣਾ ਇਸ ਲਈ ਰੋਕਿਆ ਹੋਇਆ ਹੈ ਕਿ ਜਦੋਂ ਮੈਂ ਜਾਵਾਂ ਨਵੀਂ ਕਿਤਾਬ ਵੀ ਨਾਲ਼ ਹੀ ਭੇਟਾ ਕਰ ਆਵਾਂ। ਇਸ ਦੇ ਜਵਾਬ ਵਿਚ ਮੈਨੂੰ ਸੁਝਾਉ ਦਿਤਾ ਕਿ ਮੈਂ ਪੁਰਾਣੀ ਕੋਈ ਕਿਤਾਬ ਹੀ ਲੈ ਜਾਵਾਂ ਪਰ ਪੁਰਾਣੀਆਂ ਤੇ ਬਿਨਾ ਚਿਰ ਲਾਇਆਂ ਮੈਂ ਨਾਲ਼ੋ ਨਾਲ਼ ਹੀ, ਪਾਠਕਾਂ ਦੇ ਹੱਥਾਂ ਤੱਕ ਪੁਚਾ ਕੇ ਮੁਕਾਈ ਜਾਂਦਾ ਰਹਿੰਦਾ ਹਾਂ। ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ਼ ਖ਼ੁਸ਼ ਕਰਕੇ, ਬਿਸਕੁਟਾਂ ਨਾਲ਼ ਚਾਹ ਦਾ ਕੱਪ ਪਿਆ ਕੇ ਤੋਰ ਦੇਣਾ। ਇਸ ਤਰ੍ਹਾਂ, “ਆਲ਼ੇ ਕੌਡੀ, ਛਿੱਕੇ ਕੌਡੀ” ਕਰਦਿਆਂ ਗਿਣਤੀ ਮਿਣਤੀ ਦੇ ਦਿਨ ਲੰਘੀ ਜਾ ਰਹੇ ਸਨ। ਮੇਰੇ ਕੋਲ਼, ਵਾਪਸ ਮੁੜਨ ਲਈ ਦਿਨ ਥੋਹੜੇ ਰਹਿ ਗਏ ਤੇ ਦੂਜੇ ਸ਼ਹਿਰਾਂ ਵਿਚ ਰਹਿੰਦੇ ਸੱਜਣਾਂ ਨੂੰ ਆਪਣੀ ਇਸ ਕਿਤਾਬ ਦੀ ਕਾਪੀ ਕਿਸੇ ਨੂੰ ਭੇਟਾ ਨਾ ਕਰ ਸਕਿਆ ਤੇ ਨਾ ਹੀ ਪਹਿਲਾਂ ਵਾਂਗ ਵਿਦਿਅਕ ਧਾਰਮਿਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਹੀ ਭੇਟਾ ਕਰ ਸਕਿਆ। ਮੈਂ ਆਪਣੀ ਹਰੇਕ ਕਿਤਾਬ ਦੀ ਇਕ ਐਡੀਸ਼ਨ ਦੀਆਂ 1000 ਕਾਪੀਆਂ ਛਪਵਾਉਂਦਾ ਹਾਂ ਤੇ ਉਸ ਵਿਚੋਂ ਅਧੀਆਂ ਕਾਪੀਆਂ ਓਥੇ ਹੀ ਸਾਹਿਤਕਾਰਾਂ, ਸੱਜਣਾਂ, ਲਾਇਬ੍ਰੇਰੀਆਂ ਨੂੰ ਭੇਟਾ ਕਰ ਆਉਂਦਾ ਹਾਂ। ਏਥੇ ਸਿਡਨੀ ਵਿਚ ਕੋਰੀਅਰ ਰਾਹੀਂ ਮੰਗਵਾਉਣ ‘ਤੇ ਛਪਾਈ ਨਾਲ਼ੋਂ ਦੂਣਾ ਖ਼ਰਚ ਆ ਜਾਂਦਾ ਹੈ।

ਆਖਰ ਰਾਜੇ ਦੀ ਘੋੜੀ ਸੂ ਈ ਪਈ। ਸ. ਗੁਰਸਾਗਰ ਸਿੰਘ ਜੀ ਨੇ ਇਹ ਖ਼ੁਸ਼ਖ਼ਬਰੀ ਇਕ ਦਿਨ ਮੈਨੂੰ ਸੁਣਾ ਹੀ ਦਿਤੀ ਕਿ ਕਿਤਾਬ ਛਪ ਗਈ ਹੈ ਤੇ ਆਪਣੇ ਕੋਲ਼ੋਂ ਇਕ ਕਾਪੀ ਮੇਰੇ ਹੱਥ ਫੜਾ ਦਿਤੀ। ਕਿਤਾਬ ਦੀ ਬਣਤਰ ਵੇਖ ਕੇ ਹਰੇਕ ਵਾਰ ਵਾਂਗ ਦਿਲ ਜਾਣੀ ਕਿ ਬਾਗੋ ਬਾਗ ਜਿਹਾ ਹੋ ਗਿਆ ਤੇ ਦੇਰੀ ਦਾ ਸਾਰਾ ਗਿਲ੍ਹਾ ਜਾਂਦਾ ਰਿਹਾ। ਕਾਹਲ਼ੀ ਕਾਹਲ਼ੀ ਵਿਚ ਇਸ ਲਈ ਇਕ ਬੰਡਲ਼ ਹਾਲ ਬਾਜ਼ਾਰ ਵਿਚਲੇ ਆਜ਼ਾਦ ਬੁੱਕ ਡੀਪ ਵਾਲ਼ੇ, ਸ. ਕੁਲਦੀਪ ਸਿੰਘ ਕੋਲ਼ ਪੁਚਾ ਦਿਤਾ ਤੇ ਥੋਹੜੀਆਂ ਕੁ ਨੇੜੇ ਤੇੜੇ ਦੇ ਸੱਜਣਾਂ ਅਤੇ ਸਥਾਨਾਂ ਨੂੰ ਭੇਟਾ ਕਰ ਆਇਆ। ਆਪਣੇ ਪਿੰਡਾਂ ਸੂਰੋ ਪੱਡਾ, ਵੈਰੋ ਨੰਗਲ਼ ਆਦਿ ਸਥਾਨਾਂ ਤੇ ਦੇਣ ਦੇ ਨਾਲ਼ ਨਾਲ਼ ਬਟਾਲੇ ਆਪਣੇ ਸੱਜਣ ਵੀ ਅਤੇ ਰਿਸ਼ਤੇਦਾਰ ਵੀ, ਸ. ਦੀਦਾਰ ਸਿੰਘ ਅਟਵਾਲ ਨੂੰ ਵੀ ਭੇਟਾ ਕਰ ਆਇਆ, ਜੋ ਖ਼ੁਦ ਦਵਿੰਦਰ ਦੀਦਾਰ ਦੇ ਕਲਮੀ ਨਾਂ ਹੇਠ ਉਚ ਪਾਏ ਦੇ ਸਾਹਿਤਕਾਰ ਹਨ। ਬਟਾਲੇ ਵਿਚ ਹੀ ਆਪਣੇ ਪੁਰਾਣੇ ਮਿੱਤਰਾਂ ਵਿਚੋਂ ਬਚੇ ਮਿੱਤਰ, ਸ. ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਨੂੰ ਵੀ, ਉਹਨਾਂ ਦੇ ਸਟੁਡੀਓ/ਘਰ ਕਾਹਨੂੰਵਾਨ ਰੋਡ ਉਪਰ ਉਚੇਚਾ ਜਾ ਕੇ ਭੇਟਾ ਕਰ ਆਇਆ।

ਜਿੱਥੇ ਪਹਿਲਾਂ ਚਾਰ ਪੰਜ ਸੌ ਕਾਪੀਆਂ ਸਿਡਨੀ ਵਿਚ ਮੰਗਵਾਉਂਦਾ ਸਾਂ ਓਥੇ ਇਸ ਵਾਰੀ ਸਾਢੇ ਛੇ ਸੌ ਮੰਗਵਾ ਲਈਆਂ। ਕਰੋਨੇ ਦੇ ਕਹਿਰ ਕਰਕੇ ਉਹਨਾਂ ਪੰਜ ਬੰਡਲ਼ਾਂ ਵਿਚੋਂ ਚਾਰ ਬੰਡਲ ਅਜੇ ਪਏ ਹੋਏ ਹਨ। ਆਸ ਸੀ ਕਿ ਅਪ੍ਰੈਲ ਵਿਚ ਪਰਥ ਵਾਲ਼ੀਆਂ ਸਿੱਖ ਖੇਡਾਂ ਅਤੇ ਜੂਨ ਵਿਚਲੇ ਗ੍ਰਿਫ਼ਿਥ ਵਾਲ਼ੇ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਵਾਸਤੇ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਅਤੇ ਗਵਾਂਢੀ ਮੁਲਕਾਂ ਵਿਚੋਂ ਆਏ ਪੰਜਾਬੀ ਪਾਠਕਾਂ ਨੂੰ ਭੇਟਾ ਹੋ ਜਾਣਗੀਆਂ। ਰਹਿੰਦੀਆਂ ਸਮੇ ਸਮੇ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੰਡ ਦਿਤੀਆਂ ਜਾਣਗੀਆਂ। ਪਰ, “ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥” ਵਾਲ਼ੇ ਮਹਾਂਵਾਕ ਅਨੁਸਾਰ, “ਨਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।“ ਕਰੋਨੇ ਵਾਲ਼ੀ ਮੱਖੀ ਵਾਂਗ ਮਨ ਹੀ ਮਨ ਬਣਾਏ ਸ਼ੇਖ਼ ਚਿੱਲੀ ਵਾਲ਼ੇ ਪਲਾਨ ਨੇਪਰੇ ਚੜ੍ਹਨ ਵਾਲ਼ੇ ਰੁੱਖ ਦੀਆਂ ਜੜ੍ਹਾਂ ਵਿਚ ਇਹ ਨਾਮੁਰਾਦ ਕਰੋਨਾ ਬਹਿ ਗਿਆ।

ਅੰਮ੍ਰਿਤਸਰੋਂ 22 ਨਵੰਬਰ ਨੂੰ ਜਹਾਜੇ ਬਹਿ ਗਿਆ ਤਾਂ ਕਿ 23 ਨੂੰ ਸਿਡਨੀ ਪਹੁੰਚ ਕੇ, 24 ਨੂੰ ਮੈਲਬਰਨ ਵਿਚ ਹੋਣ ਵਾਲ਼ੇ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਇਆ ਜਾ ਸਕੇ। ਸਮਾਗਮ 24 ਦੀ ਸ਼ਾਮ ਨੂੰ ਹੋਣਾ ਸੀ। ਇਸ ਕਰਕੇ ਜਹਾਜ ਰਾਹੀਂ ਸ਼ਾਮ ਤੱਕ ਮੈਲਬਰਨ ਸੌਖਾ ਹੀ ਪਹੁੰਚਿਆ ਜਾ ਸਕਦਾ ਸੀ। ਉਸ ਸਮਾਗਮ ਵਿਚ ਮੇਰੀ ਨਵੀਂ ਕਿਤਾਬ ‘ਕੁਝ ਏਧਰੋਂ ਕੁਝ ਓਧਰੋਂ’ ਨੂੰ ਪਾਠਕ ਅਰਪਣ ਕਰਨ ਦਾ ਵੀ ਪ੍ਰੋਗਰਾਮ ਸੀ। ਸਿਡਨੀ ਤੇ ਸਮੇ ਸਿਰ ਪਹੁੰਚ ਗਿਆ ਪਰ ਸਿਡਨੀ ਵਿਚ ਹੀ ਕੁਝ ਜਰੂਰੀ ਸਮਾਗਮਾਂ ਕਰਕੇ ਮੈਲਬਰਨ ਨਾ ਜਾ ਸਕਿਆ। ਇਹ ਵੀ ਸੋਚ ਲਿਆ ਕਿ ਮੇਰੇ ਇਕ ਜਣੇ ਦੇ ਓਥੇ ਜਾਣ ਜਾਂ ਨਾ ਜਾਣ ਕਰਕੇ ਕੋਈ ਫਰਕ ਨਹੀਂ ਪੈਣ ਲੱਗਾ ਪਰ ਏਥੇ ਖਾਹਮਖਾਹ ਨਾਰਾਜ਼ਗੀ ਪੈਦਾ ਹੋ ਜਾਣ ਦੀ ਸੰਭਾਵਨਾ ਹੋ ਸਕਦੀ ਸੀ। ਫਿਰ ਮੈਲਬਰਨ ਦੀ ਇਹ ਯਾਤਰਾ ਅੱਗੇ ਨੂੰ ਖਿਸਕਦੀ ਖਿਸਕਦੀ ਮਾਰਚ, 2020 ਤੇ ਜਾ ਪਈ।

ਸਾਰੀ ਦੁਨੀਆਂ ਤੋਂ ਸਰਕਾਰੀ ਸੱਦੇ ਉਪਰ ਮੁਲਕਾਂ ਵਿਚੋਂ 65/70 ਸਿੱਖ ਇਸ ਮਹਾਨ ਸਮਾਗਮ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਉਹਨਾਂ ਵਿਚੋ ਜਿੰਨਿਆਂ ਦੇ ਨਾਂ ਇਸ ਸਮੇ ਮੈਨੂੰ ਯਾਦ ਹਨ ਉਹ ਇਸ ਪ੍ਰਕਾਰ ਹਨ:
ਆਸ੍ਰਟੇਲੀਆ ਤੋਂ ਅਸੀਂ ਦੋਵੇਂ ਭਰਾ ਮੈਂ ਅਤੇ ਮੇਰਾ ਛੋਟਾ ਭਰਾ ਸ. ਦਲਬੀਰ ਸਿੰਘ। ਸਾਡਾ ਚਚੇਰਾ ਭਰਾ ਭਾਈ ਰਣਜੀਤ ਸਿੰਘ, ਆਪਣੇ ਇਕ ਸਾਥੀ ਢਿੱਲੋਂ ਸਾਹਿਬ ਨਾਲ਼ ਨਿਊ ਯਾਰਕ ਤੋਂ। ਇਸ ਤੋਂ ਇਲਾਵਾ ਸ. ਰੇਸ਼ਮ ਸਿੰਘ ਸੰਧੂ ਲੈਸਟਰ ਤੋਂ, ਸ. ਇੰਦਰਜੀਤ ਸਿੰਘ ਬੱਲ ਕੈਨੇਡਾ ਤੋਂ, ਇਹ ਦੋਵੇਂ ਸੱਜਣ ਅਤੇ ਮੈਂ, 2019 ਵਿਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮ ਸਮੇ, ਪਟਨਾ ਸਾਹਿਬ ਵਿਚ ਵੀ ਇਕੱਠੇ ਇਕੋ ਹੋਟਲ ਵਿਚ ਠਹਿਰੇ ਸਾਂ। ਸ. ਸੁਰਜੀਤ ਸਿੰਘ, ਸ. ਜਗਦੀਸ਼ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਮਾਨ ਅਤੇ ਡਾ. ਸੁਰਿੰਦਰ ਸਿੰਘ ਅਮ੍ਰੀਕਾ ਤੋਂ, ਭਾਈ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਅਤੇ ਸ. ਅਵਤਾਰ ਸਿੰਘ ਗੁਰਦੁਆਰਿਆਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਬਰਮਿੰਘਮ ਤੋਂ, ਪੈਰਿਸ ਤੋਂ ਸ. ਇਕਬਾਲ ਸਿੰਘ ਭੱਟੀ ਅਤੇ ਇਕ ਜਵਾਨ ਗੁਰਸਿੱਖ ਜੋੜਾ, ਨੀਨਾ ਗਿੱਲ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਦੀ ਮੈਂਬਰ ਵਲੈਤੋਂ, ਲੰਡਨ ਤੋਂ ਸ. ਜਸਵੰਤ ਸਿੰਘ ਠੇਕੇਦਾਰ, ਡਾ. ਸ.ਪ. ਸਿੰਘ ਓਬਰਾਇ, ਇਹਨਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਆਦਿ ਮੁਲਕਾਂ ਤੋਂ ਵੀ ਕੁਝ ਮੁਖੀ ਸਿੱਖ ਆਏ ਸਨ। ਸ. ਬਲਬੀਰ ਸਿੰਘ, ਸ. ਸੁਖਪਾਲ ਸਿੰਘ ਧਨੋਆ, ਸ. ਪਰਵਿੰਦਰ ਸਿੰਘ, ਸ. ਰੌਮੀ ਰੇਂਜਰ, ਸ. ਗੁਰਮੀਤ ਸਿੰਘ, ਸ. ਕੰਵਲਜੀਤ ਸਿੰਘ ਸੋਨੀ, ਸ. ਤੇਜਿੰਦਰ ਸਿੰਘ, ਸ. ਬਲਜਿੰਦਰ ਸਿੰਘ, ਸ. ਦਿਲਵੀਰ ਸਿੰਘ, ਬੌਬ ਕੈਨੇਡਾ, ਸ. ਬਿੱਲ ਸੰਧੂ ਕੈਨੇਡਾ, ਸ. ਰਾਮੇਸ਼ ਸਿੰਘ ਸੰਘਾ ਐਮ.ਪੀ. ਕੈਨੇਡਾ, ਸ. ਭੂਪਿੰਦਰ ਸਿੰਘ ਊਭੀ ਕੈਨੇਡਾ, ਸ. ਸਰਬਜੀਤ ਸਿੰਘ ਥਾਈਲੈਂਡ, ਲਾੱਰਡ ਰਾਮਿੰਦਰ ਸਿੰਘ ਰਾਣਾ ਆਪਣੀ ਸਿੰਘਣੀ ਸਮੇਤ ਯੂ.ਕੇ., ਸ. ਪਰਮਜੀਤ ਸਿੰਘ, ਸ. ਸੰਦੀਪ ਸਿੰਘ, ਸ. ਜਗਤਾਰ ਸਿੰਘ, ਸ. ਹਰਚਰਨ ਸਿੰਘ ਮਲੇਸ਼ੀਆ, ਸ. ਸੁਰਜੀਤ ਸਿੰਘ, ਸ. ਰੇਂਜਰ ਸਿੰਘ ਸਿੰਘਣੀ ਸਮੇਤ, ਸ. ਜਗਤਾਰ ਸਿੰਘ ਅਜੀਮਲ ਸਿੰਘਣੀ ਸਮੇਤ, ਸ. ਗੁਰਮੇਲ ਸਿੰਘ ਯੂ.ਕੇ., ਸ. ਬਲਬੀਰ ਸਿੰਘ ਇਟਲੀ, ਸਰਦਾਰਨੀ ਅਵਤਾਰ ਕੌਰ ਊਭੀ ਕੈਨੇਡਾ, ਸਰਦਾਰਨੀ ਸੰਦੀਪ ਕੌਰ ਯੂ.ਕੇ., ਸ. ਜਗਵੰਤ ਸਿੰਘ ਇਟਲੀ, ਸ. ਕੁਲਦੀਪ ਸਿੰਘ ਊਭੀ, ਬਰਮਿੰਘਮ, ਸ. ਨਾਨਕ ਸਿੰਘ ਮਲੇਸ਼ੀਆ, ਡਾ. ਜਸਦੇਵ ਸਿੰਘ ਰਾਇ ਲੰਡਨ, ਸ. ਜਗਦੇਵ ਸਿੰਘ ਮਾਵੀ ਵਾਲਸਾਲ ਯੂ.ਕੇ., ਸਰਦਾਰ ਅਤੇ ਸਰਦਾਰਨੀ ਹਰਬਿੰਦਰ ਕੌਰ ਜੀ ਅਤੇ ਸ. ਗੁਰਮੀਤ ਸਿੰਘ ਰੰਧਾਵਾ ਵੇਲਜ਼ ਤੋਂ, Gurmit Singh Randhawa MBE; BCHA Chairman Sikh Council of Wales President Sikh Gurdwara Cardiff, ਇਕ ਅਫ਼੍ਰੀਕਾ ਦੇ ਮੁਲਕ ਕੀਨੀਆ ਵਿਚ ਪਲ਼ ਕੇ ਓਥੋਂ ਉਤਰੀ ਆਇਰਲੈਂਡ ਵਿਚ ਜਾ ਵਸੇ ਸਿੱਖ ਆਗੂ (ਨਾਂ ਯਾਦ ਨਹੀਂ ਆ ਰਿਹਾ) ਵੀ ਸਾਡੇ ਨਾਲ਼ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਪੀਏ, ਪ੍ਰਚਾਰਕ -ਵਿਖੇ: ਐਸ.ਜੀ.ਪੀ.ਸੀ

ਗਿਆਨੀ ਜੀ ਸਿਡਨੀ, ਆਸਟ੍ਰੇਲੀਆ ਦੇ ਰਹਿਣ ਵਾਲੇ ਬਹੁਤ ਹੀ ਮੰਨੇ ਪ੍ਰਮੰਨੇ ਸਿੱਖ ਪ੍ਰਚਾਰਕ ਅਤੇ ਸਖਸ਼ਿਅਤ ਹਨ। ਐਸ.ਜੀ.ਪੀ.ਸੀ ਅਤੇ ਸੰਤ ਫਤਿਹ ਸਿੰਘ ਦੇ ਸਾਬਕਾ ਪੀ.ਏ. ਰਹਿਣ ਕਾਰਨ, ਸਿੱਖ ਜਗਤ ਅਤੇ ਹਿੰਦ ਮਹਾਦੀਪ ਦੀ ਸਿਆਸਤ ਅਤੇ ਕਾਰਜ ਸ਼ੈਲੀ ਦੇ ਡੂੰਘੇ ਜਾਣਕਾਰ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)